ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Saturday, March 9, 2013

ਬੰਜਰ ਹੋ ਰਹੀ ਪੰਜ ਦਰਿਆਵਾਂ ਦੀ ਧਰਤੀ



ਬੰਜਰ ਹੋ ਰਹੀ ਪੰਜ ਦਰਿਆਵਾਂ ਦੀ ਧਰਤੀ
ਸਮੁੱਚੇ ਸੰਸਾਰ ਵਿੱਚ ਘਟ ਰਹੇ ਪਾਣੀ ਦੇ ਸੋਮਿਆਂ ਅਤੇ ਨੀਵੇਂ ਹੋ ਰਹੇ ਜ਼ਮੀਨੀ ਪਾਣੀ ਦੇ ਪੱਧਰ ਦੀ ਸਮੱਸਿਆ ਦਿਨੋ-ਦਿਨ ਗੰਭੀਰ ਰੂਪ ਧਾਰਨ ਕਰ ਰਹੀ ਹੈ। ਪੰਜ ਦਰਿਆਵਾਂ (ਪੰਜਾਬ) ਦੀ ਧਰਤੀ ਵੀ ਇਸ ਕਰੋਪੀ ਤੋਂ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੀ ਹੈ। ਸੈਂਟਰਲ ਗਰਾਊਂਡ ਵਾਟਰ ਬੋਰਡ ਦੀ ਰਿਪੋਰਟ ਵਿੱਚ ਮੰਨਿਆ ਗਿਆ ਹੈ ਕਿ ਪੰਜਾਬ ਦੀ ਧਰਤੀ ਹੇਠਲੇ ਜ਼ਮੀਨੀ ਪਾਣੀ ਦਾ ਪੱਧਰ ਹਰੇਕ ਸਾਲ ਸਵਾ ਇੱਕ ਮੀਟਰ ਦੇ ਕਰੀਬ ਹੇਠਾਂ ਜਾ ਰਿਹਾ ਹੈ। ਜੇ ਪਿਛਲੇ ਕੁਝ ਸਾਲਾਂ ਦੌਰਾਨ ਇਸ ਸਮੱਸਿਆ ਦੇ ਪ੍ਰਕੋਪ ਵੱਲ ਨਜ਼ਰ ਮਾਰੀਏ ਤਾਂ ਅੰਕੜੇ ਬੜੇ ਹੀ ਡਰਾਉਣੇ ਹਨ। ਪਿਛਲੇ 15 ਸਾਲਾਂ ਦੌਰਾਨ ਪੰਜਾਬ ਦੇ ਕੇਂਦਰੀ ਜ਼ਿਲ੍ਹਿਆਂ ਵਿੱਚ ਜ਼ਮੀਨੀ ਪਾਣੀ ਦਾ ਪੱਧਰ ਕਈ ਫੁੱਟ ਤਕ ਹੇਠਾਂ ਚਲਾ ਗਿਆ ਹੈ। ਕਿਸੇ ਸਮੇਂ ਹਰੇ-ਭਰੇ ਤੇ ਲਹਿਲਹਾਉਂਦੇ ਖੇਤਾਂ ਵਾਲੀ ਪੰਜ ਦਰਿਆਵਾਂ ਦੀ ਧਰਤੀ ਦਾ ਭਵਿੱਖ ਰਸਾਇਣੀ ਜ਼ਹਿਰਾਂ ਦੇ ਪ੍ਰਕੋਪ ਤੋਂ ਇਲਾਵਾ ਕੁਝ ਵੀ ਨਹੀਂ ਰਹਿ ਗਿਆ। ਦੇਸ਼ ਦੀ ਵੰਡ ਦੌਰਾਨ ਦੋ ਦਰਿਆ ਖੋ ਚੁੱਕੇ ਇਸ ਖੇਤਰ ਕੋਲ ਬਚੇ ਤਿੰਨ ਦਰਿਆ ਵੀ ਹੁਣ ਕਿਸੇ ਸੁੱਕੇ ਨਾਲੇ ਦੀ ਸ਼ਕਲ ਵਿੱਚ ਬਦਲ ਚੁੱਕੇ ਹਨ।

ਪੰਜਾਬ ਵਿਚਲੀ ਪਾਣੀ ਦੀ ਸਮੱਸਿਆ ਦਾ ਇਤਿਹਾਸ ਕੋਈ ਬਹੁਤਾ ਪੁਰਾਣਾ ਨਹੀਂ ਹੈ। 1960 ਈਸਵੀ ਤੋਂ ਪਹਿਲਾਂ ਪੰਜਾਬ ਦੇ ਬਹੁਤ ਘੱਟ ਖੇਤਰ ਵਿੱਚ ਹੀ ਝੋਨੇ ਦੀ ਫ਼ਸਲ ਦੀ ਬਿਜਾਈ ਕੀਤੀ ਜਾਂਦੀ ਸੀ। 1960-70 ਈਸਵੀ ਦੌਰਾਨ ਦੇਸ਼ ਦੀ ਅਨਾਜ ਸਮੱਸਿਆ ਉੱਪਰ ਕਾਬੂ ਪਾਉਣ ਲਈ ਹਰੀ ਕ੍ਰਾਂਤੀ ਦਾ ਆਗਾਜ਼ ਹੋਇਆ। ਜ਼ਿਆਦਾ ਝਾੜ ਦੇਣ ਵਾਲੀਆਂ ਫ਼ਸਲਾਂ ਦੀ ਬਿਜਾਈ ਧੜੱਲੇ ਨਾਲ ਹੋਣ ਲੱਗੀ। ਵਧੇਰੇ ਪਾਣੀ ਦੀ ਮੰਗ ਰੱਖਣ ਵਾਲੀਆਂ ਫ਼ਸਲਾਂ ਦੇ ਉਤਪਾਦਨ ਲਈ ਪਾਣੀ ਦੀ ਮੰਗ ਵਧੀ ਅਤੇ ਟਿਊਬਵੈੱਲਾਂ ਤੇ ਸਬਮਰਸੀਬਲ ਮੋਟਰਾਂ ਦੀ ਗਿਣਤੀ ਵਿੱਚ ਬੇਸ਼ੁਮਾਰ ਵਾਧਾ ਹੋਇਆ। ਕਿਸਾਨ ਰਵਾਇਤੀ ਫ਼ਸਲਾਂ ਦੀ ਬਿਜਾਈ ਤੋਂ ਕਤਰਾਉਣ ਲੱਗੇ। ਰਸਾਇਣਕ ਖਾਦਾਂ, ਕੀਟਨਾਸ਼ਕਾਂ, ਉੱਲੀਨਾਸ਼ਕਾਂ ਅਤੇ ਨਦੀਨ-ਨਾਸ਼ਕਾਂ ਦੀ ਬੇਸ਼ੁਮਾਰ ਵਰਤੋਂ ਹੋਣ ਲੱਗੀ। ਖੇਤੀਬਾੜੀ ਵਿੱਚ ਵਰਤੀ ਜਾਂਦੀ ਮਸ਼ੀਨਰੀ ਖੇਤੀ ਦੇ ਆਧੁਨਿਕ ਢੰਗਾਂ ਤੇ ਵਧੇਰੇ ਹਾਰਸ ਪਾਵਰ ਦੀਆਂ ਮੋਟਰਾਂ ਦੀ ਉਪਲਬਧਤਾ ਨੇ ਪਿਛਲੇ ਸਾਲਾਂ ਦੌਰਾਨ ਅਨਾਜ ਪੈਦਾਵਾਰ ਵਿੱਚ ਅੰਤਾਂ ਦਾ ਵਾਧਾ ਕੀਤਾ। ਸਮੁੱਚੇ ਭਾਰਤ ਦੇ ਕੁੱਲ ਰਕਬੇ ਦਾ ਤਕਰੀਬਨ ਡੇਢ ਫ਼ੀਸਦੀ ਖੇਤਰਫਲ ਹੋਣ ਦੇ ਬਾਵਜੂਦ ਪੰਜਾਬ ਦੇ ਮਿਹਨਤੀ ਕਿਸਾਨਾਂ ਨੇ ਅਨਾਜ ਦੇ ਉਤਪਾਦਨ ਵਿੱਚ ਕ੍ਰਾਂਤੀ ਲਿਆ ਦਿੱਤੀ। ਇਹ ਇੱਕ ਅਜਿਹਾ ਵਾਧਾ ਸੀ ਜਿਸ ਨੇ ਪੰਜਾਬ ਦੇ ਭਵਿੱਖ ਨੂੰ ਤਬਾਹ ਕਰਕੇ ਰੱਖ ਦਿੱਤਾ। ਪੰਜਾਬ ਦੇ ਕੁਝ ਜ਼ਿਲ੍ਹੇ ਜਿਵੇਂ ਬਰਨਾਲਾ, ਸੰਗਰੂਰ, ਪਟਿਆਲਾ, ਮੋਗਾ, ਲੁਧਿਆਣਾ, ਫਤਹਿਗੜ੍ਹ ਸਾਹਿਬ ਅਤੇ ਅੰਮ੍ਰਿਤਸਰ ਜ਼ਮੀਨੀ ਪਾਣੀ ਦੇ ਪੱਧਰ ਦੇ ਹੇਠਾਂ ਡਿੱਗਣ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਹਨ। ਇਸ ਦੇ ਨਾਲ ਹੀ ਮੁਕਤਸਰ ਤੇ ਫਰੀਦਕੋਟ ਵਰਗੇ ਜ਼ਿਲ੍ਹਿਆਂ ਵਿੱਚ ਪਾਣੀ ਦੀ ਸੇਮ ਕਾਰਨ ਹਜ਼ਾਰਾਂ ਏਕੜ ਜ਼ਮੀਨ ਬਰਬਾਦ ਹੋ ਗਈ ਹੈ।
ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਪੰਜਾਬ ਵਿੱਚ ਪਣੀ ਦਾ ਸੰਕਟ ਸਭ ਤੋਂ ਵੱਧ ਚਿੰਤਾ ਦਾ ਵਿਸ਼ਾ ਹੈ। ਸਮੁੱਚੇ ਦੇਸ਼ ਦੇ ਅਨਾਜ ਭੰਡਾਰ ਵਿੱਚ 35 ਤੋਂ ਵੱਧ ਚਾਵਲ ਤੇ 50 ਫ਼ੀਸਦੀ ਤੋਂ ਵੱਧ ਕਣਕ ਦਾ ਯੋਗਦਾਨ ਪਾਉਣ ਵਾਲੇ ਇਸ ਰਾਜ ਵਿਚਲੇ ਪਾਣੀ ਦੇ ਸਰੋਤਾਂ ਦਾ ਨਿਘਾਰ ਸਮੁੱਚੇ ਦੇਸ਼ ਲਈ ਪ੍ਰਕੋਪ ਬਣ ਸਕਦਾ ਹੈ। ਜਿਉਂ-ਜਿਉਂ ਦਰਿਆਵਾਂ ਤੇ ਨਹਿਰਾਂ ਵਿਚਲਾ ਪਾਣੀ ਘਟ ਰਿਹਾ ਹੈ, ਤਿਉਂ-ਤਿਉਂ ਜ਼ਮੀਨੀ ਪਾਣੀ ਹੇਠਾਂ ਜਾ ਰਿਹਾ ਹੈ ਤੇ ਅਨਾਜ ਦੀ ਪੈਦਾਵਾਰ ਵੀ ਘੱਟ ਰਹੀ ਹੈ। ਅੱਜ ਤੋਂ ਦੋ ਦਹਾਕੇ ਪਹਿਲਾਂ ਪੰਜਾਬ ਦੇ ਕੇਂਦਰੀ ਜ਼ਿਲ੍ਹਿਆਂ ਵਿੱਚ 100 ਫੁੱਟ ਦੀ ਡੂੰਘਾਈ ਉੱਪਰ ਟਿਊਬਵੈੱਲ ਲੱਗ ਜਾਂਦੇ ਸਨ ਪਰ ਹੁਣ ਦੇਖੀਏ ਤਾਂ 200 ਤੋਂ 300 ਫੁੱਟ ਦੀ ਡੂੰਘਾਈ ਉੱਪਰ ਟਿਊਬਵੈੱਲ ਲੱਗਦੇ ਹਨ। ਜਿੱਥੇ ਪਹਿਲਾਂ 3 ਤੋਂ 5 ਹਾਰਸ ਪਾਵਰ ਦੀਆਂ ਮੋਟਰਾਂ ਕੰਮ ਚਲਾਉਂਦੀਆਂ ਸਨ, ਹੁਣ ਉਨ੍ਹਾਂ ਦੀ ਜਗ੍ਹਾ 10 ਤੋਂ 15 ਹਾਰਸ ਪਾਵਰ ਦੀਆਂ ਮੋਟਰਾਂ ਲਾਉਣੀਆਂ ਪੈ ਰਹੀਆਂ ਹਨ। ਪੰਜਾਬ ਦੇ ਕਈ ਖੇਤਰਾਂ ਵਿੱਚ ਸਬਮਰਸੀਬਲ ਪੰਪਾਂ ਨੂੰ ਹਰੇਕ ਸਾਲ 10 ਫੁੱਟ ਨੀਵਾਂ ਕਰਕੇ ਲਾਉਣਾ ਪੈ ਰਿਹਾ ਹੈ।
ਪਹਿਲੇ ਸਮਿਆਂ ਵਿੱਚ ਪੰਜਾਬ ਵਿੱਚ ਸਿੰਚਾਈ ਦਾ ਕੰਮ ਖੂਹਾਂ ਜਾਂ ਨਹਿਰੀ ਪਾਣੀ ਦੁਆਰਾ ਹੀ ਕੀਤਾ ਜਾਂਦਾ ਸੀ ਪਰ ਪਾਣੀ ਦੀ ਵਧਦੀ ਲੋੜ ਕਾਰਨ ਟਿਊਬਵੈੱਲ ਸਿੰਚਾਈ ਦੇ ਪ੍ਰਮੁੱਖ ਸਾਧਨ ਬਣ ਗਏ। ਕੁਝ ਸਰਕਾਰੀ ਅੰਕੜਿਆਂ ਮੁਤਾਬਕ ਮੰਨਿਆ ਗਿਆ ਹੈ ਕਿ 1970 ਵਿੱਚ ਪੰਜਾਬ ਵਿੱਚ ਟਿਊਬਵੈੱਲਾਂ ਦੀ ਸੰਖਿਆ ਇੱਕ ਲੱਖ 92 ਹਜ਼ਾਰ ਸੀ, ਜਿਹੜੀ 2010 ਵਿੱਚ ਵਧ ਕੇ 13 ਲੱਖ 15 ਹਜ਼ਾਰ ਹੋ ਗਈ। ਸਿੰਚਾਈ ਲਈ ਵੱਧ ਤੋਂ ਵੱਧ ਜ਼ਮੀਨੀ ਪਾਣੀ ਕੱਢਣ ਦਾ ਨਤੀਜਾ ਸਾਡੇ ਸਾਹਮਣੇ ਹੈ। ਕੁਝ ਸਰਵੇਖਣ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ 1980 ਵਿੱਚ ਸਮੁੱਚੇ ਪੰਜਾਬ ਦੇ 3712 ਪਿੰਡਾਂ ਵਿੱਚ ਪਾਣੀ ਦੀ ਘਾਟ ਸੀ ਅਤੇ 2007 ਵਿੱਚ ਇਨ੍ਹਾਂ ਪਿੰਡਾਂ ਦੀ ਸਮੱਸਿਆ ਵਧ ਕੇ 8515 ਹੋ ਗਈ। 1973 ਵਿੱਚ ਪੰਜਾਬ ਦਾ ਕੇਵਲ ਤਿੰਨ ਫ਼ੀਸਦੀ ਇਲਾਕਾ ਹੀ ਅਜਿਹਾ ਸੀ ਜਿੱਥੇ ਪਾਣੀ ਦਾ ਪੱਧਰ ਤਿੰਨ ਮੀਟਰ ਤੋਂ ਵੱਧ ਨੀਵਾਂ ਸੀ। 2004 ਵਿੱਚ ਪੰਜਾਬ ਦਾ 90 ਫ਼ੀਸਦੀ ਖੇਤਰ ਅਜਿਹਾ ਸੀ, ਜਿੱਥੇ ਜ਼ਮੀਨੀ ਪਾਣੀ ਦਾ ਪੱਧਰ ਤਿੰਨ ਮੀਟਰ ਤੋਂ ਕਿਤੇ ਜ਼ਿਆਦਾ ਨੀਵਾਂ ਚਲਿਆ ਗਿਆ ਸੀ।
ਜ਼ਮੀਨੀ ਪਾਣੀ ਦੇ ਨਾਲ-ਨਾਲ ਧਰਤੀ ਉੱਪਰਲੇ ਪਾਣੀ ਦੇ ਸਰੋਤਾਂ ਦਾ ਹਾਲ ਵੀ ਬਹੁਤ ਮਾੜਾ ਹੈ। ਅੱਜ ਲੁਧਿਆਣਾ ਸ਼ਹਿਰ ਲਾਗੇ ਵਗਦੇ ਸਤੁਲਜ ਦਰਿਆ ਤੇ ਬਿਆਸ ਸ਼ਹਿਰ ਨੇੜੇ ਬਿਆਸ ਦਰਿਆ ਦੀ ਹਾਲਤ ਤੁਸੀਂ ਦੇਖ ਸਕਦੇ ਹੋ। ਇਹ ਦਰਿਆ ਜਾਂ ਤਾਂ ਸਾਲ ਦੇ ਬਹੁਤੇ ਮਹੀਨੇ ਸੁੱਕੇ ਰਹਿੰਦੇ ਹਨ ਅਤੇ ਜਾਂ ਫਿਰ ਇਨ੍ਹਾਂ ਵਿੱਚ ਵਗਦਾ ਪਾਣੀ ਫੈਕਟਰੀਆਂ ਤੇ ਜ਼ਹਿਰੀਲੇ ਰਸਾਇਣਾਂ ਨਾਲ ਭਰਿਆ ਹੁੰਦਾ ਹੈ। ਪਾਣੀ ਦੀ ਘਾਟ ਤੋਂ ਵੀ ਵੱਧ ਚਿੰਤਾ ਦਾ ਵਿਸ਼ਾ ਹੈ ਪਾਣੀ ਦਾ ਪ੍ਰਦੂਸ਼ਣ। ਸਮੱਸਿਆ ਦਾ ਡਰਾਉਣਾ ਪੱਖ ਇਹ ਹੈ ਕਿ ਜਿੱਥੇ-ਕਿਤੇ ਪਾਣੀ ਮਿਲਦਾ ਵੀ ਹੈ, ਉਹ ਪੀਣ ਯੋਗ ਨਹੀਂ। 1980 ਵਿੱਚ ਕੀਤੇ ਇੱਕ ਸਰਕਾਰੀ ਸਰਵੇਖਣ ਵਿੱਚ ਇਹ ਗੱਲ ਸਾਹਮਣੇ ਆਈ ਕਿ ਪੰਜਾਬ ਦੇ 712 ਪਿੰਡ ਅਜਿਹੇ ਹਨ, ਜਿੱਥੇ ਧਰਤੀ ਹੇਠਲਾ ਪਾਣੀ ਪੀਣ ਯੋਗ ਨਹੀਂ ਸੀ ਪਰ ਸਾਲ 2000 ਵਿੱਚ ਅਜਿਹੇ ਪਿੰਡਾਂ ਦੀ ਸੰਖਿਆ ਵਧ ਕੇ 8518 ਹੋ ਗਈ। ਜੇ ਅੱਜ ਦੇ ਤਾਜ਼ੇ ਅੰਕੜੇ ਦੇਖੀਏ ਤਾਂ ਸਾਡੀ ਹੋਸ਼ ਹੀ ਉੱਡ ਜਾਵੇਗੀ ਕਿਉਂਕਿ ਅੱਜ ਪੰਜਾਬ ਦੇ ਕੁੱਲ 12,423 ਪਿੰਡਾਂ ਵਿੱਚੋਂ 11,849 ਪਿੰਡਾਂ ਦਾ ਜ਼ਮੀਨੀ ਪਾਣੀ ਪੀਣਯੋਗ ਹੀ ਨਹੀਂ ਹੈ।
ਜ਼ਮੀਨੀ ਪਾਣੀ ਤੇ ਹੋਰ ਸਰੋਤਾਂ ਵਿਚਲੇ ਪਾਣੀ ਦੀ ਦੁਰਵਰਤੋਂ, ਰਸਾਇਣਕ ਖਾਦਾਂ ਤੇ ਕੀਟਨਾਸ਼ਕਾਂ ਦੀ ਅੰਧਾਧੁੰਦ ਵਰਤੋਂ, ਉਦਯੋਗਿਕ ਜ਼ਹਿਰੀਲੇ ਪਦਾਰਥਾਂ ਤੇ ਸ਼ਹਿਰੀ ਅਬਾਦੀ ਦੇ ਸੀਵਰੇਜ ਨੇ ਪੰਜਾਬ ਵਿਚਲੀ ਪਾਣੀ ਦੀ ਸਮੱਸਿਆ ਨੂੰ ਗੰਭੀਰ ਰੂਪ ਦਿੱਤਾ ਹੈ। ਇਹ ਇੱਕ ਆਮ ਸਹਿਮਤੀ ਵਾਲੀ ਗੱਲ ਹੈ ਕਿ ਪੰਜਾਬ ਵਿਚਲੀ ਪਾਣੀ ਦੀ ਸਮੱਸਿਆ ਦੀ ਮੂਲ ਜੜ੍ਹ ਤਾਂ ਜ਼ਿਆਦਾ ਤੋਂ ਜ਼ਿਆਦਾ ਰੂਪ ਵਿੱਚ ਜ਼ਮੀਨੀ ਪਾਣੀ ਦੁਆਰਾ ਸਿੰਚਾਈ ਉੱਪਰ ਨਿਰਭਰ ਕਰਨਾ ਹੈ। ਇਸ ਸੂਬੇ ਦੇ ਖੇਤਾਂ ਵਿੱਚ 70 ਫ਼ੀਸਦੀ ਦੇ ਕਰੀਬ ਸਿੰਚਾਈ ਤਾਂ ਟਿਊਬਵੈੱਲਾਂ ਨਾਲ ਹੀ ਹੁੰਦੀ ਹੈ। ਬਾਕੀ ਬਚਦੀ 30 ਫ਼ੀਸਦੀ ਸਿੰਚਾਈ ਲਈ ਨਹਿਰੀ ਪਾਣੀ ਤੇ ਹੋਰਨਾਂ ਜਲ ਸਰੋਤਾਂ ਨੂੰ ਵਰਤਿਆ ਜਾਂਦਾ ਹੈ। ਟਿਊਬਵੈੱਲਾਂ ਰਾਹੀਂ ਸਿੰਚਾਈ ਦਾ ਸਭ ਤੋਂ ਜ਼ਿਆਦਾ ਬੁਰਾ ਨਤੀਜਾ ਨਿਕਲਿਆ ਹੈ, ਜ਼ਮੀਨੀ ਪਾਣੀ ਦਾ ਸ਼ੋਸ਼ਣ। ਅਨਾਜ ਦੀ ਉਤਪਾਦਨ ਵਧਾਉਣ ਸਬੰਧੀ ਸਾਡੀ ਸਰਕਾਰ ਵੱਲੋਂ ਅਪਣਾਈ ਨੀਤੀ ਨੇ ਸਮੱਸਿਆ ਨੂੰ ਹੋਰ ਵੀ ਪੇਚੀਦਾ ਬਣਾ ਦਿੱਤਾ ਹੈ। ਇਸ ਸਭ ਕੁਝ ਦਾ ਨਤੀਜਾ ਇਹ ਹੋਇਆ ਹੈ ਕਿ ਜ਼ਮੀਨ ਵਿੱਚ ਜ਼ਿਆਦਾ ਪਾਣੀ ਕੱਢ ਕੇ ਵਧੇਰੇ ਸਿੰਚਾਈ ਕੀਤੀ ਗਈ। ਜੇ ਅਸੀਂ ਰੇਤਲੇ ਟਿੱਬਿਆਂ ਉੱਪਰ ਪਾਣੀ ਦੀਆਂ ਝੀਲਾਂ ਖੜ੍ਹੀਆਂ ਕਰਕੇ ਝੋਨਾ ਪੈਦਾ ਕਰਾਂਗੇ ਤਾਂ ਇਸ ਦਾ ਨਤੀਜਾ ਤਾਂ ਇਹੋ ਹੋਵੇਗਾ।
ਪੰਜਾਬ ਦੇ ਖੇਤਾਂ ਵਿੱਚ ਲਹਿਲਹਾਉਂਦੀਆਂ ਫ਼ਸਲਾਂ ਦੇ ਪਿੱਛੇ ਛੁਪਿਆ ਹੋਇਆ ਕੌੜਾ ਸੱਚ ਹੁਣ ਸਾਹਮਣੇ ਆਉਣ ਲੱਗਿਆ ਹੈ। ਦੇਸ਼ ਦੀ ਅਬਾਦੀ ਦੀਆਂ ਅੰਨ ਦੀਆਂ ਲੋੜਾਂ ਪੂਰੀਆਂ ਕਰਨ ਦੀ ਦੌੜ ਵਿੱਚ ਚਲਦਿਆਂ ਪੰਜ ਦਰਿਆਵਾਂ ਦੀ ਧਰਤੀ ਦੇ ਦਰਿਆ ਤਾਂ ਸੁੱਕੇ ਹੀ ਹਨ, ਨਾਲ ਹੀ ਜ਼ਮੀਨਾਂ ਹੇਠਲਾ ਪਾਣੀ ਵੀ ਬਹੁਤ ਨੀਵਾਂ ਚਲਿਆ ਗਿਆ ਹੈ। ਦਰਿਆਵਾਂ ਉੱਪਰ ਬੰਨ੍ਹ ਮਾਰ ਕੇ ਸਾਰਾ ਪਾਣੀ ਜਾਂ ਤਾਂ ਡੈਮਾਂ ਦੀਆਂ ਝੀਲਾਂ ਵਿੱਚ ਖੜ੍ਹਾ ਕਰ ਲਿਆ ਤੇ ਜਾਂ ਫਿਰ ਨਹਿਰਾਂ ਵਿੱਚ ਪਾ ਦਿੱਤਾ। ਕਦੇ ਵੀ ਇਸ ਗੱਲ ਦੇ ਮਹੱਤਵ ਬਾਰੇ ਜਾਣਿਆ ਨਾ ਗਿਆ ਕਿ ਦਰਿਆ ਦੇ ਵਹਿਣ ਵਿੱਚ ਇੱਕ ਘੱਟੋ-ਘੱਟ ਪੱਧਰ ਤਕ ਪਾਣੀ ਦਾ ਕਾਇਮ ਰਹਿਣਾ ਜ਼ਰੂਰੀ ਹੁੰਦਾ ਹੈ।
ਬੇਸ਼ੱਕ ਜੀਰੀ ਤੇ ਕਣਕ ਦੇ ਫ਼ਸਲੀ ਚੱਕਰ ਨੂੰ ਪਾਣੀ ਸਮੱਸਿਆ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ ਪਰ ਇਸ ਨਾਲ ਸਬੰਧਤ ਹੋਰਨਾਂ ਕਾਰਨਾਂ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਸਾਡੀ ਸ਼ਹਿਰੀ ਅਬਾਦੀ ਤੇ ਫੈਕਟਰੀਆਂ ਦੁਆਰਾ ਪਾਣੀ ਦੇ ਸਰੋਤਾਂ ਨੂੰ ਜੋ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ, ਉਸ ਵੱਲ ਵੀ ਧਿਆਨ ਦੇਣ ਦੀ ਬੇਹੱਦ ਜ਼ਰੂਰਤ ਹੈ। ਅਸੀਂ ਦੇਖਦੇ ਹਾਂ ਕਿ ਹਰ ਦਰਮਿਆਨੇ ਜਿਹੇ ਪਰਿਵਾਰ ਨੇ ਵੀ ਹੈਂਡਪੰਪ ਜਾਂ ਨਲਕੇ ਤਾਂ ਵਰਤਣੇ ਛੱਡ ਦਿੱਤੇ ਹਨ। ਹਰ ਘਰ ਵਿੱਚ ਇਨ੍ਹਾਂ ਦੀ ਜਗ੍ਹਾ ਘੱਟੋ-ਘੱਟ ਇੱਕ ਹਾਰਸ ਪਾਵਰ ਵਾਲੀ ਸਬਮਰਸੀਬਲ ਮੋਟਰ ਲੱਗੀ ਹੋਈ ਹੈ। ਇਨ੍ਹਾਂ ਘਰਾਂ ਵਿੱਚ ਸਫ਼ਾਈ ਕਰਨ ਵਾਲੀਆਂ ਔਰਤਾਂ ਸਫ਼ਾਈ ਕਰਨ ਸਮੇਂ ਪਾਣੀ ਦੀਆਂ ਟੂਟੀਆਂ ਖੁੱਲ੍ਹੀਆਂ ਹੀ ਰੱਖਦੀਆਂ ਹਨ। ਹਰ ਘਰ ਦੇ ਬਾਥਰੂਮ, ਰਸੋਈ ਅਤੇ ਵਿਹੜਿਆਂ ਵਿੱਚੋਂ ਨਿਕਲਦੀਆਂ ਨਾਲੀਆਂ ਦਿਨ ਭਰ ਵਗਦੀਆਂ ਰਹਿੰਦੀਆਂ ਹਨ। ਕੌਣ ਸਮਝਾਵੇ ਇਨ੍ਹਾਂ ‘ਸਿਆਣਿਆਂ’ ਨੂੰ ਕਿ ਪਾਣੀ ਵਰਗੇ ਕੁਦਰਤੀ ਸੋਮੇ ਦੀ ਹੋਸ਼ ਨਾਲ ਵਰਤੋਂ ਕਰੋ। ਪਾਣੀ ਦਾ ਡੁੱਲ੍ਹਿਆ ਇੱਕ-ਇੱਕ ਤੁਪਕਾ ਬੜਾ ਕੀਮਤੀ ਹੈ।
ਪਾਣੀ ਦੀ ਕਿੱਲਤ ਤੇ ਪ੍ਰਦੂਸ਼ਣ ਦੀ ਸਮੱਸਿਆ ਨੂੰ ਸਮਝਦੇ ਹੋਏ ਜ਼ਰੂਰੀ ਹੈ ਕਿ ਸੰਜੀਦਗੀ ਨਾਲ ਕੋਈ ਗੱਲ ਕੀਤੀ ਜਾਵੇ ਕਿ ਇਸ ਸਮੱਸਿਆ ਨਾਲ ਨਜਿੱਠਣ ਲਈ ਕੀ ਕਰਨਾ ਚਾਹੀਦਾ ਹੈ। ਵਿਅਕਤੀਗਤ, ਸਮਾਜਕ ਤੇ ਸਰਕਾਰੀ ਪੱਧਰ ਉੱਪਰ ਮਿਲ-ਜੁਲ ਕੇ ਕੀਤੇ ਠੋਸ ਯਤਨ ਹੀ ਕੋਈ ਰੋਸ਼ਨੀ ਦੀ ਕਿਰਨ ਦਿਖਾ ਸਕਦੇ ਹਨ। ਇਸ ਲਈ ਕੁਝ ਕੁ ਨੁਕਤੇ ਹਨ ਜਿਵੇਂ ਪਾਣੀ ਦੀ ਦੁਰਵਰਤੋਂ ਨੂੰ ਰੋਕਣਾ, ਨਹਿਰੀ ਸਿੰਚਾਈ ਨੂੰ ਵਧਾਉਣਾ, ਵਰਖਾ ਦੇ ਪਾਣੀ ਦਾ ਸਦਉਪਯੋਗ ਕਰਨਾ, ਬਰਸਾਤੀ ਪਾਣੀ ਨੂੰ ਧਰਤੀ ਵਿੱਚ ਰੀਚਾਰਜ ਕਰਨਾ, ਵਰਖਾ ਦੇ ਪਾਣੀ ਨੂੰ ਭੰਡਾਰਨ ਕਰਨਾ, ਘੱਟ ਪਾਣੀ ਮੰਗਣ ਵਾਲੀਆਂ ਫ਼ਸਲਾਂ ਦੀ ਕਾਸ਼ਤ ਨੂੰ ਉਤਸ਼ਾਹਤ ਕਰਨਾ, ਪਾਣੀ ਬਚਾਉਣ ਲਈ ਤੁਪਕਾ ਸਿੰਚਾਈ ਵਰਗੀਆਂ ਆਧੁਨਿਕ ਤਕਨੀਕਾਂ ਨੂੰ ਹੱਲਾਸ਼ੇਰੀ ਦੇਣਾ ਆਦਿ। ਇਸ ਦੇ ਨਾਲ ਹੀ ਪੁਰਾਣੇ ਖੂਹਾਂ, ਤਲਾਬਾਂ ਤੇ ਟੋਭਿਆਂ ਨੂੰ ਸਾਫ਼ ਕਰਕੇ ਜਲ ਕੁੰਡ ਵਜੋਂ ਵਰਤਣਾ, ਨਹਿਰੀ ਸਿੰਚਾਈ ਨੂੰ ਚੁਸਤ-ਦਰੁਸਤ ਬਣਾਉਣਾ, ਡਰੇਨਾਂ ਦੀ ਸਫ਼ਾਈ ਕਰਵਾਉਣਾ, ਦਰਿਆਵਾਂ ਵਿੱਚ ਪਾਣੀ ਦੇ ਇੱਕ ਨਿਸ਼ਚਿਤ ਪੱਧਰ ਨੂੰ ਸਾਰਾ ਸਾਲ ਬਰਕਰਾਰ ਰੱਖਣਾ ਵੀ ਜ਼ਰੂਰੀ ਹੈ। ਸ਼ਹਿਰੀਕਰਨ ਤੇ ਉਦਯੋਗੀਕਰਨ ਦੇ ਕਾਰਨ ਪਾਣੀ ਦੀ ਵੱਡੀ ਪੱਧਰ ਉੱਪਰ ਹੋ ਰਹੀ ਦੁਰਵਰਤੋਂ ਨੂੰ ਵੀ ਨੱਥ ਪਾਉਣੀ ਅਤਿਅੰਤ ਜ਼ਰੂਰੀ ਹੈ। ਮੌਨਸੂਨ ਦੇ ਆਉਣ ਤੋਂ ਪਹਿਲਾਂ ਹੀ ਝੋਨੇ ਦੀ ਲਵਾਈ ਉੱਪਰ ਲੱਗੀ ਕਾਨੂੰਨੀ ਰੋਕ ਨੂੰ ਅਸਰਦਾਰ ਬਣਾਇਆ ਜਾਣਾ ਚਾਹੀਦਾ ਹੈ। ਮੌਜੂਦਾ ਕਣਕ-ਜੀਰੀ ਦੇ ਫ਼ਸਲੀ ਚੱਕਰ ਵਿੱਚ ਬਦਲਾਅ ਲਿਆਉਣਾ ਸਮੇਂ ਦੀ ਲੋੜ ਹੈ। ਕਣਕ-ਮੱਕੀ, ਕਣਕ-ਨਰਮਾ, ਕਣਕ-ਕਪਾਹ ਅਤੇ ਕਣਕ-ਦਾਲਾਂ ਵਰਗੇ ਫ਼ਸਲੀ ਚੱਕਰ ਅਪਣਾਏ ਜਾਣ, ਜਿਨ੍ਹਾਂ ਨਾਲ ਘੱਟ ਸਿੰਚਾਈ ਦੀ ਜ਼ਰੂਰਤ ਪਵੇ।
ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਵਿਸ਼ਵ ਪੱਧਰ ਉਪਰ ਪੈਦਾ ਹੋ ਰਹੀ ਪਾਣੀ ਦੀ ਕਿੱਲਤ ਪਿੱਛੇ ਬਹੁਤ ਸਾਰੇ ਹੋਰ ਕਾਰਨ ਵੀ ਹਨ, ਜਿਵੇਂ ਜੰਗਲਾਂ ਦੀ ਕਟਾਈ, ਬਰਸਾਤ ਦੀ ਸਾਲਾਨਾ ਦਰ ਦਾ ਘਟਣਾ, ਵਿਸ਼ਵ ਵਿਆਪੀ ਤਪਸ਼ ਦਾ ਵਧਣਾ, ਜਲਵਾਯੂ ਦੀ ਤਬਦੀਲੀ ਅਤੇ ਦਰਿਆਈ ਪਾਣੀਆਂ ਦਾ ਘਟਣਾ ਪਰ ਪੰਜਾਬ ਵਿਚਲੀ ਪਾਣੀ ਦੀ ਸਮੱਸਿਆ ਲਈ ਉਪਰੋਕਤ ਸਾਰੇ ਪਹਿਲੂਆਂ ’ਤੇ ਵਿਚਾਰ ਕਰਨੀ ਅਤਿਅੰਤ ਲਾਜ਼ਮੀ ਹੈ।
ਸਾਨੂੰ ਵਿਸ਼ਵ ਬੈਂਕ ਦੁਆਰਾ ਕਹੀ ਗੱਲ ਤੋਂ ਸਿੱਖਿਆ ਲੈਣ ਦੀ ਲੋੜ ਹੈ, ‘‘ਪੰਜਾਬ ਸਫ਼ਲਤਾ ਦੀ ਇੱਕ ਅਜਿਹੀ ਦਾਸਤਾਨ ਹੈ ਜਿਸ ਦਾ ਆਪਣਾ ਕੋਈ ਭਵਿੱਖ ਨਹੀਂ ਹੈ।’’ ਸਦੀਆਂ ਤੋਂ ਦੇਸ਼ ਦੀ ਸਰਹੱਦ ਉਪਰ ਖ਼ੂਨ ਵਹਾਉਂਦੇ ਤੇ ਹਰੀ ਕ੍ਰਾਂਤੀ ਲਿਆ ਕੇ ਦੇਸ਼ ਦੀ ਭੁੱਖਮਰੀ ਖਤਮ ਕਰਨ ਵਾਲੇ ਪੰਜਾਬ ਦਾ ਅਤੀਤ ਤੇ ਭਵਿੱਖ ਹਨੇਰੇ ਵਿੱਚ ਗੁਆਚਿਆ ਹੋਇਆ ਹੈ। 1978 ਤੋਂ 1992 ਤਕ ਦੇ 16 ਸਾਲਾਂ ਦੌਰਾਨ ਪੰਜਾਬ ਦੀ ਧਰਤੀ ਇੱਥੋਂ ਦੀ ਜਵਾਨੀ ਦੇ ਖ਼ੂਨ ਨਾਲ ਰੰਗੀ ਗਈ। ਇਸ ਕਾਲੀ ਬੋਲੀ ਰਾਤ ਦੇ ਖਤਮ ਹੁੰਦਿਆਂ ਹੀ ਸੱਭਿਆਚਾਰਕ ਤੇ ਧਾਰਮਿਕ ਪ੍ਰੰਪਰਾਵਾਂ ਦੇ ਨਸ਼ਟ ਹੋਣ ਦੇ ਨਾਲ-ਨਾਲ ਪੰਜਾਬ ਨਸ਼ਿਆਂ ਅਤੇ ਕਰਜ਼ੇ ਦੇ ਬੋਝ ਹੇਠਾਂ ਦਬ ਗਿਆ।
ਇੱਥੋਂ ਦੇ ਮਿਹਨਤੀ ਕਿਸਾਨ ਮਜਬੂਰ ਹੋ ਕੇ ਖ਼ੁਦਕਸ਼ੀਆਂ ਦੇ ਰਾਹ ਹੋ ਤੁਰੇ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਹਰੀ ਕ੍ਰਾਂਤੀ ਲਿਆ ਕੇ ਦੇਸ਼ ਦੀ ਭੁੱਖਮਰੀ ਮਿਟਾਉਣ ਦੇ ਰਾਹ ਤੁਰੇ ਪੰਜਾਬੀਆਂ ਦਾ ਆਪਣਾ ਭਵਿੱਖ ਸਿਵਾਏ ਹਨੇਰੇ ਤੋਂ ਕੁਝ ਵੀ ਨਹੀਂ ਰਿਹਾ। ਕਹਿੰਦੇ ਹਨ ਕਿ ਜੇ ਕਿਸੇ ਪਿਤਾ ਦਾ ਘਰ ਢਹਿ ਵੀ ਜਾਵੇ ਤਾਂ ਉਸ ਦੇ ਜਵਾਨ ਮਿਹਨਤੀ ਪੁੱਤ ਪਹਿਲਾਂ ਨਾਲੋਂ ਵੀ ਸੋਹਣਾ ਮਹਿਲ ਉਸਾਰ ਲੈਂਦੇ ਹਨ ਪਰ ਬੰਜਰ ਹੋ ਚੁੱਕੇ ਪੰਜਾਬ ਦੇ ਜਵਾਨ ਪੁੱਤ ਤਾਂ ਪਹਿਲਾਂ ਹੀ ਨਸ਼ਿਆਂ ਤੇ ਰਸਾਇਣੀ ਜ਼ਹਿਰੀ ਦੇ ਅਸਰ ਹੇਠ ਖੋਖਲੇ ਹੋ ਚੁੱਕੇ ਹਨ। ਜੋ ਥੋੜ੍ਹੇ-ਬਹੁਤੇ ਪੜ੍ਹੇ-ਲਿਖੇ ਸਨ ਤੇ ਜਿਨ੍ਹਾਂ ਤੋਂ ਕੁਝ ਆਸਾਂ ਸਨ, ਉਹ ਵਿਦੇਸ਼ਾਂ ਵੱਲ ਦੌੜ ਰਹੇ ਹਨ। ਰਸਾਇਣਕ ਜ਼ਹਿਰਾਂ ਭਰੇ ਖ਼ੂਨ ਨਾਲ ਜੀਅ ਰਹੇ ਪੰਜਾਬੀਆਂ ਦਾ ਕੀ ਭਵਿੱਖ ਹੋਵੇਗਾ? ਬੰਜਰ ਹੋ ਰਹੀ ਪੰਜਾਬ ਦੀ ਕਿਸਾਨੀ ਦਾ ਕੀ ਭਵਿੱਖ ਹੋਵੇਗਾ? ਵਰਗੇ ਮਸਲੇ ਇਸ ਖਿੱਤੇ ਵਿੱਚ ਵਸਦੇ ਹਰ ਮਨੁੱਖ ਲਈ ਸੋਚਣ ਦਾ ਵਿਸ਼ਾ ਹੋਣੇ ਚਾਹੀਦੇ ਹਨ।
ਡਾ.ਜਤਿੰਦਰਪਾਲ ਸਿੰਘ
ਸੰਪਰਕ: 99153-11947


Post Comment


ਗੁਰਸ਼ਾਮ ਸਿੰਘ ਚੀਮਾਂ