ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Monday, June 16, 2014

‘ਬਾਜ਼’ ਦਾ ਸਿੱਖ ਸੰਕਲਪ

‘ਬਾਜ਼’ ਨੂੰ ਬਾਦਸ਼ਾਹੀ ਅਤੇ ਪ੍ਰਭੂਤਾ ਦਾ ਚਿੰਨ੍ਹ ਸਮਝਿਆ ਜਾਂਦਾ ਹੈ। ਬਾਜ਼ ਇਕ ਸ਼ਿਕਾਰੀ ਪੰਛੀ ਹੈ ਜੋ ਗੁਲਾਬ ਚਸ਼ਮ ਪੰਛੀਆਂ ਦਾ ਰਾਜਾ ਹੈ। ‘ਗੁਰਸ਼ਬਦ ਰਤਨਾਕਾਰ ਮਹਾਨਕੋਸ਼’ ਅਨੁਸਾਰ ‘‘ਬਾਜ਼ ਜੁਰੱਰਹ ਦੀ ਮਦੀਨ ਹੈ, ਇਸ ਦਾ ਕੱਦ ਜੁਰਹੇ ਨਾਲੋਂ ਵੱਡਾ ਹੁੰਦਾ ਹੈ। ਬਾਜ਼ ਸਰਦ ਦੇਸ਼ ਤੋਂ ਫੜ ਕੇ ਪੰਜਾਬ ਵਿੱਚ ਲਿਆਈਦਾ ਹੈ। ਇਥੇ ਆਂਡੇ ਨਹੀਂ ਦਿੰਦਾ, ਦਸ-ਬਾਰਾਂ ਵਰ੍ਹੇ ਇਹ ਸ਼ਿਕਾਰ ਦਾ ਕੰਮ ਦਿੰਦਾ ਹੈ, ਗਰਮੀਆਂ ਵਿੱਚ ਇਸ ਨੂੰ ਠੰਢੇ ਥਾਂ ਕੁਰੀਚ (ਕਰੀਜ) ਬੈਠਾਉਂਦੇ ਹਨ, ਜਦ ਇਹ ਪੁਰਾਣੇ ਖੰਭ ਸਿਟ ਕੇ ਨਵੇਂ ਬਦਲਦਾ ਹੈ, ਇਹ ਤਿੱਤਰ ਮੁਰਗਾਬੀ ਅਤੇ ਸਹੇ ਦਾ ਚੰਗਾ ਸ਼ਿਕਾਰ ਕਰਦਾ ਹੈ। ਪੁਰਾਣੇ ਸਮੇਂ ਅਮੀਰ ਲੋਕ, ਬਾਜ਼ ਨੂੰ ਆਪਣੇ ਹੱਥ ’ਤੇ ਰੱਖਦੇ ਅਤੇ ਬਹੁਤ ਸ਼ਿਕਾਰ ਖੇਡਦੇ ਸਨ।’’
ਬਾਜ਼ ਅਸਲ ਵਿੱਚ ਸ਼ਿਕਾਰੀ ਪੰਛੀ ਹੈ ਜਿਸ ਨੂੰ ਪੰਛੀਆਂ ਦਾ ਸ਼ਿਕਾਰ ਕਰਨ ਲਈ ਵਰਤਿਆ ਜਾਂਦਾ ਹੈ। ਬਾਜ਼ਾਂ ਦੀਆਂ ਬਹੁਤ ਸਾਰੀਆਂ ਕਿਸਮਾਂ ਹਨ। ਇਕ ‘ਬਾਜ਼ ਕੱਟਾ’ ਹੁੰਦਾ ਹੈ ਜੋ ਖਰਗੋਸ਼ ਦਾ ਸ਼ਿਕਾਰ ਵੀ ਕਰ ਲੈਂਦਾ ਹੈ ਪਰ ਇਹ ਵੱਡੇ ਆਕਾਰ ਦਾ ਹੁੰਦਾ ਹੈ। ਦੂਜਾ ‘‘ਬਾਜ ਜੁੱਰਾ’’ ਹੈ ਜੋ ਛੋਟੇ ਆਕਾਰ ਦਾ ਹੈ ਪਰ ਆਮ ਤੌਰ ’ਤੇ ਤਿੱਤਰ ਆਦਿ ਪੰਛੀਆਂ ਦਾ ਸ਼ਿਕਾਰ ਕਰਦਾ ਹੈ। ਪੁਰਾਣੇ ਸਮਿਆਂ ਤੋਂ ਹੀ ਅਮੀਰ ਲੋਕ ਬਾਜ਼ ਰੱਖਦੇ ਸਨ। ਬਾਜ਼ ਬੜੀ ਫੁਰਤੀ ਨਾਲ ਆਪਣੇ ਸ਼ਿਕਾਰ ’ਤੇ ਝਪੱਟਾ ਮਾਰਦਾ ਹੈ।
ਬਾਜ਼ ਨੂੰ ਸਿੱਖਾਂ ਦਾ ਕੌਮੀ ਪੰਛੀ-ਤਸੱਵਰ ਕੀਤਾ ਜਾਂਦਾ ਹੈ। ਇਸ ਦੀ ਕੋਈ ਧਾਰਮਿਕ ਜਾਂ ਅਧਿਆਤਮਕ ਮਹੱਤਤਾ ਨਹੀਂ। ਬਾਜ਼ ਲਗਾਤਾਰ ਸਿੱਖ ਸਭਿਆਚਾਰ ਅਤੇ ਸਿੱਖ ਸਿਆਸਤ ਨਾਲ ਗੁਰੂ ਸਾਹਿਬਾਨ ਦੇ ਸਮੇਂ ਤੋਂ ਜੁੜਿਆ ਆ ਰਿਹਾ ਹੈ। ਸਿੱਖ ਤਵਾਰੀਖ ਵਿੱਚ ਜ਼ਿਕਰ ਆਉਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ‘ਬਾਜ਼’ ਆਪਣੇ ਕੋਲ ਰੱਖਦੇ ਸਨ। ਗੁਰਬਾਣੀ ਵਿੱਚ ਜ਼ਿਕਰ ਆਉਂਦਾ ਹੈ।
‘ਸੀਹਾਂ ਬਾਜਾ ਚਰਗਾ ਕੁਹੀਆ
ਏਨਾ ਖਵਾਲੇ ਘਾਹ’ (ਮ. 1, ਵਾਰ ਮਾਝ)
ਗੁਰੂ ਹਰਿਗੋਬਿੰਦ ਸਾਹਿਬ ਨੇ ਮਨੁੱਖ ਨੂੰ ਸੰਸਾਰ ਦੇ ਰੂ-ਬ-ਰੂ ਆਤਮਿਕ ਪ੍ਰਭੂਸਤਾ ਬਖਸ਼ੀ ਜੋ ਸੰਸਾਰ ਦੇ ਇਤਿਹਾਸ ਵਿੱਚ ਪਹਿਲੀ ਵਾਰ ਵੇਖਣ ਵਿੱਚ ਆਈ ਅਤੇ ‘ਸੁਤੰਤਰਤਾ ਦੀ ਗੂੰਜ’ ਹਰ ਪਾਸਿਓਂ ਉਠਣ ਲੱਗੀ। ਮੁਸਲਮਾਨ ਇਤਿਹਾਸਕਾਰ ਗੁਲਾਮ ਮੁਹੀਉਦੀਨ ਨੇ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਦਾਅਵਾ ਕੀਤਾ ਹੈ ਕਿ ਮੈਂ ਚਿੜੀਆਂ ਤੋਂ ਬਾਜ਼ ਤੁੜਾਵਾਂਗਾ, ਸਵਾ ਲੱਖ ਨਾਲ ਇਕ ਲੜਾਵਾਂਗਾ।
ਗੁਰੂ ਹਰਿਗੋਬਿੰਦ ਸਾਹਿਬ ਜਦੋਂ 1631 ਈਸਵੀ ਨੂੰ ਆਪਣੇ ਮਾਲਵੇ ਦੇ ਸਫਰ ਦੌਰਾਨ ਪਿੰਡ ਗੁੱਜਰਵਾਲ (ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਇਕ ਪਿੰਡ) ਗਏ ਤਾਂ ਗੁਰੂ ਸਾਹਿਬ ਨੇ ਤਲਾਬ ਦੇ ਕੰਢੇ ਆਪਣੇ ਡੇਰੇ ਲਾਏ। ਪਿੰਡ ਦਾ ਚੌਧਰੀ ਫਤੋਈ ਬੜਾ ਹੰਕਾਰੀ ਅਤੇ ਅਮੀਰ ਸੀ। ਉਸ ਨੇ ਗੁਰੂ ਸਾਹਿਬ ਅਤੇ ਸਿੰਘਾਂ ਦੀ ਤਨਦੇਹੀ ਨਾਲ ਸੇਵਾ ਕੀਤੀ। ਜਦੋਂ ਉਹ ਗੁਰੂ ਦਰਬਾਰ ਵਿੱਚ ਆਇਆ ਤਾਂ ਆਪਣੇ ਨੌਕਰਾਂ-ਚਾਕਰਾਂ ਤੋਂ ਇਲਾਵਾ ਹੱਥ ’ਤੇ ‘ਬਾਜ਼’ ਰੱਖ ਕੇ ਆਇਆ। ਚੌਧਰੀ ਫਤੋਈ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਮੇਰੇ ਲਾਇਕ ਕੋਈ ਹੋਰ ਸੇਵਾ ਹੈ? ਜਾਣੀ-ਜਾਣ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਨੇ ‘ਬਾਜ਼’ ਦੀ ਮੰਗ ਕੀਤੀ। ਚੌਧਰੀ ਫਤੋਈ ਨਾ ਮੰਨਿਆ। ਗੁਰੂ ਸਾਹਿਬ ਨੇ ਉਸ ਨੂੰ ਕਿਹਾ ਤੂੰ ਆਪਣੀ ਗੱਲ ਤੋਂ ਨਾ ਮੁਕਰ। ਆਖਰ ਚੌਧਰੀ ਬਾਜ਼ ਲੈ ਕੇ ਘਰ ਚਲਾ ਗਿਆ ਤਾਂ ਬਾਜ਼ ਨੇ ‘ਚਮੜੇ ਦੀ ਪੇਟੀ’ ਖਾ ਲਈ ਜਿਸ ਕਾਰਨ ਬਾਜ਼ ਬਿਮਾਰ ਹੋ ਗਿਆ ਆਖਰ ਜਦੋਂ ਬਾਜ਼ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਤਾਂ ਚੌਧਰੀ ਫਤੋਈ ਬਾਜ਼ ਲੈ ਕੇ ਗੁਰੂ ਸਾਹਿਬ ਕੋਲ ਆ ਗਿਆ। ਗੁਰੂ ਸਾਹਿਬ ਨੇ ਜਿਉਂ ਹੀ ਬਾਜ਼ ਨੂੰ ਹੱਥ ਵਿੱਚ ਫੜ ਕੇ ਦਬਾਇਆ ਤਾਂ ਉਸ ਨੇ ਉਲਟੀ ਕੀਤੀ ਜਿਸ ਕਾਰਨ ‘ਚਮੜੇ ਦੀ ਪੇਟੀ’ ਬਾਹਰ ਆ ਗਈ ਅਤੇ ਬਾਜ਼ ਠੀਕ ਹੋ ਗਿਆ। ਚੌਧਰੀ ਨੇ ਗੁਰੂ ਸਾਹਿਬ ਦੇ ਕਹਿਣ ’ਤੇ ਆਪਣਾ ਹੰਕਾਰ ਤੋੜਿਆ ਅਤੇ ਚੌਧਰੀ ਦੀ ਬੇਨਤੀ ’ਤੇ ‘ਬਾਜ਼’ ਸਵੀਕਾਰ ਕੀਤਾ। ਚੌਧਰੀ ਨੇ ਗੁਰੂ ਸਾਹਿਬ ਤੋਂ ਮੁਆਫੀ ਮੰਗੀ ਅਤੇ ਚਰਨਾਂ ਵਿੱਚ ਢਹਿ ਪਿਆ। ਗੁਰੂ ਸਾਹਿਬ ਨੇ ਚੌਧਰੀ ਨੂੰ ਇਕ ‘ਦਸਤਾਰਾ’ ਭੇਟ ਕੀਤਾ, ਜੋ ਅੱਜ ਵੀ ਉਸ ਦੀ ਵੰਸ਼ ਕੋਲ ‘ਪਵਿੱਤਰ ਨਿਸ਼ਾਨੀ’ ਵਜੋਂ ਸੰਭਾਲ ਕੇ ਰੱਖਿਆ ਹੋਇਆ ਹੈ। ਬਾਅਦ ਵਿੱਚ ਚੌਧਰੀ ਫਤੋਈ ਨੇ ਗੁਰੂ ਸਾਹਿਬ ਦੀ ਯਾਦ ਵਿੱਚ ਇਤਿਹਾਸਕ ‘ਗੁਰਦੁਆਰਾ ਗੁਰੂ ਸਰ ਮੰਜੀ ਸਾਹਿਬ ਪਾਤਸ਼ਾਹੀ ਛੇਵੀਂ’ ਬਣਾਇਆ।
ਅੰਮ੍ਰਿਤਸਰ ਵਿੱਚ ਹੋਈ ਜੰਗ ਦਾ ਪ੍ਰਮੁੱਖ ਕਾਰਨ ਵੀ ‘ਬਾਜ਼’ ਸੀ। ਗੁਰੂ ਹਰਿਗੋਬਿੰਦ ਸਾਹਿਬ ਆਪਣੇ ਸਿੱਖਾਂ ਸਮੇਤ ਸ਼ਿਕਾਰ ਖੇਡਣ ਲਈ ਗੁਮਟਾਲੇ ਵੱਲ ਗਏ ਸਨ। ਉਧਰ ਸ਼ਾਹਜਹਾਨ ਬਾਦਸ਼ਾਹ ਵੀ ਦੂਰ-ਦੁਰਾਡੇ ਆਪਣੇ ਲਸ਼ਕਰ ਸਮੇਤ ਸ਼ਿਕਾਰ ਖੇਡਣ ਆਇਆ ਸੀ। ਬਾਦਸ਼ਾਹ ਦਾ ਬਾਜ਼ ਆਪਣੇ ਸ਼ਿਕਾਰ ਨੂੰ ਠੂੰਗਾ ਮਾਰ ਕੇ ਤਸੀਹੇ ਦੇ ਰਿਹਾ ਸੀ। ਸ਼ਿਕਾਰ ਨੂੰ ਵਾਰ-ਵਾਰ ਅਸਮਾਨ ਉਤੇ ਲੈ ਜਾਂਦਾ ਅਤੇ ਫਿਰ ਧਰਤੀ ’ਤੇ ਆਣ ਕੇ ਸੁੱਟਦਾ ਸੀ।
‘ਤ੍ਰਿਪਤ ਬਾਜ ਵਹਿ ਚੋਟ ਨ ਕਰਹੀ,
ਦੇਰ-ਦੇਰ ਪੰਛੀ ਕੇ ਧਰਹੀ।। 1481।। (ਗੁਰਬਿਲਾਸ ਪਾਤਸ਼ਾਹੀ ਛੇਵੀਂ)
ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਬਾਜ਼ ਨੂੰ ਭੇਜ ਕੇ ਸ਼ਾਹੀ-ਬਾਜ਼ ਪਕੜ ਲਿਆਂਦਾ।
ਜਦੋਂ ਸ਼ਾਹਜਹਾਨ ਦੀਆਂ ਫੌਜਾਂ ਬਾਜ਼ ਲੈਣ ਲਈ ਆਈਆਂ ਤਾਂ ਗੁਰੂ ਸਾਹਿਬ ਨੇ ਸਾਫ ਇਨਕਾਰ ਕਰ ਦਿੱਤਾ। ‘ਗੁਰਬਿਲਾਸ ਪਾਤਸ਼ਾਹੀ ਛੇਵੀਂ’ ਅਨੁਸਾਰ
‘ਤਿਨ ਕੋ ਬਾਜ ਨਹੀਂ ਮੈਂ ਦੇਨਾ।
ਤਾਜ ਬਾਜ ਤਿੰਨ ਕੇ ਸਭ ਲੈਨਾ।
ਦੇਸ ਰਾਜ ਮੈਂ ਤਿਨ ਕੇ ਲੈ ਹੇਂ।
ਗਰੀਬ ਅਨਾਥਨਿ ਕੋ ਸਭ ਦੇਹੇਂ। 29।
ਸ਼ਾਹੀ ਫੌਜਾਂ ਦੀਆਂ ਲਗਾਤਾਰ ਧਮਕੀਆਂ ਦੇ ਬਾਵਜੂਦ ਗੁਰੂ ਸਾਹਿਬ ਨੇ ਬਾਜ਼ ਵਾਪਸ ਨਾ ਦਿੱਤਾ ਜਿਸ ਕਾਰਨ 14 ਅਪਰੈਲ 1634 ਨੂੰ ਪਿੱਪਲੀ ਸਾਹਿਬ ਲਾਗੇ, ਅਜੋਕੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਮੁਕਾਮ ’ਤੇ ਭਾਰੀ ਜੰਗ ਹੋਈ। ਇਸੇ ਜੰਗ ਵਿੱਚ ਸ਼ਾਹਜਹਾਨ ਦਾ ਭੇਜਿਆ ਮੁਰਤਜ਼ਾ ਖਾਨ  ਫੌਜਦਾਰ (ਜੋ 7000 ਫੌਜ ਲੈ ਕੇ ਲਾਹੌਰ ਤੋਂ ਆਇਆ ਸੀ) ਮਾਰਿਆ ਗਿਆ। ਮੁਗਲ ਫੌਜਾਂ ਅਤੇ ਸਿੱਖਾਂ ਦੇ ਕਾਫੀ ਸਿਪਾਹੀ ਵੀ ਦੋਹਾਂ ਪਾਸਿਓਂ ਮਾਰੇ ਗਏ ਸਨ।
ਗੁਰੂ ਅਰਜਨ ਸਾਹਿਬ ਲਾਹੌਰ ਜਾਣ ਤੋਂ ਪਹਿਲਾਂ ਬੇਟੇ (ਗੁਰੂ) ਹਰਿਗੋਬਿੰਦ ਸਾਹਿਬ ਨੂੰ ਤਾਕੀਦ ਕਰ ਗਏ ਸਨ ਕਿ, ‘‘ਆਪਣੇ ਤਖਤ ਦੇ ਖੁਦ ਮੁਖਤਿਆਰ ਹੋ ਕੇ ਬੈਠੋ ਅਤੇ ਆਪਣੀ ਯੋਗਤਾ ਅਨੁਸਾਰ ਫੌਜ ਰੱਖੋ।’’ ਗੁਰੂ ਹਰਿਗੋਬਿੰਦ ਸਾਹਿਬ ਨੇ ‘ਅਕਾਲ ਤਖ਼ਤ ਸਾਹਿਬ’ ਪ੍ਰਗਟ ਕਰਨ ਤੋਂ ਬਾਅਦ ਹੀ ਸੁਤੰਤਰਤਾ ਦੇ ਚਿੰਨ੍ਹ ਕਲਗੀ, ਦਸਤਾਰ, ਬਾਜ਼, ਘੋੜੇ ਹਥਿਆਰ ਆਦਿ ਵੀ ਰੱਖੇ ਜਿਨ੍ਹਾਂ ਦੀ ਮੁਗਲ ਹਕੂਮਤ ਸਮੇਂ ਰੱਖਣ ਤੋਂ ਮਨਾਹੀ ਕੀਤੀ ਗਈ ਸੀ।
ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਵੀ ‘‘ਬਾਜ਼’’ ਨਾਲ ਇਕ ਘਟਨਾ ਜੁੜੀ ਹੋਈ ਹੈ। ਗੁਰੂ ਸਾਹਿਬ 1688 ਈਸਵੀ ਨੂੰ ਬਿਲਾਸਪੁਰ ਵਿੱਚ ਆਏ ਸਨ। ਬਿਲਾਸਪੁਰ ਦੇ ਪੱਛਮ ਵੱਲ ਇਕ ਪਿੰਡ ‘ਛੋਟਾ ਮਰ੍ਹਵਾ’’ ਵਿੱਚ ਆ ਕੇ ਕਿਆਸ ਕੀਤਾ। ਗੁਰੂ ਸਾਹਿਬ ਕਪਾਲਮੋਚਨ ਨੇੜੇ ਬਿਲਾਸਪੁਰ ਸੈਰ ਕਰਨ ਆਏ ਸਨ ਕਿ ਗੁਰੂ ਗੋਬਿੰਦ ਸਿੰਘ ਸਾਹਿਬਬਾਜ਼, ਜਿਸ ਦਾ ਨਾਂ ਗੋਲਾ ਸੀ, ਪਿੰਡ ਦੇ ਇਕ ਉੱਚੇ ਦਰੱਖਤ ਉਪਰ ਜਾ ਬੈਠਾ। ਕੁਝ ਸਿੱਖ ਬਾਜ਼ ਫੜਨ ਲਈ ਗਏ ਪਰ ਬਾਜ਼ ਨੇ ਆਉਣ ਦਾ ਕੋਈ ਸੰਕੇਤ ਨਾ ਦਿੱਤਾ। ਆਖਰਕਾਰ ਗੁਰੂ ਸਾਹਿਬ ਨੂੰ ਆਪ ਜਾਣਾ ਪਿਆ ਅਤੇ ਬਾਜ਼ ਨੂੰ ਪਿਆਰ ਨਾਲ ਬੁਲਾਇਆ, ‘‘ਗੋਲਾ ਭੋਲਾ, ਇੰਝ ਆਪਣੇ ਉਸਤਾਦ ਤੋਂ ਮੁੱਖ ਨਹੀਂ ਮੋੜਦੇ।’’ ਇਹ ਲਫਜ਼ ਸੁਣਦੇ ਸਾਰ ਹੀ ਬਾਜ਼ ਹੇਠਾਂ ਆ ਕੇ ਬਾਜ਼ਾਂ ਵਾਲੇ ਪਾਤਸ਼ਾਹ ਦੇ ਬਾਜੂਬੰਦ ’ਤੇ ਬਹਿ ਗਿਆ। ਇਸ ਇਤਿਹਾਸਕ ਗੁਰਦੁਆਰੇ ਦਾ ਨਾਂ ਵੀ ਗੁਰੂ ਸਾਹਿਬ ਦੇ ਬਾਜ਼ ‘ਗੋਲਾ’ ਦੇ ਨਾਂ ’ਤੇ ‘ਗੁਰਦੁਆਰਾ ਗੋਲਪੁਰ ਸਾਹਿਬ’ ਰੱਖਿਆ ਗਿਆ ਹੈ।
ਸਿੱਖ ਗੁਰੂ ਸਾਹਿਬਾਨ ਨੇ ਤਵਾਰੀਖ ਵਿੱਚ ਕੁਝ ਅਜਿਹੀਆਂ ਸਵੈ-ਚਾਲਕ ਸ਼ਕਤੀਆਂ ਨੂੰ ਪ੍ਰਗਟ ਕੀਤਾ ਜਿਸ ਕਾਰਨ ਤਵਾਰੀਖ ਆਪਣੇ ਹਰ ਪਹਿਲੂ ਵਿੱਚ ਵਟਣ ’ਤੇ ਮਜਬੂਰ ਹੋ ਗਈ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਜਦੋਂ ਕੈਪਟਨ ਮੁਰੇ ਨੇ ਭਾਈ ਰਤਨ ਸਿੰਘ ਭੰਗੂ ਨੂੰ ਪੁੱਛਿਆ ਕਿ ਸਿੱਖਾਂ ਨੇ ਪਾਤਸ਼ਾਹੀ ਕਿਵੇਂ ਹਾਸਲ ਕੀਤੀ ਤਾਂ ਉਸ ਨੇ ਕਿਹਾ:
ਸਾਰੀ ਹਿੰਦ ਚੁਗ ਤਿਨਿ ਪਾਸ, ਕੌਣ ਗਜ਼ਬ ਕਰ ਏ ਭਏ ਨਾਸ
ਰਯਤ ਛੇਲੀ ਹਾਕਮ ਸ਼ੇਰ, ਹਾਕਮ ਬਾਜ਼ ਔ ਰਯਤ ਬਟੇਰ।। 4।। 
ਦੋਹਰਾ-ਛੇਲੀਅਨ ਮਾਰੇ ਸ਼ੇਰ ਕਿਮ, ਕਿਮ ਬਟੇਰਨ ਮਾਰੇ ਬਾਜ਼,
ਹਾਕਮ ਮਾਰੇ ਰੱਯਤੈਂ ਯਹ ਕਰਮਾਤਹਿ ਕਾਜ।। 15 ।। 
(ਗੁਰੂ ਪੰਥ ਪ੍ਰਕਾਸ਼, ਰਤਨ ਸਿੰਘ, ਸਫਾ:40)



Post Comment

ਘਰੇਲੂ ਨੁਸਖੇ ਅਪਣਾਓ- ਰੋਗਾਂ ਨੂੰ ਵਧਣ ਤੋਂ ਬਚਾਓ


ਸਾਡੇ ਦੇਸ਼ ਵਿੱਚ ਸਦੀਆਂ ਤੋਂ ਸਿਹਤ ਸਬੰਧੀ ਆਮ ਸਮੱਸਿਆਵਾਂ ਦੇ ਲਈ ਵੱਡੇ ਬਜ਼ੁਰਗਾਂ ਦੇ ਦੱਸੇ ਘਰੇਲੂ ਨੁਸਖੇ ਕੰਮ ਆਉਂਦੇ ਰਹੇ ਹਨ। ਇਨ੍ਹਾਂ ਘਰੇਲੂ ਨੁਸਖਿਆਂ ਦੀ ਜਾਣਕਾਰੀ ਪੀੜ੍ਹੀ ਦਰ ਪੀੜ੍ਹੀ ਸਾਨੂੰ ਮਿਲਦੀ ਰਹਿੰਦੀ ਸੀ। ਪਰ ਅੱਜ ਦੇ ਅਜੋਕੇ ਅਤੇ ਕੰਪਿਊਟਰ ਵਾਲੇ ਅਜੋਕੇ ਪਰਿਵਾਰਾਂ ਦੇ ਯੁੱਗ ਵਿੱਚ ਜਦੋਂ ਕਿਸੇ ਕੋਲ ਸਮਾਂ ਹੀ ਨਹੀਂ ਹੈ, ਵਿਹਲ ਹੀ ਨਹੀਂ ਹੈ ਤਾਂ ਅਜਿਹਾ ਲੱਗਦਾ ਹੈ ਕਿ ਅਸੀਂ ਇਨ੍ਹਾਂ ਨੁਸਖਿਆਂ ਨੂੰ ਭੁੱਲਦੇ ਜਾ ਰਹੇ ਹਾਂ। ਬੇਸ਼ੱਕ ਆਪਣੇ ਡਾਕਟਰ, ਵੈਦ, ਹਕੀਮ ਨਾਲ ਆਪਣੀ ਬੀਮਾਰੀ ਬਾਰੇ ਜ਼ਿਕਰ ਕਰਕੇ ਕੋਈ ਇਲਾਜ ਕਰਵਾਉਣਾ ਹੀ ਸਹੀ ਗੱਲ ਹੈ ਪਰ ਸ਼ੁਰੂਆਤੀ ਦੌਰ ਵਿੱਚ ਜੇਕਰ ਇਹ ਘਰੇਲੂ ਨੁਸਖੇ ਵਰਤੀਏ ਤਾਂ ਇਹ ਕਾਰਗਰ ਅਤੇ ਸਸਤੇ ਸਾਬਤ ਹੁੰਦੇ ਹਨ। ਇਨ੍ਹਾਂ ਦਾ ਕੋਈ ਵੀ ਦੁਰਪ੍ਰਭਾਵ (ਸਾਈਡ ਇਫੈਕਟ) ਨਹੀਂ ਹੁੰਦਾ।
* ਨਾਰੀਅਲ ਦੇ ਤੇਲ ਵਿੱਚ ਲੌਂਗ ਦੇ ਤੇਲ ਦੀਆਂ ਕੁਝ ਬੰੂਦਾਂ ਮਿਲਾ ਕੇ ਸਿਰ ’ਤੇ ਮਾਲਿਸ਼ ਕਰਨ ਦੇ ਨਾਲ ਸਿਰ ਦਰਦ ਠੀਕ ਹੋ ਜਾਂਦਾ ਹੈ।
* ਨਸ਼ੇ ਵਿੱਚ ਧੁੱਤ ਕਿਸੇ ਦਾ ਜੇਕਰ ਨਸ਼ਾ ਉਤਾਰਨਾ ਹੋਵੇ ਤਾਂ ਉਸ ਨੂੰ ਪਿਆਜ਼ ਦਾ ਰਸ ਪਿਲਾ ਦੇਵੋ ਉਸ ਦਾ ਨਸ਼ਾ ਕਾਫੀ ਘੱਟ ਜਾਵੇਗਾ।
* ਅਮਰੂਦ ਦੇ ਪੱਤਿਆਂ ਦਾ ਕਾੜ੍ਹਾ ਬਣਾ ਕੇ ਕੁਰਲੀਆਂ ਕਰਨ ਦੇ ਨਾਲ ਮੂੰਹ ਦੇ ਛਾਲੇ ਅਤੇ ਮਸੂੜਿਆਂ ਦੇ ਦਰਦ ਤੋਂ ਆਰਾਮ ਮਿਲਦਾ ਹੈ।
* ਇਕ ਚੰੂਢੀ ਹਲਦੀ ਰੋਜ਼ਾਨਾ ਖਾਣ ਦੇ ਨਾਲ ਭੁੱਖ ਵੀ ਵਧਦੀ ਹੈ ਅਤੇ ਆਂਦਰਾਂ ਨੂੰ ਵੀ ਫਾਇਦਾ ਪਹੁੰਚਦਾ ਹੈ। ਵੈਸੇ ਵੀ ਹਲਦੀ ਐਂਟੀਬਾਇਓਟਿਕ ਦਾ ਕੰਮ ਕਰਦੀ ਹੈ।
* ਬੱਚਿਆਂ ਦਾ ਬਿਸਤਰ ’ਤੇ ਪਿਸ਼ਾਬ ਕਰਨ ਦੀ ਆਦਤ ਛੁਡਾਉਣ ਦੇ ਲਈ ਰੋਜ਼ਾਨਾ ਸੌਣ ਤੋਂ ਪਹਿਲਾਂ ਅਖਰੋਟ ਅਤੇ ਦਾਖਾਂ ਲੋੜ ਅਤੇ ਹਿਸਾਬ ਮੁਤਾਬਕ ਖਵਾਓ। ਹਫ਼ਤੇ ਦੋ ਹਫ਼ਤੇ ਵਿੱਚ ਹੀ ਬੱਚਿਆਂ ਦੀ ਬਿਸਤਰ ’ਤੇ ਪਿਸ਼ਾਬ ਕਰਨ ਦੀ ਆਦਤ ਤੋਂ ਛੁਟਕਾਰਾ ਮਿਲ ਜਾਵੇਗਾ। ਅਖਰੋਟ ਗਰਮ ਹੁੰਦਾ ਹੈ ਅਤੇ ਆਯੁਰਵੈਦ ਮੁਤਾਬਕ ਪਿੱਤ ਦੀ ਮਾਤਰਾ ਨੂੰ ਸਰੀਰ ਵਿੱਚ ਵਧਾਉਂਦਾ ਹੈ। ਜ਼ਿਆਦਾ ਨਾ ਖਵਾਇਆ ਜਾਵੇ।
* ਨੌਜਵਾਨਾਂ ਨੂੰ ਆਮ ਤੌਰ ’ਤੇ ਕਿੱਲਾਂ/ਮੁਹਾਸਿਆਂ ਦੀਆਂ ਦਿੱਕਤਾਂ ਆਉਣ ਲੱਗ ਜਾਂਦੀਆਂ ਹਨ। ਅਜਵਾਇਣ ਦਾ ਪਾਊਡਰ ਬਣਾ ਕੇ ਦਹੀਂ ਵਿੱਚ ਮਿਲਾ ਕੇ ਮੂੰਹ ’ਤੇ ਲਗਾਉਣ ਨਾਲ ਕਿੱਲ ਮੁਹੱਸੇ ਠੀਕ ਹੋ ਜਾਂਦੇ ਹਨ।
* ਨਹਾਉਣ ਤੋਂ ਪਹਿਲਾਂ ਸਿਰ ’ਤੇ ਪਿਆਜ਼ ਦਾ ਪੇਸਟ ਕਰ ਕੇ ਲਗਾਉ, ਵਾਲ ਕਾਲੇ ਹੋਣ ਲੱਗ ਜਾਣਗੇ।
* ਨਿੰਬੂ ਦੇ ਪੱਤਿਆਂ ਦਾ ਰਸ ਕੱਢ ਕੇ ਸੁੰਘੋ, ਸਿਰ ਦਰਦ ਇਕਦਮ ਠੀਕ ਹੋ ਜਾਵੇਗਾ। ਨੈਚੁਰੋਪੈਥੀ ਦੀ ਇਕ ਸ਼ਾਖਾ ਅਰੋਮਾਥੈਰੇਪੀ ਵਿੱਚ ਲੈਮਨ ਗਰਾਸ ਆਇਲ ਦੀ ਵਰਤੋਂ ਕੀਤੀ ਜਾਂਦੀ ਹੈ। ਰੋਜ਼ਾਨਾ ਇਕ ਗਲਾਸ ਗਾਜਰ ਦਾ ਰਸ ਪੀਣ ਦੇ ਨਾਲ ਸਰੀਰ ਵਿੱਚ ਖੂਨ ਤਾਂ ਵਧੇਗਾ ਹੀ ਵਧੇਗਾ ਨਾਲ ਹੀ ਅੱਖਾਂ ਦੀ ਰੋਸ਼ਨੀ ਵੀ ਵਧਦੀ ਹੈ।
* ਤੁੱਤਲੇਪਣ ਨੂੰ ਘੱਟ ਜਾਂ ਖ਼ਤਮ ਕਰਨ ਦੇ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਦੋ ਗਰਾਮ ਭੁੰਨੀ ਹੋਈ ਫਟਕੜੀ ਮੂੰਹ ਵਿੱਚ ਰੱਖੋ।
* ਜੋੜਾਂ ’ਤੇ ਸੇਕ ਕਰਕੇ ਨਿੰਮ ਦੇ ਤੇਲ ਦੀ ਮਾਲਿਸ਼ ਕਰਕੇ ਸਾਨੂੰ ਦਰਦਾਂ ਤੋਂ ਆਰਾਮ ਮਿਲਦਾ ਹੈ।
* ਘੀਆ, ਕੱਦੂ, ਅੱਲ, ਲੌਕੀ ਕੁਝ ਵੀ ਕਹਿ ਲਵੋ, ਦੀ ਗੁੱਦ ਪੈਰਾਂ ਦੀਆਂ ਤਲੀਆਂ ’ਤੇ ਮਲਣ ਨਾਲ ਉਨ੍ਹਾਂ ਵਿੱਚ ਹੋਣ ਵਾਲੀ ਜਲਣ ਅਤੇ ਆਯੁਰਵੈਦ ਮੁਤਾਬਕ ਮੰਨੀ ਜਾਂਦੀ ਪਿੱਤ ਪ੍ਰਕਿਰਤੀ ਸ਼ਾਂਤ ਹੁੰਦੀ ਹੈ ਅਤੇ ਸਿਰ ਦਰਦ ਵੀ ਖ਼ਤਮ ਹੁੰਦਾ ਹੈ।
* ਚਿਹਰੇ ’ਤੇ ਨਿੰਬੂ ਮਲਣ ਦੇ ਨਾਲ ਦਾਗ ਅਤੇ ਛਾਹੀਆਂ ਘੱਟਦੀਆਂ ਹਨ ਅਤੇ ਇਸ ਤੋਂ ਇਲਾਵਾ ਸੇਬ ਖਾਣ ਜਾਂ ਸੇਬ ਨੂੰ ਮੈਸ਼ ਕਰ ਕੇ ਇਸ ਦੀ ਗੁੰਦ ਮੂੰਹ ’ਤੇ ਲਾਉਣ ਨਾਲ ਵੀ ਦਾਗ ਅਤੇ ਛਾਹੀਆਂ ਖ਼ਤਮ ਹੋ ਜਾਂਦੀਆਂ ਹਨ।
* ਰੋਜ਼ਾਨਾ ਇਕ ਦੋ ਕਲੀਆਂ/ਤੁਰੀਆਂ ਲੱਸਣ ਦੀਆਂ ਖਾਣ ਦੇ ਨਾਲ ਦਿਲ ਦੇ ਰੋਗ ਦਾ ਖਤਰਾ ਘਟਦਾ ਹੈ। ਬਲੱਡ ਪ੍ਰੈਸ਼ਰ ਵੀ ਕਾਬੂ ਹੇਠ ਰਹਿੰਦਾ ਹੈ ਅਤੇ ਪੇਟ, ਗੈਸ ਨਾਲ ਸਬੰਧਤ ਤਕਲੀਫਾਂ ਦਾ ਵੀ ਅੰਤ ਹੁੰਦਾ ਹੈ।
* ਕਬਜ਼ ਹੋਣ ’ਤੇ ਹਿੰਗ ਦੇ ਚੂਰਨ ਵਿੱਚ ਥੋੜ੍ਹਾ ਜਿਹਾ ਮਿੱਠਾ ਸੋਡਾ ਮਿਲਾ ਕੇ ਰਾਤ ਨੂੰ ਲੈ ਲਵੋ ਅਤੇ ਪਾਣੀ ਪੀ ਲਵੋ।
* ਦਾਗ ਅਤੇ ਛਾਹੀਆਂ ਹੋਣ ’ਤੇ ਪਿਆਜ਼ ਦੇ ਬੀਜਾਂ ਦਾ ਚੂਰਨ ਸ਼ਹਿਦ ਵਿੱਚ ਮਿਲਾਓ। ਇਸ ਲੇਪ ਨੂੰ ਚਿਹਰੇ ’ਤੇ ਹੌਲੀ-ਹੌਲੀ ਮਲੋ। ਪੰਜ-ਚਾਰ ਵਾਰ ਕਰਨ ਤੋਂ ਬਾਅਦ ਹੀ ਫਰਕ ਸਾਫ ਦਿਖਣ ਲੱਗ ਪਵੇਗਾ।
* ਗਠੀਏ ਦੇ ਦਰਦ ਵਿੱਚ ਪਿਆਜ਼ ਦੇ ਰਸ ਦੀ ਮਾਲਿਸ਼ ਕਰਨ ਦੇ ਨਾਲ ਕਾਫੀ ਆਰਾਮ ਮਿਲਦਾ ਹੈ।
* ਜੇਕਰ ਤੁਹਾਡਾ ਬਲੱਡ ਪ੍ਰੈਸ਼ਰ ਵਧਦਾ ਹੈ ਤਾਂ ਹਰਾ ਭੂਕਾਂ ਵਾਲਾ ਪਿਆਜ਼ ਬਹੁਤ ਫਾਇਦੇਮੰਦ ਹੈ।
* ਉਲਟੀਆਂ ਲੱਗੀਆਂ ਹੋਣ ਜਾਂ ਹਾਜ਼ਮਾ ਸਹੀ ਨਾ ਹੋਵੇ ਤਾਂ ਪਿਆਜ਼ ਦੇ ਰਸ ਵਿੱਚ ਥੋੜ੍ਹਾ ਜਿਹਾ ਨਮਕ ਮਿਲਾ ਕੇ ਲਵੋ।
* ਪਿਆਜ਼ ਦੇ ਰਸ ਵਿੱਚ ਸ਼ਹਿਦ ਨੂੰ ਮਿਲਾ ਕੇ ਖਾਣ ਦੇ ਨਾਲ ਤਾਕਤ ਵੀ ਮਿਲਦੀ ਹੈ ਅਤੇ ਖੂਨ ਵੀ ਵਧ ਜਾਂਦਾ ਹੈ।
* ਪੇਟ ਦਰਦ ਹੋ ਰਿਹਾ ਹੋਵੇ ਤਾਂ ਭੁੰਨੀ ਹੋਈ ਸੌਂਫ ਨੂੰ ਚਬਾਓ, ਦਰਦ ਤੋਂ ਰਾਹਤ ਮਿਲੇਗੀ।
* ਜੇਕਰ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਕੰਡਾ ਖੁੱਭ ਗਿਆ ਹੋਵੇ ਤਾਂ ਉਸ ਹਿੱਸੇ ’ਤੇ ਥੋੜ੍ਹੀ ਜਿਹੀ ਹਿੰਗ ਨੂੰ ਪਾਣੀ ਵਿੱਚ ਮਿਲਾ ਕੇ ਉਸ ਦਾ ਘੋਲ ਲਗਾਓ ਕੰਡਾ ਬਾਹਰ ਨਿਕਲ ਜਾਵੇਗਾ।
* ਹਰੀ ਇਲਾਇਚੀ ਨੂੰ ਅੱਗ ’ਤੇ ਸੁਆਹ ਕਰ ਲਵੋ। ਇਸ ਨੂੰ ਸ਼ਹਿਦ ਦੇ ਵਿੱਚ ਮਿਲਾ ਕੇ ਖਾਣ ਨਾਲ ਸਫਰ ਦੌਰਾਨ ਹੋਣ ਵਾਲੀਆਂ ਉਲਟੀਆਂ ਤੋਂ ਬਹੁਤ ਵਧੀਆ ਰਾਹਤ ਮਿਲਦੀ ਹੈ।
* ਖਾਰਿਸ਼ ਹੋਣ ’ਤੇ ਨਿੰਬੂ ਵਿੱਚ ਫਟਕੜੀ ਦਾ ਚੂਰਨ ਭਰ ਕੇ ਖਾਰਿਸ਼ ਵਾਲੀ ਥਾਂ ’ਤੇ ਲਗਾਓ। ਬਹੁਤ ਵਧੀਆ ਰਹੇਗਾ।
* ਇਸੇ ਤਰ੍ਹਾਂ ਦੀ ਦੱਦ ਹੋਣ ’ਤੇ ਅਖਰੋਟ ਦਾ ਤੇਲ ਬਹੁਤ ਫਾਇਦਾ ਕਰਦਾ ਹੈ।
* ਮਿਰਗੀ ਦੇ ਮਰੀਜ਼ਾਂ ਨੂੰ ਚੰੂਢੀ ਕੁ ਹਿੰਗ ਨਿੰਬੂ ਵਿੱਚ ਮਿਲਾ ਕੇ ਚੁਸਾਣ ਦੇ ਨਾਲ ਦੌਰਾ ਖੁੱਲ੍ਹ ਜਾਂਦਾ ਹੈ, ਪਰ ਇਹ ਕੋਈ ਇਲਾਜ ਨਹੀਂ ਹੈ। ਮਰੀਜ਼ ਨੂੰ ਡਾਕਟਰ ਕੋਲ ਲਿਜਾ ਕੇ ਇਲਾਜ ਕਰਵਾਇਆ ਜਾਵੇ।
* ਗਲੇ ਵਿੱਚ ਖਾਰਿਸ਼ ਹੋ ਜਾਣ ’ਤੇ ਸੌਂਫ ਨੂੰ ਚਬਾਉਣ ਦੇ ਨਾਲ ਬੈਠਿਆ ਹੋਇਆ ਗਲਾ ਸਾਫ ਹੋ ਜਾਂਦਾ ਹੈ।
* ਦੰਦ ਵਿੱਚ ਦਰਦ ਹੋ ਰਿਹਾ ਹੋਵੇ ਤਾਂ ਲੌਂਗ ਦੇ ਤੇਲ ਦੀਆਂ ਤਿੰਨ-ਚਾਰ ਬੰੂਦਾਂ ਰੰੂ ਦੇ ਫੰਬੇ ’ਤੇ ਲਗਾ ਕੇ ਦਰਦ ਵਾਲੀ ਥਾਂ ’ਤੇ ਰੱਖੋ, ਕਾਫੀ ਰਾਹਤ ਮਿਲੇਗੀ।
ਮੋਬਾਈਲ : 94174-56573

ਡਾ.ਹਰਪ੍ਰੀਤ ਭੰਡਾਰੀ




Post Comment