ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Monday, June 16, 2014

ਘਰੇਲੂ ਨੁਸਖੇ ਅਪਣਾਓ- ਰੋਗਾਂ ਨੂੰ ਵਧਣ ਤੋਂ ਬਚਾਓ


ਸਾਡੇ ਦੇਸ਼ ਵਿੱਚ ਸਦੀਆਂ ਤੋਂ ਸਿਹਤ ਸਬੰਧੀ ਆਮ ਸਮੱਸਿਆਵਾਂ ਦੇ ਲਈ ਵੱਡੇ ਬਜ਼ੁਰਗਾਂ ਦੇ ਦੱਸੇ ਘਰੇਲੂ ਨੁਸਖੇ ਕੰਮ ਆਉਂਦੇ ਰਹੇ ਹਨ। ਇਨ੍ਹਾਂ ਘਰੇਲੂ ਨੁਸਖਿਆਂ ਦੀ ਜਾਣਕਾਰੀ ਪੀੜ੍ਹੀ ਦਰ ਪੀੜ੍ਹੀ ਸਾਨੂੰ ਮਿਲਦੀ ਰਹਿੰਦੀ ਸੀ। ਪਰ ਅੱਜ ਦੇ ਅਜੋਕੇ ਅਤੇ ਕੰਪਿਊਟਰ ਵਾਲੇ ਅਜੋਕੇ ਪਰਿਵਾਰਾਂ ਦੇ ਯੁੱਗ ਵਿੱਚ ਜਦੋਂ ਕਿਸੇ ਕੋਲ ਸਮਾਂ ਹੀ ਨਹੀਂ ਹੈ, ਵਿਹਲ ਹੀ ਨਹੀਂ ਹੈ ਤਾਂ ਅਜਿਹਾ ਲੱਗਦਾ ਹੈ ਕਿ ਅਸੀਂ ਇਨ੍ਹਾਂ ਨੁਸਖਿਆਂ ਨੂੰ ਭੁੱਲਦੇ ਜਾ ਰਹੇ ਹਾਂ। ਬੇਸ਼ੱਕ ਆਪਣੇ ਡਾਕਟਰ, ਵੈਦ, ਹਕੀਮ ਨਾਲ ਆਪਣੀ ਬੀਮਾਰੀ ਬਾਰੇ ਜ਼ਿਕਰ ਕਰਕੇ ਕੋਈ ਇਲਾਜ ਕਰਵਾਉਣਾ ਹੀ ਸਹੀ ਗੱਲ ਹੈ ਪਰ ਸ਼ੁਰੂਆਤੀ ਦੌਰ ਵਿੱਚ ਜੇਕਰ ਇਹ ਘਰੇਲੂ ਨੁਸਖੇ ਵਰਤੀਏ ਤਾਂ ਇਹ ਕਾਰਗਰ ਅਤੇ ਸਸਤੇ ਸਾਬਤ ਹੁੰਦੇ ਹਨ। ਇਨ੍ਹਾਂ ਦਾ ਕੋਈ ਵੀ ਦੁਰਪ੍ਰਭਾਵ (ਸਾਈਡ ਇਫੈਕਟ) ਨਹੀਂ ਹੁੰਦਾ।
* ਨਾਰੀਅਲ ਦੇ ਤੇਲ ਵਿੱਚ ਲੌਂਗ ਦੇ ਤੇਲ ਦੀਆਂ ਕੁਝ ਬੰੂਦਾਂ ਮਿਲਾ ਕੇ ਸਿਰ ’ਤੇ ਮਾਲਿਸ਼ ਕਰਨ ਦੇ ਨਾਲ ਸਿਰ ਦਰਦ ਠੀਕ ਹੋ ਜਾਂਦਾ ਹੈ।
* ਨਸ਼ੇ ਵਿੱਚ ਧੁੱਤ ਕਿਸੇ ਦਾ ਜੇਕਰ ਨਸ਼ਾ ਉਤਾਰਨਾ ਹੋਵੇ ਤਾਂ ਉਸ ਨੂੰ ਪਿਆਜ਼ ਦਾ ਰਸ ਪਿਲਾ ਦੇਵੋ ਉਸ ਦਾ ਨਸ਼ਾ ਕਾਫੀ ਘੱਟ ਜਾਵੇਗਾ।
* ਅਮਰੂਦ ਦੇ ਪੱਤਿਆਂ ਦਾ ਕਾੜ੍ਹਾ ਬਣਾ ਕੇ ਕੁਰਲੀਆਂ ਕਰਨ ਦੇ ਨਾਲ ਮੂੰਹ ਦੇ ਛਾਲੇ ਅਤੇ ਮਸੂੜਿਆਂ ਦੇ ਦਰਦ ਤੋਂ ਆਰਾਮ ਮਿਲਦਾ ਹੈ।
* ਇਕ ਚੰੂਢੀ ਹਲਦੀ ਰੋਜ਼ਾਨਾ ਖਾਣ ਦੇ ਨਾਲ ਭੁੱਖ ਵੀ ਵਧਦੀ ਹੈ ਅਤੇ ਆਂਦਰਾਂ ਨੂੰ ਵੀ ਫਾਇਦਾ ਪਹੁੰਚਦਾ ਹੈ। ਵੈਸੇ ਵੀ ਹਲਦੀ ਐਂਟੀਬਾਇਓਟਿਕ ਦਾ ਕੰਮ ਕਰਦੀ ਹੈ।
* ਬੱਚਿਆਂ ਦਾ ਬਿਸਤਰ ’ਤੇ ਪਿਸ਼ਾਬ ਕਰਨ ਦੀ ਆਦਤ ਛੁਡਾਉਣ ਦੇ ਲਈ ਰੋਜ਼ਾਨਾ ਸੌਣ ਤੋਂ ਪਹਿਲਾਂ ਅਖਰੋਟ ਅਤੇ ਦਾਖਾਂ ਲੋੜ ਅਤੇ ਹਿਸਾਬ ਮੁਤਾਬਕ ਖਵਾਓ। ਹਫ਼ਤੇ ਦੋ ਹਫ਼ਤੇ ਵਿੱਚ ਹੀ ਬੱਚਿਆਂ ਦੀ ਬਿਸਤਰ ’ਤੇ ਪਿਸ਼ਾਬ ਕਰਨ ਦੀ ਆਦਤ ਤੋਂ ਛੁਟਕਾਰਾ ਮਿਲ ਜਾਵੇਗਾ। ਅਖਰੋਟ ਗਰਮ ਹੁੰਦਾ ਹੈ ਅਤੇ ਆਯੁਰਵੈਦ ਮੁਤਾਬਕ ਪਿੱਤ ਦੀ ਮਾਤਰਾ ਨੂੰ ਸਰੀਰ ਵਿੱਚ ਵਧਾਉਂਦਾ ਹੈ। ਜ਼ਿਆਦਾ ਨਾ ਖਵਾਇਆ ਜਾਵੇ।
* ਨੌਜਵਾਨਾਂ ਨੂੰ ਆਮ ਤੌਰ ’ਤੇ ਕਿੱਲਾਂ/ਮੁਹਾਸਿਆਂ ਦੀਆਂ ਦਿੱਕਤਾਂ ਆਉਣ ਲੱਗ ਜਾਂਦੀਆਂ ਹਨ। ਅਜਵਾਇਣ ਦਾ ਪਾਊਡਰ ਬਣਾ ਕੇ ਦਹੀਂ ਵਿੱਚ ਮਿਲਾ ਕੇ ਮੂੰਹ ’ਤੇ ਲਗਾਉਣ ਨਾਲ ਕਿੱਲ ਮੁਹੱਸੇ ਠੀਕ ਹੋ ਜਾਂਦੇ ਹਨ।
* ਨਹਾਉਣ ਤੋਂ ਪਹਿਲਾਂ ਸਿਰ ’ਤੇ ਪਿਆਜ਼ ਦਾ ਪੇਸਟ ਕਰ ਕੇ ਲਗਾਉ, ਵਾਲ ਕਾਲੇ ਹੋਣ ਲੱਗ ਜਾਣਗੇ।
* ਨਿੰਬੂ ਦੇ ਪੱਤਿਆਂ ਦਾ ਰਸ ਕੱਢ ਕੇ ਸੁੰਘੋ, ਸਿਰ ਦਰਦ ਇਕਦਮ ਠੀਕ ਹੋ ਜਾਵੇਗਾ। ਨੈਚੁਰੋਪੈਥੀ ਦੀ ਇਕ ਸ਼ਾਖਾ ਅਰੋਮਾਥੈਰੇਪੀ ਵਿੱਚ ਲੈਮਨ ਗਰਾਸ ਆਇਲ ਦੀ ਵਰਤੋਂ ਕੀਤੀ ਜਾਂਦੀ ਹੈ। ਰੋਜ਼ਾਨਾ ਇਕ ਗਲਾਸ ਗਾਜਰ ਦਾ ਰਸ ਪੀਣ ਦੇ ਨਾਲ ਸਰੀਰ ਵਿੱਚ ਖੂਨ ਤਾਂ ਵਧੇਗਾ ਹੀ ਵਧੇਗਾ ਨਾਲ ਹੀ ਅੱਖਾਂ ਦੀ ਰੋਸ਼ਨੀ ਵੀ ਵਧਦੀ ਹੈ।
* ਤੁੱਤਲੇਪਣ ਨੂੰ ਘੱਟ ਜਾਂ ਖ਼ਤਮ ਕਰਨ ਦੇ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਦੋ ਗਰਾਮ ਭੁੰਨੀ ਹੋਈ ਫਟਕੜੀ ਮੂੰਹ ਵਿੱਚ ਰੱਖੋ।
* ਜੋੜਾਂ ’ਤੇ ਸੇਕ ਕਰਕੇ ਨਿੰਮ ਦੇ ਤੇਲ ਦੀ ਮਾਲਿਸ਼ ਕਰਕੇ ਸਾਨੂੰ ਦਰਦਾਂ ਤੋਂ ਆਰਾਮ ਮਿਲਦਾ ਹੈ।
* ਘੀਆ, ਕੱਦੂ, ਅੱਲ, ਲੌਕੀ ਕੁਝ ਵੀ ਕਹਿ ਲਵੋ, ਦੀ ਗੁੱਦ ਪੈਰਾਂ ਦੀਆਂ ਤਲੀਆਂ ’ਤੇ ਮਲਣ ਨਾਲ ਉਨ੍ਹਾਂ ਵਿੱਚ ਹੋਣ ਵਾਲੀ ਜਲਣ ਅਤੇ ਆਯੁਰਵੈਦ ਮੁਤਾਬਕ ਮੰਨੀ ਜਾਂਦੀ ਪਿੱਤ ਪ੍ਰਕਿਰਤੀ ਸ਼ਾਂਤ ਹੁੰਦੀ ਹੈ ਅਤੇ ਸਿਰ ਦਰਦ ਵੀ ਖ਼ਤਮ ਹੁੰਦਾ ਹੈ।
* ਚਿਹਰੇ ’ਤੇ ਨਿੰਬੂ ਮਲਣ ਦੇ ਨਾਲ ਦਾਗ ਅਤੇ ਛਾਹੀਆਂ ਘੱਟਦੀਆਂ ਹਨ ਅਤੇ ਇਸ ਤੋਂ ਇਲਾਵਾ ਸੇਬ ਖਾਣ ਜਾਂ ਸੇਬ ਨੂੰ ਮੈਸ਼ ਕਰ ਕੇ ਇਸ ਦੀ ਗੁੰਦ ਮੂੰਹ ’ਤੇ ਲਾਉਣ ਨਾਲ ਵੀ ਦਾਗ ਅਤੇ ਛਾਹੀਆਂ ਖ਼ਤਮ ਹੋ ਜਾਂਦੀਆਂ ਹਨ।
* ਰੋਜ਼ਾਨਾ ਇਕ ਦੋ ਕਲੀਆਂ/ਤੁਰੀਆਂ ਲੱਸਣ ਦੀਆਂ ਖਾਣ ਦੇ ਨਾਲ ਦਿਲ ਦੇ ਰੋਗ ਦਾ ਖਤਰਾ ਘਟਦਾ ਹੈ। ਬਲੱਡ ਪ੍ਰੈਸ਼ਰ ਵੀ ਕਾਬੂ ਹੇਠ ਰਹਿੰਦਾ ਹੈ ਅਤੇ ਪੇਟ, ਗੈਸ ਨਾਲ ਸਬੰਧਤ ਤਕਲੀਫਾਂ ਦਾ ਵੀ ਅੰਤ ਹੁੰਦਾ ਹੈ।
* ਕਬਜ਼ ਹੋਣ ’ਤੇ ਹਿੰਗ ਦੇ ਚੂਰਨ ਵਿੱਚ ਥੋੜ੍ਹਾ ਜਿਹਾ ਮਿੱਠਾ ਸੋਡਾ ਮਿਲਾ ਕੇ ਰਾਤ ਨੂੰ ਲੈ ਲਵੋ ਅਤੇ ਪਾਣੀ ਪੀ ਲਵੋ।
* ਦਾਗ ਅਤੇ ਛਾਹੀਆਂ ਹੋਣ ’ਤੇ ਪਿਆਜ਼ ਦੇ ਬੀਜਾਂ ਦਾ ਚੂਰਨ ਸ਼ਹਿਦ ਵਿੱਚ ਮਿਲਾਓ। ਇਸ ਲੇਪ ਨੂੰ ਚਿਹਰੇ ’ਤੇ ਹੌਲੀ-ਹੌਲੀ ਮਲੋ। ਪੰਜ-ਚਾਰ ਵਾਰ ਕਰਨ ਤੋਂ ਬਾਅਦ ਹੀ ਫਰਕ ਸਾਫ ਦਿਖਣ ਲੱਗ ਪਵੇਗਾ।
* ਗਠੀਏ ਦੇ ਦਰਦ ਵਿੱਚ ਪਿਆਜ਼ ਦੇ ਰਸ ਦੀ ਮਾਲਿਸ਼ ਕਰਨ ਦੇ ਨਾਲ ਕਾਫੀ ਆਰਾਮ ਮਿਲਦਾ ਹੈ।
* ਜੇਕਰ ਤੁਹਾਡਾ ਬਲੱਡ ਪ੍ਰੈਸ਼ਰ ਵਧਦਾ ਹੈ ਤਾਂ ਹਰਾ ਭੂਕਾਂ ਵਾਲਾ ਪਿਆਜ਼ ਬਹੁਤ ਫਾਇਦੇਮੰਦ ਹੈ।
* ਉਲਟੀਆਂ ਲੱਗੀਆਂ ਹੋਣ ਜਾਂ ਹਾਜ਼ਮਾ ਸਹੀ ਨਾ ਹੋਵੇ ਤਾਂ ਪਿਆਜ਼ ਦੇ ਰਸ ਵਿੱਚ ਥੋੜ੍ਹਾ ਜਿਹਾ ਨਮਕ ਮਿਲਾ ਕੇ ਲਵੋ।
* ਪਿਆਜ਼ ਦੇ ਰਸ ਵਿੱਚ ਸ਼ਹਿਦ ਨੂੰ ਮਿਲਾ ਕੇ ਖਾਣ ਦੇ ਨਾਲ ਤਾਕਤ ਵੀ ਮਿਲਦੀ ਹੈ ਅਤੇ ਖੂਨ ਵੀ ਵਧ ਜਾਂਦਾ ਹੈ।
* ਪੇਟ ਦਰਦ ਹੋ ਰਿਹਾ ਹੋਵੇ ਤਾਂ ਭੁੰਨੀ ਹੋਈ ਸੌਂਫ ਨੂੰ ਚਬਾਓ, ਦਰਦ ਤੋਂ ਰਾਹਤ ਮਿਲੇਗੀ।
* ਜੇਕਰ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਕੰਡਾ ਖੁੱਭ ਗਿਆ ਹੋਵੇ ਤਾਂ ਉਸ ਹਿੱਸੇ ’ਤੇ ਥੋੜ੍ਹੀ ਜਿਹੀ ਹਿੰਗ ਨੂੰ ਪਾਣੀ ਵਿੱਚ ਮਿਲਾ ਕੇ ਉਸ ਦਾ ਘੋਲ ਲਗਾਓ ਕੰਡਾ ਬਾਹਰ ਨਿਕਲ ਜਾਵੇਗਾ।
* ਹਰੀ ਇਲਾਇਚੀ ਨੂੰ ਅੱਗ ’ਤੇ ਸੁਆਹ ਕਰ ਲਵੋ। ਇਸ ਨੂੰ ਸ਼ਹਿਦ ਦੇ ਵਿੱਚ ਮਿਲਾ ਕੇ ਖਾਣ ਨਾਲ ਸਫਰ ਦੌਰਾਨ ਹੋਣ ਵਾਲੀਆਂ ਉਲਟੀਆਂ ਤੋਂ ਬਹੁਤ ਵਧੀਆ ਰਾਹਤ ਮਿਲਦੀ ਹੈ।
* ਖਾਰਿਸ਼ ਹੋਣ ’ਤੇ ਨਿੰਬੂ ਵਿੱਚ ਫਟਕੜੀ ਦਾ ਚੂਰਨ ਭਰ ਕੇ ਖਾਰਿਸ਼ ਵਾਲੀ ਥਾਂ ’ਤੇ ਲਗਾਓ। ਬਹੁਤ ਵਧੀਆ ਰਹੇਗਾ।
* ਇਸੇ ਤਰ੍ਹਾਂ ਦੀ ਦੱਦ ਹੋਣ ’ਤੇ ਅਖਰੋਟ ਦਾ ਤੇਲ ਬਹੁਤ ਫਾਇਦਾ ਕਰਦਾ ਹੈ।
* ਮਿਰਗੀ ਦੇ ਮਰੀਜ਼ਾਂ ਨੂੰ ਚੰੂਢੀ ਕੁ ਹਿੰਗ ਨਿੰਬੂ ਵਿੱਚ ਮਿਲਾ ਕੇ ਚੁਸਾਣ ਦੇ ਨਾਲ ਦੌਰਾ ਖੁੱਲ੍ਹ ਜਾਂਦਾ ਹੈ, ਪਰ ਇਹ ਕੋਈ ਇਲਾਜ ਨਹੀਂ ਹੈ। ਮਰੀਜ਼ ਨੂੰ ਡਾਕਟਰ ਕੋਲ ਲਿਜਾ ਕੇ ਇਲਾਜ ਕਰਵਾਇਆ ਜਾਵੇ।
* ਗਲੇ ਵਿੱਚ ਖਾਰਿਸ਼ ਹੋ ਜਾਣ ’ਤੇ ਸੌਂਫ ਨੂੰ ਚਬਾਉਣ ਦੇ ਨਾਲ ਬੈਠਿਆ ਹੋਇਆ ਗਲਾ ਸਾਫ ਹੋ ਜਾਂਦਾ ਹੈ।
* ਦੰਦ ਵਿੱਚ ਦਰਦ ਹੋ ਰਿਹਾ ਹੋਵੇ ਤਾਂ ਲੌਂਗ ਦੇ ਤੇਲ ਦੀਆਂ ਤਿੰਨ-ਚਾਰ ਬੰੂਦਾਂ ਰੰੂ ਦੇ ਫੰਬੇ ’ਤੇ ਲਗਾ ਕੇ ਦਰਦ ਵਾਲੀ ਥਾਂ ’ਤੇ ਰੱਖੋ, ਕਾਫੀ ਰਾਹਤ ਮਿਲੇਗੀ।
ਮੋਬਾਈਲ : 94174-56573

ਡਾ.ਹਰਪ੍ਰੀਤ ਭੰਡਾਰੀ




Post Comment


ਗੁਰਸ਼ਾਮ ਸਿੰਘ ਚੀਮਾਂ