‘ਬਾਜ਼’ ਨੂੰ ਬਾਦਸ਼ਾਹੀ ਅਤੇ ਪ੍ਰਭੂਤਾ ਦਾ ਚਿੰਨ੍ਹ ਸਮਝਿਆ ਜਾਂਦਾ ਹੈ। ਬਾਜ਼ ਇਕ ਸ਼ਿਕਾਰੀ ਪੰਛੀ ਹੈ ਜੋ ਗੁਲਾਬ ਚਸ਼ਮ ਪੰਛੀਆਂ ਦਾ ਰਾਜਾ ਹੈ। ‘ਗੁਰਸ਼ਬਦ ਰਤਨਾਕਾਰ ਮਹਾਨਕੋਸ਼’ ਅਨੁਸਾਰ ‘‘ਬਾਜ਼ ਜੁਰੱਰਹ ਦੀ ਮਦੀਨ ਹੈ, ਇਸ ਦਾ ਕੱਦ ਜੁਰਹੇ ਨਾਲੋਂ ਵੱਡਾ ਹੁੰਦਾ ਹੈ। ਬਾਜ਼ ਸਰਦ ਦੇਸ਼ ਤੋਂ ਫੜ ਕੇ ਪੰਜਾਬ ਵਿੱਚ ਲਿਆਈਦਾ ਹੈ। ਇਥੇ ਆਂਡੇ ਨਹੀਂ ਦਿੰਦਾ, ਦਸ-ਬਾਰਾਂ ਵਰ੍ਹੇ ਇਹ ਸ਼ਿਕਾਰ ਦਾ ਕੰਮ ਦਿੰਦਾ ਹੈ, ਗਰਮੀਆਂ ਵਿੱਚ ਇਸ ਨੂੰ ਠੰਢੇ ਥਾਂ ਕੁਰੀਚ (ਕਰੀਜ) ਬੈਠਾਉਂਦੇ ਹਨ, ਜਦ ਇਹ ਪੁਰਾਣੇ ਖੰਭ ਸਿਟ ਕੇ ਨਵੇਂ ਬਦਲਦਾ ਹੈ, ਇਹ ਤਿੱਤਰ ਮੁਰਗਾਬੀ ਅਤੇ ਸਹੇ ਦਾ ਚੰਗਾ ਸ਼ਿਕਾਰ ਕਰਦਾ ਹੈ। ਪੁਰਾਣੇ ਸਮੇਂ ਅਮੀਰ ਲੋਕ, ਬਾਜ਼ ਨੂੰ ਆਪਣੇ ਹੱਥ ’ਤੇ ਰੱਖਦੇ ਅਤੇ ਬਹੁਤ ਸ਼ਿਕਾਰ ਖੇਡਦੇ ਸਨ।’’
ਬਾਜ਼ ਅਸਲ ਵਿੱਚ ਸ਼ਿਕਾਰੀ ਪੰਛੀ ਹੈ ਜਿਸ ਨੂੰ ਪੰਛੀਆਂ ਦਾ ਸ਼ਿਕਾਰ ਕਰਨ ਲਈ ਵਰਤਿਆ ਜਾਂਦਾ ਹੈ। ਬਾਜ਼ਾਂ ਦੀਆਂ ਬਹੁਤ ਸਾਰੀਆਂ ਕਿਸਮਾਂ ਹਨ। ਇਕ ‘ਬਾਜ਼ ਕੱਟਾ’ ਹੁੰਦਾ ਹੈ ਜੋ ਖਰਗੋਸ਼ ਦਾ ਸ਼ਿਕਾਰ ਵੀ ਕਰ ਲੈਂਦਾ ਹੈ ਪਰ ਇਹ ਵੱਡੇ ਆਕਾਰ ਦਾ ਹੁੰਦਾ ਹੈ। ਦੂਜਾ ‘‘ਬਾਜ ਜੁੱਰਾ’’ ਹੈ ਜੋ ਛੋਟੇ ਆਕਾਰ ਦਾ ਹੈ ਪਰ ਆਮ ਤੌਰ ’ਤੇ ਤਿੱਤਰ ਆਦਿ ਪੰਛੀਆਂ ਦਾ ਸ਼ਿਕਾਰ ਕਰਦਾ ਹੈ। ਪੁਰਾਣੇ ਸਮਿਆਂ ਤੋਂ ਹੀ ਅਮੀਰ ਲੋਕ ਬਾਜ਼ ਰੱਖਦੇ ਸਨ। ਬਾਜ਼ ਬੜੀ ਫੁਰਤੀ ਨਾਲ ਆਪਣੇ ਸ਼ਿਕਾਰ ’ਤੇ ਝਪੱਟਾ ਮਾਰਦਾ ਹੈ।
ਬਾਜ਼ ਨੂੰ ਸਿੱਖਾਂ ਦਾ ਕੌਮੀ ਪੰਛੀ-ਤਸੱਵਰ ਕੀਤਾ ਜਾਂਦਾ ਹੈ। ਇਸ ਦੀ ਕੋਈ ਧਾਰਮਿਕ ਜਾਂ ਅਧਿਆਤਮਕ ਮਹੱਤਤਾ ਨਹੀਂ। ਬਾਜ਼ ਲਗਾਤਾਰ ਸਿੱਖ ਸਭਿਆਚਾਰ ਅਤੇ ਸਿੱਖ ਸਿਆਸਤ ਨਾਲ ਗੁਰੂ ਸਾਹਿਬਾਨ ਦੇ ਸਮੇਂ ਤੋਂ ਜੁੜਿਆ ਆ ਰਿਹਾ ਹੈ। ਸਿੱਖ ਤਵਾਰੀਖ ਵਿੱਚ ਜ਼ਿਕਰ ਆਉਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ‘ਬਾਜ਼’ ਆਪਣੇ ਕੋਲ ਰੱਖਦੇ ਸਨ। ਗੁਰਬਾਣੀ ਵਿੱਚ ਜ਼ਿਕਰ ਆਉਂਦਾ ਹੈ।
‘ਸੀਹਾਂ ਬਾਜਾ ਚਰਗਾ ਕੁਹੀਆ
ਏਨਾ ਖਵਾਲੇ ਘਾਹ’ (ਮ. 1, ਵਾਰ ਮਾਝ)
ਗੁਰੂ ਹਰਿਗੋਬਿੰਦ ਸਾਹਿਬ ਨੇ ਮਨੁੱਖ ਨੂੰ ਸੰਸਾਰ ਦੇ ਰੂ-ਬ-ਰੂ ਆਤਮਿਕ ਪ੍ਰਭੂਸਤਾ ਬਖਸ਼ੀ ਜੋ ਸੰਸਾਰ ਦੇ ਇਤਿਹਾਸ ਵਿੱਚ ਪਹਿਲੀ ਵਾਰ ਵੇਖਣ ਵਿੱਚ ਆਈ ਅਤੇ ‘ਸੁਤੰਤਰਤਾ ਦੀ ਗੂੰਜ’ ਹਰ ਪਾਸਿਓਂ ਉਠਣ ਲੱਗੀ। ਮੁਸਲਮਾਨ ਇਤਿਹਾਸਕਾਰ ਗੁਲਾਮ ਮੁਹੀਉਦੀਨ ਨੇ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਦਾਅਵਾ ਕੀਤਾ ਹੈ ਕਿ ਮੈਂ ਚਿੜੀਆਂ ਤੋਂ ਬਾਜ਼ ਤੁੜਾਵਾਂਗਾ, ਸਵਾ ਲੱਖ ਨਾਲ ਇਕ ਲੜਾਵਾਂਗਾ।
ਗੁਰੂ ਹਰਿਗੋਬਿੰਦ ਸਾਹਿਬ ਜਦੋਂ 1631 ਈਸਵੀ ਨੂੰ ਆਪਣੇ ਮਾਲਵੇ ਦੇ ਸਫਰ ਦੌਰਾਨ ਪਿੰਡ ਗੁੱਜਰਵਾਲ (ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਇਕ ਪਿੰਡ) ਗਏ ਤਾਂ ਗੁਰੂ ਸਾਹਿਬ ਨੇ ਤਲਾਬ ਦੇ ਕੰਢੇ ਆਪਣੇ ਡੇਰੇ ਲਾਏ। ਪਿੰਡ ਦਾ ਚੌਧਰੀ ਫਤੋਈ ਬੜਾ ਹੰਕਾਰੀ ਅਤੇ ਅਮੀਰ ਸੀ। ਉਸ ਨੇ ਗੁਰੂ ਸਾਹਿਬ ਅਤੇ ਸਿੰਘਾਂ ਦੀ ਤਨਦੇਹੀ ਨਾਲ ਸੇਵਾ ਕੀਤੀ। ਜਦੋਂ ਉਹ ਗੁਰੂ ਦਰਬਾਰ ਵਿੱਚ ਆਇਆ ਤਾਂ ਆਪਣੇ ਨੌਕਰਾਂ-ਚਾਕਰਾਂ ਤੋਂ ਇਲਾਵਾ ਹੱਥ ’ਤੇ ‘ਬਾਜ਼’ ਰੱਖ ਕੇ ਆਇਆ। ਚੌਧਰੀ ਫਤੋਈ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਮੇਰੇ ਲਾਇਕ ਕੋਈ ਹੋਰ ਸੇਵਾ ਹੈ? ਜਾਣੀ-ਜਾਣ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਨੇ ‘ਬਾਜ਼’ ਦੀ ਮੰਗ ਕੀਤੀ। ਚੌਧਰੀ ਫਤੋਈ ਨਾ ਮੰਨਿਆ। ਗੁਰੂ ਸਾਹਿਬ ਨੇ ਉਸ ਨੂੰ ਕਿਹਾ ਤੂੰ ਆਪਣੀ ਗੱਲ ਤੋਂ ਨਾ ਮੁਕਰ। ਆਖਰ ਚੌਧਰੀ ਬਾਜ਼ ਲੈ ਕੇ ਘਰ ਚਲਾ ਗਿਆ ਤਾਂ ਬਾਜ਼ ਨੇ ‘ਚਮੜੇ ਦੀ ਪੇਟੀ’ ਖਾ ਲਈ ਜਿਸ ਕਾਰਨ ਬਾਜ਼ ਬਿਮਾਰ ਹੋ ਗਿਆ ਆਖਰ ਜਦੋਂ ਬਾਜ਼ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਤਾਂ ਚੌਧਰੀ ਫਤੋਈ ਬਾਜ਼ ਲੈ ਕੇ ਗੁਰੂ ਸਾਹਿਬ ਕੋਲ ਆ ਗਿਆ। ਗੁਰੂ ਸਾਹਿਬ ਨੇ ਜਿਉਂ ਹੀ ਬਾਜ਼ ਨੂੰ ਹੱਥ ਵਿੱਚ ਫੜ ਕੇ ਦਬਾਇਆ ਤਾਂ ਉਸ ਨੇ ਉਲਟੀ ਕੀਤੀ ਜਿਸ ਕਾਰਨ ‘ਚਮੜੇ ਦੀ ਪੇਟੀ’ ਬਾਹਰ ਆ ਗਈ ਅਤੇ ਬਾਜ਼ ਠੀਕ ਹੋ ਗਿਆ। ਚੌਧਰੀ ਨੇ ਗੁਰੂ ਸਾਹਿਬ ਦੇ ਕਹਿਣ ’ਤੇ ਆਪਣਾ ਹੰਕਾਰ ਤੋੜਿਆ ਅਤੇ ਚੌਧਰੀ ਦੀ ਬੇਨਤੀ ’ਤੇ ‘ਬਾਜ਼’ ਸਵੀਕਾਰ ਕੀਤਾ। ਚੌਧਰੀ ਨੇ ਗੁਰੂ ਸਾਹਿਬ ਤੋਂ ਮੁਆਫੀ ਮੰਗੀ ਅਤੇ ਚਰਨਾਂ ਵਿੱਚ ਢਹਿ ਪਿਆ। ਗੁਰੂ ਸਾਹਿਬ ਨੇ ਚੌਧਰੀ ਨੂੰ ਇਕ ‘ਦਸਤਾਰਾ’ ਭੇਟ ਕੀਤਾ, ਜੋ ਅੱਜ ਵੀ ਉਸ ਦੀ ਵੰਸ਼ ਕੋਲ ‘ਪਵਿੱਤਰ ਨਿਸ਼ਾਨੀ’ ਵਜੋਂ ਸੰਭਾਲ ਕੇ ਰੱਖਿਆ ਹੋਇਆ ਹੈ। ਬਾਅਦ ਵਿੱਚ ਚੌਧਰੀ ਫਤੋਈ ਨੇ ਗੁਰੂ ਸਾਹਿਬ ਦੀ ਯਾਦ ਵਿੱਚ ਇਤਿਹਾਸਕ ‘ਗੁਰਦੁਆਰਾ ਗੁਰੂ ਸਰ ਮੰਜੀ ਸਾਹਿਬ ਪਾਤਸ਼ਾਹੀ ਛੇਵੀਂ’ ਬਣਾਇਆ।
ਅੰਮ੍ਰਿਤਸਰ ਵਿੱਚ ਹੋਈ ਜੰਗ ਦਾ ਪ੍ਰਮੁੱਖ ਕਾਰਨ ਵੀ ‘ਬਾਜ਼’ ਸੀ। ਗੁਰੂ ਹਰਿਗੋਬਿੰਦ ਸਾਹਿਬ ਆਪਣੇ ਸਿੱਖਾਂ ਸਮੇਤ ਸ਼ਿਕਾਰ ਖੇਡਣ ਲਈ ਗੁਮਟਾਲੇ ਵੱਲ ਗਏ ਸਨ। ਉਧਰ ਸ਼ਾਹਜਹਾਨ ਬਾਦਸ਼ਾਹ ਵੀ ਦੂਰ-ਦੁਰਾਡੇ ਆਪਣੇ ਲਸ਼ਕਰ ਸਮੇਤ ਸ਼ਿਕਾਰ ਖੇਡਣ ਆਇਆ ਸੀ। ਬਾਦਸ਼ਾਹ ਦਾ ਬਾਜ਼ ਆਪਣੇ ਸ਼ਿਕਾਰ ਨੂੰ ਠੂੰਗਾ ਮਾਰ ਕੇ ਤਸੀਹੇ ਦੇ ਰਿਹਾ ਸੀ। ਸ਼ਿਕਾਰ ਨੂੰ ਵਾਰ-ਵਾਰ ਅਸਮਾਨ ਉਤੇ ਲੈ ਜਾਂਦਾ ਅਤੇ ਫਿਰ ਧਰਤੀ ’ਤੇ ਆਣ ਕੇ ਸੁੱਟਦਾ ਸੀ।
‘ਤ੍ਰਿਪਤ ਬਾਜ ਵਹਿ ਚੋਟ ਨ ਕਰਹੀ,
ਦੇਰ-ਦੇਰ ਪੰਛੀ ਕੇ ਧਰਹੀ।। 1481।। (ਗੁਰਬਿਲਾਸ ਪਾਤਸ਼ਾਹੀ ਛੇਵੀਂ)
ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਬਾਜ਼ ਨੂੰ ਭੇਜ ਕੇ ਸ਼ਾਹੀ-ਬਾਜ਼ ਪਕੜ ਲਿਆਂਦਾ।
ਜਦੋਂ ਸ਼ਾਹਜਹਾਨ ਦੀਆਂ ਫੌਜਾਂ ਬਾਜ਼ ਲੈਣ ਲਈ ਆਈਆਂ ਤਾਂ ਗੁਰੂ ਸਾਹਿਬ ਨੇ ਸਾਫ ਇਨਕਾਰ ਕਰ ਦਿੱਤਾ। ‘ਗੁਰਬਿਲਾਸ ਪਾਤਸ਼ਾਹੀ ਛੇਵੀਂ’ ਅਨੁਸਾਰ
‘ਤਿਨ ਕੋ ਬਾਜ ਨਹੀਂ ਮੈਂ ਦੇਨਾ।
ਤਾਜ ਬਾਜ ਤਿੰਨ ਕੇ ਸਭ ਲੈਨਾ।
ਦੇਸ ਰਾਜ ਮੈਂ ਤਿਨ ਕੇ ਲੈ ਹੇਂ।
ਗਰੀਬ ਅਨਾਥਨਿ ਕੋ ਸਭ ਦੇਹੇਂ। 29।
ਸ਼ਾਹੀ ਫੌਜਾਂ ਦੀਆਂ ਲਗਾਤਾਰ ਧਮਕੀਆਂ ਦੇ ਬਾਵਜੂਦ ਗੁਰੂ ਸਾਹਿਬ ਨੇ ਬਾਜ਼ ਵਾਪਸ ਨਾ ਦਿੱਤਾ ਜਿਸ ਕਾਰਨ 14 ਅਪਰੈਲ 1634 ਨੂੰ ਪਿੱਪਲੀ ਸਾਹਿਬ ਲਾਗੇ, ਅਜੋਕੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਮੁਕਾਮ ’ਤੇ ਭਾਰੀ ਜੰਗ ਹੋਈ। ਇਸੇ ਜੰਗ ਵਿੱਚ ਸ਼ਾਹਜਹਾਨ ਦਾ ਭੇਜਿਆ ਮੁਰਤਜ਼ਾ ਖਾਨ ਫੌਜਦਾਰ (ਜੋ 7000 ਫੌਜ ਲੈ ਕੇ ਲਾਹੌਰ ਤੋਂ ਆਇਆ ਸੀ) ਮਾਰਿਆ ਗਿਆ। ਮੁਗਲ ਫੌਜਾਂ ਅਤੇ ਸਿੱਖਾਂ ਦੇ ਕਾਫੀ ਸਿਪਾਹੀ ਵੀ ਦੋਹਾਂ ਪਾਸਿਓਂ ਮਾਰੇ ਗਏ ਸਨ।
ਗੁਰੂ ਅਰਜਨ ਸਾਹਿਬ ਲਾਹੌਰ ਜਾਣ ਤੋਂ ਪਹਿਲਾਂ ਬੇਟੇ (ਗੁਰੂ) ਹਰਿਗੋਬਿੰਦ ਸਾਹਿਬ ਨੂੰ ਤਾਕੀਦ ਕਰ ਗਏ ਸਨ ਕਿ, ‘‘ਆਪਣੇ ਤਖਤ ਦੇ ਖੁਦ ਮੁਖਤਿਆਰ ਹੋ ਕੇ ਬੈਠੋ ਅਤੇ ਆਪਣੀ ਯੋਗਤਾ ਅਨੁਸਾਰ ਫੌਜ ਰੱਖੋ।’’ ਗੁਰੂ ਹਰਿਗੋਬਿੰਦ ਸਾਹਿਬ ਨੇ ‘ਅਕਾਲ ਤਖ਼ਤ ਸਾਹਿਬ’ ਪ੍ਰਗਟ ਕਰਨ ਤੋਂ ਬਾਅਦ ਹੀ ਸੁਤੰਤਰਤਾ ਦੇ ਚਿੰਨ੍ਹ ਕਲਗੀ, ਦਸਤਾਰ, ਬਾਜ਼, ਘੋੜੇ ਹਥਿਆਰ ਆਦਿ ਵੀ ਰੱਖੇ ਜਿਨ੍ਹਾਂ ਦੀ ਮੁਗਲ ਹਕੂਮਤ ਸਮੇਂ ਰੱਖਣ ਤੋਂ ਮਨਾਹੀ ਕੀਤੀ ਗਈ ਸੀ।
ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਵੀ ‘‘ਬਾਜ਼’’ ਨਾਲ ਇਕ ਘਟਨਾ ਜੁੜੀ ਹੋਈ ਹੈ। ਗੁਰੂ ਸਾਹਿਬ 1688 ਈਸਵੀ ਨੂੰ ਬਿਲਾਸਪੁਰ ਵਿੱਚ ਆਏ ਸਨ। ਬਿਲਾਸਪੁਰ ਦੇ ਪੱਛਮ ਵੱਲ ਇਕ ਪਿੰਡ ‘ਛੋਟਾ ਮਰ੍ਹਵਾ’’ ਵਿੱਚ ਆ ਕੇ ਕਿਆਸ ਕੀਤਾ। ਗੁਰੂ ਸਾਹਿਬ ਕਪਾਲਮੋਚਨ ਨੇੜੇ ਬਿਲਾਸਪੁਰ ਸੈਰ ਕਰਨ ਆਏ ਸਨ ਕਿ ਗੁਰੂ ਗੋਬਿੰਦ ਸਿੰਘ ਸਾਹਿਬਬਾਜ਼, ਜਿਸ ਦਾ ਨਾਂ ਗੋਲਾ ਸੀ, ਪਿੰਡ ਦੇ ਇਕ ਉੱਚੇ ਦਰੱਖਤ ਉਪਰ ਜਾ ਬੈਠਾ। ਕੁਝ ਸਿੱਖ ਬਾਜ਼ ਫੜਨ ਲਈ ਗਏ ਪਰ ਬਾਜ਼ ਨੇ ਆਉਣ ਦਾ ਕੋਈ ਸੰਕੇਤ ਨਾ ਦਿੱਤਾ। ਆਖਰਕਾਰ ਗੁਰੂ ਸਾਹਿਬ ਨੂੰ ਆਪ ਜਾਣਾ ਪਿਆ ਅਤੇ ਬਾਜ਼ ਨੂੰ ਪਿਆਰ ਨਾਲ ਬੁਲਾਇਆ, ‘‘ਗੋਲਾ ਭੋਲਾ, ਇੰਝ ਆਪਣੇ ਉਸਤਾਦ ਤੋਂ ਮੁੱਖ ਨਹੀਂ ਮੋੜਦੇ।’’ ਇਹ ਲਫਜ਼ ਸੁਣਦੇ ਸਾਰ ਹੀ ਬਾਜ਼ ਹੇਠਾਂ ਆ ਕੇ ਬਾਜ਼ਾਂ ਵਾਲੇ ਪਾਤਸ਼ਾਹ ਦੇ ਬਾਜੂਬੰਦ ’ਤੇ ਬਹਿ ਗਿਆ। ਇਸ ਇਤਿਹਾਸਕ ਗੁਰਦੁਆਰੇ ਦਾ ਨਾਂ ਵੀ ਗੁਰੂ ਸਾਹਿਬ ਦੇ ਬਾਜ਼ ‘ਗੋਲਾ’ ਦੇ ਨਾਂ ’ਤੇ ‘ਗੁਰਦੁਆਰਾ ਗੋਲਪੁਰ ਸਾਹਿਬ’ ਰੱਖਿਆ ਗਿਆ ਹੈ।
ਸਿੱਖ ਗੁਰੂ ਸਾਹਿਬਾਨ ਨੇ ਤਵਾਰੀਖ ਵਿੱਚ ਕੁਝ ਅਜਿਹੀਆਂ ਸਵੈ-ਚਾਲਕ ਸ਼ਕਤੀਆਂ ਨੂੰ ਪ੍ਰਗਟ ਕੀਤਾ ਜਿਸ ਕਾਰਨ ਤਵਾਰੀਖ ਆਪਣੇ ਹਰ ਪਹਿਲੂ ਵਿੱਚ ਵਟਣ ’ਤੇ ਮਜਬੂਰ ਹੋ ਗਈ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਜਦੋਂ ਕੈਪਟਨ ਮੁਰੇ ਨੇ ਭਾਈ ਰਤਨ ਸਿੰਘ ਭੰਗੂ ਨੂੰ ਪੁੱਛਿਆ ਕਿ ਸਿੱਖਾਂ ਨੇ ਪਾਤਸ਼ਾਹੀ ਕਿਵੇਂ ਹਾਸਲ ਕੀਤੀ ਤਾਂ ਉਸ ਨੇ ਕਿਹਾ:
ਸਾਰੀ ਹਿੰਦ ਚੁਗ ਤਿਨਿ ਪਾਸ, ਕੌਣ ਗਜ਼ਬ ਕਰ ਏ ਭਏ ਨਾਸ
ਰਯਤ ਛੇਲੀ ਹਾਕਮ ਸ਼ੇਰ, ਹਾਕਮ ਬਾਜ਼ ਔ ਰਯਤ ਬਟੇਰ।। 4।।
ਦੋਹਰਾ-ਛੇਲੀਅਨ ਮਾਰੇ ਸ਼ੇਰ ਕਿਮ, ਕਿਮ ਬਟੇਰਨ ਮਾਰੇ ਬਾਜ਼,
ਹਾਕਮ ਮਾਰੇ ਰੱਯਤੈਂ ਯਹ ਕਰਮਾਤਹਿ ਕਾਜ।। 15 ।।
(ਗੁਰੂ ਪੰਥ ਪ੍ਰਕਾਸ਼, ਰਤਨ ਸਿੰਘ, ਸਫਾ:40)