ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Saturday, February 20, 2016

ਅੰਧ-ਵਿਸ਼ਵਾਸ ਫੈਲਾ ਰਹੇ ਨੇ ਸੀਰੀਅਲ ਤੇ ਫ਼ਿਲਮਾਂ

ਅੰਧ ਵਿਸ਼ਵਾਸ
ਅੱਜ ਕੱਲ੍ਹ ਵੱਖ-ਵੱਖ ਟੀ. ਵੀ. ਚੈਨਲਾਂ ਉੱਪਰ ਚੱਲ ਰਹੇ ਲਡ਼ੀਵਾਰ ਅਤੇ ਕਈ ਹਿੰਦੀ ਫ਼ਿਲਮਾਂ ਦਰਸ਼ਕਾਂ ਦਾ ਮਨੋਰੰਜਨ ਕਰਨ ਦੀ ਥਾਂ ਉਨ੍ਹਾਂ  ਨੂੰ ਕੁਰਾਹੇ ਪਾ ਰਹੇ ਹਨ। ਵੱਡੀ ਗਿਣਤੀ ਲਡ਼ੀਵਾਰਾਂ ਵਿੱਚ ਭੂਤ ਪ੍ਰੇਤ, ਅੰਧ ਵਿਸ਼ਵਾਸ ਅਤੇ ਗ਼ੈਰ ਸਮਾਜਿਕ ਰਿਸ਼ਤਿਆਂ ਨੂੰ ਦਿਖਾਇਆ ਜਾ ਰਿਹਾ ਹੈ ਜਿਸ ਦਾ ਦਰਸ਼ਕਾਂ ਖ਼ਾਸ ਕਰਕੇ ਘਰੇਲੂ ਅੌਰਤਾਂ ਉੱਪਰ ਮਾਰੂ ਅਸਰ ਹੋ ਰਿਹਾ ਹੈ। ਹਾਲ ਤਾਂ ਇਹ ਹੈ ਕਿ ਕਈ ਲਡ਼ੀਵਾਰਾਂ ਵਿੱਚ ਦਿਖਾਏ ਜਾਂਦੇ ਭੂਤ ਪ੍ਰੇਤਾਂ ਦੇ ਦ੍ਰਿਸ਼ ਨੂੰ ਦੇਖ ਕੇ ਛੋਟੇ ਬੱਚੇ ਐਨਾ ਡਰ ਜਾਂਦੇ ਹਨ ਕਿ ਇਕੱਲਿਆਂ ਕਮਰੇ ਵਿੱਚ ਨਹੀਂ ਬਹਿੰਦੇ ਜਾਂ ਬਾਹਰ ਨਹੀਂ ਨਿਕਲਦੇ। ਇਹੀ ਹਾਲ ਵੱਡੀ ਗਿਣਤੀ ਹਿੰਦੀ ਫ਼ਿਲਮਾਂ ਦਾ ਹੈ ਜਿਨ੍ਹਾਂ ਵਿੱਚ ਕਹਾਣੀ ਦੀ ਥਾਂ ਫਾਲਤੂ ਦੀ ਮਾਰਧਾੜ ਅਤੇ ਹਵਾ ਵਿੱਚ ਉੱਡਣ ਵਰਗੇ ਦ੍ਰਿਸ਼ ਦਿਖਾਏ ਜਾਂਦੇ ਹਨ ਜਿਨ੍ਹਾਂ ਨੂੰ ਦੇਖ ਕੇ ਬੱਚੇ ਅਤੇ ਅੱਲ੍ਹੜ ਗੁਮਰਾਹ ਹੋ ਜਾਂਦੇ ਹਨ ਅਤੇ ਉਹ ਵੀ ਹਵਾ ਵਿੱਚ ਉੱਡਣ ਲਈ ਕੋਠੇ ਅਤੇ ਚੁਬਾਰੇ ਤੋਂ ਛਾਲਾਂ ਮਾਰ ਦਿੰਦੇ ਹਨ ਅਤੇ ਆਪਣੀਆਂ ਲੱਤਾਂ ਬਾਹਾਂ ਤੁੜਾ ਲੈਂਦੇ ਹਨ ਜਾਂ ਫਿਰ ਜਾਨ ਗੁਆ ਲੈਂਦੇ ਹਨ।
ਪਿਛਲੇ ਕੁਝ ਸਮੇਂ ਤੋਂ ਕਈ ਲਡ਼ੀਵਾਰਾਂ ਵਿੱਚ ਨਾਗਮਣੀ, ਨਾਗਿਨ, ਪਾਤਾਲਪੁਰੀ, ਪੁਨਰਜਨਮ ਤੇ ਹੋਰ ਪਤਾ ਨਹੀਂ ਕੀ ਕੁਝ ਦਿਖਾਇਆ ਜਾ ਰਿਹਾ ਹੈ ਜੋ ਬੱਚਿਆਂ ਦੇ ਮਨ ’ਚ ਤਾਂ ਸਹਿਮ ਪੈਦਾ ਕਰ ਹੀ ਰਹੇ ਹਨ, ਨਾਲ ਹੀ ਘਰੇਲੂ ਔਰਤਾਂ ਨੂੰ ਅੰਧ-ਵਿਸ਼ਵਾਸ ਦੀ ਦਲਦਲ ਵਿੱਚ ਵੀ ਧੱਕ ਰਹੇ ਹਨ। ਇਸ ਦੇ ਨਾਲ ਹੀ ਕੁਝ ਲਡ਼ੀਵਾਰਾਂ ਵਿੱਚ ਤਾਂ ਸੱਸ-ਬਹੂ ਦੀ ਲੜਾਈ ਦੇ ਨਾਲ ਨਜਾਇਜ਼ ਸਬੰਧਾਂ ਨੂੰ ਉਭਾਰਨ ਤੋਂ ਇਲਾਵਾ ਪਰਿਵਾਰਕ ਮੈਂਬਰਾਂ ਨੂੰ ਇੱਕ ਦੂਜੇ ਖ਼ਿਲਾਫ਼ ਸਾਜ਼ਿਸ਼ਾਂ ਕਰਦੇ ਹੋਏ ਦਿਖਾਇਆ ਜਾਂਦਾ ਹੈ ਜਿਸ ਤੋਂ ਆਮ ਪਰਿਵਾਰਾਂ ਵਿੱਚ ਮਾੜਾ ਪ੍ਰਭਾਵ ਜਾਂਦਾ ਹੈ। ਕਾਮੇਡੀ ਦੇ ਨਾਮ ਉੱਪਰ ਵੀ ਲਡ਼ੀਵਾਰਾਂ ਦੁਆਰਾ ਫੂਹੜਤਾ ਹੀ ਪਰੋਸੀ ਜਾ ਰਹੀ ਹੈ।
ਅਸਲ ਵਿੱਚ ਟੀਵੀ ਲਡ਼ੀਵਾਰ ਅਤੇ ਫ਼ਿਲਮਾਂ ਨੂੰ ਆਮ ਲੋਕ ਆਪਣੇ ਮਨੋਰੰਜਨ ਲਈ ਦੇਖਦੇ ਹਨ ਅਤੇ ਉਹ ਚਾਹੁੰਦੇ ਹਨ ਕਿ ਇਹ ਦੇਖਣ ਤੋਂ ਬਾਅਦ ਉਨ੍ਹਾਂ ਦਾ ਮਨ ਹਲਕਾ ਫੁਲਕਾ ਹੋ ਜਾਵੇ, ਪਰ ਅੱਜ ਕੱਲ੍ਹ ਦੇ ਲਡ਼ੀਵਾਰਾਂ ਤੇ ਫ਼ਿਲਮਾਂ ਨੂੰ ਦੇਖ ਕੇ ਦਰਸ਼ਕਾਂ ਦੇ ਮਨ ਉੱਪਰ ਹੋਰ ਬੋਝ ਪੈ ਜਾਂਦਾ ਹੈ। ਇਸ ਲਈ ਚਾਹੀਦਾ ਤਾਂ ਇਹ ਹੈ ਕਿ ਟੀਵੀ ਲਡ਼ੀਵਾਰਾਂ ਅਤੇ ਫ਼ਿਲਮਾਂ ਨੂੰ ਸਿਰਫ਼ ਮਨੋਰੰਜਨ ਤਕ ਸੀਮਤ ਕੀਤਾ ਜਾਵੇ ਜਾਂ ਫਿਰ ਨੌਜਵਾਨ ਪੀਡ਼੍ਹੀ ਅਤੇ ਬੱਚਿਆਂ ਦੇ ਮਾਰਗ ਦਰਸ਼ਨ ਲਈ ਸਿੱਖਿਆਦਾਇਕ ਲਡ਼ੀਵਾਰ ਤੇ ਫ਼ਿਲਮਾਂ ਵੀ ਬਣਾਈਆਂ ਜਾ ਸਕਦੀਆਂ ਹਨ।

ਜਗਮੋਹਨ ਸਿੰਘ ਲੱਕੀ
ਸੰਪਰਕ: 94638-19174


Post Comment


ਗੁਰਸ਼ਾਮ ਸਿੰਘ ਚੀਮਾਂ