ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Friday, October 6, 2017

ਮੇਰੀ ਇੱਛਾ ਤੇਰੀ ਇੱਛਾ

ਅਜਿਹਾ ਗੋਰਾ, ਉੱਚਾ, ਜਵਾਨ ਮੁੰਡਾ; ਇੰਨਾ ਮੰਨ ਲਓ ੨੦-੨੫ ਲੋਕਾਂ ਦੇ ਕੋਲ ਖੜਾ ਹੋਵੇ ਤਾਂ ਵੱਖਰਾ ਹੀ ਨਜ਼ਰ ਆ ਜਾਵੇ। ਜਸਵੰਤ ਦਾ ਮਨ ਪੜ੍ਹਾਈ ਵਿੱਚ ਘੱਟ, ਉਸਦਾ ਤਾਂ ਧਿਆਨ ਸਿਰਫ ਫੁੱਟਬਾਲ ਖੇਡਣ ਵਿੱਚ ਹੀ ਲੱਗਦਾ ਸੀ ।ਉਸ ਦੇ ਪਿੰਡ ਵਿੱਚ ਲੋਕ ਫੁਟਬਾਲ ਨੂੰ ਹੀ ਪਹਿਲ ਦਿੰਦੇ ਸਨ । ਉਹ ਕਦੇ-ਕਦੇ ਕਾਲਜਾਂ ਦੇ ਵੱਲੋਂ ਸਟੇਟ ਲੈਵਲ ਉੱਤੇ ਖੇਡਣ ਜਾਂਦਾ।
ਉਸ ਨੂੰ ਸ਼ਹਿਰ ਵਿੱਚ ਹਰਦੀਪ ਨਾਂ ਦਾ ਇੱਕ ਵਿਅਕਤੀ ਮਿਲਿਆ । ਉਸ ਨੂੰ ਕਹਿਣ ਲਗਾ, "ਜਸਵੰਤ ਤੂੰ ਪੜ੍ਹ੍ਹਾਈ ਉੱਤੇ ਧਿਆਨ ਦਿੱਤੈ ਕਦੇ," ਜਸਵੰਤ ਨੇ ਅੱਗੋਂ ਇੱਜਤ ਨਾਲ ਕਿਹਾ, "ਚਾਚਾ ਜੇਕਰ ਮੈ ਪੜ੍ਹਾਈ ਵਿੱਚ ਜ਼ਿਆਦਾ ਚੰਗਾ ਨਹੀਂ ਹਾਂ ਤਾਂ ਮੇਰੀ ਪੜ੍ਹਾਈ ਇੰਨੀ ਘੱਟ ਵੀ ਨਹੀਂ ਹੈ , ਤੁਸੀਂ ਮੇਰਾ ਕਦੇ ਫੁਟਬਾਲ ਦਾ ਮੈਚ ਵੇਖਿਆ ਨਹੀ ਹੋਵੇਗਾ ।" ਹਰਦੀਪ ਨੇ ਕਿਹਾ, "ਅਜਿਹੀ ਗੱਲ ਨਹੀਂ ਹੈ, ਅਸੀਂ ਕਈ ਵਾਰ ਤੇਰਾ ਮੈਚ ਵੇਖਿਆ ਹੈ, ਤੇਰੇ ਅੱਗੇ ਤਾਂ ਦਸ ਖਿਡਾਰੀ ਨਹੀਂ ਟਿਕਦੇ, ਤੂੰ ਤਾਂ ਮੈਦਾਨ ਵਿੱਚ ਦੂਸਰੀ ਟੀਮ ਦੇ ਛੱਕੇ ਛੁਡਾ ਦਿੰਦਾ ਏਂ, ਮੈਂ ਕਈ ਵਾਰ ਵੇਖਿਆ ਹੈ ।
ਹੁਣ ਜਸਵੰਤ ੧੨ਵੀਂ ਜਮਾਤ ਪਾਸ ਕਰ ਚੁੱਕਿਆ ਸੀ।ਸ਼ਹਿਰ ਦੇ ਕਾਲਜ ਵਿੱਚ ਦਾਖਲ ਹੋ ਚੁੱਕਿਆ ਸੀ।ਸ਼ਹਿਰ ਦੇ ਟੂਰਨਾਮੈਂਟ ਵਿੱਚ ਭਾਗ ਲੈਂਦਾ, ਉਨ੍ਹਾਂ ਦੀ ਟੀਮ ਪਹਿਲਾ ਸਥਾਨ ਹਾਸਲ ਕਰ ਲੈਂਦੀ।ਪਿਤਾ ਸਰਕਾਰੀ ਸਕੂਲ ਵਿੱਚ ਅਧਿਆਪਕ ਸੀ।ਇੱਕ ਦਿਨ ਅਚਾਨਕ ਉਸ ਦੇ ਪਿਤਾ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ।ਹੁਣ ਜਸਬੰਤ ਅਤੇ ਉਸਦੀ ਮਾਂ ਇਕੱਲੇ ਰਹਿ ਗਏ।ਜਸਬੰਤ ਨੇ ਪੜ੍ਹਾਈ ਛੱਡ ਦਿੱਤੀ।ਉਹ ਘਰ ਰਹਿਣ ਲੱਗਾ ਅਤੇ ਆਪਣੇ ਖੇਤਾਂ ਦੀ ਦੇਖਭਾਲ ਕਰਨ ਲਗਾ।
ਮਹਿਕ ਨਾਂ ਦੀ ਕੁੜੀ ਅਕਸਰ ਉਨ੍ਹਾਂ ਦੇ ਘਰ ਆਉਂਦੀ ਜਾਂਦੀ ਸੀ।ਗੁਆਂਢੀ ਹੋਣ ਦੇ ਕਾਰਨ ਕਦੇ - ਕਦੇ ਥੋੜ੍ਹੀਆਂ ਬਹੁਤ ਚੀਜਾਂ ਮੰਗ ਕੇ ਲੈ ਜਾਂਦੀ।ਮਹਿਕ ਜਸਬੰਤ ਦੀ ਮਾਂ ਦੇ ਨਾਲ ਖੇਤੀ ਦਾ ਕੰਮ ਕਰਵਾ ਜਾਂਦੀ । ਉਨ੍ਹਾਂ ਦੇ ਖੇਤਾਂ ਵਿੱਚ ਅੰਬ ਦੇ ਲੱਗਭੱਗ ਦਸ ਦਰਖਤ ਖੜੇ ਸਨ।ਜਦੋਂ ਮੌਸਮ ਆਉਂਦਾ ਉਹ ਅੰਬ ਦੇ ਖੜੇ ਦਰੱਖਤਾਂ ਨੂੰ ਵਪਾਰੀ ਨੂੰ ਵੇਚ ਦਿੰਦੇ ।ਜਿਨ੍ਹਾਂ ਦੀ ਆਮਦਨੀ ਨਾਲ ਘਰ ਦਾ ਗੁਜਾਰਾ ਚੰਗਾ ਚੱਲਦਾ ।
ਇੱਕ ਦਿਨ ਜਸਬੰਤ ਕਿਸੇ ਮਿੱਤਰ ਦੇ ਵਿਆਹ ਵਿੱਚ ਗਿਆ ਸੀ।ਉਸਦੇ ਦੋਸਤਾਂ ਨੇ ਉਸ ਦੇ ਮਨ੍ਹਾ ਕਰਨ ਤੇ ਵੀ ਇੱਕ ਦੋ ਪੈਗ ਸ਼ਰਾਬ ਦੇ ਲਵਾ ਦਿੱਤੇ।ਜਸਬੰਤ ਨੇ ਉਸ ਦਿਨ ਪਹਿਲੀ ਵਾਰ ਸ਼ਰਾਬ ਪੀਤੀ ਸੀ।ਕੁੱਝ ਸਮਾਂ ਉੱਥੇ ਗੁਜਾਰਨ ਤੋ ਬਾਅਦ,ਉਹ ਰਾਤ ਹੁੰਦੇ ਹੀ ਘਰ ਵਾਪਸ ਪਰਤ ਆਇਆ ਅਤੇ ਜਦੋਂ ਉਹ ਸਵੇਰੇ ਉੱਠਿਆ, ਉਸਦਾ ਸਿਰ ਬਹੁਤ ਜ਼ਿਆਦਾ ਦਰਦ ਕਰਨ ਲਗਾ।ਉਸਨੇ ਆਪਣੇ ਆਪ ਨੂੰ ਕਿਹਾ, "ਸ਼ਰਾਬ ਕਿੰਨੀ ਬੁਰੀ ਚੀਜ ਹੈ, ਪੀ ਲਓ ਤਾਂ ਆਰਾਮ, ਜਦੋਂ ਉੱਤਰ ਜਾਵੇ ਤਾਂ ਆਦਮੀ ਬੇਚੈਨ ਕਰਦੀ ਹੈ ।"
ਮਹਿਕ ਨੇ ਬੀ.ਏ. ਪਾਸ ਕਰ ਲਈ। ਪਰ ਉਸ ਨੇ ਕੋਈ ਨੌਕਰੀ ਨਹੀਂ ਕੀਤੀ। ਜਸਬੰਤ ਦੇ ਪਿੰਡ ਮਹਿਕ ਦੀ ਰਿਸ਼ਤੇਦਾਰੀ ਹੋਣ ਕਰਕੇ ਛੁੱਟੀਆਂ ਦਾ ਜਿਆਦਾ ਸਮਾਂ ਜਸਬੰਤ ਦੇ ਪਿੰਡ ਗੁਜਾਰਦੀ।ਹੁਣ ਉਹ ਜਸਬੰਤ ਦੇ ਘਰ ਜ਼ਿਆਦਾ-ਆਉਣ ਜਾਣ ਲੱਗੀ।ਜਸਬੰਤ ਅਤੇ ਮਹਿਕ ਜਦੋਂ ਇੱਕ ਦੂਜੇ ਨੂੰ ਵੇਖਦੇ, ਉਨ੍ਹਾਂ ਵਿੱਚ ਪਿਆਰ ਕਰਨ ਦੀ ਇੱਛਾ ਜਾਗ ਪੈਂਦੀ ਅਤੇ ਮਹਿਕ ਕੁੱਝ ਕਹੇ ਬਿਨਾਂ ਹੀ ਆਪਣੇ ਘਰ ਮੁੜ ਆਉਂਦੀ।
ਇੱਕ ਦਿਨ ਜਸਬੰਤ ਦੀ ਮਾਂ ਗੁਆਂਢ ਘਰ ਵਿੱਚ ਗਈ ਹੋਈ ਸੀ।ਉਨ੍ਹਾਂ ਦੀ ਖੁਲ੍ਹਮ-ਖੁਲ੍ਹਾ ਮੁਲਾਕਾਤ ਹੋ ਗਈ । ਉਸ ਦਿਨ ਦੇ ਬਾਅਦ ਮਹਿਕ ਉਸ ਨੂੰ ਜਦੋ ਵੀ ਮਿਲਦੀ ਕਹਿੰਦੀ, "ਜਸਬੰਤ ਵਿਆਹ ਤਾਂ ਮੈ ਤੇਰੀ ਨਾਲ ਹੀ ਕਰਾਵਾਂਗੀ, ਮੈਂ ਬਹੁਤ ਜ਼ਿਆਦਾ ਪਿਆਰ ਕਰਦੀ ਹਾਂ ਤੈਨੂੰ ।" ਹੌਲੀ-ਹੌਲੀ ਉਨ੍ਹਾਂ ਦਾ ਪਿਆਰ ਸਾਰੀਆਂ ਹੱਦਾਂ ਪਾਰ ਕਰਨ ਲੱਗਾ। ਇੱਕ ਸਮਾਂ ਅਜਿਹਾ ਆਇਆ,ਉਨ੍ਹਾਂ ਦੇ ਪਿਆਰ ਦੀਆਂ ਗੱਲਾਂ ਪਿੰਡ ਦੇ ਲੋਕ ਕਰਨ ਲੱਗੇ।ਜਸਬੰਤ ਦੀ ਮਾਂ ਨੂੰ ਵੀ ਪਤਾ ਚੱਲ ਗਿਆ।ਉਸਦੀ ਮਾਂ ਨੇ ਜਸਬੰਤ ਨੂੰ ਕਿਹਾ, "ਪਿੰਡ ਵਿੱਚ ਤੇਰੇ ਪਿਤਾ ਦੀ ਕਿੰਨੀ ਇੱਜਤ ਹੈ, ਜੇਕਰ ਤੂੰ ਉਹ ਕੁੜੀ ਦੇ ਨਾਲ ਵਿਆਹ ਕਰੇਗਾ, ਉਹ ਇੱਕ ਗਰੀਬ ਘਰ ਦੀ ਕੁੜੀ ਹੈ , ਅਤੇ ਤੂੰ ਆਪਣੇ ਪਿਤਾ ਦੇ ਬਾਰੇ ਵਿੱਚ ਸੋਚ ਉਨ੍ਹਾਂ ਦੀ ਕਿੰਨੀ ਇੱਜਤ ਸੀ, ਮੈਂ ਤੇਰਾ ਵਿਆਹ ਅਮੀਰ ਘਰ ਵਿੱਚ ਹੀ ਕਰਾਂਗੀ, ਮੇਰੀ ਇਹ ਇੱਛਾ ਹੈ ਤੂੰ ਇਸ ਕੁੜੀ ਨਾਲ ਵਿਆਹ ਨਹੀਂ ਕਰੇਂਗਾ, ਤੈਨੂੰ ਤਾਂ ਕੋਈ ਵੀ ਕੁੜੀ ਦੇ ਦੇਵੇਗਾ ।" ਇਹ ਗੱਲ ਸੁਣ ਕੇ ਜਸਬੰਤ ਸੋਚ ਵਿੱਚ ਪੈ ਗਿਆ....
ਉੱਧਰ ਮਾਹਿਕ ਨੇ ਵੀ ਆਪਣੀ ਮਾਂ ਨੂੰ ਕਹਿ ਦਿੱਤਾ, "ਮੈਂ ਵਿਆਹ ਕਰਾਂਗੀ ਤਾਂ ਸਿਰਫ ਜਸਬੰਤ ਨਾਲ ਹੀ, ਨਹੀਂ ਤੇ ਜਾਨ ਦੇ ਦੇਵਾਂਗੀ ।" ਮਹਿਕ ਨੇ ਮਾਂ ਨੂੰ ਤਾਂ ਮਨਾਂ ਲਿਆ ਪਰ ਉਹ ਆਪਣੇ ਪਿਤਾ ਨੂੰ ਤੇ ਭਰਾ ਨੂੰ ਨਹੀਂ ਮਨਾ ਸਕੀ। ਉਨ੍ਹਾਂ ਦੇ ਘਰ ਵਿੱਚ ਲੜਾਈ ਦਾ ਮਾਹੌਲ ਬਣ ਗਿਆ। ਮਹਿਕ ਦੀ ਮਾਂ ਨੇ ਪਿਤਾ ਨੂੰ ਤਾਂ ਮਨਾ ਲਿਆ ਪਰ ਭਰਾ ਨੂੰ ਨਹੀਂ ਮਨਾ ਸਕੀ ।ਇਹ ਸਾਰੀਆਂ ਗੱਲਾਂ ਉਸ ਨੇ ਜਾ ਕੇ ਦੂਜੇ ਦਿਨ ਜਸਬੰਤ ਨੂੰ ਦੱਸੀਆਂ ।ਜਸਬੰਤ ਨੇ ਸਾਰੀ ਗੱਲ ਸੁਣਕੇ ਇੱਕ ਹੀ ਗੱਲ ਕਹੀ, "ਮੇਰੀ ਮਾਂ ਦੀ ਇੱਛਾ ਹੈ ਸਾਡਾ ਵਿਆਹ ਨਹੀਂ ਹੋ ਸਕਦਾ ।"
ਮਹਿਕ ਬਿਨਾਂ ਕੁੱਝ ਬੋਲੇ ਵਾਪਸ ਆ ਗਈ।ਉਹ ਸੋਚਦੀ ਰਹਿ ਗਈ ਕਿ ਜਸਬੰਤ ਉਸਨੂੰ ਕਿਵੇਂ ਧੋਖਾ ਦੇ ਸਕਦਾ ਹੈ।ਉਸਦੀ ਮਾਂ ਨੇ ਤਾਂ ਮੇਰੇ ਨਾਲ ਅਜਿਹੀ ਕਦੇ ਕੋਈ ਗੱਲ ਨਹੀ ਕੀਤੀ। ਮਹਿਕ ਉਦਾਸ ਰਹਿਣ ਲੱਗੀ । ਉਸ ਨੇ ਪਿਤਾ ਨੂੰ ਕਿਹਾ, "ਜਿੱਥੇਂ ਤੁਸੀ ਚਾਹੁੰਦੇ ਹੋ ਉੱਥੇ ਵਿਆਹ ਕਰ ਦੇਵੋ ਮੇਰਾ ।""
ਕੁੱਝ ਸਮੇਂ ਬਾਅਦ ਮਹਿਕ ਉਹਨਾਂ ਦੇ ਘਰ ਆਉਣੋਂ ਬੰਦ ਹੋ ਗਈ, ਜਸਬੰਤ ਅਤੇ ਉਸਦੀ ਮਾਂ ਦੇ ਵਿੱਚ ਛੋਟੀ ਮੋਟੀ ਗੱਲ ਉੱਤੇ ਤਕਰਾਰ ਹੋਣ ਲੱਗੀ।
ਮਹਿਕ ਦੇ ਪਿਤਾ ਦੇ ਕਹਿਣ ਉੱਤੇ ਰਿਸ਼ਤੇਦਾਰਾਂ ਨੇ ਮਹਿਕ ਦਾ ਵਿਆਹ ਕਰ ਦਿੱਤਾ।ਜਸਬੰਤ ਦੀ ਮਾਂ ਨੂੰ ਤਾਂ ਪਤਾ ਸੀ ਕਿ ਮਹਿਕ ਦਾ ਵਿਆਹ ਕਰਨ ਜਾ ਰਹੇ ਹਨ।ਪਰ ਜਸਬੰਤ ਨੂੰ ਇਹ ਗੱਲ ਪਤਾ ਨਹੀਂ ਲੱਗੀ।ਜਸਬੰਤ ਦੀ ਮਾਂ ਨੇ ਵਿਆਹ ਤੋਂ ਪਹਿਲਾਂ ਹੀ ਉਸ ਨੂੰ ਬਾਹਰ ਭੇਜ ਦਿੱਤਾ।ਜਸਬੰਤ ਸੋਚ ਵੀ ਨਹੀਂ ਸਕਦਾ ਸੀ, ਮਹਿਕ ਅਜਿਹਾ ਫੈਸਲਾ ਲੈ ਸਕਦੀ ਹੈ।ਜਸਬੰਤ ਦੇ ਮਨ ਵਿੱਚ ਸੀ, ਮਹਿਕ ਆਪੇ ਮੇਰੀ ਮਾਂ ਨੂੰ ਮਨਾ ਲਵੇਗੀ।
ਜਦੋਂ ਜਸਬੰਤ ਨੂੰ ਮਹਿਕ ਦੇ ਵਿਆਹ ਦੀ ਗੱਲ ਪਤਾ ਚੱਲੀ, ਉਹ ਬੁਰੀ ਤਰ੍ਹਾਂ ਟੁੱਟ ਗਿਆ।ਉਹ ਹੁਣ ਘਰੋਂ ਬਾਹਰ ਰਹਿਣ ਲੱਗਾ।ਆਪਣੇ ਦੋਸਤਾਂ ਨੂੰ ਮਹਿਕ ਦੀਆਂ ਗੱਲਾਂ ਦੱਸਦਾ। ਉਹ ਹੌਲੀ-ਹੌਲੀ ਖੂਬ ਨਸ਼ਾ ਕਰਣ ਲੱਗਾ, ਮਹਿਕ ਨੂੰ ਭਲਾਉਣ ਲਈ। ਉਸ ਕੋਲ ਸ਼ਰਾਬ ਖਰੀਦਣ ਲਈ ਜਦੋ ਕਦੇ ਪੈਸਿਆਂ ਦੀ ਤੰਗੀ ਹੁੰਦੀ ਇੱਕ-ਇੱਕ ਕਰਕੇ ਖੇਤ ਵੀ ਗਹਿਣੇ ਰੱਖ ਦਿੰਦਾ।ਉਨ੍ਹਾਂ ਪੈਸਿਆਂ ਦਾ ਨਸ਼ਾ ਕਰ ਲੈਂਦਾ।ਉਸ ਦੀ ਨਸ਼ੇ ਦੀ ਆਦਤ ਵੱਧ ਚੁੱਕੀ ਸੀ।ਉਸ ਨੂੰ ਕਦੇ-ਕਦੇ ਪਿੰਡ ਦੇ ਲੋਕ ਉਸਦੀ ਖ਼ਰਾਬ ਹਾਲਤ ਹੋਣ ਦੇ ਕਾਰਨ, ਨਸ਼ੇ ਦੀ ਹਾਲਤ ਵਿੱਚ ਹਸਪਤਾਲ ਵਿੱਚ ਲੈ ਜਾਂਦੇ। ਉਹ ਦਵਾਈਆਂ ਨਾਲ ਠੀਕ ਤਾਂ ਹੋ ਜਾਂਦਾ, ਪਰੰਤੂ ਫਿਰ ਨਸ਼ਾ ਲੈ ਲੈਂਦਾ। ਉਹ ਹੁਣ ਸਮੇਂ ਦੇ ਨਾਲ, ਗਰੀਬ ਹੋ ਗਿਆ।ਉਸਦੀ ਮਾਂ ਵੀ ਬੁੱਢੀ ਹੋ ਗਈ। ਉਹ ਉਸ ਦੀ ਹਾਲਤ ਵੇਖ ਕੇ ਬਿਮਾਰ ਰਹਿਣ ਲੱਗੀ।ਇੱਕ ਦਿਨ ਉਸਦੀ ਮਾਂ ਵੀ ਮਰ ਗਈ। ਜਸਬੰਤ ਆਪਣੀ ਮਾਂ ਦੀ ਜਲਦੀ ਚਿਤਾ ਦੇ ਕੋਲ ਬੈਠਾ ਕਹਿ ਰਿਹਾ ਸੀ, "ਮਾਂ, ਇਹ ਤੇਰੀ ਇੱਛਾ ਸੀ, ਤੂੰ ਉਸ ਕੁੜੀ ਨਾਲ ਵਿਆਹ ਨਹੀਂ ਕਰੇਂਗਾ, ਮਾਂ, ਇਹ ਮੇਰੀ ਇੱਛਾ ਸੀ, ਕਿ ਮੈਂ ਉਸ ਕੁੜੀ ਨਾਲ ਹੀ ਵਿਆਹ ਕਰਾਂਗਾ ।"
ਜਸਬੰਤ ਆਪਣੀ ਮਾਂ ਦਾ ਸਸਕਾਰ ਕਰ ਚੁੱਕਿਆ ਸੀ। ਹੁਣ ਜਸਬੰਤ ਅਤੇ ਬੋਤਲ ਘਰ ਵਿੱਚ ਦੋਵੇਂ ਰਹਿ ਗਏ.....
ਮਹਿਕ ਉਸਦਾ ਇੱਕ ਖੁਆਬ ਹੀ ਬਣ ਕੇ ਰਹਿ ਗਈ....

ਸੰਦੀਪ ਕੁਮਾਰ ਨਰ ( ਸੰਜੀਵ )
ਸ਼ਹਿਰ ਬਲਾਚੌਰ. (ਸ਼ਹਿਦ ਭਗਤ ਸਿੰਘ ਨਗਰ)
ਵਿੱਦਿਆਰਥੀ. ਐਮ.ਏ (ਲ.ਪੀ.ਯੂ)
ਮੋਬਾਈਲ ਨੰਬਰ. 9041543692


Post Comment

Sunday, August 19, 2012

ਬਾਬੇ ਦੇ ਨਾਂਅ ਦੀ ਰੋਟੀ (ਕਹਾਣੀ)


71 ਸਾਲ ਦਾ ਬੁੱਢਾ ਬਘੇਲ ਸਿੰਘ ਪਸ਼ੂਆਂ ਲਈ ਬਣੇ ਬਾਹਰਲੇ ਘਰ ਵਿਚ ਰਹਿੰਦਾ ਸੀ। ਉਹ ਸਾਰਾ ਦਿਨ ਪਸ਼ੂਆਂ ਦੀ ਸੇਵਾ-ਸੰਭਾਲ ਕਰਦਾ ਤੇ ਰਾਤ ਨੂੰ ਉਥੇ ਹੀ ਸੌਂ ਜਾਂਦਾ ਸੀ। ਉਸ ਦੇ ਕੱਪੜੇ ਆਮ ਤੌਰ 'ਤੇ ਮੈਲੇ-ਘਸਮੈਲੇ ਤੇ ਮੋਟੇ ਹੁੰਦੇ। ਉਸ ਦੇ ਪੁੱਤ-ਪੋਤੇ ਵੇਲੇ-ਕੁਵੇਲੇ ਉਸ ਨੂੰ ਉਥੇ ਹੀ ਚਾਹ-ਰੋਟੀ ਫੜਾ ਜਾਂਦੇ। ਉਸ ਦੇ ਪੀਣ ਲਈ ਪਾਣੀ ਦਾ ਇਕ ਘੜਾ ਉਸ ਦੇ ਸਿਰ੍ਹਾਣੇ ਰੱਖਿਆ ਹੁੰਦਾ। ਬੱਚਿਆਂ ਦੀ ਰਿਹਾਇਸ਼ ਸਾਹਮਣੇ ਬਣੇ ਆਲੀਸ਼ਾਨ ਮਕਾਨ ਵਿਚ ਸੀ।

ਇਕ ਦਿਨ ਸਵੇਰੇ ਜਦੋਂ ਉਹ ਪਸ਼ੂਆਂ ਲਈ ਤੂੜੀ ਵਾਲੇ ਕਮਰੇ ਵਿਚ ਤੂੜੀ ਦਾ ਟੋਕਰਾ ਭਰ ਰਿਹਾ ਸੀ, ਉਸ ਦੇ ਕੰਨਾਂ ਵਿਚ ਅਚਾਨਕ ਉਸ ਦੇ ਪੋਤਰੇ ਦੀ ਆਵਾਜ਼ ਪਈ, 'ਬਾਪੂ! ਪਸ਼ੂਆਂ ਨੂੰ ਦਾਣਾ ਪਾ ਕੇ ਘਰ ਆ ਕੇ ਨਹਾ ਲਈਂ, ਪਾਣੀ ਗਰਮ ਹੋਈ ਜਾਂਦਾ ਹੈ। ਤੈਨੂੰ ਅੱਜ 'ਬਾਬੇ ਦੇ ਨਾਂਅ ਦੀ ਰੋਟੀ' ਖਵਾਉਣੀ ਹੈ, ਛੇਤੀ ਆ ਜਾਵੀਂ।' ਏਨਾ ਕਹਿ ਕੇ ਪੋਤਾ ਘਰ ਚਲਾ ਗਿਆ। ਉਸ ਦੇ ਜਾਣ ਦੇ ਬਾਅਦ ਬਘੇਲ ਸਿੰਘ ਨੇ ਸੋਚਿਆ ਕਿ ਪਹਿਲਾਂ ਤਾਂ ਉਸ ਨੂੰ ਇਸ ਤਰ੍ਹਾਂ ਕਦੇ ਘਰ ਨਹੀਂ ਬੁਲਾਇਆ ਗਿਆ। ਜਦੋਂ ਨਹਾਤੇ ਨੂੰ ਬਹੁਤੇ ਦਿਨ ਹੋ ਜਾਂਦੇ ਤਾਂ ਉਹ ਪਸ਼ੂਆਂ ਦੀ ਸਾਂਭ-ਸੰਭਾਲ ਤੋਂ ਵਿਹਲਾ ਹੋ ਕੇ ਅੰਦਰ ਜਾ ਕੇ ਨੂੰਹਾਂ ਨੂੰ ਕਹਿੰਦਾ, 'ਪੁੱਤ ਤੱਤਾ ਪਾਣੀ ਹੈ ਤਾਂ ਨਹਾ ਹੀ ਲਈਏ?' ਉਸ ਨੂੰ ਆਮ ਤੌਰ 'ਤੇ ਨਾਂਹ ਵਿਚ ਹੀ ਜਵਾਬ ਮਿਲਦਾ। ਉਹ ਵਾਪਸ ਆ ਕੇ ਨਲਕੇ ਦੇ ਤਾਜ਼ੇ ਪਾਣੀ ਦੀ ਬਾਲਟੀ ਭਰ ਕੇ ਉਸ ਨਾਲ ਨਹਾ ਕੇ ਸਬਰ ਕਰ ਲੈਂਦਾ ਤੇ ਫਿਰ ਜ਼ੋਰ ਨਾਲ ਝਾੜ ਕੇ ਉਹੀ ਮੈਲੇ-ਕੱਪੜੇ ਪਾ ਲੈਂਦਾ। ਕਦੇ-ਕਦੇ ਉਸ ਦੀਆਂ ਨੂੰਹਾਂ ਉਸ ਦੇ ਕੱਪੜੇ ਧੋ ਦਿੰਦੀਆਂ। ਉਸ ਨੂੰ ਬਹੁਤ ਸਮਾਂ ਪਹਿਲਾਂ ਮਰ ਚੁੱਕੀ ਆਪਣੀ ਪਤਨੀ ਮੇਲੋ ਯਾਦ ਆ ਜਾਂਦੀ ਜੋ ਉਸ ਨੂੰ ਰੋਜ਼ਾਨਾ ਗਰਮ ਪਾਣੀ ਨਾਲ ਨਹਾਉਂਦੀ ਸੀ ਤੇ ਰੋਜ਼ ਧੋਤੇ ਹੋਏ ਕੱਪੜੇ ਪਾਉਣ ਲਈ ਦਿੰਦੀ ਸੀ। ਉਹ ਉਸ ਨੂੰ ਯਾਦ ਕਰਕੇ ਕਦੇ-ਕਦੇ ਅੱਖਾਂ ਭਰ ਲੈਂਦਾ।

ਇਉਂ ਸੋਚਦੇ ਨੂੰ ਦੂਜਾ ਪੋਤਾ ਆ ਗਿਆ, 'ਬਾਪੂ ਤੂੰ ਅਜੇ ਤੱਕ ਆਇਆ ਨ੍ਹੀਂ?' ਬਘੇਲ ਸਿੰਘ ਪਸ਼ੂਆਂ ਵਾਲੀ ਖੁਰਲੀ ਵਿਚ ਹੱਥ ਮਾਰਦਾ ਬੋਲਿਆ, 'ਹੁਣੇ ਆਉਂਦਾ ਹਾਂ ਪੁੱਤ, ਥੋੜ੍ਹੇ ਜਿਹੇ ਪੱਠੇ ਪਾਉਣ ਵਾਲੇ ਰਹਿੰਦੇ।' ਏਨਾ ਆਖ ਕੇ ਉਹ ਦਾਣੇ-ਪੱਠੇ ਦਾ ਕੰਮ ਤੇਜ਼ੀ ਨਾਲ ਨਿਬੇੜ ਕੇ ਛੇਤੀ ਘਰ ਚਲਾ ਗਿਆ। ਅੱਜ ਆਮ ਨਾਲੋਂ ਉਲਟ ਘਰ ਦੇ ਸਾਰੇ ਜੀਅ ਕਹਿੰਦੇ 'ਆ ਗਿਆ ਬਾਪੂ'।  ਬਾਪੂ ਨਹਾਉਣ ਵਾਲੇ ਥਾਂ ਵਿਚ ਗਰਮ ਪਾਣੀ ਦੀ ਬਾਲਟੀ ਭਰੀ ਪਈ ਹੈ। ਤੂੰ ਕੇਸੀਂ ਇਨਸ਼ਾਨ ਕਰ ਲੈ, ਸਾਬਣ, ਤੇਲ ਵੀ ਉਥੇ ਰੱਖਿਆ ਪਿਆ ਹੈ ਤੇ ਉਥੇ ਹੀ ਕਿੱਲੀਆਂ ਉਤੇ ਤੇਰੇ ਪਾਉਣ ਲਈ ਨਵੀਂ ਪੰਜ ਕਾਪੜੀ ਟੰਗੀ ਪਈ ਹੈ, ਇਹ ਪੁਰਾਣੇ ਲੀੜੇ ਲਾਹ ਕੇ ਉਥੇ ਹੀ ਰੱਖ ਦੇਈਂ, ਨਾਲੇ ਨਵੀਂ ਜੁੱਤੀ ਪਾ ਲਵੀਂ।' ਬਘੇਲ ਸਿੰਘ ਨੂੰ ਦੂਰੋਂ ਹੀ ਰਸੋਈ ਵਿਚੋਂ ਮਿੰਨ੍ਹੀ-ਮਿੰਨ੍ਹੀ ਖੁਸ਼ਬੂ ਆ ਰਹੀ ਸੀ। ਉਹ ਗਰਮ-ਗਰਮ ਪਾਣੀ ਨਾਲ ਕੇਸੀਂ ਨਹਾਉਂਦਾ ਹੋਇਆ, 'ਵਾਹਿਗੁਰੂ ਵਾਹਿਗੁਰੂ' ਕਰੀ ਜਾ ਰਿਹਾ ਸੀ, ਨਾਲ ਹੀ ਸਾਬਣ ਨਾਲ ਆਪਣੀ ਮੈਲ ਜੋ ਉਹਦੇ ਪਿੰਡੇ ਤੇ ਕੇਸਾਂ ਵਿਚ ਬਹੁਤ ਜ਼ਿਆਦਾ ਲੱਗੀ ਹੋਈ ਸੀ, ਮਲ-ਮਲ ਕੇ ਲਾਹ ਰਿਹਾ ਸੀ। ਗਰਮ ਪਾਣੀ ਨਾਲ ਨਹਾ ਕੇ ਉਸ ਦਾ ਸਰੀਰ ਹੌਲਾ ਫੁੱਲ ਹੋ ਜਾਣ ਕਰਕੇ ਉਹ ਬਹੁਤ ਖੁਸ਼ ਸੀ। ਨਹਾ ਕੇ ਉਸ ਨੇ ਸਾਰੇ ਨਵੇਂ ਕੱਪੜੇ ਪਾਏ, ਜੋ ਚਿੱਟੇ ਰੰਗ ਦੇ ਸਨ ਤੇ ਉਸ ਨੂੰ ਚਮਕਾ ਰਹੇ ਸਨ। ਬਾਹਰ ਨਵੀਂ ਪਈ ਜੁੱਤੀ ਪਾ ਕੇ ਵਿਹੜੇ ਵਿਚ ਆ ਗਿਆ। ਨੂੰਹਾਂ-ਪੁੱਤਾਂ ਨੇ ਨਵੀਂ ਨਕੋਰ ਚਾਦਰ ਵਿਛਾ ਕੇ ਵਧੀਆ ਮੰਜੇ 'ਤੇ ਬਿਠਾ ਦਿੱਤਾ। ਬਘੇਲ ਸਿੰਘ ਨੂੰ ਚੌਂਕੜੀ ਮਾਰ ਕੇ ਬੈਠਣ ਲਈ ਕਿਹਾ ਗਿਆ। ਵੱਡਾ ਭਾਂਡਾ ਹੇਠਾਂ ਕਰਕੇ ਉਥੇ ਹੀ ਗੜਵੀ ਨਾਲ ਫਿਰ ਉਸ ਦੇ ਹੱਥ ਸੁੱਚੇ ਕਰਾ ਦਿੱਤੇ। ਉਹ ਹੈਰਾਨ ਹੋ ਗਿਆ, ਜਦੋਂ ਇਕ ਵੱਡੇ ਥਾਲ ਵਿਚ ਵੱਡੇ-ਵੱਡੇ ਕੌਲਿਆਂ ਵਿਚ ਖੀਰ, ਪ੍ਰਸ਼ਾਦ ਤੇ ਹੋਰ ਕਈ ਮਿੱਠੇ ਪਕਵਾਨ ਬਘੇਲ ਸਿੰਘ ਨੂੰ ਪਰੋਸੇ ਗਏ, ਜਿਹੜੇ ਉਸ ਨੇ ਕਦੇ ਵੇਖੇ ਵੀ ਨਹੀਂ ਸਨ।

ਨੂੰਹਾਂ-ਪੁੱਤਾਂ, ਪੋਤੇ-ਪੋਤੀਆਂ ਨੇ ਉਸ ਸਾਹਮਣੇ ਨੰਗੇ ਪੈਰੀਂ ਸਿਰ ਨਿਵਾ ਕੇ ਉਸ ਨੂੰ ਰੋਟੀ ਖਾਣ ਲਈ ਬੇਨਤੀ ਕੀਤੀ, 'ਜੀ ਰੋਟੀ ਖਾਓ।' ਵੱਖ-ਵੱਖ ਪਕਵਾਨਾਂ ਵਿਚ ਸੌਗੀ, ਲੌਂਗ, ਇਲਾਇਚੀ, ਬਦਾਮ, ਕਾਜੂ ਤੇ ਪਤਾ ਨਹੀਂ ਹੋਰ ਕੀ ਕੁਝ ਪਾਇਆ ਹੋਇਆ ਸੀ। ਬਘੇਲ ਸਿੰਘ ਨੂੰ ਇਹ ਪਕਵਾਨ ਖਾਂਦੇ ਨੂੰ ਅਨੰਦ ਤਾਂ ਆ ਹੀ ਰਿਹਾ ਸੀ, ਨਾਲ ਹੀ ਹੈਰਾਨਗੀ ਵੀ ਸੀ ਕਿ ਇਹ ਸਭ ਕਿਵੇਂ? ਉਸ ਨੂੰ ਇਹ ਮਿੱਠੇ ਪਕਵਾਨ ਹੋਰ ਖਾਣ ਲਈ ਬੇਨਤੀ ਕੀਤੀ ਜਾਂਦੀ ਤਾਂ ਉਹ 'ਹਾਂ' ਕਹਿ ਕੇ ਹੋਰ ਪਵਾ ਕੇ ਖਾ ਲੈਂਦਾ। ਮਿੱਠਾ ਖਾਣ ਤੋਂ ਰੱਜ ਕੇ ਜਵਾਬ ਦੇਣ ਬਾਅਦ ਥਾਲ ਚੁੱਕ ਲਿਆ ਗਿਆ ਤੇ ਇਕ ਹੋਰ ਥਾਲ ਆ ਗਿਆ। ਉਸ ਵਿਚ ਅਨੇਕਾਂ ਪ੍ਰਕਾਰ ਦੀਆਂ ਸਬਜ਼ੀਆਂ, ਨਾਲ ਚੀਰ ਕੇ ਰੱਖੇ ਟਮਾਟਰਾਂ ਬਾਰੇ ਤਾਂ ਉਹ ਜਾਣਦਾ ਸੀ, ਹੋਰ ਕਿੰਨੀਆਂ ਹੀ ਪਲੇਟਾਂ ਚੀਰੇ ਹੋਏ ਸਲਾਦ ਦੀਆਂ ਤੇ ਕੇਵਲ ਇਕ ਗਰਮ ਫੁਲਕਾ ਵੱਖਰੀ ਥਾਲੀ ਵਿਚ ਸੀ। ਖਾਣ ਲਈ ਸਾਰੇ ਪਰਿਵਾਰ ਨੇ ਇਕ ਜ਼ਬਾਨ ਹੋ ਕੇ ਬੇਨਤੀ ਕੀਤੀ, 'ਬਾਬਾ ਜੀ ਦਾਲ-ਫੁਲਕਾ ਛਕੋ।' ਬਘੇਲ ਸਿੰਘ ਨੇ ਹੁਣ ਇਕ-ਇਕ ਕਰਕੇ ਪ੍ਰਸ਼ਾਦੇ ਛਕਣੇ ਸ਼ੁਰੂ ਕੀਤੇ। ਥੋੜ੍ਹਾ-ਬਹੁਤਾ ਸਲਾਦ ਖਾ ਲਿਆ ਕਰੇ, ਸਾਰਾ ਪਰਿਵਾਰ ਵਾਰ-ਵਾਰ 'ਕਹੇ ਬਾਬਾ ਜੀ ਇਹ ਵੀ ਛਕੋ।' ਉਹ ਰੱਜਿਆ ਤਾਂ ਪਹਿਲਾਂ ਹੀ ਸੀ, ਪ੍ਰੰਤੂ ਕਈ ਫੁਲਕੇ ਖਾ ਕੇ ਉਸ ਨੇ ਅਖੀਰ ਰੱਜ ਕੇ ਭਰਪੂਰ ਹੋ ਕੇ ਇਸ਼ਾਰਾ ਕੀਤਾ ਕਿ ਹੋਰ ਫੁਲਕਾ ਨਾ ਲਿਆਓ। ਵਿਸ਼ੇਸ਼ ਬਰਤਨ ਵਿਚ ਪਹਿਲਾਂ ਹੱਥ ਧੁਆ ਕੇ ਨਵਾਂ ਤੌਲੀਆ ਹੱਥ ਪੂੰਝਣ ਤੇ ਸੁਕਾਉਣ ਲਈ ਦਿੱਤਾ। ਇਸ ਉਪਰੰਤ ਸਾਰੇ ਪੁੱਤਾਂ-ਪੋਤਿਆਂ, ਨੂੰਹਾਂ ਨੇ ਵਾਰੀ-ਵਾਰੀ ਬਾਬੇ 'ਬਾਬੇ' (ਬਾਪੂ) ਦੇ ਪੈਰੀਂ ਹੱਥ ਲਾਏ ਤੇ ਅਸ਼ੀਰਵਾਦ ਮੰਗੀ। ਉਸ ਨੇ 'ਸੁਖੀ ਵਸੋ' ਕਹਿ ਕੇ ਸਭ ਨੂੰ ਅਸ਼ੀਰਵਾਦ ਦੇ ਦਿੱਤਾ। ਪਰਿਵਾਰ ਨੇ ਸਾਫ਼-ਸੁਥਰਾ ਕਮਰਾ ਦੇ ਕੇ ਵਧੀਆ ਬਿਸਤਰਾ ਵਿਛਾ ਕੇ, ਪੱਖਾ ਛੱਡ ਕੇ ਬਘੇਲ ਸਿੰਘ ਨੂੰ ਘਰ ਹੀ ਸੌਣ ਲਈ ਕਿਹਾ। ਰੱਜੇ ਹੋਏ ਬਾਪੂ ਨੂੰ ਨੀਂਦ ਆ ਗਈ। ਪਤਾ ਹੀ ਨਾ ਲੱਗਾ ਜਦੋਂ ਸਾਹਮਣੇ ਪਸ਼ੂਆਂ ਵਾਲੇ ਘਰ ਉਨ੍ਹਾਂ ਨੂੰ ਸੰਨ੍ਹੀ ਕਰਨ (ਦਾਣਾ ਰਲਾਉਣ) ਦਾ ਸਮਾਂ ਹੋ ਗਿਆ।

ਪਹਿਲਾਂ ਦੇ ਪੱਠੇ ਪਾਉਣ ਦੇ ਸਮੇਂ ਤੋਂ ਬਘੇਲ ਸਿੰਘ ਕਾਫ਼ੀ ਲੇਟ ਉਠਿਆ ਤੇ ਤੇਜ਼ੀ ਨਾਲ ਕਦਮ ਪੁੱਟਦਾ ਹੋਇਆ, ਸਾਹਮਣੇ ਪਸ਼ੂਆਂ ਵਾਲੇ ਘਰ ਵੱਲ ਜਾਂਦਾ ਕਹਿਣ ਲੱਗਾ, 'ਪੁੱਤ ਅੱਜ ਦਾਣਾ ਰਲਾਉਣ ਤੋਂ ਲੇਟ ਹੀ ਹੋ ਗਏ।' ਇਹ ਕਹਿ ਕੇ ਤੁਰਿਆ ਹੀ ਸੀ ਕਿ ਵੱਡੀ ਨੂੰਹ ਬੋਲੀ, 'ਬਾਪੂ ਜੀ! ਇਹ ਨਵੇਂ ਕੱਪੜੇ ਤੇ ਜੁੱਤੀ ਲਾਹ ਦਿਓ। ਪੁਰਾਣੇ ਕੱਪੜੇ ਮੈਂ ਧੋ ਦਿੱਤੇ ਹਨ, ਉਹ ਸੁੱਕ ਗਏ ਹਨ, ਉਹ ਪਾ ਲਓ। ਆਹ ਨਵੀਂ ਜੁੱਤੀ ਵੀ ਕਿਤੇ ਬਾਹਰ ਗਮੀ-ਸ਼ਾਦੀ ਵੇਲੇ ਪਾ ਲਿਆ ਕਰੋ।' ਨੂੰਹ ਦਾ ਹੁਕਮ ਮੰਨ ਕੇ ਬਘੇਲ ਸਿੰਘ ਨਵੀਂ ਚਿੱਟੀ ਪੰਜ ਕਾਪੜੀ ਤੇ ਨਵੀਂ ਜੁੱਤੀ ਲਾਹ ਕੇ ਪੁਰਾਣੇ ਮੋਟੇ ਕੱਪੜੇ ਤੇ ਟੁੱਟੇ ਛਿੱਤਰ ਪਾ ਕੇ ਛੇਤੀ ਨਾਲ ਘਰੋਂ ਦਾਣਾ ਰਲਾਉਣ ਚਲਾ ਗਿਆ। ਜਾਂਦਾ-ਜਾਂਦਾ ਉਹ ਸੋਚ ਰਿਹਾ ਸੀ ਕਿ ਇਹੀ ਸੀ 'ਬਾਬੇ ਦੇ ਨਾਂਅ ਦੀ ਰੋਟੀ?'

ਬੋਹੜ ਸਿੰਘ ਮੱਲ੍ਹਣ
-ਤਰਨ ਤਾਰਨ ਨਗਰ ਗਲੀ ਨੰਬਰ 1, ਸ੍ਰੀ ਮੁਕਤਸਰ ਸਾਹਿਬ।
ਮੋਬਾਈਲ : 96461-41243


Post Comment