ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Monday, April 2, 2012

ਬੁਝਾਰਤਾਂ ਅੱਜ ਨਾ ਕੋਈ ਬੁਝਾਰਤ ਪਾਉਣ ਵਾਲਾ ਹੈ ਤੇ ਨਾ ਹੀ ਕੋਈ ਬੁੱਝਣ ਵਾਲਾ...



ਬੁਝਾਰਤਾਂ ਸੰਸਾਰ ਭਰ ਦੀਆਂ ਬੋਲੀਆਂ ਵਿੱਚ ਉਪਲਬਧ ਹਨ। ਇਹ ਸੱਭਿਆਚਾਰ ਦਾ ਅਨਿਖੜਵਾਂ ਅੰਗ ਹਨ। ਇਹਨਾਂ ਰਾਂਹੀ ਸਿਮਰਨ ਸ਼ਕਤੀ ਅਤੇ ਵਸਤੂ ਗਿਆਨ ਵਿੱਚ ਵਾਧਾ ਹੁੰਦਾ ਹੈ। ਇਹ ਲੋਕ ਬੁੱਧੀ ਦਾ ਚਮਤਕਾਰ ਦਿਖਾਉਣ ਲਈ ਵਿਸ਼ੇਸ਼ ਸਥਾਨ ਰੱਖਦੀਆਂ ਹਨ।

    ਪੰਜਾਬੀ ਲੋਕ ਬੁਝਾਰਤਾਂ ਪੰਜਾਬੀ ਸਾਹਿਤ ਦਾ ਵਿਸ਼ੇਸ਼ ਭਾਗ ਹਨ। ਪੰਜਾਬ ਦਾ ਲੋਕ ਜੀਵਨ ਇਹਨਾਂ ਵਿੱਚ ਸਾਫ ਦਿੱਸਦਾ ਹੈ। ਪੰਜਾਬ ਵਿੱਚ ਬੁਝਾਰਤਾਂ ਪਾਉਣ ਦਾ ਰੀਵਾਜ ਬਹੁਤ ਪੁਰਾਣਾ ਹੈ। ਬੁਝਾਰਤਾਂ ਨੂੰ "ਬੁੱਝਣ ਵਾਲੀਆਂ ਬਾਤਾਂ " ਵੀ ਕਿਹਾ ਜਾਂਦਾ ਹੈ। ਆਮ ਤੌਰ ਤੇ ਰਾਤ ਸਮੇਂ ਰੋਟੀ ਖਾਣ ਤੋਂ ਬਾਅਦ ਸਾਰਾ ਪਰਿਵਾਰ ਬਾਤਾਂ ਪਾਉਣ ਵਿੱਚ ਰੁੱਝ ਜਾਂਦਾ ਸੀ। ਦਿਨ ਵੇਲੇ ਬਾਤਾਂ ਪਾਉਣ ਦੀ ਮਨਾਹੀ ਹੈ ਆਖਦੇ ਹਨ "ਦਿਨ ਵੇਲੇ ਬਾਤਾਂ ਪਾਉਣ ਨਾਲ ਰਾਹੀ ਰਾਹ ਭੁੱਲ ਜਾਂਦੇ ਹਨ।"ਫੇਰ ਸੁਰੂ ਹੁੰਦਾ ਸੀ ਦੌਰ ਬਾਤਾਂ ਦਾ,ਇੱਕ ਜਣਾ ਬਾਤ ਪਾਉਂਦਾ ਤੇ ਬਾਕੀ ਬੁੱਝਦੇ ਸਨ । ਦੇਰ ਰਾਤ ਤੱਕ ਇਹ ਸਿਲਸਿਲਾ ਚੱਲਦਾ ਰਹਿੰਦਾ ਸੀ। ਸਮਾਂ ਬਦਲਿਆ ,ਵਿਗਿਆਨ ਦੀਆਂ ਕਾਢਾਂ ਨੇ ਮਨੋਰੰਜਨ ਦੇ ਸਾਦਨ ਵਧਾ ਦਿੱਤੇ ਤੇ ਫੇਰ ਪੰਜਾਬੀ ਸੱਭਿਆਚਾਰ ਦਾ ਇਹ ਅਨਿੱਖੜਵਾਂ ਰੰਗ ਅਲੋਪ ਹੋ ਗਿਆ,ਅੱਜ ਨਾ ਕੋਈ ਬੁਝਾਰਤ ਪਾਉਣ ਵਾਲਾ ਹੈ ਤੇ ਨਾ ਹੀ ਕੋਈ ਬੁੱਝਣ ਵਾਲਾ...

    ਸੋ ਪੰਜਾਬੀ ਸੱਭਿਆਚਾਰ ਦੇ ਇਸ ਅੰਗ ਬਾਰੇ ਪੰਜਾਬੀਆਂ ਨੂੰ ਜਾਗਰੁੱਕ ਕਰਨ ਲਈ ,  ਸਾਨੂੰ ਮਾਣ ਪੰਜਾਬੀ ਹੋਣ ਦਾ ਬਲੋਗ ਪੇਸ਼ ਕਰਦਾ ਹੈ "ਬੁਝਾਰਤਾਂ"


(1)ਸੋਲਾਂ ਧੀਆਂ ਚਾਰ ਜੁਆਈ=>ਉਂਗਲਾਂ ਤੇ ਅੰਗੂਠਾ
(2)ਅੰਮਾ ਅੰਮਾ ਮੈਂ ਜਾਨਾ, ਪੰਜਵਾਂ ਮੇਰਾ ਹਿੱਸਾ, ਮੈਂ ਅੱਧ'ਚ ਕਮਾਨਾ=>ਅੰਗੂਠਾ
(3)ਇੱਕ ਕੋਠੇ ਵਿੱਚ ਚਾਰ ਮਹੀਂਆਂ, ਇੱਕ ਝੋਟਾ=>ਅੰਗੂਠਾ
(4)ਇੱਕ ਟੋਟਰੂ ਦੇ ਦੋ ਬੱਚੇ, ਨਾ ਉਹ ਖਾਂਦੇ ਨਾ ਉਹ ਪੀਂਦੇ, ਕੇਵਲ ਦੇਖ ਦੇਖ ਜੀਂਦੇ=>ਅੱਖਾਂ
(5)ਧੁੱਪ ਦੇਖ ਕੇ ਪੈਦਾ ਹੋਇਆ, ਛਾਂ ਦੇਖ ਮੁਰਝਾ ਗਿਆ=>ਮੁੜ੍ਹਕਾ
(6)ਕੰਧ ਤੇ ਹਦਵਾਣਾ, ਨਾ ਭੰਨਣਾ ਨਾ ਖਾਣਾ=>ਅੱਖਾਂ
(7)ਬਾਪੂ ਕਹੇ ਤੇ ਅੜ ਜਾਂਦਾ, ਚਾਚਾ ਕਹੇ ਤੇ ਖੁਲ੍ਹ ਜਾਂਦਾ=>ਮੂੰਹ
(8)ਗੁਹਾਰੇ ਤੇ ਬੈਠੀ ਗੋਹ, ਉੱਤਰ ਆ ਨੀ ਭਾਈਆਂ ਪਿੱਟੀਏ, ਤੈਨੂੰ ਡਾਕੂ ਲੈਣਗੇ ਖੋਹ=>ਸੱਗੀ
(9)ਦੋ ਕਬੂਤਰ ਡੱਬ ਖੜੱਬੇ, ਵੱਖੋ- ਵੱਖ ਉਨ੍ਹਾਂ ਦੇ ਖੁੱਡੇ, ਉੱਡੇ ਹਵਾ ਅਸਮਾਨੋ ਆਵਣ, ਘਰ ਤੋਂ ਬਾਹਰ ਮੂ਼ਲ ਨਾ ਜਾਵਣ=>ਅੱਖਾਂ
(10)ਐਨੀ'ਕ ਘੜੀ. ਰਾਣੀ ਵੀ ਨ੍ਹਾਤੀ, ਰਾਜਾ ਵੀ ਨਾਤ੍ਹਾ, ਅਜੇ ਭਰੀ ਦੀ ਭਰੀ=>ਸੁਰਮੇਦਾਨੀ
(11)ਦੋ ਕਬੂਤਰ ਉੱਡਦੇ ਜਾਂਦੇ, ਵਿੱਚ ਅਕਾਸ਼ ਦੇ ਤਾਰੀਆਂ ਲਾਂਦੇ, ਸਾਰੀ ਦੁਨੀਆ ਗਾਹ ਕੇ ਆਉਂਦੇ, ਪਰ ਬਾਹਰ ਪੈਰ ਨਾ ਪਾਉਂਦੇ=>ਅੱਖਾਂ
(12)ਅਸੀਂ ਹਾਂ ਇੱਕ, ਛੱਡ ਮੈਂ ਮੈਂ ਤੂੰ, ਜੇ ਤੱਕਣਾ, ਤੱਕ ਆਪਣਾ ਮੂੰਹ=>ਸ਼ੀਸਾ
(13)ਚਾਂਦੀ ਦੀ ਖੁੱਡੀ, ਸੋਨੇ ਦਾ ਬੰਦ, ਬੁੱਝਣੀਏ ਬੁੱਝ, ਨਹੀਂ ਰੁਪਈਏ ਧਰਦੇ ਪੰਜ=>ਕੋਕਾ
(14)ਸੋਨੇ ਦੇ ਕੜੇ ਵਿੱਚ ਦੋ ਬੇਰ, ਨਾ ਲਹਿਣ ਰਾਤ ਨੂੰ, ਨਾ ਲਹਿਣ ਸਵੇਰ=>ਨੱਥ
(15)ਸ਼ੀਸਿਆਂ ਦੀਆਂ ਕਿਆਰੀਆਂ, ਕੰਡਿਆਂ ਦੀ ਬਾੜ, ਬੁੱਝਣੀ ਐ ਬੁੱਝ, ਨਹੀਂ ਪਿੰਡੋ ਹੋ ਜਾ ਬਾਹਰ=>ਅੱਖਾਂ
(16)ਜੀਉਂਦੀ ਵੀ ਕੰਨ ਹਿਲਾਵੇ, ਮਰੀ ਵੀ ਕੰਨ ਹਿਲਾਵੇ=>ਅੱਖਾਂ
(17)ਪੇਟ ਮੇਂ ਉਂਗਲੀ, ਸਿਰ ਤੇ ਪੱਥਰ, ਛੇਤੀ ਬੁੱਝੋ ਮੇਰਾ ਉੱਤਰ=>ਮੁੰਦਰੀ
(18)ਹੱਥ ਨਹੀਂ ਸਿਰ ਮੂੰਹ ਨਹੀਂ, ਨਾਂ ਲੱਤਾਂ ਨਾਂ ਬਾਹਾਂ ਜਿਉ ਜਿਉਂ ਹੇਠਾਂ ਪੱਟਕੋ, ਤਿਉਂ ਤਿਉਂ ਚੜ੍ਹਦੀ ਤਾਹਾਂ=>ਗੇਂਦ
(19)ਚਾਲੀ ਨੱਥਾਂ, ਫੇਰ ਵੀ ਮਾਰੇ ਬੜ੍ਹਕਾਂ=>ਢੋਲ
(20)ਸ਼ੀਸਿਆਂ ਦਾ ਟੋਭਾ, ਕਾਨਿਆਂ ਦੀ ਬਾੜ, ਬੁੱਝਣੀਏਂ ਬੁੱਝ ਲੈ, ਨਹੀਂ ਰੁੱਪਏ ਧਰਦੇ ਚਾਰ=>ਅੱਖਾਂ
(21)ਸ਼ਹਿਰ ਬਵੰਜਾ ਇੱਕੋ ਨਾਮ, ਵਿੱਚ ਬਾਦਸ਼ਾਹ ਵਿੱਚ ਗੁਲਾਮ,ਨਿੱਕੇ ਨਿੱਕੇ ਕਿਆਰੇ,ਨਿੱਕੇ ਨਿੱਕੇ ਬੀਜ, ਜਾਂ ਬੁੱਝੂ ਰਾਜਾ, ਜਾਂ ਬੁੱਝੂ ਵਜ਼ੀਰ=>ਤਾਸ਼
(22)ਸਾਉਣ ਭਾਦੋਂ ਇੱਕ ਰੁੱਤ, ਦੋ ਬੁੱਢੀਆਂ ਦੀ ਇੱਕ ਗੁੱਤ=>ਪੀਂਘ
(23)ਕਾਲ਼ਾ ਗੋਲ ਤਵਾ ਨੇ ਕਹਿੰਦੇ, ਰੋਟੀ ਨਹੀਂ ਪਕਾਂਦਾ, ਜਦ ਪਿੰਡੇ ਤੇ ਸੂਈ ਚੁੱਭਦੀ, ਮਿੱਠਾ ਰਾਗ ਸੁਣਾਂਦਾ=>ਰੀਕਾਰਡ
(24)ਮੈਂ ਬੈਠਾ ਹਾਂ ਵਿੱਚ ਜਲੰਧਰ, ਔਹ ਹੁਣ ਦਿੱਲੀ ਆਈ, ਵਾਗ੍ਹੇ ਦੀ ਸਰਹੱਦ ਟੱਪ ਗਿਆ, ਸੂਈ ਜਦ ਘੁਮਾਈ=>ਰੇਡਿਓ
(25)ਤਲੀ ਉੱਤੇ ਕਬੂਤਰ ਨੱਚੇ=>ਆਟੇ ਦਾ ਪੇੜਾ
(26)ਸੌ ਜਾਣਾ ਲੰਗਿਆ, ਇੰਨੇ ਜਣਿਆਂ ਦੀ ਪੈੜ=>ਆਰੀ
(27)ਇਤਨੀ ਕੁ ਪਿੱਦੀ, ਪਿਦ ਪਿਦ ਕਰੇ, ਸੌ ਰੁਪਈਆਂ ਦਾ ਕੰਮ ਕਰੇ=>ਸਿਲਾਈ ਮਸ਼ੀਨ
(28)ਉਂਗਲ ਕੁ ਕੁੜੀ, ਗਜ਼ ਦਾ ਨਾਲਾ=>ਸੂਈ ਧਾਗਾ
(29)ਅੰਨ੍ਹਾ ਝੋਟਾ, ਵੱਟਾਂ ਢਾਉਂਦਾ=>ਕਹੀ
(30)ਇੱਕ ਨਾਰ ਕਰਤਾਰੋ, ਉਹ ਰਾਹੇ ਰਾਹੇ ਜਾਵੇ, ਸਿੱਧਿਆਂ ਨਾਲ ਸਿੱਧੀ ਚੱਲੇ, ਪੁਠਿਆਂ ਨੂੰ ਸਮਝਾਵੇ=>ਕੰਘੀ
(31)ਖਾਧਾ ਪੀਤਾ , ਕੰਧ ਚ ਮੂੰਹ=>ਕੜਛੀ
(32)ਏਨੀ ਕੁ ਡੱਢ, ਕਦੇ ਨਾਲ ਕਦੇ ਅੱਡ=>ਕੁੰਜੀ
(33)ਰੜ੍ਹੇ ਮੈਦਾਨ ਚ ਪਿਆ ਡੱਬਾ, ਚੱਕ ਨੀ ਹੁੰਦਾ ਚਕਾਈਂ ਰੱਬਾ=>ਖੂਹ
(34)ਕਾਲਾ ਹੈ ਪਰ ਨਾਗ ਨਹੀਂ, ਲੰਮਾ ਹੈ ਪਰ ਨਾਗ ਨਹੀਂ=>ਗੁੱਤ
(35)ਤੇਰੀ ਮਾਂ ਦੀਆਂ, ਖੂ੍ਹ'ਚ ਲੱਤਾਂ=>ਘੱਗਰਾ
(36)ਇੱਕ ਮਰਦ ਨੇ ਮਰਦ ਬਣਾਇਆ, ਤੀਵੀਂ ਦੇ ਵਸ ਪਾਇਆ, ਤੀਵੀਂ ਨੇ ਏਸੀ ਕਰੀ, ਉਹਦੀ ਛਾਤੀ ਤੇ ਲੱਤ ਧਰੀ=>ਚਰਖਾ
(37)ਅੱਗਿਓਂ ਨੀਵਾਂ, ਪਿੱਛਿਓਂ ਉੱਚਾ, ਘਰ ਘਰ ਫਿਰੇ ਹਰਾਮੀ ਲੁੱਚਾ=>ਛੱਜ
(38)ਨਿੱਕੀ ਜਿਹੀ ਪਿੱਦਣੀ, ਪਿੱਦ ਪਿੱਦ ਕਰਦੀ, ਸਾਰੇ ਜਹਾਨ ਦੀ, ਲਿੱਦ ਕੱਠੀ ਕਰਦੀ=>ਝਾੜੂ
(39)ਲੰਮਾ ਝੰਮਾਂ ਆਦਮੀ ਉਹਦੇ ਗਿੱਟੇ ਦਾੜ੍ਹੀ=>ਗੰਨਾ
(40)ਮਾਂ ਜੰਮੀ ਨਾ, ਪੁੱਤ ਬਨੇਰੇ ਤੇ=>ਧੂੰਆਂ
(41)ਦੋ ਸਿਪਾਹੀ ਲੜਦੇ ਜਾਂਦੇ, ਨਿੰਮ੍ਹ ਦੇ ਪੱਤੇ ਝੜਦੇ ਜਾਂਦੇ=>ਕੁਤਰਾ ਕਰਨ ਵਾਲੀ ਮਸ਼ੀਨ
(42)ਨਿੱਕੀ ਜਿਹੀ ਕੁੜੀ ਉਹਦੇ ਢਿੱਡ 'ਚ ਲਕੀਰ=>ਕਣਕ ਦਾ ਦਾਣਾ
(43)ਆਰ ਟਾਗਾਂ ਪਾਰ ਟਾਗਾਂ ਵਿੱਚ ਟਲਮ ਟੱਲੀਆਂ, ਆਉਣ ਕੂੰਜਾਂ ਦੇਣ ਬੱਚੇ ਨਦੀ ਨਹਾਉਣ  ਚਲੀਆਂ                          
=>ਖੂਹ ਦੀਆਂ ਟਿੰਡਾਂ



ਜੇਕਰ ਤੁਸੀਂ ਕੋਈ ਹੋਰ ਬੁਝਾਰਤ ਇਥੇ ਦੇਣ ਦੇ ਚਾਹਵਾਨ ਹੋਂ ਤਾਂ ਉਹ ਬੁਝਾਰਤ ਅਤੇ ਉਸਦਾ ਜਵਾਬ ਪੰਜਾਬੀ ਵਿਚ ਇਸ ਪਤੇ ਤੇ ਭੇਜੋ: sanumaanpunjabihonda@gmail.com
www.facebook.com/sanumaanpunjabihonda2


Post Comment


ਗੁਰਸ਼ਾਮ ਸਿੰਘ ਚੀਮਾਂ