ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Thursday, February 21, 2013

ਬੁਝਾਰਤਾਂ ਦਾ ਸਰੂਪ ਅਤੇ ਸਭਿਆਚਾਰਕ ਮਹੱਤਵ

ਬੁਝਾਰਤਾਂ ਸਭਿਆਚਾਰ ਦਾ ਅਨਿੱਖੜਵਾਂ ਅੰਗ ਹਨ। ਇਹ ਸੰਸਾਰ ਵਿਚਲੀਆਂ ਸਾਰੀਆਂ ਭਾਸ਼ਾਵਾਂ ਵਿੱਚ ਮੌਜੂਦ ਹਨ। ਬੁਝਾਰਤਾਂ ਰਾਹੀਂ ਬੁੱਧੀ ਦੀ ਪਰਖ ਕੀਤੀ ਜਾਂਦੀ ਹੈ। ਇਹਨਾਂ ਰਾਹੀਂ ਪੰਜਾਬ ਦੇ ਲੋਕ ਜੀਵਨ ਦੀ ਸਾਫ਼ ਝਲਕ ਮਿਲਦੀ ਹੈ। ਬੁਝਾਰਤਾਂ ਨੂੰ ‘ਬੁਝਣ ਵਾਲੀਆਂ ਬਾਤਾਂ’ ਵੀ ਕਿਹਾ ਜਾਂਦਾ ਹੈ। ਆਮ ਤੌਰਤੇ ਇਹ ਸੌਣ ਵੇਲੇ ਪਾਈਆਂ ਜਾਂਦੀਆਂ ਹਨ। ਦਿਨ ਵੇਲੇ ਬਾਤ ਪਾਉਣਾ ਬੁਰਾ ਮੰਨਿਆ ਜਾਂਦਾ ਹੈ ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਇਵੇਂ ਰਾਹੀ ਰਾਹ ਭੁੱਲ ਜਾਂਦੇ ਹਨ। ਬਾਤ ਇਕ ਦੁਆਰਾ ਪਾਈ ਜਾਂਦੀ ਹੈ। ਬੁੱਝਣ ਵਾਲਾ ਇੱਕ ਜਾਂ ਕਈ ਹੋ ਸਕਦੇ ਹਨ। ਵਿਗਿਆਨ ਦੇ ਆਉਣ ਨਾਲ ਮਨੋਰੰਜਨ ਦੇ ਸਾਧਨਾ ਵਿੱਚ ਵਾਧਾ ਹੋਇਆ ਜਿਸ ਨਾਲ ਬੁਝਾਰਤਾਂ ਕਾਫੀ ਹੱਦ ਤੱਕ ਅਲੋਪ ਹੋ ਚੁੱਕੀਆਂ ਹਨ।

ਬੁਝਾਰਤਾਂ ਦਾ ਸ਼ਬਦੀ ਅਰਥ ਅਰਥ

“ਬੁਝਾਰਤ ਸ਼ਬਦ ‘ਬੁੱਝ’ ਧਾਤੂ ਤੋਂ ਬਣਿਆ ਹੈ। ਇਹ ਸ਼ਬਦ ਨਾਉ ਵੀ ਹੈ ਤੇ ਇਸਤਰੀ ਲਿੰਗ ਵੀ। ਬੁਝਾਰਤ ਦੇ ਕੋਸ਼ਗਤ ਅਰਥ ਹਨ, ਗਿਆਨ ਕਰਾਉਣ ਲਈ ਦਿੱਤਾ ਗਿਆ ਸੰਕੇਤ ਜਾਂ ਇਸ਼ਾਰਾ। ਬੁਝਾਰਤ ਦਾ ਸਾਧਾਰਣ ਸ਼ਬਦੀ ਅਰਥ ‘ਬੁੱਝਣਾ’ ਹੈ। ਬੁਝਾਰਤ ਆਪਣੇ ਆਪ ਵਿੱਚ ਇਕ ਅਜਿਹਾ ਪ੍ਰਸ਼ਨ ਹੈ ਜਿਹੜਾ ਸਧਾਰਣ ਹੁੰਦੇ ਹੋਏ ਵੀ ਆਪਣੇ ਪਿੱਛੇ ਗੂੜ੍ਹੇ ਅਰਥ ਛੁਪਾ ਲੈਂਦਾ ਹੈ। ਹਰ ਭਾਸ਼ਾ ਵਿੱਚ ਬੁਝਾਰਤਾਂ ਲਈ ਢੁਕਵੇਂ ਸ਼ਬਦ ਮੌਜੂਦ ਹਨ। ਪੰਜਾਬੀ ਵਿੱਚ ਅਨੁਵਾਦਿਤ ਨਾਮ ਹਨ - ਪਹੇਲੀ, ਅੜਾਉਣੀ, ਮਸਲਾ, ਰਹੱਸ, ਬਾਤ, ਬਤੌਲੀ, ਔਖਾ ਪ੍ਰਸ਼ਨ, ਸਮੱਸਿਆ, ਗੁੰਝਲ ਆਦਿ ਜਿਵੇਂ : ਬਾਤ ਪਾਵਾਂ, ਬਤੌਲੀ ਪਾਵਾਂ, ਸੁਣ ਕੇ ਭਾਈ ਹਕੀਮਾਂ, ਲੱਕੜੀਆਂ ’ਚੋਂ ਪਾਣੀ ਕੱਢਾ, ਚੁੱਕ ਬਣਾਵਾਂ ਢੀਮਾ।”ਜ

ਬੁਝਾਰਤ ਦੀ ਪਰਿਭਾਸ਼ਾ

ਐਨਸਾਈਕਲੋਪੀਡੀਆਂ ਅਮੇਰੀਕਾਨਾਂ ਦੇ ਅਨੁਸਾਰ “ਇਕ ਅਜਿਹਾ ਕਥਨ ਜਾਂ ਪ੍ਰਸ਼ਨ ਜਿਸ ਦੇ ਦੋ ਅਰਥ ਹੋਣ ਜਾਂ ਅਰਥ ਨੂੰ ਲੁਕੋ ਕੇ ਪੇਸ਼ ਕੀਤਾ ਗਿਆ ਹੋਵੇ, ਉਸ ਦੇ ਹੱਲ ਨੂੰ ਬੁਝਾਰਤ ਕਹਿੰਦੇ ਹਨ।”ਜਜ

ਬੁਝਾਰਤਾਂ ਦਾ ਸਰੂਪ

“ਬੁਝਾਰਤਾਂ ਸ਼ਬਦ ਕਹਿਣ ਵਿੱਚ ਸੋਖਾ ਲਗਦਾ ਹੈ ਪਰ ਆਪਣੇ ਸਰੂਪ ਕਰਕੇ ਡੂੰਘੇ ਅਰਥਾਂ ਦਾ ਮਾਲਕ ਹੈ। ਕੁਝ ਬੁਝਾਰਤਾਂ ਆਕਾਰ ਵਿੱਚ ਛੋਟੀਆਂ ਤੇ ਕੁਝ ਵੱਡੀਆਂ ਹੁੰਦੀਆਂ ਹਨ। ਛੋਟੇ ਆਕਾਰ ਵਾਲੀ ਬੁਝਾਰਤ ਦੀ ਉਦਾਹਰਣ ਹਨ : ਨਿੱਕੀ ਜਿਹੀ ਕੁੜੀ ਲੈ ਪਰਾਂਦਾ ਤੁਰੀ”ਜਜਜ (ਸੂਈ) ਬੁਝਾਰਤਾਂ ਦੀ ਚੌਖੀ ਗਿਣਤੀ ਸੂਤਰਕ ਪੰਕਤੀਆਂ ਨਾਲ ਜੁੜੀ ਹੋਹੀ ਹੈ ਜਿਵੇਂ : ਇਕ ਬਾਤ ਕਰਤਾਰੋ


Post Comment

Wednesday, October 31, 2012

ਸਿੱਖ ਬੱਚਿਆਂ ਨੂੰ ਵਿੱਦਿਆ ਅਤੇ ਗੁਰਮਤਿ ਵੱਲ ਮੋੜਨ ਦੀ ਲੋੜ


ਵਿੱਦਿਆ ਅਤੇ ਗਿਆਨ ਦੇ ਲੰਗਰ ਨੂੰ ਪਹਿਲ ਦੇਣੀ ਪਵੇਗੀ। ਇਹ ਮੁਹਿੰਮ ਪੰਜਾਬ ਵਿਚੋਂ ਹੀ ਸ਼ੁਰੂ ਕੀਤੀ ਜਾਵੇ, ਕਿਉਂਕਿ ਪੰਜਾਬ ਸਿੱਖੀ ਦਾ ਘਰ ਹੈ ਅਤੇ ਸੰਸਾਰ ਦੇ ਸਿੱਖਾਂ ਦੀ ਬਹੁਗਿਣਤੀ ਪੰਜਾਬ ਦੇ ਪਿੰਡਾਂ ਵਿਚ ਰਹਿੰਦੀ ਹੈ।

ਦੇਸ਼ ਦਾ ਕੋਈ ਵੀ ਅਜਿਹਾ ਕੋਨਾ ਨਹੀਂ ਜਾਂ ਸੰਸਾਰ ਦਾ ਕੋਈ ਅਜਿਹਾ ਦੇਸ਼ ਨਹੀਂ, ਜਿਥੇ ਗੁਰੂ ਦੇ ਸਿੱਖ ਨਾ ਪਹੁੰਚੇ ਹੋਣ। ਹਰ ਥਾਂ ਆਪਣੀ ਮਿਹਨਤ ਨਾਲ ਚੜ੍ਹਦੀ ਕਲਾ ਵਿਚ ਰਹਿੰਦਿਆਂ ਉਨ੍ਹਾਂ ਨੇ ਜੀਵਨ ਦੇ ਸੁਖ ਸਾਧਨ ਜੁਟਾਏ ਹਨ। ਇਸ ਤੱਥ ਨੂੰ ਸਾਰੇ ਦੇਸ਼-ਵਾਸੀ ਕਬੂਲਦੇ ਹਨ। ਇਸ ਸਬੰਧੀ ਮੈਨੂੰ ਇਕ ਪੁਰਾਣੀ ਘਟਨਾ ਯਾਦ ਆਉਂਦੀ ਹੈ। ਅੱਧੀ ਸਦੀ ਤੋਂ ਵੀ ਵੱਧ ਸਮਾਂ ਹੋ ਗਿਆ ਹੈ। ਅੱਜ ਤੋਂ ਅੱਧੀ ਸਦੀ ਪਹਿਲਾਂ ਦਾ ਕਿੱਸਾ ਹੈ। ਮੈਂ ਉਦੋਂ ਵਿਦਿਆਰਥੀ ਸਾਂ। ਇਕ ਸਰਬਭਾਰਤ ਵਾਦ-ਵਿਵਾਦ ਪ੍ਰਤੀਯੋਗਤਾ ਬਿਹਾਰ ਦੇ ਸ਼ਹਿਰ ਸਬੋਰ ਵਿਖੇ ਹੋਈ ਸੀ। ਇਥੇ ਭਾਰਤ ਵਿਚ ਸਭ ਤੋਂ ਪਹਿਲਾਂ ਬਣਿਆ ਖੇਤੀ ਕਾਲਜ ਹੈ। ਪਗੜੀਧਾਰੀ ਬੋਲਣ ਤੇ ਸੁਣਨ ਵਾਲਿਆਂ ਵਿਚ ਮੈਂ ਇਕ ਹੀ ਸਾਂ। ਮੇਰੇ ਬੋਲਣ ਦੀ ਵਾਰੀ ਵੀ ਸਭ ਤੋਂ ਅਖੀਰ ਵਿਚ ਸੀ। ਅਖੀਰ ਵਿਚ ਬੋਲਣ ਵਾਲੇ ਬੁਲਾਰੇ ਨੂੰ ਘੱਟ ਹੀ ਸੁਣਿਆ ਜਾਂਦਾ ਹੈ। ਅਚੰਭਾ ਹੀ ਸਮਝੋ, ਮੇਰਾ ਪਹਿਲਾ ਇਨਾਮ ਆ ਗਿਆ। ਸਮਾਗਮ ਪਿੱਛੋਂ ਚਾਹ-ਪਾਣੀ ਸਮੇਂ ਸਮਾਗਮ ਦੇ ਮੁੱਖ ਮਹਿਮਾਨ ਨੇ ਮੇਰੇ ਕੋਲ ਆ ਕੇ ਵਧਾਈ ਦਿੱਤੀ, ਨਾਲ ਹੀ ਪੁੱਛ ਲਿਆ, 'ਸਰਦਾਰ ਜੀ ਮਾਊਂਟ ਐਵਰੈਸਟ ਦੀ ਚੋਟੀ 'ਤੇ ਸਭ ਤੋਂ ਪਹਿਲਾਂ ਕੌਣ ਚੜ੍ਹਿਆ ਸੀ?' ਮੇਰਾ ਜਵਾਬ ਸੁਭਾਵਿਕ ਹੀ ਸੀ। ਉਨ੍ਹਾਂ ਨੇ ਆਖਿਆ, ਤੇਰੀ ਜਾਣਕਾਰੀ ਅਧੂਰੀ ਹੈ। ਜਦੋਂ ਤੇਨਸਿੰਗ ਤੇ ਹਲੇਰੀ ਚੋਟੀ ਉੱਤੇ ਪੁੱਜੇ ਤਾਂ ਉਥੇ ਚਾਹ ਦਾ ਖੋਖਾ ਦੇਖ ਕੇ ਹੈਰਾਨ ਰਹਿ ਗਏ। ਚਾਹ ਦਾ ਖੋਖਾ ਇਕ ਸਰਦਾਰ ਜੀ ਦਾ ਸੀ।

ਜਿਥੇ ਵੀ ਚਾਰ ਗੁਰਸਿੱਖ ਪਰਿਵਾਰ ਸਥਾਪਤ ਹੁੰਦੇ ਹਨ, ਉਥੇ ਸਭ ਤੋਂ ਪਹਿਲਾ ਕਾਰਜ ਗੁਰੂ-ਘਰ ਦੀ ਉਸਾਰੀ ਦਾ ਕਰਦੇ ਹਨ ਤੇ ਦੂਜਾ ਕਾਰਜ ਗੁਰੂ ਕਾ ਲੰਗਰ ਚਲਾਉਣ ਦਾ ਕਰਦੇ ਹਨ। ਦੇਸ਼ ਵਿਚ ਵੀ ਤੇ ਪ੍ਰਦੇਸ਼ਾਂ ਵਿਚ ਵੀ ਵਧੀਆ ਤੋਂ ਵਧੀਆ ਗੁਰੂ-ਘਰ ਉਸਾਰਨ ਦਾ ਮੁਕਾਬਲਾ ਚੱਲ ਰਿਹਾ ਹੈ। ਗੁਰੂ-ਘਰਾਂ ਵਿਚ ਬੜੇ ਸਤਿਕਾਰ ਅਤੇ ਸ਼ਰਧਾ ਨਾਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਥਾਪਤ ਕੀਤਾ ਜਾਂਦਾ ਹੈ। ਆਪਣੇ ਗੁਰੂ ਦੀ ਰੱਜ ਕੇ ਸੇਵਾ ਕੀਤੀ ਜਾਂਦੀ ਹੈ। ਸੁਖ ਆਸਣ ਦੇ ਕਮਰੇ ਵਿਚ ਗਰਮੀਆਂ ਦੌਰਾਨ ਏ. ਸੀ. ਲਗਾਏ ਜਾਂਦੇ ਹਨ ਅਤੇ ਸਰਦੀਆਂ ਵਿਚ ਹੀਟਰ ਚਲਦੇ ਹਨ। ਸੁੰਦਰ ਤੋਂ ਸੁੰਦਰ ਪੁਸ਼ਾਕੇ ਪਹਿਨਾਏ ਜਾਂਦੇ ਹਨ। ਗੁਰੂ ਜੀ ਅੱਗੇ ਮੱਥੇ ਰਗੜਦੇ ਹਨ ਤੇ ਮੰਨਤਾਂ ਮੰਗਦੇ ਹਨ ਪਰ ਗੁਰੂ ਦੇ ਹੁਕਮਾਂ ਵੱਲ ਕਦੇ ਧਿਆਨ ਹੀ ਨਹੀਂ ਦਿੰਦੇ। ਗੁਰੂ ਦੇ ਸ਼ਬਦਾਂ ਨੂੰ ਨਾ ਸੁਣਦੇ ਤੇ ਨਾ ਪੜ੍ਹਦੇ ਹਨ। ਹਾਂ, ਸ੍ਰੀ ਗੁਰੂ ਨਾਨਕ ਦੇਵ ਦੀ ਜੀ ਚਲਾਈ ਲੰਗਰ ਦੀ ਪ੍ਰਥਾ ਹਰੇਕ ਗੁਰੂ-ਘਰ ਵਿਚ ਕਾਇਮ ਹੈ ਪਰ ਗੁਰਸਿੱਖ ਇਹ ਭੁੱਲ ਰਹੇ ਹਨ ਕਿ ਗੁਰਬਾਣੀ ਨੂੰ ਸੁਣਨਾ, ਪੜ੍ਹਨਾ, ਸਮਝਣਾ, ਮਨ ਵਿਚ ਵਸਾਉਣਾ ਤੇ ਉਸੇ ਅਨੁਸਾਰ ਆਪਣੇ ਜੀਵਨ ਨੂੰ ਢਾਲਣਾ ਵੀ ਓਨਾ ਹੀ ਜ਼ਰੂਰੀ ਹੈ, ਜਿੰਨਾ ਕਿ ਗੁਰੂ-ਘਰਾਂ ਤੇ ਗੁਰੂ ਦੀ ਸੇਵਾ ਕਰਨਾ ਹੈ। ਸਿੱਖਾਂ ਦਾ ਗੁਰੂ ਸ਼ਬਦ ਹੈ, ਜਿਸ ਕੌਮ ਦਾ ਗੁਰੂ ਹੀ ਸ਼ਬਦ ਹੋਵੇ, ਉਹ ਕੌਮ ਨੂੰ ਤਾਂ ਵਿੱਦਿਆ-ਵਿਹੂਣੀ ਹੋਣਾ ਹੀ ਨਹੀਂ ਚਾਹੀਦਾ। ਗੁਰੂ-ਘਰਾਂ ਦੀ ਉਸਾਰੀ ਅਤੇ ਲੰਗਰ ਦੇ ਨਾਲ-ਨਾਲ ਜੇਕਰ ਸ਼ਬਦ ਦਾ ਭਾਵ ਵਿੱਦਿਆ ਦਾ ਲੰਗਰ ਨਹੀਂ ਲਗਾਇਆ ਜਾਂਦਾ ਤਾਂ ਸੇਵਾ ਅਧੂਰੀ ਹੈ। ਗਿਆਨ ਦੇ ਪ੍ਰਕਾਸ਼ ਬਗੈਰ ਅਗਿਆਨਤਾ ਦਾ ਹਨੇਰਾ ਮੀਰੀ ਤੇ ਪੀਰੀ ਦੋਵਾਂ ਰਾਹਾਂ ਵਿਚ ਰੁਕਾਵਟ ਬਣਦਾ ਹੈ।

ਸਿੱਖ ਧਰਮ ਸੰਸਾਰ ਵਿਚ ਸਭ ਤੋਂ ਨਵਾਂ, ਨਿਵੇਕਲਾ ਅਤੇ ਵਿਗਿਆਨ ਆਧਾਰਿਤ ਹੈ, ਜਿਥੇ ਕਰਮਕਾਂਡਾਂ ਦੀ ਥਾਂ ਕਰਮ ਕਰਨ ਉੱਤੇ ਜ਼ੋਰ ਦਿੱਤਾ ਗਿਆ ਹੈ। ਸੰਸਾਰ ਦੇ ਸਾਰੇ ਹੀ ਪ੍ਰਮੁੱਖ ਬੁੱਧੀਜੀਵੀਆਂ ਅਤੇ ਵਿਗਿਆਨੀਆਂ ਨੇ ਮੰਨਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਗੇ ਹੋਰ ਕਿਸੇ ਗ੍ਰੰਥ ਦੀ ਸੰਸਾਰ ਵਿਚ ਰਚਨਾ ਨਹੀਂ ਹੋਈ ਹੈ। ਇਸ ਵਿਚ ਬਖਸ਼ਿਸ਼ ਕੀਤੀ ਜੀਵਨ-ਜਾਚ ਨੂੰ ਅਪਣਾਇਆਂ ਇਸੇ ਸੰਸਾਰ ਨੂੰ ਕਲਪਿਤ ਸਵਰਗ ਤੋਂ ਵੀ ਵਧੀਆ ਬਣਾਇਆ ਜਾ ਸਕਦਾ ਹੈ ਪਰ ਅਫਸੋਸ, ਗੁਰੂ ਦੇ ਸਿੱਖ ਆਪ ਹੀ ਆਪਣੇ ਇਤਿਹਾਸ ਅਤੇ ਆਪਣੇ ਗੁਰੂ ਦੇ ਹੁਕਮਾਂ ਤੋਂ ਅਨਜਾਣ ਹਨ। ਇਸੇ ਕਰਕੇ ਉਹ ਆਪਣੇ ਧਰਮ, ਆਪਣੇ ਗੁਰੂ ਤੇ ਆਪਣੇ ਇਤਿਹਾਸ ਬਾਰੇ ਦੂਜਿਆਂ ਨੂੰ ਦੱਸਣ ਤੋਂ ਅਸਮਰੱਥ ਹਨ। ਜਿਵੇਂ ਪਹਿਲਾਂ ਲਿਖਿਆ ਗਿਆ ਹੈ ਕਿ ਗੁਰੂ ਦੇ ਸਿੱਖ ਸੰਸਾਰ ਦੇ ਹਰੇਕ ਕੋਨੇ ਵਿਚ ਮੌਜੂਦ ਹਨ ਪਰ ਸਿੱਖ ਧਰਮ ਬਾਰੇ ਸੰਸਾਰ ਦੇ ਨਾਮਾਤਰ ਲੋਕਾਂ ਨੂੰ ਹੀ ਗਿਆਨ ਹੈ। ਵਿਸ਼ਵ ਟਰੇਡ ਸੈਂਟਰ ਉੱਤੇ ਹੋਏ ਹਮਲੇ ਪਿੱਛੋਂ ਸਿੱਖੀ ਸਰੂਪ ਵਾਲੇ ਗੁਰਸਿੱਖਾਂ ਵਿਰੁੱਧ ਫੈਲੀ ਨਫਰਤ ਤੇ ਹੁਣੇ-ਹੁਣੇ ਗੁਰਦੁਆਰਾ ਕਾਂਡ ਦਾ ਮੁੱਖ ਕਾਰਨ ਸੰਸਾਰ ਦੇ ਲੋਕਾਂ ਦੀ ਸਿੱਖ ਧਰਮ ਬਾਰੇ ਅਗਿਆਨਤਾ ਹੈ। ਗੁਰੂ ਦੇ ਸਿੱਖ ਜਿਥੇ ਵੀ ਗਏ ਹਨ, ਉਥੇ ਆਪਣੇ-ਆਪ ਨੂੰ ਸਥਾਪਤ ਕੀਤਾ ਹੈ। ਰੱਜਵੀਂ ਰੋਟੀ ਵੀ ਖਾਂਦੇ ਹਨ ਤੇ ਉਥੋਂ ਦੇ ਨਾਗਰਿਕ ਵੀ ਬਣ ਗਏ ਹਨ ਪਰ ਸਥਾਨਕ ਲੋਕਾਂ ਵਿਚ ਵਿਚਰਦੇ ਨਹੀਂ ਹਨ। ਆਪਣੇ-ਆਪ ਨੂੰ ਕੰਮ, ਘਰ ਤੇ ਗੁਰੂ-ਘਰ ਤੱਕ ਹੀ ਸੀਮਤ ਕਰ ਲਿਆ ਹੈ। ਜਦੋਂ ਤੱਕ ਅਸੀਂ ਉਥੋਂ ਦੇ ਲੋਕਾਂ 'ਚ ਵਿਚਰਾਂਗੇ ਨਹੀਂ, ਉਦੋਂ ਤੱਕ ਉਨ੍ਹਾਂ ਨੂੰ ਆਪਣੇ ਧਰਮ ਬਾਰੇ ਜਾਣਕਾਰੀ ਕਿਵੇਂ ਦੇ ਸਕਾਂਗੇ?

ਵਾਹਿਗੁਰੂ ਦੀ ਬਖਸ਼ਿਸ਼ ਸਦਕਾ ਮੈਨੂੰ ਬਹੁਤ ਸਾਰੇ ਦੇਸ਼ਾਂ ਵਿਚ ਜਾਣ ਦਾ ਮੌਕਾ ਮਿਲਿਆ ਹੈ। ਵੱਡੀਆਂ ਗੋਸ਼ਟੀਆਂ ਵਿਚ ਵੀ ਭਾਗ ਲਿਆ ਹੈ, ਜਿਥੇ ਬਹੁਤ ਸਾਰੇ ਦੇਸ਼ਾਂ ਦੇ ਨਾਗਰਿਕ ਹੁੰਦੇ ਸਨ। ਹਰ ਥਾਂ ਲੋਕਾਂ ਨੂੰ ਮੇਰਾ ਸਰੂਪ ਦੇਖ ਹੈਰਾਨੀ ਜ਼ਰੂਰ ਹੋਈ ਪਰ ਕਿਸੇ ਨੂੰ ਸਿੱਖ ਧਰਮ ਬਾਰੇ ਗਿਆਨ ਨਹੀਂ ਸੀ। ਕੇਵਲ ਦੋ ਥਾਵਾਂ ਉੱਤੇ ਕਿਸੇ ਨੇ 'ਸੀਖ' ਸ਼ਬਦ ਦੀ ਵਰਤੋਂ ਕੀਤੀ ਸੀ। ਜਦੋਂ ਮੈਂ 1974 ਵਿਚ ਬਗਦਾਦ ਗਿਆ ਸਾਂ ਤਾਂ ਬਾਬੇ ਨਾਨਕ ਦੀ ਚਰਨਛੋਹ ਪ੍ਰਾਪਤ ਧਰਤੀ ਨੂੰ ਵੀ ਦੇਖਣ ਗਿਆ ਸਾਂ। ਉਸ ਦਰਗਾਹ ਦੀ ਦੇਖਭਾਲ ਕਰਨ ਵਾਲੇ ਨੇ ਜ਼ਰੂਰ ਪੁੱਛਿਆ ਸੀ, 'ਕੀ ਤੂੰ ਸਿੱਖ ਹੈਂ?' ਉਸ ਪੀਰ ਦੀ ਮਾਨਤਾ ਇਰਾਕੀਆਂ ਵਿਚ ਵੀ ਬਹੁਤੀ ਨਹੀਂ ਹੈ ਤੇ ਉਹ ਦੋ ਛੋਟੇ ਕਮਰਿਆਂ ਵਾਲੀ ਚਾਰਦੀਵਾਰੀ ਉਦੋਂ ਵੀ ਵੀਰਾਨ ਸੀ ਤੇ ਹੁਣ ਵੀ ਉਵੇਂ ਹੀ ਹੈ। ਉਸ ਤੋਂ ਕੋਈ ਦੋ ਦਹਾਕਿਆਂ ਪਿੱਛੋਂ ਅਮਰੀਕਾ ਦੀ ਜਨਰਲ ਯੂਨੀਵਰਸਿਟੀ ਵਿਚ ਹੋਏ ਮੇਰੇ ਲੈਕਚਰ ਪਿੱਛੋਂ ਇਕ ਅਮਰੀਕੀ ਨੌਜਵਾਨ ਨੇ ਪੁੱਛਿਆ ਸੀ, 'ਕੀ ਤੂੰ ਸਿੱਖ ਹੈਂ?' ਇਨ੍ਹਾਂ ਦੋਵਾਂ ਨੇ ਸਿੱਖ ਦਾ ਉਚਾਰਨ 'ਸੀਖ' ਹੀ ਕੀਤਾ ਸੀ।

ਉਸ ਨੌਜਵਾਨ ਨੂੰ ਜਦੋਂ ਮੈਂ ਪੁੱਛਿਆ ਕਿ ਤੂੰ ਸਿੱਖਾਂ ਬਾਰੇ ਕਿਵੇਂ ਜਾਣਦਾ ਹੈਂ ਤਾਂ ਉਸ ਨੇ ਦੱਸਿਆ ਕਿ 'ਇਕ ਵਾਰ ਮੇਰਾ ਭਾਰਤ ਜਾਣ ਦਾ ਪ੍ਰੋਗਰਾਮ ਬਣਿਆ ਸੀ। ਮੇਰੇ ਦਾਦਾ ਜੀ ਜਿਨ੍ਹਾਂ ਕਦੇ ਭਾਰਤ ਵਿਚ ਕੰਮ ਕੀਤਾ ਸੀ, ਉਨ੍ਹਾਂ ਮੈਨੂੰ ਨਸੀਹਤ ਦਿੱਤੀ ਸੀ ਕਿ ਉਥੇ ਇਕ ਅਜਿਹੀ ਕੌਮ ਹੈ, ਜਿਹੜੀ ਦਾਹੜੀ ਤੇ ਸਿਰ ਦੇ ਵਾਲ ਰੱਖਦੇ ਹਨ ਅਤੇ ਪਗੜੀ ਬੰਨ੍ਹਦੇ ਹਨ। ਉਨ੍ਹਾਂ ਨੂੰ ਸਿੱਖ ਆਖਦੇ ਹਨ। ਜੇਕਰ ਤੈਨੂੰ ਟੈਕਸੀ ਦੀ ਲੋੜ ਪਵੇ ਤਾਂ ਸਿੱਖ ਦੀ ਟੈਕਸੀ ਵਿਚ ਬੈਠੀਂ, ਜੇਕਰ ਖਰੀਦਦਾਰੀ ਕਰਨੀ ਹੋਵੇ ਤਾਂ ਕਿਸੇ ਸਿੱਖ ਦੀ ਦੁਕਾਨ 'ਤੇ ਜਾਵੀਂ। ਜੇਕਰ ਕਿਸੇ ਮੁਸੀਬਤ ਵਿਚ ਫਸ ਜਾਵੇਂ ਤਾਂ ਕਿਸੇ ਸਿੱਖ ਚਰਚ ਵਿਚ ਜਾਵੀਂ। ਜਦੋਂ ਮੈਂ ਆਪਣੇ ਦਾਦਾ ਜੀ ਨੂੰ ਪੁੱਛਿਆ ਕਿ ਅਜਿਹਾ ਕਿਉਂ ਹੈ? ਤਾਂ ਉਨ੍ਹਾਂ ਆਖਿਆ ਸੀ ਕਿ ਇਹ ਲੋਕ ਬਹੁਤ ਇਮਾਨਦਾਰ ਹੁੰਦੇ ਹਨ ਤੇ ਹਮੇਸ਼ਾ ਦੂਜਿਆਂ ਦੀ ਸਹਾਇਤਾ ਕਰਨ ਲਈ ਤਿਆਰ ਰਹਿੰਦੇ ਹਨ।' ਸੰਸਾਰ ਵਿਚ ਸਿੱਖ ਧਰਮ ਬਾਰੇ ਪ੍ਰਚਾਰ ਦੀ ਲੋੜ ਹੈ। ਅਜਿਹਾ ਕਰਨਾ ਸਾਰੇ ਗੁਰਸਿੱਖਾਂ ਦੀ ਜ਼ਿੰਮੇਵਾਰੀ ਹੈ ਪਰ ਅਜਿਹਾ ਤਾਂ ਉਦੋਂ ਹੀ ਹੋ ਸਕਦਾ ਹੈ, ਜੇਕਰ ਗੁਰਸਿੱਖ ਆਪ ਆਪਣੇ ਧਰਮ ਤੇ ਇਤਿਹਾਸ ਤੋਂ ਜਾਣੂ ਹੋਣਗੇ ਤੇ ਉਨ੍ਹਾਂ ਨੂੰ ਇਸ ਗਿਆਨ ਦਾ ਸੰਚਾਰ ਕਰਨ ਦੀ ਜਾਚ ਆਉਂਦੀ ਹੋਵੇਗੀ। ਜਿਹੜੇ ਗੁਰਸਿੱਖ ਬੱਚੇ ਵਿਦੇਸ਼ਾਂ ਵਿਚ ਪੜ੍ਹਾਈ ਕਰਨ ਜਾਂਦੇ ਹਨ, ਉਹ ਉਥੋਂ ਦੇ ਵਿਦਿਆਰਥੀਆਂ ਵਿਚ ਵਿਚਰਦੇ ਹਨ ਤੇ ਪੜ੍ਹਾਈ ਪੂਰੀ ਕਰਨ ਪਿੱਛੋਂ ਵੀ ਉਨ੍ਹਾਂ ਨਾਲ ਹੀ ਕੰਮ ਕਰਦੇ ਹਨ ਪਰ ਉਨ੍ਹਾਂ ਵਿਚੋਂ ਬਹੁਤੇ ਸਿੱਖੀ ਸਰੂਪ ਛੱਡ ਦਿੰਦੇ ਹਨ ਤੇ ਉਨ੍ਹਾਂ ਨੂੰ ਆਪਣੇ ਧਰਮ ਬਾਰੇ ਜਾਣਕਾਰੀ ਲੈਣ ਤੇ ਦੂਜਿਆਂ ਨੂੰ ਦੇਣ ਦੀ ਬਹੁਤੀ ਲੋੜ ਨਹੀਂ ਪੈਂਦੀ। ਸਿੱਖੀ ਸਰੂਪ ਵਾਲਿਆਂ ਨੂੰ ਹੀ ਟੋਹਵੀਆਂ ਨਜ਼ਰਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਾਡੇ ਗੁਰੂ-ਘਰਾਂ ਨੂੰ ਆਪਣੇ ਭੁੱਲੇ ਤੀਜੇ ਫਰਜ਼ ਨੂੰ ਪ੍ਰਧਾਨਤਾ ਦੇਣੀ ਪਵੇਗੀ।

ਵਿੱਦਿਆ ਅਤੇ ਗਿਆਨ ਦੇ ਲੰਗਰ ਨੂੰ ਪਹਿਲ ਦੇਣੀ ਪਵੇਗੀ। ਇਹ ਮੁਹਿੰਮ ਪੰਜਾਬ ਵਿਚੋਂ ਹੀ ਸ਼ੁਰੂ ਕੀਤੀ ਜਾਵੇ, ਕਿਉਂਕਿ ਪੰਜਾਬ ਸਿੱਖੀ ਦਾ ਘਰ ਹੈ ਅਤੇ ਸੰਸਾਰ ਦੇ ਸਿੱਖਾਂ ਦੀ ਬਹੁਗਿਣਤੀ ਪੰਜਾਬ ਦੇ ਪਿੰਡਾਂ ਵਿਚ ਰਹਿੰਦੀ ਹੈ। ਬਦਕਿਸਮਤੀ ਨਾਲ ਪਿੰਡਾਂ ਦੇ ਬੱਚੇ ਵਿੱਦਿਆ ਵਿਹੂਣੇ ਹੋ ਰਹੇ ਹਨ। ਸਰਕਾਰੀ ਸਕੂਲਾਂ ਵਿਚ ਪਿਛਲੇ ਸਮੇਂ ਕੁਝ ਅਜਿਹੀ ਹਵਾ ਚੱਲੀ ਕਿ ਪੜ੍ਹਾਈ ਦਾ ਮਿਆਰ ਹੇਠਾਂ ਆ ਗਿਆ ਹੈ। ਉਹ ਕੌਮ, ਜਿਸ ਦਾ ਗੁਰੂ ਹੀ 'ਸ਼ਬਦ' ਹੋਵੇ, ਜੇਕਰ ਵਿੱਦਿਆ ਵਿਹੂਣੀ ਹੋਵੇਗੀ ਤਾਂ ਉਹ ਦੂਜਿਆਂ ਲਈ ਕਿਵੇਂ ਆਦਰਸ਼ ਬਣ ਸਕੇਗੀ। ਗੁਰੂ-ਘਰਾਂ ਵੱਲੋਂ ਆਪਣੇ ਸਕੂਲ ਖੋਲ੍ਹੇ ਜਾਣ, ਜਿਥੇ ਵਧੀਆ ਵਿੱਦਿਆ ਦੇ ਨਾਲੋ-ਨਾਲ ਧਰਮ ਗਿਆਨ ਵੀ ਦਿੱਤਾ ਜਾਵੇ। ਜੇਕਰ ਏਨੀ ਸਮਰੱਥਾ ਨਹੀਂ ਹੈ ਤਾਂ ਲਾਗਲੇ ਪਿੰਡਾਂ ਦੇ ਸਰਕਾਰੀ ਸਕੂਲਾਂ ਨੂੰ ਅਪਣਾਇਆ ਜਾਵੇ ਤੇ ਉਨ੍ਹਾਂ ਨੂੰ ਵਧੀਆ ਬਣਾਉਣ ਲਈ ਵੱਧ ਤੋਂ ਵੱਧ ਯੋਗਦਾਨ ਪਾਇਆ ਜਾਵੇ। ਸ੍ਰੀ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ ਦੇ ਜਥੇਦਾਰ ਸਾਹਿਬ ਨੇ ਹੁਕਮ ਵੀ ਜਾਰੀ ਕੀਤਾ ਸੀ ਕਿ ਹਰੇਕ ਗੁਰੂ-ਘਰ ਆਪਣੀ ਆਮਦਨ ਦਾ ਘੱਟੋ-ਘੱਟ 5 ਫੀਸਦੀ ਵਿੱਦਿਅਕ ਕਾਰਜਾਂ ਲਈ ਵਰਤੇ। ਇਸ ਹੁਕਮ ਨੂੰ ਬਹੁਤ ਗੁਰੂ-ਘਰਾਂ ਨੇ ਕਬੂਲਿਆ ਹੈ। ਲੋੜ ਇਸ ਕਾਰਜ ਨੂੰ ਪਹਿਲ ਦੇਣ ਦੀ ਹੈ। ਸਿੱਖਾਂ ਦੇ ਬੱਚਿਆਂ ਨੂੰ ਵਿੱਦਿਆ ਤੇ ਗਿਆਨ ਦੇ ਪ੍ਰਕਾਸ਼ ਨਾਲ ਰੁਸ਼ਨਾਇਆ ਜਾਵੇ ਤੇ ਸਿੱਖੀ ਦਾ ਪਾਠ ਪੜ੍ਹਾਇਆ ਜਾਵੇ ਤਾਂ ਜੋ ਇਸ ਮਹਾਨ ਜੀਵਨ-ਜਾਚ ਦਾ ਸਾਰੇ ਸੰਸਾਰ ਵਿਚ ਪ੍ਰਚਾਰ ਹੋ ਸਕੇ। ਜਦੋਂ ਸਿੱਖਾਂ ਦਾ ਕਿਰਦਾਰ ਗੁਰੂ ਹੁਕਮਾਂ ਅਨੁਸਾਰ ਬਣ ਗਿਆ, ਫਿਰ ਸਾਰਾ ਸੰਸਾਰ ਸਿੱਖਾਂ ਦਾ ਸਤਿਕਾਰ ਕਰੇਗਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਣ ਲਈ ਤਿਆਰ ਹੋ ਜਾਵੇਗਾ।

ਡਾ:  ਰਣਜੀਤ ਸਿੰਘ



Post Comment

Thursday, October 25, 2012

ਕੈਨੇਡਾ ਦੀ ਮਰਦਮਸ਼ੁਮਾਰੀ 'ਚ ਪੰਜਾਬੀ ਬੋਲੀ ਦੀ ਚੜ੍ਹਤ

ਵੈਨਕੂਵਰ, 25 ਅਕਤੂਬਰ (ਗੁਰਵਿੰਦਰ ਸਿੰਘ ਧਾਲੀਵਾਲ)-ਕਰੀਬ ਸਵਾ ਸੌ ਵਰ੍ਹੇ ਪਹਿਲਾ ਕੈਨੇਡਾ ਦੀ ਧਰਤੀ 'ਤੇ ਪਹਿਲੇ ਪੰਜਾਬੀ ਦੇ ਧਰੇ ਕਦਮਾਂ ਨੂੰ ਅੱਜ ਉਸ ਸਮੇਂ ਮਾਰਗ ਦਰਸ਼ਕ ਬਣਨ ਦਾ ਸੁਭਾਗ ਮਿਲਿਆ, ਜਦੋਂ ਕੈਨੇਡੀਅਨ ਮਰਦਮਸ਼ੁਮਾਰੀ 2011 ਦੀ ਰਿਪੋਰਟ ਅਨੁਸਾਰ ਪੰਜਾਬੀ ਬੋਲੀ ਨੂੰ ਮੋਹਰਲੀ ਕਤਾਰ 'ਚ ਸ਼ਾਮਿਲ ਕੀਤਾ ਗਿਆ। ਤਾਜ਼ਾ ਅੰਕੜਿਆਂ ਅਨੁਸਾਰ ਕੈਨੇਡਾ ਦੀਆਂ ਸਰਕਾਰੀ ਬੋਲੀਆਂ ਅੰਗਰੇਜ਼ੀ ਅਤੇ ਫਰੈਂਚ ਤੋਂ ਮਗਰੋਂ ਸਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ ਜ਼ੁਬਾਨਾਂ 'ਚ, ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਚਾਰ ਲੱਖ ਸੱਠ ਹਜ਼ਾਰ ਤੋਂ ਵੱਧ ਦੱਸੀ ਗਈ ਹੈ, ਜੋ ਕਿ ਪਿਛਲੀ ਵਾਰ ਦੇ ਅੰਕੜਿਆਂ 'ਚ ਤਿੰਨ ਲੱਖ ਸਤਾਹਟ ਹਜ਼ਾਰ ਸੀ। ਇਸ ਦੇ ਨਾਲ ਹੀ ਪੰਜਾਬੀ ਸੰਨ 2006 ਦੀ ਮਰਦਮਸ਼ੁਮਾਰੀ 'ਚ ਛੇਵੇਂ ਸਥਾਨ 'ਤੇ ਸੀ, ਪ੍ਰੰਤੂ ਹੁਣ ਇਟਾਲੀਅਨ ਅਤੇ ਜਰਮਨ ਬੋਲੀਆਂ ਨੂੰ ਪਛਾੜਦੀ ਹੋਈ ਚੌਥੇ ਥਾਂ 'ਤੇ ਪੁੱਜ ਗਈ ਹੈ। ਇਸ ਰਿਪੋਰਟ ਅਨੁਸਾਰ ਤੀਜੇ ਥਾਂ 'ਤੇ ਚੀਨ ਦੀਆਂ ਤਿੰਨੇ ਭਾਸ਼ਾਵਾਂ ਮੈਂਡਰਿਨ, ਕੈਂਟਨੀ ਤੇ ਹਾਕਾ ਬੋਲਣ ਵਾਲਿਆਂ ਦੀ ਕੁਝ ਗਿਣਤੀ ਹੈ, ਪਰ ਜੇਕਰ ਇਨ੍ਹਾਂ ਨੂੰ ਵੱਖੋ-ਵੱਖ ਕਰਕੇ ਵੇਖਿਆ ਜਾਵੇ ਤਾਂ ਪੰਜਾਬੀ ਕੈਨੇਡਾ ਦੀ ਤੀਜੀ ਸਭ ਤੋਂ ਵੱਧ ਬੋਲੇ ਜਾਣ ਵਾਲੀ ਭਾਸ਼ਾ ਬਣ ਜਾਂਦੀ ਹੈ। ਇਕੱਲੇ ਬ੍ਰਿਟਿਸ਼ ਕੋਲੰਬੀਆ 'ਚ ਇਕ ਲੱਖ ਤਰਿਆਨਵੇਂ ਹਜ਼ਾਰ ਪੰਜਾਬੀ ਬੋਲਣ ਵਾਲੇ ਹਨ ਤੇ ਇਥੇ ਵਸਦੇ ਆਵਾਸੀਆਂ ਦੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਇਕੱਲੀ ਜ਼ੁਬਾਨ ਪੰਜਾਬੀ ਹੈ। ਇਸ ਤਰ੍ਹਾਂ ਹੀ ਉਂਟਾਰੀਓ, ਐਲਬਰਟਾ, ਕਿਊਬੈਕ ਤੇ ਮੈਨੀਟੋਬਾ ਵਿਚ ਵੀ ਪੰਜਾਬੀ ਬੋਲਣ ਵਾਲਿਆਂ ਦੀ ਸੰਖਿਆ ਵਧੀ ਹੈ। ਇਸ ਦੌਰਾਨ ਕੈਨੇਡਾ ਦੀ ਸੰਸਦ ਵਿਚ ਵੀ ਪੰਜਾਬੀਆਂ ਦੀ ਸੰਖਿਆ ਅਨੁਸਾਰ, ਪੰਜਾਬੀ ਤੀਜੀ ਬੋਲੀ ਵਜੋਂ ਮਾਨਤਾ ਹਾਸਿਲ ਕਰ ਚੁੱਕੀ ਹੈ। ਕੈਨੇਡਾ ਦੇਸ਼ 200 ਬੋਲੀਆਂ ਵਾਲਾ ਬਹੁ-ਭਾਸ਼ਾਈ ਤੇ ਬਹੁ-ਸੱਭਿਆਚਾਰਕ ਮੁਲਕ ਹੈ, ਜਿਸ 'ਚ ਆਵਾਸੀ ਪੰਜਾਬੀਆਂ ਨੇ ਬੋਲੀ ਬਚਾਉਣ ਲਈ ਲਗਾਤਾਰ ਅਖ਼ਬਾਰਾਂ, ਰੇਡੀਓ ਤੇ ਟੈਲੀਵਿਜ਼ਨ ਰਾਹੀਂ ਪ੍ਰਚਾਰ ਜਾਰੀ ਰੱਖਿਆ ਹੈ। ਦੂਜੇ ਪਾਸੇ ਮਿਲੇ ਵੇਰਵਿਆਂ ਅਨੁਸਾਰ ਇਥੋਂ ਦੇ ਮੂਲਵਾਸੀਆਂ ਦੀਆਂ 450 ਬੋਲੀਆਂ, ਅੰਗਰੇਜ਼ੀ ਤੇ ਫਰੈਂਚ ਦੇ ਗਲਬੇ ਮਗਰੋਂ ਘਟ ਕੇ ਹੁਣ ਸਿਰਫ 60 ਹੀ ਰਹਿ ਗਈਆਂ ਹਨ। ਪੰਜਾਬੀ ਚਿੰਤਕਾਂ ਅਨੁਸਾਰ ਚਾਹੇ ਨਵੇਂ ਮਰਦਮਸ਼ੁਮਾਰੀ 'ਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਲਗਭਗ 1 ਲੱਖ ਦੇ ਕਰੀਬ ਵਧੀ ਹੈ, ਪ੍ਰੰਤੂ ਕੈਨੇਡਾ 'ਚ ਵਸਦੇ 7 ਲੱਖ ਪੰਜਾਬੀਆਂ ਦੇ ਮੁਕਾਬਲਤਨ ਅਜੇ ਵੀ ਦੋ ਲੱਖ ਤੋਂ ਵੱਧ ਲੋਕ ਮਰਦਮਸ਼ੁਮਾਰੀ 'ਚ ਮਾਂ ਬੋਲੀ ਪੰਜਾਬੀ ਲਿਖਵਾਉਣ ਤੋਂ ਅਵੇਸਲੇ ਰਹੇ ਹਨ। ਤਾਜ਼ਾ ਮਰਦਮਸ਼ੁਮਾਰੀ ਅਨੁਸਾਰ ਕੈਨੇਡਾ ਦੇ 64 ਲੱਖ ਲੋਕ ਆਵਾਸੀਆਂ ਬੋਲੀਆਂ ਨੂੰ ਆਪਣੀ ਜ਼ੁਬਾਨ ਮੰਨਦੇ ਹਨ। ਵੈਨਕੂਵਰ 'ਚ 7,11,515 ਭਾਵ 31 ਫ਼ੀਸਦੀ ਲੋਕ ਆਵਾਸੀ ਭਾਸ਼ਾਵਾਂ 'ਚ ਸਭ ਤੋਂ ਵੱਧ ਚੀਨੀ ਤੇ ਪੰਜਾਬੀ ਬੋਲਦੇ ਹਨ। ਕੈਲਗਿਰੀ 'ਚ 2, 27,515 (18.9 ਫ਼ੀਸਦੀ) ਲੋਕਾਂ 'ਚ ਸਭ ਤੋਂ ਜ਼ਿਆਦਾ ਪੰਜਾਬੀ, ਟਾਗਾਲੌਗ ਤੇ ਚੀਨੀ ਬੋਲਦੇ ਹਨ। ਐਡਮਿੰਟਨ 'ਚ 1,65,145 (14.5 ਫ਼ੀਸਦੀ) ਲੋਕ ਟਾਗਾਲੌਗ, ਪੰਜਾਬੀ ਤੇ ਚੀਨੀ ਬੋਲਦੇ ਹਨ, ਜਦ ਕਿ ਟੋਰਾਂਟੋ 'ਚ 17 ਲੱਖ (32.4 ਫ਼ੀਸਦੀ) ਵਸੋਂ ਆਵਾਸੀ ਬੋਲੀ ਵਾਲੀ ਹੈ, ਜਿਨ੍ਹਾਂ 'ਚ ਸਭ ਤੋਂ ਵੱਧ ਚੀਨੀ ਤੇ ਪੰਜਾਬੀ ਬੋਲਣ ਵਾਲੇ ਹਨ।


Post Comment

Sunday, October 21, 2012

ਬਚਪਣ ਦੀ ਅਮੀਰੀ (ਬੱਚਿਆਂ ਨੂੰ 'ਪੇਂਡੂ' ਲੋਕ ਖੇਡਾਂ ਵੱਲ ਮੋੜਨ ਦੀ ਲੋੜ੍ਹ)


ਜਦ ਬਚਪਣ ਸ਼ਬਦ ਸੁਣਦੇ ਜਾਂ ਮੂੰਹੋਂ ਬੋਲਦੇ ਹਾਂ ਤਾਂ ਸਾਨੂੰ ਆਪਣੇ ਬਚਪਨ ਦਾ ਵੀ ਧੁੰਦਲਾ ਜਿਹਾ ਖਿਆਲ ਆ ਜਾਂਦਾ ਹੈ। ਫਿਰ ਜਦ ਅੱਜ ਦੇ ਬਚਪਨ ਨੂੰ ਦੇਖਦੇ ਹਾਂ ਤਾਂ ਮਨ ਅੰਦਰੋ ਅੰਦਰੀ ਦੁਖੀ ਹੁੰਦਾ ਅਤੇ ਕਈ ਸਵਾਲ ਵੀ ਖੜ੍ਹੇ ਕਰਦਾ ਹੈ। ਦੁਖੀ ਇਸ ਲਈ ਕੇ ਅੱਜ ਦਾ ਬੱਚਾ ਪੇਂਡੂ' ਲੋਕ ਖੇਡਾਂ ਤੋਂ ਕਿਤੇ ਸਖਣਾ ਹੈ। ਇਸ ਸਭ ਤੋਂ ਦੂਰ ਉਹ ਆਪਦਾ ਬਚਪਨ ਕੰਪਿਊਟਰ ਗੇਮਾਂ ਅਤੇ ਟੀਵੀ ਦੀ ਚਕਾਚੌਂਦ ਵਿਚ ਬਿਤਾ ਰਿਹਾ ਹੈ। ਜੋ ਬਚਪਨ ਉਸ ਨੂੰ ਬੀਤ ਜਾਣ ਤੇ ਕਦੀ ਦੁਬਾਰਾ ਨਹੀ ਮਿਲਣਾ ‘ਜੇ ਗਿਆ ਇਹ ਬਚਪਨ ਫਿਰ ਮੁੜਕੇ ਹੱਥ ਨਹੀ ਆਉਣਾ’ ਉਸ ਬਚਪਨ ਦੇ ਅਸਲੀ ਆਨੰਦ ਤੋਂ ਉਹ ਵਾਂਝਾ ਹੈ। ਹੁਣ ਸਵਾਲ ਇਹ ਕੇ ਇਸ ਦਾ ਹੱਲ ਕੀ ਅਤੇ ਕਿਵੇਂ ਅਸੀਂ ਬੱਚਿਆਂ ਨੂੰ ਉਹਨਾ ਦੇ ਅਸਲੀ ਬਚਪਨ ਤੋਂ ਜਾਣੂੰ ਕਰਵਾਉਣਾ ਹੈ। ਬਚਪਨ ਵਿਚ ਹੀ ਬੱਚਾ ਬਹੁਤ ਕੁਝ ਸਿਖਦਾ ਹੈ ਬਚਪਨ ਦਾ ਸਿਖਿਆ ਚੰਗਾ ਮਾੜਾ ਸਾਰੀ ਉਮਰ ਉਸ ਦੀ ਜਿੰਦਗੀ ਦੇ ਜੀਵਨ ਵਿਚ ਰਹਿੰਦਾ ਹੈ। ਮਾਪਿਆ ਦਾ ਬੱਚਿਆਂ ਵੱਲ ਘੱਟ ਧਿਆਨ ਦੇਣਾ ਅਤੇ ਉਹਨਾ ਨੂੰ ਹਰ ਵੇਲੇ ਪੜਾਈ ਦੇ ਬੋਝ ਹੇਠਾਂ ਰੱਖਣਾ, ਬੱਚਾ ਅਜੇ ਬੋਲਣਾ ਵੀ ਨਹੀ ਸਿਖਿਆ ਹੁੰਦਾ ਤੇ ਮਾਪੇ ਉਸ ਨੂੰ ਆਹ ਪੰਜਾਬੀ ਦੀ ਜਗ੍ਹਾ ਅੰਗ੍ਰੇਜੀ ਆਲੀ ਏ ਬੀ ਸੀ ਸਿਖਾ ਰਹੇ ਹੁੰਦੇ ਨੇ। ਅਤੇ ਬੱਚਾ ਮਸਾਂ ਤੁਰਨ ਹੀ ਲਗਿਆ ਹੁੰਦਾ ਤੇ ਭਾਰੀ ਬਸਤਿਆਂ ਦਾ ਭਾਰੀ ਬੋਝ ਉਹਨਾ ਦੇ ਮੋਡਿਆ ਤੇ ਧਰ ਦਿੰਦੇ ਹਾਂ। ਜਦੋਂਕਿ ਬੱਚੇ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਅਜੇ ਪੂਰਾ ਨਹੀਂ ਹੋਇਆ ਹੁੰਦਾ। ਹੁਣ ਉਹ ਵਿਚਾਰਾ ਕਰੇ ਤਾਂ ਕਰੇ ਕੀ ਇਸ ਉਮਰ ਵਿੱਚ ਮਾਪਿਆਂ ਨੂੰ ਵੀ ਬੱਚਿਆਂ ਨੂੰ ਅਕਸਰ ਇਹ ਕਹਿੰਦੇ ਸੁਣਿਆਂ ਗਿਆ ਹੈ ਕਿ ਚੱਲ ਤੈਨੂੰ ਸਕੂਲ ਛੱਡ ਕੇ ਆਈਏ, ਐਵੇਂ ਘਰੇ ਦਿਮਾਗ ਖਾਈ ਜਾਂਦਾ ਏਂ। ਬੱਚਾ ਫਿਰ ਸਕੂਲ ਨੂੰ ਜੇਲ੍ਹਖਾਨਾ ਸਮਝਣ ਲੱਗ ਪੈਂਦਾ ਹੈ। ਕੀ ਇਸ ਤਰਾਂ ਕਰਕੇ ਮਾਪੇ ਬਚਿਆਂ ਦਾ ਸਨਮਾਨ ਕਰਦੇ ਹਨ? ਇਹੋ ਜਿਹੇ ਕਈ ਕਾਰਨ ਸਾਹਮਣੇ ਆਏ ਨੇ ਜਿਹਨਾ ਕਰਕੇ ਬੱਚਾ ਆਪਣੇ ਬਚਪਨ ਤੋਂ ਦੂਰ ਏ ਉਸ ਵਿਚਾਰੇ ਨੂੰ ਵੀ ਪਤਾ ਨਹੀ ਲਗਦਾ ਕੇ ਕਦ ਉਹ ਬਚਪਨ ਵਿਚੋਂ ਨਿਕਲਕੇ ਜਵਾਨੀ ਦੀ ਦਹਿਲੀਜ਼ ਵਿਚ ਪੈਰ ਰੱਖ ਲੈਂਦਾ ਹੈ। ਫਿਰ ਉਹ ਵੱਡਾ ਹੋ ਕੀ ਕਲਪਨਾ ਕਰੇਗਾ ਆਪਦੇ ਬੀਤੇ ਬਚਪਨ ਦੀ। ਅਸੀਂ ਦਿੱਤਾ ਕੀ ਹੈ ਆਪਦੇ ਬਚਿਆ ਨੂੰ ਜੋ ਉਹਨਾ ਤੋਂ ਪਾਉਣ ਦੀਆਂ ਉਮੀਦਾ ਰਖਦੇ ਹਾਂ। ਸਿਰਫ ਪੜ੍ਹਨ ਨਾਲ ਹੀ ਜਿੰਦਗੀ ਨਹੀ ਬਣ ਜਾਂਦੀ। ਹੋਰ ਵੀ ਬਹੁਤ ਕੁਝ ਜਿੰਦਗੀ ਵਿਚ ਮਾਇਨੇ ਰੱਖਦਾ ਹੈ। ਜਦ ਅਸੀਂ ਬੱਚੇ ਸੀ ਸਾਡੀ ਸੋਚਣੀ ਸਾਡੀ ਕਰਨੀ ਕੁਝ ਹੋਰ ਹੀ ਹੁੰਦੀ ਸੀ। ਸਾਨੂੰ ਸਾਡੇ ਮਾਪੇ ਪੜਾਈ ਦੇ ਨਾਲ ਨਾਲ ਵੱਡਿਆ ਦਾ ਸਤਿਕਾਰ ਕਰਨਾ ਆਪਣੇ ਇਤਿਹਾਸ ਬਾਰੇ ਅਸੀਂ ਕਿਸ ਕਲਚਰ ਵਿਚ ਰਹਿੰਦੇ ਹਾਂ ਉਸ ਬਾਰੇ ਜਾਣੂੰ ਕਰਵਾਉਂਦੇ ਸਨ। ਸਾਨੂੰ ਗੁਰਬਾਣੀ ਨਾਲ, ਜੋੜਦੇ ਸਨ। ਅਤੇ ਹੋਰ ਕਈ ਸਮਾਜਿਕ ਬੁਰਾਈਆਂ ਤੋਂ ਕਿਵੇੰ ਦੂਰ ਰਹਿਣਾ ਹੈ ਇਸ ਬਾਰੇ ਵਿਚ ਸਮੇ-ਸਮੇ ਪ੍ਰੇਰਿਤ ਕਰਦੇ ਰਹਿੰਦੇ ਸਨ। ਸਾਨੂੰ ਅੱਜ ਵੀ ਬਚਪਨ ਵਿਚ ਸਿਖੀਆਂ ਗੱਲਾਂ ਯਾਦ ਆਉਂਦੀਆਂ ਹਨ। ਅੱਜ ਦੇ ਪਦਾਰਥੀ ਮਨੁੱਖ ਦੀ ਹੋਣੀ ਇਹ ਹੈ ਕੇ ਜਿਸ ਵਿਚ ਬੱਚੇ ਦਾ ਬਚਪਨ ਅਤੇ ਬਜ਼ੁਰਗਾਂ ਦੀ ਸੰਭਾਲ ਦੋਵੇਂ ਹੀ ਗੁੰਮ ਗਏ ਹਨ।

ਇਹ ਬੱਚੇ ਦੀ ਫਿਤਰਤ ਹੁੰਦੀ ਹੈ ਕੇ ਉਸ ਨੂੰ ਆਪਦੇ ਬਚਪਨ ਵਿਚ ਕੁਝ ਸਿਖੀਆਂ ਗੱਲਾਂ ਯਾਦ ਰਹਿੰਦੀਆਂ ਨੇ ਜੋ ਆਪਣੇ ਆਪ ਉਸ ਦੇ ਜੀਵਨ ਵਿਚ ਢਲ ਜਾਂਦੀਆਂ ਨੇ। ਮਾਪਿਆ ਦਾ ਇਹ ਫਰਜ ਬਣਦਾ ਹੈ ਕੇ ਉਹ ਬਚਿਆ ਨੂੰ ਆਪਣੇ ਇਤਿਹਾਸ ਤੋਂ ਸਭਿਆਚਾਰ ਤੋਂ ਪੰਜਾਬੀਅਤ ਤੋਂ ਜਾਣੂੰ ਕਰਵਾਉਣ ਤਾਂ ਕੇ ਸਾਡੀ ਵਿਰਾਸਤ ਪੀੜ੍ਹੀ ਦਰ ਪੀੜ੍ਹੀ ਜਿਉਂਦੀ ਰਹਿ ਸਕੇ। ਅਸੀਂ ਇਹ ਸੋਚ ਕੇ ਬੇਠੇ ਰਹਿੰਦੇ ਹਾਂ ਕੇ ਬੱਚੇ ਦੀ ਸਾਰੀ ਜਿੰਦਗੀ ਪਈ ਹੈ ਆਪੇ ਸਿਖ ਲਉ ਪਰ ਇਹੀ ਸੋਚਣਾ ਸਾਡਾ ਬਿਲਕੁਲ ਗਲਤ ਹੈ, ਜੋ ਬੱਚੇ ਨੇ ਬਚਪਨ ਵਿਚ ਸਿੱਖਣਾ ਹੈ ਉਹ ਜਵਾਨੀ ਵਿਚ ਨਹੀ ਸਿਖ ਸਕਦਾ ਹਰ ਚੀਝ ਸਿੱਖਣ ਦਾ ਸਮਾ ਹੁੰਦਾ ਹੈ। ਜੇ ਬੱਚੇ ਨੂੰ ਬਚਪਨ ਵਿਚ ਆਪਣੇ ਸਭਿਆਚਾਰ ਵੱਲ ਮੋੜਾਂਗੇ ਆਪਣੇ ਇਤਿਹਾਸ ਤੋਂ ਜਾਣੂੰ ਕਰਵਾਵਾਂ ਗੇ ਤਾਂ ਬੱਚੇ ਦੇ ਮਨ ਉਪਰ ਇਸ ਦਾ ਬਹੁਤ ਜਲਦੀ ਅਸਰ ਹੁੰਦਾ ਹੈ ਉਹ ਇਹਨਾ ਨੂੰ ਆਪਣੇ ਜੀਵਨ ਵਿਚ ਜਲਦੀ ਗ੍ਰਹਿਣ  ਕਰਦਾ ਹੈ। ਅਸੀਂ ਤਾਂ ਸਿਰਫ ਸੁਣ ਕੇ ਸਿਰ ਹਿਲਾਉਂਦੇ ਹਾਂ ਪਰ ਬੱਚਾ ਸੁਣ ਕੇ ਅਪਣਾਉਂਦਾ ਹੈ। 

ਪੰਜਾਬੀਓ! ਬਚਿਆਂ ਨੂੰ ਵਿਰਾਸਤੀ ਖੇਡਾਂ ਵੱਲ ਮੋੜਨ ਦੀ ਲੋੜ੍ਹ ਹੈ। ਅੱਜ ਬੱਚਾ ਚਾਰ ਦੀਵਾਰੀ ਵਿਚ ਬੇਠਾ ਆਪਦੇ ਛੁਟੀਆਂ ਦੇ ਦਿਨ ਬਿਤਾਉਂਦਾ ਹੈ। ਜੋ ਕੇ ਉਸ ਦੀ ਸਿਹਤ ਉੱਤੇ ਬਹੁਤ ਮਾੜਾ ਅਸਰ ਪਾਉਂਦੇ ਨੇ, ਉਸ ਦੀ ਤਾਂ ਸਾਰੀ ਜਿੰਦਗੀ ਅਜੇ ਪਈ ਹੈ ਜਿਉਣ ਲਈ ਇਸ ਲਈ ਬੱਚੇ ਨੂੰ ਇਹਨਾ ਬੰਦ ਕਮਰਿਆਂ ਦੀਆਂ ਚੱਕਾਂ ਚੋੰਦਾਂ ਵਿਚੋ ਬਾਹਰ ਕੱਢੋ ਉਹਨਾ ਨੂੰ ਪੇਂਡੂ ਲੋਕ ਵਿਰਾਸਤੀ ਖੇਡਾਂ ਵੱਲ ਨੂੰ ਮੋੜੋ, ਜੋ ਕੇ ਸਰੀਰਕ ਮਿਹਨਤ ਮਨੋਰੰਜਨ ਦੇ ਨਾਲ ਨਾਲ ਕੁਝ੍ਹ ਖੇਡਾਂ ਤਾਂ ਸਿੱਖਿਆ ਭਰਭੂਰ ਵੀ ਹੁੰਦੀਆਂ ਹਨ। ਬੱਚਿਆਂ ਨੂੰ ਉਹਨਾ ਦੇ ਅਸਲੀ ਬਚਪਣ ਤੋਂ ਜਾਣੂੰ ਕਰਵਾਓ, ਤਾਂ ਕੇ ਉਹ ਆਪਦੇ ਹੁਣ ਦੇ ਬਚਪਨ ਦਾ ਅਤੇ ਆਉਣ ਵਾਲੀ ਜਿੰਦਗੀ ਦਾ ਆਨੰਦ ਲੈ ਸਕਣ। ਅਤੇ ਜਦ ਇਹ ਵੱਡੇ ਹੋਣ ਆਪਦੇ ਬਚਪਨ ਦੀ ਅਮੀਰੀ ਨੂੰ ਸਦਾ ਖੂਬਸੂਰਤ ਪਲਾਂ ਦੀ ਤਰਾਂ ਯਾਦ ਕਰਨ। ਬਚਪਨ ਾਂ ਹੁੰਦਾ ਬੇਫਿਕਰਾ ਹੈ ਫਿਰ ਅਸੀਂ ਕਿਓ ਬੋਜ ਇਹਨਾ ਤੇ ਪਾਈਏ।  

ਮੇਨੂੰ ਆਪਦਾ ਬਚਪਨ ਬਹੁਤ ਪਿਆਰਾ ਸੀ, ਜਦ ਆਪਦੇ ਉਸ ਬੀਤੇ ਬਚਪਨ ਦੇ ਉਹ ਸੋਹਣੇ ਦਿਨ ਯਾਦ ਆਉਂਦੇ ਨੇ ਤਾਂ ਰੂਹ ਫਿਰ ਉਸ ਬਚਪਣ ਵਿਚ ਦੁਬਾਰਾ ਜਾਣ ਨੂੰ ਕਰਦੀ ਏ..., ਕੇ ਕਿਵੇਂ ਮਿੱਟੀ ਦਿਆ ਘਰਾਂ ਨੂੰ ਬਣਾਉਣਾ, ਫਿਰ ਛੋਟੀਆਂ ਛੋਟੀਆਂ ਚੀਝਾਂ ਨਾਲ ਉਹਨਾ ਨੂੰ ਸਜਾਉਣਾ  ਅਤੇ ਉਹ ਛੂਹਣ ਛਿਪਾਈ, ਕੋਟਲਾ-ਛਿਪਾਕੀ, ਰਾਤਾ ਵੇਲੇ ਰੋਟੀ ਖਾਣ ਪਿਛੋ ਖੇਡਣੀ ਲੁਕਣ-ਮਚਾਈ , ਉਹ ਖੇਡਿਆ ਯਾਰਾਂ ਬੇਲੀਆਂ ਸੰਗ ਗੁੱਲੀ ਡੰਡਾ ਨਹੀ ਭੁਲਦਾ ਸਾਨੂੰ ਉਹਨਾ ਵੇਲਿਆਂ ਵਿਚ ਨਾ ਕੋਈ ਫਿਕਰ ਹੋਣਾ ਨਾ ਫਾਕਾ , ਸਕੂਲ ਦੀ ਅਧਿ ਛੁੱਟੀ ਵੇਲ੍ਹੇ  ਬਾਰ੍ਹਾਂਟਾਹਣੀ ਖੇਡਣੀ , ਮੀਹਾਂ ਵਿਚ ਗਲੀਆਂ ਚ ਨਗ੍ਨੇ ਪੇਰੀ ਦੋੜ੍ਹ- ਦੋੜ੍ਹ ਨਾਉਣਾ, ਅਤੇ ਉਹ ਜਾਮਣਾ , ਮਲਿਆ ਦੇ ਬੇਰ ,ਤੋੜ੍ਹ ਤੋੜ੍ਹ ਕੇ ਜੇਬਾਂ ਨੂੰ ਭਰਨਾ, ਉਹ ਹਾਰੇ ਜਿੱਤੇ ਬੰਟਿਆਂ ਦਾ ਹਿਸਾਬ ਲਾਉਣਾ, ਗਲੀਆਂ ਚ’ ਟਾਇਰ ਸਾਇਕਲਾ ਦੇ ਭਜਾਉਣਾ, ਪਿੰਡ ਦੀ ਫਿਰਨੀਓ ਫਿਰਨੀ ਗੇੜਾ ਲਾਉਣਾ, ਬਾਂਦਰ ਕਿੱਲਾ ਖੇਡਣਾ, ਖੇਡਾਂ ਖੇਡਣ ਦਾ ਤਾਂ ਸਾਨੂੰ ਇਨਾ ਚਾਹ ਹੁੰਦਾ ਸੀ ਕੇ ਸਕੂਲ ਦੀ ਅੱਧੀ  ਛੁੱਟੀ ਹੋਣ ਤੋਂ ਪਹਿਲਾਂ ਹੀ ਸਭ ਯਾਰਾਂ ਦੋਸਤਾਂ ਨੂੰ ਕਹਿ ਦੇਣਾ ਕੇ ਭਾਈ ਅੱਜ ਅੱਧੀ  ਛੁਟੀ ਵੇਲੇ ਕੋਈ ਘਰ ਨਾ ਜਾਵੇ ਅੱਜ ਗੁਲੀ ਡੰਡਾ ਜਾਂ ਕੋਈ ਹੋਰ ਖੇਡਾਂ ਖੇਡਾਗੇ।  ਇਸ ਤਰਾਂ ਨਾਲ ਅਸੀਂ ਬਚਪਣ ਵਿਚ ਹਰ ਪੇਂਡੂ ਖੇਡ ਦਾ ਮਜ਼ਾ ਲਿਆ ਅਤੇ ਅੱਜ ਵੀ ਉਹਨਾ ਬੀਤੇ ਪਲਾਂ ਨੂੰ ਯਾਦ ਕਰਦੇ ਹਾਂ। ਅੱਜ ਦੇ ਬੱਚਿਆਂ ਵਿਚ ਉਹਨਾ ਖੇਡਾਂ ਨੂੰ ਜਿਉਂਦਿਆਂ ਦੇਖਣਾ ਚਾਉਂਦੇ ਹਾਂ । ਜੋ ਇਹਨਾ ਤੋਂ ਦੂਰ ਹੁੰਦੇ ਜਾ ਰਹੇ ਨੇ। ਬੱਚਿਆਂ ਦੇ ਬਚਪਣ ਦੀ ਅਮੀਰੀ ਜੋ ਉਹਨਾ ਦਾ ਬਣਦਾ ਹੱਕ ਹੈ ਉਹਨਾ ਤੋਂ ਦੂਰ ਨਾ ਕਰੋ ਪੰਜਾਬੀਓ! ਆਪਦੇ ਬਚਿਆਂ ਨੂੰ ਆਪਦੇ ਸਭਿਆਚਾਰ ਵਿਰਸੇ, ਪੰਜਾਬੀ ਮਾਂ ਬੋਲੀ ਨਾਲ ਜੋੜ੍ਹ ਕੇ ਰੱਖੋ।   

ਗੁਰਸ਼ਾਮ ਸਿੰਘ ਚੀਮਾ
+34 603294805



Post Comment

Saturday, October 20, 2012

ਦੇਖਿਓ ਪੰਜਾਬੀਓ...ਪੰਜਾਬੀ ਨਾਂ ਭੁਲਾ ਦਿਓ (ਮਾਂ ਬੋਲੀ ਪੰਜਾਬੀ)


ਜਦ ਵੀ ਮਾਂ ਬੋਲੀ ਪੰਜਾਬੀ ਦੀ ਗੱਲ ਚਲਦੀ ਆ ਤੇ ਜਹਿਨ ਵਿਚ ਕਈ ਸਵਾਲ ਆ ਜਾਂਦੇ ਹਨ। ‌ਕਿ ਕਿਤੇ ਅਸੀਂ ਮਾਂ ਬੋਲੀ ਨੂੰ  ਵਿਸਾਰ ਤਾਂ ਨਹੀ ਰਹੇ ? ਅਜੋਕੀ ਪੀੜ੍ਹੀ ਦਾ ਪੱਛਮ ਵੱਲ ਵੱਧ ਰਿਹਾ ਰੁਜ਼ਾਨ ਕਿਤੇ ਉਹਨਾ ਨੂੰ ਮਾਂ ਬੋਲੀ ਪੰਜਾਬੀ ਤੋਂ ਦੂਰ ਤਾਂ ਨਹੀ ਕਰ ਰਿਹਾ, ਫਿਰ ਕੀ ਕਾਰਨ ਨੇ ਕੇ  ਨੋਜਵਾਨ ਪੀੜ੍ਹੀ ਪੰਜਾਬੀ ਤੋਂ ਮੂੰਹ  ਮੋੜ੍ਹ ਰਹੀ  ਹੈ ?ਇਸ ਤਰਾਂ ਦੇ ਕਈ ਸਵਾਲ ਮਨ ਵਿਚ ਆਉਂਦੇ ਹਨ । ਸਾਨੂੰ ਤਾਂ ਆਪਣੀ ਮਾਂ ਬੋਲੀ ਪੰਜਾਬੀ ਉੱਤੇ ਮਾਣ ਹੋਣਾ ਚਾਹਿਦਾ ਹੈ ਹਰ ਦੇਸ ਦੇ ਨਾਗਰਿਕ ਨੂੰ ਆਪਣੀ ਬੋਲੀ ਤੇ ਆਪਣੇ ਸਭਿਆਚਾਰ ਉੱਤੇ ਮਾਣ ਹੁੰਦਾ ਹੈ ਫਿਰ ਅਸੀਂ ਕਿਓ ਮੂੰਹ  ਮੋੜੀ ਬੇਠੇ ਹਾਂ ਕਿਓ ਪੰਜਾਬੀ ਬੋਲਣ ਵਾਲਿਆਂ ਨੂੰ ਅੱਜ ਦੇ ਪੜਾਕੂ ਦੇਸੀ ਸੱਦਦੇ ਨੇ। ਅਸਲ ਵਿਚ ਅੱਜ ਦੀ ਪੜਾਕੂ ਨੋਜਵਾਨ ਪੀੜ੍ਹੀ ਨੂੰ ਸਮਝਣ ਦੀ ਲੋੜ੍ਹ ਹੈ ਕੈ ਬੋਲੀ ਕਹਿੰਦੇ ਕਿਸ ਨੂੰ ਹਨ। ਜੋ ਪੰਜਾਬੀ ਆਪਣੀ ਮਾਂ ਬੋਲੀ ਪੰਜਾਬੀ ਤੋਂ ਸਖਣਾ ਹੈ ਅਸਲ ਵਿਚ ਉਹ ਪੜਿਆ ਲਿਖਿਆ ਵੀ ਅਨਪੜ੍ਹ ਹੈ।  
ਮਾਂ ਬੋਲੀ ਕਹਿੰਦੇ ਕਿਸ ਨੂੰ ਨੇ ਪਹਿਲਾਂ ਤਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ। ਮਾਂ ਬੋਲੀ ਜਿਸ ਨੂੰ ਆਹ ਤੁਹਾਡੀ ਅੰਗ੍ਰੇਜੀ ਵਿਚ (Mother ! tongue) ਵੀ ਕਹਿੰਦੇ ਨੇ। ਤੁਹਾਡੀ ਸ਼ਬਦ ਮੈਂ ਇਸ ਲਈ ਵਰਤਿਆ ਕਿਓ ਕੈ ਅੱਜ ਦਾ ਨੋਜਵਾਨ ਵਰਗ ਅੰਗ੍ਰੇਜੀ  ਨੂੰ ਹੀ ਮੁਖ ਰਖੀ ਬੈਠਾ ਹੈ। 
ਮਾਂ ਬੋਲੀ ਆਪਾਂ ਉਸ ਬੋਲੀ , ਭਾਸ਼ਾ ਜਾਂ ਜ਼ੁਬਾਨ ਨੂੰ ਕਹਿੰਦੇ ਹਾਂ ਜਿਸਨੂੰ ਇਨਸਾਨ ਜਨਮ ਤੋਂ ਹੀ ਆਪਣੀ ਮਾਂ ਤੋਂ  ਆਪਣੇ ਸਮਾਜ ਤੋਂ ਆਪਣੇ ਘਰ ਤੋਂ ਸਿਖਦਾ ਹੈ  ਅਤੇ ਜਿਸ ਨੂੰ ਉਹ ਚੰਗੀ ਤਰ੍ਹਾਂ ਜਾਣਦਾ ਹੈ। ਕਈ ਦੇਸ਼ਾਂ  ਵਿਚ ਤਾਂ ਮਾਂ ਬੋਲੀ ਕਿਸੇ ਖ਼ਾਸ ਲੋਕ- ਸਮੂਹ ਦੀ ਬੋਲੀ ਨੂੰ ਵੀ ਕਿਹਾ ਜਾਂਦਾ ਹੈ। ਮਾਂ ਬੋਲੀ ਤੋਂ ਬਿਨਾ ਜੋ ਹੋਰ ਬੋਲੀਆਂ ਇਨਸਾਨ ਬੋਲਦਾ ਹੈ ਉਸਨੂੰ ਦੂਜੀ ਭਾਸ਼ਾ ਕਹਿੰਦੇ ਹਨ। ਪੰਜਾਬੀਓ ਸਾਨੂੰ ਆਪਣੀ ਮਾਂ ਬੋਲੀ ਪੰਜਾਬੀ ਨੂੰ ਅਹਿਮੀਅਤ ਦੇਣੀ ਚਾਹੀਦੀ ਹੈ। ਜੋ ਕੇ  ਅਸੀਂ ਦੇ ਨਹੀ ਰਹੇ ਇਹੀ ਬੋਲੀ ਸਾਡੀ ਨਿੱਜੀ , ਸਮਾਜਿਕ ਅਤੇ ਸਭਿਆਚਾਰਕ ਪਛਾਣ ਹੈ। 
ਤਿੰਨ ਤਰਾਂ ਦੀਆਂ ਮਾਂਵਾਂ ਹੁੰਦੀਆ ਹਨ। ਇਕ ਸਾਡੀ ਜਨਮ ਦੇਣ ਵਾਲੀ ਮਾਂ, ਦੁਜੀ  ਜਨਮ ਸਥਾਨ ਧਰਤੀ ਮਾਂ ਅਤੇ ਤੀਜੀ ਸਾਡੀ ਮਾਂ ਬੋਲੀ, ਉਹ ਬੋਲੀ ਜਿਸ ਦਾ ਰਸ  ਬਚਪਨ ਤੋਂ ਹੀ ਬੱਚੇ ਦੇ ਕੰਨਾਂ ਵਿਚ ਘੁਲਣਾ ਸ਼ੁਰੂ ਹੋ ਜਾਂਦਾ ਹੈ । ਸੰਸਾਰ ਅੰਦਰ ਹਜ਼ਾਰਾਂ ਭਾਸ਼ਾਵਾਂ ਨੇ। ਮਾਂ ਬੋਲੀ ਤੋਂ ਅਲਾਇਦਾ ਅਗਰ ਕੋਈ ਹੋਰ ਭਾਸ਼ਾ ਬੋਲਣੀ ਹੋਵੇ ਤਾਂ ਸਾਨੂੰ ਸਿੱਖਣ ਦੀ ਜਰੂਰਤ ਪੈਂਦੀ ਹੈ। 
ਮਾਂ ਬੋਲੀ ਨਾਲ ਪਿਆਰ ਕਰਨ ਵਾਲਿਆਂ ਨੂੰ ਹਮੇਸ਼ਾ ਇਹੋ ਸਵਾਲ ਪ੍ਰੇਸ਼ਾਨ ਕਰਦਾ ਹੈ ਕੇ ਕੀ ਬਣੂ  ਸਾਡੀ ਅਜੋਕੀ ਪੀੜ੍ਹੀ ਦਾ । ਮੰਨਿਆ ਕਿ ਸਾਡੀ ਮਾਂ ਬੋਲੀ ਪੰਜਾਬੀ ਦਾ ਹਾਜ਼ਮਾਂ ਬਹੁਤ ਹੀ ਤੰਦਰੁਸਤ ਹੈ ਇਸੇ ਕਰਕੇ ਪੰਜਾਬੀ ਨੇ ਬਾਹਰਲੀਆਂ ਬੋਲੀਆਂ ਦੇ ਕਈ ਸ਼ਬਦ ਵੀ ਅਪਣਾਏ ਹੋਏ ਹਨ।  ਜਿਵੇ ਅਰਬੀ, ਸੰਸਕ੍ਰਿਤ, ਫ਼ਾਰਸੀ ਆਦਿ ਇਹ ਸ਼ਬਦ ਪੰਜਾਬੀ ਨੇ ਤਤਸਮ ਅਤੇ ਤਦਭਵ ਸ਼ਬਦ ਰੂਪ ਵਿਚ ਅਪਣਾਏ ਹਨ। ਹੁਣ ਜੇ ਗਲ ਕਰੀਏ ਕੈ ਤਤਸਮ ਅਤੇ ਤਦਭਵ ਵਿਚ ਕੀ ਫਰਕ ਅਤੇ ਇਹ ਕਿਹੜੇ ਸ਼ਬਦ ਹਨ ਤਾਂ ਮੈਂ ਇਥੇ ਪੰਜਾਬੀਆਂ ਨੂੰ ਦੱਸਣਾ ਮੁਨਾਸਿਬ ਸਮਝਾਗਾ ਕੇ  ਤਤਸਮ ਸ਼ਬਦ ਉਹ ਹਨ ਜਿਨ੍ਹਾਂ ਦਾ ਮੂਲ-ਭਾਸ਼ਾ ਦਾ ਮੁੱਢਲਾ ਸਰੂਪ ਪੰਜਾਬੀ ਬੋਲੀ ਵਿਚ ਅਪਣਾਏ ਜਾਣ ਮਗਰੋਂ ਵੀ ਨਹੀਂ ਬਦਲਦਾ । ਅਤੇ ਤਦਭਵ ਸ਼ਬਦ ਉਹ ਹਨ ਜਿਨ੍ਹਾਂ ਦਾ ਹੋਰ ਬੋਲੀ ਵਿਚ ਅਪਣਾਏ ਜਾਣ ਮਗਰੋਂ ਮੁੱਢਲਾ ਸਰੂਪ ਕਈ ਥਾਵਾਂ ਤੇ  ਬਦਲ ਵੀ ਸਕਦਾ ਹੈ। 
ਪਰ ਇਸ ਦਾ ਮਤਲਬ ਇਹ ਨਹੀ ਕੇ ਅਸੀਂ ਅੰਗ੍ਰੇਜੀ  ਵਰਗੀਆਂ  ਭਾਸ਼ਾਵਾਂ ਨੂੰ ਅਹਿਮੀਅਤ ਦਈਏ ਤੇ ਪੰਜਾਬੀ ਤੋਂ ਦੂਰ ਹੁੰਦੇ ਜਾਈਏ । ਬੜੇ ਦੁਖ ਨਾਲ ਕਹਿਣਾ ਪੈਂਦਾ ਹੈ ਕੈ ਅੱਜ ਦੇ ਸਮੇ ਅੰਦਰ ਆਮ ਪੰਜਾਬੀ ਬੋਲ-ਚਾਲ ਵਿਚ ਜਿਆਦਾਤਰ ਪੰਜਾਬੀ ਅੰਗ੍ਰੇਜੀ ਅਤੇ ਹੋਰਨਾ ਭਾਸ਼ਾਵਾਂ ਨੂੰ ਘਸੀਟਦੇ ਨੇ।  ਬਿਨਾ ਅੰਗ੍ਰੇਜੀ ਅਤੇ ਹੋਰਨਾ ਭਾਸ਼ਾਵਾਂ ਨੂੰ ਵਿਚ ਬੋਲਿਆਂ ਅੱਜ ਕਿੰਨੇ ਪੰਜਾਬੀ ਨੇ ਜੋ ਆਪਣੀ ਗੱਲ ਨੂ ਚੰਗੀ ਤਰਾਂ ਸ਼ਪਸਟ ਕਰ ਸਕਦੇ  ਨੇ ? ਤੁਸੀਂ ਕਿਸੇ ਵੀ ਪੰਜਾਬੀ ਨਾਲ ਪੰਜ ਮਿੰਟ ਗੱਲ ਕਰੋ ਤਾ ਤੁਸੀਂ ਉਸਨੂੰ ਪੰਜਾਬੀ ਬੋਲਦਿਆਂ ਅੰਗ੍ਰੇਜੀ ਅਤੇ ਦੂਜੀਆਂ ਭਾਸ਼ਾਵਾਂ ਦੀ ਵਰਤੋਂ ਕਰਦਾ ਦੇਖ ਸਕਦੇ ਹੋ। ਠੇਠ ਪੰਜਾਬੀ ਤਾਂ ਕਿਤੇ ਵਿਰਲੀ ਹੀ ਸੁਣਨ ਨੂੰ ਮਿਲਦੀ ਹੈ । ਹੁਣ ਸਵਾਲ ਇਹ ਉਠਦਾ ਹੈ ਕਿ ਅਸੀਂ ਕਿਓਂ ਆਪਣੀ ਮਾਂ ਬੋਲੀ ਤੋਂ ਦੂਰ ਹੁੰਦੇ ਜਾ ਰਹੇਂ ਹਾਂ?ਕਿਓਂ ਅਸੀਂ ਪੰਜਾਬੀ ਬੋਲਣ ਵਿਚ ਸ਼ਰਮ ਮਹਿਸੂਸ ਕਰਦੇ ਹਾਂ ?ਹਾਲਾਂਕਿ ਸਾਨੂ ਆਪਣੀ ਮਾਂ ਬੋਲੀ ਤੇ ਮਾਣ ਹੋਣਾ ਚਾਹੀਦਾ ਹੈ । ਹਰ ਇੱਕ ਦੇਸ਼ ਨੂੰ ਆਪਣੀ ਮਾਂ ਬੋਲੀ ਉੱਤੇ ਮਾਣ ਹੈ ਜਿਵੇਂ ਅਮਰੀਕਾ ਵਾਲੇ ਅੰਗ੍ਰੇਜੀ ਬੋਲਦੇ ਨੇ ਸਪੈਨ ਵਾਲੇ ਸਪੈਨਿਸ਼ ਬੋਲਦੇ ਨੇ ਇਸੇ ਤਰਾਂ ਹੋਰ ਦੇਸ਼ਾਂ ਵਾਲੇ ਆਪਣੀ-ਆਪਣੀ ਭਾਸ਼ਾਂ ਨੂੰ ਮੁਖ ਰਖਦੇ ਨੇ ਤੇ ਬੋਲ ਕੇ ਮਾਣ ਮਹਿਸੂਸ ਕਰਦੇ ਨੇ । ਯੂਰਪ ਦੇ ਬਹੁਤ ਸਾਰੇ ਦੇਸ਼ ਨੇ ਜਿਹਨਾ ਨੂੰ ਸਿਰਫ ਆਪਣੀ ਭਾਸ਼ਾ ਅਉਂਦੀ ਹੈ ਅਤੇ ਦੂਸਰੀਆਂ ਭਾਸ਼ਾਂਵਾਂ ਦਾ ਉਹਨਾ ਨੂੰ ਨਾ-ਮਾਤਰ ਗਿਆਂਨ ਹੈ ਕਿ ਓਹ ਦੇਸੀ ਨੇ ,ਤੇ ਫੇਰ ਅਸੀਂ ਕਿਓਂ ਆਪਣੇ ਆਪ ਨੂੰ ਦੇਸੀ ਸਮਝਦੇ ਹਾਂ । ਸਾਨੂੰ ਵੀ ਆਪਣੀ ਮਾਂ ਬੋਲੀ ਉੱਤੇ ਮਾਣ ਹੋਣਾ ਚਾਹੀਦਾ ਹੈ । ਅਸੀਂ ਬਚਿਆ ਨਾਲ ਕਿਨੀ ਕੁ ਪੰਜਾਬੀ ਵਿਚ ਗੱਲ ਕਰਦੇ ਹਾਂ? ਇਹ ਤੁਸੀਂ ਸਭ ਆਪਣੇ ਆਪ ਤੋਂ ਪ੍ਰਸ਼ਨ ਕਰੋ। ਆਮ ਪੰਜਾਬੀ ਘਰਾਂ ਵਿਚ ਜੇ ਮਾਪੇ ਕੀਤੇ ਚਾਰ ਜਮਾਤਾਂ ਪੜ੍ਹੇ ਹੁੰਦੇ ਨੇ ਤਾਂ ਬਚਿਆਂ ਨਾਲ ਅੰਗ੍ਰੇਜੀ ਅਤੇ ਹਿੰਦੀ ਵਿਚ ਗੱਲ ਕਰਦੇ ਮੈਂ ਦੇਖੇ ਨੇ। ਮਾਪੇ ਇਓ ਸੋਚਦੇ ਨੇ ਕੀਤੇ ਗੁਆਂਢੀਆ ਦਾ ਬੱਚਾ ਸਾਡੇ ਬੱਚੇ ਤੋਂ ਪਹਿਲਾ ਅੰਗ੍ਰੇਜੀ  ਬੋਲਣਾ  ਨਾ ਸਿਖ ਜਾਏ। ਮਾਂ ਬੋਲੀ ਦਾ ਗਲਾ ਨਾ ਘੁਟੋ ਪੰਜਾਬੀਓ ਇਸ ਦਾ ਕੁਝ ਤਾਂ ਸਤਿਕਾਰ ਕਰੋ ਇਸ ਨੇ  ਸਾਨੂੰ ਬਹੁਤ ਕੁਝ ਦਿੱਤਾ ਹੈ ਇਹ ਸਾਥੋਂ ਜਿਆਦਾ ਕੁਝ ਨਹੀ ਮੰਗਦੀ ਬਸ ਇਹੀ ਕੇ  ਇਸ ਨੂੰ ਵਿਸਾਰੋ ਨਾ। ਸਾਡੀ ਹਸਤੀ ਸਾਡੀ ਪਹਿਚਾਨ ਸਾਡੀ ਮਾਂ ਬੋਲੀ ਸਦਕਾ ਹੈ ਇਥੇ ਕਿਸੇ ਸ਼ਾਇਰ ਦੀਆਂ ਬਹੁਤ ਹੀ ਖੂਬਸੂਰਤ ਲਿਖਿਆ ਸਤਰਾਂ ਯਾਦ ਆਉਂਦੀਆਂ ਨੇ  ਸ਼ਾਇਰ ਲਿਖਦਾ ਹੈ :- 

ਬੋਲੀ ਨਾਂ ਰਹੀ ਤਾਂ ਕਵਿਤਾਵਾਂ ਗੁੰਮ ਜਾਣੀਆਂ

ਮਾਂਵਾਂ ਦੀਆਂ ਦਿੱਤੀਆਂ ਦੁਆਵਾਂ ਰੁਲ੍ਹ ਜਾਣੀਆਂ

ਦਿੱਤੀਆਂ ਸ਼ਹਾਦਤਾਂ ਨਾਂ ਮਿੱਟੀ ਚ’ ਮਿਲਾ ਦਿਓ

ਦੇਖਿਓ ਪੰਜਾਬੀਓ…ਪੰਜਾਬੀ ਨਾਂ ਭੁਲਾ ਦਿਓ

ਪੁੱਤਰਾਂ-ਪੰਜਾਬੀਆਂ ਨੇਂ ਵਾਰੀਆਂ ਜਵਾਨੀਆਂ

ਸੀਸ ਕਟਵਾਕੇ ਸਾਨੂੰ ਦਿੱਤੀਆਂ ਨਿਸ਼ਾਨੀਆਂ

ਐਨੇ ਮਹਿੰਗੇ ਮੁੱਲ ਵਾਲੀ ਚੀਜ਼ ਨਾ ਗੁਆ ਦਿਓ

ਦੇਖਿਓ ਪੰਜਾਬੀਓ…ਪੰਜਾਬੀ ਨਾਂ ਭੁਲਾ ਦਿਓ।

ਗੁਰੂਆਂ,ਪੰਜਾਬ ਦੀਆਂ ਨੀਹਾਂ ਹੱਥੀਂ ਰੱਖੀਆਂ

ਪੁੱਤ ਚਿਣਵਾਕੇ ਨੀਹਾਂ ਕੀਤੀਆਂ ਨੇਂ ਪੱਕੀਆਂ

ਕਿਤੇ ਭੁੱਲ-ਚੁੱਕ ਵਿੱਚ ਨੀਹਾਂ ਨਾਂ ਹਿਲਾ ਦਿਓ

ਦੇਖਿਓ ਪੰਜਾਬੀਓ…ਪੰਜਾਬੀ ਨਾਂ ਭੁਲਾ ਦਿਓ..

ਬੁੱਲ੍ਹੇ ਦੀਆਂ ਕਾਫ਼ੀਆਂ ਤੇ ਬਾਹੂ ਵਾਲੀ ਹੂ ਵਿੱਚ

ਵੈਣਾਂ ਚ’ ਸੁਹਾਗਾਂ ਵਿੱਚ ਵਸੇ ਸਾਡੀ ਰੂਹ ਵਿੱਚ

ਪੰਜਾਬ ਦੇ ਸਰੀਰ ਵਿੱਚੋਂ ਰੂਹ ਨਾਂ ਗੁਆ ਦਿਓ

ਦੇਖਿਓ ਪੰਜਾਬੀਓ…ਪੰਜਾਬੀ ਨਾਂ ਭੁਲਾ ਦਿਓ..

ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾਂ ਚਾਹੀਦਾ

ਬੋਲੇ ਜਦੋਂ ਬੰਦਾ ਤਾਂ ਪਹਿਚਾਣ ਹੋਣਾਂ ਚਾਹੀਦਾ

ਆਪਣੀ ਪਹਿਚਾਣ ਵਾਲਾ ਦੀਵਾ ਨਾਂ ਬੁਝ੍ਹਾ ਦਿਓ

ਦੇਖਿਓ ਪੰਜਾਬੀਓ…ਪੰਜਾਬੀ ਨਾਂ ਭੁਲਾ ਦਿਓ

ਦੇਖਿਓ ਪੰਜਾਬੀਓ…ਪੰਜਾਬੀ ਨਾਂ ਭੁਲਾ ਦਿਓ…

‘ਪੰਜਾਬੀਓ ਜਿਥੋ ਤੱਕ ਹੋ ਸਕੇ ਪੰਜਾਬੀ ਵਿਚ ਗੱਲ ਕਰਦੇ ਸਮੇ ਹੋਰ ਕਿਸੇ ਭਾਸ਼ਾ ਦਾ ਪ੍ਰਯੋਗ ਨਾ ਕੀਤਾ ਜਾਵੇ ਤਾਂਕਿ ਅਸੀਂ ਆਪਣੀ ਪੁਰਾਤਨ ਮਾਂ ਬੋਲੀ ਨੂੰ ਜਿਓੰਦਿਆਂ ਰਖ ਸਕੀਏ । ਅੱਜ ਤੋ ੫੦ ਸਾਲ ਪਹਿਲਾ ਪੰਜਾਬੀ ਭਾਸ਼ਾ ਦਾ ਇਤਿਹਾਸ ਦੇਖੋ ਅਤੇ ਹੁਣ ਦਾ ਫਰਕ ਤੁਹਾਡੇ ਸਾਹਮਣੇ ਹੋਵੇਗਾ ,ਜੋ ਕੀ ਹੁਣ ਕਮਜੋਰ ਹੁੰਦੀ ਨਜਰ ਆ ਰਹੀ ਹੈ। ਆਓ ਪੰਜਾਬੀਓ ਫਿਰ ਕਰੀਏ ਪਿਆਰ ਪੰਜਾਬੀ ਨਾਲ, ਸਿਰ ਉੱਚਾ ਕਰਕੇ ਮਾਣ ਨਾਲ ਬੋਲੀਏ ਸਾਡੇ ਗੁਰੂਆਂ –ਪੀਰਾਂ ਦੀ ਬੋਲੀ ਨੂੰ ਤਾਂ ਕੇ  ਅਸੀਂ ਇਸ ਨੂੰ ਸੰਭਾਲ ਸਕੀਏ । ਵਾਸਤਾ ਹੈ ਪੰਜਾਬੀਅਤ ਦਾ ਪੰਜਾਬੀਓ ,ਪੰਜਾਬੀ ਵੱਲ ਪਰਤ ਆਓ । 



Post Comment

Monday, October 15, 2012

ਕੰਪਿਊਟਰ ਤੇ ਪੰਜਾਬੀ ਵਿਚ ਕਿਵੇਂ ਲਿਖੀਏ?




ਯੂਨੀਕੋਡ ਇਕ ਅੰਤਰਰਾਸ਼ਟਰੀ ਅੱਖਰ ਸੰਕੇਤ ਲਿਪੀ ਪ੍ਰਣਾਲੀ ਹੈ ਇਸ ਵਿੱਚ ਦੁਨੀਆ ਦੀ ਹਰੇਕ ਪ੍ਰਮੁੱਖ ਭਾਸ਼ਾ ਦੇ ਅੱਖਰਾਂ, ਅੰਕਾਂ, ਵਿਸ਼ਰਾਮ ਚਿੰਨ੍ਹਾਂ ਆਦਿ ਨੂੰ ਸ਼ਾਮਿਲ ਕੀਤਾ ਗਿਆ ਹੈ। ਯੂਨੀਕੋਡ ਪ੍ਰਣਾਲੀ ਦੁਨੀਆ ਦੀਆਂ ਵਿਭਿੰਨ ਭਾਸ਼ਾਵਾਂ ਦੇ ਵਿਭਿੰਨ ਫੌਂਟਾਂ ਦੇ ਹਰੇਕ ਅੱਖਰ ਜਾਂ ਅੰਕ ਆਦਿ ਨੂੰ ਇੱਕ ਵਿਸ਼ੇਸ਼, ਵਿਲੱਖਣ ਅਤੇ ਮਿਆਰੀ ਅੰਕ (ਨੰਬਰ) ਪ੍ਰਦਾਨ ਕਰਵਾਉਂਦੀ ਹੈ। ਇਹ ਦੁਨੀਆ ਦੀ ਹਰੇਕ ਪ੍ਰਮੁਖ ਭਾਸ਼ਾ ਦੀ ਭਾਸ਼ਾ ਵਿਗਿਆਨ ਦੇ ਚਿੰਨ੍ਹਾਂ ਨੂੰ ਪਰਿਭਾਸ਼ਿਤ ਕਰਨ ਦਾ ਇਕ ਸ਼ਕਤੀਸ਼ਾਲੀ ਸਾਧਨ ਹੈ। ਇਹ ਹਰੇਕ ਅੱਖਰ ਨੂੰ ਇੱਕ ਅਜਿਹਾ ਵਿਲੱਖਣ ਕੋਡ ਮੁਹੱਈਆ ਕਰਵਾਉਂਦੀ ਹੈ ਜੋ ਯੂਨੀਕੋਡ ਅਨੁਕੂਲ ਵਾਲੇ ਹਰੇਕ ਕੰਪਿਊਟਰ ਉੱਤੇ ਹਮੇਸ਼ਾਂ ਸਥਿਰ ਰਹਿੰਦਾ ਹੈ। ਸੋ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਫੌਂਟਾਂ ਦੀ ਸਮੱਸਿਆ ਦਾ ਹੱਲ ਯੂਨੀਕੋਡ ਨੇ ਇੱਕ ਝਟਕੇ ਵਿੱਚ ਹੀ ਕੱਢ ਦਿੱਤਾ ਹੈ।
ਪੰਜਾਬੀ ਭਾਸ਼ਾ ਦੀਆਂ ਵੱਖ-ਵੱਖ ਲਿਪੀਆਂ ਵਿੱਚ ਅਨੇਕਾਂ ਮਿਆਰੀ ਸਾਫ਼ਟਵੇਅਰ ਵਿਕਸਿਤ ਕਰਨ ਵਾਲੇ ਭਾਸ਼ਾ ਦੇ ਤਕਨੀਕੀ ਵਿਕਾਸ ਦੇ ਮੁਦਈ ਡਾ. ਗੁਰਪ੍ਰੀਤ ਸਿੰਘ ਲਹਿਲ ਅਨੁਸਾਰ, ''ਯੂਨੀਕੋਡ ਪ੍ਰਣਾਲੀ ਇਕ ਅਜਿਹੀ ਵਿਵਸਥਾ ਹੈ ਜੋ ਦੁਨੀਆ ਭਰ ਦੀਆਂ ਭਾਸ਼ਾਵਾਂ ਨੂੰ ਇਕ ਸਾਂਝਾ ਪਲੇਟਫਾਰਮ ਪ੍ਰਦਾਨ ਕਰਵਾ ਕੇ ਲਿਪੀਆਂ ਅਤੇ ਭਾਸ਼ਾਵਾਂ ਦੀਆਂ ਸਰਹੱਦਾਂ ਨੂੰ ਖਤਮ ਕਰਨ ਦਾ ਕੰਮ ਕਰਦੀ ਹੈ।'' ਆਓ ਫਿਰ ਪੰਜਾਬੀਓ ਇਸਨੂੰ ਪੱਕਾ ਹੀ ਆਪਣੇ ਕੰਪਿਊਟਰ ਉੱਤੇ ਚੜਾ ਲਈਏ। 
ਪੰਜਾਬੀਓ! ਬਹੁਤ ਸਾਰੇ ਵੀਰਾਂ ਨੂੰ ਹੁਣ ਤੱਕ ਪਤਾ ਲੱਗ ਚੁੱਕਾ ਹੈ ਕੇ ਕੰਪਿਊਟਰ ਵਿਚ ਪੰਜਾਬੀ ਕਿਵੇਂ ਲਿਖਣੀ ਹੈ। ਪਰ ਫਿਰ ਵੀ ਕਾਫੀਆਂ ਨੂੰ ਅਜੇ ਨਹੀ ਪਤਾ। 

ਵੇਸੇ ਤਾਂ ਗੂਗਲ ਸਰਚ ਮਾਰਨ ਉੱਤੇ ਤੁਹਾਨੂੰ ਬਹੁਤ ਸਾਰੀਆਂ ਵੈਬਸਾਈਟ ਮਿਲਣਗੀਆਂ ਜਿਹਨਾ ਉਪਰ ਤੁਸੀਂ ਆਨਲਾਇਨ ਪੰਜਾਬੀ ਲਿਖ ਸਕਦੇ ਹੋ। ਪਰ ਸੋਸ਼ਲ ਨੇਟਵਰ੍ਕਿੰਗ ਸਾਇਟ ਵਰਤਣ ਵਾਲਿਆਂ ਨੂੰ ਕਮੇੰਟ ਜਾਂ ਪੋਸਟ ਕਰਨ ਲਈ ਪਹਿਲੋਂ ਇਕ ਜਗਾ ਲਿਖ ਫਿਰ ਦੂਜੀ ਜਗਾ ਕਾਪੀ ਪੈਸਟ ਮਾਰਨਾ ਪੈਂਦਾ ਸੀ । ਅਤੇ ਇੰਟਰਨੇਟ ਕੁਨੇਕਸ਼ਨ ਬੰਦ ਹੋਣ ਤੇ ਉਹ ਕੰਪਿਊਟਰ ਵਿਚ ਪੰਜਾਬੀ ਨਹੀ ਸਨ ਲਿਖ ਸਕਦੇ। ਸੋ ਪੰਜਾਬੀਓ ਆਪਾਂ ਜਿਆਦਾ ਵੱਲ ਵਲੇਵਿਆਂ ਵਿਚ ਨਾ ਪੈਂਦੇ ਹੋਏ। ਗੂਗਲ ਵਾਲਿਆਂ ਦਾ ਆਫਲਾਇਨ ਯੂਨੀਕੋਡ ਪੰਜਾਬੀ, ਹਿੰਦੀ ਟਾਈਪਿੰਗ ਸਾਫਟਵੇਅਰ ਬੜੀ ਆਸਾਨੀ ਨਾਲ ਡਾਉਨਲੋਡ ਕਰ ਵਰਤੋਂ ਵਿਚ ਲਿਆ ਸਕਦੇ ਹਾਂ। ਜਿਸ ਨੂੰ ਕੇ ਵਰਤਣਾ ਬਹੁਤ ਹੀ ਸੋਖਾ ਅਤੇ ਸਰਲ ਹੈ, ਇਸ ਸਾਫਟਵੇਅਰ ਦੀ ਖੂਬੀ ਇਹ ਹੈ ਕੇ ਇਸ ਨਾਲ ਸਾਨੂੰ ਇਕ ਕੀਬੋਰਡ ਅਤੇ ਮੇਕਰੋਸ ਸਿਸਟਮ ਮਿਲਿਆ ਹੈ ਜਿਸ ਵਿਚ ਕੇ ਅਸੀਂ ਆਪਣੇ ਹਿਸਾਬ ਦੇ ਨਾਲ ਇਸ ਸਾਫਟਵੇਅਰ ਨੂੰ ਹੋਰ ਵਧੀਆ ਪੰਜਾਬੀ ਟਾਈਪਿੰਗ ਲਈ ਤਿਆਰ ਕਰ ਸਕਦੇ ਹਾਂ ਬਹੁਤ ਵਾਰੀ ਸਾਨੂੰ ਡੰਡੀ ਦੀ ਮੁਸ਼ਕਲ ਆਉਂਦੀ ਹੈ ਜੋ ਕੇ ਅਸੀਂ ਇਸ ਵਿਚ ਮੇਕਰੋਸ ਕਰ ਆਸਾਨੀ ਨਾਲ ਆਪਣੇ ਨਿਰਧਾਰਿਤ ਕੀਤੇ ਲਫਜਾਂ ਨਾਲ ਲਗਾ ਸਕਦੇ ਹਾਂ। ਮੈਂ ਹੁਣ ਤੱਕ ਕਾਫੀ ਪੰਜਾਬੀ ਦੇ ਸਾਫਟਵੇਅਰ ਵਰਤ ਚੁੱਕਾਂ ਹਾਂ ਪਰ ਇਹ ਮੇਨੂੰ ਹੁਣ ਤੱਕ ਦਾ ਸਭ ਤੋਂ ਵਧੀਆ ਲੱਗਾ.... ਜਿਸ ਨੂੰ ਕੇ ਮੇਰੇ ਵਰਗੇ ਘੱਟ ਪੜੇ ਲਿਖੇ ਲਈ ਵੀ ਵਰਤਣ ਵਿਚ ਕੋਈ ਮੁਸ਼ਕਲ ਨਹੀ ਆਈ ਉਮੀਦ ਕਰਦਾ ਹਾਂ ਕੇ ਪੰਜਾਬੀਓ ਤੁਹਾਨੂੰ ਵੀ ਇਹ ਪਸੰਦ ਆਵੇਗਾ। ਉੱਪਰ ਦਿੱਤੀ ਵੀਡੀਓ ਨੂੰ ਦੇਖ ਕੇ ਤੁਸੀਂ ਇਸ ਸਾਫਟਵੇਅਰ ਨੂੰ ਕਿਵੇੰ ਵਰਤੋ ਵਿਚ ਲਿਆਉਣਾ ਹੈ ਇਸ ਬਾਰੇ ਜਾਣਕਾਰੀ ਲੈ ਸਕਦੇ ਹੋ। 



ਗੁਰਸ਼ਾਮ ਸਿੰਘ ਚੀਮਾ



Post Comment

Sunday, September 30, 2012

ਪੁਰਾਤਨ ਬੋਲੀ ਪੰਜਾਬੀ ਹੈ ,, ਸੰਸਕ੍ਰਿਤ ਨਹੀ

ਪਿਛਲੇ ਲੰਮੇ ਸਮੇਂ ਤੋਂ ਹਰ ਵਿਸ਼ੇ ਨਾਲ ਸਬੰਧਤ ਪੁਸਤਕਾਂ ਪੜ੍ਹਦੇ ਰਹਿਣਾ ਜ਼ਿੰਦਗੀ ਦਾ ਅਟੁੱਟ ਹਿੱਸਾ ਬਣ ਗਿਆ। ਇਸੇ ਕਾਰਨ ਦਿਮਾਗ ਵਿੱਚ ਬਹੁਪੱਖੀ ਵਿੱਚਾਰਾਂ ਦਾ ਭੰਡਾਰ ਇਕੱਠਾ ਹੋਣਾ ਸੁਭਾਵਕ ਹੀ ਸੀ। ਪੰਜਾਬੀ ਦੇ ਬਹੁਤ ਸਾਰੇ ਭਾਸ਼ਾ ਵਿਗਿਆਨੀਆਂ (ਭਾਸ਼ਾ ਦੇ ਮਾਹਿਰ) ਦੀਆਂ ਲਿਖਤਾਂ ਕਈ ਕਈ ਵਾਰ ਪੜ੍ਹੀਆਂ।

ਵਿਰਲਿਆਂ ਨੂੰ ਛੱਡਕੇ ਬਹੁਤਿਆਂ ਨੇ ਪਹਿਲੋਂ ਨਿਰਧਾਰਤ ''ਸੱਚ'' ਹੀ ਬਿਨਾਂ ਝਿਜਕ ਬਿਨਾਂ ਦਿਮਾਗ ਨੂੰ ਖੇਚਲ ਦਿੱਤਿਆਂ, ਦੁਹਰਾ ਦਿੱਤਾ। ਰੇਤ ਦੀ ਕੰਧ ਵਰਗਾ ''ਸੱਚ'' ਇਹ ਭੀ ਉਚਾਰਿਆ ਗਿਆ। ''ਅਖੇ ਪੰਜਾਬੀ ਲਿੱਪੀ ਗੁਰੂ ਅੰਗਦ ਸਾਹਿਬ ਜੀ ਨੇ ਤਿਆਰ ਕੀਤੀ। ਇਸੇ ਕਾਰਨ ਇਸ ਦਾ ਨਾਮ ''ਗੁਰਮੁਖੀ'' ਪਿਆ।'' 

ਕੁੱਝ ਇੱਕ ਹੋਰ ''ਸਿਆਣਪ'' ਵਿਖਾਉਂਦਿਆਂ ਲਿਖ ਗਏ ਹਨ ਕਿ ਪੰਜਾਬੀ ਲਿੱਪੀ ਗੁਰੂ ਨਾਨਕ ਸਾਹਿਬ ਜੀ ਨੇ ਬਣਾਈ, ਲਿਖੀ ਤੇ ਪ੍ਰਚੱਲਤ ਕੀਤੀ।'' ਖੁਦਾ ਖੈਰ ਕਰੇ ਇਹ ਕਿਸੇ ਕਾਰਖਾਨੇ ਵਿੱਚ ਘੜੇ ਜਾਣ ਵਾਲੇ ਸਿੱਕੇ ਜਾਂ ਭਾਂਡੇ ਨਹੀਂ ਹਨ, ਕਿ ਵਧੀਆ ਚਮਕਦਾਰ ਜਿਹੇ ਬਣਾ ਕੇ, ਸਸਤੇ ਭਾਅ ਵਿਕਣ ਲਈ ਬਜ਼ਾਰ ਵਿੱਚ ਸੁੱਟ ਦਿਓ, ਲੋਕੀ ਝੱਟ ਖਰੀਦ ਲੈਣਗੇ। 

ਇਹ ਕੋਈ ਨਵਾਂ ਫੈਸ਼ਨ ਨਹੀਂ ਸੀ ਕਿ ਵੇਖਦਿਆਂ ਵੇਖਦਿਆਂ ਹੀ ਘਰ ਘਰ ਪੁੱਜ ਜਾਵੇਗਾ। ਬੋਲੀ ਬਣਦਿਆਂ, ਵਿਕਸਤ ਹੁੰਦਿਆ, ਲਿੱਪੀ ਤਿਆਰ ਕਰਦਿਆਂ ਲਗ ਮਾਤਰ ਤੇ ਉਚਾਰਣ ਨਿਰਧਾਰਤ ਹੁੰਦਿਆਂ, ਦਸ ਵੀਹ ਸਾਲ ਨਹੀਂ, ਸੌ ਦੋ ਸੌ ਸਾਲ ਭੀ ਨਹੀਂ, ਹਜਾਰਾਂ ਸਾਲ ਦਾ ਲੰਮਾਂ ਸਫਰ ਤੈਹ ਕਰਨਾ ਪੈਂਦਾ ਹੈ। ਇਹ ਕੋਈ ਮਿੱਸੀਆਂ ਰੋਟੀਆਂ, ਗੰਢਾ ਤੇ ਲੱਸੀ ਦਾ ਗਿਲਾਸ ਭੀ ਨਹੀਂ ਸੀ, ਕਿ ਗੁਰੂ ਨਾਨਕ ਸਾਹਿਬ ਨੇ ਆਏ ਦਰਸ਼ਨ ਅਭਿਲਾਖੀਆਂ ਨੂੰ ਝੱਟ ਪੱਟ ਛਕਾ ਦਿੱਤਾ।

ਪੰਜਾਬੀ ਬੋਲੀ ਅਤੇ ਗੁਰਮੁਖੀ ਲਿੱਪੀ ਦਾ ਪ੍ਰਮਾਣਿਕ ਸਰੂਪ ਸਾਨੂੰ ਗੁਰੂ ਗ੍ਰੰਥ ਸਾਹਿਬ ਵਿੱਚੋਂ ਤਾਂ ਮਿਲਦਾ ਹੀ ਹੈ। ਸਗੋਂ ਤੇ ਬਾਰਵੀਂ ਸਦੀ ਵਿੱਚ ਹੋਏ ਬਾਬਾ ਫਰੀਦ ਜੀ ਦੀ ਲਿਖਤ ਵਿੱਚੋਂ ਭੀ ਪ੍ਰਾਪਤ ਹੈ। ਗੁਰੂ ਗ੍ਰੰਥ ਸਾਹਿਬ ਵਿਚਲੇ ਸਬੂਤ ਸੌ ਪ੍ਰਤੀਸ਼ਤ ਵਿਸ਼ਵਾਸ਼ਯੋਗ ਹਨ। ਇਸ ਮੁਕਾਬਲੇ ਹੋਰ ਹਰ ਲਿਖਤ ਸ਼ੰਕਾਵਾਂ ਨਾਲ ਘਿਰੀ ਹੋਈ ਹੈ। ਬਾਬਾ ਫਰੀਦ ਜੀ ਦੀ ਲਿਖਤ ਦੇ ਦਰਸ਼ਨ ਕਰੋ, ਜੋ ਤੇਹਰਵੀਂ ਸਦੀ ਵਿੱਚ ਲਿਖੀ-ਬੋਲੀ ਜਾਂਦੀ ਸੀ -

* ਫਰੀਦਾ ਮੈ ਭੋਲਾਵਾ ਪਗ ਦਾ ਮਤ ਮੈਲੀ ਹੋਇ ਜਾਇ।।
ਗਹਿਲਾ ਰੂਹ ਨਾ ਜਾਣਈ ਸਿਰੁ ਭੀ ਮਿਟੀ ਖਾਇ।। (1379)
* ਕੰਧੀ ਉਤੈ ਰੁਖੜਾ ਕਿਚਰਕ ਬੰਨੈ ਧੀਰ।।
ਫਰੀਦਾ ਕਚੈ ਭਾਂਡੈ ਰਖੀਐ ਕਿਚਰੁ ਤਾਈ ਨੀਰੁ।। (1382)
* ਸੇਖ ਹਯਾਤੀ ਜਗਿ ਨ ਕੋਈ ਥਿਰ ਰਹਿਆ।।
ਜਿਸੁ ਆਸਣਿ ਹਮ ਬੈਠੇ ਕੇਤੇ ਬੈਸਿ ਗਇਆ।। (488)

ਸੰਨ 1947 ਤੱਕ ਸਾਰਾ ਮਾਝਾ ਲੱਗਭਗ ਇਹੀ ਠੇਠ ਪੰਜਾਬੀ ਬੋਲਦਾ ਸੀ। ਅੱਗੋਂ ਪਾਕਿਸਤਾਨ ਵਿੱਚ ਚਲੇ ਗਏ ਇਲਾਕੇ ਭੀ ਇਹੀ ਬੋਲੀ ਬੋਲਣ ਵਾਲੇ ਸਨ। ਇਸ ਤੋਂ ਪਹਿਲਾਂ (ਨੌਵੀਂ ਸਦੀ ਵਿੱਚ) ਗੋਰਖ ਨਾਥ ਦੀਆਂ ਲਿਖਤਾਂ ਮਿਲਦੀਆਂ ਹਨ। ਉਹਨਾਂ ਵਿੱਚ ਭੀ ਪੰਜਾਬੀ ਭਾਰੂ ''ਸਧੂਕੜੀ'' ਭਾਸ਼ਾ ਵਰਤੀ ਗਈ ਹੈ। ਨਮੂਨਾ-

ਮਾਂ ਕਹੇ ਮੇਰਾ ਪੂਤ ਵਿਆਹਿਆ। ਕਾਢ ਦਾਮ ਬਾਘਣ ਲੇ ਆਇਆ।
ਗਿਲੀ ਲੱਕੜ ਕੋ ਘੁਣ ਖਾਇਆ। (ਗੋਰਖ ਦੀ ਰਚਨਾਂ)

ਪੰਜਾਬ ਦੇ ਕਸਬਿਆਂ, ਪਿੰਡਾਂ ਵਿੱਚ ਅੱਜ ਤੱਕ ਬਾਣੀਏ ਲੋਕ ਵੱਖਰੀ ਪਛਾਣ ਵਾਲੇ ਵਹੀ ਖਾਤੇ ਰੱਖਦੇ ਹਨ। ਇੱਥੇ ਦੁਕਾਨਦਾਰ ਲੋਕ ਹਿੰਦੀ, ਅੰਗ੍ਰੇਜ਼ੀ ਲਿਖਣ ਦੀ ਥਾਂਵੇਂ, ਅੱਜ ਤੱਕ ਨਿਰੰਤਰ ਜੋ ਲਿਖਤ ਵਹੀਆਂ ਵਿੱਚ ਲਿੱਖਦੇ ਆ ਰਹੇ ਹਨ, ਉਸ ਨੂੰ ''ਲੰਡੇ'' ਆਖਿਆ ਜਾਂਦਾ ਹੈ।
ਇਸਦੇ ਬਾਰਾਂ ਅੱਖਰ ਹਨ। ਲਗ ਮਾਤਰ ਕੋਈ ਨਹੀਂ ਹੈ। ਵਪਾਰੀ ਲੋਕ ਇਸਨੂੰ ਬਾਖੂਬੀ ਲਿਖਦੇ ਪੜ੍ਹਦੇ ਅਤੇ ਸਮਝਦੇ ਹਨ। ਲੱਗਭਗ ਪੰਜਵੀਂ ਛੇਵੀਂ ਸਦੀ ਤੋਂ ਇਸਦੇ ਪ੍ਰਚਲਣ ਦਾ ਵਿਸ਼ਵਾਸ਼ ਕੀਤਾ ਜਾ ਸਕਦਾ ਹੈ।
ਪੰਜਾਬ ਤੇ ਮੁਸਲਮਾਨੀ ਰਾਜ ਹੋਣ ਕਰਕੇ ਇੱਥੇ ਪੰਜਾਬੀ ਵਿੱਚ ਅਰਬੀ ਫਾਰਸੀ ਤੇ ਪਸਤੋ ਦੇ ਸ਼ਬਦ ਬਹੁਤਾਤ ਵਿੱਚ ਰਲਦੇ ਗਏ। ਉਂਞ ਦਿੱਲੀ ਤੋਂ ਲੈ ਕੇ ਜੇਹਲਮ ਤੱਕ, ਰਾਜਸਥਾਨ ਤੋਂ ਲੈ ਕੇ ਸ਼ਿਮਲੇ ਤੱਕ, (ਸਮੇਤ ਜੰਮੂ ਦੇ) ਪੰਜਾਬੀ ਦਾ ਹੀ ਬੋਲ ਬਾਲਾ ਸੀ। ਯਾਦ ਰਹੇ ਹਿਮਾਚਲ ਅਤੇ ਹਰਿਆਣੇ ਦੀ ਅੱਜ ਤਾਈ ਕੋਈ ਸੁਤੰਤਰ ਲਿੱਪੀ ਨਹੀਂ ਹੈ। ਭਾਰਤ ਵਿੱਚ ਹਿੰਦੂ ਲਾਬੀ ਭਾਰੂ ਹੋਣ ਕਰਕੇ ਇਹਨਾਂ ਸੂਬਿਆਂ ਨੂੰ ਹਿੰਦੀ ਬੋਲੀ ਵਾਲੇ ਜਬਰੀ ਐਲਾਨ ਕਰ ਦਿੱਤਾ ਗਿਆ ਹੈ। 
ਜਦੋਂ ਕਿ ਇਹਨਾਂ ਦੀ ਬੋਲੀ ਪੰਜਾਬੀ ਦੇ ਵਧੇਰੇ ਨਜ਼ਦੀਕ ਹੈ। 47 ਤੋਂ ਮਗਰੋਂ ਭਾਰਤੀ ਹਾਕਮਾਂ ਨੇ ਸੋਚੀ ਸਮਝੀ ਸਾਜਿਸ਼ ਤਹਿਤ ਪੰਜਾਬੀ ਬੋਲੀ ਦਾ ਗਲ ਘੁੱਟਣਾ ਸ਼ੁਰੂ ਕਰ ਦਿੱਤਾ। ਪੰਜਾਬੀ ਪ੍ਰਫੁੱਲਤ ਹੋਣ ਨਾਲ ਗੁਰਬਾਣੀ ਦੀ ਸੁੱਚੀ (ਪਰ ਬ੍ਰਾਹਮਣੀ ਰੀਤ-ਵੈਦਿਕ ਨੀਤ ਦੀ ਵਿਰੋਧੀ) ਤੇ ਮਨੁੱਖਤਾ ਦੀ ਹਿਤੈਸ਼ੀ, ਵਿੱਚਾਰਧਾਰਾ ਵਧੇ ਫੁਲੇਗੀ।
ਸਿੱਖ ਇਤਿਹਾਸ ਜਾਗ੍ਰਤ ਹੋਵੇਗਾ। ਇਸ ਤਰ੍ਹਾਂ ਗੁਰਬਾਣੀ ਵਿੱਚ ਚਿਤਰਤ ਕੀਤੇ ਗਏ ਸੋਹਣੇ ਸਮਾਜ ਦੀ ਸਿਰਜਣਾ ਹੋਵੇਗੀ। ਜੋ ਕਿ ਹਿੰਦੂ ਫਿਰਕਾ ਪ੍ਰਸਤਾਂ ਨੂੰ ਨਹੀਂ ਭਾਉਂਦਾ। ਹਿੰਦੀ ਦੇ ਵਾਧੇ ਨਾਲ ਵੈਦਿਕ ਰੀਤਾਂ ਰਸਮਾਂ ਵਧਣ ਫੁੱਲਣਗੀਆਂ। ਭਾਂਵੇਂ ਇਨਸਾਨੀਅਤ ਦਾ ਘਾਣ ਹੁੰਦਾ ਰਹੇ, ਪਰ ਬ੍ਰਾਹਮਣ ਅਤੇ ਖੱਤਰੀ ਦੀਆਂ ਸੱਤੇ ਖੈਰਾਂ।
ਆਉ ਹੁਣ ਜ਼ਰਾ ਹਿੰਦੀ ਦੇ ਪਿਛੋਕੜ ਅਤੇ ਪੁਰਾਤਨਤਾ ਬਾਰੇ ਵਿੱਚਾਰ ਕਰੀਏ। ਸਾਡੇ ਕੋਲ ਰਵਿਦਾਸ ਜੀ, ਕਬੀਰ ਜੀ ਅਤੇ ਨਾਮਦੇਵ ਜੀ ਵਰਗੇ ਪਰਮ ਪੁਰਖਾਂ ਦੀ ਬਾਣੀ ਮੌਜੂਦ ਹੈ। ਇਸ ਬਾਣੀ ਨੂੰ ਹਿੰਦੀ ਦੇ ਨੇੜੇ ਤੇੜੇ ਆਖਿਆ ਜਾ ਰਿਹਾ ਹੈ। ਗੁਰੂ ਤੇਗ ਬਹਾਦਰ ਜੀ ਦੀ ਰਚਨਾ ਨੂੰ ਭੀ ਹਿੰਦੀ ਰਲੀ ਬੋਲੀ ਆਖਿਆ ਜਾ ਰਿਹਾ ਹੈ। 
ਜਦੋਂ ਕਿ ਇਹ ਸੌ ਪ੍ਰਤੀਸ਼ਤ ਝੂਠ ਹੈ। ਅਸਲ ਵਿੱਚ ਇਹ ਬੋਲੀ ਜੋ ਸਾਰੇ ਭਗਤਾਂ ਅਤੇ ਗੁਰੂ ਤੇਗ ਬਹਾਦਰ ਜੀ ਨੇ ਵਰਤੀ ਹੈ, ਇਹ ''ਸਧੂਕੜੀ'' ਬੋਲੀ ਹੈ। ਭਾਵ ਕਿ ਹਰ ਇੱਕ ਸਾਧੂ ਆਪਣੇ ਇਲਾਕੇ ਦੇ ਸ਼ਬਦਾਂ ਦੀ ਬਹੁਤਾਤ ਅਤੇ ਬਾਕੀ ਸਾਧੂਆਂ ਵੱਲੋਂ ਵਰਤੇ ਜਾਂਦੇ ਸਾਂਝੇ ਸ਼ਬਦਾਂ ਦੀ ਵਰਤੋਂ ਕਰਕੇ, ਆਪਣੇ ਵਿਚਾਰ ਪ੍ਰਗਟ ਕਰਿਆ ਕਰਦਾ ਸੀ। ਉਹਨਾਂ ਸਮਿਆਂ ਵਿੱਚ, ਹਿੰਦੀ ਦਾ ਕਿਧਰੇ ਨਾਮੋ ਨਿਸ਼ਾਨ ਭੀ ਨਹੀਂ ਸੀ।
ਅਸਲ ਵਿੱਚ ਹੋਇਆ ਇਸ ਤਰ੍ਹਾਂ ਕਿ ਕੁੱਝ ਥਾਵਾਂ ਤੇ ਹਿੰਦੂ ਮੁਖੀਆਂ ਵੱਲੋਂ 1835 ਵਿੱਚ, ਆਪਣੇ ਧਰਮ ਅਤੇ ਸਭਿਆਚਾਰ ਨੂੰ ਸੰਭਾਲਣ ਲਈ ਅੰਗ੍ਰੇਜ ਸਰਕਾਰ ਅੱਗੇ ਬੇਨਤੀ ਕੀਤੀ। ਗੋਰੀ ਸਰਕਾਰ ਨੇ ਮੰਗ ਪੱਤਰ ਉਚਿਤ ਢੰਗ ਨਾਲ, ਵਿਸਥਾਰ ਸਹਿਤ ਤਿਆਰ ਕਰਕੇ ਦੇਣ ਲਈ ਕਿਹਾ। ਹਿੰਦੂ ਮੁਖੀਆਂ ਨੇ ਜੋ ਮੰਗਾਂ ਰੱਖੀਆਂ, ਉਸ ਵਿੱਚ ਦੇਸ਼ ਦੀ ਸਾਂਝੀ ਸੰਪਰਕ ਬੋਲੀ ਦੀ ਮੰਗ ਭੀ ਕੀਤੀ ਗਈ।
ਕਿਉਂਕਿ ਅਜਿਹੀ ਕੋਈ ਬੋਲੀ ਭਾਰਤ ਵਿੱਚ ਨਹੀਂ ਸੀ ਜੋ ਸਭਨਾ ਨੂੰ ਪਰਵਾਨ ਹੁੰਦੀ। ਬਸ ਉਸੇ ''ਸਾਧ ਭਾਸ਼ਾ'' (ਸਧੂਕੜੀ) ਨੂੰ ਪਰਵਾਨਗੀ ਦੇਣ ਦੀ ਗਲ ਕੀਤੀ। ਉਸੇ ਦਾ ਨਾਮ ਮਗਰੋਂ ਆ ਕੇ ਹਿੰਦੀ ਰੱਖ ਲਿਆ ਗਿਆ। ਹਿੰਦੀ ਕਿਸੇ ਸੂਬੇ ਦੀ ਬੋਲੀ ਨਹੀਂ ਸੀ, ਨਾ ਹੈ।
ਅਗਲੀ ਇੱਕ ਭਾਰਤੀ ਬੋਲੀ ਸੀ ਉੜਦ। ਕਿਉਂਕਿ ਅੰਗ੍ਰੇਜ਼ਾਂ ਦਾ ਰਾਜ ਦੁਨੀਆਂ ਭਰ ਵਿੱਚ ਫੈਲਿਆ ਹੋਇਆ ਸੀ। ਕੁਦਰਤੀ ਹੈ ਕਿ ਦੁਨੀਆਂ ਦੇ ਕੋਨੇ ਕੋਨੇ ਵਿੱਚੋਂ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਕੀਤਾ ਜਾਂਦਾ ਸੀ।
ਏਸ਼ੀਆ ਮਹਾਂਦੀਪ ਦੇ ਫੌਜੀ ਆਪਸ ਵਿੱਚ ਗੱਲ ਬਾਤ ਕਰਨ ਲੱਗਿਆਂ, ਆਪਣੇ ਇਲਾਕੇ ਦੇ ਸ਼ਬਦਾਂ ਦੀ ਬਹੁਤਾਤ ਵਾਲੀ ਫਾਰਸੀ ਬੋਲਣ ਦੀ ਕੋਸ਼ਿਸ਼ ਕਰਿਆ ਕਰਦੇ ਸਨ। ਫਾਰਸੀ ਵਿੱਚ ''ਉੜਦ'' ਫੌਜੀ ਨੂੰ ਆਖਿਆ ਜਾਂਦਾ ਹੈ। ''ਉੜਦ ਬਜਾਰੀ'' ਫੌਜ ਨੂੰ ਕਹਿੰਦੇ ਹਨ। ਇਸ ਤਰ੍ਹਾਂ ਫੌਜੀਆਂ ਦੀ ਆਪਸੀ ਸੰਪਰਕ ਬੋਲੀ ਨੂੰ ''ਉਰਦੂ'' ਕਿਹਾ ਜਾਣ ਲੱਗ ਪਿਆ। 

ਉਰਦੂ ਇਸ ਲਈ ਕਿ ਇੰਗਲਿਸ਼ ਵਿੱਚ ''ੜ'' ਅੱਖਰ ਨਹੀਂ ਹੁੰਦਾ। ਉਥੇ ''ਰ'' ਨਾਲ ਕੰਮ ਚਲਦਾ ਹੈ। ਜਦੋਂ ਹਿੰਦੂਆਂ ਨੇ, ਹਿੰਦੂ ਸਭਿਆਚਾਰ ਨੂੰ ਬਚਾਉਣ ਲਈ ਦੁਹਾਈ ਦਿੱਤੀ, ਤਦੋਂ ਹੀ (1835 ਵਿੱਚ) ਮੁਸਲਮਾਨਾਂ ਨੇ ਭੀ, ਆਪਣੀ ਸੰਪਰਕ ਬੋਲੀ ਉੜਦੂ ਸਵੀਕਾਰ ਕਰਵਾ ਲਈ। ਇਹ ਯਾਦ ਰਹੇ, ਅੱਜ ਤੱਕ ਉੜਦੂ ਕਿਸੇ ਸੂਬੇ ਖਿੱਤੇ ਦੀ ਮਾਤਰ ਬੋਲੀ ਨਹੀਂ ਹੈ। ਦੇਸ਼ ਦੇ ਬਟਵਾਰੇ ਤੋਂ ਬਾਅਦ ਭਾਰਤੀ ਹਾਕਮਾਂ ਨੇ, ਪਾਰਲੀਮੈਂਟ ਵਿੱਚ, ਇੱਕ ਭਾਸ਼ਾ ਬਾਰੇ ਬਿਲ ਪਾਸ ਕਰਵਾਣ ਲਈ ਲਿਆਂਦਾ।
ਮਕਸਦ ਇਹ ਸੀ ਕਿ ਦੇਸ਼ ਦੀ ਸੰਪਰਕ ਬੋਲੀ ਹਿੰਦੀ ਹੋਵੇ ਜਾਂ ਇੰਗਲਿਸ਼। ਪਾਰਲੀਮੈਂਟ ਮੈਂਬਰ ਅੱਧੋ ਅੱਧ ਵੰਡੇ ਗਏ। ਕਿਸੇ ਪਾਸੇ ਫੈਸਲਾ ਨਾ ਹੋਇਆ। ਬੜੀ ਜਦੋਂ ਜਹਿਦ ਤੋਂ ਬਾਅਦ ''ਸਰਕਾਰੀ ਸਾਧਨ ਵਰਤਕੇ'' ਗਿ: ਗੁਰਮੁਖ ਸਿੰਘ ਮੁਸਾਫਿਰ ਤੋਂ ਹਿੰਦੀ ਦੇ ਹੱਕ ਵਿੱਚ ਇੱਕ ਨਿਰਣਾਇੱਕ ਵੋਟ ਪਵਾਕੇ ਭਾਰਤ ਭਰ ਵਿੱਚ ਹਿੰਦੀ ਸੰਪਰਕ ਬੋਲੀ ਬਣਾ ਦਿੱਤੀ ਗਈ।
ਸੰਸਕ੍ਰਿਤ ਦੀ ਪੁਰਾਤਨਤਾ ਬਿਆਨ ਕਰਨ ਤੋਂ ਪਹਿਲਾਂ, ਇਤਨਾ ਕੁ ਪਿਛੋਕੜ ਦੱਸਣਾ ਜ਼ਰੂਰੀ ਸੀ। ਹੁਣ ਦੁਬਾਰਾ ਇਸ ਨੁਕਤੇ ਤੇ ਧਿਆਨ ਕੇਂਦਰਤ ਕਰੋ, ਕਿ ਫਾਰਸੀ ਬੋਲੀ ਨੂੰ ਪਿਆਰ ਕਰਨ ਵਾਲੇ ਰਾਜਸੀ ਤਾਕਤ ਵਾਲੇ, ਮੁਸਲਮਾਨ ਲੋਕ, ਇੱਕ ਹਜ਼ਾਰ ਸਾਲ ਤੱਕ, ਭਾਰਤ ਵਿੱਚ ਰਾਜ ਕਰਦੇ ਰਹਿਣ ਦੇ ਬਾਵਜੂਦ ਫਾਰਸੀ ਬੋਲੀ ਨੂੰ ਲੋਕਾਂ ਦੀ ਰੋਜ਼ਾਨਾ ਬੋਲਚਾਲ ਵਾਲੀ ਬੋਲੀ ਨਹੀਂ ਬਣਾ ਸਕੇ। ਲਿਖਤੀ ਕੰਮ ਭਾਵੇਂ ਸਾਰਾ ਹੀ ਫਾਰਸੀ ਵਿੱਚ ਹੁੰਦਾ ਸੀ।
ਫਾਰਸੀ ਦੇ ਸ਼ਬਦ ਲੋਕ ਬੋਲੀ ਵਿੱਚ ਪ੍ਰਵੇਸ਼ ਭੀ ਕਰਦੇ ਜਾ ਰਹੇ ਸਨ, ਪਰ ਮਾਂ ਬੋਲੀ ਦਾ ਦਰਜਾ ਫਾਰਸੀ ਨੂੰ ਪ੍ਰਾਪਤ ਨਹੀਂ ਹੋ ਸਕਿਆ। ਕਿਸੇ ਸ਼ਹਿਰ ਕਸਬੇ ਜਾਂ ਪਿੰਡ ਵਿੱਚ ਸਮੁੱਚੇ ਲੋਕਾਂ ਦੀ ਰੋਜ਼ਮਰਾ ਦੀ ਬੋਲਚਾਲ ਵਾਲੀ ਬੋਲੀ ਫਾਰਸੀ ਨਾ ਬਣ ਸਕੀ। ਕਾਰਣ ?

ਕਿਉਂਕਿ ਇਹ ਭਾਰਤੀ ਲੋਕਾਂ ਦੀ ਆਪਣੀ ਬੋਲੀ ਨਹੀਂ ਸੀ, ਬਦੇਸ਼ ਤੋਂ ਆਏ ਲੋਕਾਂ ਦੀ ਬੋਲੀ ਸੀ। ਸੰਨ 1600 ਵਿੱਚ ਈਸਟ ਇਡੀਆ ਕੰਪਨੀ ਕਲੱਕਤੇ ਵਿੱਚ ਸਥਾਪਤ ਹੋ ਚੁੱਕੀ ਸੀ। ਸਾਢੇ ਤਿੰਨ ਸੌ ਸਾਲ ਤੱਕ ਬੰਗਾਲੀ ਲੋਕ ਇੰਗਲਿਸ਼ ਦੇ ਖੂਬ ਮਾਹਿਰ ਬਣ ਗਏ, ਫਰਾਟੇਦਾਰ ਅੰਗ੍ਰੇਜ਼ੀ ਬੋਲਦੇ ਸਨ। ਪਰ ਕਿਸੇ ਇੱਕ ਭੀ ਬੰਗਾਲ ਵਾਸੀ ਦੀ ਮਾਤ ਬੋਲੀ ਇੰਗਲਿਸ਼ ਨਹੀਂ ਬਣ ਸਕੀ। ਇਸੇ ਤਰ੍ਹਾਂ ਬਾਕੀ ਭਾਰਤ ਵਿੱਚ ਅੰਗ੍ਰੇਜ਼ੀ ਬਾਰੇ ਸਮਝਣਾ ਚਾਹੀਦਾ ਹੈ।

ਬ੍ਰਾਹਮਣ ਨੇ ਪਰਚਾਰ ਦੇ ਜੋਰ ਨਾਲ ਪੱਥਰ ਦੇ ਟੁਕੜਿਆਂ ਨੂੰ ''ਭਗਵਾਨ'' ਬਣਾ ਕੇ ਸਦੀਆਂ ਤੱਕ ਲੋਕਾਂ ਨੂੰ ਮੂਰਖ ਬਣਾਇਆ ਤੇ ਉਹਨਾਂ ਦੀ ਪੂਜਾ ਕਰਵਾਈ। ਸਦੀਆਂ ਤੋਂ ਕਾਲਪਨਿਕ ਦੇਵਤਿਆਂ ਨੂੰ ਭੋਲੇ ਲੋਕਾਂ ਦੇ ਮਨ ਮਸਤੱਕ ਵਿੱਚ ਠੋਸਿਆ ਤੇ ਲੁੱਟ ਕੇ ਖਾਧਾ। ਹਜਾਰਾਂ ਸਾਲ ਤੋਂ ਸੰਸਕ੍ਰਿਤ ਨੂੰ ''ਦੇਵ ਬਾਣੀ'' ਹੈ ਦਾ ਢੋਲ ਬਹੁਤ ਉਚਾ ਪਿੱਟਿਆ ਗਿਆ। 

ਜਿਵੇਂ ਦੇਵਤੇ ਕਲਪਿਤ ਹਨ, ਤਿਵੇਂ ਉਹਨਾਂ ਦੀ ਬਾਣੀ ਦੀ ਪੁਰਾਤਨਤਾ ਕਲਪਿਤ ਹੈ। ਭਾਰਤ ਸਰਕਾਰ ਨੇ ਕਾਲਜਾਂ, ਯੂਨੀਵਰਸਿਟੀਆਂ ਵਿੱਚ, ਸੰਸਕ੍ਰਿਤ ਵਿਭਾਗ ਖੋਹਲੇ ਹੋਏ ਹਨ। ਕਰੋੜਾਂ ਰੁਪੈ ਦਾ ਬੱਜਟ ਪ੍ਰਵਾਨ ਕੀਤਾ ਜਾਂਦਾ ਹੈ। ਸੰਸਕ੍ਰਿਤ ਵਿੱਚ ਪੁਸਤਕ/ਲੇਖ ਲਿਖਣ ਵਾਲੇ ਨੂੰ ਵਿਸ਼ੇਸ਼ ਇਨਾਮ ਸਨਮਾਨ ਦਿੱਤੇ ਜਾਂਦੇ ਹਨ। ਰੇਡੀਓ ਟੀਵੀ ਤੇ ਖਾਸ ਸਮਿਆਂ ਤੇ, ਸੰਸਕ੍ਰਿਤ ਵਿੱਚ ਖਬਰਾਂ ਤੇ ਹੋਰ ਪ੍ਰੋਗਰਾਮ ਦਿੱਤੇ ਜਾਂਦੇ ਹਨ।
ਇਤਨਾ ਕੁੱਝ ਕਰਨ ਦੇ ਬਾਵਜੂਦ, ਸੰਸਕ੍ਰਿਤ ਆਖਰੀ ਸਾਹ ਗਿਣ ਰਹੀ ਹੈ। ਪੁਰਾਣੇ ਗ੍ਰੰਥ ਪੜ੍ਹ ਸਕਣ ਵਾਲਾ ਕੋਈ ਵਿਰਲਾ ਵਿਅਕਤੀ ਲੱਭਦਾ ਹੈ। ਮੇਰੇ ਆਪਣੇ ਜੱਦੀ ਜ਼ਿਲ੍ਹੇ, ਪਟਿਆਲੇ ਵਿੱਚ, ਦੋ ਪਿੰਡ ਅਜਿਹੇ ਹਨ, ਜਿਨ੍ਹਾਂ ਦੀ ਬੋਲੀ ਠੇਠ ਪੰਜਾਬੀ ਨਹੀਂ ਹੈ। ਬਹੁਤ ਹੱਦ ਤੱਕ ਹਰਿਆਣਵੀ ਬੋਲੀ ਨਾਲ ਮਿਲਦੀ ਜੁਲਦੀ ਹੈ। ਸਦੀਆਂ ਬੀਤ ਗਈਆਂ ਇਹਨਾਂ ਦੋਵੇਂ ਪਿੰਡਾਂ (ਕਲਵਾਣੂੰ) ਦੀ ਮਾਤ ਬੋਲੀ ਨਹੀਂ ਬਦਲੀ। 
ਕਿਉਂਕਿ ਜਨਮ ਤੋਂ ਹੀ ਬੱਚਿਆਂ ਨੂੰ ਮਾਤਾ ਪਿਤਾ ਦੁਆਰਾ ਇਹੀ ਬੋਲੀ ਸੁਣਨ ਨੂੰ ਮਿਲਦੀ ਹੈ। ਪੰਜਾਬ ਦੇ ਵਿੱਚਕਾਰ ਰਹਿੰਦਿਆਂ ਭੀ, ਇਹਨਾਂ ਦੀ ਆਪਣੀ ਬੋਲੀ ਅੱਜ ਤੱਕ ਠੇਠ ਪੰਜਾਬੀ ਨਹੀਂ ਬਣੀ। ਪਤਾ ਨਹੀਂ ਕਿੰਨਾ ਵਕਤ ਪਹਿਲਾਂ, ਇਹਨਾਂ ਪਿੰਡਾਂ ਦੇ ਵਡੇਰੇ ਕਿਸੇ ਅਜਿਹੇ ਖਿੱਤੇ ਵਿੱਚੋਂ ਆਕੇ ਪਟਿਆਲੇ ਜ਼ਿਲੇ ਵਿੱਚ ਇਹਨਾਂ ਦੋ ਥਾਈਂ ਪਿੰਡ ਵਸਾ ਲਏ। ਬੋਲੀ ਉਹੀ, ਜਿਥੋਂ ਉਠ ਕੇ ਆਏ ਸਨ, ਅੱਜ ਤੱਕ ਪ੍ਰਚੱਲਤ ਹੈ।
ਪੰਜਾਬੀ ਨੂੰ ਪਛਾੜਨ ਦੇ ਬੇਅੰਤ ਜਤਨ ਹੋਏ, ਪਹਿਲਾਂ ਇੱਕ ਹਜ਼ਾਰ ਸਾਲ ਤੱਕ ਦਫਤਰੀ ਬੋਲੀ ਫ਼ਾਰਸੀ ਬਣਾਈ ਗਈ। ਅੰਗ੍ਰੇਜ਼ੀ ਰਾਜ ਦੌਰਾਨ ਦਫਤਰੀ ਸਰਕਾਰੀ ਬੋਲੀ ਇੰਗਲਿਸ਼ ਬਣਾਈ ਗਈ।
ਜੋ ਅੱਜ ਤੱਕ ਭੀ ਦਫਤਰਾਂ ਵਿੱਚ ਵਰਤੀ ਲਿਖੀ ਜਾ ਰਹੀ ਹੈ। ਦੇਸ਼ ਵੰਡ ਤੋਂ ਬਾਅਦ ਪੰਜਾਬੀ ਨੂੰ ਹਿੱਕ ਦੇ ਤਾਣ ਹਿੰਦੀ ਦੀ ਦੁਬੇਲ ਬਣਾਇਆ ਜਾ ਰਿਹਾ ਹੈ। ਪਾਕਿਸਤਾਨੀ ਪੰਜਾਬ ਵਿੱਚ ਪੰਜਾਬੀ ਨੂੰ ਕੋਈ ਮਾਨਤਾ ਨਹੀਂ। ਗੁਰਮੁਖੀ ਲਿੱਪੀ ਨੂੰ ਪਾਕਿਸਤਾਨੋ ਦੇਸ ਨਿਕਾਲਾ ਮਿਲਿਆ ਹੋਇਆ ਹੈ। ਫਿਰ ਭੀ ਉਹ ਲੋਕ ਪੰਜਾਬੀ ਬੋਲਦੇ ਹਨ। ਅਜਿਹੇ ਬਦਤਰ ਹਾਲਾਤ ਵਿੱਚ ਭੀ ਦੋਵਾਂ ਪੰਜਾਬਾਂ ਦੀ ਪੰਜਾਬੀ ਬੋਲੀ ਜੀਵਤ ਹੈ ਤੇ ਜੀਵਤ ਰਹੇਗੀ। 

ਲੋੜ ਵਕਤ ਭਾਰਤ ਵਿੱਚ ਬਹੁਤ ਸਾਰੇ ਲੋਕ ਇੰਗਲਿਸ਼ ਬੋਲਦੇ ਹਨ। ਇੰਗਲਿਸ਼ ਪੜਦੇ ਲਿਖਦੇ ਹਨ, ਬਹੁਤ ਸਾਰੇ ਅਖਬਾਰ ਰਸਾਲੇ ਤੇ ਪੁਸਤਕਾਂ ਅੰਗ੍ਰੇਜ਼ੀ ਵਿੱਚ ਛਪਦੀਆਂ ਹਨ। ਫਿਰ ਭੀ ਸਾਰੇ ਭਾਰਤ ਵਿੱਚ ਕਿਸੇ ਇੱਕ ਭੀ ਪਿੰਡ ਜਾਂ ਵਿਅਕਤੀ ਦੀ ਮਾਤ ਬੋਲੀ ਇੰਗਲਿਸ਼ ਨਹੀਂ ਹੈ। ਕਾਰਨ ? ਇਹ ਓਪਰੀ ਬੋਲੀ ਜੁ ਹੋਈ।
ਅੱਜ ਤੱਕ ਪੂਰੀ ਤਾਕਤ ਲਾ ਕੇ ਪਰਚਾਰਿਆ ਗਿਆ ਹੈ ਕਿ ਭਾਰਤ ਦੀ ਸਭ ਤੋਂ ਪੁਰਾਤਲ ਬੋਲੀ ਸੰਸਕ੍ਰਿਤ ਹੈ। ਸੰਸਕ੍ਰਿਤ ਪੁਰਾਤਨ ਭਾਸ਼ਾ ਤਾਂ ਭਾਵੇਂ ਹੋਵੇ ਪਰ ਭਾਰਤੀ ਬੋਲੀ ਤਾਂ ਹਰਗਿਜ਼ ਨਹੀਂ ਹੈ। ਜੇ ਇਹ ਬੋਲੀ ਭਾਰਤੀ ਹੁੰਦੀ ਤਾਂ ਭਾਰਤੀ ਖਿੱਤੇ ਵਿੱਚ ਕੋਈ ਇੱਕ ਸੂਬਾ ਤਾਂ ਅਜਿਹਾ ਬਚਿਆ ਹੁੰਦਾ, ਜਿੱਥੋਂ ਦੀ ਇਹ ਮਾਤ ਬੋਲੀ ਹੁੰਦੀ। 
ਕੋਈ ਇੱਕ ਸ਼ਹਿਰ, ਜਾਂ ਇੱਕ ਪਿੰਡ ਤਾਂ ਸਾਰੇ ਵਿਸ਼ਾਲ ਦੇਸ਼ ਵਿੱਚ ਹੁੰਦਾ, ਜਿੱਥੇ ਵਸਦੇ ਸਾਰੇ ਲੋਕ, ਰੋਜ਼ਾਨਾ ਸੰਸਕ੍ਰਿਤ ਬੋਲਦੇ, ਪੜ੍ਹਦੇ ਲਿਖਦੇ। ਦੁਨੀਆਂ ਭਰ ਵਿੱਚ ਇੱਕ ਭੀ ਮਨੁੱਖ ਅਜਿਹਾ ਨਹੀਂ ਮਿਲੇਗਾ, ਜੋ ਸੰਸਕ੍ਰਿਤ ਨੂੰ ਮਾਤ ਬੋਲੀ ਦੇ ਤੌਰ ਤੇ ਬੋਲਦਾ ਹੋਵੇ। ਕਿਉਂਕਿ ਸੰਸਕ੍ਰਿਤ ਵਿੱਚ ਬ੍ਰਾਹਮਣੀ ਕਰਮਕਾਂਡੀ ਗ੍ਰੰਥ ਲਿਖੇ ਹੋਏ ਹਨ। ਜੇ ਸੰਸਕ੍ਰਿਤ ਥੋੜ੍ਹੇ ਬਹੁਤ ਸਾਹ ਲੈਂਦੀ ਰਹੀ ਤਾਂ ਪਾਖੰਡੀਆਂ ਦਾ ਪਾਖੰਡ ਚਲਦਾ ਰਹੇਗਾ।
ਭਵਿੱਖ ਦੇ ਮਨੁੱਖ ਨੂੰ ਸੰਸਕ੍ਰਿਤ ਕੁੱਝ ਭੀ ਦੇਣ ਤੋਂ ਅਸਮਰਥ ਹੈ। ਵੇਲਾ ਵਿਹਾ ਚੁੱਕੇ ਵਿਚਾਰ, ਸੰਸਕ੍ਰਿਤ ਗ੍ਰੰਥਾਂ ਵਿੱਚ ਬਥੇਰੇ ਮਿਲ ਜਾਣਗੇ। ਜਿਵੇਂ ਜੇਤੂ ਮੁਸਲਮਾਨਾਂ ਨੇ ਭਾਰਤ ਵਿੱਚ ਰਹਿ ਕੇ ਪੁਸਤਕਾਂ ਲਿਖੀਆਂ ਅਰਬੀ ਫਾਰਸੀ ਵਿੱਚ। ਉਹ ਕਿਤਾਬਾਂ ਜਾਣਕਾਰੀ ਤਾਂ ਕੋਈ ਦੇ ਸਕਦੀਆਂ ਹਨ। ਪਰ ਸਾਡੀ ਆਪਣੀ ਬੋਲੀ ਵਿੱਚ ਨਹੀਂ ਹਨ। 
ਇਸੇ ਤਰ੍ਹਾਂ ਬਹੁਤ ਸਾਰੇ ਗੋਰਿਆਂ ਨੇ ਅੰਗ੍ਰੇਜ਼ੀ ਵਿੱਚ ਕਿਤਾਬਾਂ ਲਿਖੀਆਂ। ਉਹਨਾਂ ਵਿੱਚ ਗਿਆਨ ਮਿਲਦਾ ਹੈ, ਪਰ ਸਾਡੀ ਬੋਲੀ ਵਿੱਚ ਨਹੀਂ ਹਨ। ਇਸੇ ਤਰ੍ਹਾਂ ਸੰਸਕ੍ਰਿਤ ਇਸ ਦੇਸ਼ ਦੀ ਬੋਲੀ ਨਹੀਂ ਹੈ। ਹਜਾਰਾਂ ਸਾਲ ਪਹਿਲਾਂ ਜਿਸ ਖਿੱਤੇ ਵਿੱਚੋਂ ਹਮਲਾਵਰ ਕਬੀਲੇ ਉØੱਠ ਕੇ ਆਏ ਸਨ, ਆਪਣੇ ਨਾਲ ਕੁੱਝ ਰੀਤੀ ਰਿਵਾਜ ਤੇ ਕੁੱਝ ਕੰਮ ਚਲਾਊ ਸੰਸਕ੍ਰਿਤ ਲਿਖਤੀ ਗ੍ਰੰਥ ਲਿਆਏ। 
ਜੇ ਸੰਸਕ੍ਰਿਤ ਉਹਨਾਂ ਲੋਕਾਂ ਦੀ ਮਾਤ ਬੋਲੀ ਹੁੰਦੀ ਤਾਂ ਉਹ ਮਰਦੀ ਕਦੇ ਨਾਂ। ਦੁਨੀਆਂ ਵਿੱਚ ਕੁੱਝ ਕਬੀਲੇ ਅਜਿਹੇ ਭੀ ਹਨ ਜਿਨਾ ਦੀ ਆਬਾਦੀ ਕੁੱਝ ਹਜ਼ਾਰ ਤੱਕ ਹੀ ਰਹਿ ਗਈ ਹੈ। ਫਿਰ ਭੀ ਉਹਨਾਂ ਦੀ ਮਾਤ ਬੋਲੀ ਜੀਵਤ ਹੈ।
ਪੁਰਾਤਨਤਾ ਦਾ ਢੋਲ ਬਹੁਤ ਵੱਜ ਗਿਆ ਹੈ। ਜਿਵੇਂ ਦੇਵਤੇ ਕਦੀ ਧਰਤੀ ਤੇ ਨਹੀਂ ਆਏ, ਤਿਵੇਂ ਭਾਰਤੀ ਧਰਤੀ ਦੀ ''ਦੇਵ ਬਾਣੀ ਸੰਸਕ੍ਰਿਤ'' ਆਪਣੀ ਨਹੀਂ ਹੈ। ਗੁਰੂ ਨਾਨਕ ਸਾਹਿਬ ਜੀ ਨੇ ਦੇਵਤਿਆਂ ਦੀ ਬਾ-ਦਲੀਲ ਅਸਲੀਅਤ ਸਾਡੇ ਸਨਮੁੱਖ ਰੱਖ ਦਿੱਤੀ ਹੈ।
ਬ੍ਰਾਹਮਣ ਦੇ ਪਾਖੰਡ ਅਤੇ ਸਦੀਆਂ ਤੋਂ ਕੀਤੀ ਜਾ ਰਹੀ ਅੰਨ੍ਹੀ ਲੁੱਟ ਦਾ ਭਾਂਡਾ ਚੌਰਾਹੇ ਵਿੱਚ ਭੰਨ ਦਿੱਤਾ ਹੈ। ਵੇਦਾਂ ਦੀ ਵਿਚਾਰਧਾਰਾ ਨੇ ਮਨੁੱਖਤਾ ਵਿੱਚ ਵੰਡੀਆਂ ਤੇ ਵਿਹਲੜਪੁਣਾ ਪਾ ਦਿੱਤਾ ਹੈ। ਅਜਿਹੀ ਸਿੱਖਿਆ ਦੀ ਅੱਜ ਕੋਈ ਕੀਮਤ ਨਹੀਂ ਹੈ। ਸਤਿਗੁਰੂ ਜੀ ਨੇ ਆਪਣੀ ਪਾਵਨ ਬਾਣੀ ਗੁਰਮੁੱਖੀ/ਪੰਜਾਬੀ ਵਿੱਚ ਉਚਾਰਣ ਕਰਕੇ ''ਦੇਵ ਬਾਣੀ'' ਸੰਸਕ੍ਰਿਤ ਨੂੰ ਗਲੋਂ ਲਾਹ ਦਿੱਤਾ ਹੈ। 
ਦੁਨੀਆਂ ਵਿੱਚ ਪੰਜਾਬੀ ਬੋਲਣ ਵਾਲੇ ਲੱਗਭਗ ਵੀਹ ਕਰੋੜ ਮਨੁੱਖ ਹਨ। ਤੇ ਦੇਵਬਾਣੀ ਨੂੰ ਬੋਲਣ ਵਾਲਾ ਕੋਈ ਇੱਕ ਪਰਿੰਦਾ ਤੱਕ ਨਹੀਂ। ਸੰਸਕ੍ਰਿਤ ਦਾ ਝੰਡਾ ਚੁੱਕੀ ਫਿਰ ਰਹੇ ਲੋਕ ਭੀ ਇਸ ਨੂੰ ਮਾਤਬੋਲੀ ਵਾਂਗ ਨਹੀਂ ਬੋਲਦੇ। ਕਾਂਸੀ ਦੀ ਵਿਦਿਆ ਬਾਰੇ ਗੁਰ ਵਾਕ -

ਕਾਂਸ਼ੀ ਤੇ ਧੁਨਿ ਉਪਜੈ ਧੁਨਿ ਕਾਂਸੀ ਜਾਈ।।
ਕਾਸੀ ਫੂਟੀ ਪੰਡਿਤਾ ਧੁਨਿ ਕਹਾ ਸਮਾਈ।। (857)
ਨਾ ਕਾਸੀ ਮਤਿ ਉਪਜੈ ਨਾ ਕਾਸੀ ਮਤਿ ਜਾਇ।।
ਸਤਿਗੁਰ ਮਿਲਿਐ ਮਤਿ ਉਪਜੈ ਤਾ ਇਹ ਸੋਝੀ ਪਾਇ।।
ਇਹੁ ਮਨੁ ਕਾਸੀ ਸਭਿ ਤੀਰਥ ਸਿਮ੍ਰਿਤਿ ਸਤਿਗੁਰਿ ਦੀਆ ਬੁਝਾਇ।।
ਅਠਸਠਿ ਤੀਰਥ ਤਿਸ ਸੰਗਿ ਰਹਹਿ ਜਿਨਿ ਹਰਿ ਹਿਰਦੈ ਰਹਿਆ ਸਮਾਇ।। (491)

ਬੜੇ ਦੁੱਖ ਦੀ ਗੱਲ ਹੈ ਮੁਸਲਮਾਨ ਤੇ ਹਿੰਦੂ ਪੰਜਾਬੀਆਂ ਨੇ ਬੜੀ ਬੇਹਯਾਈ ਨਾਲ ਪੰਜਾਬੀ ਮਾਂ ਬੋਲੀ ਤੋਂ ਮੂੰਹ ਮੋੜ ਲਿਆ ਹੈ। ਬੋਲੀ ਨੂੰ ਧਰਮ ਨਾਲ ਜੋੜ ਦਿੱਤਾ ਹੈ। ਕੁੱਝ ਬਹੁਤੇ ''ਮਾਡਰਨ ਲੋਕ'' ਲਗਾਤਾਰ ਰਟ ਲਾਈ ਜਾ ਰਹੇ ਹਨ ਕਿ ਅਸੀਂ ''ਪੰਜਾਬੀ ਕੌਮ ਤੇ ਪੰਜਾਬੀ ਬੋਲੀ'', ਪੰਜਾਬੀ ਸੱਭਿਅਤਾ ਨੂੰ ਪ੍ਰਫੁੱਲਤ ਕਰਨ ਦਾ ਯਤਨ ਕਰ ਰਹੇ ਹਾਂ। ਬੋਲੀ ਨੂੰ ''ਧਰਮ ਦੀ ਕੈਦ'' ਵਿਚ ਨਹੀਂ ਰਖਿਆ ਜਾ ਸਕਦਾ। 
ਸਨਿਮਰ ਬੇਨਤੀ ਹੈ ਕਿ ਅਗਰ ਪੰਜਾਬੀ ਜੀਵਨ ਵਿਚੋਂ ਸਿੱਖਾਂ ਦੀ ਸੂਰਮਗਤੀ ਕੱਢ ਦੇਈਏ, ਸਤਿਗੁਰੂ ਜੀ ਵੱਲੋਂ ਕੀਤੇ ਉਪਕਾਰ ਵਿਸਾਰ ਦੇਈਏ, ਤਾਂ ਪੰਜਾਬ ਵਿਚ ਅਰਾਜਕਤਾ, ਬੇਪਤੀ, ਕਾਇਰਤਾ ਅਤੇ ਗਦਾਰੀਆਂ ਤੋਂ ਸਿਵਾਏ ਹੋਰ ਕੀ ਹੈ?
ਇਸ ਪੰਜਾਬੀ ਬੋਲੀ ਨੂੰ ਸਤਿਗੁਰੂ ਜੀ ਨੇ ਆਪਣੀ ਪਾਵਨ ਬਾਣੀ ਲਿਖਕੇ ਅਮਰ ਬਣਾ ਦਿੱਤਾ। ਨੱਚਣ ਗਾਉਣ ਵਾਲੇ, ਭੰਡਾਂ ਵਰਗਾ ਜੀਵਨ ਬਤੀਤ ਕਰਨ ਵਾਲੇ ਪੰਜਾਬੀ ਸਿੱਖੀ ਧਾਰਨ ਕਰਕੇ ਸੰਸਾਰ ਦੇ ਸਿਰਮੌਰ ਸੂਰਮੇ ਹੋ ਨਿਬੜੇ। ਜੇ ਸਿੱਖ ਪੰਜਾਬੀ ਤੇ ਪੰਜਾਬ ਨੂੰ ਨਾਂ ਅਪਣਾਉਂਦੇ ਤਾਂ ਅੱਜ ਤੱਕ ਇਹ ਦੋਵੇਂ ਹਨੇਰੀਆਂ ਗੁਫਾਵਾਂ ਵਿਚ ਗਰਕ ਗਏ ਹੁੰਦੇ। ਸਿੱਖ ਅਕ੍ਰਿਤਘਣ ਨਹੀਂ ਬਣੇ। ਆਪਣਾ ਫਰਜ ਬਾਖੂਬੀ ਨਿਭਾਇਆ। ਪੰਜਾਬੀ ਬੋਲੀ ਅਤੇ ਸਿੱਖੀ ਨੂੰ ਅਲੱਗ ਰੱਖਿਆ ਹੀ ਨਹੀਂ ਜਾ ਸਕਦਾ ਇਹ ਦੋਵੇਂ ਇੱਕੋ ਸਿੱਕੇ ਦੇ ਪਾਸੇ ਹਨ।

ਪ੍ਰੋ: ਇੰਦਰ ਸਿੰਘ ਘੱਗਾ

ਪੋਸਟ ਕਰਤਾ: ਸੁਖਬੀਰ ਸਿੰਘ ਜੇਠੂਵਾਲ


Post Comment

Monday, September 10, 2012

ਜੱਜੇ ਦੀਆਂ ਲੱਤਾਂ ਵਿਚ ਆ ਅੜੀ ਬੇਲੋੜੀ ਬਿੰਦੀ


ਏਥੇ ਮੈ ਹਿੰਦੁਸਤਾਨੀ ਬੀਬੀਆਂ ਦੇ ਮੱਥੇ ਉਪਰ ਚਿਪਕਾਈ ਜਾਣ ਵਾਲ਼ੀ ਬਿੰਦੀ ਦਾ ਜ਼ਿਕਰ ਨਹੀ ਕਰਨ ਲੱਗਾ। ਉਹ ਬਿੰਦੀ ਤਾਂ ਸ਼ਾਇਦ ਭਾਰਤੀ ਇਸਤਰੀ ਦੇ ਮੇਕਅਪ ਦਾ ਹਿੱਸਾ ਬਣ ਕੇ, ਕਿਸੇ ਬੀਬੀ ਦੇ ਸੁਹੱਪਣ ਵਿਚ ਵਾਧਾ ਕਰਦੀ ਹੋਵੇਗੀ ਜਾਂ ਘਟੋ ਘਟ ਅਜਿਹਾ ਸਮਝਿਆ ਜਾਂਦਾ ਹੈ ਕਿ ਉਹ ਕਰਦੀ ਹੈ। ਇਹ ਤਾਂ ਮੰਨਣਾ ਹੀ ਪਵੇਗਾ ਕਿ ਜੇਹੜੀ ਵਸਤੂ ਸਦੀਆਂ ਤੋਂ ਨਹੀ ਬਲਕਿ ਦਹਿ ਸਦੀਆਂ ਤੋਂ ਇਸਤਰੀ ਦੇ ਸ਼ਿੰਗਾਰ ਦਾ ਹਿੱਸਾ ਚੱਲੀ ਆ ਰਹੀ ਹੈ ਤੇ ਕਿਸੇ ਨੇ ਇਸ ਨੂੰ ਹਟਾਉਣ ਦਾ ਯਤਨ ਨਹੀ ਕੀਤਾ ਤਾਂ ਨਿਸਚੇ ਹੀ ਇਹ ਸੁੰਦਰਤਾ ਵਿਚ ਵਾਧਾ ਕਰਦੀ ਹੀ ਹੋਵੇਗੀ! ਪਰ ਮੈ ਤਾਂ ਉਸ ਬਿੰਦੀ ਦਾ ਜ਼ਿਕਰ ਕਰਨ ਲੱਗਾ ਹਾਂ ਜੋ ਗੁਰਮੁਖੀ ਲਿਖਤ ਦੇ ਤੇਰਵੇਂ ਅੱਖਰ, ਦੇ ਪੈਰ ਵਿਚ ਅੜ ਕੇ, ਪੰਜਾਬੀ ਲਿਖਤ ਦੀ ਖ਼ੂਬਸੂਰਤੀ ਵਿਚ ਵਾਧਾ ਕਰਨ ਦੀ ਥਾਂ, ਇਸ ਦੀ ਬਦਸੂਰਤੀ ਵਿਚ ਘਨੇਰਾ ਯੋਗਦਾਨ ਪਾ ਰਹੀ ਹੈ।
ਪਹਿਲਾਂ ਪਹਿਲ ਗੁਰਮੁਖੀ ਦੇ ਪੈਂਤੀ ਅੱਖਰ ਹੀ ਹੁੰਦੇ ਸਨ ਤੇ ਪੰਜਾਬੀ ਉਚਾਰਣ ਅਨੁਸਾਰ ਇਹਨਾਂ ਨਾਲ ਸਰ ਜਾਂਦਾ ਸੀ; ਇਸ ਲਈ ਇਸ ਵਰਣਮਾਲ਼ਾ ਦਾ ਨਾਂ ਵੀ ‘ਪੈਂਤੀ’ ਹੀ ਸੀ ਤੇ ਹੈ। ਫਿਰ ਫ਼ਾਰਸੀ ਦੇ ਸ਼ਬਦਾਂ ਦਾ, ਸਮੇ ਅਨੁਸਾਰ ਪੰਜਾਬੀ ਵਿਚ ਪ੍ਰਵੇਸ਼ ਕਰ ਜਾਣ ਕਰਕੇ, ਉਹਨਾਂ ਦਾ ਸਹੀ ਉਚਾਰਨ ਕਰਨ ਵਾਸਤੇ ਕੁਝ ਹੋਰ ਅੱਖਰਾਂ ਦੀ ਲੋੜ ਪਈ ਤਾਂ ਵਿਦਵਾਨਾਂ ਨੇ ਪੰਜ ਅੱਖਰ ਪਹਿਲਿਆਂ ਦੇ ਪੈਰੀਂ ਬਿੰਦੀਆਂ ਲਾ ਕੇ, ਹੋਰ ਵਧਾ ਲਏ ਤੇ ਇਸ ਤਰ੍ਹਾਂ ਇਸ ਨਵੀ ਸਮੱਸਿਆ ਦਾ ਹੱਲ ਕੱਢ ਕੇ ਕਾਰਜ ਸਾਰ ਲਿਆ; ਜਿਵੇਂ:

ਸ਼ ਖ਼ ਗ਼ ਜ਼ ਫ਼

ਲੱਲੇ ਦੇ ਪੈਰ ਵਿਚ ਬਿੰਦੀ ਲਾ ਕੇ, ਲ਼ ਬਣਾ ਕੇ, ਇਸ ਦਾ ਤਾਲ਼ਵੀ ਉਚਾਰਨ ਕਰਨ ਦਾ ਪ੍ਰਸੰਗ, ਇਹਨਾਂ ਪੰਜ ਅੱਖਰਾਂ ਤੋਂ ਵੱਖਰਾ ਹੈ। ਇਸ ਬਾਰੇ ਵੀ ਕੁਝ ਵਿਦਵਾਨ ਬੇਲੋੜਾ ਭੰਬਲ਼ਭੂਸਾ ਜਿਹਾ ਪੈਦਾ ਕਰਨ ਲਈ, ਲ਼ ਦੀ ਥਾਂ ਲ੍ਹ, ਅਰਥਾਤ, ਲੱਲੇ ਦੇ ਪੈਰ ਵਿਚ ਬਿੰਦੀ ਦੀ ਥਾਂ ਹਾਹਾ  ਪਾ ਕੇ ਲਿਖਣ ਦੀ ਗ਼ਲਤ ਜਿਦ ਕਰਦੇ ਹਨ।

ਕਿਉਂਕਿ ਪੰਜਾਬੀ ਉਚਾਰਨ ਵਿਚ ਪਹਿਲਾਂ ਇਹਨਾਂ ਆਵਾਜ਼ਾਂ ਦੀ ਮੌਜੂਦਗੀ ਨਾ ਹੋਣ ਕਰਕੇ, ਇਹਨਾਂ ਨੂੰ ਦਰਸਾਉਣ ਲਈ ਵੱਖਰੇ ਅੱਖਰਾਂ ਦੀ ਲੋੜ ਨਹੀ ਸੀ। ਜਦੋਂ ਫ਼ਾਰਸੀ ਵਿਚੋਂ ਆਏ ਲਫ਼ਜ਼ਾਂ ਨੂੰ ਗੁਰਮੁਖੀ ਲਿਖਤ ਵਿਚ ਲਿਆਉਣ ਦੀ ਲੋੜ ਪਈ, ਤਾਂ ਪੰਜਾਂ ਅੱਖਰਾਂ ਦੇ ਪੈਰੀਂ ਬਿੰਦੀਆਂ ਲਾ ਕੇ ਕੰਮ ਸਾਰ ਲਿਆ ਗਿਆ ਪਰ ਹੁਣ ਤਾਂ ਜਿਵੇਂ ਬੇਲੋੜੀ ਬਿੰਦੀ ਹਰ ਥਾਂ ਲਾਉਣ ਦਾ ਇਹ ਰਿਵਾਜ਼ ਜਿਹਾ ਹੀ ਪੈ ਗਿਆ ਹੈ। ਮੁਢਲੇ ਪੰਜਾਬੀ ਸ਼ਬਦਾਂ ਦੇ ਉਚਾਰਨ ਲਈ ਇਹਨਾਂ ਦੀ ਲੋੜ ਨਹੀ ਸੀ। ਸੋ ਜੇ ਇਹ ਬਿੰਦੀ ਕਿਤੇ ਵਰਤਣੋ ਰਹਿ ਵੀ ਜਾਵੇ ਤਾਂ ਪੰਜਾਬੀ ਦੇ ਉਚਾਰਨ ਵਿਚ ਕੋਈ ਦੋਸ਼ ਨਹੀ। ਹਾਂ, ਜੇ ਇਹ ਬੇਲੋੜੀ ਲਾਈ ਜਾਵੇ ਤਾਂ ਪੂਰੀ ਦੀ ਪੂਰੀ ਹੀ ਗ਼ਲਤ ਹੈ।

ਪੰਜਾਬੀ ਦੇ ਨਵੇਂ ਲਿਖਾਰੀ ਸ਼ਾਇਦ ਇਕ ਦੂਜੇ ਤੋਂ ਅੱਗੇ ਲੰਘਣ ਲਈ, ਵਧ ਤੋਂ ਵਧ ਬਿੰਦੀਆਂ ਲਾ ਕੇ ਹੀ ਆਪਣੀ ਵਿਦਿਅਕ ਦੌੜ ਦੀ ਪਰਾਪਤੀ ਦਾ ਪ੍ਰਗਟਾਵਾ ਕਰਨਾ ਚਾਹੁੰਦੇ ਹੋਣ ਤੇ ਇਸ ‘ਮਹਾਨ ਕਾਰਜ’ ਵਿਚ ਦੂਜਿਆਂ ਨੂੰ ਪਛਾੜਨ ਦਾ ਇਹ, ਆਪਣੀਆਂ ਲਿਖਤਾਂ ਵਿਚ ਬਿੰਦੀਆਂ ਦੇ ਵਾਧੇ ਵਾਲ਼ਾ, ਸਭ ਤੋਂ ਸੌਖਾ ਢੰਗ ਉਹਨਾਂ ਨੇ ਅਪਣਾ ਲਿਆ ਹੋਵੇ! ਏਥੋਂ ਤੱਕ ਕਿ ਪੰਜਾਬੀ ਦੇ ਟੀਚਰ  ਵੀ ਇਸ ਦੌੜ ਵਿਚ ਨਵੇਂ ਲਿਖਾਰੀਆਂ ਤੋਂ ਪਿੱਛੇ ਨਹੀ ਰਹਿੰਦੇ। ਠੀਕ ਵੀ ਹੈ:

ਤਾਏ ਧੀ ਚੱਲੀ ਤੇ ਮੈਂ ਕਿਉਂ ਰਹਾਂ ‘ਕੱਲੀ।

ਦੱਸੋ ਭਈ:

ਤਰਜ਼ੀਹ, ਕਾਰਜ਼, ਪੰਜ਼ਾਬ, ਬੈਲਜ਼ੀਅਮ, ਮਜ਼ਬੂਰ, ਬਰਿਜ਼, ਫਰਿਜ਼, ਲੈਂਗੁਵੇਜ਼, ਕਾਲਜ਼, ਜ਼ਾਰੀ, ਫੌਜ਼, ਜ਼ੋ, ਬਿਜ਼ਲੀ, ਹਜ਼ਮ, ਜ਼ਾਂਦਾ, ਗੁਜ਼ਰਾਤ, ਵਜ਼ਦ, ਪੇਜ਼, ਏਜ਼, ਮੈਰਿਜ਼, ਹਾਜ਼ਮਾ, ਅਪਾਹਜ਼, ਤਰਜ਼ਮਾਨ, ਜ਼ਨਾਨੀ, ਜ਼ਲਵਾ, ਰਿਫ਼ਿਊਜ਼ੀ, ਜ਼ੁਰਅਤ, ਜ਼ਬਤ, ਤਵੱਜ਼ੋਂ, ਰੰਜ਼ਸ਼, ਜ਼ਾਮਨ, ਤਜ਼ਰਬਾ, ਬਾਵਜ਼ੂਦ, ਜ਼ਬਰ, ਜ਼ੋੜ, ਹੇਜ਼, ਸਟੇਜ਼, ਹਾਜ਼ਰੀ, ਅਜ਼ੇ, ਮੌਜ਼ੂਦ, ਬਜ਼ਟ, ਬੀਜ਼, ਅੰਜ਼ਾਮ, ਹਿਜ਼ਰਤ, ਇਨਚਾਰਜ਼, ਸਮਾਜ਼, ਰਾਜ਼ੀ, ਪ੍ਰੈਸਟੀਜ਼, ਪਾਜ਼, ਮੈਸਿਜ਼, ਖੱਜ਼ਲ, ਦਰਜ਼, ਭਤੀਜ਼ਾ, ਮੌਜ਼, ਸੰਜ਼ੀਦਾ, ਕਾਰਜ਼, ਮੈਨਜ਼ਿੰਗ, ਸੋਲਜ਼ਰ ਆਦਿ .

ਵਾਲ਼ੇ ਚੰਗੇ ਭਲੇ ਜ ਦੀਆਂ ਲੱਤਾਂ ਵਿਚ ਬੇਲੋੜੀ ਬਿੰਦੀ ਫਸਾ ਕੇ, ਪੰਜਾਬੀ ਉਚਾਰਨ ਦੀ ਯੱਖਣਾ ਪੁੱਟਣ ਦਾ ‘ਸ਼ੁਭ ਕਾਰਜ’ ਕਰਕੇ, ਅਸੀਂ ਕੀ ਕੱਦੂ ਵਿਚ ਤੀਰ ਮਾਰ ਰਹੇ ਹਾਂ! ਇਹ ਮੰਨਣ ਵਿਚ ਨਹੀ ਆਉਂਦਾ ਕਿ ਡਾ. ਮਹੀਪ ਸਿੰਘ ਵਰਗਾ ਚਾਰ ਜ਼ਬਾਨਾਂ ਦਾ ਵਿਦਵਾਨ, ਤਰਜੀਹ ਨੂੰ ਤਰਜ਼ੀਹ ਲਿਖਦਾ ਹੋਵੇ। ਇਹ ਮੰਨਣਾ ਵੀ ਬੜਾ ਹੀ ਔਖਾ ਲੱਗਦਾ ਹੈ ਕਿ ਪੋਸਟ ਗਰੈਜੂਏਟ ਕਾਲਜ ਦੇ ਪੰਜਾਬੀ ਵਿਭਾਗ ਦਾ ਮੁਖੀ, ਸੁਰਿੰਦਰ ਮੰਡ, ਅਜੇ ਨੂੰ ਅਜ਼ੇ ਲਿਖਣ ਦੀ ਗ਼ਲਤੀ ਕਰਦਾ ਹੋਵੇ! ਫਿਰ ਇਹ ਗ਼ਲਤੀ ਹੈ ਕਿਥੇ! ਕਿਤੇ ਇਹ ਤਾਂ ਨਹੀ ਕਿ ਕੰਪਿਊਟਰ ਵਿਚ ਫ਼ੌਂਟ ਦੀ ਬਦਲੀ ਕਰਨ ਸਮੇ ਅਜਿਹੀਆਂ ਗ਼ਲਤੀਆਂ ਸਹਿਵਨ ਹੀ ਹੋ ਜਾਂਦੀਆਂ ਹੋਣ ਤੇ ਜੋ ਪਰੂਫ਼ ਰੀਡਰ ਠੀਕ ਕਰਨ ਵੱਲੋਂ ਅਣਗਹਿਲੀ ਕਰ ਜਾਂਦੇ ਹੋਣ! ਅਜਿਹਾ ਕੁਝ ਮੇਰੇ ਲੇਖਾਂ ਨਾਲ਼ ਵੀ ਹੋ ਜਾਂਦਾ ਹੈ।

ਮੈ ਕੁਝ ਅਤੇ ਸਭ ਦੇ ਉਤੇ ਅਧਕ ਲਾਉਣ ਦੇ ਹੱਕ ਵਿਚ ਨਹੀ ਤੇ ਕਦੀ ਵੀ ਨਹੀ ਲਾਉਂਦਾ ਪਰ ਮੇਰੇ ਹਰ ਲੇਖ ਵਿਚ, ਛਪਣ ਸਮੇ ਕੁਝ ਅਤੇ ਸਭ ਉਪਰ ਇਹ ਅਧਕ ਬਦੋ ਬਦੀ ਥੱਪਿਆ ਹੋਇਆ ਹੁੰਦਾ ਹੈ, ਜੋ ਮੈਨੂੰ ਬੜਾ ਹੀ ਚੁਭਦਾ ਹੈ ਪਰ ਸੰਪਾਦਕ ਕਿਤੇ ਨਾਰਾਜ਼ ਨਾ ਹੋ ਜਾਵੇ, ਸੋਚ ਕੇ ਮੈ ਚੁੱਪ ਰਹਿੰਦਾ ਹਾਂ। ਇਕ ਸੰਪਾਦਕ ਜੀ ਨੇ ਇਸ ਗੱਲ ਦਾ ਵਾਹਵਾ ਗੁੱਸਾ ਕਰ ਲਿਆ ਸੀ। ਇਸ ਦੇ ਬਾਵਜੂਦ ਵੀ ਉਹ ਮੇਰੇ ਹਰੇਕ ਲੇਖ ਵਿਚਲੇ ਕੁਝ ਅਤੇ ਸਭ ਉਪਰ ਅਧਕ ਲਾਉਂਦਾ ਹੈ। ਮੈ ਫਿਰ ਏਹੀ ਸਮਝਿਆ ਕਿ ਫ਼ੌਂਟ ਦੀ ਬਦਲੀ ਸਮੇ ਇਹ ਅਧਕ ਮੇਰੇ ਕੁਝ ਅਤੇ ਸਭ ਉਪਰ ਸਵਾਰ ਹੋ ਕੇ, ਇਹਨਾਂ ਨੂੰ ਕੁੱਝ ਅਤੇ ਸੱਭ ਬਣਾ ਧਰਦਾ ਹੈ, ਜੋ ਕਿ ਕਤਈ ਗ਼ਲਤ ਹੈ। ਇਹ ਸ਼ਾਇਦ ਫ਼ੌਂਟ ਬਦਲੀ ਕਾਰਨ ਹੀ ਹੁੰਦਾ ਹੈ; ਸੰਪਾਦਕ ਦਾ ਇਸ ਵਿਚ ਕੋਈ ਕਸੂਰ ਨਹੀ।

ਇਹ ਤਾਂ ਸ਼ਾਇਦ ਸੁਝਵਾਨ ਲਿਖਾਰੀਆਂ ਨੂੰ ਦੱਸਣ ਦੀ ਲੋੜ ਨਾ ਹੀ ਹੋਵੇ ਕਿ ਜਿਥੇ ਅੰਗ੍ਰੇਜ਼ੀ ਦੇ ਅੱਖਰ ge, dge, j ਹੋਣ, ਉਹਨਾਂ ਵਾਲ਼ੇ ਸ਼ਬਦਾਂ ਨੂੰ ਗੁਰਮੁਖੀ ਅੱਖਰਾਂ ਵਿਚ ਲਿਖਣ ਸਮੇ, ਅੰਤ ਵਿਚ ਹੁੰਦਾ ਹੈ ਨਾ ਕਿ ਜ਼। ਜਿਥੇ ਸ਼ਬਦ ਦੇ ਅੰਤ ਵਿਚਜਾਂ ਜ਼ ਹੋਵੇ ਓਥੇ ਹੀ ਦੇ ਪੈਰ ਵਿਚ ਬਿੰਦੀ ਲਾ ਕੇ ਜ਼ ਬਣਾਉਣ ਦੀ ਲੋੜ ਪੈਂਦੀ ਹੈ। ਐਵੇਂ ਨਹੀ ਅੰਨ੍ਹੇ ਵਾਹ ਸਾਰੇ ਥਾਂਵਾਂ ਤੇ ਹੀ ਦੇ ਪੈਰ ਵਿਚ ਬਿੰਦੀ ਜੜ ਦੇਣੀ ਚਾਹੀਦੀ। ਅਜਿਹਾ ਕਰਨਾ ਕਤਈ ਗ਼ਲਤ ਹੈ। ਮੇਰੇ ਪੌਣੇ ਕੁ ਚਾਰ ਦਹਾਕੇ ਪਹਿਲਾਂ ਦੇਸ ਛੱਡਣ ਉਪ੍ਰੰਤ, ਇਸ ਜ ਵਾਲ਼ੀ ਬਿੰਦੀ ਦਾ, ਪੰਜਾਬ ਵਿਚਲੇ ਪੜ੍ਹੇ ਲਿਖੇ ਵਿਅਕਤੀ ਏਨਾ ਦੁਰਉਪਯੋਗ ਕਰਨ ਲੱਗ ਪਏ ਹਨ ਕਿ ਕਦੀ ਕਦੀ ਮੈਨੂੰ ਸ਼ੱਕ ਪੈਣ ਲੱਗ ਜਾਂਦਾ ਹੈ ਕਿ ਕਿਤੇ ਮੈ ਹੀ ਗ਼ਲਤ ਨਾ ਹੋਵਾਂ! ਜਦੋਂ ਏਨੇ ਲੋਕ ਕਿਸੇ ਗੱਲ ਨੂੰ ਕਰਨ ਤਾਂ ਸ਼ੱਕ ਪੈਦਾ ਹੋ ਜਾਣਾ ਕੋਈ ਬਹੁਤੀ ਅਣਹੋਣੀ ਗੱਲ ਨਹੀ ਹੁੰਦੀ। ਅਜਿਹਾ ਵੀ ਹੁੰਦਾ ਹੈ ਕਿ ਬਹੁਤੇ ਵਿਅਕਤੀਆਂ ਵੱਲੋਂ ਕਿਸੇ ਗ਼ਲਤੀ ਨੂੰ ਮੁੜ ਮੁੜ ਕਰਨ ਨਾਲ਼ ਉਹ ਦਰੁਸਤ ਹੀ ਮੰਨੀ ਜਾਣ ਲੱਗ ਪੈਂਦੀ ਹੈ। ਮਿਸਾਲ ਵਜੋਂ ਛੇ ਕੁ ਦਹਾਕੇ ਪਹਿਲਾਂ, ਗਿ. ਹੀਰਾ ਸਿੰਘ ਦਰਦ ਵੱਲੋਂ ਕਿਤੇ ਉਰਦੂ ਦੇ ਲਫ਼ਜ਼ ਜਜ਼ਬਾਤ ਨੂੰ ਜਜ਼ਬਾਤਾਂ ਲਿਖਿਆ ਗਿਆ। ਅੱਜ ਬਹੁਤ ਸਾਰੇ ਲਿਖਾਰੀ ਇਉਂ ਹੀ ਲਿਖੀ ਜਾ ਰਹੇ ਹਨ, ਬਿਨਾ ਇਹ ਵਿਚਾਰੇ ਦੇ ਕਿ ਉਰਦੂ ਦੇ ਇਕ ਵਚਨ ਜਜ਼ਬਾ  ਨੂੰ ਬਹੁ ਵਚਨ ਬਣਾਉਣ ਲਈ ਜਜ਼ਬਾਤਾਂ ਲਿਖਣਾ ਗ਼ਲਤ ਹੈ। ਇਸ ਨੂੰ ਜਜ਼ਬਾਤ ਲਿਖਣਾ ਸਹੀ ਹੈ।

ਪਹਿਲਾਂ ਨਾਲ਼ੋਂ ਹੁਣ ਵਧ ਪੰਜਾਬੀ ਦੇ ਸ਼ਬਦ ਜੋੜਾਂ ਵਿਚ ਗ਼ਲਤੀਆਂ ਹੋਣ ਦੇ ਕੁਝ ਕਾਰਨਾਂ ਵਿਚੋਂ ਇਕ ਇਹ ਵੀ ਹੈ ਕਿ ਹਰੇਕ ਲਿਖਾਰੀ ਆਪਣੀ ਸਮਝ ਅਨੁਸਾਰ ਲਿਖਦਾ ਹੈ ਤੇ ਇੰਟਰਨੈਟ ਉਪਰ ਪ੍ਰਕਾਸ਼ਨਾਵਾਂ ਛਪਣ ਕਰਕੇ, ਜੋ ਵੀ ਲੇਖਕ ਲਿਖਦਾ ਹੈ ਓਸੇ ਰੂਪ ਵਿਚ ਛਪ ਜਾਂਦਾ ਹੈ। ਸੰਪਾਦਕਾਂ ਪਾਸ ਨਾ ਸਮਾ ਹੁੰਦਾ ਹੈ ਆਈ ਲਿਖਤ ਨੂੰ ਸੋਧਣ ਦਾ ਤੇ ਨਾ ਹੀ ਉਹ ਇਸ ਦੀ ਲੋੜ ਸਮਝਦੇ ਹਨ। ਇਸ ਲਈ ਇਹਨੀਂ ਦਿਨੀਂ ਇਸ ਪੱਖ ਤੋਂ ਘੀਚਮਚੋਲ਼ਾ ਪਹਿਲਾਂ ਨਾਲ਼ੋਂ ਕਿਤੇ ਵਧ ਹੈ। ਅੰਗ੍ਰੇਜ਼ੀ ਵਾਂਗ ਅਸੀਂ ਸ਼ਬਦ ਜੋੜਾਂ ਦੇ ਸਹੀਪਣ ਨੂੰ ਕਾਇਮ ਰੱਖਣਾ ਜਰੂਰੀ ਨਹੀ ਸਮਝਦੇ। ਫਿਰ ਪੰਜਾਬੀ ਦੇ ਸ਼ਬਦ ਜੋੜਾਂ ਦੀ ਇਕਸਾਰਤਾ ਦਾ ਮਸਲਾ ਅਜੇ ਤੱਕ ਕੋਈ ਸੰਸਥਾ ਸੁਲਝਾ ਨਹੀ ਸਕੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇਸ ਪਾਸੇ ਉਦਮ ਕੀਤਾ ਸੀ ਤੇ 159 ਵਿਦਵਾਨਾਂ ਦੀ ਰਾਇ ਲੈ ਕੇ, ਉਹਨਾਂ ਨੇ ਇਸ ਮਸਲੇ ਬਾਰੇ ਇਕ ‘ਪੰਜਾਬੀ ਸ਼ਬਦ-ਰੂਪ ਅਤੇ ਸ਼ਬਦ-ਜੋੜ ਕੋਸ਼’ ਨਾਮੀ, ਵੱਡਾ ਗ੍ਰੰਥ ਵੀ ਰਚਿਆ ਸੀ ਪਰ ਉਸ ਵਿਚ ਮਿਥੇ ਗਏ ਨਿਯਮਾਂ ਉਪਰ ਵੀ, ਉਸ ਸਮੇ ਸਾਰੇ ਵਿਦਵਾਨਾਂ ਦੀ ਸੰਮਤੀ ਨਹੀ ਸੀ ਹੋ ਸਕੀ। ਇਸ ਤੋਂ ਇਲਾਵਾ ਖ਼ੁਦ ਯੂਨੀਵਰਸਿਟੀ ਆਪਣੀਆਂ ਪ੍ਰਕਾਸ਼ਨਾਵਾਂ ਵਿਚ ਵੀ, ਆਪਣੇ ਬਣਾਏ ਹੋਏ ਨਿਯਮਾਂ ਉਪਰ ਅਮਲ ਨਹੀ ਕਰਦੀ। ਇਸ ਗੱਲ ਦਾ ਕੁਝ ਕੁ ਅਹਿਸਾਸ ਮੈਨੂੰ ਪਹਿਲਾਂ ਇਸ ਗ੍ਰੰਥ ਦੀ ਭੂਮਿਕਾ ਪੜ੍ਹ ਕੇ ਹੋਇਆ ਸੀ। ਮੇਰੀ ਪਿਛਲੀ ਪਟਿਆਲਾ ਫੇਰੀ ਦੌਰਾਨ ਮੈਨੂੰ ਯੂਨੀਵਰਸਿਟੀ ਦੇ ਵਿਦਵਾਨ ਪ੍ਰੋਫੈਸਰਾਂ ਵੱਲੋਂ ਕੁਝ ਗ੍ਰੰਥ ਤੋਹਫ਼ੇ ਵਜੋਂ ਬਖਸ਼ੇ ਗਏ। ਉਹਨਾਂ ਵਿਚੋਂ ਇਕ ਗ੍ਰੰਥ ‘ਸਿੱਖ ਇਤਿਹਾਸ ਦੇ ਚੋਣਵੇਂ ਮੂਲ ਸਰੋਤ’, ਲਿਖਤ ਡਾ. ਗੁਰਬਚਨ ਸਿੰਘ ਨਈਅਰ, ਮੈ ਆਪਣੇ ਨਾਲ਼ ਏਥੇ ਸਿਡਨੀ ਵਿਚ ਵੀ ਲੈ ਆਇਆ। ਹੁਣ ਜਦੋਂ ਮੈ ਇਸ ਕਿਤਾਬ ਨੂੰ ਪੜ੍ਹ ਰਿਹਾ ਹਾਂ ਤਾਂ ਪਤਾ ਲੱਗਿਆ ਕਿ ਜਿੰਨੀ ਯੱਖਣਾ ਪੰਜਾਬੀ ਦੇ ਸ਼ਬਦ ਜੋੜਾਂ ਦੀ ਇਸ ਕਿਤਾਬ ਵਿਚ ਪੁੱਟੀ ਗਈ ਹੈ, ਇਸ ਤੋਂ ਵਧ ਮੈ ਹੋਰ ਕਿਤੇ ਨਹੀ ਵੇਖੀ। ਲੱਗਦਾ ਹੈ ਕਿ ਜਿਵੇਂ ਜੋ ਇਸ ਕਿਤਾਬ ਦੇ ਲੇਖਕ ਨੇ, ਕਾਹਲ਼ੀ ਵਿਚ ਲਿਖ ਦਿਤਾ, ਉਸ ਦੀ ਪਰੂਫ਼ ਰੀਡਿੰਗ ਕਰਕੇ, ਸ਼ਬਦ ਜੋੜਾਂ ਨੂੰ ਸੋਧਣ ਦੀ ਲੋੜ ਹੀ ਨਹੀ ਸਮਝੀ ਗਈ। ਇਹ ਉਸ ਸੰਸਥਾ ਦਾ ਹਾਲ਼ ਹੈ ਜੋ ਕੇਵਲ ਤੇ ਕੇਵਲ ਪੰਜਾਬੀ ਭਾਸ਼ਾ ਦੀ ਸਰਬਪੱਖੀ ਉਨਤੀ ਵਾਸਤੇ ਹੀ ਹੋਂਦ ਵਿਚ ਲਿਆਂਦੀ ਗਈ ਸੀ। ਬਾਕੀ ਅਦਾਰਿਆਂ ਦਾ ਤਾਂ ਫਿਰ ਰੱਬ ਹੀ ਰਾਖਾ ਹੋ ਸਕਦਾ ਹੈ!

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪ੍ਰਕਾਸ਼ਨਾਵਾਂ ਵਿਚ, ਚਾਰ ਕੁ ਦਹਾਕੇ ਪਹਿਲਾਂ, ਬਾਕੀਆਂ ਨਾਲ਼ੋਂ ਸ਼ਬਦ ਜੋੜਾਂ ਦੀ ਸ਼ੁਧਤਾ ਤੇ ਸਰਲਤਾ ਵਧੇਰੇ ਹੋਇਆ ਕਰਦੀ ਸੀ ਪਰ ਹੁਣ ਓਥੇ ਵੀ ਥੋਹੜੇ ਜਿਹੇ ਘਾਟੇ ਨਾਲ਼, ਇਹੋ ਹਾਲ ਹੋ ਗਿਆ ਹੈ।

ਇਸ ਤੋਂ ਇਲਵਾ ਕੁਝ ਸ਼ਬਦ ਪੰਜਾਬੀ ਵਿਚ ਅਜਿਹੇ ਵੀ ਵਰਤੇ ਜਾਂਦੇ ਹਨ ਜਿਨ੍ਹਾਂ ਵਿਚ ਬਿੰਦੀ ਲਾਉਣ ਨਾਲ਼ ਜਾਂ ਨਾ ਲਾਉਣ ਨਾਲ਼, ਉਹਨਾਂ ਦੇ ਅਰਥਾਂ ਵਿਚ ਫਰਕ ਪੈ ਜਾਂਦਾ ਹੈ। ਉਹਨਾਂ ਵਿਚੋਂ ਕੁਝ ਇਸ ਪ੍ਰਕਾਰ ਹਨ:

ਰਾਜ਼ (ਭੇਤ) ਤੇ ਰਾਜ (ਰਿਆਸਤ),
ਜਾਤ (ਜਾਤੀ) ਤੇ ਜ਼ਾਤ (ਨਿਜ),
ਜਨ (ਵਿਅਕਤੀ) ਤੇ ਜ਼ਨ (ਔਰਤ)

ਇਹਨਾਂ ਨੂੰ ਲਿਖਣ ਛਾਪਣ ਵੇਲ਼ੇ, ਅਸੀਂ ਇਹਨਾਂ ਦੇ ਅਰਥਾਂ ਵਿਚ ਕੋਈ ਫਰਕ ਨਹੀ ਸਮਝਦੇ।

ਜੇ ਅਸੀਂ ਇਸ ਗੱਲ ਨੂੰ ਯਾਦ ਰੱਖ ਲਈਏ ਤਾਂ ਬੇਲੋੜੀ ਬਿੰਦੀ ਤੋਂ ਕਿਸੇ ਹੱਦ ਤੱਕ, ਬਲਕਿ ਵਾਹਵਾ ਹੀ, ਸਾਡਾ ਛੁਟਕਾਰਾ ਹੋ ਸਕਦਾ ਹੈ। ਗੱਲ ਇਉਂ ਹੈ ਕਿ ਬੇਲੋੜੇ ਅਧਕ ਵਾਂਗ ਹੀ, ਜਿਥੇ ਸੌ ਫ਼ੀ ਸਦੀ ਸਾਨੂੰ ਯਕੀਨ ਨਾ ਹੋਵੇ ਓਥੇ ਬਿੰਦੀ ਲਾਉਣ ਦੀ ਜ਼ਹਿਮਤ ਅਸੀਂ ਨਾ ਉਠਾਈਏ। ਇਸ ਤੋਂ ਬਿਨਾ ਵੀ ਸਰ ਸਕਦਾ ਹੈ। ਜੇਕਰ ਕਿਤੇ ਬਹੁਤ ਹੀ ਥੋਹੜੇ ਥਾਂਵਾਂ ਉਪਰ ਬਿੰਦੀ ਲਾਉਣੋ ਅਸੀਂ ਉਕ ਵੀ ਗਏ ਤਾਂ ਸਿਆਣਾ ਪਾਠਕ ਖ਼ੁਦ ਹੀ ਇਸ ਦਾ ਸਹੀ ਉਚਾਰਨ ਕਰ ਲਵੇਗਾ। ਜੇ ਬੇਲੋੜੀਆਂ ਫਾਲਤੂ ਬਿੰਦੀਆਂ ਸਾਡੀਆਂ ਲਿਖਤਾਂ ਵਿਚ ਹੋਣ ਦੇ ਬਾਵਜੂਦ ਵੀ ਪਾਠਕ ਇਹਨਾਂ ਲਿਖਤਾਂ ਨੂੰ ਪੜ੍ਹ ਕੇ ਸਮਝ ਲੈਂਦੇ ਹਨ ਤਾਂ ਕਿਤੇ ਰਹਿ ਗਈ ਬਿੰਦੀ ਤੋਂ ਬਿਨਾ ਵੀ ਉਹ ਸਾਰ ਹੀ ਲੈਣਗੇ; ਇਸ ਬਾਰੇ ਸਾਨੂੰ ਬੇਲੋੜੇ ਫਿਕਰ ਦੀ ਲੋੜ ਨਹੀ।

ਗਿ. ਸੰਤੋਖ ਸਿੰਘ




Post Comment

ਮਾਤ-ਭਾਸ਼ਾ ਦੀ ਵਿਰੋਧਤਾ ਨਾ ਕਰੋ। ਇਸ ਦਾ ਸਤਿਕਾਰ ਕਰੋ।


ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਜਿਸ ਤਰ੍ਹਾਂ ਐਮ. ਫਿਲ. ਦੇ ਵਿਦਿਆਰਥੀਆਂ ਦਾ ਪੰਜਾਬੀ ਦਾ ਪਰਚਾ ਲੈਣ ਤੋਂ ਨਾਂਹ-ਨੁੱਕਰ ਕੀਤੀ ਗਈ ਤੇ ਫਿਰ ਜਦੋਂ ਇਸ ਫੈਸਲੇ ਦੀ ਸਾਰੇ ਸੰਸਾਰ ਦੇ ਪੰਜਾਬੀਆਂ ਵੱਲੋਂ ਵਿਰੋਧਤਾ ਕੀਤੀ ਗਈ ਤਾਂ ਇਹ ਫੈਸਲਾ ਵਾਪਸ ਲੈਣਾ ਪਿਆ। ਕਿਸ ਗੱਲ ਕਰਕੇ ਪੰਜਾਬੀ ਬੋਲੀ ਨਾਲ ਇਹ ਵਿਤਕਰੇ ਭਰਿਆ ਫੈਸਲਾ ਲਿਆ ਗਿਆ ਸੀ? ਇਸ ਯੂਨੀਵਰਸਿਟੀ ਦਾ ਨਾਂਅ ਹੈ ਪੰਜਾਬ ਯੂਨੀਵਰਸਿਟੀ ਅਤੇ ਪੰਜਾਬੀ ਨਾਲ ਹੀ ਇਹ ਵਿਤਕਰਾ ਕਿਉਂ ਕੀਤਾ ਗਿਆ? ਪੰਜਾਬ ਦੇ ਸਿੱਖਿਆ ਮੰਤਰੀ ਸ: ਸਿਕੰਦਰ ਸਿੰਘ ਮਲੂਕਾ ਦੀ ਸ਼ਲਾਘਾ ਕਰਨੀ ਬਣਦੀ ਹੈ, ਜਿਨ੍ਹਾਂ ਨੇ ਮਾਤ-ਭਾਸ਼ਾ ਵਿਰੋਧੀ ਫੈਸਲੇ ਦੀ ਪੂਰੀ ਡਟ ਕੇ ਵਿਰੋਧਤਾ ਕੀਤੀ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਨਾਂਅ ਦਾ ਬੋਰਡ ਜੋ ਯੂਨੀਵਰਸਿਟੀ ਦੇ ਬਾਹਰ ਲੱਗਾ ਹੈ, ਉਸ ਉੱਪਰ ਸਭ ਤੋਂ ਪਹਿਲਾਂ ਅੰਗਰੇਜ਼ੀ, ਫਿਰ ਹਿੰਦੀ ਤੇ ਸਭ ਤੋਂ ਹੇਠਾਂ ਲਿਖਿਆ ਹੈ ਪੰਜਾਬੀ ਵਿਚ। ਇਹ ਵੀ ਤਾਂ ਪੰਜਾਬੀ ਬੋਲੀ ਦਾ ਅਪਮਾਨ ਹੀ ਹੈ।

ਅਸੀਂ ਸਾਰੇ ਪੰਜਾਬੀ ਨੂੰ ਪਿਆਰ ਕਰਨ ਵਾਲਿਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣੇ ਘਰਾਂ 'ਚ ਪੰਜਾਬੀ ਨੂੰ ਵਧੇਰੇ ਤਰਜੀਹ ਦਿਆ ਕਰਨ। ਆਪਣੇ ਬੱਚਿਆਂ ਨੂੰ ਅੰਗਰੇਜ਼ੀ ਸਿਖਾਓ, ਹਿੰਦੂ ਪੜ੍ਹਾਓ, ਕੋਈ ਵਿਰੋਧਤਾ ਨਹੀਂ ਪਰ ਮਾਂ-ਬੋਲੀ ਨਾਲ ਪਿਆਰ ਵਧੇਰੇ ਕਰਿਆ ਕਰੋ। ਮੈਂ ਬਹੁਤ ਬੱਚੇ ਅਜਿਹੇ ਦੇਖੇ ਹਨ ਜੋ ਆਪਣੇ ਘਰਾਂ ਵਿਚ ਅੰਗਰੇਜ਼ੀ ਜਾਂ ਹਿੰਦੀ 'ਚ ਗੱਲ ਕਰਦੇ ਹਨ। ਮਾਂ-ਬਾਪ ਵੀ ਪੰਜਾਬੀ ਵਿਚ ਗੱਲ ਕਰਨੀ ਉਨ੍ਹਾਂ ਨਾਲ ਠੀਕ ਨਹੀਂ ਸਮਝਦੇ। ਕੀ ਅਸੀਂ ਸੋਚਦੇ ਹਾਂ ਕਿ ਪੰਜਾਬੀ ਬੋਲਣ ਨਾਲ ਉਹ ਅੰਗਰੇਜ਼ੀ ਭੁੱਲ ਜਾਣਗੇ। ਨਹੀਂ, ਇਹ ਵਹਿਮ ਹੈ। ਬੱਚਾ ਜੋ ਸਿੱਖ ਜਾਂਦਾ, ਉਹ ਭੁਲਾਉਂਦਾ ਨਹੀਂ। ਸਕੂਲ ਵਿਚ ਤਾਂ ਉਨ੍ਹਾਂ ਪੜ੍ਹਨਾ ਹੁੰਦਾ, ਜ਼ਰੂਰੀ ਵੀ ਹੈ ਕਿ ਉਹ ਅੰਗਰੇਜ਼ੀ ਸਿੱਖਣ ਪਰ ਘਰਾਂ ਵਿਚ ਪੰਜਾਬੀ ਨੂੰ ਛੱਡ ਅੰਗਰੇਜ਼ੀ 'ਚ ਗੱਲ ਕਰੀ ਜਾਣਾ ਠੀਕ ਨਹੀਂ।

ਬਹੁਤ ਵਾਰੀ ਮੈਂ ਦੇਖਿਆ ਕਿ ਕਈ ਲੜਕੀਆਂ-ਲੜਕੇ ਪੰਜਾਬੀ ਵਿਚ ਗੱਲ ਕਰਨ ਨੂੰ ਆਪਣੀ ਹੇਠੀ ਸਮਝਦੇ ਹਨ। ਅਗਲਾ ਬੰਦਾ ਭਾਵੇਂ ਉਨ੍ਹਾਂ ਨਾਲ ਪੰਜਾਬੀ ਵਿਚ ਗੱਲ ਕਰ ਰਿਹਾ ਹੋਵੇ, ਉਹ ਹਿੰਦੀ ਵਿਚ ਗੱਲ ਕਰਨ ਲੱਗ ਪੈਂਦੇ ਹਨ। ਉਸ ਸਮੇਂ ਬਹੁਤ ਦੁੱਖ ਲਗਦਾ ਕਿ ਜਾਣ-ਬੁੱਝ ਕੇ ਪੰਜਾਬੀ ਨੂੰ ਵਿਸਾਰਿਆ ਜਾਂਦਾ। ਸਾਡੀ ਮਾਂ-ਬੋਲੀ ਦਾ ਰੁਤਬਾ ਸੰਸਾਰ ਦੀਆਂ ਭਾਸ਼ਾਵਾਂ ਵਿਚ ਆਉਂਦਾ ਹੈ। ਅਸੀਂ ਨਹੀਂ ਚਾਹੁੰਦੇ ਕਿ ਕੋਈ ਇਸ ਦੀ ਮਾਣ-ਮਰਿਆਦਾ ਨੂੰ ਹਾਨੀ ਪਹੁੰਚਾਵੇ।

ਪੰਜਾਬ 'ਚ ਸੈਂਕੜੇ ਚੈਨਲ ਪੰਜਾਬੀ ਦੇ ਚੱਲ ਰਹੇ ਨੇ। ਦੇਖਣ ਵਿਚ ਇਹ ਆਇਆ ਕਿ ਕਈ ਵਾਰ ਜਦੋਂ ਖ਼ਬਰਾਂ ਸਮੇਂ ਕਿਸੇ ਨਾਲ ਕਿਸੇ ਖ਼ਬਰ ਸਬੰਧੀ ਗੱਲਬਾਤ ਕੋਈ ਚੈਨਲ ਵਾਲਾ ਕਰ ਰਿਹਾ ਹੁੰਦਾ, ਉਹ ਪੰਜਾਬੀ ਵਿਚ ਪੁੱਛ ਰਿਹਾ ਹੁੰਦਾ ਤੇ ਦੱਸਣ ਵਾਲੇ ਕਈ ਵਾਰ ਹਿੰਦੀ ਵਿਚ ਦੱਸ ਰਹੇ ਹੁੰਦੇ ਹਨ। ਕਿਉਂ ਕਰਦੇ ਨੇ ਲੋਕ ਇਸ ਤਰ੍ਹਾਂ? ਪੰਜਾਬੀ ਨੂੰ ਹਿੰਦੀ ਵਿਚ ਅਨੁਵਾਦ ਕਿਉਂ ਕੀਤਾ ਜਾਂਦਾ?

ਆਓ ਆਪਾਂ ਸਾਰੇ ਇਹ ਪ੍ਰਣ ਕਰੀਏ ਕਿ ਆਪਣੇ ਘਰਾਂ ਵਿਚ ਪੰਜਾਬੀ ਦਾ ਅਖ਼ਬਾਰ ਜ਼ਰੂਰ ਲਗਵਾਓ। ਘੱਟੋ-ਘੱਟ ਪੰਜਾਬ ਵਿਚ ਤਾਂ ਮਾਂ-ਬੋਲੀ ਦਾ ਸਤਿਕਾਰ ਬਰਕਰਾਰ ਰੱਖੀਏ। ਆਪਣੇ ਘਰਾਂ, ਦਫਤਰਾਂ ਆਦਿ ਵਿਚ ਪੰਜਾਬੀ ਨੂੰ ਵਧੇਰੇ ਤਰਜੀਹ ਦੇਈਏ। ਕੋਸ਼ਿਸ਼ ਕਰੋ ਕਿ ਬੋਰਡ, ਨਾਂਅ-ਪਲੇਟਾਂ ਸਭ ਪੰਜਾਬੀ ਵਿਚ ਬਣਾਏ ਜਾਣ। ਬੱਚਿਆਂ ਨਾਲ ਵੀ ਪੰਜਾਬੀ ਵਿਚ ਗੱਲ ਕਰੋ। ਜਦੋਂ ਕਿਧਰੇ ਮਾਤ-ਭਾਸ਼ਾ ਵਿਰੋਧਤਾ ਹੋਵੇ, ਸਾਰੇ ਡਟ ਜਾਈਏ ਤਾਂ ਜੋ ਕੋਈ ਸਾਡੀ ਬੋਲੀ ਦੀ ਵਿਰੋਧਤਾ ਨਾ ਕਰ ਸਕੇ।

ਸਰਤਾਜ ਸਿੰਘ ਧੌਲ
-ਮੈਲਬੌਰਨ (ਆਸਟ੍ਰੇਲੀਆ)। 
0061-423665354


Post Comment

Thursday, July 26, 2012

ਪੰਜਾਬੀ ਉਪਭਾਸ਼ਾਵਾਂ

ਭਾਰਤੀ ਪੰਜਾਬ ਦੀ 2001 ਵਿਚ ਕੁਲ ਵਸੋਂ 2.42 ਕਰੋੜ ਸੀ ਅਤੇ ਪਾਕਿਸਤਾਨੀ ਪੰਜਾਬ ਦੀ 1997 ਵਿਚ 7.36 ਕਰੋੜ। ਕੁਲ ਭਾਰਤ, ਪਾਕਿਸਤਾਨ ਅਤੇ ਬਾਕੀ ਦੁਨੀਆਂ ਵਿਚ ਪੰਜਾਬੀ ਭਾਸ਼ੀਆਂ ਦੀ ਗਿਣਤੀ 13-14 ਕਰੋੜ ਸਮਝੀ ਜਾਂਦੀ ਹੈ, ਜਿਹੜੀ ਕਿ ਫ਼ਰਾਂਸ ਅਤੇ ਜਰਮਨੀ ਦੀ ਮਿਲਾ ਕੇ ਕੁੱਲ ਆਬਾਦੀ ਨਾਲੋਂ ਥੋੜ੍ਹੀ ਘੱਟ ਹੈ। ਹੁਣ ਸੋਚਿਆ ਜਾਵੇ ਕਿ ਜੇਕਰ ਇਹ 14 ਕਰੋੜ ਲੋਕ ਪੰਜਾਬੀ ਵਿਚ ਪੜ੍ਹ ਲਿਖ ਜਾਣ ਭਾਵੇਂ ਗੁਰਮੁਖੀ, ਸ਼ਾਹਮੁਖੀ ਜਾਂ ਕਿਸੇ ਹੋਰ ਮੁਖੀ ਵਿਚ ਤਾਂ ਇਨ੍ਹਾਂ ਪੜ੍ਹੇ ਲਿਖੇ ਸਮਰੱਥ ਪੰਜਾਬੀਆਂ ਦੀ ਸਭਿਆਚਾਰਕ ਭੁੱਖ ਮਿਟਾਉਣ ਲਈ ਕਿੰਨੀਆਂ ਕਿਤਾਬਾਂ, ਰਸਾਲੇ, ਅਖ਼ਬਾਰਾਂ, ਫ਼ਿਲਮਾਂ, ਸੀਡੀਆਂ, ਡੀਵੀਡੀਆਂ ਬਣ ਕੇ ਵਿਕ ਸਕਦੀਆਂ ਹਨ। ਇਹ ਤਾਂ ਇਕ ਸਭਿਆਚਾਰਕ ਇਨਕਲਾਬ ਵੀ ਨਹੀਂ ਸਗੋਂ ਆਰਥਕ ਇਨਕਲਾਬ ਹੀ ਹੋ ਨਿਬੜੇਗਾ। ਜੇਕਰ ਅਤੇ ਜਦੋਂ ਵੀ ਅਜਿਹਾ ਹੋ ਗਿਆ ਤਾਂ ਪੰਜਾਬੀ ਕੌਮ ਦਾ ਦੁਨੀਆਂ ਭਰ ਵਿਚ ਡੰਕਾ ਵਜਣਾ ਕੁਦਰਤੀ ਹੈ। ਬਹੁਤ ਆਸ਼ਾਵਾਦੀ ਤਾਂ ਇਹ ਕਹਿਣਗੇ ਕਿ ਅਜਿਹਾ ਅੱਜ ਨਹੀਂ ਤਾਂ ਕਲ ਹੋਣ ਹੀ ਵਾਲਾ ਹੈ। ਪਰ ਇਹ ਹੋਣਾ ਲੋੜੀਂਦਾ ਜ਼ਰੂਰ ਹੈ। ਹੇਠਾਂ ਪੰਜਾਬੀ ਦੀਆਂ ਕੁਝ ਉਪ ਭਾਸ਼ਾਂਵਾਂ ਬਾਰੇ ਲਿਖਿਆ ਹੈ


ਮਾਝੀ

'ਮਾਝਾ' ਸ਼ਬਦ ਦਾ ਮੂਲ ਅਰਥ ਹੈ ਮੱਧ, ਭਾਵ ਕੇਂਦਰ, ਵਿਚਕਾਰਲਾ ਜਾਂ ਦਰਮਿਆਨਾ ਹੈ। ਪੰਜਾਬ ਪੰਜ ਦਰਿਆਵਾਂ ਦੀ ਧਰਤੀ ਦਾ ਨਾਂ ਹੈ। ਇਨ੍ਹਾਂ ਪੰਜ ਦਰਿਆਵਾਂ ਵਿੱਚ ਦੋ ਦਰਿਆਵਾਂ ਦਾ ਨਾਂ ਰਾਵੀ ਅਤੇ ਬਿਆਸ ਹੈ। ਇਨ੍ਹਾਂ ਦੋਹਾਂ ਦਰਿਆਵਾਂ ਦੇ ਵਿਚਕਾਰਲੇ ਇਲਾਕੇ ਨੂੰ ਮਾਝਾ ਕਿਹਾ ਜਾਣ ਲੱਗ ਪਿਆ। ਇਸ ਮੱਝਲੇ ਖੇਤਰ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਦਾ ਨਾਂ ਮਾਝੀ ਪੈ ਗਿਆ।
ਖੇਤਰ
ਮਾਝੀ ਹੁਣ ਭਾਰਤੀ ਪੰਜਾਬ ਅਤੇ ਪਾਕਿਸਤਾਨੀ ਪੰਜਾਬ ਦੇ ਆਰਪਾਰ ਦੀਆਂ ਸਰਹੱਦਾਂ ਉੱਤੇ ਬੋਲੀ ਜਾਂਦੀ ਹੈ। ਭਾਰਤੀ ਪੰਜਾਬ ਵਿੱਚ ਮਾਝੀ ਪੂਰੇ ਜ਼ਿਲਾ ਅੰਮ੍ਰਿਤਸਰ, ਗੁਰਦਾਸਪੁਰ ਦੀਆਂ ਦੋ ਤਹਿਸੀਲਾਂ-ਗੁਰਦਾਸਪੁਰ ਅਤੇ ਬਟਾਲਾ ਵਿੱਚ ਬੋਲੀ ਜਾਂਦੀ ਹੈ। ਇਸ ਤੋਂ ਇਲਾਵਾ ਫਿਰੋਜ਼ਪੁਰ ਜ਼ਿਲੇ ਦੇ ਕੁਝ ਖੇਤਰਾਂ ਵਿੱਚ ਵੀ ਮਾਝੀ ਬੋਲੀ ਜਾਂਦੀ ਹੈ। ਬਿਆਸ ਦਰਿਆ ਦੇ ਦੁਆਬੇ ਵਾਲੇ ਪਾਸੇ ਲੱਗਦੇ ਖੇਤਰਾਂ ਵਿੱਚ ਮਾਝੀ ਬੋਲੀ ਜਾਂਦੀ ਹੈ।
ਮਾਝੀ ਦੀਆਂ ਭਾਸ਼ਾਈ ਵਿਸ਼ੇਸ਼ਤਾਵਾਂ
ਧੁਨੀ ਵਿਉਂਤ ਧੁਨੀ ਵਿਉਂਤ ਦੇ ਪੱਖ ਤੋਂ ਸੁਰ (tone) ਮਾਝੀ ਦੀ ਉੱਘੀ ਵਿਸ਼ੇਸ਼ਤਾ ਹੈ। ਮਾਝੀ ਵਿੱਚ ਤਿੰਨ ਸੁਰਾਂ - ਉੱਚੀ, ਨੀਵੀਂ ਅਤੇ ਪੱਧਰੀ ਉਚਾਰੀਆਂ ਜਾਂਦੀਆਂ ਹਨ। ਸੁਰਾੀਂ ਦੀ ਹੋਂਦ ਨਾਦੀ-ਮਹਾਂਪ੍ਰਾਣ ਧੁਨੀਆਂ /ਘ,ਝ,ਢ,ਧ,ਭ/ ਅਤੇ ਸੁਰਯੰਤਰੀ ਧੁਨੀ /ਹ/ ਆਦਿ ਵੱਖ ਵੱਖ ਸਥਿਤੀਆਂ ਉੱਤੇ ਨਿਰਭਰ ਕਰਦਾ ਹੈ। ਮਾਝੀ ਦੇ ਸ਼ਬਦ ਦੀਆਂ ਤਿੰਨੇ ਸਥਿਤੀਆਂ ਵਿੱਚ /ਹ/ ਧੁਨੀ ਸੁਰ ਵਿੱਚ ਬਦਲ ਜਾਂਦੀ ਹੈ। ਮਿਸਾਲ ਵਜੋਂ 'ਹੋਰ' ਦਾ ਮਾਝੀ ਉਚਾਰਨ'ਓਰ੍ਹ', ਤੁਹਾਡਾ ਦਾ 'ਤਿਅ੍ਹਾ ਡਾ' ਅਤੇ 'ਜਾਹ' ਦਾ 'ਜਾਅ੍ਹ' ਹੈ। ਇਸ ਦੇ ਮੁਕਾਬਲੇ ਮਲਵਈ ਵਿੱਚ /ਹ/ ਦਾ ਵਿਅੰਜਨੀ ਸਰੂਪ ਕਈ ਥਾਵਾਂ ਉੱਤੇ ਕਾਇਮ ਰਹਿੰਦਾ ਹੈ।
ਮਾਝੀ ਵਿੱਚ ਦੋਵੇਂ /ਲ/ ਧੁਨੀਆਂ ਫੁਨੀਮਕ ਪੱਖੋਂ ਸਾਰਥਕ ਹਨ। ਮਾਝੀ ਵਿੱਚ ਸਵਰਾਂ ਦਾ 'ਨਿਰਸੰਧੀ' ਝੁਕਾ ਵੀ ਜਾਰੀ ਹੈ ਭਾਵ ਮਾਝੇ ਵਿੱਚ ਆਮ ਤੌਰ ਉੱਤੇ /ਔ/ ਧੁਨੀ ਨੂੰ /ਆਉ/ ਹੀ ਉਚਾਰਦੇ ਹਨ। ਜਿਵੇਂ ਕਰਾਉਣਾ, ਸੁਣਾਉਣਾ ਆਦਿ ਨਿਰਸੰਧੀ ਉਚਾਰਨ ਮਾਝੀ ਹੈ, ਪਰ ਇਸ ਦੇ ਮੁਕਾਬਲੇ ਤੇ ਮਲਵਈ ਵਿੱਚ ਕਰੌਣਾ, ਸਣੌਣਾ ਸੰਧੀਯੁਕਤ ਉਚਾਰਨ ਮਿਲਦਾ ਹੈ। ਉਂਜ ਲਿਖਤ ਵਿੱਚ ਭਾਵੇਂ ਮਲਵਈ ਵੀ ਮਾਝੀ ਵਾਂਗ ਹੀ ਲਿਖੀ ਜਾਂਦੀ ਹੈ। ਆਮ ਪੰਜਾਬੀ ਵਿੱਚ ਨਾਸਕੀ ਵਿਅੰਜਨ ਤਿੰਨ (ਣ, ਨ, ਮ) ਹੀ ਉਚਾਰੇ ਜਾਂਦੇ ਹਨ, ਪਰ ਮਾਝੀ ਵਿੱਚ ਕਿਤੇ ਕਿਤੇ /ਙ/ ਤੇ /ਞ/ ਦੀ ਹੋਂਦ ਵੀ ਹੈ।
ਮਾਝੀ ਵਿਆਕਰਨ
ਵਿਆਕਰਨ ਪੱਖੋਂ ਵੀ ਬਹੁਤੀ ਵੱਖਰਤਾ ਨਹੀਂ ਹੈ, ਬਹੁਤ ਭੇਦ ਉਚਾਰਨ ਅਤੇ ਸ਼ਬਦਾਵਲੀ ਦਾ ਹੀ ਹੁੰਦਾ ਹੈ। ਜਿਵੇਂ ਮਾਝੀ ਦਾ ਬੁਲਾਰਾ 'ਤੁਹਾਡਾ' ਪੜਨਾਂਵ ਨੂੰ ਧਿਆਡਾ, ਧਿਆਡੇ ਅਤੇ ਤੁਹਾਨੂੰ ਦੀ ਥਾਂ ਧਿਆਨੂੰ ਜਾਂ ਤਿਆਨੂੰ ਉਚਾਰਦੇ ਹਨ। ਇਸੇਤਰਾਂ ਮਾਝੀ ਦੇ ਕੁਝ ਸ਼ਬਦ ਬਿਲਕੁਲ ਨਿਵੇਕਲੇ ਹਨ। ਜਿਵੇਂ: ਵਾਂਢੇ, ਸਲੂਣਾ, ਰੁਮਾਨ, ਖੜਨਾ, ਭਾਊ, ਭਾ, ਛਾਹਵੇਲਾ, ਲੌਢਾ ਵੇਲਾ (ਤਰਕਾਲਾਂ), ਗਾੜੀ (ਅੱਗੇ), ਝਬਦੇ (ਛੇਤੀ), ਕੂਣਾ (ਕਹਿਣਾ), ਬੁੱਢੀ (ਘਰਵਾਲੀ), ਯਾਰਾਂ (ਗਿਆਰਾਂ), ਹਵੇਲੀ (ਪਸ਼ੂਆਂ ਦਾ ਵਾੜਾ) ਅਤੇ ਟੱਲੀ (ਲੀਰ) ਆਦਿ ਅਨੇਕ ਸ਼ਬਦ ਹਨ, ਜਿਹੜੀਆਂ ਦੂਜੀਆਂ ਉਪਭਾਸ਼ਾਵਾਂ ਅਤੇ ਸਟੈਂਡਰਡ ਪੰਜਾਬੀ ਵਿੱਚ ਨਹੀਂ ਵਰਤੇ ਜਾਂਦੇ। ਵਿਆਕਰਨ ਦੇ ਪੱਖ ਤੋਂ ਮਾਝੀ ਦੀ ਵਿਲੱਖਣਤਾ ਇਹ ਜ਼ਰੂਰ ਹੈ ਕਿ ਮਾਝੀ ਭਾਸ਼ਾ ਮਲਵਈ ਦੇ ਮੁਕਾਬਲੇ ਸੰਜੋਗਾਤਮਿਕ ਰੁਚੀਆਂ ਦੀ ਧਾਰਨੀ ਹੈ। ਮਾਝੀ ਵਿੱਚ 'ਨੇ' ਸੰਬੰਧਕ ਬਹੁਤ ਘੱਟ ਹੈ। ਮਾਝੀ ਵਿੱਚ /ਉਸ ਕਿਹਾ, ਕਿਨ ਕਿਹਾ, ਇਨ ਕਿਹਾ, ਹੱਥੀਂ ਕੀਤਾ, ਅੱਖੀਂ ਡਿੱਠਾ, ਗੱਡੀਓ ਲੱਥਾ/ ਆਦਿ ਸੰਜੋਗਾਤਮਿਕ ਬਣਤਰਾਂ ਬੋਲਣ ਦੀ ਰੁਚੀ ਹੈ। ਇਸੇਤਰਾਂ ਮਾਝੀ ਦੇ ਭੂਤਕਾਲੀ ਕਿਰਦੰਤ ਰੂਪ ਵੀ ਦੂਜੀਆਂ ਉਪਭਾਸ਼ਾਵਾਂ ਨਾਲੋਂ ਫ਼ਰਕ ਵਾਲੇ ਹਨ। /-ਇਆ/ ਅੰਤਕ ਕਿਰਦੰਤੀ ਰੂਪ ਆਮ ਪੰਜਾਬੀ ਲੱਛਣ ਹਨ। ਜਿਵੇਂ 'ਪੜ੍ਹ' ਤੋਂ 'ਪੜ੍ਹਿਆ, 'ਕਰ' ਤੋਂ 'ਕਰਿਆ ਆਦਿ ਪਰ ਇਨ੍ਹਾਂ ਦਾ ਨਿਕਟ-ਤਤਸਮੀ ਰੂਪ /ਕੀਤਾ, ਸੀਤਾ/ਵੀ ਵਰਤੋਂ ਵਿੱਚ ਆਉਦਾ ਹੈ। ਮਾਝੀ ਵਿੱਚ ਆਮ ਨਾਲੋਂ ਵੱਧ ਅਜਿਹੇ ਰੂਪ ਪਰਚੱਲਿਤ ਹਨ, ਜਿਵੇਂ ਕਿ ਡਿੱਠਾ, ਰਿੱਧਾ, ਧੋਤਾ, ਗੁੱਧਾ ਆਦਿ। ਮਾਝੀ ਵਿੱਚ ਕੁਝ ਹੋਰ ਨਿਵੇਕਲੇ ਤੱਤ ਕਿਰਿਆ ਦੇ ਅਖ਼ੀਰ ਵਿੱਚ ਜੁੜਵੇਂ ਬੋਲੇ ਜਾਂਦੇ ਹਨ। ਜਿਵੇਂ ਕਿ ਆਖਿਆ ਸੂ, ਕੀ ਕੀਤਾ ਸੂ ਆਦਿ।


ਮਲਵਈ ਉਪਭਾਸ਼ਾ
ਮਲਵਈ ਸ਼ਬਦ ਮਾਲਵ ਤੋਂ ਬਣਿਆ ਹੈ। ਮਾਲਵ ਆਰੀਆ ਲੋਕਾਂ ਦੀ ਇੱਕ ਪ੍ਰਾਚੀਨ ਜਾਤੀ ਸੀ। ਮਹਾਂਭਾਰਤ ਵਿੱਚ ਮਾਲਵ ਗਣਰਾਜ ਦਾ ਜ਼ਿਕਰ ਹੋਇਆ ਹੈ। ਮਲਵਈ ਬੋਲੀ ਵਿੱਚ ਪੁਰਾਣੀ ਵੈਦਿਕ ਭਾਸ਼ਾ ਦੇ ਕਈ ਸ਼ਬਦ ਮਿਲਦੇ ਹਨ। ਬੂਹੇ ਜਾਂ ਦਰਵਾਜ਼ੇ ਦੇ ਅਰਥਾਂ ਵਾਲਾ 'ਬਾਰ' ਇੱਕ ਅਜਿਹਾ ਸ਼ਬਦ ਹੈ, ਜੋ ਕਿ ਵੈਦਿਕ ਕਾਲ ਵਿੱਚ ਹਾਸਲ ਹੈ। ਕੁਝ ਹੋਰ ਸ਼ਬਦ ਵੀ ਹਨ, ਜਿਵੇਂ ਕਿ: 'ਪਰਾਰਿ' ਅਤੇ 'ਸਮਾਂ'। 'ਪਰ-ਪਰਾਰ' ਅਤੇ 'ਐਂਤਕੀ ਸਮਾਂ (ਵਰ੍ਹਾ) ਲੱਗ ਗਿਆ' ਮਲਵਈ ਵਿੱਚ ਆਮ ਬੋਲੇ ਜਾਂਦੇ ਹਨ। ਇਨ੍ਹਾਂ ਸ਼ਬਦਾਂ ਦੇ ਅਰਥ ਰਿਗਵੇਦ ਵਿੱਚ ਮਿਲਦੇ ਹਨ।
ਖੇਤਰ
ਜ਼ਿਲਾ ਬਠਿੰਡਾ, ਸੰਗਰੂਰ, ਫ਼ਰੀਦਕੋਟ, ਮੁਕਤਸਰ, ਮੋਗਾ, ਲੁਧਿਆਣਾ ਅਤੇ ਫਿਰੋਜ਼ਪੁਰ ਦਾ ਕੁਝ ਹਿੱਸਾ ਸ਼ਾਮਿਲ ਹੈ। ਪਟਿਆਲੇ ਜ਼ਿਲ੍ਹੇ ਦੀ ਪੱਛਮੀ ਭਾਗ ਵਿੱਚ ਮਲਵਈ ਬੋਲੀ ਜਾਂਦੀ ਹੈ। ਫਾਜ਼ਿਲਕਾ ਵਾਲੇ ਗੁੱਠ ਤੋਂ ਪਾਰ ਪਾਕਿਸਤਾਨ ਵਾਲੇ ਪਾਸੇ ਦੀ ਕੁਝ ਸਿੱਖ-ਹਿੰਦੂ ਵਸੋਂ ਮਲਵਈ ਬੋਲਦੀ ਹੈ। ਮਲਵਈ ਵੱਡੇ ਖੇਤਰ ਵਿੱਚ ਫੈਲੀ ਹੋਣ ਕਰਕੇ ਇਸ ਦੀਆਂ ਅਗਾਂਹ ਕੁਝ ਲਘੂ-ਬੋਲੀਆਂ ਹਨ। ਬਠਿੰਡੇ ਤੋਂ ਉਤਲੇ ਪਾਸੇ ਦੀ ਬੋਲੀ ਨੂੰ 'ਉਤਾੜ' ਕਿਹਾ ਜਾਂਦਾ ਹੈ ਅਤੇ ਫ਼ਰੀਦਕੋਟ ਦੇ ਹੇਠਲੇ ਵਾਲੇ ਪਾਸੇ ਦੀ ਬੋਲੀ ਨੂੰ 'ਹਿਠਾੜ' ਕਹਿੰਦੇ ਹਨ।
ਮਲਵਈ ਭਾਸ਼ਾਈ ਵਿਸ਼ੇਸ਼ਤਾਵਾਂ:
ਇਥੇ ਨਾਦੀ ਮਹਾਂਪ੍ਰਾਣ ਧੁਨੀਆਂ ਦੀ ਬਜਾਏ ਦੀ ਥਾਂ ਸੁਰ ਉਚਾਰੀ ਜਾਂਦੀ ਹੈ। ਪਰ ਸੁਰ ਯੰਤਰੀ ਵਿਅੰਜਨ /ਹ/ ਗੂੜ੍ਹ ਮਲਵਈ ਵਿੱਚ ਆਪਣੇ ਵਿਅੰਜਨੀ ਸਰੂਪ ਵਿੱਚ ਕਾਇਮ ਰਹਿੰਦਾ ਹੈ। ਮਲਵਈ ਵਿੱਚ /ਙ/ ਅਤੇ /ਞ/ ਨਾਸਕੀ ਵਿਅੰਜਨ ਕਿਤੇ ਵੀ ਨਹੀਂ ਬੋਲੇ ਜਾਂਦੇ ਹਨ। ਫ਼ਾਰਸੀ ਧੁਨੀਆਂ /ਫ਼/, /ਖ਼/, /ਗ਼/, /ਜ਼/ ਆਦਿ ਦਾ ਵੱਖਰੇਵਾਂ ਮਲਵਈ ਬੁਲਾਰਿਆਂ ਦੇ ਜ਼ਿਹਨ ਵਿੱਚ ਸਾਰਥਿਕ ਨਹੀਂ ਹੁੰਦਾ। ਮਲਵਈ ਵਿੱਚ ਉਲਟ ਜੀਭੀ ਧੁਨੀਆਂ ਵੱਲ ਮਾਝੀ ਦੇ ਮੁਕਾਬਲੇ ਝੁਕਾ ਵੱਧ ਹੈ। ਜਿਵੇਂ ਕਿ ਤੋਰ ਨੂੰ ਟੋਰ, ਹੇਠਾਂ ਨੂੰ ਢਾਹਾਂ ਮਲਵਈ ਵਿੱਚ ਬੋਲੇ ਜਾਂਦੇ ਹਨ। ਮਲਵਈ ਵਿੱਚ ਮੁੱਢਲਾ ਸਵਰ ਲੋਪ ਕਰਨ ਦਾ ਰੁਝਾਨ ਵਧੇਰੇ ਹੈ। ਜਿਵੇਂ ਕਿ: ਅਨਾਜ ਨੂੰ ਨਾਜ, ਅਖੰਡ ਨੂੰ ਖੰਡ, ਅਦਾਲਤਾਂ ਨੂੰ ਦਾਲਤਾਂ, ਅਨੰਦ ਨੂੰ ਨੰਦ, ਇਲਾਜ ਨੂੰ ਲਾਜ ਅਤੇ ਇਕ ਵੇਰਾਂ ਨੂੰ ਕੇਰਾਂ ਆਦਿ ਬੋਲਿਆ ਜਾਂਦਾ ਹੈ। ਮਲਵਈ ਵਿੱਚ ਵਿਅੰਜਨ-ਧੁਨੀਆਂ ਦਾ ਅੰਤਰ-ਵਟਾਂਦਰਾ ਕਰਨਾ ਵੀ ਆਮ ਹੈ। ਜਿਵੇਂ ਕਿ ਸ਼ੇਰ ਨੂੰ ਛੇਰ, ਛਾਤੀ ਨੂੰ ਸ਼ਾਤੀ, ਸਾਈਕਲ ਨੂੰ ਸ਼ੈਕਲ, ਸ਼ਤਾਨ ਨੂੰ ਛਤਾਨ, ਸਰਦੀ ਨੂੰ ਸ਼ਰਦੀ, ਛਾਂ ਨੂੰ ਸਾਂ, ਸੜਕ ਨੂੰ ਸ਼ੜਕ, ਛਿੱਤਰ ਨੂੰ ਸ਼ਿੱਤਰ ਆਮ ਬੋਲਿਆ ਜਾਂਦਾ ਹੈ। 'ਬਾਂਝ ਔਰਤ' ਵਿੱਚ ਬਾਂਝ ਸ਼ਬਦ ਵੀ 'ਬਾਜ' (ਬਿਨਾਂ) ਦਾ ਮਲਵਈਕਰਨ ਹੀ ਹੈ। ਨਾਸਿਕਤਾ ਸਹਿਤ /ਵ/ ਨੂੰ /ਮ/ ਉਚਾਰਨ ਦਾ ਰੁਝਾਨ ਹੈ। ਜਿਵੇਂ: ਤੀਵੀਂ ਨੂੰ ਤੀਮੀਂ, ਇਵੇਂ ਨੂੰ ਇਮੇ, ਕਿਵੇਂ ਨੂੰ ਕਿਮੇ, ਜਾਵਾਂਗਾ ਨੂੰ ਜਾਮਾਗਾ ਜਾਂ ਖਾਵਾਂਗਾ ਨੂੰ ਖਾਮਾਂਗਾ ਆਦਿ। ਮਲਵਈ ਵਿੱਚ ਅੰਤਮ ਅੱਖਰ ਨੂੰ /ਐ/ ਲਾਉਣ ਦੀ ਬਹੁਤ ਰੁਚੀ ਹੈ। ਜਿਵੇਂ: ਕੀਤੈ, ਗਿਐ, ਆਖਿਐ ਆਦਿ। /ਵ/ ਨੂੰ /ਬ/ ਆਮ ਬੋਲਿਆ ਜਾਂਦਾ ਹੈ, ਜਿਵੇਂ: ਬੱਟਾ, ਬੀਰ, ਬੀਹ, ਬਾਹਗੁਰੂ, ਬੱਢ ਆਦਿ।
ਵਿਆਕਰਨ ਦੇ ਪੱਖ ਤੋਂ ਮਲਵਈ ਦਾ ਸਭ ਤੋਂ ਨਿਆਰਾਪਨ ਇਸ ਦੇ ਨਿਰਾਲੇ ਪੜਨਾਵ ਹਨ। ਜਿਵੇਂ ਕਿ ਤੂੰ ਦੀ ਥਾਂ ਤੈਂ, ਤੁਹਾਡਾ ਦੀ ਥਾਂ ਠੋਡਾ/ਸੋਡਾ, ਤੁਹਾਨੂੰ ਦੀ ਥਾਂ ਥੋਨੂੰ/ਸੋਨੂੰ ਆਦਿ ਕਈ ਰੁਪਾਂਤਰ ਬੋਲੇ ਜਾਂਦੇ ਹਨ। 'ਆਪਣਾ' ਨੂੰ 'ਆਵਦਾ' ਵਰਤਿਆ ਜਾਂਦਾ ਹੈ। ਸਬੰਧਕ ਕਾ-ਕੀ-ਕੇ ਵੀ ਸਿਰਫ਼ ਮਲਵਈ ਵਿੱਚ ਹੀ ਬੋਲੇ ਜਾਂਦੇ ਹਨ। ਜਿਵੇਂ: ਜੈਲੇ ਕਾ ਖੇਤ, ਜੀਤੂ ਕੇ ਮੁੰਡੇ, ਜੀਤ ਕੀ ਬੁੜੀ। 'ਬੁੜੀ' ਸ਼ਬਦ ਵੀ ਸ਼ੁੱਧ ਮਲਵਈ ਹੈ, ਜੋ ਕਿ ਔਰਤਾਂ ਲਈ ਵਰਤਿਆ ਜਾ ਰਿਹਾ ਹੈ।
ਕਿਰਿਆ ਰੂਪੀ ਸ਼ਬਦ ਜਿਵੇਂ ਕਿ ਜਾਊਂ, ਖਾਊਂ, ਕਰੂੰ ਆਦਿ ਵੀ ਟਕਸਾਲੀ ਪੰਜਾਬੀ ਤੋਂ ਵੱਖਰੇ ਹਨ। ਮਲਵਈ ਕਰਮਣੀ ਵਾਚ ਵੀ ਲਹਿੰਦੀ ਨਾਲ
ਕਾਫ਼ੀ ਮਿਲਦਾ ਹੈ। ਜਿਵੇਂ: 'ਏਦਾਂ ਨਹੀਂ ਕਰੀਦਾ -ਖਾਈਦਾ ਜਾਂ ਪੜ੍ਹੀਦਾ ਆਦਿ।
ਮਲਵਈ ਸ਼ਬਦਾਵਲੀ:
ਹਾਜ਼ਰੀ ਰੋਟੀ, ਤਿੱਖੜ ਦੁਪੈਹਰਾ, ਆਥਣ-ਉੱਗਣ, ਵੱਡੇ ਤੜਕੇ, ਨੇਂ ਜਾਣੀਏ, ਬਲਾਂਈ, ਜਮਾ ਈ, ਖਬਣੀ, ਕੇਰਾਂ, ਐਮੇ, ਊਂਈ, ਐਰਕੀ ਜਾਂ ਤੋਕੀ (ਇਸ ਸਾਲ), ਬਗ ਗਿਐ, ਕਾਸ ਨੂੰ ਜਾਨੈਗਾ, ਮੂਹਰੇ, ਜਿੱਦਣ, ਕਿੱਦਣ, ਲੌਣੇ, ਲਵੇ, ਥਾਈਂ, ਖੋਲਾ, ਜਾਣੇ ਖਾਣਿਆਂ, ਵੀਰਾਂ ਵੱਢੀਏ, ਡੁਬੜੀਏ, ਦੋਜਕ ਜਾਣਿਆਂ ਆਦਿ।
ਮਲਵਈ ਵਾਰਤਾਲਾਪ ਦੀ ਵੰਨਗੀ


ਦੁਆਬੀ

ਪੰਜਾਬ ਦੇ ਦੁਆਬੇ ਦੇ ਇਲਾਕੇ ਦੀ ਬੋਲੀ ਨੂੰ ਦੁਆਬੀ ਕਿਹਾ ਜਾਂਦਾ ਹੈ। ਦੁਆਬ ਜਾਂ ਦੁਆਬਾ ਸ਼ਬਦ ਪੰਜ+ਆਬ ਦੀ ਤਰਜ਼ ਉੱਤੇ ਹੀ ਬਣਿਆ ਹੈ। ਦੋਆਬਾ (ਦੋ-ਆਬਾ) ਦੋ ਦਰਿਆਵਾਂ ਦੇ ਵਿਚਲੇ ਖੇਤਰ ਨੂੰ ਕਿਹਾ ਜਾਂਦਾ ਹੈ। ਇਉਂ ਦੁਆਬੀ ਸਤਲੁਜ ਅਤੇ ਬਿਆਸ ਦੇ ਵਿਚਲੇ ਇਲਾਕੇ ਦੀ ਬੋਲੀ ਲਈ ਰੂੜ੍ਹ ਹੋਇਆ ਸ਼ਬਦ ਹੈ।
ਖੇਤਰ: ਹੁਸ਼ਿਆਰਪੁਰ, ਜਲੰਧਰ ਅਤੇ ਕਪੂਰਥਲਾ ਜ਼ਿਲ੍ਹਿਆਂ ਵਿੱਚ ਬੋਲੀ ਜਾਂਦੀ ਹੈ।
ਦੁਆਬੀ ਭਾਸ਼ਾਈ ਵਿਸ਼ੇਸ਼ਤਾਵਾਂ:
ਦੁਆਬੀ ਵਿੱਚ ਤਿੰਨੇ ਸੁਰ - ਉੱਚੀ, ਨੀਵੀਂ ਅਤੇ ਪੱਧਰੀ ਕਾਰਜਸ਼ੀਲ ਹਨ। ਪਰ ਮਲਵਈ ਵਾਂਗ ਦੁਆਬੀ ਵਿੱਚ ਨਾਸਕੀ ਧੁਨੀਆਂ /ਙ/ ਅਤੇ /ਞ/ ਦਾ ਉਚਾਰਨ ਨਹੀਂ ਹੁੰਦਾ ਹੈ। ਦੰਤੀ /ਲ/ ਅਤੇ ਉਲਟ ਜੀਭੀ /ਲ਼/ ਦੋਵੇਂ ਵਿਅੰਜਨ ਧੁਨੀਆਂ ਧੁਨੀਆਤਮਿਕ ਪੱਖੋਂ ਸਾਰਥਿਕ ਅਤੇ ਨਖੇੜੂ ਹਨ। ਦੁਆਬੀ ਵਿੱਚ /ਵ/ ਅਤੇ /ਬ/ ਧੁਨੀਆਂ ਅੰਤਰ-ਵਟਾਂਦਰਾ ਕਰਦੀਆਂ ਹਨ, ਭਾਵ 'ਵਿੱਚ' ਅਤੇ 'ਬਿੱਚ' ਦੋਵੇ ਬੋਲੀਦੇ ਹਨ। ਪਰ ਵਧੇਰੇ ਰੁਝਾਨ /ਬ/ ਦੀ ਹੈ। ਸ਼ਬਦਾਂ ਦੇ ਮੱਧ ਜਾਂ ਅੰਤ ਉੱਤੇ ਨਾਸਿਕਤਾ-ਸਹਿਤ /ਵ/ ਨੂੰ ਜਿੱਥੇ ਮਲਵਈ ਵਿੱਚ /ਮ/ ਬੋਲਿਆ ਜਾਂਦਾ ਹੈ, ਜਿਵੇਂ ਇਮੇਂ, ਕਿਮੇਂ, ਤਿਮੇਂ ਆਦਿ, ਉੱਥੇ ਦੁਆਬੀ ਵਿੱਚ ਵੱਖਰੇ ਸ਼ਬਦ ਹੀ ਪਰਚੱਲਿਤ ਹਨ। ਜਿਵੇਂ: ਇੱਦਾਂ, ਕਿੱਦਾਂ, ਅਤੇ ਜਿੱਦਾਂ ਆਦਿ। ਮਾਝੀ ਦੇ ਉਲਟ ਪਰ ਮਲਵਈ ਵਾਂਗ ਦੁਆਬੀ ਵਿੱਚ ਵੀ ਸ਼ਬਦਾਂ ਵਿੱਚ ਮੱਧਵਰਤੀ ਜਾਂ ਅੰਤਰ /ਰ/ ਨੂੰ ਲੋਪ ਕਰਨ ਦਾ ਰੁਝਾਨ ਹੈ। ਜਿਵੇਂ ਪੋਤਾ, ਦ੍ਹੋਤਾ, ਦਾਤੀ, ਪੁੱਤ, ਸੂਤ ਆਦਿ ਮਾਝੀ ਵਿੱਚ ਪੋਤਰਾ, ਦੋਤ੍ਹਰਾ, ਦਾਤਰੀ, ਪੁੱਤਰ, ਸੂਤਰ ਹਨ।
ਦੁਆਬੀ ਵਿਆਕਰਨ ਬਣਤਰ ਮਲਵਈ ਨਾਲ ਕਾਫ਼ੀ ਮਿਲਦੀ ਹੈ। ਭੂਤਕਾਲੀ ਕਿਰਿਆ ਸੂਚਕ /ਸੀ/ ਨੂੰ ਮਲਵਈ ਵਾਂਗ ਹੀ ਦੁਆਬੀ ਵਿੱਚ ਸੀਗਾ, ਸੀਗੇ, ਸੀਗੀ ਅਤੇ ਸੀਗੀਆਂ ਵਾਂਗ ਵਰਤਿਆ ਜਾਂਦਾ ਹੈ। ਕਰਮਣੀਵਾਚੀ ਅਤੇ ਭਾਵਵਾੀਚੀ ਬਣਤਰਾਂ ਦੁਆਬੀ ਦੀਆਂ ਵੱਖਰੀਆਂ ਹਨ। ਜਿਵੇਂ ਕਿ "ਮੈਥੋਂ ਕੰਮ ਕਰ ਨਹੀਂ ਹੁੰਦਾ, ਫੋਨ ਕੱਟ ਨਹੀਂ ਹੁੰਦਾ, ਜਾਂ ਖਾ ਨਹੀਂ ਹੁੰਦਾ" ਆਦਿ ਪੰਜਾਬੀ ਦੀ ਕਿਸੇ ਉਪਬੋਲੀ ਵਿੱਚ ਨਹੀਂ ਹਨ।
ਉਹ ਗਏ ਓਏ ਆ - ਉਹ ਗਏ ਹੋਏ ਹਨ ਉਹ ਗਏ ਉਈ ਆ- ਉਹ ਗਈ ਹੋਈ ਹੈ। ਸਾਰੀਆਂ ਆਈਆਂ ਆਂ - ਸਾਰੀਆਂ ਆਈਆਂ ਹੋਈਆਂ ਹਨ।
ਦੋਆਬੀ ਨਿਵੇਕਲੀ ਸ਼ਬਦਾਵਲੀ
ਗੱਭੇ (ਦਰਮਿਆਨ), ਘੇ-ਪੇ (ਘਿਉ, ਪਿਉ), ਜਨੇਤ (ਜੰਨ), ਫੇਰੇ (ਅਨੰਦ ਕਾਰਜ), ਬੀਬੀ (ਮਾਂ), ਭਾਜੀ (ਭਰਾ), ਭਾਪਾ, ਭਾਈਆ (ਪਿਤਾ) ਆਦਿ


ਪੁਆਧੀ ਉਪਭਾਸ਼ਾ

ਪੁਆਧ ਦੀ ਜੜ ਸੰਸਕ੍ਰਿਤ ਸ਼ਬਦ "ਪੂਰਵ ਅਰਧ" ਤੋਂ ਸੰਭਵ ਹੈ, ਜਿਸ ਦਾ ਅਰਥ ਹੈ 'ਚੜ੍ਹਦੇ ਵਾਲੇ ਪਾਸੇ ਦਾ ਅੱਧਾ ਹਿੱਸਾ' ਭਾਵ ਕਿ ਪੰਜਾਬ ਦਾ ਅੱਧ। ਪੁਆਧ ਦੇ ਲੋਕਾਂ ਨੂੰ 'ਪੁਆਧੀਏ' ਅਤੇ ਪੁਆਧ ਦੀ ਬੋਲੀ ਨੂੰ ਪੁਆਧੀ ਕਿਹਾ ਜਾਂਦਾ ਹੈ।
ਖੇਤਰ: ਜ਼ਿਲ੍ਹਾ ਰੋਪੜ, ਪਟਿਆਲੇ ਦਾ ਪੂਰਬੀ ਹਿੱਸਾ, ਜ਼ਿਲਾ ਸੰਗਰੂਰ ਦੇ ਮਲੇਰਕੋਟਲਾ ਦਾ ਖੇਤਰ, ਸਤਲੁਜ ਦੇ ਨਾਲ ਲੱਗਦੀ ਜ਼ਿਲ੍ਹਾ ਲੁਧਿਆਣੇ ਦੀ ਗੁੱਠ,
ਅੰਬਾਲੇ ਦਾ ਥਾਣਾ ਸਦਰ ਵਾਲਾ ਪਾਸਾ ਅਤੇ ਜ਼ਿਲ੍ਹਾ ਜੀਂਦ ਦੇ ਕੁਝ ਪਿੰਡ।
ਭਾਸ਼ਾਈ ਵਿਸ਼ੇਸ਼ਤਾਵਾਂ
ਪੰਜਾਬੀ ਦੀਆਂ ਬਾਕੀ ਉਪ-ਭਾਸ਼ਾਵਾਂ ਵਾਂਗ ਪੁਆਧੀ ਵਿੱਚ ਵੀ ਸੁਰ ਮੌਜੂਦ ਹੈ। ਪੁਆਧੀ ਦੀ ਨੀਵੀਂ ਸੁਰ ਦੀ ਵਰਤੋਂ ਮਾਝੀ ਦੀ ਤਰਾਂ ਹੈ ਅਤੇ ਉੱਚੀ ਸੁਰ ਦੀ ਵਰਤੋਂ ਮਲਵਈ ਦੀ ਤਰ੍ਹਾਂ ਹੈ। ਪੱਧਰੀ ਜਾਂ ਸਾਂਵੀਂ ਸੁਰ ਤਿੰਨਾਂ ਵਿੱਚ ਇੱਕੋ ਜਿਹੀ ਹੈ। ਪੁਆਧੀ ਵਿੱਚ ਅੰਤਲਾ /ਹ/ ਨਹੀਂ ਉਚਾਰਿਆ ਜਾਂਦਾ ਹੈ ਅਤੇ ਨਾਸਕੀ ਵਿਅੰਜਨ /ਙ/ ਅਤੇ /ਞ/ ਦੀ ਵਰਤੋਂ ਵੀ ਨਹੀਂ ਹੁੰਦੀ ਹੈ। ਤਾਲਵੀ ਸੰਘਰਸ਼ੀ ਸ਼ਬਦ /ਸ਼/ ਵੀ ਨਹੀਂ ਹੈ, ਕੇਵਲ ਦੰਤੀ /ਸ/ ਹੈ। /ਵ/ ਤੋਂ /ਬ/ ਅਤੇ /ਮ/ ਵਿੱਚ ਰੂਪਾਂਤਰਨ ਮਲਵਈ ਨਾਲੋਂ ਵੱਧ ਹੈ। ਦੋ ਸਵਰਾਂ ਵਿਚਲਾ /ਵ/ ਅਕਸਰ /ਮ/ ਵਿੱਚ ਬਦਲਦਾ ਹੈ। ਜਿਵੇਂ: ਸਬੇਰਾ (ਸਵੇਰਾ), ਸੰਬਾਰ ਕੇ (ਸੰਵਾਰ ਕੇ), ਕਾਮਾ ਰੌਲੀ, ਕੈਮਾਂ (ਕਿੰਨਵਾਂ), ਜਾਮਾਂਗਾ, ਐਮੇ, ਸਮਗਾ (ਸਗਵਾਂ), ਸਿਰਨਾਮਾ, ਜਮਾਈ, ਅਤੇ ਤੀਮੀ ਆਦਿ। ਪੁਆਧੀ ਵਿੱਚ ਬਾਂਗਰੂ (ਹਰਿਆਣਵੀ) ਦੇ ਅਸਰ ਹੇਠ ਕੁਝ ਸ਼ਬਦਾਂ ਦੇ ਮੁੱਢ ਵਿੱਚ ਹਰਸਵ ਸਵਰਾਂ ਦੀ ਦੀਰਘਤਾ ਮਿਲਦੀ ਹੈ। ਜਿਵੇਂ: ਖੂਣੋਂ (ਖੁਣੋ), ਝੂਲ (ਝੁੱਲ), ਊਸਾਰੁ, ਊਹਾਂ, ਈਹਾਂ (ਓਥੇ, ਇਥੇ) ਆਦਿ। ਪੁਆਧੀ ਦੇ ਇੱਕ ਪਾਸੇ ਮਲਵਈ ਅਤੇ ਦੂਜੇ ਪਾਸੇ ਬਾਂਗਰੂ ਹਿੰਦੀ ਹੈ। ਪੁਆਧੀ ਵਿੱਚ ਹਮਾਨੂੰ/ਮ੍ਹਾਨੂੰ ਪੜਨਾਂਵ ਹੈ। ਇਸਤਰਾਂ 'ਬਿੱਚਮਾ' ਪੁਆਧੀ ਦਾ ਸਬੰਧਕ ਹੈ। "ਵਿਚ" ਅਤੇ "ਮਾਂ (ਮੇ)" ਤੋਂ ਬਣਿਆ ਹੈ।
ਹਮ/ਹਮੇਂ (ਅਸੀਂ, ਥਮ/ਥਮੇ (ਤੂੰ, ਤੁਸੀਂ), ਮ੍ਹਾਰੇ/ਥਾਰੇ (ਸਾਡੇ, ਤੁਹਾਡੇ), ਥਾਨੂੰ (ਤੈਨੂੰ), ਇਯੋ (ਇਹ), ਸਾਤੋਂ (ਸਾਥੋਂ) ਆਦਿ ਪੜਨਾਂਵ ਸ਼ਾਮਲ ਹਨ। ਪੁਆਧੀ ਦੇ ਸਬੰਧਕ ਵੀ ਖਾਸ ਹਨ, ਜੋ ਕਿ ਹੋਰ ਪੰਜਾਬੀ ਉਪ-ਭਾਸ਼ਾਵਾਂ ਤੋਂ ਵੱਖਰੇ ਹਨ। ਜਿਵੇਂ ਕਿ: ਗੈਲ (ਨਾਲ), ਲਵੇ (ਨੇੜੇ), ਕੰਨੀਓ (ਪਾਸਿਓ), ਓੜੀ (ਤਰਫ਼)। ਕੁਝ ਕਾਰਕੀ ਸਬੰਧਕ ਵੀ ਵੇਖਣਯੋਗ ਹਨ। ਜਿਵੇਂ ਕਿ: ਕਾਸ ਮਾਂ (ਕਿਸ ਵਿੱਚ), ਕਾਤੇ (ਕਿਸ ਕਰਕੇ), ਕਿੱਕਾ (ਕਿਸ ਕਾ), ਜਾਸ ਨੂੰ (ਜਿਸ ਨੂੰ), ਪਰ (ਉੱਤੇ), ਕਿਨੂੰ (ਕਿਸ ਨੂੰ), ਕ੍ਹੀਨੂੰ (ਕਿਨ੍ਹਾਂ ਨੂੰ) ਆਦਿ।
ਕਿਰਿਆ ਵਿਸ਼ੇਸ਼ਣ: ਇਬ (ਹੁਣ), ਇਬਕੇ (ਐਤਕਾਂ), ਇਕਣ, ਈਕਣ, ਓਗਲ (ਉਦੋਂ) ਕੋਗਲ (ਕਦੋਂ), ਜੋਗਲ (ਜਦੋਂ), ਤੋਗਲ (ਤਦੋਂ) ਆਦਿ।
ਭੂਤਕਾਲੀ ਸਹਾਇਕ ਕਿਰਿਆਵਾਂ ਬਿਲਕੁਲ ਵਖਰੇਵੇਂ ਵਾਲੀਆਂ ਹਨ।
ਜਿਵੇਂ: ਗਿਆ ਤੀ, ਗਏ ਤੇ, ਗਿਆ ਤਾ, ਗਈਆਂ ਤੀਆਂ ਆਦਿ। ਕਈ ਪੁਆਧੀ ਇਕਾਕਿਆਂ ਵਿੱਚ ਥੀ, ਥਾ, ਥੀਆਂ, ਅਤੇ ਥੇ ਵੀ ਬੋਲਦੇ ਹਨ। ਜਾਹਾ (ਜਾਂਦਾ ਹੈ), ਖਾਹਾ (ਖਾਂਦਾ ਹੈ), ਦੇਹਾ (ਦਿੰਦਾ ਹੈ)।
ਪੁਆਧੀ ਵਿੱਚ ਭਵਿੱਖਕਾਲ ਲਈ ਦੋ ਪਿਛੇਤਰ /-ਗ/ ਅਤੇ /-ਐਂ/ ਵਰਤੇ ਜਾਂਦੇ ਹਨ। "ਜੈਲਾ ਖੇਤ ਬਾਹੇਗਾ" ਜਾਂ "ਜੈਲਾ ਖੇਤ ਨਾ ਬਾਹੈ" ਆਦਿ।
ਵਾਰਤਾਲਾਪ ਵੰਨਗੀ:
ਰੈ ਬੰਤਾ ਤੌਂ ਕਿਥੇ ਜਾਹਾਂ? ਕਿਤੇ ਬੀ ਨੀ। ਤੌਂ ਝੂਠ ਕਦ ਤੇ ਬੋਲਣ ਲਗ ਗਿਆ? ਕਿਉਂ ਇਸ ਮਾਂ ਝੂਠ ਕੀ ਕੇੜ੍ਹੀ ਬਾਤ ਐ।
ਪੁਆਧੀ ਨਿਵੇਕਲੀ ਸ਼ਬਦਾਵਲੀ
ਗੋਰੂ (ਡੰਗਰ), ਚਤੌਲੀਆਂ (ਨਵਾਂ ਜੰਮਿਆ ਬੱਚਾ), ਸਿੰਘ ਜੀ (ਸਹੁਰਾ), ਗੰਠ/ਗੱਠ (ਗੰਢ), ਛੋਕੜੀ (ਕੁੜੀ), ਮ੍ਹੈਂਸ (ਮੱਝ), ਘਰੜ (ਅਧਰਿੜਕੀ ਲੱਸੀ), ਚਾਸਣੀ (ਕੜਾਹੀ), ਗੈਂ (ਗਾਊ), ਉਗਣ-ਆਥਨ (ਸਵੇਰ-ਸ਼ਾਮ), ਕਚਰਾ (ਖਰਬੂਜ਼ਾ), ਬਾਂਸਣ (ਭਾਂਡਾ), ਭੱਤ (ਚੌਲ), ਬਿਆਈ (ਸੂਈ ਮੱਝ), ਅਤੇ ਥੌੜ (ਸਥਾਨ)





Post Comment

Monday, June 25, 2012

ਮੁਹਾਵਰੇ ਵਾਕੰਸ਼ (ੲ) ਅਤੇ (ਸ) ਤੋਂ ਸ਼ੁਰੂ ਹੋਣ ਵਾਲੇ (ਸਾਨੂੰ ਮਾਣ ਪੰਜਾਬੀ ਹੋਣ ਦਾ)

ਜਿਸ ਤਰਾ (ਓ) ਅਤੇ (ਅ) ਤੋਂ ਸ਼ੁਰੂ ਹੋਣ ਵਾਲੇ ਮੁਹਾਵਰੇਦਾਰ ਵਾਕੰਸ਼ ਅੱਗੇ ਤੁਹਾਡੀ ਨੰਜਰੀ ਪੇਸ਼ ਕੀਤੇ ਸਨ। ਉਸ ਲੜੀ ਨੂੰ ਅੱਗੇ ਤੋਰਦੇ ਹੋਏ ਅੱਜ (ੲ) ਤੇ (ਸ) ਤੋਂ ਸ਼ੁਰੂ ਹੋਣ ਵਾਲੇ ਮੁਹਾਵਰੇਦਾਰ ਵਾਕੰਸ਼ ਪਾ ਰਹੇ ਹਾਂ ਉਮੀਦ ਹੈ ਦੋਸਤੋ ਕੇ ਤੁਹਾਨੂੰ ਪਸੰਦ ਆਉਣਗੇ।
(ੲ)

ਇੱਕਡ਼-ਦੁੱਕਡ਼ – ਇੱਕ-ਇੱਕ, ਦੋ-ਦੋ ਕਰ ਕੇ।
ਇੱਕ-ਮਿੱਕ, ਇੱਕ ਮੁੱਠ – ਪੂਰਨ ਏਕਤਾ ਤੇ ਪ੍ਰੇਮ ਵਾਲੇ।
ਇੱਕੋ ਢਿੱਡ ਦੇ – ਇੱਕੋ ਮਾਂ ਦੀ ਔਲਾਦ।
ਇੱਟ-ਕੁੱਤੇ (ਇੱਟ-ਘਡ਼ੇ) ਦਾ ਵੈਰ – ਸੁਭਾਵਕ ਤੇ ਡੂੰਘਾ ਵੈਰ।
ਇੱਟ ਖਡ਼ਿੱਕਾ – ਲਡ਼ਾਈ, ਝਗਡ਼ਾ, ਫਸਾਦ।
ਈਦ ਦਾ ਚੰਦ – ਜਿਸ ਦੀ ਬਹੁਤ ਚਾਹ ਨਾਲ ਉਡੀਕ ਕੀਤੀ ਜਾਵੇ ਤੇ ਜੋ ਕਦੀ ਕਦਾਈਂ ਚਿਰਾਂ ਪਿਛੋਂ ਮਿਲੇ।
 (ਸ)
ਸਹਿਜ ਸੁੱਭਾ (ਸੁਭਾਅ)  ਸੌਖੇ ਹੀ, ਸੁਭਾਵਿਕ ਹੀ।
ਸੱਗਾ ਰਿੱਤਾ – ਨੇਡ਼ੇ ਦਾ ਤੇ ਆਦਰ ਭਾੱ ਦਾ ਹੱਕਦਾਰ ਸਨਬੰਧੀ
ਸੱਤਰ੍ਹਿਆ ਬਹੱਤਰ੍ਹਿਆ – ਬਹੁਤ ਬੁੱਢਾ, ਬੁਢੇਪੇ ਕਰਕੇ ਜਿਸ ਦੀ ਅਕਲ ਟਿਕਾਣੇ ਨਾ ਰਹੀ ਹੋਵੇ।
ਸੱਥਰ ਦਾ ਚੋਰ – ਆਪਣੇ ਹੀ ਸਾਥੀਆਂ ਦੀ ਚੋਰੀ ਕਰਨ ਵਾਲਾ।
ਸ਼ਰਮੋਂ ਕੁਸ਼ਰਮੀ – ਆਪਣੀ ਮਰਜ਼ੀ ਤੋਂ ਬਿਨਾਂ, ਲੱਜਿਆ ਦੇ ਵੱਸ ਹੋ ਕੇ।
ਸਾਨ੍ਹਾਂ (ਸੰਢਿਆਂ) ਦਾ ਭੇਡ਼ – ਵੱਡਿਆਂ (ਡਾਢਿਆਂ) ਬੰਦਿਆਂ ਦੀ ਲਡ਼ਾਈ।
ਸਿਆਪੇ ਦੀ ਨੈਣ – ਕਲ੍ਹਾ ਦਾ ਮੂਲ, ਦੋਹਂ ਧਿਰਾਂ ਵਿਚ ਵਰ ਪਾਉਣ ਵਾਲਾ।
ਸਿਰ ਸਡ਼ਿਆ – ਜੋ ਇਕ ਕੰਮ ਨੂੰ ਕਰੀ ਹੀ ਜਾਵੇ ਤੇ ਅੱਕੇ, ਥੱਕੇ ਨਾ।
ਸਿਰ ਕੱਢ – ਪ੍ਰਸਿੱਧ।
ਸਿਰ ਨਾ ਪੈਰ – ਜਿਸ ਗੱਲ ਦਾ ਕੁਝ ਥਹੁ ਪਤਾ ਨਾ ਲੱਗੇ।
ਸਿਰ ਪਰਨੇ – ਸਿਰ ਦੇ ਭਾਰ।
ਸਿਰ ਮੱਥੇ ਤੇ – ਬਡ਼ੀ ਖੁਸ਼ੀ ਨਾਲ।
ਸੁੱਖੀਂ ਲੱਧਾ – ਛਿੰਦਾ – ਸੁੱਖ – ਸੁੱਖ ਕੇ ਲੱਭਾ ਹੋਇਆ।





Post Comment

Saturday, June 23, 2012

ਪੰਜਾਬੀ ਭਾਸ਼ਾ ਵਿਚ ਸ਼ਬਦ-ਜੋੜਾਂ ਦੀ ਸਮੱਸਿਆ

ਪੰਜਾਬੀ ਭਾਸ਼ਾ ਵਿਚ ਸ਼ਬਦ-ਜੋੜਾਂ ਦੀ ਸਮੱਸਿਆ ਪੰਜਾਬੀ ਦੇ ਭਾਸ਼ਾ-ਵਿਗਿਆਨੀਆਂ, ਵਿਦਵਾਨਾਂ, ਲੇਖਕਾਂ,ਅਧਿਆਪਕਾਂ, ਵਿਦਿਆਰਥੀਆਂ ਅਤੇ ਆਮ ਲੋਕਾਂ ਲਈ ਕਾਫੀ ਦੇਰ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਇਸ ਬਾਰੇ ਵੱਖੋ-ਵੱਖਰੇ ਮਤ ਦਿੱਤੇ ਜਾ ਰਹੇ ਹਨ ਜਿੰਨ੍ਹਾਂ ਕਾਰਣ ਇਹ ਭੰਬਲਭੂਸਾ ਘਟਣ ਦੀ ਥਾਂ ਸਗੋਂ ਹੋਰ ਵਧ ਰਿਹਾ ਹੈ। ਇਕੋ ਸ਼ਬਦ ਨੂੰ ਵੱਖੋ-ਵੱਖ ਤਰ੍ਹਾਂ ਨਾਲ ਲਿਖਿਆ ਜਾਂਦਾ ਹੈ ਅਤੇ ਬਹੁਤੇ ਸ਼ਬਦ ਅਕਸਰ ਗਲਤ ਲਿਖੇ ਜਾਂਦੇ ਹਨ। ਤੁਅਜ਼ਬ ਇਸ ਗੱਲ ਦਾ ਹੈ ਕਿ ਇਹ ਗਲਤੀਆਂ ਕੇਵਲ ਸਧਾਰਨ ਲੋਕ ਹੀ ਨਹੀਂ ਕਰਦੇ ਸਗੋਂ ਕਈ ਵਾਰ ਉੱਚ-ਯੋਗਤਾ ਪ੍ਰਾਪਤ ਅਧਿਆਪਕ, ਸਥਾਪਿਤ ਲੇਖਕ, ਕਾਲਮ-ਨਵੀਸ ਅਤੇ ਪ੍ਰਸਿਧ ਵਿਦਵਾਨ ਵੀ ਇਹਨਾਂ ਦਾ ਸ਼ਿਕਾਰ ਹੋ ਜਾਂਦੇ ਹਨ। ਹੋਰ ਤਾਂ ਹੋਰ ਪੰਜਾਬੀ ਦੇ ਨਾਮੀ-ਗਰਾਮੀ ਅਖ਼ਬਾਰਾਂ ਅਤੇ ਰਸਾਲਿਆਂ ਵਿਚੋਂ ਵੀ ਅਜਿਹੀਆਂ ਅਨੇਕਾਂ ਗਲਤੀਆਂ ਲੱਭੀਆਂ ਜਾ ਸਕਦੀਆਂ ਹਨ ਭਾਵੇਂ ਉਹ ਸਰਕਾਰੀ ਜਾਂ ਗੈਰ-ਸਰਕਾਰੀ ਵਿਗਿਆਪਨਾਂ ਵਿਚ ਹੋਣ ਭਾਵੇਂ ਪੱਤਰਕਾਰਾਂ ਦੁਆਰਾ ਭੇਜੇ ਗਏ ਮਸਾਲੇ ਵਿਚ।
ਇਹ ਸਮੱਸਿਆ ਦੇ ਭਾਵੇਂ ਬਹੁਤ ਸਾਰੇ ਕਾਰਣ ਹੋ ਸਕਦੇ ਹਨ ਪਰ ਇਸ ਦਾ ਮੁੱਖ ਕਾਰਣ ਇਕ ਹੀ ਹੈ ਅਤੇ ਉਹ ਹੈ ਸਾਡੀ ਇਸ ਸਮੱਸਿਆ ਪ੍ਰਤੀ ਉਦਾਸੀਨਤਾ ਅਤੇ ਲਾਪਰਵਾਹੀ। ਸਾਡਾ ਦੁਖਾਂਤ ਹੀ ਇਹ ਹੈ ਕਿ ਅਸੀਂ ਇਸ ਪ੍ਰਤੀ ਕਿਸੇ ਵੀ ਪੱਧਰ ਤੇ ਉਤਨੇ ਸੰਜੀਦਾ ਨਹੀਂ ਹਾਂ ਜਿੰਨੇ ਸਾਨੂੰ ਹੋਣਾ ਚਾਹੀਦਾ ਹੈ ਅਸੀਂ ਨਾ ਤਾਂ ਹਾਲੇ ਤੱਕ ਆਪਣੇ ਸ਼ਬਦਾਂ ਦਾ ਮਿਆਰੀਕਰਨ ਕਰ ਸਕੇ ਹਾਂ ਅਤੇ ਨਾ ਹੀ ਆਪਣੀਆਂ ਵਿਦਿਅਕ ਸੰਸਥਾਵਾਂ ਵਿਚ ਸ਼ਬਦ-ਜੋਡ਼ਾਂ ਦੀ ਸ਼ੁਧਤਾ ਤੇ ਉਨਾ ਜ਼ੋਰ ਦਿੰਦੇ ਹਾਂ ਜਿੰਨਾ ਦਿੱਤਾ ਜਾਣਾ ਚਾਹੀਦਾ ਹੈ ਉਦਾਹਰਣ ਵਜੋਂ, ਕੀ ਅਸੀਂ ਆਪਣੇ ਸਕੂਲਾਂ ਜਾਂ ਘਰਾਂ ਵਿਚ ਕਦੀ ਇਹ ਯਤਨ ਕਰਦੇ ਹਾਂ ਕਿ ਜਿਸ ਤਰ੍ਹਾਂ ਅੰਗਰੇਜ਼ੀ ਦੇ ਇਕੱਲੇ ਇਕੱਲੇ ਸ਼ਬਦ ਦੇ ਸਪੈਲਿੰਗਾਂ ਨੂੰ ਬਚਪਨ ਤੋਂ ਹੀ ਰੱਟਾ ਲਗਵਾਇਆ ਜਾਂਦਾ ਹੈ, ਉਸ ਤਰ੍ਹਾਂ ਹੀ ਪੰਜਾਬੀ ਸ਼ਬਦਾਂ ਦੇ ਸਪੈਲਿੰਗਾਂ ਦਾ ਵੀ ਬੋਲ ਕੇ ਜਾਂ ਲਿਖ ਕੇ ਅਭਿਆਸ ਕਰਵਾਇਆ ਜਾਵੇ। ਅੱਜ ਅੰਗਰੇਜ਼ੀ ਸਿੱਖਣ-ਸਿਖਾਉਣ ਦਾ ਪ੍ਰਬੰਧ ਤਾਂ ਰਾਜ ਦੇ ਹਰ ਗਲੀ ਮੁਹੱਲੇ ਵਿਚ ਹੈ ਅਤੇ ਇਹ ਬਹੁਤ ਚੰਗੀ ਗੱਲ ਹੈ, ਕਿਉਂਕਿ ਅਜੋਕੇ ਵਿਸ਼ਵੀਕਰਨ ਅਤੇ ਉਦਾਰੀਕਰਨ ਦੇ ਯੁੱਗ ਵਿਚ ਇਸ ਅੰਤਰ-ਰਾਸ਼ਟਰੀ ਭਾਸ਼ਾ ਦੀ ਜਾਣਕਾਰੀ ਤੋਂ ਬਿਨਾ ਵਿਕਾਸ ਸੰਭਵ ਨਹੀਂ ਹੈ।ਮੈਂ ਇਸ ਦੇ ਕਦਾਚਿਤ ਖਿਲਾਫ ਨਹੀਂ ਹਾਂ, ਸਗੋਂ ਮੈਂ ਤਾ ਸਾਰੀ ਉਮਰ ਪਡ਼੍ਹਾਈ ਹੀ ਅੰਗਰੇਜ਼ੀ ਹੈ, ਪਰ ਕੀ ਅਸੀਂ ਕਦੀ ਪੰਜਾਬੀ ਸਿਖੱਣ-ਸਿਖਾਉਣ ਲਈ ਵੀ ਕੁਝ ਉਪਰਾਲੇ ਕਰਨ ਬਾਰੇ ਸੋਚਿਆ ਹੈ ? ਨਤੀਜਾ ਇਹ ਹੈ ਕਿ ਸਾਡੇ ਵਿਦਿਆਰਥੀ ਅੰਗਰੇਜ਼ੀ ਦੇ ਤਾਂ ਭਾਵੇਂ ਦਸ ਵਿਚੋਂ ਦਸ ਸ਼ਬਦ ਸ਼ੁੱਧ ਲਿਖ ਦੇਣ ਪਰ ਪੰਜਾਬੀ ਦੇ ਕਈ ਵਾਰ ਦਸ ਵਿਚੋਂ ਚਾਰ ਸ਼ਬਦ ਵੀ ਸ਼ੁੱਧ ਨਹੀਂ ਲਿਖ ਸਕਦੇ। ਜਿਥੋਂ ਤੱਕ ਸਾਡੇ ਪਿੰਡਾਂ ਦੇ ਸਰਕਾਰੀ ਸਕੂਲਾਂ ਦਾ ਸਬੰਧ ਹੈ ਉਹਨਾਂ ਦੇ ਬਹੁਤੇ ਵਿਦਿਆਰਥੀ ਤਾਂ ਵਿਚਾਰੇ ਨਾ ਪੰਜਾਬੀ ਠੀਕ ਲਿਖ ਸਕਦੇ ਹਨ ਅਤੇ ਨਾ ਅੰਗਰੇਜ਼ੀ।
ਪੰਜਾਬੀ ਮੁੱਖ ਤੌਰ ਤੇ ਧੁਨੀਆਤਮਕ (Phonetic) ਭਾਸ਼ਾ ਹੈ। ਇਸ ਦਾ ਭਾਵ ਹੈ ਕਿ ਇਸ ਭਾਸ਼ਾ ਨੂੰ ਜਿਵੇਂ ਬੋਲਿਆ ਜਾਂਦਾ ਹੈ ਆਮ ਤੌਰ ਤੇ ਉਸ ਤਰ੍ਹਾਂ ਹੀ ਲਿਖਿਆ ਜਾਂਦਾ ਹੈ  ਜਾਂ ਇਸ ਤਰ੍ਹਾਂ ਕਹਿ ਲਈਏ ਕਿ ਕੋਈ ਸ਼ਬਦ ਜਿਸ ਤਰ੍ਹਾਂ ਲਿਖਿਆ ਹੁੰਦਾ ਹੈ ਅਸੀਂ ਉਸ ਦਾ ਉਚਾਰਣ ਵੀ ਉਸੇ ਤਰ੍ਹਾਂ ਹੀ ਕਰਦੇ ਹਾਂ। ਇਸ ਵਿਚ ਨਾ ਤਾਂ ਕੋਈ ਖਾਮੋਸ਼ (Silent) ਅੱਖਰਾਂ ਦੀ ਸਮੱਸਿਆ ਹੈ ਅਤੇ ਨਾ ਹੀ ਵਾਧੂ ਅੱਖਰਾਂ ਦੀ। ਨਿਰਸੰਦੇਹ, ਇਸ ਵਿਚ ਕੁਝ ਅੱਖਰ ਜਿਵੇਂ  ਕਿ ਹ, ਘ, ਝ, ਢ, ਧ, ਭ ਅਤੇ ਯ ਆਦਿ ਅਜਿਹੇ ਹਨ ਜਿੰਨ੍ਹਾਂ ਨੂੰ ਜੇਕਰ ਸ਼ਬਦ ਦੇ ਸ਼ੁਰੂ ਵਿਚ ਵਰਤਿਆ ਜਾਵੇ ਤਾਂ ਉਹਨਾਂ ਦੀ ਧੁਨੀ ਵੱਖਰੀ ਹੁੰਦੀ ਹੈ ਅਤੇ ਜੇਕਰ ਉਹਨਾਂ ਨੂੰ ਸ਼ਬਦਾਂ ਦੇ ਵਿਚਕਾਰ ਜਾਂ ਅਖੀਰ ਤੇ ਵਰਤਿਆ ਜਾਵੇ ਤਾਂ  ਉਹ ਵੱਖਰੀ ਅਵਾਜ਼ ਦਿੰਦੇ ਹਨ। ਉਦਾਹਰਣ ਵਜੋਂ ਚਾਹ ਅਤੇ ਹਾਰ, ਘੋਡ਼ਾ ਅਤੇ ਸਿੰਘ, ਝਾਵਾਂ ਅਤੇ ਵੰਝ, ਢੋਲਕ ਅਤੇ ਵਾਢੀ, ਧੋਬੀ ਅਤੇ ਬੁੱਧੀ, ਯੁੱਗ ਅਤੇ ਆਯਾ ਆਦਿ ਜੋਡ਼ਿਆਂ ਵਿਚ ਵਰਤੇ ਗਏ ਇਹ ਅੱਖਰ ਵੱਖਰੀ-ਵੱਖਰੀ ਅਵਾਜ਼ ਦਿੰਦੇ ਹਨ। ਇਸੇ ਤਰ੍ਹਾਂ ਅਸੀਂ ਲਿਖਦੇ ਪਡ਼੍ਹਾਈ ਹਾਂ ਅਤੇ ਬੋਲਦੇ ਭਡ਼ਾਈ ਹਾਂ, ਲਿਖਦੇ ਭਰਪੂਰ ਹਾਂ ਅਤੇ ਬੋਲਦੇ ਭਰਭੂਰ ਹਾਂ, ਲਿਖਦੇ ਠੰਢ ਹਾਂ ਅਤੇ ਬੋਲਦੇ ਠੰਡ ਹਾਂ ਆਦਿ।ਬਹੁਤ ਸਾਰੇ ਸ਼ਬਦਾਂ ਜਿਵੇਂ ਕਿ ਮਾਮਾ, ਸਿਨੇਮਾ, ਲੰਮਾ, ਨਾਨਾ, ਕਾਨਾ, ਗਾਨਾ, ਖਿਮਾ, ਕਹਿਣਾ, ਸਹਿਣਾ ਆਦਿ ਵਿਚ ਬਿੰਦੀ ਦੀ ਧੁਨੀ ਉਚਾਰੀ ਜਾਂਦੀ ਹੈ ਪਰ ਲਿਖਣ ਵਿਚ ਬਿੰਦੀ ਦਾ ਪ੍ਰਯੋਗ ਨਹੀਂ ਹੁੰਦਾ।
ਪਰ ਅਜਿਹੀਆਂ ਉਦਾਹਰਣਾ ਬਹੁਤ ਜ਼ਿਆਦਾ ਨਹੀਂ ਹਨ, ਇਹਨਾਂ ਨੂੰ ਅਭਿਆਸ ਰਾਹੀਂ ਸਿੱਖਿਆ ਜਾ ਸਕਦਾ ਹੈ ਅਤੇ ਇਹਨਾਂ ਨਾਲ ਭਾਸ਼ਾ ਦੇ ਬੁਨਿਆਦੀ ਧੁਨੀਆਤਮਕ ਚਰਿੱਤਰ ਤੇ ਕੋਈ ਖਾਸ ਅਸਰ ਨਹੀਂ ਪੈਂਦਾ। ਕਿਸੇ ਵੀ ਭਾਸ਼ਾ ਦਾ ਇਹ ਇਕ ਬਹੁਤ ਵਧੀਆ ਗੁਣ ਹੁੰਦਾ ਹੈ ਕਿਉਂਕਿ ਇਸ ਨਾਲ ਉਸ ਭਾਸ਼ਾ ਨੂੰ ਪਡ਼੍ਹਨਾ-ਲਿਖਣਾ ਅਤੇ ਸਿੱਖਣਾ-ਸਿਖਾਉਣਾ ਬਹੁਤ ਸੌਖਾ ਹੋ ਜਾਂਦਾ ਹੈ। ਇਸ ਦੇ ਉਲਟ ਅੰਗਰੇਜ਼ੀ ਅਤੇ ਲਗਭਗ ਸਾਰੀਆਂ ਹੀ ਯੂਰਪੀਨ ਭਾਸ਼ਾਵਾਂ ਵਿਚ ਬਹੁਤ ਸਾਰੇ ਸ਼ਬਦ ਅਜਿਹੇ ਹਨ ਜੋ ਧੁਨੀਆਤਮਕ ਨਹੀਂ ਹਨ। ਉਹਨਾਂ ਵਿਚ ਲਿਖਿਆ ਕੁਝ ਹੋਰ ਹੁੰਦਾ ਹੈ ਅਤੇ ਪਡ਼੍ਹਿਆ ਕੁਝ ਹੋਰ ਜਾਂਦਾ ਹੈ।
ਇਹ ਵੀ ਮੰਨਣਯੋਗ ਹੈ ਕਿ ਸਾਡੀ ਭਾਸ਼ਾ ਵਿਚ ਕੁਝ ਹੋਰ ਗੁੰਝਲਾਂ ਵੀ ਹਨ – ਜਿਵੇਂ ਪੈਰ ਬਿੰਦੀ ਅਤੇ ਪੈਰ ਵਿਚ ਪੈਣ ਵਾਲੇ ਅੱਖਰਾਂ ਸਬੰਧੀ ਗੁੰਝਲਾਂ – ਪਰ ਫਿਰ ਵੀ ਦੂਜੀਆਂ ਭਾਸ਼ਾਵਾਂ ਦੇ ਮੁਕਾਬਲੇ ਵਿਚ ਇਸ ਨੂੰ ਸਿੱਖਣਾ ਸਰਲ ਹੈ। ਦੂਜੀ ਦਲੀਲ ਇਹ ਦਿੱਤੀ ਜਾਂਦੀ ਹੈ ਕਿ ਜਿੰਨੀਆਂ ਧੁਨੀਆਂ ਦਾ ਉਚਾਰਣ ਪੰਜਾਬੀ ਲੋਕ ਕਰ ਸਕਦੇ ਹਨ ਉਨੀਆਂ ਧੁਨੀਆਂ ਦਾ ਉਚਾਰਣ ਸ਼ਾਇਦ ਹੀ ਵਿਸ਼ਵ ਦੇ ਕਿਸੇ ਹੋਰ ਖਿੱਤੇ ਦੇ ਲੋਕ ਕਰ ਸਕਦੇ ਹੋਣ ਜਿਸ ਕਾਰਣ ਅਸੀਂ ਸ਼ਬਦ-ਜੋਡ਼ਾਂ ਵਿਚ ਕੁਝ ਕਠਿਨਾਈ ਮਹਿਸੂਸ ਕਰਦੇ ਹਾਂ। ਮਿਸਾਲ ਵਜੋਂ ਙ, ਞ, ਣ ਅਤੇ ਤਾਲਵੀ ਲ ਦੀਆਂ ਧੁਨੀਆਂ ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਗਿਣਤੀ ਤਾਂ ਬਹੁਤ ਹੀ ਘੱਟ ਹੈ ਪਰ ਇਸ ਦੇ ਜਵਾਬ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਜੇਕਰ ਸਾਡੇ ਪਾਸ ਕੁਝ ਵਾਧੂ ਧੁਨੀਆਂ ਹਨ ਤਾਂ ਸਾਡੇ ਪਾਸ ਲਿਪੀ ਸੰਕੇਤਾਂ ਦੀ ਵੀ ਕਮੀ ਨਹੀਂ ਅਤੇ ਅੰਗਰੇਜ਼ੀ ਦੇ ਕੇਵਲ ਛੱਬੀ ਅੱਖਰਾਂ ਦੀ ਬਜਾਇ ਸਾਡੇ ਪਾਸ ਪੈਂਤੀ ਮੂਲ ਅੱਖਰ, ਪੈਰ ਬਿੰਦੀ ਵਾਲੇ “ਲ” (Palatal ‘L’) ਸਮੇਤ ਛੇ ਪੈਰ ਬਿੰਦੀ ਵਾਲੇ “ਨਵੀਨ ਟੋਲੀ” ਦੇ ਅੱਖਰ ਅਤੇ ਦਸ ਲਗਾਂ-ਮਾਤਰਾਂ (ਕੁਝ ਵਿਦਵਾਨਾਂ ਅਨੁਸਾਰ ਨੌਂ) ਵੱਖਰੀਆਂ ਹਨ। ਇਸ ਵਿਸ਼ੇ ਤੇ ਹੋਰ ਬਹਿਸ ਨੂੰ ਵਿਦਵਾਨਾਂ ਲਈ ਛੱਡਦੇ ਹੋਏ ਅਸੀਂ ਕੁਝ ਵਿਵਹਾਰਿਕ ਸਮੱਸਿਆਵਾਂ ਵੱਲ ਪਰਤਦੇ ਹਾਂ।
ਮੇਰੇ ਅਨੁਭਵ ਅਨੁਸਾਰ ਪੰਜਾਬੀ ਵਿਚ ਸ਼ਬਦ-ਜੋਡ਼ਾਂ ਦੀਆਂ ਸਭ ਤੋਂ ਵੱਧ ਗਲਤੀਆਂ ਪੈਰ ਬਿੰਦੀ ਵਾਲੇ ਅੱਖਰਾਂ,ਅੱਧਕ ਵਾਲੇ ਸ਼ਬਦਾਂ ਅਤੇ ਨ, ਣ ਦੀ ਵਰਤੋਂ ਵਾਲੇ ਸ਼ਬਦਾਂ ਵਿਚ ਹੁੰਦੀਆਂ ਹਨ। ਉਦਾਹਰਣ ਵਜੋਂ ਮੂਲ ਸ਼ਬਦ ਸ਼ਖ਼ਸ ਹੈ ਜਿਸ ਦਾ ਭਾਵਾਚਕ ਨਾਂਵ ਸ਼ਖ਼ਸੀਅਤ ਬਣਦਾ ਹੈ ਪਰ ਇਸ ਵਿਚ ਬਿੰਦੀ ਜਾਂ ਤਾਂ ਦੂਜੇ ‘ਸ’ ਦੇ ਪੈਰ ਵਿਚ ਲਗਾ ਦਿੱਤੀ ਜਾਂਦੀ ਹੈ ਜਾਂ ਫਿਰ ਦੋਨੋ ਸੱਸਿਆਂ ਦੇ ਪੈਰ ਵਿਚ ਜੋ ਸਰਾਸਰ ਗਲਤ ਹੈ। ਇਸੇ ਤਰ੍ਹਾਂ ਸ਼ਾਸਨ,ਸ਼ਾਸਕ, ਸ਼ਸਤਰ (ਹਥਿਆਰ), ਸ਼ਾਸਤਰ, ਸੁਸ਼ੀਲ, ਸ਼ਿਸ਼ਟ, ਸ਼ੋਸ਼ਣ, ਸ਼੍ਰੇਸ਼ਟ, ਸ਼੍ਰਿਸ਼ਟੀ, ਸ਼੍ਰੇਣੀ, ਸ਼ਰਮਸਾਰ,ਸਾਜਿਸ਼, ਪ੍ਰਸ਼ਾਸਕ, ਪ੍ਰਸ਼ਾਸਨ, ਪ੍ਰਸ਼ੰਸਾ, ਪ੍ਰਕਾਸ਼, ਪਸ਼ੂ, ਵਿਸ਼ਵਾਸ, ਕਿਸ਼ਤੀ, ਕੋਸ਼ਿਸ਼, ਨਿਸ਼ਚਾ, ਰਿਸ਼ਤਾ,ਮਾਲਿਸ਼, ਆਦੇਸ਼, ਆਦਿ ਸ਼ਬਦਾਂ ਵਿਚੋਂ ਜੋਕਰ ਪੈਰ ਬਿੰਦੀ ਹਟਾ ਦਿੱਤੀ ਜਾਵੇ ਜਾਂ ਕਿਸੇ ਹੋਰ ਥਾਂ ਲਗਾ ਦਿੱਤੀ ਜਾਵੇ ਤਾਂ ਉਹ ਗਲਤ ਹੋਵੇਗੀ। ਸ੍ਰੀ ਅਤੇ ਸ਼੍ਰੀ ਦੋਨੋ ਹੀ ਆਦਰ ਬੋਧਕ ਸ਼ਬਦ ਹਨ। ਸ੍ਰੀ ਦੀ ਵਰਤੋਂ ਆਮ ਤੌਰ ਤੇ ਗੁਰੂਆਂ-ਪੀਰਾਂ, ਸੰਤਾਂ-ਮਹੰਤਾਂ, ਰਾਜਿਆਂ-ਮਹਾਰਾਜਿਆਂ, ਤੀਰਥ-ਅਸਥਾਨਾਂ, ਧਰਮ-ਗ੍ਰੰਥਾਂ, ਜਾਂ ਅਧਿਆਪਕਾਂ ਦੇ ਨਾਵਾਂ ਅੱਗੇ ਕੀਤੀ ਜਾਂਦੀ ਹੈ। ਭਾਈ ਕਾਹਨ ਸਿੰਘ ਨਾਭਾ ਅਨੁਸਾਰ ਸ੍ਰੀ ਦਾ ਇਕ ਅਰਥ ਲੱਛਮੀ ਹੈ ਅਤੇ ਜਦ ਅਸੀ ਤਲਵਾਰ ਜਾਂ ਖਡ਼ਗ ਨੂੰ ਸ੍ਰੀ ਸਾਹਿਬ ਕਹਿੰਦੇ ਹਾਂ ਤਾਂ ਸਾਡਾ ਭਾਵ ਸ੍ਰੀ ਦਾ ਸਾਹਿਬ ਅਰਥਾਤ ਲੱਛਮੀ ਦਾ ਪਤੀ ਹੁੰਦਾ ਹੈ। ਸ੍ਰੀ ਦਾ ਸ਼ਾਬਦਿਕ ਅਰਥ ਸੋਭਾ ਵਾਲਾ, ਉੱਚੀ ਪਦਵੀ ਵਾਲਾ ਜਾਂ ਧਨ ਵਾਲਾ ਆਦਿ ਹੁੰਦਾ ਹੈ।ਇਸ ਦਾ ਭਾਵ ਹੈ ਕਿ ਸ਼੍ਰੀ  ਕੇਵਲ ਆਦਰ ਸੂਚਕ ਸ਼ਬਦ ਹੈ ਜਦਕਿ ਸ੍ਰੀ ਆਦਰ ਦੇ ਨਾਲ-ਨਾਲ ਮਹਾਨਤਾ ਵੱਲ ਵੀ ਸੰਕੇਤ ਕਰਦਾ ਹੈ। ਇਸ ਲਈ Sir ਅਤੇ Madam ਲਈ ਸ਼੍ਰੀਮਾਨ ਅਤੇ ਸ਼੍ਰੀਮਤੀ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ, ਸ੍ਰੀਮਾਨ ਅਤੇ ਸ੍ਰੀਮਤੀ ਦੀ ਨਹੀਂ। ਰਿਸ਼ਤੇ ਨੂੰ ਵਧੇਰੇ ਆਦਰਯੋਗ ਢੰਗ ਨਾਲ ਪ੍ਰਗਟ ਕਰਨ ਲਈ ਉਸ ਦੇ ਪਿੱਛੇ ਸ਼੍ਰੀ ਲਗਾਇਆ ਜਾ ਸਕਦਾ ਹੈ ਜਿਵੇਂ ਕਿ ਮਾਤਾ ਸ਼੍ਰੀ, ਪਿਤਾ ਸ਼੍ਰੀ, ਭਰਾਤਾ ਸ਼੍ਰੀ ਅਤੇ ਭਾਬੀ ਸ਼੍ਰੀ ਆਦਿ।ਜੇਕਰ ਕਿਸੇ ਮਹਾਨ ਹਸਤੀ ਦੇ ਨਾਮ ਅੱਗੇ ਸ੍ਰੀ  108 ਲਿਖਿਆ ਹੈ ਤਾਂ ਇਸ ਦਾ ਭਾਵ ਹੈ ਕਿ ਉਹ ਇੰਨਾ ਆਦਰਯੋਗ ਹੈ ਕਿ ਉਸ ਦੇ ਨਾਮ ਅੱਗੇ ਸ੍ਰੀ ਸ਼ਬਦ ਦੀ 108 ਵਾਰ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਪੁਰਾਤਨ ਲਿਖਤਾਂ ਵਿਚ ਇਹ ਸ਼ਬਦ ‘ਸਿਰੀ’ ਵਜੋਂ ਲਿਖਿਆ ਹੋਇਆ ਹੈ ਜੋ ਉਚਾਰਣ ਅਨੁਸਾਰ ਬਿਲਕੁਲ ਠੀਕ ਜਾਪਦਾ ਹੈ। ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਿਰੀ ਰਾਗ ਨੂੰ ਪ੍ਰਥਮ ਰਾਗ ਮੰਨਿਆ ਗਿਆ ਹੈ।
ਇਸ ਤਰ੍ਹਾਂ ਜ਼ਿਆਦਾ, ਜ਼ਾਹਰ, ਜ਼ਾਬਤਾ, ਜ਼ੋਰ, ਜ਼ਿੱਦ, ਜਾਇਜ਼, ਜ਼ਿੰਦਾ, ਜ਼ਮੀਨ, ਜਹਾਜ਼, ਜ਼ਿਲ੍ਹਾ, ਜ਼ਮਾਨਤ,ਤਾਜ਼ਾ, ਤਮੀਜ਼, ਬਾਜ਼ੀ, ਰਜ਼ਾ, ਰੋਜ਼, ਰੋਜ਼ੀ, ਸਬਜ਼ੀ, ਨਾਜ਼, ਲਾਜ਼, ਨਜ਼ਰ, ਗਜ਼ਬ, ਗਜ਼ਲ, ਗੁਜ਼ਾਰਾ, ਗੁਰੇਜ਼,ਬਜ਼ੁਰਗ, ਚੀਜ਼, ਮਜ਼ਦੂਰ, ਮਜ਼ਬੂਤ, ਮੁਲਾਜ਼ਿਮ, ਮੁਜ਼ਾਰਾ, ਅੰਦਾਜ਼ਾ, ਆਵਾਜ਼, ਹਾਜ਼ਰ, ਹਜ਼ਾਰ, ਫਜ਼ੂਲ,ਇਤਰਾਜ਼, ਇਜਾਜ਼ਤ ਆਦਿ ਸ਼ਬਦਾਂ ਵਿਚ ‘ਜ’ ਦੇ ਪੈਰ ਬਿੰਦੀ ਦਾ ਲੱਗਣਾ ਜਰੂਰੀ ਹੈ। ਜਜ਼ਬਾਤ ਵਿਚ ਕੇਵਲ ਦੂਜੇ ‘ਜ’ ਦੇ ਪੈਰ ਵਿਚ ਬਿੰਦੀ ਲੱਗੇਗੀ। ਰਾਜ ਦਾ ਭਾਵ ਸੂਬਾ ਜਾਂ ਸਟੇਟ ਹੁੰਦਾ ਹੈ ਪਰ ਜਦ ਇਸ ਵਿਚਲੇ ‘ਜ’ਦੇ ਪੈਰ ਬਿੰਦੀ ਲਾ ਦੇਈਏ ਤਾਂ ਇਹ ਰਾਜ਼ ਬਣ ਜਾਵੇਗਾ ਜਿਸ ਦਾ ਅਰਥ ਭੇਤ ਹੁੰਦਾ ਹੈ। ਇਸੇ ਤਰ੍ਹਾਂ ‘ਘਰ ਨੂੰ ਸਜਾ ਦੇਵੋ’ ਅਤੇ ‘ਦੋਸ਼ੀ ਨੂੰ ਸਜ਼ਾ ਦੇਵੋ’ ਵਾਕਾਂ ਵਿਚ ਜ ਪੈਰ ਬਿੰਦੀ ਲਗਾਉਣ ਜਾਂ ਹਟਾਉਣ ਨਾਲ ਸ਼ਬਦ ਦੇ ਅਰਥ ਪੂਰੀ ਤਰ੍ਹਾਂ ਬਦਲ ਜਾਂਦੇ ਹਨ। ਪਰ ਅਸੀਂ ਦਹੇਜ, ਸਿਆਹੀ, ਸੰਜਮ, ਸਰੀਰ, ਬੀਜ, ਜਰੂਰੀ, ਮਜਬੂਰ,ਅਜਿਹਾ, ਜੇਲ੍ਹ, ਫੌਜੀ, ਤਜਰਬਾ ਅਤੇ ਪੰਜਾਬ ਆਦਿ ਸ਼ਬਦਾਂ ਵਿਚ ਪੈਰ ਬਿੰਦੀ ਦੀ ਵਰਤੋਂ ਨਹੀਂ ਕਰ ਸਕਦੇ।ਜਾਤੀ ਅਤੇ ਜ਼ਾਤੀ ਦੋ ਅਲੱਗ-ਅਲੱਗ ਸ਼ਬਦ ਹਨ। ਉਦਾਹਰਣ ਵਜੋਂ ਅਸੀਂ ਕਹਾਂਗੇ – ਸਾਨੂੰ ਜਾਤੀ ਵਾਚਕ ਸ਼ਬਦਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਅਤੇ ਮੈਂ ਉਸ ਨੂੰ ਜ਼ਾਤੀ ਤੌਰ ਤੇ ਜਾਣਦਾ ਹਾਂ ਜਾਂ ਇਹ ਸਾਡਾ ਜ਼ਾਤੀ ਮਾਮਲਾ ਹੈ। ਜਾਤ ਦਾ ਭਾਵ ਵਰਣ (caste) ਹੁੰਦਾ ਹੈ ਜਦ ਕਿ ਜ਼ਾਤ ਤੋਂ ਨਿੱਜ (person) ਦਾ ਭਾਵ ਲਿਆ ਜਾਂਦਾ ਹੈ।
ਜਿਥੋਂ ਤੱਕ ‘ਨ’ ਅਤੇ ‘ਣ’ ਦੀ ਵਰਤੋਂ ਤੋਂ ਸਬੰਧ ਹੈ। ਇਸ ਵਿਚ ਵੀ ਬਹੁਤ ਸਾਵਧਾਨੀ ਵਰਤਣ ਦੀ ਲੋਡ਼ ਹੈ ਸਾਨੂੰ ਅਕਸਰ ਹੀ ਪਹਿਚਾਨਣਾ, ਸਿਆਨਣਾ, ਅਪਨਾਉਣਾ, ਗਿਨਣਾ, ਮਿਨਣਾ, ਸੁਨਣਾ, ਸੁਨਾਉਣਾ, ਬੁਨਣਾ,ਜਾਨਣਾ, ਮਾਨਣਾ ਆਦਿ ਸ਼ਬਦ ਲਿਖੇ ਮਿਲਦੇ ਹਨ ਜੋ ਬਿਲਕੁਲ ਗਲਤ ਹਨ। ਇਹਨਾਂ ਦੇ ਸਹੀ ਰੂਪ ਪਹਿਚਾਣ ਤੋਂ ਪਹਿਚਾਣਨਾ, ਸਿਆਣ ਤੋਂ ਸਿਆਣਨਾ, ਅਪਣਾਉਣ ਤੋਂ ਆਪਣਾਉਣਾ, ਗਿਣਨ ਤੋਂ ਗਿਣਨਾ, ਮਿਣਨ ਤੋਂ ਮਿਣਨਾ, ਸੁਣਨ ਤੋਂ ਸੁਣਾਉਣਾ, ਬੁਣਨ ਤੋਂ ਬੁਣਨਾ, ਜਾਣ ਤੋਂ ਜਾਣਨਾ, ਮਾਣ ਤੋਂ ਮਾਣਨਾ ਆਦਿ ਹੋਣੇ ਚਾਹੀਦੇ ਹਨ। ਇਸੇ ਤਰ੍ਹਾਂ ਨਾਲ ਭਾਸ਼ਨ ਨਾਲੋਂ ਭਾਸ਼ਣ, ਸ਼ੋਸ਼ਨ ਨਾਲੋਂ ਸ਼ੋਸ਼ਣ, ਪੋਸ਼ਨ ਨਾਲੋਂ ਪੋਸ਼ਣ, ਉਦਾਹਰਨ ਨਾਲੋਂ ਉਦਾਹਰਣ, ਅਨਜਾਣ ਨਾਲੋਂ ਅਣਜਾਣ, ਅਨਪਡ਼੍ਹ ਨਾਲੋਂ ਅਣਪਡ਼੍ਹ, ਰੈਨ ਨਾਲੋਂ ਰੈਣ, ਘੋਸ਼ਨਾ ਨਾਲੋਂ ਘੋਸ਼ਣਾ,ਉਚਾਰਨ ਨਾਲੋਂ ਉਚਾਰਣ, ਅਰਪਨ ਨਾਲੋਂ ਅਰਪਣ, ਸਮਰਪਨ ਨਾਲੋਂ ਸਮਰਪਣ, ਸਿਰਜਨਾ ਨਾਲੋਂ ਸਿਰਜਣਾ,ਸੱਜਨ ਨਾਲੋਂ ਸੱਜਣ, ਵਿਆਕਰਨ ਨਾਲੋਂ ਵਿਆਕਰਣ, ਚਾਸ਼ਨੀ ਨਾਲੋਂ ਚਾਸ਼ਣੀ ਅਤੇ ਕਾਰਨ ਨਾਲੋਂ ਕਾਰਣ ਵਧੇਰੇ ਸਹੀ ਰੂਪ ਹਨ ਜਦ ਕਿ ਵਰਤੇ ਅਤੇ ਸਵੀਕਾਰੇ ਦੋਨੋਂ ਹੀ ਜਾ ਰਹੇ ਹਨ। ਕਈ ਵਾਰ ‘ਨ’ ਅਤੇ ‘ਣ’ ਦੇ ਬਦਲਣ ਨਾਲ ਸ਼ਬਦਾਂ ਦੇ ਅਰਥ ਵੀ ਬਦਲ ਜਾਂਦੇ ਹਨ ਜਿਵੇਂ ਘਿਰਨਾ ਦਾ ਅਰਥ ਹੈ ਘਿਰ ਜਾਣਾ ਜਦ ਕਿ ਘ੍ਰਿਣਾ ਜਾਂ ਘਿਰਣਾ ਦਾ ਅਰਥ ਹੈ ਨਫ਼ਰਤ। ਇਸੇ ਤਰ੍ਹਾਂ ਰਚਨਾ ਅਤੇ ਰਚਣਾ, ਨਿਰਨਾ ਅਤੇ ਨਿਰਣਾ, ਦਰਜਨ ਅਤੇ ਦਰਜਣ ਆਦਿ ਵੱਖੋ-ਵੱਖਰੇ ਅਰਥਾਂ ਵਾਲੇ ਸ਼ਬਦ ਹਨ। ਸੋ ਵਰਨਣ, ਜਨਣ, ਚੁਨਣ, ਸੁਨਣ, ਗਿਨਣ ਅਤੇ ਨਨਾਣ ਗਲਤ ਸ਼ਬਦ-ਜੋਡ਼ ਹਨ ਅਤੇ ਇਹਨਾਂ ਸਾਰੇ ਸ਼ਬਦਾਂ ਵਿਚ ‘ਣ’ ਪਹਿਲਾਂ ਅਤੇ ‘ਨ’ ਬਾਅਦ ਵਿਚ ਆਉਣਾ ਚਾਹੀਦਾ ਹੈ। ਸਾਨੂੰ ਵੱਡਿਆਂ ਦਾ ਮਾਨ ਕਰਨਾ ਚਾਹੀਦਾ ਹੈ ਅਤੇ ਉਹਨਾਂ ਦੀਆਂ ਪ੍ਰਾਪਤੀਆਂ ਤੇ ਮਾਣ ਕਰਨਾ ਚਾਹੀਦਾ ਹੈ। ਸਾਡੇ ਅਧਿਆਪਕ ਹਮੇਸ਼ਾ ਹੀ ਮਾਨਯੋਗ ਹੁੰਦੇ ਹਨ ਅਤੇ ਉਹਨਾਂ ਦਾ ਮਾਨ (ਸਤਿਕਾਰ,ਸਨਮਾਨ) ਕਰਨਾ ਸਾਡਾ ਫਰਜ਼ ਹੁੰਦਾ ਹੈ ਕਿਉਂਕਿ ਉਹਨਾਂ ਦੀ ਬਦੌਲਤ ਹੀ ਅਸੀਂ ਆਪਣੇ ਜੀਵਨ ਵਿਚ ਮਾਣਯੋਗ (ਜਿਹਨਾਂ ਤੇ ਮਾਣ ਕਰ ਸਕੀਏ) ਪ੍ਰਾਪਤੀਆਂ ਕਰ ਸਕਦੇ ਹਾਂ। ਅਭਾਵ ਜਾਂ ਨਿਖੇਦੀ ਦੇ ਅਰਥ ਦੇਣ ਲਈ ਅਗੇਤਰ ਵਜੋਂ ‘ਅਨ’ ਦੀ ਨਹੀਂ ਸਗੋਂ ‘ਅਣ’ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਤੇ ਸਹੀ ਸ਼ਬਦ-ਜੋਡ਼ ਅਣਪਡ਼੍ਹ, ਅਣਜਾਣ, ਅਣਮੋਲ, ਅਣਬਣ ਅਤੇ ਅਣਭਿੱਜ ਆਦਿ ਹੋਣੇ ਚਾਹੀਦੇ ਹਨ। ਵੈਸੇ ਪੰਜਾਬੀ ਵਿਚ ਇਹ ਨਿਯਮ ਘਡ਼ਿਆ ਗਿਆ ਹੈ ਕਿ ਰ, ਲ, ਡ਼ ਅਤੇ ਣ ਧੁਨੀਆਂ ਤੋਂ ਪਿੱਛੋਂ ਜੇਕਰ ਨਾਸਿਕੀ ਧੁਨੀ ਆਉਂਦੀ ਹੋਵੇ ਤਾਂ ਨ ਦੀ ਵਰਤੋਂ ਹੋਵੇਗੀ, ਣ ਦੀ ਨਹੀਂ ਪਰ ਇਹ ਨਿਯਮ ਸਰਬ-ਪ੍ਰਵਾਨਿਤ ਨਹੀਂ ਹੈ।
ਅੱਧਕ ਦੀ ਵਰਤੋਂ ਸਬੰਧੀ ਵੀ ਅਕਸਰ ਹੀ ਭੁਲੇਖਾ ਲੱਗ ਜਾਂਦਾ ਹੈ। ਸਾਨੂੰ ਇਹ ਸਮਝਣ ਦੀ ਲੋਡ਼ ਹੈ ਕਿ ਜੱਗ ਅਤੇ ਜਗ, ਤੱਕ ਅਤੇ ਤਕ, ਹੱਲ ਅਤੇ ਹਲ, ਚੱਲ ਅਤੇ ਚਲ, ਗੱਲ ਅਤੇ ਗਲ, ਮੱਲ ਅਤੇ ਮਲ, ਮੱਤ ਅਤੇ ਮਤ, ਪੱਗ ਅਤੇ ਪਗ, ਪੱਤ ਅਤੇ ਪਤ ਤੇ ਕੱਦ ਅਤੇ ਕਦ ਆਦਿ ਵੱਖ-ਵੱਖ ਸ਼ਬਦ ਹਨ ਜਿਹਨਾਂ ਦੇ ਅਰਥ ਵੀ ਵੱਖ-ਵੱਖ ਹਨ। ਬਹੁਤ ਸਾਰੇ ਸ਼ਬਦਾਂ ਦੇ ਇਕ ਰੂਪ ਵਿਚ ਅੱਧਕ ਦੀ ਵਰਤੋਂ ਹੁੰਦੀ ਹੈ ਪਰ ਦੂਜੇ ਰੂਪ ਵਿਚ ਨਹੀਂ ਜਿਵੇਂ ਕਿ ਭੱਜਣਾ-ਭਜਦਾ, ਹੱਸਣਾ-ਹਸਦਾ, ਰੱਜਣਾ-ਰਜਦਾ, ਗੱਜਣਾ-ਗਜਦਾ, ਲੱਗਣਾ-ਲਗਦਾ, ਡਿੱਗਣਾ-ਡਿਗਦਾ, ਭਿੱਜਣਾ-ਭਿਜਦਾ, ਲੱਭਣਾ-ਲੱਭਦਾ ਅਤੇ ਚੱਲਣਾ-ਚਲਦਾ ਆਦਿ ਵਿਚ। ‘ਇਕ’ ਅਤੇ ‘ਵਿਚ’ ਭਾਵੇਂ ਅੱਧਕ ਨਾਲ ਵੀ ਲਿਖੇ ਅਤੇ ਠੀਕ ਮੰਨੇ ਜਾਂਦੇ ਹਨ ਪਰ ਅੱਜ ਕੱਲ੍ਹ ਇਹਨਾਂ ਨੂੰ ਆਮ ਤੌਰ ਤੇ ਬਿਨਾ ਅੱਧਕ ਤੋਂ ਹੀ ਲਿਖਿਆ ਜਾਣ ਲੱਗ ਪਿਆ ਹੈ। ਇਧਰ, ਉਧਰ, ਜਿਧਰ, ਕਿਧਰ, ਲਗਭਗ, ਲਥਪਥ, ਤਤਫਟ, ਝਟਪਟ,ਕਰਵਟ, ਹਰਦਮ, ਰਲਗਡ ਆਦਿ ਸ਼ਬਦ ਬਿਨਾ ਅੱਧਕ ਹੀ ਲਿਖੇ ਜਾਣੇ ਚਾਹੀਦੇ ਹਨ।
ਸ਼ਬਦ-ਜੋਡ਼ਾਂ ਦਾ ਅਧਿਐਨ ਕਰਦੇ ਸਮੇਂ ਸਾਨੂੰ ਪੈਰ ਵਿਚ ਲੱਗਣ ਵਾਲੇ ਰਾਰੇ ਅਤੇ ਹਾਹੇ ਬਾਰੇ ਵੀ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਉਦਾਹਰਣ ਵਜੋਂ ਹੇਠ ਲਿਖੇ ਸ਼ਬਦ ਪੈਰ ਵਾਲੇ ‘ਰ’ ਨਾਲ ਹੀ ਲਿਖੇ ਜਾਣੇ ਚਾਹੀਦੇ ਹਨ – ਪ੍ਰਭੂ, ਪ੍ਰਣਾਮ, ਪ੍ਰਣ, ਪ੍ਰੇਮ, ਪ੍ਰਚਲਿਤ, ਪ੍ਰੋਢ, ਪ੍ਰੰਪਰਾ, ਪ੍ਰਗਤੀ, ਪ੍ਰਾਪਤੀ, ਪ੍ਰੋਫੈਸਰ, ਪ੍ਰਤੀਕ, ਪ੍ਰਕਾਰ, ਪ੍ਰਗਟ,ਪ੍ਰਸਤਾਵ, ਪ੍ਰਯੋਗ, ਪ੍ਰਕਿਰਤੀ, ਪ੍ਰੈੱਸ, ਪ੍ਰਣਾਲੀ, ਸੰਪ੍ਰਦਾਇਕ, ਗ੍ਰਹਿ, ਭ੍ਰਿਸ਼ਟ, ਅੰਮ੍ਰਿਤ ਅਤੇ ਦ੍ਰਿਸ਼ ਆਦਿ। ਪਰ ਚਰਿੱਤਰ, ਬਚਿੱਤਰ, ਪਰਮਾਤਮਾ, ਧਰਮਾਤਮਾ, ਕਿਰਿਆ, ਪਰਉਪਕਾਰ, ਪਰਿਭਾਸ਼ਾ, ਪਰਵਾਸੀ ਅਤੇ ਪਰਦੇਸੀ ਆਦਿ ਸ਼ਬਦ ਪੂਰੇ ‘ਰ’ ਨਾਲ ਹੀ ਲਿਖੇ ਹੀ ਠੀਕ ਹਨ। ਅੰਗ੍ਰੇਜ਼ੀ ਨੂੰ ਪੂਰੇ ‘ਰ’ ਨਾਲ ਵੀ ਲਿਖਿਆ ਜਾ ਸਕਦਾ ਹੈ। ਪਰਵਾਹ ਅਤੇ ਪ੍ਰਵਾਹ ਦੋਨੋਂ ਹੀ ਸਹੀ ਸ਼ਬਦ-ਜੋਡ਼ ਹਨ ਪਰ ਇਹਨਾਂ ਦੇ ਅਰਥ ਵੱਖੋ-ਵੱਖਰੇ ਹਨ।ਅਸੀਂ ਕਹਿ ਸਕਦੇ ਹਾਂ ਕਿ ਸਾਨੂੰ ਕਿਸੇ ਦੀ ਪਰਵਾਹ ਨਹੀਂ ਜਾਂ ਫਿਰ ਮਹਾਨ ਵਿਅਕਤੀ ਬੇਪਰਵਾਹ ਹੁੰਦੇ ਹਨ ਪਰ ਲਾਪਰਵਾਹ ਨਹੀਂ ਹੁੰਦੇ। ਦੂਜੇ ਪਾਸੇ ਅਸੀਂ ਅਸਥੀਆਂ ਨੂੰ ਜਲ-ਪ੍ਰਵਾਹ ਕਰਦੇ ਹਾਂ, ਕੀਰਤਨ ਦਾ ਪ੍ਰਵਾਹ ਚੱਲਦਾ ਰਹਿੰਦਾ ਹੈ ਅਤੇ ਪਾਣੀ ਦੇ ਪ੍ਰਵਾਹ ਨੂੰ ਰੋਕਣਾ ਸੰਭਵ ਨਹੀਂ ਹੁੰਦਾ।
ਇਸੇ ਤਰ੍ਹਾਂ ਅੱਗੇ ਆ ਰਹੇ ਸ਼ਬਦਾਂ ਵਿਚ ਪੈਰ ਵਾਲੇ ਹਾਹੇ ਦੀ ਵਰਤੋਂ ਜਰੂਰੀ ਸਮਝੀ ਜਾਂਦੀ ਹੈ – ਖਡ਼੍ਹਨਾ,ਹਡ਼੍ਹਨਾ, ਚਡ਼੍ਹਨਾ, ਰਡ਼੍ਹਨਾ, ਕੁਡ਼੍ਹਨਾ, ਰੁਡ਼੍ਹਨਾ, ਰਿੰਨ੍ਹਣਾ, ਗੁੰਨ੍ਹਣਾ, ਪਡ਼੍ਹਾਈ, ਚਡ਼੍ਹਾਈ, ਦ੍ਰਿਡ਼੍ਹ, ਚਿੰਨ੍ਹ, ਵਿੰਨ੍ਹ, ਮਡ਼੍ਹੀ,ਕਡ਼੍ਹੀ, ਮੂਡ਼੍ਹਾ, ਗੂਡ਼੍ਹਾ, ਖੁੱਲ੍ਹ, ਪੈਰ੍ਹਾ ਆਦਿ। ਇਹਨਾਂ, ਉਹਨਾਂ, ਕਿਹਨਾਂ, ਜਿਹਨਾਂ, ਆਦਿ ਸ਼ਬਦਾਂ ਨੂੰ ਇਨ੍ਹਾਂ, ਉਨ੍ਹਾਂ,ਜਿਨ੍ਹਾਂ, ਦੇ ਰੂਪ ਵਿਚ ਵੀ ਵਰਤਿਆ ਜਾਂਦਾ ਹੈ ਅਤੇ ਇਹ ਦੋਨੋਂ ਬਿਲਕੁਲ ਠੀਕ ਮੰਨੇ ਜਾਂਦੇ ਹਨ। ਸਨ, ਸੰਨ ਅਤੇ ਸੰਨ੍ਹ ਵੱਖੋ-ਵੱਖਰੇ ਅਰਥਾਂ ਵਾਲੇ ਸ਼ਬਦ ਹਨ। ਇਤਫ਼ਾਕ ਵੱਸ ਇਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਇਤਨਾ, ਉਤਨਾ, ਜਿਤਨਾ ਅਤੇ ਕਿਤਨਾ ਆਦਿ ਸ਼ਬਦ ਭਾਵੇਂ ਬੁਨਿਆਦੀ ਤੌਰ ਤੇ ਹਿੰਦੀ ਦੇ ਸ਼ਬਦ ਹਨ ਅਤੇ ਪੰਜਾਬੀ ਵਿਚ ਇਹਨਾਂ ਦੇ ਸਮਾਨਅਰਥਕ ਸ਼ਬਦਿ ਇੰਨਾ, ਉਨਾ, ਜਿੰਨਾ ਅਤੇ ਕਿੰਨਾ ਉਪਲਬਧ ਹਨ ਪਰ ਇਹਨਾਂ ਦੋਹਾਂ ਰੂਪਾਂ ਦੀ ਵਰਤੋਂ ਸਮਾਨ ਰੂਪ ਵਿਚ ਹੀ ਕੀਤੀ ਅਤੇ ਸਵੀਕਾਰੀ ਜਾਂਦੀ ਹੈ। ਪੈਰ ਵਾਲੇ  ‘ਵ’ ਦੀ ਥਾਂ ਹੁਣ ਆਮ ਤੌਰ ਤੇ ਪੂਰੇ ‘ਵ’ ਦੀ ਵਰਤੋਂ ਹੀ ਹੋਣ ਲੱਗ ਪਈ ਹੈ। ਖ਼ਬਰ, ਖ਼ਰਗੋਸ਼, ਖ਼ਤਰਾ, ਖ਼ਪਤ, ਖ਼ਤ,ਖ਼ਲਕਤ, ਖ਼ਫਾ ਆਦਿ ਸ਼ਬਦ ਪੈਰ ਬਿੰਦੀ ਵਾਲੇ ਖ (ਖ਼) ਨਾਲ, ਗ਼ੁਬਾਰਾ, ਗ਼ਮ, ਗ਼ਦਾਰ, ਗ਼ਜ਼ਲ, ਗ਼ਨੀਮਤ,ਗ਼ਬਨ ਆਦਿ ਸ਼ਬਦ ਪੈਰ ਬਿੰਦੀ ਵਾਲੇ ਗ (ਗ਼) ਅਤੇ ਫ਼ਕੀਰ, ਫ਼ਜ਼ੂਲ, ਫ਼ਰਕ, ਫ਼ਰਜ਼, ਫ਼ਰਿਆਦ, ਫ਼ਰਿਸ਼ਤਾ ਆਦਿ ਸ਼ਬਦ ਪੈਰ ਬਿੰਦੀ ਵਾਲੇ ਫ (ਫ਼) ਨਾਲ ਲਿਖੇ ਜਾਣੇ ਚਾਹੀਦੇ ਹਨ। ਪਰ ਮੈਂ ਇੱਥੇ ਦੱਸਣਾ ਵੀ ਜ਼ਰੂਰੀ ਸਮਝਦਾ ਹਾਂ ਕਿ ਅਰਬੀ-ਫਾਰਸੀ ਮੂਲ ਦੇ ਇਹਨਾਂ ਸ਼ਬਦਾਂ ਨੂੰ ਬਹੁਗਿਣਤੀ ਲੋਕ ਬਿਨਾਂ ਬਿੰਦੀ ਤੋਂ ਹੀ ਬੋਲ ਅਤੇ ਲਿਖ ਰਹੇ ਹਨ ਅਤੇ ਇਹਨਾਂ ਨੂੰ ਇਸ ਤਰ੍ਹਾਂ ਹੀ ਸਵੀਕਾਰਿਆ ਜਾਣ ਲੱਗ ਪਿਆ ਹੈ ਅਤੇ ਮੇਰੀ ਤੁੱਛ ਬੁੱਧੀ ਅਨੁਸਾਰ ਇਸ ਨਾਲ ਭਾਸ਼ਾ ਦਾ ਸਰਲੀਕਰਣ ਹੋ ਰਿਹਾ ਹੈ ਜੋ ਇਕ ਸਵਾਗਤਯੋਗ ਕਦਮ ਹੈ। ਜੇਕਰ ਅਸੀਂ ਸ ਜਾਂ ਜ ਦੇ ਪੈਰੋਂ ਬਿੰਦੀ ਹਟਾ ਦੇਈਏ ਤਾਂ ਉਹਨਾਂ ਦੇ ਅਰਥ ਅਕਸਰ ਹੀ ਬਦਲ ਜਾਂਦੇ ਹਨ ਜਿਵੇਂ ਕਿ ਸਾਹ ਅਤੇ ਸ਼ਾਹ, ਸੱਕ ਅਤੇ ਸ਼ੱਕ, ਸਾਲ ਅਤੇ ਸ਼ਾਲ ਵੱਖੋ-ਵੱਖਰੇ ਅਰਥਾਂ ਵਾਲੇ ਸ਼ਬਦ ਹਨ ਇਸੇ ਤਰ੍ਹਾਂ ਜਿੰਦਾ (ਜੀਵਤ),ਜਿੰਦਾ (ਤਾਲਾ), ਜੰਗ (ਯੁੱਧ ਜਾਂ ਲਡ਼ਾਈ) ਅਤੇ ਜ਼ੰਗ (ਲੋਹੇ ਨੂੰ ਲੱਗਣ ਵਾਲੀ ਜੰਗਾਲ ਜਾਂ ਜਰ, ਪਰ ਜ਼ਰ ਨਹੀਂ ਕਿਉਂਕਿ ਜ਼ਰ ਦਾ ਅਰਥ ਧਨ-ਮਾਲ ਹੁੰਦਾ ਹੈ) ਵੱਖੋ-ਵੱਖਰੇ ਅਰਥਾਂ ਵਾਲੇ ਸ਼ਬਦ ਹਨ ਪਰ ਜੇ ਅਸੀਂ ਗ, ਫ, ਜਾਂ ਖ ਦੇ ਪੈਰ ਬਿੰਦੀ ਨਾ ਲਗਾਈਏ ਤਾਂ ਉਹਨਾਂ ਦਾ ਉਚਾਰਣ ਤਾਂ ਜਰੂਰ ਵਿਗਡ਼ਦਾ ਹੈ ਪਰ ਉਹਨਾਂ ਦੇ ਅਰਥਾਂ ਵਿਚ ਕੋਈ ਫਰਕ ਨਹੀਂ ਪੈਂਦਾ। ਅਮਰੀਕਾ ਵਾਲਿਆਂ ਨੇ ਅੰਗ੍ਰੇਜ਼ੀ ਦੇ ਬਹੁਤੇ ਸਾਰੇ ਸ਼ਬਦ-ਜੋਡ਼ਾਂ ਦਾ ਸਰਲੀਕਰਣ ਕੀਤਾ ਹੈ – ਕੀ ਅਸੀਂ ਵੀ ਅਜਿਹਾ ਨਹੀਂ ਕਰ ਸਕਦੇ? ਅੰਤਿਮ ਫ਼ੈਸਲਾ ਵਿਦਵਾਨਾ ਨੇ ਕਰਨਾ ਹੈ।
ਖੁਲ੍ਹੇ ਮੂੰਹ ਵਾਲੇ ‘ਓ’ ਅਤੇ ਬੰਦ ਮੂੰਹ ਵਾਲੇ ‘ੳ’ ਦੀ ਵਰਤੋਂ ਵੀ ਕਾਫ਼ੀ ਧਿਆਨ ਦੀ ਮੰਗ ਕਰਦੀ ਹੈ। ਬਣਾਓ,ਚਲਾਓ, ਵਜਾਓ, ਦਿਖਾਓ, ਲਿਖਾਓ, ਵਰਸਾਓ, ਨਹਾਓ ਆਦਿ ਇਹਨਾਂ ਸ਼ਬਦਾਂ ਦੇ ਕ੍ਰਿਆ ਰੂਪ ਹਨ ਅਤੇ ਇਹ ਕੁਝ ਕਰਨ ਦਾ ਆਦੇਸ਼ ਜਾਂ ਸੁਝਾਅ ਦਿੰਦੇ ਹਨ। ਬੰਦ ਮੂੰਹ ਵਾਲੇ ‘ੳ’ ਦੀ ਵਰਤੋਂ ਨਾਲ ਅਕਸਰ ਸ਼ਬਦ ਦੀ ਅਰਥ ਬਦਲ ਜਾਂਦਾ ਹੈ। ਜਿਵੇਂ ਵਰਤਾਓ ਦਾ ਭਾਵ ਹੈ ਵਰਤਾ ਦੇਵੋ ਜਦ ਕਿ ਵਰਤਾਉ ਦਾ ਭਾਵ ਹੈ ਵਰਤਾਵ ਜਾਂ ਵਿਵਹਾਰ, ਦਿਓ ਦਾ ਅਰਥ ਹੈ ਦੈਂਤ ਜਾਂ ਦੈਂਤ ਵਰਗਾ ਮਨੁੱਖ ਜਦ ਕਿ ਦਿਉ ਦਾ ਭਾਵ ਹੈ ਦੇਵੋ। ਭਉ ਦਾ ਅਰਥ ਡਰ ਜਾਂ ਭੈਅ ਹੁੰਦਾ ਹੈ ਜਦ ਕਿ ਭਾਉ ਨੂੰ ਮੁੱਲ, ਨਿਰਖ ਜਾਂ ਪ੍ਰੇਮ ਅਤੇ ਪਿਆਰ ਦੇ ਅਰਥਾਂ ਵਿਚ ਵਰਤਿਆ ਜਾਂਦਾ ਹੈ। ਇਸੇ ਤਰ੍ਹਾਂ ਸਹੀ ਸ਼ਬਦ-ਜੋਡ਼ ਰੋਸ਼ਨੀ ਹੈ ਰੌਸ਼ਨੀ ਨਹੀਂ, ਪਡ਼ੋਸੀ ਹੈ ਪਡ਼ੌਸੀ ਨਹੀਂ, ਭਾਵੇਂ ਵਰਤੇ ਦੋਨੋਂ ਹੀ ਰੂਪ ਜਾ ਰਹੇ ਹਨ। ਅੱਜ ਕਿੰਨੇ ਹੀ ਬੱਚੇ-ਬੱਚੀਆਂ ਪੌਡ਼ੀ ਨੂੰ ਪੋਡ਼ੀ, ਕੌਲੀ ਨੂੰ ਕੋਲੀ, ਚੌਲ ਨੂੰ ਚੋਲ, ਲੌਕ ਨੂੰ ਲੋਕ, ਤੌਲੀਏ ਨੂੰ ਤੋਲੀਆ, ਔਰਤ ਨੂੰ ਓਰਤ ਅਤੇ ਹੌਲੀ ਨੂੰ ਹੋਲੀ ਕਹਿੰਦੇ ਹੋਏ ਸੁਣੇ ਜਾ ਸਕਦੇ ਹਨ। ਉਹਨਾਂ ਵਿਚਾਰਿਆਂ ਨੂੰ ਹੋਡ਼ੇ ਅਤੇ ਕਨੌਡ਼ੇ ਦੀਆਂ ਧੁਨੀਆਂ ਦੇ ਅੰਤਰ ਦੀ ਸਮਝ ਹੀ ਨਹੀਂ ਹੈ।
ਕੁਝ ਸ਼ਬਦਾਂ ਦੇ ਅੰਤ ਤੇ ਮੁਕਤੇ ‘ਅ’ ਦਾ ਲੱਗਣਾ ਜਰੂਰੀ ਹੁੰਦਾ ਹੈ ਜਿਵੇਂ ਕਿ ਸੁਝਾਅ, ਸੁਭਾਅ, ਉਤਰਾਅ,ਚਡ਼੍ਹਾਅ, ਫੈਲਾਅ, ਦਬਾਅ, ਨਿਭਾਅ, ਟਕਰਾਅ, ਚਾਅ, ਬਦਲਾਅ, ਹਲਕਾਅ, ਭੈਅ, ਅਤੇ ਸ਼ੈਅ ਆਦਿ। ਇਥੇ ਮੈਂ ਇਹ ਦੱਸਣਾ ਵੀ ਜਰੂਰੀ ਸਮਝਦਾ ਹਾਂ ਕਿ ਅੰਗ੍ਰੇਜ਼ੀ ਵਿਚ ਲਿਖੇ ਜਾਂਦੇ ਸ਼ਬਦਾਂ Rama, Ravana, Krishna, Gautama Buddha, Ashoka, Ramayana, Mahabharata ਅਤੇ Yoga ਨੂੰ ਰਾਮਾ, ਰਾਵਨਾ, ਕ੍ਰਿਸ਼ਨਾ,ਗੌਤਮਾ ਬੁੱਧਾ, ਅਸ਼ੋਕਾ, ਰਾਮਾਇਣਾ, ਮਹਾਭਾਰਤਾ ਅਤੇ ਯੋਗਾ ਪਡ਼੍ਹਨਾ ਬਿਲਕੁਲ ਗਲਤ ਹੈ। ਇਹਨਾਂ ਦੇ ਅੰਤ ਤੇ ਵਰਤਿਆ ਗਿਆ ‘a’ ਮੁਕਤੇ ‘ਅ’ ਦੇ ਬਰਾਬਰ ਹੈ। ਇਹਨਾਂ ਸ਼ਬਦਾਂ ਦਾ ਸਹੀ ਉਚਾਰਣ ਰਾਮ, ਰਾਵਣ, ਕ੍ਰਿਸ਼ਨ,ਗੌਤਮ ਬੁੱਧ, ਅਸ਼ੋਕ, ਰਾਮਾਇਣ, ਮਹਾਭਾਰਤ ਅਤੇ ਯੋਗ ਹੈ। ਅੱਜ-ਕੱਲ੍ਹ ਯੋਗ+ਅ ਨੂੰ ਬਹੁ-ਗਿਣਤੀ ਲੋਕ ਯੋਗਾ ਹੀ ਕਹਿਣ ਲੱਗ ਪਏ ਹਨ ਅਤੇ ਸਮੇਂ ਦੇ ਬੀਤਣ ਨਾਲ ਇਹ ਸ਼ਬਦ ਇਸ ਤਰ੍ਹਾਂ ਹੀ ਸਵੀਕਾਰਿਆ ਜਾਣ ਲੱਗ ਪਿਆ ਹੈ।
ਸਾਨੂੰ ਬਿੰਦੀ ਅਤੇ ਟਿੱਪੀ ਦੀ ਵਰਤੋਂ ਸਬੰਧੀ ਵੀ ਬਹੁਤ ਸੁਚੇਤ ਹੋਣ ਦੀ ਲੋਡ਼ ਹੈ। ਅੱਜ ਕਿੰਨੇ ਹੀ ਲੋਕ ਜੀਵਨ-ਜਾਚ ਨੂੰ ਜੀਵਨ-ਜਾਂਚ ਲਿਖਦੇ ਦੇਖੇ ਜਾ ਸਕਦੇ ਹਨ। ਉਹ ਇਸ ਗੱਲ ਵੱਲ ਧਿਆਨ ਹੀ ਨਹੀਂ ਦਿੰਦੇ ਕਿ ਜਾਚ ਦਾ ਭਾਵ ਢੰਗ ਜਾਂ ਤਰੀਕਾ ਹੈ ਜਦ ਕਿ ਜਾਂਚ ਦਾ ਅਰਥ ਹੁੰਦਾ ਹੈ ਪਡ਼ਤਾਲ। ਸੋ ਸਾਨੂੰ ਜੀਵਨ-ਜਾਚ ਲਿਖਣਾ ਚਾਹੀਦਾ ਹੈ ਨਾ ਕਿ ਜੀਵਨ-ਜਾਂਚ। ਇਸੇ ਤਰ੍ਹਾਂ ਜ਼ਮਾਨਾ, ਖਜ਼ਾਨਾ. ਰੋਜ਼ਾਨਾ, ਪੈਮਾਨਾ, ਯੋਜਨਾ, ਬੀਮਾ, ਹਮੇਸ਼ਾ,ਹੌਸਲਾ, ਫੈਸਲਾ, ਭੇਟ, ਹੳਮੈ, ਜਿੰਮੇਵਾਰ ਅਤੇ ਐਤਵਾਰ ਆਦਿ ਸ਼ਬਦ ਬਿੰਦੀ ਤੋਂ ਬਗੈਰ ਹੀ ਸ਼ੁਧ ਹਨ।
ਅਜਿਹੇ ਸ਼ਬਦਾਂ ਦੀ ਸੂਚੀ ਬਹੁਤ ਲੰਮੀ ਹੈ ਅਤੇ ਉਹਨਾਂ ਸਭ ਦਾ ਇਥੇ ਜ਼ਿਕਰ ਕਰਨਾ ਸੰਭਵ ਨਹੀਂ ਹੈ। ਮੈਂ ਇਹ ਵੀ ਨਹੀਂ ਕਹਿ ਸਕਦਾ ਕਿ ਜੋ ਕੁਝ ਮੈਂ ਕਹਿ ਰਿਹਾ ਹਾਂ ਉਹ ਕੈਈ ਅੰਤਿਮ ਸ਼ਬਦ ਹੈ। ਮੈਂ ਤਾ ਕੇਵਲ ਇਹ ਸੁਝਾਅ ਦੇਣਾ ਚਾਹੁੰਦਾ ਹਾਂ ਕਿ ਸਾਨੂੰ ਇਸ ਪਾਸੇ ਵੱਲ ਤੁਰਨਾ ਚਾਹੀਦਾ ਹੈ। ਮੈਂ ਭਾਸ਼ਾ ਦੀ ਸ਼ੁੱਧਤਾ ਦਾ ਮੁੱਦਈ ਨਹੀਂ ਹਾਂ ਅਤੇ ਇਹ ਧਾਰਨਾ ਆਪਣਾ ਸਮਾ ਵਿਹਾ ਚੁੱਕੀ ਹੈ। ਮੈਂ ਕੇਵਲ ਇਹ ਚਾਹੁੰਦਾ ਹਾਂ ਕਿ ਅਸੀਂ ਜੋ ਲਿਖੀਏ ਉਹ ਸ਼ਬਦ-ਜੋਡ਼ਾਂ ਅਤੇ ਵਿਆਕਰਣ ਦੇ ਪੱਖ ਤੋਂ ਸਹੀ ਹੋਵੇ, ਉਸ ਵਿਚ ਵਿਸ਼ਰਾਮ ਚਿੰਨ੍ਹਾਂ ਦੀ ਵਰਤੋਂ ਕੀਤੀ ਗਈ ਹੋਵੇ ਅਤੇ ਉਸ ਦਾ ਠੀਕ ਉਚਾਰਣ ਜਾਣਦੇ ਹੋਈਏ।
ਇਸ ਮਸਲੇ ਨੂੰ ਹੱਲ ਕਰਨ ਲਈ ਪੰਜਾਬੀ ਅਧਿਆਪਕਾਂ, ਵਿਦਵਾਨਾਂ ਅਤੇ ਲੇਖਕਾਂ ਨੂੰ ਮਿਲ ਕੇ ਅੱਗੇ ਆਉਣ ਦੀ ਲੋਡ਼ ਹੈ। ਇਕ ਪਾਸੇ ਉਹਨਾਂ ਨੂੰ ਸ਼ਬਦ-ਜੋਡ਼ਾਂ ਦੇ ਮਿਆਰੀਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਦੂਜੇ ਪਾਸੇ ਇਹਨਾਂ ਦੀ ਸਹੀ ਵਰਤੋਂ ਤੇ ਜ਼ੋਰ ਦੇਣਾ ਚਾਹੀਦਾ ਹੈ। ਜਿੱਥੇ ਇਕ ਤੋਂ ਵੱਧ ਸ਼ਬਦ-ਜੋਡ਼ ਸਹੀ ਜਾਪਦੇ ਹਨ ਉਥੇ ਉਹਨਾਂ ਸਭ ਨੂੰ ਸਹੀ ਕਰਾਰ ਦਿੱਤਾ ਜਾਣਾ ਚਾਹੀਦਾ ਹੈ। ਸੂਚਨਾ ਤਕਨਾਲੋਜੀ ਦੇ ਖੇਤਰ ਵਿਚ ਹੋ ਰਹੇ ਵਿਕਾਸ ਦੇ ਹਾਣੀ ਬਣਨ ਲਈ ਇਹ ਉਪਰਾਲਾ ਜਿੰਨਾ ਜਲਦੀ ਕੀਤਾ ਜਾਵੇ ਉਨਾਂ ਹੀ ਚੰਗਾ ਹੋਵੇਗਾ। ਇਸ ਮਸਲੇ ਦੇ ਹੱਲ ਲਈ ਸਕੂਲ ਪੱਧਰ ਤੇ ਤਾਂ ਬਹੁਤ ਹੀ ਵਿਸ਼ੇਸ਼ ਯਤਨ ਕੀਤੇ ਜਾਣ ਦੀ ਲੋਡ਼ ਹੈ।
ਇਸ ਸਮੱਸਿਆ ਨੂੰ ਹੱਲ ਕਰਨ ਲਈ ਸਮੁੱਚੀ ਪੰਜਾਬੀ ਪ੍ਰੈੱਸ ਬਹੁਤ ਹੀ ਅਹਿਮ ਯੋਗਦਾਨ ਪਾ ਸਕਦੀ ਹੈ ਕਿਉਂਕਿ ਲੋਕਾਂ ਤੱਕ ਜਿੰਨੀ ਪਹੁੰਚ ਅਤੇ ਰਸਾਈ ਅਖ਼ਬਾਰਾਂ-ਰਸਾਲਿਆਂ ਦੀ ਹੈ ਉਨੀਂ ਟੈਲੀਵਿਯਨ ਨੂੰ ਛੱਡ ਕੇ ਕਿਸੇ ਵੀ ਹੋਰ ਸਾਧਨ ਦੀ ਨਹੀਂ ਹੈ।  ਜੇਕਰ ਸਾਰੀ ਪ੍ਰੈੱਸ ਮਿਲ ਕੇ ਇਹ ਫੈਸਲਾ ਕਰ ਲੈਂਦੀ ਹੈ ਕਿ ਉਹ ਇਸ ਸਮੱਸਿਆ ਦੇ ਹੱਲ ਲਈ ਸੁਹਿਰਦ ਯਤਨ ਕਰਨਗੇ ਤਾਂ ਕੋਈ ਕਾਰਣ ਨਹੀਂ ਕਿ ਇਹ ਸਮੱਸਿਆ ਹੱਲ ਨਾ ਹੋ ਸਕੇ। ਉਹਨਾਂ ਨੂੰ ਇਹ ਗੱਲ ਯਕੀਨੀ ਬਣਾਉਣੀ ਚਾਹੀਦੀ ਹੈ ਕਿ ਉਹਨਾਂ ਦੇ ਪਰਚਿਆਂ ਅਥਵਾ ਅਖ਼ਬਾਰਾਂ ਵਿਚ ਇਕ ਵੀ ਸ਼ਬਦ-ਜੋਡ਼ ਗਲਤ ਨਾ ਹੋਵੇ ਭਾਵੇਂ ਇਹ ਸ਼ਬਦ ਕਿਸੇ ਸਰਕਾਰੀ ਜਾਂ ਗੈਰ-ਸਰਕਾਰੀ ਇਸ਼ਤਿਹਾਰ ਵਿਚ ਆਇਆ ਹੋਵੇ ਅਤੇ ਭਾਵੇਂ ਕਿਸੇ ਹੋਰ ਰੂਪ ਵਿਚ। ਕੀ ਇਹ ਸੰਭਵ ਨਹੀਂ ਕਿ ਭੁਲੇਖਾ-ਪਾਊ ਅਤੇ ਵਿਵਾਦ-ਗ੍ਰਸਤ ਸ਼ਬਦ-ਜੋਡ਼ਾਂ ਸਬੰਧੀ ਵਿਚਾਰ-ਵਟਾਂਦਰਾ ਕਰਕੇ ਉਨ੍ਹਾਂ ਦੇ ਸਹੀ ਰੂਪਾਂ ਬਾਰੇ ਨਿਰਣਾ ਕੀਤਾ ਜਾਵੇ ਅਤੇ ਫਿਰ ਸਾਰੀ ਦੀ ਸਾਰੀ ਪੰਜਾਬੀ ਪ੍ਰੈੱਸ ਉਨ੍ਹਾਂ ਹੀ ਰੂਪਾਂ ਦੀ ਵਰਤੋਂ ਕਰੇ? ਅਜਿਹੇ ਸ਼ਬਦਾਂ ਦੀ ਗਿਣਤੀ ਬਹੁਤ ਜ਼ਿਆਦਾ ਨਹੀਂ ਹੈ ਅਤੇ ਉਹਨਾਂ ਦੀ ਪਹਿਚਾਣ ਕਰਨੀ ਵੀ ਔਖੀ ਨਹੀਂ ਹੋਵੇਗੀ। ਇਹ ਕਾਰਜ ਸਾਡਾ ਭਾਸ਼ਾ ਵਿਭਾਗ ਜਾਂ ਸਾਡੀਆਂ ਯੂਨੀਵਰਸਿਟੀਆਂ ਦੇ ਪੰਜਾਬੀ ਵਿਭਾਗ ਸਹਿਜੇ ਹੀ ਕਰ ਸਕਦੇ ਹਨ। ਕੀ ਇਹ ਨਹੀਂ ਹੋ ਸਕਦਾ ਕਿ ਪੰਜਾਬੀ ਪਾਠਕਾ ਨੂੰ ਸ਼ੁੱਧ ਪੰਜਾਬੀ ਸਿਖਾਉਣ ਲਈ ਹਰ ਅਖਬਾਰ ਇਕ ਸਥਾਈ ਕਾਲਮ ਸ਼ੁਰੂ ਕਰੇ ਜਿਸ ਵਿਚ ਵਿਦਵਾਨ ਆਪੋ-ਆਪਣੇ ਮਤ ਪੇਸ਼ ਕਰ ਸਕਦੇ ਰਹਿਣ?
ਸਡ਼ਕਾਂ ਕਿਨਾਰੇ ਜਾਂ ਜਨਤਕ ਥਾਵਾਂ ਤੇ ਲੱਗੇ ਬੋਰਡਾਂ ਜਾਂ ਪੋਸਟਰਾਂ ਵਿਚ, ਟੈਲੀਵਿਯਨ ਤੇ ਦਿਖਾਏ ਜਾਂਦੇ ਇਸਤਿਹਾਰਾਂ ਵਿਚ ਅਤੇ ਵਿਦਿਆਰਥੀਆਂ ਦੀਆਂ ਲਿਖਤਾਂ ਵਿਚ ਪੰਜਾਬੀ ਸ਼ਬਦ-ਜੋਡ਼ਾਂ ਦੀਆਂ ਅਥਾਹ ਗਲਤੀਆਂ ਹੁੰਦੀਆਂ ਹਨ ਅਤੇ ਉਹਨਾਂ ਦੁਆਰਾ ਅਰਥਾਂ ਦੇ ਕੀਤੇ ਜਾ ਰਹੇ ਅਨਰਥ ਦੇਖ ਕੇ ਮਨ ਨੂੰ ਬਹੁਤ ਦੁੱਖ ਪਹੁੰਚਦਾ ਹੈ। ਸਾਡੀ ਪ੍ਰੈੱਸ ਅਤੇ ਸਮੁੱਚੇ ਪੰਜਾਬੀ ਪ੍ਰੇਮੀਆਂ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਅਜਿਹੀਆਂ ਗਲਤੀਆਂ ਨੂੰ ਦਰੁਸਤ ਕਰਨ/ਕਰਵਾਉਣ ਲਈ ਸੁਹਿਰਦ ਉਪਰਾਲੇ ਕਰਨ। ਜੇਕਰ ਯਤਨ ਆਰੰਭ ਦੇਵਾਂਗੇ ਤਾਂ ਸਫ਼ਲਤਾ ਅਵੱਸ਼ ਮਿਲੇਗੀ।

ਪ੍ਰੋਫੈਸਰ ਅੱਛਰੂ ਸਿੰਘ
(ਸਾਬਕਾ ਮੁਖੀ ਅੰਗਰੇਜ਼ੀ ਵਿਭਾਗਨਹਿਰੂ ਮੈਮੋਰੀਅਲ ਕਾਲਜਮਾਨਸਾ)



Post Comment