ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Thursday, February 28, 2013

ਚਿੱਠੀਆਂ ਪਾਉਣੀਆਂ ਭੁੱਲਗੇ…


ਤੁਸੀਂ ਚਿੱਠੀਆਂ ਪਾਉਣੀਆਂ ਭੁੱਲਗੇ,
ਜਦੋਂ ਦਾ ਟੈਲੀਫੋਨ ਲੱਗਿਆ।
ਕਈ ਵਰ੍ਹੇ ਪਹਿਲਾਂ ਉੱਘੇ ਗੀਤਕਾਰ ‘ਮਾਨ ਮਰਾੜ੍ਹਾਂ’ ਦੀ ਕਲਮੋਂ ਉਪਜੇ ਉਪਰੋਕਤ ਗੀਤ ਦੇ ਬੋਲ ਆਖਰ ਸੱਚ ਹੋ ਨਿੱਬੜੇ। ਇਸ ਕਥਨ ਵਿੱਚ ਉੱਕਾ ਸੰਦੇਹ ਨਹੀਂ ਕਿ ਜਿਉਂ-ਜਿਉਂ ਸਮਾਜ ਦਾ ਆਧੁਨਿਕੀਕਰਨ ਹੁੰਦਾ ਗਿਆ, ਤਿਉਂ-ਤਿਉਂ ਅਸੀਂ ਆਪਣੇ ਵਿਰਸੇ, ਸੱਭਿਆਚਾਰ ਅਤੇ ਲੋਕ-ਕਲਾਵਾਂ ਨਾਲੋਂ ਟੁੱਟਦੇ ਗਏ। ਪੱਛਮੀ ਸੱਭਿਅਤਾ ਦੇ ਅਚੰਭਿਤ ਕਰ ਦੇਣ ਵਾਲੇ ਸਾਧਨਾਂ ਨੇ ਪੇਂਡੂ ਜੀਵਨ ਨੂੰ ਵੀ ਆਪਣੀ ਜਕੜ ਵਿੱਚ ਲੈ ਲਿਆ ਹੈ। ਪੱਛਮੀ ਸੱਭਿਅਤਾ ਨੇ ਸਮੁੱਚੇ ਭਾਰਤੀ ਸੱਭਿਆਚਾਰ ’ਤੇ ਡੂੰਘਾ ਪ੍ਰਭਾਵ ਪਾਇਆ ਹੈ। ਪੇਂਡੂ ਲੋਕਾਂ ਦੇ ਪਹਿਰਾਵੇ, ਰਹਿਣ-ਸਹਿਣ, ਆਵਾਜਾਈ ਦੇ ਸਾਧਨ, ਸੰਚਾਰ ਦੇ ਸਾਧਨ ਅਤੇ ਖਾਣ-ਪੀਣ ਵਿੱਚ ਇਸੇ ਪ੍ਰਭਾਵ ਅਧੀਨ ਤਬਦੀਲੀ ਆਈ। ਬਿਨਾਂ ਸ਼ੱਕ ਅਜਿਹੀਆਂ ਤਬਦੀਲੀਆਂ ਨੇ ਮਨੁੱਖੀ ਜੀਵਨ ਨੂੰ ਸੁਖਦਾਈ ਅਤੇ ਰੌਚਿਕ ਬਣਾਇਆ ਪਰ ਨਵੀਂ ਪੀੜ੍ਹੀ ਦਾ ਵਿਰਸੇ, ਸੱਭਿਆਚਾਰ ਅਤੇ ਜੀਵਨ ਦੀਆਂ ਕਦਰਾਂ-ਕੀਮਤਾਂ ਵੱਲੋਂ ਮੂੰਹ ਮੋੜ ਲੈਣਾ ਵੀ ਇਨ੍ਹਾਂ ਤਬਦੀਲੀਆਂ ਦੀ ਹੀ ਦੇਣ ਹੈ। ਪੱਛਮੀ ਪ੍ਰਭਾਵ ਸਦਕਾ ਜਿਸ ਤਰ੍ਹਾਂ ਖੱਦਰ ਦੀ ਥਾਂ ਜੀਨਸ ਨੇ ਲੈ ਲਈ, ਕੱਚਿਆਂ ਕੋਠਿਆਂ ਦੀ ਥਾਂ ਦੋ-ਦੋ ਮੰਜ਼ਿਲੀਆਂ ਕੋਠੀਆਂ ਨੇ ਅਤੇ ਗੱਡਿਆਂ ਦੀ ਥਾਂ ਆਰਾਮਦੇਹ ਗੱਡੀਆਂ ਨੇ, ਬਿਲਕੁਲ ਉਸੇ ਤਰ੍ਹਾਂ ਕਿਸੇ ਸਮੇਂ ਸੰਚਾਰ ਦਾ ਪ੍ਰਮੁੱਖ ਸਾਧਨ ਰਹੀਆਂ ਚਿੱਠੀਆਂ ਦੀ ਥਾਂ ਮੋਬਾਈਲ ਫੋਨਾਂ ਨੇ ਆ ਮੱਲੀ ਹੈ।
ਇਹ ਕੋਈ ਸਦੀਆਂ ਪੁਰਾਣੀ ਗੱਲ ਨਹੀਂ, ਜਦੋਂ ਦੂਰ-ਦੁਰਾਡੇ ਬੈਠੇ ਸਕੇ-ਸਬੰਧੀਆਂ ਨੂੰ ਕੋਈ ਵੀ ਸੁਨੇਹਾ ਚਿੱਠੀਆਂ ਰਾਹੀਂ ਪੁੱਜਦਾ ਕੀਤਾ ਜਾਂਦਾ ਸੀ। ਭਾਵੇਂ ਚਿੱਠੀ ਪੱਤਰ ਰਾਹੀਂ ਸੁਨੇਹਾ ਪਹੁੰਚਾਉਣ ’ਚ ਕਾਫ਼ੀ ਸਮਾਂ ਲੱਗ ਜਾਂਦਾ ਪਰ ਉਨ੍ਹਾਂ ਸਮਿਆਂ ’ਚ ਚਿੱਠੀਆਂ ਦੀ ਇੱਕ ਵੱਖਰੀ ਅਹਿਮੀਅਤ ਸੀ (ਸ਼ਾਇਦ ਇਸ ਦਾ ਕਾਰਨ ਨਵੇਂ ਤਕਨਾਲੋਜੀ-ਯੁਕਤ ਸਾਧਨਾਂ ਦਾ ਨਾ ਉਪਲਬਧ ਹੋਣਾ ਵੀ ਸੀ)। ਮੇਰੇ ਖਿਆਲ ਵਿੱਚ ਚਿੱਠੀ ਪੱਤਰ ਵਰਗੇ ਸੰਚਾਰ ਮਾਧਿਅਮ ਦੇ ਤਿੰਨ ਵੱਡੇ ਫਾਇਦੇ ਸਨ-ਪਹਿਲਾ, ਲੋਕਾਂ ਦਾ ਭਾਸ਼ਾ ਨਾਲ ਜੁੜੇ ਹੋਣਾ ਅਤੇ ਇਸ ਪ੍ਰਤੀ ਸੁਹਿਰਦ ਰਹਿਣਾ। ਦੂਜਾ ਫਾਇਦਾ ਇਹ ਕਿ ਚਿੱਠੀ ਵਿੱਚ ਉਹ ਗੱਲ ਵੀ ਕਹੀ/ਲਿਖੀ ਜਾ ਸਕਦੀ ਸੀ ਜਿਹੜੀ ਸ਼ਾਇਦ ਟੈਲੀਫੋਨ ਜਾਂ ਮੋਬਾਈਲ ਫੋਨ ਰਾਹੀਂ ਸੰਭਵ ਨਹੀਂ ਹੋ ਸਕਦੀ। ਤੀਜਾ ਫਾਇਦਾ ਇਹ ਕਿ ਕੁਝ ਖਾਸ ਕਿਸਮ ਦੇ ਸੁਨੇਹਿਆਂ ਨੂੰ ਚਿੱਠੀਆਂ ਦੇ ਰੂਪ ’ਚ ਸਾਂਭਿਆ ਜਾ ਸਕਦਾ ਸੀ।
ਪਹਿਲੇ ਫਾਇਦੇ ਬਾਰੇ ਵਿਚਾਰੀਏ ਤਾਂ ਇਹ ਗੱਲ ਨਿੱਤਰ ਕੇ ਸਾਹਮਣੇ ਆਉਂਦੀ ਹੈ ਕਿ ਅੱਜ-ਕੱਲ੍ਹ ਦੇ ਮੁਕਾਬਲੇ ਚਿੱਠੀਆਂ ਦੇ ਵੇਲਿਆਂ ’ਚ ਲੋਕ ਸ਼ਾਬਦਿਕ ਦੁਨੀਆਂ ’ਚ ਜ਼ਿਆਦਾ ਵਿਚਰਦੇ ਸਨ। ਉਨ੍ਹਾਂ ਨੂੰ ਭਾਸ਼ਾ ਵਿੱਚ ਅੱਜ ਦੇ ਮੁਕਾਬਲੇ ਜ਼ਿਆਦਾ ਮੁਹਾਰਤ ਹਾਸਲ ਸੀ। ਸ਼ਬਦ ਉਨ੍ਹਾਂ ਦੇ ਪੋਟਿਆਂ ’ਤੇ ਖੇਡਦੇ। ਲਿਖਣ ਵੇਲੇ ਕੋਈ ਔਖ ਨਾ ਹੁੰਦੀ। ਸੰਬੋਧਤ ਹੋਣ ਤੋਂ ਲੈ ਕੇ ਵਿਦਾ ਲੈਣ ਤਕ ਚਿੱਠੀ ਦੇ ਅੱਖਰਾਂ ’ਚੋਂ ਪਿਆਰ ਅਤੇ ਅਦਬ ਝਲਕਦਾ ਰਹਿੰਦਾ ਸੀ।
ਦੂਜੇ ਫਾਇਦੇ ਦੇ ਅਰਥ ਵੀ ਸਾਫ਼ ਤੇ ਸਪਸ਼ਟ ਹਨ। ਇਹ ਕਿਸੇ ਪ੍ਰੇਮੀ-ਪ੍ਰੇਮਿਕਾ ਜਾਂ ਸੱਜ ਵਿਆਹੀ ਮੁਟਿਆਰ ਵੱਲ ਇਸ਼ਾਰਾ ਕਰਦੇ ਹਨ। ਮੋਬਾਈਲ ਫੋਨਾਂ ਦੇ ਮੁਕਾਬਲੇ ਚਿੱਠੀਆਂ ਰਾਹੀਂ ਮਨ ਦੇ ਭਾਵ ਵਿਅਕਤ ਕਰਨੇ ਕਾਫ਼ੀ ਆਸਾਨ ਮਹਿਸੂਸ ਹੁੰਦੇ ਸਨ। ਮੁਹੱਬਤ ਦੇ ਖੁੱਲ੍ਹ ਕੇ ਇਜ਼ਹਾਰ ਕਰਨ ਨੂੰ ਵੀ ਸ਼ਬਦ ਆਪਣੇ-ਆਪ ’ਚ ਸਮੋਣਾ ਭਲੀ-ਭਾਂਤ ਜਾਣਦੇ ਸਨ।
ਤੀਜੇ ਫਾਇਦੇ ਬਾਰੇ ਜੇ ਇਹ ਕਹਿ ਲਿਆ ਜਾਵੇ ਕਿ ਸਾਂਭੀਆਂ ਹੋਈਆਂ ‘ਖਾਸ’ ਚਿੱਠੀਆਂ ਸਮਾਂ ਪਾ ਕੇ ਇਤਿਹਾਸਕ ਦਸਤਾਵੇਜ਼ ਬਣ ਜਾਂਦੀਆਂ ਸਨ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ‘ਇਤਿਹਾਸਕ ਦਸਤਾਵੇਜ਼ ਬਣਨ’ ਤੋਂ ਭਾਵ ਆਪਣੇ ਆਪ ’ਚ ਚਿੱਠੀਆਂ ਦਾ ਚਿਰ-ਸਥਾਈ ਦਸਤਾਵੇਜ਼ ਬਣਨ ਤੋਂ ਹੈ ਜਿਵੇਂ ਮਹਾਨ ਲੋਕਾਂ ਦੀਆਂ ਚਿੱਠੀਆਂ ਦੀਆਂ ਛਪੀਆਂ ਹੋਈਆਂ ਕਿਤਾਬਾਂ।
ਏਥੇ, ਚਿੱਠੀਆਂ ਸਬੰਧੀ ਇਕ ਹੋਰ ਰੋਚਕ ਤੱਥ ਯਾਦ ਆ ਰਿਹਾ ਹੈ। ਖਾਸ ਕਰ ਪੇਂਡੂ ਧਰਾਤਲ ’ਤੇ ਵਿਚਰਨ ਵਾਲੇ ਸਾਧਾਰਨ ਲੋਕਾਂ ਨੇ ਆਪਣੀ ਸਮਝ-ਸਮਰੱਥਾ ਮੂਜਬ ਚਿੱਠੀਆਂ ਦੀਆਂ ਨਿਸ਼ਾਨੀਆਂ ਮਿਥੀਆਂ ਹੁੰਦੀਆਂ ਸਨ (ਭਾਵ ਚਿੱਠੀ ਖੋਲ੍ਹਣ ਤੋਂ ਪਹਿਲਾਂ ਬਾਹਰੋਂ ਵੇਖ ਕੇ ਹੀ ਅਨੁਮਾਨ ਲਾ ਲਿਆ ਜਾਂਦਾ ਕਿ ਅੰਦਰ ਕਿਸ ਤਰ੍ਹਾਂ ਦਾ ਸੁਨੇਹਾ ਹੋਏਗਾ) ਜਿਵੇਂ, ਚਿੱਠੀ ਦੇ ਬਾਹਰ ਹਲਦੀ ਦਾ ਲਾਇਆ ਨਿਸ਼ਾਨ ਸ਼ੁਭ ਸੁਨੇਹੇ ਦਾ ਚਿੰਨ੍ਹ ਮੰਨਿਆ ਜਾਂਦਾ। ਮਤਲਬ ਜਾਂ ਤਾਂ ਕਿਸੇ ਰਿਸ਼ਤੇਦਾਰ ਦਾ ਧੀ-ਪੁੱਤ ਸਾਹੇ ਬੱਧਾ ਹੈ ਜਾਂ ਫਿਰ ਕਿਸੇ ਘਰ ਰੱਬ ਨੇ ਪੁੱਤ ਦੀ ਦਾਤ ਬਖਸ਼ੀ ਹੈ। ਏਵੇਂ ਹੀ ਪਾਟੀ


Post Comment

ਝਾਂਜਰ


ਪੰਜਾਬੀ ਸੱਭਿਆਚਾਰ ਤੇ ਜੀਵਨ ਜਾਂਚ ਦੇ ਕੁਝ ਨਿਵੇਕਲੇ ਪਛਾਣ ਚਿੰਨ੍ਹਾਂ ਵਿੱਚੋਂ ਗਹਿਣੇ ਅਹਿਮ ਥਾਂ ਰੱਖਦੇ ਹਨ। ਇਹ ਸਾਡੀ ਵਿਰਾਸਤ ਤੇ ਵਰਤਮਾਨ ਦਾ ਅਨਿੱਖੜਵਾਂ ਅੰਗ ਅਤੇ ਸਾਡੇ ਸੱਭਿਆਚਾਰਕ ਵਿਰਸੇ ਦੀ ਪਛਾਣ ਹਨ। ਪੰਜਾਬੀ ਗੱਭਰੂ ਜਾਂ ਮੁਟਿਆਰ ਨੂੰ ਕਿਸੇ ਮੇਲੇ ਤਿਉਹਾਰ, ਕਿਸੇ ਰਸਮ-ਰਿਵਾਜ ਜਾਂ ਵਿਆਹ ਆਦਿ ਦੇ ਪ੍ਰਸੰਗ ਵਿੱਚ ਰੱਖ ਕੇ ਵੇਖਣਾ ਹੋਵੇ ਤਾਂ ਉੱਥੇ ਸਮੇਂ ਮੁਤਾਬਕ ਗਹਿਣਿਆਂ ਦਾ ਜ਼ਿਕਰ ਲਾਜ਼ਮੀ ਹੋਵੇਗਾ। ਆਮ ਜੀਵਨ ਵਿੱਚ ਗਹਿਣਿਆਂ ਦਾ ਪਾਉਣਾ-ਹੰਢਾਉਣਾ ਅਤੇ ਵਿਆਹਾਂ ਮੌਕੇ ਗਹਿਣਿਆਂ ਦਾ ਲੈਣ-ਦੇਣ ਆਪਣੇ ਆਰਥਿਕ ਸਮਾਜਿਕ ਰੁਤਬੇ ਨੂੰ ਗਹਿਣਿਆਂ ਰਾਹੀਂ ਪ੍ਰਦਰਸ਼ਤ ਕਰਨ ਦਾ ਰੁਝਾਨ ਪੰਜਾਬੀ ਸਮਾਜ ਦਾ ਆਦਿ ਕਾਲੀਨ ਲੱਛਣ ਹੈ।
ਪੰਜਾਬੀ ਵਿਰਸੇ ਨਾਲ ਜੁੜੇ ਅਨੇਕਾਂ ਗਹਿਣੇ ਸਮੇਂ-ਸਮੇਂ ’ਤੇ ਪੰਜਾਬੀ ਔਰਤਾਂ-ਮਰਦਾਂ ਦੀ ਖਿੱਚ ਦਾ ਕੇਂਦਰ ਬਣੇ ਰਹੇ ਹਨ। ਇਨ੍ਹਾਂ ਵਿੱਚ ਸਿੰਙ ਤਵੀਤ, ਬੁਗਤੀਆਂ, ਚੂੜੀਆਂ, ਰੇਲਾਂ, ਹਮੇਲਾਂ, ਪਰੀਬੰਦ, ਰਾਣੀ ਹਾਰ, ਚੰਨਣ ਹਾਰ, ਬੰਦ, ਕੰਗਣ, ਡੰਡੀ, ਕੈਂਠਾ, ਮੁਰਕੀਆਂ, ਨੱਤੀਆਂ, ਪਿੱਪਲ-ਪੱਤੀਆਂ, ਸੱਗੀ ਫੁੱਲ, ਗੋਖੜੂ, ਗਜਰੇ, ਲੌਂਗ, ਕੋਕਾ, ਤੀਲੀ, ਮਛਲੀ, ਟਿੱਕਾ, ਨੱਥ, ਛਾਪਾਂ-ਛੱਲੇ, ਮੁੰਦਰੀਆਂ, ਬਾਜ਼ੂਬੰਦ, ਕਾਂਟੇ, ਕੜੇ, ਵਾਲੀਆਂ, ਜ਼ੰਜੀਰੀਆਂ ਤੇ ਝਾਂਜਰਾਂ ਪ੍ਰਮੁੱਖ ਹਨ। ਝਾਂਜਰ ਪ੍ਰਤੀ ਪੰਜਾਬਣ ਮੁਟਿਆਰ ਦਾ ਮੋਹ ਕੁਝ ਆਪਣੀ ਹੀ ਕਿਸਮ ਦਾ ਹੈ।
ਗੰਦਲ ਵਰਗੀ ਨਾਰ ਸੁਣੀਂਦੀ
ਝਾਂਜਰ ਨੂੰ ਛਣਕਾਵੇ
ਧਰਤੀ ਨੱਚੇ, ਅੰਬਰ ਨੱਚੇ,
ਨੈਣ ਜਦੋਂ ਮਟਕਾਵੇ
ਲੰਮਾ-ਲੰਮਾ, ਲੈਰਾ ਲੈਰਾ
ਪਤਲਾ ਲੱਕ ਹਲਾਵੇ
ਤੋਰ ਮਝੈਲਣ ਦੀ ਧਰਤੀ ਸੰਭਰਦੀ ਜਾਵੇ।
ਨੱਚਦਾ ਆ ਮੁੰਡਿਆਂ ਤੇਰੀ ਹੀਰ ਬੋਲੀਆਂ ਪਾਵੇ।
ਝਾਂਜਰ ਦਾ ਜ਼ਿਕਰ ਛਿੜਿਆ ਹੈ ਤਾਂ ਸਾਉਣ ਮਹੀਨੇ ਵਿੱਚ ਨਵ-ਵਿਆਹੁਤਾ ਮੁਟਿਆਰਾਂ ਦਾ ਝੁਰਮਟ ਜਦੋਂ ਪੇਕਿਆਂ ਸਹੁਰਿਆਂ ਵੱਲੋਂ ਪਾਏ ਗਹਿਣੇ ਪਾ ਸੱਜ-ਫਬ ਕੇ


Post Comment

Thursday, February 21, 2013

ਬੁਝਾਰਤਾਂ ਦਾ ਸਰੂਪ ਅਤੇ ਸਭਿਆਚਾਰਕ ਮਹੱਤਵ

ਬੁਝਾਰਤਾਂ ਸਭਿਆਚਾਰ ਦਾ ਅਨਿੱਖੜਵਾਂ ਅੰਗ ਹਨ। ਇਹ ਸੰਸਾਰ ਵਿਚਲੀਆਂ ਸਾਰੀਆਂ ਭਾਸ਼ਾਵਾਂ ਵਿੱਚ ਮੌਜੂਦ ਹਨ। ਬੁਝਾਰਤਾਂ ਰਾਹੀਂ ਬੁੱਧੀ ਦੀ ਪਰਖ ਕੀਤੀ ਜਾਂਦੀ ਹੈ। ਇਹਨਾਂ ਰਾਹੀਂ ਪੰਜਾਬ ਦੇ ਲੋਕ ਜੀਵਨ ਦੀ ਸਾਫ਼ ਝਲਕ ਮਿਲਦੀ ਹੈ। ਬੁਝਾਰਤਾਂ ਨੂੰ ‘ਬੁਝਣ ਵਾਲੀਆਂ ਬਾਤਾਂ’ ਵੀ ਕਿਹਾ ਜਾਂਦਾ ਹੈ। ਆਮ ਤੌਰਤੇ ਇਹ ਸੌਣ ਵੇਲੇ ਪਾਈਆਂ ਜਾਂਦੀਆਂ ਹਨ। ਦਿਨ ਵੇਲੇ ਬਾਤ ਪਾਉਣਾ ਬੁਰਾ ਮੰਨਿਆ ਜਾਂਦਾ ਹੈ ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਇਵੇਂ ਰਾਹੀ ਰਾਹ ਭੁੱਲ ਜਾਂਦੇ ਹਨ। ਬਾਤ ਇਕ ਦੁਆਰਾ ਪਾਈ ਜਾਂਦੀ ਹੈ। ਬੁੱਝਣ ਵਾਲਾ ਇੱਕ ਜਾਂ ਕਈ ਹੋ ਸਕਦੇ ਹਨ। ਵਿਗਿਆਨ ਦੇ ਆਉਣ ਨਾਲ ਮਨੋਰੰਜਨ ਦੇ ਸਾਧਨਾ ਵਿੱਚ ਵਾਧਾ ਹੋਇਆ ਜਿਸ ਨਾਲ ਬੁਝਾਰਤਾਂ ਕਾਫੀ ਹੱਦ ਤੱਕ ਅਲੋਪ ਹੋ ਚੁੱਕੀਆਂ ਹਨ।

ਬੁਝਾਰਤਾਂ ਦਾ ਸ਼ਬਦੀ ਅਰਥ ਅਰਥ

“ਬੁਝਾਰਤ ਸ਼ਬਦ ‘ਬੁੱਝ’ ਧਾਤੂ ਤੋਂ ਬਣਿਆ ਹੈ। ਇਹ ਸ਼ਬਦ ਨਾਉ ਵੀ ਹੈ ਤੇ ਇਸਤਰੀ ਲਿੰਗ ਵੀ। ਬੁਝਾਰਤ ਦੇ ਕੋਸ਼ਗਤ ਅਰਥ ਹਨ, ਗਿਆਨ ਕਰਾਉਣ ਲਈ ਦਿੱਤਾ ਗਿਆ ਸੰਕੇਤ ਜਾਂ ਇਸ਼ਾਰਾ। ਬੁਝਾਰਤ ਦਾ ਸਾਧਾਰਣ ਸ਼ਬਦੀ ਅਰਥ ‘ਬੁੱਝਣਾ’ ਹੈ। ਬੁਝਾਰਤ ਆਪਣੇ ਆਪ ਵਿੱਚ ਇਕ ਅਜਿਹਾ ਪ੍ਰਸ਼ਨ ਹੈ ਜਿਹੜਾ ਸਧਾਰਣ ਹੁੰਦੇ ਹੋਏ ਵੀ ਆਪਣੇ ਪਿੱਛੇ ਗੂੜ੍ਹੇ ਅਰਥ ਛੁਪਾ ਲੈਂਦਾ ਹੈ। ਹਰ ਭਾਸ਼ਾ ਵਿੱਚ ਬੁਝਾਰਤਾਂ ਲਈ ਢੁਕਵੇਂ ਸ਼ਬਦ ਮੌਜੂਦ ਹਨ। ਪੰਜਾਬੀ ਵਿੱਚ ਅਨੁਵਾਦਿਤ ਨਾਮ ਹਨ - ਪਹੇਲੀ, ਅੜਾਉਣੀ, ਮਸਲਾ, ਰਹੱਸ, ਬਾਤ, ਬਤੌਲੀ, ਔਖਾ ਪ੍ਰਸ਼ਨ, ਸਮੱਸਿਆ, ਗੁੰਝਲ ਆਦਿ ਜਿਵੇਂ : ਬਾਤ ਪਾਵਾਂ, ਬਤੌਲੀ ਪਾਵਾਂ, ਸੁਣ ਕੇ ਭਾਈ ਹਕੀਮਾਂ, ਲੱਕੜੀਆਂ ’ਚੋਂ ਪਾਣੀ ਕੱਢਾ, ਚੁੱਕ ਬਣਾਵਾਂ ਢੀਮਾ।”ਜ

ਬੁਝਾਰਤ ਦੀ ਪਰਿਭਾਸ਼ਾ

ਐਨਸਾਈਕਲੋਪੀਡੀਆਂ ਅਮੇਰੀਕਾਨਾਂ ਦੇ ਅਨੁਸਾਰ “ਇਕ ਅਜਿਹਾ ਕਥਨ ਜਾਂ ਪ੍ਰਸ਼ਨ ਜਿਸ ਦੇ ਦੋ ਅਰਥ ਹੋਣ ਜਾਂ ਅਰਥ ਨੂੰ ਲੁਕੋ ਕੇ ਪੇਸ਼ ਕੀਤਾ ਗਿਆ ਹੋਵੇ, ਉਸ ਦੇ ਹੱਲ ਨੂੰ ਬੁਝਾਰਤ ਕਹਿੰਦੇ ਹਨ।”ਜਜ

ਬੁਝਾਰਤਾਂ ਦਾ ਸਰੂਪ

“ਬੁਝਾਰਤਾਂ ਸ਼ਬਦ ਕਹਿਣ ਵਿੱਚ ਸੋਖਾ ਲਗਦਾ ਹੈ ਪਰ ਆਪਣੇ ਸਰੂਪ ਕਰਕੇ ਡੂੰਘੇ ਅਰਥਾਂ ਦਾ ਮਾਲਕ ਹੈ। ਕੁਝ ਬੁਝਾਰਤਾਂ ਆਕਾਰ ਵਿੱਚ ਛੋਟੀਆਂ ਤੇ ਕੁਝ ਵੱਡੀਆਂ ਹੁੰਦੀਆਂ ਹਨ। ਛੋਟੇ ਆਕਾਰ ਵਾਲੀ ਬੁਝਾਰਤ ਦੀ ਉਦਾਹਰਣ ਹਨ : ਨਿੱਕੀ ਜਿਹੀ ਕੁੜੀ ਲੈ ਪਰਾਂਦਾ ਤੁਰੀ”ਜਜਜ (ਸੂਈ) ਬੁਝਾਰਤਾਂ ਦੀ ਚੌਖੀ ਗਿਣਤੀ ਸੂਤਰਕ ਪੰਕਤੀਆਂ ਨਾਲ ਜੁੜੀ ਹੋਹੀ ਹੈ ਜਿਵੇਂ : ਇਕ ਬਾਤ ਕਰਤਾਰੋ


Post Comment

Friday, November 9, 2012

ਹੁਣ ਕਿੱਥੇ ਲੱਭਦੀ ਹੈਚਾਟੀ ਦੀ ਲਾਲ ਲੱਸੀ


ਚਾਟੀ ਦੀ ਲਾਲ ਲੱਸੀ ਜੇਕਰ ਕਿਸੇ ਭਾਗਾਂ ਵਾਲੇ ਘਰ ਵਿਚ ਵੇਖਣ ਨੂੰ ਮਿਲ ਜਾਵੇ ਤਾਂ ਵੇਖ ਕੇ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਕਿ ਸਾਡੇ ਸੱਭਿਆਚਾਰ ਵਿਚੋਂ ਇਹ ਲੋਪ ਹੋਇਆ ਅੰਮ੍ਰਿਤ ਰੂਪੀ ਪਦਾਰਥ ਅੱਜ ਇਸ ਘਰ ਵਿਚ ਰਹਿਮਤ ਦੇ ਰੂਪ ਵਿਚ ਦਿੱਸਣ ਨੂੰ ਨਸੀਬ ਹੋਇਆ ਹੈ। ਇਸ ਲਾਲ ਲੱਸੀ ਨੂੰ ਵੇਖ ਕੇ ਬਦੋ-ਬਦੀ ਮੂੰਹ ਵਿਚ ਪਾਣੀ ਆ ਜਾਂਦਾ ਸੀ। ਯਾਦ ਆਉਂਦੇ ਹਨ, ਉਹ ਬੀਤ ਗਏ ਸਮੇਂ, ਜਦੋਂ ਬੇਬੇ ਚਾਟੀ ਦੀ ਲਾਲ ਰੰਗ ਦੀ ਲੱਸੀ ਪਿੱਤਲ ਦੇ ਲੰਮੀ ਜੀਭ ਵਾਲੇ ਗੰਗਾ ਸਾਗਰ ਵਿਚ ਪਾ ਕੇ ਪਰਿਵਾਰ ਨੂੰ ਵਰਤਾਇਆ ਕਰਦੀ ਸੀ। ਸਾਨੂੰ ਕੰਗਣੀ ਵਾਲੇ ਵੱਡੇ-ਵੱਡੇ ਪਿੱਤਲ ਦੇ ਗਿਲਾਸ ਭਰ ਕੇ ਲੱਸੀ ਦੇ ਜਦੋਂ ਬੇਬੇ ਦਿੰਦੀ ਤਾਂ ਇਹ ਗਿਲਾਸ ਗਟ-ਗਟ ਕਰਕੇ ਪੀ ਜਾਇਆ ਕਰਦੇ। ਅੱਜ ਇਹ ਲੱਸੀ ਤਾਂ ਬੀਤੇ ਦੀ ਗੱਲ ਹੋ ਗਈ ਹੈ। ਉਦੋਂ ਤਾਂ ਇਹ ਕੰਗਣੀ ਵਾਲੇ ਗਿਲਾਸ ਹੀ ਹੋਇਆ ਕਰਦੇ ਸਨ। ਉਦੋਂ ਗੱਭਰੂਆਂ ਦੀਆਂ ਚੌੜੀਆਂ ਛਾਤੀਆਂ ਭਰਵੇਂ ਜੁੱਸੇ ਇਨ੍ਹਾਂ ਹੀ ਲੱਸੀ ਦੁੱਧਾਂ ਦੀ ਬਦੌਲਤ ਹੀ ਸਨ ਜੋ ਪੰਜਾਬ ਦੀ ਸ਼ਾਨ ਹੋਇਆ ਕਰਦੇ ਸਨ। ਉਹ ਪੁਰਾਣੇ ਚੋਬਰ ਗੱਭਰੂ।  ਗੱਭਰੂਆਂ ਦੇ ਨਾਲ-ਨਾਲ ਅੱਜ ਕੰਗਣੀ ਵਾਲੇ ਗਿਲਾਸ ਵੀ ਲੋਪ ਹੋ ਗਏ ਹਨ। ਸਿਰਫ ਬਨਾਵਟੀ ਲੱਸੀ, ਦੁੱਧ ਡੇਅਰੀਆਂ ਦਾ ਸ਼ਿੰਗਾਰ ਬਣ ਕੇ ਰਹਿ ਗਈ ਹੈ।
ਬੇਬੇ ਨੂੰ ਇਹ ਲੱਸੀ ਬਣਾਉਣ ਖਾਤਰ ਬਹੁਤ ਮੁਸ਼ੱਕਤ ਕਰਨੀ ਪੈਂਦੀ ਸੀ। ਸਵੇਰੇ ਤੜਕੇ ਹੀ ਬੇਬੇ ਨੇ ਮੁਰਗੇ ਦੀ ਬਾਂਗ ਨਾਲ ਜਾਗ ਪੈਣਾ, ਲਵੇਰੀਆਂ ਦੀਆਂ ਧਾਰਾਂ ਕੱਢਣੀਆਂ, ਦੁੱਧ ਰਿੜਕਣਾ, ਬੇਬੇ ਦਾ ਸਵੇਰੇ ਵੇਲੇ ਦਾ ਇਹ ਮੁੱਢਲਾ ਕੰਮ ਹੁੰਦਾ ਸੀ। ਸਾਰੇ ਦਿਨ ਲਈ ਵਰਤਣ ਵਾਲਾ ਦੁੱਧ ਰੱਖ ਕੇ ਬਾਕੀ ਦੁੱਧ ਦੋਹਣੀ (ਕਾੜ੍ਹਨੀ) ਵਿਚ ਪਾ ਦਿਆ ਕਰਦੀ ਸੀ, ਸਾਰਾ ਦਿਨ ਕੜ੍ਹਨ ਲਈ। ਦੋਹਣੀ ਇਕ ਮਿੱਟੀ ਦਾ ਬਣਿਆ ਖੁੱਲ੍ਹਾ-ਡੁੱਲ੍ਹਾ ਵੱਡਾ ਮਟਕਾ ਨੁਮਾ ਬਰਤਨ ਹੁੰਦਾ ਸੀ ਜਿਸ ਨੂੰ ਘੁਮਿਆਰ ਲਾਲ ਮਿੱਟੀ ਨਾਲ ਬਹੁਤ ਹੀ ਮਿਹਨਤ ਕਰਕੇ ਆਵੇ ਜਰੀਏ ਪਕਾ ਕੇ ਤਿਆਰ ਕਰਦਾ ਸੀ। ਇਸ ਦੋਹਣੀ (ਕਾੜ੍ਹਨੀ) ਦੇ ਉਪਰ ਢੱਕਣ ਦੇ ਰੂਪ ਵਿਚ ਇਕ ਸੁਰਾਖਾਂ ਵਾਲੀ ਕੰਡੀਰੀ ਨਾਲ ਸੈੱਟ ਮਿਲਾ ਕੇ ਦੇ ਦਿਆ ਕਰਦੇ ਸੀ। ਬੇਬੇ ਇਸ ਦੋਹਣੀ ਨੂੰ ਦੁੱਧ ਨਾਲ ਭਰ ਕੇ ਹਾਰੇ ਵਿਚ ਸਾਰੇ ਦਿਨ ਲਈ ਕੜ੍ਹਨ ਲਈ ਰੱਖ ਦਿਆ ਕਰਦੀ ਸੀ। ਹਾਰੇ ਵਿਚ ਸਾਰੇ ਦਿਨ ਲਈ ਪਾਥੀਆਂ ਦੇ ਟੁੱਕੜੇ ਪਾ ਕੇ ਅੱਗ ਪਾ ਦਿੱਤੀ ਜਾਂਦੀ ਸੀ। ਜੋ ਸਾਰਾ ਦਿਨ ਸੁਲਘ ਕੇ ਦੁੱਧ ਨੂੰ ਕਾੜ੍ਹਦੀ ਰਹਿੰਦੀ ਸੀ। ਇੱਥੇ ਹਾਰੇ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੈ। ਹਾਰਾ ਇਕ ਮਿੱਟੀ ਦਾ ਬਣਿਆ ਤੰਦੂਰਨੁਮਾ ਮੱਟ ਜਿਹਾ ਹੁੰਦਾ ਸੀ, ਜੋ ਹਰ ਘਰ ਵਿਚ ਚੁੱਲ੍ਹੇ ਦੇ ਨਜ਼ਦੀਕ ਹੀ ਜਾਂ ਥੋੜ੍ਹੇ ਵਕਫੇ ’ਤੇ ਬਹੁਤ ਹੀ ਸਲੀਕੇ ਨਾਲ ਬਣਿਆ ਹੁੰਦਾ ਸੀ। ਇਹ ਹਾਰਾ ਲਵੇਰੀਆਂ ਵਾਲੇ ਘਰ ਦਾ ਸ਼ਿੰਗਾਰ ਹੁੰਦਾ ਸੀ। ਅੱਜ ਹਾਰਾ ਆਮ ਤੌਰ ’ਤੇ ਸੱਭਿਆਚਾਰ ’ਚੋਂ ਲੋਪ ਹੋ ਚੁੱਕਾ ਹੈ। ਇਸ ਹਾਰੇ ਨੂੰ ਬੇਬੇ ਬਹੁਤ ਹੀ ਮਿਹਨਤ ਨਾਲ ਤਿਆਰ ਕਰਦੀ ਸੀ। ਹਰ ਘਰ ਵਿਚ ਇਹ ਹਾਰੇ ਬਹੁਤ ਹੀ ਸੋਹਣੇ ਤਰੀਕੇ ਨਾਲ ਬਣਾਏ ਹੁੰਦੇ ਸਨ। ਹਾਰੇ ’ਤੇ ਵੇਲ ਬੂਟੀਆਂ ਪਾਈਆਂ ਅਜੀਬ ਹੀ ਦਿਖ ਪੇਸ਼ ਕਰਦੀਆਂ ਸਨ, ਜੋ ਕਿ ਪੇਂਡੂ ਸੱਭਿਆਚਾਰ ਦਾ ਇਕ ਕਲਾਤਮਿਕ ਨਮੂਨਾ ਹੁੰਦਾ ਸੀ। ਦੋਹਣੀ ਵਿਚ ਪਾਇਆ ਦੁੱਧ ਹਾਰੇ ਵਿਚ ਸਾਰਾ ਦਿਨ ਕੜ੍ਹਦਾ ਰਹਿੰਦਾ ਅਤੇ ਚੌਗਿਰਦੇ ਵਿਚ ਕੜ੍ਹੇ ਦੁੱਧ ਦੀ ਖੁਸ਼ਬੂ ਫੈਲਦੀ ਰਹਿੰਦੀ। ਪਾਥੀਆਂ ਦੇ ਛੋਟੇ-ਛੋਟੇ ਟੁਕੜੇ ਬੇਬੇ ਦਿਨ ’ਚ ਗਾਹੇ-ਬਗਾਹੇ ਪਾਉਂਦੀ ਰਹਿੰਦੀ ਅਤੇ ਦੁੱਧ ਦੀ ਨਿਗਰਾਨੀ ਰੱਖਦੀ। ਦੁੱਧ ਕੜ੍ਹ-ਕੜ੍ਹ ਕੇ ਲਾਲ ਹੋ ਜਾਂਦਾ। ਉਪਰ ਮਲਾਈ ਦੀ ਮੋਟੀ ਪਰਤ ਜੰਮ ਜਾਂਦੀ। ਦੁੱਧ ਵਿਚਲਾ ਫਾਲਤੂ ਪਾਣੀ ਕੰਡੀਰੀ ਦੇ ਸੁਰਾਖਾਂ ਜਰੀਏ ਭਾਫ ਬਣ ਕੇ ਉਡਦਾ ਰਹਿੰਦਾ। ਬੇਬੇ ਸਾਨੂੰ ਨਿੱਕਿਆ ਹੁੰਦਿਆਂ ਨੂੰ ਦੋਹਣੀ ਨੂੰ ਛੂਹਣ ਨਾ ਦਿੰਦੀ। ਸ਼ਾਮੀ ਰੋਟੀ ਟੁੱਕ ਦੇ ਆਹਾਰ ਤੋਂ ਵਿਹਲੀ ਹੋ ਕੇ ਸ਼ਾਮ ਦਾ ਚੋਇਆ ਦੁੱਧ ਵੀ ਗਰਮ ਕਰਕੇ ਜਮਾਉਣ ਲਈ ਰੱਖ ਦਿੰਦੀ। ਸਭ ਤੋਂ ਪਹਿਲਾਂ ਦਿਨ ਦਾ ਕੜ੍ਹਿਆ ਦੁੱਧ ਚਾਟੀ ਵਿਚ ਪਲਟ ਦਿੰਦੀ ਸੀ। ਫਿਰ ਸ਼ਾਮ ਦਾ ਗਰਮ ਦੁੱਧ ਵੀ ਵਿਚ ਮਿਲਾ ਕੇ ਜਾਗ ਲਾ ਦਿੰਦੀ ਸੀ ਤਾਂ ਜੋ ਸਵੇਰੇ ਲਈ ਦਹੀਂ ਜੰਮ ਜਾਵੇ।
ਸਵੇਰੇ ਹੀ ਸਵੇਰੇ ਬੇਬੇ ਨੇ ਜਾਗ ਪੈਣਾ। ਸਭ ਤੋਂ ਪਹਿਲਾਂ ਲੱਕੜ ਦੀ ਮਧਾਣੀ ਦਾ ਕੁੜ ਪਾਟੀ ਦੇ ਮੂੰਹ ’ਤੇ ਰੱਖ ਕੇ ਘੜੌਂਜੀ ਨਾਲ ਮਧਾਣੀ ਨੂੰ ਬੰਨ੍ਹ ਦੇਣਾ। ਇਕ ਰੱਸੀ ਪਾ ਕੇ ਤਾਂ ਜੋ ਮਧਾਣੀ ਚਾਟੀ ’ਤੇ ਟਿਕੀ ਰਹੇ। ਨੇਤਰੇ ਦੇ ਜ਼ਰੀਏ ਬੇਬੇ ਨੇ ਦੁੱਧ ਰਿੜਕਣਾ ਤੇ ਨਾਲ ਗੁਰਬਾਣੀ ਦੀਆਂ ਤੁਕਾਂ ਗੁਣ-ਗੁਣਾਉਂਦੀ ਰਹਿਣਾ। ਚਾਟੀ ਵਿਚੋਂ ਘੰਮ-ਘੰਮ ਦੀ ਆਵਾਜ਼ ਆਉਂਦੀ ਜਿਸ ’ਤੇ ਇਕ ਮਧੁਰ ਜਿਹਾ ਸੰਗੀਤ ਫਿਜ਼ਾ ਵਿਚ ਗੂੰਜ ਉਠਣਾ। ਤੜਕੇ ਹੀ ਪਹੁ-ਫੁਟਾਲੇ ਨਾਲ ਚਿੜੀਆਂ ਦੀ ਚੀਂ-ਚੀਂ ਮਧਾਣੀਆਂ ਦੀ ਘੰਮ-ਘੰਮ ਦੀ ਆਵਾਜ਼ ਵਿਚ ਆਮ ਹੀ ਸੁਣਨ ਨੂੰ ਮਿਲਦੀ ਸੀ, ਜਿਸ ਨਾਲ ਅੰਮ੍ਰਿਤ ਵੇਲੇ ਇਕ ਅਜੀਬ ਅਤੇ ਬਹੁਤ ਮਿੱਠਾ ਸੰਗੀਤ ਪੈਦਾ ਹੁੰਦਾ ਸੀ। ਇਹ ਦੁੱਧ ਰਿੜਕਣ ਦੀ ਕਾਰਵਾਈ ਬੇਬੇ ਦੀ ਘੰਟਾ ਕੁ ਭਰ ਚਲਦੀ ਰਹਿੰਦੀ। ਜਦੋਂ ਬੇਬੇ ਨੇ ਮੱਖਣ ਕੱਢ ਕੇ ਮਿੱਟੀ ਦੇ ਠੁੱਲ੍ਹੇ ਵਿਚ ਪਾ ਦੇਣਾ ਤਾਂ ਸਮਝ ਲੋ ਚਾਟੀ ਦੀ ਲਾਲ ਲੱਸੀ ਤਿਆਰ ਹੋ ਗਈ। ਚਾਟੀ ਵਿਚ ਪਈ ਲੱਸੀ, ਘਰ ਨੂੰ ਚਾਰ ਚੰਨ ਲਾ ਦਿੰਦੀ। ਅੱਜ ਤਾਂ ਚਿੜੀਆਂ ਦੀ ਚੀਂ-ਚੀਂ ਅਤੇ ਮਧਾਣੀਆਂ ਦੀ ਘੰਮ-ਘੰਮ ਦੀ ਆਵਾਜ਼ ਵੀ ਲੋਪ ਹੋ ਗਈ ਹੈ। ਅੱਜ-ਕੱਲ੍ਹ ਜੇਕਰ ਕਿਸੇ ਘਰ ਵਿਚ ਤ੍ਰੀਮਤਾਂ ਚਾਟੀ ਦੀਆਂ ਲੱਸੀਆਂ ਬਣਾਉਂਦੀਆਂ ਹਨ ਤਾਂ ਸਮਝ ਲਓ ਉਸ ਪਰਿਵਾਰ ਨੇ ਆਪਣਾ ਅਮੀਰ ਵਿਰਸਾ ਸੰਭਾਲ ਕੇ ਰੱਖਿਆ ਹੋਇਆ ਹੈ। ਉਸ ਘਰ ਦੇ ਪਰਿਵਾਰ ਦੇ ਮੈਂਬਰ ਹਸਮੁੱਖ, ਚੌੜੀਆਂ ਛਾਤੀਆਂ, ਭਰਵੇਂ ਜੁੱਸੇ ਦੇ ਮਾਲਕ ਹੋਣਗੇ। ਸਾਰਾ ਘਰ ਕੁਦਰਤੀ ਰਹਿਮਤਾਂ ਨਾਲ ਭਰਿਆ ਹੋਵੇਗਾ ਅਤੇ ਘਰ ਦਾ ਮਾਹੌਲ ਵੀ ਖੁਸ਼ ਗਵਾਰ ਹੋਵੇਗਾ। ਲੱਸੀ ਦੁੱਧ ਰੱਜੇ-ਪੁੱਜੇ ਘਰ ਦੀ ਨਿਸ਼ਾਨੀ ਹੁੰਦੀ ਸੀ।
ਹੁਣ ਤਾਂ ਸਾਰੀਆਂ ਦੁੱਧ ਲੱਸੀ ਦੀਆਂ ਦਾਤਾਂ ਡੇਅਰੀਆਂ ਨੇ ਆਪਣੇ ਵਿਚ ਸਮੋ ਲਈਆਂ ਹਨ। ਅੱਜ ਪੰਜਾਬ ਦੇ ਨੌਜਵਾਨ ਨਸ਼ਿਆਂ ਦੀ ਦਲ-ਦਲ ਵਿਚ ਗਰਕ ਹੋ ਰਹੇ ਹਨ। ਦੁੱਧ ਲੱਸੀ ਤਾਂ ਦੂਰ ਦੀ ਗੱਲ ਹੋ ਗਈ ਹੈ। ਟੀਕੇ, ਫੈਂਸੀਆਂ, ਗੋਲੀਆਂ ਪੰਜਾਬ ਦੇ ਜਵਾਨਾਂ ਦੇ ਖੀਸਿਆਂ ਦਾ ਸ਼ਿੰਗਾਰ ਬਣ ਗਈਆਂ ਹਨ।
ਦੁੱਧ ਖੁਣੋ ਸੁੱਕ ਗਏ ਨੇ ਗੱਭਰੂ ਪੰਜਾਬ ਦੇ
ਗਲੀ-ਗਲੀ ਵਿਚ ਠੇਕੇ ਖੁੱਲ੍ਹ ਗਏ ਸ਼ਰਾਬ ਦੇ।
ਇਹ ਅੰਮ੍ਰਿਤ ਰੂਪੀ ਪਦਾਰਥ ਲੱਸੀ ਪੰਜਾਬੀ ਸੱਭਿਆਚਾਰ ’ਚੋਂ ਲੋਪ ਹੋ ਰਿਹਾ ਹੈ ਜੋ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਪਨਾ ਬਣ ਕੇ ਰਹਿ ਜਾਵੇਗੀ।
ਲੱਸੀਆਂ ਦੇ ਛੰਨੇ, ਹੈ ਨੀ ਮੱਖਣਾਂ ਦੀਆਂ ਪੇੜੀਆਂ
ਜਵਾਨੀਆਂ ਪੰਜਾਬ ਦੀਆਂ, ਨਸ਼ਿਆਂ ਨੇ ਘੇਰੀਆਂ।

ਜਗਜੀਤ ਸਿੰਘ ਜੱਗਾ ਮੁੰਡੀਆਂ
ਸੰਪਰਕ: 94177-05995

ਪੋਸਟ ਕਰਤਾ: ਗੁਰਸ਼ਾਮ ਸਿੰਘ ਚੀਮਾ 




Post Comment

Wednesday, November 7, 2012

ਨਿੰਮ ਦੇ ਸੰਦੂਕ ਵਾਲੀਏ


ਸੰਦੂਕ ਵਿਆਹੀ ਜਾਣ ਵਾਲੀ ਕੁੜੀ ਨੂੰ ਦਾਜ ਵਿੱਚ ਦਿੱਤੀ ਜਾਣ ਵਾਲੀ ਅਹਿਮ ਵਸਤੂ ਹੁੰਦੀ ਸੀ, ਜਿਸ ਵਿੱਚ ਉਸ ਦੇ ਪਹਿਨਣ ਵਾਲੇ ਸੂਟ, ਘੱਗਰੇ, ਫੁਲਕਾਰੀਆਂ, ਪੱਖੀਆਂ, ਭਾਂਡੇ, ਬਿਸਤਰੇ, ਰੁਮਾਲਾਂ, ਝੋਲੇ ਅਤੇ ਹਾਰ-ਸ਼ਿੰਗਾਰ ਨਾਲ ਸਬੰਧਤ ਵਸਤਾਂ ਹੁੰਦੀਆਂ ਸਨ। ਸੰਦੂਕ ਨਿੰਮ ਜਾਂ ਟਾਹਲੀ ਦੀ ਲੱਕੜੀ ਦਾ ਬਣਿਆ ਹੁੰਦਾ ਸੀ। ਇਸ ਲੱਕੜ ਨੂੰ ਘੁਣ ਜਾਂ ਕੀੜਾ ਨਹੀਂ ਸੀ ਲੱਗਦਾ। ਸੰਦੂਕ ਲਈ ਕਾਲੀ ਟਾਹਲੀ ਦੀ ਲੱਕੜ ਸਭ ਤੋਂ ਉੱਤਮ ਮੰਨੀ ਜਾਂਦੀ ਸੀ ਪਰ ਟਾਹਲੀ ਨੂੰ ਕਾਲੀ ਹੋਣ ‘ਤੇ ਬਹੁਤ ਸਮਾਂ ਲੱਗਦਾ ਸੀ। ਇਸ ਲਈ ਇਹ ਲੱਕੜ ਬਹੁਤ ਮੁਸ਼ਕਿਲ ਨਾਲ ਮਿਲਦੀ ਸੀ। ਇਸ ਤੋਂ ਬਣੇ ਸੰਦੂਕ ਬਹੁਤ ਸੋਹਣੇ, ਚਮਕਦਾਰ ਤੇ ਮਜ਼ਬੂਤ ਹੁੰਦੇ ਸਨ। ਲੱਕੜੀ ਦੇ ਕੰਮ ਵਿੱਚ ਨਿਪੁੰਨ ਕਾਰੀਗਰ ਸੰਦੂਕ ਨੂੰ ਬੜੀਆਂ ਰੀਝਾਂ ਨਾਲ ਬਣਾਉਂਦੇ ਸਨ। ਵਿਆਹ ਤੋਂ ਦੋ ਤਿੰਨ ਮਹੀਨੇ ਪਹਿਲਾਂ ਮਾਹਿਰ ਤਰਖਾਣ ਨੂੰ ਘਰ ਬਿਠਾਇਆ ਜਾਂਦਾ ਸੀ। ਤਰਖਾਣ ਕਾਰੀਗਰ ਆਪਣੀ ਪੂਰੀ ਕਲਾ ਕਿਰਤ ਅਤੇ ਮਹੀਨ ਮੀਨਾਕਾਰੀ ਰਾਹੀਂ ਸੰਦੂਕ ਤਿਆਰ ਕਰਦੇ ਸਨ। ਸੰਦੂਕ ਦਾ ਪਿਛਲਾ ਹਿੱਸਾ ਬਿਲਕੁਲ ਸਾਫ਼ ਅਤੇ ਸਾਧਾਰਨ ਰੱਖਿਆ ਜਾਂਦਾ ਸੀ। ਸਾਹਮਣੇ ਵਾਲੇ ਪਾਸੇ ਅਤੇ ਪਾਸਿਆਂ ਵਾਲੇ ਹਿੱਸੇ ਉੱਤੇ ਵਰਗਾਕਾਰ ਡੱਬੇ ਬਣਾਏ ਜਾਂਦੇ ਸਨ।
ਸੰਦੂਕ ਨੂੰ ਹੋਰ ਸ਼ਿੰਗਾਰਨ ਲਈ ਮਾਹਿਰ ਕਾਰੀਗਰ ਪਿੱਤਲ ਦੀਆਂ ਮੇਖਾਂ, ਸ਼ੀਸ਼ਿਆਂ ਦੇ ਟੁੱਕੜੇ ਅਤੇ ਰੰਗਾਂ ਦਾ ਪ੍ਰਯੋਗ ਵੀ ਕਰਦੇ ਸਨ। ਸੰਦੂਕਾਂ ਉੱਪਰ ਹਾਰ-ਸ਼ਿੰਗਾਰ ਲਈ ਵੱਡਾ ਸ਼ੀਸਾ ਜਾਂ ਗੁਰੂਆਂ ਦੀਆਂ ਤਸਵੀਰਾਂ ਵੀ ਫਿੱਟ ਕਰ ਦਿੱਤੀਆਂ ਜਾਂਦੀਆਂ ਸਨ। ਪਹਿਲਾਂ-ਪਹਿਲ ਵਰਗਾਕਾਰ ਸਾਦੇ ਜਿਹੇ ਛੋਟੇ ਸੰਦੂਕ (4 ਫੁੱਟੇ) ਬਣਾਏ ਜਾਂਦੇ ਸਨ ਪਰ ਹੌਲੀ-ਹੌਲੀ ਸਮੇਂ ਦੇ ਬਦਲਾਅ ਨਾਲ ਛੇਜਿਆਂ ਵਾਲੇ ਲੰਮੇ 7-8 ਫੁੱਟੇ ਸੰਦੂਕ ਬਣਾਏ ਜਾਣ ਲੱਗੇ। ਫਿਰ ਦੋ ਛੱਤੇ ਜਾਂ ਰਖਣਿਆਂ (ਖਾਨਿਆਂ) ਵਾਲੇ ਸੰਦੂਕ ਬਹੁਤ ਮਸ਼ਹੂਰ ਹੋਏ। ਦੋ ਛੱਤੇ ਸੰਦੂਕਾਂ ਦੇ ਹੇਠਲੇ ਪਾਸੇ ਬਿਸਤਰੇ (ਦਰੀਆਂ, ਖੇਸ, ਰਜਾਈਆਂ, ਗਦੈਲੇ) ਰੱਖੇ ਜਾਂਦੇ ਸਨ। ਉਪਰਲੇ ਖਾਨੇ ਵਿੱਚ ਘਰ ਜਾਂ ਔਰਤ ਦੇ ਨਿੱਤ ਵਰਤੋਂ ਦਾ ਸਾਮਾਨ ਸਾਂਭਿਆ ਜਾਂਦਾ ਸੀ। ਸੰਦੂਕ ਵਿੱਚ ਇੱਕ-ਦੋ ਸ਼ੈਲਫਾਂ ਵੀ ਪਾਈਆਂ ਜਾਂਦੀਆਂ ਸਨ, ਜਿਨ੍ਹਾਂ ਨੂੰ ਫੱਟੀਆਂ ਕਿਹਾ ਜਾਂਦਾ ਸੀ। ਇਨ੍ਹਾਂ ਫੱਟੀਆਂ ਉੱਪਰ ਪੰਜਾਬਣ ਮੁਟਿਆਰ ਆਪਣੇ ਹਾਰ-ਸ਼ਿੰਗਾਰ ਦਾ ਸਾਮਾਨ ਰੱਖਦੀ ਸੀ, ਜਿਸ ਵਿੱਚ ‘ਸੁਹਾਗ ਪਿਟਾਰੀ’ ਦਾ ਅਹਿਮ ਸਥਾਨ ਸੀ। ਸੁਹਾਗ ਪਿਟਾਰੀ ਅੱਜ-ਕੱਲ੍ਹ ਦੇ ‘ਮੇਕਅੱਪ ਬਾਕਸ’ ਵਾਂਗ ਲੱਕੜੀ ਦਾ ਇੱਕ ਢੱਕਣ ਵਾਲਾ ਡੱਬਾ ਹੁੰਦਾ ਸੀ, ਜਿਸ ਨੂੰ ਗੋਟੇ-ਕਿਨਾਰੀਆਂ ‘ਤੇ ਰੰਗਦਾਰ ਕੱਪੜੇ (ਖਾਸ ਕਰਕੇ ਲਾਲ-ਸੂਹੇ) ਨਾਲ ਸ਼ਿੰਗਾਰਿਆ ਹੁੰਦਾ ਸੀ। ਇਸ ਦੇ ਵਿਚਕਾਰ ਢੱਕਣ ਦੇ ਅੰਦਰਲੇ ਪਾਸੇ ਇੱਕ ਸ਼ੀਸ਼ਾ ਜੜਤ ਹੁੰਦਾ ਸੀ। ਇਨ੍ਹਾਂ ਫੱਟੀਆਂ ਉੱਪਰ ਨਾਲੇ, ਪਰਾਂਦੀਆਂ, ਚੂੜੀਆਂ, ਗਹਿਣੇ, ਦੰਦਾਸਾ, ਮਹਿੰਦੀ ਅਤੇ ਸੁਰਮੇਦਾਨੀ ਵਰਗੇ ਸ਼ਿੰਗਾਰ ਸਾਧਨ ਰੱਖੇ ਹੁੰਦੇ ਸਨ। ਸ਼ਿੰਗਾਰ ਸਾਧਨ ਵੀ ਕੁਦਰਤੀ ਹੁੰਦੇ ਸਨ, ਅੱਜ-ਕੱਲ੍ਹ ਦੇ ਹਾਨੀਕਾਰਕ ਰਸਾਇਣਾਂ ਵਰਗੇ ਨਹੀਂ। ਸੰਦੂਕ ਨੂੰ ਕਮਰੇ ਦੇ ਦਰਵਾਜ਼ੇ ਵਾਂਗ ਨਿੱਕੇ ਤਖ਼ਤਿਆਂ ਵਾਲਾ ਇੱਕ ਦਰਵਾਜ਼ਾ ਲੱਗਿਆ ਹੁੰਦਾ ਸੀ, ਜਿਸ ਨੂੰ ਲੋਹੇ ਦਾ ਇੱਕ ਕੁੰਡਾ ਲਾਇਆ ਜਾਂਦਾ ਸੀ। ਪੁਰਾਤਨ ਸੰਦੂਕਾਂ ਨੂੰ ਆਮ ਕਰਕੇ ਮੁੱਠੀਨੁਮਾ ਜਿੰਦੇ ਲਗਾਏ ਜਾਂਦੇ ਸਨ ਜਿਸ ਦੀ ਚਾਬੀ ਮਾਲਕਣ ਨਿਗਰਾਨੀ ਹੇਠ ਰੱਖਦੀ ਸੀ। ਕਦੇ-ਕਦੇ ਸੁਆਣੀਆਂ ਚਾਬੀ ਆਪਣੀ ਪਰਾਂਦੀ ਨਾਲ ਹੀ ਬੰਨ੍ਹ ਲੈਂਦੀਆਂ ਸਨ। ਕਈ ਪਰਿਵਾਰਾਂ ਵਿੱਚ ਸੰਦੂਕ ਨੂੰ ਜਿੰਦਾ ਲਾਉਣਾ ਅਸ਼ੁੱਭ ਮੰਨਿਆ ਜਾਂਦਾ ਸੀ।
ਸਾਂਝੇ ਪਰਿਵਾਰ ਵਿੱਚ ਬਾਪੂ ਦੇ ਖੂੰਡੇ ਅਤੇ ਬੇਬੇ ਦੀ ਦਬਕ ਤੋਂ ਡਰਦੀਆਂ ਨੂੰਹਾਂ ਚਾਹੁੰਦੀਆਂ ਹੋਈਆਂ ਵੀ ਜਿੰਦਾ ਨਹੀਂ ਸੀ ਲਾ ਸਕਦੀਆਂ। ਸੰਦੂਕ ਹਰ ਵਸਦੇ-ਰਸਦੇ ਘਰ ਦੀ ਨਿਸ਼ਾਨੀ ਹੁੰਦੇ ਸਨ। ਵੱਡੇ ਕੱਚੀ ਸਬਾਤ ਵਿੱਚ ਪਏ ਸੰਦੂਕ ਘਰ ਦਾ ਸ਼ਿੰਗਾਰ ਮੰਨੇ ਜਾਂਦੇ ਸਨ। ਜਿਵੇਂ ਪੁਰਾਤਨ ਬਰਾਤਾਂ ਅਤੇ ਮੇਲ ਊਠ ਗੱਡੀਆਂ ਜਾਂ ਬੈਲ ਗੱਡੀਆਂ ‘ਤੇ ਹੀ ਆਉਂਦਾ ਸੀ। ਇਸ ਤਰ੍ਹਾਂ ਵਿਆਹ ਸਮੇਂ ਦਾਜ ਦਾ ਸਾਮਾਨ ਵੀ ਇਨ੍ਹਾਂ ਗੱਡੀਆਂ ਉੱਪਰ ਹੀ ਲਿਆਂਦਾ ਜਾਂਦਾ ਸੀ। ਆਮ ਪਰਿਵਾਰ ਇੱਕ-ਇੱਕ ਤੇ ਜ਼ਿਆਦਾ ਸਰਦੇ-ਪੁੱਜਦੇ ਘਰ ਦੋ-ਦੋ ਸੰਦੂਕ ਦੇ ਕੇ ਵੀ ਡੋਲੀ ਤੋਰਦੇ ਸਨ। ਗੱਡੀ ਵਿੱਚ ਆਏ ਸੰਦੂਕ ਦੀ ਸ਼ਾਹਦੀ ਤਾਂ ਸਾਡੇ ਲੋਕ ਗੀਤ ਵੀ ਭਰਦੇ ਹਨ:-
ਗੱਡੀ ਵਿੱਚ ਆ ਗਿਆ ਸੰਦੂਕ ਮੁਟਿਆਰ ਦਾ,
ਸ਼ੀਸ਼ਿਆਂ ਜੜਤ ਚਮਕਾਰੇ ਪਿਆ ਮਾਰਦਾ।
ਗੱਡੇ ਗੱਡੀਆਂ ਵਿੱਚ ਜਾਂਦੇ ਸੰਦੂਕਾਂ ਨੂੰ ਵੀ ਵੇਖ ਕੇ ਪਾਰਖੂ ਨਜ਼ਰਾਂ ਵਾਲੇ ਉਸ ਦੀ ਲੱਕੜੀ ਦਾ ਅੰਦਾਜ਼ਾ ਲਾ ਲੈਂਦੇ ਸਨ। ਉਹ ਗੱਡੀ ਵਿੱਚ ਬੈਠੀ ਵਿਆਹੁਲੀ ਮੁਟਿਆਰ ਨੂੰ ਮੁਖ਼ਾਤਿਬ ਹੋ ਕੇ ਕਹਿੰਦੇ ਸਨ:-
ਕਿਹੜੇ ਪਿੰਡ ਮੁਕਲਾਵੇ ਜਾਣਾ,
ਨੀਂ ਨਿੰਮ ਦੇ ਸੰਦੂਕ ਵਾਲੀਏ।
ਜੇ ਸੰਦੂਕ ਲਈ ਢੁੱਕਵੀਂ ਲੱਕੜ ਨਾ ਮਿਲਦੀ ਜਾਂ ਨਿਪੁੰਨ ਕਾਰੀਗਰ ਨਾ ਮਿਲਦਾ ਤਾਂ ਵਿਆਹ-ਸਾਹੇ ਮਿਥਣ ਵਿੱਚ ਵੀ ਦੇਰੀ ਹੋ ਜਾਂਦੀ ਕਿਉਂਕਿ ਕੁੜੀ ਦੇ ਵਿਆਹ ਦਾ ਸਾਰਾ ਸਾਮਾਨ ਸੰਦੂਕ ਵਿੱਚ ਪਾ ਕੇ ਹੀ ਤੋਰਨਾ ਹੁੰਦਾ ਸੀ। ਉਸ ਸਮੇਂ ਆਰਥਿਕ ਸਾਧਨ ਖੇਤੀ ‘ਤੇ ਨਿਰਭਰ ਹੋਣ ਕਰਕੇ ਹਾੜ੍ਹੀ-ਸਾਉਣੀ ਦੀ ਫ਼ਸਲ ਦੀ ਵੱਟਤ ਹੀ ਘਰ ਦੀ ਉਪਜੀਵਕਾ ਹੁੰਦੀ ਸੀ। ਇਸ ਲਈ ਹਾੜ੍ਹੀ ਸਾਉਣੀ ਨੂੰ ਮੁੱਖ ਰੱਖ ਕੇ ਹੀ ਵਿਆਹ ਸਾਹੇ ਕਢਵਾਏ ਜਾਂਦੇ ਸਨ। ਜਿਵੇਂ:-
ਸਾਉਣੀ ਆਈ ਤੋਂ ਮਿਥਾਂਗੇ ਸਾਹਾ
ਬਈ ਅਜੇ ਨਾ ਸੰਦੂਕ ਬਣਿਆ।
ਕਈ ਵਾਰ ਅਜਿਹੀ ਸਥਿਤੀ ਵੀ ਬਣ ਜਾਂਦੀ ਹੈ ਜਦੋਂ ਮੁੰਡੇ ਵਾਲੇ ਵਿਆਹ ਮੰਗ ਲੈਂਦੇ ਪਰ ਸੰਦੂਕ ਨਾ ਬਣਿਆ ਹੁੰਦਾ। ਅਜਿਹੀ ਸਥਿਤੀ ਵਿੱਚ ਸੰਦੂਕ ਵਿਆਹ ਤੋਂ ਪਿੱਛੋਂ ਦੇਣ ਦਾ ਵਾਅਦਾ ਕਰਕੇ ਕੁੜੀ ਨੂੰ ਸੰਦੂਕੋਂ ਸੱਖਣੀ ਹੀ ਸਹੁਰੇ ਘਰ ਤੋਰ ਦਿੱਤਾ ਜਾਂਦਾ। ਸੰਦੂਕੋਂ ਸੱਖਣੀ ਆਈ ਨੂੰਹ ਨੂੰ ਸਹੁਰੇ ਪਿੰਡ ਕਈ ਵਾਰ ਤਾਹਨੇ-ਮਿਹਣਿਆਂ ਦਾ ਸ਼ਿਕਾਰ ਵੀ ਹੋਣਾ ਪੈ ਜਾਂਦਾ:-
ਗੱਡੀ ਆ ਗਈ ਸੰਦੂਕੋਂ ਖਾਲੀ,
ਨੀਂ ਬਹੁਤਿਆਂ ਭਰਾਵਾਂ ਵਾਲ਼ੀਏ।
ਸਹੁਰਿਆਂ ਦੇ ਅਜਿਹੇ ਤਿੱਖੇ ਬੋਲ ਸਹਾਰਦੀ ਤੇ ਆਪਣੇ ਆਪ ਨੂੰ ਹੀਣੀ ਮਹਿਸੂਸ ਕਰਦੀ ਉਹ ਅੱਗੋਂ ਵੀਰ ਨੂੰ ਉਲਾਂਭਾ ਦਿੰਦੀ ਹੈ:-
ਭੈਣ ਤੁਰਗੀ ਸੰਦੂਕੋਂ ਸੱਖਣੀ,
ਵੀਰਾ ਵੇ ਮੁਰੱਬੇ ਵਾਲਿਆ।
ਜਦੋਂ ਵੀਰ ਘਰ ਪੁੱਤ ਜਨਮ ਲੈਂਦਾ ਹੈ ਤਾਂ ਉਹ ਵੀਰ ਤੋਂ ਆਪਣੀ ਅਧੂਰੀ ਰੀਝ ਦੀ ਪੂਰਤੀ ਲਈ ਆਪਣੇ  ਵੀਰ ਨੂੰ ਕਾਲੀ ਟਾਹਲੀ ਦਾ ਸੰਦੂਕ ਬਣਵਾ ਕੇ ਦੇਣ ਦੀ ਮੰਗ ਕਰਦੀ ਹੈ:-
ਕਾਲੀ ਟਾਹਲੀ ਦਾ ਸੰਦੂਕ ਬਣਾ ਦੇ,
ਵੀਰਾ ਤੇਰੇ ਪੁੱਤ ਜੰਮਿਆ।
ਧੀ ਬਾਬਲ ਨੂੰ ਵੀ ਸੂਟ, ਘੱਗਰੇ, ਫੁਲਕਾਰੀਆਂ ਨਾਲ ਭਰਿਆ ਸੰਦੂਕ ਦੇਣ ਅਤੇ ਚੰਗਾ ਵਰ-ਘਰ ਟੋਲਣ ਦੀ ਅਰਜ਼ੋਈ ਕਰਦੀ ਹੈ, ਜਿੱਥੇ ਉਹ ਸੰਦੂਕ ਵਿੱਚੋਂ ਕੱਢ ਕੇ ਨਿੱਤ ਬਦਲਵੇਂ ਬਾਣੇ ਪਾ ਸਕੇ:-
ਦੇਈਂ ਵੇ ਬਾਬਲ ਉਸ ਘਰੇ,
ਜਿੱਥੇ ਦਰਜੀ ਸੀਵੇ ਨਿੱਤ।
ਇੱਕ ਲਾਹਾਂ ਇੱਕ ਪਾਵਾਂ,
ਮੇਰਾ ਵਿੱਚ ਸੰਦੂਕਾਂ ਦੇ ਹੱਥ।
ਬਾਬਲ ਤੇਰਾ ਪੁੰਨ ਹੋਵੇ…।
ਵਿਆਹੀ ਕੁੜੀ ਜਦੋਂ ਆਪਣੇ ਲੋੜੀਂਦੇ ਸਾਮਾਨ ਸਹਿਤ ਸਹੁਰੇ ਘਰ ਪਹੁੰਚਦੀ ਹੈ ਤਾਂ ਉਸ ਦੀ ਨਣਦ ਵੱਲੋਂ ‘ਸੰਦੂਕ ਖੁੱਲ੍ਹਵਾਈ’ ਦੀ ਰਸਮ ਕੀਤੀ ਜਾਂਦੀ ਹੈ। ਨਣਦ ਆਪਣੀ ਭਰਜਾਈ ਦਾ ਸੰਦੂਕ ਖੋਲ੍ਹ ਕੇ ਉਸ ਵਿੱਚੋਂ ਇੱਕ ਸੂਟ ਆਪਣੇ ਸਿਵਾਉਣ ਲਈ ਕੱਢ ਲੈਂਦੀ ਹੈ। ਭਾਵ ਇਹ ਰਸਮ ਨਣਦ-ਭਰਜਾਈ ਦੇ ਮਿਲਵਰਤਣ ਦਾ ਪ੍ਰਤੀਕ ਹੈ।
ਗ੍ਰਹਿਸਥੀ ਜੀਵਨ ਵਿੱਚ ਪਤੀ-ਪਤਨੀ ਦੀ ਹੁੰਦੀ ਨਿੱਕੀ ਨੋਕ-ਝੋਕ ਵੇਲੇ ਵੀ ਪਤਨੀ ਆਪਣੇ ਪਤੀ ਨੂੰ ਸੰਦੂਕ ਵਿੱਚ ਪਿਆ ਵਰੀਆਂ ਵਾਲਾ ਘੱਗਰਾ ਚੇਤੇ ਕਰਵਾਉਂਦੀ ਹੈ। ਉਹ ਕਹਿੰਦੀ ਹੈ, ”ਹੁਣ ਤੂੰ ਮੇਰੇ ਨਾਲ ਲੜਦਾ ਹੈਂ ਪਰ ਜੇ ਮੈਨੂੰ ਕੁਝ ਹੋ ਗਿਆ ਤਾਂ ਤੂੰ ਸੰਦੂਕ ਵਿੱਚ ਪਿਆ ਕਾਲੀ ਸੂਫ ਦਾ ਘੱਗਰਾ ਵੇਖ-ਵੇਖ ਕੇ ਰੋਇਆ ਕਰੇਂਗਾ।”
ਕਾਲਾ ਘੱਗਰਾ ਸੰਦੂਕ ਵਿੱਚ ਮੇਰਾ,
ਵੇ ਵੇਖ-ਵੇਖ ਰੋਏਂਗਾ ਜੱਟਾ।
ਭੈੜੀਆਂ ਸੱਸਾਂ ਦੀਆਂ ਸਤਾਈਆਂ ਸਹੇਲੀਆਂ ਤੀਆਂ-ਤ੍ਰਿੰਞਣਾਂ ਵਿੱਚ ਇਕੱਠੀਆਂ ਹੋਈਆਂ ਹਾਣ ਦੀਆਂ ਸਖੀਆਂ ਸੰਗ ਸੱਸਾਂ-ਨਣਦਾਂ ਪ੍ਰਤੀ ਗ਼ਿਲੇ ਸ਼ਿਕਵਿਆਂ ਦਾ ਗੁੱਭ-ਗੁਭਾਟ ਕੱਢਦੀਆਂ ਨੇ। ਕੁਪੱਤੀ ਸੱਸ ਦੀ ਗੁਲਾਮੀ ਤੋਂ ਨਿਜਾਤ ਪਾਉਣ ਲਈ ਉਹ ਉਸ ਨੂੰ ਮਨੋ-ਮਨੀ ਮੁਕਲਾਵਾ ਦੇ ਕੇ ਤੋਰਨ ਦੀ ਗੱਲ ਕਰਕੇ ਸਕੂਨ ਮਹਿਸੂਸ ਕਰਦੀਆਂ ਨੇ। ਤੀਆਂ ਦੇ ਪਿੜ ਵਿੱਚ ਬੋਹੜ ਕਿੱਕਰਾਂ ਨੂੰ ਸੰਬੋਧਨ ਕਰਦੀਆਂ ਕੁੜੀਆਂ ਹੀਂਘ ਚੜ੍ਹਾਉਂਦੀਆਂ ਬੋਲੀ ਪਾਉਂਦੀਆਂ ਨੇ :-
ਅਸੀਂ ਸੱਸ ਦਾ ਸੰਦੂਕ ਬਣਾਉਣਾ,
ਨੀਂ ਛੇਤੀ ਛੇਤੀ ਵਧ ਕਿੱਕਰੇ।
ਸਹੁਰੇ ਘਰ ਜਦੋਂ ਸਬਰ ਜਬਰ ਅੱਗੇ ਹਾਰ ਜਾਂਦਾ ਹੈ ਤਾਂ ਬਘਿਆੜੀ ਸੱਸ ਨੂੰ ਸਿੱਧੀ ਕਰਨ ਲਈ ਵੀ ਮੁਟਿਆਰਾਂ ਸੰਦੂਕਾਂ ਦੇ ਓਹਲੇ ਦਾ ਸਹਾਰਾ ਲੈਂਦੀਆਂ ਰਹੀਆਂ ਨੇ :-
ਸੱਸ ਕੁੱਟਣੀ ਸੰਦੂਕਾਂ ਓਹਲੇ,
ਨਿੰਮ ਦਾ ਘੜਾ ਕੇ ਘੋਟਣਾ।
ਜਦੋਂ ਹਾਣ-ਪ੍ਰਵਾਨ ਦੀਆਂ ਸਖੀਆਂ ਕੋਲ ਮੁਟਿਆਰਾਂ ਅੜ੍ਹਬ ਵੈਲੀ ਪਤੀ ਦੇ ਜ਼ੋਰ ਜਬਰ ਦਾ ਜ਼ਿਕਰ ਕਰਦੀਆਂ ਨੇ ਤਾਂ ਕੋਈ ਅਲਬੇਲੀ  ਸਹੇਲੀ ਪਤੀ ਦੀ ਸੁਧਾਈ ਲਈ ਸੰਦੂਕਾਂ ਓਹਲੇ ਦੈਂਗੜ-ਦੈਂਗੜ ਕਰਨ ਦੀ ਸਲਾਹ ਵੀ ਦੇ ਜਾਂਦੀ ਹੈ :-
ਜੇ ਜੱਟੀਏ ਜੱਟ ਕੁੱਟਣਾ ਹੋਵੇ,
ਕੁੱਟੀਏ ਸੰਦੂਕਾਂ ਓਹਲੇ।
ਪਹਿਲਾਂ ਤਾਂ ਜੱਟ ਤੋਂ ਦਾਲ ਦਲਾਈਏ,
ਫੇਰ ਚਲਾਈਏ ਛੋਲੇ,
ਜੱਟੀਏ ਦੇ ਦਬਕਾ ਜੱਟ ਨਾ ਬਰਾਬਰ ਬੋਲੇ।
ਗੱਲ ਕੀ, ਸੰਦੂਕ ਨਾਲ ਪੰਜਾਬਣ ਦਾ ਨਹੁੰ-ਮਾਸ ਦਾ ਰਿਸ਼ਤਾ ਰਿਹਾ ਹੈ। ਸਹੁਰੇ ਘਰ ਜੇ ਕੋਈ ਚੀਜ਼ ਉਸ ਦੀ ਆਪਣੀ ਹੁੰਦੀ ਸੀ ਤਾਂ ਉਹ ਸੀ ਪੇਕਿਆਂ ਵੱਲੋਂ ਦਿੱਤਾ ਸੰਦੂਕ ਜਿਸ ਨੂੰ ਖੋਲ੍ਹਦੀ ਉਹ ਪੇਕਿਆਂ ਦੀਆਂ ਅਤੀਤ ਦੀਆਂ ਯਾਦਾਂ ਵਿੱਚ ਗੁੰਮ ਜਾਂਦੀ ਸੀ। ਸੰਦੂਕ ਵਿੱਚ ਰੱਖੇ ਝੋਲੇ, ਸਰ੍ਹਾਣਿਆਂ, ਫੁਲਕਾਰੀਆਂ ਨੂੰ ਫਰੋਲਦੀ ਉਹ ਸਹੇਲੀਆਂ ਸੰਗ ਸੰਵਾਦ ਰਚਾ ਲੈਂਦੀ ਸੀ। ਬਹੁਤ ਹੀ ਅਪਣੱਤ ਭਰਿਆ ਰਿਸ਼ਤਾ ਹੁੰਦਾ ਸੀ ਸੁਆਣੀ ਦਾ ਸੰਦੂਕ ਨਾਲ। ਧੀ-ਬਾਬਲ ਜਿਹਾ ਰਿਸ਼ਤਾ। ਵਰ੍ਹੇ ਛਿਮਾਹੀ ਉਹ ਆਪ ਰੰਗ-ਰੋਗਨ ਕਰਕੇ ਫੁੱਲਾਂ ਵੇਲਾਂ, ਮੋਰ-ਘੁੱਗੀਆਂ ਨਾਲ ਸੰਦੂਕ ਸ਼ਿੰਗਾਰਦੀ ਸੀ। ਸੱਚਮੁੱਚ ਉਸ ਦਾ ਸੱਚਾ ਸਾਥੀ ਹੁੰਦਾ ਸੀ ਸੰਦੂਕ। ਪੰਜਾਬ ਵਿੱਚ ਜਦੋਂ ਪਹਿਲਾਂ-ਪਹਿਲਾਂ ਰੇਲ ਗੱਡੀ ਆਈ ਤਾਂ ਪੰਜਾਬੀਆਂ ਨੇ ਇਸ ਦੇ ਡੱਬਿਆਂ ਦੀ ਤੁਲਨਾ ਵੀ ਸੰਦੂਕਾਂ ਨਾਲ ਕੀਤੀ। ਜਿਵੇਂ ਇੱਕ ਬੁਝਾਰਤ ਹੈ :
ਨਿੱਕੇ ਨਿੱਕੇ ਠੇਮਣੇ ਸੰਦੂਕ ਚੁੱਕੀ ਜਾਂਦੇ ਨੇ,
ਰਾਜਾ ਪੁੱਛੇ ਰਾਣੀ ਨੂੰ ਇਹ ਕੀ ਜਨੌਰ ਜਾਂਦੇ ਨੇ। (ਰੇਲ ਗੱਡੀ)
ਹੌਲੀ-ਹੌਲੀ ਲੱਕੜੀ ਦੇ ਸੰਦੂਕ ਘਟਦੇ ਗਏ। ਇਨ੍ਹਾਂ ਦੀ ਥਾਂ ਲੋਹੇ ਦੀਆਂ ਪੇਟੀਆਂ ਅਲਮਾਰੀਆਂ ਨੇ ਲੈ ਲਈ। ਬਣੇ ਬਣਾਏ ਮਿਲਦੇ ਬਿਸਤਰਿਆਂ ਕਾਰਨ ਹੁਣ ਪੇਟੀਆਂ ਦੇਣ ਦੇ ਰਿਵਾਜ ਵੀ ਘਟ ਰਹੇ ਹਨ। ਅੱਜ ਪਿੰਡਾਂ ਦੇ ਘਰਾਂ ਵਿੱਚ ਪਏ ਬੇਬੇ ਦੇ ਸੰਦੂਕ ਕਿਸੇ ਤੂੜੀ ਵਾਲੇ ਕੋਠੇ ਦੇ ਖੂੰਜੇ ਪਏ ਹਨ। ਲੋੜ ਹੈ ਇਨ੍ਹਾਂ ਨੂੰ ਝਾੜ-ਪੂੰਝ ਕੇ ਇਨ੍ਹਾਂ ਦੀ ਸਿਰਜਣਾਤਮਕ ਅਤੇ ਕਲਾਤਮਕ ਦਿੱਖ ਦੇਖਣ ਦੀ। ਭਾਵੇਂ ਇਨ੍ਹਾਂ ਉੱਪਰ ਸਮੇਂ ਦੀ ਧੂੜ ਪੈ ਗਈ ਹੈ ਪਰ ਇਹ ਲੱਕੜੀ ਦੇ ਸੰਦੂਕ ਸਾਡੇ ਪੰਜਾਬੀ ਸੱਭਿਆਚਾਰ ਦੀ ਜਿੰਦ-ਜਾਨ ਰਹੇ ਹਨ।

-ਜਗਜੀਤ ਕੌਰ ਜੀਤ
* ਮੋਬਾਈਲ:94173-80887

ਪੋਸਟ ਕਰਤਾ: ਗੁਰਸ਼ਾਮ  ਸਿੰਘ ਚੀਮਾ 



Post Comment

Saturday, October 27, 2012

ਵਿਸਰ ਗਿਆ ਸੰਸਾਰ


ਐਤਵਾਰ ਦਾ ਦਿਨ ਹੋਣ ਕਾਰਨ ਮੈਂ ਅੱਜ ਜ਼ਰਾ ਚਿਰਾਕਾ ਉੱਠਿਆ ਸੀ। ਚਾਹ ਦਾ ਖਾਲੀ ਗਿਲਾਸ ਮੈਂ ਅਜੇ ਹੇਠਾਂ ਰੱਖਿਆ ਹੀ ਸੀ ਕਿ ਗੁਰਦੁਆਰੇ ਦੇ ਸਪੀਕਰ ਵਿੱਚੋਂ ਭਾਈ ਜੀ ਦੀ ਆਵਾਜ਼ ਆਈ,  ਸੰਤੋਖਾ ਮਿਸਤਰੀ ਚੜ੍ਹਾਈ ਕਰ ਗਿਆ ਹੈ, ਦੁਪਹਿਰੇ 2 ਵਜੇ ਸੰਸਕਾਰ ਹੋਵੇਗਾ, ਜਿਸ ਨੇ ਲੱਕੜ ਪਾਉਣੀ ਹੈ, ਉਹ ਮੰਦਰ ਸਾਹਮਣੇ ਖੜ੍ਹੀ ਲੰਬੜਾਂ ਦੀ ਟਰਾਲੀ ਵਿੱਚ ਪਾ ਦੇਵੇ।
ਸੰਤੋਖੇ ਮਿਸਤਰੀ ਦਾ ਨਾਮ ਸੁਣਦੇ ਹੀ ਮੈਂ ਅਤੀਤ ਦੇ ਕਿਸੇ ਡੂੰਘੇ ਸਮੁੰਦਰ ਵਿੱਚ ਉਤਰ ਗਿਆ ਸੀ। ਉਸ ਦੇ ਨਾਮ ਨਾਲ ਕਿੰਨੇ ਹੀ ਨਾਮ, ਬਚਨਾ, ਹਜ਼ਾਰਾ, ਪਠਾਣ, ਬਲੰਟਰੀਆ, ਰੰਗੀ ਰਾਮ, ਮਾਧੋ, ਬਲੈਤੀ, ਬਨਾਰਸੀ, ਰੂਪਾ, ਕਾਲੂ, ਬਾਸਾ, ਨਿਸ਼ਾ ਰਾਮ, ਆਦਿ ਮੇਰੇ ਚੇਤੇ ਵਿੱਚੋਂ ਗੁਜ਼ਰ ਗਏ। ਇਹ ਸਾਰੇ ਨਾਮ ਮੇਰੇ ਪਿੰਡ ਦੀ ਉਸ ਗੱਡਾ ਬਣਾਉਣ ਦੀ ਕਲਾ ਨਾਲ ਜੁੜੇ ਹੋਏ ਹਨ, ਜਿਨ੍ਹਾਂ ਦਾ ਆਖਰੀ ਚਿਰਾਗ ਸੰਤੋਖਾ ਮਿਸਤਰੀ ਅੱਜ ਇਸ ਫਾਨੀ ਦੁਨੀਆਂ ਤੋਂ ਕੂਚ ਕਰ ਗਿਆ ਸੀ। ਮੈਂ ਸੋਚ ਰਿਹਾ ਸੀ ਕਿ ਸੰਤੋਖੇ ਦੀ ਮੌਤ ਗੱਡਾ ਬਣਾਉਣ ਦੀ ਉਸ ਕਲਾ ਦੀ ਮੌਤ ਹੈ, ਜੋ ਮਸ਼ੀਨੀਕਰਨ ਦੇ ਆਧੁਨਿਕ ਯੁੱਗ ਵਿੱਚ ਆਪਣਾ ਅਸਤਿਤਵ ਖੋ ਚੁੱਕੀ ਹੈ।
ਆਪਣੇ ਬਚਪਨ ਦੇ ਮੁੱਢਲੇ ਦਿਨਾਂ ਵਿੱਚ ਮੈਂ ਅਕਸਰ ਬਾਪੂ ਨਾਲ ਦਾਤੀ,  ਖੁਰਪੇ ਚੰਡਵਾਉਣ ਅਤੇ ਕਣਕ ਅਤੇ ਮੱਕੀ ਦੀ ਫਸਲ ਦੀ ਕਟਾਈ ਤੋਂ ਬਾਅਦ ਲੱਕੜੀ ਦੇ ਹਲ ਦੀ ਫਾਲੀ ਅਤੇ ਲੋਹੇ ਦੇ ਹਲ ਦੇ ਫਾਲੇ ਨੂੰ ਚੰਡਵਾਉਣ ਲਈ ਤਰਖਾਣਾਂ ਦੇ ਮੁਹੱਲੇ ਵਿੱਚ ਜਾਂਦਾ ਹੁੰਦਾ ਸੀ, ਜਿੱਥੇ ਉਪਰੋਕਤ ਵਿਅਕਤੀ ਆਪੋ ਆਪਣੇ ਕਾਰਖਾਨਿਆਂ ਵਿੱਚ ਗੱਡੇ ਜੋੜੀਆਂ ਬਣਾਉਣ ਦਾ ਕੰਮ ਕਰਦੇ ਸੀ। ਪਿੱਪਲ ਦੇ ਉਸ ਦਰੱਖਤ ਹੇਠ ਸਿਖਰ ਦੁਪਹਿਰੇ ਮੈਂ ਕਿੰਨਾ ਚਿਰ ਹੁੰਦੀ ਬੰਦਿਆਂ ਦੀ ਆਪਸੀ ਨੋਕ-ਝੋਕ ਸੁਣਦਾ ਰਹਿੰਦਾ ਅਤੇ ਕੰਮ ਕਰਦੇ ਮਿਸਤਰੀਆਂ ਨੂੰ ਵੇਖਦਾ ਰਹਿੰਦਾ। ਸੰਤੋਖਾ ਵੀ ਇਨ੍ਹਾਂ ਵਿੱਚੋਂ ਇੱਕ ਸੀ, ਜਿਸ ਦਾ ਸਾਢੇ 6 ਫੁੱਟ ਲੰਮਾ ਕੱਦ, ਲੋਹੇ ਦੇ ਪੋਲਾਂ ਵਰਗੇ ਨਿੱਗਰ ਅੰਗ ਪੈਰ ਅਤੇ ਆਇਰਨ ਦੀ ਕੁਠਾਲੀ ਵਿੱਚ ਕੁੱਟ ਕੇ ਬਣਾਇਆ ਗਿਆ ਲੋਹੇ ਵਰਗਾ ਰੰਗ ਅੱਜ ਵੀ ਮੇਰੇ ਚੇਤੇ ਵਿੱਚ ਜਿਉਂ ਦਾ ਤਿਉਂ ਵਸਿਆ ਪਿਆ ਹੈ।
ਮੇਰਾ ਪਿੰਡ ਲੋਹਗੜ੍ਹ ਫਿੱਡੇ, ਪੁਰਾਣੇ ਅੰਬਾਲਾ ਰੋਪੜ, ਆਨੰਦਪੁਰ ਸਾਹਿਬ (ਨਵਾਂ ਗੁਰੂ ਗੋਬਿੰਦ ਸਿੰਘ ਮਾਰਗ) ਦੇ ਰਸਤੇ ‘ਤੇ ਪੈਂਦਾ ਹੈ। ਕਿਹਾ ਜਾਂਦਾ ਹੈ ਕਿ ਕਿਸੇ ਸਮੇਂ ਇੱਥੇ ਲੋਹ (ਲੰਗਰ) ਲਗਦਾ ਸੀ, ਜਿਸ ਤੋਂ ਇਸ ਦਾ ਨਾਮ ਲੋਹਗੜ੍ਹ ਪੈ ਗਿਆ, ਪਰ ਇਸ ਨਾਲ ਫਿੱਡੇ ਕਿਵੇਂ ਜੁੜ ਗਿਆ, ਇਸ ਬਾਰੇ ਬਹੁਤ ਕੋਸ਼ਿਸ਼ ਕਰਨ ਤੋਂ ਬਾਅਦ ਵੀ ਮੈਨੂੰ ਕੁਝ ਪਤਾ ਨਹੀਂ ਲੱਗਿਆ।
ਕਿਸੇ ਸਮੇਂ ਮੇਰਾ ਇਹ ਪਿੰਡ ਲੱਕੜ ਦੇ ਗੱਡੇ ਅਤੇ ਗੱਡਿਆਂ ਲਈ ਵਰਤੀਆਂ ਜਾਂਦੀਆਂ ਜੋੜੀਆਂ (ਦੋ ਲੱਕੜ ਦੇ ਪਹੀਆਂ ਨੂੰ ਜੋੜੀ ਕਿਹਾ ਜਾਂਦਾ ਸੀ) ਬਣਾਉਣ ਲਈ ਮਸ਼ਹੂਰ ਸੀ ਅਤੇ ਦੂਰ-ਦੂਰ ਤੋਂ ਲੋਕ ਗੱਡੇ ਜੋੜੀਆਂ ਖਰੀਦਣ ਲਈ ਇੱਥੇ ਆਉਂਦੇ ਸਨ। ਭਾਵੇਂ ਸਮੇਂ ਦੇ ਬਦਲਣ ਨਾਲ ਮਸ਼ੀਨੀਕਰਨ ਦਾ ਯੁਗ ਹੋਣ ਕਾਰਨ ਗੱਡਿਆਂ ਦੀ ਥਾਂ ਰਬੜ ਦੇ ਟਾਇਰਾਂ ਵਾਲੀਆਂ ਰੇੜ੍ਹੀਆਂ ਅਤੇ ਟਰੈਕਟਰ ਟਰਾਲੀਆਂ ਨੇ ਲੈ ਲਈ ਹੈ, ਪਰ ਕਿਸੇ ਸਮੇਂ ਬਲਦਾਂ ਨਾਲ ਜੂਤਣ ਵਾਲਾ ਲੱਕੜ ਦਾ ਗੱਡਾ ਹੀ ਕਿਸਾਨੀ ਦੀ ਢੋਆ-ਢੁਆਈ ਦਾ ਮੁੱਖ ਸਾਧਨ ਜਾਣਿਆ ਜਾਂਦਾ ਸੀ।
ਗੱਡੇ ਅਕਸਰ ਦੋ ਪ੍ਰਕਾਰ ਦੇ ਬਣਾਏ ਜਾਂਦੇ ਸਨ, ਇੱਕ ਤੀਹੇ ਦਾ ਅਤੇ ਦੂਸਰਾ ਬੱਤੀਏ ਦਾ। ਤੀਹੇ ਦਾ ਗੱਡਾ ਥੋੜ੍ਹਾ ਹਲਕਾ, ਪਹੀਆਂ ਦਾ ਆਕਾਰ ਕੁਝ ਛੋਟਾ ਅਤੇ ਆਮ ਬਲਦਾਂ ਦੇ ਖਿੱਚਣਯੋਗ ਹੁੰਦਾ ਸੀ, ਪ੍ਰੰਤੂ ਬੱਤੀਏ ਦਾ ਗੱਡਾ ਕੁਝ ਭਾਰਾ ਹੁੰਦਾ ਸੀ, ਲੰਬਾਈ ਵਿੱਚ ਕੁਝ ਜ਼ਿਆਦਾ, ਪਹੀਏ ਥੋੜ੍ਹੇ ਵੱਡੇ ਆਕਾਰ ਦੇ ਹੁੰਦੇ ਸਨ, ਇਸ ਨੂੰ ਅਕਸਰ ਵਿੱਢ ਵੀ ਲੱਗਾ ਹੁੰਦਾ ਸੀ (ਗੱਡੇ ਦੇ ਸਿੱਪ ਉੱਤੇ ਪੱਕੇ ਤੌਰ ‘ਤੇ ਲਾਏ ਜਾਤੂ ਤੇ ਉਨ੍ਹਾਂ ਦੇ ਉਪਰ ਪਾਏ ਲੋਹੇ ਦੇ ਪੋਲਾਂ ਨੂੰ ਵਿੱਢ ਕਿਹਾ ਜਾਂਦਾ ਸੀ) ਜਿਸ ਨੂੰ ਖਿੱਚਣ ਲਈ ਤਗੜੇ ਬਲਦਾਂ ਦੀ ਜੋੜੀ ਦੀ ਜ਼ਰੂਰਤ ਪੈਂਦੀ ਸੀ।
ਗੱਡੇ ਦੀ ਬਣਤਰ ਕੁਝ ਇਸ ਤਰ੍ਹਾਂ ਦੀ ਹੁੰਦੀ ਸੀ। ਸਭ ਤੋਂ ਪਹਿਲਾਂ ਗੱਡੇ ਦਾ ਸਿਪ ਤਿਆਰ ਕੀਤਾ ਜਾਂਦਾ ਸੀ। ਦੋ ਲੰਬੇ ਮੋਟੇ ਲੱਕੜ ਦੇ ਸ਼ਤੀਰਾਂ ਨੂੰ ਅੰਗਰੇਜ਼ੀ ਦੇ ‘ਵੀ’ ਅੱਖਰ ਦੀ ਤਰ੍ਹਾਂ ਜੋੜਿਆ ਜਾਂਦਾ ਸੀ, ਜੋ ਅੱਗੇ ਤੋਂ ਤੰਗ ਅਤੇ ਪਿੱਛੋਂ ਚੌੜਾ ਹੁੰਦਾ ਸੀ, ਜਿਸ ਨੂੰ ਜੋੜਾ ਕਿਹਾ ਜਾਂਦਾ ਸੀ। ਜੋੜੇ ਦੇ ਅਗਲੇ ਹਿੱਸੇ ਨੂੰ ਆਪਸ ਵਿੱਚ ਜੋੜਨ ਲਈ ਵਿਚਕਾਰ ਲੱਕੜ ਦੀ ਮੋਗਰੀ ਦੀ ਸ਼ਕਲ ਵਰਗਾ ਟੁਕੜਾ ਫਿੱਟ ਕੀਤਾ ਜਾਂਦਾ ਸੀ, ਜਿਸ ਨੂੰ ਸ਼ੁਗਨੀ ਕਿਹਾ ਜਾਂਦਾ ਸੀ। ਜੋੜੇ ਦੇ ਉੱਪਰ ਫੱਟੀਆਂ ਲਗਾ ਕੇ ਧਰਾਤਲ ਤਿਆਰ ਕੀਤਾ ਜਾਂਦਾ ਸੀ, ਜਿਸ ਨੂੰ ਲੋਹੇ ਦੀਆਂ ਪੱਤੀਆਂ ਅਤੇ ਪਿੱਤਲ ਦੇ ਕੋਕੇ ਲਗਾ ਕੇ ਮਜ਼ਬੂਤ ਕੀਤਾ ਜਾਂਦਾ ਸੀ ਅਤੇ ਸੋਹਣਾ ਅਤੇ ਚਮਕਦਾਰ ਬਣਾਇਆ ਜਾਂਦਾ ਸੀ। ਸਿੱਪ ਵਿੱਚ ਥੋੜ੍ਹੀ ਥੋੜ੍ਹੀ ਵਿੱਥ ‘ਤੇ ਮੋਰੀਆਂ ਰੱਖੀਆਂ ਜਾਂਦੀਆਂ ਸਨ, ਜਿਨ੍ਹਾਂ ਵਿੱਚ ਲੱਦੇ ਸਾਮਾਨ ਨੂੰ ਬਾਹਰ ਡਿੱਗਣੋਂ ਰੋਕਣ ਲਈ ਡੰਡੇ ਪਾਏ ਜਾਂਦੇ ਸਨ, ਜਿਨ੍ਹਾਂ ਨੂੰ ਜਾਤੂ ਕਿਹਾ ਜਾਂਦਾ ਸੀ। ਅਗਲੇ ਪਾਸੇ ਗੱਡੇ ਦੇ ਖੜ੍ਹੇ ਹੋਣ ਸਮੇਂ ਬੈਲੰਸ ਕਰਨ ਲਈ ਗੋਡੂਆ ਲਾਇਆ ਜਾਂਦਾ ਸੀ। ਸਿੱਪ ਦੇ ਉੱਤੇ ਪਹੀਆਂ ਦੇ ਬਰਾਬਰ ਲੱਕੜ ਦੇ ਖਾਸ ਕਿਸਮ ਦੇ ਆਕਾਰ ਦੇ ਯੰਤਰ ਫਿੱਟ ਕੀਤੇ ਜਾਂਦੇ ਸਨ, ਜਿਨ੍ਹਾਂ ਨੂੰ ਕੰਨ ਕਿਹਾ ਜਾਂਦਾ ਸੀ। ਇਹ ਕੰਨ ਗੱਡੇ ਵਿੱਚ ਲੱਦੇ ਸਾਮਾਨ ਨੂੰ ਪਹੀਆਂ ਨਾਲ ਲੱਗਣ ਤੋਂ ਰੋਕਦੇ ਸਨ। ਸਿੱਪ ਦੇ ਆਰ-ਪਾਰ ਦੋ ਮੋਟੇ ਲੱਕੜ ਦੇ ਬਾਲੇ ਫਿੱਟ ਕੀਤੇ ਜਾਂਦੇ ਸਨ, ਜਿਨ੍ਹਾਂ ਨੂੰ ਟਿਕਾਣੀਆਂ ਕਿਹਾ ਜਾਂਦਾ ਸੀ। ਸਿੱਪ ਵਿੱਚ ਪਹੀਏ ਫਿੱਟ ਕਰਨ ਤੋਂ ਬਾਅਦ ਉਨ੍ਹਾਂ ਨੂੰ ਬਾਹਰ ਜਾਣ ਤੋਂ ਰੋਕਣ ਲਈ ਪੈਂਜਣੀ ਲਾਈ ਜਾਂਦੀ ਸੀ, ਜਿਸ ਨੂੰ ਟਿਕਾਣੀਆਂ ਦੇ ਨਾਲ ਫਿੱਟ ਕੀਤਾ ਜਾਂਦਾ ਸੀ। ਸਿੱਪ ਦੇ ਹੇਠ ਸਾਮਾਨ ਰੱਖਣ ਲਈ ਖਾਨਾ ਬਣਾਇਆ ਜਾਂਦਾ ਸੀ, ਜਿਸ ਨੂੰ ਭੰਡਾਰੀ ਕਹਿੰਦੇ ਸਨ।
ਗੱਡੇ ਦੇ ਪਹੀਏ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਲੱਕੜ ਦੇ ਪੂਰੇ ਦਰੱਖਤ ਦੇ ਗੋਲ ਮੁੱਢ ਜੋ ਲਗਪਗ 2 ਤੋਂ ਢਾਈ ਫੁੱਟ ਦਾ ਹੁੰਦਾ ਸੀ, ਖਰੀਦਿਆ ਜਾਂਦਾ ਸੀ, ਜਿਸ ਨੂੰ ਪਹਿਲਾਂ ਕੁਹਾੜੇ ਨਾਲ ਤਰਾਸ਼ਿਆ ਜਾਂਦਾ ਸੀ ਅਤੇ ਫਿਰ ਰੰਦੇ ਨਾਲ ਵਿਚਕਾਰ ਤੋਂ ਮੋਟਾ ਅਤੇ ਸਾਈਡਾਂ ਤੋਂ ਪਤਲਾ ਰੱਖਿਆ ਜਾਂਦਾ ਸੀ, ਜਿਸ ਨੂੰ ਪਹੀਏ ਦੀ ਨਾਭ ਕਿਹਾ ਜਾਂਦਾ ਸੀ। ਫਿਰ ਇਸ ਨਾਭ ਵਿੱਚ ਖਾਸ ਕਿਸਮ ਦੇ ਛੇਕ ਕੀਤੇ ਜਾਂਦੇ ਸਨ ਅਤੇ ਇਸ ਦੇ ਆਰ ਪਾਰ ਲੱਕੜ ਦੇ ਮੋਟੇ ਟੁਕੜੇ ਪਹੀਏ ਦੇ ਆਕਾਰ ਅਨੁਸਾਰ ਫਿੱਟ ਕੀਤੇ ਜਾਂਦੇ ਸਨ, ਜਿਨ੍ਹਾਂ ਨੂੰ ਗਜ਼ ਕਿਹਾ ਜਾਂਦਾ ਸੀ। ਮਗਰੋਂ ਇਨ੍ਹਾਂ ਗਜ਼ਾਂ ਵਿੱਚ ਅਰਧ ਚੰਦ ਆਕਾਰ ਦੀਆਂ ਖਾਸ ਤਰੀਕੇ ਨਾਲ ਤਿਆਰ ਕੀਤੀਆਂ ਫੱਟੀਆਂ ਨੂੰ ਫਿੱਟ ਕੀਤਾ ਜਾਂਦਾ ਸੀ, ਜਿਨ੍ਹਾਂ ਨੂੰ ਪੁੱਠੀਆਂ ਕਿਹਾ ਜਾਂਦਾ ਸੀ। ਇੱਕ ਪੁੱਠੀ ਦੀ ਮੋਟਾਈ ਲਗਪਗ 5 ਇੰਚ ਹੁੰਦੀ ਸੀ। ਨਾਭ ਦੇ ਐਨ ਵਿਚਕਾਰ ਤੋਂ 2 ਇੰਚ ਮੋਟੀ ਮੋਰੀ ਕੀਤੀ ਜਾਂਦੀ ਸੀ, ਜਿਸ ਵਿੱਚੋਂ ਲੋਹੇ ਦੀ ਲੱਠ ਲੰਘਾਈ ਜਾਂਦੀ ਸੀ, ਜਿਸ ਨੂੰ ਧੁਰਾ ਕਿਹਾ ਜਾਂਦਾ ਸੀ, ਜੋ ਬਾਹਰੋਂ ਇੱਕ ਖਾਸ ਕਿਸਮ ਦੀ ਤਿਆਰ ਕੀਤੀ ਲੱਕੜ ਵਿੱਚ ਫਿੱਟ ਕੀਤੀ ਜਾਂਦੀ ਸੀ, ਜੋ ਪਹੀਏ ਨੂੰ ਬਾਹਰ ਡਿੱਗਣੋਂ ਰੋਕਦੀ ਸੀ, ਜਿਸ ਨੂੰ ਪੈਂਜਣੀ ਕਿਹਾ ਜਾਂਦਾ ਸੀ। ਇਹ ਲੱਠ ਅੰਦਰਲੇ ਪਾਸੇ ਸਿੱਪ ਦੇ ਨਾਲ ਖਾਸ ਕਿਸਮ ਦੀ ਤਿਆਰ ਕੀਤੀ ਲੱਕੜ ਵਿੱਚ ਫਿੱਟ ਕੀਤੀ ਜਾਂਦੀ ਸੀ, ਜਿਸ ਨੂੰ ਲੱਦ ਕਿਹਾ ਜਾਂਦਾ ਸੀ।
ਬਲਦਾਂ ਨੂੰ ਗੱਡੇ ਅੱਗੇ ਜੋੜਨ ਲਈ ਖਾਸ ਕਿਸਮ ਦਾ ਲੱਕੜ ਦਾ ਢਾਂਚਾ ਤਿਆਰ ਕੀਤਾ ਜਾਂਦਾ ਸੀ, ਜਿਸ ਨੂੰ ਪੰਜਾਲਾ ਕਿਹਾ ਜਾਂਦਾ ਸੀ। ਪੰਜਾਲੇ ਨੂੰ ਗੱਡੇ ਦੇ ਬਿਲਕੁਲ ਅਗਲੇ ਹਿੱਸੇ ਵਿੱਚ ਦਿੱਤੇ ਖਾਸ ਕੱਟ ਵਿੱਚ ਰੱਖ ਕੇ ਰੱਸੇ ਨਾਲ ਨੈੜਿਆ ਜਾਂਦਾ ਸੀ, ਜਿਸ ਨੂੰ ਨੈੜ ਬੰਨ੍ਹਣਾ ਕਿਹਾ ਜਾਂਦਾ ਸੀ। ਪੰਜਾਲੇ ਦੇ ਦੋਵੇਂ ਪਾਸਿਆਂ ਨੂੰ ਬਲਦਾਂ ਦੇ ਜੋਤਣ ਲਈ ਗੋਲ ਰੱਖਿਆ ਜਾਂਦਾ ਸੀ ਤਾਂ ਜੋ ਬਲਦਾਂ ਦੇ ਕੰਨ੍ਹੇ ਨੂੰ ਜੋਲਾਉਣ ਸਮੇਂ ਨੁਕਸਾਨ ਨਾ ਪਹੁੰਚੇ। ਪੰਜਾਲੇ ਦੇ ਦੋਵਾਂ ਸਿਰਿਆਂ ਉੱਤੇ ਰੱਸੀ ਜਾਂ ਚਮੜੇ ਦੇ ਪਟੇ ਬੰਨ੍ਹੇ ਜਾਂਦੇ ਸਨ, ਜਿਹੜੇ ਕਿ ਬਲਦਾਂ ਨੂੰ ਬਾਹਰ ਨਿਕਲਣ ਤੋਂ ਰੋਕਣ ਦਾ ਕੰਮ ਕਰਦੇ ਸਨ, ਜਿਨ੍ਹਾਂ ਨੂੰ ਜੋਤ ਕਿਹਾ ਜਾਂਦਾ ਸੀ। ਪੰਜਾਲੇ ਦੇ ਦੋਵਾਂ ਸਿਰਿਆਂ ਉੱਤੇ 1 ਫੁੱਟ ਲੰਮੇ ਅਤੇ 2 ਇੰਚ ਚੌੜੀ ਲੱਕੜ ਦੀ ਲੱਠ ਲਟਕਾਈ ਜਾਂਦੀ ਸੀ, ਜਿਸ ਨੂੰ ਛੋਲ ਕਿਹਾ ਜਾਂਦਾ ਸੀ।
ਪੂਰੀ ਤਰ੍ਹਾਂ ਤਿਆਰ ਹੋਏ ਇਹ ਗੱਡੇ ਜਿੱਥੇ ਕਿਸਾਨ ਦੇ ਖੇਤਾਂ ਦੇ ਸਾਥੀ ਸਨ, ਉੱਥੇ ਵਿਆਹ ਸ਼ਾਦੀਆਂ, ਖੁਸ਼ੀਆਂ, ਗਮੀਆਂ ਤੇ ਮੇਲਿਆਂ ਦਾ ਸਿੰਵੀ ਬਣਦੇ ਸਨ ਕਿਉਂਕਿ ਆਮ ਲੋਕ ਮੇਲਿਆਂ ‘ਤੇ ਵਿਆਹਾਂ ਵਿੱਚ ਗੱਡਿਆਂ ‘ਤੇ ਬੈਠ ਕੇ ਹੀ ਜਾਂਦੇ ਸਨ, ਪਰ ਅੱਜ ਸੰਤੋਖੇ ਮਿਸਤਰੀ ਦੀ ਮੌਤ ਸੁਣ ਕੇ ਮੈਂ ਸੋਚ ਰਿਹਾ ਸੀ ਕਿ ਸ਼ਾਇਦ ਇਹ ਮੌਤ ਮੇਰੇ ਪਿੰਡ ਦੀ ਉਸ ਪੁਰਾਣੀ ਮਰ ਚੁੱਕੀ ਕਲਾ ਅਤੇ ਲੋਪ ਹੋ ਰਹੇ ਸੱਭਿਆਚਾਰ ਦੇ ਆਖਰੀ ਚਿਰਾਗਾਂ ਦੀ ਬੁਝ ਗਈ ਲੋਅ ਸੀ, ਜਿਸ ਦੇ ਹਨੇਰੇ ਵਿੱਚ ਸ਼ਾਇਦ ਇਹ ਕਲਾ ਹਮੇਸ਼ਾ ਹਮੇਸ਼ਾ ਲਈ ਇਤਿਹਾਸ ਦੇ ਕਿਸੇ ਸਦੀਵੀ ਹਨੇਰੇ ਕੋਨੇ ਵਿੱਚ ਦੱਬੀ ਗਈ ਹੋਵੇ।


ਸੋਹਣ ਸਿੰਘ ਜੌਹਲ
ਮੋਬਾਈਲ:- 92165-15008




Post Comment

Sunday, October 21, 2012

ਬਚਪਣ ਦੀ ਅਮੀਰੀ (ਬੱਚਿਆਂ ਨੂੰ 'ਪੇਂਡੂ' ਲੋਕ ਖੇਡਾਂ ਵੱਲ ਮੋੜਨ ਦੀ ਲੋੜ੍ਹ)


ਜਦ ਬਚਪਣ ਸ਼ਬਦ ਸੁਣਦੇ ਜਾਂ ਮੂੰਹੋਂ ਬੋਲਦੇ ਹਾਂ ਤਾਂ ਸਾਨੂੰ ਆਪਣੇ ਬਚਪਨ ਦਾ ਵੀ ਧੁੰਦਲਾ ਜਿਹਾ ਖਿਆਲ ਆ ਜਾਂਦਾ ਹੈ। ਫਿਰ ਜਦ ਅੱਜ ਦੇ ਬਚਪਨ ਨੂੰ ਦੇਖਦੇ ਹਾਂ ਤਾਂ ਮਨ ਅੰਦਰੋ ਅੰਦਰੀ ਦੁਖੀ ਹੁੰਦਾ ਅਤੇ ਕਈ ਸਵਾਲ ਵੀ ਖੜ੍ਹੇ ਕਰਦਾ ਹੈ। ਦੁਖੀ ਇਸ ਲਈ ਕੇ ਅੱਜ ਦਾ ਬੱਚਾ ਪੇਂਡੂ' ਲੋਕ ਖੇਡਾਂ ਤੋਂ ਕਿਤੇ ਸਖਣਾ ਹੈ। ਇਸ ਸਭ ਤੋਂ ਦੂਰ ਉਹ ਆਪਦਾ ਬਚਪਨ ਕੰਪਿਊਟਰ ਗੇਮਾਂ ਅਤੇ ਟੀਵੀ ਦੀ ਚਕਾਚੌਂਦ ਵਿਚ ਬਿਤਾ ਰਿਹਾ ਹੈ। ਜੋ ਬਚਪਨ ਉਸ ਨੂੰ ਬੀਤ ਜਾਣ ਤੇ ਕਦੀ ਦੁਬਾਰਾ ਨਹੀ ਮਿਲਣਾ ‘ਜੇ ਗਿਆ ਇਹ ਬਚਪਨ ਫਿਰ ਮੁੜਕੇ ਹੱਥ ਨਹੀ ਆਉਣਾ’ ਉਸ ਬਚਪਨ ਦੇ ਅਸਲੀ ਆਨੰਦ ਤੋਂ ਉਹ ਵਾਂਝਾ ਹੈ। ਹੁਣ ਸਵਾਲ ਇਹ ਕੇ ਇਸ ਦਾ ਹੱਲ ਕੀ ਅਤੇ ਕਿਵੇਂ ਅਸੀਂ ਬੱਚਿਆਂ ਨੂੰ ਉਹਨਾ ਦੇ ਅਸਲੀ ਬਚਪਨ ਤੋਂ ਜਾਣੂੰ ਕਰਵਾਉਣਾ ਹੈ। ਬਚਪਨ ਵਿਚ ਹੀ ਬੱਚਾ ਬਹੁਤ ਕੁਝ ਸਿਖਦਾ ਹੈ ਬਚਪਨ ਦਾ ਸਿਖਿਆ ਚੰਗਾ ਮਾੜਾ ਸਾਰੀ ਉਮਰ ਉਸ ਦੀ ਜਿੰਦਗੀ ਦੇ ਜੀਵਨ ਵਿਚ ਰਹਿੰਦਾ ਹੈ। ਮਾਪਿਆ ਦਾ ਬੱਚਿਆਂ ਵੱਲ ਘੱਟ ਧਿਆਨ ਦੇਣਾ ਅਤੇ ਉਹਨਾ ਨੂੰ ਹਰ ਵੇਲੇ ਪੜਾਈ ਦੇ ਬੋਝ ਹੇਠਾਂ ਰੱਖਣਾ, ਬੱਚਾ ਅਜੇ ਬੋਲਣਾ ਵੀ ਨਹੀ ਸਿਖਿਆ ਹੁੰਦਾ ਤੇ ਮਾਪੇ ਉਸ ਨੂੰ ਆਹ ਪੰਜਾਬੀ ਦੀ ਜਗ੍ਹਾ ਅੰਗ੍ਰੇਜੀ ਆਲੀ ਏ ਬੀ ਸੀ ਸਿਖਾ ਰਹੇ ਹੁੰਦੇ ਨੇ। ਅਤੇ ਬੱਚਾ ਮਸਾਂ ਤੁਰਨ ਹੀ ਲਗਿਆ ਹੁੰਦਾ ਤੇ ਭਾਰੀ ਬਸਤਿਆਂ ਦਾ ਭਾਰੀ ਬੋਝ ਉਹਨਾ ਦੇ ਮੋਡਿਆ ਤੇ ਧਰ ਦਿੰਦੇ ਹਾਂ। ਜਦੋਂਕਿ ਬੱਚੇ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਅਜੇ ਪੂਰਾ ਨਹੀਂ ਹੋਇਆ ਹੁੰਦਾ। ਹੁਣ ਉਹ ਵਿਚਾਰਾ ਕਰੇ ਤਾਂ ਕਰੇ ਕੀ ਇਸ ਉਮਰ ਵਿੱਚ ਮਾਪਿਆਂ ਨੂੰ ਵੀ ਬੱਚਿਆਂ ਨੂੰ ਅਕਸਰ ਇਹ ਕਹਿੰਦੇ ਸੁਣਿਆਂ ਗਿਆ ਹੈ ਕਿ ਚੱਲ ਤੈਨੂੰ ਸਕੂਲ ਛੱਡ ਕੇ ਆਈਏ, ਐਵੇਂ ਘਰੇ ਦਿਮਾਗ ਖਾਈ ਜਾਂਦਾ ਏਂ। ਬੱਚਾ ਫਿਰ ਸਕੂਲ ਨੂੰ ਜੇਲ੍ਹਖਾਨਾ ਸਮਝਣ ਲੱਗ ਪੈਂਦਾ ਹੈ। ਕੀ ਇਸ ਤਰਾਂ ਕਰਕੇ ਮਾਪੇ ਬਚਿਆਂ ਦਾ ਸਨਮਾਨ ਕਰਦੇ ਹਨ? ਇਹੋ ਜਿਹੇ ਕਈ ਕਾਰਨ ਸਾਹਮਣੇ ਆਏ ਨੇ ਜਿਹਨਾ ਕਰਕੇ ਬੱਚਾ ਆਪਣੇ ਬਚਪਨ ਤੋਂ ਦੂਰ ਏ ਉਸ ਵਿਚਾਰੇ ਨੂੰ ਵੀ ਪਤਾ ਨਹੀ ਲਗਦਾ ਕੇ ਕਦ ਉਹ ਬਚਪਨ ਵਿਚੋਂ ਨਿਕਲਕੇ ਜਵਾਨੀ ਦੀ ਦਹਿਲੀਜ਼ ਵਿਚ ਪੈਰ ਰੱਖ ਲੈਂਦਾ ਹੈ। ਫਿਰ ਉਹ ਵੱਡਾ ਹੋ ਕੀ ਕਲਪਨਾ ਕਰੇਗਾ ਆਪਦੇ ਬੀਤੇ ਬਚਪਨ ਦੀ। ਅਸੀਂ ਦਿੱਤਾ ਕੀ ਹੈ ਆਪਦੇ ਬਚਿਆ ਨੂੰ ਜੋ ਉਹਨਾ ਤੋਂ ਪਾਉਣ ਦੀਆਂ ਉਮੀਦਾ ਰਖਦੇ ਹਾਂ। ਸਿਰਫ ਪੜ੍ਹਨ ਨਾਲ ਹੀ ਜਿੰਦਗੀ ਨਹੀ ਬਣ ਜਾਂਦੀ। ਹੋਰ ਵੀ ਬਹੁਤ ਕੁਝ ਜਿੰਦਗੀ ਵਿਚ ਮਾਇਨੇ ਰੱਖਦਾ ਹੈ। ਜਦ ਅਸੀਂ ਬੱਚੇ ਸੀ ਸਾਡੀ ਸੋਚਣੀ ਸਾਡੀ ਕਰਨੀ ਕੁਝ ਹੋਰ ਹੀ ਹੁੰਦੀ ਸੀ। ਸਾਨੂੰ ਸਾਡੇ ਮਾਪੇ ਪੜਾਈ ਦੇ ਨਾਲ ਨਾਲ ਵੱਡਿਆ ਦਾ ਸਤਿਕਾਰ ਕਰਨਾ ਆਪਣੇ ਇਤਿਹਾਸ ਬਾਰੇ ਅਸੀਂ ਕਿਸ ਕਲਚਰ ਵਿਚ ਰਹਿੰਦੇ ਹਾਂ ਉਸ ਬਾਰੇ ਜਾਣੂੰ ਕਰਵਾਉਂਦੇ ਸਨ। ਸਾਨੂੰ ਗੁਰਬਾਣੀ ਨਾਲ, ਜੋੜਦੇ ਸਨ। ਅਤੇ ਹੋਰ ਕਈ ਸਮਾਜਿਕ ਬੁਰਾਈਆਂ ਤੋਂ ਕਿਵੇੰ ਦੂਰ ਰਹਿਣਾ ਹੈ ਇਸ ਬਾਰੇ ਵਿਚ ਸਮੇ-ਸਮੇ ਪ੍ਰੇਰਿਤ ਕਰਦੇ ਰਹਿੰਦੇ ਸਨ। ਸਾਨੂੰ ਅੱਜ ਵੀ ਬਚਪਨ ਵਿਚ ਸਿਖੀਆਂ ਗੱਲਾਂ ਯਾਦ ਆਉਂਦੀਆਂ ਹਨ। ਅੱਜ ਦੇ ਪਦਾਰਥੀ ਮਨੁੱਖ ਦੀ ਹੋਣੀ ਇਹ ਹੈ ਕੇ ਜਿਸ ਵਿਚ ਬੱਚੇ ਦਾ ਬਚਪਨ ਅਤੇ ਬਜ਼ੁਰਗਾਂ ਦੀ ਸੰਭਾਲ ਦੋਵੇਂ ਹੀ ਗੁੰਮ ਗਏ ਹਨ।

ਇਹ ਬੱਚੇ ਦੀ ਫਿਤਰਤ ਹੁੰਦੀ ਹੈ ਕੇ ਉਸ ਨੂੰ ਆਪਦੇ ਬਚਪਨ ਵਿਚ ਕੁਝ ਸਿਖੀਆਂ ਗੱਲਾਂ ਯਾਦ ਰਹਿੰਦੀਆਂ ਨੇ ਜੋ ਆਪਣੇ ਆਪ ਉਸ ਦੇ ਜੀਵਨ ਵਿਚ ਢਲ ਜਾਂਦੀਆਂ ਨੇ। ਮਾਪਿਆ ਦਾ ਇਹ ਫਰਜ ਬਣਦਾ ਹੈ ਕੇ ਉਹ ਬਚਿਆ ਨੂੰ ਆਪਣੇ ਇਤਿਹਾਸ ਤੋਂ ਸਭਿਆਚਾਰ ਤੋਂ ਪੰਜਾਬੀਅਤ ਤੋਂ ਜਾਣੂੰ ਕਰਵਾਉਣ ਤਾਂ ਕੇ ਸਾਡੀ ਵਿਰਾਸਤ ਪੀੜ੍ਹੀ ਦਰ ਪੀੜ੍ਹੀ ਜਿਉਂਦੀ ਰਹਿ ਸਕੇ। ਅਸੀਂ ਇਹ ਸੋਚ ਕੇ ਬੇਠੇ ਰਹਿੰਦੇ ਹਾਂ ਕੇ ਬੱਚੇ ਦੀ ਸਾਰੀ ਜਿੰਦਗੀ ਪਈ ਹੈ ਆਪੇ ਸਿਖ ਲਉ ਪਰ ਇਹੀ ਸੋਚਣਾ ਸਾਡਾ ਬਿਲਕੁਲ ਗਲਤ ਹੈ, ਜੋ ਬੱਚੇ ਨੇ ਬਚਪਨ ਵਿਚ ਸਿੱਖਣਾ ਹੈ ਉਹ ਜਵਾਨੀ ਵਿਚ ਨਹੀ ਸਿਖ ਸਕਦਾ ਹਰ ਚੀਝ ਸਿੱਖਣ ਦਾ ਸਮਾ ਹੁੰਦਾ ਹੈ। ਜੇ ਬੱਚੇ ਨੂੰ ਬਚਪਨ ਵਿਚ ਆਪਣੇ ਸਭਿਆਚਾਰ ਵੱਲ ਮੋੜਾਂਗੇ ਆਪਣੇ ਇਤਿਹਾਸ ਤੋਂ ਜਾਣੂੰ ਕਰਵਾਵਾਂ ਗੇ ਤਾਂ ਬੱਚੇ ਦੇ ਮਨ ਉਪਰ ਇਸ ਦਾ ਬਹੁਤ ਜਲਦੀ ਅਸਰ ਹੁੰਦਾ ਹੈ ਉਹ ਇਹਨਾ ਨੂੰ ਆਪਣੇ ਜੀਵਨ ਵਿਚ ਜਲਦੀ ਗ੍ਰਹਿਣ  ਕਰਦਾ ਹੈ। ਅਸੀਂ ਤਾਂ ਸਿਰਫ ਸੁਣ ਕੇ ਸਿਰ ਹਿਲਾਉਂਦੇ ਹਾਂ ਪਰ ਬੱਚਾ ਸੁਣ ਕੇ ਅਪਣਾਉਂਦਾ ਹੈ। 

ਪੰਜਾਬੀਓ! ਬਚਿਆਂ ਨੂੰ ਵਿਰਾਸਤੀ ਖੇਡਾਂ ਵੱਲ ਮੋੜਨ ਦੀ ਲੋੜ੍ਹ ਹੈ। ਅੱਜ ਬੱਚਾ ਚਾਰ ਦੀਵਾਰੀ ਵਿਚ ਬੇਠਾ ਆਪਦੇ ਛੁਟੀਆਂ ਦੇ ਦਿਨ ਬਿਤਾਉਂਦਾ ਹੈ। ਜੋ ਕੇ ਉਸ ਦੀ ਸਿਹਤ ਉੱਤੇ ਬਹੁਤ ਮਾੜਾ ਅਸਰ ਪਾਉਂਦੇ ਨੇ, ਉਸ ਦੀ ਤਾਂ ਸਾਰੀ ਜਿੰਦਗੀ ਅਜੇ ਪਈ ਹੈ ਜਿਉਣ ਲਈ ਇਸ ਲਈ ਬੱਚੇ ਨੂੰ ਇਹਨਾ ਬੰਦ ਕਮਰਿਆਂ ਦੀਆਂ ਚੱਕਾਂ ਚੋੰਦਾਂ ਵਿਚੋ ਬਾਹਰ ਕੱਢੋ ਉਹਨਾ ਨੂੰ ਪੇਂਡੂ ਲੋਕ ਵਿਰਾਸਤੀ ਖੇਡਾਂ ਵੱਲ ਨੂੰ ਮੋੜੋ, ਜੋ ਕੇ ਸਰੀਰਕ ਮਿਹਨਤ ਮਨੋਰੰਜਨ ਦੇ ਨਾਲ ਨਾਲ ਕੁਝ੍ਹ ਖੇਡਾਂ ਤਾਂ ਸਿੱਖਿਆ ਭਰਭੂਰ ਵੀ ਹੁੰਦੀਆਂ ਹਨ। ਬੱਚਿਆਂ ਨੂੰ ਉਹਨਾ ਦੇ ਅਸਲੀ ਬਚਪਣ ਤੋਂ ਜਾਣੂੰ ਕਰਵਾਓ, ਤਾਂ ਕੇ ਉਹ ਆਪਦੇ ਹੁਣ ਦੇ ਬਚਪਨ ਦਾ ਅਤੇ ਆਉਣ ਵਾਲੀ ਜਿੰਦਗੀ ਦਾ ਆਨੰਦ ਲੈ ਸਕਣ। ਅਤੇ ਜਦ ਇਹ ਵੱਡੇ ਹੋਣ ਆਪਦੇ ਬਚਪਨ ਦੀ ਅਮੀਰੀ ਨੂੰ ਸਦਾ ਖੂਬਸੂਰਤ ਪਲਾਂ ਦੀ ਤਰਾਂ ਯਾਦ ਕਰਨ। ਬਚਪਨ ਾਂ ਹੁੰਦਾ ਬੇਫਿਕਰਾ ਹੈ ਫਿਰ ਅਸੀਂ ਕਿਓ ਬੋਜ ਇਹਨਾ ਤੇ ਪਾਈਏ।  

ਮੇਨੂੰ ਆਪਦਾ ਬਚਪਨ ਬਹੁਤ ਪਿਆਰਾ ਸੀ, ਜਦ ਆਪਦੇ ਉਸ ਬੀਤੇ ਬਚਪਨ ਦੇ ਉਹ ਸੋਹਣੇ ਦਿਨ ਯਾਦ ਆਉਂਦੇ ਨੇ ਤਾਂ ਰੂਹ ਫਿਰ ਉਸ ਬਚਪਣ ਵਿਚ ਦੁਬਾਰਾ ਜਾਣ ਨੂੰ ਕਰਦੀ ਏ..., ਕੇ ਕਿਵੇਂ ਮਿੱਟੀ ਦਿਆ ਘਰਾਂ ਨੂੰ ਬਣਾਉਣਾ, ਫਿਰ ਛੋਟੀਆਂ ਛੋਟੀਆਂ ਚੀਝਾਂ ਨਾਲ ਉਹਨਾ ਨੂੰ ਸਜਾਉਣਾ  ਅਤੇ ਉਹ ਛੂਹਣ ਛਿਪਾਈ, ਕੋਟਲਾ-ਛਿਪਾਕੀ, ਰਾਤਾ ਵੇਲੇ ਰੋਟੀ ਖਾਣ ਪਿਛੋ ਖੇਡਣੀ ਲੁਕਣ-ਮਚਾਈ , ਉਹ ਖੇਡਿਆ ਯਾਰਾਂ ਬੇਲੀਆਂ ਸੰਗ ਗੁੱਲੀ ਡੰਡਾ ਨਹੀ ਭੁਲਦਾ ਸਾਨੂੰ ਉਹਨਾ ਵੇਲਿਆਂ ਵਿਚ ਨਾ ਕੋਈ ਫਿਕਰ ਹੋਣਾ ਨਾ ਫਾਕਾ , ਸਕੂਲ ਦੀ ਅਧਿ ਛੁੱਟੀ ਵੇਲ੍ਹੇ  ਬਾਰ੍ਹਾਂਟਾਹਣੀ ਖੇਡਣੀ , ਮੀਹਾਂ ਵਿਚ ਗਲੀਆਂ ਚ ਨਗ੍ਨੇ ਪੇਰੀ ਦੋੜ੍ਹ- ਦੋੜ੍ਹ ਨਾਉਣਾ, ਅਤੇ ਉਹ ਜਾਮਣਾ , ਮਲਿਆ ਦੇ ਬੇਰ ,ਤੋੜ੍ਹ ਤੋੜ੍ਹ ਕੇ ਜੇਬਾਂ ਨੂੰ ਭਰਨਾ, ਉਹ ਹਾਰੇ ਜਿੱਤੇ ਬੰਟਿਆਂ ਦਾ ਹਿਸਾਬ ਲਾਉਣਾ, ਗਲੀਆਂ ਚ’ ਟਾਇਰ ਸਾਇਕਲਾ ਦੇ ਭਜਾਉਣਾ, ਪਿੰਡ ਦੀ ਫਿਰਨੀਓ ਫਿਰਨੀ ਗੇੜਾ ਲਾਉਣਾ, ਬਾਂਦਰ ਕਿੱਲਾ ਖੇਡਣਾ, ਖੇਡਾਂ ਖੇਡਣ ਦਾ ਤਾਂ ਸਾਨੂੰ ਇਨਾ ਚਾਹ ਹੁੰਦਾ ਸੀ ਕੇ ਸਕੂਲ ਦੀ ਅੱਧੀ  ਛੁੱਟੀ ਹੋਣ ਤੋਂ ਪਹਿਲਾਂ ਹੀ ਸਭ ਯਾਰਾਂ ਦੋਸਤਾਂ ਨੂੰ ਕਹਿ ਦੇਣਾ ਕੇ ਭਾਈ ਅੱਜ ਅੱਧੀ  ਛੁਟੀ ਵੇਲੇ ਕੋਈ ਘਰ ਨਾ ਜਾਵੇ ਅੱਜ ਗੁਲੀ ਡੰਡਾ ਜਾਂ ਕੋਈ ਹੋਰ ਖੇਡਾਂ ਖੇਡਾਗੇ।  ਇਸ ਤਰਾਂ ਨਾਲ ਅਸੀਂ ਬਚਪਣ ਵਿਚ ਹਰ ਪੇਂਡੂ ਖੇਡ ਦਾ ਮਜ਼ਾ ਲਿਆ ਅਤੇ ਅੱਜ ਵੀ ਉਹਨਾ ਬੀਤੇ ਪਲਾਂ ਨੂੰ ਯਾਦ ਕਰਦੇ ਹਾਂ। ਅੱਜ ਦੇ ਬੱਚਿਆਂ ਵਿਚ ਉਹਨਾ ਖੇਡਾਂ ਨੂੰ ਜਿਉਂਦਿਆਂ ਦੇਖਣਾ ਚਾਉਂਦੇ ਹਾਂ । ਜੋ ਇਹਨਾ ਤੋਂ ਦੂਰ ਹੁੰਦੇ ਜਾ ਰਹੇ ਨੇ। ਬੱਚਿਆਂ ਦੇ ਬਚਪਣ ਦੀ ਅਮੀਰੀ ਜੋ ਉਹਨਾ ਦਾ ਬਣਦਾ ਹੱਕ ਹੈ ਉਹਨਾ ਤੋਂ ਦੂਰ ਨਾ ਕਰੋ ਪੰਜਾਬੀਓ! ਆਪਦੇ ਬਚਿਆਂ ਨੂੰ ਆਪਦੇ ਸਭਿਆਚਾਰ ਵਿਰਸੇ, ਪੰਜਾਬੀ ਮਾਂ ਬੋਲੀ ਨਾਲ ਜੋੜ੍ਹ ਕੇ ਰੱਖੋ।   

ਗੁਰਸ਼ਾਮ ਸਿੰਘ ਚੀਮਾ
+34 603294805



Post Comment

Monday, October 15, 2012

ਬੀਤੇ ਸਮੇ ਦੀਆਂ ਬਾਤਾਂ ਬਣ ਰਹੇ ਨੇ ਪਾਥੀਆਂ ਦੇ ਗੁਹਾਰੇ


ਪੁਰਾਣਾ ਅਖਾਣ ਹੈ ਕਿ 'ਗੁਹਾਰਿਆਂ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਪਿੰਡ 'ਚ ਕਿੰਨੇ ਘਰ ਜਾਂ ਕਿੰਨੀ ਅਬਾਦੀ ਹੈ।

ਪਸ਼ੂਆਂ ਦੇ ਗੋਹੇ ਦੀਆਂ ਪਾਥੀਆਂ ਵਾਲੇ ਗੁਹਾਰੇ ਬੀੇਤੇ ਸਮੇਂ ਦੀ ਗੱਲ ਬਣਨ ਦੇ ਨਾਲ-ਨਾਲ ਖਤਮ ਵੀ ਹੁੰਦੇ ਜਾ ਰਹੇ ਹਨ। ਮਸ਼ੀਨੀ ਯੁੱਗ ਹੋਣ ਕਰਕੇ ਲੋਕ ਛੇਤੀ ਕੰਮ ਨਿਬੇੜ ਕੇ ਵਿਹਲੇ ਹੋਣਾ ਚਾਹੁੰਦੇ ਹਨ, ਕਿਉਂਕਿ ਲੰਬਾ ਇੰਤਜ਼ਾਰ ਕਰਨਾ ਕਿਸੇ ਦੇ ਵੱਸ ਦੀ ਗੱਲ ਨਹੀਂ ਰਹੀ। ਪਹਿਲਾਂ ਤਾਂ ਗੋਹੇ ਨੂੰ ਖੁੱਲ੍ਹੀ ਜਗ੍ਹਾ ਸੁੱਟ ਕੇ ਉਸ ਵਿਚ ਤੂੜੀ ਮਿਲਾਉਣੀ ਪੈਂਦੀ ਹੈ, ਫਿਰ ਪਾਥੀਆਂ ਪੱਥਣੀਆਂ ਪੈਂਦੀਆਂ ਹਨ। ਪਹਿਲੀਆਂ ਪੱਥੀਆਂ ਪਾਥੀਆਂ ਨੂੰ ਚੁੱਕ ਕੇ ਥਾਂ ਖਾਲੀ ਕਰਨੀ ਪੈਂਦੀ ਹੈ। ਉਨ੍ਹਾਂ ਨੂੰ ਚੁੱਕ ਕੇ ਧੜ ਵਿਚ ਲਾ ਕੇ ਸੁਕਾਉਣਾ ਪੈਂਦਾ ਹੈ। ਫਿਰ ਸੁੱਕੀਆਂ ਪਾਥੀਆਂ ਨੂੰ ਇਕੱਠੀਆਂ ਕਰਕੇ ਕਿਸੇ ਜਾਣਕਾਰ ਇਸਤਰੀ ਤੋਂ ਗੁਹਾਰਾ ਬਣਵਾਉਣਾ ਪੈਂਦਾ ਹੈ, ਜੋ ਕਿ ਤਿੰਨ-ਚਾਰ ਵਾਰੀਆਂ 'ਚ ਗੁਹਾਰਾ ਮੁਕੰਮਲ ਹੁੰਦਾ ਹੈ। ਗੁਹਾਰਾ ਧਰਨ ਵਾਲੀ ਵੀ ਚੰਗਾ ਮਿਹਨਤਾਨਾ ਲੈ ਲੈਂਦੀ ਹੈ। ਉਸ ਤੋਂ ਬਾਅਦ ਉਸ ਨੂੰ ਸਾਉਣ ਮਹੀਨੇ ਦੇ ਮੀਂਹਾਂ ਤੋਂ ਬਚਾਉਣ ਲਈ ਗੁਹਾਰੇ ਨੂੰ ਪਹਿਲਾਂ ਕਾਲੀ ਚੀਕਣੀ ਮਿੱਟੀ ਨਾਲ ਲਿੱਪਦੇ ਹਨ, ਫਿਰ ਦੁਬਾਰਾ ਪੀਲੀ ਮਿੱਟੀ ਨਾਲ ਲਿੱਪਣਾ ਪੈਂਦਾ ਹੈ, ਕਿਉਂਕਿ ਚੀਕਣੀ ਮਿੱਟੀ ਵਿਚ ਸੁੱਕ ਕੇ ਤਰੇੜਾਂ ਫਟ ਜਾਂਦੀਆਂ ਹਨ।

ਕੋਈ ਤੂੜੀ ਵਾਲੇ ਕੁੱਪ ਦੀ ਤਰ੍ਹਾਂ ਛੇਤੀ ਕੰਮ ਨਿਬੇੜਨ ਲਈ ਕਾਹੀ, ਦਭ, ਸਰਕੜੇ ਨਾਲ ਬੰਨ੍ਹ ਦਿੰਦੇ ਹਨ। ਪੁਰਾਣੀ ਅਖਾਣ ਹੈ ਕਿ 'ਗੁਹਾਰਿਆਂ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਪਿੰਡ 'ਚ ਕਿੰਨੇ ਘਰ ਜਾਂ ਕਿੰਨੀ ਅਬਾਦੀ ਹੈ।' ਇਨ੍ਹਾਂ ਗੁਹਾਰਿਆਂ ਦੀ ਪ੍ਰੰਪਰਾ ਨੂੰ ਅਜੇ ਤੱਕ ਜਿਉਂ ਦੀ ਤਿਉਂ ਅਪਣਾਇਆ ਹੋਇਆ ਮਿਲਦਾ ਹੈ, ਸੁਨਾਮ ਤੋਂ ਪਟਿਆਲਾ ਸੜਕ 'ਤੇ ਘੁੱਗ ਵਸਦੇ ਸੰਗਰੂਰ ਜ਼ਿਲ੍ਹੇ ਦੇ ਘਰਾਚੋਂ ਪਿੰਡ ਨੇ, ਜੋ ਕਿ ਪਿੰਡ ਵੜਦੇ ਸਾਰ ਸੜਕ ਦੇ ਕਿਨਾਰੇ ਖੱਬੇ ਅਤੇ ਸੱਜੇ ਅਨਾਜ ਮੰਡੀ ਵਿਚ ਆਮ ਦੇਖਣ ਨੂੰ ਮਿਲਦੇ ਹਨ। ਆਉਣ ਵਾਲੇ ਸਮੇਂ 'ਚ ਗੁਹਾਰੇ ਵੀ ਚਰਖੇ, ਹਲਟਾਂ ਦੀ ਤਰ੍ਹਾਂ ਪੰਜਾਬੀ ਸੱਭਿਆਚਾਰ, ਵਿਰਸੇ ਦੀ ਤਸਵੀਰ ਬਣ ਜਾਣਗੇ। ਇਕ ਗੱਲ ਜ਼ਰੂਰ ਹੈ ਕਿ ਜੇ ਕਿਸੇ ਨੇ ਗੋਹੇ ਦੀਆਂ ਪਾਥੀਆਂ ਨਾਲ ਹਾਰੇ (ਕਾੜ੍ਹਨੀ) ਵਿਚ ਦੁੱਧ ਕਾੜ੍ਹਿਆ ਹੋਇਆ ਪੀਤਾ, ਦਾਲ ਜਾਂ ਸਾਗ ਰਿੱਝਿਆ ਹੋਇਆ ਖਾਧਾ ਹੈ, ਉਹ ਕੁੱਕਰ ਅਤੇ ਓਵਨ ਨੂੰ ਭੁੱਲ ਜਾਂਦਾ ਹੈ। ਜੇ ਪਾਥੀਆਂ ਦੀ ਸੁਆਹ ਸਵੇਰ ਵੇਲੇ ਸਬਜ਼ੀਆਂ ਦੇ ਵੇਲ-ਬੂਟਿਆਂ 'ਤੇ ਪਾਈ ਜਾਵੇ ਤਾਂ ਕੋਈ ਵੀ ਅਜਿਹੀ ਸੁੰਡੀ ਨਹੀਂ, ਜੋ ਵੇਲ ਨੂੰ ਲੱਗ ਜਾਵੇ।

ਕੰਵਲਜੀਤ ਸਿੰਘ 'ਘੁਮਾਣ

ਪੋਸਟ ਕਰਤਾ: ਗੁਰਸ਼ਾਮ ਸਿੰਘ ਚੀਮਾ 


Post Comment

Friday, October 12, 2012

ਅਲੋਪ ਹੋ ਰਿਹਾ ਪੇਂਡੂ ਵਿਰਸਾ


ਦੁਨੀਆ ਦੇ ਸਾਰੇ ਖਿੱਤਿਆਂ ਨਾਲੋਂ ਸੋਹਣਾ ਮੇਰਾ ਪੰਜਾਬ ਜਿਸ ਨੂੰ ਗੁਰੂਆਂ-ਪੀਰਾਂ ਨੇ ਅਸੀਸਾਂ ਦੇ ਕੇ ਨਿਵਾਜਿਆ ਹੈ ਤੇ ਉਸ ਤੋਂ ਵੀ ਸੋਹਣੇ ਹਨ ਇਸ ਦੇ ਪਿੰਡ, ਜਿਥੇ ਪਹੁ-ਫੁਟਦੇ ਨਾਲ ਹੀ ਸ਼ੁਰੂ ਹੁੰਦੀ ਸੀ ਰੰਗਲੀ ਸਵੇਰ। ਪਿੰਡਾਂ ਦੀਆਂ ਸੱਥਾਂ ਤੋਂ ਲੈ ਕੇ ਹੱਟੀਆਂ-ਭੱਠੀਆਂ ਅਤੇ ਤ੍ਰਿੰਝਣਾਂ ਤੱਕ ਰੌਣਕਾਂ ਲੱਗੀਆਂ ਹੁੰਦੀਆਂ ਸਨ ਪਰ ਪਿਛਲੇ ਕੁਝ ਸਮੇਂ ਤੋਂ ਪਤਾ ਨਹੀਂ ਕੇਹੀ ਦਿਓ ਨਜ਼ਰ ਲੱਗ ਗਈ ਹੈ, ਮੇਰੇ ਸੋਹਣੇ ਪੰਜਾਬ ਦੇ ਪਿੰਡਾਂ ਨੂੰ, ਸਭ ਕੁਝ ਖਤਮ ਹੁੰਦਾ ਜਾ ਰਿਹਾ ਹੈ।

ਸਿਆਲ ਦੀ ਰੁੱਤ ਵਿਚ ਔਰਤਾਂ ਨੇ ਜਦੋਂ ਨਰਮੇ-ਕਪਾਹ ਚੁਗਣੇ ਜਾਂ ਸਾਗ ਤੋੜਨ ਜਾਣਾ ਤਾਂ ਖੇਤਾਂ-ਬੰਨਿਆਂ 'ਤੇ ਰੌਣਕਾਂ ਲੱਗ ਜਾਣੀਆਂ। ਸਭ ਤੋਂ ਵੱਧ ਰੌਣਕ ਪਿੰਡ ਦੀ ਕਿਸੇ ਗਲੀ-ਗੁੱਠੇ ਜਾਂ ਬਾਹਰ ਕਿਸੇ ਬੁੱਢੀ ਮਾਈ ਵੱਲੋਂ ਦਾਣੇ ਭੁੰਨਣ ਲਈ ਤਪਾਈ ਭੱਠੀ 'ਤੇ ਹੁੰਦੀ ਸੀ। ਮੱਕੀ, ਛੋਲੇ, ਬਾਜਰੇ ਦੇ ਦਾਣੇ ਭੁੰਨਾਉਣ ਆਈਆਂ ਚੁੰਗਾਂ, ਜਿਨ੍ਹਾਂ ਵਿਚ ਬਾਲੜੀਆਂ ਵੱਧ ਹੁੰਦੀਆਂ ਸਨ, ਹਾਸਾ-ਠੱਠਾ, ਮਖੌਲ ਕਰਦੀਆਂ ਨੇ ਦਾਣੇ ਭੁੰਨਾ ਕੇ, ਪੋਟਲੀਆਂ ਵਿਚ ਬੰਨ੍ਹ ਕੇ ਘਰਾਂ ਨੂੰ ਤੁਰ ਜਾਣਾ ਤੇ ਹੁਣ ਇਹ ਸਭ ਕੁਝ ਗੁਜ਼ਰ ਗਏ ਦੀ ਗੱਲ ਹੋ ਗਿਆ ਹੈ। ਅੱਗੇ ਪਿੰਡਾਂ ਵਿਚ ਜਦੋਂ ਵਿਆਹ ਬੱਝਦਾ ਹੁੰਦਾ ਸੀ ਤਾਂ ਸ਼ਰੀਕੇ-ਭਾਈਚਾਰੇ ਦੀਆਂ ਸਵਾਣੀਆਂ ਗੀਤਾਂ 'ਤੇ ਬੈਠਣ ਤੋਂ ਲੈ ਕੇ ਮੇਲ ਦੀ ਰੋਟੀ ਪਕਾਉਣ, ਜਾਗੋ ਕੱਢਣ ਅਤੇ ਜੰਞ ਤੋਰਨ ਜਾਂ ਘਰ ਆਈ ਜੰਞ ਦੀ ਸੇਵਾ ਕਰਨ ਤੱਕ ਰਲ ਕੇ ਹੱਥ ਵਟਾਉਂਦੀਆਂ ਸਨ। ਇਸ ਨਾਲ ਦਿਲੀ ਸਾਂਝ ਬਣੀ ਰਹਿੰਦੀ ਸੀ।

ਹੁਣ ਕਿਸੇ ਪਿੰਡ ਜਾ ਕੇ ਵੇਖ ਲਓ, ਉਸ ਦੀ ਨੁਹਾਰ ਸ਼ਹਿਰੀ ਮੁਹੱਲਿਆਂ ਵਰਗੀ ਬਣਦੀ ਜਾ ਰਹੀ ਹੈ। ਆਂਢ-ਗੁਆਂਢ ਸਬਜ਼ੀ-ਭਾਜੀ ਦੀ ਕੌਲੀ ਵਟਾਉਣ ਦਾ ਹੇਜ ਵੀ ਖਤਮ ਹੋ ਰਿਹਾ ਹੈ। ਜਿਥੇ ਤੀਆਂ, ਤ੍ਰਿੰਝਣਾਂ, ਸੱਥਾਂ, ਮੋੜਾਂ ਉੱਤੇ ਮਹਿਫਲਾਂ ਲੱਗੀਆਂ ਹੁੰਦੀਆਂ ਸਨ, ਉਥੇ ਹੁਣ ਸ਼ਹਿਰੀ ਘਰਾਂ ਵਾਂਗ ਬੰਦ ਬੂਹੇ ਹੀ ਮਿਲਦੇ ਹਨ।

ਕਦੇ ਪੇਂਡੂ ਘਰਾਂ ਵਿਚ ਆਏ ਪ੍ਰਾਹੁਣੇ ਅਤੇ ਜਵਾਈ-ਭਾਈ ਨੂੰ ਖਾਲੀ ਮੰਜੇ 'ਤੇ ਬਿਠਾਉਣਾ ਮਾੜਾ ਸਮਝਿਆ ਜਾਂਦਾ ਸੀ, ਸਗੋਂ ਪਹਿਲਾਂ ਚਾਦਰ, ਦੋਹਰਾ ਜਾਂ ਚਤਈ ਵਿਛਾ ਕੇ ਵਧੀਆ ਸਰ੍ਹਾਣਾ ਰੱਖਿਆ ਜਾਂਦਾ ਸੀ ਤੇ ਫਿਰ ਬਿਠਾਇਆ ਜਾਂਦਾ ਸੀ ਪਰ ਹੁਣ ਤਾਂ ਬੰਦ ਘਰਾਂ ਦੇ ਬੂਹੇ ਹੀ 'ਜੀ ਆਇਆਂ' ਕਹਿੰਦੇ ਹਨ। ਮਾਣ-ਤਾਣ ਕਾਹਦਾ ਰਹਿ ਗਿਆ। ਬਦਲਦੇ ਜ਼ਮਾਨੇ ਵਿਚ ਹੋਈ ਸਾਇੰਸ ਦੀ ਤਰੱਕੀ ਨੇ ਸਾਦ-ਮੁਰਾਦੇ ਪੇਂਡੂ ਦੀ ਮਲਕੜੇ ਜਿਹੇ ਤੁਰਨ ਵਾਲੀ ਸਾਦਗੀ ਖੋਹ ਲਈ ਹੈ। ਅੱਜ ਟੀ. ਵੀ., ਕੰਪਿਊਟਰ ਤੇ ਮੋਬਾਈਲ ਦੇ ਜ਼ਮਾਨੇ ਵਿਚ ਜਦੋਂ ਦੁਨੀਆ ਚੰਨ 'ਤੇ ਘਰ ਪਾਉਣ ਨੂੰ ਤਿਆਰ ਹੋ ਗਈ ਹੈ, ਅੱਜ ਪਿੰਡਾਂ ਦੀਆਂ ਉਹ ਗੱਲਾਂ ਪਰੀ ਲੋਕ ਦੀਆਂ ਕਹਾਣੀਆਂ ਵਰਗੀਆਂ ਲਗਦੀਆਂ ਹਨ।

ਕਿਸੇ ਨਾ ਕਿਸੇ ਘਰ ਦੀ ਸੁਚੱਜੀ ਤ੍ਰੀਮਤ ਕੋਈ ਨਾ ਕੋਈ ਮਿੱਠਾ ਪਕਵਾਨ ਬਣਾਉਣਾ ਜ਼ਰੂਰੀ ਹੀ ਜਾਣਦੀ ਹੁੰਦੀ ਸੀ। ਭਾਵੇਂ ਉਹ ਮਿੱਠਾ ਅੰਨ ਹੋਵੇ, ਚੂਰਮਾ, ਗੁੜ ਵਾਲੀਆਂ ਸੇਵੀਆਂ, ਗੁਲਗੁਲੇ, ਮੱਠੀਆਂ, ਖੀਰ-ਕੜਾਹ, ਪੰਜੀਰੀ ਜਾਂ ਲੋਹੜੀ ਦੇ ਤਿਉਹਾਰ ਮੌਕੇ ਘਰੇ ਬਣਾਈ ਗੱਚਕ, ਤਿਲ, ਛੋਲੇ, ਜਵਾਰ, ਬਾਜਰੇ ਦਾ ਗੁੜ ਵਿਚ ਬਣਾਇਆ ਭੁੱਗਾ ਜਾਂ ਭੂਤ ਪਿੰਨੇ ਮਿੱਠੇ ਖਾਣ ਦੇ ਸ਼ੌਕੀਨਾਂ ਦੀ ਪੂਰਤੀ ਜ਼ਰੂਰ ਕਰਦਾ ਸੀ ਤੇ ਨਾਲ-ਨਾਲ ਇਹ ਚੀਜ਼ਾਂ ਤਾਕਤਵਰ ਵੀ ਸਨ, ਜਿਨ੍ਹਾਂ ਨਾਲ ਪੇਂਡੂਆਂ ਨੂੰ ਸਬਰ-ਸੰਤੋਖ ਆ ਜਾਂਦਾ ਸੀ ਤੇ ਉਨ੍ਹਾਂ ਦੀ ਖੁੱਲ੍ਹ ਕੇ ਖਾਣ ਦੀ ਰੀਝ ਵੀ ਪੂਰੀ ਹੋ ਜਾਂਦੀ ਸੀ ਪਰ ਅੱਜ ਨਾ ਕਿਸੇ ਕੋਲ ਹੁਨਰ ਹੈ ਅਤੇ ਨਾ ਸਮਾਂ। ਅੱਜਕਲ੍ਹ ਪਿੰਡਾਂ ਵਿਚ ਵਧ ਰਹੇ ਰਾਜਨੀਤਿਕ ਪ੍ਰਭਾਵ ਨੇ ਵੀ ਇਕੋ ਪਰਿਵਾਰ ਦੀ ਸਾਂਝ ਅਤੇ ਆਪਸੀ ਭਾਈਚਾਰੇ ਨੂੰ ਵੱਡਾ ਖੋਰਾ ਲਾਇਆ ਹੈ, ਜਿਸ ਕਾਰਨ ਆਪਸ ਦੇ ਰਿਸ਼ਤਿਆਂ ਵਿਚ ਰੰਜਿਸ਼ ਵਧੀ ਹੈ ਤੇ ਮੋਹ-ਪਿਆਰ ਦੀ ਭਾਵਨਾ ਖੰਭ ਲਾ ਕੇ ਉਡ ਗਈ ਹੈ। ਹੁਣ ਹਰ ਕੋਈ ਆਪਣੇ ਨਿੱਜ ਤੋਂ ਵਧ ਕੇ ਨਹੀਂ ਸੋਚਦਾ, ਪਤਾ ਨਹੀਂ ਕਿਹੋ ਜਿਹੀ ਦਿਓ ਨਜ਼ਰ ਲੱਗ ਗਈ ਹੈ, ਪੰਜਾਬ ਦੇ ਪਿੰਡਾਂ 'ਚੋਂ ਹੌਲੀ-ਹੌਲੀ ਸਭ ਕੁਝ ਮੁੱਕਦਾ ਜਾ ਰਿਹਾ ਹੈ।

ਬੱਬੀ ਪੱਤੋ

ਪੋਸਟ ਕਰਤਾ: ਗੁਰਸ਼ਾਮ ਸਿੰਘ ਚੀਮਾ



Post Comment

Saturday, October 6, 2012

ਲੋਪ ਹੋ ਰਹੇ ਰਵਾਇਤੀ ਧੰਦੇ


ਪੰਜਾਬ ਵਿਚ ਸਦੀਆਂ ਤੋਂ ਚੱਲਿਆ ਆ ਰਿਹਾ ਖੁਰੀਆਂ ਲਾਉਣ ਦਾ ਧੰਦਾ ਵੀ ਹੁਣ ਸਾਹ ਵਟੋਰਦਾ ਹੀ ਨਜ਼ਰ ਆ ਰਿਹਾ ਹੈ। ਇਹ ਕਾਰੋਬਾਰ ਰਮਦਾਸੀਏ, ਮਜ਼੍ਹਬੀ ਆਦਿ ਜਾਤੀਆਂ ਨਾਲ ਸਬੰਧਤ ਲੋਕ ਹੀ ਕਰਦੇ ਹਨ। ਇਹ ਵਿਅਕਤੀ ਖੁਰੀਆਂ ਲਾਉਣ ਦੇ ਨਾਲ-ਨਾਲ ਪਸ਼ੂਆਂ ਦੇ ਸਿੰਗ ਵੱਢਣ, ਨਹੁੰ ਸਾਫ ਕਰਨ ਤੇ ਨਹੁੰ ਲਾਹੁਣ ਦਾ ਕੰਮ ਵੀ ਕਰਦੇ ਹਨ। ਇਨ੍ਹਾਂ ਦੇ ਮੁੱਖ ਔਜ਼ਾਰ ਸੁੰਮ ਤਰਾਸ਼, ਚੋਸ ਛਿਲਣੀ, ਨੰਹੁ ਲਾਹੁਣੀ, ਰੱਸਾ ਪੇਟੀ, ਹਥੌੜੀ ਤੇ ਮੇਖਾਂ ਹਨ। ਜਿਨ੍ਹਾਂ ਬਲਦਾਂ ਨੂੰ ਸੜਕ ‘ਤੇ ਚਲਣਾ ਪੈਂਦਾ ਹੈ ਉਨ੍ਹਾਂ ਦੇ ਖੁਰੀਆਂ ਲਾਉਣ ਦੀ ਜ਼ਰੂਰਤ ਪੈਂਦੀ ਹੈ ਤਾਂ ਜੋ ਪੈਰ ਜ਼ਿਆਦਾ ਨਾ ਘੱਸ ਸਕਣ। ਸੜਕ ‘ਤੇ ਚਲੱਣ ਵਾਲੇ ਬਲਦਾਂ ਦੇ ਕਰੀਬ ਮਹੀਨੇ ਬਾਅਦ ਖੁਰੀਆ ਲਗਾਉਣੀਆਂ ਪੈਂਦੀਆਂ ਹਨ ਜਦਕਿ ਘੋੜੇ ਦੇ ਇਕ ਹਫਤੇ ਬਾਅਦ ਖੁਰੀਆਂ ਲਗਾਉਣੀਆਂ ਪੈਂਦੀਆਂ ਹਨ। ਹੁਣ ਜਲੰਧਰ ਸ਼ਹਿਰ ਦੇ ਨੇੜਲੇ ਬਿਆਸ ਪਿੰਡ ਦੇ ਇਕ  ਵਿਅਕਤੀ ਧੰਨਾ ਸਿੰਘ ਤੇ ਰਹੀਮਪੁਰ ਦੇ ਗੁਰਦੇਵ ਸਿੰਘ ਹੀ ਇਹ ਕੰਮ ਕਰ ਰਹੇ ਹਨ। ਧੰਨਾ ਸਿੰਘ ਦਾ ਕਹਿਣਾ ਹੈ ਕਿ ਪਹਿਲਾਂ ਪਹਿਲਾਂ ਉਹ ਪਿੰਡਾਂ ਵਿਚ ਜਾ ਕੇ ਖੁਰੀਆਂ ਲਗਾਉਣ ਲਈ ਹੋਕਾ ਦਿੰਦੇ ਸਨ ਤੇ ਕੰਮ ਨਹੀਂ ਸੀ ਮੁੱਕਦਾ ਪਰ ਹੁਣ ਮਸ਼ੀਨੀ ਯੁੱਗ ਕਾਰਨ ਟਰੈਕਟਰਾਂ ਨੇ ਬਲਦਾਂ ਦੀ ਕਦਰ ਘਟਾ ਦਿੱਤੀ ਹੈ। ਹੁਣ ਤਾਂ ਉਨ੍ਹਾਂ ਦਾ ਕੰਮ ਸਿਰਫ ਘੋੜਿਆਂ ਦੇ ਆਸਰੇ ਹੀ ਚੱਲ ਰਿਹਾ ਹੈ।
ਇਸ ਤੋਂ ਇਲਾਵਾ ਪੰਜਾਬ ‘ਚ ਪੌਪ ਕੌਰਨ ਸੱਭਿਆਚਾਰ ਦੀ ਆਮਦ ਨਾਲ ਭੱਠੀਆਂ ‘ਚ ਦਾਣੇ ਭੁੰਨਣ ਦਾ ਧੰਦਾ ਲਗਪਗ ਖਤਮ ਹੋ ਚੁੱਕਾ ਹੈ। ਜੇਕਰ ਅੱਜ ਤੋਂ ਦੋ ਦਹਾਕੇ ਪਹਿਲਾਂ ਦਾ ਪੰਜਾਬ ਦਾ ਦ੍ਰਿਸ਼  ਦੇਖਿਆ ਜਾਵੇ ਤਾਂ ਭੱਠੀਆਂ ‘ਤੇ ਦਾਣੇ ਭੁਨਾਉਣ ਵਾਲੀਆਂ ਔਰਤਾਂ ਦਾ ਦ੍ਰਿਸ਼ ਸਾਕਾਰ ਹੋ ਜਾਵੇਗਾ। ਇਨ੍ਹਾਂ ਭੱਠੀਆਂ ‘ਤੇ ਜ਼ਿਆਦਾਤਾਰ ਮੱਕੀ ਦੇ ਦਾਣੇ ਹੀ ਭੁੰਨੇ ਜਾਂਦੇ ਸਨ। ਪੌਪ ਕੌਰਨ ਖਾ ਕੇ ਕਦੇ ਵੀ ਉਹ ਸਵਾਦ ਨਹੀਂ ਆਉਂਦਾ ਜੋ ਭੱਠੀ ‘ਤੇ ਭੁੰਨੇ ਜਵਾਰ, ਛੋਲਿਆਂ ਤੇ ਬਾਜਰੇ ਦੇ ਦਾਣਿਆਂ ਦਾ ਆਉਂਦਾ ਸੀ। ਪੌਪ ਕੌਰਨ ਵਾਲੀਆਂ ਬਹੁਕੌਮੀ ਕੰਪਨੀਆਂ ਨੇ ਜਿਥੇ ਭੱਠੀਆਂ ਨੂੰ ਨਿਗਲ ਲਿਆ, ਉਥੇ ਉਹ ਵੀ ਉਸ ਦੀ ਲਿਪੇਟ ਵਿਚ ਆ ਗਏ ਹਨ ਜਿਹੜੇ ਲੋਕ ਇਨ੍ਹਾਂ ਬਹੁਕੌਮੀ ਕੰਪਨੀਆਂ ਦੀਆਂ ਅਜਿਹੀਆਂ ਵਸਤਾਂ ਖਰੀਦਦੇ ਹਨ।
ਦੂਜੇ ਪਾਸੇ ਦੇਖਿਆ ਜਾਵੇ ਤਾਂ ਪਤਾ ਲਗਦਾ ਹੈ ਕਿ ਪੰਜਾਬ ਵਿਚ ਕਦੇ ਭਾਂਡਿਆਂ ਨੂੰ ਕਲੀ ਕਰਨ ਵਾਲੇ ਗਰੀਬ ਲੋਕ ਹੁੰਦੇ ਸਨ ਜਿਹੜੇ ਸਾਈਕਲ ‘ਤੇ ਆਪਣਾ ਲੋੜੀਂਦਾ ਸਾਮਾਨ ਲੱਦ ਕੇ ਪਿੰਡਾਂ ਤੇ ਸ਼ਹਿਰਾਂ ਦੀਆਂ ਗਲੀਆਂ ਵਿਚ ਹੋਕਾ ਦਿੰਦੇ ਹਨ। ਇਹ ਲੋਕ ਪਿੱਤਲ ਦੇ ਭਾਂਡੇ ਕਲੀ ਕਰਨ ਦੇ ਨਾਲ-ਨਾਲ ਟੁੱਟੇ-ਫੁੱਟੇ ਭਾਂਡਿਆਂ ਦੀ ਮੁਰੰਮਤ ਵੀ ਕਰਦੇ ਹਨ। ਹੁਣ ਲੋਕਾਂ ਨੇ ਪਿੱਤਲ ਦੇ ਭਾਂਡਿਆਂ ਨੂੰ ਵਰਤਣਾ ਬਿਲਕੁਲ ਬੰਦ ਕਰ ਦਿੱਤਾ ਤੇ ਸਟੀਲ ਦੇ ਭਾਂਡਿਆਂ ਦਾ ਰਿਵਾਜ ਆ ਗਿਆ, ਜਿਸ ਕਾਰਨ ਭਾਂਡੇ ਕਲੀ ਕਰਨ ਵਾਲੇ ਲੋਕ ਆਪਣੇ ਕਾਰੋਬਾਰ ਤੋਂ ਬਿਲਕੁਲ ਨਿਰਾਸ਼ ਹਨ।
ਇਸ ਤਰ੍ਹਾਂ ਕਦੇ ਪਿੰਡਾਂ ਦੀਆਂ ਗਲੀਆਂ ‘ਚ ਹੋਕਾ ਹੁੰਦਾ ਸੀ ਕਿ ‘ਲੈ ਲਓ ਕੁੜੇ ਤਕਲੇ ਖੁਰਚਣੇ, ਬੱਠਲ ਬਾਲਟੀਆਂ ਨੂੰ ਥੱਲੇ ਲਗਾ ਲਓ’ ਪਿੰਡਾਂ ‘ਚ ਜਦ ਸਜੀ ਮੁਟਿਆਰ ਕੁੜੀ ਘਰਾਂ ਮੂਹਰੇ ਆ ਕੇ ਇਹ ਹੋਕਾ ਦਿੰਦੀ ਸੀ ਤਾਂ ਉਸ ਦੇ ਮੂੰਹ ਵਿਚੋਂ ਪਿਆਰ ਡੁੱਲ੍ਹ-ਡੁੱਲ੍ਹ ਜਾਂਦਾ ਸੀ। ਅਜਿਹੀ ਆਵਾਜ਼ ਸੁਣਾਉਣ ਵਾਲੇ ਇਹ ਵੱਖਰੇ ਹੀ ਲੋਕ ਹਨ ਜਿਨ੍ਹਾਂ ਨੂੰ ਗੱਡੀਆਂ ਵਾਲੇ ਕਿਹਾ ਜਾਂਦਾ ਹੈ। ਇਸ ਕਬੀਲੇ ਦੇ ਲੋਕ ਆਪਣੇ-ਆਪ ਨੂੰ ਮਹਾਰਾਜੇ ਪ੍ਰਤਾਪ ਦੀ ਵੰਸ਼ ਦੱਸਦੇ ਹਨ ਕਿ ਜਦ ਮਹਾਰਾਜਾ ਪ੍ਰਤਾਪ ਚਿਤੌੜਗੜ੍ਹ ਦੀ ਹਾਰ ਤੋਂ ਬਾਅਦ ਆਪਣਾ ਰਾਜ ਛੱਡ ਕੇ ਜਾਣ ਲੱਗਾ ਤਾਂ ਇਸ ਕਬੀਲੇ ਨੇ ਕਸਮ ਖਾ ਲਈ ਕਿ ਜਦ ਤੱਕ ਉਹ ਆਪਣਾ ਰਾਜ ਭਾਗ ਵਾਪਸ ਨਹੀ ਲੈਂਦੇ ਤਾਂ ਉਹ ਟਿਕ ਕੇ ਨਹੀਂ ਬੈਠਣਗੇ ਤੇ ਮੰਜੇ ‘ਤੇ ਨਹੀਂ ਸੌਂਣਗੇ ਤੇ ਉਸ ਸਮੇਂ ਤੋਂ ਇਹ ਲੋਕ ਫਿਰਦੇ ਹਨ। ਪਿੱਤਲ ਨਾਲ ਮੜ੍ਹੀਆਂ ਸੁੰਦਰ ਬਲਦਾਂ ਵਾਲੀਆਂ ਗੱਡੀਆਂ ‘ਤੇ ਇਹ ਇਕ ਪਿੰਡ ਤੋਂ ਦੂਜੇ ਪਿੰਡ ਜਾਂਦੇ ਹਨ। ਇਨ੍ਹਾਂ ਦੇ ਮਰਦ ਕੁੜਤਾ ਚਾਦਰਾ ਪਹਿਨਦੇ ਹਨ ਤੇ ਔਰਤਾਂ ਵੱਖਰੀ ਕਿਸਮ ਦੇ ਘੱਗਰੇ ਪਹਿਨਦੀਆਂ ਹਨ, ਇਨ੍ਹਾਂ ਦੀਆਂ ਕਮੀਜ਼ਾਂ ‘ਤੇ ਕੌਡੀਆਂ ਜੜੀਆਂ ਹੁੰਦੀਆਂ ਹਨ। ਇਹ ਵਾਲਾਂ ‘ਚ ਲੰਬੀ ਡੋਰੀ ਪਾਉਂਦੀਆਂ ਹਨ ਤੇ ਉਪਰ ਵੱਡੇ-ਵੱਡੇ ਫੁੱਲ ਲਗਾਉਂਦੀਆਂ ਹਨ। ਔਰਤਾਂ ਤੇ ਮਰਦ ਦੋਵੇਂ ਹੀ ਆਪਣੇ ਦੰਦਾਂ ‘ਤੇ ਸੋਨੇ ਦੇ ਖੋਲ ਚੜ੍ਹਾਉਦੇ ਹਨ। ਕਬੀਲੇ ਦੀਆਂ ਔਰਤਾਂ ਖੁੱਲ੍ਹੇ ਸੁਭਾਅ ਦੀਆਂ ਹੁੰਦੀਆਂ ਹਨ ਪਰ ਉਹ ਆਪਣੀ ਇੱਜ਼ਤ ਨੂੰ ਆਂਚ ਨਹੀਂ ਆਉਣ ਦਿੰਦੀਆਂ। ਇਹ ਲੋਕ ਲੁਹਾਰਾ ਕੰਮ ਦੇ ਮਾਹਿਰ ਹੁੰਦੇ ਹਨ ਜਿਹੜੇ ਪਿੰਡ ਵਿਚ ਜਾਂਦੇ ਹਨ ਉਥੇ ਭੱਠੀ ਬਣਾ ਕੇ ਲੋਹਾ ਗਰਮ ਕਰਕੇ ਹਥੌੜੇ ਨਾਲ ਕੁੱਟ-ਕੁੱਟ ਕੇ ਗੰਡਾਸਾ, ਕੁਹਾੜੀ, ਬਰਛਾ ਤੇ ਹੋਰ ਵੀ ਕਈ ਪ੍ਰਕਾਰ ਦੇ ਔਜ਼ਾਰ ਜਿਵੇਂ ਤਕਲੇ, ਖੁਰਚਣੇ ਆਦਿ ਬਣਾਉਂਦੇ ਹਨ। ਦਹਾਕਾ ਪਹਿਲਾਂ ਇਹ ਲੋਕ ਬੜੇ ਅਮੀਰ ਗਿਣੇ ਜਾਂਦੇ ਸਨ ਪਰ ਹੁਣ ਇਹ ਕਬੀਲਾ ਮਾੜੀ ਦਸ਼ਾ ਵਿਚ ਚਲਿਆ ਗਿਆ ਹੈ, ਜਿਸ ਦਾ ਮੁੱਖ ਕਾਰਨ ਮਸ਼ੀਨੀ ਯੁੱਗ ਹੈ।
ਅਜਿਹੇ ਸਮੇਂ ਵਿਚ ਲੋਹੇ ਦੇ ਬੱਠਲ, ਬਾਲਟੀਆਂ ਦੀ ਥਾਂ ‘ਤੇ ਪਲਾਸਟਿਕ ਦੀਆਂ ਬਾਲਟੀਆਂ ਆ ਗਈਆਂ ਹਨ ਤੇ ਦੂਜੇ ਪਾਸੇ ਗੰਡਾਸੇ, ਕੁਹਾੜੀਆਂ ਦੀ ਥਾਂ ‘ਤੇ ਬੰਦੂਕਾਂ, ਪਿਸਟਲਾਂ ਦਾ ਜ਼ਮਾਨਾ ਆ ਗਿਆ ਹੈ। ਹੁਣ ਮਸ਼ੀਨੀ ਯੁੱਗ ਵਿਚ ਟਰੈਕਟਰਾਂ, ਮਸ਼ੀਨਾਂ ਨੇ ਬਲਦਾਂ ਦੀ ਥਾਂ ਲੈ ਲਈ ਹੈ ਜਿਹੜਾ ਮਨੁੱਖ ਪਹਿਲਾਂ ਲੰਬਾ ਸਮਾਂ ਲਾ ਕੇ ਕੰਮ ਕਰਦਾ ਸੀ ਉਹ ਹੁਣ ਮਸ਼ੀਨੀ ਯੁੱਗ ਵਿਚ ਜਲਦੀ ਕੰਮ ਕਰਨ ਲਗ ਪਿਆ ਹੈ। ਪਰ ਇਨ੍ਹਾਂ ਸਾਰੇ ਹਾਲਾਤ ਵਿਚ ਵੀ ਇਨ੍ਹਾਂ ਲੋਕਾਂ ਨੇ ਆਪਣਾ ਸੱਭਿਆਚਾਰ ਸੰਭਾਲਿਆ ਹੋਇਆ ਹੈ।  ਕੰਨਾਂ ਵਿਚੋਂ ਮੈਲ ਕੱਢਣ ਵਾਲੇ ਲੋਕ ਧਾਨਕਾ ਤੇ ਸਿੰਗੀਕਾਟ ਕਬੀਲਿਆਂ ਵਿਚੋਂ ਹਨ। ਇਹ ਲੋਕ ਆਪਣੀ ਵੱਖਰੀ ਪਛਾਣ ਬਣਾਉਣ ਲਈ ਲਾਲ ਰੰਗ ਦੀ ਵਿਸ਼ੇਸ਼ ਤਰ੍ਹਾਂ ਦੀ ਪਗੜੀ ਬੰਨ੍ਹਦੇ ਹਨ ਜਿਸ ਵਿਚ ਕੰਨ ਸਾਫ ਕਰਨ ਵਾਲੇ ਜੰਤਰ ਟੰਗੇ ਹੁੰਦੇ ਹਨ। ਇਨ੍ਹਾਂ ਕੋਲ ਇਕ ਛੋਟਾ ਜਿਹਾ ਬਕਸਾ ਹੁੰਦਾ ਹੈ ਜਿਸ ਵਿਚ ਸਰ੍ਹੋਂ ਦਾ ਤੇਲ ਤੇ ਦੇਸੀ ਦਵਾਈਆਂ ਹੁੰਦੀਆਂ ਹਨ ਤੇ ਇਸ ਤੋਂ ਇਲਾਵਾ ਗਾਹਕ ਦੇ ਬੈਠਣ ਲਈ ਦੋ ਪਟੜੀਆਂ ਹੁੰਦੀਆਂ ਹਨ। ਅੱਜ ਕੱਲ੍ਹ ਲੋਕ ਜ਼ਿਆਦਾਤਰ ਡਾਕਟਰਾਂ ‘ਤੇ ਵਿਸ਼ਵਾਸ ਰੱਖਣ ਲਗ ਪਏ ਹਨ ਤੇ ਸ਼ਰਮ ਦੇ ਮਾਰੇ ਲੋਕ ਸੜਕ ਕੰਢੇ ਆਪਣੇ ਕੰਨ੍ਹ ਸਾਫ ਕਰਾਉਣ ਲੱਗਿਆਂ ਆਪਣੇ ਆਪ ਨੂੰ ਹੀਣਾ ਮਹਿਸੂਸ ਕਰਦੇ ਹਨ, ਜਿਸ ਕਾਰਨ ਇਹ ਕੰਮ ਚੰਗਾ ਨਹੀਂ ਰਿਹਾ। ਮੈਲ ਕੱਢਣ ਵਾਲੇ ਲੋਕ ਜ਼ਿਆਦਾਤਾਰ ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ, ਕਚਹਿਰੀਆਂ ਤੇ ਟਰੱਕ ਯੂਨੀਅਨਾਂ ਵਿਚ ਵੇਖੇ ਜਾਂਦੇ ਹਨ।

-ਸ਼ਿੰਦਰਪਾਲ ਸਿੰਘ ਚਾਹਲ   

ਪੋਸਟ ਕਰਤਾ :- ਗੁਰਸ਼ਾਮ ਸਿੰਘ ਚੀਮਾਂ 



Post Comment

ਪ੍ਰਦਰਸ਼ਨੀਆਂ 'ਚ ਹੀ ਤਾਜ਼ਾ ਹੁੰਦੀਆਂ ਨੇ ਪੁਰਾਣੇ ਪੰਜਾਬ ਦੀਆਂ ਯਾਦਾਂ


ਪਿਛਲੇ ਦਿਨੀਂ ਇਕ ਪ੍ਰਦਰਸ਼ਨੀ ਵਿਚ ਪੰਜਾਬੀ ਵਿਰਸੇ ਨਾਲ ਸਬੰਧਤ ਚੀਜ਼ਾਂ ਦੇਖ ਕੇ ਮਨ ਖੁਸ਼ ਹੋ ਗਿਆ। ਤਸੱਲੀ ਇਸ ਗੱਲ ਦੀ ਸੀ ਕਿ ਵਿਰਸੇ ਨਾਲ ਜੁੜੀਆਂ ਚੀਜ਼ਾਂ ਨੂੰ ਪਿਆਰ ਕਰਨ ਵਾਲਿਆਂ ਨੇ ਇਨ੍ਹਾਂ ਨੂੰ ਹਾਲੇ ਸੰਭਾਲਿਆ ਹੋਇਐ, ਪਰ ਦੁੱਖ ਇਸ ਗੱਲ ਦਾ ਸੀ ਕਿ ਰੋਜ਼ਮਰ੍ਹਾ ਦੀ ਵਰਤੋਂ ਵਾਲੀਆਂ ਇਹ ਚੀਜ਼ਾਂ ਹੁਣ ਸਾਡੇ ਘਰਾਂ 'ਚੋਂ ਗਾਇਬ ਹੋ ਗਈਆਂ ਨੇ। ਹਰ ਚੀਜ਼ ਉੱਤੇ ਪਰਚੀ ਲੱਗੀ ਸੀ, 'ਦੂਰੋਂ ਦੇਖੋ, ਹੱਥ ਨਾ ਲਾਓ।' ਤੇ ਇਹ ਸਭ ਦੇਖ ਸੋਚ ਰਿਹਾਂ ਸਾਂ ਕਿ ਅਸੀਂ ਆਪਣੇ ਹੱਥਾਂ ਨਾਲ ਇਨ੍ਹਾਂ ਚੀਜ਼ਾਂ ਦੀ ਸੰਭਾਲ ਕੀਤੀ ਹੁੰਦੀ ਤਾਂ ਅੱਜ ਇਨ੍ਹਾਂ ਨੂੰ ਛੂਹਣ ਦੀ ਮਨਾਹੀ ਨਾ ਹੁੰਦੀ।

ਸਭ ਤੋਂ ਅਹਿਮ ਤੇ ਨਿਆਰੀ ਗੱਲ ਇਹ ਹੈ ਪਹਿਲ-ਪਲੱਕੜੇ ਵੇਲ਼ੇ ਦੀਆਂ ਬਹੁਤੀਆਂ ਚੀਜ਼ਾਂ ਦਾ ਸਬੰਧਤ ਵਰਜਿਸ਼ ਨਾਲ ਹੁੰਦਾ ਸੀ। ਬਲਦਾਂ ਨਾਲ ਹਲ਼ ਵਾਹੁੰਦੇ ਸਾਂ ਤਾਂ ਪੂਰਾ ਦਿਨ ਕਸਰਤ ਹੁੰਦੀ ਰਹਿੰਦੀ, ਹੱਥੀਂ ਕੋਠਿਆਂ-ਕੰਧਾਂ ਨੂੰ ਲਿੱਪਿਆ ਜਾਂਦਾ ਤਾਂ ਵਰਜਿਸ਼ ਹੁੰਦੀ, ਸੇਵੀਆਂ ਵੱਟਣ ਵਾਲੀ ਮਸ਼ੀਨ ਚਲਾਈ ਜਾਂਦੀ ਤਾਂ ਬਾਹਾਂ ਦੀ ਕਸਰਤ ਹੁੰਦੀ ਤੇ ਦੁੱਧ ਵਾਲੀ ਮਧਾਣੀ ਦੀ ਘਮ-ਘਮ ਸਵੇਰ ਵੇਲ਼ੇ ਬਾਹਾਂ ਦੀ ਸੋਹਣੀ ਵਰਜਿਸ਼ ਕਰਾ ਦਿੰਦੀ। ਅੱਜ ਅਸੀਂ ਤੰਦਰੁਸਤ ਰਹਿਣ ਅਤੇ ਵਰਜਿਸ਼ ਕਰਨ ਲਈ ਜਿੰਮ ਕਲਚਰ ਨਾਲ ਜੁੜਦੇ ਜਾ ਰਹੇ ਹਾਂ, ਪਰ ਪਹਿਲੇ ਵੇਲਿਆਂ ਵਿਚ ਸਭ ਕੁਝ ਘਰਾਂ ਵਿਚ ਹੁੰਦਾ ਸੀ, ਜਿਥੇ ਇੱਕ ਕੰਮ ਨਾਲ ਕਈ-ਕਈ ਲਾਭ ਹੁੰਦੇ ਸਨ। ਬਿਨਾਂ ਖਰਚੇ ਤੋਂ ਕੰਮ ਹੁੰਦਾ ਸੀ ਤੇ ਨਾਲ-ਨਾਲ ਸਰੀਰਕ ਕਿਰਿਆਵਾਂ ਹੋ ਜਾਂਦੀਆਂ।

ਤਸਵੀਰ ਨੂੰ ਗ਼ੌਰ ਨਾਲ ਦੇਖੋ। ਚਾਟੀ ਵਿਚ ਮਧਾਣੀ ਘੁੰਮ ਰਹੀ ਹੈ ਤੇ ਲੱਸੀ ਉੱਪਰ ਆਇਆ ਮੱਖਣ ਕਿੰਨਾ ਖੂਬਸੂਰਤ ਲੱਗ ਰਿਹਾ ਹੈ। ਇਹ ਸਵੇਰ ਵੇਲ਼ੇ ਕੀਤੀ ਗਈ ਮਿਹਨਤ ਦਾ ਨਤੀਜਾ ਹੈ, ਜਿਸ ਨੇ ਘਮ-ਘਮ ਵਾਲਾ ਮਿੱਠਾ ਸੰਗੀਤ ਵੀ ਪੈਦਾ ਕੀਤਾ, ਦਿਨ ਭਰ ਲਈ ਆਲਸ ਵੀ ਭਜਾਇਆ ਤੇ ਮਿਹਨਤ ਨਾਲ ਮੱਖਣ ਤੇ ਲੱਸੀ ਵੀ ਹਾਸਲ ਹੋਈ। ਚਾਟੀ ਦੀ ਲੱਸੀ ਨੂੰ ਅੱਜ ਸ਼ਹਿਰਾਂ ਵਿਚ ਵਸਦੇ ਲੋਕ ਤਰਸ ਰਹੇ ਨੇ ਤੇ ਡੱਬਾਬੰਦ ਲੱਸੀ ਦੀ ਵਰਤੋਂ ਕਰ-ਕਰ ਅੱਕਦੇ ਜਾ ਰਹੇ ਨੇ। ਪਿੰਡਾਂ ਵਿਚਲੇ ਬਹੁਤੇ ਘਰਾਂ ਵਿਚੋਂ ਇਹ ਵਡਮੁੱਲੀਆਂ ਦਾਤਾਂ ਅਲੋਪ ਹੋ ਰਹੀਆਂ ਨੇ, ਪਰ ਜਿਹੜੇ ਘਰਾਂ ਵਿਚ ਹਾਲੇ ਵੀ ਮਿਹਨਤ ਨੂੰ ਪੂਜਾ ਸਮਝਿਆ ਜਾਂਦਾ ਹੈ, ਉਥੇ ਘਰ ਦੀ ਲੱਸੀ, ਮੱਖਣ, ਘਿਓ, ਦਹੀਂ ਸਭ ਕੁਝ ਮਿਲ ਜਾਂਦਾ ਹੈ।

ਮੇਰੀ ਨਾਨੀ ਅਕਸਰ ਦੱਸਦੀ ਹੁੰਦੀ ਸੀ ਕਿ ਜਵਾਨੀ ਵੇਲ਼ੇ ਚਾਹ ਪੀਣ ਤੋਂ ਬਾਅਦ ਸਵੇਰ ਦਾ ਸਾਡਾ ਪਹਿਲਾ ਕੰਮ ਚਾਟੀ 'ਚ ਮਧਾਣੀ ਪਾਉਣਾ ਹੁੰਦਾ ਸੀ। ਪੰਦਰਾਂ ਵੀਹ ਮਿੰਟ ਦੀ ਮਿਹਨਤ ਨਾਲ ਲੱਸੀ, ਮੱਖਣ ਆਮ ਹੋ ਜਾਂਦਾ। ਕੋਈ ਥਕੇਵਾਂ, ਅਕੇਵਾਂ ਨਹੀਂ ਸੀ ਹੁੰਦਾ, ਕਿਉਂਕਿ ਮਿਹਨਤ ਸਾਡੇ ਹੱਡਾਂ 'ਚ ਰਚੀ ਹੋਈ ਸੀ।

ਕਿੰਨਾ ਸਕੂਨ ਦਿੰਦੀਆਂ ਸਨ ਨਾਨੀ ਦੀਆਂ ਗੱਲਾਂ। ਜਿਹੜੇ ਦੌਰ 'ਚ ਅਸੀਂ ਪੈਦਾ ਹੋਏ, ਉਦੋਂ ਇਹ ਚੀਜ਼ਾਂ ਅਲੋਪ ਹੋ ਰਹੀਆਂ ਸਨ ਤੇ ਹੁਣ ਜਦੋਂ ਨਾਨੀ ਵੀ ਨਹੀਂ ਰਹੀ ਤਾਂ ਉਨ੍ਹਾਂ ਗੱਲਾਂ ਨੂੰ ਸੁਣਨ ਦਾ ਝੱਸ ਕੋਈ ਹੋਰ ਨਹੀਂ ਪੂਰਦਾ।

ਸਵਰਨ ਸਿੰਘ ਟਹਿਣਾ

ਪੋਸਟ ਕਰਤਾ:- ਗੁਰਸ਼ਾਮ ਸਿੰਘ ਚੀਮਾਂ 



Post Comment

Monday, October 1, 2012

##### ਜਦੋਂ ਵੱਜਦੇ ਸੀ ਲਾਊਡ ਸਪੀਕਰ #####


ਪੰਜਾਬੀ ਸੱਭਿਆਚਾਰ ਵਿਚ ਲਾਊਡ ਸਪੀਕਰ ਦਾ ਅਹਿਮ ਸਥਾਨ ਰਿਹਾ ਹੈ। ਵਿਗਿਆਨ ਦੀ ਇਸ ਕਾਢ ਨੇ ਆਮ ਲੋਕਾਂ ਤਕ ਗਾਇਕੀ ਦੀ ਪਹੁੰਚ ਸੁਖਾਲੀ ਕਰ ਦਿੱਤੀ ਹੈ। ਸਾਊਂਡ ਬਖਸ਼ ਵਾਲੀਆਂ ਗ੍ਰਾਮੋਫੋਨ ਮਸ਼ੀਨਾਂ ਤਾਂ ਭਾਵੇਂ ਬਹੁਤ ਪਹਿਲਾਂ ਤੋਂ ਚੱਲ ਰਹੀਆਂ ਸਨ ਪਰ ਐਂਪਲੀਫਾਇਰ ਵਾਲੇ ਲਾਊਡ ਸਪੀਕਰ ਪਿੰਡਾਂ ਵਿਚ ਵੀਹਵੀਂ ਸਦੀ ਦੇ ਪੰਜਵੇਂ ਛੇਵੇਂ ਦਹਾਕੇ ਦੌਰਾਨ ਹੀ ਪਹੁੰਚੇ। ਹਰ ਵੱਡੇ ਪਿੰਡ ਵਿਚ ਇਕ ਅੱਧ ਲਾਊਡ ਸਪੀਕਰ ਪਹੁੰਚ ਚੁੱਕਿਆ ਸੀ। ਵਿਆਹ ਮੰਗਣੇ ਦੀ ਖੁਸ਼ੀ ਲਾਊਡ ਸਪੀਕਰ ਤੋਂ ਬਿਨਾਂ ਅਧੂਰੀ ਮੰਨੀ ਜਾਂਦੀ ਸੀ। ਅਜਿਹੇ ਦਿਨਾਂ ਉੱਤੇ ਘਰਾਂ ਵਿਚ ਤਿੰਨ-ਤਿੰਨ, ਚਾਰ-ਚਾਰ ਦਿਨ ਸਪੀਕਰ ਚਲਦਾ ਰਹਿੰਦਾ ਸੀ। ਵਿਆਹ ਵਿਚ ਸਪੀਕਰ ਵਾਲੇ ਦੀ ਖਾਸ ਪੁੱਛ ਹੁੰਦੀ ਸੀ। ਉਹ ਆਪਣਾ ਸਾਮਾਨ ਇਕ ਪਾਸੇ ਸੈੱਟ ਕਰ ਲੈਂਦਾ ਸੀ। ਕੋਠੇ ਉੱਤੇ ਦੋ ਮੰਜੇ ਖੜ੍ਹੇ ਕਰਕੇ ਇਕ ਤਰ੍ਹਾਂ ਦੀ ਕੁੱਲੀ ਜਿਹੀ ਬਣਾ ਲਈ ਜਾਂਦੀ ਅਤੇ ਉਸ ਦੇ ਉੱਤੇ ਜੁੰਟ ਵਾਲਾ ਹਾਰਨ ਟੰਗਿਆ ਜਾਂਦਾ ਸੀ। ਨਿੱਕੇ ਨਿਆਣਿਆਂ ਤੋਂ ਲੈ ਕੇ ਜਵਾਨ ਮੁੰਡਿਆਂ ਤਕ ਉਸ ਦੇ ਦੁਆਲੇ ਬੈਠ ਜਾਂਦੇ ਸਨ। ਹਰ ਤਵੇ ਤੋਂ ਪਹਿਲਾਂ ਮਸ਼ੀਨ ਨੂੰ ਚਾਬੀ ਦਿੱਤੀ ਜਾਂਦੀ ਸੀ ਅਤੇ ਸੂਈ ਬਦਲੀ ਜਾਂਦੀ ਸੀ। ਬੇਕਾਰ ਸੁੱਟੀ ਸੂਈ ਲੈਣ ਲਈ ਨਿੱਕੇ ਨਿਆਣੇ ਆਪਸ ਵਿਚ ਝਪਟ ਵੀ ਪੈਂਦੇ ਸਨ। ਸਪੀਕਰ ਵਾਲਾ ਜੇ ਕਿਸੇ ਨੇੜੇ ਬੈਠੇ ਤੋਂ ਪਾਣੀ ਜਾਂ ਚਾਹ ਮੰਗਵਾ ਲੈਂਦਾ ਤਾਂ ਉਹ ਆਪਣੇ ਆਪ ਨੂੰ ਦੂਜਿਆਂ ਨਾਲੋਂ ਸਪੀਕਰ ਵਾਲੇ ਦਾ ਖਾਸ ਬੰਦਾ ਸਮਝਣ ਲੱਗ ਪੈਂਦਾ ਸੀ। ਸਪੀਕਰ ਵਾਲੇ ਦੀ ਆਓ ਭਗਤ ਲਈ ਹਰ ਕੋਈ ਤਤਪਰ ਰਹਿੰਦਾ।
ਸਪੀਕਰ ਵਾਲੇ ਨੂੰ ਸਪੀਕਰ ਤੋਂ ਕੋਈ ਬਹੁਤੀ ਆਮਦਨ ਨਹੀਂ ਹੁੰਦੀ ਸੀ। ਉਸ ਨੂੰ ਇਕ ਸਾਈ ਦੇ ਪੱਚੀ ਤੀਹ ਰੁਪੱਈਏ ਹੀ ਮਿਲਦੇ ਸਨ। ਕੁਝ ਦੇਰ ਬਾਅਦ ਚਾਲੀ ਪੰਜਾਹ ਤਕ ਕਿਰਾਇਆ ਮਿਲ ਜਾਂਦਾ ਸੀ। ਖਰਚਾ ਮਿਲੇ ਕਿਰਾਏ ਤੋਂ ਵੱਧ ਹੋ ਜਾਂਦਾ ਸੀ। ਹਾਂ, ਖਾਣਾ ਪੀਣਾ ਜ਼ਰੂਰ ਚੰਗਾ ਹੋ ਜਾਂਦਾ ਸੀ। ਨਵੇਂ ਤਵੇ ਖਰੀਦਣੇ, ਬੈਟਰੀ ਭਰਵਾਉਣੀ ਅਤੇ ਹੋਰ ਮੁਰੰਮਤ ਆਦਿ ਉੱਤੇ ਕਾਫੀ ਖਰਚਾ ਹੋ ਜਾਂਦਾ ਸੀ। ਆਪਣੇ ਜੀਵਨ ਵਿਚ ਮੈਂ ਇਨ੍ਹਾਂ ਪੇਂਡੂ ਸਪੀਕਰਾਂ ਵਾਲਿਆਂ ਵਿਚੋਂ ਕੋਈ ਕਾਮਯਾਬ ਹੋਇਆ ਨਹੀਂ ਵੇਖਿਆ। ਬੱਸ, ਇਹ ਤਾਂ ਸ਼ੌਕ ਹੁੰਦਾ ਸੀ, ਇਕ ਜਨੂੰਨ ਹੁੰਦਾ ਸੀ, ਜੋ ਉਨ੍ਹਾਂ ਨੇ ਪਾਲਣਾ ਹੁੰਦਾ ਸੀ। 
ਇਨ੍ਹਾਂ ਸਮਿਆਂ ਵਿਚ ਜੰਝਾੰ, ਬਰਾਤਾਂ ਜਾਣ ਵੇਲੇ ਰਸਤੇ ਵਿਚ ਵੀ ਸਪੀਕਰ ਚਲਾਇਆ ਜਾਂਦਾ ਸੀ। ਬੱਸਾਂ ਉੱਤੇ ਅਗਲੇ ਪਾਸੇ ਹਾਰਨ ਟੰਗ ਦਿੱਤਾ ਜਾਂਦਾ। ਬੱਸ ਦੀ ਪਿਛਲੀ ਸੀਟ ਸਪੀਕਰ ਵਾਲੇ ਲਈ ਹੀ ਰਾਖਵੀਂ ਹੁੰਦੀ ਸੀ। ਇੱਥੇ ਬਹਿ ਕੇ ਉਹ ਮਸ਼ੀਨ ਨੂੰ ਆਪਣੇ ਪਟਾਂ 'ਤੇ ਰੱਖ ਕੇ ਸਾਰੇ ਰਸਤੇ ਚਲਾਉਂਦਾ ਹੀ ਜਾਂਦਾ ਸੀ। ਜਿਸ ਪਿੰਡ ਜੰਝ (ਬਰਾਤ) ਨੇ ਜਾਣਾ ਹੁੰਦਾ ਉੱਥੇ ਪਹੁੰਚ ਕੇ ਸਭ ਤੋਂ ਪਹਿਲਾਂ ਉਤਾਰੇ ਵਾਲੀ ਧਰਮਸ਼ਾਲਾ 'ਤੇ ਸਪੀਕਰ ਫਿੱਟ ਕੀਤਾ ਜਾਂਦਾ ਸੀ। ਹਾਰਨ ਦਾ ਮੂੰਹ ਵਿਆਹ ਵਾਲਿਆਂ ਦੇ ਘਰ ਵੱਲ ਰੱਖਿਆ ਜਾਂਦਾ ਸੀ। ਇਸ ਤੋਂ ਹੀ ਲਗਦਾ ਸੀ ਕਿ ਜੰਨ ਆ ਗਈ। ਰੱਬ ਸਬੱਬੀ ਜੇ ਕਿਤੇ ਪਿੰਡ ਵਿਚ ਦੋ ਜੰਨਾਂ ਇਕੱਠੀਆਂ ਆਈਆਂ ਹੁੰਦੀਆਂ ਫੇਰ ਤਾਂ ਘੜਮੱਸ ਹੀ ਪੈ ਜਾਂਦਾ ਸੀ। ਹਾਰਨਾਂ ਦੇ ਮੂੰਹ ਇਕ ਦੂਜੇ ਵੱਲ ਕਰਕੇ ਜ਼ਿੱਦ-ਜ਼ਿੱਦ ਕੇ ਰਿਕਾਰਡ ਲਾਏ ਜਾਂਦੇ। ਕਈ ਵਾਰ ਜ਼ਿੱਦਮ-ਜ਼ਿੱਦੀ ਸ਼ਰਤਾਂ ਲਗ ਜਾਂਦੀਆਂ ਸਨ। ਸਪੀਕਰ ਹੀ ਦਾਅ ਉੱਤੇ ਲਾ ਦਿੱਤੇ ਜਾਂਦੇ ਸਨ। ਕਦੇ ਕਦੇ ਲੜਾਈ ਝਗੜੇ ਤਕ ਨੌਬਤ ਪਹੁੰਚ ਜਾਂਦੀ ਸੀ।
ਸਪੀਕਰਾਂ ਦੇ ਇਸ ਮਹੱਤਵ ਨੂੰ ਦੇਖਦੇ ਹੋਏ ਕਈ ਗੀਤਕਾਰਾਂ ਨੇ ਸਪੀਕਰ ਵਾਲਿਆਂ ਦੇ ਗੀਤ ਵੀ ਲਿਖੇ ਜੋ ਕਈ ਗਾਇਕ ਜੋੜੀਆਂ ਦੀਆਂ ਆਵਾਜ਼ਾਂ ਵਿਚ ਰਿਕਾਰਡ ਹੋਏ:* 'ਭਾਈ ਸਪੀਕਰ ਵਾਲਿਆ ਕੋਈ ਗਾਣਾ ਨਵਾਂ ਸੁਣਾ।' (ਸਵਰਨ ਲਤਾ ਤੇ ਮੁਹੰਮਦ ਸਦੀਕ)* 'ਲਾਊਡ ਸਪੀਕਰ ਵਾਲੇ ਮੁੰਡਿਆ, ਦੱਸ ਕਿੱਥੋਂ ਤੂੰ ਸਾਡੇ ਪਿੰਡ ਆਇਆ,ਸੁਣ ਸੁਣ ਮੈਂ ਥੱਕ ਗਈ, ਕੋਈ ਨਵਾਂ ਨਾ ਰਿਕਾਰਡ ਸੁਣਾਇਆ। (ਸੁਰਿੰਦਰ ਕੌਰ ਤੇ ਰੰਗੀਲਾ ਜੱਟ)- 'ਛੜਾ ਕੋਠੇ 'ਤੇ ਸਪੀਕਰ ਲਾਈ ਰਖਦਾ' (ਮੋਹਣੀ ਨਰੁਲਾ ਤੇ ਕਰਮਜੀਤ ਧੂਰੀ) ਇਸ ਤਰ੍ਹਾਂ ਸਪੀਕਰਾਂ ਦੇ ਪਿੰਡਾਂ ਵਿਚ ਹਰਮਨਪਿਆਰਾ ਹੋਣ ਕਰਕੇ ਰਿਕਾਰਡਿੰਗ ਕੰਪਨੀਆਂ ਨੂੰ ਬਹੁਤ ਉਤਸ਼ਾਹ ਮਿਲਿਆ। ਹਰ ਨਵੇਂ ਤਵੇ ਦੀ ਬੇਸਬਰੀ ਨਾਲ ਉਡੀਕ ਕੀਤੀ ਜਾਂਦੀ ਸੀ। ਕੰਪਨੀਆਂ ਨੇ ਧੜਾ ਧੜ ਗਾਇਕਾਂ ਦੀ ਰਿਕਾਰਡਿੰਗ ਕਰਨੀ ਸ਼ੁਰੂ ਕਰ ਦਿੱਤੀ। ਨੌਵੇਂ ਦਹਾਕੇ ਤਕ ਤਵਿਆਂ ਦੀਆਂ ਰਿਕਾਰਡਤੋੜ ਵਿਕਰੀਆਂ ਹੋਈਆਂ। ਸੋ ਪੰਜਾਬੀ ਗਾਇਕੀ ਨੂੰ ਪ੍ਰਸਾਰਤ ਕਰਨ ਵਿਚ ਸਪੀਕਰ ਦਾ ਰੋਲ ਮਹੱਤਵਪੂਰਨ ਰਿਹਾ ਹੈ।



ਪੋਸਟ ਕਰਤਾ:- ਗੁਰਸ਼ਾਮ ਸਿੰਘ ਚੀਮਾਂ 


Post Comment

Thursday, September 27, 2012

ਆਓ ! ਅੱਜ ਆਟਾ ਪੀਹਣ ਵਾਲੀ ਹੱਥ ਚੱਕੀ ਦੀ ਬਣਤਰ ਬਾਰੇ ਕੁਝ ਜਾਣਕਾਰੀ ਪ੍ਰਾਪਤ ਕਰੀਏ ।

ਸਾਡੇ ਪੰਜਾਬ ਦਾ ਪੁਰਾਣਾ ਕੀਮਤੀ ਵਿਰਸਾ, ਸੱਭਿਆਚਾਰ ਲੋਕ ਗੀਤ, ਲੋਕ ਕਾਵਿ ਕਿੱਸੇ, ਬੋਲੀਆਂ, ਗਿੱਧਾ, ਭੰਗੜਾ, ਢੋਲੇ, ਮਾਹੀਆ, ਕਿੱਸਾ ਮਿਰਜ਼ਾ ਸਾਹਿਬਾਂ, ਹੀਰ ਵਾਰਿਸ ਸ਼ਾਹ, ਸੂਫੀ ਫਕੀਰਾਂ ਦੇ ਮਸਤੀ ਦੇ ਰੰਗ ਵਿਚ ਰੰਗੇ ਬੋਲ, ਕਾਫੀਆਂ ਅਤੇ ਇਲਾਹੀ ਰੰਗ ਵਿਚ ਮਖਮੂਰ ਗੁਰਬਾਣੀ ਦਾ ਭੰਡਾਰ ਜਿਸ ਸੁਚੱਜੇ ਢੰਗ ਨਾਲ ਸਾਂਭਿਆ ਪਿਆ ਹੈ । ਪਰ ਸਮੇਂ ਦੀ ਤੇਜ਼ ਰਫਤਾਰੀ ਨਾਲ ਜਿੱਥੇ ਸਾਡੇ ਕਿਰਸਾਣੀ ਦੇ ਕਈ ਪ੍ਰਕਾਰ ਦੇ ਪੁਰਾਣੇ ਸੰਦ ਜਿਵੇਂ, ਰੰਬਾ, ਖੁਰਪਾ, ਪੰਜਾਲੀ, ਸੁਹਾਗਾ, ਵੱਟਾਂ ਪਾਉਣ ਵਾਲਾ ਜੰਦਰਾ, ਕਰੰਡੀ, ਕਹੀ, ਕਮਾਦ ਛਿੱਲਣ ਵਾਲੀ ਪੜਛੀ, ਫਾਲਾ, ਹੱਲੜ ਅਦਿ ਤੇ ਹੋਰ ਕਈ ਸੰਦਾਂ ਦੇ ਨਾਂ ਹੌਲੀ ਹੌਲੀ ਅਲੋਪ ਹੁੰਦੇ ਜਾ ਰਹੇ ਜਾਪਦੇ ਹਨ । ਇਸੇ ਤਰ੍ਹਾਂ ਹੀ ਆਮ ਘਰਾਂ ਵਿਚ ਰੋਟੀ ਟੁੱਕ ਤਿਆਰ ਕਰਨ ਦੀ ਮੁੱਖ ਖੁਰਾਕ ਆਟਾ ਪੀਹਣ ਵਾਲੀ ਚੱਕੀ ਦਾ ਨਾਮ ਵੀ ਦਿਨੋ ਲੋਕਾਂ ਦੀ ਜਾਣਕਾਰੀ ਵਿਚੋਂ ਨਿਕਲਦਾ ਜਾ ਰਿਹਾ ਜਾਪਦਾ ਹੈ ।ਇਸ ਦੇ ਨਾਲ ਨਾਲ ਇਸ ਮੰਤਵ ਲਈ ਆਟਾ ਪੀਹਣ ਦੇ ਹੋਰ ਸਾਧਨ ਖਰਾਸ ਅਤੇ ਘਰਾਟ ਦਾ ਨਾਮ ਵੀ ਆਉਂਦਾ ਹੈ ।ਕਿਉਂ ਜੋ ਮਸ਼ੀਨੀ ਯੁੱਗ ਵਿਚ ਹੁਣ ਇਨ੍ਹਾਂ ਦੀ ਥਾਂ ਹੁਣ ਬਿਜਲੀ ਨਾਲ ਚੱਲਣ ਵਾਲੀਆਂ ਆਟਾ ਪੀਹਣ ਵਾਲੀਆਂ ਚੱਕੀਆਂ  ਆਉਣ ਕਾਰਣ, ਇਸ ਕੰਮ ਵਿਚ ਅਸਾਨੀ ਹੋ ਜਾਣ ਕਾਰਨ ਹੱਥ ਚੱਕੀ ਦੀ ਜਾਣਕਾਰੀ ਵੀ ਹੁਣ ਦਿਨੋਂ ਦਿਨ ਘਟਦੀ ਨਜ਼ਰ ਆਉਂਦੀ ਜਾਪਦੀ ਹੈ, ਪਰ ਆਪਣੇ ਪੁਰਾਤਨ ਵਿਰਸੇ ਨੂੰ ਸੰਭਾਲਣਾ ਵੀ ਓਨਾ ਹੀ ਜ਼ਰੂਰੀ ਹੈ, ਜਿੰਨਾ ਸਾਡੀ ਪੁਰਾਣੀ ਸੱਭਿਅਤਾ ਨੂੰ ਹੋਰ ਪੱਖਾਂ ਤੋਂ ਹਰ ਪਖੋਂ ਸੰਭਾਲਣਾ ।

ਆਓ ! ਅੱਜ ਆਟਾ ਪੀਹਣ ਵਾਲੀ ਹੱਥ ਚੱਕੀ ਦੀ ਬਣਤਰ ਬਾਰੇ ਕੁਝ ਜਾਣਕਾਰੀ ਪ੍ਰਾਪਤ ਕਰੀਏ । ਮੁੱਖ ਤੌਰ ਤੇ ਲਗਪਗ ਦੋ ਢਾਈ ਫੁੱਟ ਦੇ ਗੋਲ ਆਕਾਰ ਦੇ ਪੱਥਰ, ਜੋ ਕਿ ਦੋਵੇਂ ਹੀ ਲਗਪਗ ਦੋ ਦੋ ਇੰਚ ਮੋਟਾਈ ਦੇ ਹੁੰਦੇ ਹਨ । ਇਨ੍ਹਾਂ ਨੂੰ ਪੁੜ ਕਿਹਾ ਜਾਂਦਾ ਹੈ ।ਥੱਲੇ ਵਾਲੇ ਪੁੜ ਦੇ ਐਨ ਵਿਚਕਾਰ ਬੜੀ ਪੱਕੀ ਤਰ੍ਹਾਂ ਇੱਕ ਲੋਹੇ ਦੀ ਇਕ ਢਾਈ ਕੁ ਇੰਚ ਦੀ ਸਖਤ ਲੋਹੇ ਦੀ ਕਿੱਲੀ ਫਿੱਟ ਹੁੰਦੀ ਹੈ । ਦੂਸਰੇ ਪੁੜ ਨੂੰ ਜੋ ਬਿਲਕੁਲ ਇਸੇ ਹੀ ਸਾਈਜ਼ ਦਾ ਹੁੰਦਾ ਹੈ, ਉਸ ਦੇ ਵਿਚਕਾਰ ਖਾਲੀ ਥਾਂ ਵਿਚ ਦੋ ਕੁ ਇੰਚ ਦੀ ਲੱਕੜ ਦਾ ਇੱਕ ਗੁੁੱਲਾ ਫਿੱਟ ਹੁੰਦਾ ਹੈ । ਇਸ ਲੱਕ ਦੇ ਡੱਕ ਜੇਹੇ ਨੂੰ ਮਾਨੀ ਕਹਿੰਦੇ ਹਨ । ਇਸ ਤਰ੍ਹਾਂ ਦੋਹਾਂ ਪੁੜਾਂ ਨੂੰ ਜੋੜ ਲਿਆ ਜਾਂਦਾ ਹੈ । ਮਾਨੀ ਦੁਆਲੇ ਪੀਹਣ ਵਾਲੇ ਦਾਣੇ ਪਾਉਣ ਲਈ ਖਾਲੀ ਜਗ੍ਹਾ ਹੁੰਦੀ ਹੈ ।ਦੋਵਾਂ ਪੁੜਾਂ ਨੂੰ ਬੜੀ ਤਕਨੀਕ ਨਾਲ ਇੱਕ ਖਾਸ ਕਿਸਮ ਦੀ ਛੈਣੀ ਨਾਲ ਟੱਕ ਦੇ ਕੇ ਦਾਣੇ ਪੀਹਣ ਯੋਗ ਤਿਆਰ ਕੀਤਾ ਜਾਂਦਾ ਹੈ । ਟੱਕ ਘਸ ਜਾਣ ‘ਤੇ ਕਾਰੀਗਰ ਤੋਂ ਦੁਬਾਰਾ ਲੁਵਾ ਲਏ ਜਾਂਦੇ ਹਨ । ਇਸ ਕੰਮ ਵਿਚ ਮੁਹਾਰਤ ਰਖਣ ਵਾਲੇ ਕਾਰੀਗਰ ਨੂੰ ਚੱਕੀ ਰਾਹ ਕਿਹਾ ਜਾਂਦਾ ਹੈ । ਥੱਲੇ ਵਾਲੇ ਪੁੜ ਨੂੰ ਮਿੱਟੀ ਦਾ ਥੱਲਾ ਬਣਾ ਕੇ ਪੱਕੀ ਤਰ੍ਹਾਂ ਫਿੱਟ ਕੀਤਾ ਜਾਂਦਾ ਹੈ । ਫਿਰ ਦੋਹਾਂ ਪੁੜਾਂ ਨੂੰ ਹੇਟ ੳੁੱਤੇ ਜੋੜ ਦਿਤਾ ਜਾਂਦਾ ਹੈ । ਉਪਰਲੇ ਪੁੜ ਵਿਚ ਚੱਕੀ ਨੂੰ ਗੇੜਾ ਦੇਣ ਲਈ ਲਗ ਪਗ ਫੁੱਟ ਕੁ ਦਾ ਲੱਕੜ ਦਾ ਡੰਡਾ ਫਿੱਟ ਕੀਤਾ ਹੁੰਦਾ ਹੈ, ਜਿਸ ਨੂੰ ਹੱਥਾ ਕਿਹਾ ਜਾਂਦਾ ਹੈ । ਹੱਥਾ ਫੜ ਕੇ ਗੇੜਾ ਦੇ ਕੇ ਆਟਾ ਪੀਹਣ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ । ਹੱਥ ਚੱਕੀ ਦੇ ਥੱਲੇ ਨਾਲ ਹੀ ਗੋਲ ਆਕਾਰ ਦਾ ਘੇਰੇ ਦਾਰ ਮਿੱਟੀ ਦੀ ਗੋਲ ਜਿਹੀ ਵਟੀਰੀ ਤਿਆਰ ਕੀਤੀ ਜਾਂਦੀ ਹੈ, ਜਿਸ ਨੂੰ ਗ੍ਰੰਡ ਜਾਂ ਗੰਡ ਕਹਿੰਦੇ ਹਨ । ਇਸ ਵਿਚ ਚੱਕੀ ਦਾ ਪੀਸਿਆ ਜਾ ਰਿਹਾ ਆਟਾ ਇਕੱਠਾ ਹੁੰਦਾ ਹੈ, ਜਿਸ ਨੂੰ ਕੱਪੜੇ ਨਾਲ, ਜਿਸ ਨੂੰ ਪਰੋਲਾ ਕਿਹਾ ਜਾਂਦਾ ਹੈ, ਨਾਲ ਨਾਲ ਆਟਾ ਇੱਕਠਾ ਕੀਤਾ ਜਾਂਦਾ ਹੇੈ । ਇਹ ਪਰੋਲਾ ਗ੍ਰੰਡ ਨੂੰ ਸਾਫ ਕਰਨ ਲਈ ਵੀ ਵਰਤਿਆ ਜਾਂਦਾ ਹੈ ।

ਆਟਾ ਪੀਸਣ ਦੇ ਅਜੋਕੇ ਸਾਧਨਾਂ ਤੋਂ ਪਹਿਲਾਂ ਘਰ ਦੀ ਸੁਆਣੀ ਸਵੇਰੇ ਤੜਕ ਸਾਰ ਕੁੱਕੜ ਦੀ ਬਾਂਗ ਦੇਣ ਵੇਲੇ ਜਾਗ ਕੇ ਚੱਕੀ ਪੀਹਣਾ ਆਰੰਭ ਕਰਦੀ ਸੀ । ਚੱਕੀ ਪੀਹਣਾ ਸ਼ੁਰੂ ਕਰਨ ਨੂੰ ਚੱਕੀ ਝੋਣਾ ਵੀ ਕਿਹਾ ਜਾਂਦਾ ਹੈ । ਕਈ ਵਾਰ ਇਸ ਕੰਮ ਨੂੰ ਛੇਤੀ ਮੁਕਾਉਣ ਲਈ ਘਰ ਦੀਆਂ ਦੋ ਤ੍ਰੀਮਤਾਂ ਦੋਵੇਂ ਇਕੱਠੇ ਰਲਕੇ ਵੀ ਚੱਕੀ ਪੀਸ ਕੇ ਆਟੇ ਦਾ ਜੁਗਾੜ ਕਰਦੇ ਸਨ । ਘਰ ਦੀਆਂ ਸੁਆਣੀਆਂ ਚੌਂਕੇ ਚੁਲ੍ਹੇ ਦਾ ਕੰਮ ਕਰਨ ਤੋਂ ਪਹਿਲੇ ਪਹਿਰ ਰਾਤ ਰਹਿੰਦਿਆਂ ਉੱਠ ਕੇ ਲੋੜ ਮੁਤਾਬਕ ਆਟਾ ਪੀਸ ਕੇ ਫਿਰ ਰੋਟੀ ਟੁੱਕ ਦੇ ਆਹਰ ਵਿਚ ਲੱਗਦੀਆਂ ਸਨ । ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਮੇਰੀ ਮਾਂ ਨੇ ਵੀ ਇਸੇ ਤਰ੍ਹਾਂ ਤੜਕ ਸਾਰ ਜਾਗ ਕੇ ਪਹਿਲਾਂ ਆਟਾ ਪੀਸਣਾ, ਫਿਰ ਮਧਾਣੀ ਪਾਉਣੀ ਭਾਵ ਦੁੱਧ ਰਿੜਕਣਾ ਤੇ ਫਿਰ ਰੋਟੀ ਪਾਣੀ ਦਾ ਕੰਮ ਕਰਦੀ ਸੀ ।

ਪਿੰਡਾਂ ਦੇ ਆਮ ਜ਼ਿਮੀਂਦਾਰ ਘਰਾਂ ਵਿਚ ਜਿੱਥੇ ਮਰਦ ਅਪਣੇ ਹੱਥੀਂ ਵਾਹੀ ਜੋਤੀ ਦਾ ਕੰਮ ਕਰਦੇ ਸਨ ਅਤੇ ਘਰੋਗੀ ਸੁਆਣੀਆਂ ਦੀ ਸਿਹਤ ਵੀ । ਹਰ ਪੱਖੋਂ ਹੱਥੀਂ ਕੰਮ ਕਾਰ ਕਰਨ ਕਰਕੇ ਹਰ ਪੱਖੋਂ ਨਿਰੋਈ ਹੁੰਦੀ ਸੀ । ਬੀਮਾਰੀਆਂ ਵੀ ਬਹੁਤ ਘੱਟ ਸਨ । ਮੰਦਰਾਂ, ਗੁਰਦੁਵਾਰਿਆਂ ਦੇ ਟੱਲਾਂ, ਸੰਖਾਂ, ਬਾਂਗਾਂ ਦੀ ਇਕਸੁਰਤਾ ਅੱਜ ਵਾਂਗ ਧਰਮ ਅਸਥਾਨਾਂ ਵਿਚ ਸਪੀਕਰਾਂ ਦੇ ਕੰਨ ਪਾੜਵੇਂ ਰੋਲ ਘਚੋਲੇ ਦੀ ਥਾਂ ਫਿਜ਼ਾ ਵਿਚ ਸ਼ੋਰ ਦਾ ਪ੍ਰਦੂਸ਼ਣ ਫੈਲਾਉਣ ਦੀ ਬਜਾਏ, ਸਰਵ ਸਾਂਝੀਵਾਲਤਾ ਦਾ ਸੰਦੇਸ਼ ਵੰਡਦੀ ਪ੍ਰਤੀਤ ਹੁੰਦੀ ਸੀ ।

ਅਜੋਕੀ ਵਿਹਲੜ ਤੇ ਨਿਰੀ ਪੁਰੀ ਪਰਵਾਸੀਆਂ ‘ਤੇ ਨਿਰਭਰ ਕਿਰਸਾਨੀ ਤੇ ਨਸ਼ਿਆਂ ਦੀ ਮਾਰ ਹੇਠ ਆਏ ਸਮੁੱਚੇ ਪੰਜਾਬ ਦਾ ਦਿਨੋ ਦਿਨ ਧੁੰਦਲਾ ਹੋ ਰਿਹਾ ਚੇਹਰਾ ਵੇਖ ਕੇ ਪੁਰਾਣੇ ਸਮੇਂ ਦੀ ਯਾਦ ਆਏ ਬਿਨਾਂ ਨਹੀਂ ਰਹਿੰਦੀ ।ਅੱਧੀ ਸਦੀ ਤੋਂ ਵੱਧ ਉਮਰ ਹੰਢਾ ਚੁੱਕੇ ਲੋਕਾਂ, ਮੇਰੀ ਮਾਂ ਤੇ ਹੋਰ ਸੁਘੜ ਸੁਆਣੀਆਂ ਦੀ ਤਸਵੀਰ, ਜਦ ਮੇਰੀਆਂ ਅੱਖਾਂ ਸਾਹਮਣੇ ਉਭਰਦੀ ਹੈ, ਤਾਂ ਉਨ੍ਹਾਂ ਵਿਚ ਚੱਕੀ ਪੀਂਹਦੀ, ਉੱਦਮੀ ਸੁਘੜ ਸੁਆਣੀ ਦਾ ਚਿਹਰਾ ਵੀ ਹੁੰਦਾ ਹੈ ।
ਰਵੇਲ ਸਿੰਘ ਇੱਟਲੀ
***
ਪੋਸਟ ਕਰਤਾ:- ਗੁਰਸ਼ਾਮ ਸਿੰਘ ਚੀਮਾਂ


Post Comment

Wednesday, September 26, 2012

ਖੂਹ ਦਾ ਚੱਕ


ਅਜੋਕਾ ਯੁੱਗ ਵਿਗਿਆਨ ਦਾ ਯੁੱਗ ਹੈ। ਮਸ਼ੀਨਰੀ ਅਤੇ ਤਕਨਾਲੋਜੀ ਨੇ ਬਹੁਤ ਉੱਨਤੀ ਕਰ ਲਈ ਹੈ। ਪੁਰਾਣੀਆਂ ਚੀਜ਼ਾਂ ਸਾਡੀ ਵਿਰਾਸਤ ਦਾ ਹਿੱਸਾ ਬਣ ਗਈਆਂ ਹਨ। ਐਸੀ ਹੀ ਇੱਕ ਯਾਦ ਬਾਰੇ ਜ਼ਿਕਰ ਹੈ ਇਸ ਲੇਖ ਵਿੱਚ!
ਇਹ ਉਸ ਸਮੇਂ ਦੀ ਗੱਲ ਹੈ , ਜਦੋਂ ਸਿੰਚਾਈ ਖੂਹਾਂ ਰਾਹੀਂ ਹੁੰਦੀ ਸੀ,ਪੀਣ ਦਾ ਪਾਣੀ ਵੀ ਖੂਹਾਂ ਤੋਂ ਲਿਆ ਜਾਂਦਾ ਸੀ। ਇਹ ਲਗਪਗ ਛੇ ਤੋਂ ਦਸ ਦਹਾਕੇ ਪਹਿਲਾਂ ਦੀ ਗੱਲ ਹੈ। ਭਾਵੇਂ ਅੱਜ ਵੀ ਕਈ ਥਾਵਾਂ ‘ਤੇ ਖੂਹ ਮਿਲ ਜਾਂਦੇ ਹਨ, ਪਰ ਚਲਦੇ ਬਹੁਤ ਘੱਟ ਹਨ। ਫਿਰ ਵੀ ਜੇ ਅਸੀਂ ਖੂਹ ਦੇਖੇ ਵੀ ਹਨ, ਭਾਵੇਂ ਇਤਿਹਾਸਕ ਸਥਾਨ ਛੇਹਰਟਾ ਸਾਹਿਬ ਵਰਗੇ ਥਾਂ ‘ਤੇ ਜਾਂ ਕਿਧਰੇ ਹੋਰ, ਇੱਕ ਜਾਣਕਾਰੀ ਫਿਰ ਵੀ ਸਾਡੇ ਸਾਰਿਆਂ ਨੂੰ ਸ਼ਾਇਦ ਨਾ ਹੋਵੇ, ਉਹ ਹੈ ਕਿ ਇਸ ਖੂਹ ਨੂੰ ਬਣਾਇਆ ਕਿਵੇਂ ਜਾਂਦਾ ਸੀ?ਇਸ ਦੀ ਤਿਆਰੀ ਕਿਵੇਂ ਹੁੰਦੀ ਸੀ?
ਇਸ ਸਵਾਲ ਦਾ ਜਵਾਬ ਮੈਨੂੰ ਮੇਰੇ ਫੁੱਫੜ ਜੀ ਤੋਂ ਮਿਲਿਆ, ਜੋ ਆਪਣੀ ਉਮਰ ਦੇ ਸੱਤਵੇਂ ਦਹਾਕੇ ‘ਚੋਂ ਗੁਜ਼ਰ ਰਹੇ ਹਨ ਅਤੇ ਇੱਕ ਸੇਵਾ ਮੁਕਤ ਪਟਵਾਰੀ ਹਨ। ਪਿੰਡਾਂ ਨਾਲ਼ ਨੇੜਿਓਂ ਵਾਹ ਪੈਂਦਾ ਰਿਹਾ ਹੋਣ ਕਰਕੇ ਉਨ੍ਹਾਂ ਨੇ ਬਹੁਤ ਸਾਰੇ ਖੂਹ ਪੁੱਟੇ ਜਾਂਦੇ ਦੇਖੇ ਹਨ। ਜੋ ਜਾਣਕਾਰੀ ਮੈਨੂੰ ਉਨ੍ਹਾਂ ਤੋਂ ਮਿਲੀ, ਉਹ ਆਪ ਦੇ ਸਾਹਮਣੇ ਰੱਖਣ ਦੀ ਖੁਸ਼ੀ ਲੈ ਰਿਹਾ ਹਾਂ।
ਖੂਹ ਪੁੱਟਣ ਸਮੇਂ ਸਭ ਤੋਂ ਪਹਿਲਾ ਕੰਮ ਹੁੰਦਾ ਸੀ ਉਸ ਦਾ ਚੱਕ ਬਣਾਉਣਾ। ਚੱਕ, ਲੱਕੜ ਦੀ ਇੱਕ ਗੋਲ ਆਕ੍ਰਿਤੀ ਰੂਪੀ ਰਚਨਾ ਹੁੰਦੀ ਸੀ, ਜਿਸ ਨੂੰ ਖੂਹ ਦੇ ਬਿਲਕੁੱਲ ਹੇਠਾਂ ਪਹੁੰਚਾਉਣਾ ਹੁੰਦਾ ਸੀ। ਇਸ ਦਾ ਰੋਲ ਓਹੀ ਹੁੰਦਾ ਹੈ, ਜੋ ਇੱਕ ਇਮਾਰਤ ਵਿੱਚ ਨੀਂਹਾਂ ਦਾ ਹੁੰਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਰਚਨਾ ਕਿਸੇ ਲੰਮੀ ਮੋਟੀ ਗੋਲ ਲੱਕੜ ‘ਚੋਂ ਨਹੀਂ ਸੀ ਹੁੰਦੀ, ਸਗੋਂ ਸਿੱਧੀਆਂ ਆਇਤਾਕਾਰ ਰਚਨਾਵਾਂ ਨੂੰ ਆਪਸ ਵਿੱਚ ਟੇਢੇ ਅਤੇ ਕਲਮੀ  ਜੋੜ ਪਾ ਕੇ ਬਣਾਇਆ ਜਾਂਦਾ ਸੀ। ਇਹਦੇ ਲਈ ਪੂਰੇ ਮਾਹਿਰ ਮਿਸਤਰੀ ਦੀ ਲੋੜ ਹੁੰਦੀ ਸੀ। ਪਾਠਕਾਂ ਨੇ ਸ਼ਇਦ ਲੱਕੜੀ ਦੇ ਪਹੀਆਂ ਵਾਲੇ ਗੱਡੇ ਵਿੱਚ ਇਸ ਤਰ੍ਹਾਂ ਦੇ ਲੱਕੜੀ ਦੇ ਟੇਢੇ ਜੋੜ ਲੱਗੇ ਦੇਖੇ ਹੋਣਗੇ। ਖੂਹ ਦੇ ਚੱਕ ਵਿੱਚ ਵੀ  10-12 ਲੱਕੜੀ ਦੇ ਟੁਕੜੇ ਬੜੀ ਮਿਹਨਤ ਅਤੇ ਕਾਰੀਗਰੀ ਨਾਲ ਜੋੜੇ ਜਾਂਦੇ ਸਨ। ਸੁਆਦਲੀ ਗੱਲ ਇਹ ਕਿ ਲੱਕੜ ਨੂੰ ਲੱਕੜ ਨਾਲ ਹੀ ਜੋੜਿਆ ਜਾਂਦਾ ਸੀ, ਲੋਹੇ ਦੇ ਕਿੱਲ ਆਦਿ ਨਹੀਂ ਸੀ ਵਰਤੇ ਜਾਂਦੇ। ਕੁਦਰਤੀ ਹੈ ਕਿ ਲੱਕੜੀ ਦੀ ਚੋਣ ਇਸ ਤਰ੍ਹਾਂ ਦੀ ਸੀ, ਜਿਹੜੀ ਵਧੇਰੇ ਸਮਾਂ ਪਾਣੀ ਵਿੱਚ ਸੁਰੱਖਿਅਤ ਰਹਿ ਸਕੇ।
ਇਸ ਤਰ੍ਹਾਂ ਇਹ ਚੱਕ ਜ਼ਮੀਨ ‘ਤੇ ਹੀ ਤਿਆਰ ਕੀਤਾ ਜਾਂਦਾ ਸੀ। ਫਿਰ ਖੂਹ ਦੀ ਪੁਟਾਈ ਸ਼ੁਰੂ ਹੁੰਦੀ ਸੀ, ਜਿਹੜੀ ਕਿ ਲੋੜੀਂਦੇ ਘੇਰੇ ਨਾਲੋਂ ਥੋੜ੍ਹੀ ਵੱਧ ਰੱਖ ਕੇ ਕੀਤੀ ਜਾਂਦੀ ਸੀ। ਖੂਹ ਨੂੰ ਓਨਾ ਪੁੱਟਿਆ ਜਾਂਦਾ ਸੀ ਜਿੱਥੋਂ ਤੱਕ ਪਾਣੀ ਦਾ ਪੱਧਰ ਹੋਵੇ। ਕੁਦਰਤੀ ਹੀ ਇਹ ਵੱਖ-ਵੱਖ ਥਾਵਾਂ ‘ਤੇ ਵੱਖ-ਵੱਖ ਹੁੰਦਾ ਸੀ।
ਹੁਣ ਮਹੱਤਵਪੂਰਨ ਅਤੇ ਔਖਾ ਕੰਮ ਇਸ ਚੱਕ ਨੂੰ ,ਜਿਹੜਾ ਕਾਫ਼ੀ ਭਾਰਾ ਹੁੰਦਾ ਸੀ,ਖੂਹ ਦੇ ਅੰਦਰ ਪਹੁੰਚਾਉਣਾ ਹੁੰਦਾ ਸੀ। ਇਸ ਮਕਸਦ ਲਈ ਚੱਕ ਦੇ ਚਾਰੇ ਪਾਸਿਓਂ ਮੋਟੀਆਂ ਲੱਜਾਂ ਲਪੇਟ ਲਈਆਂ ਜਾਂਦੀਆਂ ਸਨ। ਲੱਜਾਂ ਦੇ ਚੱਕ ਦੁਆਲ਼ੇ  ਨਾਗ-ਵਲ਼ (ਇੱਕ ਐਸੀ ਗੰਢ, ਜਿਹੜੀ ਬਹੁਤ ਜ਼ੋਰ ਲਗਾਉਣ ‘ਤੇ ਵੀ ਨਹੀਂ ਖੁੱਲਦੀ ਸਭ ਤੋਂ ਮਜ਼ਬੂਤ ਮੰਨੀ ਗਈ ਗੰਢ) ਪਾ ਕੇ ਸਿਰੇ ਬਾਹਰ ਛੱਡ ਦਿੱਤੇ ਜਾਂਦੇ ਸਨ।10-12 ਰਿਸ਼ਟ-ਪੁਸ਼ਟ ਆਦਮੀ ਲੱਜਾਂ ਤੋਂ ਫੜ ਕੇ ਹੌਲੀ-ਹੌਲੀ ਖਿੱਚਦੇ ਹੋਏ ਖੂਹ ਦੇ ਕੰਢੇ ਤੱਕ ਲਿਆਉਂਦੇ ਸਨ। 3-4 ਆਦਮੀ ਪਹਿਲਾਂ ਹੀ ਖੂਹ ਦੇ ਅੰਦਰ ਉਤਾਰ ਦਿੱਤੇ ਜਾਂਦੇ ਸਨ,ਜਿਨ੍ਹਾਂ ਕੋਲ਼ ਲੱਕੜੀ ਦੇ ਮੋਟੇ ਬਾਲੇ ਹੁੰਦੇ ਸਨ। ਇਨ੍ਹਾਂ ਬਾਲਿਆਂ ਦੀ ਸਹਾਇਤਾ ਨਾਲ਼  ਇਨ੍ਹਾਂ ਹੇਠਲੇ ਆਦਮੀਆਂ ਨੇ  ਉੱਪਰ ਤੋਂ ਹੇਠਾਂ ਆਉਣ ਵਾਲੇ ਚੱਕ ਦੀ ਦਿਸ਼ਾ ਠੀਕ ਰੱਖਣੀ ਹੁੰਦੀ ਸੀ ਅਤੇ ਸੰਤੁਲਨ ਬਣਾਈ ਰੱਖਣਾ ਹੁੰਦਾ ਸੀ। ਉਪਰਲੇ ਵਿਅਕਤੀ ਬਹੁਤ ਹੀ ਆਰਾਮ ਨਾਲ ਹੌਲੀ-ਹੌਲੀ ਇਸ ਚੱਕ ਨੂੰ ਖੂਹ ਦੇ ਅੰਦਰ ਵੱਲ ਜਾਣ ਦਿੰਦੇ ਸਨ। ਕੋਣ ਅਤੇ ਦਿਸ਼ਾ ਦਾ ਖਿਆਲ ਰੱਖਦੇ ਹੋਏ,ਗੁਰੂਤਾ-ਆਕਰਸ਼ਣ ਦੇ ਉਲਟ ਜ਼ੋਰ ਲਗਾਉਂਦੇ ਹੋਏ ਚੱਕ ਨੂੰ ਹੇਠਾਂ ਜਾਣ ਦਿੱਤਾ ਜਾਂਦਾ ਸੀ ਤਾਂ ਕਿ ਚੱਕ ਹੇਠਾਂ ਸਿੱਧਾ ਰੱਖਿਆ ਜਾ ਸਕੇ। ਬਹੁਤ ਹੀ ਸੰਘਰਸ਼ ਵਾਲ਼ਾ ਅਤੇ ਸ਼ਾਨਾਮੱਤਾ ਕੰਮ ਹੁੰਦਾ ਸੀ ਇਹ, ਜਿਸ ਨੂੰ ਵੇਖਣ ਲਈ ਪਿੰਡ ਇਕੱਠਾ ਹੋ ਜਾਂਦਾ ਸੀ। ਕਾਮਿਆਂ ਦਾ ਹੌਂਸਲਾ ਬਣਾਈ ਰੱਖਣ ਲਈ ਢੋਲ ਵੀ ਵਜਾਇਆ ਜਾਂਦਾ ਸੀ। ਇਸ ਤਰ੍ਹਾਂ ਚੱਕ ਨੂੰ ਹੇਠਾਂ ਤੱਕ ਪਹੁੰਚਾ ਦਿੱਤਾ ਜਾਂਦਾ ਸੀ।
ਹੇਠਾਂ ਖੜ੍ਹੇ ਵਿਅਕਤੀ ਉਸ ਦੀ ਸਥਿਤੀ ਨੂੰ ਪੂਰੀ ਤਰ੍ਹਾਂ ਠੀਕ ਕਰ ਦਿੰਦੇ ਸਨ। ਚੱਕ ਬਣਾਉਣ ਵਾਲ਼ੇ ਮਿਸਤਰੀ ਦਾ ਸਨਮਾਨ ਵੀ ਕੀਤਾ ਜਾਂਦਾ ਸੀ ਅਤੇ ਹੁਣ ਰਾਜ਼ ਮਿਸਤਰੀ ਦੀ ਪਰਖ਼ ਦਾ ਸਮਾਂ ਆ ਜਾਂਦਾ ਸੀ। ਹਰ ਮਿਸਤਰੀ ਇਸ ਕੰਮ ਨੂੰ ਹੱਥ ਨਹੀਂ ਸੀ ਪਾਉਂਦਾ। ਇਸ ਦੀ ਚਿਣਾਈ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ। ਮਿਸਤਰੀ ਨੇ ਇਸ ਲੱਕੜ ਦੇ ਚੱਕ ਉੱਪਰ ਚਿਣਾਈ ਕਰਨੀ ਹੁੰਦੀ ਸੀ। ਪਹਿਲੇ 3-4 ਫੁੱਟ ਤਾਂ ਉਹ ਜ਼ਮੀਨ ‘ਤੇ ਖੜ੍ਹੇ ਹੋ ਕੇ ਚਿਣਾਈ ਕਰ ਦਿੰਦਾ ਸੀ। ਪਰ ਉਸ ਤੋਂ ਬਾਅਦ ਉਸ ਨੇ ਉਸੇ ਕੰਧ ‘ਤੇ ਬੈਠ ਕੇ ਚਿਣਾਈ ਕਰਨੀ ਹੁੰਦੀ ਸੀ ਜਿਸ ਨੂੰ ਉਹ ਬਣਾ ਰਿਹਾ ਹੁੰਦਾ ਸੀ। ਗਜ਼ਬ ਦੀ ਗੱਲ ਇਹ ਕਿ ਚਿਣਾਈ ਅੱਜ ਵਾਂਗ ਸੀਮਿੰਟ ਨਾਲ਼ ਨਹੀਂ ਸੀ, ਸਗੋਂ ਗਾਰੇ ਨਾਲ਼ ਹੁੰਦੀ ਸੀ। ਸੱਚਮੁੱਚ ਉਹ ਕਾਰੀਗਰ ਧੰਨ ਸਨ ਜੋ ਆਪਣੀ ਜਾਨ ਜੌਖਮ ਵਿੱਚ ਪਾ ਕੇ ਲੋਕ ਭਲਾਈ ਦਾ ਕੰਮ ਕਰਦੇ ਸਨ। (ਯਾਦ ਰਹੇ, ਉਦੋਂ ਸਾਂਝੇ ਖੂਹ ਦਾ ਅਤੇ ਸਾਂਝੇ ਕੰਮਾਂ ਦਾ ਰਿਵਾਜ਼ ਸੀ) ਇਸ ਮਿਸਤਰੀ ਨੂੰ ਵੀ ਪਿੰਡ ਵਾਸੀਆਂ ਵੱਲੋਂ ਅਨਾਜ, ਵਸਤਾਂ ਆਦਿ ਨਾਲ਼ ਸਨਮਾਨਿਆ ਜਾਂਦਾ ਸੀ।
ਮੈਂ ਸੋਚਦਾ ਹਾਂ ਕਿ ਅੱਜ ਮਸ਼ੀਨਰੀ ਦਾ ਯੁੱਗ ਹੈ, ਕੰਪਿਊਟਰ ਦਾ ਯੁੱਗ ਹੈ, ਇਸ ਕਿਰਿਆ ਨੂੰ ਜੇਕਰ ਫਿਲਮਾ ਕੇ ਦਰਸ਼ਕਾਂ ਸਾਹਮਣੇ ਰੱਖਿਆ ਜਾਵੇ, ਤਾਂ ਹੋਰ ਵੀ ਜ਼ਿਆਦਾ ਵਧੀਆ ਢੰਗ ਨਾਲ ਸਮਝ ਆ ਸਕਦੀ ਹੈ। ਸ਼ਬਦਾਂ ਰਾਹੀਂ ਕਈ ਵਾਰ ਪੂਰੀ ਗੱਲ ਨਹੀਂ ਕਹੀ ਜਾ ਸਕਦੀ, ਭਾਵੇਂ ਕੋਸ਼ਿਸ਼ ਤਾਂ ਕੀਤੀ ਗਈ ਹੈ। ਪਾਠਕਾਂ ਪਾਸੋਂ ਟਿੱਪਣੀ ਦੀ ਆਸ ਰੱਖਦਾ ਹਾਂ।
ਜਸਵਿੰਦਰ ਸਿੰਘ ਰੁਪਾਲ




Post Comment

Tuesday, September 11, 2012

ਪੰਜਾਬੀਓ! ਕਿੱਥੇ ਗੁੰਮ ਹੋ ਗਈ ਬੇਬੇ ਦੀ ਮਧਾਣੀ


ਮਧਾਣੀ ਇਕ ਲੱਕੜ ਦਾ ਲੱਗ ਪਗ ਢਾਈ ਤਿੰਨ ਫੁੱਟ ਦਾ ਗੋੁਲ ਡੰਡਾ ਹੁੰਦਾ ਹੈ ਜਿਸ ਦੇ ਹੇਠਲੇ ਸ਼ਿਰੇ ਤੇ ਪੌਣੀ ਕੁ ਗਿੱਠ ਦੇ ਦੋ ਟੁੱਕੜੇ ਚਰਖੜੀ (ਕਰਾਸ ਵਰਗੇ ) ਫਿੱਟ ਕੀਤੇ ਹੁੰਦੇ ਹਨ ਡੰਡੇ ਦੇ ਉਪਰਲੇ ਸ਼੍ਰਿਰੇ ਤੇ ਕੁਝ ਵੱਢੇ ਜੇਹੇ ਗੋਲਾਈ ਵਿਚ ਡੋਰੀ ਭਾਵ ਨੇਤਰੇ ਆਲ ਦੁਆਲੇ ਵਲ ਦੇ ਕੇ ਮਧਾਣੀ ਚਲਾਉਣ ਦੇ ਮੰਤਵ ਲਈ ਹੁੰਦੇ ਹਨ ,ਇਸ ਦੇ ਬਾਅਦ ਵਾਰੀ ਆਉਂਦੀ ਹੈ ਚਾਟੀ ਦੀ ਜੋ ਮਿਟੀ ਦਾ ਖੁਲ੍ਹਾ ਭਾਡਾ ਚਾਟੀ ਜਿਸ ਵਿਚ ਜੰਮਿਆ ਹੋਇਆ ਦੁਧ ਉਲਟ ਕੇ ਦੁਧ ਰਿੜਕਣ ਦੀ ਪਰੀਕ੍ਰਿਆ ਸ਼ੁਰੂ ਕੀਤੀ ਜਾਂਦੀ ਹੈ ,ਇਸ ਤੋਂ ਅਗੇ ਗੱਲ ਕਰੀਏ ਕੁੜ ਦੀ , ਇਹ ਇਕ ਲੱਕੜ ਦਾ ਯੂ ਸ਼ਕਲ ਦੀ ਬਣਾਵਟ ਦਾ ਹੁੰਦਾ ਜਿਸ ਦੇ ਦੋਹਾਂ ਸਿਰਿਆਂ ਤੇ ਇਕ ਪੱਕੀ ਡੋਰੀ ਬੰਨ੍ਹੀ ਹੁੰਦੀ ਹੈ ,ਜਿਸ ਨੂੰ ਚਾਟੀ ਤੇ ਰਂਖ ਕੇ ਵਿਚੋੰ ਮਧਾਣੀ ਵਿਚ ਲੰਘਾ ਕੇ ਚਾਟੀ ਘੜਵੰਜੀ ਤੇ ਰਂਖ ਕੇ ਘੜਵੰਜੀ ਤੇ ਲੱਗੇ ਡੰਡੇ ਨਾਲ ਕੱਸ ਕੇ ਬਨ੍ਹ ਦਿਤਾ ਜਾਂਦਾ ਹੈ ਤਾਕਿ ਚਾਟੀ ਵਿਚ ਮਧਾਣੀ ਆਸਾਨੀ ਨਾਲ ਘੁੰਮ ਸਕੇ ,ਮਧਾਣੀ ਘੁਮਾਉਣ ਲਈ ਨੇਤਰਾ ਭਾਵ ਇਕ ਡੋਰੀ ਜੇ ਮਧਾਣੀ ਦੇ ੳੇੁਪਰਲੇ ਸਿਰ ਕੋਲ ਵਲੀ ਹੁੰਦੀ ਹੈ ,ਜਿਸ ਦੋਹਾਂ ਸਿਰਿਆਂ ਤੇ ਫੜਨ ਲਈ ਦੋ ਲੱਕੜ ਦੀਆਂ ਗੁਂਲੀਆਂ ਜੇਹੀਆਂ ਬਨ੍ਹੀਆਂ ਹੁੰਦੀਆਂ ਹਨ ,ਜਿਨੰਾਂ ਵਿਚ ਉੁੰਗਲਾਂ ਫਸਾ ਕੇ ਮਧਾਣੀ ਚਲਾਉਣ ਦਾ ਕੰਮ ਸੌਖੀ ਤਰ੍ਹਾਂ ਹੁੰਦਾ ਹੈ।

ਪੰਜਾਬੀ ਸੱਭਿਆਚਾਰ ਵਿਚ ਲਿਪਤ ਪੁਰਾਤਨ ਗਹਿਣਾ ਹੱਥ ਵਾਲੀ ਮਧਾਣੀ ਆਧੁਨਿਕ ਜ਼ਮਾਨੇ ਵਿਚ ਇੰਝ ਲੱਗਦਾ ਹੈ ਜਿਵੇਂ ਉਹ ਆਪਣੀ ਦਰਦ ਭਰੀ ਤਰਾਸਦੀ ਸੁਣਾਉਂਦੀ ਹੋਈ ਚੀਕ-ਚੀਕ ਕੇ ਕੇ ਪੇਂਡੂ ਸੁਆਣੀਆ ਨੂੰ ਕਹਿ ਰਹੀ ਹੋਵੇ ਕਿ ਪੰਜਾਬੀ ਸੱਭਿਆਚਾਰ ਦੇ ਰਖਵਾਲਿਉ, ਤੁਸੀਂ ਤਾਂ ਮੈਨੂੰ ਕਿਤੇ ਦਾ ਨਹੀਂ ਛੱਡਿਆ .ਕਦੇ ਮੈਨੂੰ ਮਾਣ ਹੋਇਆ ਕਰਦਾ ਸੀ ਜਦ ਪੇਂਡੂ ਸੁਆਣੀਆਂ ਸਵੇਰੇ ਸੂਰਜ ਦੀ ਲਾਲੀ ਤੋਂ ਪਹਿਲਾਂ ਹੀ ਮੇਰੇ ਰਾਹੀਂ ਦੁੱਧ ਰਿੜਕਣਾ ਸ਼ੁਰੂ ਕਰਦੀ ਸੀ ਪਰ ਮੈਨੂੰ ਉਦੋਂ ਨਿਰਾਸ਼ਾ ਜਿਹੀ ਹੁੰਦੀ ਹੈ ਕਿ ਜਦੋਂ ਆਧੁਨਿਕ ਜ਼ਮਾਨੇ ਦੀਆਂ ਮੁਟਿਆਰਾਂ ਮੈਨੂੰ ਖੁੰਜੇ ਲਗਾ ਕੇ ਬਿਜਲੀ ਮਧਾਣੀਆਂ ਨਾਲ ਦੁੱਧ ਰਿੜਕਣ ਲਗਦੀਆਂ ਹਨ.

ਮੈਨੂੰ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਇਹ ਬਿਜਲੀ ਯੰਤਰ ਨਾਲ ਚੱਲਣ ਵਾਲੀ ਮਧਾਣੀ ਮੈਨੂੰ ਟਿਚਰਾਂ ਕਰ ਰਹੀ ਹੋਵੇ ਕਿ ਭੈਣੇ ਮੈਂ ਆਧੁਨਿਕ ਜ਼ਮਾਨੇ ਦੀਆਂ ਮੁਟਿਆਰਾਂ ਨੂੰ ਸੌਖ ਨਾਲ ਦੁੱਧ ਰਿੜਕਣ ਦਾ ਮੌਕਾ ਦੇਣ ਵਾਲੀ ਕਾਢ ਹਾਂ,ਪਰ ਤੂੰ ਹੁਣ ਮੇਰੀ ਥਾਂ ਕਿਵੇਂ ਲੈ ਸਕਦੀ ਹੈ ? ਉਹ ਦਿਨ ਲੱਦ ਗਏ, ਜਦ ਹਰ ਘਰ ਵਿਚ ਦੁੱਧ ਹੁੰਦਾ ਸੀ,ਅਤੇ ਹਰ ਕੋਈ ਦੁੱਧ ਰਿੜਕਣ ਲਈ ਤੇਰਾ ਇਸਤੇਮਾਲ ਕਰਦਾ ਸੀ,ਹੁਣ ਮੇਰ ਜ਼ਮਾਨਾ ਹੈ ਕਿਉਂਕਿ ਅੱਜ ਕੱਲ ਦੀਆਂ ਮੁਟਿਆਰਾਂ ਵਿਚ ਤਾਂ ਮੈਂ ਇੰਨੀ ਆਲਸ ਭਰ ਦਿੱਤੀ ਹੈ ਕਿ ਜੇਕਰ ਸਵੇਰੇ ਬਿਜਲੀ ਚਲੀ ਜਾਵੇ ਤੇ ਸੁਆਣੀਆਂ ਨੇ ਦੁੱਧ ਰਿੜਕਣਾ ਹੋਵੇ ਤਾਂ ਉਹ ਬਿਜਲੀ ਦਾ ਇੰਤਜ਼ਾਰ ਕਰਨਗੀਆਂ ਚਾਹੇ ਉਨ੍ਹਾਂ ਨੂੰ ਸ਼ਾਮ ਹੀ ਕਿਉਂ ਨਾ ਹੋ ਜਾਵੇ.

ਪਰੰਤੂ ਦੁਆਰਾ ਤੇਰੇ ਵੱਲ ਨਹੀਂ ਜਾਂਦੀਆਂ .ਕਿਉਂ ਦੇਖਿਆ 21ਵੀਂ ਸਦੀ ਦਾ ਕਮਾਲ ਜਿਵੇਂ ਘਰ ਦੇ ਕਿਸੇ ਬਜ਼ੁਰਗ ਨੂੰ ਖੁੰਜੇ ਲਾਹ ਦਿੰਦੇ ਨੇ,ਤੈਨੂੰ ਵੀ ਲਾਹ ਤਾ ਨਾ ਖੂੰਜੇ ਤੂੰ ਹੁਣ ਜਿਨ੍ਹਾ ਮਰਜ਼ੀ ਜ਼ੋਰ ਲਾ ਲੈ, ਪਊ ਤਾਂ ਤੈਨੂੰ ਮੇਰੇ ਪੈਰਾਂ ਥੱਲੇ ਹੀ ਰਹਿਣਾ .ਜਿਵੇਂ ਪੁਰਾਤਨ ਮਧਾਣੀ ਇਸ ਦੇ ਜਵਾਬ ਵਿੱਚ ਕਹਿ ਰਹੀ ਹੋਵੇ ਕਿ ਭੈਣੇ ਇੰਨਾ ਗੁਮਾਨ ਨਹੀਂ ਕਰੀਦਾ ਕਿਉਂਕਿ ਜਦ ਮੈਂ ਪੰਜਾਬ ਦੇ ਲੋਕਾਂ ਵਿੱਚ ਵਿਚਰ ਰਹੀ ਸੀ ਤਾਂ ਪੰਜਾਬ ਦੀਆਂ ਮੁਟਿਆਰਾਂ ਪੂਰੀਆਂ ਨਰੋਈਆਂ ਦਿਸਦੀਆਂ ਸਨ ਕਿਉਂਕਿ ਜਦੋਂ ਮੈਨੂੰ ਰਿੜਕਦੀਆਂ ਸਨ ਤਾਂ ਉਹਨਾਂ ਦੀਆਂ ਬਾਹਵਾਂ ਵਿਚ ਪੂਰੀ ਤਾਕਤ ਹੁੰਦੀ ਸੀ ਅਤੇ ਜ਼ੋਰ ਲੱਗਦਾ ਸੀ,ਜਿਸ ਨਾਲ ਉਹਨਾਂ ਦੇ ਨੇੜੇ ਕੋਈ ਬਿਮਾਰੀ ਨਹੀਂ ਆਉਂਦੀ ਸੀ.

ਜਿਉਂ-ਜਿਉਂ ਸਮਾਂ ਬਦਲਿਆ ਤਾਂ ਮੇਰੀ ਥਾਂ ਤੇਰੇ ਵਰਗੀ ਕਲਮੂਹੀ ਨੇ ਲੈ ਲਈ ਅਤੇ ਨਰੋਏ ਪੰਜਾਬ ਦੀਆਂ ਮੁਟਿਆਰਾਂ ਵਿਚ ਜਾਣ ਦੀ ਥਾਂ ਆਲਸ ਨੇ ਘਰ ਕਰ ਲਿਆ ਹੈਂ ਕਿਉਂਕਿ ਬਦਲੇ ਸਮੇਂ ਨੇ ਮੇਰਾ ਵੀ ਰੂਪ ਬਦਲ ਦਿੱਤਾ ਅਤੇ ਹੁਣ ਮੇਰੀ ਥਾਂ ਤੂੰ ਘਰਾਂ ਦੀ ਸ਼ਿੰਗਾਰ ਬਣੀ ਹੋਈ ਹੈ . ਸੱਚ ਹੈ ਕਿ ਬਿਜਲੀ ਨਾ ਹੋਵੇ ਤਾਂ ਸੁਆਣੀਆ ਦੁੱਧ ਰਿੜਕਣ ਲਈ ਤੈਨੂੰ ਉਡੀਕਦੀਆਂ ਰਹਿੰਦੀਆਂ ਨੇ. 

ਪਹਿਲੀ ਗੱਲ ਤਾਂ ਇਹ ਹੈ ਕਿ ਹੁਣ ਪਿੰਡਾ ਵਿੱਚ ਰਿੜਕਣ ਲਈ ਦੁੱਧ ਬਚਦਾ ਹੀ ਨਹੀਂ ਕਿਉਂਕਿ ਦੋਧੀਆਂ ਦੇ ਡਰੰਮਾਂ ਤੇ ਪੇਂਡੂ ਲੋਕਾਂ ਦੀਆਂ ਮਜ਼ਬੂਰੀਆਂ ਨੇ ਰਿੜਕਣ ਜੋਗਾ ਪਿੰਡ ਵਿਚ ਛੱਡਿਆ ਹੀ ਨਹੀਂ . ਪੁਰਾਤਨ ਮਧਾਣੀ ਕਹਿੰਦੀ ਹੈ ਕਿ ਦੂਜਾ ਕਾਰਨ ਇਹ ਹੈ ਕਿ ਮੁਟਿਆਰਾਂ ਦੀ ਆਲਸ ਨੇ ਮੈਨੂੰ ਖੁੰਜੇ ਲਗਾ ਕੇ ਤੈਨੂੰ ਸਿਰ 'ਤੇ ਬਿਠਾਇਐ . 

ਚਾਹੇ ਅੱਜ ਕੱਲ੍ਹ ਦੀਆਂ ਮੁਟਿਆਰਾਂ ਮੈਨੂੰ ਭੁੱਲ ਹੀ ਕਿਉਂ ਨਾ ਜਾਣ ਪਰ ਮੈਂ ਇਹਨਾਂ ਨੂੰ ਆਪਣੀ ਯਾਦ ਕਰਾਉਂਦਿਆ ਦੱਸਣਾ ਚਾਹੁੰਦੀ ਹਾਂ ਕਿ ਮੈਂ ਕਈ ਵਸਤਾਂ ਨਾਲ ਬਣਦੀ ਸੀ ਜਿਵੇਂ ਬਰਤਨ ਜਿਸ ਵਿਚ ਰਿੜਕਣ ਲਈ ਦੁੱਧ ਪਾਇਆ ਜਾਂਦਾ ਹੈ,ਉਸਨੂੰ ਚਟੂਰੀ ਚਾਟੀ ਰੱਖੀ ਜਾਂਦੀ ਹੈ,ਉਸਨੂੰ 'ਨੇਹੀ' ਕਿਹਾ ਜਾਂਦਾ ਹੈ . ਜਿਸ ਨਾਲ ਦੁੱਧ ਰਿੜਕਿਆ ਜਾਂਦਾ ਹੈ,ਉਸ ਨੂੰ ਮਧਾਣੀ ਕਹਿੰਦੇ ਹਨ ਮਧਾਣੀ ਨੂੰ ਘੁਮਾਉਣ ਲਈ ਉਸ ਉੱਪਰ ਵੱਲ ਪਾ ਕੇ ਰੱਸੀ ਪਾਈ ਜਾਂਦੀ ਹੈ.

ਜਿਸ ਨੂੰ 'ਨੇਤਰਾ' ਕਹਿੰਦੇ ਹਨ . ਮੇਰੇ ਸਮੇਂ ਜਿਸ ਘਰ ਵਿਚ ਮੈਂ ਭਾਵ ਮਧਾਣੀ ਨਾ ਹੁੰਦੀ,ਉਸ ਘਰ ਨੂੰ ਬਰਕਤ ਵਾਲਾ ਨਹੀਂ ਸੀ ਮੰਨਿਆ ਜਾਂਦਾ . ਪੰਜਾਬੀ ਔਰਤਾਂ ਦੀ ਤੰਦਰੁਸਤੀ ਦਾ ਰਾਜ਼ ਵੀ ਮੈਂ ਸੀ . ਮੈਨੂੰ ਰਿੜਕਣ ਨਾਲ ਬਾਵਾਂ ਹੀ ਨਹੀਂ ਸਗੋਂ ਸਾਰੇ ਸਰੀਰ ਦੀ ਕਸਰਤ ਹੁੰਦੀ ਸੀ. ਦੁੱਧ ਰਿੜਕਣ ਦੇ ਨਾਲ-ਨਾਲ ਜਦੋਂ ਸੁਆਣੀਆਂ ਦੀਆਂ ਚੂੜੀਆਂ ਦੀ ਛਣ-ਛਣ ਹੋਇਆ ਕਰਦੀ ਸੀ ਤਾਂ ਘਰ ਦਾ ਵਾਤਾਵਰਨ ਮਹਿਕ ਮਈ ਧੁੰਨਾਂ ਵਾਲਾ ਬਣ ਜਾਂਦਾ ਸੀ ਪਰ ਹੁਣ ਤਾਂ ਕੋਈ ਟਾਵੀਂ-ਟੱਲੀ ਮੁਟਿਆਰ ਹੀ ਦੁੱਧ ਰਿੜਕਣ ਦੀ ਗੱਲ ਕਰਦੀ ਹੈ.

ਬੇਸ਼ਕ ਅੱਜ ਸਭ ਕੁੱਝ ਅਗਾਂਹਵਧੂ ਹੋ ਗਿਆ ਹੈ,ਮੈਨੂੰ ਸਾਰੇ ਭੁੱਲ ਗਏ ਹਨ ਅਤੇ ਇਹ ਬਿਜਲੀ 'ਤੇ ਚੱਲਣ ਵਾਲੀ ਮਧਾਣੀ ਦਾ ਵਧੇਰੇ ਖਿਆਲ ਰੱਖਦੇ ਹਨ, ਚੱਲੋ ਜੋ ਵੀ ਹੋ ਰਿਹਾ ਹੈ ਵਧੀਆ ਹੈ ਪਰ ਮੈਂ ਪੰਜਾਬੀ ਸੱਭਿਆਚਾਰ ਨਾਲ ਪਿਆਰ ਕਰਨ ਵਾਲੀਆਂ ਮੁਟਿਆਰਾਂ ਨੂੰ ਇਹ ਲਾਂਭਾ ਜਰੂਰ ਦੇਣਾ ਚਾਹਾਂਗੀ ਕਿ ਮੇਰੇ ਨਾਲ ਬੇਇਨਸਾਫੀ ਹੋਈ ਹੈ ਕਿਉਂਕਿ ਹੁਣ ਤੱਕ ਜਦੋਂ ਮੇਰੀ (ਪੁਰਾਣੀ ਮਧਾਣੀ) ਦੀ ਗੱਲ ਹੋਇਆ ਕਰਦੀ ਸੀ. ਚੱਲੋ ਰੱਬ ਸੁੱਖ ਰੱਖੇ, ਮੁਟਿਆਰਾਂ ਸਕੂਲਾਂ ਕਾਲਜਾਂ ਵਿਚ ਪੜ੍ਹਨ ਵਾਲੀਆਂ ਮੈਨੂੰ ਉਦੋਂ ਤਾਂ ਜਰੂਰ ਯਾਦ ਯਾਦ ਕਰਦੀਆਂ ਹਨ,ਜਦ ਕਿਸੇ ਸਕੂਲ ਜਾਂ ਕਾਲਜ ਵਿਚ ਸਮਾਗਮ ਹੋਣਾ ਹੁੰਦਾ ਹੈ ਅਤੇ ਉਦੋਂ ਮਰੀ ਯਾਦ ਆਉਂਦੀ ਐ.

ਪਰੰਤੂ ਉਸ ਵੇਲੇ ਮੇਰੇ ਮਨ ਨੂੰ ਧੱਕਾ ਜਿਹਾ ਲੱਗਦਾ ਹੈ ਅਤੇ ਉਦਾਸੀ ਜਿਹੀ ਵੀ ਆਉਂਦੀ ਹੈ ਕਿ ਚੰਦ ਲੋਕਾਂ ਨੂੰ ਨੁਮਾਇਸ਼ ਵਜੋਂ ਇਹ ਦਿਖਾਉਣ ਲਈ ਮੇਰੀ ਲੋੜ ਮਹਿਸੂਸ ਕੀਤਾ ਜਾਂਦੀ ਹੈ ਕਿ ਸਭਿਆਚਾਰ ਦਾ ਅੰਗ ਇਹ ਪੁਰਾਣੀ ਮਧਾਣੀ ਹੋਇਆ ਕਰਦੀ ਸੀ. ਚੱਲੋ ਪੰਜਾਬੀ ਸੱਭਿਆਚਾਰ ਜਿਨ੍ਹਾ ਕੁ ਇੰਨ੍ਹਾ ਮੁਟਿਆਰਾਂ ਨੂੰ ਖਿਆਲ ਹੈ ਕਰ ਲੈਣਗੀਆਂ ਪਰ ਮੈਨੂੰ ਖਿਆਲ ਆਉਂਦਾ ਹੈ ਕਿ ਪੰਜਾਬ ਨਾਲ ਜੁੜੇ ਲੋਕ ਆਉਣ ਵਾਲੀ ਨਵੀਂ ਪੀੜੀ ਨੂੰ ਮੇਰੇ ਬਾਰੇ ਕਿਵੇਂ ਦੱਸਣਗੇ ? ਚਲੋ ਉਹ ਦੱਸ ਵੀ ਸਕਣਗੀ ਜਾਂ ਨਹੀਂ ਇਹ ਤਾਂ ਬਾਅਦ ਦੀ ਗੱਲ ਹੈ .

ਅਲਵਿਦਾ,ਮੇਰੀਏ ਭੇਣੇ ਨਵੀਂ ਮਧਾਣੀਏ, ਮੇਰੀ ਦੁਆ ਐ ਤੂੰ ਹਮੇਸ਼ਾ ਖੁਸ਼ ਰਹੇਂ . ਮੇਰੀ ਦੁਆ ਐ ਤੂੰ ਹਮੇਸ਼ਾ ਖੁਸ਼ ਰਹੇਂ . ਮਾਣ ਨਾ ਕਰੀਂ ਮੇਰੇ ਵਾਂਗ ਤੂੰ ਵੀ ਕਦੇ ਖੂੰਜੇ ਲੱਗੇਗੀ . ਕਿਉਂ ਜੋ ਜ਼ਮਾਨਾ ਬਦਲਦਾ ਜਾ ਰਿਹੈ . 


Post Comment

Sunday, September 9, 2012

ਵਿਰਸੇ ਦੀਆਂ ਬਾਤਾਂ - ਹਾਜ਼ਰ ਜਵਾਬੀ ਦਾ ਨਮੂਨਾ ਭੰਡ ਕਲਾ


ਸ਼ਹਿਰਾਂ, ਕਸਬਿਆਂ ਵਿਚਲੀਆਂ ਕਈ ਗਲੀਆਂ 'ਚ ਮੋਟੇ ਅੱਖਰਾਂ 'ਚ ਲਿਖਿਆ ਮਿਲਦੈ, 'ਭੰਡਾਂ ਦੀ ਵਧਾਈ 251 ਰੁਪਏ...ਜੇ ਕੋਈ ਇਸ ਤੋਂ ਵੱਧ ਮੰਗੇ ਤਾਂ ਮੁਹੱਲੇ ਦੇ ਕੌਂਸਲਰ ਨਾਲ ਸੰਪਰਕ ਕਰੋ...।'

ਇਹ ਸਭ ਕਿਉਂ ਲਿਖਿਆ ਹੋਇਆ, ਇਨ੍ਹਾਂ ਹਦਾਇਤਾਂ ਪਿੱਛੇ ਕੀ ਤਰਕ ਹੋਇਆ? ਪੜ੍ਹਨ ਸਾਰ ਇਹ ਸਵਾਲ ਜ਼ਿਹਨ 'ਚ ਆਉਣ ਲੱਗਦੇ ਨੇ। ਜਿਹੜੇ ਭੰਡਾਂ ਦੀਆਂ ਚਟਪਟੀਆਂ ਗੱਲਾਂ ਅਤੇ ਛਾਤੀ 'ਤੇ ਵੱਜਦੀ ਥਾਪੀ ਦਾ ਖੜਕਾ ਹਾਸਾ ਉਪਜਾਉਂਦਾ ਹੁੰਦਾ ਸੀ, ਉਨ੍ਹਾਂ ਲਈ ਇਹ ਸਭ ਕਿਉਂ ਲਿਖਿਆ ਜਾਣ ਲੱਗਾ?

ਫਿਰ ਆਲੇ-ਦੁਆਲਿਓਂ ਪੁੱਛਿਆਂ ਪਤਾ ਲੱਗਦੈ ਕਿ ਕਈ ਵਾਰ ਭੰਡ ਉਨ੍ਹਾਂ ਲੋਕਾਂ ਕੋਲੋਂ ਵੀ ਵੱਧ ਵਧਾਈ ਲੈਣ ਦੀ ਜ਼ਿਦ ਕਰਨ ਲੱਗਦੇ ਨੇ, ਜਿਹੜੇ ਆਰਥਿਕ ਪੱਖੋਂ ਬਹੁਤੇ ਤਕੜੇ ਨਹੀਂ ਹੁੰਦੇ। ਏਸੇ ਕਰਕੇ ਮੁਹੱਲੇ ਵਾਲਿਆਂ ਕੰਧਾਂ 'ਤੇ ਉਨ੍ਹਾਂ ਦੀ ਪੱਕੀ ਫੀਸ ਲਿਖ ਦਿੱਤੀ।

ਸੱਚ ਹੈ ਕਿ ਹੁਣ ਭੰਡਾਂ ਦੇ ਦਰਸ਼ਨ ਪਹਿਲਾਂ ਵਾਂਗ ਨਹੀਂ ਹੁੰਦੇ। ਪਹਿਲਾਂ ਹਰ ਖੁਸ਼ੀ ਦੇ ਮੌਕੇ ਭੰਡਾਂ ਦਾ ਜਲਵਾ ਦੇਖਣ ਨੂੰ ਮਿਲਦਾ ਸੀ, ਪਰ ਹੁਣ ਗੱਲ ਪਹਿਲਾਂ ਵਰਗੀ ਨਹੀਂ ਰਹੀ। ਜਿਹੜੇ ਭੰਡ ਅੱਜ ਦਿਸਦੇ ਨੇ, ਉਹ ਸਿਆਣੀ ਉਮਰ ਦੇ ਨੇ, ਜਿਨ੍ਹਾਂ ਤੋਂ ਪਤਾ ਲੱਗਦੈ ਕਿ ਉਨ੍ਹਾਂ ਦੀ ਨਵੀਂ ਪੀੜ੍ਹੀ ਇਸ ਕਿੱਤੇ ਨੂੰ ਬਹੁਤਾ ਵਧੀਆ ਨਹੀਂ ਸਮਝਦੀ ਕਿਉਂਕਿ ਇੱਕ ਤਾਂ ਮਨੋਰੰਜਨ ਦੇ ਹੋਰ ਸਾਧਨਾਂ ਨੇ ਭੰਡ ਕਲਾ ਦੀ ਬਹੁਤੀ ਵੁੱਕਤ ਨਹੀਂ ਰਹਿਣ ਦਿੱਤੀ, ਦੂਜਾ ਇਸ ਕਿੱਤੇ ਵਿਚੋਂ ਸਨਮਾਨ ਨਹੀਂ ਮਿਲਦਾ।

ਭੰਡਾਂ ਦੀਆਂ ਗੱਲਾਂ ਵਿਚੋਂ ਜਿੱਥੇ ਹਾਸਾ ਪੈਂਦਾ ਹੁੰਦਾ ਸੀ, ਉਥੇ ਉਹ ਆਪਣੀ ਕਲਾ ਜ਼ਰੀਏ ਕਈ ਚੁਭਵੀਆਂ ਗੱਲਾਂ ਨੂੰ ਵੀ ਹਾਸੇ-ਠੱਠੇ ਵਿੱਚ ਕਰ ਜਾਂਦੇ ਸਨ। ਸੁਣਨ ਵਾਲੇ ਬੁਰਾ ਮਨਾਉਣ ਦੀ ਥਾਂ ਸਭ ਅਣਗੌਲਿਆ ਕਰ ਛੱਡਦੇ। ਕੰਜੂਸ ਤੋਂ ਕੰਜੂਸ ਬੰਦੇ ਦੀ ਜੇਬ 'ਚੋਂ ਨੀਲੇ ਰੰਗ ਦਾ ਨੋਟ ਕਢਾ ਲੈਣਾ ਭੰਡ ਕਲਾ ਦਾ ਵੱਡਾ ਨਮੂਨਾ ਸੀ। ਗੱਲ ਨੂੰ ਇਸ ਸਿਖਰ ਤੱਕ ਪੁਚਾ ਦੇਣਾ ਕਿ ਸੰਬੰਧਿਤ ਰਿਸ਼ਤੇਦਾਰਾਂ ਵੱਲੋਂ ਉਸ ਨੂੰ ਆਪਣੀ ਹੋਂਦ ਦਾ ਸਬੂਤ ਮੰਨਣ ਲੱਗਣਾ ਭੰਡਾਂ ਦਾ ਅਜਿਹਾ ਤੀਰ ਹੁੰਦਾ, ਜਿਹੜਾ ਹਮੇਸ਼ਾ ਟਿਕਾਣੇ ਲੱਗਦਾ।

ਜਦੋਂ ਅਸੀਂ ਨਿਆਣੇ ਸਾਂ, ਉਦੋਂ ਭੰਡਾਂ ਨੂੰ ਖੇਸ, ਲੱਡੂ-ਜਲੇਬੀਆਂ ਤੇ ਇੱਕੀ ਜਾਂ ਇਕੱਤੀ ਰੁਪਏ ਦਿੱਤੇ ਜਾਂਦੇ ਸਨ। ਮਹਿੰਗਾਈ ਨਾਲ ਭੰਡਾਂ ਦੀ ਮੰਗ ਵੀ ਵਧਣ ਲੱਗੀ ਤੇ ਉਹ ਵੱਧ ਲੈਣ ਲਈ ਜ਼ਿਦ ਕਰਨ ਲੱਗੇ। ਕਈ ਵਾਰ ਉਨ੍ਹਾਂ ਨੂੰ ਪੰਜ ਸੌ ਵੀ ਮਿਲ ਜਾਂਦਾ, ਪਰ ਜਦੋਂ ਇਹ ਜ਼ਿਦ ਹੋਰ ਵਧਣ ਲੱਗੀ ਤਾਂ ਕੰਧਾਂ 'ਤੇ ਉਨ੍ਹਾਂ ਦੀ ਪੱਕੀ ਫੀਸ ਲਿਖ ਦਿੱਤੀ ਗਈ। ਮੀਰ ਆਲਮ ਘਰਾਣੇ ਨਾਲ ਸੰਬੰਧਿਤ ਭੰਡ ਕਲਾ ਦੀ ਖਾਸੀਅਤ ਹਾਜ਼ਰ ਜਵਾਬੀ ਹੈ। ਜਿੱਥੇ ਖੁਦ 'ਤੇ ਕੀਤੀਆਂ ਟਕੋਰਾਂ ਜ਼ਰੀਏ ਉਨ੍ਹਾਂ ਵੱਲੋਂ ਹਾਸਾ ਪੈਦਾ ਕੀਤਾ ਜਾਂਦਾ ਹੈ, ਉਥੇ ਸੁਣਨ ਵਾਲਿਆਂ 'ਤੇ ਵੀ ਕਈ ਇਹੋ ਜਿਹੀਆਂ ਟਕੋਰਾਂ ਲਾਈਆਂ ਜਾਂਦੀਆਂ, ਜਿਹੜੀਆਂ ਲੰਮਾ ਸਮਾਂ ਸਭ ਨੂੰ ਚੇਤੇ ਰਹਿੰਦੀਆਂ।

ਵਿੰਗ-ਤੜਿੰਗੇ ਪਰਨੇ ਅਤੇ ਸਾਦੇ ਕੁੜਤੇ-ਚਾਦਰੇ ਵਾਲੇ ਭੰਡ ਭਾਵੇਂ ਅੱਜ ਘੱਟ ਦਿਸਦੇ ਹੋਣ, ਪਰ ਇਨ੍ਹਾਂ ਦੀਆਂ ਗੱਲਾਂ ਚੇਤੇ ਕਰਕੇ ਅੱਜ ਵੀ ਗੁਦਗੁਦੀ ਹੋਣ ਲੱਗ ਜਾਂਦੀ ਹੈ। ਇਹ ਨਹੀਂ ਕਿ ਇਹ ਕਲਾ ਹੁਣ ਬਿਲਕੁਲ ਅਲੋਪ ਹੋ ਗਈ ਹੈ, ਗਾਹੇ-ਬਗਾਹੇ ਇਨ੍ਹਾਂ ਦੀ ਕਲਾ ਦੇ ਨਮੂਨੇ ਦੇਖਣ ਨੂੰ ਮਿਲਦੇ ਹਨ, ਪਰ ਦੇਖਣ ਵਾਲਿਆਂ ਵਿੱਚ ਇਨ੍ਹਾਂ ਪ੍ਰਤੀ ਪਹਿਲਾਂ ਜਿੰਨਾ ਉਤਸ਼ਾਹ ਹੁਣ ਨਹੀਂ ਲੱਭਦਾ।
ਸਵਰਨ ਸਿੰਘ ਟਹਿਣਾ




Post Comment

Wednesday, August 29, 2012

ਵਿਸਰ ਰਿਹਾ ਵਿਰਸਾ ਛੰਦ ਸੁਣਾਉਣੇ


ਛੰਦ ਕਿਉਂਕਿ ਪੰਜਾਬੀ ਲੋਕ ਕਾਵਿ ਦਾ ਬੜਾ ਹਰਮਨਪਿਆਰਾ ਰੂਪ ਹੈ, ਇਸ ਲਈ ਇਹ ਰਸਮ ਲਾੜੇ ਦੀ ਆਪਣੀ ਬੋਲੀ ਤੇ ਵਿਰਸੇ ਨਾਲ ਜੁੜੇ ਹੋਣ ਦੀ ਲੁਕਵੀਂ ਜਿਹੀ ਪਰਖ ਵੀ ਹੁੰਦੀ ਤੇ ਸਹੁਰੇ ਪਰਿਵਾਰ ਦੇ ਜੀਆਂ ਨਾਲ ਖੁੱਲ੍ਹਣ ਦਾ ਇੱਕ ਹੀਲਾ ਵੀ ਹੁੰਦਾ। ਇਹੀ ਕਾਰਨ ਹੁੰਦਾ ਕਿ ਵਿਆਹ ਤੋਂ ਪਹਿਲਾਂ ਮੁੰਡੇ ਆਪਣੇ ਹਾਣੀਆਂ ਜਾਂ ਵਡੇਰਿਆਂ ਪਾਸੋਂ ਛੰਦਾਂ ਦੇ ਕੁਝ ਟੋਟਕੇ ਯਾਦ ਵੀ ਕਰ ਰੱਖਦੇ ਤਾਂ ਜੁ ਸਾਲੀਆਂ ਨਾਲ ਸੰਵਾਦ ਦੇ ਉਹ ਪਲ ਕਿਧਰੇ ਫਿੱਕੇ ਨਾ ਪੈ ਜਾਣ ਤੇ ਲਾੜਾ ਕਿਤੇ ਸਾਲੀਆਂ ਦੇ ਹਜੂਮ ਹੱਥੋਂ ਲੁਹਾ ਕੇ ਨਾ ਆ ਜਾਏ। ਉਂਜ ਬਹੁਤੀ ਵਾਰ ਇਹ ਸੰਵਾਦ ਸਿਲਸਿਲਾ ਲਾੜੇ ਦੇ ਸੁਭਾਅ ’ਤੇ ਵੀ ਨਿਰਭਰ ਕਰਦਾ। ਕਈ ਤਾਂ ਬੜੇ ਖੁੱਲ੍ਹੇ ਖੁਲਾਸੇ ਢੰਗ ਨਾਲ ਪੇਸ਼ ਆਉਂਦੇ ਤੇ ਕਈ ਸੰਗ ਵਿੱਚ ਦੂਹਰੇ ਤੀਹਰੇ ਹੁੰਦੇ ਯਾਦ ਕੀਤਾ ਵੀ ਭੁੱਲ ਜਾਂਦੇ ਤੇ ਸਾਲੀਆਂ ਦੀ ਫ਼ੌਜ ਅੱਗੇ ਹਥਿਆਰ ਸੁੱਟ ਦਿੰਦੇ।

ਇਸ ਨਾਜ਼ੁਕ ਘੜੀ ਲਾੜੇ ਦੇ ਕੁਝ ਖ਼ਾਸ ਦੋਸਤ ਉਹਦੀ ਮਦਦ ’ਤੇ ਹੁੰਦੇ। ਸਾਲੀਆਂ ਦੀ ਤਾਬੜ-ਤੋੜ ਫ਼ਰਮਾਇਸ਼ ਅੱਗੇ ਇੱਕ ਸ਼ਰੀਫ ਤੇ ਨਰਮ ਜਿਹੇ ਸੁਭਾਅ ਦਾ ਲਾੜਾ ਛੰਦ ਸੁਣਾ ਕੇ ਬਚਣ ਦਾ ਹੀਲਾ ਕਰਦਾ:

ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਤੀਰ।
ਤੁਸੀਂ ਮੇਰੀਆਂ ਭੈਣਾਂ ਤੇ ਮੈਂ ਤੁਹਾਡਾ ਵੀਰ।

ਇੰਜ ਉਹ ਸਾਲੀਆਂ ਦੀ ਹਮਦਰਦੀ ਦਾ ਪਾਤਰ ਬਣ ਜਾਂਦਾ ਤੇ ਸੌਖੇ ਹੀ ਖਹਿੜਾ ਛੁਡਾ ਲੈਂਦਾ। ਇੰਜ ਹੀ ਕੋਈ ਹੋਰ ਧਾਰਮਿਕ ਬਿਰਤੀ ਦਾ ਮਾਲਕ ਇਸ ਰੁਮਾਂਚਕ ਮਾਹੌਲ ਵਿੱਚ ਸੁਰਾਂ ਦੇ ਸੋਹਲੇ ਗਾ ਕੇ ਹੱਥ ਜੋੜ ਦਿੰਦਾ:

ਛੰਦ ਪਰਾਗੇ ਆਈਏ ਜਾਈਏ, ਛੰਦੋ ਖੇਡ ਖਿਡਾਏ।
ਗੁਰੂ ਦੀ ਐਸੀ ਕਿਰਪਾ ਹੋਈ, ਸੱਚੇ ਮੇਲ ਮਿਲਾਏ।

ਸਮਾਜਿਕ ਮਰਿਆਦਾ ਦਾ ਪਾਲਣ ਤੇ ਰਿਸ਼ਤਿਆਂ ਦੀ ਸਹੀ ਸ਼ਨਾਖ਼ਤ ਕਰਨ ਵਾਲੇ ਲਾੜੇ ਕੁਝ ਇੰਜ ਉਚਰਦੇ:

ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਗਾਂ।
ਅੱਜ ਤੋਂ ਸਹੁਰਾ ਬਾਪ ਹੈ ਮੇਰਾ ਤੇ ਸੱਸ ਲੱਗੀ ਮਾਂ।

ਅਜਿਹੀ ਹੀ ਸੋਚ ਵਾਲੇ ਸੰਵੇਦਨਸ਼ੀਲ ਲਾੜੇ ਇਹ ਸਮਝਦੇ ਕਿ ਇਸ ਘਰ ਦੀ ਕੁੜੀ ਨੂੰ ਮਾਂ-ਬਾਪ ਤੋਂ ਅਲੱਗ ਕਰ ਰਹੇ ਹਾਂ। ਉਹ ਛੰਦ ਦੀ ਵਿਧੀ ਵਰਤ ਕੇ ਉਨ੍ਹਾਂ ਨੂੰ ਯਕੀਨ ਦਿਵਾਉਂਦੇ ਕਿ ਕੁੜੀ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿਆਂਗੇ:

ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਪਰਨਾ।
ਧੀ ਤੁਹਾਡੀ ਸੌਖੀ ਰਹੇਗੀ, ਫ਼ਿਕਰ ਕੋਈ ਨਾ ਕਰਨਾ।
ਜਾਂ
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਹਾਥੀ।
ਅੱਜ ਤੋਂ ਮੈਂ ਰਹਾਂਗਾ ਤੁਹਾਡੇ ਦੁੱਖ-ਸੁੱਖ ਦਾ ਸਾਥੀ।
ਜਾਂ
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਖੀਰਾ।
ਧੀ ਤੁਹਾਡੀ ਇਓਂ ਰੱਖਾਂਗੇ ਜਿਓਂ ਮੁੰਦਰੀ ਵਿੱਚ ਹੀਰਾ।

ਇਸੇ ਹੀ ਮੌਕੇ ਸਾਲੀਆਂ ਲਾੜੇ ਕੋਲੋਂ ਕੋਈ ਤੋਹਫ਼ਾ ਲੈਣ ਦੀ ਮੰਗ ਕਰਦੀਆਂ ਜੋ ਕਿ ਕਲੀਚੜੀ ਦੇ ਰੂਪ ਵਿੱਚ ਹੁੰਦਾ। ਇਸ ਤੋਹਫ਼ੇ ਨੂੰ ਦੇਣ ਲਈ ਲਾੜਾ ਅਗਾਊਂ ਹੀ ਤਿਆਰ ਹੁੰਦਾ ਸੀ। ਉਹ ਸਕੀਆਂ ਸਾਲੀਆਂ ਲਈ ਚਾਂਦੀ ਦੀਆਂ ਕਲੀਚੜੀਆਂ ਤੇ ਲਾੜੀ ਦੀਆਂ ਸ਼ਰੀਕੇ ’ਚੋਂ ਲੱਗਦੀਆਂ ਭੈਣਾਂ ਤੇ ਸਹੇਲੀਆਂ ਲਈ ਗਿਲਟ ਦੀਆਂ ਕਲੀਚੜੀਆਂ ਲਿਆਇਆ ਹੁੰਦਾ ਸੀ। ਇਸ ਮੌਕੇ ਸੰਗਾਊ ਸੁਭਾਅ ਵਾਲੇ ਲਾੜੇ ਤਾਂ ਕਲੀਚੜੀਆਂ ਆਪਣੀ ਛੋਟੀ ਸਾਲੀ ਨੂੰ ਫੜਾ ਦਿੰਦੇ ਪਰ ਕਈ ਸ਼ਰਾਰਤੀ ਸੁਭਾਅ ਦੇ ਲਾੜੇ ਇਹ ਸ਼ਰਤ ਰੱਖਦੇ ਕਿ ਸਾਲੀਆਂ ਦੀਆਂ ਉਂਗਲਾਂ ’ਚ ਉਹ ਆਪ ਕਲੀਚੜੀਆਂ ਪਾਉਣਗੇ। ਇਸੇ ਹੀ ਵੇਲੇ ਘਰ ਪਰਿਵਾਰ ਦੀਆਂ ਸੁਆਣੀਆਂ ਲਾੜੇ ਦੇ ਹੱਥ ਕੋਈ ਗਹਿਣਾ ਪਾਉਂਦੀਆਂ ਤੇ ਨਾਲ-ਨਾਲ ਗੀਤ ਦੇ ਬੋਲ ਉੱਭਰਦੇ:
ਵੇ ਤੰ ਰਾਜੇ ਬਾਬਲ ਦਾ ਬੇਟਾ ਤੇ ਰਾਣੀ ਮਾਂ ਦਾ ਜਾਇਆ।

ਅਸਾਂ ਧੀ ਵੱਟੇ ਤੈਨੂੰ ਆਪਣਾ ਪੁੱਤ ਬਣਾਇਆ।
ਜਾਂ
ਪਲੰਘ ’ਤੇ ਬੈਠਿਆ ਕਾਨ੍ਹਾ ਵੇ ਕੁਝ ਮੰਗਦਾ ਕਿਉਂ ਨਹੀਂ,
ਸਹੁਰਾ ਤੇਰਾ ਲੱਖ ਦਾਤਾ ਵੇ ਕੁਝ ਮੰਗਦਾ ਕਿਉਂ ਨਹੀਂ
ਧੀਆਂ ਦੇ ਦਾਨ ਕਰਾ ਰਿਹਾ ਵੇ ਪੱਲਾ ਫੜਦਾ ਕਿਉਂ ਨਹੀਂ
ਗਊਆਂ ਦੇ ਦਾਨ ਕਰਾ ਰਿਹਾ ਵੇ ਜੱਸ ਖੱਟਦਾ ਕਿਉਂ ਨਹੀਂ

ਫਿਰ ਵਾਰੀ ਆਉਂਦੀ ਬੁਰਕੀਆਂ ਦੇਣ ਦੀ। ਪੁਰਾਣੇ ਸਮਿਆਂ ਵਿੱਚ ਜਿੱਥੇ ਗੁੜ ਜਾਂ ਚੂਰੀ ਨਾਲ ਬੁਰਕੀਆਂ ਦਿੰਦੇ, ਉੱਥੇ ਵਕਤ ਦੇ ਬਦਲਾਅ ਨਾਲ ਲੱਡੂ, ਬਰਫ਼ੀ ਜਾਂ ਕੋਈ ਹੋਰ ਅਜਿਹੀ ਹੀ ਮਿੱਠੀ ਚੀਜ਼ ਨਾਲ ਬੁਰਕੀਆਂ ਦੇਣ ਦੀ ਰਸਮ ਅਦਾ ਹੁੰਦੀ ਹੈ। ਅਜਿਹੇ ਹੀ ਮਿੱਠੇ ਚਾਸ਼ਨੀ ਨਾਲ ਭਰੇ ਗੀਤ ਵੀ ਆਪਣਾ ਰੰਗ ਭਰਦੇ ਹਨ:

ਲੈ ਲਾ ਮਾਂ ਦਿਆ ਪੁੱਤਾ, ਗਰਾਹੀਆਂ ਲੈ ਲਾ ਵੇ
ਬੋਟ ਵਾਂਗ ਮੂੰਹ ਅੱਡ ਗਰਾਹੀਆਂ ਲੈ ਲਾ ਵੇ
ਮਾਂ ਨੇ ਘੱਲਿਆ ਭੁੱਖਾ ਗਰਾਹੀਆਂ ਲੈ ਲਾ ਵੇ

ਧੀ ਨੂੰ ਬੁਰਕੀਆਂ ਦੇਣ ਵੇਲੇ ਗੀਤਾਂ ਦੀ ਕੈਫ਼ੀਅਤ ਬਦਲ ਕੇ ਕੁਝ ਇੰਜ ਹੋ ਜਾਂਦੀ:

ਲੈ ਲਾ ਨੀਂ ਧੀਏ ਬੁਰਕੀਆਂ ਤੇਰਾ ਵੇਲਾ ਵਿਛੋੜੇ ਦਾ ਆਇਆ
ਲੈ ਲਾ ਨੀਂ ਧੀਏ ਬੁਰਕੀਆਂ ਤੇਰੇ ਬਾਬਲ ਕਾਜ ਨਿਭਾਇਆ

-ਹਰਮੇਸ਼ ਕੌਰ ਯੋਧੇ


Post Comment

Saturday, August 18, 2012

ਬਰੋਟਾ : ਭਾਰਤ ਦਾ ਰਾਸ਼ਟਰੀ ਰੁੱਖ

ਬਰੋਟੇ ਦੇ ਰੁੱਖ ਦੀ ਪੂਜਾ ਕਰਦੀਆਂ ਔਰਤਾਂ ਦਾ ਇਕ ਚਿੱਤਰ।
ਜਦੋਂ ਸਿਕੰਦਰ ਮਹਾਨ ਨੇ 326 ਪੂਰਵ ਈਸਵੀ ਵਿਚ ਭਾਰਤ ਉੱਤੇ ਹਮਲਾ ਕੀਤਾ ਸੀ ਤਾਂ ਉਸ ਦੇ ਫੌਜੀ ਇਥੋਂ ਦੇ ਬਰੋਟਿਆਂ ਦੇ ਵਿਸ਼ਾਲ ਰੂਪ ਦੇਖ ਕੇ ਦੰਗ ਰਹਿ ਗਏ ਸਨ ਅਤੇ ਆਪਣੇ ਦੇਸ਼ ਪਰਤ ਕੇ ਉਨ੍ਹਾਂ ਨੇ ਇਸ ਰੁੱਖ ਦੀ ਅਸਾਧਾਰਨ ਵਿਸ਼ਾਲਤਾ ਦੀ ਲੋਕਾਂ ਵਿਚ ਚਰਚਾ ਕੀਤੀ ਸੀ। ਇਸ ਚਰਚਾ ਦੇ ਅਧਾਰ ਉੱਤੇ ਯੂਨਾਨ ਦੇ ਪ੍ਰਾਚੀਨ ਇਤਿਹਾਸਕਾਰ ਅਤੇ ਭੂਗੋਲਵੇਤਾ ਸਟਰੈਬੋ ਨੇ ਲਿਖਿਆ ਹੈ ਕਿ ਪੰਜਾਬ ਦੇ ਦਰਿਆ ਰਾਵੀ ਕੰਢੇ ਖੜ੍ਹੇ ਇਕ ਬਰੋਟੇ ਦੀ ਛਾਂ ਅੱਧਾ ਮੀਲ ਲੰਬਾਈ ਤੋਂ ਵੱਧ ਘੇਰੇ ਵਿਚ ਫੈਲੀ ਹੋਈ ਸੀ। ਜੈਮਜ਼ ਫੋਰਬਸ (1749-1819) ਨੇ ਆਪਣੇ ਪੂਰਬ ਨਾਲ ਸਬੰਧਤ ਬਿਰਤਾਂਤ ਵਿਚ ਦੱਖਣੀ ਭਾਰਤ ਦੀ ਨਰਬਦਾ ਨਦੀ ਕੰਢੇ ਖੜ੍ਹੇ ਬਰੋਟੇ ਦਾ ਜ਼ਿਕਰ ਕੀਤਾ ਹੈ, ਜੋ ਉਸ ਅਨੁਸਾਰ 2000 ਫੁੱਟ ਦੇ ਘੇਰੇ ਵਿਚ ਫੈਲਿਆ ਹੋਇਆ ਸੀ, ਜਿਸ ਦੇ 3000 ਤੋਂ ਵੱਧ ਤਣੇ ਸਨ ਅਤੇ ਇਸ ਦੀ ਛਾਂ ਹੇਠ 7000 ਤੋਂ ਵੱਧ ਵਿਅਕਤੀ ਆਰਾਮ ਕਰ ਸਕਦੇ ਸਨ। ਭਾਰਤ ਵਿਚ ਅੱਜ ਵੀ ਕਈ ਥਾਂਵਾਂ 'ਤੇ ਵਿਸ਼ਾਲ ਬਰੋਟੇ ਦੇਖੇ ਜਾ ਸਕਦੇ ਹਨ, ਜਿਵੇਂ ਕਿ ਭਾਰਤੀ ਬਨਸਪਤੀ ਬਾਗ, ਹਾਵੜਾ ਵਿਖੇ, ਦੱਖਣੀ ਚੇਨਈ ਵਿਚ ਆਦਿਆਰ ਵਿਖੇ ਅਤੇ ਪੰਜਾਬ ਵਿਚ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਚੋਲਟੀ ਖੇੜਾ ਵਿਖੇ। ਤਪਤ ਖੰਡੀ ਭਾਰਤ ਵਿਚ ਗਰਮੀ ਸਮੇਂ ਬਰੋਟਾ ਠੰਢੀ ਛਾਂ ਦਾ ਸਦੀਆਂ ਤੋਂ ਸਭ ਤੋਂ ਵੱਡਾ ਸਰੋਤ ਬਣਿਆ ਆਇਆ ਹੈ। ਇਸ ਹੇਠ ਬੈਠ ਕੇ ਪਿੰਡਾਂ ਵਾਲੇ ਸੂਰਜ ਦੀ ਤਪਸ਼ ਤੋਂ ਹੀ ਨਹੀਂ ਬਚਦੇ, ਸਗੋਂ ਇਹ ਥਾਂ ਉਨ੍ਹਾਂ ਦੇ ਭਾਈਚਾਰਕ ਵਿਚਾਰ-ਵਟਾਂਦਰੇ, ਸਮੀਖਿਆ, ਚਿੰਤਨ, ਪੁਨਰਵਿਚਾਰ ਅਤੇ ਆਲੋਚਨਾ ਕਰਨ ਦਾ ਕੇਂਦਰ-ਬਿੰਦੂ ਬਣਿਆ ਰਹਿੰਦਾ ਹੈ। ਪਿੰਡ ਦੇ ਬਜ਼ੁਰਗਾਂ, ਜਲਸਿਆਂ ਅਤੇ ਪੰਚਾਇਤਾਂ ਲਈ ਵੀ ਇਸ ਦੀ ਅਹਿਮੀਅਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਭਾਰਤ ਵਿਚ ਰੁੱਖਾਂ ਦੀ ਪੂਜਾ ਕਰਨ ਦੀ ਰਵਾਇਤ ਬਹੁਤ ਪੁਰਾਣੀ ਹੈ। ਪ੍ਰਾਚੀਨ ਭਾਰਤ ਦੇ ਬਹੁਤੇ ਨਿਵਾਸੀ ਵਿਸ਼ਵਾਸ ਕਰਦੇ ਸਨ ਕਿ ਹਰ ਰੁੱਖ ਨਾਲ 'ਵਰਿਕਸ਼-ਦੇਵਤਾ' ਜੁੜਿਆ ਹੈ। ਇਸ ਧਾਰਨਾ ਦੇ ਬਾਵਜੂਦ ਬਰੋਟਾ ਜਾਂ ਬੋਹੜ ਦੇ ਰੁੱਖ ਨੂੰ ਸਭ ਤੋਂ ਪੁਰਾਨ ਅਤੇ ਪਵਿੱਤਰ ਮੰਨਿਆ ਗਿਆ ਹੈ। ਭਾਰਤ ਦਾ 'ਰਾਸ਼ਟਰੀ ਰੁੱਖ' ਵੀ ਬਰੋਟਾ ਜਾਂ ਬੋਹੜ ਦਾ ਰੁੱਖ ਹੈ। ਇਸ ਦਾ ਜ਼ਿਕਰ ਭਾਰਤੀ ਮਿਥਿਹਾਸ, ਲੋਕਧਾਰਾ, ਪੁਰਾਣਕ ਕਥਾਵਾਂ ਅਤੇ ਕਹਾਣੀਆਂ ਵਿਚ ਮਿਲਦਾ ਹੈ। ਹਿੰਦੂ ਮਿਥਿਹਾਸ ਵਿਚ ਇਸ ਦਾ ਨਾਂਅ 'ਕਲਪ ਵਰਿਕਸ਼' ਹੈ, ਭਾਵ ਇੱਛਾਵਾਂ ਨੂੰ ਪੂਰਾ ਕਰਨ ਜਾਂ ਅਨੰਤ ਜੀਵਨ ਪ੍ਰਦਾਨ ਕਰਨ ਵਾਲਾ ਰੁੱਖ। ਇਸ ਰੁੱਖ ਨੂੰ ਤ੍ਰੈਮੂਰਤੀ ਜੀਵ ਵਿਸ਼ਨੂੰ, ਬ੍ਰਹਮਾ ਅਤੇ ਸ਼ਿਵ ਦਾ ਪ੍ਰਤੀਕ ਵੀ ਮੰਨਿਆ ਗਿਆ ਹੈ। ਇਸੇ ਪ੍ਰਕਾਰ ਸਤਯਵਾਹਨ ਸਾਵਿਤਰੀ ਦੀ ਪੁਰਾਣਕ ਕਥਾ ਵੀ ਬਰੋਟੇ ਨਾਲ ਜੁੜੀ ਹੈ। ਇਸ ਕਥਾ ਅਨੁਸਾਰ ਸਵਿਤਰੀ ਦੇ ਪਤੀ ਸਤਯਵਾਨ ਦੀ ਮੌਤ ਬਰੋਟੇ ਹੇਠ ਹੋਈ ਸੀ। ਇਸ ਰੁੱਖ ਦੀ ਪੂਜਾ ਕਰਕੇ ਅਤੇ ਆਪਣੇ ਪਤੀਵਰਤਾ ਧਰਮ ਸਦਕਾ ਉਸ ਨੇ ਧਰਮਰਾਜ ਨੂੰ ਪ੍ਰਸੰਨ ਕਰਕੇ ਸਤਯਵਾਨ ਨੂੰ ਜਿਉਂਦਾ ਕਰਵਾ ਲਿਆ ਸੀ। ਭਾਈ ਕਾਨ੍ਹ ਸਿੰਘ ਨਾਭਾ ਦੇ 'ਗੁਰਸ਼ਬਦ ਰਤਨਾਕਰ ਮਹਾਨਕੋਸ਼' ਵਿਚ ਵੀ ਇਸ ਕਥਾ ਦਾ ਵਰਨਣ ਹੈ। ਉਨ੍ਹਾਂ ਨੇ ਸਵਿਤਰੀ ਦਾ ਅਰਥ 'ਸੁਹਾਗਣ ਇਸਤਰੀ' ਲਿਖਿਆ ਹੈ। 'ਵਟ ਸਵਿਤਰੀ ਵਰਤ' ਜੋ ਭਾਰਤ ਦੇ ਕਈ ਇਲਾਕਿਆਂ ਵਿਚ ਨਾਰੀਆਂ ਰੱਖਦੀਆਂ ਹਨ, ਇਸ ਪੁਰਾਣਕ ਕਥਾ ਉੱਤੇ ਹੀ ਅਧਾਰਿਤ ਹੈ। ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਹ ਵਰਤ ਰੱਖਣ ਨਾਲ ਵਿਆਹੁਤਾ ਜੀਵਨ ਵਿਚ ਸੰਤੁਲਨ ਅਤੇ ਇਕਸੁਰਤਾ ਬਣੀ ਰਹਿੰਦੀ ਹੈ।

ਡਾ:ਕੰਵਰਜੀਤ ਸਿੰਘ ਕੰਗ
-2011, ਫੇਜ਼ 10, ਮੋਹਾਲੀ। ਮੋਬਾ: 98728-33604
kanwar_kang@yahoo.com


Post Comment

Wednesday, August 8, 2012

ਪੰਜਾਬ ਦੇ ਸੱਭਿਆਚਾਰ ਦੀ ਧੜਕਣ (ਚਰਖਾ)


ਕਦੇ ਸਮਾਂ ਸੀ ਜਦੋਂ ਚਰਖਾ ਵਸਦੇ ਪੰਜਾਬ ਦੇ ਸੱਭਿਆਚਾਰ ਦੀ ਧੜਕਣ ਹੁੰਦਾ ਸੀ। ਪੰਜਾਬੀ ਜਨਜੀਵਨ ਦਾ ਤਾਣਾ-ਬਾਣਾ ਚਰਖੇ ਦੇ ਇਰਧ-ਗਿਰਦ ਹੀ ਘੁੰਮਦਾ ਸੀ। ਪੰਜਾਬੀ ਔਰਤਾਂ ਲਈ ਤਾਂ ਇਹ ਰਿਸ਼ਤਾ ਰੂਹ ਤੇ ਕਲਬੂਤ ਵਾਲਾ ਸੀ। ਬਾਲ ਵਰੇਸ ਦੇ ਵਰ੍ਹੇ ਸੰਭਾਲ ਦੀਆਂ ਕੁੜੀਆਂ ਚਿੜੀਆਂ ਨੂੰ ਹੀ ਚਰਖੇ ਦੇ ਗੇੜਿਆਂ ਨਾਲ ਜੋੜ ਦਿੱਤਾ ਜਾਂਦਾ ਸੀ। ਬਾਲੜੀਆਂ ਤੋਂ ਬੁੱਢੀਆਂ ਹੋਣ ਤਕ ਉਹ ਕਈ ਜੀਵਨ ਰੂਪਾਂ ਦੇ ਗੋਹੜੇ ਕੱਤਦੀਆਂ ਆਪਣੀਆਂ ਸਾਹ ਤੰਦਾਂ ਨੂੰ ਸੂਤ ਤੰਦਾਂ ਵਿੱਚ ਵਿਲੀਨ ਕਰ ਦਿੰਦੀਆਂ। ਉਨ੍ਹਾਂ ਦੀ ਮੁੱਢਲੀ ਪਾਠਸ਼ਾਲਾ ਤ੍ਰਿੰਝਣ ਹੀ ਹੁੰਦਾ ਸੀ, ਜਿੱਥੇ ਉਹ ਹਾਣ-ਪ੍ਰਵਾਨ ਦੀਆਂ ਸਖੀਆਂ ਸੰਗ ਕੱਤਣ ਤੁੰਬਣ ਵਿੱਚ ਮਸ਼ਰੂਫ਼ ਰਹਿੰਦੀਆਂ। ਚੁੱਲ੍ਹਾ-ਚੌਂਕਾ ਨਿਬੇੜਦਿਆਂ ਹੀ ਉਹ ਚਰਖਾ ਚੁੱਕ ਤ੍ਰਿੰਝਣ ਵੱਲ ਹੋ ਤੁਰਦੀਆਂ:-
ਹੱਥ ਪੂਣੀਆਂ ਢਾਕ ’ਤੇ ਚਰਖਾ,
ਨੀਂ ਚੱਲੀ ਆਂ ਮੈਂ ਕੱਤਣੇ ਨੂੰ।
ਕੱਤਣ ਲਈ ਤਿੱਖੜ ਦੁਪਹਿਰੇ ਨੂੰ ਵਿਹੜੇ ਵਿਚਲੀਆਂ ਨਿੰਮਾਂ-ਟਾਹਲੀਆਂ ਦੁਆਲੇ ਤ੍ਰਿੰਝਣ ਜੁੜਦਾ ਜਾਂ ਫਿਰ ਪੋਹ-ਮਾਘ ਦੀਆਂ ਠੰਢੀਆਂ ਲੰਮੀਆਂ ਰਾਤਾਂ ਨੂੰ ਵੱਡੀਆਂ ਸਬਾਤਾਂ ਵਿੱਚ ਦੀਵੇ ਦੀ ਲੋਅ ਚਾਨਣੇ ਮਿੱਠੜੀ ਘੂਕਰ ਬੱਝਦੀ ਸੀ। ਗਰਮੀ ਰੁੱਤੇ ਚਾਨਣੀਆਂ ਰਾਤਾਂ ਨੂੰ ਕੋਠਿਆਂ ਉੱਤੇ ਟਿਮਟਿਮਾਉਂਦੇ ਤਾਰਿਆਂ ਹੇਠ ਉੱਡਦੇ ਰੂੰ ਦੇ ਫੰਬੇ ਲਹਿ-ਲਹਾਉਂਦੇ, ਤੰਦ ਗੰੂਜਦੇ, ਚਰਖੇ ਸੰਗ ਲੰਮੀਆਂ ਹੇਕਾਂ ਵਾਲੇ ਗੌਣ ਬੜਾ ਮਨਮੋਹਕ ਦ੍ਰਿਸ਼ ਸਿਰਜ ਜਾਂਦੇ। ਪੰਜਾਬੀਆਂ ਦੇ ਦਿਲਾਂ ਨੂੰ ਨਸ਼ਿਆਉਂਦੀਆਂ ਅਜਿਹੀਆਂ ਸੁਰ ਤੰਦਾਂ ਕਿਸੇ ਵੰਝਲੀ ਦੀ ਸੁਰ ਤੋਂ ਘੱਟ ਨਹੀਂ ਸੀ ਹੁੰਦੀਆਂ। ਇਹ ਰੂਹਾਨੀ ਗੰੂਜਾਂ ਤਾਂ ਸਗੋਂ ਜੋਗੀਆਂ ਦੀ ਬੀਨ ਨੂੰ ਮਾਤ ਪਾ ਕੇ ਉਨ੍ਹਾਂ ਨੂੰ ਵੀ ਪਹਾੜੋਂ ਉਤਰਨ ਲਈ ਮਜਬੂਰ ਕਰ ਦਿੰਦੀਆਂ-
ਜੋਗੀ ਉੱਤਰ ਪਹਾੜੋਂ ਆਇਆ,
ਚਰਖੇ ਦੀ ਘੂਕ ਸੁਣ ਕੇ।
ਚਰਖੇ ਦੀ ਅਜਿਹੀ ਮਹਾਨਤਾ ਦੇਖਦਿਆਂ ਹੀ ਬੁੱਲ੍ਹੇਸ਼ਾਹ ਵਰਗੇ ਸੂਫ਼ੀ ਫ਼ਕੀਰ ਆਤਮਾ-ਪਰਮਾਤਮਾ ਜਿਹੇ ਸੂਖ਼ਮ ਰਿਸ਼ਤੇ ਨੂੰ ਵੀ ਕੱਤਣ ਤੁੰਬਣ ਤਕ ਲੈ ਆਏ। ਧੀ ਨੂੰ ਦੁਨਿਆਵੀ ਦਾਜ ਦੀ ਤਿਆਰੀ ਲਈ ਕੱਤਣ ਵੱਲ ਧਿਆਨ ਦਿਵਾਉਂਦੀ ਮਾਂ ਨੂੰ ਵੇਖ ਉਨ੍ਹਾਂ ਰੂਹਾਨੀ ਦਾਜ ਦਾ ਰਹੱਸ ਸਮਝ ਲਿਆ। ਰੱਬੀ ਦਰਵੇਸ਼ ਵੀ ‘ਘੁੰਮ ਚਰਖੜਿਆ’ ਵਰਗੀਆਂ ਧੁਨਾਂ ਵਿੱਚ ਮਸਤ ਹੋ ਗਏ। ਕਦੇ ਇਹ ਚਰਖੇ ਦੀ ਘੂਕ ਪੈਲਾਂ ਪਾ ਨੱਚਦੇ ਮੋਰ ਦੀ ਕੂਕ ਦਾ ਭੁਲੇਖਾ ਵੀ ਪਾਉਂਦੀ ਰਹੀ। ਸੁਰੀਲੀ ਘੂਕਰ ਸੁਣ ਜਾਂਦੇ ਰਾਹੀ ਰੁਕ ਜਾਂਦੇ ਤੇ ਕਹਿ ਉੱਠਦੇ-
ਕੂਕੇ ਚਰਖਾ ਬਿਸ਼ਨੀਏ ਤੇਰਾ,
ਨੀਂ ਲੋਕਾਂ ਭਾਣੇ ਮੋਰ ਕੂਕਦਾ।
ਚਰਖਾ ਪੰਜਾਬਣਾਂ ਦੀ ਜਿੰਦ ਦਾ ਸੱਚਾ ਸਾਥੀ ਰਿਹਾ ਹੈ। ਚਰਖੇ ’ਤੇ ਤੰਦ ਪਾਉਂਦੀਆਂ ਉਹ ਜ਼ਿੰਦਗੀ ਦੇ ਹਾਸੇ, ਰੋਣੇ, ਗਿਲੇ-ਸ਼ਿਕਵੇ, ਉਲਾਂਭੇ ਸਭ ਤੰਦਾਂ ਦੀ ਸੁਰ ਨਾਲ ਸੁਰ ਮਿਲਾ ਕੇ ਦਰਦੀ ਚਰਖੇ ਨੂੰ ਹੀ ਸੁਣਾਉਂਦੀਆਂ। ਚਰਖਾ ਵੀ ਬੜੀ ਫਰਾਖ਼ਦਿਲੀ ਨਾਲ ਅੱਲ੍ਹੜ ਮੁਟਿਆਰਾਂ ਦੇ ਰੰਗੀਨ ਸਿਰਜੇ ਸੁਪਨਿਆਂ ਦੇ ਭੇਦ, ਅੱਧਖੜ੍ਹ ਉਮਰ ਦੀਆਂ ਔਰਤਾਂ ਦੀਆਂ ਕਬੀਲਦਾਰੀਆਂ ਦੇ ਰੋਣੇ ਤੇ ਉਮਰ ਵਿਹਾ ਚੁੱਕੀਆਂ ਦੇ ਅਤੀਤ ਯਾਦਾਂ ਦੇ ਪੱਤਰੇ ਬੜੇ ਰਾਜ਼ਦਾਰਾਂ ਵਾਂਗ ਸੰਭਾਲ ਕੇ ਰੱਖਦਾ ਰਿਹਾ ਹੈ। ਇਸੇ ਕਰਕੇ ਉਹ ਚਰਖੇ ਨੂੰ ਪ੍ਰੀਤਾਂ ਲਾ-ਲਾ ਕੇ ਕੱਤਦੀਆਂ ਕਦੇ ਨਹੀਂ ਥੱਕਦੀਆਂ-
ਨੀਂ ਮੈਂ ਕੱਤਾਂ ਪਰੀਤਾਂ ਨਾਲ,
ਚਰਖਾ ਚੰਨਣ ਦਾ।
ਵਿਛੜੇ ਮਾਹੀ ਜਾਂ ਪ੍ਰਦੇਸੀ ਹੋਏ ਪਤੀ ਦੀ ਪਤਨੀ ਚਰਖੇ ਦੇ ਤੰਦਾਂ ਬਹਾਨੇ ਆਪਣੇ ਦੁੱਖਾਂ ਦਾ ਸੂਤਰ ਵੀ ਕੱਤ ਲੈਂਦੀ। ਉਹ ਚਰਖੇ ’ਤੇ ਲੰਮੇ ਤੰਦ ਪਾਉਂਦੀ ਹੋਈ ਬਿਰਹਾ ਹੂਕਾਂ ਲਾਉਂਦੀ ਹੈ-
ਲੰਬੇ-ਲੰਬੇ ਤੰਦ ਵੇ ਮੈਂ ਤੱਕਲੇ ’ਤੇ ਪਾਉਨੀਆਂ,
ਤੱਕ-ਤੱਕ ਰਾਹਾਂ ਸਾਰਾ ਦਿਨ ਮੈਂ ਲੰਘਾਉਨੀਆਂ
ਯਾਦ ਕਰਾਂ ਮੈਂ ਤੈਨੂੰ ਹਰ ਵੇਲੇ।
ਤੂੰਬਾ ਵੱਜਦਾ ਜ਼ਾਲਮਾਂ, ਵਿੱਚ ਵਿਹੜੇ।
ਚਰਖੇ ਦੀਆਂ ਤੰਦਾਂ ਤੇ ਪੰਜਾਬੀ ਸੁਰ ਤੰਦਾਂ ਵਿੱਚ ਪਤਾ ਨਹੀਂ ਕਿੰਨਾ ਕੁ ਗੂੜ੍ਹਾ ਰਿਸ਼ਤਾ ਹੈ ਕਿ ਤੱਕਲੇ ’ਤੇ ਤੰਦ ਨੂੰ ਛੋਂਹਦੀ ਪੰਜਾਬਣ ਦੀ ਜ਼ੁਬਾਨ ਆਪ ਮੁਹਾਰੇ ਹੀ ਕੋਈ ਨਾ ਕੋਈ ਗੀਤ ਛੋਹ ਲੈਂਦੀ ਹੈ। ਤ੍ਰਿੰਝਣਾਂ ਵਿੱਚ ਤਾਂ ਚਰਖੇ ਦੀ ਸਰਦਾਰੀ ਬੜੀ ਲਾ-ਮਿਸਾਲ ਰਹੀ ਹੈ ਜਿੱਥੇ ਉਹ ਜੋਬਨ ਮੱਤੀਆਂ ਮੁਟਿਆਰਾਂ ਦੇ ਝੁੰਡਾਂ ਵਿੱਚ ਘਿਰਿਆ ਉਨ੍ਹਾਂ ਦੇ ਨਾਜ਼ੁਕ ਪੋਟਿਆਂ ਦੀ ਛੂਹ ਮਹਿਸੂਸਦਾ, ਸੁਰੀਲੇ ਗੀਤਾਂ ਦੇ ਛਹਿਬਰ ਮਾਣਦਾ ਆਪਣੇ-ਆਪ ਨੂੰ ਭਾਗਸ਼ਾਲੀ ਸਮਝਦਾ ਰਿਹਾ। ਖੁੱਲ੍ਹੇ ਅਖਾੜੇ ਵਾਂਗ ਤ੍ਰਿੰਝਣਾਂ ਵਿੱਚ ਛੋਪ ਕੱਤਣ ਦੇ ਨਾਲ-ਨਾਲ ਗੀਤ ਬੋਲੀਆਂ ਦੇ ਮੁਕਾਬਲੇ ਵੀ ਬੜੇ ਜ਼ਬਰਦਸਤ ਹੁੰਦੇ। ਕਿਰਤ ਨੂੰ ਮਨ ਪਰਚਾਵੇ ਨਾਲ ਜੋੜ ਕੇ ਉਸ ਵਿੱਚੋਂ ਅਨੂਠਾ ਸੁਆਦ ਚੱਖਿਆ ਜਾਂਦਾ। ਚਰਖਾ ਪੰਜਾਬਣਾਂ ਦੇ ਜੀਵਨ ਦੇ ਇੰਨਾ ਕੁ ਨੇੜੇ ਸੀ ਕਿ ਉਹ ਉਸ ਦੇ ਸਮੁੱਚੇ ਅੰਗਾਂ ਨੂੰ ਆਪਣੇ ਅੰਗਾਂ-ਸਾਕਾਂ ਨਾਲ ਤਸਬੀਹ ਦਿੰਦੀਆਂ ਜਿਵੇਂ-
ਚਰਖਾ ਮੇਰਾ ਰੰਗ ਰੰਗੀਲਾ,
ਮੁੰਨੇ ਮੇਰੇ ਭਾਈ
ਗੁੱਡੀਆਂ ਮੇਰੀਆਂ ਸਕੀਆਂ ਭੈਣਾਂ
ਮਾਲ੍ਹ ਵੱਡੀ ਭਰਜਾਈ।
ਸੋਹਣੇ ਚਰਖੇ ਤੋਂ,
ਨੀਂ ਮੈਂ ਜਿੰਦੜੀ ਘੋਲ ਘੁਮਾਈ।
ਕਿਸੇ ਸੰਯੁਕਤ ਪਰਿਵਾਰ ਵਾਂਗ ਚਰਖਾ ਕਈ ਅੰਗਾਂ ਤੋਂ ਮਿਲ ਕੇ ਬਣਦਾ ਹੈ। ਜਿਵੇਂ ਇਸ ਦੇ ਆਧਾਰ ਵਾਲੀ ਲੱਕੜ ਨੂੰ ‘ਕਾਢ’ ਕਿਹਾ ਜਾਂਦਾ ਹੈ। ਕਾਢ ਉੱਪਰ ਤੱਕਲੇ ਵਾਲੇ ਪਾਸੇ ਤਿੰਨ ਗੁੱਡੀਆਂ ਖੜ੍ਹੀਆਂ ਹੁੰਦੀਆਂ ਹਨ। ਅਗਲੀ ਤੇ ਪਿਛਲੀ ਗੁੱਡੀ ਵਿੱਚ ਗੋਲ ਸੁਰਾਖ਼ ਕਰਕੇ ਚਮੜੇ ਦੀਆਂ ਚਰਮਖਾਂ ਪਾਈਆਂ ਜਾਂਦੀਆਂ ਹਨ ਜਿਨ੍ਹਾਂ ਸਹਾਰੇ ਤੱਕਲਾ ਸਹਾਰਿਆ ਜਾਂਦਾ ਹੈ। ਵਿਚਕਾਰਲੀ ਗੁੱਡੀ ਵਿੱਚ ਲੰਬਾ ਸੁਰਾਖ ਹੁੰਦਾ ਹੈ, ਜਿਸ ਵਿੱਚੋਂ ਦੀ ਮਾਲ੍ਹ ਗੁਜ਼ਰਦੇ ਤੱਕਲੇ ਦੀ ਬੀੜ ’ਤੇ ਘੁੰਮਦੀ ਹੈ। ਬੀੜ ਤੱਕਲੇ ਉੱਪਰ ਧਾਗੇ ਲਪੇਟ ਕੇ ਬਣਾਈ ਜਾਂਦੀ ਹੈ ਪਰ ਨਵੀਂ ਤਕਨੀਕ ਵਾਲੇ ਤਕਲਿਆਂ ਉੱਪਰ ਬੀੜ ਦੀ ਥਾਂ ਛੋਟੀ ਫਿਰਕੀ ਫਿੱਟ ਕਰ ਦਿੱਤੀ ਜਾਂਦੀ ਹੈ।
ਤੱਕਲੇ ਉੱਪਰ ਚਮੜੇ ਦਾ ਗੋਲ ਦਮਕੜਾ ਪਾਇਆ ਜਾਂਦਾ ਹੈ, ਜਿਸ ਦੇ ਸਹਾਰੇ ਤੱਕਲੇ ਤੋਂ ਗਲੋਟਾ (ਛਿੱਕੂ) ਲਾਹਿਆ ਜਾਂਦਾ ਹੈ। ਕਾਢ ਦੇ ਦੂਜੇ ਪਾਸੇ ਪਾਵਿਆਂ ਵਰਗੇ ਦੋ ਮੁੰਨੇ ਲੱਗੇ ਹੁੰਦੇ ਹਨ। ਦੋਵੇਂ ਮੁੰਨਿਆਂ ਦੇ ਵਿਚਕਾਰ ਦੋ ਫੱਟ ਜੜੇ ਹੁੰਦੇ ਹਨ ਜੋ ਮਝੇਰੂ (ਧੁਰੇ) ਨਾਲ ਆਪਸ ਵਿੱਚ ਜੁੜੇ ਹੁੰਦੇ ਹਨ। ਫੱਟਾ ਉੱਪਰ ਵੱਟੇ ਹੋਏ ਸੂਤ ਦੀ ਕਸਣ ਪਾਈ ਹੁੰਦੀ ਹੈ ਜਿਸ ਉੱਪਰ ਦੀ ਮਾਲ੍ਹ ਚਲਦੀ ਹੈ। ਦੋਵੇਂ ਮੁੰਨਿਆਂ ਵਿਚਕਾਰ ਇੱਕ ਸਰੀਆ ਘੁੰਮਦਾ ਹੈ ਜਿਸ ਨੂੰ ਗੁੱਝ ਜਾਂ ਹਥੇੜੀ ਨਾਲ ਘੁਮਾਇਆ ਜਾਂਦਾ ਹੈ। ਔਰਤਾਂ ਸੱਜੇ ਹੱਥ ਦੇ ਅੰਗੂਠੇ ਦੇ ਨਾਲ ਵਾਲੀ ਉਂਗਲ ਨਾਲ ਗੁੱਝ ਨੂੰ ਘੁਮਾਉਂਦੀਆਂ ਹਨ ਤੇ ਖੱਬੇ ਹੱਥ ਦੀਆਂ ਉਂਗਲਾਂ ਵਿੱਚ ਪੂਣੀ ਫੜ ਕੇ ਤੰਦ ਕੱਢਦੀਆਂ ਹੋਈਆਂ ਗਲੋਟਾ ਬਣਾਉਂਦੀਆਂ ਹਨ। ਵਧੀਆ ਚਰਖਾ ਰੀਝਾਂ ਲਾ-ਲਾ ਕੱਤਿਆ ਜਾਂਦਾ ਪਰ ਵਧੀਆ ਚਰਖਾ ਵੀ ਕੋਈ ਵਧੀਆ ਨਿਪੁੰਨ ਕਾਰੀਗਰ ਹੀ ਬਣਾਉਂਦਾ ਸੀ ਜਿਸ ਨੂੰ ਉਹ ਵਧਾਈ ਦਿੰਦੀਆਂ ਗਾਉਂਦੀਆਂ ਨੇ-
ਕਾਰੀਗਰ ਨੂੰ ਦਿਓ ਨੀਂ ਵਧਾਈ,
ਚਰਖਾ ਜੀਹਨੇ ਬਣਾਇਆ
ਰੰਗਲੇ ਮੁੰਨੇ ਰੰਗੀਨ ਗੁੱਡੀਆਂ, ਹੀਰਿਆਂ ਜੜ੍ਹਤ ਜੜਾਇਆ।
ਬੀੜੀ ਦੇ ਨਾਲ ਖਹੇ ਦਮਕੜਾ,
ਤੱਕਲਾ ਫਿਰੇ ਸਵਾਇਆ।
ਕੱਤ ਲੈ ਨੀਂ ਕੁੜੀਏ,
ਤੇਰੇ ਵਿਆਹ ਦਾ ਲਾਗੀ ਆਇਆ।
ਸ਼ੌਕੀਨ ਸੁਆਣੀਆਂ ਚਰਖੇ ਨੂੰ ਹੋਰ ਸੋਹਣਾ ਬਣਾਉਣ ਲਈ ਰੰਗ ਰੋਗਨ ਕਰਵਾ ਕੇ ਫੁੱਲਾਂ ਨਾਲ ਸਜਾ ਦਿੰਦੀਆਂ। ਸ਼ੀਸ਼ੇ ਜੜਤ ਤੇ ਮੀਨਾਕਾਰੀ ਵਾਲੇ ਚਰਖੇ ਵੀ ਤ੍ਰਿੰਝਣਾਂ ਦਾ ਸ਼ਿੰਗਾਰ ਰਹੇ ਹਨ। ਚਰਖਾ ਦਾਜ ਦੀ ਖਾਸ ਚੀਜ਼ ਹੁੰਦਾ ਸੀ। ਵੀਰ ਵੱਲੋਂ ਦਿੱਤਾ ਸੁਨਹਿਰੀ ਮੇਖਾਂ ਵਾਲਾ ਚਰਖਾ ਕੱਤਦੀ ਭੈਣ ਨੂੰ ਦੂਰ ਵਸੇਂਦੇ ਵੀਰ ਦੀ ਯਾਦ ਆਉਂਦੀ ਹੈ ਤਾਂ ਉਹ ਗਾਉਂਦੀ ਹੈ-
ਚਰਖਾ ਮੇਰਾ ਰੰਗਲਾ, ਵਿੱਚ ਸੋਨੇ ਦੀਆਂ ਮੇਖਾਂ।
ਵੀਰਾ ਤੈਨੂੰ ਯਾਦ ਕਰਾਂ, ਜਦ ਚਰਖੇ ਵੱਲ ਵੇਖਾਂ।
ਭੈਣਾਂ ਵੀਰ ਵੱਲੋਂ ਲਿਆਂਦੀ ਰੰਗੀਨ ਦਾਜ ਦੀ ਚਰਖੀ ’ਤੇ ਵੀ ਮਾਣ ਕਰਦੀਆਂ ਰਹੀਆਂ ਹਨ। ਚਰਖਾ ਟਾਹਲੀ ਜਾਂ ਚੰਨਣ ਦਾ ਹੀ ਵਧੀਆ ਮੰਨਿਆ ਗਿਆ ਹੈ। ਕਿੱਕਰ ਦੇ ਚਰਖੇ ਤੋਂ ਅੱਕੀ ਪੰਜਾਬੀ ਮੁਟਿਆਰ ਮਾਂ ਨੂੰ ਇੰਜ ਉਲਾਂਭਾ ਦਿੰਦੀ ਹੈ-
ਕਿੱਕਰ ਦਾ ਮੇਰਾ ਚਰਖਾ ਮਾਏ, ਟਾਹਲੀ ਦਾ ਕਢਵਾ ਦੇ।
ਇਹ ਚਰਖੇ ਦਾ ਹੱਲੇ ਮਝੇਰੂ, ਮਾਲ੍ਹ ਗੋਤੀਆਂ ਖਾਵੇ।
ਮੇਰੇ ਨਾਲ ਦੀਆਂ ਕੱਤ ਕੇ ਸੌਂ ਗਈਆਂ, ਮੈਥੋਂ ਕੱਤਿਆ ਨਾ ਜਾਵੇ।
ਚਰਖਾ ਬੂ ਚੰਦਰਾ, ਮੇਰੀ ਨੀਂਦ ਗਵਾਵੇ।
ਜਿੱਥੇ ਮਾੜੀ ਲੱਕੜ ਦੇ ਚਰਖੇ ਨੀਂਦ ਖਰਾਬ ਕਰਨ ਦਾ ਕਾਰਨ ਬਣਦੇ ਰਹੇ, ਉੱਥੇ ਵਧੀਆ ਚਰਖੇ ਸਾਰੀ ਸਾਰੀ ਰਾਤ ਵੀ ਕੱਤੇ ਜਾਂਦੇ ਰਹੇ, ਜਿਵੇਂ-
ਮਾਂ ਮੇਰੀ ਨੇ ਚਰਖਾ ਦਿੱਤਾ, ਪੀੜ੍ਹੀ ਕਰਾ ਦੇ ਤੂੰ।
ਵੇ ਸਾਰੀ ਰਾਤ ਕੱਤਿਆ ਕ ਰੂੰ, ਕੱਤਿਆ ਕ ਰੂੰ ਤੇਰੀ ਰੂੰ।
ਕੱਤਣ ਤੁੰਬਣ, ਸਿਉਣ-ਪਰੋਣ ਅਤੇ ਲਿੱਪਣ-ਪੋਚਣ ਜਿਹੀਆਂ ਸੂਖ਼ਮ ਕਲਾਵਾਂ ਵਿੱਚੋਂ ਹੀ ਪੰਜਾਬਣਾਂ ਦੀ ਹਸਤ ਕਲਾ ਦੇ ਪ੍ਰਤੱਖ ਦਰਸ਼ਨ ਹੁੰਦੇ ਨੇ। ਇਨ੍ਹਾਂ ਗੁਣਾਂ ਕਰਕੇ ਹੀ ਉਹ ਸੁਘੜ ਸਿਆਣੀ ਸੁਆਣੀ ਹੈ। ਇਹ ਚਰਖਾ ਪੰਜਾਬੀਆਂ ਦੇ ਜਨਮ ਤੋਂ ਮਰਨ ਤਕ ਦੇ ਕੱਜਣ ਦਾ ਵੀ ਜ਼ਿੰਮੇਵਾਰ ਰਿਹਾ ਹੈ। ਪੋਤੜਿਆਂ ਤੋਂ ਕੱਫਣ ਤਕ ਦਾ ਸੂਤਰ ਇਸ ਚਰਖੇ ਉੱਪਰ ਹੀ ਘੁੰਮ ਕੇ ਆਉਂਦਾ ਸੀ। ਇਸ ਤੋਂ ਇਲਾਵਾ ਖੇਸ, ਤਾਣੀਆਂ, ਚਾਦਰਾਂ, ਕੋਰਿਆਂ, ਪੋਣਿਆਂ ਦਾ ਜਨਮਦਾਤਾ ਚਰਖਾ ਹੀ ਰਿਹਾ ਹੈ। ਚਰਖੇ ਉਤੇ ਗ਼ਮਾਂ ਦੇ ਸੂਤਰ ਵੀ ਕੱਤੇ ਜਾਂਦੇ ਰਹੇ, ਕਦੇ-ਕਦੇ ਦਰਾਂ ਦਰਵਾਜ਼ਿਆਂ ਵਿੱਚ ਡਹਿੰਦੇ ਚਰਖੇ ਪ੍ਰੇਮੀਆਂ ਦੇ ਮਿਲਾਪ ਦਾ ਸਬੱਬ ਵੀ ਬਣਦੇ ਰਹੇ, ਕਿਧਰੇ ਪੰਜ ਪੂਣੀਆਂ ਕੱਤਣ ਵੇਲੇ ਤਕ ਪੰਦਰਾਂ ਗੇੜੇ ਵੀ ਵੱਜਦੇ ਰਹੇ, ਕਿਧਰੇ ਕੁਵੱਲੜੇ ਤੰਦ ਪਾਉਂਦੀ ਧੀ ਚਰਖੇ ਸਿਰ ਦੋਸ਼ ਮੜ੍ਹਦੀ ਰਹੀ। ਕਿਤੇ ਪੁਨੂੰ ਵਰਗੀਆਂ ਸੂਰਤਾਂ ਨਾ ਮਿਲਣ ਦਾ ਗੁੱਸਾ ਚਰਖਾ ਤੋੜ ਕੇ ਕੱਢਿਆ ਜਾਂਦਾ ਰਿਹਾ, ਕਿਧਰੇ ਸ਼ੌਕੀਨ ਜੈ ਕੁਰਾਂ ਚਰਖਿਆਂ ਵਿੱਚ ਗਿਣ-ਗਿਣ ਮੇਖਾਂ ਲਾਉਂਦੀਆਂ ਰਹੀਆਂ। ਗੱਲ ਕੀ ਚਰਖਾ ਪੰਜਾਬਣਾਂ ਦੀ ਧੁਰ ਰੂਹ ਤਕ ਵਸਦਾ ਰਿਹਾ ਪਰ ਸਮੇਂ ਦੇ ਆਧੁਨਿਕ ਲੀਹਾਂ ’ਤੇ ਪੈਣ ਕਰਕੇ ਔਰਤਾਂ ਦੀ ਚਰਖਿਆਂ ਨਾਲ ਦੂਰੀ ਵਧਦੀ ਗਈ। ਅਜੋਕੇ ਤਕਨੀਕੀ ਰੈਡੀਮੇਡ ਯੁੱਗ ਨੇ ਤਾਂ ਇਸ ਨੂੰ ਖੂੰਜੇ ਹੀ ਲਾ ਕੇ ਰੱਖ ਦਿੱਤਾ। ਹੁਣ ਅਸਲ ਵਿੱਚ ਤਾਂ ਚਰਖੇ ਘਰਾਂ ਵਿੱਚ ਦਿੱਸਦੇ ਹੀ ਨਹੀਂ, ਜੇ ਨਜ਼ਰੀਂ ਪੈਂਦੇ ਵੀ ਹਨ ਤਾਂ ਕਿਸੇ ਤੂੜੀ ਵਾਲੇ ਕੋਠੇ, ਪਸ਼ੂਆਂ ਵਾਲੇ ਬਰਾਂਡੇ ਦੀ ਛੱਤ ਉੱਤੇ, ਪੜਛੱਤੀ ਵਿੱਚ ਬੇਜਾਨਾਂ ਵਾਂਗੰੂ ਅੰਗ ਪੈਰ ਖਿਲਾਰੀ ਪਏ ਹਨ। ਅੱਜ ਦੀਆਂ ਬੱਚੀਆਂ ਨੂੰ ਤਾਂ ਚਰਖੇ ਦਾ ਨਾਂ ਤਕ ਵੀ ਯਾਦ ਨਹੀਂ, ਉਸ ਦੇ ਸਮੁੱਚੇ ਅੰਗਾਂ ਬਾਰੇ ਪਤਾ ਹੋਣਾ ਤੇ ਕੱਤਣ ਦਾ ਵੱਲ ਹੋਣਾ ਤਾਂ ਦੂਰ ਦੀ ਗੱਲ ਹੈ। ਅਜੋਕੇ ਕੋਠੀਨੁਮਾ ਘਰਾਂ ਵਿੱਚ ਅਤਿ-ਆਧੁਨਿਕ ਸੁੱਖ ਸਹੂਲਤਾਂ ਤਾਂ ਸਜਾਈਆਂ ਦਿੱਸਦੀਆਂ ਹਨ ਪਰ ਬੇਬੇ ਦਾ ਚਰਖਾ ਨਹੀਂ।
ਮੇਰੇ ਪੇਕੇ ਘਰ ਵਿੱਚ ਚਰਖਾ ਹੁੰਦਾ ਸੀ, ਜਿਸ ਨੂੰ ਮਾਂ ਅਤੇ ਦਾਦੀ ਕੱਤਦੀਆਂ ਸਨ। ਉਨ੍ਹਾਂ ਨੂੰ ਵੇਖ ਕੇ ਮੇਰਾ ਕੱਤਣ ਨੂੰ ਬੜਾ ਜੀਅ ਕਰਦਾ ਪਰ ਜਦ ਸਿੱਖਣ ਬੈਠਦੀ ਤਾਂ ਬਹੁਤ ਰੂੰ ਖਰਾਬ ਕਰ ਦਿੰਦੀ। ਤੰਦ ਨਾ ਨਿਕਲਦਾ। ਪਾਪਾ ਪੜ੍ਹਨ ਲਈ ਕਹਿ ਕੇ ਉਠਾ ਦਿੰਦੇ ਪਰ ਲਗਨ ਸ਼ੌਕ ਨਾਲ ਚੋਰੀ ਛੁਪੇ ਮੈਂ ਚਰਖਾ ਕੱਤਣਾ ਸਿੱਖ ਹੀ ਲਿਆ। ਹੁਣ ਲਿਖਣ ਵੇਲੇ ਤਕ ਮੈਨੂੰ ਵੀ ਚਰਖੇ ਦੇ ਅੰਗਾਂ ਦੇ ਬਹੁਤੇ ਨਾਂ ਯਾਦ ਨਹੀਂ ਸਨ ਜਿਸ ਕਰਕੇ ਆਂਢ-ਗੁਆਂਢ ਦੀਆਂ ਬਜ਼ੁਰਗ ਮਾਈਆਂ ਦੀ ਸਹਾਇਤਾ ਲੈਣੀ ਪਈ। ਸਹੁਰੇ ਘਰ ਵੀ ਇੱਕ ਨੁੱਕਰੇ ਚਰਖਾ ਸਾਂਭਿਆ ਪਿਆ ਹੈ। ਮੇਰੀ ਦਿਲੀ ਤਾਂਘ ਹੈ ਕਿ ਮੈਂ ਆਪਣੀ ਧੀ ਨੂੰ ਵੀ ਚਰਖਾ ਕੱਤਣਾ ਸਿਖਾਵਾਂ। ਲਿਖਦੀ ਲਿਖਦੀ ਜਦ ਮੈਂ ਆਪਣੀ ਪੰਜ ਕੁ ਵਰ੍ਹਿਆਂ ਦੀ ਧੀ ਨੂੰ ਚਰਖੇ ਕੋਲ ਲਿਜਾ ਕੇ ਉਸ ਦੇ ਅੰਗਾਂ ਬਾਰੇ ਦੱਸਣ ਲੱਗੀ ਤਾਂ ਉਸ ਨੇ ਬਹੁਤ ਦਿਲਚਸਪੀ ਨਾਲ ਸੁਣਿਆ। ਉਸ ਨੇ ਬੜੀ ਖ਼ੁਸ਼ੀ ਨਾਲ ਚਰਖੇ ਨੂੰ ਘੁਮਾ ਕੇ ਵੀ ਦੇਖਿਆ। ਮੈਂ ਉਸ ਨੂੰ ਚਰਖਾ ਕੱਤਣਾ ਸਿਖਾਉਣ ਦਾ ਵਾਅਦਾ ਕੀਤਾ। ਭਾਵੇਂ ਸਮੇਂ ਦੇ ਨਾਲ-ਨਾਲ ਬਦਲਾਅ ਸੁਭਾਵਕ ਕਿਰਿਆ ਹੈ ਪਰ ਕਿੰਨਾ ਚੰਗਾ ਹੋਵੇ ਜੇ ਅਸੀਂ ਪੰਜਾਬੀ ਸੱਭਿਆਚਾਰ ਦੀ ਜਿੰਦ-ਜਾਨ ਰਹੀਆਂ ਵਸਤਾਂ ਨੂੰ ਸਾਂਭ ਸਕੀਏ, ਨਹੀਂ ਤਾਂ ਇਹ ਵਸਤਾਂ ਅਜਾਇਬਘਰਾਂ ਵਿੱਚ ਹੀ ਸਿਮਟ ਕੇ ਰਹਿ ਜਾਣਗੀਆਂ ਤੇ ਸਾਡੇ ਬੱਚੇ ਉਂਗਲਾਂ ਕਰਕੇ ਪੁੱਛਣਗੇ ਕਿ ਇਹ ਕੀ ਹੈ?
ਆਪਣੇ ਵੱਲੋਂ ਨਿਰਮੋਹੀ ਹੋ ਰਹੀ ਪੰਜਾਬਣ ਨੂੰ ਚਰਖਾ ਇੱਕ ਦਿਨ ਜ਼ਰੂਰ ਹਲੂਣ ਕੇ ਆਪਣੇ ਨਾਲ ਬੀਤੀ ਦਾ ਹਾਲ ਪੁੱਛੇਗਾ, ਜਿਸ ਨੂੰ ਸੁਣ ਕੇ ਉਹ ਪਸੀਜੇਗੀ ਤੇ ਹੁੰਗਾਰਾ ਭਰਨ ਲਈ ਮਜਬੂਰ ਹੋਵੇਗੀ ਜਦੋਂਕਿ ਚਰਖਾ ਗਾਵੇਗਾ-
ਹੱਸਣਾ ਵੀ ਭੁੱਲਗੀ ਤੇ ਨੱਚਣਾ ਵੀ ਭੁੱਲਗੀ।
ਕਹਿੰਦੇ ਨੇ ਗਲੋਟੇ ਕੁੜੀ ਕੱਤਣਾ ਵੀ ਭੁੱਲਗੀ।
ਤੰਦ ਚਰਖੇ ’ਤੇ ਰੋਣ ਵਿਚਾਰੇ।
ਨੀਂ ਚਰਖਾ ਬੋਲ ਪਿਆ, ਗੱਲ ਸੁਣ ਅੱਲ੍ਹੜੇ ਮੁਟਿਆਰ,
ਨੀਂ ਚਰਖਾ…


ਜਗਜੀਤ ਕੌਰ ਜੀਤ

ਮੋਬਾਈਲ: 94173-80887


Post Comment