ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Saturday, August 18, 2012

ਬਰੋਟਾ : ਭਾਰਤ ਦਾ ਰਾਸ਼ਟਰੀ ਰੁੱਖ

ਬਰੋਟੇ ਦੇ ਰੁੱਖ ਦੀ ਪੂਜਾ ਕਰਦੀਆਂ ਔਰਤਾਂ ਦਾ ਇਕ ਚਿੱਤਰ।
ਜਦੋਂ ਸਿਕੰਦਰ ਮਹਾਨ ਨੇ 326 ਪੂਰਵ ਈਸਵੀ ਵਿਚ ਭਾਰਤ ਉੱਤੇ ਹਮਲਾ ਕੀਤਾ ਸੀ ਤਾਂ ਉਸ ਦੇ ਫੌਜੀ ਇਥੋਂ ਦੇ ਬਰੋਟਿਆਂ ਦੇ ਵਿਸ਼ਾਲ ਰੂਪ ਦੇਖ ਕੇ ਦੰਗ ਰਹਿ ਗਏ ਸਨ ਅਤੇ ਆਪਣੇ ਦੇਸ਼ ਪਰਤ ਕੇ ਉਨ੍ਹਾਂ ਨੇ ਇਸ ਰੁੱਖ ਦੀ ਅਸਾਧਾਰਨ ਵਿਸ਼ਾਲਤਾ ਦੀ ਲੋਕਾਂ ਵਿਚ ਚਰਚਾ ਕੀਤੀ ਸੀ। ਇਸ ਚਰਚਾ ਦੇ ਅਧਾਰ ਉੱਤੇ ਯੂਨਾਨ ਦੇ ਪ੍ਰਾਚੀਨ ਇਤਿਹਾਸਕਾਰ ਅਤੇ ਭੂਗੋਲਵੇਤਾ ਸਟਰੈਬੋ ਨੇ ਲਿਖਿਆ ਹੈ ਕਿ ਪੰਜਾਬ ਦੇ ਦਰਿਆ ਰਾਵੀ ਕੰਢੇ ਖੜ੍ਹੇ ਇਕ ਬਰੋਟੇ ਦੀ ਛਾਂ ਅੱਧਾ ਮੀਲ ਲੰਬਾਈ ਤੋਂ ਵੱਧ ਘੇਰੇ ਵਿਚ ਫੈਲੀ ਹੋਈ ਸੀ। ਜੈਮਜ਼ ਫੋਰਬਸ (1749-1819) ਨੇ ਆਪਣੇ ਪੂਰਬ ਨਾਲ ਸਬੰਧਤ ਬਿਰਤਾਂਤ ਵਿਚ ਦੱਖਣੀ ਭਾਰਤ ਦੀ ਨਰਬਦਾ ਨਦੀ ਕੰਢੇ ਖੜ੍ਹੇ ਬਰੋਟੇ ਦਾ ਜ਼ਿਕਰ ਕੀਤਾ ਹੈ, ਜੋ ਉਸ ਅਨੁਸਾਰ 2000 ਫੁੱਟ ਦੇ ਘੇਰੇ ਵਿਚ ਫੈਲਿਆ ਹੋਇਆ ਸੀ, ਜਿਸ ਦੇ 3000 ਤੋਂ ਵੱਧ ਤਣੇ ਸਨ ਅਤੇ ਇਸ ਦੀ ਛਾਂ ਹੇਠ 7000 ਤੋਂ ਵੱਧ ਵਿਅਕਤੀ ਆਰਾਮ ਕਰ ਸਕਦੇ ਸਨ। ਭਾਰਤ ਵਿਚ ਅੱਜ ਵੀ ਕਈ ਥਾਂਵਾਂ 'ਤੇ ਵਿਸ਼ਾਲ ਬਰੋਟੇ ਦੇਖੇ ਜਾ ਸਕਦੇ ਹਨ, ਜਿਵੇਂ ਕਿ ਭਾਰਤੀ ਬਨਸਪਤੀ ਬਾਗ, ਹਾਵੜਾ ਵਿਖੇ, ਦੱਖਣੀ ਚੇਨਈ ਵਿਚ ਆਦਿਆਰ ਵਿਖੇ ਅਤੇ ਪੰਜਾਬ ਵਿਚ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਚੋਲਟੀ ਖੇੜਾ ਵਿਖੇ। ਤਪਤ ਖੰਡੀ ਭਾਰਤ ਵਿਚ ਗਰਮੀ ਸਮੇਂ ਬਰੋਟਾ ਠੰਢੀ ਛਾਂ ਦਾ ਸਦੀਆਂ ਤੋਂ ਸਭ ਤੋਂ ਵੱਡਾ ਸਰੋਤ ਬਣਿਆ ਆਇਆ ਹੈ। ਇਸ ਹੇਠ ਬੈਠ ਕੇ ਪਿੰਡਾਂ ਵਾਲੇ ਸੂਰਜ ਦੀ ਤਪਸ਼ ਤੋਂ ਹੀ ਨਹੀਂ ਬਚਦੇ, ਸਗੋਂ ਇਹ ਥਾਂ ਉਨ੍ਹਾਂ ਦੇ ਭਾਈਚਾਰਕ ਵਿਚਾਰ-ਵਟਾਂਦਰੇ, ਸਮੀਖਿਆ, ਚਿੰਤਨ, ਪੁਨਰਵਿਚਾਰ ਅਤੇ ਆਲੋਚਨਾ ਕਰਨ ਦਾ ਕੇਂਦਰ-ਬਿੰਦੂ ਬਣਿਆ ਰਹਿੰਦਾ ਹੈ। ਪਿੰਡ ਦੇ ਬਜ਼ੁਰਗਾਂ, ਜਲਸਿਆਂ ਅਤੇ ਪੰਚਾਇਤਾਂ ਲਈ ਵੀ ਇਸ ਦੀ ਅਹਿਮੀਅਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਭਾਰਤ ਵਿਚ ਰੁੱਖਾਂ ਦੀ ਪੂਜਾ ਕਰਨ ਦੀ ਰਵਾਇਤ ਬਹੁਤ ਪੁਰਾਣੀ ਹੈ। ਪ੍ਰਾਚੀਨ ਭਾਰਤ ਦੇ ਬਹੁਤੇ ਨਿਵਾਸੀ ਵਿਸ਼ਵਾਸ ਕਰਦੇ ਸਨ ਕਿ ਹਰ ਰੁੱਖ ਨਾਲ 'ਵਰਿਕਸ਼-ਦੇਵਤਾ' ਜੁੜਿਆ ਹੈ। ਇਸ ਧਾਰਨਾ ਦੇ ਬਾਵਜੂਦ ਬਰੋਟਾ ਜਾਂ ਬੋਹੜ ਦੇ ਰੁੱਖ ਨੂੰ ਸਭ ਤੋਂ ਪੁਰਾਨ ਅਤੇ ਪਵਿੱਤਰ ਮੰਨਿਆ ਗਿਆ ਹੈ। ਭਾਰਤ ਦਾ 'ਰਾਸ਼ਟਰੀ ਰੁੱਖ' ਵੀ ਬਰੋਟਾ ਜਾਂ ਬੋਹੜ ਦਾ ਰੁੱਖ ਹੈ। ਇਸ ਦਾ ਜ਼ਿਕਰ ਭਾਰਤੀ ਮਿਥਿਹਾਸ, ਲੋਕਧਾਰਾ, ਪੁਰਾਣਕ ਕਥਾਵਾਂ ਅਤੇ ਕਹਾਣੀਆਂ ਵਿਚ ਮਿਲਦਾ ਹੈ। ਹਿੰਦੂ ਮਿਥਿਹਾਸ ਵਿਚ ਇਸ ਦਾ ਨਾਂਅ 'ਕਲਪ ਵਰਿਕਸ਼' ਹੈ, ਭਾਵ ਇੱਛਾਵਾਂ ਨੂੰ ਪੂਰਾ ਕਰਨ ਜਾਂ ਅਨੰਤ ਜੀਵਨ ਪ੍ਰਦਾਨ ਕਰਨ ਵਾਲਾ ਰੁੱਖ। ਇਸ ਰੁੱਖ ਨੂੰ ਤ੍ਰੈਮੂਰਤੀ ਜੀਵ ਵਿਸ਼ਨੂੰ, ਬ੍ਰਹਮਾ ਅਤੇ ਸ਼ਿਵ ਦਾ ਪ੍ਰਤੀਕ ਵੀ ਮੰਨਿਆ ਗਿਆ ਹੈ। ਇਸੇ ਪ੍ਰਕਾਰ ਸਤਯਵਾਹਨ ਸਾਵਿਤਰੀ ਦੀ ਪੁਰਾਣਕ ਕਥਾ ਵੀ ਬਰੋਟੇ ਨਾਲ ਜੁੜੀ ਹੈ। ਇਸ ਕਥਾ ਅਨੁਸਾਰ ਸਵਿਤਰੀ ਦੇ ਪਤੀ ਸਤਯਵਾਨ ਦੀ ਮੌਤ ਬਰੋਟੇ ਹੇਠ ਹੋਈ ਸੀ। ਇਸ ਰੁੱਖ ਦੀ ਪੂਜਾ ਕਰਕੇ ਅਤੇ ਆਪਣੇ ਪਤੀਵਰਤਾ ਧਰਮ ਸਦਕਾ ਉਸ ਨੇ ਧਰਮਰਾਜ ਨੂੰ ਪ੍ਰਸੰਨ ਕਰਕੇ ਸਤਯਵਾਨ ਨੂੰ ਜਿਉਂਦਾ ਕਰਵਾ ਲਿਆ ਸੀ। ਭਾਈ ਕਾਨ੍ਹ ਸਿੰਘ ਨਾਭਾ ਦੇ 'ਗੁਰਸ਼ਬਦ ਰਤਨਾਕਰ ਮਹਾਨਕੋਸ਼' ਵਿਚ ਵੀ ਇਸ ਕਥਾ ਦਾ ਵਰਨਣ ਹੈ। ਉਨ੍ਹਾਂ ਨੇ ਸਵਿਤਰੀ ਦਾ ਅਰਥ 'ਸੁਹਾਗਣ ਇਸਤਰੀ' ਲਿਖਿਆ ਹੈ। 'ਵਟ ਸਵਿਤਰੀ ਵਰਤ' ਜੋ ਭਾਰਤ ਦੇ ਕਈ ਇਲਾਕਿਆਂ ਵਿਚ ਨਾਰੀਆਂ ਰੱਖਦੀਆਂ ਹਨ, ਇਸ ਪੁਰਾਣਕ ਕਥਾ ਉੱਤੇ ਹੀ ਅਧਾਰਿਤ ਹੈ। ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਹ ਵਰਤ ਰੱਖਣ ਨਾਲ ਵਿਆਹੁਤਾ ਜੀਵਨ ਵਿਚ ਸੰਤੁਲਨ ਅਤੇ ਇਕਸੁਰਤਾ ਬਣੀ ਰਹਿੰਦੀ ਹੈ।

ਡਾ:ਕੰਵਰਜੀਤ ਸਿੰਘ ਕੰਗ
-2011, ਫੇਜ਼ 10, ਮੋਹਾਲੀ। ਮੋਬਾ: 98728-33604
kanwar_kang@yahoo.com


Post Comment


ਗੁਰਸ਼ਾਮ ਸਿੰਘ ਚੀਮਾਂ