ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Tuesday, August 7, 2012

ਹਮਲਾਵਰ ਦੀ ਮਾਂ ਨੇ ਪੀੜਤਾਂ ਤੋਂ ਮੰਗੀ ਮੁਆਫੀ (ਮ੍ਰਿਤਕ ਦੇਹਾਂ ਨੂੰ ਲਿਆਉਣ ਦਾ ਖਰਚਾ ਪੰਜਾਬ ਸਰਕਾਰ ਝੱਲੇਗੀ)


ਕੇਂਦਰ ਸਰਕਾਰ ਪੀੜਤਾਂ ਦੀ ਪੂਰੀ ਮਦਦ ਕਰੇਗੀ
 7 ਅਗਸਤ ਕੇਂਦਰ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵੀ. ਰਵੀ ਨੇ ਅਮਰੀਕਾ ਦੇ ਗੁਰਦੁਆਰੇ ਵਿੱਚ ਗੋਲੀਬਾਰੀ ਕਰਕੇ ਸਿੱਖਾਂ ਦੀ ਹੱਤਿਆ ਕਰਨ ਦੀ ਨਿਖੇਧੀ ਕਰਦਿਆਂ ਅਮਰੀਕਾ ਵਿਚਾਲੇ ਭਾਰਤੀ ਸਫ਼ਾਰਤਖਾਨੇ ਨੂੰ ਕਿਹਾ ਹੈ ਕਿ ਉਹ ਪੀੜ੍ਹਤ ਪਰਿਵਾਰਾਂ ਦੀ ਹਰ ਸੰਭਵ ਮਦਦ ਕਰੇ। ਉਧਰ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਸ ਘਟਨਾ ਮਗਰੋਂ ਦੇਸ਼ਵਾਸੀਆਂ ਨੂੰ ਆਤਮ ਚਿੰਤਨ ਕਰਨ ਲਈ ਕਿਹਾ ਹੈ ਤਾਂ ਜੋ ਅਜਿਹੀ ਹਿੰਸਾ ‘ਚ ਕਮੀ ਲਿਆਂਦੀ ਜਾ ਸਕੇ।ਮਿਲਵਾਕੀ ਦੇ ਗੁਰਦੁਆਰੇ ਵਿਚ ਸੰਗਤ ਉਪਰ ਗੋਲੀਆਂ ਚਲਾ ਕੇ 6 ਸਿੱਖਾਂ ਦੀ ਹੱਤਿਆ ਕਰਨ ਵਾਲੇ ਸਾਬਕਾ ਫੌਜੀ ਦੀ ਮਾਂ ਨੇ ਆਪਣੇ ਪੁੱਤ ਦੇ ਗੁਨਾਹ ਲਈ ਸਿੱਖਾਂ ਤੋਂ ਮੁਆਫ਼ੀ ਮੰਗੀ ਹੈ। ਲੌਹਾ ਲਿਨ ਨੇ ‘ਮੇਲਆਨਲਾਈਨ’ ‘ਚ ਕਿਹਾ, ”ਜਦੋਂ ਮੈਂ ਆਪਣੇ ਪੁੱਤ ਵਾਡੇ ਮਾਈਕਲ ਪੇਜ ਵੱਲੋਂ ਕੀਤੀ ਕਰਤੂਤ ਬਾਰੇ ਸੁਣਿਆ ਤਾਂ ਮੇਰੇ ਹੋਸ਼ ਉੱਡ ਗਏ। ਸੱਚੀ ਗੱਲ ਤਾਂ ਇਹ ਹੈ ਕਿ ਜਦੋਂ ਦਾ ਮੇਰੇ ਆਪਣੇ ਪਤੀ ਜੈਸੀ ਐਲਵਿਨ ਪੇਜ ਨਾਲ ਤਲਾਕ ਹੋਇਆ ਹੈ, ਉਸ ਤੋਂ ਬਾਅਦ  ਮਾਈਕਲ ਨਾਲ ਮੇਰੀ ਕਦੇ ਵੀ ਗੱਲ ਨਹੀਂ ਹੋਈ। ਮਾਈਕਲ ਅਜਿਹਾ ਹੋਵੇਗਾ ਮੈਂ ਕਦੇ  ਸੋਚਿਆ ਨਹੀਂ ਸੀ। ਜਿਹੜੇ ਲੋਕਾਂ ਨੇ ਆਪਣੇ ਗੁਆ ਲਏ ਹਨ, ਮੈਂ ਉਨ੍ਹਾਂ ਤੋਂ ਮੁਆਫੀ ਮੰਗਦੀ ਹਾਂ।” ਸ੍ਰੀ ਰਵੀ ਨੇ ਇਕ ਬਿਆਨ ਜਾਰੀ ਕਰਦਿਆਂ ਮਿਲਵਾਕੀ ਦੇ ਓਕ ਕਰੀਕ  ਗੁਰਦੁਆਰੇ ਵਿੱਚ ਸਿੱਖਾਂ ਦੀ ਹੱਤਿਆ ਕਰਨ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਵਾਸ਼ਿੰਗਟਨ ਸਥਿਤ ਭਾਰਤੀ ਸਫ਼ਾਰਤਖਾਨੇ ਤੇ ਸ਼ਿਕਾਗੋ ਕੌਂਸਲ ਜਨਰਲ ਨੂੰ ਹੁਕਮ ਦਿੱਤਾ ਹੈ ਕਿ ਉਹ ਪ੍ਰਭਾਵਤ ਭਾਰਤੀਆਂ ਦੀ ਹਰ ਸੰਭਵ ਮਦਦ ਕਰਨ।
ਵਿਦੇਸ਼ ਮੰਤਰੀ ਐਸਐਮ ਕ੍ਰਿਸ਼ਨਾ ਨੇ ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕÇਲੰਟਨ ਨਾਲ ਗੱਲ ਕਰਕੇ ਇਸ ਘਟਨਾ ‘ਤੇ ਡੂੰਘੀ ਚਿੰਤਾ ਤੇ ਨਾਖੁਸ਼ੀ ਪ੍ਰਗਟ ਕੀਤੀ। ਉਨ੍ਹਾਂ ਨੇ ਭਾਰਤੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।
ਵ੍ਹਾਈਟ ਹਾਊਸ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਸ੍ਰੀ ਓਬਾਮਾ ਨੇ ਦੇਸ਼ਵਾਸੀਆਂ ਨੂੰ ਅਜਿਹੀਆਂ ਘਟਨਾਵਾਂ ‘ਤੇ ਨੱਥ ਪਾਉਣ ਲਈ ਆਤਮ ਚਿੰਤਨ ਕਰਨ ਦਾ ਸੱਦਾ ਦਿੱਤਾ।
ਉਨ੍ਹਾਂ ਕਿਹਾ, ”ਮੈਨੂੰ ਲੱਗਦਾ ਹੈ ਕਿ ਆਪਾਂ ਸਾਰੇ ਮਹਿਸੂਸ ਕਰਦੇ ਹਾਂ ਕਿ ਅਜਿਹੀਆਂ ਖੌਫਨਾਕ ਤੇ ਦੁਖਦ ਘਟਨਾਵਾਂ ਵਧ ਰਹੀਆਂ ਹਨ। ਇਨ੍ਹਾਂ ਨੂੰ ਠੱਲ ਪਾਉਣ ਲਈ ਆਪਣੇ ਅੰਦਰ ਝਾਤ ਮਾਰਨ ਦੀ ਲੋੜ ਹੈ। ਅਜਿਹੀਆਂ ਹਿੰਸਕ ਘਟਨਾਵਾਂ ਨਾਲ ਅਮਰੀਕੀਆਂ ਦੇ ਦਿਲਾਂ ਨੂੰ ਸੱਟ ਵੱਜੀ ਹੈ। ਜੇਕਰ ਅਸੀਂ ਮੁੱਢਲੀਆਂ ਰਿਪੋਰਟਾਂ ਨੂੰ ਦੇਖੀਏ ਜਿਨ੍ਹਾਂ ਵਿੱਚ ਇਹ ਨਸਲੀ ਹਮਲਾ ਹੋਇਆ ਲਗਦਾ ਹੈ ਤਾਂ ਮੈਂ ਇਹੀ ਕਹਾਂਗਾ ਕਿ ਆਪਾਂ ਕਿਧਰ ਜਾ ਰਹੇ ਹਾਂ। ਅਜਿਹੇ ਵਿਵਹਾਰ ਨੂੰ ਤੁਰੰਤ ਨਕੇਲ ਪਾਉਣ ਦੀ ਲੋੜ ਹੈ। ਅਮਰੀਕੀ ਸਭਿਅਕ ਸਮਾਜ ਵਿੱਚ ਜਿਊਣ ਵਾਲੇ ਹਨ ਤੇ ਰੰਗ ਤੇ ਨਸਲ ਭੇਦਭਾਵ ਦੀ ਇਸ ਵਿੱਚ ਕੋਈ ਥਾਂ ਨਹੀਂ।”
6 ਮ੍ਰਿਤਕਾਂ ਵਿੱਚ 4 ਭਾਰਤੀ :ਅਮਰੀਕੀ ਗੁਰਦੁਆਰੇ ਵਿੱਚ ਮਾਰੇ ਗਏ 6 ਸਿੱਖਾਂ ਵਿੱਚੋਂ 4 ਭਾਰਤੀ ਹਨ ਤੇ ਇਨ੍ਹਾਂ ਵਿੱਚੋਂ ਇਕ ਹਾਲ ਹੀ ਦੌਰਾਨ ਇਥੇ ਆਇਆ ਸੀ। ਮ੍ਰਿਤਕਾਂ ਵਿੱਚ ਸੰਤਾ ਸਿੰਘ (41), ਹਰਦੀਪ ਸਿੰਘ (49), ਸਤਵੰਤ ਸਿੰਘ ਕਾਲੇਕਾ (62), ਪ੍ਰਕਾਸ਼ ਸਿੰਘ (39), ਪਰਮਜੀਤ ਕੌਰ (41) ਤੇ ਸੁਭਾਇਕ ਸਿੰਘ (84) ਸ਼ਾਮਲ ਹਨ।
ਭਾਰਤੀ ਸਫ਼ਾਰਤਖਾਨੇ ਨੇ ਮ੍ਰਿਤਕਾਂ ਦੇ ਨਾਂ ਨਸ਼ਰ ਕਰਦਿਆਂ ਕਿਹਾ ਹੈ ਕਿ ਇਨ੍ਹਾਂ ਵਿੱਚੋਂ 4 ਭਾਰਤੀ ਨਾਗਰਿਕ ਸਨ, ਪਰ ਉਨ੍ਹਾਂ ਇਹ ਨਹੀਂ ਦੱਸਿਆ ਕਿ ਇਨ੍ਹਾਂ ਵਿੱਚ ਕਿਹੜੇ ਭਾਰਤੀ ਨਾਗਰਿਕ ਸਨ।
ਭਾਰਤੀ ਸਫ਼ਾਰਤਖਾਨੇ ਵਿਚਲੇ ਭਾਈਚਾਰਕ ਮਾਮਲਿਆਂ ਬਾਰੇ ਅਧਿਕਾਰੀ ਦੱਤਾ ਪਡਸਾਲਗੀਕਰ ਤੇ ਸ਼ਿਕਾਗੋ ਕੌਂਸਲਖਾਨੇ ਦੇ ਐਨ ਜੇ ਗੰਗਟੇ ਨੇ ਅੱਜ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਤੇ ਸਥਾਨਕ ਨਿਵਾਸੀਆਂ ਨਾਲ ਗੱਲਬਾਤ ਕੀਤੀ।
ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅਮਰੀਕਾ ਵਿਚਲੀ ਭਾਰਤੀ ਰਾਜਦੂਤ ਨਿਰੂਪਮਾ ਰਾਓ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਪੀੜ੍ਹਤ ਪਰਿਵਾਰਾਂ ਦੀ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।
ਕਾਫੀ ਸਾਲਾਂ ਤੋਂ ਨਜ਼ਰ ਸੀ ਪੇਜ ‘ਤੇ : ਸਾਊਦਾਨ ਪਾਵਰਟੀ ਲਾਅ ਸੈਂਟਰ ਦੀ ਡਾਇਰੈਕਟਰ ਹੇਦੀ ਬਿਰਿਚ ਨੇ ਕਿਹਾ ਕਿ ਮਾਈਕਲ ਪੇਜ ਉਪਰ ਸਾਲ 2000 ਤੋਂ ਨਜ਼ਰ ਰੱਖੀ ਜਾ ਰਹੀ ਸੀ ਕਿਉਂਕਿ ਉਦੋਂ ਉਸ ਨੇ ਨਸਲਗ੍ਰਸਤ ਗਰੁੱਪ ਕੋਲੋਂ ਸਾਮਾਨ ਖਰੀਦਣ ਦੀ ਕੋਸ਼ਿਸ਼ ਕੀਤੀ ਸੀ।ਸੈਂਟਰ ਦੀ ਗੁਪਤ ਰਿਪੋਰਟ ਅਨੁਸਾਰ, ”ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੇਜ ਨਸਲਗ੍ਰਸਤ ਸੀ ਤੇ ਗੋਰੀ ਚਮੜੀ ਨੂੰ ਸਭ ਤੋਂ ਉੱਤਮ ਮੰਨਦਾ ਸੀ।”
ਝੁਕੇ ਰਹਿਣਗੇ ਅਮਰੀਕੀ ਝੰਡੇ : ਛੇ ਸਿੱਖਾਂ ਦੀ ਹੱਤਿਆ ਦੇ ਸੋਗ ਵਜੋਂ  ਰਾਸ਼ਟਰਪਤੀ ਬਰਾਕ ਓਬਾਮਾ ਨੇ ਦੇਸ਼ ਦੀਆਂ ਸਾਰੀਆਂ ਸਰਕਾਰੀ ਇਮਾਰਤਾਂ ਤੇ ਦੁਨੀਆਂ ਭਰ ਵਿਚਲੇ ਅਮਰੀਕੀ ਸਫ਼ਾਰਤਖਾਨਿਆਂ ‘ਤੇ ਝੂਲ ਰਹੇ ਕੌਮੀ ਝੰਡੇ 10 ਅਗਸਤ ਤੱਕ ਝੁਕਾਉਣ ਦੇ ਹੁਕਮ ਦਿੱਤੇ ਹਨ।
ਵਾਰਦਾਤ ਵਿੱਚ ਕੋਈ ਦੂਜਾ ਨਹੀਂ ਸੀ : ਐਫਬੀਆਈ ਨੇ ਕਿਹਾ ਹੈ ਕਿ ਗੁਰਦੁਆਰਾ ਗੋਲੀਕਾਂਡ ਵਿੱਚ ਵੇਡ ਮਾਈਕਲ ਪੇਜ ਤੋਂ ਇਲਾਵਾ ਹੋਰ ਕੋਈ ਸ਼ਾਮਲ ਨਹੀਂ ਸੀ। -ਪੀ.ਟੀ.ਆਈ.

ਮ੍ਰਿਤਕ ਦੇਹਾਂ ਨੂੰ ਲਿਆਉਣ ਦਾ ਖਰਚਾ ਪੰਜਾਬ ਸਰਕਾਰ ਝੱਲੇਗੀ
ਅਮਰੀਕਾ ਦੇ ਓਕ ਕਰੀਕ ਗੁਰਦੁਆਰੇ ਵਿੱਚ ਵਾਪਰੀ ਘਟਨਾ ਦੇ ਮ੍ਰਿਤਕਾਂ ਦੀਆਂ ਦੇਹਾਂ ਨੂੰ ਸਸਕਾਰ ਲਈ ਉਨ੍ਹਾਂ ਦੇ ਜੱਦੀ ਸਥਾਨਾਂ ‘ਤੇ ਲਿਆਉਣ ਦਾ ਖਰਚਾ ਪੰਜਾਬ ਸਰਕਾਰ ਝੱਲੇਗੀ।  ਇਹ ਭਰੋਸਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੀੜਤਾਂ ਦੇ ਪਰਿਵਾਰਾਂ ਨੂੰ ਦਿੱਤਾ। ਸ੍ਰੀ ਬਾਦਲ ਬੀਤੀ ਦੇਰ ਸ਼ਾਮ ਸੀਤਾ ਸਿੰਘ ਤੇ ਰਣਜੀਤ ਸਿੰਘ ਦੇ ਪਰਿਵਾਰਾਂ ਨੂੰ ਮਿਲੇ। ਇਹ ਦੋਵੇਂ ਭਰਾ ਓਕ ਕਰੀਕ ਗੁਰਦੁਆਰੇ ਵਿੱਚ ਵਾਪਰੀ ਗੋਲੀਬਾਰੀ ਦੀ ਘਟਨਾ ਵਿੱਚ ਮਾਰੇ ਗਏ ਸਨ। ਮੁੱਖ ਮੰਤਰੀ ਨੇ ਬੀਤੀ ਦੇਰ ਰਾਤ ਅਮਰੀਕਾ ਵਿੱਚ ਭਾਰਤੀ ਸਫ਼ੀਰ ਸ੍ਰੀਮਤੀ ਨਿਰੁਪਮਾ ਰਾਏ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਨੇ ਭਾਰਤੀ ਰਾਜਦੂਤ ਨੂੰ ਆਖਿਆ ਕਿ ਅਮਰੀਕਾ ਵਿੱਚ ਪੀੜਤ ਪਰਿਵਾਰਾਂ ਨੂੰ ਸਥਾਨਕ ਰਾਹਤ ਦੇ ਨਾਲ ਨਾਲ ਭਾਰਤ ਵਿੱਚ ਮ੍ਰਿਤਕ ਦੇਹਾਂ ਲਿਆਉਣ ਲਈ ਪੂਰਾ ਸਹਿਯੋਗ ਦਿੱਤਾ ਜਾਵੇ। ਮੁੱਖ ਮੰਤਰੀ ਨੇ ਆਖਿਆ ਕਿ ਸਰਕਾਰ ਪੀੜਤਾਂ ਦੀਆਂ ਦੇਹਾਂ ਨੂੰ ਪੂਰੇ ਮਾਣ ਸਨਮਾਨ ਨਾਲ ਭਾਰਤ ਲਿਆਉਣ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਵੇਗੀ ਅਤੇ ਖਰਚਾ ਝੱਲੇਗੀ। ਉਨ੍ਹਾਂ ਨੇ ਮ੍ਰਿਤਕ ਦੇਹਾਂ ਨੂੰ ਭਾਰਤ ਲਿਆਉਣ ਲਈ ਅਮਰੀਕਾ ਵਿੱਚ ਭਾਰਤੀ ਦੂਤਘਰ ਪਾਸੋਂ ਸਹਿਯੋਗ ਦੀ ਮੰਗ ਕੀਤੀ।


Post Comment


ਗੁਰਸ਼ਾਮ ਸਿੰਘ ਚੀਮਾਂ