ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Wednesday, August 29, 2012

ਚੀਫ਼ ਖ਼ਾਲਸਾ ਦੀਵਾਨ ਨੇ ਸੰਭਾਲੀਆਂ ਇਤਿਹਾਸਕ ਹੱਥ ਲਿਖਤਾਂ


ਸਦੀ ਪੁਰਾਣੀ ਸੰਸਥਾ ਚੀਫ਼ ਖ਼ਾਲਸਾ ਦੀਵਾਨ ਨੇ ਸਿੱਖ ਧਰਮ ਦੇ ਪ੍ਰਚਾਰ ਤੇ ਪਸਾਰ ਵਿੱਚ ਹੁਣ ਤੱਕ ਅਹਿਮ ਯੋਗਦਾਨ ਪਾਇਆ ਹੈ। ਇਹ ਸੰਸਥਾ ਅੱਜ ਵੀ ਇਸ ਰਾਹ ’ਤੇ ਨਿਰੰਤਰ ਅੱਗੇ ਵਧ ਰਹੀ ਹੈ। ਚੀਫ਼ ਖ਼ਾਲਸਾ ਦੀਵਾਨ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਪੁਰਾਤਨ ਤੇ ਇਤਿਹਾਸਕ ਹੱਥ ਲਿਖਤ ਬੀੜਾਂ ਦੇ ਖਰੜੇ, ਪੋਥੀਆਂ, ਗੁਟਕੇ ਤੇ ਹੋਰ ਅਮੁੱਲੇ ਖਜ਼ਾਨੇ ਦੀ ਸਾਂਭ-ਸੰਭਾਲ ਕਰਨ ਲਈ ਯਤਨ ਸ਼ੁਰੂ ਕੀਤਾ ਹੈ। ਇਹ ਅਨਮੋਲ ਖਜ਼ਾਨਾ ਭਵਿੱਖ ਵਿੱਚ ਲਾਹੇਵੰਦ ਸਾਬਤ ਹੋਵੇਗਾ।  ਦੀਵਾਨ ਦੇ ਪ੍ਰਬੰਧ ਹੇਠ ਚੱਲ ਰਹੇ ਪੁਤਲੀਘਰ ਸਥਿਤ ਸੈਂਟਰਲ ਖ਼ਾਲਸਾ ਯਤੀਮਖਾਨਾ ਵਿਖੇ ਇਸ ਪੁਰਾਤਨ ਅਨਮੋਲ ਖਜ਼ਾਨੇ ਨੂੰ ਸਾਂਭਿਆ ਗਿਆ ਹੈ। ਇਸ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਰੱਖਿਆ ਗਿਆ ਹੈ। ਇੱਕ ਹਿੱਸਾ ਗੁਰਦੁਆਰੇ ਦੀ ਇਮਾਰਤ ਦੇ ਉਪਰਲੇ ਹਿੱਸੇ ਅਤੇ ਦੂਜਾ ਹਿੱਸਾ ਗੁਰਦੁਆਰੇ ਦੇ ਸਾਹਮਣੇ ਬਣਾਏ ਗਏ ਵਾਤਾਨੁਕੂਲ ਹਾਲ ਵਿੱਚ ਹੈ। ਇਸ ਹਾਲ ਵਿੱਚ ਦੋ ਪਲੰਘਾਂ ਉਪਰ 12 ਪੁਰਾਤਨ ਹੱਥ ਲਿਖਤ ਬੀੜਾਂ ਰੱਖੀਆਂ ਹੋਈਆਂ ਹਨ। ਪੁਰਾਤਨ ਬੀੜਾਂ ਦੇ ਵੇਰਵੇ ਅਤੇ ਵਿਸ਼ੇਸ਼ਤਾਵਾਂ ਦਰਸਾਉਣ ਲਈ ਇਨ੍ਹਾਂ ਦੀਆਂ ਕੁਝ ਰੰਗਦਾਰ ਤਸਵੀਰਾਂ ਇੱਥੇ ਸੁਸ਼ੋਭਿਤ ਕੀਤੀਆਂ ਗਈਆਂ ਹਨ ਤਾਂ ਜੋ ਇੱਥੇ ਆਉਣ ਵਾਲੇ ਯਾਤਰੂ ਤੇ ਸ਼ਰਧਾਲੂ ਇਹ ਤਸਵੀਰਾਂ ਦੇਖ ਸਕਣ। ਸ਼ਰਧਾਲੂਆਂ ਦੀ ਮੰਗ ’ਤੇ ਇਨ੍ਹਾਂ ਬੀੜਾਂ ਦੇ ਦਰਸ਼ਨ ਕਰਵਾਉਣ ਦਾ ਵੀ ਪ੍ਰਬੰਧ ਹੈ।
ਇੱਥੇ ਇਸ ਵੇਲੇ 36 ਗ੍ਰੰਥ ਹਨ। ਇਨ੍ਹਾਂ ਵਿੱਚੋਂ ਬਹੁਤੇ ਹੱਥ ਲਿਖਤ ਹਨ। ਇਹ 100 ਤੋਂ 250 ਸਾਲ ਪੁਰਾਣੇ ਦੱਸੇ ਜਾ ਰਹੇ ਹਨ। ਇਨ੍ਹਾਂ ਵਿੱਚ ਦਸ ਬੀੜਾਂ ਦਮਦਮੀ ਸਾਖ ਅਤੇ ਨੌਂ ਬੀੜਾਂ ਖਾਰੀ ਸਾਖ ਦੀਆਂ ਹਨ ਜਦੋਂਕਿ ਬਾਕੀ ਬੀੜਾਂ ਵੱਖ-ਵੱਖ ਸਾਖਾਂ ਦੀਆਂ ਹਨ। ਇਨ੍ਹਾਂ ਤੋਂ ਇਲਾਵਾ ਦੋ ਸੁਰਜ ਪ੍ਰਕਾਸ਼ ਗ੍ਰੰਥ, 100 ਸਾਲ ਤੋਂ ਵਧੇਰੇ ਪੁਰਾਣਾ ਜਪੁਜੀ ਸਾਹਿਬ ਦਾ ਹੱਥ ਲਿਖਤ ਗੁਟਕਾ, ਦਸ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਵਾਲੀਆਂ ਅਤੇ ਸੋਨੇ ਦੀ ਸਿਆਹੀ ਨਾਲ ਲਿਖੀਆਂ ਬੀੜਾਂ, ਪੋਥੀਆਂ, ਗੁਲਾਬ ਸਿੰਘ ਦੀ ਹੱਥ ਲਿਖਤ ਰਮਾਇਣ, ਪੋਥੀ ਸ੍ਰੀ ਕ੍ਰਿਸ਼ਨ ਸੰਸਕ੍ਰਿਤ ਵਿੱਚ, ਪੋਥੀ ਗੋਪਾਲ ਸਿੰਘ, ਹਰਦਈ ਰਾਮ ਦੀ ਹੱਥ ਲਿਖਤ ਹਨੂੰਮਾਨ ਨਾਟ ਕੀਰਤੀ ਅਤੇ ਹੱਥ ਲਿਖਤ ਜਨਮ ਸਾਖੀਆਂ ਵੀ ਇਸ ਵਿੱਚ ਸ਼ਾਮਲ ਹਨ।
ਹੇਠਾਂ ਹਾਲ ਵਿੱਚ ਰੱਖੀਆਂ 12 ਬੀੜਾਂ ਦੇਖਣਯੋਗ ਹਨ। ਇੱਕ ਬੀੜ ਦੇ ਬਾਹਰ ਸੁਨਹਿਰੀ ਚਿੱਤਰ ਬਣੇ ਹੋਏ ਹਨ। 13&28 ਇੰਚ ਆਕਾਰ ਦੀ ਇਸ ਬੀੜ ਲਈ ਕਸ਼ਮੀਰੀ ਕਾਗਜ਼ ਦੀ ਵਰਤੋਂ ਕੀਤੀ ਗਈ। ਇਸ ਦੇ 753 ਪੰਨੇ ਹਨ ਅਤੇ ਲਿਖਾਰੀ ਵੀ ਕਸ਼ਮੀਰੀ ਦੱਸਿਆ ਗਿਆ ਹੈ। ਇੱਕ ਹੋਰ ਬੀੜ ਦੀ ਸ਼ੁਰੂਆਤ ਵਿੱਚ ਮੂਲ ਮੰਤਰ ਦੇ ਆਲੇ-ਦੁਆਲੇ ਸੁੰਦਰ ਵੇਲ ਬਣੀ ਹੋਈ ਹੈ। ਇੱਕ ਖਾਰੀ ਬੀੜ ਦੇ ਮੁੱਢਲੇ ਪੰਨੇ ਸੋਨੇ ਦੀ ਸਿਆਹੀ ਦੇ ਹਾਸ਼ੀਏ ਵਾਲੇ ਹਨ ਅਤੇ ਇਸ ਵਿੱਚ ਗੁਰੂਆਂ ਦੇ ਚਿੱਤਰ ਵੀ ਬਣੇ ਹੋਏ ਹਨ। ਪਾਖਰਮਲ ਢਿੱਲੋਂ ਸਾਖ ਦੀ ਇੱਕ ਬੀੜ ਦੇ ਦੋ ਆਰੰਭਲੇ ਪੰਨੇ ਸੁਨਹਿਰੀ ਅੱਖਰਾਂ ਵਾਲੇ ਹਨ ਅਤੇ 10 ਗੁਰੂਆਂ ਦੇ ਚਿੱਤਰ ਵੀ ਬਣੇ ਹੋਏ ਹਨ। ਇਸ ਵਿਲੱਖਣ ਹੱਥ ਲਿਖਤ ਬੀੜ ਦੇ 1596 ਪੰਨੇ ਹਨ। ਇਸ ਵਾਸਤੇ ਵੀ ਕਸ਼ਮੀਰੀ ਕਾਗਜ਼ ਦੀ ਵਰਤੋਂ ਕੀਤੀ ਗਈ। ਇੱਕ ਹੱਥ ਲਿਖਤ ਬੀੜ 1751 ਦੀ ਲਿਖੀ ਹੋਈ ਦੱਸੀ ਜਾਂਦੀ ਹੈ। ਇਨ੍ਹਾਂ ਦੀ ਲਿਖਾਈ ਬਹੁਤ ਹੀ ਸੁੰਦਰ ਹੈ ਅਤੇ ਇਹ ਅੱਜ ਵੀ ਪੂਰੀ ਤਰ੍ਹਾਂ ਪੜ੍ਹਨਯੋਗ ਹਨ। ਲਿਖਾਰੀ ਨੇ ਲਿਖਣ ਲਈ ਕਿਹੜੀ ਸਿਆਹੀ ਵਰਤੀ ਹੈ, ਇਸ ਦਾ ਵੀ ਜ਼ਿਕਰ ਸ਼ਾਮਲ ਹੈ। ਇੱਕ ਬੀੜ ਦੇ ਪਿੱਛੇ ਲਿਖਿਆ ਹੋਇਆ ਹੈ ਕਿ ਇਸ ਨੂੰ ਲਿਖਣ ਲਈ ਕੱਜਲ ਦੀ ਸਿਆਹੀ ਬਣਾਈ ਗਈ ਅਤੇ ਸਿਆਹੀ ਬਣਾਉਣ ਦੀ ਵਿਧੀ ਦੇ ਵੇਰਵੇ ਵੀ ਦਰਜ ਹਨ। ਇਨ੍ਹਾਂ ਹੱਥ ਲਿਖਤ ਬੀੜਾਂ ਦਾ ਕਾਗਜ਼ ਭਾਵੇਂ ਪੁਰਾਣਾ ਹੋਣ ਕਾਰਨ ਪੀਲਾ ਪੈ ਗਿਆ ਹੈ ਪਰ ਸਿਆਹੀ ਦਾ ਰੰਗ ਅਜੇ ਠੀਕ ਹੈ। ਇਨ੍ਹਾਂ ਵਿਚਲੀ ਸੁੰਦਰ ਲਿਖਾਈ ਨੂੰ ਦੇਖ ਕੇ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਬੀੜਾਂ ਬੜੀ ਰੀਝ ਤੇ ਸ਼ਰਧਾ ਨਾਲ ਲਿਖੀਆਂ ਗਈਆਂ ਹੋਣਗੀਆਂ ਅਤੇ ਇਨ੍ਹਾਂ ਨੂੰ ਲਿਖਣ ਲਈ ਲੰਮਾ ਸਮਾਂ ਲੱਗਿਆ ਹੋਵੇਗਾ। ਕੁਝ ਬੀੜਾਂ ਦੇ ਆਰੰਭ ਵਾਲੇ ਪੰਨਿਆਂ ’ਤੇ ਹਿੰਦੂ ਧਰਮ ਦੇ ਚਿੰਨ੍ਹ ਬਣੇ ਹੋਏ ਹਨ, ਜਿਨ੍ਹਾਂ ਤੋਂ ਜਾਪਦਾ ਹੈ ਕਿ ਲਿਖਾਰੀ ਹਿੰਦੂ ਧਰਮ ਨਾਲ ਸਬੰਧਿਤ ਹੋਵੇਗਾ।
ਜ਼ਿਕਰਯੋਗ ਹੈ ਕਿ ਸਾਖ ਖਾਰੀ ਵਾਲੀਆਂ ਬੀੜਾਂ ਵਧੇਰੇ ਪੁਰਾਤਨ ਹਨ। ਇਨ੍ਹਾਂ ਵਿੱਚ ਰਾਗ ਮਾਲਾ ਤੋਂ ਅੱਗੇ ਰਾਗ ਰਾਮਕਲੀ ਰਤਨ ਮਾਲਾ ਮਹਲਾ ਪਹਿਲਾ ਅਤੇ ਸਲੋਕ ਮਹਲਾ ਪਹਿਲਾ ਵਾਧੂ ਦਰਜ ਹਨ। ਇੱਕ ਹੱਥ ਲਿਖਤ ਬੀੜ ’ਤੇ ਸੰਮਤ 1757 ਦਰਜ ਹੈ। ਕੁਝ ਬੀੜਾਂ ’ਤੇ ਲਿਖਾਰੀ ਦਾ ਨਾਂ ਵੀ ਦਰਜ ਹੈ।
ਇਸ ਪੁਰਾਤਨ ਖ਼ਜ਼ਾਨੇ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਇੱਥੋਂ ਦੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਮੋਹਨ ਸਿੰਘ ਨੂੰ ਸੌਂਪੀ ਹੋਈ ਹੈ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿੱਚ 100 ਸਾਲ ਤੋਂ ਵਧੇਰੇ ਪੁਰਾਤਨ ਸਰੂਪ ਸੁਲਤਾਨਵਿੰਡ ਪਿੰਡ ਵਿੱਚੋਂ ਲਿਆਂਦਾ ਗਿਆ ਹੈ। ਉਨ੍ਹਾਂ ਨੂੰ ਜਿੱਥੋਂ ਵੀ ਪੁਰਾਤਨ ਸਰੂਪ ਮਿਲਦੇ ਹਨ, ਉਹ ਲਿਆ ਕੇ ਇਸ ਖ਼ਜ਼ਾਨੇ ਵਿੱਚ ਜਮ੍ਹਾਂ ਕਰ ਰਹੇ ਹਨ।
ਯਤੀਮਖਾਨੇ ਦੇ ਸੁਪਰਡੈਂਟ ਬਲਬੀਰ ਸਿੰਘ ਸੈਣੀ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਵਧੇਰੇ ਬੀੜਾਂ ਯਤੀਮਖਾਨੇ ਨੂੰ ਦੇਸ਼ ਵੰਡ ਵੇਲੇ ਦੀਆਂ ਮਿਲੀਆਂ ਹੋਈਆਂ ਹਨ। ਇਨ੍ਹਾਂ ਵਿੱਚੋਂ 26 ਬੀੜਾਂ ਦੀ ਡਿਜੀਟਾਈਜੇਸ਼ਨ ਵੀ ਕਰਵਾਈ ਗਈ। ਕਾਗਜ਼ ਦਾ ਕੀੜਾ ਲੱਗਣ ਤੋਂ ਰੋਕਣ ਲਈ ਸ਼੍ਰੋਮਣੀ ਕਮੇਟੀ ਦੇ ਪਲਾਂਟ ਤੋਂ ਟ੍ਰੀਟਮੈਂਟ ਵੀ ਕਰਵਾਇਆ ਗਿਆ ਹੈ। ਭਵਿੱਖ ਵਿੱਚ ਸ਼੍ਰੋਮਣੀ ਕਮੇਟੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਨਾਨਕ ਅਧਿਐਨ ਵਿਭਾਗ ਦੇ ਖੋਜੀਆਂ ਰਾਹੀਂ ਇਸ ਬਾਰੇ ਵੀ ਖੋਜ ਕਰਵਾਉਣ ਦਾ ਯਤਨ ਕੀਤਾ ਜਾਵੇਗਾ। ਫ਼ਿਲਹਾਲ ਇਸ ਨੂੰ ਘੋਖਣ ਦਾ ਯਤਨ ਨਹੀਂ ਕੀਤਾ ਗਿਆ।
ਇਸ ਤੋਂ ਇਲਾਵਾ ਇੱਥੇ ਗੁਰੂ ਕਾਲ ਦੇ ਕੁਝ ਅਹਿਮ ਹੁਕਮਨਾਮੇ ਵੀ ਇਕੱਠੇ ਕੀਤੇ ਗਏ ਹਨ। ਇਨ੍ਹਾਂ ਵਿੱਚ ਗੁਰੂ ਹਰਗੋਬਿੰਦ ਸਾਹਿਬ ਦੇ ਛੇ, ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਇੱਕ, ਗੁਰੂ ਤੇਗ ਬਹਾਦਰ ਸਾਹਿਬ ਦੇ 26 ਅਤੇ ਗੁਰੂ ਗੋਬਿੰਦ ਸਿੰਘ ਜੀ ਦੇ 29  ਹੁਕਮਨਾਮੇ ਹਨ। ਇੱਥੇ ਅੱਠ ਹੁਕਮਨਾਮੇ ਮਾਤਾ ਸੁੰਦਰੀ ਜੀ ਦੇ ਵੀ ਹਨ। ਇਹ ਹੁਕਮਨਾਮੇ ਵੀ ਇਸੇ ਹਾਲ ਵਿੱਚ ਪ੍ਰਦਰਸ਼ਿਤ ਕੀਤੇ ਹੋਏ ਹਨ। ਇਸੇ ਤਰ੍ਹਾਂ ਇੱਕ ਹਾਲ ਵਿੱਚ ਸਿੱਖ ਕਾਲ ਨਾਲ ਸਬੰਧਿਤ ਪੁਰਾਤਨ ਸ਼ਸਤਰਾਂ ਦਾ ਪ੍ਰਦਰਸ਼ਨ ਕੀਤਾ ਹੋਇਆ ਹੈ। ਇਹ ਪੁਰਾਤਨ ਵਸਤਾਂ ਹੌਲੀ-ਹੌਲੀ ਯਾਤਰੂਆਂ ਅਤੇ ਸ਼ਰਧਾਲੂਆਂ ਲਈ ਖਿੱਚ ਦਾ ਕੇਂਦਰ ਬਣ ਰਹੀਆਂ ਹਨ।
ਇਸ ਯਤੀਮਖਾਨੇ ਦੀ ਸਥਾਪਨਾ 1904 ਵਿੱਚ ਹੋਈ ਸੀ। ਸੌ ਸਾਲ ਤੋਂ ਵਧੇਰੇ ਪੁਰਾਣੀ ਇਸ ਸੰਸਥਾ ਵਿੱਚ ਇਸ ਵੇਲੇ 380 ਬੱਚੇ ਹਨ ਅਤੇ 30 ਸੂਰਮੇ ਸਿੰਘ ਹਨ। ਇੱਥੋਂ ਗੁਰਬਾਣੀ ਦੇ ਕੀਰਤਨ ਦੀ ਸਿੱਖਿਆ ਪ੍ਰਾਪਤ ਕਰਕੇ ਕਈ ਸੂਰਮੇ ਸਿੰਘ ਉੱਚ ਕੋਟੀ ਦੇ ਰਾਗੀ ਵੀ ਬਣੇ ਹਨ ਅਤੇ ਉਨ੍ਹਾਂ ਆਪਣਾ ਤੇ ਸੰਸਥਾ ਦਾ ਨਾਂ ਉੱਚਾ ਕੀਤਾ ਹੈ।
1984 ਵਿੱਚ ਸਾਕਾ ਨੀਲਾ ਤਾਰਾ ਸਮੇਂ ਸ੍ਰੀ ਦਰਬਾਰ ਸਾਹਿਬ ਸਮੂਹ ਵਿੱਚ ਸਿੱਖ ਰੈਫਰੈਂਸ ਲਾਇਬਰੇਰੀ ਦਾ ਸਮੁੱਚਾ ਅਮੁੱਲਾ ਖਜ਼ਾਨਾ ਲਾਪਤਾ ਹੋ ਗਿਆ ਸੀ। ਇਸ ਰੈਫਰੈਂਸ ਲਾਇਬਰੇਰੀ ਵਿੱਚ ਕਈ ਪੁਰਾਤਨ ਹੱਥ ਲਿਖਤ ਬੀੜਾਂ, ਪੋਥੀਆਂ ਤੇ ਹੋਰ ਇਤਿਹਾਸਕ ਵਸਤਾਂ ਸਨ। ਸ਼੍ਰੋਮਣੀ ਕਮੇਟੀ ਵੱਲੋਂ ਇਹ ਅਨਮੋਲ ਖਜ਼ਾਨਾ ਭਾਰਤੀ ਫ਼ੌਜ ਕੋਲੋਂ ਵਾਪਸ ਲੈਣ ਲਈ ਲੰਮੇ ਸਮੇਂ ਤੋਂ ਜਦੋਜਹਿਦ ਜਾਰੀ ਹੈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਨੇ ਮੁੜ ਸਿੱਖ ਰੈਫਰੈਂਸ ਲਾਇਬਰੇਰੀ ਲਈ ਇਤਿਹਾਸਕ ਦਸਤਾਵੇਜ਼ ਅਤੇ ਵਸਤਾਂ ਇਕੱਠੀਆਂ ਕਰਨ ਲਈ ਯਤਨ ਸ਼ੁਰੂ ਕੀਤਾ ਹੋਇਆ ਹੈ। ਅਜਿਹੇ ਸਮੇਂ ਵਿੱਚ ਚੀਫ਼ ਖ਼ਾਲਸਾ ਦੀਵਾਨ ਦਾ ਇਹ ਨਿਵੇਕਲਾ ਯਤਨ ਵੀ ਸ਼੍ਰੋਮਣੀ ਕਮੇਟੀ ਲਈ ਸਹਾਈ ਸਾਬਤ ਹੋ ਸਕਦਾ ਹੈ। ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਇਸ ਸੰਸਥਾ ਨੂੰ ਇਸ ਮਾਮਲੇ ਵਿੱਚ ਅਗਵਾਈ ਦੇ ਕੇ ਇਸ ਅਨਮੋਲ ਖਜ਼ਾਨੇ ਦੀ ਬਿਹਤਰ ਢੰਗ ਨਾਲ ਸਾਂਭ-ਸੰਭਾਲ ਦੇ ਸਮਰੱਥ ਬਣਾਵੇ।
* ਜਗਤਾਰ ਸਿੰਘ ਲਾਂਬਾ
ਮੋਬਾਈਲ: 94173-57400


Post Comment


ਗੁਰਸ਼ਾਮ ਸਿੰਘ ਚੀਮਾਂ