ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Wednesday, August 22, 2012

ਮਹਾਰਾਜਾ ਰਣਜੀਤ ਸਿੰਘ: ਆਦਿ ਤੋਂ ਅੰਤ ਤੱਕ-3



(ਲੜੀ ਜੋੜਨ ਲਈ ਹੇਠਾਂ ਦਿੱਤੇ ਪਿਸ਼ਲੇ ਅੰਕ ਦੇਖੋ)

ਮਹਾਰਾਜਾ ਰਣਜੀਤ ਸਿੰਘ: ਆਦਿ ਤੋਂ ਅੰਤ ਤੱਕ-੧

ਮਹਾਰਾਜਾ ਰਣਜੀਤ ਸਿੰਘ: ਆਦਿ ਤੋਂ ਅੰਤ ਤੱਕ-੨

9 ਮਾਰਚ, 1846 ਨੂੰ ਅੰਗਰੇਜ਼ਾਂ ਨੇ ਲਾਹੌਰ ਦਰਬਾਰ ਨਾਲ 16 ਮੱਦਾਂ ਵਾਲੀ ਸੰਧੀ ਕੀਤੀ। ਅੰਗਰੇਜ਼ਾਂ ਵੱਲੋਂ ਫਰੈਡਰਿਕ ਕਰੀ ਅਤੇ ਹੈਨਰੀ ਲਾਰੰਸ ਨੇ ਦਸਤਖ਼ਤ ਕੀਤੇ। ਮਹਾਰਾਜਾ ਦਲੀਪ ਸਿੰਘ, ਜੋ ਸਾਢੇ 7 ਸਾਲ ਦਾ ਨਾਬਾਲਗ ਤੇ ਬੇਵੱਸ ਬੱਚਾ ਸੀ, ਦੀ ਤਰਫੋਂ ਭਾਈ ਰਾਮ ਸਿੰਘ, ਮਿਸਰ ਤੇਜਾ ਸਿੰਘ, ਮਿਸਰ ਲਾਲ ਸਿੰਘ ਅਤੇ ਹੋਰ ਚਾਰ ਦਸਤਖ਼ਤ ਕਰਨ ਨੂੰ ਇਨ੍ਹਾਂ ਦੇ ਨਾਲ ਪ੍ਰਤੀਨਿਧ ਹੋਣ ਦਾ ਵਿਖਾਵਾ ਕਰਨ ਲਈ ਰਲਾ ਲਿਆ ਗਿਆ। ਇਹ ਚਾਰ ਦਸਤਖ਼ਤ ਕਰਨ ਵਾਲੇ ਪ੍ਰਤੀਨਿਧ ਸਨ: ਚਤਰ ਸਿੰਘ ਅਟਾਰੀ ਵਾਲਾ, ਰਣਯੋਧ ਸਿੰਘ ਮਜੀਠੀਆ, ਦੀਵਾਨ ਦੀਨਾ ਨਾਥ ਅਤੇ ਨੂਰ-ਓ-ਦੀਨ। ਅੰਗਰੇਜ਼ ਲਾਹੌਰ ਦਰਬਾਰ ਵਿੱਚ ਆਪਣੇ ਰਹਿਣ ਲਈ ਪੈਰ ਪੱਕੇ ਕਰ ਲੈਣ ਤੋਂ ਬਾਅਦ ਰਾਣੀ ਜਿੰਦਾਂ ’ਤੇ ਇਹ ਦੋਸ਼ ਲਾਉਣ ਲੱਗ ਪਏ ਕਿ ਇਹ ਖਾਲਸਾ ਫੌਜ ਨੂੰ ਚੁੱਕ ਕੇ ਅੰਗਰੇਜ਼ਾਂ ਨਾਲ ਲੜਾਉਣਾ ਚਾਹੁੰਦੀ ਹੈ। ਅੰਗਰੇਜ਼ਾਂ ਨੇ ਰਾਣੀ ਜਿੰਦਾਂ ਨੂੰ ਸੰਮਨ ਬੁਰਜ ਵਿੱਚ ਕੈਦ ਕਰ ਦਿੱਤਾ ਅਤੇ ਫਿਰ ਅਗਸਤ 1847 ਨੂੰ ਸ਼ੇਖੂਪੁਰੇ ਦੇ ਕਿਲੇ ਵਿੱਚ ਨਜ਼ਰਬੰਦ ਕਰ ਦਿੱਤਾ। ਇਸ ਤੋਂ ਬਾਅਦ ਮਈ 1848 ਵਿੱਚ ਬਨਾਰਸ  ਤੇ ਫਿਰ ਚਿਨਾਰ ਦੇ ਕਿਲੇ ਵਿੱਚ ਨਜ਼ਰਬੰਦ ਕਰ ਦਿੱਤਾ। ਮਹਾਰਾਜਾ ਰਣਜੀਤ ਸਿੰਘ ਦੇ ਵਾਰਸ ਸੂਝ-ਬੂਝ ਰੱਖਦੇ ਹੋਏ ਵੀ ਗੱਦਾਰਾਂ ਦੀ ਸਾਜ਼ਿਸ਼ ਦੀ ਭੇਟ ਚੜ੍ਹ ਗਏ। 10 ਸਾਲ ਦੇ ਅਰਸੇ ਵਿੱਚ ਹੀ ਸਿੱਖ ਰਾਜ ਖਤਮ ਹੋ ਗਿਆ। ਅੰਤ 29 ਮਾਰਚ, 1849 ਨੂੰ 11 ਸਾਲਾ ਮਹਾਰਾਜਾ ਦਲੀਪ ਸਿੰਘ ਨੂੰ ਆਖਰੀ ਵਾਰ ਮਹਾਰਾਜਾ ਰਣਜੀਤ ਸਿੰਘ ਦੀ ਗੱਦੀ ’ਤੇ ਬੈਠਾ ਕੇ ਦਰਬਾਰ ਲਾਇਆ, ਜੋ ਸਿੱਖ ਰਾਜ ਦਾ ਆਖਰੀ ਦਰਬਾਰ ਸੀ। ਇਸ ਦਿਨ ਲਾਰਡ ਡਲਹੌਜ਼ੀ ਨੇ ਇਕ ਅਹਿਦਨਾਮੇ ਰਾਹੀਂ ਕੌਂਸਲ, ਜੋ ਅੰਗਰੇਜ਼ਾਂ ਨੇ ਆਪ ਬਣਾਈ ਸੀ, ਜਿਸ ਵਿੱਚ ਪੰਜਾਬ ਦੇ ਸਿੱਖ ਸਰਦਾਰ ਅਤੇ ਕੁਝ ਆਪਣੇ ਬੰਦੇ ਕੌਂਸਲ ਦੇ ਮੈਂਬਰ ਬਣਾਏ। ਕੌਂਸਲ ਨੇ ਆਪਣੇ ਜ਼ਾਤੀ ਹਿੱਤਾਂ ਦੀ ਖਾਤਰ ਨਾਬਾਲਗ ਮਹਾਰਾਜਾ ਦਲੀਪ ਸਿੰਘ ਦੀ ਤਰਫੋਂ ਉਸ ਅਹਿਦਨਾਮੇ ’ਤੇ ਦਸਤਖ਼ਤ ਕਰ ਦਿੱਤੇ। ਇਸ ਅਹਿਦਨਾਮੇ ਵਿੱਚ ਲਿਖਿਆ ਗਿਆ ਕਿ ਮਹਾਰਾਜਾ ਦਲੀਪ ਸਿੰਘ ਆਪਣਾ ਸਾਰਾ ਰਾਜ ਭਾਗ, ਜੋ ਮਹਾਰਾਜਾ ਰਣਜੀਤ ਸਿੰਘ ਦੇ ਦਾਦੇ-ਪੜਦਾਦੇ ਦੀ ਜੱਦੀ ਜਾਇਦਾਦ ’ਤੇ ਹੱਕ ਬਣਦਾ ਹੈ, ਆਪਣੀ ਅਤੇ ਆਪਣੇ ਵਾਰਸਾਂ ਦੀ ਸਾਰੀ ਜਾਇਦਾਦ ਅੰਗਰੇਜ਼ਾਂ ਦੀ ਈਸਟ ਇੰਡੀਆ ਕੰਪਨੀ ਦੇ ਹਵਾਲੇ ਕਰਦਾ ਹਾਂ। ਇਸ ਅਹਿਦਨਾਮੇ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਵਾਰਸ, ਜੋ ਪੰਜਾਬ ਵਿੱਚ 1849 ਤੋਂ ਬਾਅਦ ਰਹਿ ਗਏ ਸਨ, ਉਹ ਆਪਣੀ ਜੱਦੀ ਜਾਇਦਾਦ ਤੋਂ ਹੱਥ ਧੋ ਬੈਠੇ। ਮਹਾਰਾਜਾ ਦਲੀਪ ਸਿੰਘ ਨਾਲ ਅਹਿਦਨਾਮੇ ਵਿੱਚ ਅੰਗਰੇਜ਼ ਸਰਕਾਰ ਵੱਲੋਂ ਜੋ ਗੁਜ਼ਾਰਾ ਭੱਤਾ ਦੇਣਾ ਮੰਨਿਆ, ਉਹ ਸਿਰਫ 4 ਲੱਖ ਤੋਂ ਘੱਟ ਨਹੀਂ ਦੇਣਾ ਅਤੇ 5 ਲੱਖ ਤੋਂ ਵੱਧ ਨਾ ਦੇਣਾ ਸੀ, ਜੋ ਸਾਲਾਨਾ ਸੀ। ਮਹਾਰਾਜਾ ਰਣਜੀਤ ਸਿੰਘ ਦੇ ਵਾਰਸ, ਜੋ 1849 ਤੋਂ ਬਾਅਦ ਪੰਜਾਬ ਵਿੱਚ ਰਹਿ ਗਏ ਸਨ ਉਨ੍ਹਾਂ ਨੂੰ ਅੰਗਰੇਜ਼ੀ ਰਾਜ ਵੇਲੇ ਗੁਜ਼ਾਰਾ ਭੱਤਾ ਮਿਲਦਾ ਰਿਹਾ।
ਲਾਰਡ ਡਲਹੌਜ਼ੀ ਨੇ ਸਿੱਖ ਰਾਜ ਨੂੰ ਅੰਗਰੇਜ਼ੀ ਰਾਜ ਵਿੱਚ ਸ਼ਾਮਲ ਕਰ ਲਿਆ ਅਤੇ ਕੁਝ ਚਿਰ ਬਾਅਦ ਮਹਾਰਾਜਾ ਦਲੀਪ ਸਿੰਘ ਦੇ ਤੋਸ਼ੇਖਾਨੇ ਦੀ ਕਿਲਾ ਲਾਹੌਰ ਵਿੱਚ ਤਲਾਸ਼ੀ ਕੀਤੀ ਗਈ। ਡਾਕਟਰ ਲੋਗਨ ਜਿਸ ਨੂੰ ਕਿ ਲਾਰਡ ਡਲਹੌਜ਼ੀ ਆਪਣੇ ਨਾਲ ਨੌਕਰ ਭਰਤੀ ਕਰਕੇ ਇੰਗਲੈਂਡ ਤੋਂ ਨਾਲ ਲਿਆਇਆ ਸੀ, ਤੋਸ਼ੇਖਾਨੇ ਦੀ ਤਲਾਸ਼ੀ ਲੈਣ ਦਾ ਇੰਚਾਰਜ ਬਣਾ ਦਿੱਤਾ। ਤੋਸ਼ੇਖਾਨਾ ਖਾਸ ਦੀ ਤਲਾਸ਼ੀ ਕੀਤੀ ਤਾਂ ਇਸ ਖਜ਼ਾਨੇ ਵਿੱਚ ਮਹਾਰਾਜਿਆਂ ਦੇ ਨਿੱਜੀ ਗਹਿਣੇ, ਕੰਠੇ, ਜਿਗਾਹ, ਕਲਗੀਆਂ, ਬਾਜੂਬੰਦ ਤੇ ਹੋਰ ਕੀਮਤੀ ਹੀਰੇ, ਮਹਾਰਾਜੇ ਦੀ ਸੋਨੇ ਦੀ ਕੁਰਸੀ, ਮਹਾਰਾਜਾ ਖੜਕ ਸਿੰਘ ਦਾ ਖੰਡਾ, ਮਹਾਰਾਜਾ ਸ਼ੇਰ ਸਿੰਘ ਦੀ ਹੀਰਿਆਂ ਜੜੀ ਸੋਨੇ ਦੀ ਬੈਲਟ, ਗੁਰੂ ਗੋਬਿੰਦ ਸਿੰਘ ਦੀ ਸੋਨੇ ਦੀ ਕਲਗੀ, ਬੇਸ਼ਕੀਮਤੀ ਕੋਹਿਨੂਰ ਹੀਰਾ, ਮਹਾਰਾਜੇ ਦੀਆਂ ਰਾਣੀਆਂ ਦੇ ਨਿੱਜੀ ਜ਼ੇਵਰ, ਸੋਨਾ-ਚਾਂਦੀ, ਹੀਰੇ-ਜਵਾਹਰਾਤ ਸਭ ਆਪਣੇ ਕਬਜ਼ੇ ਵਿੱਚ ਲੈ ਲਏ। ਡਾਕਟਰ ਲੋਗਨ ਨੇ ਬੜੀ ਤਰਤੀਬ ਨਾਲ ਬੇਸ਼ਕੀਮਤੀ ਗਹਿਣਿਆਂ ਤੇ ਜਵਾਹਰਾਤਾਂ ਦੀ ਫਹਿਰਿਸਤ ਬਣਾ ਕੇ ਤਫਸੀਲ ਨਾਲ ਰਜਿਸਟਰ ਵਿੱਚ ਦਰਜ ਕਰਕੇ ਕੁਝ ਮਹੀਨਿਆਂ ਵਿੱਚ ਇਹ ਕੰਮ ਮੁਕਾ ਲਿਆ। 6 ਅਪਰੈਲ, 1850 ਨੂੰ ਲਾਰਡ ਡਲਹੌਜ਼ੀ ਨੇ ਸਮੁੰਦਰੀ ਜਹਾਜ਼ ਰਾਹੀਂ ਕੋਹਿਨੂਰ ਹੀਰਾ, ਮਲਕਾ ਵਿਕਟੋਰੀਆ ਨੂੰ ਇੰਗਲੈਂਡ ਭੇਜ ਦਿੱਤਾ। ਬਾਕੀ ਗਹਿਣੇ, ਹੀਰੇ-ਜਵਾਹਰਾਤ ਜਿਹੜੇ ਰਜਿਸਟਰਾਂ ਦੀ ਫਹਿਰਿਸਤ ਮੁਤਾਬਕ ਦਰਜ ਕੀਤੇ ਸਨ, ਉਹ ਲੱਕੜ ਦੇ ਸੰਦੂਕਾਂ ਵਿੱਚ ਬੰਦ ਕਰਕੇ ਫੌਜ ਦੀ ਨਿਗਰਾਨੀ ਵਿੱਚ, ਕੋਹਿਨੂਰ ਤੋਂ ਬਾਅਦ ਇੰਗਲੈਂਡ ਭੇਜ ਦਿੱਤੇ। ਮਹਾਰਾਜਾ ਦਲੀਪ ਸਿੰਘ ਨੂੰ ਜਲਾਵਤਨ ਕਰਨ ਤੋਂ ਬਾਅਦ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਵਾਰਸ ਕਿਲਾ ਲਾਹੌਰ ਵਿੱਚ ਰਹਿ ਗਏ ਸਨ, ਉਹ ਅੰਗਰੇਜ਼ ਹਕੂਮਤ ਤੋਂ ਸਾਲਾਨਾ ਪੈਨਸ਼ਨ ਲੈਂਦੇ ਰਹੇ। ਉਨ੍ਹਾਂ ਨੂੰ ਪੈਨਸ਼ਨਾਂ ਮਹਾਰਾਜਾ ਦਲੀਪ ਸਿੰਘ ਤੇ ਅੰਗਰੇਜ਼ ਹਕੂਮਤ ਦੇ ਵਿਚਕਾਰ ਹੋਏ ਅਹਿਦਨਾਮੇ ਅਨੁਸਾਰ ਮਿਲਦੀਆਂ ਸਨ। ਜਿਹੜੀਆਂ ਰਾਣੀਆਂ ਉਸ ਵਕਤ ਜੀਵਤ ਸਨ, ਆਪਣੇ ਪੁੱਤਰਾਂ ਦੇ ਨਾਲ ਪੈਨਸ਼ਨਾਂ ਲੈਂਦੀਆਂ ਰਹੀਆਂ। ਮਹਾਰਾਜਾ ਰਣਜੀਤ ਸਿੰਘ ਦੀਆਂ ਜੀਵਤ ਰਾਣੀਆਂ ਵਿੱਚੋਂ ਸਾਲਾਨਾ ਪੈਨਸ਼ਨ ਲੈਣ ਵਾਲੀਆਂ ਰਾਣੀਆਂ: ਰਾਣੀ ਰੂਪ ਕੌਰ ਸਪੁੱਤਰੀ ਸਰਦਾਰ ਜੈ ਸਿੰਘ ਕੋਟ ਸੈਦ ਮਹਿਮੂਦ (ਕੋਟ ਖਾਲਸਾ ਅੰਮ੍ਰਿਤਸਰ) 1980 ਰੁਪਏ ਸਾਲਾਨਾ ਪੈਨਸ਼ਨ 1878 ਈ. ਤੱਕ, ਰਾਣੀ ਲੱਛਮੀ ਸਪੁੱਤਰੀ ਦੇਸਾ ਸਿੰਘ ਗੁੱਜਰਾਂਵਾਲਾ 11200 ਰੁਪਏ ਸਾਲਾਨਾ ਪੈਨਸ਼ਨ 1867 ਈ. ਤੱਕ, ਰਾਣੀ ਗੁੱਲ ਬੇਗ਼ਮ ਜੋ ਮੁਸਲਮਾਨਾਂ ਦੀ ਧੀ ਸੀ 12300 ਰੁਪਏ ਸਾਲਾਨਾ ਪੈਨਸ਼ਨ 1863 ਈ. ਤੱਕ, ਰਾਣੀ ਰਤਨ ਕੌਰ ਮਾਤਾ ਕੰਵਰ ਮੁਲਤਾਨਾ ਸਿੰਘ 1 ਹਜ਼ਾਰ ਰੁਪਏ ਸਾਲਾਨਾ ਪੈਨਸ਼ਨ 1866 ਈ. ਤੱਕ, ਰਾਣੀ ਮਹਿਤਾਬ ਕੌਰ ਸਪੁੱਤਰੀ ਚੌਧਰੀ ਸੱਜਣ ਸਿੰਘ ਗੁਰਦਾਸਪੁਰ 1930 ਰੁਪਏ ਪੈਨਸ਼ਨ 1878 ਤੱਕ, ਰਾਣੀ ਸੁੰਮਨ ਕੌਰ ਸਪੁੱਤਰੀ ਸਰਦਾਰਾ ਸੂਬਾ ਸਿੰਘ (ਮਾਲਵਾ) 1440 ਰੁਪਏ ਸਾਲਾਨਾ ਪੈਨਸ਼ਨ 1879 ਈ. ਤੱਕ ਪ੍ਰਾਪਤ ਕਰਦੀ ਰਹੀ। ਇਨ੍ਹਾਂ ਰਾਣੀਆਂ ਦੀ ਪੈਨਸ਼ਨ ਮਰਨ ਉਪਰੰਤ ਅੰਗਰੇਜ਼ ਹਕੂਮਤ ਨੇ ਬੰਦ ਕਰ ਦਿੱਤੀ।
ਇਸੇ ਤਰ੍ਹਾਂ ਮਹਾਰਾਜਾ ਖੜਕ ਸਿੰਘ ਦੀਆਂ ਰਾਣੀਆਂ ਵਿੱਚੋਂ ਰਾਣੀ ਖੇਮ ਕੌਰ ਸਪੁੱਤਰੀ ਸਰਦਾਰ ਜੋਧ ਸਿੰਘ ਬਾਜਵਾ ਕਲਾਸਵਾਲਾ ਸਿਆਲਕੋਟ 12000 ਰੁਪਏ ਸਾਲਾਨਾ 1881 ਈ. ਤੱਕ, ਰਾਣੀ ਕਿਸ਼ਨ ਕੌਰ ਸਪੁੱਤਰੀ ਸਰਦਾਰ ਰਾਜਾ ਸਿੰਘ ਜ਼ਿਲ੍ਹਾ ਅੰਮ੍ਰਿਤਸਰ 2324 ਰੁਪਏ 1876 ਤੱਕ, ਕੰਵਰ ਨੌਨਿਹਾਲ ਸਿੰਘ ਦੀ ਰਾਣੀ ਨਾਨਕੀ ਸਪੁੱਤਰੀ ਸਰਦਾਰ ਸ਼ਾਮ ਸਿੰਘ ਅਟਾਰੀ 4600 ਰੁਪਏ ਸਾਲਾਨਾ ਪੈਨਸ਼ਨ 1856 ਤੱਕ, ਮਹਾਰਾਜਾ ਸ਼ੇਰ ਸਿੰਘ ਦੀਆਂ ਰਾਣੀਆਂ ਵਿੱਚੋਂ ਰਾਣੀ ਪ੍ਰੇਮ ਕੌਰ ਸਪੁੱਤਰੀ ਸਰਦਾਰ ਹਰੀ ਸਿੰਘ ਲੱਧੇਵਾਲ (ਗੁੱਜਰਾਂਵਾਲਾ) ਮਾਤਾ ਸ਼ਹਿਜ਼ਾਦਾ ਪ੍ਰਤਾਪ ਸਿੰਘ ਤੇ ਸ਼ਹਿਜ਼ਾਦਾ ਨਰੈਣ ਸਿੰਘ 7200 ਰੁਪਏ ਸਾਲਾਨਾ ਪੈਨਸ਼ਨ 1874 ਤੱਕ ਪ੍ਰਾਪਤ ਕਰਦੀ ਰਹੀ। ਉਸ ਦੇ ਬਾਅਦ 2400 ਰੁਪਏ ਸਾਲਾਨਾ ਪੈਨਸ਼ਨ ਉਸ ਦਾ ਪੁੱਤਰ ਕੰਵਰ ਨਰੈਣ ਸਿੰਘ ਪ੍ਰਾਪਤ ਕਰਦਾ ਰਿਹਾ। ਰਾਣੀ ਪ੍ਰਤਾਪ ਕੌਰ ਸਪੁੱਤਰੀ ਸਰਦਾਰ ਜਗਤ ਸਿੰਘ ਕੋਟਕਪੂਰਾ ਮਾਤਾ ਸ਼ਹਿਜ਼ਾਦਾ ਠਾਕੁਰ ਸਿੰਘ 7200 ਰੁਪਏ ਸਾਲਾਨਾ ਪੈਨਸ਼ਨ ਪ੍ਰਾਪਤ ਕਰਦੀ ਰਹੀ। ਉਸ ਦੀ ਮੌਤ ਤੋਂ ਬਾਅਦ ਸ਼ਹਿਜ਼ਾਦਾ ਠਾਕੁਰ ਸਿੰਘ 1800 ਰੁਪਏ ਪੈਨਸ਼ਨ ਪ੍ਰਾਪਤ ਕਰਦਾ ਰਿਹਾ। ਰਾਣੀ ਧਰਮ ਕੌਰ ਰੰਧਾਵੀ ਸਪੁੱਤਰੀ ਸਰਦਾਰ ਜੋਧ ਸਿੰਘ ਰੰਧਾਵਾ ਪਿੰਡ ਠਰੂ ਅੰਮ੍ਰਿਤਸਰ (ਤਰਨ ਤਾਰਨ), ਮਾਤਾ ਸ਼ਹਿਜ਼ਾਦਾ ਕਰਮ ਸਿੰਘ 7200 ਰੁਪਏ ਸਾਲਾਨਾ ਪੈਨਸ਼ਨ 1872 ਤੱਕ ਪ੍ਰਾਪਤ ਕਰਦੀ ਰਹੀ। ਇਸ ਦੇ ਮਰਨ ਤੋਂ ਬਾਅਦ ਰਾਣੀ ਸੋਹਨ ਕੌਰ ਤੇ ਰਾਣੀ ਕਿਸ਼ਨ ਕੌਰ ਪਤਨੀਆਂ ਸ਼ਹਿਜ਼ਾਦਾ ਕਰਮ ਸਿੰਘ 1-1 ਹਜ਼ਾਰ ਰੁਪਏ ਸਾਲਾਨਾ ਪੈਨਸ਼ਨ ਲੈਂਦੀਆਂ ਰਹੀਆਂ। ਰਾਣੀ ਚੰਦ ਕੌਰ ਸਪੁੱਤਰੀ ਸਰਦਾਰਾ ਝੰਡਾ ਸਿੰਘ ਭਿੱਟੇਵਿੱਡ (ਅੰਮ੍ਰਿਤਸਰ) ਮਾਤਾ ਸ਼ਹਿਜ਼ਾਦਾ ਦੇਵਾ ਸਿੰਘ, ਰਾਣੀ ਚੰਦ ਕੌਰ 1843 ਵਿੱਚ ਸਵਰਗਵਾਸ  ਹੋ ਗਈ। ਉਸ ਦਾ ਪੁੱਤਰ ਦੇਵਾ ਸਿੰਘ ਅੰਗਰੇਜ਼ੀ ਸਰਕਾਰ ਪਾਸੋਂ 7200 ਰੁਪਏ ਸਾਲਾਨਾ ਪੈਨਸ਼ਨ ਪ੍ਰਾਪਤ ਕਰਦਾ ਰਿਹਾ ਅਤੇ ਸੰਨ 1874 ਵਿੱਚ ਸਵਰਗਵਾਸ ਹੋ ਗਿਆ। ਰਾਣੀ ਜੀਬੋ ਮਾਤਾ ਸ਼ਹਿਜ਼ਾਦਾ ਬਖਸ਼ੀਸ਼ ਸਿੰਘ ਅੰਗਰੇਜ਼ੀ ਸਰਕਾਰ ਪਾਸੋਂ 5916 ਰੁਪਏ ਸਾਲਾਨਾ ਪੈਨਸ਼ਨ ਲੈਂਦੀ ਰਹੀ, 1864 ਵਿੱਚ ਸਵਰਗਵਾਸ ਹੋ ਗਈ। ਉਸ ਦੀ ਪੈਨਸ਼ਨ ਘਟਾ ਕੇ ਪੁੱਤਰ ਬਖਸ਼ੀਸ਼ ਸਿੰਘ ਨੂੰ 1968 ਰੁਪਏ ਸਾਲਾਨਾ ਮਿਲਦੇ ਰਹੇ। ਰਾਣੀ ਦੂਖਨੋ ਮਾਤਾ ਸ਼ਹਿਜ਼ਾਦਾ ਸਹਿਦੇਵ ਸਿੰਘ ਨੂੰ ਅੰਗਰੇਜ਼ ਹਕੂਮਤ ਨੇ ਪੁੱਤਰ ਸਮੇਤ ਜਲਾਵਤਨ ਕਰਕੇ ਫਰਖਾਬਾਦ ਯੂ ਪੀ ਵਿੱਚ ਭੇਜ ਦਿੱਤਾ। ਬਾਅਦ ਵਿੱਚ ਇਨ੍ਹਾਂ ਨੂੰ ਰਾਇਬਰੇਲੀ (ਯੂ ਪੀ) ਵਿੱਚ 8 ਹਜ਼ਾਰ ਰੁਪਏ ਦੀ ਜਗੀਰ ਦਿੱਤੀ ਗਈ। ਸ਼ਹਿਜ਼ਾਦਾ ਸਹਿਦੇਵ ਸਿੰਘ ਦਾ ਲੜਕਾ ਵਾਸਦੇਵ ਸਿੰਘ ਰਾਇਬਰੇਲੀ ਵਿੱਚ ਰਹਿੰਦਾ ਹੈ। ਸ਼ਹਿਜ਼ਾਦਾ ਪਿਸ਼ੌਰਾ ਸਿੰਘ ਸਪੁੱਤਰ ਮਹਾਰਾਜਾ ਰਣਜੀਤ ਸਿੰਘ ਦੇ ਖਾਨਦਾਨ ਨੂੰ ਪਿੱਪੜੀ ਵੜੈਚ ਅਵਧ ਸਟੇਟ (ਯੂ ਪੀ) ਵਿੱਚ 1849 ਤੋਂ ਬਾਅਦ ਅੰਗਰੇਜ਼ ਹਕੂਮਤ ਨੇ 20000 ਦੀ ਸਾਂਝੀ ਜਗੀਰ ਦਿੱਤੀ ਗਈ। ਪਿਸ਼ੌਰਾ ਸਿੰਘ ਦਾ ਪੁੱਤਰ ਕੰਵਰ ਜਗਯੋਧ ਸਿੰਘ ਤੇ ਕੰਵਰ ਜਗਯੋਧ ਸਿੰਘ ਦਾ ਪੁੱਤਰ ਕੰਵਰ ਅਮਰ ਸਿੰਘ ਦਾ ਖਾਨਦਾਨ ਪਿਪਲੀ ਵੜੈਚ ਅਵਧ ਸਟੇਟ (ਯੂ ਪੀ) ਵਿੱਚ ਰਹਿੰਦਾ ਹੈ। ਸ਼ਹਿਜ਼ਾਦਾ ਪਿਸ਼ੌਰਾ ਸਿੰਘ ਦਾ ਭਰਾ ਕਸ਼ਮੀਰਾ ਸਿੰਘ ਦਾ ਖਾਨਦਾਨ ਵੀ ਪਿਪਲੀ ਵੜੈਚ ਦੀ ਸਾਂਝੀ ਜਗੀਰ 20000 ਦਾ ਸਾਂਝਾ ਭਾਈਵਾਲ ਸੀ। ਇਸ ਤੋਂ ਇਲਾਵਾ ਕਸ਼ਮੀਰਾ ਸਿੰਘ ਦਾ ਪੁੱਤਰ ਕੰਵਰ ਫਤਹਿ ਸਿੰਘ ਅੰਗਰੇਜ਼ੀ ਹਕੂਮਤ ਤੋਂ 1800 ਰੁਪਏ ਸਾਲਾਨਾ ਪੈਨਸ਼ਨ ਲੈਂਦਾ ਰਿਹਾ।
ਮਹਾਰਾਜਾ ਰਣਜੀਤ ਸਿੰਘ ਦੇ ਵਾਰਸ, ਜੋ ਪੰਜਾਬ ਵਿੱਚ ਰਹਿੰਦੇ ਸਨ। ਉਨ੍ਹਾਂ ਨੂੰ ਲਗਪਗ 1,00,000 ਰੁਪਏ ਸਾਲਾਨਾ ਪੈਨਸ਼ਨ ਮਿਲਦੀ ਸੀ। ਬਾਕੀ ਸਾਰੀ ਪੈਨਸ਼ਨ ਜੋ 3,00,000 ਤੋਂ ਉਪਰ ਸੀ। ਮਹਾਰਾਜਾ ਦਲੀਪ ਸਿੰਘ ਇੰਗਲੈਂਡ ਵਿੱਚ ਅੰਗਰੇਜ਼ ਹਕੂਮਤ ਪਾਸੋਂ ਪੌਂਡਾਂ ਵਿੱਚ ਲੈਂਦਾ ਸੀ। ਮਹਾਰਾਜਾ ਦਲੀਪ ਸਿੰਘ ਜਦੋਂ ਬਾਲਗ ਹੋ ਗਿਆ ਤਾਂ ਉਸ ਨੇ ਮਲਕਾ ਐਲਿਜ਼ਾਬੈਥ ਪਾਸ ਦਰਖਾਸਤ ਦਿੱਤੀ ਕਿ ਜੋ ਮੇਰੇ ਖਾਨਦਾਨ ਵਿੱਚੋਂ ਵਿਅਕਤੀ ਪੰਜਾਬ ਵਿੱਚ ਰਹਿੰਦੇ ਹਨ। ਉਨ੍ਹਾਂ ਦੀ ਪੈਨਸ਼ਨ ਬੰਦ ਕਰਕੇ ਸਾਰੀ ਪੈਨਸ਼ਨ ਮੈਨੂੰ ਦਿੱਤੀ ਜਾਵੇ। ਮੈਂ ਇਥੇ ਇੰਗਲੈਂਡ ਵਿੱਚ ਆਪਣੀ ਸਟੇਟ ਖਰੀਦਣੀ ਚਾਹੁੰਦਾ ਹਾਂ, ਪਰ ਅੰਗਰੇਜ਼ੀ ਹਕੂਮਤ ਨੇ ਉਸ ਦੀ ਇਹ ਸ਼ਰਤ ਪ੍ਰਵਾਨ ਨਾ ਕੀਤੀ। ਅੰਗਰੇਜ਼ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਦੇ ਵਾਰਸ, ਜੋ ਪੰਜਾਬ ਵਿੱਚ ਰਹਿੰਦੇ ਸਨ, ਨੂੰ ਡਿਪਟੀ ਕਮਿਸ਼ਨਰ ਲਾਹੌਰ ਦੇ ਰਾਹੀਂ ਹੌਲੀ ਹੌਲੀ ਪੈਨਸ਼ਨਾਂ ਘਟਾ ਕੇ ਤਕਰੀਬਨ 30 ਸਾਲ ਦੇ ਅਰਸੇ ਬਾਅਦ ਬੰਦ ਕਰ ਦਿੱਤੀਆਂ। ਮਹਾਰਾਜਾ ਰਣਜੀਤ ਸਿੰਘ ਦੇ ਪੁਰਖਿਆਂ ਦੀ ਪੰਜਾਬ ਵਿਚਲੀ ਜੱਦੀ ਜਾਇਦਾਦ ਸਰਕਾਰ ਨੇ ਪਹਿਲਾਂ ਹੀ 1849 ਵਿੱਚ ਜ਼ਬਤ ਕਰ ਲਈ ਸੀ। ਮਹਾਰਾਜੇ ਦੇ ਵਾਰਸਾਂ ਨੂੰ ਪੰਜਾਬ ਵਿੱਚ ਆਪਣੀ ਜ਼ਿੰਦਗੀ ਬਸਰ ਕਰਨ ਵਾਸਤੇ ਅੰਗਰੇਜ਼ ਸਰਕਾਰ ਨੇ ਕੁਝ ਵੀ ਨਹੀਂ ਸੀ ਛੱਡਿਆ ਤਾਂ ਜੋ ਉਸ ਦੇ ਵਾਰਸ ਕਿਤੇ ਪੰਜਾਬ ਅੰਦਰ ਆਪਣਾ ਸਿਰ ਨਾ ਚੁੱਕ ਸਕਣ। ਸਗੋਂ ਇਸ ਦੇ ਉਲਟ ਗ਼ਦਾਰਾਂ ਨੂੰ ਅੰਗਰੇਜ਼ ਹਕੂਮਤ ਨੇ ਬਹੁਤ ਸਾਰੀਆਂ ਜਗੀਰਾਂ ਅਤੇ ਜਾਇਦਾਦਾਂ ਦਿੱਤੀਆਂ ਤਾਂ ਜੋ ਸਿੱਖ ਕੌਮ ਸਾਡੇ ਨਾਲ ਮਿਲ-ਜੁਲ ਜਾਵੇ ਅਤੇ ਅੰਗਰੇਜ਼ ਸਰਕਾਰ ਵਿਰੁੱਧ ਕੁੜੱਤਣ ਖਤਮ ਹੋ ਜਾਵੇ।
ਮਹਾਰਾਜਾ ਸ਼ੇਰ ਸਿੰਘ ਦਾ ਖਾਨਦਾਨ ਜੋ ਅੱਜ ਵੀ ਪੰਜਾਬ ਵਿੱਚ ਆਪਣੀ ਜ਼ਿੰਦਗੀ ਬਸਰ ਕਰ ਰਿਹਾ ਹੈ, ਵਿੱਚੋਂ ਫੌਜ ਦੀ ਸੇਵਾ ਵਿੱਚ ਇਕ ਬ੍ਰਿਗੇਡੀਅਰ, ਚਾਰ ਕਰਨਲ, ਇਕ ਮੇਜਰ, ਇਕ ਵਿੰਗ ਕਮਾਂਡਰ ਸੇਵਾਮੁਕਤ ਹੋ ਚੁੱਕੇ ਹਨ। ਇਸ ਵੇਲੇ ਫੌਜ ਦੀ ਸੇਵਾ ਵਿੱਚ ਕੰਵਰ ਦਲਿੰਦਰਜੀਤ ਸਿੰਘ ਏਅਰ ਮਾਰਸ਼ਲ, ਕੰਵਰ ਜਗਮੋਹਨਜੀਤ ਸਿੰਘ ਕਰਨਲ, ਕੰਵਰ ਜਸਕਰਨਵੀਰ ਸਿੰਘ ਵਿੰਗ ਕਮਾਂਡਰ ਵਜੋਂ ਸੇਵਾ ਨਿਭਾਅ ਰਹੇ ਹਨ। ਮਹਾਰਾਜਾ ਸ਼ੇਰ ਸਿੰਘ ਦੇ ਵਾਰਸ ਕੰਵਰਜੀਤ ਸਿੰਘ ਡੀ ਪੀ ਆਈ ਕਾਲਜਿਜ਼ ਅਤੇ ਕੰਵਰ ਮੀਤ ਪਾਲ ਸਿੰਘ ਫੀਲਡ ਸੁਪਰਵਾਈਜ਼ਰ ਯੂਥ ਵੈਲਫੇਅਰ ਡਿਪਾਰਟਮੈਂਟ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਸੇਵਾ ਨਿਭਾਅ ਰਹੇ ਹਨ।
ਮਹਾਰਾਜਾ ਸ਼ੇਰ ਸਿੰਘ ਦਾ ਖਾਨਦਾਨ ਪੰਜਾਬ ਵਿੱਚ ਅਟਾਰੀ ਅਤੇ ਜ਼ੀਰਕਪੁਰ ਵਿਖੇ ਰਹਿ ਰਿਹਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਨੇੜੇ ਮਹਾਰਾਜਾ ਸ਼ੇਰ ਸਿੰਘ ਦਾ ਬੰਸਾਵਲੀਨਾਮਾ (ਪੱਥਰ) ਵੀ ਸੁਸ਼ੋਭਿਤ ਹੈ। ਮਹਾਰਾਜਾ ਰਣਜੀਤ ਸਿੰਘ ਦੇ ਵਾਰਸਾਂ ਨੂੰ ਪੰਜਾਬ ਸਰਕਾਰ ਵੱਲੋਂ ਦੋ ਵਾਰ ਮਹਾਰਾਜਾ ਰਣਜੀਤ ਸਿੰਘ ਦੀ ਸਾਲਾਨਾ ਬਰਸੀ ਮੌਕੇ ਰਾਜ ਪੱਧਰੀ ਸਮਾਗਮ ਸਮੇਂ ਰੋਪੜ ਵਿੱਚ ਸਨਮਾਨਤ ਕੀਤਾ ਜਾ ਚੁੱਕਾ ਹੈ। ਮਹਾਰਾਜੇ ਦੇ ਵਾਰਸਾਂ ਨੇ ਮਲਕਾ ਅਲਿਜ਼ਾਬੈਥ (99) ਨੂੰ ਚਿੱਠੀ ਲਿਖ ਕੇ ਕੋਹਿਨੂਰ ’ਤੇ ਵੀ ਆਪਣਾ ਹੱਕ ਜਤਾਇਆ ਹੈ, ਜਿਸ ਦੇ ਜਵਾਬ ਵਿੱਚ ਮਲਕਾ ਨੇ ਭਰੋਸਾ ਦਿਵਾਇਆ ਹੈ ਕਿ ਕੋਹਿਨੂਰ ਦੀ ਦਾਅਵੇਦਾਰੀ ਦੇ ਕੇਸ ’ਤੇ ਵਿਚਾਰ ਕੀਤਾ ਜਾ ਰਿਹਾ ਹੈ।ਮਹਾਰਾਜਾ ਸ਼ੇਰ ਸਿੰਘ ਤੇ ਉਸ ਦੀਆਂ ਰਾਣੀਆਂ ਦੀਆਂ ਸਮਾਧਾਂ ਜੋ ਸ਼ਾਹ ਬਿਲਾਵਲ (ਲਾਹੌਰ) ਵਿੱਚ ਸਥਿਤ ਸਨ, 1992 ਵਿੱਚ ਮੰਦਰ ਸਮਝ ਕੇ ਬਾਬਰੀ ਮਸਜਿਦ ਦੇ ਵਿਰੋਧ ਵਜੋਂ ਢਾਹ ਦਿੱਤੀਆਂ ਗਈਆਂ ਸਨ, ਨੂੰ ਨਵੇਂ ਸਿਰੇ ਤੋਂ ਬਣਾਉਣ ਲਈ ਔਕਾਫ਼ ਬੋਰਡ ਪਾਕਿਸਤਾਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਅਪੀਲਾਂ ਕੀਤੀਆਂ ਹਨ। ਮਹਾਰਾਜੇ ਦੇ ਵਾਰਸਾਂ ਨੇ ਮਹਾਰਾਜਾ ਦਲੀਪ ਸਿੰਘ ਦੀ ਲੜਕੀ ਸ਼ਹਿਜ਼ਾਦੀ ਕੈਥਰੀਨ ਦਲੀਪ ਸਿੰਘ ਦੇ ਲਾਵਾਰਸ ਖਾਤੇ, ਜੋ ਸਵਿਟਜ਼ਰਲੈਂਡ ਦੇ ਬੈਂਕ ਵਿੱਚ ਸਨ, ਉਸ ਦਾ ਕਲੇਮ ਵੀ ਕੀਤਾ ਸੀ। ਚਾਰ ਸਾਲ ਤੱਕ ਇਹ ਮੁਕੱਦਮਾ ਟ੍ਰਿਬਿਊਨਲ ਅਦਾਲਤ (ਸਵਿਟਜ਼ਰਲੈਂਡ) ਵਿੱਚ ਚੱਲਿਆ, ਪਰ ਰਾਜ ਕੁਮਾਰੀ ਬੰਬਾ ਸਦਰਲੈਂਡ ਦੀ ਵਸੀਅਤ ਜੋ ਕਿ ਮੁਸਲਮਾਨ ਪਰਿਵਾਰ ਵਾਸੀ ਲਾਹੌਰ ਪਾਸ ਮੌਜੂਦ ਹੋਣ ਕਰਕੇ ਇਹ ਸਾਰਾ ਧਨ ਬੈਂਕ ਨੇ ਕਰੀਮ ਬਖਸ਼ ਦੇ ਪਰਿਵਾਰ ਨੂੰ ਦੇ ਦਿੱਤਾ ਸੀ ਤੇ ਮਹਾਰਾਜਾ ਦਲੀਪ ਸਿੰਘ ਦਾ ਨਜ਼ਦੀਕੀ ਪਰਿਵਾਰ ਇਸ ਧਨ ਤੋਂ ਵੀ ਮਹਿਰੂਮ ਹੋ ਗਿਆ।                 (ਸਮਾਪਤ)
ਦਿਲਬਾਗ ਸਿੰਘ ਗਿੱਲ



Post Comment


ਗੁਰਸ਼ਾਮ ਸਿੰਘ ਚੀਮਾਂ