ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Thursday, February 7, 2013

ਸਿੱਖ ਇਤਿਹਾਸ ਦਾ ਇਕ ਅਹਿਮ ਕਾਂਡ- ਵੱਡਾ ਘੱਲੂਘਾਰਾ

ਗੁਰਦਵਾਰਾ ਵੱਡਾ ਘਲੂਘਾਰਾ ਕੁੱਪ ਰਹੀੜਾ
ਵੱਡਾ ਘੱਲੂਘਾਰਾ ਫਰਵਰੀ 1762 ਨੂੰ ਪਿੰਡ ਕੁੱਪ-ਰੁਹੀੜੇ ਦੀ ਧਰਤੀ ਤੋਂ ਸ਼ੁਰੂ ਹੋ ਕੇ ਧਲੇਰ-ਝਨੇਰ ਵਿਚ ਦੀ ਹੁੰਦਾ ਹੋਇਆ ਅੱਗੇ ਪਿੰਡ ਕੁਤਬਾ-ਬਾਹਮਣੀਆਂ ਕੋਲ ਜਾ ਕੇ ਖ਼ਤਮ ਹੋਇਆ। ਘੱਲੂਘਾਰੇ ਦਾ ਮਤਲਬ ਸਭ ਕੁਝ ਬਰਬਾਦ ਹੋ ਜਾਣਾ ਹੈ। ‘ਘੱਲੂਘਾਰੇ’ ਸ਼ਬਦ ਦਾ ਸੰਬੰਧ ਅਫ਼ਗਾਨੀ ਬੋਲੀ ਨਾਲ ਹੈ।

ਅਹਿਮਮਦ ਸ਼ਾਹ ਅਬਦਾਲੀ ਦਾ ਛੇਵਾਂ ਹੱਲਾ


ਮੁਗ਼ਲ ਬਾਦਸ਼ਾਹ ਅਹਿਮਦ ਸ਼ਾਹ ਅਬਦਾਲੀ 20 ਸਾਲ ਦੀ ਉਮਰ ਵਿਚ ਬਾਦਸ਼ਾਹ ਬਣ ਗਿਆ ਸੀ। ਚੜ੍ਹਦੀ ਉਮਰ, ਰਾਜ ਦਾ ਨਸ਼ਾ, ਆਪਣਾ ਰਾਜ ਵਧਾਉਣ ਬਾਰੇ ਸੋਚਣ ਲੱਗਾ। ਉਸ ਦੇ ਸੂਹੀਏ ਵਪਾਰ ਕਰਨ ਦੇ ਬਹਾਨੇ ਇਥੋਂ ਸਾਰਾ ਭੇਦ ਲੈ ਜਾਂਦੇ। ਸਾਡੇ ਲੋਕਾਂ ਨੂੰ ਤੰਬਾਕੂ ਦੇ ਭੈੜੇ ਐਬ ਦੀ ਦੇਣ ਵੀ ਇਨ੍ਹਾਂ ਦੀ ਹੈ। ਅਖੀਰ ਅਬਦਾਲੀ ਦੀ ਤੇਜ਼-ਤਰਾਰ ਅੱਖ ਬੇਲਗਾਮ ਹਿੰਦੁਸਤਾਨ ’ਤੇ ਆਈ। ਅਬਦਾਲੀ ਨੇ ਭਾਰਤ ’ਤੇ ਹੰਕਾਰੀ ਤੇ ਧਾੜਵੀ ਬਣ ਕੇ 10 ਹਮਲੇ ਕੀਤੇ। ਇਹ ਇਸ ਦਾ ਛੇਵਾਂ ਹਮਲਾ ਸੀ। ਇਸ ਵਾਰ ਅਬਦਾਲੀ ਤੇ ਇਸ ਦੇ ਝੋਲੀ-ਚੁੱਕ ਜਰਨੈਲਾਂ, ਕਮਾਂਡਰਾਂ ਦੇ ਹੌਸਲੇ ਬੁਲੰਦ ਸਨ ਕਿਉਂਕਿ ਇਕ ਸਾਲ ਪਹਿਲਾਂ 1761 ਵਿਚ ਬਹਾਦਰ ਅਖਵਾਉਣ ਵਾਲੇ ਮਰਹੱਟਿਆਂ ਨੂੰ ਪਾਣੀਪਤ ਦੇ ਮੈਦਾਨ ਵਿਚ ਹਰਾਇਆ ਸੀ। ਕੁਝ ਵੀ ਸੀ ਪਰ ਜਿਨ੍ਹਾਂ ਨੇ ਸਿੰਘਾਂ ਦੇ ਹੱਥ ਵੇਖੇ ਸੀ ਉਹ ਅੰਦਰੋਂ ਤਹਿਕਦੇ ਸਨ। ਸਿੰਘਾਂ ਨੇ ਤੁਰਕਾਂ ਨੂੰ ਕਈ ਵਾਰ ਸਤਲੁਜ, ਝਨਾਬ ਤੇ ਰਾਵੀ ਦਰਿਆ ਦਾ ਕਿਨਾਰਾ ਵਿਖਾਇਆ ਸੀ। ਜਦੋਂ ਅਬਦਾਲੀ ਦਿੱਲੀ, ਕਰਨਾਲ, ਪਾਣੀਪਤ, ਮਥਰਾ ਤੇ ਆਗਰਾ ਵਗੈਰਾ ਤੋਂ ਲੁੱਟ ਦਾ ਮਾਲ ਚਾਂਦੀ, ਸੋਨਾ, ਅੰਨ, ਧਨ, ਧੀਆਂ-ਭੈਣਾਂ ਨੂੰ ਆਪਣੇ ਸਿਪਾਹੀਆਂ ਅੱਗੇ ਇੱਜੜ ਦੀ ਤਰ੍ਹਾਂ ਤੋਰ ਦਿੰਦਾ ਤਾਂ ਹਿੰਦੂ ਲੋਕ ਹੱਥ ਬੰਨ੍ਹ ਕੇ ਮੂਰਤੀਆਂ ਅੱਗੇ ਆਰਤੀਆਂ ਕਰਦੇ ਰਹਿ ਜਾਂਦੇ, ਉਸ ਸਮੇਂ ਤਕ ਧੀਆਂ-ਭੈਣਾਂ ਦੇ ਮੁੱਲ ਪੈ ਜਾਂਦੇ। ਅਬਦਾਲੀ ਦੇ ਸਿਪਾਹੀ ਹਿੰਦੁਆ ਦੇ ਘਰਾਂ ਵਿੱਚੋਂ ਜਿੱਥੇ ਵੀ ਦਾਣੇ ਤੇ ਗਹਿਣੇ ਹੁੰਦੇ ਲੈ ਜਾਂਦੇ। ਹਿੰਦੂ ਲੋਕਾਂ ਦਾ ਮਨੋਬਲ ਇਥੋਂ ਤਕ ਗਿਰ ਚੁੱਕਾ ਸੀ ਕਿ ਕਹਾਵਤ ਬਣ ਗਈ ਸੀ, ‘ਖਾਧਾ ਪੀਤਾ ਲਾਹੇ ਦਾ, ਬਾਕੀ ਅਹਿਮਦ ਸ਼ਾਹੇ ਦਾ’ ਜੇ ਕੋਈ ਇਨ੍ਹਾਂ ਤੁਰਕਾਂ ਨੂੰ ਵੰਗਾਰਦਾ ਸੀ, ਉਹ ਸਨ ਸਿੱਖ ਸਰਦਾਰ। ਜਦੋਂ ਕਦੇ ਸਿੰਘਾ ਦੀ ਟੱਕਰ ਮੁਗ਼ਲ ਸਿਪਾਹੀਆਂ ਨਾਲ ਹੋ ਜਾਂਦੀ, ਸਿੰਘ ਲੜਕੀਆਂ ਨੂੰ ਛੁਡਾ ਉਨ੍ਹਾਂ ਦੇ ਪਿੰਡ ਛੱਡ ਆਉਂਦੇ। ਲੁੱਟ ਦਾ ਮਾਲ ਤੇ ਘੋੜੇ ਆਪ ਰੱਖਦੇ। ਸਿਪਾਹੀ ਸੂਬੇਦਾਰਾਂ ਕੋਲ ਸ਼ਿਕਾਇਤਾਂ ਲਾਉਂਦੇ। ਤੁਰਕ ਸਿੰਘਾਂ ਤੋਂ ਪਾਣੀ ਵਾਂਗ ਚੱਲਦੇ ਸੀ। ਸਿੰਘਾਂ ਨੇ ਕਈ ਵਾਰ ਮੁਗ਼ਲ ਅਫ਼ਸਰ, ਸੂਬੇਦਾਰ, ਕਮਾਂਡਰ, ਜਰਨੈਲ, ਖਵਾਜਾ ਮਿਰਜ਼ਾ ਉਬੈਦ ਖਾਨ, ਜੈਨ ਖਾਂ, ਨੂਰਦੀਨ ਤੇ ਅਸਲਮ ਵਰਗਿਆਂ ਨੂੰ ਭਜਾ ਕੇ ਰਾਜ ਕੀਤਾ ਸੀ। ਸ. ਜੱਸਾ ਸਿੰਘ ਆਹਲੂਵਾਲੀਆ ਸਿੱਖ ਕੌਮ ਦਾ ਜਬਰਦਸਤ ਬਾਦਸ਼ਾਹ ਬਣਿਆ। ਸੂਰਬੀਰ ਤੇ ਬਹਾਦਰ ਸਿੱਖ ਕੌਮ ਨੇ ਕਾਬਲ ਦੀਆਂ ਕੰਧਾਂ ਤਕ ਤਹਿਲਕਾ ਮਚਾ ਦਿੱਤਾ। ਜੋ ਕੰਮ ਬਹੁ-ਗਿਣਤੀ ਨਾ ਕਰ ਸਕੀ, ਉਹ ਮੁੱਠੀ-ਭਰ ਸਿੰਘਾ ਨੇ ਕਰਕੇ ਵਿਖਾ ਦਿੱਤਾ। ਸਿੱਖਾਂ ਨੇ ਸਾਡੇ ਦੇਸ਼ ਨੂੰ ਲੁੱਟਣ ਵਾਲਿਆਂ ਨੂੰ ਉਨ੍ਹਾਂ ਦੇ ਦੇਸ਼ ਤੇ ਘਰ ਤਕ ਜਾ ਕੇ ਵੀ ਸੋਧਿਆ। ਤੁਰਕ ਸਾਡੇ ਇਥੋਂ ਦੇ ਮੁਸਲਮਾਨਾਂ ਨੂੰ ਵੀ ਚੰਗਾ ਨਹੀਂ ਸਮਝਦੇ ਸੀ। ਕੁਝ ਅਮੀਰ ਤੇ ਰਜਵਾੜੇ ਇਨ੍ਹਾਂ ਦੇ ਹਿਮਾਇਤੀ ਸਨ। ਸਿੱਖਾਂ ਦਾ ਕਾਫ਼ੀ ਇਲਾਕੇ ’ਤੇ ਕਬਜ਼ਾ ਹੋ ਗਿਆ। ਸਿੱਖ ਕੌਮ ਦਾ ਸਿੱਕਾ ਚੱਲਣ ਲੱਗਿਆ। ਆਮ ਲੋਕ ਸੁਖੀ ਹੋਏ ਪਰ ਇਹ ਬਹੁਤਾ ਸਮਾਂ ਨਾ ਚੱਲਿਆ। ਅਬਦਾਲੀ ਨੂੰ ਇਸ ਚੜ੍ਹਦੀ ਕਲਾ ਦੀ ਖ਼ਬਰ ਹੋ ਗਈ। ਉਸ ਨੇ ਪੰਜਾਬ ਵੱਲ ਨੂਰਦੀਨ ਦੀ ਅਗਵਾਈ ਹੇਠ ਖਾਸ ਫੁਰਤੀਲੀ ਫੌਜ ਭੇਜੀ। ਆਉਂਦਿਆਂ ਹੀ ਉਸ ਦਾ ਟਾਕਰਾ ਝਨਾਬ ਦਰਿਆ ਦੇ ਕਿਨਾਰੇ ਸ. ਚੜ੍ਹਤ ਸਿੰਘ ਸ਼ੁਕਰਚੱਕੀਏ ਨਾਲ ਹੋਇਆ। ਸਿੰਘਾਂ ਨੇ ਅਬਦਾਲੀ ਦਾ ਜਬਰਦਸਤ ਦਸਤਾ ਪਤਾਸੇ ਵਾਂਗ ਭੋਰ ਦਿੱਤਾ। ਮੁਗ਼ਲਾਂ ਨੂੰ ਹੱਥਾਂ-ਪੈਰਾਂ ਦੀਆਂ ਪੈ ਗਈਆਂ। ਕੁਝ ਭੱਜ ਕੇ ਵਾਪਸ ਚਲੇ ਗਏ। ਰਹਿੰਦੇ ਤੁਰਕਾਂ ਨੂੰ ਦਿਨ ਕੱਟਣੇ ਔਖੇ ਹੋ ਗਏ। ਸਰਹਿੰਦ ਦਾ ਕਮਾਂਡਰ ਜੈਨ ਖਾਂ ਜੋ ਆਪਣੇ ਆਪ ਨੂੰ ਕਾਫ਼ੀ ਚੁਸਤ ਤੇ ਬਹਾਦਰ ਕਹਾਉਂਦਾ ਸੀ, ਉਸ ਨੂੰ ਆਪਣੀ ਕੁਰਸੀ ਦਾ ਖ਼ਤਰਾ ਜਾਪਿਆ। ਉਹਦੀ ਸਿੰਘਾਂ ਨਾਲ ਬਹੁਤ ਲੱਗਦੀ ਸੀ। ਉਹ ਚਾਹੁੰਦਾ ਸੀ ਜਿੰਨੀ ਛੇਤੀ ਹੋ ਸਕੇ ਅਬਦਾਲੀ ਸਿੰਘਾਂ ’ਤੇ ਹਮਲਾ ਕਰੇ। ਸਿੱਖ ਕੌਮ ਨੂੰ ਸੁਚੱਜੇ ਨੇਤਾ ਮਿਲ ਗਏ ਅਤੇ ਦਿਨੋ-ਦਿਨ ਤਰੱਕੀ ਕਰਨ ਲੱਗੇ।
1761 ਦੀ ਦੀਵਾਲੀ ਸਾਰੀ ਸਿੱਖ ਸੰਗਤ ਨੇ ਧੂਮ-ਧਾਮ ਨਾਲ ਮਨਾਈ। ਸ੍ਰੀ ਅੰਮ੍ਰਿਤਸਰ ਵਿਚ ਸ. ਜੱਸਾ ਸਿੰਘ ਆਹਲੂਵਾਲੀਏ ਦੀ ਪ੍ਰਧਾਨਗੀ ਵਿਚ ਮੀਟਿੰਗ ਹੋਈ। ਗੁਰਮਤੇ ਪਾਸ ਹੋਏ, ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਵਿਚਾਰਾਂ ਹੋਈਆਂ। ਹਰ ਧਰਮ ਨੂੰ ਵਧਣ-ਫੁਲਣ ਲਈ ਕੋਈ ਰੁਕਾਵਟ ਨਹੀਂ ਆਵੇਗੀ, ਮੁਖ਼ਬਰਾਂ ਨੂੰ ਸੋਧਣ ਲਈ ਮਤੇ ਪਾਸ ਹੋਏ। ਸਭ ਤੋਂ ਵੱਡਾ ਮੁਖ਼ਬਰ ਜੰਡਿਆਲੇ ਦਾ ਆਕਲ ਦਾਸ ਸੀ। ਉਸ ਨੇ ਅਨੇਕਾਂ ਨੌਜਵਾਨ ਸ਼ਹੀਦ ਕਰਵਾਏ। ਸਿੱਖ ਕਾਰਵਾਈਆਂ ਦੀ ਸਾਰੀ ਰਿਪੋਰਟ ਅਬਦਾਲੀ ਤਕ ਜਾਂਦੀ ਸੀ। ਸਿੰਘਾਂ ਨੇ ਜੰਡਿਆਲੇ ਜਾ ਕੇ ਆਕਲ ਦਾਸ ਨੂੰ ਘਰੋਂ ਬਾਹਰ ਕੱਢ ਲਿਆ। ਪੁੱਛਣ ’ਤੇ ਮਿੰਨਤਾਂ-ਤਰਲੇ ਕਰਨ ਲੱਗਿਆ। ਅੱਗੇ ਤੋਂ ਅਜਿਹਾ ਨਾ ਕਰਨ ਦੀ ਸਹੁੰ ਖਾਧੀ। ਸਿੰਘਾਂ ਨੇ ਤਰਸ ਕਰ ਕੇ ਛੱਡ ਦਿੱਤਾ। ਇਸ ਸਪੋਲੀਏ ਆਕਲ ਦਾਸ ਨੇ ਹੀ ਖਾਲਸਾ ਪੰਥ ਦੇ ਡੰਗ ਮਾਰਿਆ। ਜੈਨ ਖਾਂ ਨੇ ਆਕਲ ਦਾਸ ਨਾਲ ਮਿਲ ਕੇ ਅਬਦਾਲੀ ਵੱਲ ਸੁਨੇਹਾ ਭੇਜਿਆ। ਅਬਦਾਲੀ ਰਾਤ ਦੇ ਹਨ੍ਹੇਰੇ ਵਿਚ ਪੱਟੀ ਆਇਆ। ਖਾਨਾਂ ਨਾਲ ਅਤੇ ਆਕਲ ਦਾਸ ਵਰਗੇ ਦੋਗਲਿਆਂ ਨਾਲ ਮੀਟਿੰਗ ਕੀਤੀ। ਅਫ਼ਗਾਨੀ ਆਪਣੇ ਦੁੱਖ ਰੋਣ ਲੱਗੇ, “ਸ਼ਾਹ ਜੀ, ਸਿੰਘਾਂ ਨੇ ਤਾਂ ਸਾਡਾ ਜਿਊਣਾ ਦੁੱਭਰ ਕਰ ਦਿੱਤਾ, ਸਾਨੂੰ ਇਥੋਂ ਲੈ ਚੱਲੋ। ਅਸੀਂ ਤੰਗ ਹਾਂ, ਸਾਨੂੰ ਸਿੰਘਾਂ ਤੋਂ ਡਰ ਲੱਗਦਾ।” ਅਹਿਮਦ ਸ਼ਾਹ ਅਬਦਾਲੀ ਆਪਣੇ ਮੁਹਤਬਰ ਆਦਮੀਆਂ ਨੂੰ ਸਾਵਧਾਨ ਕਰ ਕੇ ਚਲਿਆ ਗਿਆ, ਭੀਖਮ ਸ਼ਾਹ ਮਲੇਰਕੋਟਲਾ, ਜੈਨ ਖਾਂ ਸਰਹਿੰਦ, ਸ਼ਾਹ ਹੁਸੈਨ ਰਾਏਕੋਟ ਤੇ ਹੋਰ ਖਾਨਾਂ ਨੇ ਸਿੰਘਾਂ ’ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਆਕਲ ਦਾਸ ਮੁਖ਼ਬਰ ਦਾ ਅੱਗੇ ਦੀ ਅੱਗੇ ਜਾਲ ਪਾਇਆ ਹੋਇਆ ਸੀ। ਸਿੰਘਾਂ ਨੂੰ ਪਤਾ ਲੱਗ ਗਿਆ ਕਿ ਅਬਦਾਲੀ ਬਹੁਤ ਸਾਰੀ ਫੌਜ ਲੈ ਕੇ ਆ ਰਿਹਾ ਹੈ। ਇਹ ਜੰਗ ਇਕੱਲੇ ਸਿੰਘਾਂ ਨਾਲ ਹੋਵੇਗੀ। ਸਿੱਖ ਸਰਦਾਰਾਂ ਨੇ ਮੀਟਿੰਗ ਕੀਤੀ ਮਤਾ ਪਾਸ ਹੋਇਆ ਕਿ ਜੋ ਕਾਫਲੇ ਨਾਲ ਬੱਚੇ, ਔਰਤਾਂ ਤੇ ਬੁੱਢੇ ਹਨ ਇਨ੍ਹਾਂ ਨੂੰ ਬੀਕਾਨੇਰ ਦੇ ਜੰਗਲਾਂ ਵਿਚ ਛੱਡ ਆਵੋ ਅਤੇ ਹਥਿਆਰ ਅੱਗੇ ਕਿਸੇ ਥਾਂ ਟਿਕਾਣੇ ਲਾਏ ਜਾਣ। ਜਥੇਦਾਰ ਸ. ਜੱਸਾ ਸਿੰਘ ਆਹਲੂਵਾਲੀਆ ਕਹਿਣ ਲੱਗਾ, “ਸਿੰਘੋ! ਇਸ ਅਬਦਾਲੀ ਨੂੰ ਅਜਿਹਾ ਸਬਕ ਸਿਖਾਉਣਾ ਕਿ ਮੁੜ ਕੇ ਸਾਡੇ ਪੰਜਾਬ ਵੱਲ ਅੱਖ ਨਾ ਚੁੱਕੇ। ਉਸ ਦੀ ਵੱਧ ਫੌਜ ਕੁਝ ਨਹੀਂ ਕਰ ਸਕਦੀ।” ਖਾਲਸਾ ਵਹੀਰ ਥਾਂ-ਥਾਂ ਤੋਂ ਸੁਨੇਹੇ ਮਿਲਣ ’ਤੇ ਇਕ ਥਾਂ ਇਕੱਠੀ ਹੋ ਗਈ। ਖਾਲਸਾ ਪੰਥ ਦਰਿਆ ਸਤਲੁਜ ਪਾਰ ਕਰ ਕੇ ਜਗਰਾਉਂ ਸ਼ਹਿਰ ਪਾਰ ਕਰ ਕੇ ਸੁਧਾਰ, ਆਂਡਲੂ ਤੇ ਜੁੜਾਹਾਂ ਆਦਿ ਪਿੰਡਾਂ ਵਿਚ ਦੀ ਹੁੰਦਾ ਹੋਇਆ ਅਹਿਮਦਗੜ੍ਹ ਮੰਡੀ ਨੇੜੇ ਸ਼ਾਮ ਤਕ ਪਹੁੰਚ ਗਿਆ। ਅੱਗੇ ਰਾਤ ਕੱਟਣੀ ਸੀ।


ਮੁਕਾਮ ਕੁਪ ਰਹੀੜਾ ਪਿੰਡ ਤੌਂ ਪਿੰਡ ਕੁਤਬਾ ਬਾਹਮਣੀਆਂ ਤਕ

ਜਥੇਦਾਰਾਂ ਨੇ ਕਿਹਾ, “ਸਿੰਘੋ! ਅੱਗੇ ਕੋਈ ਸੁਰੱਖਿਅਤ ਥਾਂ ਵੇਖੋ ਤਾਂ ਕੁਝ ਸਿੰਘਾਂ ਨੇ ਪਿੰਡ ਜੰਡਾਲੀ ਤੋਂ ਅੱਗੇ ਪਿੰਡ ਰੁਹੀੜੇ ਨੇੜੇ ਥਾਂ ਵੇਖੀ, ਜਿੱਥੇ ਦਰਖ਼ਤ ਸਰਕੜਾ ਤੇ ਕੇਸੂ ਦੇ ਬੂਟੇ ਬਹੁਤ ਸੀ। ਸਾਰਾ ਖਾਲਸਾ ਦਲ ਇਸ ਥਾਂ ਇਕੱਠਾ ਹੋ ਗਿਆ। ਮੁਖ਼ਬਰ ਸਤਲੁਜ ਤੋਂ ਵਹੀਰ ਦੇ ਪਿੱਛੇ ਲੱਗੇ ਹੋਏ ਸੀ। ਪਹਿਲੀ ਰਾਤ ਨੂੰ ਆਕਲ ਦਾਸ ਦੀ ਮੁਖ਼ਬਰੀ ਦੀ ਖ਼ਬਰ ਸੁਣ ਕੇ ਜੈਨ ਖਾਂ 2000 ਘੋੜ ਸਵਾਰ ਤੇ 3000 ਪੈਦਲ ਨੌਜਵਾਨ ਤੇ ਤੋਪਖਾਨਾ ਲੈ ਕੇ ਕੁੱਪ ਨੇੜੇ ਆ ਗਿਆ, ਨਵਾਬ ਮਲੇਰਕੋਟਲਾ ਵੀ ਆਪਣੀ ਫੌਜ ਲੈ ਕੇ ਆ ਗਿਆ। ਕੁਝ ਸਮੇਂ ਬਾਅਦ ਹੀ ਲੁਧਿਆਣੇ ਵੱਲ ਦੀ ਅਬਦਾਲੀ ਵੀ ਜੰਡਾਲੀ ਨੇੜੇ ਆ ਗਿਆ। ਅਬਦਾਲੀ ਦੀ ਫੌਜ ਲੱਖ ਦੇ ਨੇੜੇ ਸੀ ਜੋ ਕਈ ਪਿੰਡਾਂ ਦੇ ਏਰੀਏ ਵਿਚ ਹਰਲ-ਹਰਲ ਕਰਦੀ ਫਿਰਦੀ ਸੀ। ਅਬਦਾਲੀ ਦੀ ਮੀਟਿੰਗ ਜੈਨ ਖਾਂ, ਭੀਖਮ ਸ਼ਾਹ, ਸ਼ਾਹ ਹੁਸੈਨ ਤੇ ਆਪਣੇ ਫੌਜ ਦੇ ਕਮਾਂਡਰਾਂ ਤੇ ਜਰਨੈਲਾਂ ਨਾਲ ਹੋਈ। ਪਹਿਲਾ ਮਸ਼ਵਰਾ ਪਾਸ ਹੋਇਆ ਕਿ ਫੌਜ ਦੀ ਤੇ ਇਸ ਏਰੀਏ ਦੀ ਅਤੇ ਸਿੱਖਾਂ ਦੀ ਜਾਂਚ ਕੀਤੀ ਜਾਵੇ ਕਿ ਕਿੰਨੇ ਕੁ ਹਨ। ਦੂਜਾ ਮਸ਼ਵਰਾ ਹੋਇਆ ਕਿ ਸਵੇਰੇ 2 ਘੰਟਿਆਂ ਵਿਚ ਸਿੱਖਾਂ ਨੂੰ ਖ਼ਤਮ ਕਰ ਕੇ, ਅੱਗੇ ਤੋਂ ਕੋਈ ਸਿਰ ਨਾ ਚੁੱਕੇ, ਸਖ਼ਤਾਈ ਕਰ ਕੇ ਅਬਦਾਲੀ ਵਾਪਸ ਮੁੜ ਜਾਵੇਗਾ। ਸਿੱਖ ਵਹੀਰ ਨੂੰ ਤਿੰਨ ਪਾਸਿਆਂ ਤੋਂ ਘੇਰ ਲਿਆ। ਛਾਪਾਮਾਰ ਢੰਗ ਨਾਲ ਫੌਜ ਇਕ ਦੂਜੇ ਨਾਲ ਜੁੜ ਗਈ। ਸਿੰਘਾਂ ਨੂੰ ਇਸ ਕਾਰਵਾਈ ਦਾ ਬਿਲਕੁਲ ਪਤਾ ਨਾ ਲੱਗਿਆ। ਸਿੰਘਾਂ ਦੇ ਮਨ ਵਿਚ ਇਹ ਗੱਲ ਸੀ ਕਿ ਅਬਦਾਲੀ 4-5 ਦਿਨਾਂ ਤਕ ਉਨ੍ਹਾਂ ਨੇੜੇ ਲੱਗੇਗਾ। ਅਬਦਾਲੀ ਦੇ ਸਿਪਾਹੀਆਂ ਦੇ ਲਾਲ ਰੰਗ ਦੀ ਵਰਦੀ ਪਾਈ ਹੋਈ ਸੀ। ਉਥੇ ਕੇਸੂ ਦੇ ਬੂਟਿਆਂ ਨੂੰ ਲਾਲ ਰੰਗ ਦੇ ਫੁੱਲ ਸੀ। ਇਹ ਭੁਲੇਖਾ ਵੀ ਸਿੰਘਾਂ ਨੂੰ ਘਾਟੇ ਵਿਚ ਗਿਆ। ਸਿੰਘ ਬੇਫ਼ਿਕਰ ਹੋ ਕੇ ਸੌਂ ਗਏ। ਕੁਝ ਆਲੇ-ਦੁਆਲੇ ਪਹਿਰਾ ਦੇਣ ਲੱਗੇ। ਸਿੰਘ 4 ਵਜੇ ਉਂਠੇ। ਪਸ਼ੂਆਂ ਨੂੰ ਕੱਖ-ਪੱਠੇ ਪਾਉਣ ਲੱਗੇ ਤਾਂ ਜੈਨ ਖਾਂ ਦੇ ਕਮਾਂਡਰ ਲੱਸੀ ਰਾਮ ਸਰਹਿੰਦ ਨੇ ਮਲੇਰਕੋਟਲੇ ਵਾਲੇ ਪਾਸੇ ਤੋਂ ਅਚਾਨਕ ਵਹੀਰ ’ਤੇ ਹਮਲਾ ਕਰ ਦਿੱਤਾ। ਪਹਿਲਾਂ-ਪਹਿਲ ਸਿੰਘਾਂ ਦਾ ਕਾਫ਼ੀ ਨੁਕਸਾਨ ਹੋਇਆ ਪਰ ਸਿੰਘ ਛੇਤੀ ਹੀ ਸੰਭਲ ਗਏ। ਸਿੰਘਾਂ ਨੂੰ ਜਦੋਂ ਪਤਾ ਲੱਗਿਆ ਕਿ ਦੁਸ਼ਮਣ ਤਾਂ ਸਿਰ ’ਤੇ ਚੜ੍ਹਿਆ ਬੈਠਾ, ਉਹ ਜਥੇਦਾਰਾਂ ਦੀ ਅਗਵਾਈ ਹੇਠ ਇਕ ਤੂਫਾਨ ਦੀ ਤਰ੍ਹਾਂ ਉਂਠੇ, ਜੋ ਵੀ ਹਥਿਆਰ-ਸ਼ਸਤਰ ਹੱਥ ਆਇਆ, ਉਸ ਨਾਲ ਹੀ ਮੁਕਾਬਲਾ ਕਰਨ ਲੱਗੇ। ਅਬਦਾਲੀ 18000 ਬਲੋਚਾਂ ਨਾਲ ਨਮਾਜ਼ ਪੜ੍ਹ ਕੇ, ਦੁਆ ਕਰ ਕੇ ਚੱਲਿਆ ਸੀ ਕਿ ਮੈਂ ਕਾਫ਼ਰਾਂ ਨੂੰ ਖ਼ਤਮ ਕਰ ਦੇਵਾਂਗਾ ਪਰ ਉਹ ਅੱਲ੍ਹਾ-ਤਾਅਲਾ ਝੂਠੀਆਂ ਦੁਆਵਾਂ ਕਬੂਲ ਨਹੀਂ ਕਰਦੇ। ਸਾਡੇ ਪਿੰਡ, ਸਾਡੇ ਸ਼ਹਿਰ, ਸਾਡੇ ਖੇਤ, ਸਾਡਾ ਦੇਸ਼, ਸਾਡੇ ਨੌਜਵਾਨ, ਇਸ ਅਬਦਾਲੀ ਦਾ ਕੀ ਹੱਕ ਹੈ? ਸਾਡਾ ਵੱਡਾ ਦੁਸ਼ਮਣ ਹੈ ਜੋ ਸਾਨੂੰ ਗ਼ੁਲਾਮ ਰੱਖ ਕੇ ਲੁੱਟਣਾ ਚਾਹੁੰਦਾ ਹੈ। ਸਿੱਖ ਨੌਜਵਾਨਾਂ ਦੇ ਚਿਹਰੇ ਦੂਣ-ਸਵਾਏ ਹੋ ਗਏ। ਘਬਰਾਏ ਨਹੀਂ। ਜੈਨ ਖਾਂ ਦੀ ਟੱਕਰ ਚੜ੍ਹਤ ਸਿੰਘ ਸ਼ੁਕਰਚੱਕੀਏ ਨਾਲ ਹੋਈ। ਅਹਿਮਦਗੜ੍ਹ ਵਾਲੇ ਪਾਸੇ, ਜਥੇਦਾਰ ਜੱਸਾ ਸਿੰਘ ਜੀ ਖੁਦ ਆਪ ਸਿੰਘਾਂ ਨੂੰ ਨਾਲ ਲੈ ਕੇ ਅਬਦਾਲੀ ਦੇ ਨੌਜਵਾਨਾਂ ਨੂੰ ਪਛਾੜ ਰਹੇ ਸੀ। ਸ. ਰਾਮ ਸਿੰਘ, ਸ. ਬਘੇਲ ਸਿੰਘ, ਸਿੰਘਾਂ ਸਮੇਤ ਅਬਦਾਲੀ ਦੇ ਚੋਣਵੇਂ ਜਵਾਨਾਂ ਨਾਲ ਟੱਕਰ ਲੈ ਰਹੇ ਸੀ। ਕੁਝ ਸਿੰਘ ਵਿਚਕਾਰ ਰਹਿ ਕੇ ਸਮਾਨ ਅਤੇ ਜੋ ਨਹੀਂ ਲੜ ਸਕਦਾ ਸੀ, ਉਸ ਨੂੰ ਅੱਗੇ-ਪਿੱਛੇ ਕਰ ਰਹੇ ਸੀ। ਸਿੰਘਾਂ ਦੇ ਚਿਹਰਿਆਂ ’ਤੇ ਜੋਸ਼ ਦੀਆਂ ਲਾਲੀਆਂ ਆ ਗਈਆਂ। ਸਿੰਘ ਜੈਕਾਰੇ ਲਗਾ ਰਹੇ ਸੀ। ਸਿੱਖ ਜਵਾਨ ਜ਼ਖਮੀ ਤੇ ਸ਼ਹੀਦ ਹੁੰਦੇ ਹੋਏ ਪੂਰੇ ਤਾਣ ਨਾਲ ਮੁਕਾਬਲਾ ਕਰ ਰਹੇ ਸੀ। ਸਿੰਘ ਦੁਸ਼ਮਣ ਨੂੰ ਪਾੜ-ਪਾੜ ਸੁੱਟਣ ਲੱਗੇ। ਸ. ਬਘੇਲ ਸਿੰਘ, ਸ. ਸ਼ੇਰ ਸਿੰਘ ਵਰਗੇ ਸੂਰਮੇ ਦੁਸ਼ਮਣ ਨੂੰ ਨਿੰਬੂ ਵਾਂਗ ਨਚੋੜ ਰਹੇ ਸੀ। ਸਿੰਘ ਤਿੰਨੇ ਪਾਸੇ ਫੌਲਾਦੀ ਕੰਧਾਂ ਵਾਂਗ ਡੱਟ ਗਏ। ਸਿੰਘ ਪੂਰੀ ਵਿਉਂਤਬੰਦੀ ਨਾਲ ਲੜ ਰਹੇ ਸੀ। ਮਰ ਰਹੀ ਫੌਜ ਦੀ ਗਿਣਤੀ ਸੁਣ ਕੇ ਅਬਦਾਲੀ ਨੂੰ ਚਾਰ-ਚੁਫੇਰੇ ਪੀਲ਼ਾ-ਪੀਲ਼ਾ ਦਿੱਸਣ ਲੱਗ ਪਿਆ। ਅਬਦਾਲੀ ਨੂੰ ਖੜ੍ਹਨਾ ਔਖਾ ਹੋ ਗਿਆ। ਲੜਾਈ ਚੱਲਦੀ ’ਤੇ ਸਿੰਘਾਂ ਨੂੰ ਪਤਾ ਨਾ ਲੱਗਿਆ ਕਿੱਥੇ-ਕਿੱਥੇ ਮੁਕਾਬਲਾ ਹੁੰਦਾ। ਇਕ ਪਾਸੇ ਸਿਰ ਤਲੀ ’ਤੇ ਧਰ ਕੇ ਲੜਨ ਵਾਲੇ ਅਤੇ ਦੂਜੇ ਪਾਸੇ ਨੌਕਰੀ ਵਾਲੇ ਜਿਨ੍ਹਾਂ ਨੂੰ ਅਬਦਾਲੀ ਦੇ ਕਮਾਂਡਰ ਖਿੱਚ-ਖਿੱਚ ਸਿੰਘਾਂ ਅੱਗੇ ਜਾਨ ਦੇਣ ਲਈ ਕਰ ਰਹੇ ਸੀ। ਲੱਸੀ ਰਾਮ ਤੇ ਜੈਨ ਖਾਂ ਤਾਂ ਦਿਨ ਚੜ੍ਹਨ ਤੋਂ ਪਹਿਲਾਂ-ਪਹਿਲਾਂ ਹੀ ਆਪਣੇ ਨੌਜਵਾਨ ਮਰਵਾ ਕੇ ਸਰਹਿੰਦ ਵੱਲ ਚਲੇ ਗਏ। ਮੁਗ਼ਲ ਸੋਚਣ ਲਈ ਮਜਬੂਰ ਕਰ ਦਿੱਤੇ। ਸਿੰਘਾਂ ਨੇ ਇਕ ਵਾਰ ਤਾਂ ਅਬਦਾਲੀ ਦੇ ਪੈਰ ਹਿਲਾ ਦਿੱਤੇ। ਅਬਦਾਲੀ ਦੇ ਕਮਾਂਡਰ ਸਿੰਘਾਂ ਵੱਲੋਂ ਚੱਲ ਰਹੇ ਹਥਿਆਰਾਂ ਨੂੰ ਵੇਖ ਕੇ ਪਿੱਛੇ ਹਟ ਰਹੇ ਸੀ। ਕਈ ਖਾਨ ਝਾੜੀਆਂ ਵਿਚ ਬੈਠੇ ਆਪਣੀ ਜਾਨ ਦੀ ਖ਼ੈਰ ਮੰਗ ਰਹੇ ਸੀ। ਸਿੰਘ ਪੱਛਮ ਵੱਲ ਪਿੰਡ ਧਲੇਰ-ਝਨੇਰ ਵੱਲ ਵਧਣ ਲੱਗੇ। ਸਿੰਘ ਵੀ ਬਹੁਤ ਸ਼ਹੀਦ ਹੋ ਰਹੇ ਸੀ। ਪਰ ਤੁਰਕਾਂ ਦੀ ਬੁਰੀ ਹਾਲਤ ਸੀ। ਸਿੰਘਾਂ ਦੇ ਕਾਰਨਾਮੇ ਵੇਖ ਕੇ ਤੁਰਕ ਕਹਿ ਰਹੇ ਸੀ ਕਿ ਜਿਸ ਕੌਮ ਦੇ ਰਾਜੇ ਆਪ ਹਥਿਆਰ ਚਲਾ ਰਹੇ ਹੋਣ ਤੇ ਜ਼ਨਾਨੀਆਂ ਬਰਾਬਰ ਸ਼ਸਤਰ ਚਲਾ ਰਹੀਆਂ ਹੋਣ, ਉਨ੍ਹਾਂ ਨੂੰ ਕੋਈ ਹਰਾ ਨਹੀਂ ਸਕਦਾ। ਨਿਹੰਗ ਸਿੰਘਾਂ ਤੋਂ ਤੁਰਕ ਇਸ ਤਰ੍ਹਾਂ ਚੱਲਦੇ ਸੀ, ਜਿਵੇਂ ਆਜੜੀ ਅੱਗੇ ਇੱਜੜ ਹੋਵੇ। ਸਿੰਘਾਂ ਨੇ ਅਬਦਾਲੀ ਦੇ ਚੋਟੀ ਦੇ ਨੌਜਵਾਨ ਦੋ ਘੰਟਿਆਂ ਵਿਚ ਖ਼ਤਮ ਕਰ ਦਿੱਤੇ। ਸਿੰਘ ਗਰਜ-ਗਰਜ ਤੁਰਕਾਂ ਨੂੰ ਸਦਾ ਦੀ ਨੀਂਦ ਸੁਲਾ ਰਹੇ ਸੀ। ਸਿੰਘ ਜੋ ਜ਼ਖਮੀ ਹੋ ਜਾਂਦਾ ਉਹ ਜੋਸ਼ ਵਿਚ ਆ ਕੇ ਦੁਸ਼ਮਣ ਦੇ ਕੰਨ ਭੰਨੀ ਜਾਂਦਾ। ਸਿੰਘਾਂ ਨੂੰ ਦੋ ਘੰਟਿਆਂ ਵਿਚ ਖ਼ਤਮ ਕਰਨ ਵਾਲਾ ਜੰਗ ਦੀ ਸੂਚਨਾ ਸੁਣ-ਸੁਣ ਅਧਮੋਇਆ ਬੈਠਾ ਸੀ। ਅਬਦਾਲੀ ਦਾ ਰੰਗ ਪੀਲ਼ਾ ਹੋ ਗਿਆ ਸੀ। ਇਕ-ਇਕ ਸਿੰਘ 10-10 ਨੂੰ ਨੇੜੇ ਨਹੀਂ ਸੀ ਲੱਗਣ ਦੇਂਦਾ। ਸਿੰਘ ਲੜਦੇ-ਲੜਦੇ ਕੁਤਬਾ ਬਾਹਮਣੀਆਂ ਪਿੰਡ ਦੀ ਜੂਹ ’ਚ ਚਲੇ ਗਏ, ਪਿੱਛੇ-ਪਿੱਛੇ ਹੀ ਤੁਰਕ। ਢਾਬ ’ਤੇ ਪਹੁੰਚ ਕੇ ਤੁਰਕ ਪਾਣੀ ਪੀ ਕੇ ਵਾਪਸ ਮਲੇਰਕੋਟਲੇ ਵੱਲ ਮੁੜ ਆਏ ਤੇ ਸਿੰਘ ਸਾਰੇ ਜੋ ਖਿੰਡੇ ਸੀ ਇਕ ਥਾਂ ਇਕੱਠੇ ਹੋਏ ਅਤੇ ਸ਼ਹੀਦ ਹੋਏ ਸਿੰਘਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਤੇ ਬਰਨਾਲੇ ਵੱਲ ਚਲੇ ਗਏ। ਇਸ ਲੜਾਈ ਵਿਚ 30-35 ਹਜ਼ਾਰ ਸਿੰਘ ਸ਼ਹੀਦ ਹੋਏ। ਕੌਮ ਦੇ ਮਹਾਨ ਜਰਨੈਲ ਸ. ਜੱਸਾ ਸਿੰਘ ਦੇ ਸਰੀਰ ’ਤੇ 22 ਨਿਸ਼ਾਨ ਜ਼ਖਮਾਂ ਦੇ ਸੀ ਤੇ ਸ. ਚੜ੍ਹਤ ਸਿੰਘ ਸ਼ੁਕਰਚੱਕੀਏ ਦੇ 18 ਨਿਸ਼ਾਨ ਸੀ। ਅਗਲੇ ਸਾਲ ਹੀ 1763 ਨੂੰ ਸਿੱਖਾਂ ਨੇ ਸਰਹਿੰਦ ਜਿੱਤ ਲਈ ਤੇ ਜੈਨ ਖਾਂ ਨੂੰ ਮਾਰ-ਮੁਕਾਇਆ ਅਤੇ ਮੁਖ਼ਬਰ ਆਕਲ ਦਾਸ ਨੂੰ ਵੀ ਗੱਡੀ ਚਾੜ੍ਹ ਦਿੱਤਾ। ਗੁਰਮਤ ਪ੍ਰਕਾਸ਼ ਦੇ ਲੇਖ ਤੇ ਅਧਾਰਿਤ

ਪੋਸਟ ਕਰਤਾ: ਗੁਰਸ਼ਾਮ ਸਿੰਘ ਚੀਮਾ



Post Comment

Friday, October 19, 2012

ਸ. ਜੱਸਾ ਸਿੰਘ ਆਹਲੂਵਾਲੀਆ (ਬਰਸੀ 'ਤੇ ਵਿਸ਼ੇਸ਼)


20 ਅਕਤੂਬਰ, ਬਰਸੀ 'ਤੇ ਵਿਸ਼ੇਸ਼
ਕੁਝ ਕੁੱਖਾਂ ਹੀ ਵਡਭਾਗੀਆਂ ਹੁੰਦੀਆਂ ਹਨ, ਜਿਨ੍ਹਾਂ ’ਚ ਸੁਲਤਾਨ-ਉਲ-ਕੌਮ ਸ. ਜੱਸਾ ਸਿੰਘ ਆਹਲੂਵਾਲੀਏ ਵਰਗੇ ਮਹਾਨ ਯੋਧੇ ਜਰਨੈਲ ਤੇ ਪੰਥ ਸੇਵਕ ਪੈਦਾ ਹੁੰਦੇ ਹਨ। ਨਵਾਬ ਕਪੂਰ ਸਿੰਘ ਦੇ ਇਸ ਜਹਾਨ ਤੋਂ ਕੂਚ ਕਰ ਜਾਣ ਉਪਰੰਤ ਸਮੁੱਚੇ ਪੰਥ ਵੱਲੋਂ ਇਕ ਰਾਏ ਹੋ ਸ. ਜੱਸਾ ਸਿੰਘ ਆਹਲੂਵਾਲੀਏ ਨੂੰ ਪੰਥ ਦਾ ਸ਼੍ਰੋਮਣੀ ਜਥੇਦਾਰ ਪ੍ਰਵਾਨਿਆ ਗਿਆ। ਖਾਲਸੇ ਦੇ ਧਾਰਮਿਕ ਤੇ ਸਿਆਸੀ ਮਾਮਲਿਆਂ ’ਤੇ ਮੋਹਰ ਜਥੇਦਾਰ ਦੀ ਪ੍ਰਵਾਨ ਹੋਈ। ਉਹ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਚੌਥੇ ਮੁਖੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਰਹੇ।
7 ਅਕਤੂਬਰ ਨੂੰ ਸ਼੍ਰੋਮਣੀ ਪੰਥ ਬੁੱਢਾ ਦਲ ਤੇ ਹੋਰ ਨਿਹੰਗ ਸਿੰਘ ਦਲਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਨਵਾਬ ਕਪੂਰ ਸਿੰਘ ਦੀ 259ਵੀਂ ਸਾਲਾਨਾ ਯਾਦ ਤਾਜ਼ਾ ਕੀਤੀ ਹੈ। ਹੁਣ 20 ਅਕਤੂਬਰ ਨੂੰ ਸ. ਜੱਸਾ ਸਿੰਘ ਆਹਲੂਵਾਲੀਆ ਦੀ ਸਾਲਾਨਾ ਯਾਦ ਨੂੰ ਤਾਜ਼ਾ ਕਰਦਿਆਂ ਇਕ ਵਿਸ਼ੇਸ਼ ਸਮਾਗਮ ਗੁਰਦੁਆਰਾ ਅਕਾਲੀ ਫੂਲਾ ਸਿੰਘ ਬੁਰਜ ਵਿਖੇ ਉਲੀਕਿਆ ਗਿਆ ਹੈ। ਜਿਸ ਯੋਧੇ ਸੂਰਬੀਰ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ ਇਹ ਪੰਥ ਮਾਤਾ ਸੁੰਦਰੀ ਜੀ ਦੀ ਦੇਖਰੇਖ ਵਿੱਚ ਸਿੱਖਿਆ ਪ੍ਰਾਪਤ ਕਰਨ ਵਾਲੇ ਬਾਲ ਜੱਸਾ ਸਿੰਘ ਨੇ ਸ. ਬਦਰ ਸਿੰਘ ਦੇ ਘਰ ਮਾਤਾ ਜੀਵਨ ਕੌਰ ਦੀ ਪਵਿੱਤਰ ਕੁੱਖੋਂ ਪਿੰਡ ਆਹਲੂ ਜ਼ਿਲ੍ਹਾ ਲਾਹੌਰ (ਪਾਕਿਸਤਾਨ) ਵਿਖੇ 3 ਮਈ 1718 ਈ: ਨੂੰ ਜਨਮ ਲਿਆ। ਪਿਤਾ ਦਾ ਛੋਟੀ ਉਮਰੇ ਸਿਰ ਤੋਂ ਸਾਇਆ ਉਠ ਗਿਆ। ਮਾਤਾ ਜੀਵਨ ਕੌਰ ਸੰਗਤ ਨਾਲ ਦਿੱਲੀ ਗਏ ਤੇ ਮਾਤਾ ਸੁੰਦਰੀ ਜੀ ਦੀ ਸੇਵਾ ਵਿੱਚ ਹੀ ਜੁੱਟ ਗਏ। ਉਥੇ ਹੀ ਬਾਲ ਜੱਸਾ ਸਿੰਘ ਨੇ ਕੀਰਤਨ ਤੇ ਸੇਵਾ ਦੀ ਅਸੀਸ ਪ੍ਰਾਪਤ ਕੀਤੀ। ਮਾਤਾ ਸੁੰਦਰੀ ਜੀ ਦੀ ਸਰਪ੍ਰਸਤੀ ਵਿੱਚ ਹੀ ਸਿੱਖ ਵਿਚਾਰਧਾਰਾ, ਆਤਮਿਕ ਤੇ ਸਮਾਜਿਕ ਪੱਖਾਂ ’ਤੇ ਬਹੁਪੱਖੀ ਸਿੱਖਿਆ ਤੇ ਵੱਖ-ਵੱਖ ਭਾਸ਼ਾਵਾਂ ਦਾ ਗਿਆਨ ਸ. ਜੱਸਾ ਸਿੰਘ ਨੇ ਪ੍ਰਾਪਤ ਕੀਤਾ। ਦਿੱਲੀ ਤੋਂ ਤੁਰਨ ਸਮੇਂ ਮਾਤਾ ਸੁੰਦਰੀ ਜੀ ਨੇ ਬਾਲਕ ਜੱਸਾ ਸਿੰਘ ਨੂੰ ਦਸਮੇਸ਼ ਪਿਤਾ ਦੇ ਕਰ ਕਮਲਾਂ ਦੀ ਛੋਹ ਪ੍ਰਾਪਤ ਸ਼ਸਤਰ, ਤਲਵਾਰ, ਤੀਰਾਂ ਦਾ ਭੱਥਾ, ਕਮਾਨ, ਗੁਰਜ ਆਦਿ ਬਖਸ਼ਿਸ਼ ਕੀਤੇ। ਮਾਂ, ਪੁੱਤਰ ਤੇ ਮਾਮਾ ਬਾਘ ਸਿੰਘ ਹਲੋਵਾਲੀਆ ਕਰਤਾਰਪੁਰ ਜਲੰਧਰ  ਜਥੇਦਾਰ ਨਵਾਬ ਕਪੂਰ ਸਿੰਘ ਪਾਸ ਪੁੱਜੇ। ਅੰਮ੍ਰਿਤ ਵੇਲੇ ਕੀਰਤਨ ਕਰਕੇ ਸਭ ਨੂੰ ਨਿਹਾਲੋ ਨਿਹਾਲ ਕੀਤਾ। ਸ. ਜੱਸਾ ਸਿੰਘ ਦੀ ਸ਼ਖਸੀਅਤ ਨਵਾਬ ਕਪੂਰ ਸਿੰਘ ਨੂੰ ਚੰਗੀ ਲੱਗੀ। ਉਨ੍ਹਾਂ ਮਾਤਾ ਜੀਵਨ ਕੌਰ ਨੂੰ ਕਿਹਾ ਕਿ ਜੱਸਾ ਸਿੰਘ ਨੂੰ ਸਾਡੇ ਕੋਲ ਰਹਿਣ ਦਿਉ। ਇਸ ’ਤੇ ਭੈਣ ਭਰਾ ਨੇ ਜੱਸਾ ਸਿੰਘ ਦੀ ਨਵਾਬ ਕਪੂਰ ਸਿੰਘ ਨੂੰ ਸੌਂਪਣਾ ਕਰ ਦਿੱਤੀ। ਇਹੋ ਸ. ਜੱਸਾ ਸਿੰਘ ਬਾਅਦ ਵਿੱਚ ਨਵਾਬ ਸਾਹਿਬ ਦਾ ਧਰਮ ਪੁੱਤਰ ਪ੍ਰਸਿੱਧ ਹੋਇਆ।
ਨਵਾਬ ਕਪੂਰ ਸਿੰਘ ਨੇ ਸ. ਜੱਸਾ ਸਿੰਘ ਨੂੰ ਘੋੜ ਸਵਾਰੀ, ਤੇਗ ਜੌਹਰ, ਨੇਜ਼ਾਬਾਜ਼ੀ ਤੇ ਤੀਰਕਮਾਨ ਆਦਿ ਦੀ ਬਰੀਕੀ ਨਾਲ ਸਿੱਖਿਆ ਦਿਵਾਈ। ਸ. ਜੱਸਾ ਸਿੰਘ ਇਸ ਸਿਖਲਾਈ ਦੇ ਨਾਲ ਦੀਵਾਨਾਂ ਵਿੱਚ ਸੰਗਤ ਨੂੰ ਪੱਖਾ ਝੱਲਣ ਤੇ ਭਾਂਡੇ ਮਾਂਜਣ ਦੀ ਸੇਵਾ ਵੀ ਖੂਬ ਕਰਦਾ। ਪੁੱਤ ਗੱਭਰੂ ਹੋਇਆ ਤਾਂ ਨਵਾਬ ਕਪੂਰ ਸਿੰਘ ਨੇ ਉਸ ਨੂੰ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਦਿੱਤੀ ਤੇ ਰਹਿਤ ਬਹਿਤ ਵਿੱਚ ਪਰਪੱਕ ਰਹਿਣ ਲਈ ਕਿਹਾ। ਫਿਰ ਨਵਾਬ ਸਾਹਿਬ ਨੇ ਖਾਲਸੇ ਦੇ ਘੋੜਿਆਂ ਨੂੰ ਖੁਰਾਕ ਮੁਹੱਈਆ ਕਰਨ ਦੀ ਸੇਵਾ ਸੌਂਪ ਦਿੱਤੀ, ਜੋ ਸ. ਜੱਸਾ ਸਿੰਘ ਨੇ ਪੂਰੀ ਤਨਦੇਹੀ ਤੇ ਲਗਨ ਨਾਲ ਨਿਭਾਈ। ਸ. ਜੱਸਾ ਸਿੰਘ ਆਪਣੇ ਧਰਮ ਪਿਤਾ ਨਵਾਬ ਕਪੂਰ ਸਿੰਘ ਦੀਆਂ ਬਹੁਤ ਸਾਰੀਆਂ ਮੁਹਿੰਮਾਂ ਸਮੇਂ ਉਨ੍ਹਾਂ ਦੇ ਨਾਲ ਰਹੇ ਤੇ ਜਿੱਤਾਂ ਪ੍ਰਾਪਤ ਕੀਤੀਆਂ। ਇਸ ਸਮੇਂ ਭਾਵ 1738 ਦੇ ਲਗਪਗ ਉਹ ਸਿੱਖ ਸਰਦਾਰਾਂ ਦੀ ਪਹਿਲੀ ਕਤਾਰ ਵਿੱਚ ਸ਼ਾਮਲ ਹੋ ਗਏ ਸਨ। ਸ. ਜੱਸਾ ਸਿੰਘ ਨੇ ਜਿਥੇ ਅਫਗਾਨੀਆਂ ਨੂੰ ਸੋਧਿਆ ਉਥੇ 1761 ਨੂੰ ਅਹਿਮਦਸ਼ਾਹ ਅਬਦਾਲੀ ਕੋਲੋਂ ਬਾਈ ਸੌ ਜਵਾਨ ਹਿੰਦੂ ਲੜਕੀਆਂ ਨੂੰ ਛੁਡਾ ਕੇ ਬਾਇੱਜ਼ਤ ਘਰੋ-ਘਰੀ ਪਹੁੰਚਾਇਆ। 1761 ਨੂੰ ਖਾਲਸੇ ਨੇ ਲਾਹੌਰ ਫਤਹਿ ਕੀਤਾ ਅਤੇ ਇਸ ਖੁਸ਼ੀ ਵਿੱਚ ਸ. ਜੱਸਾ ਸਿੰਘ ਆਹਲੂਵਾਲੀਆ ਨੂੰ ਪੰਥ ਦਾ ਪਹਿਲਾ ਬਾਦਸ਼ਾਹ ਸੁਲਤਾਨ-ਉਲ-ਕੌਮ ਐਲਾਨਿਆ ਗਿਆ। ਸੁਲਤਾਨ-ਉਲ-ਕੌਮ ਨੇ ਸਿੱਖਾਂ ਦੀ ਸੁਤੰਤਰਤਾ ਦਾ ਐਲਾਨ ਕੀਤਾ ਤੇ ਸਿੱਖ ਗੁਰੂ ਸਾਹਿਬਾਨ ਦੇ ਨਾਂ ਦੇ ਸਿੱਕੇ ਜਾਰੀ ਕੀਤੇ। ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਚੌਥੇ ਜਥੇਦਾਰ ਬਣੇ ਤੇ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਵੀ ਕੌਮ ਦੀ ਅਗਵਾਈ ਕਰਦੇ ਰਹੇ। ਏਸੇ ਤਰ੍ਹਾਂ ਹੀ ਇਸ ਮਹਾਨ ਜਥੇਬੰਦੀ ਦੇ ਆਗੂ ਦੀਵਾਨ ਦਰਬਾਰਾ ਸਿੰਘ, ਨਵਾਬ ਕਪੂਰ ਸਿੰਘ, ਸ. ਜੱਸਾ ਸਿੰਘ ਆਹਲੂਵਾਲੀਆ, ਜਥੇਦਾਰ ਨੈਣਾ ਸਿੰਘ, ਜਥੇਦਾਰ ਅਕਾਲੀ ਫੂਲਾ ਸਿੰਘ, ਬਾਬਾ ਹਨੂਮਾਨ ਸਿੰਘ, ਬਾਬਾ ਪ੍ਰਲਾਹਦ ਸਿੰਘ, ਬਾਬਾ ਗਿਆਨ ਸਿੰਘ, ਬਾਬਾ ਤੇਜਾ ਸਿੰਘ, ਇਹ ਸਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਵਜੋਂ ਸੇਵਾ ਵੀ ਨਿਭਾਉਂਦੇ ਰਹੇ। ਲੰਮਾਂ ਸਮਾਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪਾਸ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਦਾ ਪ੍ਰਬੰਧ ਰਿਹਾ। ਬੁੱਢਾ ਦਲ ਦੇ ਦਿਨਾਂ ਤੋਂ ਬਾਅਦ ਬਾਬਾ ਸਾਹਿਬ ਸਿੰਘ ਕਲਾਧਾਰੀ, ਬਾਬਾ ਚੇਤ ਸਿੰਘ, ਬਾਬਾ ਸੰਤਾ ਸਿੰਘ ਤੇ ਹੁਣ ਬਾਬਾ ਬਲਬੀਰ ਸਿੰਘ ਸੇਵਾ ਨਿਭਾਅ ਰਹੇ ਹਨ। ਇਤਿਹਾਸਕਾਰ ਲਿਖਦੇ ਹਨ ਕਿ ਵੱਡਾ ਘੱਲੂਘਾਰਾ ਜੋ 5 ਫਰਵਰੀ 1762 ਨੂੰ ਕੁੱਪ ਰੁਹੀੜੇ ਦੇ ਸਥਾਨ ਪੁਰ ਵਾਪਰਿਆ ਉਸ ਸਮੇਂ ਸ. ਜੱਸਾ ਸਿੰਘ ਨੇ ਬਹੁਤ ਦਲੇਰੀ ਤੇ ਸਮਝਦਾਰੀ ਨਾਲ ਕੌਮ ਦੀ ਅਗਵਾਈ ਕੀਤੀ। ਇਸ ਸਾਕੇ ਸਮੇਂ ਉਨ੍ਹਾਂ ਦੇ ਸਰੀਰ ਤੇ ਦੋ ਦਰਜਨ ਤੋਂ ਵੱਧ ਫੱਟ ਲੱਗੇ। 1764 ਵਿੱਚ ਸਰਹਿੰਦ ਫਤਹਿ ਕਰਨ ਉਪਰੰਤ ਖਾਲਸੇ ਨੇ ਮਾਤਾ ਗੁਜਰੀ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਉਸਾਰਿਆ।  ਸ. ਜੱਸਾ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਲਈ ਨੌਂ ਲੱਖ ਰੁਪਏ ਅਤੇ ਬਾਕੀ ਸਿੰਘ ਸਰਦਾਰਾਂ ਨੇ ਪੰਜ ਲੱਖ ਰੁਪਏ ਭੇਟ ਕੀਤੇ। ਇਹ ਮਾਇਆ ਆਪ ਨੇ ਭਾਈ ਦੇਸ ਰਾਜ ਬਿਧੀ ਚੰਦੀਏ ਨੂੰ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਲਈ ਸੌਂਪ ਦਿੱਤੀ।
ਇੱਕ ਹੋਰ ਇਤਿਹਾਸਕ ਘਟਨਾ ਸਾਹਮਣੇ ਆਉਂਦੀ ਹੈ ਕਿ ਇਸ ਸਮੇਂ ਨੌਸ਼ਹਿਰਾ ਪੰਨੂਆਂ ਦੇ ਚੌਧਰੀ ਰਾਏ ਜਿਸ ਪਾਸ ਸ੍ਰੀ ਹਰਿਮੰਦਰ ਸਾਹਿਬ ਗਿਰਵੀ ਸੀ, ਤਿੰਨ ਲੱਖ ਰੁਪਏ ਉਸ ਨੂੰ ਦੇ ਕੇ ਸ. ਆਹਲੂਵਾਲੀਏ ਨੇ ਸਿੱਖ ਪੰਥ ਦੇ ਸਿਰੋਂ ਵੱਡਾ ਭਾਰ ਉਤਾਰਿਆ। ਇਨ੍ਹਾਂ ਪੰਥਕ ਨਿਸ਼ਕਾਮ ਸੇਵਾਵਾਂ ਦੇ ਉਤਰਫਲ ਵਜੋਂ ਹੀ ਬਜ਼ਾਰ (ਕਟੜਾ) ਦਾ ਨਾਂ ਆਹਲੂਵਾਲੀਆ ਰੱਖਿਆ ਗਿਆ। 11 ਮਾਰਚ 1783 ਨੂੰ ਸਿੱਖ ਸਰਦਾਰਾਂ ਸ. ਜੱਸਾ ਸਿੰਘ ਰਾਮਗੜ੍ਹੀਆ, ਸ. ਬਘੇਲ ਸਿੰਘ, ਸ. ਭਾਗ ਸਿੰਘ, ਸ. ਗੁਰਦਿੱਤ ਸਿੰਘ ਨਾਲ ਮਿਲ ਕੇ ਲਾਲ ਕਿਲੇ ’ਤੇ ਕੇਸਰੀ ਪਰਚਮ ਲਹਿਰਾਇਆ ਤੇ ਸੁਲਤਾਨ-ਉਲ-ਕੌਮ ਸ. ਜੱਸਾ ਸਿੰਘ ਆਹਲੂਵਾਲੀਆ ਨੂੰ ਭਾਰਤ ਦਾ ਬਾਦਸ਼ਾਹ ਐਲਾਨਿਆ। ਇਸ ਸਮੇਂ ਸਿੱਖ ਪੰਥ ਪੂਰੀ ਜਾਹੋ ਜਲਾਲ ਵਿੱਚ ਸੀ। ਪੰਥ ਦੇ ਜੈਕਾਰਿਆਂ ਦੀਆਂ ਧੁੰਮਾਂ ਅਕਾਸ਼ ਵਿੱਚ ਗੂੰਜਦੀਆਂ ਸਨ। ਹਰ ਪਾਸੇ ਕੇਸਰੀ ਨਿਸ਼ਾਨ ਲਹਿਰਾਉਂਦੇ ਸਨ। ਅਖੀਰ ਸ. ਜੱਸਾ ਸਿੰਘ ਆਹਲੂਵਾਲੀਆ 20 ਅਕਤੂਬਰ 1783 ਨੂੰ ਕੌਮ ਦੇ ਤੇਜ-ਤਪ ਨੂੰ ਬੁਲੰਦੀਆਂ ’ਤੇ ਪਹੁੰਚਾ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦਾ ਅੰਗੀਠਾ ਬਾਕੀ ਸਰਦਾਰਾਂ ਦੇ ਨਾਲ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਦੀ ਪਰਿਕਰਮਾ ਵਿੱਚ ਬਣਿਆ ਹੋਇਆ ਹੈ, ਜਿਨ੍ਹਾਂ ਦੀ 229ਵੀਂ ਸਾਲਾਨਾ ਬਰਸੀ ਬੁਰਜ ਅਕਾਲੀ ਫੂਲਾ ਸਿੰਘ ਦੇ ਗੁਰਦੁਆਰਾ ਸਾਹਿਬ ਵਿਖੇ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਤੇ ਹੋਰ ਨਿਹੰਗ ਸਿੰਘ ਜਥੇਬੰਦੀਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੂਰਨ ਸਹਿਯੋਗ ਨਾਲ ਸ਼ਰਧਾ ਭਾਵਨਾ ਨਾਲ 20 ਅਕਤੂਬਰ ਨੂੰ ਮਨਾ ਰਹੀਆਂ ਹਨ।

ਦਿਲਜੀਤ ਸਿੰਘ ਬੇਦੀ
ਮੀਤ ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।

ਪੋਸਟ ਕਰਤਾ: ਗੁਰਸ਼ਾਮ ਸਿੰਘ ਚੀਮਾ 




Post Comment

Wednesday, October 17, 2012

ਸੁਲਤਾਨ-ਉਲ-ਕੌਮ ਸ: ਜੱਸਾ ਸਿੰਘ ਆਹਲੂਵਾਲੀਆ


20 ਅਕਤੂਬਰ ਨੂੰ ਬਰਸੀ 'ਤੇ ਵਿਸ਼ੇਸ਼

ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲ ਮਾਤਾ ਸੁੰਦਰੀ ਜੀ ਦੇ ਹੱਥੀਂ ਪ੍ਰਵਾਨ ਚੜ੍ਹੇ ਸ: ਜੱਸਾ ਸਿੰਘ ਆਹਲੂਵਾਲੀਆ ਨੂੰ ਯੁੱਧਵੀਰ ਅਤੇ ਧਰਮਵੀਰ ਵਜੋਂ ਸਿੱਖ-ਇਤਿਹਾਸ ਵਿਚ ਮਾਣ ਪ੍ਰਾਪਤ ਹੋਇਆ ਹੈ। ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤਿ ਸਮਾਉਣ ਤੋਂ ਤਕਰੀਬਨ ਦਸ ਸਾਲ ਬਾਅਦ ਇਸ ਜਰਨੈਲ ਦਾ ਜਨਮ ਲਾਹੌਰ ਦੇ ਨੇੜੇ ਪਿੰਡ ਆਹਲੂ ਵਿਖੇ ਸ: ਬਦਰ ਸਿੰਘ ਦੇ ਗ੍ਰਹਿ ਵਿਖੇ 1718 ਈ: ਵਿਚ ਹੋਇਆ। ਸ: ਜੱਸਾ ਸਿੰਘ ਅਜੇ ਪੰਜ ਸਾਲ ਦੇ ਹੀ ਸਨ ਕਿ ਪਿਤਾ ਜੀ ਅਕਾਲ ਚਲਾਣਾ ਕਰ ਗਏ। ਇਨ੍ਹਾਂ ਦੀ ਸਿੱਖ ਧਰਮ ਅਤੇ ਗੁਰੂ-ਘਰ ਨਾਲ ਜੁੜੀ ਧਰਮੀ ਮਾਂ ਨੇ ਆਪਣੇ ਸਕੇ ਭਾਈ ਸ: ਭਾਗ ਸਿੰਘ ਦੀ ਸਹਾਇਤਾ ਨਾਲ ਆਪਣੇ ਬੱਚੇ ਸ: ਜੱਸਾ ਸਿੰਘ ਨੂੰ ਬਚਪਨ ਵਿਚ ਹੀ ਦਿੱਲੀ ਵਿਖੇ ਮਾਤਾ ਸੁੰਦਰੀ ਦੀ ਸੇਵਾ ਵਿਚ ਭੇਜ ਦਿੱਤਾ। ਸਿੱਖ ਇਤਿਹਾਸ ਦੇ ਪੰਨੇ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਸ: ਜੱਸਾ ਸਿੰਘ ਦੀ ਸਾਂਭ-ਸੰਭਾਲ ਅਤੇ ਪਾਲਣ-ਪੋਸ਼ਣ ਮਾਤਾ ਸੁੰਦਰੀ ਨੇ ਪੁੱਤਰਾਂ ਵਾਂਗ ਹੀ ਕੀਤਾ। ਉਸ ਸਮੇਂ ਦੀ ਦੁਨਿਆਵੀ ਸਿੱਖਿਆ ਅਰਬੀ-ਫਾਰਸੀ ਅਤੇ ਸ਼ਸਤਰ ਚਲਾਉਣ ਦੀ ਮੁਹਾਰਤ ਸ: ਜੱਸਾ ਸਿੰਘ ਨੇ ਮਾਤਾ ਜੀ ਦੀ ਅਗਵਾਈ ਵਿਚ ਪ੍ਰਾਪਤ ਕੀਤੀ। ਇਨ੍ਹਾਂ ਨੇ ਤਕਰੀਬਨ ਸੱਤ ਸਾਲ ਦਾ ਸਮਾਂ ਦਿੱਲੀ ਵਿਖੇ ਬਿਤਾਇਆ। ਇਸ ਦੌਰਾਨ ਸ: ਜੱਸਾ ਸਿੰਘ ਨੇ ਉਸ ਸਮੇਂ ਦੇ ਮੁਖੀ ਸਿੱਖਾਂ ਵਿਚ ਚੰਗੀ ਜਾਣ-ਪਛਾਣ ਬਣਾਈ। ਜਦੋਂ ਮਾਤਾ ਜੀ ਤੋਂ ਵਿਦਾਇਗੀ ਪ੍ਰਾਪਤ ਕੀਤੀ, ਉਸ ਵਕਤ ਮਾਤਾ ਜੀ ਨੇ ਸ: ਜੱਸਾ ਸਿੰਘ ਦੇ ਕਰਮਯੋਗੀ ਅਤੇ ਧਰਮੀ ਜੀਵਨ ਨੂੰ ਭਾਂਪਦਿਆਂ ਭਵਿੱਖ ਵਿਚ ਸਿੱਖ ਜਗਤ ਦੀ ਯੋਗ ਅਗਵਾਈ ਕਰਨ ਲਈ ਇਸ ਮਹਾਨ ਸਿਦਕੀ ਸਿੱਖ ਯੋਧੇ ਨੂੰ ਇਕ ਕਿਰਪਾਨ, ਇਕ ਗੁਰਜ, ਇਕ ਢਾਲ, ਇਕ ਕਮਾਨ, ਇਕ ਤੀਰਾਂ ਦਾ ਭੱਥਾ, ਇਕ ਖਿਲਅਤ ਅਤੇ ਇਕ ਚਾਂਦੀ ਦੀ ਚੋਬ ਬਖਸ਼ਿਸ਼ ਵਜੋਂ ਦੇ ਕੇ ਨਿਵਾਜਿਆ। ਜਦੋਂ ਸ: ਜੱਸਾ ਸਿੰਘ ਪੰਜਾਬ ਵਾਪਸ ਪੁੱਜੇ, ਆਉਂਦਿਆਂ ਹੀ ਸੇਵਾ ਅਤੇ ਸਿਮਰਨ ਦੇ ਮੁਜੱਸਮੇ ਮਹਾਨ ਜਰਨੈਲ ਨਵਾਬ ਕਪੂਰ ਸਿੰਘ ਦੇ ਜਥੇ ਵਿਚ ਸ਼ਾਮਿਲ ਹੋ ਗਏ।

ਆਪਣੀ ਦਲੇਰੀ, ਆਪਣੇ ਸੁਭਾਅ ਅਤੇ ਤੀਖਣ ਬੁੱਧੀ ਵਰਗੇ ਗੁਣਾਂ ਸਦਕਾ ਨਵਾਬ ਕਪੂਰ ਸਿੰਘ ਵਰਗੇ ਜਰਨੈਲ ਦੀ ਨੇੜਤਾ ਹਾਸਲ ਕਰ ਲਈ। ਨਵਾਬ ਕਪੂਰ ਸਿੰਘ ਨੇ ਵੀ ਇਨ੍ਹਾਂ ਨੂੰ ਪੁੱਤਰਾਂ ਵਾਂਗ ਪਾਲਿਆ। 1748 ਈ: ਵਿਚ ਨਵਾਬ ਕਪੂਰ ਸਿੰਘ ਦੀ ਸਿੱਖ ਸੈਨਾ ਦੇ ਬਹਾਦਰ ਸੂਰਬੀਰਾਂ ਨਾਲ ਮਿਲ ਕੇ ਸ: ਜੱਸਾ ਸਿੰਘ ਨੇ ਅਹਿਮਦ ਸ਼ਾਹ ਅਬਦਾਲੀ (ਦੁਰਾਨੀ) ਦੇ ਵੱਡੇ ਲਸ਼ਕਰ ਨੂੰ ਨੂਰ ਦੀ ਸਰਾਂ ਅਤੇ ਵੈਰੋਵਾਲ ਦੇ ਨੇੜੇ ਘੇਰ ਕੇ ਗੁਰੀਲੇ ਢੰਗ ਦੇ ਹਮਲੇ ਕਰਕੇ ਭਾਜੜਾਂ ਪਾ ਦਿੱਤੀਆਂ। ਅੰਮ੍ਰਿਤਸਰ ਦੇ ਮੁਗਲ ਹਾਕਮ ਸਲਾਬਤ ਖਾਨ ਨੂੰ ਹਰਾ ਕੇ ਵੱਖ-ਵੱਖ ਜਥਿਆਂ ਵਿਚ ਵੰਡੇ ਸਿੱਖਾਂ ਦੀ ਨਜ਼ਰ ਵਿਚ ਇਕ ਸੁਲਝੇ ਹੋਏ ਸਿੱਖ ਜਰਨੈਲ ਵਜੋਂ ਸਤਿਕਾਰ ਪ੍ਰਾਪਤ ਕੀਤਾ। ਇਸੇ ਸਾਲ ਨਵਾਬ ਕਪੂਰ ਸਿੰਘ ਨਾਲ ਮਿਲ ਕੇ ਵਿਸਾਖੀ ਦੇ ਪਾਵਨ ਅਵਸਰ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਸਰਬੱਤ ਖਾਲਸੇ ਦੇ ਜੁੜੇ ਇਕੱਠ ਵਿਚ ਸਿੱਖਾਂ ਦੇ 65 ਜਥਿਆਂ ਨੂੰ ਇਕੱਠੇ ਕਰਕੇ 11 ਮਿਸਲਾਂ ਵਿਚ (12ਵੀਂ ਮਿਸਲ ਫੂਲਕੀਆ ਤੋਂ ਬਿਨਾਂ) ਵੰਡ ਕੇ 'ਦਲ ਖਾਲਸਾ' ਦੀ ਸਥਾਪਨਾ ਕੀਤੀ। ਦਲ ਖਾਲਸਾ ਦੇ ਪਹਿਲੇ ਜਰਨੈਲ ਸ: ਜੱਸਾ ਸਿੰਘ ਆਹਲੂਵਾਲੀਆ ਨੂੰ ਥਾਪਿਆ ਗਿਆ। ਇਸ ਤੋਂ ਇਲਾਵਾ ਆਪ ਆਹਲੂਵਾਲੀਆ ਮਿਸਲ ਦੇ ਸੰਸਥਾਪਕ ਵੀ ਸਨ। 7 ਅਕਤੂਬਰ 1753 ਈ: ਨੂੰ ਨਵਾਬ ਕਪੂਰ ਸਿੰਘ ਦੇ ਅਕਾਲ ਚਲਾਣੇ ਤੋਂ ਪਿੱਛੋਂ ਸ: ਜੱਸਾ ਸਿੰਘ ਸਿੱਖ ਕੌਮ ਦੀ ਸੈਨਿਕ ਸ਼ਕਤੀ ਦੇ ਸ਼੍ਰੋਮਣੀ ਜਰਨੈਲ ਬਣੇ। ਸ਼੍ਰੋਮਣੀ ਜਰਨੈਲ ਬਣਨ ਤੋਂ ਇਕ ਮਹੀਨੇ ਬਾਅਦ ਲਾਹੌਰ ਦੇ ਸੂਬੇਦਾਰ ਮੀਰ ਮੰਨੂ ਦੀ ਮੌਤ ਤੋਂ ਪਿੱਛੋਂ ਇਨ੍ਹਾਂ ਮੱਧ ਪੰਜਾਬ ਵਿਚ ਪੂਰਾ ਦਬਦਬਾ ਕਾਇਮ ਕਰ ਲਿਆ। ਪਰਜਾ ਤੋਂ ਟੈਕਸ ਵਸੂਲੀ ਸ਼ੁਰੂ ਕਰ ਦਿੱਤੀ। ਇਸ ਲਗਾਨ ਵਿਚ ਪਰਜਾ ਦੀ ਰੱਖਿਆ ਲਈ ਟੈਕਸ ਅਤੇ ਨਜ਼ਰਾਨਾ ਸ਼ਾਮਿਲ ਸਨ।

ਸ: ਜੱਸਾ ਸਿੰਘ ਆਹਲੂਵਾਲੀਆ ਦੇ ਇਨ੍ਹਾਂ ਯਤਨਾਂ ਨਾਲ ਸਿੱਖ ਕੌਮ ਦੀ ਆਰਥਿਕ ਦਸ਼ਾ ਵਿਚ ਸੁਧਾਰ ਹੋਇਆ। 1757 ਈ: ਵਿਚ ਅਹਿਮਦ ਸ਼ਾਹ ਦੁਰਾਨੀ ਵੱਲੋਂ ਲਾਹੌਰ ਦੇ ਸੂਬੇਦਾਰ ਤੈਮੂਰ ਦੀ ਫੌਜ ਉੱਤੇ ਹਮਲਾ ਕਰਕੇ ਕਰਤਾਰਪੁਰ ਤੋਂ ਲੁੱਟ ਦਾ ਸਾਮਾਨ ਲੈ ਕੇ ਜਾਂਦੇ ਨੂੰ ਘੇਰ ਕੇ ਸਾਰਾ ਕੀਮਤੀ ਸਾਮਾਨ ਤੇ ਧਨ-ਦੌਲਤ ਖੋਹ ਲਿਆ ਜਦੋਂ ਦੁਰਾਨੀ ਹਿੰਦੁਸਤਾਨ 'ਤੇ ਪੰਜਵਾਂ ਹਮਲਾ ਕਰਕੇ 1761 ਈ: ਵਿਚ ਮਰਹੱਟਿਆਂ ਨੂੰ ਹਰਾ ਕੇ ਵਾਪਸ ਅੰਮ੍ਰਿਤਸਰ ਦੇ ਕੋਲੋਂ ਲੰਘ ਰਿਹਾ ਸੀ ਤਾਂ ਦੁਰਾਨੀਆਂ ਦੀ ਫੌਜ ਉੱਪਰ ਸ: ਜੱਸਾ ਸਿੰਘ ਨੇ ਭਾਰੀ ਸਿੱਖ ਲਸ਼ਕਰ ਨਾਲ ਹਮਲਾ ਕਰਕੇ 2200 ਜਵਾਨ ਲੜਕੀਆਂ ਅਤੇ ਔਰਤਾਂ ਜੋ ਉਹ ਹਿੰਦੁਸਤਾਨ ਤੋਂ ਲਿਜਾ ਰਿਹਾ ਸੀ, ਨੂੰ ਛੁਡਵਾ ਕੇ ਘਰੋ-ਘਰ ਪਹੁੰਚਾਇਆ। 1761 ਈ: ਵਿਚ ਹੀ ਸ਼ੁਕਰਚਕੀਆ, ਕਨ੍ਹਈਆ ਅਤੇ ਭੰਗੀ ਮਿਸਲਾਂ ਦੇ ਸਿੱਖ ਸੂਰਬੀਰਾਂ ਨੂੰ ਲੈ ਕੇ ਲਾਹੌਰ ਦੇ ਅਫ਼ਗਾਨ ਸੂਬੇਦਾਰ ਖਵਾਜ਼ਾ ਉਬੇਦ ਖਾਨ ਨੂੰ ਗੁਜਰਾਂਵਾਲੇ ਨੇੜੇ ਲੱਕ-ਤੋੜਵੀਂ ਹਾਰ ਦੇ ਕੇ ਲਾਹੌਰ ਤੱਕ ਉਸ ਦਾ ਪਿੱਛਾ ਕੀਤਾ ਅਤੇ ਕਿਲ੍ਹੇ ਉੱਤੇ ਕਬਜ਼ਾ ਕਰ ਲਿਆ। ਇਸ ਤੋਂ ਬਾਅਦ ਸ: ਜੱਸਾ ਸਿੰਘ ਆਹਲੂਵਾਲੀਆ ਨੂੰ ਸਿੱਖ ਕੌਮ ਨੇ 'ਸੁਲਤਾਨੁਲ ਕੌਮ' ਦੇ ਰੁਤਬੇ ਦਾ ਐਲਾਨ ਕੀਤਾ ਅਤੇ ਖਾਲਸੇ ਦਾ ਸਿੱਕਾ ਚਲਾਇਆ।

ਜਦੋਂ ਦੁਰਾਨੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ 1762 ਈ: ਵਿਚ ਵੱਡੀ ਫੌਜੀ ਤਾਕਤ ਨਾਲ ਹਿੰਦੁਸਤਾਨ 'ਤੇ ਮੁੜ ਹਮਲਾ ਕੀਤਾ। ਉਸ ਸਮੇਂ ਦਲ ਖਾਲਸਾ ਦੇ ਸਰਦਾਰ ਆਪਣੀ ਸੈਨਿਕ ਸ਼ਕਤੀ ਅਤੇ ਪਰਿਵਾਰਾਂ ਸਮੇਤ ਮਾਲੇਰਕੋਟਲਾ ਦੇ ਨੇੜੇ 'ਕੁੱਪ ਰੋਹੀੜਾ' ਦੇ ਆਸ-ਪਾਸ ਠਹਿਰੇ ਹੋਏ ਸਨ। ਦੁਰਾਨੀ ਨੇ ਵੱਡੀ ਫੌਜੀ ਤਾਕਤ ਨਾਲ ਲਾਹੌਰ ਤੋਂ ਲਗਭਗ 36 ਘੰਟਿਆਂ ਵਿਚ ਢਾਈ ਸੌ ਕਿਲੋਮੀਟਰ ਦਾ ਸਫਰ ਤੈਅ ਕਰਕੇ ਸਿੱਖਾਂ ਉੱਤੇ ਹਮਲਾ ਕੀਤਾ। ਆਪਣੇ ਜਰਨੈਲ ਸ: ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿਚ ਜਾਨ ਹੂਲ ਕੇ ਲੜੇ ਤੇ ਲੜਦੇ-ਲੜਦੇ ਆਪਣੇ ਪਰਿਵਾਰਾਂ ਨੂੰ ਬਰਨਾਲੇ ਵੱਲ ਲਈ ਜਾ ਰਹੇ ਸਨ। ਦੁਰਾਨੀ ਨੇ ਇਸ ਹਮਲੇ ਦੌਰਾਨ 20,000 ਦੇ ਲਗਭਗ ਸਿੱਖ ਸੈਨਿਕ, ਔਰਤਾਂ, ਬਜ਼ੁਰਗਾਂ ਅਤੇ ਬੱਚਿਆਂ ਨੂੰ ਸ਼ਹੀਦ ਕੀਤਾ। ਇਸ ਘਟਨਾ ਨੂੰ ਸਿੱਖ-ਇਤਿਹਾਸ ਵਿਚ 'ਵੱਡੇ ਘੱਲੂਘਾਰੇ' ਵਜੋਂ ਯਾਦ ਕੀਤਾ ਜਾਂਦਾ ਹੈ। ਅੱਜਕਲ੍ਹ ਇਸ ਅਸਥਾਨ 'ਤੇ ਵੱਡੇ ਘੱਲੂਘਾਰੇ ਦੀ ਯਾਦਗਾਰ ਦੀ ਉਸਾਰੀ ਹੋ ਰਹੀ ਹੈ। ਇਤਿਹਾਸ ਮੁਤਾਬਿਕ ਇਸ ਲੜਾਈ ਦੌਰਾਨ ਸ: ਜੱਸਾ ਸਿੰਘ ਦੇ ਸਰੀਰ ਉੱਤੇ 22 ਵੱਡੇ ਫੱਟ ਲੱਗੇ ਸਨ। ਇਸ ਤੋਂ ਪਿੱਛੋਂ ਦੁਰਾਨੀ (ਅਹਿਮਦ ਸ਼ਾਹ ਅਬਦਾਲੀ) ਨੇ ਵਾਪਸ ਮੁੜਦਿਆਂ ਅੰਮ੍ਰਿਤਸਰ ਸ਼ਹਿਰ ਉੱਤੇ ਹਮਲਾ ਕੀਤਾ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਬਾਰੂਦ ਨਾਲ ਉਡਾ ਦਿੱਤਾ। ਸ: ਜੱਸਾ ਸਿੰਘ ਨੇ ਸਿਆਣਪ ਅਤੇ ਸੈਨਿਕ ਜਰਨੈਲ ਵਜੋਂ 'ਦਲ ਖਾਲਸਾ' ਮੁੜ ਸੁਰਜੀਤ ਕੀਤਾ ਅਤੇ ਵੱਡੇ ਘੱਲੂਘਾਰੇ ਤੋਂ ਦੋ ਸਾਲ ਬਾਅਦ 1764 ਈ: ਵਿਚ ਸਰਹਿੰਦ ਉੱਤੇ ਹਮਲਾ ਕਰਕੇ ਅਫਗਾਨ ਫੌਜਦਾਰ ਜ਼ੈਨ ਖਾਂ ਨੂੰ ਮਾਰ ਕੇ ਸਾਰਾ ਸ਼ਹਿਰ ਨੇਸਤੋਨਾਬੂਦ ਕਰ ਦਿੱਤਾ।

ਹੁਣ ਸ: ਜੱਸਾ ਸਿੰਘ ਦੀ ਅਗਵਾਈ ਵਿਚ ਦਲ ਖਾਲਸਾ ਨੇ ਜਮਨਾ ਪਾਰ ਦੇ ਇਲਾਕਿਆਂ ਉੱਤੇ ਸਖਤ ਹਮਲੇ ਕਰਕੇ ਦਿੱਲੀ ਤੱਕ ਮੁੜ ਸਿੱਖ ਸ਼ਕਤੀ ਦੀ ਧਾਂਕ ਜਮਾਈ। ਜਦੋਂ ਮੁੜ ਦੁਰਾਨੀ 1765 ਈ: ਵਿਚ ਹਿੰਦੁਸਤਾਨ 'ਤੇ ਚੜ੍ਹ ਕੇ ਆਇਆ, ਉਦੋਂ ਉਹ ਸਿੱਖ ਸ਼ਕਤੀ ਤੋਂ ਘਬਰਾਉਂਦਾ ਸੀ, ਉਸ ਨੇ ਸਿੱਖਾਂ ਨਾਲ ਸਮਝੌਤਾ ਕਰਕੇ ਸ਼ਾਂਤੀ ਕਾਇਮ ਕਰਨ ਦਾ ਯਤਨ ਕੀਤਾ ਪਰ ਮਹਾਨ ਜਰਨੈਲ ਸ: ਜੱਸਾ ਸਿੰਘ ਨੇ ਉਸ ਦੀ ਇਸ ਸਲਾਹ ਨੂੰ ਪੂਰੀ ਤਰ੍ਹਾਂ ਠੁਕਰਾ ਦਿੱਤਾ। ਸ: ਜੱਸਾ ਸਿੰਘ ਨੇ ਦੁਆਬੇ ਦਾ ਬਹੁਤ ਸਾਰਾ ਇਲਾਕਾ ਫਤਹਿ ਕਰਕੇ 1774 ਈ: ਵਿਚ ਕਪੂਰਥਲਾ ਨੂੰ ਰਾਜਧਾਨੀ ਬਣਾ ਕੇ ਰਿਆਸਤ ਕਾਇਮ ਕੀਤੀ। 1779 ਈ: ਵਿਚ ਦਿੱਲੀ ਦੇ ਸੂਬੇਦਾਰ ਅਬਦੁਲ ਅਹਿਮਦ ਖਾਨ ਨੇ ਪਟਿਆਲਾ ਦੇ ਰਾਜੇ ਸ: ਅਮਰ ਸਿੰਘ ਉੱਤੇ ਹਮਲਾ ਕੀਤਾ ਤਾਂ ਸ: ਜੱਸਾ ਸਿੰਘ ਸਿੱਖ ਸੈਨਾ ਸਮੇਤ ਸ: ਅਮਰ ਸਿੰਘ ਦੀ ਸਹਾਇਤਾ ਲਈ ਗਿਆ। ਮੁਗਲ ਫੌਜਾਂ ਨੂੰ ਪਟਿਆਲੇ ਤੋਂ ਵਾਪਸ ਭੇਜ ਕੇ 7 ਲੱਖ ਹਰਜਾਨੇ ਵਜੋਂ ਪ੍ਰਾਪਤ ਕੀਤੇ। 18ਵੀਂ ਸਦੀ ਵਿਚ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਜੇ ਕਿਸੇ ਸਿੱਖ ਜਰਨੈਲ ਦਾ ਜ਼ਿਕਰ ਸੁਨਹਿਰੀ ਅੱਖਰਾਂ ਵਿਚ ਕੀਤਾ ਜਾਂਦਾ ਹੈ ਤਾਂ ਉਹ ਮਾਣ ਸ: ਜੱਸਾ ਸਿੰਘ ਆਹਲੂਵਾਲੀਆ ਨੂੰ ਜਾਂਦਾ ਹੈ। ਸ: ਜੱਸਾ ਸਿੰਘ ਜਿਥੇ ਮਹਾਨ ਯੋਧੇ ਸਨ, ਉਥੇ ਉਸ ਸਮੇਂ ਦੀਆਂ ਧਰਮੀ ਸ਼ਖ਼ਸੀਅਤਾਂ ਵਿਚੋਂ ਵੀ ਉਨ੍ਹਾਂ ਨੂੰ ਹੀ ਯਾਦ ਕੀਤਾ ਜਾਂਦਾ ਹੈ। ਜਿਨ੍ਹਾਂ ਪੰਜ ਪਿਆਰਿਆਂ ਵਿਚ ਸ: ਜੱਸਾ ਸਿੰਘ ਅੰਮ੍ਰਿਤ ਛਕਾਉਣ ਲਈ ਜਾਂਦੇ ਸਨ ਤਾਂ ਖੰਡੇ ਦੀ ਪਾਹੁਲ ਲੈਣ ਵਾਲੇ ਵਹੀਰਾਂ ਘੱਤ ਕੇ ਜਾਂਦੇ ਸਨ। ਪਟਿਆਲਾ ਦੇ ਰਾਜਾ ਸ: ਅਮਰ ਸਿੰਘ ਨੇ ਸ: ਜੱਸਾ ਸਿੰਘ ਦੀ ਅਗਵਾਈ ਵਿਚ ਖੰਡੇ ਦੀ ਪਾਹੁਲ ਲਈ ਸੀ। ਇਹ ਮਹਾਨ ਜਰਨੈਲ 1783 ਈ: ਵਿਚ 20 ਅਕਤੂਬਰ ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ। ਸ: ਜੱਸਾ ਸਿੰਘ ਆਹਲੂਵਾਲੀਆ ਦੀ ਯਾਦ ਵਿਚ 18 ਤੋਂ 20 ਅਕਤੂਬਰ ਤੱਕ ਮਹਾਨ ਗੁਰਮਤਿ ਸਮਾਗਮ ਬੁਰਜ ਅਕਾਲੀ ਫੂਲਾ ਸਿੰਘ, ਅੰਮ੍ਰਿਤਸਰ ਵਿਖੇ ਹੋ ਰਿਹਾ ਹੈ। ਸਿੱਖ ਕੌਮ ਪ੍ਰਤੀ ਕੀਤੀਆਂ ਸੇਵਾਵਾਂ ਅਤੇ ਕੁਰਬਾਨੀ ਸਦਕਾ ਉਸ ਸਮੇਂ ਦੇ ਮੁਖੀ ਸਿੱਖਾਂ ਨੇ ਸ: ਜੱਸਾ ਸਿੰਘ ਦੀ ਸਮਾਧ ਬਾਬਾ ਅਟੱਲ ਰਾਇ ਦੇ ਸਥਾਨ ਦੇ ਬਿਲਕੁਲ ਨੇੜੇ ਅੰਮ੍ਰਿਤਸਰ ਵਿਖੇ ਬਣਵਾਈ।

ਭਗਵਾਨ ਸਿੰਘ ਜੌਹਲ
-ਪਿੰਡ ਜੌਹਲ, ਡਾਕ: ਬੋਲੀਨਾ ਦੁਆਬਾ, ਜਲੰਧਰ-144101. ਮੋਬਾ: 98143-24040

ਪੋਸਟ ਕਰਤਾ: ਗੁਰਸ਼ਾਮ ਸਿੰਘ 


Post Comment

Saturday, October 13, 2012

ਸ਼ਹੀਦ ਬਾਬਾ ਸੰਗਤ ਸਿੰਘ ਜੀ


ਦਸਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਟਨਾ ਸਾਹਿਬ ਵਿਖੇ ੨੨ ਦਸੰਬਰ, ੧੬੬੬ ਈ. ਦੇ ਪ੍ਰਕਾਸ਼ ਤੋਂ ੪ ਮਹੀਨੇ ਦੇ ਫ਼ਰਕ ਨਾਲ ਭਾਵ ੨੫ ਅਪ੍ਰੈਲ, ੧੬੬੭ ਈ. ਨੂੰ ਬਾਬਾ ਸੰਗਤ ਸਿੰਘ ਜੀ ਨੇ ਭਾਈ ਰਣੀਆ ਜੀ ਤੇ ਬੀਬੀ ਅਮਰੋ ਜੀ ਦੇ ਗ੍ਰਹਿ ਵਿਖੇ ਜਨਮ ਲਿਆ। ਬਾਬਾ ਸੰਗਤ ਸਿੰਘ ਜੀ ਦਾ ਚਿਹਰਾ-ਮੋਹਰਾ ਹੂ-ਬ-ਹੂ ਦਸਮੇਸ਼ ਪਿਤਾ ਦੇ ਚਿਹਰੇ ਨਾਲ ਮੇਲ ਖਾਂਦਾ ਸੀ। 

ਭਾਵੇਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਪ੍ਰਾਰੰਭਤਾ ਵੇਲੇ ਹੀ ਜਿੱਥੇ ਹੋਰ ਸਮਾਜਿਕ ਬੁਰਾਈਆਂ ਦੇ ਵਿਰੋਧ ਵਿਚ ਇਨਕਲਾਬ ਲਿਆਂਦੇ ਉਥੇ ‘ਚਾਰਿ ਵਰਨਿ ਇਕੁ ਵਰਨੁ ਕਰਾਇਆ’ ਭਾਵ ਜਾਤਾਂ-ਪਾਤਾਂ ਦੇ ਭੇਦ-ਭਾਵ ਨੂੰ ਮਿਟਾ ਕੇ ਪੰਗਤ ਅਤੇ ਸੰਗਤ ਵਿਚ ‘ਮਾਨਸ ਕੀ ਜਾਤ ਸਬੈ ਏਕੋ ਪਹਿਚਾਨਬੋ’ ਦੇ ਸਿਧਾਂਤ ਨੂੰ ਪ੍ਰਗਟ ਕਰ ਦਿੱਤਾ ਸੀ। ਸ੍ਰੀ ਗੁਰੂ ਰਾਮਦਾਸ ਜੀ ਨੇ ਜਦੋਂ ‘ਗੁਰੂ ਕਾ ਚੱਕ’ (ਅੰਮ੍ਰਿਤਸਰ) ਵਸਾਇਆ ਤਾਂ ਗੁਰੂ-ਦਰਸ਼ਨਾਂ ਅਤੇ ਗੁਰ-ਸੇਵਾ ਲਈ ਕੁਝ ਸਿੱਖਾਂ ਦੇ ਪਰਵਾਰ ਵੀ ਆਇਆ ਕਰਦੇ ਸਨ ਜਿਨ੍ਹਾਂ ਵਿੱਚੋਂ ਕੱਪੜਾ ਬੁਣਕਰ (ਜੁਲਾਹੇ) ਕਿਰਤ ਨਾਲ ਸੰਬੰਧਤ
ਭਾਈ ਜਰਨੈਲ ਜੀ ਦਾ ਪਰਵਾਰ ਵੀ ਸੀ। ਸ੍ਰੀ ਗੁਰੂ ਰਾਮਦਾਸ ਜੀ ਨੇ ਜਾਤਾਂ-ਪਾਤਾਂ ਵਾਲੀ ਮਾਨਸਿਕਤਾ ਨੂੰ ਆਪਣੀ ਸਿੱਖ ਸੰਗਤ ਵਿੱਚੋਂ ਹਮੇਸ਼ਾ ਵਾਸਤੇ ਦੂਰ ਕਰਨ ਲਈ ਇਕ ਦਿਨ ਧਾਰਮਿਕ ਦੀਵਾਨ ਦੀ ਸਮਾਪਤੀ ਤੋਂ ਬਾਅਦ ਭਾਈ ਜਰਨੈਲ ਜੀ ਅਤੇ ਉਨ੍ਹਾਂ ਨਾਲ ਆਈ ਸੰਗਤ ਦੀ ਸੇਵਾ ਤੋਂ ਅਤੀ ਪ੍ਰਸੰਨ ਹੋ ਕੇ ਆਪਣੇ ਪਾਸ ਬੁਲਾ ‘ਸਿਰੋਪਾਓ’ ਦੀ ਬਖਸ਼ਿਸ਼ ਕਰਦਿਆਂ ਸੰਗਤ ਨੂੰ ਹੁਕਮ ਕੀਤਾ ਕਿ ਇਹ ਮੇਰੇ ਨਾਮ ਨਾਲ ‘ਰਾਮਦਾਸੀਏ ਸਿੱਖ’ ਕਰਕੇ ਜਾਣੇ ਜਾਣ। ਇਹ ਰਾਮਦਾਸੀਆ ਸਿੱਖ ਦਾ ਲਕਬ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਬਖ਼ਸ਼ਿਸ਼ ਸਦਕਾ ਪ੍ਰਾਪਤ ਹੋਇਆ। ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਅਦੁੱਤੀ ਸ਼ਹੀਦੀ ਤੋਂ ਬਾਅਦ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੀਰੀ-ਪੀਰੀ ਧਾਰਨ ਕਰਨ ਤੋਂ ਬਾਅਦ ਇਕ ਗਸ਼ਤੀ ਹੁਕਮਨਾਮਾ ਸੰਗਤਾਂ ਪ੍ਰਤੀ ਲਿਖ ਭੇਜਿਆ ਜਿਸ ਵਿਚ ਉਨ੍ਹਾਂ ਆਪਣੇ ਸਿੱਖ ਸੇਵਕਾਂ ਵੱਲੋਂ ਹੋਰ ਤੋਹਫ਼ਿਆਂ ਦੀ ਥਾਵੇਂ ਸ਼ਸਤਰ ਅਤੇ ਘੋੜਿਆਂ ਦੀ ਮੰਗ ਕੀਤੀ ਤੇ ਨਾਲ ਹੀ ਹਥਿਆਰਬੰਦ ਹੋਣ ਦਾ ਸੱਦਾ ਦਿੱਤਾ। ਹੁਕਮਨਾਮੇ ਨੂੰ ਸੁਣ ਕੇ ਜਿੱਥੇ ਦੇਸ਼ ਦੇ ਕੋਨੇ-ਕੋਨੇ ਤੋਂ ਸਿੱਖ ਸੰਗਤਾਂ ਵਹੀਰਾਂ ਘੱਤ ਆਈਆਂ ਉੱਥੇ ਦੁਆਬੇ-ਮਾਲਵੇ ਦੇ ਸੂਰਬੀਰ ਯੋਧਿਆਂ ਨੇ ਗੁਰੂ ਸਾਹਿਬ ਪਾਸ ਆਪਣੀਆਂ ਸੇਵਾਵਾਂ ਪੇਸ਼ ਕਰਦੇ ਹੋਏ ਬੇਨਤੀ ਕੀਤੀ, “ਸੱਚੇ ਪਾਤਸ਼ਾਹ! ਅਸੀਂ ਗਰੀਬ ਆਏ ਹਾਂ। ਸਾਡੇ ਕੋਲ ਭੇਟਾ ਕਰਨ ਲਈ ਕੁਝ ਵੀ ਨਹੀਂ, ਅਸੀਂ ਕੇਵਲ ਆਪਣੀਆਂ ਜਾਨਾਂ ਹੀ ਭੇਟ ਕਰ ਸਕਦੇ ਹਾਂ। ਕਿਰਪਾ ਕਰੋ, ਸਾਨੂੰ ਆਪਣੀ ਫੌਜ ਵਿਚ ਰੱਖ ਲਵੋ।” ਗੁਰਬਿਲਾਸ ਪਾਤਸ਼ਾਹੀ ਛੇਵੀਂ, ਪੰਨਾ ੧੫੩, ਮੈਕਾਲਿਫ਼ ਦੁਆਰਾ : 

ਹਮ ਅਨਾਥ ਸਿਰ ਭੇਟਾ ਕੀਨੇ, ਦਯਾ ਕਰਯੋ ਕਹਿ ਦੀਨੇ। 

ਇਨ੍ਹਾਂ ਵਿਚ ਦੁਆਬੇ ਦੇ ਜਲੰਧਰ ਦੇ ਲਾਗਲੇ ਪਿੰਡ ਜੰਡੂ ਸਿੰਘਾ, ਫਗਵਾੜਾ, ਗੁਰਾਇਆਂ, ਹੁਸ਼ਿਆਰਪੁਰ ਦੇ ਅਨੇਕਾਂ ਸਿੰਘ ਸ਼ਾਮਲ ਸਨ। ਜੰਡੂ ਸਿੰਘਾ ਦੇ ਭਾਈ ਬੁੱਧਾ ਜੀ, ਸੁੱਧਾ ਜੀ ਤੇ ਸਪਰੌੜ ਖੇੜੀ ਦੇ ਭਾਈ ਭਾਨੂੰ ਜੀ ਵੀ ਸ਼ਾਮਲ ਸਨ। ਇਹ ਭਾਈ ਭਾਨੂੰ ਜੀ ਬਾਬਾ ਸੰਗਤ ਸਿੰਘ ਜੀ ਦੇ ਦਾਦਾ ਜੀ ਸਨ। ਜਿਨ੍ਹਾਂ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਦੇ ਨਾਲ ਜੰਗਾਂ-ਯੁੱਧਾਂ ਵਿਚ ਸ਼ਾਮਲ ਹੋ ਕੇ ਆਪਣੀ ਬਹਾਦਰੀ ਦੇ ਜੌਹਰ ਦਿਖਾਏ ਸਨ। ਭਾਈ ਭਾਨੂੰ ਜੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਲੜੀਆਂ ਚੌਹਾਂ ਜੰਗਾਂ ਵਿਚ ਸ਼ਾਮਲ ਸਨ। 

ਜਦੋਂ ਭਾਈ ਮੱਖਣ ਸ਼ਾਹ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਬਾਬਾ ਬਕਾਲਾ ਵਿਖੇ ਆ ਕੇ ਲੱਭ ਲਿਆ ਤਾਂ ਸਭ ਤੋਂ ਪਹਿਲਾਂ ਭਾਈ ਰਣੀਆ ਜੀ ਗੁਰੂ-ਦਰਸ਼ਨਾਂ ਲਈ ਬਾਬੇ ਬਕਾਲੇ ਪਹੁੰਚੇ ਕਿਉਂਕਿ ਬਚਪਨ ਤੋਂ ਹੀ ਗੁਰੂ-ਸੇਵਾ ਦੀ ਚੇਟਕ ਲੱਗਣ ਕਰਕੇ ਗੁਰੂ ਸਾਹਿਬ ਦੇ ਪਰਵਾਰ ਦੀ ਸੇਵਾ ਵਿਚ ਜੁੱਟ ਗਏ। ਗੁਰੂ ਸਾਹਿਬ ਦੇ ਹੁਕਮ ਮੁਤਾਬਿਕ ਭਾਈ ਰਣੀਆ ਜੀ ਨੂੰ ਮੁੜ ਮਾਖੋਵਾਲ ਵਸਾਉਣ ਦੀ ਗੱਲ ਕਰਕੇ ਘਰ ਜਾਣ ਵਾਸਤੇ ਕੁਝ ਸਮੇਂ ਦੀ ਛੁੱਟੀ ਦੇ ਦਿੱਤੀ ਤੇ ਮੁੜ ਮਾਖੋਵਾਲ ਆਉਣ ਲਈ ਕਹਿ ਦਿੱਤਾ। 

੧੯ ਜੂਨ, ੧੬੬੫ ਮੁਤਾਬਿਕ ੨੧ ਹਾੜ, ੧੭੨੨ ਬਿਕ੍ਰਮੀ ਨੂੰ ਬਾਬਾ ਬੁੱਢਾ ਜੀ ਦੇ ਪੋਤਰੇ ਬਾਬਾ ਗੁਰਦਿੱਤਾ ਜੀ ਪਾਸੋਂ ਨੀਂਹ ਰਖਾ ਕੇ ਗੁਰੂ ਜੀ ਨੇ ਆਪਣੀ ਮਾਤਾ ਜੀ ਦੇ ਨਾਂ ’ਤੇ ਇਸ ਸ਼ਹਿਰ ਦਾ ਨਾਮ ‘ਚੱਕ ਨਾਨਕੀ’ ਰੱਖਿਆ। ਦੂਰੋਂ-ਨੇੜਿਓਂ ਆ ਕੇ ਸੰਗਤਾਂ ਇਥੇ ਵੱਸ ਗਈਆਂ। ਭਾਈ ਰਣੀਆ ਜੀ ਵੀ ਆਪਣੀ ਪਤਨੀ ਤੇ ਪਰਵਾਰ ਸਮੇਤ ਇਥੇ ਆ ਕੇ ਸੇਵਾ ਵਿਚ ਜੁੱਟ ਗਏ। ਬੀਬੀ ਅਮਰੋ ਬਤੌਰ ਟਹਿਲਣ ਮਾਤਾਵਾਂ ਦੀ ਸੇਵਾ ਕਰਨ ਲੱਗ ਪਈ। 

ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਨੂੰ ਘਰ-ਘਰ ਪਹੁੰਚਾਉਣ ਲਈ ਪ੍ਰਚਾਰ ਦੌਰੇ ਅਰੰਭੇ ਉਸ ਵੇਲੇ ਕੁਝ ਗਿਣੇ-ਚੁਣੇ ਸਿੱਖ ਸੇਵਕਾਂ ਦਾ ਛੋਟਾ ਜਿਹਾ ਕਾਫ਼ਲਾ ਗੁਰੂ ਸਾਹਿਬ ਨਾਲ ਹੋ ਤੁਰਿਆ। ਜਿਨ੍ਹਾਂ ਵਿਚ ਭਾਈ ਰਣੀਆ ਜੀ ਪਤਨੀ ਬੀਬੀ ਅਮਰੋ ਜੀ ਸਮੇਤ ਯਾਤਰਾ ਵਿਚ ਸ਼ਾਮਲ ਹੋ ਗਏ ਕਿਉਂਕਿ ਉਹ ਗੁਰੂ-ਘਰ ਦੇ ਟਹਿਲੀਏ ਸੇਵਾਦਾਰ ਸਨ। ਮਾਲਵੇ ਦੇਸ਼ ਦੇ ਬਾਂਗਰ ਇਲਾਕੇ ’ਚ ਪ੍ਰਚਾਰ ਕਰਦੇ ਹੋਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਖ-ਵੱਖ ਥਾਵਾਂ ਤੋਂ ਹੁੰਦੇ ਹੋਏ ਸੰਗਤਾਂ ਸਮੇਤ ਪਟਨਾ ਸਾਹਿਬ ਪੁੱਜੇ। ਇਥੇ ਹੀ ਬਾਲ ਗੋਬਿੰਦ ਰਾਏ ਜੀ ਦਾ ਜਨਮ ਹੋਇਆ।

ਬਾਬਾ ਸੰਗਤ ਸਿੰਘ ਜੀ ਦਾ ਜਨਮ ਵੀ ਇਥੇ ਹੀ ਹੋਇਆ। ਬਾਬਾ ਜੀ ਦੀ ਸ਼ਕਲ ਗੁਰੂ ਸਾਹਿਬ ਨਾਲ ਇੰਨੀ ਮਿਲਦੀ-ਜੁਲਦੀ ਸੀ ਕਿ ਇਕ ਵਾਰੀ ‘ਰਾਣੀ ਮੈਣੀ’ ਦੇ ਘਰ ਰਾਣੀ ਨੂੰ ਭੁਲੇਖਾ ਪਾਉਣ ਲਈ ਆਪਣੀ ਥਾਂ ’ਤੇ ‘ਸੰਗਤ ਸਿੰਘ’ ਜੀ ਨੂੰ ਅੱਗੇ ਕਰ ਦਿੱਤਾ, ਪਰੰਤੂ ਰਾਣੀ ਮੈਣੀ ਨੇ ਦੋਹਾਂ ਨੂੰ ਗੋਦੀ ਵਿਚ ਬਿਠਾ ਦੋਹਾਂ ਦਾ ਮਸਤਕ ਚੁੰਮ ਕਿਹਾ ਕਿ ਤੁਸੀਂ ਦੋਵੇਂ ਹੀ ਮੇਰੇ ਪਿਆਰੇ ਪੁੱਤਰ ਹੋ! ਬਾਲਾ-ਪ੍ਰੀਤਮ (ਦਸਮ ਗੁਰੂ) ਜੀ ਨੇ ਬਾਲਪਨ ਵਿਚ ਅਨੇਕਾਂ ਕੌਤਕ ਕੀਤੇ। ਭਾਈ ਸੰਗਤ ਸਿੰਘ ਗੁਰੂ ਪਾਤਸ਼ਾਹ ਤੋਂ ਸਿਰਫ਼ ਚਾਰ ਕੁ ਮਹੀਨੇ ਛੋਟੇ ਹੋਣ ਕਰਕੇ ਹਰ ਵਕਤ ਨਾਲ ਹੀ ਵਿਚਰਦੇ ਸਨ। ਕਈ ਵਾਰ ਬਾਲਾ-ਪ੍ਰੀਤਮ ਨਕਲੀ ਲੜਾਈ ਕਰਨ ਹਿਤ ਦੋ ਟੋਲੀਆਂ ਬਣਾ ਇਕ ਟੋਲੀ ਦਾ ਆਗੂ ਆਪ ਬਣਦੇ ਤੇ ਦੂਜੀ ਟੋਲੀ ਦਾ ਆਗੂ ਭਾਈ ਸੰਗਤ ਸਿੰਘ ਜੀ ਨੂੰ ਬਣਾ ਨਕਲੀ ਲੜਾਈ ਕਰਦੇ। ਇਸ ਤਰ੍ਹਾਂ ਬਚਪਨ ਤੋਂ ਹੀ ਸਾਥੀ ਹਾਣੀਆਂ ਨਾਲ ਯੁੱਧ ਕਰਨ ਦੀ ਰਿਹਰਸਲ ਹੋਣ ਲੱਗ ਪਈ ਸੀ। 

ਛੇ ਸਾਲ ਦੀ ਉਮਰ ਵਿਚ ਜਦੋਂ ਬਾਲ ਗੋਬਿੰਦ ਰਾਏ ਜੀ ਨੂੰ ਗੁਰੂ-ਪਿਤਾ ਦੇ ਹੁਕਮ ਸਦਕਾ ਪਰਵਾਰ ਸਮੇਤ ‘ਚੱਕ ਨਾਨਕੀ’ ਵਾਪਸ ਬੁਲਾਇਆ, ਉਸ ਵਕਤ ਹੋਰ ਸੰਗਤਾਂ ਸਮੇਤ ਭਾਈ ਸੰਗਤ ਸਿੰਘ ਵੀ ਆਪਣੇ ਮਾਤਾ-ਪਿਤਾ ਸਮੇਤ ਬਾਲਾ-ਪ੍ਰੀਤਮ ਜੀ ਨਾਲ ਹੀ ‘ਚੱਕ ਨਾਨਕੀ’ (ਅਨੰਦਪੁਰ ਸਾਹਿਬ) ਵਾਪਸ ਆ ਗਏ। 

ਗੁਰਤਾ-ਗੱਦੀ ਮਿਲਣ ਤੋਂ ਬਾਅਦ ਖਾਲਸਾ ਪੰਥ ਦੀ ਸਾਜਨਾ ਤਕ ਯਾਨੀ ਕਿ ੧੬੭੫ ਤੋਂ ਲੈ ਕੇ ੧੬੯੯ ਤਕ ਦੇ ੨੩-੨੪ ਸਾਲਾਂ ਦੇ ਅਨੇਕਾਂ ਪ੍ਰਕਾਰ ਦੇ ਕਾਰਜ ਗੁਰੂ ਨਾਨਕ ਮਿਸ਼ਨ ਪੂਰਤੀ ਹਿਤ ਕੀਤੇ ਗਏ, ਜਿਨ੍ਹਾਂ ਵਿਚ ਜਬਰ-ਜ਼ੁਲਮ ਨੂੰ ਠੱਲ੍ਹ ਪਾਉਣ ਹਿਤ, ਦੁਸ਼ਟਾਂ ਦਾ ਖਾਤਮਾ ਕਰਨ ਲਈ ਜੰਗ-ਯੁੱਧ ਵੀ ਕਰਨੇ ਪਏ। ਜਿਥੇ ਬਾਬਾ ਸੰਗਤ ਸਿੰਘ ਜੀ ਨੇ ਦਸਮੇਸ਼ ਪਿਤਾ ਦੇ ਹੁਕਮਾਂ ਨੂੰ ਮੰਨਦੇ ਹੋਏ ਪ੍ਰਚਾਰਕ ਰੂਪ ਵਿਚ ਮਾਲਵੇ ਦੇ ਖੇਤਰ ਦੇ ਪਿੰਡ-ਪਿੰਡ ਜਾ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ’ਤੇ ਚੱਲਣ ਦੀ ਪ੍ਰੇਰਨਾ ਦਿੱਤੀ, ਉਥੇ ਗੁਰੂ ਸਾਹਿਬ ਦੀ ਚੌਰ ਬਰਦਾਰੀ ਵੀ ਕੀਤੀ, ਮੱਝਾਂ-ਗਾਈਆਂ ਤਕ ਚਰਾਉਣ ਦੀ ਸੇਵਾ ਕੀਤੀ ਅਤੇ ਜੰਗਾਂ-ਯੁੱਧਾਂ ਵਿਚ ਸੱਚੇ ਪਾਤਸ਼ਾਹ ਜੀ ਦੀ ਅਸ਼ੀਰਵਾਦ-ਥਾਪੜੇ ਸਦਕਾ ਬਹਾਦਰੀ ਦੇ ਜੌਹਰ ਵੀ ਵਿਖਾਏ। 

‘ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ’ ਦੇ ਕਥਨ ਨੂੰ ਸੱਚ ਰੂਪ ਵਿਚ ਸਿਰਜਣ ਹਿਤ ਜਦੋਂ ਦਸਮੇਸ਼ ਪਿਤਾ ਨੇ ੧੬੯੯ ਦੀ ਵੈਸਾਖੀ ਵਾਲੇ ਦਿਨ ‘ਖਾਲਸਾ ਪੰਥ’ ਪ੍ਰਗਟਾਇਆ ਉਸ ਤੋਂ ਫੌਰਨ ਬਾਅਦ ਯਾਨੀ ਉਸੇ ਹੀ ਦਿਨ ਭਾਈ ਸੰਗਤ ਸਿੰਘ ਨੇ ਸਮੇਤ ਪਰਵਾਰ, ਮਾਤਾ-ਪਿਤਾ, ਭਰਾਵਾਂ, ਇਥੋਂ ਤਕ ਕਿ ਚਾਚੇ ਦੇ ਪੁੱਤਰਾਂ ਨੇ ਵੀ ਪੰਜਾਂ-ਪਿਆਰਿਆਂ ਤੋਂ ਖੰਡੇ-ਬਾਟੇ ਦੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਉਸ ਤੋਂ ਬਾਅਦ ਕੁਝ ਸਮੇਂ ਲਈ ਗੁਰੂ ਜੀ ਨੇ ਬਾਬਾ ਸੰਗਤ ਸਿੰਘ ਜੀ ਨੂੰ ਪ੍ਰਚਾਰਕ ਨੀਯਤ ਕਰ ਕੇ ਮਾਲਵੇ ਦੇਸ਼ ਦੀ ਸੰਗਤ ਦੇ ਨਾਂ ਇਕ ਹੁਕਮਨਾਮਾ ਭੇਜਿਆ, ਜੋ ਬਾਬਾ ਸੰਗਤ ਸਿੰਘ ਨੂੰ ਪਿੰਡ ਖੁੱਡੇ ਜੋ ਮੁਕਤਸਰ ਸਾਹਿਬ ਵਿਚ ਪੈਂਦਾ ਹੈ, ਮਿਲਿਆ। ਜਿਸ ਵਿਚ ਗੁਰੂ ਸਾਹਿਬ ਦਾ ਹੁਕਮ ਸੀ ਕਿ ਜਿਹੜਾ ਸਿੱਖ ਘੋੜਾ, ਤਲਵਾਰ, ਬੰਦੂਕ, ਨੇਜ਼ਾ ਆਦਿ ਹੋਰ ਵੀ ਨਵੀਨ ਸ਼ਸਤਰ ਲੈ ਕੇ ਅਨੰਦਪੁਰ ਸਾਹਿਬ ਆਵੇਗਾ, ਉਹ ਸਿੰਘ ਸਾਡੇ ਪਿਆਰ ਦਾ ਹੱਕਦਾਰ ਹੋਵੇਗਾ। ਇਸ ਹੁਕਮਨਾਮੇ ਦੀ ਅਸਲ ਕਾਪੀ ‘ਗੁਰਦੁਆਰਾ ਸ਼ਹੀਦ ਬਾਬਾ ਸੰਗਤ ਸਿੰਘ, ਅਨੰਦਪੁਰ ਸਾਹਿਬ’ ਦੇ ਪ੍ਰਬੰਧਕਾਂ ਪਾਸ ਮੌਜੂਦ ਹੈ।
ਜਦੋਂ ਅਨੰਦਪੁਰ ਸਾਹਿਬ ਵਿਖੇ ਅਨੰਦਗੜ੍ਹ ਕਿਲ੍ਹੇ ਨੂੰ ਮੁਗ਼ਲ ਫ਼ੌਜਾਂ ਨੇ ਘੇਰਾ ਪਾਇਆ ਹੋਇਆ ਸੀ, ਘੇਰਾ ਇੰਨਾ ਤੰਗ ਕਰ ਦਿੱਤਾ ਗਿਆ ਸੀ ਕਿ ਬਾਹਰੋਂ ਰਸਦ ਆਉਣੀ ਵੀ ਬੰਦ ਹੋ ਗਈ ਸੀ, ਉਸ ਵੇਲੇ ਸਿੰਘਾਂ ਦੇ ਉੱਡਣ ਦਸਤੇ ਬਣਾਏ ਗਏ ਸਨ, ਜਿਨ੍ਹਾਂ ਵਿਚ ਬਾਬਾ ਸੰਗਤ ਸਿੰਘ ਦਾ ਜਥਾ ਵੀ ਸ਼ਾਮਲ ਸੀ। ਰਾਤ ਵੇਲੇ ਪਹਾੜੀ ’ਤੇ ਮੁਗ਼ਲ ਫੌਜਾਂ ਦੇ ਕੈਂਪਾਂ ’ਤੇ ਹਮਲੇ ਕਰ ਕੇ ਰਸਦਾਂ ਲੁੱਟ ਕੇ ਲੈ ਆਉਂਦੇ ਸਨ। ਘੇਰਾ ਦਿਨ-ਬ-ਦਿਨ ਤੰਗ ਹੁੰਦਾ ਜਾ ਰਿਹਾ ਸੀ, ਇਥੋਂ ਤਕ ਕਿ ਜੇ ਪਾਣੀ ਵੀ ਲੈਣ ਜਾਣਾ ਹੁੰਦਾ ਤਾਂ ਜੇ ਚਾਰ ਸਿੰਘ ਵੀ ਜਾਂਦੇ ਸਨ ਤਾਂ ਦੋ ਰਸਤੇ ਵਿਚ ਹੀ ਸ਼ਹੀਦ ਹੋ ਜਾਂਦੇ ਸਨ: 

ਚਾਰ ਸਿੰਘ ਪਾਣੀ ਕੋ ਜਾਵੈ। ਦੋ ਜੂਝੈ ਦੋ ਪਾਣੀ ਲਿਆਵੈ। 
ਲਰੈ ਸਿੰਘ ਮਾਰੈ ਲਲਕਾਰੈ। 

ਆਖ਼ਰ ਦਸੰਬਰ ੧੭੦੪ ਈ. ਨੂੰ ਰਾਤ ਦੇ ਪਹਿਲੇ ਪਹਿਰ ਮਾਤਾ ਗੁਜਰੀ ਜੀ ਰਾਹੀਂ ਸੰਗਤਾਂ ਦੇ ਜ਼ੋਰ ਪਾਉਣ ’ਤੇ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਨੂੰ ਛੱਡ ਦਿੱਤਾ। ਅੱਗੋਂ ਸਰਸਾ ਨਦੀ ਠਾਠਾਂ ਮਾਰ ਰਹੀ ਸੀ। ਵੈਰੀ ਕਸਮਾਂ ਨੂੰ ਤੋੜ ਕੇ ਆ ਪਏ। ਸਰਸਾ ’ਤੇ ਭਿਆਨਕ ਜੰਗ ਹੋਈ। ਗੁਰੂ ਜੀ ਨੇ ਪੈਦਲ ਵਹੀਰ ਲੰਘਾਉਣ ਲਈ ਸਾਹਿਬਜ਼ਾਦਾ ਅਜੀਤ ਸਿੰਘ, ਭਾਈ ਉਦੇ ਸਿੰਘ, ਭਾਈ ਜੀਵਨ ਸਿੰਘ, ਭਾਈ ਸੰਗਤ ਸਿੰਘ ਦੀ ਕਮਾਂਡ ਹੇਠ ਜਥੇ ਥਾਪ ਦਿੱਤੇ। 

ਮੁਗ਼ਲ ਅਤੇ ਪਹਾੜੀ ਫੌਜਾਂ ਨੇ ਸਿੰਘਾਂ ’ਤੇ ਹਮਲਾ ਕਰ ਦਿੱਤਾ। ਦਸਮੇਸ਼ ਪਿਤਾ ਜੀ ਨੇ ਜਥਿਆਂ ਨੂੰ ਵੈਰੀ ਦਾ ਡਟ ਕੇ ਟਾਕਰਾ ਕਰਨ ਦਾ ਹੁਕਮ ਦਿੱਤਾ। ਜਦ ਤਕ ਵਹੀਰ ਸਰਸਾ ਪਾਰ ਨਹੀਂ ਕਰ ਜਾਂਦੀ ਤਦ ਤਕ ਵੈਰੀਆਂ ਦਾ ਟਾਕਰਾ ਕਰਦੇ ਰਹਿਣਾ। ਇਸ ਜੰਗ ਸਮੇਂ ਬਹੁਤ ਸਾਰੇ ਸਿੰਘ ਸਰਸਾ ਪਾਰ ਕਰਦੇ ਹੋਏ ਨਦੀ ਦੀ ਭੇਟ ਹੋ ਗਏ। 

ਸਰਸਾ ਦੇ ਜੰਗ ਸਮੇਂ ਸਾਰਾ ਪਰਵਾਰ ਖੇਰੂੰ-ਖੇਰੂੰ ਹੋ ਗਿਆ। ਅਨੇਕਾਂ ਸਿੰਘ ਇਸ ਘਮਸਾਣ ਦੀ ਜੰਗ ਵਿਚ ਸ਼ਹੀਦੀ ਪਾ ਗਏ ਤੇ ਕੁਝ ਸਰਸਾ ਨਦੀ ਵਿਚ ਕਈ ਮੀਲ ਦੂਰ ਪਾਣੀ ਦੇ ਵੇਗ ਵਿਚ ਰੁੜ੍ਹ ਗਏ। 
ਗੁਰੂ ਜੀ ਨੇ ੭ ਪੋਹ ਦੀ ਰਾਤ ਨੂੰ ਰੋਪੜ ਤੋਂ ਚਮਕੌਰ ਸਾਹਿਬ ਜਾਣ ਦਾ ਫੈਸਲਾ ਲਿਆ। ਗੁਰੂ ਜੀ ਰਾਤ ਨੂੰ ਆਪਣੇ ਨਾਲ ਦੇ ਚਾਲ੍ਹੀ ਸਿੰਘਾਂ ਸਮੇਤ ਚਮਕੌਰ ਦੀ ਕੱਚੀ ਗੜ੍ਹੀ ਵਿਚ ਆ ਬਿਰਾਜੇ। ਅਗਲੇ ਦਿਨ ਸਵੇਰੇ ੮ ਪੋਹ, ਸੰਮਤ ੧੭੬੧ ਬਿਕ੍ਰਮੀ ਨੂੰ ਸੰਸਾਰ ਦੇ ਅਨੋਖੇ ਤੇ ਚਮਤਕਾਰੀ ਯੁੱਧ ਦੀ ਸ਼ੁਰੂਆਤ ਹੋਈ। ਇਕ ਪਾਸੇ ਕੇਵਲ ਭੁੱਖੇ ਤੇ ਥੱਕੇ ੪੦ ਸਿੰਘ, ਦੂਜੇ ਪਾਸੇ ਵੈਰੀ ਦਲ ਦੀ ਭਾਰੀ ਫੌਜ। ਇਸ ਬਾਰੇ ਗੁਰੂ ਜੀ ਆਪਣੀ ਜਿੱਤ ਦੀ ਚਿੱਠੀ (ਜ਼ਫ਼ਰਨਾਮਾ) ਵਿਚ ਆਪ ਲਿਖਦੇ ਹਨ: 

ਗੁਰਸਨਹ ਚਿਹ ਕਾਰੇ ਕੁਨੱਦ ਚਿਹਲ ਨਰ॥ 
ਕਿ ਦਹ ਲੱਕ ਬਿਆਯਦ ਬਰੋ ਬੇਖ਼ਬਰ॥੧੯॥ 

ਇਸ ਗੜ੍ਹੀ ਦੇ ਸਿੰਘਾਂ ਅਤੇ ਮੁਗ਼ਲ ਫੌਜਾਂ ਵਿਚਾਲੇ ਬਹੁਤ ਘਮਸਾਣ ਦੀ ਜੰਗ ਹੋਈ। ਮੁਗ਼ਲ ਫੌਜ ਨੇ ਤਿੰਨਾਂ ਪਾਸਿਆਂ ਤੋਂ ਘੇਰਾ ਪਾ ਹਮਲਾ ਕਰ ਦਿੱਤਾ ਜਿਸ ਵਿਚ ਨਾਹਰ ਖ਼ਾਂ ਤੇ ਖਵਾਜਾ ਮੁਹੰਮਦ ਆਪਣੀ ਫੌਜ ਦੀ ਅਗਵਾਈ ਕਰ ਰਹੇ ਸਨ। ਗੁਰੂ ਜੀ ਨੇ ਵੀ ਤਿੰਨਾਂ ਪਾਸਿਆਂ ਵੱਲ ਆਪਣੇ ਤੀਰਾਂ ਦੀ ਬੁਛਾੜ ਸ਼ੁਰੂ ਕਰ ਦਿੱਤੀ। ਨਾਹਰ ਖਾਂ ਤੇ ਗ਼ੈਰਤ ਖ਼ਾਨ ਗੁਰੂ ਜੀ ਦੇ ਤੀਰਾਂ ਨਾਲ ਮਾਰੇ ਗਏ। ਧਰਤੀ ’ਤੇ ਏਨਾ ਖੂਨ ਡੁੱਲ੍ਹਿਆ ਕਿ ਗਰਦ ਵੀ ਉਡਣੋਂ ਬੰਦ ਹੋ ਗਈ। ਵੈਰੀ ਦਲ ਨਾਲ ਜੂਝਦੇ ਹੋਏ, ਸ਼ਸਤਰ ਵਿੱਦਿਆ ਦੇ ਮਾਹਿਰ ਤੇ ਦੁਸ਼ਮਣਾਂ ਨੂੰ ਚੰਗਾ ਸਬਕ ਸਿਖਾਉਂਦੇ ਹੋਏ ਸਿੰਘ ਸ਼ਹਾਦਤ ਦਾ ਜਾਮ ਪੀ ਗਏ। 
ਗੁਰੂ ਜੀ ਨੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੀ ਬੇਨਤੀ ਮੰਨ ਕੇ ਉਨ੍ਹਾਂ ਨਾਲ ਹੋਰ ਸਿੰਘਾਂ ਨੂੰ ਥਾਪੜਾ ਦੇ ਕੇ ਜੰਗ ਵੱਲ ਤੋਰ ਦਿੱਤਾ। ਬਾਬਾ ਅਜੀਤ ਸਿੰਘ ਤੇ ਹੋਰ ਸਿੰਘ ਇਸ ਮੌਕੇ ਰਹਿੰਦੇ ਪ੍ਰਾਣਾਂ ਤਕ ਦੁਸ਼ਮਣਾਂ ਦੇ ਆਹੂ ਲਾਹ ਆਖ਼ਰ ਸ਼ਹਾਦਤ ਦਾ ਜਾਮ ਪੀ ਗਏ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਯੁੱਧ ਦਾ ਸਾਰਾ ਨਜ਼ਾਰਾ ਆਪਣੀ ਅੱਖੀਂ ਡਿੱਠਾ ਤੇ ਜੈਕਾਰਾ ਗਜਾਇਆ ਤੇ ਬਚਨ ਕੀਤੇ: 

ਪੀਯੋ ਪਿਯਾਲਾ ਪ੍ਰੇਮ ਕਾ ਭਯੋ ਸੁਮਨ ਅਵਤਾਰ। 
ਆਜ ਖ਼ਾਸ ਭਏ ਖਾਲਸਾ, ਸਤਿਗੁਰੁ ਕੇ ਦਰਬਾਰ। 

ਇਸ ਤੋਂ ਬਾਅਦ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੂੰ ਜੰਗ ਲਈ ਆਪਣੇ ਹੱਥੀਂ ਤਿਆਰ ਕਰ ਗੁਰੂ ਜੀ ਨੇ ਹੋਰ ਸਿੰਘ ਨਾਲ ਤੋਰੇ। ਉਸ ਸਮੇਂ ਬਾਬਾ ਜੁਝਾਰ ਸਿੰਘ ਜੀ ਦੇ ਮੈਦਾਨ ਵਿਚ ਆਉਣ ਨਾਲ ਯੁੱਧ ਇਕ ਵਾਰ ਫੇਰ ਭੱਖ ਪਿਆ। ਮੁਗ਼ਲ ਫੌਜਾਂ ਦੀ ਗਿਣਤੀ ਵੱਧ ਹੋਣ ਕਰਕੇ ਉਨ੍ਹਾਂ ਦੇ ਹੌਸਲੇ ਵਧੇ ਹੋਏ ਸਨ ਤੇ ਉਨ੍ਹਾਂ ਨੇ ਸਾਹਿਬਜ਼ਾਦੇ ਸਮੇਤ ਸਾਰੇ ਸਿੰਘਾਂ ਨੂੰ ਘੇਰੇ ਵਿਚ ਲੈ ਲਿਆ। ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੇਜ਼ਾ ਹੱਥ ਵਿਚ ਫੜ ਦੁਸ਼ਮਣਾਂ ਨੂੰ ਕੂਚੀਆਂ ਵਾਂਗ ਉਸ ਵਿਚ ਪਰੋ-ਪਰੋ ਕੇ ਸੁੱਟਦੇ ਰਹੇ। ਉੱਪਰੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਯੁੱਧ ਵਿਚ ਚਾਰੇ ਪਾਸੇ ਤੋਂ ਸਾਹਿਬਜ਼ਾਦੇ ਸਮੇਤ ਸਿੰਘਾਂ ਨੂੰ ਘਿਰੇ ਦੇਖ ਤੀਰਾਂ ਦੀ ਬੁਛਾੜ ਲਗਾ ਦਿੱਤੀ। ਇਸ ਤਰ੍ਹਾਂ ਘੇਰਾ ਟੁੱਟ ਗਿਆ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੇ ਤਲਵਾਰ ਦੇ ਜੌਹਰ ਦਿਖਾ ਅਨੇਕਾਂ ਦੁਸ਼ਮਣਾਂ ਨੂੰ ਪਾਰ ਬੁਲਾਇਆ। ਅੰਤ ਵੈਰੀ ਦਲ ਨਾਲ ਜੂਝਦੇ ਹੋਏ ਬਾਬਾ ਜੁਝਾਰ ਸਿੰਘ ਜੀ ਵੀ ਇਕ ਮਹਾਨ ਸੂਰਬੀਰ ਯੋਧੇ ਦੀ ਤਰ੍ਹਾਂ ਸ਼ਹਾਦਤ ਦਾ ਜਾਮ ਪੀ ਗਏ। ਮਿਰਜ਼ਾ ਅਬਦੁਲ ਗ਼ਨੀ ਲਿਖਦਾ ਹੈ :

ਬੇਟੇ ਕੇ ਕਤਲ ਹੋਨੇ ਕੀ ਪਹੁੰਚੀ ਯੂੰਹੀ ਖ਼ਬਰ, 
ਸ਼ੁਕਰੇ ਅੱਲਾਹ ਕੀਆ ਝਟ ਉਠਾ ਕੇ ਸਰ। 
ਮੁਝ ਪਰ ਸੇ ਆਜ ਤੇਰੀ ਅਮਾਨਤ ਅਦਾ ਹੂਈ, 
ਬੇਟੋਂ ਕੀ ਜਾਂ ਧਰਮ ਕੀ ਖ਼ਾਤਿਰ ਫ਼ਿਦਾ ਹੂਈ। 

ਹੁਣ ਵੈਰੀ ਦਲ ਦੇ ਜਰਨੈਲਾਂ ਰਲ ਸਲਾਹ ਕੀਤੀ ਕਿ ਸਵੇਰ ਦੀ ਲੜਾਈ ਵਾਸਤੇ ਗੜ੍ਹੀ ਅੰਦਰ ਗਿਣਤੀ ਦੇ ਸਿੰਘਾਂ ਨੂੰ ਹੱਥੋ-ਹੱਥੀ ਫੜ ਲਿਆ ਜਾਵੇ। ਇਸ ਤਰ੍ਹਾਂ ਅਜਿਹਾ ਮਤਾ ਪਕਾ ਕੇ ਦੁਸ਼ਮਣ ਦਲ ਦੀਆਂ ਫੌਜਾਂ ਗੜ੍ਹੀ ਦੁਆਲੇ ਪਹਿਰੇ ਦੀ ਤਕੜਾਈ ਕਰ ਆਰਾਮ ਕਰਨ ਲੱਗ ਪਈਆਂ। ਉਧਰ ਬਚਦੇ ਸਿੰਘਾਂ ਨੇ ਗੁਰਮਤੇ ਸੋਧਣੇ ਸ਼ੁਰੂ ਕਰ ਦਿੱਤੇ। ਵਿਚਾਰ ਕੀਤੀ ਗਈ ਕਿ ਅੱਜ ਹੀ ਰਾਤੀਂ ਦਸਮੇਸ਼ ਜੀ ਗੜ੍ਹੀ ਛੱਡ ਕੇ ਚਲੇ ਜਾਣ ਤਾਂ ਜੋ ਬਾਹਰ ਜਾ ਕੇ ਸੁਰੱਖਿਅਤ ਸਥਾਨ ’ਤੇ ਹੋਰ ਫੌਜਾਂ ਦੀ ਤਿਆਰੀ ਕਰ ਸਕਣ। ਪਰੰਤੂ ਗੁਰੂ ਜੀ ਨੇ ਨਾਂਹ ਕਰ ਦਿੱਤੀ। ਗੜ੍ਹੀ ਵਿਚ ਬਾਕੀ ਰਹਿੰਦੇ ਸਿੰਘਾਂ ਨੇ ਪੰਜ ਪਿਆਰੇ ਚੁਣੇ ਤੇ ਮਤਾ ਪਕਾਇਆ। ਭਾਈ ਦਇਆ ਸਿੰਘ ਜੀ ਨੇ ਮਤਾ ਪੜ੍ਹ ਕੇ ਸੁਣਾਉਂਦਿਆਂ ‘ਗੁਰੂ ਪੰਥ’ ਵੱਲੋਂ ਗੁਰੂ ਜੀ ਨੂੰ ਗੜ੍ਹੀ ਛੱਡ ਕੇ ਸੁਰੱਖਿਅਤ ਸਥਾਨ ਵੱਲ ਜਾਣ ਬਾਰੇ ‘ਹੁਕਮ’ ਸੁਣਾਇਆ। ‘ਆਪੇ ਗੁਰ ਚੇਲਾ’ ਦੇ ਵਾਕ ਨੂੰ ਸੱਚਾ ਕਰ ਵਿਖਾਉਣ ਹਿਤ ‘ਪੰਥ ਗੁਰੂ’ ਦੇ ਹੁਕਮ ਅੱਗੇ ਸਿਰ ਨਿਵਾਇਆ, ਪਰੰਤੂ ਕਿਹਾ ਕਿ ਜਾਣ ਤੋਂ ਪਹਿਲੇ ਦੁਸ਼ਮਣ ਨੂੰ ਵੰਗਾਰ ਕੇ ਜਾਣਗੇ, ਇਹ ਬੇਨਤੀ ‘ਗੁਰੂ ਪੰਥ’ ਅੱਗੇ ਕੀਤੀ ਜੋ ਪ੍ਰਵਾਨ ਕਰ ਲਈ ਗਈ। ਦਸਮੇਸ਼ ਪਿਤਾ ਨੇ ਤਿੰਨ ਸਿੰਘ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਆਪਣੇ ਨਾਲ ਲੈ ਜਾਣ ਦੀ ਵਿਉਂਤ ਬਣਾਈ। ਆਪਣੇ ਮੂੰਹਮੁਹਾਂਦਰੇ ਵਾਲੇ ਹਮਸ਼ਕਲ ਬਾਬਾ ਸੰਗਤ ਸਿੰਘ ਨੂੰ ਆਪਣੀ ਪੁਸ਼ਾਕ ਅਤੇ ਜਿਗ੍ਹਾ ਕਲਗੀ ਪਹਿਨਾ ਕੇ ਗੜ੍ਹੀ ਦੀ ਉੱਚੀ ਮਮਟੀ (ਗੁੰਬਦ) ’ਤੇ ਬੈਠਣ ਦੀ ਸਲਾਹ ਦਿੱਤੀ, ਕਿਉਂਕਿ ਅਜਿਹਾ ਕਰਨ ਨਾਲ ਦੁਸ਼ਮਣ ਨੂੰ ਗੁਰੂ ਸਾਹਿਬ ਦੀ ਮੌਜੂਦਗੀ ਦਾ ਅਹਿਸਾਸ ਹੋ ਸਕੇ। ਇਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਬਾਬਾ ਸੰਗਤ ਸਿੰਘ ਜੀ ਨੂੰ ਤੇ ਹੋਰ ਸਿੰਘਾਂ ਨੂੰ ਦੂਸਰੇ ਦਿਨ ਦੀ ਲੜਾਈ ਵਿਚ ਅਪਨਾਉਣ ਯੋਗ ਨੀਤੀ ਬਾਰੇ ਉਪਦੇਸ਼ ਦਿੱਤਾ। ਗੁਰੂ ਜੀ ਨੇ ਆਪਣਾ ਤੀਰ ਕਮਾਨ ਤੇ ਹੋਰ ਸ਼ਸਤਰ ਬਾਬਾ ਜੀ ਨੂੰ ਦੇ ਕੇ ਕਿਹਾ ਕਿ ਜਿਊਂਦੇ-ਜੀਅ ਦੁਸ਼ਮਣ ਦੇ ਹੱਥ ਨਹੀਂ ਆਉਣਾ।


ਅਗਲੀ ਸਵੇਰ ੯ ਪੋਹ, ੧੭੬੧ ਬਿਕ੍ਰਮੀ ਦਿਨ ਚੜ੍ਹਿਆ ਮੁਗ਼ਲਾਂ ਨੇ ਗੜ੍ਹੀ ਵੱਲ ਨਜ਼ਰ ਮਾਰੀ, ਉਨ੍ਹਾਂ ਨੂੰ ਮਮਟੀ ’ਤੇ ਬੈਠਾ ਭਾਈ ਸੰਗਤ ਸਿੰਘ, ਸ੍ਰੀ ਗੁਰੂ ਗੋਬਿੰਦ ਸਿੰਘ ਦਿਖਾਈ ਦੇ ਰਿਹਾ ਸੀ ਤੇ ਮੁਗ਼ਲ ਬੜੇ ਹੀ ਖੁਸ਼ ਹੋਏ ਕਿ ਗੜ੍ਹੀ ਵਿਚ ਪੰਜ-ਸੱਤ ਸਿੰਘ ਹਨ, ਇਕ ਹੱਲੇ ਨਾਲ ਹੀ ਗੜ੍ਹੀ ਸਰ ਕਰ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਜਿਊਂਦਿਆਂ ਹੀ ਫੜ ਲਿਆ ਜਾਵੇਗਾ ਅਤੇ ਸਰਕਾਰ ਵੱਲੋਂ ਉਨ੍ਹਾਂ ਨੂੰ ਕਾਫ਼ੀ ਇਨਾਮੋਕਰਮ ਮਿਲੇਗਾ। ਇਹ ਸੋਚ ਕੇ ਮੁਗ਼ਲਾਂ ਨੇ ਗੜ੍ਹੀ ’ਤੇ ਹਮਲਾ ਕਰ ਦਿੱਤਾ। ਮੁੱਠੀ-ਭਰ ਸਿੰਘਾਂ ਨੇ ਡੱਟ ਕੇ ਮੁਕਾਬਲਾ ਕੀਤਾ, ਜਿੰਨਾ ਚਿਰ ਉਨ੍ਹਾਂ ਪਾਸ ਗੋਲੀ-ਸਿੱਕੇ ਦਾ ਭੰਡਾਰ ਰਿਹਾ ਦੁਸ਼ਮਣ ਨੂੰ ਲਾਗੇ ਨਹੀਂ ਢੁਕਣ ਦਿੱਤਾ। ਜਦੋਂ ਤੀਰ ਤੇ ਗੋਲੀ-ਸਿੱਕਾ ਮੁੱਕ ਗਿਆ ਤਾਂ ਲੜਾਈ ਹੱਥੋ-ਹੱਥੀ ਹੋ ਗਈ। ਇਕ-ਇਕ ਕਰ ਕੇ ਸਾਰੇ ਸਿੰਘ ਜਾਮ-ਏ-ਸ਼ਹਾਦਤ ਪੀ ਗਏ। ਬਾਬਾ ਸੰਗਤ ਸਿੰਘ ਜੀ ਚਾਰੇ ਪਾਸੇ ਤੋਂ ਦੁਸ਼ਮਣ ਵਿਚ ਘਿਰੇ ਹੋਏ ਵੈਰੀਆਂ ਦੇ ਆਹੂ ਲਾਹੁੰਦੇ ਰਹੇ। ਕਈ ਘੰਟੇ ਦੁਸ਼ਮਣਾਂ ਦਾ ਮੁਕਾਬਲਾ ਕਰਦੇ ਹੋਏ ਆਖ਼ਿਰ ‘ਫ਼ਤਹਿ’ ਗਜਾ ਧਰਤੀ ’ਤੇ ਡਿੱਗ ਪਏ। ਮੁਗ਼ਲਾਂ ਨੇ ਕਾਹਲੀ ’ਚ ਇਹ ਸੋਚ ਲਿਆ ਕਿ ਇਹ ਕਲਗੀ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਹਨ। ਇਕ ਪਠਾਣ ਨੇ ਕਲਗੀ ਵਾਲਾ ਸਿਰ ਧੜ ਨਾਲੋਂ ਜੁਦਾ ਕਰ ਦਿੱਤਾ। ਭਾਈ ਕੁਇਰ ਸਿੰਘ ਲਿਖਦੇ ਹਨ:
ਕਲਗੀ ਜਿਗ੍ਹਾ ਔਰ ਯਹ ਹੋਈ। ਗੋਬਿੰਦ ਇਹੈ ਹੈ ਸੋਈ। 
ਮਾਰ ਸ਼ੀਸ਼-ਸ਼ਮਸ਼ੇਰ ਪਠਾਨਾਂ। ਸੀਸ ਰਹਿਤ ਕਲਗੀ ਲੀ ਮਾਨਾ। 
ਇਹ ਸੀ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਿਰਾਲੀ ਖੇਡ: 
ਸੀਸ ਨਿਹਾਰ ਬੰਗੇਸਰ ਕੋ ਬੋਲਤ ਹੈ ਸਭ ਨਰ ਨਾਰੀ। 
ਏਕ ਕਹੇ ਕਰੁਨਾ ਨਿਧ ਕੋ, ਇਕ ਭਾਖਤ ਹੈ ਇਹ ਖੇਲ ਅਪਾਰੀ। 
ਬਾਬਾ ਸੰਗਤ ਸਿੰਘ ਜੀ ਜਿਵੇਂ ਪੁਕਾਰ, ਜੋਦੜੀ ਕਰ ਰਹੇ ਹੋਵਣ ਦਸਮ-ਪਿਤਾ ਅੱਗੇ : 
ਅਪਨੇ ਸੇਵਕ ਕਉ ਕਬਹੁ ਨ ਬਿਸਾਰਹੁ॥ 
ਉਰਿ ਲਾਗਹੁ ਸੁਆਮੀ ਪ੍ਰਭ ਮੇਰੇ ਪੂਰਬ ਪ੍ਰੀਤਿ ਗੋਬਿੰਦ ਬੀਚਾਰਹੁ॥(ਪੰਨਾ ੮੨੯) 

ਯਥਾ : 

ਵਿਚਿ ਦੁਨੀਆ ਸੇਵ ਕਮਾਈਐ॥ ਤਾ ਦਰਗਹ ਬੈਸਣੁ ਪਾਈਐ॥ (ਪੰਨਾ ੨੬) 

BIBI MANMOHAN KAUR ANANDPUR

ਪੋਸਟ ਕਰਤਾ: ਗੁਰਸ਼ਾਮ ਸਿੰਘ ਚੀਮਾ


Post Comment

Saturday, September 22, 2012

ਦਸਮਪਿਤਾ ਦੇ ਜੀਵਨ ਦੀ ਪਹਿਲੀ ਜੰਗ: ਭੰਗਾਣੀ ਦਾ ਯੁੱਧ


ਭੰਗਾਣੀ ਦਾ ਯੁੱਧ
ਜਦੋਂ ਜਨਤਾ ਜ਼ੁਲਮੋ-ਸਿਤਮ ਦੇ ਸ਼ਿਕੰਜੇ ਵਿੱਚ ਜਕੜੀ ਹੋਈ ਸੀ, ਸ਼ੀਸ਼ਾ–ਇ-ਆਬਰੂ ਸ਼ਰੇਆਮ ਕੀਚਰੀਂ ਕੀਤਾ ਜਾ ਰਿਹਾ ਸੀ, ਦਾਦ ਫ਼ਰਿਆਦ ਸ਼ਾਹੀ ਮਹਿਲਾਂ ਦੀ ਰੰਗੀਨੀਆਂ ਨਾਲ ਟਕਰਾਅ–ਟਕਰਾਅ ਕੇ ਖ਼ੁਦਕਸ਼ੀ ਕਰ ਰਹੀ ਸੀ, ਨਿਆਂ ਨੇ ਬੁਰਕਾ ਪਹਿਨ ਰੱਖਿਆ ਸੀ, ਪਰ ਅਨਿਆਇ ਗਲੀ ਗਲੀ, ਮੁਹੱਲੇ ਮੁਹੱਲੇ ਖੁਲੇਆਮ ਬੇ-ਝਿਜਕ ਘੁੰਮ ਰਿਹਾ ਸੀ। ਇਸ ਅਨਿਆਇ ਤੋਂ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਵੀ ਨਹੀਂ ਸਨ ਬਚ ਸਕੇ। ਅਜਿਹਾ ਅਨਿਆਇ ਹੁੰਦਾ ਵੇਖ ਦਸਮਪਿਤਾ ਸ਼੍ਰੀ ਗੁਰੂ ਗੋਬਿੰਦ ਰਾਇ ਜੀ ਨੇ ਸ਼ਰਧਾਲੂਆਂ ਨੂੰ ਹਥਿਆਰ ਅਤੇ ਘੋੜੇ ਆਦਿ ਲੈ ਕੇ ਆਉਂਣ ਲਈ ਕਿਹਾ। ਰਣਜੀਤ ਨਗਾਰਾ ਤਿਆਰ ਕਰਵਾਕੇ ਸ਼ਿਕਾਰ ਲਈ ਜਾਣ ਲੱਗੇ ਅਤੇ ਸ਼ਿਕਾਰੀ ਪੰਛੀ ਬਾਜ਼ ਨੂੰ ਨਾਲ ਰੱਖਣ ਲੱਗੇ। ਸ਼ਰਧਾਲੂਆਂ ਨੂੰ ਫ਼ੌਜੀ ਤਰਬੀਅਤ ਦਿੱਤੀ ਜਾਣ ਲੱਗੀ।

ਇਹ ਤਿਆਰੀ ਵੇਖ ਅਤੇ ਪਹਾੜਾਂ ਵਿੱਚ ਨਗਾਰੇ ਦੀ ਧਮਕ ਸੁਣ ਪਹਾੜੀ ਰਾਜੇ ਬੁਖ਼ਲਾ ਉੱਠੇ। ਇਥੋਂ ਤੱਕ ਕਿ ਮਿੱਤਰਤਾ ਦਾ ਢੌਂਗ ਰਚਾਉਂਦਾ ਰਾਜਾ ਭੀਮ ਚੰਦ ਤਾਂ ਗੁਰੂ ਜੀ ਪਾਸ ਹੀ ਜਾ ਪਹੁੰਚਿਆ। ਤਾਂ ਜੋ ਹੋਰ ਜਾਣਕਾਰੀ ਹਾਸਲ ਕੀਤੀ ਜਾ ਸਕੇ। ਉਥੋਂ ਦੀ ਸ਼ਾਨੋ-ਸ਼ੌਕਤ ਅਤੇ ਗੁਰੂ ਜੀ ਦਾ ਜਾਹੋ-ਜਲਾਲ ਵੇਖ ਉਹ ਦੰਗ ਰਹਿ ਗਿਆ। ਪ੍ਰਸਾਦੀ ਹਾਥੀ ਅਤੇ ਅਸਾਮ ਦੇ ਰਾਜਾ ਰਤਨ ਰਾਇ ਵੱਲੋਂ ਦਿੱਤੇ ਤੋਹਫ਼ੇ ਵੇਖ ਤਾਂ ਉਸ ਨੇ ਮੂੰਹ ਵਿੱਚ ਉਂਗਲਾਂ ਹੀ ਪਾ ਲਈਆਂ। ਉਸਦੇ ਮਨ ਵਿੱਚ ਇਹ ਚੀਜ਼ਾਂ ਪ੍ਰਾਪਤ ਕਰਨ ਦੀ ਲਾਲਸਾ ਪੈਦਾ ਹੋ ਗਈ। ਸਿੱਟੇ ਵਜੋਂ ਉਸ ਨੇ ਆਪਣੇ ਪੱਤਰ ਦੇ ਵਿਆਹ ਸਮੇ ਗੁਰੂ ਜੀ ਨੂੰ ਵਿਆਹ ਵਿੱਚ ਸ਼ਾਮਲ ਹੋਣ ਦਾ ਸੱਦਾ ਦੇਣ ਦੇ ਨਾਲ ਹੀ ਇਹ ਬਹੁ-ਕੀਮਤੀ, ਲਾ-ਜਵਾਬ ਚੀਜਾਂ ਵੀ ਮੰਗ ਲਈਆਂ। ਪਰ ਗੁਰੂ ਜੀ ਇਹ ਜਾਣ ਚੁੱਕੇ ਸਨ ਕਿ ਇਹ ਦਰਸ਼ਨਾਂ ਨੂੰ ਨਹੀਂ ਬਲਕਿ ਮਾੜੀ ਨੀਤੀ ਨਾਲ ਹੀ ਇੱਥੇ ਆਇਆ ਹੈ। ਇਸ ਲਈ ਗੁਰੂ ਜੀ ਨੇ ਇਹ ਸਾਰਾ ਕੁੱਝ ਦੇਣ ਤੋਂ ਕੋਰਾ ਜਵਾਬ ਦੇ ਦਿੱਤਾ। ਉਧਰ ਭੀਮ ਚੰਦ ਮੁਗ਼ਲ ਹਕੂਮਤ ਨੂੰ ਗੁਰੂ ਜੀ ਬਾਰੇ ਵਧਾਅ-ਚੜਾਅ ਕਿ ਗੱਲਾਂ ਦੱਸਣ ਦੇ ਕੰਮ ਵਿੱਚ ਵੀ ਲੱਗਿਆ ਹੋਇਆ ਸੀ।

ਦੂਰ ਦ੍ਰਿਸ਼ਟੀਵਾਨ ਗੁਰੂ ਜੀ ਵੀ ਸਭ ਹਾਲਾਤਾਂ ‘ਤੇ ਨਜ਼ਰ ਰਖਦੇ ਹੋਏ ਨਾਹਨ ਰਿਆਸਤ ਦੇ ਮੇਦਨੀ ਪ੍ਰਕਾਸ਼ ਵੱਲੋਂ ਭੇਜੇ ਸੱਦੇ ‘ਤੇ ਉਹਦੇ ਕੋਲ ਜਾ ਪਹੁੰਚੇ। ਇੱਥੇ ਕਿਲਾ ਪਾਊਂਟਾ ਸਾਹਿਬ ਦੀ ਨੀਂਹ ਰੱਖੀ। ਸਢਾਉਰਾ ਵਾਸੀ ਪੀਰ ਬੁਧੁ ਸ਼ਾਹ ਨਾਲ ਮੁਲਾਕਾਤ ਵੀ ਇੱਥੇ ਹੀ ਹੋਈ। ਪੀਰ ਜੀ ਨੇ ਮੁਗ਼ਲ ਫ਼ੌਜ ਵਿੱਚੋਂ ਕੱਢੇ 500 ਪਠਾਣ ਫ਼ੌਜੀਆਂ ਨੂੰ ਗੁਰੂ ਜੀ ਦੀ ਸੇਵਾ ਵਿੱਚ ਰਖਵਾ ਦਿੱਤਾ। ਜਿੰਨਾਂ ਦੇ ਪੰਜ ਸਰਦਾਰ ਕਾਲੇ ਖਾਂ, ਭੀਖ਼ਨ ਖਾਂ, ਨਜ਼ਾਬਤ ਖਾਂ, ਉਮਰ ਖਾਂ ਅਤੇ ਹਯਾਤ ਖਾਂ ਸਨ।

ਪਹਾੜੀ ਰਾਜੇ ਹਰ ਵੇਲੇ ਛੇੜ-ਛਾੜ ਦੀ ਤਾਕ ਵਿੱਚ ਰਹਿੰਦੇ ਸਨ, ਜੋ ਸੇਵਕ ਆਉਂਦੇ, ਉਹ ਉਹਨਾਂ ਨੂੰ ਪਰੇਸ਼ਾਨ ਵੀ ਕਰਦੇ। ਰਾਜਾ ਫ਼ਤਹਿ ਚੰਦ ਦੀ ਲੜਕੀ ਦੇ ਵਿਆਹ ਸਮੇ ਵੀ ਗੁਰੂ ਜੀ ਨਾ ਗਏ। ਸਗੋਂ ਸਿੱਖਾਂ ਨੂੰ ਸੁਚੇਤ ਕਰਕੇ ਭੇਜ ਦਿੱਤਾ। ਜਿੰਨਾਂ ਦਾ ਮੁਖੀਆ ਦੀਵਾਨ ਨੰਦ ਚੰਦ ਸੀ। ਭੀਮ ਚੰਦ ਨੇ ਧਮਕੀ ਦਿੱਤੀ ਕਿ ਜੇਕਰ ਫ਼ਤਹਿ ਚੰਦ ਨੇ ਗੁਰੂ ਜੀ ਦੇ ਤੋਹਫ਼ੇ ਕਬੂਲ ਕੀਤੇ ਤਾਂ ਉਹ ਆਪਣੇ ਲੜਕੇ ਦੀ ਸ਼ਾਦੀ ਉਸਦੀ ਲੜਕੀ ਨਾਲ ਨਹੀਂ ਹੋਣ ਦੇਵੇਗਾ ਅਤੇ ਬਰਾਤ ਉਵੇਂ ਹੀ ਵਾਪਸ ਲੈ ਜਾਵੇਗਾ। ਫ਼ਤਹਿ ਚੰਦ ਨੇ ਬੇ-ਵਸੀ ਵੱਸ ਤੋਹਫ਼ੇ ਨਾ ਲਏ।

ਇਹ ਸਾਰਾ ਕੱਝ ਵੇਖ ਪਹਾੜੀ ਰਾਜਿਆਂ ਦੇ ਗੁੱਸੇ ਦੀ ਕੋਈ ਹੱਦ ਨਾ ਰਹੀ ‘ਤੇ ਉਹ ਪਾਉਂਟਾ ਸਾਹਿਬ ਉੱਤੇ ਚੜਾਈ ਕਰ ਆਏ। ਗੁਰੂ ਜੀ ਨੇ ਆਪਣੇ ਨਿਵਾਸ ਤੋਂ 6 ਕੁ ਮੀਲ ਦੀ ਦੂਰੀ ‘ਤੇ ਆਪਣੇ ਸੰਘਰਸ਼ ਭਰੇ ਜੀਵਨ ਦੀ ਪਹਿਲੀ ਲੜਾਈ “ਭੰਗਾਣੀ” ਦੇ ਸਥਾਨ ‘ਤੇ ਲੜੀ। ਜੋ 500 ਪਠਾਣ ਪੀਰ ਬੁਧੂ ਸ਼ਾਹ ਜੀ ਨੇ ਰਖਵਾਏ ਸਨ ਉਹਨਾਂ ਵਿੱਚੋਂ 400 ਲੜਾਈ ਸਮੇ ਫਿਰ ਮੁਗ਼ਲ ਫ਼ੌਜ ਨਾਲ ਜਾ ਮਿਲੇ। ਪਰ ਕਾਲੇ ਖਾਂ ਦੀ ਅਗਵਾਈ ਵਾਲੇ 100 ਪਠਾਣ ਮੈਦਾਨ ਵਿੱਚ ਡਟੇ ਰਹੇ। ਜੋ ਹੋਰ ਗੋਗੜਾਂ ਵਧਾਉਂਣ ਵਾਲੇ ਸੇਵਕ ਸਨ, ਉਹ ਵੀ ਸਹਿਜੇ ਸਹਿਜੇ ਅੱਖ ਬਚਾ ਕੇ ਖ਼ਿਸਕ ਗਏ। ਤਹਿਸੀਲ ਜਗਰਾਵਾਂ ਦੇ ਹੇਰਾਂ ਪਿੰਡ ਦਾ ਕ੍ਰਿਪਾਲ ਦਾਸ ਵਧ ਵਧ ਕੇ ਲੜਾਈ ਲੜਦਾ ਰਿਹਾ।

ਇਹ ਇਤਿਹਾਸਕ ਜੰਗ 15 ਅਪ੍ਰੈਲ 1687 ਨੂੰ ਲੜੀ ਗਈ। ਪਠਾਣਾਂ ਦੇ ਧੋਖਾ ਦੇਣ ਬਾਰੇ ਸੁਣ ਕੇ ਪੀਰ ਬੁਧੂ ਸ਼ਾਹ ਆਪਣੇ ਚਾਰ ਪੱਤਰਾਂ, ਦੋਹਾਂ ਭਰਾਵਾਂ ਅਤੇ 700 ਚੇਲਿਆਂ ਸਮੇਤ ਮੈਦਾਨ ਵਿੱਚ ਆ ਡਟਿਆ। ਗੁਰੂ ਜੀ ਦੀ ਭੂਆ ਵੀਰੋ ਦੇ ਪੰਜ ਪੁੱਤਰ ਜੀਤ ਮੱਲ, ਸੰਗੋ ਸ਼ਾਹ, ਮੋਹਰੀ ਚੰਦ, ਗੁਲਾਬ ਰਾਇ ਅਤੇ ਗੰਗਾ ਰਾਮ ਨੇ ਵੀ ਕਦਮ ਪਿਛਾਂਹ ਨਹੀਂ ਸਨ ਮੋੜੇ। ਗੁਰੂ ਜੀ ਦਾ ਮਾਮਾ ਕ੍ਰਿਪਾਲ ਚੰਦ ਵੀ ਕਿਸੇ ਤੋਂ ਪਿੱਛੇ ਨਾ ਰਿਹਾ। ਮੌਕਾ ਮੇਲ ਗੱਲ ਵਾਂਗ ਜਾਂ ਸਬੱਬ ਨਾਲ ਕਾਂਸੀ ਤੋਂ ਚਲਿਆ ਸਿੱਖ ਭਾਈ ਰਾਮਾਂ ਵੀ ਭਾਰੀ ਗਿਣਤੀ ਵਿੱਚ ਤੋਪਾਂ ਅਤੇ ਹੋਰ ਜੰਗੀ ਸਮਾਨ ਲੈ ਕੇ ਆ ਪਹੁੰਚਿਆ। ਇਹ ਸਾਰੀ ਸਥਿੱਤੀ ਵੇਖ ਪਹਾੜੀ ਰਾਜੇ ਦੁੰਮ ਦਬਾ ਕੇ ਭੱਜ ਗਏ।

ਪਹਾੜੀ ਰਾਜਿਆਂ ਦੇ ਭੱਜ ਜਾਣ ਮਗਰੋਂ ਗੁਰੂ ਜੀ ਨੇ ਨਾਂ ਤਾਂ ਉਹਨਾਂ ਦਾ ਪਿੱਛਾ ਹੀ ਕੀਤਾ ਅਤੇ ਨਾ ਹੀ ਉਹਨਾਂ ਦਾ ਕੋਈ ਇਲਾਕਾ ਕਬਜ਼ੇ ਵਿੱਚ ਲਿਆ। ਨਾ ਹੀ ਲੜਾਈ ਦਾ ਹਰਜਾਨਾ ਪਾਉਂਦਿਆਂ ਕੋਈ ਸਮਝੌਤਾ ਕੀਤਾ। ਸਗੋਂ ਇਸ ਲੜਾਈ ਨੇ ਖ਼ਾਲਸਾ ਪੰਥ ਸਾਜਣ ਨੂੰ ਪਰਪੱਕਤਾ ਦਿਵਾਈ। ਇਸ ਲੜਾਈ ਵਿੱਚ ਸੰਗੋ ਸ਼ਾਹ, ਜੀਤ ਮੱਲ (ਭੂਆ ਵੀਰੋ ਦੇ ਪੱਤਰ), ਪੀਰ ਬੁਧੂ ਸ਼ਾਹ ਦੇ ਦੋ ਪੱਤਰ, ਇੱਕ ਭਰਾ, ਤਿੰਨ ਪਹਾੜੀ ਰਾਜੇ, ਨਜ਼ਾਬਤ ਖਾਂ ਅਤੇ ਹਯਾਤ ਖਾਂ ਗਦਾਰ ਪਠਾਣ, ਬਹੁਤ ਸਾਰੇ ਗੁਰੂ ਜੀ ਦੇ ਸ਼ਰਧਾਲੂ ਰੱਬ ਨੂੰ ਪਿਆਰੇ ਹੋਏ। ਗੁਰੂ ਜੀ ਨੇ ਇਸ ਜੰਗ ਨੂੰ ਬੀਰਰਸੀ ਪ੍ਰਸੰਗ ਵਿੱਚ “ਬਚਿੱਤਰ ਨਾਟਕ” ਦੇ ਅੱਠਵੇਂ ਅਧਿਆਇ ਵਿੱਚ ਬਿਆਂਨ ਕੀਤਾ ਹੈ।

ਪੀਰ ਬੁਧੂ ਸ਼ਾਹ ਨੂੰ ਕਟਾਰ, ਵਾਲਾਂ ਵਾਲਾ ਕੰਘਾ, ਪੁਸ਼ਾਕ, ਹੱਥ ਲਿਖਤ ਹੁਕਮਨਾਮਾ ਅਤੇ ਅੱਧੀ ਦਸਤਾਰ ਯਾਦ ਨਿਸ਼ਾਨੀ ਵਜੋਂ ਦਿੰਦਿਆਂ ਉਸ ਨਾਲ ਦੁੱਖ ਵੀ ਸਾਂਝਾ ਕੀਤਾ। ਅੱਧੀ ਦਸਤਾਰ ਮਹੰਤ ਕ੍ਰਿਪਾਲ ਦਾਸ ਨੂੰ ਸੌਂਪ ਦਿੱਤੀ। ਜ਼ਾਬਰਾਂ ਵਿਰੁੱਧ ਇਹ ਇੱਕ ਐਲਾਨ ਸੀ ਕਿ ਜੋ ਅੜੇਗਾ ,ਸੋ ਝੜੇਗਾ। ਇਸ ਐਲਾਨ ਦਾ ਰੰਗ ਮਹਾਰਾਜਾ ਰਣਜੀਤ ਸਿੰਘ ਦੇ ਸਮੇ ਵੇਖਣ ਨੂੰ ਮਿਲਿਆ। ਪਰ ਇੱਕ ਵਾਰ ਫਿਰ ਗਦਾਰਾਂ ਦੀਆਂ ਕੁਟਲ਼ ਚਾਲਾਂ ਦਾ ਸ਼ਿਕਾਰ ਹੋ ਕਿ ਸਾਰਾ ਕੱਝ ਰੁਲ ਗਿਆ। ਸੁਪਨੇ ਫਿਰ ਮੁਰਝਾ ਗਏ।

ਰਣਜੀਤ ਸਿੰਘ ਪ੍ਰੀਤ


Post Comment

Friday, September 14, 2012

ਸ਼ਹੀਦ ਭਾਈ ਤਾਰਾ ਸਿੰਘ ਵਾਂ


ਉਸ ਸਮੇਂ ਦਿੱਲੀ ਤਖ਼ਤ ਦਾ ਹਾਕਮ ਮੁਹੰਮਦ ਸ਼ਾਹ ਰੰਗੀਲਾ ਤੇ ਪੰਜਾਬ ਦਾ ਗਵਰਨਰ ਜ਼ਕਰੀਆ ਖਾਨ ਸੀ ਤੇ ਇਸੇ ਸਮੇਂ ਸਿੱਖ ਇਨ੍ਹਾਂ ਮੁਗਲਾਂ ਦੀਆਂ ਵਧੀਕੀਆਂ ਵਿਰੁੱਧ ਲਾਮਬੰਦ ਹੋਏ। ਹਕੂਮਤ ਨੇ ਇਸ ਨੂੰ ਬਗਾਵਤ ਸਮਝਿਆ ਤੇ ਇਨ੍ਹਾਂ ਨੂੰ ਕੁਚਲਣ ਲਈ ਹਰ ਹੀਲਾ ਅਪਣਾਇਆ।
ਭਾਈ ਤਾਰਾ ਸਿੰਘ ਵਾਂ ਦੀ ਗਾਥਾ, ਇਕ ਆਪਣੀ ਹੀ ਹੈ। ਇਸ ਸਿਰੜੀ ਸਿੰਘ ਨੇ ਭਾਈ ਮਨੀ ਸਿੰਘ ਤੋਂ ਅੰਮ੍ਰਿਤ ਛਕਿਆ ਸੀ, ਉੱਚੇ ਵਾੜੇ ਪਿੰਡ ਦੇ ਵਸਨੀਕ ਸਨ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿਚ ਰਹਿ ਕੇ ਲੜਾਈ ਵਿਚ ਹਿੱਸਾ ਲਿਆ ਸੀ। ਗੱਲ 1726 ਦੀ ਹੈ, ਜਦੋਂ ਨੁਸ਼ਹਿਰੇ ਦੇ ਚੌਧਰੀ ਸਾਹਿਬ ਰਾਏ ਨੇ ਆਪਣੀ ਹੈਂਕੜ ਜਮਾਉਣ ਲਈ ਆਪਣੇ ਡੰਗਰ ਤੇ ਘੋੜੇ ਸਿੱਖਾਂ ਦੇ ਖੇਤਾਂ ਵਿਚ ਛੱਡ ਦੇਣੇ ਤਾਂ ਕਿ ਉਨ੍ਹਾਂ ਦੀ ਫਸਲ ਦੀ ਬਰਬਾਦੀ ਹੋਵੇ। ਸਿੱਖਾਂ ਨੇ ਰਲ ਕੇ ਬੇਨਤੀ ਕੀਤੀ ਕਿ ਜਿੰਨੇ ਪਸ਼ੂਆਂ ਲਈ ਪੱਠਿਆਂ ਦੀ ਲੋੜ ਹੈ, ਉਹ ਪਹੁੰਚਾ ਦਿੱਤੇ ਜਾਣਗੇ ਤੇ ਇਸ ਤਰ੍ਹਾਂ ਖੇਤਾਂ ਵਿਚ ਫਸਲਾਂ ਦਾ ਉਜਾੜਾ ਨਾ ਕੀਤਾ ਜਾਵੇ। ਗੱਲ ਘਾਹ-ਪੱਠੇ ਦੀ ਤਾਂ ਹੈ ਨਹੀਂ ਸੀ। ਸਾਹਿਬ ਰਾਏ ਚੌਧਰੀ ਦਾ ਮੰਤਵ ਤਾਂ ਸਿੱਖਾਂ ਨੂੰ ਨੀਵਾਂ ਦਿਖਾਉਣਾ ਸੀ। ਭੜਾਣੇ ਦੇ ਸਿੱਖ ਜਿਨ੍ਹਾਂ ਵਿਚੋਂ ਇਕ ਗੁਰਬਖਸ਼ ਸਿੰਘ ਤੇ ਦੂਜੇ ਮਾਲੀ ਸਿੰਘ ਨੇ ਫਿਰ ਚੌਧਰੀ ਨੂੰ ਸਨਿਮਰ ਸਾਹਿਤ ਕਿਹਾ ਕਿ ਇਸ ਤਰ੍ਹਾਂ ਖੇਤ ਨਾ ਉਜਾੜੇ ਜਾਣ, ਤਾਂ ਹਾਕਮੀ ਨਸ਼ੇ ਵਿਚ ਭਰਿਆ ਚੌਧਰੀ ਕਹਿਣ ਲੱਗਾ ਕਿ ਤੁਹਾਡੇ ਸਿਰ ਦੇ ਕੇਸਾਂ ਦੀਆਂ ਰੱਸੀਆਂ ਬਣਾਵਾਂਗੇ। ਸਿੱਖਾਂ ਲਈ ਇਹ ਗੱਲ ਤਾਂ ਕਾਬਲੇ ਬਰਦਾਸ਼ਤ ਨਹੀਂ ਸੀ। ਸਿੱਖ ਤਾਂ ਭਾਵੁਕ ਤੇ ਸਿਰੜੀ ਹਨ। ਸਿੱਖਾਂ ਨੇ ਇਕੱਠਿਆਂ ਹੋ ਕੇ ਸਾਰੀ ਗੱਲ ਕੁੱਸੇ ਦੇ ਸਰਦਾਰ ਬਘੇਲ ਸਿੰਘ ਨੂੰ ਸੁਣਾਈ ਤੇ ਉਸ ਨੇ ਆ ਕੇ ਚੌਧਰੀ ਦੀਆਂ ਘੋੜੀਆਂ ਫੜ ਕੇ ਵੇਚ ਦਿੱਤੀਆਂ। ਚੌਧਰੀ ਨੂੰ ਇਹ ਇਕ ਵੰਗਾਰ ਸੀ ਤੇ ਕੁਝ ਬੰਦਿਆਂ ਨੂੰ ਨਾਲ ਲੈ ਕੇ ਭਾਈ ਤਾਰਾ ਸਿੰਘ ਦੇ ਘਰ ਪਹੁੰਚਿਆ ਤਾਂ ਭਾਈ ਸਾਹਿਬ ਨੇ ਚੌਧਰੀ ਨੂੰ ਸਮਝਾਉਣ ਦਾ ਯਤਨ ਕੀਤਾ ਤੇ ਕਿਹਾ ਕਿ ਉਸ ਦੀ ਇਹ ਹਰਕਤ ਬਹੁਤ ਨਾਜਾਇਜ਼ ਹੈ। ਚੌਧਰੀ ਗੁੱਸੇ ਵਿਚ ਤੜਕਦਾ ਹੋਇਆ ਪੱਟੀ ਦੇ ਫੌਜਦਾਰ ਜਾਫਰ ਬੇਗ ਤੇ ਸੌ ਸੈਨਿਕਾਂ ਨਾਲ ਭਾਈ ਤਾਰਾ ਸਿੰਘ ਦੇ ਪਿੰਡ ‘ਤੇ ਹੱਲ ਬੋਲ ਦਿੱਤਾ। ਭਾਈ ਬਘੇਲ ਸਿੰਘ ਵੀ ਲਾਗੇ ਹੀ ਸਨ। ਇਕ ਯੁੱਧ ਹੋਇਆ, ਕਈ ਮੁਗਲੀ ਘੋੜ ਸਵਾਰ ਮਾਰੇ ਗਏ ਤੇ ਭਾਈ ਬਘੇਲ ਸਿੰਘ ਲੜਦੇ-ਲੜਦੇ ਸ਼ਹੀਦ ਹੋ ਗਏ ਤੇ ਫੌਜਦਾਰ ਆਪਣੀ ਭਾਂਜ ਵੇਖ ਕੇ ਭੱਜ ਨਿਕਲਿਆ।
ਜ਼ਕਰੀਆ ਖਾਨ ਉਸ ਸਮੇਂ ਦੇ ਪੰਜਾਬ ਦਾ ਗਵਰਨਰ ਇਹ ਕਿਵੇਂ ਬਰਦਾਸ਼ਤ ਕਰ ਸਕਦਾ ਸੀ ਕਿ ਕਿਵੇਂ ਮੁੱਠੀ ਭਰ ਸਿੰਘ ਸਿਰ ਚੁੱਕਣ ਲੱਗ ਪਏ ਹਨ। ਮੋਮਨ ਖਾਨ ਦੀ ਕਮਾਨ ਹੇਠ ਦੋ ਹਜ਼ਾਰ ਫੌਜੀ ਹਮਲਾ ਕਰਕੇ ਸਿੱਖਾਂ ਨੂੰ ਸਬਕ ਸਿਖਾਉਣ ਲਈ ਭੇਜ ਦਿੱਤੇ। ਕਈਆਂ ਸਿੰਘਾਂ ਨੇ ਸਲਾਹ ਕੀਤੀ ਕਿ ਮੁਗਲੀ ਫੌਜ ਦੀ ਗਿਣਤੀ ਬਹੁਤ ਹੈ ਤੇ ਲੜਾਈ ਵਿਚ ਬਹੁਤ ਜਾਨਾਂ ਦਾ ਨੁਕਸਾਨ ਹੋਵੇਗਾ ਤੇ ਇਸ ਲਈ ਮਾਲਵੇ ਵਾਲੇ ਪਾਸੇ ਚਾਲੇ ਪਾ ਦਿੱਤੇ ਜਾਣ। ਇਹ ਸੋਚ ਕੇ ਕਈ ਸਿੰਘ ਤਾਂ ਮਾਲਵੇ ਵੱਲ ਰਵਾਨਗੀ ਪਾ ਗਏ ਤੇ ਬਾਕੀ ਰਹਿ ਗਏ ਕੇਵਲ 18 ਕੁ ਗੁਰੂ ਕੇ ਲਾਲ। ਇਹ ਸਿੰਘ ਫਿਰ ਜੂਝ ਕੇ ਭਿੜੇ ਤੇ ਲੜੇ। ਮੋਮਨ ਖਾਨ ਦੀ ਫੌਜ ਨਾਲ ਤੇ 300 ਫੌਜੀਆਂ ਦੇ ਆਹੂ ਲਾਹੇ। ਭਾਈ ਤਾਰਾ ਸਿੰਘ ਵਾਂ ਇਕੱਲੇ ਰਹਿ ਗਏ ਤੇ ਕੜਕਦੀ ਬਿਜਲੀ ਦੀ ਗਰਜ ਵਾਂਗ ਜੈਕਾਰੇ ਬੋਲਦੇ ਮੁਸਲਿਮ ਫੌਜੀਆਂ ‘ਤੇ ਟੁੱਟ ਪਏ ਤੇ ਕਈਆਂ ਨੂੰ ਆਪਣੀ ਵੀਰਤਾ ਤੇ ਜੰਗੀ ਕਲਾ ਨਾਲ ਮਾਰਿਆ ਤੇ ਅੰਤ ਉਨ੍ਹਾਂ ਦਾ ਘੇਰਾ ਸੌੜਾ ਹੁੰਦਾ ਗਿਆ ਤੇ ਭਾਈ ਤਾਰਾ ਸਿੰਘ ਦੇ ਟੁਕੜੇ-ਟੁਕੜੇ ਹੋ ਗਏ। ਇਹ ਯੋਧਾ 1726 ਵਿਚ ਸਿੱਖੀ ਰਵਾਇਤਾਂ ਨੂੰ ਪਾਲਦੇ ਹੋਏ ਸ਼ਹੀਦ ਹੋ ਗਏ।
ਇਸ ਲੜਾਈ ਨੇ ਇਕ ਨਵਾਂ ਜੋਸ਼ ਪੈਦਾ ਕੀਤਾ ਸਿੱਖਾਂ ਵਿਚ। ਇਨ੍ਹਾਂ ਨੇ ਲੁਕ-ਛਿਪ ਕੇ ਸ਼ਾਹੀ ਫੌਜਾਂ ‘ਤੇ ਹਮਲਾ ਕਰਨਾ ਤੇ ਉਨ੍ਹਾਂ ਦੇ ਸ਼ਾਹੀ ਖਜ਼ਾਨੇ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ। ਥਾਂ-ਥਾਂ ਸਿੱਖਾਂ ਨੇ ਧਾੜਵੀ ਬਣ ਕੇ ਫੌਜ ਦਾ ਨੁਕਸਾਨ ਕਰ ਜਾਂਦੇ ਤੇ ਮੁਸਲਮਾਨਾਂ ਲਈ ਸਿੱਖ ਵਿਦਰੋਹੀ ਤੇ ਇਕ ਮੁਸੀਬਤ ਬਣ ਖੜੋਤੇ। ਕੁਝ ਸਮੇਂ ਬਾਅਦ ਸਿੱਖਾਂ ਨੇ ਜ਼ੁਲਮ ਦੇ ਵਿਰੋਧ ਦੀ ਸੁਲਗਦੀ ਚਿੰਗਾਰੀਆਂ ਇਕ ਵੱਡੀ ਅੱਗ ਦਾ ਰੂਪ ਬਣ ਗਈ ਤੇ ਅਖੀਰ ਸਿੱਖ ਮਿਸਲਾਂ ਹੋਂਦ ਵਿਚ ਆਈਆਂ ਤੇ ਫਿਰ ਮਹਾਰਾਜਾ ਰਣਜੀਤ ਸਿੰਘ ਦੀ ਕਮਾਨ ਹੇਠ ਸਿੱਖ ਰਾਜ ਸਥਾਪਤ ਹੋਇਆ।
ਇਨ੍ਹਾਂ ਮਹਾਨ ਸਿੱਖਾਂ ਦੀਆਂ ਸ਼ਹਾਦਤਾਂ ਨੂੰ ਪ੍ਰਣਾਮ ਹੈ ਕੌਮ ਦਾ, ਜਿਨ੍ਹਾਂ ਨੇ ਜ਼ੁਲਮ, ਵਧੀਕੀਆਂ ਤੇ ਅਤਿਆਚਾਰਾਂ ਵਿਰੁੱਧ ਹੌਲੀ ਹੌਲੀ ਸਿੰਘਾਂ ਨੂੰ ਲਾਮਬੰਦ ਕਰਦੇ ਰਹੇ ਤੇ ਆਪਣੇ ਗੁਰੂਆਂ ਦੇ ਪਾਏ ਪੂਰਨਿਆਂ ਅਤੇ ਆਦਰਸ਼ਾਂ ‘ਤੇ ਪਹਿਰਾ ਦਿੰਦਿਆਂ

ਹਰਚਰਨ ਸਿੰਘ


Post Comment

Wednesday, September 12, 2012

ਸਾਰਾਗੜ੍ਹੀ ਦੀ ਇਤਿਹਾਸਕ ਲੜਾਈ ਦੀ ਦਾਸਤਾਨ

http://sanumaanpunjabihonda.blogspot.com.es/2012/09/blog-post_6224.html#.UFEhq40gf0c
ਪਾਕਿਸਤਾਨ ਦੇ ਵਜ਼ੀਰਾਸਤਾਨ 'ਚ ਮੌਜੂਦ ਸਾਰਾਗੜ੍ਹੀ ਮੈਮੋਰੀਅਲ
ਸਾਰਾਗੜ੍ਹੀ ਦੀ ਸੰਸਾਰ ਭਰ ਵਿਚ ਬੀਰਤਾ ਦੀਆਂ ਲਾਸਾਨੀ ਕੁਰਬਾਨੀਆਂ ਨੂੰ ਦਰਸਾਉਂਦੀ ਲੜਾਈ ਉੱਤਰ-ਪੱਛਮੀ ਫਰੰਟੀਅਰ ਸੂਬੇ 'ਤੇ ਅਫਗਾਨਿਸਤਾਨ ਦੀਆਂ ਸਰਹੱਦਾਂ ਲਾਗੇ ਸਾਰਾਗੜ੍ਹੀ ਦੇ ਸਥਾਨ 'ਤੇ 12 ਸਤੰਬਰ, 1897 ਨੂੰ ਲੜੀ ਗਈ ਸੀ। ਇਹ ਲੜਾਈ ਬ੍ਰਿਟਿਸ਼-ਭਾਰਤੀ ਫੌਜ 36 ਸਿੱਖ ਰੈਜਮੈਂਟ ਜੋ ਹੁਣ 4 ਸਿੱਖ ਰੈਜਮੈਂਟ ਅਖਵਾਉਂਦੀ ਹੈ, ਦੇ 21 ਜਾਂਬਾਜ ਜਵਾਨਾਂ ਤੇ ਅਫਗਾਨੀ ਪਠਾਣਾਂ ਤੇ ਅਫਰੀਦੀ ਕਬਾਇਲੀਆਂ ਵਿਚਕਾਰ ਗਹਿਗੱਚ ਮੁਕਾਬਲੇ ਨਾਲ ਲੜੀ ਗਈ। ਸਾਰਾਗੜ੍ਹੀ ਸਮੁੰਦਰੀ ਤਲ ਤੋਂ 6000 ਫੁੱਟ ਦੀ ਉਚਾਈ 'ਤੇ ਪੈਂਦਾ ਇਕ ਪਿੰਡ ਹੈ। ਇਹ ਇਲਾਕਾ ਵਜੀਰਸਤਾਨ ਦਾ ਇਲਾਕਾ ਵੀ ਕਹਾਉਂਦਾ ਹੈ, ਜਿਸ ਦੇ ਪਹਾੜ ਬ੍ਰਿਟਿਸ਼ ਫਰੰਟੀਅਰ ਤੇ ਅਫਗਾਨਿਸਤਾਨ ਦੀ ਵੰਡ ਕਰਦੇ ਸਨ। ਸਾਰਾਗੜ੍ਹੀ ਸਮਾਨਾ ਘਾਟੀ 'ਚ ਕੋਹਾਟ ਜ਼ਿਲ੍ਹੇ ਦਾ ਪਿੰਡ ਹੈ, ਜਿਥੋਂ ਕੁਹਾਟ 35 ਮੀਲ ਅਤੇ ਪਿਸ਼ਾਵਰ 50 ਕੁ ਮੀਲ ਦੀ ਦੂਰੀ 'ਤੇ ਪੈਂਦਾ ਹੈ। ਇਸ ਚੌਕੀ ਦੀ ਅਹਿਮੀਅਤ ਇਸ ਕਰਕੇ ਵੀ ਜ਼ਿਆਦਾ ਹੈ ਕਿ ਲੋਕਹਾਰਟ ਕਿਲ੍ਹਾ ਤੇ ਗੁਲਸਤਾਨ ਕਿਲ੍ਹੇ ਵਿਚਕਾਰ 6 ਕਿਲੋਮੀਟਰ ਦਾ ਫਾਸਲਾ ਹੈ। ਇਨ੍ਹਾਂ ਦੋਵਾਂ ਕਿਲ੍ਹਿਆਂ ਦੇ ਵਿਚਕਾਰ ਨੀਵੇਂ ਇਲਾਕੇ ਵਿਚ ਸਾਰਾਗੜ੍ਹੀ ਸਥਿਤ ਹੈ। ਨਿਰੋਲ ਪਹਾੜੀ ਇਲਾਕਾ ਹੈ। ਇਨ੍ਹਾਂ ਦੋਵਾਂ ਕਿਲ੍ਹਿਆਂ ਨੂੰ ਝੰਡੀ ਦਿਖਾਉਣ ਲਈ ਇਸ ਚੌਕੀ ਦੀ ਸਥਾਪਨਾ ਕੀਤੀ ਗਈ ਸੀ।

ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਪ੍ਰਬੰਧ ਤੋਂ ਬਾਅਦ 19ਵੀਂ ਸਦੀ ਦੇ ਅਖੀਰ ਵਿਚ ਅੰਗਰੇਜ਼ਾਂ ਨੇ ਇਹ ਇਲਾਕਾ ਅੰਗਰੇਜ਼ ਸਾਮਰਾਜ ਅਧੀਨ ਕਰ ਲਿਆ, ਲੇਕਿਨ ਲੜਾਕੇ ਪਠਾਣ ਤੇ ਕਬਾਇਲੀ ਲੋਕਾਂ ਨੇ ਅੰਗਰੇਜ਼ਾਂ ਦੀ ਅਧੀਨਗੀ ਨੂੰ ਪ੍ਰਵਾਨ ਕਰਨ ਤੋਂ ਕਿਨਾਰਾ ਕਰ ਲਿਆ ਅਤੇ ਇਹ ਲੋਕ ਅੰਗਰੇਜ਼ਾਂ ਖਿਲਾਫ 1896 ਵਿਚ ਬਗਾਵਤ ਦਾ ਝੰਡਾ ਚੁੱਕ ਕੇ ਖਲੋ ਗਏ। ਵਪਾਰਕ ਪੱਖ ਤੋਂ ਇਹ ਰਾਹ ਅੰਗਰੇਜ਼ਾਂ ਲਈ ਵੀ ਬੜਾ ਮਹੱਤਵ ਰੱਖਦਾ ਸੀ। ਜਦੋਂ ਵੀ ਦਾਅ ਲਗਦਾ, ਪਠਾਣ, ਵਪਾਰੀਆਂ ਅਤੇ ਛੋਟੀਆਂ-ਛੋਟੀਆਂ ਅੰਗਰੇਜ਼ ਫੌਜੀ ਟੁਕੜੀਆਂ ਦਾ ਮਾਲ ਲੁੱਟ ਲੈਂਦੇ। ਕਾਬੁਲ ਨੂੰ ਵਪਾਰ ਕਰਨ ਲਈ ਕੁਰਮ ਘਾਟੀ ਹੁਣ ਖਤਰਿਆਂ ਵਿਚ ਘਿਰ ਚੁੱਕੀ ਸੀ। ਸਮਾਨਾ ਚੋਟੀ 'ਤੇ ਅੰਗਰੇਜ਼ 5 ਸਾਲ ਤੋਂ ਕਬਜ਼ਾ ਜਮਾਈ ਬੈਠੇ ਸਨ। 31 ਦਸੰਬਰ, 1896 ਨੂੰ ਕੁਹਾਟ ਪਹੁੰਚੀ ਸਿੱਖ ਬਟਾਲੀਅਨ ਨੂੰ ਸਮਾਨਾ ਘਾਟੀ ਦੀ ਉੱਪਰ ਵਾਲੀ ਚੋਟੀ 'ਤੇ ਕਬਜ਼ਾ ਕਰਨ ਦਾ ਹੁਕਮ ਸੁਣਾਇਆ ਗਿਆ। ਇਸ ਕਾਰਜ ਲਈ ਬਟਾਲੀਅਨ ਨੂੰ ਦੋ ਭਾਗਾਂ ਵਿਚ ਵੰਡ ਦਿੱਤਾ ਗਿਆ। ਰਾਈਟ ਵਿੰਗ ਦੀ ਕਮਾਂਡ ਲੈਫਟੀਨੈਂਟ ਕਰਨਲ ਮਿਸਟਰ ਹੈਗਟਨ ਨੂੰ ਸੌਂਪੀ ਗਈ, ਜਿਸ ਨੇ 2 ਜਨਵਰੀ, 1897 ਨੂੰ ਲਾਕਹਾਰਟ ਕਿਲ੍ਹੇ 'ਤੇ ਕਬਜ਼ਾ ਕਰ ਲਿਆ ਸੀ। ਇਸ ਪਲਟਣ ਦੀਆਂ ਟੁਕੜੀਆਂ ਕਿਲ੍ਹੇ ਦੇ ਪੰਜ ਕਿਲੋਮੀਟਰ ਦੇ ਘੇਰੇ ਵਿਚ ਸਾਰਾਗੜ੍ਹੀ, ਦਾਰ, ਸੰਗਰ, ਸਰਟਰੋਪ, ਕੁਰੈਗ ਤੇ ਗੁਲਸਤਾਨ ਵਰਗੀਆਂ ਨਾਜ਼ੁਕ ਥਾਂਵਾਂ 'ਤੇ ਤਾਇਨਾਤ ਸਨ। ਉੱਪਰ 8 ਜਨਵਰੀ ਨੂੰ ਲੈਫਟ ਵਿੰਗ ਜੋ ਕਿ ਕੈਪਟਨ ਡਬਲਿਊ. ਵੀ. ਗਾਰਡਨ ਅਧੀਨ ਸੀ, ਨੇ ਪਰਚਿਨਾਰ 'ਤੇ ਕਬਜ਼ਾ ਕਰ ਲਿਆ। ਥਲ ਤੇ ਸਾਦਾ ਨਾਮਕ ਚੌਕੀਆਂ 'ਤੇ ਵੀ ਇਸ ਲੈਫਟ ਵਿੰਗ ਦਾ ਹੀ ਕਬਜ਼ਾ ਸੀ। ਇਸ ਬਗੈਰ ਕੁਝ ਰਾਖਵੀਂ ਸੈਨਾ ਵੀ ਰੱਖ ਲਈ ਗਈ ਤਾਂ ਕਿ ਲੋੜ ਪੈਣ 'ਤੇ ਇਸ ਦੀ ਵਰਤੋਂ ਕੀਤੀ ਜਾ ਸਕੇ।

27 ਅਗਸਤ ਤੋਂ 8 ਸਤੰਬਰ, 1897 ਦੇ ਸਮੇਂ ਵਿਚਕਾਰ (ਉੜੈਕਜਿਜ਼) ਕਬਾਇਲੀਆਂ ਨੇ ਲੈਫਟ ਵਿੰਗ ਦੀ ਸੁਰੱਖਿਆ ਪੰਕਤੀ 'ਤੇ ਬੜਾ ਭਿਆਨਕ ਹਮਲਾ ਬੋਲ ਦਿੱਤਾ ਪਰ ਇਨ੍ਹਾਂ ਕਬਾਇਲੀਆਂ ਨੂੰ ਖਦੇੜ ਕੇ 10 ਸਤੰਬਰ ਨੂੰ ਖਣਕੀ ਘਾਟੀ ਵੱਲ ਪਿੱਛੇ ਧੱਕ ਦਿੱਤਾ ਗਿਆ ਪਰ ਸਮਾਨਾ ਪੋਸਟ ਉੱਪਰ 10000 ਕਬਾਇਲੀਆਂ ਦੇ 4 ਹਮਲਿਆਂ ਨੂੰ ਵੀ ਅਸਫਲ ਬਣਾ ਦਿੱਤਾ ਗਿਆ। ਇਸ ਉਪਰੰਤ ਕਬਾਇਲੀਆਂ ਦੇ ਅਫਰੀਦੀ ਸਰਦਾਰਾਂ ਨੇ ਸਲਾਹ-ਮਸ਼ਵਰਾ ਕਰਕੇ ਸਾਰਾਗੜ੍ਹੀ 'ਤੇ ਹਮਲੇ ਦੀ ਯੋਜਨਾ ਬਣਾ ਲਈ, ਕਿਉਂਕਿ ਇਸ ਚੌਕੀ ਦੀ ਰਾਖੀ ਲਈ 21 ਜਵਾਨਾਂ ਦੀ ਨਫਰੀ ਬਹੁਤ ਹੀ ਘੱਟ ਸੀ। ਉਨ੍ਹਾਂ ਇਸ ਚੌਕੀ ਨੂੰ 12 ਸਤੰਬਰ ਵਾਲੇ ਦਿਨ ਚਾਰੇ ਪਾਸਿਓਂ ਘੇਰਾ ਪਾ ਕੇ ਭਾਰੀ ਹਮਲੇ ਨਾਲ ਹੱਲਾ ਬੋਲ ਦਿੱਤਾ। ਇਸ ਹਮਲੇ ਨਾਲ ਇਸ ਚੌਕੀ ਦਾ ਪੂਰੀ ਦੁਨੀਆ ਨਾਲੋਂ ਸੰਪਰਕ ਟੁੱਟ ਗਿਆ। ਇਸ ਚੌਕੀ ਦੀ ਕਮਾਂਡ ਬਾਬਾ ਈਸ਼ਰ ਸਿੰਘ ਗਿੱਲ ਹਵਾਲਦਾਰ ਪਿੰਡ ਝੋਰੜਾਂ, ਜ਼ਿਲ੍ਹਾ ਲੁਧਿਆਣਾ ਕੋਲ ਸੀ। ਦੁਸ਼ਮਣਾਂ ਨੇ ਬਾਬਾ ਈਸ਼ਰ ਸਿੰਘ ਗਿੱਲ ਕਮਾਂਡਰ ਨੂੰ ਬਹੁਤ ਲਾਲਚ ਦਿੱਤੇ ਕਿ ਉਹ ਚੌਕੀ ਖਾਲੀ ਕਰ ਦੇਵੇ। ਉਨ੍ਹਾਂ ਨੂੰ ਸੁਰੱਖਿਅਤ ਲਾਂਘਾ ਤੇ ਹੋਰ ਇਨਾਮ ਦਿੱਤੇ ਜਾਣਗੇ ਪਰ ਬਾਬਾ ਜੀ ਬੜੇ ਅਣਖੀਲੇ ਸੁਭਾਅ ਵਾਲੇ ਸਨ। ਕਰਨਲ ਹਾਰਟਨ ਲੋਕਹਾਰਟ ਦੇ ਕਿਲ੍ਹੇ ਤੋਂ ਸਭ ਕੁਝ ਤੱਕ ਰਿਹਾ ਸੀ। ਉਸ ਨੇ ਹੋਰ ਕੁਮਕ ਬਾਬਿਆਂ ਦੀ ਸਹਾਇਤਾ ਲਈ ਭੇਜਣ ਦਾ ਯਤਨ ਵੀ ਕੀਤਾ ਪਰ ਅਸਫਲ ਹੀ ਰਿਹਾ, ਕਿਉਂਕਿ ਸਾਰਾ ਇਲਾਕਾ ਹੀ ਦੁਸ਼ਮਣਾਂ ਨੇ ਘੇਰੇ ਵਿਚ ਲੈ ਰੱਖਿਆ ਸੀ।

9.30 ਵਜੇ ਸ਼ੁਰੂ ਹੋਈ ਲੜਾਈ ਨੂੰ 6 ਘੰਟੇ ਬੀਤ ਗਏ, 600 ਦੇ ਕਰੀਬ ਕਬਾਇਲੀ ਤੇ ਗੜ੍ਹੀ ਦੇ ਅੰਦਰ 12 ਸਿੱਖ ਫੌਜੀ ਵੀ ਸ਼ਹੀਦ ਹੋ ਗਏ ਸਨ। ਗੋਲੀ ਸਿੱਕਾ ਵੀ ਕਿਨਾਰੇ 'ਤੇ ਸੀ ਪਰ ਸਿੱਖ ਜਵਾਨ ਚੜ੍ਹਦੀ ਕਲਾ ਵਿਚ ਸਨ। ਕਿਵੇਂ ਨਾ ਕਿਵੇਂ ਦੁਸ਼ਮਣ ਨੇ ਇਕ ਪਾਸੇ ਕੰਧ 'ਚ ਪਾੜ ਪਾ ਲਿਆ। ਪਰ ਸਿੱਖ ਫੌਜੀਆਂ ਨੇ ਦੁਸ਼ਮਣ ਨੂੰ ਅੰਦਰ ਨਾ ਆਉਣ ਦਿੱਤਾ। ਦੁਸ਼ਮਣ ਨੇ ਤਰਕੀਬ ਘੜੀ ਤੇ ਆਸੇ-ਪਾਸੇ ਘਾਹ-ਫੂਸ ਨੂੰ ਅੱਗ ਲਗਾ ਕੇ ਧੂੰਆਂ ਹੀ ਧੂੰਆਂ ਕਰ ਦਿੱਤਾ। ਅੰਦਰੋਂ ਫੌਜੀ ਸਿਰਫ ਬੋਨਟਾਂ ਨਾਲ ਹੀ ਲੜ ਰਹੇ ਸਨ। 20 ਫੌਜੀ ਸ਼ਹੀਦੀ ਪ੍ਰਾਪਤ ਕਰ ਗਏ। ਇਕੱਲਾ ਸਿਗਨਲਮੈਨ ਗੁਰਮੁਖ ਸਿੰਘ ਹੀ ਬਚਿਆ ਸੀ। ਸਿਗਨਲਮੈਨ ਗੁਰਮੁਖ ਸਿੰਘ ਨੇ ਕਰਨਲ ਹਾਰਟਨ ਨੂੰ ਸਿਗਨਲ ਦਿੱਤਾ ਕਿ ਮੇਰੇ ਸਾਰੇ ਸਾਥੀ ਸ਼ਹੀਦ ਹੋ ਚੁੱਕੇ ਹਨ। ਮੈਂ ਇਕੱਲਾ ਹੀ ਬਚਿਆ ਹਾਂ। ਮੈਨੂੰ ਸਿਗਨਲ ਬੰਦ ਕਰਨ ਦਾ ਹੁਕਮ ਦਿੱਤਾ ਜਾਵੇ ਤਾਂ ਕਿ ਮੈਂ ਵੀ ਆਪਣੇ ਸਾਥੀਆਂ ਨਾਲ ਸ਼ਾਮਿਲ ਹੋ ਜਾਵਾਂ। ਸੋ ਉਸ ਨੇ ਸਿਗਨਲ ਬੰਦ ਕਰਕੇ ਜੈਕਾਰਾ ਲਗਾਇਆ ਤੇ ਬੰਦੂਕ ਦੀ ਬੋਨਟ ਨਾਲ 20 ਤੋਂ ਵਧੇਰੇ ਦੁਸ਼ਮਣਾਂ ਨੂੰ ਢੇਰ ਕਰ ਦਿੱਤਾ। ਅਖੀਰ ਦੁਸ਼ਮਣ ਨੇ ਗੜ੍ਹੀ ਨੂੰ ਅੱਗ ਲਗਾ ਦਿੱਤੀ। ਅਜਿਹੀ ਸੀ ਬਹਾਦਰੀ ਦੀ ਇਹ ਅਦੁੱਤੀ ਦਾਸਤਾਨ। ਭਾਰਤੀ ਫੌਜੀਆਂ ਨੇ ਦੁਸ਼ਮਣਾਂ ਨੂੰ ਜਿਉਂਦੇ ਜੀਅ ਗੜ੍ਹੀ ਦੇ ਲਾਗੇ ਨਾ ਢੁੱਕਣ ਦਿੱਤਾ। ਦੁਸ਼ਮਣ ਹੈਰਾਨ ਸੀ ਕਿ ਏਨੀ ਘੱਟ-ਗਿਣਤੀ ਫੌਜ ਨੇ ਉਨ੍ਹਾਂ ਦੇ ਨੱਕ 'ਚ ਦਮ ਕਰ ਰੱਖਿਆ। ਉਹ ਉਨ੍ਹਾਂ ਦੀ ਬਹਾਦਰੀ ਦਾ ਕਾਇਲ ਵੀ ਹੋਇਆ।

ਸਾਰਾਗੜ੍ਹੀ ਦੇ ਯੋਧਿਆਂ ਦੀ ਇਹ ਖਬਰ ਜਦੋਂ ਲੰਦਨ ਬ੍ਰਿਟਿਸ਼ ਪਾਰਲੀਮੈਂਟ ਵਿਚ ਪਹੁੰਚੀ ਤਾਂ ਪਾਰਲੀਮੈਂਟ ਦੇ ਦੋਵਾਂ ਸਦਨਾਂ ਵਿਚ ਮੈਂਬਰਾਂ ਨੇ ਖੜ੍ਹੇ ਹੋ ਕੇ ਸਨਮਾਨ ਦੇ ਤੌਰ 'ਤੇ ਸ਼ਰਧਾਂਜਲੀਆਂ ਭੇਟ ਕੀਤੀਆਂ। ਦੁਨੀਆ ਭਰ ਵਿਚ ਇਸ ਲੜਾਈ ਦੀ ਚਰਚਾ ਹੋਈ ਤੇ ਸੰਸਾਰ ਭਰ ਵਿਚ ਇਸ ਦੀਆਂ ਖ਼ਬਰਾਂ ਪ੍ਰਕਾਸ਼ਿਤ ਹੋਈਆਂ। ਸਿੱਖ ਕੌਮ ਦੀਆਂ ਬਹਾਦਰੀ ਦੀਆਂ ਧੁੰਮਾਂ ਵਿਸ਼ਵ ਭਰ ਵਿਚ ਪੈ ਗਈਆਂ। ਇੰਗਲੈਂਡ ਦੀ ਰਾਣੀ ਮਹਾਰਾਣੀ ਵਿਕਟੋਰੀਆ ਆਪ ਵੀ ਇਸ ਕਾਰਨਾਮੇ ਤੋਂ ਕਾਫੀ ਪ੍ਰਭਾਵਿਤ ਹੋਈ। ਬਰਤਾਨਵੀ ਸਰਕਾਰ ਨੇ ਸਨਮਾਨ ਦੇ ਤੌਰ 'ਤੇ ਸਭ ਤੋਂ ਵੱਡਾ ਸਨਮਾਨ ਇੰਡੀਅਨ ਆਰਡਰ ਆਫ ਮੈਰਿਟ ਹਰ ਇਕ ਸ਼ਹੀਦ ਨੂੰ ਮਰਨ ਉਪਰੰਤ ਭੇਟ ਕਰਕੇ ਉਸ ਨੂੰ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਹਰ ਸ਼ਹੀਦ ਦੇ ਪਰਿਵਾਰ ਨੂੰ ਦੋ-ਦੋ ਮਰੱਬੇ ਜ਼ਮੀਨ ਤੇ 500 ਰੁਪਏ ਦੀ ਪ੍ਰਤੀ ਫੌਜੀ ਇਮਦਾਦ ਵੀ ਦਿੱਤੀ, ਜੋ ਕਿ ਉਸ ਸਮੇਂ ਬਹੁਤ ਵੱਡੀ ਰਕਮ ਸੀ। ਇੰਡੀਅਨ ਆਰਡਰ ਆਫ ਮੈਰਿਟ ਦਾ ਸਨਮਾਨ ਉਸ ਸਮੇਂ ਵਿਕਟੋਰੀਆ ਕਰਾਸ ਤੇ ਅੱਜ ਦੇ ਪਰਮਵੀਰ ਚੱਕਰ ਦੇ ਸਮਾਨ ਮੰਨਿਆ ਜਾਂਦਾ ਹੈ। ਇਸ ਯੁੱਧ ਤੋਂ ਪਹਿਲਾਂ ਤੇ ਬਾਅਦ ਵਿਚ ਵੀ ਏਨਾ ਵੱਡਾ ਇਕੱਠਾ ਸਨਮਾਨ ਕਿਸੇ ਵੀ ਪਲਟਨ ਨੂੰ ਅੱਜ ਤੱਕ ਨਹੀਂ ਮਿਲਿਆ।

ਇਸ ਬਹਾਦਰੀ ਦੀ ਦਾਸਤਾਨ ਫਰਾਂਸ ਦੇ ਸਕੂਲਾਂ ਦੇ ਸਿਲੇਬਸ ਵਿਚ ਪੜ੍ਹਾਈ ਜਾ ਰਹੀ ਹੈ। ਯੂਨੈਸਕੋ ਨੇ ਇਸ ਲੜਾਈ ਨੂੰ ਮਾਨਤਾ ਦੇ ਕੇ ਦੁਨੀਆ ਦੀਆਂ ਬਿਹਤਰੀਨ 8 ਲੜਾਈਆਂ ਵਿਚ ਸ਼ਾਮਿਲ ਕੀਤਾ ਹੈ। ਇੰਗਲੈਂਡ ਅਤੇ ਕੈਨੇਡਾ ਵਿਚ ਸਾਰਾਗੜ੍ਹੀ ਦਿਵਸ ਕਾਫੀ ਵੱਡੇ ਪੱਧਰ 'ਤੇ ਮਨਾਇਆ ਜਾਂਦਾ ਹੈ, ਜਿਥੇ ਕਿ ਸਰਕਾਰੀ ਨੁਮਾਇੰਦੇ, ਸ਼ਹੀਦ ਫੌਜੀ ਬਾਬਿਆਂ ਦੇ ਪਰਿਵਾਰ ਤੇ ਸਿੱਖ ਸਾਬਕਾ ਫੌਜੀ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਪਹੁੰਚਦੇ ਹਨ।

ਜਿਨ੍ਹਾਂ 21 ਜਵਾਨਾਂ ਨੇ ਸਾਰਾਗੜ੍ਹੀ ਦੀ ਲੜਾਈ ਵਿਚ ਆਪਣੀਆਂ ਸ਼ਹਾਦਤਾਂ ਦਿੱਤੀਆਂ, ਉਨ੍ਹਾਂ ਦੀ ਜਾਣਕਾਰੀ ਇਸ ਪ੍ਰਕਾਰ ਹੈ-ਹਵਾਲਦਾਰ ਸ: ਈਸ਼ਰ ਸਿੰਘ ਗਿੱਲ ਪਿੰਡ ਝੋਰੜਾਂ ਜ਼ਿਲ੍ਹਾ ਲੁਧਿਆਣਾ (ਕਮਾਂਡਰ), ਸ: ਲਾਲ ਸਿੰਘ ਨਾਇਕ, ਸ: ਚੰਦਾ ਸਿੰਘ ਲਾਸ ਨਾਇਕ, ਸ: ਸੁੰਦਰ ਸਿੰਘ, ਸ: ਉੱਤਮ ਸਿੰਘ, ਸ: ਹੀਰਾ ਸਿੰਘ, ਸ: ਰਾਮ ਸਿੰਘ, ਸ: ਜੀਵਾ ਸਿੰਘ, ਸ: ਜੀਵਨ ਸਿੰਘ, ਸ: ਗੁਰਮੁਖ ਸਿੰਘ ਸਿਗਨਲਮੈਨ, ਸ: ਭੋਲਾ ਸਿੰਘ, ਸ: ਬੇਲਾ ਸਿੰਘ, ਸ: ਨੰਦ ਸਿੰਘ, ਸ: ਸਾਹਿਬ ਸਿੰਘ, ਸ: ਦਿਆ ਸਿੰਘ, ਸ: ਭਗਵਾਨ ਸਿੰਘ, ਸ: ਨਰੈਣ ਸਿੰਘ, ਸ: ਗੁਰਮੁਖ ਸਿੰਘ, ਸ: ਸਿੰਦਰ ਸਿੰਘ, ਇਹ ਸਭ ਸਿਪਾਹੀ ਰੈਂਕ ਵਾਲੇ ਤੇ ਸੇਵਾਦਾਰ ਦਾਓ ਸਿੰਘ/ਦਾਦ ਸਿੰਘ।

(ਲੇਖਕ ਬਾਬਾ ਈਸ਼ਰ ਸਿੰਘ ਗਿੱਲ ਹਵਾਲਦਾਰ ਦਾ ਪੜਪੋਤਾ ਹੈ)

ਵੈਨਕੂਵਰ ਤੋਂ ਰਸ਼ਪਾਲ ਸਿੰਘ ਗਿੱਲ


Post Comment

Tuesday, September 11, 2012

ਸਾਰਾਗੜ੍ਹੀ ਦਾ ਮਾਣ-ਮੱਤਾ ਸਾਕਾ


ਯੁੱਧ ’ਚ ਸ਼ਹੀਦ ਹੋਏ ਫੌਜੀਆਂ ਦੀ ਯਾਦ ਵਿੱਚ
 ਉਸਰਿਆ ਇਤਿਹਾਸਕ ਗੁਰਦੁਆਰਾ ਸਾਰਾਗੜ੍ਹੀ 
ਫਿਰੋਜ਼ਪੁਰ
 (12 ਸਤੰਬਰ, 1897)
ਸਾਰਾਗੜ੍ਹੀ ਦਾ ਸਾਕਾ ਬਲੀਦਾਨ ਦੀ ਇੱਕ ਅਜਿਹੀ ਅਦੁੱਤੀ ਕਹਾਣੀ ਹੈ ਜਿਸ ਦੀ ਮਿਸਾਲ ਦੁਨੀਆਂ ਭਰ ਵਿੱਚ ਨਹੀਂ ਮਿਲਦੀ। ਇਹ ਸਾਕਾ ਸਿੱਖ ਰੈਜਮੈਂਟ ਦੇ ਉਨ੍ਹਾਂ 21 ਸੂਰਬੀਰ ਬਹਾਦਰ ਸੈਨਿਕਾਂ ਦੀ ਯਾਦ ਦਿਵਾਉਂਦਾ ਹੈ, ਜਿਨ੍ਹਾਂ ਨੇ 12 ਸਤੰਬਰ 1897 ਨੂੰ ਸਾਰਾਗੜ੍ਹੀ ਕਿਲ੍ਹੇ ਦੀ ਰੱਖਿਆ ਕਰਦਿਆਂ, 10,000 ਪਠਾਣਾਂ ਵੱਲੋਂ ਕੀਤੇ ਗਏ ਹਮਲੇ ਦਾ ਮੁਕਾਬਲਾ ਕਰਦੇ ਹੋਏ ਸ਼ਹੀਦੀ ਜਾਮ ਪੀਤਾ।  ਇਸ ਤਰ੍ਹਾਂ ਉਨ੍ਹਾਂ ਭਾਰਤ ਦੇ ਇਤਿਹਾਸ ਵਿੱਚ ਇਕ ਨਵੇਂ ਕਾਂਡ ਦੀ ਸਿਰਜਣਾ ਕੀਤੀ, ਜੋ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਪ੍ਰੇਰਨਾ ਸਰੋਤ ਹੈ।
ਉੱਤਰੀ-ਪੱਛਮੀ ਸਰਹੱਦੀ ਸੂਬੇ (ਜਿਹੜਾ ਕਿ ਹੁਣ ਪਾਕਿਸਤਾਨ ਵਿੱਚ ਹੈ) ਵਿੱਚ 1897 ਵਿੱਚ ਜਿਹੜੀ ਬਗਾਵਤ ਉੱਭਰ ਰਹੀ ਸੀ, ਉਸ ਦੀ ਅਗਵਾਈ ਮੁੱਲਾ ਕਰ ਰਹੇ ਸਨ। ਇਨ੍ਹਾਂ ਪਠਾਣਾਂ ਨੇ ਹਰ ਥਾਂ ਫੌਜੀਆਂ ’ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ। 36ਵੀਂ ਸਿੱਖ ਬਟਾਲੀਅਨ (ਅੱਜ-ਕੱਲ੍ਹ 4/11 ਸਿੱਖ ਰੈਜਮੈਂਟ) ਜਿਹੜੀ ਕਿ ਜਲੰਧਰ ਵਿਖੇ 1897 ਵਿੱਚ ਕਰਨਲ ਕੁੱਕ ਦੀ ਕਮਾਂਡ ਹੇਠ ਅਜੇ ਸਿਰਫ ਦਸ ਦਿਨ ਪਹਿਲਾਂ ਹੀ ਬਣੀ ਸੀ, ਨੂੰ ਹੁਕਮ ਦਿੱਤਾ ਗਿਆ ਕਿ ਉਹ ਕਿਲ੍ਹਾ ਲੋਕਹਾਰਟ ਪਹੁੰਚ ਜਾਏ। ਇਹ ਕਿਲ੍ਹਾ ਸਰਹੱਦੀ ਇਲਾਕੇ ਦੇ ਪਹਾੜੀ ਖੇਤਰ ਵਿੱਚ ਸਥਿਤ ਸੀ। ਸਾਰਾਗੜ੍ਹੀ ਤੇ ਗੁਲਸਤਾਨ ਇਸ ਕਿਲ੍ਹੇ ਦੀਆਂ ਮਸ਼ਹੂਰ ਚੌਕੀਆਂ ਸਨ। ਸਾਰਾਗੜ੍ਹੀ ਇੱਕ ਵੱਖਰੀ ਕਿਸਮ ਦੀ ਚੌਕੀ ਸੀ, ਇਸ ਚੌਕੀ ਦੀ ਕਮਾਂਡ ਹਵਾਲਦਾਰ ਈਸ਼ਰ ਸਿੰਘ, ਜਿਸ ਦੇ ਨਾਲ ਨਾਇਕ ਲਾਭ ਸਿੰਘ, ਲਾਂਸ ਨਾਇਕ ਚੰਦ ਸਿੰਘ ਅਤੇ 18 ਹੋਰ ਸਿਪਾਹੀ ਕਰ ਰਹੇ ਸਨ।
12 ਸਤੰਬਰ 1897 ਨੂੰ ਹਜ਼ਾਰਾਂ ਅਫਰੀਦੀਆਂ ਅਤੇ ਅਰਾਕਜ਼ਾਈ ਪਠਾਣਾਂ ਨੇ ਇਸ ਚੌਕੀ ’ਤੇ ਹਮਲਾ ਕਰ ਦਿੱਤਾ ਅਤੇ ਦੋਵੇਂ ਚੌਕੀਆਂ ਘੇਰ ਲਈਆਂ। ਲੈਫਟੀਨੈਂਟ ਕਰਨਲ ਹਾਫਟਨ ਜਿਹੜਾ ਕਿਲ੍ਹਾ ਲੋਕਹਾਰਟ ਦਾ ਕਮਾਂਡਿੰਗ ਅਫਸਰ ਸੀ, ਨੇ ਸਾਰਾਗੜ੍ਹੀ ਨਾਲ ਸੰਪਰਕ ਪੈਦਾ ਕੀਤਾ,  ਜਿੱਥੇ ਕਿ ਹਿਲੋਗ੍ਰਾਫ ਰਾਹੀਂ ਸੰਦੇਸ਼ ਪ੍ਰਾਪਤ ਹੋ ਰਹੇ ਸਨ। ਇਸ ਚੌਕੀ ਵਿੱਚ 4 ਕੰਪਨੀਆਂ ਮੌਜੂਦ ਸਨ। ਸੰਨ 1897 ਦੀ 3 ਸਤੰਬਰ ਅਤੇ 9 ਸਤੰਬਰ ਨੂੰ ਕਬਾਇਲੀਆਂ ਨੇ ਗੁਲਿਸਤਾਨ ਚੌਕੀ ’ਤੇ ਹਮਲਾ ਕਰ ਦਿੱਤਾ। ਇਨ੍ਹਾਂ ਦੋਨਾਂ ਹਮਲਿਆਂ ਦਾ ਮੂੰਹ-ਤੋੜ ਜਵਾਬ ਦਿੱਤਾ ਗਿਆ, ਜਿਸ ਵਿੱਚ ਦੁਸ਼ਮਣ ਦਾ ਭਾਰੀ ਨੁਕਸਾਨ ਹੋਇਆ। ਇਸ ਹਾਰ ਦੀ ਪੀੜ ਮਹਿਸੂਸ ਕਰਦੇ ਹੋਏ 12 ਸਤੰਬਰ 1897 ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਪਠਾਣਾਂ ਨੇ ਸਾਰਾਗੜ੍ਹੀ ਚੌਕੀ ’ਤੇ ਹਮਲਾ ਕਰ ਦਿੱਤਾ। ਇਸ ਛੋਟੀ ਜਿਹੀ ਚੌਕੀ ਦੇ ਅੰਦਰ ਬਹਾਦਰ ਸਿੱਖ ਫੌਜੀਆਂ ਨੇ ਹਮਲਾਵਰਾਂ ਦੇ ਕਈ ਹਮਲਿਆਂ ਦਾ ਮੂੰਹ-ਤੋੜ ਜਵਾਬ ਦਿੱਤਾ ਅਤੇ 6 ਘੰਟਿਆਂ ਦੀ ਲੜਾਈ ਵਿੱਚ ਦੋ ਸੌ ਤੋਂ ਵੀ ਵੱਧ ਪਠਾਣ ਮਾਰੇ ਗਏ।
ਸਿਪਾਹੀ ਗੁਰਮੁੱਖ ਸਿੰਘ ਨੇ ਕਰਨਲ ਹਾਫਟਨ ਨੂੰ ਹਿਲੋਗ੍ਰਾਫ ਰਾਹੀਂ ਸੰਦੇਸ਼ ਭੇਜਿਆ ਕਿ ਸਾਰਾਗੜ੍ਹੀ ਦੀ ਚੌਕੀ ’ਤੇ ਦੁਸ਼ਮਣ ਨੇ ਭਾਰੀ ਗਿਣਤੀ ਵਿੱਚ ਹਮਲਾ ਕਰ ਦਿੱਤਾ ਹੈ। ਕਮਾਂਡਰ ਦੇ ਹੁਕਮ ਨਾਲ ਇਨ੍ਹਾਂ ਸਿਪਾਹੀਆਂ ਨੇ ਜਵਾਬ ਵਿੱਚ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਤਕਰੀਬਨ ਅੱਧਾ ਘੰਟਾ ਗੋਲੀ ਚੱਲਦੀ ਰਹੀ ਤਾਂ ਨਾਇਕ ਲਾਭ ਸਿੰਘ, ਭਗਵਾਨ ਸਿੰਘ ਅਤੇ ਸਿਪਾਹੀ ਜੀਵਨ ਸਿੰਘ ਨੇ ਚੌਕੀ ਤੋਂ ਬਾਹਰ ਆ ਕੇ ਪਠਾਣਾਂ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸਾਰਾਗੜ੍ਹੀ ਚੌਕੀ ਦੇ ਅੰਦਰ ਫੌਜੀਆਂ ਨੇ ਹੋਰ ਸੈਨਿਕ ਹਥਿਆਰ ਅਤੇ ਗੋਲਾ-ਬਾਰੂਦ ਮੰਗਿਆ, ਪਰ ਚੌਕੀ ਦੇ ਅੰਦਰ ਕਿਸੇ ਤਰ੍ਹਾਂ ਦੀ ਮਦਦ ਪਹੰੁਚਾਉਣੀ ਮੁਸ਼ਕਲ ਸੀ। ਅਜੇ ਉਨ੍ਹਾਂ ਨੇ ਦੁਸ਼ਮਣ ਦੇ ਕੁਝ ਹੀ ਬੰਦੇ ਮਾਰੇ ਸਨ ਕਿ ਭਗਵਾਨ ਸਿੰਘ ਸ਼ਹੀਦ ਹੋ ਗਿਆ ਅਤੇ ਲਾਭ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਜੀਵਨ ਸਿੰਘ ਅਤੇ ਲਾਭ ਸਿੰਘ ਨੇ ਭਗਵਾਨ ਸਿੰਘ ਦੀ ਲਾਸ਼ ਚੁੱਕ ਕੇ ਚੌਕੀ ਵਿੱਚ ਰੱਖ ਲਈ। ਲਾਭ ਸਿੰਘ ਨੇ ਜ਼ਖ਼ਮੀ ਹਾਲਤ ਵਿੱਚ ਉਦੋਂ ਤੱਕ ਗੋਲੀ ਚਲਾਉਣੀ ਜਾਰੀ ਰੱਖੀ ਜਦੋਂ ਤੱਕ ਕਿ ਉਹ ਧਰਤੀ ’ਤੇ ਨਹੀਂ ਡਿੱਗ ਪਿਆ। ਸਿੱਖ ਬਹਾਦਰ ਸਿਪਾਹੀਆਂ ਨੇ ਦਸਮ ਗੁਰੂ ਗੋਬਿੰਦ ਸਿੰਘ ਜੀ ਦੇ  ਮਹਾਨ ਵਾਕ ‘‘ਸਵਾ ਲਾਖ ਸੇ ਏਕ ਲੜਾਉਂ, ਤਬੇ ਗੋਬਿੰਦ ਸਿੰਘ ਨਾਮ ਕਹਾਊਂ’’ ਨੂੰ ਸੱਚ ਕਰਕੇ ਦਿਖਾਇਆ।
ਸਾਰਾਗੜ੍ਹੀ ਚੌਕੀ ਦੇ ਬਾਹਰ ਤਾਇਨਾਤ ਸਿੱਖ ਫੌਜੀ ਆਪਣੇ ਅਧਿਕਾਰੀਆਂ ਨਾਲ
ਇਸ ਹਾਲਤ ਵਿੱਚ ਵੀਰ ਸੈਨਿਕ ਇਕ ਤੋਂ ਬਾਅਦ ਇਕ ਸ਼ਹੀਦ ਹੁੰਦੇ ਗਏ ਅਤੇ ਜਦ ਗੋਲਾ ਬਾਰੂਦ ਖ਼ਤਮ ਹੋ ਗਿਆ ਤਾਂ ਉਨ੍ਹਾਂ ਨੇ ਤਲਵਾਰਾਂ ਅਤੇ ਸੰਗੀਨਾਂ ਨਾਲ ਦੁਸ਼ਮਣ ਦਾ ਮੁਕਾਬਲਾ ਕੀਤਾ। ਬਹਾਦਰ ਸਿੱਖ ਫੌਜੀਆਂ ਦੀ ਸ਼ਾਨਦਾਰ ਨਿਸ਼ਾਨੇਬਾਜ਼ੀ ਅਤੇ ਉਨ੍ਹਾਂ ਦੀ ਬਹਾਦਰੀ ਦੇ ਸਦਕੇ ਦੁਸ਼ਮਣ ਇਸ ਚੌਕੀ ਦੇ ਨੇੜੇ ਨਾ ਫੜਕ ਸਕਿਆ। ਇਸ ਲਈ ਦੁਸ਼ਮਣ ਨੇ ਆਖਰੀ ਹਥਿਆਰ ਵਜੋਂ ਸਾਰਾਗੜ੍ਹੀ ਚੌਕੀ ਦੇ ਆਲੇ-ਦੁਆਲੇ ਸੁੱਕੀਆਂ ਝਾੜੀਆਂ ਵਿੱਚ ਅੱਗ ਲਾ ਦਿੱਤੀ ਅਤੇ ਚੌਕੀ ਦੀ ਇਕ ਕੰਧ ਤੋੜ ਕੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਜਦੋਂ ਇਹ ਸਿਪਾਹੀ ਇਕ-ਇਕ ਕਰਕੇ ਹਜ਼ਾਰਾਂ ਦੀ ਗਿਣਤੀ ਵਿੱਚ ਪਠਾਣਾਂ ਨੂੰ ਮਾਰ ਕੇ ਸ਼ਹੀਦੀ ਪਾ ਗਏ ਤਾਂ ਗੁਰਮੁੱਖ ਸਿੰਘ ਹੀਲੋਗ੍ਰਾਫਰ ਜੋ ਕਿ ਖ਼ਬਰ ਦੇਣ ਦਾ ਇਕੋ-ਇਕ ਵਸੀਲਾ ਸੀ, ਨੇ ਕਿਲੇ ਦੇ ਕਮਾਂਡਰ ਨੂੰ ਕਿਲੇ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ। ਇਸ ਸਮੇਂ ਤੱਕ 2 ਫੌਜੀਆਂ ਤੋਂ ਬਿਨਾਂ ਬਾਕੀ ਸਾਰੇ ਸ਼ਹੀਦ ਹੋ ਚੁੱਕੇ ਸਨ। ਕੁਝ ਸਮੇਂ ਬਾਅਦ ਇਨ੍ਹਾਂ ਫੌਜੀਆਂ ਦਾ ਕਮਾਂਡਰ ਹਵਾਲਦਾਰ ਈਸ਼ਰ ਸਿੰਘ ਇਕੱਲਾ ਹੀ ਰਹਿ ਗਿਆ ਅਤੇ ਉਸ ਦੇ ਆਲੇ-ਦੁਆਲੇ 20 ਸਾਥੀਆਂ ਦੀਆਂ ਲਾਸ਼ਾਂ ਪਈਆਂ ਸਨ। ਆਪਣੀ ਰਾਈਫਲ ਚੁੱਕ ਕੇ ਉਹ ਸਾਰਾਗੜ੍ਹੀ ਚੋਟੀ ਦੇ ਉਸ ਦਰਵਾਜ਼ੇ ਕੋਲ ਜਾ ਬੈਠਾ ਜਿੱਥੋਂ ਦੁਸ਼ਮਣ ਚੌਕੀ ਦੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਬਹੁਤ ਹੌਲੀ ਨਾਲ ਜਿਵੇਂ ਕਿ ਉਹ ਫਾਇਰਿੰਗ ਰੇਂਜ ਉੱਪਰ ਬੈਠਾ ਹੋਵੇ ਆਪਣੀ ਰਾਈਫਲ ਨੂੰ ਨੇੜੇ ਕੀਤਾ ਅਤੇ ਕਈ ਪਠਾਣਾਂ ਨੂੰ ਮੌਤ ਦੇ ਘਾਟ ਉਤਾਰਦਾ ਹੋਇਆ ਸ਼ਹੀਦੀ ਪਾ ਗਿਆ। ਉਸ ਨੇ ਆਪਣੀ ਛਾਤੀ ਵਿੱਚ ਗੋਲੀ ਮਾਰ ਕੇ ਸ਼ਹਾਦਤ ਪ੍ਰਾਪਤ ਕੀਤੀ। ਇਸ ਉਪਰੰਤ ਸਾਰੇ ਵਾਤਾਵਰਨ ’ਤੇ ਖਾਮੋਸ਼ੀ ਦਿਖਾਈ ਦੇਣ ਲੱਗੀ ਅਤੇ ਇਹ ਚੁੱਪ ਦਾ ਵਾਤਾਵਰਨ ਉਸ ਸਮੇਂ ਸਮਾਪਤ ਹੋਇਆ ਜਦੋਂ ਦੁਸ਼ਮਣ ਨੇ ਇਹ ਦੇਖਿਆ ਕਿ ਹੁਣ ਉਸ ਦਾ ਮੁਕਾਬਲਾ ਕਰਨ ਵਾਲਾ ਕੋਈ ਨਹੀਂ। ਪਠਾਣਾਂ ਨੇ ਮਰਿਆਂ ਹੋਇਆਂ ਜਵਾਨਾਂ ਤੋਂ ਬਦਲਾ ਲਿਆ। ਬੰਦੂਕਾਂ ਆਦਿ ਚੁੱਕਣ ਤੋਂ ਬਾਅਦ ਚੌਕੀ ਨੂੰ ਅੱਗ ਲਗਾ ਦਿੱਤੀ। ਇਸ ਪ੍ਰਕਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਨ੍ਹਾਂ ਬਹਾਦਰ ਸਿੰਘਾਂ ਨੇ ਇੱਕ-ਇੱਕ ਕਰਕੇ ਬੜੀ ਸੂਰਬੀਰਤਾ ਨਾਲ ਸ਼ਹਾਦਤ ਪ੍ਰਾਪਤ ਕੀਤੀ।
ਇਨ੍ਹਾਂ ਸੂਰਬੀਰ ਬਹਾਦਰਾਂ ਦੇ ਇਸ ਕਾਰਨਾਮੇ ਨੂੰ ਸਭ ਤੋਂ ਪਹਿਲਾਂ ਜਨਤਾ ਸਾਹਮਣੇ ਪੇਸ਼ ਕਰਨ ਦਾ ਸਿਹਰਾ ਅਲਾਹਾਬਾਦ ਦੇ ਉਸ ਸਮੇਂ ਦੇ  ਦੈਨਿਕ ਅੰਗਰੇਜ਼ੀ ਅਖ਼ਬਾਰ ‘‘ਪਾਇਨੀਅਰ’’ ਦੇ ਸਿਰ ਹੈ ਜਿਸ ਦੇ ਸੰਪਾਦਕ ਨੇ ਇਸ ਸਾਕੇ ਦੇ ਸਬੰਧ ਵਿੱਚ ਕਈ ਲੇਖ ਲਿਖੇ। ਇਨ੍ਹਾਂ ਲੇਖਾਂ ਦਾ ਸਿੱਟਾ ਇਹ ਨਿਕਲਿਆ ਕਿ ਬਰਤਾਨੀਆ ਵਿੱਚ  ਇੱਕ ਐਜੀਟੇਸ਼ਨ ਸ਼ੁਰੂ ਹੋਈ ਅਤੇ ਹਰ ਪਾਸਿਓਂ ਇਹ ਮੰਗ ਉੱਠੀ ਕਿ ਇਨ੍ਹਾਂ ਸਿੰਘਾਂ ਨੇ ਜੋ ਸੂਰਬੀਰਤਾ ਦਿਖਾਈ ਹੈ, ਉਸ ਵੱਲ ਧਿਆਨ ਦੇਣ ਦੀ ਲੋੜ ਹੈ। ਅਖ਼ਬਾਰਾਂ ਨੇ ਇਹ ਮੰਗ ਕੀਤੀ ਕਿ ਇਨ੍ਹਾਂ ਜਵਾਨਾਂ ਦੀ ਯਾਦ ਵਿੱਚ ਜਿਨ੍ਹਾਂ ਨੇ ਲਾ-ਜਵਾਬ ਬਹਾਦਰੀ ਦਾ ਸਬੂਤ ਦਿੱਤਾ, ਇੱਕ ਯਾਦਗਾਰ ਬਣਾਈ ਜਾਵੇ ਤਾਂ ਕਿ ਇਹ ਕੁਰਬਾਨੀ ਨਾ ਕਿ ਸਿੱਖ ਫੌਜ ਲਈ ਬਲਿਕ ਸਮੁੱਚੇ ਭਾਰਤ ਲਈ ਮਾਣ ਦੀ ਗੱਲ ਬਣ ਸਕੇ।
ਅਖ਼ਬਾਰ ਵਿਚ ਛਪੇ ਲੇਖਾਂ ਦੇ ਪ੍ਰਤੀਕਰਮ ਦੇ ਸਿੱਟੇ ਵੱਜੋਂ ਇਹ ਫੇੈਸਲਾ ਕੀਤਾ ਗਿਆ ਕਿ ਵਜ਼ੀਰਸਤਾਨ ਜਿੱਥੇ ਇਨ੍ਹਾਂ ਜਵਾਨਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਕੇਸਰੀ ਬਾਗ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਵਿਖੇ ਇਨ੍ਹਾਂ 21 ਸਿੰਘਾਂ ਫੌਜੀਆਂ ਦੀ ਯਾਦਗਾਰ ਵਿੱਚ ਸਾਰਾਗੜ੍ਹੀ ਮੈਮੋਰੀਅਲ ਗੁਰਦੁਆਰਾ ਸਾਹਿਬ ਸਥਾਪਤ ਕੀਤੇ ਜਾਣ। ਇਨ੍ਹਾਂ 21 ਸ਼ਹੀਦਾਂ ਵਿੱਚੋਂ ਜ਼ਿਆਦਾ ਸ਼ਹੀਦਾਂ ਦਾ ਸਬੰਧ ਫਿਰੋਜ਼ਪੁਰ ਤੇ ਅੰਮ੍ਰਿਤਸਰ ਨਾਲ ਸੀ। ਇਤਿਹਾਸਕ ਸਾਰਾਗੜ੍ਹੀ ਗੁਰਦੁਆਰਾ ਫਿਰੋਜ਼ਪੁਰ ’ਤੇ 27 ਹਜ਼ਾਰ ਇਕ ਸੌ 18 ਰੁਪਏ ਖਰਚ ਆਏ ਸਨ ਜੋ ਜਨਤਾ ਰਾਹੀਂ ਇਕੱਠੇ ਕੀਤੇ ਗਏ ਸਨ। ਇਹ ਗੁਰਦੁਆਰਾ 1902 ਵਿਚ ਬਣਾਇਆ ਗਿਆ ਅਤੇ ਇਸ ਦਾ ਉਦਘਾਟਨ 18 ਜਨਵਰੀ, 1904 ਨੂੰ ਪੰਜਾਬ ਦੇ ਉਸ ਸਮੇਂ ਦੇ ਲੈਫਟੀਨੈਂਟ ਗਵਰਨਰ ਸਰ ਚਾਰਲਸ ਮੌਂਟਗੁਮਰੀ ਰੀਵਾਜ ਨੇ ਕੀਤਾ ਸੀ।
ਇਹੋ ਜਿਹੀ ਕੁਰਬਾਨੀ ਅਤੇ ਬਹਾਦਰੀ, ਜੋ ਸਿੱਖ ਫੌਜੀਆਂ ਵੱਲੋਂ ਉੱਤਰ-ਪੱਛਮ ਸਰਹੱਦ ’ਤੇ ਵਿਖਾਈ ਗਈ ਪਹਿਲਾਂ ਕਦੇ ਨਹੀਂ ਵੇਖੀ ਗਈ। ਇਸ ਉਪਰੰਤ ਇੰਡੀਅਨ ਹੀਰੋਜ਼ ਫੰਡ ਖੋਲ੍ਹਿਆ ਗਿਆ ਜਿਸ ਵਿੱਚ ਇੰਗਲੈਂਡ ਦੀ ਮਹਾਰਾਣੀ ਅਤੇ ਹੋਰਨਾਂ ਨੇ ਭਾਰਤ ਵਿੱਚ ਅਤੇ ਇੰਗਲੈਂਡ ਵਿੱਚ ਦਿਲ ਖੋਲ੍ਹ ਕੇ ਚੰਦਾ ਦਿੱਤਾ। ਇਨ੍ਹਾਂ 21 ਜਵਾਨਾਂ ਵਿਚ ਹਰ ਇਕ ਨੂੰ ਇੰਡੀਅਨ ਆਰਡਰ ਆਫ ਮੈਰਿਟ, ਜਿਹੜਾ ਕਿ ਉਸ ਸਮੇਂ ਉੱਚ ਸਰਵੋਤਮ ਜੰਗੀ ਇਨਾਮ ਸੀ, ਨਾਲ ਸਨਮਾਨਿਆ ਗਿਆ ਅਤੇ ਇਨ੍ਹਾਂ ਦੀਆਂ ਵਿਧਵਾਵਾਂ ਨੂੰ ਉਸ ਸਮੇਂ ਮੁਤਾਬਕ ਪੈਨਸ਼ਨ ਅਤੇ 500 ਰੁਪਏ ਨਕਦ ਇਨਾਮ ਦਿੱਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਦੇ ਆਸ਼ਰਿਤਾਂ ਨੂੰ 50-50 ਏਕੜ (ਦੋ-ਦੋ ਮੁਰੱਬੇ) ਜ਼ਮੀਨ ਦਿੱਤੀ ਗਈ ਸੀ। ਇਸ ਯੁੱਧ ਦਾ ਸ਼ੁਮਾਰ ਦੁਨੀਆਂ ਦੇ 10 ਬਿਹਤਰੀਨ ਯੁੱਧਾਂ ਵਿਚ ਕੀਤਾ ਜਾਂਦਾ ਹੈ। ਸਿੱਖ ਫੌਜੀਆਂ ਦੀ ਲਾਸਾਨੀ ਕੁਰਬਾਨੀ ਦਾ ਇਤਿਹਾਸ ਅੱਜ ਵੀ ਇੰਗਲੈਂਡ ਤੇ ਫਰਾਂਸ ਸਮੇਤ ਕਈ ਦੇਸ਼ਾਂ ਦੇ ਸਕੂਲਾਂ ਵਿਚ ਪੜ੍ਹਾਇਆ ਜਾਂਦਾ ਹੈ।
ਇਨ੍ਹਾਂ ਫੌਜੀਆਂ ਦੀ ਯਾਦ ਵਿੱਚ ਇਤਿਹਾਸਕ ਗੁਰਦੁਆਰਾ ਸਾਰਾਗੜ੍ਹੀ  ਫਿਰੋਜ਼ਪੁਰ ਵਿਖੇ 12 ਸਤੰਬਰ ਨੂੰ ਦੀਵਾਨ ਸਜਾਏ ਜਾਂਦੇ ਹਨ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਂਦੀਆਂ ਹਨ। ਸਾਰਾਗੜ੍ਹੀ ਦੀ ਲੜਾਈ ਵਿਚ ਸ਼ਹੀਦ ਹੋਣ ਵਾਲੇ ਬਹਾਦਰ ਜਵਾਨਾਂ ਦੇ ਨਾਮ ਹਵਾਲਦਾਰ ਈਸ਼ਰ ਸਿੰਘ, ਨਾਇਕ ਲਾਭ ਸਿੰਘ, ਲਾਂਸ ਨਾਇਕ ਚੰਦਾ ਸਿੰਘ, ਸਿਪਾਹੀ ਸੁੱਧ ਸਿੰਘ, ਸਾਹਿਬ ਸਿੰਘ, ਉੱਤਮ ਸਿੰਘ, ਨਰੈਣ ਸਿੰਘ, ਗੁਰਮੁੱਖ ਸਿੰਘ, ਜੀਵਨ ਸਿੰਘ, ਰਾਮ ਸਿੰਘ, ਹੀਰਾ ਸਿੰਘ, ਦਇਆ ਸਿੰਘ, ਭੋਲਾ ਸਿੰਘ, ਜੀਵਨ ਸਿੰਘ, ਗੁਰਮੁੱਖ ਸਿੰਘ, ਭਗਵਾਨ ਸਿੰਘ, ਰਾਮ ਸਿੰਘ, ਬੂਟਾ ਸਿੰਘ, ਜੀਵਨ ਸਿੰਘ, ਅਨੰਦ ਸਿੰਘ ਅਤੇ ਭਗਵਾਨ ਸਿੰਘ ਹਨ।


ਅਮਰੀਕ ਸਿੰਘ

ਮੋਬਾਈਲ: 98151-00140


Post Comment

Thursday, September 6, 2012

ਕਵੀ ਤੇ ਅਣਧੀ ਯੋਧਾ ਭਾਈ ਜੀਵਨ ਸਿੰਘ


 ਯੋਧਾ ਭਾਈ ਜੀਵਨ ਸਿੰਘ 
ਸਿੱਖ ਇਤਿਹਾਸ ਕੁਰਬਾਨੀਆਂ ਕਰਨ ਵਾਲੇ ਯੋਧਿਆਂ ਦੀ ਗਾਥਾ ਅਤੇ ਅਣਖ ਨਾਲ ਜਿਉਣ ਵਾਲੇ ਵਫਾਦਾਰ ਸੂਰਬੀਰ ਜਰਨੈਲਾਂ, ਯੋਧਿਆਂ, ਸੰਤਾਂ ਅਤੇ ਕਵੀਆਂ ਦਾ ਪਾਵਨ ਸਮੁੰਦਰ ਹੈ। ਸਿੱਖ ਇਤਿਹਾਸ ਦੇ ਅਣਗੌਲੇ ਪਾਤਰ ਯੋਧਿਆਂ ਦੇ ਸੱਚ ਦੀ ਭਾਲ ਲਈ ਹਿੰਦੀ, ਅੰਗਰੇਜ਼ੀ, ਫਾਰਸੀ ਅਤੇ ਪੰਜਾਬੀ ਇਤਿਹਾਸਕਾਰਾਂ ਦੀਆਂ ਰਚਨਾਵਾਂ ਪੜ੍ਹਨ  ’ਤੇ ਪਤਾ ਲੱਗਿਆ ਕਿ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਵਫ਼ਦਾਰ ਜਰਨੈਲ ਸ਼ਹੀਦ ਬਾਬਾ ਜੀਵਨ ਸਿੰਘ (ਭਾਈ ਜੈਯਤਾ ਜੀ) ਜਿਨ੍ਹਾਂ ਦੀ ਚਮਕੌਰ ਦੀ ਗੜ੍ਹੀ ਵਿਚ ਸ਼ਹੀਦ ਹੋਏ 40 ਸਿੰਘਾਂ ਵਿੱਚੋਂ ਸਿਰਫ਼ ਇਕੱਲਿਆਂ ਦੀ ਹੀ ਇੱਕੋ-ਇਕ ਪਵਿੱਤਰ ਇਤਿਹਾਸਕ ਪ੍ਰਾਚੀਨ ਯਾਦਗਾਰ ਗੁਰਦੁਆਰਾ ਸ਼ਹੀਦ ਬੁਰਜ ਸਾਹਿਬ ਬਣਿਆ ਹੋਇਆ ਹੈ। ਇਸ ਗੁਰਧਾਮ ਦੀ ਕਾਰ ਸੇਵਾ ਵੀ ਹੋਰਨਾਂ ਗੁਰਧਾਮਾਂ ਦੀ ਕਾਰ ਸੇਵਾ ਵਿਚ ਪਹਿਲਾਂ ਮਹਾਰਾਜਾ ਕਰਮ ਸਿੰਘ ਨੇ ਕਰਵਾਈ ਸੀ, ਗੁਰਦੁਆਰਾ ਸ਼ਹੀਦ ਬੁਰਜ ਬਣਾਉਣ ਦੇ ਨਾਲ-ਨਾਲ ਇਸ ਅਸਥਾਨ ’ਤੇ ਪਹਿਲਾਂ ਤੋਂ ਬਣੀ ‘ਪ੍ਰਾਚੀਨ ਖੂਹੀ’ ਦੀ ਇਤਿਹਾਸਕ ਮਹੱਤਤਾ ਨੂੰ ਸਮਝਦਿਆਂ ਇਸ ਦੀ ਕਾਰ ਸੇਵਾ ਪਹਿਲ ਦੇ ਆਧਾਰ ’ਤੇ ਕਰਵਾਈ ਸੀ। ਫਿਰ ਕਰੋੜ ਸਿੰਘੀਆ ਮਿਸਲ ਦੇ ਭਾਈ ਗੁਰਦਿਆਲ ਸਿੰਘ ਨੇ ਇੱਥੇ ਪਰਿਕਰਮਾ ਵਿਚ ਬਣੇ ਸਾਰੇ ਪਵਿੱਤਰ ਇਤਿਹਾਸਕ ਅਸਥਾਨਾਂ ਦੀ ਸੇਵਾ-ਸੰਭਾਲ ਕੀਤੀ। ਜੋ ਆਪਣੇ ਪਰਿਵਾਰ ਸਮੇਤ ਨੰਗੇ ਪੈਰੀਂ ਇੱਥੇ ਆ ਕੇ ਖੁਦ ਸੰਗਤਾਂ ਦੇ ਨਾਲ ਸੇਵਾ ਕਰਵਾਉਂਦੇ ਸਨ। ਫਿਰ ਬਾਬਾ ਨੰਦ ਸਿੰਘ ਜੀ ਬਲ੍ਹਾੜੀ ਕਲਾਂ ਵਾਲਿਆਂ ਨੇ ਇਸ ਅਸਥਾਨ ਦੀ ਸੇਵਾ-ਸੰਭਾਲ ਕੀਤੀ। ਕਰੀਬ ਦੋ ਦਹਾਕੇ ਸੰਤ ਬਾਬਾ ਗੁਰਦਿੱਤ ਸਿੰਘ ਜੀ ਨੇ ਇਸ ਅਸਥਾਨ ਦੀ ਸੇਵਾ-ਸੰਭਾਲ ਕੀਤੀ। ਉਨ੍ਹਾਂ ਤੋਂ ਬਾਅਦ ਉਨ੍ਹਾਂ ਦੇ ਸਪੁੱਤਰ ਸੰਤ ਬਾਬਾ ਪ੍ਰੀਤਮ ਸਿੰਘ ਜੋ ਕਿ ਇਕ ਆਜ਼ਾਦੀ ਘੁਲਾਟÇੀਏ ਵੀ ਸਨ, ਨੇ ਇਸ ਅਸਥਾਨ ਦੀ ਸੇਵਾ ਲਗਾਤਾਰ 60 ਸਾਲ ਕਰਕੇ 1 ਫਰਵਰੀ 1996 ਨੂੰ ਸੱਚਖੰਡ ਨਿਵਾਸ ਕਰ ਗਏ, ਤੋਂ ਪਿੱਛੋਂ ਮੌਜੂਦਾ ਮੁੱਖ ਸੇਵਾਦਾਰ ਤੇ ਬਾਬਾ ਪ੍ਰੀਤਮ ਸਿੰਘ ਜੀ ਦੇ ਸਪੁੱਤਰ ਸੰਤ ਬਾਬਾ ਧਰਮ ਸਿੰਘ ਖਾਲਸਾ ਇਕ ਪਰਿਵਾਰ ਦੀ ਤੀਜੀ ਪੀੜ੍ਹੀ ਵਜੋਂ ਇਸ ਇਤਿਹਾਸਕ ਪਾਵਨ ਅਸਥਾਨ ਦੀ ਸੇਵਾ-ਸੰਭਾਲ ਕਰ ਰਹੇ ਹਨ।
ਸ਼ਹੀਦ ਬੁੰਗਾ ਤਪ ਅਸਥਾਨ ਬਾਬਾ ਜੀਵਨ ਸਿੰਘ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1689 ਈ. ਵਿਚ ਬਣਵਾਇਆ। ਇਹ ਅਸਥਾਨ ਕਿਲਾ ਆਨੰਦਗੜ੍ਹ ਸਾਹਿਬ ਦੇ ਬਿਲਕੁਲ ਨਾਲ ਬਣਿਆ ਹੋਇਆ ਹੈ।  ਗੁਰੂ ਜੀ ਨੇ ਕਿਲਾ ਆਨੰਦਗੜ੍ਹ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਵਫ਼ਦਾਰ ਜਰਨੈਲ ਅਤੇ ਮਹਾਨ ਯੋਧੇ ਬਾਬਾ ਜੀਵਨ ਸਿੰਘ ਨੂੰ ਸੌਂਪੀ ਸੀ ਅਤੇ ਉਹ ਗੋਲੀ-ਬਾਰੂਦ ਵਾਲੇ ਮੁੱਖ ਭੰਡਾਰ ਅਤੇ ਸਾਰੇ ਕਿਲਿਆਂ ਤੋਂ ਵੱਡੇ ਕਿਲੇ ਦੇ ਕਮਾਂਡਰ ਸਨ। ਉਹ ਸਮਕਾਲੀ ਕਵੀ ਕੰਕਣ ਜੀ, ਕਵੀ ਧੰਨਾ ਸਿੰਘ ਜੀ, ਕਵੀ ਖਜਾਨ ਸਿੰਘ ਜੀ ਅਤੇ ਦਰਬਾਰੀ ਕਵੀ ਆਲਮ ਸਿੰਘ ਜੀ ਵਾਂਗ ਗੁਰੂ ਜੀ ਦੇ ਸੰਤ ਸਿਪਾਹੀ ਸਨ। ਭਾਸ਼ਾ ਵਿਭਾਗ ਦੇ ਪ੍ਰਸਿੱਧ ਵਿਦਵਾਨ ਡਾਕਟਰ ਗੁਰਮੁੱਖ ਸਿੰਘ ਨੇ ਬਾਬਾ ਜੀਵਨ ਸਿੰਘ ਦੀ ਰਚਨਾ ‘ਸ੍ਰੀ ਗੁਰ ਕਥਾ’ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਪ੍ਰਕਾਸ਼ਿਤ ਕਰਵਾ ਕੇ ਇਕ ਸ਼ਲਾਘਾਯੋਗ ਕਾਰਜ ਨੇਪਰੇ ਚਾੜ੍ਹਿਆ ਹੈ। ਬਾਬਾ ਜੀ ਨੇ ਇਕ ਸਮਕਾਲੀ ਕਵੀ ਵਜੋਂ ਉਨ੍ਹਾਂ ਨੇ ਆਪਣੀ ਸੂਝ-ਬੂਝ, ਸੋਚ, ਵਿਚਾਰਧਾਰਾ, ਦ੍ਰਿਸ਼ਟੀ ਅਤੇ ਅਧਿਆਤਮਕ ਰਹੱਸ ਨੂੰ ਕਾਵਿ ਰੂਪ ਰੰਗ ਵਿਚ ਬਹੁਤ ਹੀ ਸੁਚੱਜੇ ਢੰਗ-ਤਰੀਕੇ ਨਾਲ ਬਿਆਨ ਕੀਤਾ ਹੈ। ਆਪ ਦੇ ਹਿਰਦੇ ਵਿਚ ਵਸੇ ਗੁਰੂ ਪਿਆਰ, ਦਲੇਰੀ, ਭਗਤੀ, ਸ਼ਰਧਾ, ਸਹਿਨਸ਼ੀਲਤਾ, ਨਿਮਰਤਾ ਅਤੇ ਉਮਾਹ ਦੀ ਭਾਵਨਾ ਨਾਲ ਭਰਪੂਰ ਆਦਿ ਸਭ ਨੇ ਉਨ੍ਹਾਂ ਨੇ ਸਿੱਖੀ ਸਿਧਾਂਤ ਦੇ ਅਨੁਕੂਲ ਸ਼ੈਲੀ ਨੂੰ ਵਿਲੱਖਣ ਰੂਪ ਪ੍ਰਦਾਨ ਕਰਨ ਵਿਚ ਅਹਿਮ ਯੋਗਦਾਨ ਪਾਇਆ ਹੈ। ਗਵਾਹੀਆਂ ਭਰਦੇ ਸਿੱਖ ਗੁਰੂ ਸਾਹਿਬਾਨਾਂ ਨੇ ਪਾਵਨ ਹੁਕਮਨਾਮਿਆਂ ਤੋਂ ਪਤਾ ਲੱਗਦਾ ਹੈ ਕਿ ਆਪ ਦਾ  ਪਰਿਵਾਰ ਪਹਿਲੀ ਤੋੋਂ ਦਸਵੀਂ ਪਾਤਸ਼ਾਹੀ ਤਕ ਪੀੜ੍ਹੀਆਂ ਤੋਂ ਸਿੱਖੀ ਦਾ ਸੇਵਕ ਸੀ। ਆਪ ਗੁਰੂ ਜੀ ਦੇ ਚਰਨ ਕਮਲਾਂ ਦੇ ਸੇਵਕ ਸ਼ਰਧਾਲੂ ਤੇ ਹਰ ਵਕਤ ਦਰਸ਼ਨ ਦੀਦਾਰ ਕਰਨ ਵਾਲੇ ਸਨ ਤੇ ਗੁਰਬਾਣੀ ਦੇ ਨਿੱਤਨੇਮੀ ਸਨ।  ਉਨ੍ਹਾਂ ਦੀ ਵਿਚਾਰਧਾਰਾ ਤੇ ਗੁਰਬਾਣੀ ਦਾ ਪ੍ਰਭਾਵ, ਸੁਖਮਨੀ ਸਾਹਿਬ ਦੀ ਸ਼ੈਲੀ ਦਾ ਪ੍ਰਭਾਵ, ਦਸਮ ਗੁਰੂ ਜੀ ਦੀ ਬਾਣੀ ਦੀ ਸ਼ੈਲੀ ਦਾ ਪ੍ਰਭਾਵ, ਅਕਾਲ ਉਸਤਤ ਦੀ ਪ੍ਰਭਾਵਸ਼ੈਲੀ ਤੇ ਵਿਚਾਰਾਂ ਤੇ ਭੱਟ ਬਾਣੀ ਦੇ ਪ੍ਰਭਾਵ ਵਾਲੀ  ਸ਼ੈਲੀ, ਚਿੱਤਰ ਸ਼ੈਲੀ, ਆਤਮ ਪ੍ਰਧਾਨ ਸ਼ੈਲੀ, ਸੰਬੋਧਨੀ ਸ਼ੈਲੀ ਅਤੇ ਉਪਦੇਸ਼ ਸ਼ੈਲੀ, ਉੱਪਰ ਗੁਰਬਾਣੀ ਦਾ ਡੂੰਘਾ ਪ੍ਰਭਾਵ ਹੈ।
ਉਨ੍ਹਾਂ ਦੇ ਜੀਵਨ ਸਬੰਧੀ ਸਮਕਾਲੀ ਰਚਨਾਵਾਂ ਨੂੰ ਵਾਚਣ ’ਤੇ ਪਤਾ ਲੱਗਦਾ ਹੈ ਕਿ ਸ਼ਰਾਰਤੀ ਕਿਸਮ ਦੇ ਇਤਿਹਾਸਕਾਰਾਂ ਨੇ ਅਪਣੱਤ ਦੀ ਭਾਵਨਾਵਾਂ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਦੇ ਜੀਵਨ ਦੇ ਕੁਰਬਾਨੀਆਂ ਭਰੇ ਇਤਿਹਾਸ ਨਾਲ ਕਾਫੀ ਛੇੜ-ਛਾੜ ਕੀਤੀ ਹੈ। ਅੱਜ ਦੋ ਦਰਜਨ ਦੇ ਕਰੀਬ ਇਤਿਹਾਸਕ ਅਸਥਾਨ ਹਿੰਦੁਸਤਾਨ ਵਿਚ ਹਨ, ਜਿੱਥੇ  ਭਾਈ ਜੀਵਨ ਸਿੰਘ ਜੀ ਦਾ ਇਤਿਹਾਸ ਦਰਜ ਹੈ। ਕਈ ਉਹ ਅਸਥਾਨ ਵੀ ਹਨ ਜਿੱਥੋਂ ਉਨ੍ਹਾਂ ਦਾ ਇਤਿਹਾਸ ਤੇ ਪੁਰਾਤਨ ਨਿਸ਼ਾਨੀਆਂ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਸਮਕਾਲੀ ਲਿਖਤਾਂ ਅਨੁਸਾਰ 22-23 ਦਸੰਬਰ 1704 ਦੀ ਦਰਮਿਆਨੀ ਰਾਤ ਅਤਿਨਾਜ਼ੁਕ ਸਥਿਤੀ ਵਿਚ ਮੌਕੇ ’ਤੇ ਪੰਜ ਪਿਆਰਿਆਂ ਦਾ ਹੁਕਮ ਮੰਨਦਿਆਂ ਗੁਰੂ ਜੀ ਯੁੱਧ ਨੀਤੀ ਨਾਲ ਆਪਣੀ ਪਾਵਨ ਕਲਗੀ ਤੇ ਪੁਸ਼ਾਕਾ ਬਾਬਾ ਜੀਵਨ ਸਿੰਘ ਜੀ  ਨੂੰ ਪਹਿਨਾ ਕੇ ਆਪਣੀ ਜਗ੍ਹਾ ’ਤੇ ਗੜ੍ਹੀ ਦੇ ਬੁਰਜ ਵਿਚ ਬਿਠਾ ਕੇ ਆਪ ਤਿੰਨ ਸਿੰਘਾਂ ਸਮੇਤ ਪਿੰਡ ਰਾਇਪੁਰ ਹੁੰਦੇ ਹੋਏ ਮਾਛੀਵਾੜੇ ਦੇ ਜੰਗਲਾਂ ਨੂੰ ਤੁਰ ਗਏ।
ਗੁਰੂ ਜੀ ਦੇ ਗੜ੍ਹੀ ਛੱਡ ਜਾਣ ਪਿੱਛੋਂ ਬਾਬਾ ਜੀਵਨ ਸਿੰਘ ਜੀ ਬਾਕੀ ਸਿੰਘਾਂ ਦੀਆਂ ਸ਼ਹਾਦਤਾਂ ਪਿੱਛੋਂ ਇਕੱਲੇ ਹਜ਼ਾਰਾਂ ਦੁਸ਼ਮਣਾਂ ਦਾ ਬਹਾਦਰੀ ਨਾਲ ਮੁਕਾਬਲਾ ਕਰਦੇ ਤੇ ਲੜਦੇ ਗੁਰੂ ਜੀ ਵੱਲੋਂ ਬਖਸ਼ਿਸ਼ ਨਾਗਣੀ ਤੇ ਬਾਘਣੀ (ਭਾਗਣੀ) ਬੰਦੂਕਾਂ ਚਲਾਉਂਦੇ ਰਹੇ। ਭਾਈ ਰਤਨ ਸਿੰਘ ਭੰਗੂ ਅਨੁਸਾਰ:-
ਜੀਵਨ ਸਿੰਘ ਰਘੁਰੇਟੜੋ ਬੰਦੂਕੀ ਵਡੋ ਅਖਵਾਇ।
ਏਕ ਬੁਰਜ ਕੇ ਮੱਧ ਬਹੇ ਏਕੜ ਹੀ ਥੋਹ ਪਾਇ।।
ਸਮਕਾਲੀ ਇਤਿਹਾਸ ਤੱਥਾਂ ਅਨੁਸਾਰ ਜਦੋਂ 11 ਨਵੰਬਰ 1675 ਈ. ਨੂੰ ਨੌਵੇਂ ਗੁਰੂ ਸ੍ਰੀ ਗੁਰੂ  ਤੇਗ ਬਹਾਦਰ ਸਾਹਿਬ ਜੀ ਨੂੰ ਦਿੱਲੀ ਚਾਂਦਨੀ ਚੌਕ ਵਿਖੇ ਸ਼ਹੀਦ ਕਰ ਦਿੱਤਾ ਗਿਆ ਤਾਂ  ਮੁਗਲ ਹਕੂਮਤ ਨੇ ਐਲਾਨ ਕੀਤਾ ਕਿ ਜੋ ਵੀ ਗੁਰੂ ਜੀ ਦਾ ਪਾਵਨ ਸੀਸ ਤੇ ਧੜ ਨੂੰ ਉਠਾਏਗਾ, ਉਸ ਦਾ ਤੇ ਉਸ ਦੇ ਪਰਿਵਾਰ ਦਾ ਵੀ  ਉਹ ਹਸ਼ਰ ਹੋਏਗਾ। 11-12 ਨਵੰਬਰ ਦੀ ਰਾਤ ਨੂੰ ਮਰਜੀਵੜੇ ਸਿੰਘਾਂ ਭਾਈ ਜੈਯਤਾ ਜੀ (ਬਾਬਾ ਜੀਵਨ ਸਿੰਘ ਜੀ) ਉਨ੍ਹਾਂ ਦੇ ਤਾਇਆ ਭਾਈ ਆਗਿਆ ਰਾਮ ਜੀ, ਅਤੇ ਭਾਈ ਉਦੈ ਜੀ ਨੇ ਭਾਈ ਜੈਯਤਾ ਜੀ ਦੇ ਪਿਤਾ ਭਾਈ ਸਦਾ ਨੰਦ ਜੀ ਦਾ ਸੀਸ ਅਤੇ ਧੜ੍ਹ ਚਾਂਦਨੀ ਚੌਕ ਵਿਚ ਰੱਖ ਕੇ ਗੁਰੂ ਜੀ ਦਾ ਪਾਵਨ ਸੀਸ ਤੇ ਧੜ੍ਹ ਚੁੱਕ ਲਿਆ। ਗੁਰੂ ਜੀ ਦੇ ਧੜ੍ਹ ਦਾ ਸਸਕਾਰ ਭਾਈ ਜੈਤਾ ਜੀ ਦੇ ਪਿਤਾ ਆਗਿਆ ਰਾਮ ਜੀ ਨੇ ਆਪਣੇ ਘਰ ਕਲਿਆਣੇ ਦੀ ਧਰਮਸ਼ਾਲਾ (ਜਿਸ ਦਾ ਵੇਰਵਾ ਪਾਵਨ ਹੁਕਮਨਾਮੇ ਵਿਚ ਵੀ ਮਿਲਦਾ ਹੈ) ਪਿੰਡ ਰਾਇਸੀਨਾ ਜਿੱਥੇ ਅੱਜ-ਕੱਲ੍ਹ ਗੁਰਦੁਆਰਾ ਰਕਾਬਗੰਜ ਸਾਹਿਬ ਦਿੱਲੀ ਬਣਿਆ ਹੋਇਆ ਹੈ, ਵਿਖੇ ਕਰ ਦਿੱਤਾ। ਭਾਈ ਜੈਤਾ ਜੀ ਪਾਵਨ ਸੀਸ ਲੈ ਕੇ ਬਾਗਪਤ, ਤਰਾਵੜੀ, ਅੰਬਾਲਾ, ਨਾਭਾ ਆਦਿ ਥਾਵਾਂ ਤੋਂ ਦੀ ਲੰਘਦੇ ਹੋਏ 15 ਨਵੰਬਰ 1675 ਈ. ਨੂੰ ਆਨੰਦਪੁਰ ਸਾਹਿਬ ਪਹੁੰਚ ਗਏ। ਫਿਰ 16 ਨਵੰਬਰ 1675 ਈ. ਨੂੰ ਪੂਰਨ ਗੁਰ-ਮਰਿਯਾਦਾ ਨਾਲ ਪਾਵਨ ਸੀਸ ਦਾ ਅੰਤਮ-ਸੰਸਕਾਰ ਕੀਤਾ ਗਿਆ। ਸਸਕਾਰ ਤੋਂ ਬਾਅਦ ਦਸਮ ਪਿਤਾ ਨੇ ਜੁੜੀ ਸਿੱਖ ਸੰਗਤ ਵਿਚ ਸੀਸ ਚੁੱਕ ਕੇ ਲੈ ਆਉਣ ਦੀ ਕਠਿਨਾਈਆਂ ਭਰੀ ਦਾਸਤਾਨ ਸੁਣਨ ਉਪਰੰਤ ਉਨ੍ਹਾਂ ਨੂੰ ਗਲਵੱਕੜੀ ਵਿਚ ਲੈ ਕੇ ‘ਰਘੁਰੇਟੇ  ਗੁਰੂ ਕੇ ਬੇਟੇ’ ਹੋਣ ਦਾ ਸਨਮਾਨ ਦਿੱਤਾ, ਅਤੇ ਦਸਮ ਪਿਤਾ ਨੇ ਇਸ ਬਹਾਦਰੀ ਭਰੇ ਕਾਰਜ ਬਦਲੇ ਭਾਈ  ਜੈਯਤਾ ਜੀ ਦੀ ਕੋਈ ਦਿਲੀ ਇੱਛਾ ਪੂਰੀ ਕਰਨ ਦਾ ਵਚਨ ਦਿੱਤਾ ਤਾਂ ਭਾਈ ਸਾਹਿਬ ਨੇ ਗੁਰੂ ਜੀ ਤੋਂ ਸਿਰਫ਼ ‘‘ਦਰਸ਼ਨ ਤੇ ਇਸ਼ਨਾਨ’’ ਦੀ ਇੱਛਾ ਰੱਖੀ, ਤਾਂ ਗੁਰੂ ਜੀ ਨੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਪਰਿਕਰਮਾ ਵਿਖੇ ਦੁਖ ਭੰਜਨੀ ਬੇਰੀ ਦੇ ਕੋਲ ਬੂੰਗਾ ਰਘੁਰੇਟਿਆਂ ਭਾਈ ਜੈਤਾ ਜੀ ਦੀ ‘ਇੱਛਾ’ ਨੂੰ ਕਬੂਲਦਿਆਂ ਬਣਵਾਇਆ। ਭਾਈ ਜੈਤਾ ਜੀ ਨੇ ਗੁਰੂ ਜੀ ਨਾਲ ਚਮਕੌਰ ਸਾਹਿਬ ਦੀ ਜੰਗ ਤੱਕ ਸਾਰੀਆਂ ਜੰਗਾਂ ਵਿਚ ਵੱਧ-ਚੜ੍ਹ ਕੇ ਸਿਰਕੱਢ ਜਰਨੈਲ ਵਜੋਂ ਹਿੱਸਾ ਲਿਆ।
ਚਮਕੌਰ ਦੀ ਭਿਆਨਕ ਜੰਗ ਵਿਚ ਆਪ ਦੇ ਛੋਟੇ ਭਰਾ ਭਾਈ ਸੰਗਤ  ਸਿੰਘ, ਆਪ ਦੇ ਵੱਡੇ ਸਪੁੱਤਰ ਭਾਈ ਸੁੱਖਾ ਸਿੰਘ ਤੇ ਭਾਈ ਸੇਵਾ ਸਿੰਘ ਅਤੇ ਸਹੁਰਾ ਭਾਈ ਸੁਜਾਨ ਸਿੰਘ ਸ਼ਹੀਦ ਹੋ ਗਏ ਜਦੋਂਕਿ ਉਨ੍ਹਾਂ ਦੀ ਮਾਤਾ ਪ੍ਰੇਮੋ ਜੀ ਅਤੇ ਉਨ੍ਹਾਂ ਦੇ ਦੋ ਛੋਟੇ ਸਪੁੱਤਰ ਭਾਈ ਗੁਰਦਿਆਲ ਸਿੰਘ ਅਤੇ ਭਾਈ ਗੁਲਜ਼ਾਰ ਸਿੰਘ ਸਰਸਾ ਦੀ ਜੰਗ ਵਿਚ ਸ਼ਹੀਦ ਹੋ ਗਏ ਸਨ। ਆਪ 23 ਦਸੰਬਰ 1704 ਈ. ਨੂੰ ਚਮਕੌਰ ਸਾਹਿਬ ਦੀ ਗੜ੍ਹੀ ਵਿਚ ਸਭ ਤੋਂ ਪਿੱਛੋਂ ਸ਼ਹਾਦਤ ਪਾਉਣ ਵਾਲੇ ਇਕੋ-ਇਕ ਮਹਾਨ ਜਰਨੈਲ ਸਨ। ਕਵੀ ਕੰਕਣ ਜੀ ਅਨੁਸਾਰ:-
ਅੰਤ ਇਕੇਲਾ ਗੜ੍ਹ ਮੇ ਬੰਦੂਕੀ ਪ੍ਰਵੀਨ
ਜੀਵਨ ਵਿਚ ਰਘੁਰੇਟੜੋ ਜੋ ਜੂਝ ਗਇਓ ਸੰਗ ਦੀਨ।।
ਵਜੀਰਾ ਅਤਿ ਪ੍ਰਸੰਨ ਭਯੋ ਲੀਓ ਮਾਰ ਗੋਬਿੰਦ।
ਦਿਲੀ ਧਾਇਓ ਸੀਸ ਲੈ ਖੁਸ਼ੀ ਕਰਨ ਨਾਰਿੰਦ।।
ਸੰਪਰਕ: 81465-64523
ਗੁਰਮੇਲ ਸਿੰਘ ਗਿੱਲ






Post Comment

Thursday, August 23, 2012

ਕੌਣ ਆਖਦਾ ਹੈ ਕੇ ਸੰਤ ਭਿੰਡਰਾਂਵਾਲੇ ਹਿੰਦੂਆਂ ਦੇ ਦੁਸ਼ਮਣ ਸਨ?


ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਆਲੋਚਨਾ ਕਰਨ ਵਾਲੇ ਅਕਸਰ ਹੀ ਉਨ੍ਹਾਂ ਵਿਰੁੱਧ ਇਹ ਸ਼ਿਕਾਇਤਾਂ ਕਰਦੇ ਹਨ-"ਸੰਤਾਂ ਨੇ ਇੱਕ ਵਾਰੀ ਪੰਜ ਹਜ਼ਾਰ ਹਿੰਦੂਆਂ ਨੂੰ ਇਕ ਘੰਟੇ ਵਿੱਚ ਵੱਢਣ ਦਾ ਐਲਾਨ ਕੀਤਾ ਸੀ... ਸੰਤਾਂ ਨੇ ਹਰ ਪਿੰਡ ਵਿੱਚ ਇੱਕ ਮੋਟਰ ਸਾਇਕਲ ਤੇ ਤਿੰਨ ਤਿੰਨ ਰਿਵਾਲਵਰਾਂ ਵਾਲੇ ਨੌਜਵਾਨ ਤਿਆਰ ਕਰਨ ਦਾ ਸੱਦਾ ਦਿੱਤਾ ਸੀ... ਸੰਤਾਂ ਨੇ ਆਖਿਆ ਸੀ ਕਿ ਇੱਕ ਇੱਕ ਸਿੱਖ ਦੇ ਹਿੱਸੇ ੩੫-੩੫ ਹਿੰਦੂ ਆਉਂਦੇ ਨੇ।"

ਇਉਂ ਸੰਤਾਂ ਨੂੰ ਅਤੇ ਸਿੱਖ ਸੰਘਰਸ਼ ਨੂੰ ਹਿੰਦੂ ਸਮਾਜ ਦਾ ਦੁਸ਼ਮਣ ਕਹਿਣ ਵਾਲੇ ਲੋਕ ਆਖਦੇ ਹਨ, "ਦੇਖੋ ਜੀ ਸਿੱਖ ਧਰਮ ਤਾਂ 'ਸਰਬੱਤ ਦਾ ਭਲਾ' ਮੰਗਦਾ ਹੈ... ਸਿੱਖ ਇਤਿਹਾਸ ਵਿਚ ਲਿਖਿਆ ਹੈ ਕਿ ਭਾਈ ਘਨਈਆ ਜੀ ਤਾਂ ਜੰਗ ਵਿੱਚ ਦੁਸ਼ਮਣਾਂ ਨੂੰ ਵੀ ਪਾਣੀ ਪਿਲਾਉਂਦੇ ਰਹੇ ਨੇ... ਨੌਵੇਂ ਪਾਤਸ਼ਾਹ ਨੇ ਤਿਲਕ ਜੰਝੂ ਦੀ ਰਾਖੀ ਲਈ ਸੀਸ ਕਟਾਇਆ... ਤਾਂਹੀਓਂ ਤਾਂ ਸਿੰਘ ਸੂਰਮੇ ਗਊ ਹੱਤਿਆ ਰੋਕਦੇ ਰਹੇ ਤੇ ਮੁਸਲਮਾਨਾਂ ਕੋਲੋਂ ਹਿੰਦੂਆਂ ਦੀਆਂ ਧੀਆਂ ਛੁਡਾਉਂਦੇ ਰਹੇ... ਸਿੱਖ ਤੇ ਹਿੰਦੂਆਂ ਦਾ ਤਾਂ ਨਹੁੰ-ਮਾਸ ਦਾ ਰਿਸ਼ਤਾ ਹੈ....ਤੇ ਸੰਤ ਜੀ ਕੁਝ ਹੋਰ ਈ...???"

ਹੁਣ ਜੇਕਰ ਇਨ੍ਹਾਂ ਉਪਰੋਕਤ ਦੋਸ਼ਾਂ ਬਾਰੇ ਸਚਾਈ ਜਾਣਨੀ ਹੋਵੇ ਤਾਂ ਤੱਥ ਸਪੱਸ਼ਟ ਹਨ ਕਿ ਸੰਤਾਂ ਦੀਆਂ ਕੈਸਟਾਂ ਵਿੱਚ ਤਾਂ ਥਾਂ-ਥਾਂ ਹਰ ਹਿੰਦੂ ਨੂੰ ਪੱਕਾ ਹਿੰਦੂ, ਹਰ ਮੁਸਲਮਾਨ ਨੂੰ ਪੱਕਾ ਮੁਸਲਮਾਨ ਤੇ ਹਰ ਸਿੱਖ ਨੂੰ ਪੱਕਾ ਸਿੱਖ ਬਣਨ ਦੀ ਪ੍ਰੇਰਨਾ ਮਿਲਦੀ ਹੈ, ਫਿਰ ਤੱਥਾਂ ਅਤੇ ਘਟਨਾਵਾਂ ਨੂੰ ਪ੍ਰਸੰਗ ਨਾਲੋਂ ਤੋੜ ਕੇ ਆਪਣੀ ਮਨ-ਮਰਜ਼ੀ ਦੀ ਵਿਆਖਿਆ ਕਰਨ ਵਾਲੇ ਇਨ੍ਹਾਂ ਆਲੋਚਕਾਂ ਦਾ ਕੀ ਕਰੀਏ?

ਗੁਰਮਤਿ ਅਨੁਸਾਰ ਸਿੱਖ ਕਿਸੇ ਵੀ ਧਰਮੀ ਦੇ ਦੁਸ਼ਮਣ ਹੋ ਹੀ ਨਹੀਂ ਸਕਦੇ। ਹਾਂ, ਸਗੋਂ ਗ਼ਲਤ ਬੰਦਾ ਚਾਹੇ ਕਿਸੇ ਵੀ ਮਤ ਦਾ ਹੋਵੇ, ਸਿੱਖ ਉਸਦੀ ਵਿਰੋਧਤਾ ਹਰ ਹੀਲੇ ਕਰਦੇ ਹਨ। ਇਤਿਹਾਸ ਗਵਾਹ ਹੈ ਕਿ ਚੰਦੂ, ਗੰਗੂ, ਲਖਪਤਿ ਰਾਏ, ਜਸਪਤ ਰਾਏ, ਤੇਜਾ ਸਿਹੁੰ, ਲਾਲ ਸਿਹੁੰ, ਸ਼ਰਧਾ ਰਾਮ ਫਿਲੌਰੀ, ਅਖੌਤੀ ਸਵਾਮੀ ਦਯਾ ਅਨੰਦ, ਗਾਂਧੀ ਵਰਗਿਆਂ ਹਿੰਦੂਆਂ ਨੂੰ ਸਿੱਖਾਂ ਨੇ ਉਨ੍ਹਾਂ ਦੀਆਂ ਕਾਰਵਾਈਆਂ ਦੇ ਹਿਸਾਬ ਨਾਲ ਮਾੜਾ ਮੰਨਿਆ ਅਤੇ ਦੀਵਾਨ ਟੋਡਰ ਮੱਲ, ਦੀਵਾਨ ਕੌੜਾ ਮੱਲ ਵਰਗਿਆਂ ਨਾਲ ਮੁਹੱਬਤ ਵੀ ਕੀਤੀ। ਔਰੰਗਜ਼ੇਬ, ਵਜ਼ੀਰ ਖਾਂ ਤੇ ਮੱਸੇ ਰੰਘੜ ਵਰਗੇ ਮੁਸਲਮਾਨਾਂ ਨਾਲ ਜੇ ਸਿੱਖਾਂ ਨੇ ਟੱਕਰ ਲਈ ਤਾਂ ਪੀਰ ਬੁੱਧੂ ਸ਼ਾਹ ਸਾਂਈਂ ਮੀਆਂ ਮੀਰ, ਸਾਂਈਂ ਭੀਖਨ ਖਾਂ, ਗਨੀ ਖ਼ਾਂ-ਨਬੀ ਖ਼ਾਂ, ਜੋਗੀ ਅੱਲ੍ਹਾ ਯਾਰ ਖ਼ਾਂ, ਸ਼ਾਹ ਮੁਹੰਮਦ ਵਰਗਿਆਂ ਦਾ ਪੂਰਨ ਸਤਿਕਾਰ ਵੀ ਕੀਤਾ। ਤੇ ਸਿੱਖਾਂ ਵਿੱਚੋਂ ਹੀ ਜਿਹੜੇ ਸਿੱਖੀ ਸਿਦਕ ਨਿਭਾਉਂਦੇ ਹੋਏ ਜਾਨਾਂ ਵਾਰ ਗਏ ਉਨ੍ਹਾਂ ਦਾ ਸਤਿਕਾਰ ਕੀਤਾ ਜਦਕਿ ਸਿੱਖ ਅਖਵਾਉਣ ਵਾਲੇ ਮੁੱਖ ਮੰਤਰੀ ਬੇਅੰਤ ਸਿਹੁੰ, ਐਸ.ਐਸ.ਪੀ. ਅਜੀਤ ਸਿਹੁੰ ਸੰਧੂ ਤੇ ਕੇ.ਪੀ.ਐਸ. ਗਿੱਲ ਵਰਗਿਆਂ ਨੂੰ ਦੁਰਕਾਰਿਆ। ਸਪੱਸ਼ਟ ਹੈ ਕਿ ਜਿਹੜਾ ਵੀ ਸ਼ਖ਼ਸ ਸਿੱਖ ਧਰਮ ਤੇ ਮਨੁੱਖਤਾ ਦੇ ਖ਼ਿਲਾਫ਼ ਕਾਰਵਾਈ ਕਰੇਗਾ ਉਸਦਾ ਮਤ ਚਾਹੇ ਕੋਈ ਵੀ ਹੋਵੇ ਸਿੱਖ ਉਸਨੂੰ ਬਰਦਾਸ਼ਤ ਨਹੀਂ ਕਰਨਗੇ।

੫੦੦੦ ਹਜ਼ਾਰ ਹਿੰਦੂਆਂ ਨੂੰ ਵੱਢਣ ਦੀ ਧਮਕੀ ਸੰਤਾਂ ਨੂੰ ੧੫-੮-੧੯੮੩ ਨੂੰ ਮਜ਼ਬੂਰੀ ਦੇਣੀ ਪਈ, ਦਰਅਸਲ ਉਸ ਦਿਨ ਮੁਕਤਸਰ ਵਿੱਚ ਬੁੱਚੜ ਪੁਲਿਸ ਅਫਸਰ ਗੁਰਚਰਨ ਸਿਹੁੰ ਸਾਂਹਸੀ ਨੂੰ ਦੁਪਿਹਰੇ ੧.੧੫ 'ਤੇ ਸਿੰਘਾਂ ਨੇ ਗੱਡੀ ਚਾੜ੍ਹਿਆ ਸੀ। ੧.੩੦ ਕੁ ਵਜੇ ਸੰਤਾਂ ਨੇ ਇੱਕ ਬੱਸ ਅੰਮ੍ਰਿਤਸਰ ਤੋਂ ਝੀਂਡ ਵਾਲੇ (ਮੁਕਤਸਰ) ਨੂੰ ਭੇਜੀ ਸੀ, ਜੋ ਸ਼ਾਮੀ ੬ ਵਜੇ ਮੁਕਤਸਰ ਪਹੁੰਚੀ। ਇਸ ਬੱਸ ਵਿੱਚ ਦਮਦਮੀ ਟਕਸਾਲ ਦੇ ਸਿੰਘ ਸੰਤ ਬਾਬਾ ਕਰਤਾਰ ਸਿੰਘ ਭਿੰਡਰਾਂਵਾਲਿਆਂ ਦੀ ਮਾਤਾ ਲਾਭ ਕੌਰ ਨੂੰ ਅੰਮ੍ਰਿਤਸਰ ਲਿਜਾਣ ਲਈ ਆਏ ਸਨ। ਪੁਲਿਸ ਵਾਲਿਆਂ ਨੂੰ ਸਾਂਹਸੀ ਦੇ ਗੋਲੀਆਂ ਮਾਰਨ ਵਾਲਿਆਂ ਦੇ ਬਚ ਕੇ ਨਿਕਲਣ ਦੀ ਨਮੋਸ਼ੀ ਬੜੀ ਸੀ, ਉਨ੍ਹਾਂ ਝੱਟ ਬੱਸ ਵਾਲੇ ਸਿੰਘਾਂ ਨੂੰ ਨਾਜਾਇਜ਼ ਗ੍ਰਿਫਤਾਰ ਕਰ ਲਿਆ। ਇਉਂ ਬੱਸ ਅਤੇ ਸਿੰਘਾਂ ਦੀ ਨਾਜਾਇਜ਼ ਗ੍ਰਿਫਤਾਰੀ ਨੇ ਸੰਤਾਂ ਅਤੇ ਹੋਰ ਸਿੱਖ ਸੰਗਤਾਂ ਨੂੰ ਬੜਾ ਰੋਹ ਚਾੜ੍ਹਿਆ। ਉਦੋਂ ਹੀ ਸੰਤਾਂ ਨੇ ੫੦੦੦ ਹਜ਼ਾਰ ਹਿੰਦੂਆਂ ਨੂੰ ੧ ਘੰਟੇ ਵਿੱਚ ਵੱਢਣ ਦੀ ਧਮਕੀ ਦਿੱਤੀ ਸੀ ਤੇ ਇਸਦਾ ਤੁਰੰਤ ਅਸਰ ਹੋਇਆ।ਖਿਆਲ ਰਹੇ ਕਿ ਇਹ ਸਿਰਫ ਧਮਕੀ ਸੀ ਤੇ ਇਸਤੋਂ ਵੱਧ ਕੁਝ ਨਹੀ ਪਰ ਇਸਦਾ ਜੋ ਅਸਰ ਹੋਇਆਂ ਉਸਨੇ ਹਰ ਇਕ ਨੂੰ ਸਮਝਾ ਦਿਤਾ ਕਿ ਸਰਕਾਰ ਲਈ ਹਿੰਦੂ ਹੀ ਸਭ ਕੁਝ ਹਨ,ਤੇ ਸਿੱਖਾਂ ਦੀ ਕੋਈ ਕੀਮਤ ਨਹੀ।

ਇਸੇ ਤਰ੍ਹਾਂ ਹੀ ਜਦੋਂ ਬੀਬੀ ਇੰਦਰਾ ਨੇ ਪੰਜਾਬ ਦੇ ਸਿੱਖਾਂ ਨੂੰ ਧਮਕੀ ਦਿੱਤੀ ਕਿ "ਬਾਹਰਲੇ ਸਿੱਖਾਂ ਦਾ ਸੋਚ ਲਉ ਕੀ ਬਣੇਗਾ?" ਤਾਂ ਸੰਤਾਂ ਨੇ ਜਵਾਬ ਦਿੱਤਾ, "ਬੀਬੀ ਜੇ ਤੇਰੀ ਇਹੀ ਮਰਜ਼ੀ ਹੈ ਤਾਂ ਗਿਣਤੀ ਅਸੀਂ ਵੀ ਕਰੀ ਬੈਠੇ ਹਾਂ। ਇੱਕ ਇੱਕ ਸਿੱਖ ਦੇ ਹਿੱਸੇ ੩੫-੩੫ ਹਿੰਦੂ ਆਉਂਦੇ ਨੇ।"

ਇਹ ਸਹੀ ਹੈ ਕਿ ਸੰਤਾਂ ਨੇ ਹਰ ਪਿੰਡ ਵਿੱਚ ੩-੩ ਨੌਜਵਾਨ ਮੋਟਰ ਸਾਈਕਲ ਅਤੇ ਰਿਵਾਲਵਰਾਂ ਵਾਲੇ ਤਿਆਰ ਕਰਨ ਦਾ ਸੱਦਾ ਦਿੱਤਾ ਸੀ। ਪਰ ਇਹ ਨੌਜਵਾਨ ਹਿੰਦੂਆਂ ਦਾ ਕਤਲੇਆਮ ਕਰਨ ਲਈ ਨਹੀਂ ਸਗੋਂ ਸਿੱਖੀ ਅਣਖਦਾ ਮੁਜ਼ਾਹਰਾ ਕਰਨ ਲਈ ਅਤੇ ਸ਼ਹੀਦਾਂ ਦੇ ਡੁੱਲ੍ਹੇ ਖੂਨ ਦਾ ਹੱਕ ਲੈਣ ਲਈ ਨਿੱਤਰਨੇ ਸਨ, ਇਨ੍ਹਾਂ ਸਿੰਘਾਂ ਨੇ ਕਿਸੇ ਨਾਲ ਵਧੀਕੀ ਨਹੀਂ ਸੀ ਕਰਨੀ, ਸਗੋਂ ਹਰ ਇੱਕ ਨੂੰ ਇਨਸਾਫ਼ ਦਿਵਾਉਣਾ ਸੀ। ਤਾਂਹੀਓਂ ਤਾਂ ਢਾਡੀ ਗਾਉਂਦੇ ਸਨ, "ਮੋਟਰ ਸਾਈਕਲ ਵਾਲੇ ਯੋਧੇ, ਫਿਰਦੇ ਧਰਮ ਕਮਾਉਂਦੇ ਨੇ।"

੧. ਜੇ ਸੰਤ ਹਿੰਦੂਆਂ ਦੇ ਦੋਖੀ ਸਨ ਤਾਂ ਭਾਈ ਠਾਰਾ ਸਿੰਘ ਦੇ ਆਖਣ 'ਤੇ ਉਨ੍ਹਾਂ ਨੇ ਗੁਰਦਾਸਪੁਰ ਦੀ ਜੇਲ੍ਹ ਅੰਦਰ ਗੁਰਦੁਆਰੇ ਦੇ ਨਾਲ ਨਾਲ ਮੰਦਰ ਕਿਉਂ ਬਣਵਾਇਆ ਤੇ ਉਸ ਮੰਦਰ ਵਿਚ ਛੇ ਹਜ਼ਾਰ ਰੁਪਏ ਦੀ ਮੂਰਤੀ ਕਿਉਂ ਲਗਵਾ ਕੇ ਦਿੱਤੀ?

੨. ਜਲਾਲਾਬਾਦ ਭਰੇ ਦੀਵਾਨ ਵਿੱਚ ਹੁਕਮ ਚੰਦ ਨਾਮੀ ਹਿੰਦੂ ਸੱਜਣ ਨੇ ਆ ਕੇ ਚੀਕ ਪੁਕਾਰ ਕੀਤੀ ਕਿ "ਮੇਰੀ ਜਵਾਨ ਕੁਆਰੀ ਧੀ ਨੂੰ ਲਾਲ ਚੰਦ ਚੁੱਕ ਕੇ ਲੈ ਗਿਆ ਏ, ਮੇਰੀ ਧੀ ਛੁਡਵਾਉ।" ਸੰਤਾਂ ਨੇ ਝੱਟ ਹੀ ਮਹਿੰਦਰ ਸਿੰਘ ਸਾਈਂਆਂ ਵਾਲੇ ਦੀ ਡਿਊਟੀ ਲਗਾਈ ਤੇ ਉਸ ਹਿੰਦੂ ਸੱਜਣ ਦੀ ਧੀ ਛੁਡਵਾਈ। ਜੇ ਸੰਤ ਹਿੰਦੂਆਂ ਦੇ ਦੁਸ਼ਮਣ ਸਨ ਤਾਂ ਫਿਰ ਪੁਰਾਤਨ ਸਿੰਘਾਂ ਵਾਂਗ ਹਿੰਦੂ ਦੀ ਧੀ ਕਿਉਂ ਛੁਡਵਾਈ? ਇਹ ਗੱਲ ਹੁਕਮ ਚੰਦ ਤੇ ਉਸਦੀ ਧੀ ਨੂੰ ਪੁੱਛੋ।

੩. ਇੱਕ ਹਿੰਦੂ ਕੁੜੀ ਨੂੰ ਉਸਦੇ ਸਹੁਰੇ ਦਾਜ ਲਈ ਤੰਗ ਕਰਦੇ ਸਨ ਉਹ ਸੰਤਾਂ ਦੇ ਪੇਸ਼ ਹੋਈ, ਸੰਤਾਂ ਨੇ ਸਹੁਰੇ ਪਰਿਵਾਰ ਨੂੰ ਸੱਦ ਭੇਜਿਆ। ਕੇਹਰ ਸਿੰਘ ਪੁੱਤਰ ਗੁਰਬਖਸ਼ ਸਿੰਘ, ਵਾਸੀ ਟਾਂਡਾ ਬਸਤੀ, ਹੁਸ਼ਿਆਰਪੁਰ ਝੱਟ ਜਾ ਕੇ ਕੁੜੀ ਦੇ ਸਹੁਰੇ ਪਰਿਵਾਰ ਨੂੰ ਬੁਲਾ ਲਿਆਇਆ। ਸੰਤਾਂ ਨੇ ਨੋਟਾਂ ਨਾਲ ਭਰਿਆ ਥਾਲ ਉਸ ਕੁੜੀ ਦੇ ਸਹੁਰਿਆਂ ਨੂੰ ਪੇਸ਼ ਕਰਕੇ ਆਖਿਆ ਕਿ ਇਹ ਹੁਣ ਮੇਰੀ ਧੀ ਹੈ ਤੇ ਜੋ ਕੁਝ ਚਾਹੀਦਾ ਹੈ ਮੈਥੋਂ ਮੰਗੋ। ਕੁੜੀ ਦੇ ਸਹੁਰੇ ਮਾਫ਼ੀਆਂ ਮੰਗਣ ਲੱਗੇ। ਮੁੜ ਕੇ ਕੁੜੀ ਨੂੰ ਕੋਈ ਤਕਲੀਫ਼ ਨਾ ਹੋਈ। ਕੀ ਉਹ ਕੁੜੀ ਆਖੇਗੀ ਕਿ ਸੰਤ ਹਿੰਦੂਆਂ ਦੇ ਦੁਸ਼ਮਣ ਸਨ?

੪. ਅੰਮ੍ਰਿਤਸਰ ਵਿਚ ਕੈਲਾਸ਼ ਚੰਦਰ ਨਾਮੀ ਹਿੰਦੂ ਦੀ ਕਰਿਆਨੇ ਦੀ ਦੁਕਾਨ ਨੂੰ ਅੱਗ ਲੱਗ ਗਈ। ਉਸਨੂੰ ਸੰਤਾਂ ਦੇ ਦੋਖੀ ਆਖਣ ਲੱਗੇ ਕਿ ਪੁਲਿਸ ਕੋਲ ਭਿੰਡਰਾਂਵਾਲੇ ਦਾ ਨਾਂ ਲੈ ਦੇ। ਪਰ ਉਹ ਸਚਾਈ 'ਤੇ ਰਿਹਾ। ਸੰਤਾਂ ਕੋਲ ਆਇਆ ਤੇ ਆਖਣ ਲੱਗਾ ਕਿ ਜੇ ਮੈਨੂੰ ਤੁਸੀਂ ੧੦੦ ਰੁਪਿਆ ਦੇ ਦੇਵੋ ਤਾਂ ਮੈਂ ਬਾਕੀਆਂ ਤੋਂ ਵੀ ਉਗਰਾਹੀ ਕਰ ਲਵਾਂਗਾ। ਸੰਤਾਂ ਨੇ ਉਸਨੂੰ ੧੦੦ ਦੀ ਬਜਾਏ ੫੦੦ ਰੁਪਿਆ ਦਿੱਤਾ। ਕੈਲਾਸ਼ ਚੰਦਰ ਨੂੰ ਪੁੱਛੋ ਕਿ ਕੀ ਸੰਤ ਹਿੰਦੂਆਂ ਦੇ ਵੈਰੀ ਸਨ?

੫. ਚਲੋ ਸੰਤ ਹਿੰਦੂਆਂ ਦੇ ਵੈਰੀ ਹੀ ਸਨ ਤਾਂ ਫਿਰ ਉਨਾਂ ਨੇ ਕਪੂਰਥਲੇ ਵਿੱਚ ਜਦੋਂ ਰਮਾਇਣ ਨੂੰ ਅੱਗ ਲੱਗ ਗਈ ਸੀ ਤਾਂ ੫੦੦੦ ਹਜ਼ਾਰ ਰੁਪਿਆ ਮੁਕੱਦਮੇ ਉੱਤੇ ਕਿਉਂ ਖ਼ਰਚ ਦਿੱਤਾ? ੬. ਜਦੋਂ ਸੰਤਾਂ ਦਾ ਜਥਾ ਰਈਏ ਕੋਲ ਜਲਾਲਾਬਾਦ ਪਿੰਡ ਵਿੱਚ ਅੰਮ੍ਰਿਤਸਰ ਸੰਚਾਰ ਕਰਵਾਉਣ ਗਿਆ ਤਾਂ ਇੱਕ ਹਿੰਦੂ ਪੰਡਿਤ ਜਗਦੀਸ਼ ਰਾਏ ਦਾ ਪੁੱਤਰ ਅਸ਼ੋਕ ਕੁਮਾਰ ਵੀ ਅੰਮ੍ਰਿਤ ਛਕਣ ਲਈ ਤਿਆਰ ਹੋ ਗਿਆ। ਸਿੰਘਾਂ ਨੇ ਆਖਿਆ- "ਤੈਥੋਂ ਰਹਿਤ ਨਹੀਂ ਰੱਖ ਹੋਣੀ।" 

ਪਰ ਉਹ ਜ਼ਿਦ ਕਰ ਬੈਠਾ। ਸਿੰਘਾਂ ਨੇ ਆਖਿਆ: 

"ਜੇ ਕੋਈ ਅੰਮ੍ਰਿਤ ਛਕ ਕੇ ਰਹਿਤ ਭੰਗ ਕਰੇ ਤਾਂ ਅਸੀਂ ਮਿੱਟੀ ਦਾ ਤੇਲ ਪਾਕੇ ਸਾੜ ਦਿੰਦੇ ਹੁੰਦੇ ਆਂ।" 

ਅਸ਼ੋਕ ਕੁਮਾਰ ਤੁਰੰਤ ਮਿੱਟੀ ਦੇ ਤੇਲ ਦਾ ਪੀਪਾ ਭਰ ਕੇ ਗੁਰਦੁਆਰੇ ਲੈ ਆਇਆ ਅਤੇ ਆਖਿਆ "ਜੇ ਮੈਂ ਮਰਿਯਾਦਾ ਨਾ ਨਿਭਾਈ ਤਾਂ ਮੈਨੂੰ ਤੇਲ ਪਾ ਕੇ ਸਾੜ ਦਿਉ।"

ਇਹ ਅਸ਼ੋਕ ਕੁਮਾਰ ਅੰਮ੍ਰਿਤ ਛਕ ਕੇ ਹਰਦੇਵ ਸਿੰਘ ਬਣ ਗਿਆ ਤੇ ਫਿਰ ਜੂਨ ੧੯੮੪ 'ਚ ਦਰਬਾਰ ਸਾਹਿਬ ਦੀ ਰਾਖੀ ਲਈ ਸੰਤਾਂ ਦੀ ਕਮਾਂਡ ਹੇਠ ਭਾਰਤੀ ਫ਼ੌਜ ਨਾਲ ਜੂਝਦਾ ਸ਼ਹੀਦ ਹੋ ਗਿਆ।

ਕੀ ਉਸਨੂੰ ਸੰਤਾਂ ਦੀ ਹਿੰਦੂਆਂ ਨਾਲ ਦੁਸ਼ਮਣੀ ਦਾ ਪਤਾ ਨਹੀਂ ਲੱਗਿਆ?

੭. ਪੰਡਿਤ ਮੋਹਰ ਚੰਦ ਤੋਂ ਮੋਹਰ ਸਿੰਘ ਬਣੇ ਸੱਚ ਨੂੰ ਪਛਾਣਨ ਵਾਲੇ ਮਨੁੱਖ ਤੇ ਉਨ੍ਹਾਂ ਦੀ ਧਰਮ ਪਤਨੀ ਆਪਣੀਆਂ ਦੋ ਧੀਆਂ (ਵਾਹਿਗੁਰੂ ਕੌਰ, ਸਤਿਨਾਮ ਕੌਰ) ਸਮੇਤ ਸੰਤਾਂ ਦੇ ਇਸ਼ਾਰੇ ਉਤੇ ਆਪਣੀ ਜਾਨ ਸਿੱਖੀ ਦੇ ਲੇਖੇ ਕਿਉਂ ਲਾ ਗਏ? ੧੯੮੪ ਤੋਂ ਬਾਅਦ ਪੰਡਿਤ ਮੋਹਰ ਸਿੰਘ ਦੇ ਭਾਣਜੇ ਬਖ਼ਸ਼ੀਸ਼ ਸਿੰਘ ਨੇ ਵੀ ਸਿੱਖ ਸੰਘਰਸ਼ ਵਿੱਚ ਸ਼ਾਨਦਾਰ ਕੰਮ ਕੀਤਾ।

੮. ਧਰਮ ਯੁੱਧ ਮੋਰਚੇ ਮੌਕੇ ਅਕਸਰ ਹੀ ਸ਼ਹਿਰੀ ਹਿੰਦੂ ਸੰਤਾਂ ਕੋਲ ਆਉਂਦੇ ਰਹਿੰਦੇ ਸਨ। ਜਦੋਂ ਸੰਤਾਂ ਦੇ ਨਾਂ ਹੇਠ ਧਮਕੀ ਭਰੀਆਂ ਚਿੱਠੀਆਂ ਇਨ੍ਹਾਂ ਹਿੰਦੂਆਂ ਨੂੰ ਲਿਖੀਆਂ ਗਈਆਂ ਤਾਂ ਵੀ ਉਹ ਸੰਤਾਂ ਕੋਲ ਆਏ। ਸਵਾਲ ਤਾਂ ਇਹ ਹੈ ਕਿ ਇਨ੍ਹਾਂ ਹਿੰਦੂਆਂ ਨੂੰ ਸੰਤਾਂ ਤੋਂ ਡਰ ਕਿਉਂ ਨਹੀਂ ਸੀ ਲੱਗਦਾ?

ਅਸਲੀ ਗੱਲ ਇਹੀ ਹੈ ਕਿ ਸੰਤ ਸਿੱਖੀ ਨੂੰ ਰੱਜ ਕੇ ਪਿਆਰ ਕਰਦੇ ਸਨ ਉਹ ਧਰਮ ਦੇ ਖ਼ਿਲਾਫ਼ ਜਾਣ ਵਾਲੇ ਹਰ ਸ਼ਖ਼ਸ ਦੀ ਡਟ ਕੇ ਵਿਰੋਧਤਾ ਕਰਦੇ ਸਨ।ਉਹ ਹਿੰਦੂ-ਸਿੱਖ ਏਕਤਾ ਦੇ ਦੰਭੀ ਨਾਅਰੇ ਲਾਉਣ ਵਾਲੇ ਸਿਆਸੀ ਕਲਾਬਾਜ਼ਾਂ ਨੂੰ ਲੰਮੇ ਹੱਥੀਂ ਲੈਂਦੇ ਸਨ। ਸਿੱਖਾਂ ਦੀ ਅੱਡਰੀ ਅਤੇ ਵਿਲੱਖਣ ਹੋਂਦ ਹਸਤੀ ਨੂੰ ਰੱਦ ਕਰਕੇ ਸਿੱਖਾਂ ਨੂੰ ਹਿੰਦੂਆਂ ਦਾ ਅੰਗ ਦੱਸਣ ਵਾਲਿਆਂ ਨੂੰ ਉਹ ਸਖ਼ਤੀ ਨਾਲ ਵਰਜਦੇ ਸਨ। ਅਸਲੀਅਤ ਨੂੰ ਜਾਨਣ ਵਾਲੇ ਹਿੰਦੂ ਸੰਤਾਂ ਤੋਂ ਕਿਉਂ ਡਰਦੇ? ਉਨ੍ਹਾਂ ਨੂੰ ਪਤਾ ਸੀ ਕਿ ਸੰਤਾਂ ਦੀ ਵਿਰੋਧਤਾ ਸਿਰਫ਼ ਮਾੜੇ ਤੱਤਾਂ ਨਾਲ ਹੈ।

- ਸਰਬਜੀਤ ਸਿੰਘ ਘੁਮਾਣ 


ਧੰਨਵਾਦ,
ਅਦਾਰਾ ਖਬਰਨਾਮਾ



Post Comment

Wednesday, August 22, 2012

ਮਹਾਰਾਜਾ ਰਣਜੀਤ ਸਿੰਘ: ਆਦਿ ਤੋਂ ਅੰਤ ਤੱਕ-3



(ਲੜੀ ਜੋੜਨ ਲਈ ਹੇਠਾਂ ਦਿੱਤੇ ਪਿਸ਼ਲੇ ਅੰਕ ਦੇਖੋ)

ਮਹਾਰਾਜਾ ਰਣਜੀਤ ਸਿੰਘ: ਆਦਿ ਤੋਂ ਅੰਤ ਤੱਕ-੧

ਮਹਾਰਾਜਾ ਰਣਜੀਤ ਸਿੰਘ: ਆਦਿ ਤੋਂ ਅੰਤ ਤੱਕ-੨

9 ਮਾਰਚ, 1846 ਨੂੰ ਅੰਗਰੇਜ਼ਾਂ ਨੇ ਲਾਹੌਰ ਦਰਬਾਰ ਨਾਲ 16 ਮੱਦਾਂ ਵਾਲੀ ਸੰਧੀ ਕੀਤੀ। ਅੰਗਰੇਜ਼ਾਂ ਵੱਲੋਂ ਫਰੈਡਰਿਕ ਕਰੀ ਅਤੇ ਹੈਨਰੀ ਲਾਰੰਸ ਨੇ ਦਸਤਖ਼ਤ ਕੀਤੇ। ਮਹਾਰਾਜਾ ਦਲੀਪ ਸਿੰਘ, ਜੋ ਸਾਢੇ 7 ਸਾਲ ਦਾ ਨਾਬਾਲਗ ਤੇ ਬੇਵੱਸ ਬੱਚਾ ਸੀ, ਦੀ ਤਰਫੋਂ ਭਾਈ ਰਾਮ ਸਿੰਘ, ਮਿਸਰ ਤੇਜਾ ਸਿੰਘ, ਮਿਸਰ ਲਾਲ ਸਿੰਘ ਅਤੇ ਹੋਰ ਚਾਰ ਦਸਤਖ਼ਤ ਕਰਨ ਨੂੰ ਇਨ੍ਹਾਂ ਦੇ ਨਾਲ ਪ੍ਰਤੀਨਿਧ ਹੋਣ ਦਾ ਵਿਖਾਵਾ ਕਰਨ ਲਈ ਰਲਾ ਲਿਆ ਗਿਆ। ਇਹ ਚਾਰ ਦਸਤਖ਼ਤ ਕਰਨ ਵਾਲੇ ਪ੍ਰਤੀਨਿਧ ਸਨ: ਚਤਰ ਸਿੰਘ ਅਟਾਰੀ ਵਾਲਾ, ਰਣਯੋਧ ਸਿੰਘ ਮਜੀਠੀਆ, ਦੀਵਾਨ ਦੀਨਾ ਨਾਥ ਅਤੇ ਨੂਰ-ਓ-ਦੀਨ। ਅੰਗਰੇਜ਼ ਲਾਹੌਰ ਦਰਬਾਰ ਵਿੱਚ ਆਪਣੇ ਰਹਿਣ ਲਈ ਪੈਰ ਪੱਕੇ ਕਰ ਲੈਣ ਤੋਂ ਬਾਅਦ ਰਾਣੀ ਜਿੰਦਾਂ ’ਤੇ ਇਹ ਦੋਸ਼ ਲਾਉਣ ਲੱਗ ਪਏ ਕਿ ਇਹ ਖਾਲਸਾ ਫੌਜ ਨੂੰ ਚੁੱਕ ਕੇ ਅੰਗਰੇਜ਼ਾਂ ਨਾਲ ਲੜਾਉਣਾ ਚਾਹੁੰਦੀ ਹੈ। ਅੰਗਰੇਜ਼ਾਂ ਨੇ ਰਾਣੀ ਜਿੰਦਾਂ ਨੂੰ ਸੰਮਨ ਬੁਰਜ ਵਿੱਚ ਕੈਦ ਕਰ ਦਿੱਤਾ ਅਤੇ ਫਿਰ ਅਗਸਤ 1847 ਨੂੰ ਸ਼ੇਖੂਪੁਰੇ ਦੇ ਕਿਲੇ ਵਿੱਚ ਨਜ਼ਰਬੰਦ ਕਰ ਦਿੱਤਾ। ਇਸ ਤੋਂ ਬਾਅਦ ਮਈ 1848 ਵਿੱਚ ਬਨਾਰਸ  ਤੇ ਫਿਰ ਚਿਨਾਰ ਦੇ ਕਿਲੇ ਵਿੱਚ ਨਜ਼ਰਬੰਦ ਕਰ ਦਿੱਤਾ। ਮਹਾਰਾਜਾ ਰਣਜੀਤ ਸਿੰਘ ਦੇ ਵਾਰਸ ਸੂਝ-ਬੂਝ ਰੱਖਦੇ ਹੋਏ ਵੀ ਗੱਦਾਰਾਂ ਦੀ ਸਾਜ਼ਿਸ਼ ਦੀ ਭੇਟ ਚੜ੍ਹ ਗਏ। 10 ਸਾਲ ਦੇ ਅਰਸੇ ਵਿੱਚ ਹੀ ਸਿੱਖ ਰਾਜ ਖਤਮ ਹੋ ਗਿਆ। ਅੰਤ 29 ਮਾਰਚ, 1849 ਨੂੰ 11 ਸਾਲਾ ਮਹਾਰਾਜਾ ਦਲੀਪ ਸਿੰਘ ਨੂੰ ਆਖਰੀ ਵਾਰ ਮਹਾਰਾਜਾ ਰਣਜੀਤ ਸਿੰਘ ਦੀ ਗੱਦੀ ’ਤੇ ਬੈਠਾ ਕੇ ਦਰਬਾਰ ਲਾਇਆ, ਜੋ ਸਿੱਖ ਰਾਜ ਦਾ ਆਖਰੀ ਦਰਬਾਰ ਸੀ। ਇਸ ਦਿਨ ਲਾਰਡ ਡਲਹੌਜ਼ੀ ਨੇ ਇਕ ਅਹਿਦਨਾਮੇ ਰਾਹੀਂ ਕੌਂਸਲ, ਜੋ ਅੰਗਰੇਜ਼ਾਂ ਨੇ ਆਪ ਬਣਾਈ ਸੀ, ਜਿਸ ਵਿੱਚ ਪੰਜਾਬ ਦੇ ਸਿੱਖ ਸਰਦਾਰ ਅਤੇ ਕੁਝ ਆਪਣੇ ਬੰਦੇ ਕੌਂਸਲ ਦੇ ਮੈਂਬਰ ਬਣਾਏ। ਕੌਂਸਲ ਨੇ ਆਪਣੇ ਜ਼ਾਤੀ ਹਿੱਤਾਂ ਦੀ ਖਾਤਰ ਨਾਬਾਲਗ ਮਹਾਰਾਜਾ ਦਲੀਪ ਸਿੰਘ ਦੀ ਤਰਫੋਂ ਉਸ ਅਹਿਦਨਾਮੇ ’ਤੇ ਦਸਤਖ਼ਤ ਕਰ ਦਿੱਤੇ। ਇਸ ਅਹਿਦਨਾਮੇ ਵਿੱਚ ਲਿਖਿਆ ਗਿਆ ਕਿ ਮਹਾਰਾਜਾ ਦਲੀਪ ਸਿੰਘ ਆਪਣਾ ਸਾਰਾ ਰਾਜ ਭਾਗ, ਜੋ ਮਹਾਰਾਜਾ ਰਣਜੀਤ ਸਿੰਘ ਦੇ ਦਾਦੇ-ਪੜਦਾਦੇ ਦੀ ਜੱਦੀ ਜਾਇਦਾਦ ’ਤੇ ਹੱਕ ਬਣਦਾ ਹੈ, ਆਪਣੀ ਅਤੇ ਆਪਣੇ ਵਾਰਸਾਂ ਦੀ ਸਾਰੀ ਜਾਇਦਾਦ ਅੰਗਰੇਜ਼ਾਂ ਦੀ ਈਸਟ ਇੰਡੀਆ ਕੰਪਨੀ ਦੇ ਹਵਾਲੇ ਕਰਦਾ ਹਾਂ। ਇਸ ਅਹਿਦਨਾਮੇ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਵਾਰਸ, ਜੋ ਪੰਜਾਬ ਵਿੱਚ 1849 ਤੋਂ ਬਾਅਦ ਰਹਿ ਗਏ ਸਨ, ਉਹ ਆਪਣੀ ਜੱਦੀ ਜਾਇਦਾਦ ਤੋਂ ਹੱਥ ਧੋ ਬੈਠੇ। ਮਹਾਰਾਜਾ ਦਲੀਪ ਸਿੰਘ ਨਾਲ ਅਹਿਦਨਾਮੇ ਵਿੱਚ ਅੰਗਰੇਜ਼ ਸਰਕਾਰ ਵੱਲੋਂ ਜੋ ਗੁਜ਼ਾਰਾ ਭੱਤਾ ਦੇਣਾ ਮੰਨਿਆ, ਉਹ ਸਿਰਫ 4 ਲੱਖ ਤੋਂ ਘੱਟ ਨਹੀਂ ਦੇਣਾ ਅਤੇ 5 ਲੱਖ ਤੋਂ ਵੱਧ ਨਾ ਦੇਣਾ ਸੀ, ਜੋ ਸਾਲਾਨਾ ਸੀ। ਮਹਾਰਾਜਾ ਰਣਜੀਤ ਸਿੰਘ ਦੇ ਵਾਰਸ, ਜੋ 1849 ਤੋਂ ਬਾਅਦ ਪੰਜਾਬ ਵਿੱਚ ਰਹਿ ਗਏ ਸਨ ਉਨ੍ਹਾਂ ਨੂੰ ਅੰਗਰੇਜ਼ੀ ਰਾਜ ਵੇਲੇ ਗੁਜ਼ਾਰਾ ਭੱਤਾ ਮਿਲਦਾ ਰਿਹਾ।
ਲਾਰਡ ਡਲਹੌਜ਼ੀ ਨੇ ਸਿੱਖ ਰਾਜ ਨੂੰ ਅੰਗਰੇਜ਼ੀ ਰਾਜ ਵਿੱਚ ਸ਼ਾਮਲ ਕਰ ਲਿਆ ਅਤੇ ਕੁਝ ਚਿਰ ਬਾਅਦ ਮਹਾਰਾਜਾ ਦਲੀਪ ਸਿੰਘ ਦੇ ਤੋਸ਼ੇਖਾਨੇ ਦੀ ਕਿਲਾ ਲਾਹੌਰ ਵਿੱਚ ਤਲਾਸ਼ੀ ਕੀਤੀ ਗਈ। ਡਾਕਟਰ ਲੋਗਨ ਜਿਸ ਨੂੰ ਕਿ ਲਾਰਡ ਡਲਹੌਜ਼ੀ ਆਪਣੇ ਨਾਲ ਨੌਕਰ ਭਰਤੀ ਕਰਕੇ ਇੰਗਲੈਂਡ ਤੋਂ ਨਾਲ ਲਿਆਇਆ ਸੀ, ਤੋਸ਼ੇਖਾਨੇ ਦੀ ਤਲਾਸ਼ੀ ਲੈਣ ਦਾ ਇੰਚਾਰਜ ਬਣਾ ਦਿੱਤਾ। ਤੋਸ਼ੇਖਾਨਾ ਖਾਸ ਦੀ ਤਲਾਸ਼ੀ ਕੀਤੀ ਤਾਂ ਇਸ ਖਜ਼ਾਨੇ ਵਿੱਚ ਮਹਾਰਾਜਿਆਂ ਦੇ ਨਿੱਜੀ ਗਹਿਣੇ, ਕੰਠੇ, ਜਿਗਾਹ, ਕਲਗੀਆਂ, ਬਾਜੂਬੰਦ ਤੇ ਹੋਰ ਕੀਮਤੀ ਹੀਰੇ, ਮਹਾਰਾਜੇ ਦੀ ਸੋਨੇ ਦੀ ਕੁਰਸੀ, ਮਹਾਰਾਜਾ ਖੜਕ ਸਿੰਘ ਦਾ ਖੰਡਾ, ਮਹਾਰਾਜਾ ਸ਼ੇਰ ਸਿੰਘ ਦੀ ਹੀਰਿਆਂ ਜੜੀ ਸੋਨੇ ਦੀ ਬੈਲਟ, ਗੁਰੂ ਗੋਬਿੰਦ ਸਿੰਘ ਦੀ ਸੋਨੇ ਦੀ ਕਲਗੀ, ਬੇਸ਼ਕੀਮਤੀ ਕੋਹਿਨੂਰ ਹੀਰਾ, ਮਹਾਰਾਜੇ ਦੀਆਂ ਰਾਣੀਆਂ ਦੇ ਨਿੱਜੀ ਜ਼ੇਵਰ, ਸੋਨਾ-ਚਾਂਦੀ, ਹੀਰੇ-ਜਵਾਹਰਾਤ ਸਭ ਆਪਣੇ ਕਬਜ਼ੇ ਵਿੱਚ ਲੈ ਲਏ। ਡਾਕਟਰ ਲੋਗਨ ਨੇ ਬੜੀ ਤਰਤੀਬ ਨਾਲ ਬੇਸ਼ਕੀਮਤੀ ਗਹਿਣਿਆਂ ਤੇ ਜਵਾਹਰਾਤਾਂ ਦੀ ਫਹਿਰਿਸਤ ਬਣਾ ਕੇ ਤਫਸੀਲ ਨਾਲ ਰਜਿਸਟਰ ਵਿੱਚ ਦਰਜ ਕਰਕੇ ਕੁਝ ਮਹੀਨਿਆਂ ਵਿੱਚ ਇਹ ਕੰਮ ਮੁਕਾ ਲਿਆ। 6 ਅਪਰੈਲ, 1850 ਨੂੰ ਲਾਰਡ ਡਲਹੌਜ਼ੀ ਨੇ ਸਮੁੰਦਰੀ ਜਹਾਜ਼ ਰਾਹੀਂ ਕੋਹਿਨੂਰ ਹੀਰਾ, ਮਲਕਾ ਵਿਕਟੋਰੀਆ ਨੂੰ ਇੰਗਲੈਂਡ ਭੇਜ ਦਿੱਤਾ। ਬਾਕੀ ਗਹਿਣੇ, ਹੀਰੇ-ਜਵਾਹਰਾਤ ਜਿਹੜੇ ਰਜਿਸਟਰਾਂ ਦੀ ਫਹਿਰਿਸਤ ਮੁਤਾਬਕ ਦਰਜ ਕੀਤੇ ਸਨ, ਉਹ ਲੱਕੜ ਦੇ ਸੰਦੂਕਾਂ ਵਿੱਚ ਬੰਦ ਕਰਕੇ ਫੌਜ ਦੀ ਨਿਗਰਾਨੀ ਵਿੱਚ, ਕੋਹਿਨੂਰ ਤੋਂ ਬਾਅਦ ਇੰਗਲੈਂਡ ਭੇਜ ਦਿੱਤੇ। ਮਹਾਰਾਜਾ ਦਲੀਪ ਸਿੰਘ ਨੂੰ ਜਲਾਵਤਨ ਕਰਨ ਤੋਂ ਬਾਅਦ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਵਾਰਸ ਕਿਲਾ ਲਾਹੌਰ ਵਿੱਚ ਰਹਿ ਗਏ ਸਨ, ਉਹ ਅੰਗਰੇਜ਼ ਹਕੂਮਤ ਤੋਂ ਸਾਲਾਨਾ ਪੈਨਸ਼ਨ ਲੈਂਦੇ ਰਹੇ। ਉਨ੍ਹਾਂ ਨੂੰ ਪੈਨਸ਼ਨਾਂ ਮਹਾਰਾਜਾ ਦਲੀਪ ਸਿੰਘ ਤੇ ਅੰਗਰੇਜ਼ ਹਕੂਮਤ ਦੇ ਵਿਚਕਾਰ ਹੋਏ ਅਹਿਦਨਾਮੇ ਅਨੁਸਾਰ ਮਿਲਦੀਆਂ ਸਨ। ਜਿਹੜੀਆਂ ਰਾਣੀਆਂ ਉਸ ਵਕਤ ਜੀਵਤ ਸਨ, ਆਪਣੇ ਪੁੱਤਰਾਂ ਦੇ ਨਾਲ ਪੈਨਸ਼ਨਾਂ ਲੈਂਦੀਆਂ ਰਹੀਆਂ। ਮਹਾਰਾਜਾ ਰਣਜੀਤ ਸਿੰਘ ਦੀਆਂ ਜੀਵਤ ਰਾਣੀਆਂ ਵਿੱਚੋਂ ਸਾਲਾਨਾ ਪੈਨਸ਼ਨ ਲੈਣ ਵਾਲੀਆਂ ਰਾਣੀਆਂ: ਰਾਣੀ ਰੂਪ ਕੌਰ ਸਪੁੱਤਰੀ ਸਰਦਾਰ ਜੈ ਸਿੰਘ ਕੋਟ ਸੈਦ ਮਹਿਮੂਦ (ਕੋਟ ਖਾਲਸਾ ਅੰਮ੍ਰਿਤਸਰ) 1980 ਰੁਪਏ ਸਾਲਾਨਾ ਪੈਨਸ਼ਨ 1878 ਈ. ਤੱਕ, ਰਾਣੀ ਲੱਛਮੀ ਸਪੁੱਤਰੀ ਦੇਸਾ ਸਿੰਘ ਗੁੱਜਰਾਂਵਾਲਾ 11200 ਰੁਪਏ ਸਾਲਾਨਾ ਪੈਨਸ਼ਨ 1867 ਈ. ਤੱਕ, ਰਾਣੀ ਗੁੱਲ ਬੇਗ਼ਮ ਜੋ ਮੁਸਲਮਾਨਾਂ ਦੀ ਧੀ ਸੀ 12300 ਰੁਪਏ ਸਾਲਾਨਾ ਪੈਨਸ਼ਨ 1863 ਈ. ਤੱਕ, ਰਾਣੀ ਰਤਨ ਕੌਰ ਮਾਤਾ ਕੰਵਰ ਮੁਲਤਾਨਾ ਸਿੰਘ 1 ਹਜ਼ਾਰ ਰੁਪਏ ਸਾਲਾਨਾ ਪੈਨਸ਼ਨ 1866 ਈ. ਤੱਕ, ਰਾਣੀ ਮਹਿਤਾਬ ਕੌਰ ਸਪੁੱਤਰੀ ਚੌਧਰੀ ਸੱਜਣ ਸਿੰਘ ਗੁਰਦਾਸਪੁਰ 1930 ਰੁਪਏ ਪੈਨਸ਼ਨ 1878 ਤੱਕ, ਰਾਣੀ ਸੁੰਮਨ ਕੌਰ ਸਪੁੱਤਰੀ ਸਰਦਾਰਾ ਸੂਬਾ ਸਿੰਘ (ਮਾਲਵਾ) 1440 ਰੁਪਏ ਸਾਲਾਨਾ ਪੈਨਸ਼ਨ 1879 ਈ. ਤੱਕ ਪ੍ਰਾਪਤ ਕਰਦੀ ਰਹੀ। ਇਨ੍ਹਾਂ ਰਾਣੀਆਂ ਦੀ ਪੈਨਸ਼ਨ ਮਰਨ ਉਪਰੰਤ ਅੰਗਰੇਜ਼ ਹਕੂਮਤ ਨੇ ਬੰਦ ਕਰ ਦਿੱਤੀ।
ਇਸੇ ਤਰ੍ਹਾਂ ਮਹਾਰਾਜਾ ਖੜਕ ਸਿੰਘ ਦੀਆਂ ਰਾਣੀਆਂ ਵਿੱਚੋਂ ਰਾਣੀ ਖੇਮ ਕੌਰ ਸਪੁੱਤਰੀ ਸਰਦਾਰ ਜੋਧ ਸਿੰਘ ਬਾਜਵਾ ਕਲਾਸਵਾਲਾ ਸਿਆਲਕੋਟ 12000 ਰੁਪਏ ਸਾਲਾਨਾ 1881 ਈ. ਤੱਕ, ਰਾਣੀ ਕਿਸ਼ਨ ਕੌਰ ਸਪੁੱਤਰੀ ਸਰਦਾਰ ਰਾਜਾ ਸਿੰਘ ਜ਼ਿਲ੍ਹਾ ਅੰਮ੍ਰਿਤਸਰ 2324 ਰੁਪਏ 1876 ਤੱਕ, ਕੰਵਰ ਨੌਨਿਹਾਲ ਸਿੰਘ ਦੀ ਰਾਣੀ ਨਾਨਕੀ ਸਪੁੱਤਰੀ ਸਰਦਾਰ ਸ਼ਾਮ ਸਿੰਘ ਅਟਾਰੀ 4600 ਰੁਪਏ ਸਾਲਾਨਾ ਪੈਨਸ਼ਨ 1856 ਤੱਕ, ਮਹਾਰਾਜਾ ਸ਼ੇਰ ਸਿੰਘ ਦੀਆਂ ਰਾਣੀਆਂ ਵਿੱਚੋਂ ਰਾਣੀ ਪ੍ਰੇਮ ਕੌਰ ਸਪੁੱਤਰੀ ਸਰਦਾਰ ਹਰੀ ਸਿੰਘ ਲੱਧੇਵਾਲ (ਗੁੱਜਰਾਂਵਾਲਾ) ਮਾਤਾ ਸ਼ਹਿਜ਼ਾਦਾ ਪ੍ਰਤਾਪ ਸਿੰਘ ਤੇ ਸ਼ਹਿਜ਼ਾਦਾ ਨਰੈਣ ਸਿੰਘ 7200 ਰੁਪਏ ਸਾਲਾਨਾ ਪੈਨਸ਼ਨ 1874 ਤੱਕ ਪ੍ਰਾਪਤ ਕਰਦੀ ਰਹੀ। ਉਸ ਦੇ ਬਾਅਦ 2400 ਰੁਪਏ ਸਾਲਾਨਾ ਪੈਨਸ਼ਨ ਉਸ ਦਾ ਪੁੱਤਰ ਕੰਵਰ ਨਰੈਣ ਸਿੰਘ ਪ੍ਰਾਪਤ ਕਰਦਾ ਰਿਹਾ। ਰਾਣੀ ਪ੍ਰਤਾਪ ਕੌਰ ਸਪੁੱਤਰੀ ਸਰਦਾਰ ਜਗਤ ਸਿੰਘ ਕੋਟਕਪੂਰਾ ਮਾਤਾ ਸ਼ਹਿਜ਼ਾਦਾ ਠਾਕੁਰ ਸਿੰਘ 7200 ਰੁਪਏ ਸਾਲਾਨਾ ਪੈਨਸ਼ਨ ਪ੍ਰਾਪਤ ਕਰਦੀ ਰਹੀ। ਉਸ ਦੀ ਮੌਤ ਤੋਂ ਬਾਅਦ ਸ਼ਹਿਜ਼ਾਦਾ ਠਾਕੁਰ ਸਿੰਘ 1800 ਰੁਪਏ ਪੈਨਸ਼ਨ ਪ੍ਰਾਪਤ ਕਰਦਾ ਰਿਹਾ। ਰਾਣੀ ਧਰਮ ਕੌਰ ਰੰਧਾਵੀ ਸਪੁੱਤਰੀ ਸਰਦਾਰ ਜੋਧ ਸਿੰਘ ਰੰਧਾਵਾ ਪਿੰਡ ਠਰੂ ਅੰਮ੍ਰਿਤਸਰ (ਤਰਨ ਤਾਰਨ), ਮਾਤਾ ਸ਼ਹਿਜ਼ਾਦਾ ਕਰਮ ਸਿੰਘ 7200 ਰੁਪਏ ਸਾਲਾਨਾ ਪੈਨਸ਼ਨ 1872 ਤੱਕ ਪ੍ਰਾਪਤ ਕਰਦੀ ਰਹੀ। ਇਸ ਦੇ ਮਰਨ ਤੋਂ ਬਾਅਦ ਰਾਣੀ ਸੋਹਨ ਕੌਰ ਤੇ ਰਾਣੀ ਕਿਸ਼ਨ ਕੌਰ ਪਤਨੀਆਂ ਸ਼ਹਿਜ਼ਾਦਾ ਕਰਮ ਸਿੰਘ 1-1 ਹਜ਼ਾਰ ਰੁਪਏ ਸਾਲਾਨਾ ਪੈਨਸ਼ਨ ਲੈਂਦੀਆਂ ਰਹੀਆਂ। ਰਾਣੀ ਚੰਦ ਕੌਰ ਸਪੁੱਤਰੀ ਸਰਦਾਰਾ ਝੰਡਾ ਸਿੰਘ ਭਿੱਟੇਵਿੱਡ (ਅੰਮ੍ਰਿਤਸਰ) ਮਾਤਾ ਸ਼ਹਿਜ਼ਾਦਾ ਦੇਵਾ ਸਿੰਘ, ਰਾਣੀ ਚੰਦ ਕੌਰ 1843 ਵਿੱਚ ਸਵਰਗਵਾਸ  ਹੋ ਗਈ। ਉਸ ਦਾ ਪੁੱਤਰ ਦੇਵਾ ਸਿੰਘ ਅੰਗਰੇਜ਼ੀ ਸਰਕਾਰ ਪਾਸੋਂ 7200 ਰੁਪਏ ਸਾਲਾਨਾ ਪੈਨਸ਼ਨ ਪ੍ਰਾਪਤ ਕਰਦਾ ਰਿਹਾ ਅਤੇ ਸੰਨ 1874 ਵਿੱਚ ਸਵਰਗਵਾਸ ਹੋ ਗਿਆ। ਰਾਣੀ ਜੀਬੋ ਮਾਤਾ ਸ਼ਹਿਜ਼ਾਦਾ ਬਖਸ਼ੀਸ਼ ਸਿੰਘ ਅੰਗਰੇਜ਼ੀ ਸਰਕਾਰ ਪਾਸੋਂ 5916 ਰੁਪਏ ਸਾਲਾਨਾ ਪੈਨਸ਼ਨ ਲੈਂਦੀ ਰਹੀ, 1864 ਵਿੱਚ ਸਵਰਗਵਾਸ ਹੋ ਗਈ। ਉਸ ਦੀ ਪੈਨਸ਼ਨ ਘਟਾ ਕੇ ਪੁੱਤਰ ਬਖਸ਼ੀਸ਼ ਸਿੰਘ ਨੂੰ 1968 ਰੁਪਏ ਸਾਲਾਨਾ ਮਿਲਦੇ ਰਹੇ। ਰਾਣੀ ਦੂਖਨੋ ਮਾਤਾ ਸ਼ਹਿਜ਼ਾਦਾ ਸਹਿਦੇਵ ਸਿੰਘ ਨੂੰ ਅੰਗਰੇਜ਼ ਹਕੂਮਤ ਨੇ ਪੁੱਤਰ ਸਮੇਤ ਜਲਾਵਤਨ ਕਰਕੇ ਫਰਖਾਬਾਦ ਯੂ ਪੀ ਵਿੱਚ ਭੇਜ ਦਿੱਤਾ। ਬਾਅਦ ਵਿੱਚ ਇਨ੍ਹਾਂ ਨੂੰ ਰਾਇਬਰੇਲੀ (ਯੂ ਪੀ) ਵਿੱਚ 8 ਹਜ਼ਾਰ ਰੁਪਏ ਦੀ ਜਗੀਰ ਦਿੱਤੀ ਗਈ। ਸ਼ਹਿਜ਼ਾਦਾ ਸਹਿਦੇਵ ਸਿੰਘ ਦਾ ਲੜਕਾ ਵਾਸਦੇਵ ਸਿੰਘ ਰਾਇਬਰੇਲੀ ਵਿੱਚ ਰਹਿੰਦਾ ਹੈ। ਸ਼ਹਿਜ਼ਾਦਾ ਪਿਸ਼ੌਰਾ ਸਿੰਘ ਸਪੁੱਤਰ ਮਹਾਰਾਜਾ ਰਣਜੀਤ ਸਿੰਘ ਦੇ ਖਾਨਦਾਨ ਨੂੰ ਪਿੱਪੜੀ ਵੜੈਚ ਅਵਧ ਸਟੇਟ (ਯੂ ਪੀ) ਵਿੱਚ 1849 ਤੋਂ ਬਾਅਦ ਅੰਗਰੇਜ਼ ਹਕੂਮਤ ਨੇ 20000 ਦੀ ਸਾਂਝੀ ਜਗੀਰ ਦਿੱਤੀ ਗਈ। ਪਿਸ਼ੌਰਾ ਸਿੰਘ ਦਾ ਪੁੱਤਰ ਕੰਵਰ ਜਗਯੋਧ ਸਿੰਘ ਤੇ ਕੰਵਰ ਜਗਯੋਧ ਸਿੰਘ ਦਾ ਪੁੱਤਰ ਕੰਵਰ ਅਮਰ ਸਿੰਘ ਦਾ ਖਾਨਦਾਨ ਪਿਪਲੀ ਵੜੈਚ ਅਵਧ ਸਟੇਟ (ਯੂ ਪੀ) ਵਿੱਚ ਰਹਿੰਦਾ ਹੈ। ਸ਼ਹਿਜ਼ਾਦਾ ਪਿਸ਼ੌਰਾ ਸਿੰਘ ਦਾ ਭਰਾ ਕਸ਼ਮੀਰਾ ਸਿੰਘ ਦਾ ਖਾਨਦਾਨ ਵੀ ਪਿਪਲੀ ਵੜੈਚ ਦੀ ਸਾਂਝੀ ਜਗੀਰ 20000 ਦਾ ਸਾਂਝਾ ਭਾਈਵਾਲ ਸੀ। ਇਸ ਤੋਂ ਇਲਾਵਾ ਕਸ਼ਮੀਰਾ ਸਿੰਘ ਦਾ ਪੁੱਤਰ ਕੰਵਰ ਫਤਹਿ ਸਿੰਘ ਅੰਗਰੇਜ਼ੀ ਹਕੂਮਤ ਤੋਂ 1800 ਰੁਪਏ ਸਾਲਾਨਾ ਪੈਨਸ਼ਨ ਲੈਂਦਾ ਰਿਹਾ।
ਮਹਾਰਾਜਾ ਰਣਜੀਤ ਸਿੰਘ ਦੇ ਵਾਰਸ, ਜੋ ਪੰਜਾਬ ਵਿੱਚ ਰਹਿੰਦੇ ਸਨ। ਉਨ੍ਹਾਂ ਨੂੰ ਲਗਪਗ 1,00,000 ਰੁਪਏ ਸਾਲਾਨਾ ਪੈਨਸ਼ਨ ਮਿਲਦੀ ਸੀ। ਬਾਕੀ ਸਾਰੀ ਪੈਨਸ਼ਨ ਜੋ 3,00,000 ਤੋਂ ਉਪਰ ਸੀ। ਮਹਾਰਾਜਾ ਦਲੀਪ ਸਿੰਘ ਇੰਗਲੈਂਡ ਵਿੱਚ ਅੰਗਰੇਜ਼ ਹਕੂਮਤ ਪਾਸੋਂ ਪੌਂਡਾਂ ਵਿੱਚ ਲੈਂਦਾ ਸੀ। ਮਹਾਰਾਜਾ ਦਲੀਪ ਸਿੰਘ ਜਦੋਂ ਬਾਲਗ ਹੋ ਗਿਆ ਤਾਂ ਉਸ ਨੇ ਮਲਕਾ ਐਲਿਜ਼ਾਬੈਥ ਪਾਸ ਦਰਖਾਸਤ ਦਿੱਤੀ ਕਿ ਜੋ ਮੇਰੇ ਖਾਨਦਾਨ ਵਿੱਚੋਂ ਵਿਅਕਤੀ ਪੰਜਾਬ ਵਿੱਚ ਰਹਿੰਦੇ ਹਨ। ਉਨ੍ਹਾਂ ਦੀ ਪੈਨਸ਼ਨ ਬੰਦ ਕਰਕੇ ਸਾਰੀ ਪੈਨਸ਼ਨ ਮੈਨੂੰ ਦਿੱਤੀ ਜਾਵੇ। ਮੈਂ ਇਥੇ ਇੰਗਲੈਂਡ ਵਿੱਚ ਆਪਣੀ ਸਟੇਟ ਖਰੀਦਣੀ ਚਾਹੁੰਦਾ ਹਾਂ, ਪਰ ਅੰਗਰੇਜ਼ੀ ਹਕੂਮਤ ਨੇ ਉਸ ਦੀ ਇਹ ਸ਼ਰਤ ਪ੍ਰਵਾਨ ਨਾ ਕੀਤੀ। ਅੰਗਰੇਜ਼ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਦੇ ਵਾਰਸ, ਜੋ ਪੰਜਾਬ ਵਿੱਚ ਰਹਿੰਦੇ ਸਨ, ਨੂੰ ਡਿਪਟੀ ਕਮਿਸ਼ਨਰ ਲਾਹੌਰ ਦੇ ਰਾਹੀਂ ਹੌਲੀ ਹੌਲੀ ਪੈਨਸ਼ਨਾਂ ਘਟਾ ਕੇ ਤਕਰੀਬਨ 30 ਸਾਲ ਦੇ ਅਰਸੇ ਬਾਅਦ ਬੰਦ ਕਰ ਦਿੱਤੀਆਂ। ਮਹਾਰਾਜਾ ਰਣਜੀਤ ਸਿੰਘ ਦੇ ਪੁਰਖਿਆਂ ਦੀ ਪੰਜਾਬ ਵਿਚਲੀ ਜੱਦੀ ਜਾਇਦਾਦ ਸਰਕਾਰ ਨੇ ਪਹਿਲਾਂ ਹੀ 1849 ਵਿੱਚ ਜ਼ਬਤ ਕਰ ਲਈ ਸੀ। ਮਹਾਰਾਜੇ ਦੇ ਵਾਰਸਾਂ ਨੂੰ ਪੰਜਾਬ ਵਿੱਚ ਆਪਣੀ ਜ਼ਿੰਦਗੀ ਬਸਰ ਕਰਨ ਵਾਸਤੇ ਅੰਗਰੇਜ਼ ਸਰਕਾਰ ਨੇ ਕੁਝ ਵੀ ਨਹੀਂ ਸੀ ਛੱਡਿਆ ਤਾਂ ਜੋ ਉਸ ਦੇ ਵਾਰਸ ਕਿਤੇ ਪੰਜਾਬ ਅੰਦਰ ਆਪਣਾ ਸਿਰ ਨਾ ਚੁੱਕ ਸਕਣ। ਸਗੋਂ ਇਸ ਦੇ ਉਲਟ ਗ਼ਦਾਰਾਂ ਨੂੰ ਅੰਗਰੇਜ਼ ਹਕੂਮਤ ਨੇ ਬਹੁਤ ਸਾਰੀਆਂ ਜਗੀਰਾਂ ਅਤੇ ਜਾਇਦਾਦਾਂ ਦਿੱਤੀਆਂ ਤਾਂ ਜੋ ਸਿੱਖ ਕੌਮ ਸਾਡੇ ਨਾਲ ਮਿਲ-ਜੁਲ ਜਾਵੇ ਅਤੇ ਅੰਗਰੇਜ਼ ਸਰਕਾਰ ਵਿਰੁੱਧ ਕੁੜੱਤਣ ਖਤਮ ਹੋ ਜਾਵੇ।
ਮਹਾਰਾਜਾ ਸ਼ੇਰ ਸਿੰਘ ਦਾ ਖਾਨਦਾਨ ਜੋ ਅੱਜ ਵੀ ਪੰਜਾਬ ਵਿੱਚ ਆਪਣੀ ਜ਼ਿੰਦਗੀ ਬਸਰ ਕਰ ਰਿਹਾ ਹੈ, ਵਿੱਚੋਂ ਫੌਜ ਦੀ ਸੇਵਾ ਵਿੱਚ ਇਕ ਬ੍ਰਿਗੇਡੀਅਰ, ਚਾਰ ਕਰਨਲ, ਇਕ ਮੇਜਰ, ਇਕ ਵਿੰਗ ਕਮਾਂਡਰ ਸੇਵਾਮੁਕਤ ਹੋ ਚੁੱਕੇ ਹਨ। ਇਸ ਵੇਲੇ ਫੌਜ ਦੀ ਸੇਵਾ ਵਿੱਚ ਕੰਵਰ ਦਲਿੰਦਰਜੀਤ ਸਿੰਘ ਏਅਰ ਮਾਰਸ਼ਲ, ਕੰਵਰ ਜਗਮੋਹਨਜੀਤ ਸਿੰਘ ਕਰਨਲ, ਕੰਵਰ ਜਸਕਰਨਵੀਰ ਸਿੰਘ ਵਿੰਗ ਕਮਾਂਡਰ ਵਜੋਂ ਸੇਵਾ ਨਿਭਾਅ ਰਹੇ ਹਨ। ਮਹਾਰਾਜਾ ਸ਼ੇਰ ਸਿੰਘ ਦੇ ਵਾਰਸ ਕੰਵਰਜੀਤ ਸਿੰਘ ਡੀ ਪੀ ਆਈ ਕਾਲਜਿਜ਼ ਅਤੇ ਕੰਵਰ ਮੀਤ ਪਾਲ ਸਿੰਘ ਫੀਲਡ ਸੁਪਰਵਾਈਜ਼ਰ ਯੂਥ ਵੈਲਫੇਅਰ ਡਿਪਾਰਟਮੈਂਟ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਸੇਵਾ ਨਿਭਾਅ ਰਹੇ ਹਨ।
ਮਹਾਰਾਜਾ ਸ਼ੇਰ ਸਿੰਘ ਦਾ ਖਾਨਦਾਨ ਪੰਜਾਬ ਵਿੱਚ ਅਟਾਰੀ ਅਤੇ ਜ਼ੀਰਕਪੁਰ ਵਿਖੇ ਰਹਿ ਰਿਹਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਨੇੜੇ ਮਹਾਰਾਜਾ ਸ਼ੇਰ ਸਿੰਘ ਦਾ ਬੰਸਾਵਲੀਨਾਮਾ (ਪੱਥਰ) ਵੀ ਸੁਸ਼ੋਭਿਤ ਹੈ। ਮਹਾਰਾਜਾ ਰਣਜੀਤ ਸਿੰਘ ਦੇ ਵਾਰਸਾਂ ਨੂੰ ਪੰਜਾਬ ਸਰਕਾਰ ਵੱਲੋਂ ਦੋ ਵਾਰ ਮਹਾਰਾਜਾ ਰਣਜੀਤ ਸਿੰਘ ਦੀ ਸਾਲਾਨਾ ਬਰਸੀ ਮੌਕੇ ਰਾਜ ਪੱਧਰੀ ਸਮਾਗਮ ਸਮੇਂ ਰੋਪੜ ਵਿੱਚ ਸਨਮਾਨਤ ਕੀਤਾ ਜਾ ਚੁੱਕਾ ਹੈ। ਮਹਾਰਾਜੇ ਦੇ ਵਾਰਸਾਂ ਨੇ ਮਲਕਾ ਅਲਿਜ਼ਾਬੈਥ (99) ਨੂੰ ਚਿੱਠੀ ਲਿਖ ਕੇ ਕੋਹਿਨੂਰ ’ਤੇ ਵੀ ਆਪਣਾ ਹੱਕ ਜਤਾਇਆ ਹੈ, ਜਿਸ ਦੇ ਜਵਾਬ ਵਿੱਚ ਮਲਕਾ ਨੇ ਭਰੋਸਾ ਦਿਵਾਇਆ ਹੈ ਕਿ ਕੋਹਿਨੂਰ ਦੀ ਦਾਅਵੇਦਾਰੀ ਦੇ ਕੇਸ ’ਤੇ ਵਿਚਾਰ ਕੀਤਾ ਜਾ ਰਿਹਾ ਹੈ।ਮਹਾਰਾਜਾ ਸ਼ੇਰ ਸਿੰਘ ਤੇ ਉਸ ਦੀਆਂ ਰਾਣੀਆਂ ਦੀਆਂ ਸਮਾਧਾਂ ਜੋ ਸ਼ਾਹ ਬਿਲਾਵਲ (ਲਾਹੌਰ) ਵਿੱਚ ਸਥਿਤ ਸਨ, 1992 ਵਿੱਚ ਮੰਦਰ ਸਮਝ ਕੇ ਬਾਬਰੀ ਮਸਜਿਦ ਦੇ ਵਿਰੋਧ ਵਜੋਂ ਢਾਹ ਦਿੱਤੀਆਂ ਗਈਆਂ ਸਨ, ਨੂੰ ਨਵੇਂ ਸਿਰੇ ਤੋਂ ਬਣਾਉਣ ਲਈ ਔਕਾਫ਼ ਬੋਰਡ ਪਾਕਿਸਤਾਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਅਪੀਲਾਂ ਕੀਤੀਆਂ ਹਨ। ਮਹਾਰਾਜੇ ਦੇ ਵਾਰਸਾਂ ਨੇ ਮਹਾਰਾਜਾ ਦਲੀਪ ਸਿੰਘ ਦੀ ਲੜਕੀ ਸ਼ਹਿਜ਼ਾਦੀ ਕੈਥਰੀਨ ਦਲੀਪ ਸਿੰਘ ਦੇ ਲਾਵਾਰਸ ਖਾਤੇ, ਜੋ ਸਵਿਟਜ਼ਰਲੈਂਡ ਦੇ ਬੈਂਕ ਵਿੱਚ ਸਨ, ਉਸ ਦਾ ਕਲੇਮ ਵੀ ਕੀਤਾ ਸੀ। ਚਾਰ ਸਾਲ ਤੱਕ ਇਹ ਮੁਕੱਦਮਾ ਟ੍ਰਿਬਿਊਨਲ ਅਦਾਲਤ (ਸਵਿਟਜ਼ਰਲੈਂਡ) ਵਿੱਚ ਚੱਲਿਆ, ਪਰ ਰਾਜ ਕੁਮਾਰੀ ਬੰਬਾ ਸਦਰਲੈਂਡ ਦੀ ਵਸੀਅਤ ਜੋ ਕਿ ਮੁਸਲਮਾਨ ਪਰਿਵਾਰ ਵਾਸੀ ਲਾਹੌਰ ਪਾਸ ਮੌਜੂਦ ਹੋਣ ਕਰਕੇ ਇਹ ਸਾਰਾ ਧਨ ਬੈਂਕ ਨੇ ਕਰੀਮ ਬਖਸ਼ ਦੇ ਪਰਿਵਾਰ ਨੂੰ ਦੇ ਦਿੱਤਾ ਸੀ ਤੇ ਮਹਾਰਾਜਾ ਦਲੀਪ ਸਿੰਘ ਦਾ ਨਜ਼ਦੀਕੀ ਪਰਿਵਾਰ ਇਸ ਧਨ ਤੋਂ ਵੀ ਮਹਿਰੂਮ ਹੋ ਗਿਆ।                 (ਸਮਾਪਤ)
ਦਿਲਬਾਗ ਸਿੰਘ ਗਿੱਲ



Post Comment

Wednesday, August 15, 2012

ਮਹਾਰਾਜਾ ਰਣਜੀਤ ਸਿੰਘ: ਆਦਿ ਤੋਂ ਅੰਤ ਤੱਕ-2

ਮਹਾਰਾਜਾ ਰਣਜੀਤ ਸਿੰਘ ਦੇ ਉਤਰਾਧਿਕਾਰੀ: ਮਹਾਰਾਜਾ ਰਣਜੀਤ ਸਿੰਘ ਦੀ ਮੌਤ ਪਿੱਛੋਂ ਰਾਜਾ ਧਿਆਨ ਸਿੰਘ ਡੋਗਰਾ ਵਜ਼ੀਰ ਦੇ ਅਹੁਦੇ ’ਤੇ ਕਾਇਮ ਰਿਹਾ ਅਤੇ ਮਹਾਰਾਜੇ ਦੇ ਵੱਡੇ ਪੁੱਤਰ ਸ਼ਹਿਜ਼ਾਦਾ ਖੜਕ ਸਿੰਘ ਨੂੰ ਗੱਦੀ ’ਤੇ ਬਿਠਾਇਆ ਗਿਆ। ਉਹ ਪਿਤਾ ਵਾਂਗ ਨਾ ਤੇ ਦੂਰ-ਦਰਸ਼ੀ ਸੀ ਤੇ ਨਾ ਹੀ ਰਾਜਸੀ ਸੂਝ-ਬੂਝ ਰੱਖਦਾ ਸੀ। ਰਾਜ ਦਾ ਕੰਮ ਧਿਆਨ ਸਿੰਘ ਤੇ ਦੂਸਰੇ ਮੰਤਰੀ ਹੀ ਚਲਾਉਂਦੇ ਸਨ। ਖੜਕ ਸਿੰਘ ਦਾ ਇਕ ਮਿੱਤਰ ਚੇਤ ਸਿੰਘ ਬਾਜਵਾ ਰਾਜ ਦੇ ਕੰਮਾਂ ਵਿੱਚ ਦਖਲ-ਅੰਦਾਜ਼ੀ ਕਰਨ ਲੱਗ ਪਿਆ। ਧਿਆਨ ਸਿੰਘ ਡੋਗਰਾ ਤੇ ਹੋਰ ਮੰਤਰੀਆਂ ਨੂੰ ਰਾਜ ਵਿੱਚ ਚੇਤ ਸਿੰਘ ਬਾਜਵੇ ਦੀ ਦਖਲਅੰਦਾਜ਼ੀ ਪਸੰਦ ਨਹੀਂ ਸੀ। ਸ਼ਹਿਜ਼ਾਦਾ ਖੜਕ ਸਿੰਘ ਦੇ ਪੁੱਤਰ ਕੰਵਰ ਨੌਨਿਹਾਲ ਸਿੰਘ ਤੇ ਧਿਆਨ ਸਿੰਘ ਡੋਗਰੇ ਨੇ ਮਹਾਰਾਜਾ ਖੜਕ ਸਿੰਘ ਦੇ ਸਾਹਮਣੇ ਚੇਤ ਸਿੰਘ ਬਾਜਵੇ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਨਾਲ ਖੜਕ ਸਿੰਘ ਨੂੰ ਬਹੁਤ ਸਦਮਾ ਪਹੁੰਚਿਆ। ਉਸ ਦਾ ਮਨ ਰਾਜ ਭਾਗ ਤੋਂ ਉਚਾਟ ਹੋ ਗਿਆ ਅਤੇ ਉਹ ਬਿਮਾਰ ਰਹਿਣ ਲੱਗ ਪਿਆ। ਸਰਕਾਰੀ ਹੁਕਮਨਾਮੇ ਭਾਵੇਂ ਮਹਾਰਾਜਾ ਖੜਕ ਸਿੰਘ ਦੇ ਨਾਂ ਨਾਲ ਹੀ ਜਾਰੀ ਹੁੰਦੇ ਸਨ, ਪਰ ਰਾਜ ਦੀ ਵਾਗਡੋਰ ਕੰਵਰ ਨੌਨਿਹਾਲ ਸਿੰਘ ਨੇ ਸੰਭਾਲ ਲਈ ਸੀ। ਕੰਵਰ ਨੌਨਿਹਾਲ ਸਿੰਘ ਆਪਣੇ ਦਾਦੇ ਮਹਾਰਾਜਾ ਰਣਜੀਤ ਸਿੰਘ ਵਾਂਗ ਦੂਰ-ਅੰਦੇਸ਼ ਅਤੇ ਰਾਜਸੀ ਸੂਝ-ਬੂਝ ਰੱਖਣ ਵਾਲਾ ਨੌਜਵਾਨ ਸੀ। ਪੰਜਾਬ ਦੇ ਲੋਕਾਂ ਨੂੰ ਉਨ੍ਹਾਂ ’ਤੇ ਬੜੀਆਂ ਉਮੀਦਾਂ ਸਨ, ਪਰ ਹੋਣੀ ਨੂੰ ਕੁਝ ਹੋਰ ਮਨਜ਼ੂਰ ਸੀ। ਮਹਾਰਾਜਾ ਖੜਕ ਸਿੰਘ ਦੀ ਸਿਹਤ ਦਿਨੋ-ਦਿਨ ਵਿਗੜਦੀ ਗਈ। ਨਵੰਬਰ 1840 ਈ. ਵਿੱਚ ਉਸ ਦੀ ਮੌਤ ਹੋ ਗਈ। ਮਹਾਰਾਜਾ ਖੜਕ ਸਿੰਘ ਦਾ ਦਾਹ ਸੰਸਕਾਰ ਕਰਨ ਤੋਂ ਬਾਅਦ ਜਦੋਂ ਕੰਵਰ ਨੌਨਿਹਾਲ ਸਿੰਘ ਰੌਸ਼ਨੀ ਦਰਵਾਜ਼ੇ ਹੇਠੋਂ ਲੰਘ ਰਿਹਾ ਸੀ ਤਾਂ ਅਚਾਨਕ ਉਸ ਵੇਲੇ ਦਰਵਾਜ਼ੇ ਦੀ ਡਾਟ ਡਿੱਗ ਪਈ ਤੇ ਕੰਵਰ ਨੌਨਿਹਾਲ ਸਿੰਘ ਉਸ ਦੇ ਹੇਠਾਂ ਆ ਗਿਆ। ਕੰਵਰ ਸਾਹਿਬ ਨਾਲ ਰਾਜੇ ਗੁਲਾਬ ਸਿੰਘ ਡੋਗਰੇ ਦਾ ਪੁੱਤਰ ਊਧਮ ਸਿੰਘ ਵੀ ਤੁਰਿਆ ਜਾ ਰਿਹਾ ਸੀ। ਉਹ ਵੀ ਡਾਟ ਦੇ ਹੇਠਾਂ ਆ ਗਿਆ। ਊਧਮ ਸਿੰਘ ਦੀ ਤਾਂ ਮੌਕੇ ’ਤੇ ਹੀ ਮੌਤ ਹੋ ਗਈ, ਪਰ ਕੰਵਰ ਨੌਨਿਹਾਲ ਸਿੰਘ ਦੀ ਮੌਤ ਨੂੰ ਜ਼ਾਹਰ ਨਾ ਹੋਣ ਦਿੱਤਾ ਗਿਆ। ਇਥੋਂ ਤੱਕ ਕਿ ਕੰਵਰ ਦੀ ਮਾਤਾ ਮਹਾਰਾਣੀ ਚੰਦ ਕੌਰ ਨੂੰ ਵੀ ਮਿਲਣ ਤੋਂ ਰੋਕੀ ਰੱਖਿਆ। ਤਿੰਨ ਦਿਨਾਂ ਤੋਂ ਬਾਅਦ ਜਦੋਂ ਕੰਵਰ ਨੌਨਿਹਾਲ ਸਿੰਘ ਦੀ ਮੌਤ ਦੀ ਖ਼ਬਰ ਦਿੱਤੀ ਗਈ ਤਾਂ ਸੁਣ ਕੇ ਲੋਕਾਂ ਦੇ ਹੋਸ਼ ਉੱਡ ਗਏ।   ਧਿਆਨ ਸਿੰਘ ਨੇ ਫਕੀਰ ਅਜੀਜ਼-ਉਦ-ਦੀਨ ਅਤੇ ਹੋਰ ਮੰਤਰੀਆਂ ਦੀ ਸਲਾਹ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਕੰਵਰ ਸ਼ੇਰ ਸਿੰਘ ਨੂੰ ਗੱਦੀ ’ਤੇ ਬਿਠਾਉਣ ਦੀ ਯੋਜਨਾ ਬਣਾਈ। ਮਹਾਰਾਜਾ ਸ਼ੇਰ ਸਿੰਘ ਨੂੰ ਬਾਬਾ ਸਾਹਿਬ ਸਿੰਘ ਬੇਦੀ ਨੇ ਰਾਜ ਤਿਲਕ ਲਾ ਕੇ ਗੱਦੀ ’ਤੇ ਬਿਠਾ ਦਿੱਤਾ। ਮਹਾਰਾਜਾ ਤਿੰਨ-ਚਾਰ ਦਿਨ ਦਰਬਾਰ ਲਾਉਂਦਾ ਰਿਹਾ, ਪਰ ਰਾਣੀ ਚੰਦ ਕੌਰ ਇਸ ਗੱਲ ’ਤੇ ਖੁਸ਼ ਨਹੀਂ ਸੀ। ਉਸ ਨੇ ਅਫਵਾਹ ਫੈਲਾ ਦਿੱਤੀ ਕਿ ਕੰਵਰ ਨੌਨਿਹਾਲ ਸਿੰਘ ਦੀ ਪਤਨੀ ਗਿਲਵਾਲਨ ਗਰਭਵਤੀ ਹੈ। ਗੱਦੀ ਦਾ ਅਸਲ ਵਾਰਸ ਕੰਵਰ ਦਾ ਪੁੱਤਰ ਹੀ ਹੋਵੇਗਾ। ਮਹਾਰਾਜਾ ਸ਼ੇਰ ਸਿੰਘ ਆਪਣੀ ਜਗੀਰ ’ਤੇ ਬਟਾਲਾ ਵਾਪਸ ਚਲਾ ਗਿਆ। ਰਾਣੀ ਚੰਦ ਕੌਰਾਂ, ਸੰਧਾਵਾਲੀਆਂ ਦੀ ਮਦਦ ਨਾਲ ਰਾਜਭਾਗ ਚਲਾਉਣ ਲੱਗ ਗਈ। ਕੁਝ ਸਮੇਂ ਬਾਅਦ ਮਹਾਰਾਜਾ ਸ਼ੇਰ ਸਿੰਘ ਨੇ ਫੌਜ-ਏ-ਖਾਲਸਾ ਦੀ ਮਦਦ ਨਾਲ ਪੰਜਾਬ ਦੇ ਰਾਜ ’ਤੇ ਕਬਜ਼ਾ ਕਰ ਲਿਆ ਅਤੇ ਰਾਜਗੱਦੀ ’ਤੇ ਬੈਠ ਗਿਆ। ਧਿਆਨ ਸਿੰਘ ਡੋਗਰਾ ਮਹਾਰਾਜਾ ਦਾ ਵਜ਼ੀਰ ਬਣ ਗਿਆ, ਪਰ ਦਰਬਾਰ ਵਿੱਚ ਡੋਗਰਿਆਂ ਦੀਆਂ ਸਾਜ਼ਿਸ਼ਾਂ ਚਲਦੀਆਂ ਰਹੀਆਂ। ਡੋਗਰਿਆਂ ਦੀ ਸਾਜ਼ਿਸ਼ ਨਾਲ ਹੀ ਲਾਹੌਰ ਵਿੱਚ ਮਹਾਰਾਣੀ ਚੰਦ ਕੌਰ ਦਾ ਕਤਲ ਹੋ ਗਿਆ।

ਮਹਾਰਾਜਾ ਦਲੀਪ ਸਿੰਘ

ਮਹਾਰਾਣੀ ਜਿੰਦ ਕੌਰ
ਅੰਗਰੇਜ਼ਾਂ ਨੇ ਮਹਾਰਾਜਾ ਸ਼ੇਰ ਸਿੰਘ ’ਤੇ ਦਬਾਅ ਪਾ ਕੇ ਸੰਧਾਵਾਲੀਆਂ ਨੂੰ, ਜੋ ਸਤਲੁਜ ਦਰਿਆ ਤੋਂ ਪਾਰ ਅੰਗਰੇਜ਼ਾਂ ਦੀ ਸ਼ਰਨ ਵਿੱਚ ਰਹਿੰਦੇ ਸਨ, ਵਾਪਸ ਮਹਾਰਾਜੇ ਦੇ ਦਰਬਾਰ ਵਿੱਚ ਲਾਹੌਰ ਭੇਜ ਦਿੱਤਾ। ਅਜੀਤ ਸਿੰਘ ਸੰਧਾਵਾਲੀਆਂ, ਮਹਾਰਾਜੇ ਨਾਲ ਘੁਲ-ਮਿਲ ਗਿਆ ਅਤੇ ਰਾਜ ਦੇ ਕੰਮਾਂ ਵਿੱਚ ਦਖਲਅੰਦਾਜ਼ੀ ਦੇ ਨਾਲ-ਨਾਲ ਸ਼ੇਰ ਸਿੰਘ ਨੂੰ ਡੋਗਰਿਆਂ ਦੇ ਖਿਲਾਫ ਭੜਕਾਉਂਦਾ ਰਿਹਾ। ਨਤੀਜਾ ਇਹ ਹੋਇਆ ਕਿ ਸੰਧਾਵਾਲੀਆਂ ਨੇ ਰਾਜਾ ਧਿਆਨ ਸਿੰਘ ਨੂੰ ਕਤਲ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ। ਸੰਧਾਂਵਾਲੀਏ ਸ਼ੇਰ ਸਿੰਘ ਦੇ ਵੀ ਵਿਰੋਧੀ ਸਨ। ਡੋਗਰਿਆਂ ਅਤੇ ਸੰਧਾਵਾਲੀਆਂ ਦੀ ਖਹਿਬਾਜ਼ੀ ਵਿੱਚ ਰਾਜ ਦਰਬਾਰ ਦਾ ਮਾਹੌਲ ਵਿਗੜਦਾ ਗਿਆ। 15 ਸਤੰਬਰ, 1843 ਨੂੰ ਮਹਾਰਾਜਾ ਸ਼ੇਰ ਸਿੰਘ ਬਿਲਾਵਲ ਦੇ ਸਥਾਨ ਉਤੇ ਮਨਪ੍ਰਚਾਵੇ ਲਈ ਪਹਿਲਵਾਨਾਂ ਦੀਆਂ ਕੁਸ਼ਤੀਆਂ ਦੇਖ ਰਿਹਾ ਸੀ ਤਾਂ ਉਥੇ ਅਜੀਤ ਸਿੰਘ ਸੰਧਾਵਾਲੀਏ ਨੇ ਧੋਖੇ ਨਾਲ ਮਹਾਰਾਜਾ ਸ਼ੇਰ ਸਿੰਘ ਨੂੰ ਕਤਲ ਕਰ ਦਿੱਤਾ। ਉਸ ਸਮੇਂ ਹੀ ਲਹਿਣਾ ਸਿੰਘ ਸੰਧਾਵਾਲੀਆਂ, ਜੋ ਅਜੀਤ ਸਿੰਘ ਦਾ ਚਾਚਾ ਸੀ, ਨੇ ਮਹਾਰਾਜੇ ਦੇ ਪੁੱਤਰ ਕੰਵਰ ਪ੍ਰਤਾਪ ਸਿੰਘ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ। ਉਹ ਉਸ ਸਮੇਂ ਪੰਡਿਤਾਂ ਨੂੰ ਦਾਨ ਕਰ ਰਿਹਾ ਸੀ। ਸ਼ਹਿਜ਼ਾਦੇ ਦੀ ਉਮਰ ਉਸ ਸਮੇਂ ਸਿਰਫ 12 ਸਾਲ ਦੀ ਸੀ। ਉਸੇ ਦਿਨ ਹੀ ਸੰਧਾਵਾਲੀਆਂ ਨੇ ਵਜ਼ੀਰ ਧਿਆਨ ਸਿੰਘ ਡੋਗਰੇ ਨੂੰ ਕਿਲੇ ਵਿੱਚ ਜਾ ਕੇ ਕਤਲ ਕਰ ਦਿੱਤਾ। ਮਹਾਰਾਜਾ ਸ਼ੇਰ ਸਿੰਘ, ਕੰਵਰ ਪ੍ਰਤਾਪ ਸਿੰਘ, ਵਜ਼ੀਰ ਧਿਆਨ ਸਿੰਘ ਡੋਗਰੇ ਨੂੰ ਕਤਲ ਕਰਨ ਤੋਂ ਬਾਅਦ ਸੰਧਾਵਾਲੀਆਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਪੁੱਤਰ ਕੰਵਰ ਦਲੀਪ ਸਿੰਘ, ਜੋ ਉਸ ਵਕਤ 5 ਸਾਲ ਦਾ ਸੀ, ਨੂੰ ਧਿਆਨ ਸਿੰਘ ਡੋਗਰੇ ਦੇ ਲਹੂ ਦਾ ਟਿੱਕਾ ਲਾ ਕੇ ਰਾਜ ਗੱਦੀ ’ਤੇ ਬਿਠਾ ਦਿੱਤਾ। ਅਗਲੇ ਦਿਨ ਫੌਜ-ਏ-ਖਾਲਸਾ ਨੇ ਰਾਜਾ ਹੀਰਾ ਸਿੰਘ ਨਾਲ ਮਿਲ ਕੇ ਸੰਧਾਵਾਲੀਏ, ਲਹਿਣਾ ਸਿੰਘ ਤੇ ਅਜੀਤ ਸਿੰਘ ਦਾ ਵੀ ਕਤਲ ਕਰ ਦਿੱਤਾ। ਡੋਗਰੇ ਅਤੇ ਸੰਧਾਵਾਲੀਆਂ ਦੇ ਕਤਲਾਂ ਪਿੱਛੋਂ ਵਜ਼ੀਰ ਧਿਆਨ ਸਿੰਘ ਦਾ ਪੁੱਤਰ ਰਾਜਾ ਹੀਰਾ ਸਿੰਘ, ਮਹਾਰਾਜਾ ਦਲੀਪ ਸਿੰਘ ਦਾ ਵਜ਼ੀਰ ਬਣ ਗਿਆ। ਮਹਾਰਾਜਾ ਰਣਜੀਤ ਸਿੰਘ ਦੇ ਦੋ ਪੁੱਤਰ ਕੰਵਰ ਕਸ਼ਮੀਰਾ ਸਿੰਘ ਤੇ ਕੰਵਰ ਪਿਸ਼ੌਰਾ ਸਿੰਘ ਵੀ ਗੱਦੀ ਦੇ ਹੱਕਦਾਰ ਸਨ। ਉਨ੍ਹਾਂ ਵੀ ਰਾਜ ਗੱਦੀ ਹਾਸਲ ਕਰਨ ਲਈ ਸਾਜ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਮਹਾਰਾਜਾ ਰਣਜੀਤ ਸਿੰਘ ਨੇ ਪਹਿਲਾਂ ਹੀ ਉਨ੍ਹਾਂ ਦੋਵਾਂ ਭਰਾਵਾਂ ਨੂੰ ਸਿਆਲਕੋਟ ਵਿੱਚ 50 ਹਜ਼ਾਰ ਦੀ ਜਾਗੀਰ ਦਿੱਤੀ ਹੋਈ ਸੀ। ਹੀਰਾ ਸਿੰਘ ਨੇ ਇਨ੍ਹਾਂ ਦੋਵਾਂ ਭਰਾਵਾਂ ਨੂੰ ਮਾਰਨ ਦੀ ਸਾਜ਼ਿਸ਼ ਰਚੀ। ਹੀਰਾ ਸਿੰਘ ਨੇ ਸਾਜ਼ਿਸ਼ ਵਿੱਚ ਰਾਜਾ ਗੁਲਾਬ ਸਿੰਘ ਨੂੰ ਮਿਲਾ ਲਿਆ, ਜਿਸ ਨੇ ਜੰਮੂ ਤੋਂ ਫੌਜ ਲਿਆ ਕੇ ਸਿਆਲਕੋਟ ’ਤੇ ਹਮਲਾ ਕਰ ਦਿੱਤਾ। ਗੁਲਾਬ ਸਿੰਘ ਦੀ ਫੌਜ ਅੱਗੇ ਕਸ਼ਮੀਰਾ ਸਿੰਘ ਤੇ ਪਿਸ਼ੌਰਾ ਸਿੰਘ ਦੀ ਨਾ ਚੱਲੀ ਅਤੇ ਉਹ ਉਥੋਂ ਭੱਜ ਨਿਕਲੇ। ਇਸ ਕਰਕੇ ਰਾਣੀ ਜਿੰਦ ਕੌਰ ਰਾਜਾ ਹੀਰਾ ਸਿੰਘ ਨਾਲ ਨਾਰਾਜ਼ ਰਹਿਣ ਲੱਗ ਪਈ। ਰਾਣੀ ਨੇ ਹੀਰਾ ਸਿੰਘ ਦੇ ਚਾਚੇ ਸੁਚੇਤ ਸਿੰਘ ਡੋਗਰਾ ਨੂੰ ਜੰਮੂ ਸੁਨੇਹਾ ਭੇਜਿਆ ਕਿ ਉਹ ਲਾਹੌਰ ਆ ਕੇ ਹੀਰਾ ਸਿੰਘ ਦੀ ਥਾਂ ਵਜ਼ੀਰ ਬਣ ਜਾਵੇ। ਹੀਰਾ ਸਿੰਘ ਨੂੰ ਇਸ ਗੱਲ ਦਾ ਪਤਾ ਲੱਗ ਗਿਆ। ਉਸ ਨੇ ਫੌਜ ਖਾਲਸਾ ਨੂੰ ਲਾਲਚ ਦੇ ਕੇ ਆਪਣੇ ਵੱਲ ਕਰ ਲਿਆ ਅਤੇ ਸੁਚੇਤ ਸਿੰਘ ਦਾ ਕਤਲ ਕਰ ਦਿੱਤਾ।

ਮਹਾਰਾਜਾ ਖੜਕ ਸਿੰਘ

ਮਹਾਰਾਜਾ ਸ਼ੇਰ ਸਿੰਘ
ਰਾਣੀ ਜਿੰਦ ਕੌਰ ਨੇ ਫੌਜ ਵਿੱਚ ਆਪਣੇ ਭਰਾ ਜਵਾਹਰ ਸਿੰਘ ਨੂੰ ਕਈ ਅਖ਼ਤਿਆਰ ਦੇ ਰੱਖੇ ਸਨ। ਜਵਾਹਰ ਸਿੰਘ ਦੀ ਕਮਾਨ ਵਿੱਚ ਫੌਜ ਨੇ ਹੀਰਾ ਸਿੰਘ, ਪੰਡਤ ਜੱਲਾ ਅਤੇ ਉਨ੍ਹਾਂ ਦੇ ਹੋਰ ਸਾਥੀਆਂ ਦਾ ਕਤਲ ਕਰ ਦਿੱਤਾ। ਹੀਰਾ ਸਿੰਘ ਦੇ ਕਤਲ ਪਿੱਛੋਂ ਜਵਾਹਰ ਸਿੰਘ ਵਜ਼ੀਰ ਬਣ ਕੇ ਮਹਾਰਾਜਾ ਦਲੀਪ ਸਿੰਘ ਦੀ ਸਰਪ੍ਰਸਤੀ ਕਰਨ ਲੱਗ ਪਿਆ। ਜਵਾਹਰ ਸਿੰਘ ਨੇ ਮਹਾਰਾਜਾ ਦਲੀਪ ਸਿੰਘ ਦੇ ਰਾਜ ਕਰਨ ਦਾ ਰਸਤਾ ਸਾਫ ਕਰਨ ਲਈ ਕੰਵਰ ਪਿਸ਼ੌਰਾ ਸਿੰਘ ਨੂੰ ਵੀ ਮਰਵਾ ਦਿੱਤਾ, ਜਿਸ ’ਤੇ ਖਾਲਸਾ ਫੌਜ ਭੜਕ ਉੱਠੀ ਤੇ ਫੌਜ ਨੇ ਜਵਾਹਰ ਸਿੰਘ ਦਾ ਵੀ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ। ‘ਸਰਬੱਤ ਖਾਲਸਾ’ ਦੇ ਨਾਂ ਹੇਠ ਹੁਕਮਨਾਮੇ ਜਾਰੀ ਹੋਣ ਲੱਗੇ। ਰਾਣੀ ਜਿੰਦ ਕੌਰ ਕੁਝ ਚਿਰ ਤੱਕ ਇਸ ਤਰ੍ਹਾਂ ਹੀ ਰਾਜ ਦਾ ਕੰਮ ਚਲਾਉਂਦੀ ਰਹੀ। ਬਾਅਦ ਵਿੱਚ ਰਾਣੀ ਨੇ ਸਰਦਾਰ ਤੇਜਾ ਸਿੰਘ ਨੂੰ ਫੌਜ ਦੀ ਕਮਾਨ ਸੰਭਾਲ ਦਿੱਤੀ ਅਤੇ ਲਾਲ ਸਿੰਘ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਤਿਆਰ ਕੀਤਾ। ਅੰਗਰੇਜ਼ ਸ਼ੁਰੂ ਤੋਂ ਹੀ ਪੰਜਾਬ ਦੇ ਰਾਜ ਉਤੇ ਕਬਜ਼ਾ ਕਰਨ ਦੀਆਂ ਵਿਉਂਤਾਂ ਬਣਾ ਰਹੇ ਸਨ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਹੀ ਰਾਜ ਵਿੱਚ ਸਾਜ਼ਿਸ਼ਾਂ ਦਾ ਦੌਰ ਚੱਲ ਪਿਆ ਸੀ। 1839 ਤੋਂ ਲੈ ਕੇ 1846 ਤੱਕ ਦੇ 7 ਸਾਲ ਦੇ ਅਰਸੇ ਦੌਰਾਨ ਲਾਹੌਰ ਦਰਬਾਰ ਵਿੱਚ ਜੋ ਖੂਨੀ ਨਾਟਕ ਖੇਡਿਆ ਗਿਆ, ਉਸ ਨੇ ਪੰਜਾਬ ਉਤੇ ਅੰਗਰੇਜ਼ਾਂ ਲਈ ਕਬਜ਼ਾ ਕਰਨ ਦਾ ਰਸਤਾ ਸਾਫ ਕਰ ਦਿੱਤਾ। ਸਿੱਖ ਫੌਜਾਂ ਮੁੱਦਕੀ, ਫੇਰੂ ਸ਼ਹਿਰ, ਬੱਦੋਵਾਲ ਅਤੇ ਸਭਰਾਵਾਂ ਦੀਆਂ ਲੜਾਈਆਂ ਸਿੱਖ ਫੌਜੀ ਜਰਨੈਲਾਂ ਦੀ ਗੱਦਾਰੀ ਕਾਰਨ ਹਾਰ ਗਈਆਂ। 10 ਫਰਵਰੀ, 1846 ਨੂੰ ਅੰਗਰੇਜ਼ਾਂ ਨੇ ਰਾਤ ਹੀ ਦਰਿਆ ਸਤਲੁਜ ਪਾਰ ਕਰਕੇ ਕਸੂਰ ਸ਼ਹਿਰ ਅਤੇ ਕਿਲੇ ’ਤੇ ਕਬਜ਼ਾ ਕਰ ਲਿਆ। ਲਾਹੌਰ ਦਰਬਾਰ ਦੀ ਫੌਜ ਵੱਲੋਂ ਕੋਈ ਰੁਕਾਵਟ ਨਾ ਪਾਈ ਗਈ। ਗਵਰਨਰ ਜਨਰਲ ਕਸੂਰ ਵਿੱਚ ਆ ਪਹੁੰਚਿਆ। ਰਾਣੀ ਅਤੇ ਲਾਹੌਰ ਦਰਬਾਰ ਦੇ ਕਹਿਣ ’ਤੇ ਰਾਜਾ ਗੁਲਾਬ ਸਿੰਘ 15 ਫਰਵਰੀ, 1846 ਨੂੰ ਸੁਲ੍ਹਾ-ਸਫਾਈ ਵਾਸਤੇ ਗਵਰਨਰ ਜਨਰਲ ਪਾਸ ਕਸੂਰ ਦੇ ਕਿਲੇ ਵਿੱਚ ਭੇਜਿਆ। ਜਿਹੜੀਆਂ ਸ਼ਰਤਾਂ ਗਵਰਨਰ ਜਰਨਲ ਨੇ ਠੋਸੀਆਂ ਉਹ ਸਾਰੀਆਂ ਸ਼ਰਤਾਂ ਲਾਹੌਰ ਦਰਬਾਰ ਨੇ ਮੰਨ ਲਈਆਂ। ਮਾਰਚ 1846 ਨੂੰ ਅੰਗਰੇਜ਼ ਪੰਜਾਬ ਉਤੇ ਆਪਣੀ ਕੁਟਿਲ ਨੀਤੀ ਨਾਲ ਕਾਬਜ਼ ਹੋ ਗਏ।
   (ਚਲਦਾ)
ਦਿਲਬਾਗ ਸਿੰਘ ਗਿੱਲ



Post Comment