ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Sunday, August 5, 2012

ਗੁਰਦੁਆਰਾ ਸੁਧਾਰ ਲਹਿਰ ਦਾ ਸੁਨਹਿਰੀ ਇਤਿਹਾਸ


ਗੁਰੂ ਕੇ ਬਾਗ਼ ਦੇ ਮੋਰਚੇ ਸਮੇਂ ਸ਼ਾਂਤ ਪ੍ਰਦਰਸ਼ਨਕਾਰੀਆਂ 'ਤੇ
ਲਾਠੀਚਾਰਜ ਕਰਦੀ ਹੋਈ ਪੁਲਿਸ (ਸੱਜੇ) ਸਾਕਾ ਨਨਕਾਣਾ
 ਸਾਹਿਬ ਦਾ ਇਕ ਦ੍ਰਿਸ਼
ਜਦੋਂ ਸਿੱਖਾਂ ਨੇ ਅੰਗਰੇਜ਼ਾਂ ਦੇ ਜਬਰ ਦਾ ਸਬਰ ਨਾਲ ਸਾਹਮਣਾ ਕੀਤਾ
ਗੁਰੂ ਨਾਨਕ ਪਾਤਸ਼ਾਹ ਲੋਕਾਂ ਨੂੰ ਤਾਰਨ ਵਾਸਤੇ ਇਸ ਦੁਨੀਆ ਵਿਚ ਆਏ। ਗੁਰੂ ਨਾਨਕ ਦੇਵ ਜੀ ਨੇ ਭਾਰਤ ਅਤੇ ਭਾਰਤ ਤੋਂ ਬਾਹਰ ਵਿਚਰ ਕੇ ਭਟਕੀ ਹੋਈ ਲੋਕਾਈ ਨੂੰ ਸੱਚ ਦਾ ਰਾਹ ਦਿਖਾਇਆ। ਪੰਜਵੇਂ ਨਾਨਕ ਤਪਦੇ ਹੋਏ ਮਨਾਂ ਨੂੰ ਠਾਰਨ ਲਈ ਤੱਤੀ ਤਵੀ 'ਤੇ ਜਾ ਬੈਠੇ, ਨੌਵੇਂ ਨਾਨਕ ਨੇ ਹਿੰਦ ਦੀ ਚਾਦਰ ਬਣ ਚਾਂਦਨੀ ਚੌਕ ਵਿਚ ਸ਼ਹਾਦਤ ਦਾ ਜਾਮ ਪੀ ਲਿਆ। ਦਸਵੇਂ ਨਾਨਕ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਤੋਂ 230 ਸਾਲ ਬਾਅਦ ਕੇਸਗੜ੍ਹ ਸਾਹਿਬ ਦੇ ਅਸਥਾਨ 'ਤੇ ਅਨੰਦਪੁਰ ਦੀ ਪਵਿੱਤਰ ਜੂਹ ਅੰਦਰ ਖੰਡੇ ਦੀ ਧਾਰ ਵਿਚੋਂ ਖਾਲਸਾ ਪੰਥ ਦੀ ਸਥਾਪਨਾ ਕੀਤੀ। ਖਾਲਸੇ ਨੇ ਜ਼ੁਲਮ ਦੇ ਵਿਰੁੱਧ ਖੰਡਾ ਖੜਕਾਇਆ, ਖਾਲਸੇ ਦੇ ਖੰਡੇ ਦੀ ਧਾਕ ਸੁਣ ਕੇ ਕਾਬਲ, ਕੰਧਾਰ ਤੇ ਜਮਰੌਦ ਤੱਕ ਦੀਆਂ ਕੰਧਾਂ ਕੰਬ ਉੱਠੀਆਂ। ਮਕਾਰ ਅੰਗਰੇਜ਼ ਨੇ ਡੋਗਰਿਆਂ ਤੋਂ ਗਦਾਰੀ ਕਰਵਾ, ਲੰਮੇ ਸੰਘਰਸ਼ ਤੋਂ ਬਾਅਦ ਸਥਾਪਿਤ ਕੀਤਾ ਸਿੱਖ ਰਾਜ ਖੇਰੂੰ-ਖੇਰੂੰ ਕਰ ਦਿੱਤਾ। ਖਾਲਸਾ ਪੰਥ ਦੇ ਧਾਰਮਿਕ ਅਸਥਾਨ ਜਿਥੋਂ ਸਾਂਝੀਵਾਲਤਾ ਦਾ ਉਪਦੇਸ਼ ਮਿਲਦਾ ਸੀ, ਜਾਤ-ਪਾਤ, ਊਚ-ਨੀਚ ਦੀਆਂ ਜੰਜ਼ੀਰਾਂ ਵਿਚ ਜਕੜੇ ਗਏ। ਖਾਲਸਾ ਜਿਥੋਂ ਰੌਸ਼ਨੀ ਲੈ ਕੇ ਹੱਕ, ਸੱਚ, ਇਨਸਾਫ਼ ਲਈ ਜੰਗ ਲੜਦਾ ਸੀ, ਜੇ ਕੋਈ ਫਰਿਆਦੀ ਆ ਪੁਕਾਰ ਕਰਦਾ ਸੀ, ਉਸ ਦੀ ਫਰਿਆਦ ਪੂਰੀ ਕੀਤੀ ਜਾਂਦੀ ਸੀ, ਅਬਲਾਵਾਂ ਨੂੰ ਜ਼ਾਲਮਾਂ ਦੇ ਹੱਥਾਂ 'ਚੋਂ ਬਚਾਉਣ ਲਈ ਖਾਲਸਾ ਗੁਰਮਤਾ ਕਰਕੇ ਜਾ ਧਾਵਾ ਬੋਲਦਾ ਸੀ। ਉਨ੍ਹਾਂ ਅਸਥਾਨਾਂ 'ਤੇ ਅੰਗਰੇਜ਼ ਦੇ ਪਿੱਠੂ ਇੱਜ਼ਤਾਂ ਨੂੰ ਹੱਥ ਪਾ ਰਹੇ ਸਨ, ਕੋਈ ਧੀ, ਭੈਣ ਸੁਰੱਖਿਅਤ ਨਹੀਂ ਸੀ। ਖਾਲਸਾ ਪੰਥ ਨੇ ਆਪਣੇ ਗੁਰਧਾਮਾਂ ਨੂੰ ਮਹੰਤਾਂ ਤੋਂ ਆਜ਼ਾਦ ਕਰਵਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਕੀਤੀ। ਖਾਲਸੇ ਨੇ ਅਰਦਾਸਾ ਸੋਧ ਕੇ ਤਰਨ ਤਾਰਨ ਵੱਲ ਚਾਲੇ ਪਾਏ। ਗੁਰਦੁਆਰਾ ਤਰਨ ਤਾਰਨ ਸਾਹਿਬ ਨੂੰ ਤਾਂ ਮਹੰਤਾਂ ਤੋਂ ਆਜ਼ਾਦ ਕਰਵਾ ਲਿਆ। ਪਰ ਬਾਬਾ ਬਘੇਲ ਸਿੰਘ ਦਾ ਵਾਰਿਸ ਭਾਈ ਹਜ਼ਾਰਾ ਸਿੰਘ ਅਲਾਦੀਨਪੁਰ 27 ਜਨਵਰੀ, 1921 ਈ: ਨੂੰ ਸ਼ਹੀਦੀ ਪਾ ਗਿਆ। ਭਾਈ ਹਜ਼ਾਰਾ ਸਿੰਘ ਜੀ ਦੀ ਸ਼ਹੀਦੀ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਅਸਥਾਨ ਨੂੰ ਮਹੰਤਾਂ ਤੋਂ ਮੁਕਤ ਕਰਵਾਉਣ ਲਈ ਆਰੰਭ ਹੋਈ ਗੁਰਦੁਆਰਾ ਸੁਧਾਰ ਲਹਿਰ ਵਿਚ ਪਹਿਲੀ ਆਹੂਤੀ ਸੀ। ਬਾਬਾ ਬਘੇਲ ਸਿੰਘ ਜੀ ਨੇ ਦਿੱਲੀ ਜਿੱਤ ਕੇ ਦਿੱਲੀ ਦੇ ਲਾਲ ਕਿਲ੍ਹੇ ਉੱਪਰ ਕੇਸਰੀ ਝੰਡਾ ਝੁਲਾਇਆ ਅਤੇ ਦਿੱਲੀ ਦੇ ਤਾਜਦਾਰਾਂ ਨਾਲ ਗੱਲਬਾਤ ਉਪਰੰਤ ਦਿੱਲੀ ਦੇ ਸਾਰੇ ਸਿੱਖ ਧਾਰਮਿਕ ਅਸਥਾਨਾਂ ਦੀ ਨਿਸ਼ਾਨਦੇਹੀ ਕਰਵਾ ਕੇ ਸ਼ਾਨਦਾਰ ਇਮਾਰਤਾਂ ਤਿਆਰ ਕਰਵਾਈਆਂ। ਗੁਰ ਅਸਥਾਨਾਂ ਦਾ ਪ੍ਰਬੰਧ ਖਾਲਸਾ ਪੰਥ ਦੇ ਹੱਥ ਆਇਆ। ਉਸੇ ਭਾਈ ਬਘੇਲ ਸਿੰਘ ਜੀ ਦੇ ਵਾਰਿਸ ਭਾਈ ਹਜ਼ਾਰਾ ਸਿੰਘ ਜੀ ਨੇ ਸ਼ਹਾਦਤ ਦਾ ਜਾਮ ਪੀ ਕੇ ਗੁਰਦੁਆਰਿਆਂ ਨੂੰ ਮਹੰਤਾਂ ਤੋਂ ਮੁਕਤ ਕਰਵਾ ਕੇ ਖਾਲਸਾ ਪੰਥ ਦੇ ਪ੍ਰਬੰਧ ਹੇਠ ਲਿਆਉਣ ਦੀ ਸ਼ੁਰੂਆਤ ਕੀਤੀ।


ਸ਼ਹੀਦ ਦੀ ਅਰਥੀ ਦਾ ਜਲੂਸ ਅਗਲੇ ਦਿਨ 28 ਜਨਵਰੀ, 1921 ਈ: ਨੂੰ ਨਿਕਲਿਆ, ਜਿਸ ਦੇ ਨਾਲ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਦਾ ਇਕੱਠ ਸੀ। ਜਲੂਸ ਦਰਬਾਰ ਸਾਹਿਬ ਤੋਂ ਸ਼ੁਰੂ ਹੋ ਕੇ ਗੁਰੂ ਕੇ ਖੂਹ ਪੁੱਜਾ ਜਿਥੇ ਮਰਯਾਦਾ ਅਨੁਸਾਰ ਸ਼ਹੀਦ ਦੀ ਦੇਹੀ ਦਾ ਸੰਸਕਾਰ ਕੀਤਾ ਗਿਆ। ਸੰਗਤਾਂ ਵਿਚ ਜੋਸ਼ ਅਤੇ ਏਨਾ ਵੱਡਾ ਇਕੱਠ ਪਹਿਲਾਂ ਇਸ ਤਰ੍ਹਾਂ ਕਦੇ ਨਹੀਂ ਦੇਖਿਆ ਗਿਆ ਸੀ। ਸ਼ਹੀਦ ਦੀ ਮਾਤਾ ਆਪਣੇ ਪੁੱਤ ਦੀ ਸ਼ਹਾਦਤ 'ਤੇ ਮਾਣ ਕਰਦੀ ਹੋਈ ਆਪਣੇ-ਆਪ ਨੂੰ ਵਡਭਾਗਣ ਸਮਝ ਰਹੀ ਸੀ। ਇਸ ਸ਼ਹਾਦਤ ਨੇ ਸੰਗਤਾਂ ਵਿਚ ਨਵਾਂ ਜੋਸ਼ ਭਰ ਦਿੱਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ੁਰੂ ਕੀਤੀ ਗੁਰਦੁਆਰਾ ਸੁਧਾਰ ਲਹਿਰ ਨੂੰ ਤਾਕਤ ਮਿਲਣੀ ਕੁਦਰਤੀ ਗੱਲ ਸੀ। ਇਹ ਸ਼ਹੀਦੀ ਰੰਗ ਲਿਆਈ, ਸੰਗਤਾਂ ਸ਼ਹੀਦੀ ਜਾਮ ਪੀਣ ਲਈ ਉਤਾਵਲੀਆਂ ਹੋ ਗਈਆਂ ਸਨ। ਬਾਬਾ ਬਘੇਲ ਸਿੰਘ ਜੀ ਨੇ ਤੇਗ ਦੀ ਤਾਕਤ ਨਾਲ ਦਿੱਲੀ ਜਿੱਤੀ ਅਤੇ ਦਿੱਲੀ ਦੇ ਗੁਰਦੁਆਰਿਆਂ ਨੂੰ ਮੁਕੰਮਲ ਕਰਵਾਇਆ। ਬਾਬਾ ਬਘੇਲ ਸਿੰਘ ਦੇ ਵਾਰਿਸ ਭਾਈ ਹਜ਼ਾਰਾ ਸਿੰਘ ਜੀ ਨੇ ਸ਼ਾਂਤਮਈ ਹਥਿਆਰ ਨਾਲ ਸ਼ਹੀਦੀ ਪ੍ਰਾਪਤ ਕਰਕੇ ਗੁਰਦੁਆਰਾ ਤਰਨ ਤਾਰਨ ਸਾਹਿਬ ਨੂੰ ਆਜ਼ਾਦ ਕਰਵਾਇਆ ਅਤੇ ਗੁਰਦੁਆਰਿਆਂ ਨੂੰ ਮਹੰਤਾਂ ਤੋਂ ਆਜ਼ਾਦ ਕਰਵਾਉਣ ਦਾ ਮੁੱਢ ਬੰਨ੍ਹਿਆ।

ਗੁਰਦੁਆਰਾ ਨਨਕਾਣਾ ਸਾਹਿਬ ਦਾ ਮਹੰਤ ਨਾਰਾਇਣ ਦਾਸ ਭ੍ਰਿਸ਼ਟ ਹੋ ਚੁੱਕਿਆ ਸੀ, ਇਸ ਦੇ ਦੋ ਪਹਿਲੇ ਵੱਡੇ ਮਹੰਤ ਗੁਪਤ ਰੋਗ ਦੇ ਕਾਰਨ ਮਰ ਚੁੱਕੇ ਸਨ। ਨਨਕਾਣਾ ਸਾਹਿਬ ਦੇ ਮਹੰਤ ਦੀਆਂ ਸ਼ਿਕਾਇਤਾਂ ਸ਼੍ਰੋਮਣੀ ਕਮੇਟੀ ਕੋਲ ਬਹੁਤ ਪਹੁੰਚ ਚੁੱਕੀਆਂ ਸਨ। ਸ਼੍ਰੋਮਣੀ ਕਮੇਟੀ ਨੇ 4 ਮਾਰਚ, 1921 ਨੂੰ ਨਨਕਾਣਾ ਸਾਹਿਬ ਮਹੰਤ ਨੂੰ ਸਮਝਾਉਣ ਲਈ ਇਕੱਠ ਕਰਨ ਦਾ ਫ਼ੈਸਲਾ ਕੀਤਾ। ਮਹੰਤ ਨੇ ਗੁੰਡੇ ਪਾਲ ਰੱਖੇ ਸਨ ਤੇ ਅਸਲਾ ਇਕੱਠਾ ਕੀਤਾ ਹੋਇਆ ਸੀ। ਭਾਈ ਲਛਮਣ ਸਿੰਘ 'ਧੀਰੋਵਾਲ' ਦਾ ਜਥਾ 20 ਫਰਵਰੀ, 1921 ਨੂੰ ਨਨਕਾਣਾ ਸਾਹਿਬ ਪਹੁੰਚਿਆ। ਮਹੰਤ ਦੇ ਇਸ਼ਾਰੇ 'ਤੇ ਮਹੰਤ ਦੇ ਗੁੰਡਿਆਂ ਨੇ ਡੇਢ ਸੌ ਦੇ ਕਰੀਬ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ। ਜਦ ਇਸ ਸਾਕੇ ਬਾਰੇ ਖ਼ਬਰ ਸਭ ਪਾਸੇ ਪਹੁੰਚੀ ਤਾਂ ਸਿੱਖ ਸੰਗਤਾਂ ਜਾਨ ਦੀ ਪ੍ਰਵਾਹ ਨਾ ਕਰਦੀਆਂ ਹੋਈਆਂ ਨਨਕਾਣਾ ਸਾਹਿਬ ਪਹੁੰਚ ਗਈਆਂ। ਨਨਕਾਣਾ ਸਾਹਿਬ ਦੇ ਗੁਰਦੁਆਰੇ ਨੂੰ ਫ਼ੌਜ ਨੇ ਘੇਰਾ ਪਾਇਆ ਹੋਇਆ ਸੀ, ਪਰ ਸਿੱਖ ਸੰਗਤ ਏਨੇ ਜੋਸ਼ ਵਿਚ ਸੀ ਕਿ ਫ਼ੌਜ ਵੀ ਉਨ੍ਹਾਂ ਨੂੰ ਗੁਰਦੁਆਰੇ ਦੇ ਨੇੜੇ ਜਾਣ ਤੋਂ ਰੋਕ ਨਾ ਸਕੀ। ਸਰਕਾਰ ਨੇ ਸੱਤ ਮੈਂਬਰੀ ਕਮੇਟੀ ਨੂੰ ਨਨਕਾਣਾ ਸਾਹਿਬ ਦੀਆਂ ਚਾਬੀਆਂ ਸੌਂਪ ਦਿੱਤੀਆਂ। ਨਨਕਾਣਾ ਸਾਹਿਬ ਮਹੰਤ ਦੇ ਬੰਦਿਆਂ ਨੇ ਜਥੇ ਵਿਚ ਸ਼ਾਮਿਲ ਸਿੱਖਾਂ ਨੂੰ ਗੋਲੀਆਂ ਮਾਰ ਕੇ, ਟਕੂਏ ਨਾਲ ਟੋਟੇ ਕਰਕੇ, ਘੁਮਿਆਰ ਦੀ ਭੱਠੀ ਵਿਚ ਸੁੱਟ ਕੇ, ਮਿੱਟੀ ਦਾ ਤੇਲ ਪਾ ਅੱਗ ਲਾ ਕੇ, ਬਲਦੀ ਅੱਗ ਵਿਚ ਸੁੱਟ ਕੇ, ਕੋਠੇ ਤੋਂ ਹੇਠਾਂ ਸੁੱਟ ਕੇ, ਜੰਡ ਨਾਲ ਬੰਨ੍ਹ ਕੇ ਸ਼ਹੀਦ ਕੀਤਾ। ਇਸ ਸਾਕੇ ਨੇ ਗੁਰਦੁਆਰਿਆਂ ਨੂੰ ਮਹੰਤਾਂ ਤੋਂ ਆਜ਼ਾਦ ਕਰਵਾਈ ਲਈ ਸਿੰਘਾਂ ਦੇ ਮਨਾਂ ਅੰਦਰ ਭਾਂਬੜ ਬਾਲ ਦਿੱਤੇ। ਸਮੁੱਚਾ ਪੰਥ ਹਰ ਤਰ੍ਹਾਂ ਦੀ ਕੁਰਬਾਨੀ ਕਰਨ ਲਈ ਤਿਆਰ ਹੋ ਗਿਆ। ਨਨਕਾਣਾ ਸਾਹਿਬ ਦੇ ਸਾਕੇ ਤੋਂ ਬਾਅਦ ਸਿੰਘਾਂ ਨੇ ਕਾਲੀਆਂ ਦਸਤਾਰਾਂ ਅਤੇ ਬੀਬੀਆਂ ਨੇ ਕਾਲੇ ਦੁਪੱਟੇ ਲੈਣੇ ਸ਼ੁਰੂ ਕਰ ਦਿੱਤੇ। ਨਨਕਾਣਾ ਸਾਹਿਬ ਵਿਖੇ ਵੱਡੇ-ਵੱਡੇ ਕੜਾਹੇ ਕਾਲੇ ਰੰਗ ਦੇ ਭਰੇ ਪਏ ਸਨ। ਜੋ ਵੀ ਮਾਈ ਭਾਈ ਨਨਕਾਣਾ ਸਾਹਿਬ ਦਰਸ਼ਨ ਕਰਨ ਜਾਂਦਾ ਆਪਣੀ ਦਸਤਾਰ ਕਾਲੇ ਰੰਗ ਵਿਚ ਰੰਗ ਕੇ ਲੈ ਜਾਂਦਾ।
ਗੁਰਦੁਆਰਾ ਸੁਧਾਰ ਲਹਿਰ ਦੇ ਪਹਿਲੇ ਸ਼ਹੀਦ ਭਾਈ
ਹਜ਼ਾਰਾ ਸਿੰਘ ਅਲਾਦੀਨਪੁਰ (ਤਰਨ ਤਾਰਨ) ਦੀ ਸ਼ਹੀਦੀ
ਯਾਦਗਾਰ ਅਤੇ (ਸੱਜੇ) ਸ਼ਹੀਦ ਭਾਈ ਹਜ਼ਾਰਾ ਸਿੰਘ ਅਲਾਦੀਨਪੁਰ

ਮਹੰਤ ਨਾਰਾਇਣ ਦਾਸ ਸਜ਼ਾ ਭੁਗਤ ਕੇ 1930 ਈ: ਨੂੰ ਰਿਹਾਅ ਹੋਇਆ ਅਤੇ 1955 ਈ: ਵਿਚ ਦੇਹਰਾਦੂਨ ਬਿਮਾਰੀ ਦੀ ਹਾਲਤ ਵਿਚ ਮਰ ਗਿਆ। ਇਸ ਗੱਲ ਦਾ ਆਮ ਲੋਕਾਂ ਨੂੰ ਪਤਾ ਨਹੀਂ ਸੀ ਕਿ ਮਹੰਤ ਨਾਰਾਇਣ ਦਾਸ ਜਿਊਂਦਾ ਹੈ।

ਨਨਕਾਣਾ ਸਾਹਿਬ ਦੇ ਸਾਕੇ ਅਤੇ ਗੁਰੂ ਕੇ ਬਾਗ ਦੇ ਮੋਰਚੇ ਵਿਚ ਗਏ ਅਕਾਲੀ ਸਿੰਘਾਂ ਦੀ ਬਹਾਦਰੀ ਅਤੇ ਸ਼ਾਂਤਮਈ ਰਹਿਣ ਦੀਆਂ ਧੁੰਮਾਂ ਸਾਰੀ ਦੁਨੀਆ ਵਿਚ ਪੈ ਗਈਆਂ। ਗੁਰੂ ਕੇ ਬਾਗ਼ ਦੇ ਮੋਰਚੇ ਵਿਚ ਜਾ ਰਹੇ ਅਕਾਲੀ ਸਿੰਘਾਂ ਨੂੰ ਦੇਖਣ ਵਾਸਤੇ ਕਿ ਸਿੱਖਾਂ ਵਰਗੀ ਬਹਾਦਰ ਕੌਮ ਜਥੇਦਾਰ ਅਕਾਲ ਤਖ਼ਤ ਸਾਹਿਬ ਦਾ ਹੁਕਮ ਮੰਨ ਕੇ ਸ਼ਾਂਤਮਈ ਰਹਿੰਦੀ ਹੋਈ ਬੀ. ਟੀ. ਦੇ ਜ਼ੁਲਮ ਨੂੰ ਕਿਵੇਂ ਸਹਿ ਰਹੀ ਹੈ, ਸੰਸਾਰ ਭਰ ਦੀ ਪ੍ਰੈੱਸ ਗੁਰੂ ਕੇ ਬਾਗ਼ ਪਹੁੰਚੀ। ਸਿੰਘ ਸ਼ਾਂਤਮਈ ਗੁਰੂ ਕੇ ਬਾਗ਼ ਨੂੰ ਜਾਂਦੇ। ਬੀ. ਟੀ. ਦੇ ਪੁਲਿਸ ਮੁਲਾਜ਼ਮ ਸਿੰਘਾਂ ਨੂੰ ਸੁੰਮਾਂ ਵਾਲੀਆਂ ਡਾਂਗਾਂ ਮਾਰ-ਮਾਰ ਕੇ ਬੇਹੋਸ਼ ਕਰ ਦਿੰਦੇ। ਬੇਹੋਸ਼ ਹੋਏ ਸਿੰਘਾਂ 'ਤੇ ਘੋੜੇ ਦੁੜਾਏ ਜਾਂਦੇ, ਗੁਪਤ ਅੰਗਾਂ 'ਤੇ ਸੱਟਾਂ ਮਾਰੀਆਂ ਜਾਂਦੀਆਂ, ਡਾਂਗਾਂ ਮਾਰ ਕੇ ਸਿਰ ਪਾੜ ਦਿੱਤੇ ਜਾਂਦੇ, ਬੇਹੋਸ਼ ਹੋਏ ਸਿੰਘਾਂ ਨੂੰ ਖਿੱਚ ਕੇ ਟੋਇਆਂ ਵਿਚ ਸੁੱਟ ਦਿੱਤਾ ਜਾਂਦਾ। ਏਨਾ ਤਸ਼ੱਦਦ ਸਹਿ ਕੇ ਵੀ ਸਿੰਘਾਂ ਦੇ ਮੂੰਹ ਵਿਚੋਂ ਸਤਿਨਾਮੁ ਵਾਹਿਗੁਰੂ ਦੀ ਆਵਾਜ਼ ਹੀ ਨਿਕਲਦੀ ਸੀ। ਜ਼ਖਮੀ ਹਾਲਤ ਵਿਚ ਸਿੰਘਾਂ ਨੂੰ ਹਸਪਤਾਲ ਪਹੁੰਚਾਇਆ ਜਾਂਦਾ, ਸਿੰਘਾਂ ਵਿਚ ਏਨਾ ਜੋਸ਼ ਸੀ ਕਿ ਠੀਕ ਹੋ ਕੇ ਫਿਰ ਗੁਰੂ ਕੇ ਬਾਗ਼ ਨੂੰ ਤੁਰ ਪੈਂਦੇ। ਨਾਲੇ ਪਤਾ ਸੀ ਡਾਂਗਾਂ ਪੈਣੀਆਂ ਹਨ, ਤਸ਼ੱਦਦ ਹੋਣਾ ਹੈ ਪਰ ਧਨ ਗੁਰੂ ਤੇ ਧਨ ਗੁਰੂ ਦੇ ਸਿੱਖ ਜਿਹੜੇ ਗੁਰਧਾਮਾਂ ਲਈ ਕੁਰਬਾਨੀ ਕਰਨ ਤੋਂ ਪਿੱਛੇ ਨਾ ਹਟਦੇ।

ਜਥਾ ਹਰ ਰੋਜ਼ ਗੁਰੂ ਕੇ ਬਾਗ਼ ਗ੍ਰਿਫ਼ਤਾਰੀ ਲਈ ਜਾਂਦਾ। ਲਾਇਲਪੁਰ ਦਾ ਨੌਜਵਾਨ ਪ੍ਰਿਥੀਪਾਲ ਸਿੰਘ ਸਾਬਕਾ ਵਿਦਿਆਰਥੀ ਖਾਲਸਾ ਕਾਲਜ ਅੰਮ੍ਰਿਤਸਰ, ਜਥੇ ਦੀ ਅਗਵਾਈ ਕਰਕੇ ਗੁਰੂ ਕੇ ਬਾਗ਼ ਗਿਆ, ਪੁਲਿਸ ਨੇ ਜਥੇ ਨੂੰ ਰੋਕ ਕੇ ਛੀਨਿਆਂ ਦੇ ਪੁਲ ਉਤੇ ਜਥੇ ਦੇ ਸਿੰਘਾਂ ਨੂੰ ਡਾਂਗਾਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਸ: ਪ੍ਰਿਥੀਪਾਲ ਸਿੰਘ ਉੱਚਾ ਲੰਮਾ ਗੱਭਰੂ, ਚੌੜੀ ਛਾਤੀ, ਪੁਲਿਸ ਵਾਲਿਆਂ ਨੇ ਆਪਣਾ ਪੂਰਾ ਗੁੱਸਾ ਪ੍ਰਿਥੀਪਾਲ ਸਿੰਘ 'ਤੇ ਕੱਢਿਆ। ਪ੍ਰਿਥੀਪਾਲ ਸਿੰਘ ਡਾਂਗਾਂ ਖਾ ਕੇ ਫਿਰ ਖੜ੍ਹਾ ਹੋ ਜਾਂਦਾ। ਅਖੀਰ ਚਾਰ ਪੁਲਿਸੀਏ ਪ੍ਰਿਥੀਪਾਲ ਸਿੰਘ ਦੀ ਛਾਤੀ 'ਤੇ ਬੈਠ ਗਏ ਅਤੇ ਅੰਨ੍ਹਾ ਤਸ਼ੱਦਦ ਕੀਤਾ। ਪ੍ਰਿਥੀਪਾਲ ਸਿੰਘ ਦੇ 96 ਡਾਂਗਾਂ ਵੱਜੀਆਂ, ਸਾਰੇ ਸਰੀਰ 'ਤੇ ਡੂੰਘੇ ਜ਼ਖ਼ਮ ਸਨ। ਮਿਸਟਰ ਬੀ. ਟੀ. ਨੇ ਪ੍ਰਿਥੀਪਾਲ ਸਿੰਘ ਨੂੰ ਕਿਹਾ ਕਿ ਮਿਸਟਰ ਪ੍ਰਿਥੀਪਾਲ ਸਿੰਘ ਟੈਲ ਮੀ ਵੇਅਰ ਇੰਜ. ਯੂਅਰ ਗੋਬਿੰਦਾ (ਗੁਰੂ ਗੋਬਿੰਦ ਸਿੰਘ) ਪ੍ਰਿਥੀਪਾਲ ਸਿੰਘ ਜੋ ਪੂਰਾ ਜ਼ਖਮੀ ਅਤੇ ਅੱਧ ਬੇਹੋਸ਼ੀ ਦੀ ਹਾਲਤ ਵਿਚ ਸੀ, ਬੀ. ਟੀ. ਦੀ ਗੱਲ ਸੁਣ ਕੇ, ਕਲਗੀਧਰ ਪਾਤਸ਼ਾਹ ਨੂੰ ਦਿਲ ਵਿਚ ਧਿਆਉਂਦਾ ਹੋਇਆ ਫਿਰ ਖੜ੍ਹਾ ਹੋ ਗਿਆ ਅਤੇ ਕਹਿਣ ਲੱਗਾ ਮਿਸਟਰ ਬੀ. ਟੀ. ਤੈਨੂੰ ਮੈਂ ਹੁਣੇ ਦੱਸ ਦਿਆਂ ਕਿ ਗੁਰੂ ਗੋਬਿੰਦ ਸਿੰਘ ਜੀ ਕਿੱਥੇ ਹਨ? ਪਰ ਮੈਨੂੰ ਜਥੇਦਾਰ ਅਕਾਲ ਤਖ਼ਤ ਦਾ ਹੁਕਮ ਨਹੀਂ ਕਿ ਤੇਰੇ ਉੱਪਰ ਹੱਥ ਚੁੱਕਾਂ। ਇਹੋ ਜਿਹੇ ਸਨ ਗੁਰੂ ਦੇ ਸਿੰਘ। ਹਰ ਤਰ੍ਹਾਂ ਦੀ ਦਲੇਰੀ ਹੋਣ ਦੇ ਬਾਵਜੂਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੀ ਦੇ ਹੁਕਮ ਨੂੰ ਪਹਿਲ ਦਿੰਦੇ ਸਨ। ਇਸ ਨੌਜਵਾਨ ਦਾ ਪੌਣੇ ਦੋ ਸਾਲ ਇਲਾਜ ਚਲਦਾ ਰਿਹਾ। ਜ਼ਖਮ ਡੂੰਘੇ ਹੋਣ ਕਰਕੇ ਅਖੀਰ 2 ਅਪ੍ਰੈਲ, 1924 ਨੂੰ ਇਹ ਸ਼ਹੀਦੀ ਪਾ ਗਿਆ। ਇਸ ਨੌਜਵਾਨ ਦਾ ਅੰਮ੍ਰਿਤਸਰ ਵਿਖੇ ਸੰਸਕਾਰ ਕੀਤਾ ਗਿਆ। ਇਸ ਨੌਜਵਾਨ ਦੀ ਭੂਆ ਸ: ਤੇਜਾ ਸਿੰਘ ਸਮੁੰਦਰੀ ਦੀ ਧਰਮ ਮਾਂ ਸੀ।

(ਬਾਕੀ ਅਗਲੇ ਐਤਵਾਰ)
ਹਰਵਿੰਦਰ ਸਿੰਘ ਖ਼ਾਲਸਾ (ਬਠਿੰਡਾ)
 ਮੋ: 98155-33725




Post Comment


ਗੁਰਸ਼ਾਮ ਸਿੰਘ ਚੀਮਾਂ