ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Wednesday, September 19, 2012

ਮਾਸਟਰ ਤਾਰਾ ਸਿੰਘ

ਮਾਸਟਰ ਤਾਰਾ ਸਿੰਘ

20ਵੀਂ ਸਦੀ ਦੇ ਮਹਾਨ ਸਿੱਖ ਆਗੂ ਮਾਸਟਰ ਤਾਰਾ ਸਿੰਘ ਦਾ ਜਨਮ ਪੱਛਮੀ ਪੰਜਾਬ (ਪਾਕਿਸਤਾਨ) ਦੇ ਜ਼ਿਲ੍ਹਾ ਰਾਵਲਪਿੰਡੀ ਦੇ ਹਰਿਆਲ ਨਾਂਅ ਦੇ ਪਿੰਡ ਵਿਚ ਮਾਤਾ ਮੂਲਾਂ ਦੇਵੀ ਦੀ ਕੁੱਖ ਤੋਂ ਪਿਤਾ ਬਖਸ਼ੀ ਗੋਪੀ ਚੰਦ ਮਲਹੋਤਰਾ (ਜੋ ਕਿੱਤੇ ਵਜੋਂ ਪਟਵਾਰੀ ਸਨ) ਦੇ ਘਰ 24 ਜੂਨ, 1885 ਈ: ਨੂੰ ਹੋਇਆ। ਮਾਸਟਰ ਜੀ ਦਾ ਪਹਿਲਾਂ ਨਾਂਅ ਨਾਨਕ ਚੰਦ ਸੀ, ਪਰ ਸਿੰਘ ਸਭਾ ਲਹਿਰ ਅਤੇ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਦੇ ਪ੍ਰਭਾਵ 'ਚ 1902 ਈ: ਵਿਚ ਉਹ ਅੰਮ੍ਰਿਤ ਛਕ ਕੇ ਸਿੰਘ ਸਜ ਗਏ ਅਤੇ ਨਾਨਕ ਚੰਦ ਤੋਂ ਤਾਰਾ ਸਿੰਘ ਬਣ ਗਏ। ਮੁੱਢਲੀ ਸਿੱਖਿਆ ਉਨ੍ਹਾਂ ਪਿੰਡ ਦੇ ਮਦਰੱਸੇ ਤੋਂ ਪ੍ਰਾਪਤ ਕੀਤੀ। ਮਾਸਟਰ ਜੀ ਨੇ ਉੱਚ ਸਿੱਖਿਆ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ। ਇਥੋਂ ਗਰੈਜੂਏਸ਼ਨ ਕਰਨ ਤੋਂ ਪਿੱਛੋਂ ਉਨ੍ਹਾਂ ਲਾਹੌਰ ਤੋਂ ਬੀ. ਟੀ. ਪਾਸ ਕੀਤੀ। ਟੀਚਰ ਟ੍ਰੇਨਿੰਗ ਲਈ ਬੈਚੁਲਰ ਦੀ ਡਿਗਰੀ ਤੋਂ ਪਿੱਛੋਂ ਮਾਸਟਰ ਤਾਰਾ ਸਿੰਘ ਖ਼ਾਲਸਾ ਹਾਈ ਸਕੂਲ ਦੇ ਹੈੱਡਮਾਸਟਰ ਵਜੋਂ ਨਿਯੁਕਤ ਹੋਏ।

ਗੁਰਦੁਆਰਾ ਸੁਧਾਰ ਲਹਿਰ ਲਈ ਚਲੇ ਸੰਘਰਸ਼ ਵਿਚ ਅੰਗਰੇਜ਼ ਸਰਕਾਰ ਨੇ ਬਾਕੀ ਅਕਾਲੀ ਲੀਡਰਾਂ ਸਮੇਤ ਮਾਸਟਰ ਜੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਜਦੋਂ ਰਿਹਾਈ ਹੋਈ, ਉਸ ਸਮੇਂ ਅੰਗਰੇਜ਼ ਸਰਕਾਰ ਵਲੋਂ ਗੁਰਦੁਆਰਾ ਐਕਟ-1925 ਸਿੱਖਾਂ ਦੇ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧਾਂ ਲਈ ਲਾਗੂ ਕੀਤਾ। ਅਕਾਲੀ ਦਲ ਨੂੰ ਇਸੇ ਐਕਟ ਨੇ ਦੋ ਧੜਿਆਂ ਵਿਚ ਵੰਡ ਦਿੱਤਾ। ਮਾਸਟਰ ਜੀ ਦੂਜੇ ਧੜੇ ਨਾਲ ਜੁੜ ਗਏ। ਜਦੋਂ 1926 ਵਿਚ ਜੇਲ੍ਹੋਂ ਬਾਹਰ ਆਏ ਤਾਂ ਆਪ ਨੂੰ ਸ਼੍ਰੋਮਣੀ ਕਮੇਟੀ ਦੇ ਮੀਤ ਪ੍ਰਧਾਨ ਬਣਾਇਆ ਗਿਆ। ਇਸ ਤੋਂ ਪਿੱਛੋਂ ਸਮੇਂ-ਸਮੇਂ ਮਾਸਟਰ ਜੀ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਆਪਣੇ ਫਰਜ਼ ਨਿਭਾਉਂਦੇ ਰਹੇ।

ਦੇਸ਼ ਦੀ ਵੰਡ ਤੋਂ ਬਾਅਦ ਫਰਵਰੀ, 1949 ਈ: ਵਿਚ ਜਦੋਂ ਦਿੱਲੀ ਵਿਚ ਹੋ ਰਹੀ ਅਕਾਲੀ ਕਾਨਫ਼ਰੰਸ ਵਿਚ ਆਪ ਹਿੱਸਾ ਲੈਣ ਜਾ ਰਹੇ ਸਨ ਤਾਂ ਆਜ਼ਾਦ ਦੇਸ਼ ਵਿਚ ਦਿੱਲੀ 'ਚ ਦਾਖ਼ਲੇ ਤੋਂ ਪਹਿਲਾਂ ਨਰੇਲਾ ਸਟੇਸ਼ਨ 'ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਰਿਹਾਈ ਤੋਂ ਪਿੱਛੋਂ ਆਪ ਨੇ ਭਾਸ਼ਾ 'ਤੇ ਆਧਾਰਿਤ ਪੰਜਾਬੀ ਸੂਬੇ ਲਈ ਸੰਘਰਸ਼ ਦਾ ਐਲਾਨ ਕਰ ਦਿੱਤਾ। 1960 ਈ: ਵਿਚ ਹੋਈਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਮਾਸਟਰ ਜੀ ਨੇ 140 ਸੀਟਾਂ ਵਿਚੋਂ 136 ਸੀਟਾਂ ਅਕਾਲੀ ਦਲ ਲਈ ਜਿੱਤੀਆਂ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ। ਛੇਤੀ ਹੀ ਪ੍ਰਧਾਨਗੀ ਛੱਡ ਕੇ ਪੰਜਾਬੀ ਸੂਬੇ ਦੇ ਅੰਦੋਲਨ ਵਿਚ ਕੁੱਦ ਪਏ। ਅੰਮ੍ਰਿਤਸਰ ਵਿਚ 'ਪੰਜਾਬੀ ਸੂਬਾ ਕਨਵੈਨਸ਼ਨ' ਵਿਚ 'ਪੰਜਾਬੀ ਸੂਬਾ' ਬਣਾਉਣ ਲਈ ਮਤਾ ਪਾਸ ਕਰਵਾਇਆ। ਦਿੱਲੀ ਵਿਚ ਪ੍ਰਭਾਵਸ਼ਾਲੀ ਜਲੂਸ ਕੱਢਣ ਦਾ ਐਲਾਨ ਕੀਤਾ ਗਿਆ। ਜਲੂਸ ਤੋਂ ਪਹਿਲਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਪਰ ਸਿੱਖਾਂ ਵੱਲੋਂ ਪੰਜਾਬੀ ਸੂਬੇ ਦੀ ਮੰਗ ਲਈ ਸ਼ਾਨਦਾਰ ਜਲੂਸ ਕੱਢਿਆ ਗਿਆ। 4 ਜਨਵਰੀ, 1961 ਨੂੰ ਰਿਹਾਅ ਹੋ ਕੇ ਸੰਤ ਫਤਹਿ ਸਿੰਘ ਵੱਲੋਂ ਸ਼ੁਰੂ ਕੀਤਾ ਮਰਨ ਵਰਤ ਖੁਲ੍ਹਵਾਇਆ। ਆਪ ਜੀ ਵੱਲੋਂ 'ਸੱਚਾ ਢੰਡੋਰਾ' ਅਤੇ 'ਪਰਦੇਸੀ ਖਾਲਸਾ' ਸਪਤਾਹਿਕ ਮੈਗਜ਼ੀਨ ਵੀ ਸ਼ੁਰੂ ਕੀਤੇ ਜੋ ਪਿੱਛੋਂ 'ਅਕਾਲੀ' ਅਖ਼ਬਾਰ ਦੇ ਰੂਪ ਵਿਚ ਬਦਲ ਗਏ। 1961 ਈ: ਵਿਚ 'ਜਥੇਦਾਰ' ਅਖ਼ਬਾਰ ਛਾਪਣਾ ਸ਼ੁਰੂ ਕੀਤਾ। ਉਰਦੂ ਵਿਚ ਪੰਥਕ ਹਿੱਤਾਂ ਲਈ 'ਪ੍ਰਭਾਤ' ਅਖ਼ਬਾਰ ਵੀ ਕੱਢਿਆ। 1949 ਈ: ਵਿਚ ਆਪ ਜੀ ਵੱਲੋਂ ਸ਼ੁਰੂ ਕੀਤਾ 'ਸੰਤ ਸਿਪਾਹੀ' ਮਾਸਿਕ ਪੱਤਰ ਹੁਣ ਤੱਕ ਛਪ ਰਿਹਾ ਹੈ। ਮਾਸਟਰ ਤਾਰਾ ਸਿੰਘ ਵਰਗੀ ਮਹਾਨ ਸ਼ਖ਼ਸੀਅਤ 22 ਨਵੰਬਰ, 1967 ਈ: ਨੂੰ ਹਮੇਸ਼ਾ ਲਈ ਸਾਡੇ ਪਾਸੋਂ ਵਿਦਾ ਹੋ ਗਈ।

-ਭਗਵਾਨ ਸਿੰਘ ਜੌਹਲ




Post Comment

Friday, September 14, 2012

ਗੁਰਦੁਆਰਾ ਸੁਧਾਰ ਲਹਿਰ ਦਾ ਵੱਡਾ ਸਾਕਾ


ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਪਿਤਾ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ‘ਧਰਮ ਹੇਤ ਸਾਕਾ’ ਕਿਹਾ ਹੈ, ਜਿਸ ਤੋਂ ਸਾਕਾ ਸ਼ਬਦ ਸਿੱਖ ਸ਼ਬਦਾਵਲੀ ਦਾ ਅਟੁੱਟ ਹਿੱਸਾ ਬਣ ਗਿਆ। ਸਾਕੇ ਦਾ ਅਰਥ ਹੈ, ਕੋਈ ਐਸਾ ਕਰਮ ਜੋ ਇਤਿਹਾਸ ਵਿਚ ਪ੍ਰਸਿੱਧ ਰਹਿਣ ਲਾਇਕ ਹੋਵੇ। ਵਚਿੱਤਰ, ਅਨੋਖੀ, ਅਦੁੱਤੀ, ਅਜੀਬ ਘਟਨਾ ਨੂੰ ਸਾਕਾ ਕਿਹਾ ਜਾਂਦਾ ਹੈ। ਸਪਸ਼ਟ ਹੈ ਕਿ ਇਹ ਸ਼ਬਦ ਭਾਰੀ ਦੁਖਾਂਤਕ ਘਟਨਾ ਵਾਸਤੇ ਵਰਤਿਆ ਜਾਂਦਾ ਹੈ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਪੰਜਾਬੀਆਂ ਤੇ ਖਾਸ ਕਰਕੇ ਸਿੱਖਾਂ ਨੂੰ ਇਸ ਅਰਥ ਭਾਵ ਵਾਲੇ ਸਾਕਿਆਂ ਸਨਮੁਖ ਹੋਣਾ ਪਿਆ। ਜਲ੍ਹਿਆਂ ਵਾਲੇ ਬਾਗ ਦਾ ਸਾਕਾ, ਨਨਕਾਣਾ ਸਾਹਿਬ ਦਾ ਸਾਕਾ, ਪੰਜਾ ਸਾਹਿਬ ਦਾ ਸਾਕਾ, ਸਾਕਾ ਗੁਰੂ ਕਾ ਬਾਗ ਆਦਿ। ਅੰਗਰੇਜ਼ੀ ਸ਼ਾਸਕਾਂ ਦੀ ਸ਼ਹਿ ’ਤੇ ਮਹੰਤਸ਼ਾਹੀ ਦੇ ਤਾਂਡਵ ਨਾਚ ਦੀ ਦਰਦਨਾਕ ਕਹਾਣੀ ਨੂੰ ਸਾਕਾ ਨਨਕਾਣਾ ਸਾਹਿਬ ਰੂਪਮਾਨ ਕਰਦਾ ਹੈ। ਇਨ੍ਹਾਂ ਸਾਕਿਆਂ ਨੂੰ ਢਾਡੀ ਬੀਰ ਰਸੀ ਵਾਰਾਂ ਰਾਹੀਂ ਪ੍ਰਗਟ ਕਰਨ ਲਈ ‘ਸਾਕਾ ਕਾਵਿ’ ਰੂਪ ਪ੍ਰਚਲਿਤ ਹੋਇਆ।
ਨਨਕਾਣਾ ਸਾਹਿਬ, ਨਾਨਕਿਆਣਾ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ਨਾਨਕ ਆਯਨ – ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਯਨ ਭਾਵ ਘਰ। ਇਸ ਧਰਤ-ਸੁਹਾਵੀ ਦਾ ਪਹਿਲਾ ਨਾਂ ਰਾਇਪੁਰ ਫਿਰ ਤਲਵੰਡੀ ਰਾਇ ਭੋਇ ਤੇ ਸਦੀਵੀ ਨਾਉਂ ਨਨਕਾਣਾ ਸਾਹਿਬ ਪ੍ਰਚਲਿਤ ਹੋਇਆ। ਨਨਕਾਣਾ ਸਾਹਿਬ ਦੀ ਧਰਤੀ ’ਤੇ ਸ੍ਰੀ ਗੁਰੂ ਨਾਨਕ ਸਾਹਿਬ ਨੇ ਅਨੇਕਾਂ ਅਲੌਕਿਕ ਚੋਜ ਕੀਤੇ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ’ਤੇ 1613 ਈ. ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਆਗਮਨ ਨਾਲ ਯਾਦਗਾਰੀ ਅਸਥਾਨ ਸਥਾਪਿਤ ਹੋਇਆ ਜੋ ਸਮੇਂ ਦੇ ਬੀਤਣ ਨਾਲ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਦੇ ਨਾਂ ਨਾਲ ਵਿਸ਼ਵ ਪ੍ਰਸਿੱਧ ਹੋਇਆ। ਉਦਾਸੀ ਸੰਪਰਦਾ ਦੇ ਮੁਖੀ ਬਾਬਾ ਅਲਮਸਤ ਜੀ ਨੂੰ ਗੁਰਦੁਆਰਾ ਜਨਮ ਅਸਥਾਨ ਦੀ ਸੇਵਾ-ਸੰਭਾਲ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਸੌਂਪੀ ਸੀ। ਇਸ ਤਰ੍ਹਾਂ ਆਰੰਭ ਤੋਂ ਹੀ ਇਸ ਪਵਿੱਤਰ ਅਸਥਾਨ ਦਾ ਪ੍ਰਬੰਧ ਉਦਾਸੀ ਸੰਪਰਦਾ ਦੇ ਮਹੰਤ-ਪੁਜਾਰੀ ਹੀ ਕਰਦੇ ਰਹੇ। ਸਿੱਖ ਰਾਜ ਕਾਲ ਸਮੇਂ ਗੁਰਦੁਆਰਿਆਂ ਦੇ ਨਾਂ ਲੱਗੀਆਂ ਬੇਸ਼ੁਮਾਰ ਜਗੀਰਾਂ-ਜਾਇਦਾਦਾਂ ਨੇ ਮਹੰਤਾਂ ਨੂੰ ਆਲਸੀ-ਅਯਾਸ਼ ਤੇ ਭ੍ਰਿਸ਼ਟ-ਕੁਕਰਮੀ ਬਣਾ ਦਿੱਤਾ। ਸਿੱਖ ਰਾਜ ਦਾ ਸੂਰਜ ਅਸਤ ਹੋਣ ਦੀ ਦੇਰ ਸੀ ਕਿ ਮਹੰਤਾਂ-ਪੁਜਾਰੀਆਂ ਨੇ ਅੰਗਰੇਜ਼ ਭਗਤ ਬਣ ਐਸ਼-ਪ੍ਰਸਤੀ ਕਰਨੀ ਸ਼ੁਰੂ ਕਰ ਦਿੱਤੀ। ਮਹੰਤ-ਪੁਜਾਰੀ ਗੁਰਦੁਆਰਿਆਂ ਦੀਆਂ ਜ਼ਮੀਨਾਂ-ਜਾਇਦਾਦਾਂ ਨੂੰ ਆਪਣੀ ਨਿੱਜੀ ਪਿਤਾ-ਪੁਰਖੀ ਮਾਲਕੀ ਮਹਿਸੂਸ ਕਰਨ ਲੱਗੇ। ਮਹੰਤਾਂ-ਪੁਜਾਰੀਆਂ ਨੇ ਗੁਰਦੁਆਰਿਆਂ ਨੂੰ ਐਸ਼-ਪ੍ਰਸਤੀ ਦੇ ਡੇਰੇ (ਅੱਡੇ) ਬਣਾ ਲਿਆ। ਜਦ ਸਿੱਖਾਂ ਦੇ ਘਰ ਘੋੜਿਆਂ ਦੀਆਂ ਕਾਠੀਆਂ ’ਤੇ ਸਨ ਤਦ ਵੀ ਗੁਰਦੁਆਰਾ ਪ੍ਰਬੰਧ ਆਮ ਕਰਕੇ ਪਿਤਾ ਪੁਰਖੀ ਮਹੰਤਾਂ- ਉਦਾਸੀਆਂ ਤੇ ਨਿਰਮਲਿਆਂ ਪਾਸ ਹੀ ਸੀ। ਗੁਰੂ-ਘਰ ਦਾ ਪ੍ਰਬੰਧ ਉਸ ਸਮੇਂ ਤਕ ਠੀਕ ਚਲਦਾ ਰਿਹਾ, ਜਦੋਂ ਤਕ ਸਿੱਖ ਕਦਰਾਂ-ਕੀਮਤਾਂ ਅਨੁਸਾਰ ਜੀਵਨ ਬਸਰ ਕਰਦੇ ਰਹੇ। ਪਰ ਜਦ ਵੀ ਮਹੰਤਾਂ-ਪੁਜਾਰੀਆਂ, ਧਰਮੀ ਸਦਵਾਉਣ ਵਾਲਿਆਂ ਦਾ ਜੀਵਨ ‘ਕਰਤੂਤਿ ਪਸੂ ਕੀ ਮਾਨਸ ਜਾਤਿ’ ਵਾਲਾ ਹੋ ਜਾਵੇਗਾ ਤਾਂ ਗਿਰਾਵਟ ਆਉਣੀ ਨਿਸਚਿਤ ਹੈ। ਨਨਕਾਣਾ ਸਾਹਿਬ ਦੇ ਮਹੰਤ ਨਰੈਣ ਦਾਸ ਦਾ ਆਈ ਸੰਗਤ ਦੀ ਸ਼ਰਾਬ ਪੀ ਕੇ ਬੇਇੱਜ਼ਤੀ ਕਰਨਾ, ਬੀਬੀਆਂ ਦੀ ਅਜ਼ਮਤ ਨੂੰ ਹੱਥ ਪਾਉਣਾ ਨਿੱਤ ਦਾ ਕਰਮ ਬਣ ਗਿਆ ਸੀ। ਮਹੰਤਾਂ ਦੇ ਕੁਕਰਮਾਂ-ਦੁਰਾਚਾਰਾਂ ਦੇ ਦਾਗ ਨੂੰ ਧੋਣ ਵਾਸਤੇ ਪਵਿੱਤਰ ਖੂਨ ਦੀ ਜ਼ਰੂਰਤ ਸੀ ਜਿਸ ਨੂੰ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੇ ਪੂਰਾ ਕੀਤਾ। ਇਸ ਸਮੇਂ ਸਿੱਖ ਸਮਾਜ ਵਿਚ ਸਿੱਖ ਜਾਗ੍ਰਤੀ ਵਜੋਂ ਸਿੰਘ ਸਭਾ ਲਹਿਰ ਚਲ ਰਹੀ ਸੀ। ਚੇਤੰਨ ਗੁਰਸਿੱਖਾਂ ਨੇ ਗੁਰਦੁਆਰਾ ਪ੍ਰਬੰਧ ਨੂੰ ਪ੍ਰਵਾਰਿਕ ਪ੍ਰਬੰਧ ਤੋਂ ਪੰਥਕ ਪ੍ਰਬੰਧ ’ਚ ਲਿਆਉਣ ਲਈ ਕਮਰਕੱਸੇ ਕਰ ਲਏ। ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਨੂੰ ਮਹੰਤਾਂ ਦੇ ਪ੍ਰਬੰਧ ਤੋਂ ਆਜ਼ਾਦ ਕਰਾਉਣ ਲਈ ਗੁਰਸਿੱਖ ਮਰਜੀਵੜਿਆਂ ਦਾ ਸ਼ਾਂਤਮਈ ਜਥਾ ਫਰਵਰੀ,  1920 ਨੂੰ ਦਰਸ਼ਨੀ ਡਿਉੜੀ ਰਸਤੇ ਅੰਦਰ ਦਾਖਲ ਹੋਇਆ, ਜਿੱਥੇ ਇਨ੍ਹਾਂ ਨਾਨਕ ਨਾਮ ਲੇਵਾ ਗੁਰਸਿੱਖਾਂ ਦਾ ‘ਸੁਆਗਤ’ ਮਹੰਤ, ਉਸ ਦੇ ਗੁੰਡਿਆਂ, ਬਦਮਾਸ਼ਾਂ ਨੇ ਗੋਲੀਆਂ, ਡਾਂਗਾਂ, ਬਰਛੀਆਂ, ਤਲਵਾਰਾਂ ਆਦਿ ਮਾਰੂ ਹਥਿਆਰਾਂ ਨਾਲ ਕੀਤਾ, ਗੁਰੂ-ਘਰ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਖਾਤਰ ਗੁਰੂ ਕੇ ਲਾਲ ਸ਼ਾਂਤਮਈ ਰਹਿ ਕੇ ਸ਼ਹਾਦਤਾਂ ਪ੍ਰਾਪਤ ਕਰ ਗਏ।
ਸਾਕਾ ਨਨਕਾਣਾ ਸਾਹਿਬ ਵਾਪਰਨ ਸਮੇਂ ਕੁਝ ਭੱਟੀ ਮੁਸਲਾਮਾਨਾਂ, ਬਾਬਾ ਕਰਤਾਰ ਸਿੰਘ (ਬੇਦੀ), ਮੰਗਲ ਸਿੰਘ ਕੂਕਾ ਆਦਿ ਨੇ ਵੀ ਕੁਕਰਮੀ ਮਹੰਤਾਂ ਦਾ ਸਾਥ ਦਿੱਤਾ। ਮਹੰਤ ਨਰੈਣ ਦਾਸ ਤੇ ਮਿਸਟਰ ਕਰੀ ਡੀ.ਸੀ ਅਤੇ ਮਿਸਟਰ ਕਿੰਗ ਕਮਿਸ਼ਨਰ ਲਾਹੌਰ ਡਵੀਜ਼ਨ ਦੀ ਸ਼ਹਿ ’ਤੇ ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ ਖੂਨ ਨਾਲ ਲਾਲ ਹੋ ਗਈ। ਬਾਬਾ ਕਰਤਾਰ ਸਿੰਘ (ਬੇਦੀ) ਨੂੰ ਕੁਝ ਸਮੇਂ ਬਾਅਦ ਪੰਥ ਨਾਲ ਕੀਤੀ ਗਦਾਰੀ ਦਾ ਅਹਿਸਾਸ ਹੋਇਆ ਤਾਂ ਉਹ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋਇਆ ਜਿਸ ’ਤੇ ਉਸ ਨੂੰ ਹੁਣ ਤਕ ਦੀ ਸਭ ਤੋਂ ਸਖ਼ਤ ਤਨਖਾਹ ਲਾਈ ਗਈ।
ਇਹ ਦੁਖਾਂਤਕ ਸਾਕਾ ਗੁਰੂ ਨਾਨਕ ਦੇ ਘਰ ਨੂੰ ਕਪਟੀ ਮਹੰਤਾਂ ਤੋਂ ਆਜ਼ਾਦ  ਕਰਵਾਉਣ ਗਏ ਗੁਰਸਿੱਖਾਂ ਨਾਲ ਵਾਪਰਿਆ, ਇਸ ਤੋਂ ਵੱਧ ਦਰਦਨਾਕ ਘਟਨਾ ਕੀ ਹੋ ਸਕਦੀ ਹੈ। ਹਰ ਸਿੱਖ ਵਾਸਤੇ ਨਨਕਾਣਾ ਸਾਹਿਬ  ਪਵਿੱਤਰ ਧਰਤੀ ਹੈ। ਇੱਥੋਂ ਦਾ ਮਹੰਤ ਨਰੈਣ ਦਾਸ ਸਭ ਤੋਂ ਵੱਡਾ ਗੁਰੂ-ਘਰ ਦਾ ਦੋਖੀ ਸਾਬਤ ਹੋਇਆ। ਇਹ ਕੁਕਰਮੀ ਬਣ ਚੁੱਕਾ ਸੀ। ਧਰਮ-ਕਰਮ ਇਸ ਵਿੱਚੋਂ ਗਾਇਬ ਹੋ ਚੁੱਕਾ ਸੀ। ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਨੂੰ ਅਜਿਹੇ ਹੀ ਕਪਟੀ ਮਹੰਤਾਂ ਤੋਂ ਆਜ਼ਾਦ ਕਰਵਾ ਕੇ ਸੰਗਤੀ ਪ੍ਰਬੰਧ ’ਚ ਲਿਆਉਣ ਲਈ ਗੁਰਸਿੱਖਾਂ ਨੇ ਗੁਰਦੁਆਰਾ ਸੁਧਾਰ ਲਹਿਰ ਆਰੰਭ ਕੀਤੀ। ਜਿਸ ਤਹਿਤ ਸਭ ਤੋਂ ਪਹਿਲਾਂ ਗੁਰਦਆਰਾ ਬਾਬੇ ਦੀ ਬੇਰ ਸਿਆਲਕੋਟ ਅਕਤੂਬਰ, 1920 ਨੂੰ ਪੰਥਕ ਪ੍ਰਬੰਧ ’ਚ ਲਿਆ ਗਿਆ। ਫਿਰ ਅਕਤੂਬਰ, 1920 ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਪੰਥਕ ਹੱਥਾਂ ’ਚ ਆਇਆ।
ਮਹੰਤ ਨਰੈਣ ਦਾਸ ਦੇ ਬਦਮਾਸ਼ਾਂ ਦੇ ਜਬਰ-ਜ਼ੁਲਮ ਦੀ ਇੰਤਹਾ-ਚਰਮ ਸੀਮਾਂ ਦੇਖੋ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ’ਤੇ ਬੈਠਾ ਗ੍ਰੰਥੀ ਸਿੰਘ ਵੀ ਸ਼ਹੀਦ ਹੋ ਗਿਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ’ਚ ਵੀ ਗੋਲੀਆਂ ਲੱਗੀਆਂ, ਜਿਸ ਨੂੰ ‘ਸ਼ਹੀਦੀ ਬੀੜ’ ਕਿਹਾ ਜਾਂਦਾ ਹੈ। ਨਨਕਾਣਾ ਸਾਹਿਬ ਦੇ ਸਾਕੇ ਸਮੇਂ ਗੁਰਸਿੱਖਾਂ ਦੇ ਸਤਿ-ਸਿਦਕ, ਸਬਰ ਦੀ ਪਰਖ ਹੋਈ। ਗੁਰੂ ਕੇ ਲਾਲਾਂ ਨੇ ‘ਇਤੁ ਮਾਰਗਿ ਪੈਰੁ ਧਰੀਜੈੌ ਸਿਰੁ ਦੀਜੈ ਕਾਣਿ ਨ ਕੀਜੈੌ’ ਦੇ ਮਹਾਂਵਾਕ ਨੂੰ ਪ੍ਰਤੱਖ ਕਰ ਦਿਖਾਇਆ। ਇਹ ਸ਼ਹੀਦਾਂ ਦੇ ਪਵਿੱਤਰ ਖੂਨ ਸਦਕਾ ਹੀ ਅੰਗਰੇਜ਼ ਰਾਜ ਕਾਲ ਸਮੇਂ ਸੁਤੰਤਰ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਹੋਂਦ ’ਚ ਆਈ, ਜਿਸ ਨੂੰ ਸਿੱਖ ਪਾਰਲੀਮੈਂਟ ਹੋਣ ਦਾ ਮਾਣ-ਸਤਿਕਾਰ ਹਾਸਲ ਹੈ। ਇਸ ਦੁਖਾਂਤਕ ਸਾਕੇ ਨੂੰ ਸ਼ਬਦੀ ਰੂਪ ਨਹੀਂ ਦਿੱਤਾ ਜਾ ਸਕਦਾ। ਅੰਮ੍ਰਿਤ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ’ਤੇ ਦਰਸ਼ਨ-ਦੀਦਾਰ ਕਰ ਰਹੇ ਸ਼ਾਂਤਮਈ ਗੁਰਸਿੱਖਾਂ ’ਤੇ ਜਦੋਂ ਮਹੰਤ ਤੇ ਉਸ ਦੇ ਗੁੰਡਿਆਂ ਨੇ ਗੋਲੀਆਂ ਦਾ ਮੀਂਹ ਵਰਸਾਇਆ ਹੋਵੇਗਾ, ਕਿਤਨੀ ਕਰੁਣਾਮਈ-ਦੁਖਦਾਈ ਘੜੀ ਹੋਵੇਗੀ ਕੇਵਲ ਕਲਪਨਾ ਹੀ ਕੀਤੀ ਜਾ ਸਕਦੀ ਹੈ। ਗੁਰੂ ਨਾਨਕ ਨਾਮ ਲੇਵਾ ਗੁਰਸਿੱਖਾਂ ਨੇ ਆਪਣੇ ਪਾਕ-ਪਵਿੱਤਰ ਖੂਨ ਨਾਲ ਮਹੰਤਾਂ ਦੇ ਪਾਪਾਂ ਨਾਲ ਗੰਧਲੀ ਹੋਈ ਧਰਤੀ ਨੂੰ ਧੋ ਕੇ ਪਵਿੱਤਰ ਕਰ ਦਿੱਤਾ। ਕੋਮਲ-ਦਿਲ ਕਵੀ ਚਰਨ ਸਿੰਘ ਸਫ਼ਰੀ ਦੇ ਬੋਲ ਹਨ:-
ਸੜਦੇ ਜੰਡ ਨੇ ਪੁੱਛਿਆ ਭੱਠ ਕੋਲੋਂ ਸੜਨ ਵਾਲਾ ਕੀ ਸੜ ਕੇ ਮਰ ਗਿਆ ਏ?
ਭਖਦੇ ਭੱਠ ਨੇ ਅੱਗੋਂ ਜੁਆਬ ਦਿੱਤਾ, ਉਹ ਤਾਂ ਮੈਨੂੰ ਵੀ ਠੰਢਿਆਂ ਕਰ ਗਿਆ ਏ…
ਕਿਤਨੇ ਸਬਰ, ਸਹਿਜ ਸੀਤਲਤਾ ਦੇ ਧਾਰਨੀ ਹੋਣਗੇ ਗੁਰੂ-ਘਰ ਦੇ ਪਰਵਾਨੇ-ਗੁਰਸਿੱਖ ਜਿਨ੍ਹਾਂ ਨੂੰ ਜਿੰਦਾ ਜੰਡ ਨਾਲ ਬੰਨ੍ਹ, ਭੱਠ ਵਿਚ ਸੁੱਟ ਸਾੜਿਆ ਗਿਆ ਪਰ ਕਿਸੇ ਨੇ ਸੀ ਨਹੀਂ ਉਚਾਰੀ। ਗੁਰਦੁਆਰਾ ਜਨਮ-ਅਸਥਾਨ ਦੇ ਨਜ਼ਦੀਕ ਸਥਿਤ ਸ਼ਹੀਦੀ ਖੂਹ ਤੇ ਜੰਡ ਦਾ ਦਰੱਖਤ ਸ਼ਹੀਦਾਂ ਦੀ ਸ਼ਹੀਦੀ ਦਾਸਤਾਨ ਬਿਆਨ ਕਰਦਾ ਹੈ। ਜੰਡ ਦੇ ਦਰੱਖ਼ਤ ਦੀ ਸਾਂਭ-ਸੰਭਾਲ ਹੋਣੀ ਜ਼ਰੂਰੀ ਹੈ। ਅਪਰੈਲ, 1921 ’ਚ ਮਹੰਤ ਨਰੈਣ ਦਾਸ ਤੇ ਉਸ ਦੇ ਚਾਟੜਿਆਂ ’ਤੇ ਮੁਕੱਦਮਾ ਚਲਣਾ ਸ਼ੁਰੂ ਹੋਇਆ। 12 ਅਕਤੂਬਰ, 1921 ਨੂੰ ਮਹੰਤ ਨਰੈਣ ਦਾਸ ਤੇ ਉਸ ਦੇ 7 ਸਾਥੀਆਂ ਨੂੰ ਮੌਤ ਦੀ ਸਜ਼ਾ, 8 ਸਾਥੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ, ਪਰ ਹਾਈ ਕੋਰਟ ਨੇ ਮਹੰਤ ਦੀ ਮੌਤ ਦੀ ਸਜ਼ਾ ਉਮਰ ਕੈਦ ’ਚ ਤਬਦੀਲ ਕਰ ਦਿੱਤੀ। ਪਰ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਦੀ ਇਤਿਹਾਸਿਕ ਇਮਾਰਤ, ਵਿਸ਼ਾਲ ਦਰਸ਼ਨੀ ਡਿਉੜੀ ਤੇ ਖੁੱਲ੍ਹਾ ਵਿਹੜਾ ਸਮੇਂ-ਸਥਾਨ ਤੋਂ ਸੁਤੰਤਰ ਸ੍ਰੀ ਗੁਰੂ ਨਾਨਕ  ਸਾਹਿਬ ਦੀ ਵਿਚਾਰਧਾਰਾ ਨੂੰ ਅੱਜ ਵੀ ਰੂਪਮਾਨ ਕਰਦੇ ਹਨ। ਇਹ ਸਾਕੇ ਸਿੱਖੀ-ਸਿਦਕ, ਸਬਰ, ਸਾਹਸ ਤੇ ਸ਼ਹਾਦਤ ਨੂੰ ਪ੍ਰਤੱਖ ਤੌਰ ’ਤੇ ਰੂਪਮਾਨ ਕਰਦੇ ਹਨ। ਲੋੜ ਹੈ, ਇਨ੍ਹਾਂ ਤੋਂ ਪ੍ਰੇਰਨਾ ਲੈ   ਸਿੱਖ ਜੀਵਨ ਜਾਂਚ ’ਚ ਸਤਿ-ਸੰਤੋਖ ਦੇ ਧਾਰਨੀ ਹੋ ਸਮੇਂ ਦੇ ਹਾਣੀ ਹੋਣ ਦੀ!
ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸ੍ਰੀ ਅੰਮ੍ਰਿਤਸਰ ’ਚ ਸਥਾਪਿਤ ਕੀਤਾ ਅਤੇ ਸ਼ਹੀਦੀ ਜੀਵਨ ਪੁਸਤਕ ਉਚੇਚੇ ਤੌਰ ’ਤੇ ਲਿਖਵਾਈ, ਜਿਸ ਵਿਚ  86 ਸ਼ਹੀਦਾਂ ਦਾ ਜੀਵਨ ਵਰਣਨ ਕੀਤਾ ਗਿਆ।
ਦੇਸ਼ ਵੰਡ ਸਮੇਂ ਤਕ ਗੁਰਦੁਆਰਾ ਨਨਕਾਣਾ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਗੁ. ਪ੍ਰ. ਕਮੇਟੀ ਕਰਦੀ ਰਹੀ ਪਰ ਦੇਸ਼ ਦੇ ਬਟਵਾਰੇ ਨਾਲ ਜਿੱਥੇ ਸਿੱਖਾਂ ਦਾ ਬੇਸ਼ੁਮਾਰ ਜਾਨੀ ਤੇ ਮਾਲੀ ਨੁਕਸਾਨ ਹੋਇਆ, ਉਸ ਦੇ ਨਾਲ ਜਿੰਦ-ਜਾਨ ਤੋਂ ਪਿਆਰੇ ਗੁਰਦੁਆਰੇ-ਗੁਰਧਾਮਾਂ ਤੋਂ ਵੀ ਸਿੱਖ ਵਿਛੜ ਗਏ। ਵਿਛੋੜੇ ਦੇ ਨਾਸੂਰ ਨੂੰ ਭਰਨ ਵਾਸਤੇ ਹਰ ਸਿੱਖ ਸਵੇਰੇ-ਸ਼ਾਮ ਇਨ੍ਹਾਂ ਗੁਰਦੁਆਰਿਆਂ-ਗੁਰਧਾਮਾਂ ਦੇ ਦਰਸ਼ਨ-ਦੀਦਾਰ ਲਈ ਅਰਜੋਈ-ਜੋਦੜੀ ਕਰਦਾ ਹੈ।
ਜਿਸ ਧਰਤ ਸੁਹਾਵੀ ਤੋਂ ‘ਨਾਨਕ ਨਿਰਮਲ ਪੰਥ’ ਦਾ ਆਗਾਜ਼ ਹੋਇਆ, ਉਸ ਧਰਤੀ ਦੇ ਜ਼ਰੇ-ਜ਼ਰੇ ਨਾਲ ਹਰ ਨਾਨਕ ਨਾਮ ਲੇਵਾ ਦੀ ਮੁਹੱਬਤ ਹੋਣੀ ਲਾਜ਼ਮੀ ਹੈ। ਜਿਸ ਧਰਤੀ ਤੋਂ ਚੱਲ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ਸਚੁ ਸੁਣਾਇਸੀ ਸਚ ਕੀ ਬੇਲਾ’ ਦਾ ਸੰਦੇਸ਼ ਸਮੁੱਚੀ ਮਾਨਵਤਾ ਨੂੰ ਦਿੱਤਾ। ਗੁਰੂ ਨਾਨਕ ਸਾਹਿਬ ਨੇ ਜਬਰ-ਜ਼ੁਲਮ ਦੇ ਵਿਰੱੁਧ ਬੁਲੰਦ-ਆਵਾਜ਼ ਸਮੇਂ ਦੇ ਬਾਦਸ਼ਾਹ ਬਾਬਰ ਨੂੰ ਜਾਬਰ ਕਹਿ ਸਮੇਂ ਸਥਾਨ ਤੇ ਪ੍ਰਸਥਿਤੀਆਂ ਤੋਂ ਪ੍ਰਭਾਵਿਤ ਨਾ ਹੁੰਦਿਆਂ ਹੋਇਆਂ ਸਮੇਂ ਸਿਰ ਸੱਚ ਦੇ ਸਿਧਾਂਤ ਲਿਖੇ, ਸੱਚ ਦੇ ਸੋਹਲੇ ਗਾਏ- ਸੱਚ ਨੂੰ ਜੀਵਨ ’ਚ ਜੀਅ ਕੇ ਦਰਸਾਇਆ। ਪਰ ਅੱਜ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿੱਖ ਸਦਵਾਉਣ     ਵਾਲੇ ਹੀ ਬਹੁਤੇ ਸਮੇਂ ਸਿਰ ਸੱਚ ਤਾਂ ਕੀ ਬੋਲਣਾ ਸਗੋਂ ਸੱਚ ਬੋਲਣ ਤੋਂ ਹੀ ਕੰਨ੍ਹੀਂ ਕਤਰਾਉਂਦੇ ਹਾਂ।

ਰੂਪ ਸਿੰਘ




Post Comment

Sunday, August 19, 2012

ਗੁਰਦੁਆਰਾ ਸੁਧਾਰ ਲਹਿਰ ਦਾ ਸੁਨਹਿਰੀ ਇਤਿਹਾਸ-3

ਸਿੰਘ ਅਕਾਲ ਪੁਰਖ ਦੇ ਭਾਣੇ ਵਿਚ ਰਹਿੰਦੇ ਹੋਏ ਜ਼ੁਲਮ ਸਹਾਰਦੇ ਰਹੇ 
ਜਥੇਦਾਰ ਊਧਮ ਸਿੰਘ ਵਰਪਾਲ ਤੇ ਜਥੇਦਾਰ ਊਧਮ ਸਿੰਘ ਨਾਗੋਕੇ




ਨਾਭਾ ਜੇਲ੍ਹ ਵਿਚ ਅਕਾਲੀ ਨੌਜਵਾਨਾਂ ਦੀਆਂ ਬਾਹਾਂ ਨੂੰ ਪਿੱਛੇ ਬੰਨ੍ਹ ਕੇ ਪਿੰਜਰੇ ਵਿਚ ਕੈਦ ਕੀਤਾ ਜਾਂਦਾ, ਕੰਧ ਵਿਚ ਲੱਗੀਆਂ ਕਿੱਲੀਆਂ ਨਾਲ ਬੰਨ੍ਹ ਕੇ 14-14 ਘੰਟੇ ਖੜ੍ਹੇ ਰੱਖਿਆ ਜਾਂਦਾ, ਛੱਤਾਂ ਨਾਲ ਪੁੱਠੇ ਲਟਕਾਇਆ ਜਾਂਦਾ, ਸਿਰ ਦੇ ਹੇਠਾਂ ਅੱਗ ਬਾਲ ਦਿੱਤੀ ਜਾਂਦੀ ਤਾਂ ਜੋ ਸਿਰ ਦੀ ਚਮੜੀ ਢਲ ਜਾਵੇ, ਕਾਠ ਵਿਚ ਜਕੜ ਦਿੱਤਾ ਜਾਂਦਾ, ਹੈਂਟਰ ਮਾਰੇ ਜਾਂਦੇ, ਕੁੜਿੱਕੀ ਲਗਾਈ ਜਾਂਦੀ। ਕਹਿਣ ਦਾ ਭਾਵ ਕਿ ਅਕਾਲੀ ਕੈਦੀ ਸਿੰਘਾਂ 'ਤੇ ਏਨਾ ਤਸ਼ੱਦਦ ਕੀਤਾ ਜਾਂਦਾ ਕਿ ਅਕਾਲੀ ਸਿੰਘ ਬੇਹੋਸ਼ ਹੋ ਜਾਂਦੇ। ਬੇਰਹਿਮੀ ਨਾਲ ਕੁੱਟਿਆ ਜਾਂਦਾ। ਗੁਰੂ ਦੇ ਸਿੰਘ ਏਨਾ ਤਸ਼ੱਦਦ ਸਹਿ ਕੇ ਰਾਤ ਨੂੰ ਅਰਦਾਸ ਕਰਦੇ ਕਿ ਹੇ ਅਕਾਲ ਪੁਰਖ ਵਾਹਿਗੁਰੂ ਚਾਰ ਪਹਿਰ ਸੁਖ ਦੇ ਬਤੀਤ ਹੋਏ ਹਨ, ਚਾਰ ਪਹਿਲ ਰਾਤਰੀ ਆਈ ਹੈ, ਸੁਖ ਨਾਲ ਬਤੀਤ ਕਰਵਾਉਣਾ। ਇਹ ਸੀ ਸਿੱਖ ਕੌਮ ਦਾ ਜਜ਼ਬਾ ਤੇ ਕੁਰਬਾਨੀ ਕਰਨ ਦੀ ਭਾਵਨਾ। ਕੋਈ ਨਹੀਂ ਸੀ ਲਾਲਸਾ, ਬੱਸ ਇਕ ਤਮੰਨਾ ਸੀ, ਗੁਰਦੁਆਰੇ ਮਹੰਤਾਂ ਤੋਂ ਆਜ਼ਾਦ ਹੋਣ, ਖਾਲਸਾ ਪੰਥ ਦੀ ਚੜ੍ਹਦੀ ਕਲਾ ਹੋਵੇ। ਇਕ ਆਵਾਜ਼ ਗੂੰਜਦੀ ਸੀ ਕਿ 'ਨਹੀਂ ਰਹਿਣਾ ਇਹ ਰਾਜ, ਜ਼ਾਲਮਾ ਨਹੀਂ ਰਹਿਣਾ'।

ਏਨਾ ਤਸ਼ੱਦਦ ਸਹਿ ਕੇ ਵੀ ਸਿੰਘ ਚੜ੍ਹਦੀ ਕਲਾ ਵਿਚ ਸਨ। ਨਾਭੇ ਦੀ ਖੂਨੀ ਕਾਰਖਾਸ ਦੇ ਪੂਰੇ ਜ਼ੁਲਮਾਂ ਦਾ ਬਿਆਨ ਕਰਨਾ ਔਖਾ ਹੈ। ਸਿੰਘ ਅਕਾਲ ਪੁਰਖ ਦੇ ਭਾਣੇ ਵਿਚ ਰਹਿੰਦੇ ਹੋਏ, ਫਿਰ ਵੀ ਮੋਰਚੇ ਵਿਚ ਜਾਣ ਤੋਂ ਪਿੱਛੇ ਨਾ ਹਟਦੇ। ਨਾਭਾ ਜੇਲ੍ਹ ਹੀ ਨਹੀਂ ਅਟਕ ਜੇਲ੍ਹ, ਕੇਂਦਰੀ ਜੇਲ੍ਹ ਮੁਲਤਾਨ ਵਿਚ ਵੀ ਅਕਾਲੀ ਕੈਦੀਆਂ 'ਤੇ ਜ਼ੁਲਮ ਕੀਤਾ ਜਾਂਦਾ। ਭਾਵੇਂ ਭਾਈ ਫੇਰੂ ਤੇ ਜੈਤੋ ਮੋਰਚੇ ਵਿਚ ਹਜ਼ਾਰਾਂ ਅਕਾਲੀ ਸਿੰਘ ਗ੍ਰਿਫ਼ਤਾਰ ਹੋ ਚੁੱਕੇ ਸਨ ਪਰ ਸ਼੍ਰੋਮਣੀ ਕਮੇਟੀ ਨੇ 500 ਸਿੰਘਾਂ ਦਾ ਸ਼ਹੀਦੀ ਜਥਾ ਤਿਆਰ ਕਰਕੇ ਜੈਤੋ ਭੇਜਣ ਦਾ ਐਲਾਨ ਕੀਤਾ। ਇਹ ਪਹਿਲਾ ਜਥਾ 9 ਫਰਵਰੀ, 1924 ਈ: ਨੂੰ ਜਥੇਧਾਰ ਊਧਮ ਸਿੰਘ 'ਵਰਪਾਲ' ਦੀ ਅਗਵਾਈ ਵਿਚ ਜੈਤੋ ਜਾਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਇਕੱਠਾ ਹੋਇਆ। ਉਸ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਊਧਮ ਸਿੰਘ ਨਾਗੋਕੇ ਸਨ। ਜਥੇਦਾਰ ਸਾਹਿਬ ਨੇ ਸ਼ਹੀਦੀ ਜਥੇ ਦੀ ਅਗਵਾਈ ਕਰਨੀ ਸੀ ਪਰ ਪੁਲਿਸ ਨੇ ਜਥੇਦਾਰ ਨਾਗੋਕੇ ਨੂੰ 8 ਫਰਵਰੀ, 1924 ਈ: ਨੂੰ ਹੀ ਗ੍ਰਿਫ਼ਤਾਰ ਕਰ ਲਿਆ। ਇਸ ਸਮੇਂ ਕੌਮ ਵਿਚ ਅਥਾਹ ਜੋਸ਼ ਅਤੇ ਕੁਰਬਾਨੀ ਕਰਨ ਦਾ ਜਜ਼ਬਾ ਸੀ। ਸ਼ਹੀਦੀ ਜਥੇ ਦੇ ਦਰਸ਼ਨ ਕਰਨ ਲਈ ਹਜ਼ਾਰਾਂ ਸੰਗਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਇਕੱਠੀਆਂ ਹੋਈਆਂ। ਕੌਮ ਵਿਚ ਜੋਸ਼ ਠਾਠਾਂ ਮਾਰ ਰਿਹਾ ਸੀ। ਹਜ਼ਾਰਾਂ ਕੌਮੀ ਪ੍ਰਵਾਨੇ ਸ਼ਹੀਦੀਆਂ ਦੇਣ ਲਈ ਤਿਆਰ ਹੋ ਗਏ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ਹੀਦੀ ਜਥੇ ਨੂੰ ਸ਼ਾਂਤਮਈ ਰਹਿਣ ਦਾ ਸੰਦੇਸ਼ ਦਿੱਤਾ ਗਿਆ ਅਤੇ ਜੈਤੋ ਜਾ ਕੇ ਖੰਡਿਤ ਹੋਏ ਅਖੰਡ ਪਾਠ ਨੂੰ ਜਾਰੀ ਕਰਨ ਲਈ ਕਿਹਾ ਗਿਆ। ਇਸ ਸਮੇਂ ਸੰਗਤਾਂ ਵਿਚ ਏਨਾ ਜੋਸ਼ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜੋ ਵੀ ਹੁਕਮ ਮਿਲਦਾ ਹਰ ਸਿੱਖ ਉਸ ਨੂੰ ਪੂਰਾ ਕਰਨ ਲਈ ਤਿਆਰ ਸੀ। ਸਿੰਘ, ਸਿੰਘਣੀਆਂ, ਭੁਝੰਗੀ, ਬਿਰਧ, ਨੌਜਵਾਨ ਹਰ ਕੋਈ ਕੁਰਬਾਨੀ ਕਰਨ ਲਈ ਤਿਆਰ ਸੀ। ਸ਼ਹੀਦੀ ਜਥੇ ਦੇ ਸਿੰਘਾਂ ਨੇ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿਚ ਸੀਸ ਝੁਕਾ ਕੇ ਸ਼ਾਂਤਮਈ ਰਹਿਣ ਦਾ ਪ੍ਰਣ ਲਿਆ ਅਤੇ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਨੂੰ ਯਕੀਨ ਦਿਵਾਇਆ ਕਿ ਆਪ ਜੀ ਵੱਲੋਂ ਦਿੱਤੇ ਹੁਕਮ ਦੀ ਪਾਲਣਾ ਕਰਦੇ ਹੋਏ ਸ਼ਹੀਦੀ ਜਥੇ ਦਾ ਹਰੇਕ ਸਿੰਘ ਆਪ ਜੀ ਦੇ ਹੁਕਮ 'ਤੇ ਫੁੱਲ ਚੜ੍ਹਾਏਗਾ। ਜਥੇ ਵੱਲੋਂ ਸੰਗਤਾਂ ਦੇ ਨਾਂਅ ਅੰਤਿਮ ਸੰਦੇਸ਼ ਪੜ੍ਹਿਆ ਗਿਆ-

ਸੁਣੋ ਖ਼ਾਲਸਾ ਜੀ! ਸਾਡੇ ਕੂਚ ਡੇਰੇ,

ਅਸੀਂ ਆਖਰੀ ਫ਼ਤਹ ਬੁਲਾ ਚੱਲੇ।

ਪਾਉ ਬੀ ਤੇ ਸਾਂਭ ਕੇ ਫ਼ਸਲ ਵੱਢੋ,

ਅਸੀਂ ਡੋਲ੍ਹ ਕੇ ਰੱਤ ਪਿਆ ਚੱਲੇ।

ਚੋਬਦਾਰ ਦੇ ਵਾਂਗ ਆਵਾਜ਼ ਦੇ ਕੇ,

ਧੌਂਸੇ ਕੂਚ ਦੇ ਅਸੀਂ ਵਜਾ ਚੱਲੇ।

ਤੁਸੀਂ ਆਪਣੀ ਅਕਲ ਦਾ ਕੰਮ ਕਰਨਾ,

ਅਸੀਂ ਆਪਣੀ ਤੋੜ ਨਿਭਾ ਚੱਲੇ।

ਬੇੜਾ ਜ਼ੁਲਮ ਦਾ ਅੰਤ ਨੂੰ ਗਰਕ ਹੋਸੀ,

ਹੰਝੂ ਖੂਨ ਦੇ ਅਸੀਂ ਵਹਾ ਚੱਲੇ।

ਪੰਥ ਗੁਰੂ ਦਾ ਆਪ ਦਸਮੇਸ਼ ਰਾਖਾ, ਕੰਡੇ ਹੂੰਝ ਕੇ ਕਰ ਸਫ਼ਾ ਚੱਲੇ।

ਅੰਗ ਸਾਕ ਕਬੀਲੜਾ ਬਾਲ ਬੱਚਾ, ਬਾਂਹ ਤੁਸਾਂ ਦੇ ਹੱਥ ਫੜਾ ਚੱਲੇ।

ਨਦੀ ਨਾਵ ਸੰਜੋਗ ਦੇ ਹੋਣ ਮੇਲੇ,

ਸਤਿ ਸ੍ਰੀ ਅਕਾਲ ਗਜਾ ਚੱਲੇ।

ਜਦੋਂ ਸੰਗਤਾਂ ਨੇ ਸ਼ਹੀਦੀ ਜਥੇ ਦਾ ਸੰਦੇਸ਼ ਸੁਣਿਆ ਤਾਂ ਵੈਰਾਗ ਆ ਗਿਆ। ਸਾਰੇ ਪਾਸੇ ਵੈਰਾਗ ਅਤੇ ਕੁਰਬਾਨੀ ਦਾ ਹੜ੍ਹ ਠਾਠਾਂ ਮਾਰ ਰਿਹਾ ਸੀ। ਅਖੀਰ ਅਰਦਾਸਾ ਸੋਧ ਕੇ ਜਥੇ ਦੇ ਸਿੰਘਾਂ ਨੇ ਜੈਤੋ ਜਾਣ ਲਈ ਕਮਰਕੱਸੇ ਕਰ ਲਏ। ਸ਼ਹੀਦੀ ਜਥੇ ਦੇ ਸਿੰਘਾਂ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕ ਕੇ ਪ੍ਰਕਰਮਾ ਕੀਤੀ। ਜਥਾ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿਚੋਂ ਹੁੰਦਾ ਹੋਇਆ ਗੰਗਸਰ ਜੈਤੋ ਵੱਲ ਰਵਾਨਾ ਹੋ ਗਿਆ। ਇਕ ਜਥਾ 20 ਫਰਵਰੀ ਨੂੰ ਬਰਨਾੜੀ ਪਹੁੰਚਿਆ ਅਤੇ 21 ਫਰਵਰੀ ਨੂੰ ਦੁਪਹਿਰ ਦੇ ਸਮੇਂ ਜੈਤੋ ਵੱਲ ਕੂਚ ਕੀਤਾ। ਇਸ ਸਮੇਂ ਸ਼ਹੀਦੀ ਜਥੇ ਦੇ ਨਾਲ ਆਸੇ-ਪਾਸੇ ਹਜ਼ਾਰਾਂ ਸੰਗਤਾਂ ਦਾ ਇਕੱਠ ਸੀ। ਜੈਤੋ ਸ਼ਹੀਦੀ ਜਥੇ ਦੇ ਨਾਲ ਸੀਨੀਅਰ ਕਾਂਗਰਸੀ ਨੇਤਾ, ਦੁਨੀਆ ਭਰ ਦੀ ਪ੍ਰੈੱਸ ਦੇ ਪ੍ਰਤੀਨਿਧ ਚਲ ਰਹੇ ਸਨ। ਨਾਭੇ ਦੇ ਹਾਕਮਾਂ ਨੇ ਪੂਰੀ ਤਿਆਰੀ ਕੀਤੀ ਹੋਈ ਸੀ। ਜਿਹੜੇ ਰਸਤੇ ਜਥੇ ਨੇ ਲੰਘਣਾ ਸੀ, ਉਸ ਰਸਤੇ 'ਤੇ ਆਸੇ-ਪਾਸੇ ਲੋਹੇ ਦੀਆਂ ਕੰਡੇਦਾਰ ਤਾਰਾਂ ਲਗਾਈਆਂ ਗਈਆਂ ਸਨ। ਪੁਲਿਸ ਤੇ ਫ਼ੌਜ ਵਾਲੇ ਹਥਿਆਰ ਲੈ ਕੇ ਥਾਂ-ਥਾਂ ਖੜ੍ਹੇ ਸਨ। ਕੁਝ ਪਿੰਡਾਂ ਦੇ ਲੋਕਾਂ ਨੂੰ ਡਾਂਗਾਂ ਦੇ ਕੇ ਖੜ੍ਹਾਇਆ ਗਿਆ ਸੀ। ਸ਼ਹਿਰ ਨੂੰ ਜਾਣ ਵਾਲੇ ਰਸਤਿਆਂ ਉੱਪਰ ਬਲਦਾਂ ਵਾਲੇ ਗੱਡੇ ਖੜ੍ਹਾ ਕੇ ਲੰਮੀਆਂ ਸੂਲਾਂ ਵਾਲੇ ਛਾਪੇ ਰੱਖੇ ਹੋਏ ਸਨ ਤਾਂ ਜੋ ਜੇ ਸਿੰਘ ਉਸ ਪਾਸੇ ਜਾਣ ਤਾਂ ਸਿੰਘਾਂ ਦੇ ਸੂਲਾਂ ਚੁੱਭਣ।

(ਬਾਕੀ ਅਗਲੇ ਐਤਵਾਰ)
ਹਰਵਿੰਦਰ ਸਿੰਘ ਖ਼ਾਲਸਾ
ਮੋ: 98155-33725


Post Comment

Saturday, August 11, 2012

ਗੁਰਦੁਆਰਾ ਸੁਧਾਰ ਲਹਿਰ ਦਾ ਸੁਨਹਿਰੀ ਇਤਿਹਾਸ-2

ਰਾਖਾ ਆਪ ਅਕਾਲ ਅਕਾਲੀਆਂ ਦਾ

ਗੰਗਸਰ ਜੈਤੋ ਦੇ ਮੋਰਚੇ ਸਮੇਂ ਜਥੇ 'ਤੇ ਗੋਲੀਆਂ ਵਰ੍ਹਾਈਆਂ ਗਈਆਂ ਜਿਸ ਵਿਚ ਬੀਬੀ ਬਲਬੀਰ ਕੌਰ ਦੇ ਬੱਚੇ ਨੂੰ ਗੋਲੀ ਵੱਜੀ ਤੇ ਉਸ ਦੀ ਮੌਤ ਹੋ ਗਈ ਪਰ ਗੋਲੀਆਂ ਦੀ ਪ੍ਰਵਾਹ ਕੀਤੇ ਬਿਨਾਂ ਜਥਾ ਅੱਗੇ ਵਧਦਾ ਰਿਹਾ।
ਜਥੇ ਵਿਚ ਜਾਣ ਵਾਲੇ ਸਿੰਘਾਂ 'ਤੇ ਤਸ਼ੱਦਦ ਹੋ ਰਿਹਾ ਸੀ ਪਰ ਜਥਿਆਂ ਨੂੰ ਦੇਖ ਰਹੇ ਸਿੰਘਾਂ ਦੇ ਅੰਦਰ ਅੰਗਰੇਜ਼ ਪੁਲਿਸ ਵਿਰੁੱਧ ਪੂਰਾ ਜੋਸ਼ ਤੇ ਕੁਰਬਾਨੀ ਕਰਨ ਦਾ ਜਜ਼ਬਾ ਸੀ। ਇਕ ਦਿਨ ਪਹਿਲਵਾਨ ਕਿਸ਼ਨ ਸਿੰਘ ਚੂੜੀਦਾਰ ਗਿਲਾਸ ਲੱਸੀ ਦਾ ਭਰ ਕੇ ਬੀ. ਟੀ. ਲਈ ਲੈ ਕੇ ਗਿਆ। ਬੀ. ਟੀ. ਘੋੜੇ 'ਤੇ ਸਵਾਰ ਸੀ। ਜਦੋਂ ਕਿਸ਼ਨ ਸਿੰਘ ਘੋੜੇ ਦੇ ਨੇੜੇ ਪਹੁੰਚਿਆ ਤਾਂ ਲੱਸੀ ਨੂੰ ਡੋਲ੍ਹ ਕੇ ਖਾਲੀ ਪਿੱਤਲ ਦਾ ਗਿਲਾਸ ਬੀ. ਟੀ. ਦੇ ਮਥੇ ਵਿਚ ਮਾਰਿਆ। ਬੀ. ਟੀ. ਦੇ ਮੱਥੇ ਵਿਚ ਜ਼ਖਮ ਹੋ ਗਿਆ, ਸਾਰੇ ਇਲਾਕੇ ਵਿਚ ਧੁੰਮ ਗਿਆ ਕਿ ਕਿਸ਼ਨ ਸਿੰਘ ਨੇ ਬੀ. ਟੀ. ਦੇ ਬੰਬ ਮਾਰਿਆ। ਇਹ ਜੋਸ਼ ਸੀ ਸਿੱਖ ਕੌਮ ਵਿਚ। ਬੀ. ਟੀ. ਅੰਮ੍ਰਿਤਸਰ ਤੋਂ ਬਾਅਦ ਵੱਖ-ਵੱਖ ਜ਼ਿਲ੍ਹਿਆਂ ਵਿਚ ਵੱਖੋ-ਵੱਖਰੇ ਵਿਭਾਗਾਂ ਵਿਚ ਰਿਹਾ। ਅਖੀਰ ਮਾਲਵੇ ਦੇ ਬੱਬਰਾਂ ਨੇ 27 ਮਈ, 1942 ਨੂੰ ਪਿੰਡ ਚੱਠੇ ਸੇਖਵਾਂ ਜ਼ਿਲ੍ਹਾ ਸੰਗਰੂਰ ਵਿਚ ਉਸ ਨੂੰ ਮਾਰ ਦਿੱਤਾ।

ਗੁਰੂ ਕੇ ਬਾਗ਼ ਦੇ ਮੋਰਚੇ ਵਿਚ ਬੀ. ਟੀ. ਵੱਲੋਂ ਹੋ ਰਹੇ ਤਸ਼ੱਦਦ ਦੀ ਚਰਚਾ ਹਰ ਪਾਸੇ ਸੀ। ਸਿੰਘਾਂ ਨੂੰ ਤਾਰਾਂ ਦੇ ਕੈਂਪ ਵਿਚ ਡੱਕਿਆ ਜਾਂਦਾ। ਪਿੰਡ ਈਸਾਪੁਰ ਦਾ ਇਕ ਨੌਜਵਾਨ ਆਪਣੇ ਵਿਆਹ ਲਈ ਘਿਉ ਖਰੀਦਣ ਵਾਸਤੇ ਜਾ ਰਿਹਾ ਸੀ ਜੋ ਗੁਰੂ ਕੇ ਬਾਗ਼ ਦੇ ਕੋਲੋਂ ਦੀ ਲੰਘਿਆ। ਉਸ ਨੇ ਸਿੰਘਾਂ ਨੂੰ ਮਾਰ ਖਾਂਦਿਆਂ ਅਤੇ ਤਾਰਾਂ ਦੇ ਕੈਂਪ ਵਿਚ ਕੈਦ ਹੋਏ ਦੇਖਿਆ ਤਾਂ ਉਸ ਦੇ ਅੰਦਰ ਏਨਾ ਜੋਸ਼ ਆਇਆ ਕਿ ਉਹ ਘਿਉ ਵਾਲੇ ਭਾਂਡੇ ਸੁੱਟ ਕੇ ਜਥੇ ਵਿਚ ਜਾ ਸ਼ਾਮਿਲ ਹੋਇਆ। ਇਹ ਸੀ ਗੁਰੂ ਦੇ ਸਿੱਖਾਂ ਦੀ ਗੁਰੂ ਦੇ ਪੰਥ ਲਈ ਕੁਰਬਾਨੀ।

21 ਫਰਵਰੀ 1924 ਨੂੰ ਵਾਪਰੇ ਸਾਕੇ 'ਚ ਪੁਲਿਸ ਦੀਆਂ ਗੋਲੀਆਂ ਦਾ ਸਾਹਮਣਾ ਕਰਦੇ ਹੋਏ ਸਿੱਖ ਜਥੇ ਦੇ ਮੈਂਬਰ
ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਦੇ ਪਿੰਡ 9-10-11 ਅਕਤੂਬਰ, 1922 ਨੂੰ ਇਕ ਵੱਡੀ ਰਾਜਸੀ ਕਾਨਫ਼ਰੰਸ ਹੋਈ। ਗੁਰੂ ਕੇ ਬਾਗ਼ ਦਾ ਮੋਰਚਾ ਚਲ ਰਿਹਾ ਸੀ। ਮੁਸਾਫ਼ਿਰ ਜੀ ਇਕ ਸੌ ਸਿੰਘਾਂ ਦਾ ਜਥਾ ਲੈ ਕੇ ਅੰਮ੍ਰਿਤਸਰ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ। ਹਜ਼ਾਰਾਂ ਦੀ ਗਿਣਤੀ ਦੇ ਇਕੱਠ ਵਿਚ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਨੇ ਬੜੇ ਜੋਸ਼ ਵਿਚ ਆ ਕੇ ਕਵਿਤਾ ਪੜ੍ਹੀ...

ਦਿਲਾ! ਉਠ ਖਾਂ ਗੁਰੂ ਦੇ ਬਾਗ਼ ਚਲੀਏ

ਜਾਏ ਵੇਖੀਏ ਯਾਰ ਨਿਸ਼ਾਨੀਆਂ ਨੂੰ

ਮੱਥਾ ਟੇਕੀਏ ਚੁੰਮੀਏ ਧਰਤ ਜਾ ਕੇ

ਅੱਖੀਂ ਵੇਖੀਏ ਸੁਣੀਆਂ ਕਹਾਣੀਆਂ ਨੂੰ।

ਕਵਿਤਾ ਨੇ ਸੰਗਤਾਂ ਵਿਚ ਏਨਾ ਜੋਸ਼ ਭਰ ਦਿੱਤਾ ਕਿ ਜੈਕਾਰੇ ਤੇ ਜੈਕਾਰਾ ਛੱਡਿਆ ਗਿਆ। ਉਸ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇਜਾ ਸਿੰਘ ਅਕਰਪੁਰੀ ਸਨ। ਉਨ੍ਹਾਂ ਨੇ ਫ਼ੈਸਲਾ ਕੀਤਾ ਅਤੇ ਸੰਗਤਾਂ ਨੂੰ ਦੱਸਿਆ ਕਿ ਮੁਸਾਫ਼ਿਰ ਦਾ ਜਥਾ ਜਾ ਕੇ ਗ੍ਰਿਫ਼ਤਾਰੀ ਦੇ ਸਕਦਾ ਹੈ ਪਰ ਮੁਸਾਫ਼ਿਰ ਨਹੀਂ ਜਾਵੇਗਾ। ਇਸ ਤੋਂ ਪਿੱਛੋਂ ਮੁਸਾਫ਼ਿਰ ਜੀ ਨੇ ਪੰਜਾਬ ਵਿਚ ਕੀਤੇ ਜਾ ਰਹੇ ਦੀਵਾਨਾਂ ਤੇ ਕਵਿਤਾਵਾਂ ਪੜ੍ਹੀਆਂ ਅਤੇ ਕਈ ਜਥੇ ਤਿਆਰ ਕੀਤੇ। ਉਨ੍ਹਾਂ ਦਿਨਾਂ ਵਿਚ 'ਸਾਡਾ ਗੁਰੂ ਤੇ ਗੁਰੂ ਦਾ ਬਾਗ਼ ਸਾਡਾ', 'ਰਾਖਾ ਆਪ ਅਕਾਲ ਅਕਾਲੀਆਂ ਦਾ', ਬੱਚੇ ਬੱਚੇ ਦੀ ਜ਼ਬਾਨ 'ਤੇ ਸੀ।

ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਨੇ ਜਿਥੇ ਕਵਿਤਾਵਾਂ ਰਾਹੀਂ ਸਿੱਖ ਕੌਮ ਵਿਚ ਜੋਸ਼ ਭਰਿਆ, ਉਥੇ ਕੌਮ ਨੇ ਆਪ ਜੀ ਨੂੰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਥਾਪਿਆ। ਆਪ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਰਹੇ। ਆਪ ਪੰਜਾਬ ਦੇ ਮੁੱਖ ਮੰਤਰੀ ਵੀ ਬਣੇ ਅਤੇ ਜਲ੍ਹਿਆਂਵਾਲਾ ਬਾਗ ਪ੍ਰਬੰਧਕ ਕਮੇਟੀ ਦੇ ਅਖੀਰਲੇ ਸਮੇਂ ਤੱਕ ਪ੍ਰਧਾਨ ਰਹੇ। ਗੁਰੂ ਕੇ ਬਾਗ਼ ਦੇ ਮੋਰਚੇ ਦੀ ਚਰਚਾ ਸਾਰੀ ਦੁਨੀਆ ਵਿਚ ਹੋਈ। ਵਿਦੇਸ਼ਾਂ ਤੋਂ ਆ ਕੇ ਪੱਤਰਕਾਰਾਂ ਨੇ ਫ਼ਿਲਮਾਂ ਤਿਆਰ ਕੀਤੀਆਂ, ਲੋਕਾਂ ਨੇ ਇਸ਼ਤਿਹਾਰ ਛਾਪੇ, ਕੰਪਨੀਆਂ ਨੇ ਕੈਲੰਡਰ ਤਿਆਰ ਕਰਵਾ ਕੇ ਵੰਡੇ। ਗੁਰੂ ਕੇ ਬਾਗ਼ ਦੇ ਮੋਰਚੇ ਵਿਚ ਸਿੱਖਾਂ ਵੱਲੋਂ ਕੀਤੀਆਂ ਕੁਰਬਾਨੀਆਂ ਨੇ ਸਿੱਖਾਂ ਦਾ ਸਤਿਕਾਰ ਲੋਕਾਂ ਦੇ ਦਿਲਾਂ ਵਿਚ ਪੈਦਾ ਕਰ ਦਿੱਤਾ। ਲਾਲਾ ਮੇਲਾ ਰਾਮ ਵਫ਼ਾ ਨੇ ਅਕਾਲੀਆਂ ਦੀ ਪ੍ਰਸੰਸਾ ਕਰਦੇ ਹੋਏ ਕਵਿਤਾ ਲਿਖੀ-

'ਤਿਰੀ ਕੁਰਬਾਨੀਉਂ ਕੀ ਧੂਮ ਹੈ ਆਜ਼ ਇਸ ਜ਼ਮਾਨੇ ਮੇਂ,

ਬਹਾਦਰ ਹੈ ਅਗਰ ਕੋਈ ਤੋ ਵੋਹ ਤੂ ਅਕਾਲੀ ਹੈ।

ਤੇਰਾ ਜਿਸ ਨੇ ਮੁਕੱਦਮ ਪੈਕਰ ਈਸਾਰ ਬੇਪਾਇਆ,

ਤੇਰਾ ਕਲਬ ਹੈ ਮੁਨੱਵਰ ਫ਼ਖਰ ਨੇ ਜਜ਼ਬਾਤ ਆਲੀ ਹੈ।

ਬੜੀ ਤਾਰੀਫ਼ ਕੇ ਕਾਬਲ ਤੇਰੀ ਹਿੰਮਤ ਓ ਜ਼ੁਰਅਤ,

ਜਦੋ-ਜਹਿਦ ਆਜ਼ਾਦੀ ਮੇਂ ਤੂੰ ਨੇ ਜਾਨ ਡਾਲੀ ਹੈ।

ਕੀਆ ਹੈ ਜ਼ਿੰਦਾ ਤੂ ਨੇ ਰਵਾਇਆਤੇ ਗੁਜ਼ੱਸ਼ਤਾ ਕੋ,

ਸਿਤਮਗਰੋਂ ਸੇ ਤੂੰ ਨੇ ਕੌਮ ਕੀ ਇੱਜ਼ਤ ਬਚਾ ਲੀ ਹੈ।

ਜ਼ਾਲਮੋਂ ਕੀ ਲਾਠੀਆਂ ਤੂੰ ਨੇ ਸਹੀ ਸੀਨਾਏ ਸਪਰ ਹੋ ਕਰ,

ਲੁਤਫ਼ ਇਸ ਪੈ ਕਿ ਲਬ ਪਹਿ ਸ਼ਿਕਾਇਤ ਹੈ ਨਾ ਗਾਲੀ ਹੈ।

ਜਿਨ੍ਹਾਂ ਸਿੰਘਾਂ ਨੂੰ ਗੁਰੂ ਕੇ ਬਾਗ਼ ਦੇ ਮੋਰਚੇ ਵਿਚ ਗ੍ਰਿਫ਼ਤਾਰ ਕੀਤਾ ਜਾਂਦਾ ਸੀ, ਉਨ੍ਹਾਂ ਨੂੰ ਜੱਜ ਵੱਲੋਂ ਸਖ਼ਤ ਸਜ਼ਾਵਾਂ ਦੇਣ ਉਪਰੰਤ ਵੱਖੋ-ਵੱਖ ਜੇਲ੍ਹਾਂ ਵਿਚ ਭੇਜਿਆ ਜਾਂਦਾ ਸੀ। ਇਸੇ ਤਰ੍ਹਾਂ ਇਕ ਪੈਨਸ਼ਨੀਏ ਫ਼ੌਜੀ ਸਿੰਘਾਂ ਦਾ ਜਥਾ ਗੁਰੂ ਕੇ ਬਾਗ਼ ਵਿਚ ਗ੍ਰਿਫ਼ਤਾਰ ਹੋਇਆ। ਜੱਜ ਨੇ ਉਸ ਜਥੇ ਦੇ ਸਿੰਘਾਂ ਨੂੰ ਢਾਈ-ਢਾਈ ਸਾਲ ਦੀ ਸਖ਼ਤ ਕੈਦ ਕਰਕੇ ਅਟਕ ਜੇਲ੍ਹ ਭੇਜਿਆ। ਜਥਾ ਰੇਲ ਗੱਡੀ ਰਾਹੀਂ ਅੰਮ੍ਰਿਤਸਰ ਤੋਂ ਅਟਕ ਨੂੰ ਤੁਰਿਆ, ਰਸਤੇ ਵਿਚ ਹਸਨ ਅਬਦਾਲ ਪੰਜਾ ਸਾਹਿਬ ਸੀ। ਇਥੋਂ ਦੀਆਂ ਸੰਗਤਾਂ ਆਪਣੇ ਵੀਰਾਂ ਦੀ ਸੇਵਾ ਕਰਨਾ ਚਾਹੁੰਦੀਆਂ ਸਨ। ਸੰਗਤਾਂ ਸਟੇਸ਼ਨ 'ਤੇ ਇਕੱਠੀਆਂ ਹੋ ਗਈਆਂ। ਸਟੇਸ਼ਨ ਮਾਸਟਰ ਨੇ ਲਾਈਨ ਕਲੀਅਰ ਦੀ ਝੰਡੀ ਦੇ ਦਿੱਤੀ। ਪਰ ਗੁਰੂ ਕੇ ਪਿਆਰੇ ਗੱਡੀ ਦੀ ਲਾਈਨ ਵਿਚ ਬੈਠ ਗਏ। ਗੱਡੀ ਕੂਕਾਂ ਮਾਰਦੀ ਆ ਰਹੀ ਸੀ ਪਰ ਗੁਰੂ ਦੇ ਸਿੰਘ ਅਡੋਲ ਬੈਠੇ ਰਹੇ। ਗੱਡੀ ਰੁਕਦੀ ਰੁਕਦੀ ਸਿੰਘਾਂ ਦੇ ਉੱਪਰ ਜਾ ਚੜ੍ਹੀ। ਅਖੀਰ ਇੰਜਣ ਭਾਈ ਕਰਮ ਸਿੰਘ, ਭਾਈ ਪ੍ਰਤਾਪ ਸਿੰਘ ਜੀ ਦੀਆਂ ਹੱਡੀਆਂ ਨੂੰ ਚੂਰ ਕਰਦਾ ਹੋਇਆ ਲੰਘ ਗਿਆ। ਦੋਵਾਂ ਦੇ ਸਰੀਰ ਪਿੰਜੇ ਗਏ ਤੇ ਗੱਡੀ ਖੜ੍ਹ ਗਈ। ਦੋਵੇਂ ਸ਼ਹੀਦ ਅਜੇ ਸਿਸਕਦੇ ਸਨ, ਜਦ ਉਨ੍ਹਾਂ ਨੂੰ ਇੰਜਣ ਦੇ ਪਹੀਆਂ ਵਿਚੋਂ ਕੱਢਿਆ ਜਾ ਰਿਹਾ ਸੀ ਤਾਂ ਉਹ ਗੁਰੂ ਦੀ ਗੋਦ ਵਿਚ ਪਹੁੰਚਣ ਤੋਂ ਪਹਿਲਾਂ ਕਹਿ ਰਹੇ ਸਨ ਕਿ ਪਹਿਲਾਂ ਗੱਡੀ ਵਿਚ ਬੈਠੇ ਵੀਰਾਂ ਦੀ ਸੇਵਾ ਕਰ ਲਵੋ, ਫਿਰ ਸਾਡੀ ਸੰਭਾਲ ਕਰ ਲੈਣੀ। ਏਨਾ ਕਹਿੰਦੇ ਹੋਏ ਭਾਈ ਕਰਮ ਸਿੰਘ, ਭਾਈ ਪ੍ਰਤਾਪ ਸਿੰਘ ਜੀ 30 ਅਕਤੂਬਰ, 1922 ਈ: ਨੂੰ ਸ਼ਹੀਦੀਆਂ ਪਾ ਗਏ। ਇਹ ਸੀ ਪੰਥਕ ਜਜ਼ਬਾ, ਕੁਰਬਾਨੀ ਦੀ ਭਾਵਨਾ। ਗੱਡੀ ਜਾਣ ਤੋਂ ਬਾਅਦ ਪੁਲਿਸ ਨੇ ਭਾਈ ਅਵਤਾਰ ਸਿੰਘ ਮੈਨੇਜਰ ਗੁਰਦੁਆਰਾ ਪੰਜਾ ਸਾਹਿਬ ਨੂੰ ਗ੍ਰਿਫ਼ਤਾਰ ਕਰ ਲਿਆ ਕਿ ਉਸ ਨੇ ਸੰਗਤਾਂ ਨੂੰ ਕੈਦੀ ਸਿੰਘਾਂ ਦੀ ਸੇਵਾ ਕਰਨ ਲਈ ਪਰੇਰ ਕੇ ਸਟੇਸ਼ਨ 'ਤੇ ਇਕੱਠੇ ਕੀਤਾ ਸੀ। ਉਸ ਨੂੰ ਉਸੇ ਦਿਨ ਦੋ ਸਾਲ ਦੀ ਬਾਮੁਸ਼ੱਕਤ ਸਜ਼ਾ ਕਰਕੇ ਕੈਂਬਲਪੁਰ ਦੀ ਜੇਲ੍ਹ ਭੇਜ ਦਿੱਤਾ ਗਿਆ।

ਗੁਰਦੁਆਰਾ ਸੁਧਾਰ ਲਹਿਰ ਸਮੇਂ ਸਿੱਖ ਸੰਗਤਾਂ ਅੰਦਰ ਗੁਰਦੁਆਰਿਆਂ ਨੂੰ ਮਹੰਤਾਂ ਤੋਂ ਆਜ਼ਾਦ ਕਰਵਾਉਣ ਲਈ ਏਨਾ ਉਤਸ਼ਾਹ ਸੀ ਕਿ ਸੰਗਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਹੁਕਮ 'ਤੇ ਹਰ ਤਰ੍ਹਾਂ ਦੀ ਕੁਰਬਾਨੀ ਕਰਨ ਲਈ ਤਿਆਰ ਹੋ ਜਾਂਦੀਆਂ ਸਨ। ਇਸ ਸਮੇਂ ਜਿਥੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਸਰੋਵਰ ਦੀ ਕਾਰ ਸੇਵਾ ਹੋਈ, ਉਥੇ ਗੁਰਦੁਆਰਾ ਤਰਨ ਤਾਰਨ ਸਾਹਿਬ ਅਤੇ ਮੁਕਤਸਰ ਸਾਹਿਬ ਦੇ ਸਰੋਵਰਾਂ ਦੀ ਖੁਦਾਈ ਕਰਕੇ ਇਨ੍ਹਾਂ ਨੂੰ ਚੌੜ੍ਹਾ ਕੀਤਾ ਗਿਆ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਰੋਵਰ ਦੀ ਕਾਰ ਸੇਵਾ 17 ਜੂਨ, 1923 ਈ: ਨੂੰ ਸ਼ੁਰੂ ਹੋਈ। ਉਸ ਦਿਨ ਗੁਰਦੁਆਰਾ ਪਿੱਪਲੀ ਸਾਹਿਬ ਤੋਂ ਲੈ ਕੇ ਸ੍ਰੀ ਦਰਬਾਰ ਸਾਹਿਬ ਤੱਕ ਹਰ ਪਾਸੇ ਸੰਗਤਾਂ ਦਾ ਹੜ੍ਹ ਆਇਆ ਹੋਇਆ ਸੀ। ਸਰੋਵਰ ਦੀ ਕਾਰ ਸੇਵਾ ਇਕ ਮਹੀਨੇ ਵਿਚ ਮੁਕੰਮਲ ਹੋ ਗਈ। ਸੰਗਤਾਂ ਵਿਚ ਏਨਾ ਉਤਸ਼ਾਹ ਤੇ ਸ਼ਰਧਾ ਸੀ ਕਿ ਕਾਰ ਸੇਵਾ ਦੌਰਾਨ ਸਰੋਵਰ ਵਿਚੋਂ ਜੋ ਗਾਰ ਨਿਕਲੀ, ਸਿੱਖ ਸੰਗਤਾਂ ਆਪਣੇ ਘਰਾਂ ਨੂੰ ਲੈ ਗਈਆਂ। ਕਾਰ ਸੇਵਾ ਸਮੇਂ ਸਿੱਖ ਰਿਆਸਤਾਂ ਦੇ ਰਾਜਿਆਂ ਤੋਂ ਲੈ ਕੇ ਸਾਧਾਰਨ ਵਿਅਕਤੀ ਤੱਕ ਹਰ ਇਨਸਾਨ ਨੇ ਪੂਰਨ ਯੋਗਦਾਨ ਪਾਇਆ। ਗੁਰਦੁਆਰਾ ਸੁਧਾਰ ਲਹਿਰ ਸਮੇਂ ਹੀ ਗੁਰਦੁਆਰਾ ਤਰਨ ਤਾਰਨ ਅਤੇ ਮੁਕਤਸਰ ਸਾਹਬ ਦੇ ਸਰੋਵਰਾਂ ਦੀ ਖੁਦਾਈ ਕਰਕੇ ਉਨ੍ਹਾਂ ਨੂੰ ਵੱਡਾ ਕੀਤਾ ਗਿਆ। ਇਹ ਦੋਵੇਂ ਸਰੋਵਰ ਪੰਜਾਬ ਦੇ ਸਾਰਿਆਂ ਸਰੋਵਰਾਂ ਨਾਲੋਂ ਵੱਡੇ ਹਨ। ਮੁਕਤਸਰ ਸਾਹਿਬ ਦੇ ਸਰੋਵਰ ਦੀਆਂ ਨੁੱਕਰਾਂ ਬਾਅਦ ਵਿਚ ਬੰਦ ਕਰਨੀਆਂ ਪਈਆਂ ਕਿਉਂਕਿ ਸਰੋਵਰ ਦੇ ਵੱਡੇ ਹੋ ਜਾਣ ਕਾਰਨ ਪ੍ਰਕਰਮਾ ਲਈ ਥਾਂ ਘਟ ਗਈ ਸੀ ਅਤੇ ਇਕੱਠ ਸਮੇਂ ਸੰਗਤਾਂ ਸਰੋਵਰ ਵਿਚ ਡਿਗ ਪੈਂਦੀਆਂ ਸਨ, ਖਾਸ ਕਰ ਮਾਘੀ ਸਮੇਂ ਬਹੁਤ ਹੀ ਸਮੱਸਿਆ ਆਉਂਦੀ ਸੀ।

ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ 13 ਅਕਤੂਬਰ, 1923 ਈ: ਨੂੰ ਗ਼ੈਰ-ਕਾਨੂੰਨੀ ਕਰਾਰ ਦੇ ਕੇ ਜਥੇਬੰਦੀਆਂ ਦੇ ਮੁਖੀਆਂ ਅਤੇ ਸਟਾਫ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਜੇਲ੍ਹਾਂ ਵਿਚ ਬੰਦ ਸਨ ਪਰ ਫਿਰ ਵੀ ਸਿੱਖ ਸੰਗਤਾਂ ਅੰਦਰ ਪੂਰਾ ਉਤਸ਼ਾਹ ਸੀ। ਅੰਗਰੇਜ਼ ਦੇ ਕਹਿਣ 'ਤੇ ਨਾਭਾ, ਫ਼ਰੀਦਕੋਟ, ਪਟਿਆਲਾ, ਜੀਂਦ ਰਿਆਸਤਾਂ ਅੰਦਰ ਪੂਰੀ ਸਖ਼ਤੀ ਚੱਲ ਰਹੀ ਸੀ ਪਰ ਫਿਰ ਵੀ ਸਿੱਖ ਸੰਗਤਾਂ ਅੰਦਰ ਪੂਰਾ ਜੋਸ਼ ਸੀ। ਸਿੱਖ ਸੰਗਤਾਂ ਸਿੱਖ ਨੇਤਾਵਾਂ ਦੇ ਹੁਕਮ 'ਤੇ ਫੁੱਲ ਚੜ੍ਹਾ ਰਹੀਆਂ ਸਨ। ਮਹਾਰਾਜਾ ਰਿਪੁਦਮਨ ਸਿੰਘ ਨਾਭਾ ਜਿਸ ਨੇ ਅਨੰਦ ਕਾਰਜ ਐਕਟ ਪੇਸ਼ ਕਰਵਾ ਕੇ ਪਾਸ ਕਰਵਾਉਣ ਵਿਚ ਮਦਦ ਕੀਤੀ, ਨੇ ਨਨਕਾਣਾ ਸਾਹਿਬ ਦੇ ਸਾਕੇ ਤੋਂ ਬਾਅਦ ਕਾਲੀ ਦਸਤਾਰ ਸਜਾਉਣੀ ਸ਼ੁਰੂ ਕਰ ਦਿੱਤੀ, ਪੰਥਕ ਹਮਦਰਦੀ ਰੱਖਣ ਕਾਰਨ, ਉਹ ਸਿੱਖ ਪੰਥ ਵਿਚ ਹਰਮਨ ਪਿਆਰੇ ਸਨ। ਜਦ ਮਹਾਰਾਜਾ ਰਿਪੁਦਮਨ ਸਿੰਘ ਨੂੰ ਗੱਦੀਉਂ ਉਤਾਰ ਕੇ ਜਲਾਵਤਨ ਕਰਨ ਉਪਰੰਤ ਦੇਹਰਾਦੂਨ ਭੇਜ ਦਿੱਤਾ ਗਿਆ ਤਾਂ ਇਸ ਗੱਲ ਦਾ ਸਮੁੱਚੇ ਪੰਥ ਨੇ ਬੁਰਾ ਮਨਾਇਆ ਅਤੇ ਮਹਾਰਾਜੇ ਲਈ ਹਮਦਰਦੀ ਪ੍ਰਗਟ ਕੀਤੀ। ਸਿੱਖ ਸੰਗਤਾਂ ਨੇ ਥਾਂ-ਥਾਂ ਰੋਸ ਮੁਜ਼ਾਹਰੇ ਕੀਤੇ, ਅਖੰਡ ਪਾਠ ਰੱਖੇ ਗਏ, ਨਾਭਾ ਰਿਆਸਤ ਦੀ ਪੁਲਿਸ ਨੇ ਜੈਤੋ ਵਿਖੇ ਅਖੰਡ ਪਾਠ ਖੰਡਿਤ ਕਰ ਦਿੱਤਾ ਜਿਸ ਦੇ ਸਬੰਧ ਵਿਚ ਮੋਰਚਾ ਸ਼ੁਰੂ ਹੋ ਗਿਆ। ਪਹਿਲਾਂ 25-25 ਸਿੰਘਾਂ ਦੇ ਜਥੇ ਜਾਂਦੇ ਰਹੇ। ਫਿਰ ਸ਼ਹੀਦੀ ਜਥੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਭੇਜਣ ਦਾ ਫ਼ੈਸਲਾ ਕੀਤਾ ਗਿਆ। ਜਦ ਤੋਂ ਨਾਭਾ ਰਿਆਸਤ ਅੰਗਰੇਜ਼ ਦੇ ਅਧੀਨ ਆਈ ਸੀ, ਉਥੇ ਸਿੱਖਾਂ 'ਤੇ ਤਸ਼ੱਦਦ ਬਹੁਤ ਜ਼ਿਆਦਾ ਵਧ ਗਿਆ ਸੀ। ਸੈਂਕੜੇ ਸਿੰਘਾਂ ਦੀ ਜਾਇਦਾਦ ਜ਼ਬਤ ਕੀਤੀ ਗਈ। ਹਜ਼ਾਰਾਂ ਸਿੱਖਾਂ ਦੇ ਜਾਤੀ ਮੁਚੱਲਕੇ ਭਰਾਏ ਗਏ। ਫ਼ਰੀਦਕੋਟ ਰਿਆਸਤ ਵਿਚ ਅਕਾਲੀ ਸਿੰਘਾਂ ਨਾਲ ਪਸ਼ੂਆਂ ਨਾਲੋਂ ਵੀ ਵੱਧ ਭੈੜਾ ਸਲੂਕ ਕੀਤਾ ਜਾਂਦਾ ਸੀ। ਅਕਾਲੀ ਕੈਦੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਂਦੀਆਂ। ਅਕਾਲੀ ਕੈਦੀਆਂ ਨੂੰ ਸਤ-ਸਤ ਸਾਲ ਕੈਦ ਅਤੇ ਹਜ਼ਾਰ-ਹਜ਼ਾਰ ਰੁਪਿਆ ਜੁਰਮਾਨਾ ਕੀਤਾ ਜਾਂਦਾ ਸੀ।

(ਬਾਕੀ ਅਗਲੇ ਐਤਵਾਰ)

ਹਰਵਿੰਦਰ ਸਿੰਘ ਖ਼ਾਲਸਾ
ਮੋ: 98155-3372



Post Comment

Sunday, August 5, 2012

ਗੁਰਦੁਆਰਾ ਸੁਧਾਰ ਲਹਿਰ ਦਾ ਸੁਨਹਿਰੀ ਇਤਿਹਾਸ


ਗੁਰੂ ਕੇ ਬਾਗ਼ ਦੇ ਮੋਰਚੇ ਸਮੇਂ ਸ਼ਾਂਤ ਪ੍ਰਦਰਸ਼ਨਕਾਰੀਆਂ 'ਤੇ
ਲਾਠੀਚਾਰਜ ਕਰਦੀ ਹੋਈ ਪੁਲਿਸ (ਸੱਜੇ) ਸਾਕਾ ਨਨਕਾਣਾ
 ਸਾਹਿਬ ਦਾ ਇਕ ਦ੍ਰਿਸ਼
ਜਦੋਂ ਸਿੱਖਾਂ ਨੇ ਅੰਗਰੇਜ਼ਾਂ ਦੇ ਜਬਰ ਦਾ ਸਬਰ ਨਾਲ ਸਾਹਮਣਾ ਕੀਤਾ
ਗੁਰੂ ਨਾਨਕ ਪਾਤਸ਼ਾਹ ਲੋਕਾਂ ਨੂੰ ਤਾਰਨ ਵਾਸਤੇ ਇਸ ਦੁਨੀਆ ਵਿਚ ਆਏ। ਗੁਰੂ ਨਾਨਕ ਦੇਵ ਜੀ ਨੇ ਭਾਰਤ ਅਤੇ ਭਾਰਤ ਤੋਂ ਬਾਹਰ ਵਿਚਰ ਕੇ ਭਟਕੀ ਹੋਈ ਲੋਕਾਈ ਨੂੰ ਸੱਚ ਦਾ ਰਾਹ ਦਿਖਾਇਆ। ਪੰਜਵੇਂ ਨਾਨਕ ਤਪਦੇ ਹੋਏ ਮਨਾਂ ਨੂੰ ਠਾਰਨ ਲਈ ਤੱਤੀ ਤਵੀ 'ਤੇ ਜਾ ਬੈਠੇ, ਨੌਵੇਂ ਨਾਨਕ ਨੇ ਹਿੰਦ ਦੀ ਚਾਦਰ ਬਣ ਚਾਂਦਨੀ ਚੌਕ ਵਿਚ ਸ਼ਹਾਦਤ ਦਾ ਜਾਮ ਪੀ ਲਿਆ। ਦਸਵੇਂ ਨਾਨਕ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਤੋਂ 230 ਸਾਲ ਬਾਅਦ ਕੇਸਗੜ੍ਹ ਸਾਹਿਬ ਦੇ ਅਸਥਾਨ 'ਤੇ ਅਨੰਦਪੁਰ ਦੀ ਪਵਿੱਤਰ ਜੂਹ ਅੰਦਰ ਖੰਡੇ ਦੀ ਧਾਰ ਵਿਚੋਂ ਖਾਲਸਾ ਪੰਥ ਦੀ ਸਥਾਪਨਾ ਕੀਤੀ। ਖਾਲਸੇ ਨੇ ਜ਼ੁਲਮ ਦੇ ਵਿਰੁੱਧ ਖੰਡਾ ਖੜਕਾਇਆ, ਖਾਲਸੇ ਦੇ ਖੰਡੇ ਦੀ ਧਾਕ ਸੁਣ ਕੇ ਕਾਬਲ, ਕੰਧਾਰ ਤੇ ਜਮਰੌਦ ਤੱਕ ਦੀਆਂ ਕੰਧਾਂ ਕੰਬ ਉੱਠੀਆਂ। ਮਕਾਰ ਅੰਗਰੇਜ਼ ਨੇ ਡੋਗਰਿਆਂ ਤੋਂ ਗਦਾਰੀ ਕਰਵਾ, ਲੰਮੇ ਸੰਘਰਸ਼ ਤੋਂ ਬਾਅਦ ਸਥਾਪਿਤ ਕੀਤਾ ਸਿੱਖ ਰਾਜ ਖੇਰੂੰ-ਖੇਰੂੰ ਕਰ ਦਿੱਤਾ। ਖਾਲਸਾ ਪੰਥ ਦੇ ਧਾਰਮਿਕ ਅਸਥਾਨ ਜਿਥੋਂ ਸਾਂਝੀਵਾਲਤਾ ਦਾ ਉਪਦੇਸ਼ ਮਿਲਦਾ ਸੀ, ਜਾਤ-ਪਾਤ, ਊਚ-ਨੀਚ ਦੀਆਂ ਜੰਜ਼ੀਰਾਂ ਵਿਚ ਜਕੜੇ ਗਏ। ਖਾਲਸਾ ਜਿਥੋਂ ਰੌਸ਼ਨੀ ਲੈ ਕੇ ਹੱਕ, ਸੱਚ, ਇਨਸਾਫ਼ ਲਈ ਜੰਗ ਲੜਦਾ ਸੀ, ਜੇ ਕੋਈ ਫਰਿਆਦੀ ਆ ਪੁਕਾਰ ਕਰਦਾ ਸੀ, ਉਸ ਦੀ ਫਰਿਆਦ ਪੂਰੀ ਕੀਤੀ ਜਾਂਦੀ ਸੀ, ਅਬਲਾਵਾਂ ਨੂੰ ਜ਼ਾਲਮਾਂ ਦੇ ਹੱਥਾਂ 'ਚੋਂ ਬਚਾਉਣ ਲਈ ਖਾਲਸਾ ਗੁਰਮਤਾ ਕਰਕੇ ਜਾ ਧਾਵਾ ਬੋਲਦਾ ਸੀ। ਉਨ੍ਹਾਂ ਅਸਥਾਨਾਂ 'ਤੇ ਅੰਗਰੇਜ਼ ਦੇ ਪਿੱਠੂ ਇੱਜ਼ਤਾਂ ਨੂੰ ਹੱਥ ਪਾ ਰਹੇ ਸਨ, ਕੋਈ ਧੀ, ਭੈਣ ਸੁਰੱਖਿਅਤ ਨਹੀਂ ਸੀ। ਖਾਲਸਾ ਪੰਥ ਨੇ ਆਪਣੇ ਗੁਰਧਾਮਾਂ ਨੂੰ ਮਹੰਤਾਂ ਤੋਂ ਆਜ਼ਾਦ ਕਰਵਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਕੀਤੀ। ਖਾਲਸੇ ਨੇ ਅਰਦਾਸਾ ਸੋਧ ਕੇ ਤਰਨ ਤਾਰਨ ਵੱਲ ਚਾਲੇ ਪਾਏ। ਗੁਰਦੁਆਰਾ ਤਰਨ ਤਾਰਨ ਸਾਹਿਬ ਨੂੰ ਤਾਂ ਮਹੰਤਾਂ ਤੋਂ ਆਜ਼ਾਦ ਕਰਵਾ ਲਿਆ। ਪਰ ਬਾਬਾ ਬਘੇਲ ਸਿੰਘ ਦਾ ਵਾਰਿਸ ਭਾਈ ਹਜ਼ਾਰਾ ਸਿੰਘ ਅਲਾਦੀਨਪੁਰ 27 ਜਨਵਰੀ, 1921 ਈ: ਨੂੰ ਸ਼ਹੀਦੀ ਪਾ ਗਿਆ। ਭਾਈ ਹਜ਼ਾਰਾ ਸਿੰਘ ਜੀ ਦੀ ਸ਼ਹੀਦੀ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਅਸਥਾਨ ਨੂੰ ਮਹੰਤਾਂ ਤੋਂ ਮੁਕਤ ਕਰਵਾਉਣ ਲਈ ਆਰੰਭ ਹੋਈ ਗੁਰਦੁਆਰਾ ਸੁਧਾਰ ਲਹਿਰ ਵਿਚ ਪਹਿਲੀ ਆਹੂਤੀ ਸੀ। ਬਾਬਾ ਬਘੇਲ ਸਿੰਘ ਜੀ ਨੇ ਦਿੱਲੀ ਜਿੱਤ ਕੇ ਦਿੱਲੀ ਦੇ ਲਾਲ ਕਿਲ੍ਹੇ ਉੱਪਰ ਕੇਸਰੀ ਝੰਡਾ ਝੁਲਾਇਆ ਅਤੇ ਦਿੱਲੀ ਦੇ ਤਾਜਦਾਰਾਂ ਨਾਲ ਗੱਲਬਾਤ ਉਪਰੰਤ ਦਿੱਲੀ ਦੇ ਸਾਰੇ ਸਿੱਖ ਧਾਰਮਿਕ ਅਸਥਾਨਾਂ ਦੀ ਨਿਸ਼ਾਨਦੇਹੀ ਕਰਵਾ ਕੇ ਸ਼ਾਨਦਾਰ ਇਮਾਰਤਾਂ ਤਿਆਰ ਕਰਵਾਈਆਂ। ਗੁਰ ਅਸਥਾਨਾਂ ਦਾ ਪ੍ਰਬੰਧ ਖਾਲਸਾ ਪੰਥ ਦੇ ਹੱਥ ਆਇਆ। ਉਸੇ ਭਾਈ ਬਘੇਲ ਸਿੰਘ ਜੀ ਦੇ ਵਾਰਿਸ ਭਾਈ ਹਜ਼ਾਰਾ ਸਿੰਘ ਜੀ ਨੇ ਸ਼ਹਾਦਤ ਦਾ ਜਾਮ ਪੀ ਕੇ ਗੁਰਦੁਆਰਿਆਂ ਨੂੰ ਮਹੰਤਾਂ ਤੋਂ ਮੁਕਤ ਕਰਵਾ ਕੇ ਖਾਲਸਾ ਪੰਥ ਦੇ ਪ੍ਰਬੰਧ ਹੇਠ ਲਿਆਉਣ ਦੀ ਸ਼ੁਰੂਆਤ ਕੀਤੀ।


ਸ਼ਹੀਦ ਦੀ ਅਰਥੀ ਦਾ ਜਲੂਸ ਅਗਲੇ ਦਿਨ 28 ਜਨਵਰੀ, 1921 ਈ: ਨੂੰ ਨਿਕਲਿਆ, ਜਿਸ ਦੇ ਨਾਲ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਦਾ ਇਕੱਠ ਸੀ। ਜਲੂਸ ਦਰਬਾਰ ਸਾਹਿਬ ਤੋਂ ਸ਼ੁਰੂ ਹੋ ਕੇ ਗੁਰੂ ਕੇ ਖੂਹ ਪੁੱਜਾ ਜਿਥੇ ਮਰਯਾਦਾ ਅਨੁਸਾਰ ਸ਼ਹੀਦ ਦੀ ਦੇਹੀ ਦਾ ਸੰਸਕਾਰ ਕੀਤਾ ਗਿਆ। ਸੰਗਤਾਂ ਵਿਚ ਜੋਸ਼ ਅਤੇ ਏਨਾ ਵੱਡਾ ਇਕੱਠ ਪਹਿਲਾਂ ਇਸ ਤਰ੍ਹਾਂ ਕਦੇ ਨਹੀਂ ਦੇਖਿਆ ਗਿਆ ਸੀ। ਸ਼ਹੀਦ ਦੀ ਮਾਤਾ ਆਪਣੇ ਪੁੱਤ ਦੀ ਸ਼ਹਾਦਤ 'ਤੇ ਮਾਣ ਕਰਦੀ ਹੋਈ ਆਪਣੇ-ਆਪ ਨੂੰ ਵਡਭਾਗਣ ਸਮਝ ਰਹੀ ਸੀ। ਇਸ ਸ਼ਹਾਦਤ ਨੇ ਸੰਗਤਾਂ ਵਿਚ ਨਵਾਂ ਜੋਸ਼ ਭਰ ਦਿੱਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ੁਰੂ ਕੀਤੀ ਗੁਰਦੁਆਰਾ ਸੁਧਾਰ ਲਹਿਰ ਨੂੰ ਤਾਕਤ ਮਿਲਣੀ ਕੁਦਰਤੀ ਗੱਲ ਸੀ। ਇਹ ਸ਼ਹੀਦੀ ਰੰਗ ਲਿਆਈ, ਸੰਗਤਾਂ ਸ਼ਹੀਦੀ ਜਾਮ ਪੀਣ ਲਈ ਉਤਾਵਲੀਆਂ ਹੋ ਗਈਆਂ ਸਨ। ਬਾਬਾ ਬਘੇਲ ਸਿੰਘ ਜੀ ਨੇ ਤੇਗ ਦੀ ਤਾਕਤ ਨਾਲ ਦਿੱਲੀ ਜਿੱਤੀ ਅਤੇ ਦਿੱਲੀ ਦੇ ਗੁਰਦੁਆਰਿਆਂ ਨੂੰ ਮੁਕੰਮਲ ਕਰਵਾਇਆ। ਬਾਬਾ ਬਘੇਲ ਸਿੰਘ ਦੇ ਵਾਰਿਸ ਭਾਈ ਹਜ਼ਾਰਾ ਸਿੰਘ ਜੀ ਨੇ ਸ਼ਾਂਤਮਈ ਹਥਿਆਰ ਨਾਲ ਸ਼ਹੀਦੀ ਪ੍ਰਾਪਤ ਕਰਕੇ ਗੁਰਦੁਆਰਾ ਤਰਨ ਤਾਰਨ ਸਾਹਿਬ ਨੂੰ ਆਜ਼ਾਦ ਕਰਵਾਇਆ ਅਤੇ ਗੁਰਦੁਆਰਿਆਂ ਨੂੰ ਮਹੰਤਾਂ ਤੋਂ ਆਜ਼ਾਦ ਕਰਵਾਉਣ ਦਾ ਮੁੱਢ ਬੰਨ੍ਹਿਆ।

ਗੁਰਦੁਆਰਾ ਨਨਕਾਣਾ ਸਾਹਿਬ ਦਾ ਮਹੰਤ ਨਾਰਾਇਣ ਦਾਸ ਭ੍ਰਿਸ਼ਟ ਹੋ ਚੁੱਕਿਆ ਸੀ, ਇਸ ਦੇ ਦੋ ਪਹਿਲੇ ਵੱਡੇ ਮਹੰਤ ਗੁਪਤ ਰੋਗ ਦੇ ਕਾਰਨ ਮਰ ਚੁੱਕੇ ਸਨ। ਨਨਕਾਣਾ ਸਾਹਿਬ ਦੇ ਮਹੰਤ ਦੀਆਂ ਸ਼ਿਕਾਇਤਾਂ ਸ਼੍ਰੋਮਣੀ ਕਮੇਟੀ ਕੋਲ ਬਹੁਤ ਪਹੁੰਚ ਚੁੱਕੀਆਂ ਸਨ। ਸ਼੍ਰੋਮਣੀ ਕਮੇਟੀ ਨੇ 4 ਮਾਰਚ, 1921 ਨੂੰ ਨਨਕਾਣਾ ਸਾਹਿਬ ਮਹੰਤ ਨੂੰ ਸਮਝਾਉਣ ਲਈ ਇਕੱਠ ਕਰਨ ਦਾ ਫ਼ੈਸਲਾ ਕੀਤਾ। ਮਹੰਤ ਨੇ ਗੁੰਡੇ ਪਾਲ ਰੱਖੇ ਸਨ ਤੇ ਅਸਲਾ ਇਕੱਠਾ ਕੀਤਾ ਹੋਇਆ ਸੀ। ਭਾਈ ਲਛਮਣ ਸਿੰਘ 'ਧੀਰੋਵਾਲ' ਦਾ ਜਥਾ 20 ਫਰਵਰੀ, 1921 ਨੂੰ ਨਨਕਾਣਾ ਸਾਹਿਬ ਪਹੁੰਚਿਆ। ਮਹੰਤ ਦੇ ਇਸ਼ਾਰੇ 'ਤੇ ਮਹੰਤ ਦੇ ਗੁੰਡਿਆਂ ਨੇ ਡੇਢ ਸੌ ਦੇ ਕਰੀਬ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ। ਜਦ ਇਸ ਸਾਕੇ ਬਾਰੇ ਖ਼ਬਰ ਸਭ ਪਾਸੇ ਪਹੁੰਚੀ ਤਾਂ ਸਿੱਖ ਸੰਗਤਾਂ ਜਾਨ ਦੀ ਪ੍ਰਵਾਹ ਨਾ ਕਰਦੀਆਂ ਹੋਈਆਂ ਨਨਕਾਣਾ ਸਾਹਿਬ ਪਹੁੰਚ ਗਈਆਂ। ਨਨਕਾਣਾ ਸਾਹਿਬ ਦੇ ਗੁਰਦੁਆਰੇ ਨੂੰ ਫ਼ੌਜ ਨੇ ਘੇਰਾ ਪਾਇਆ ਹੋਇਆ ਸੀ, ਪਰ ਸਿੱਖ ਸੰਗਤ ਏਨੇ ਜੋਸ਼ ਵਿਚ ਸੀ ਕਿ ਫ਼ੌਜ ਵੀ ਉਨ੍ਹਾਂ ਨੂੰ ਗੁਰਦੁਆਰੇ ਦੇ ਨੇੜੇ ਜਾਣ ਤੋਂ ਰੋਕ ਨਾ ਸਕੀ। ਸਰਕਾਰ ਨੇ ਸੱਤ ਮੈਂਬਰੀ ਕਮੇਟੀ ਨੂੰ ਨਨਕਾਣਾ ਸਾਹਿਬ ਦੀਆਂ ਚਾਬੀਆਂ ਸੌਂਪ ਦਿੱਤੀਆਂ। ਨਨਕਾਣਾ ਸਾਹਿਬ ਮਹੰਤ ਦੇ ਬੰਦਿਆਂ ਨੇ ਜਥੇ ਵਿਚ ਸ਼ਾਮਿਲ ਸਿੱਖਾਂ ਨੂੰ ਗੋਲੀਆਂ ਮਾਰ ਕੇ, ਟਕੂਏ ਨਾਲ ਟੋਟੇ ਕਰਕੇ, ਘੁਮਿਆਰ ਦੀ ਭੱਠੀ ਵਿਚ ਸੁੱਟ ਕੇ, ਮਿੱਟੀ ਦਾ ਤੇਲ ਪਾ ਅੱਗ ਲਾ ਕੇ, ਬਲਦੀ ਅੱਗ ਵਿਚ ਸੁੱਟ ਕੇ, ਕੋਠੇ ਤੋਂ ਹੇਠਾਂ ਸੁੱਟ ਕੇ, ਜੰਡ ਨਾਲ ਬੰਨ੍ਹ ਕੇ ਸ਼ਹੀਦ ਕੀਤਾ। ਇਸ ਸਾਕੇ ਨੇ ਗੁਰਦੁਆਰਿਆਂ ਨੂੰ ਮਹੰਤਾਂ ਤੋਂ ਆਜ਼ਾਦ ਕਰਵਾਈ ਲਈ ਸਿੰਘਾਂ ਦੇ ਮਨਾਂ ਅੰਦਰ ਭਾਂਬੜ ਬਾਲ ਦਿੱਤੇ। ਸਮੁੱਚਾ ਪੰਥ ਹਰ ਤਰ੍ਹਾਂ ਦੀ ਕੁਰਬਾਨੀ ਕਰਨ ਲਈ ਤਿਆਰ ਹੋ ਗਿਆ। ਨਨਕਾਣਾ ਸਾਹਿਬ ਦੇ ਸਾਕੇ ਤੋਂ ਬਾਅਦ ਸਿੰਘਾਂ ਨੇ ਕਾਲੀਆਂ ਦਸਤਾਰਾਂ ਅਤੇ ਬੀਬੀਆਂ ਨੇ ਕਾਲੇ ਦੁਪੱਟੇ ਲੈਣੇ ਸ਼ੁਰੂ ਕਰ ਦਿੱਤੇ। ਨਨਕਾਣਾ ਸਾਹਿਬ ਵਿਖੇ ਵੱਡੇ-ਵੱਡੇ ਕੜਾਹੇ ਕਾਲੇ ਰੰਗ ਦੇ ਭਰੇ ਪਏ ਸਨ। ਜੋ ਵੀ ਮਾਈ ਭਾਈ ਨਨਕਾਣਾ ਸਾਹਿਬ ਦਰਸ਼ਨ ਕਰਨ ਜਾਂਦਾ ਆਪਣੀ ਦਸਤਾਰ ਕਾਲੇ ਰੰਗ ਵਿਚ ਰੰਗ ਕੇ ਲੈ ਜਾਂਦਾ।
ਗੁਰਦੁਆਰਾ ਸੁਧਾਰ ਲਹਿਰ ਦੇ ਪਹਿਲੇ ਸ਼ਹੀਦ ਭਾਈ
ਹਜ਼ਾਰਾ ਸਿੰਘ ਅਲਾਦੀਨਪੁਰ (ਤਰਨ ਤਾਰਨ) ਦੀ ਸ਼ਹੀਦੀ
ਯਾਦਗਾਰ ਅਤੇ (ਸੱਜੇ) ਸ਼ਹੀਦ ਭਾਈ ਹਜ਼ਾਰਾ ਸਿੰਘ ਅਲਾਦੀਨਪੁਰ

ਮਹੰਤ ਨਾਰਾਇਣ ਦਾਸ ਸਜ਼ਾ ਭੁਗਤ ਕੇ 1930 ਈ: ਨੂੰ ਰਿਹਾਅ ਹੋਇਆ ਅਤੇ 1955 ਈ: ਵਿਚ ਦੇਹਰਾਦੂਨ ਬਿਮਾਰੀ ਦੀ ਹਾਲਤ ਵਿਚ ਮਰ ਗਿਆ। ਇਸ ਗੱਲ ਦਾ ਆਮ ਲੋਕਾਂ ਨੂੰ ਪਤਾ ਨਹੀਂ ਸੀ ਕਿ ਮਹੰਤ ਨਾਰਾਇਣ ਦਾਸ ਜਿਊਂਦਾ ਹੈ।

ਨਨਕਾਣਾ ਸਾਹਿਬ ਦੇ ਸਾਕੇ ਅਤੇ ਗੁਰੂ ਕੇ ਬਾਗ ਦੇ ਮੋਰਚੇ ਵਿਚ ਗਏ ਅਕਾਲੀ ਸਿੰਘਾਂ ਦੀ ਬਹਾਦਰੀ ਅਤੇ ਸ਼ਾਂਤਮਈ ਰਹਿਣ ਦੀਆਂ ਧੁੰਮਾਂ ਸਾਰੀ ਦੁਨੀਆ ਵਿਚ ਪੈ ਗਈਆਂ। ਗੁਰੂ ਕੇ ਬਾਗ਼ ਦੇ ਮੋਰਚੇ ਵਿਚ ਜਾ ਰਹੇ ਅਕਾਲੀ ਸਿੰਘਾਂ ਨੂੰ ਦੇਖਣ ਵਾਸਤੇ ਕਿ ਸਿੱਖਾਂ ਵਰਗੀ ਬਹਾਦਰ ਕੌਮ ਜਥੇਦਾਰ ਅਕਾਲ ਤਖ਼ਤ ਸਾਹਿਬ ਦਾ ਹੁਕਮ ਮੰਨ ਕੇ ਸ਼ਾਂਤਮਈ ਰਹਿੰਦੀ ਹੋਈ ਬੀ. ਟੀ. ਦੇ ਜ਼ੁਲਮ ਨੂੰ ਕਿਵੇਂ ਸਹਿ ਰਹੀ ਹੈ, ਸੰਸਾਰ ਭਰ ਦੀ ਪ੍ਰੈੱਸ ਗੁਰੂ ਕੇ ਬਾਗ਼ ਪਹੁੰਚੀ। ਸਿੰਘ ਸ਼ਾਂਤਮਈ ਗੁਰੂ ਕੇ ਬਾਗ਼ ਨੂੰ ਜਾਂਦੇ। ਬੀ. ਟੀ. ਦੇ ਪੁਲਿਸ ਮੁਲਾਜ਼ਮ ਸਿੰਘਾਂ ਨੂੰ ਸੁੰਮਾਂ ਵਾਲੀਆਂ ਡਾਂਗਾਂ ਮਾਰ-ਮਾਰ ਕੇ ਬੇਹੋਸ਼ ਕਰ ਦਿੰਦੇ। ਬੇਹੋਸ਼ ਹੋਏ ਸਿੰਘਾਂ 'ਤੇ ਘੋੜੇ ਦੁੜਾਏ ਜਾਂਦੇ, ਗੁਪਤ ਅੰਗਾਂ 'ਤੇ ਸੱਟਾਂ ਮਾਰੀਆਂ ਜਾਂਦੀਆਂ, ਡਾਂਗਾਂ ਮਾਰ ਕੇ ਸਿਰ ਪਾੜ ਦਿੱਤੇ ਜਾਂਦੇ, ਬੇਹੋਸ਼ ਹੋਏ ਸਿੰਘਾਂ ਨੂੰ ਖਿੱਚ ਕੇ ਟੋਇਆਂ ਵਿਚ ਸੁੱਟ ਦਿੱਤਾ ਜਾਂਦਾ। ਏਨਾ ਤਸ਼ੱਦਦ ਸਹਿ ਕੇ ਵੀ ਸਿੰਘਾਂ ਦੇ ਮੂੰਹ ਵਿਚੋਂ ਸਤਿਨਾਮੁ ਵਾਹਿਗੁਰੂ ਦੀ ਆਵਾਜ਼ ਹੀ ਨਿਕਲਦੀ ਸੀ। ਜ਼ਖਮੀ ਹਾਲਤ ਵਿਚ ਸਿੰਘਾਂ ਨੂੰ ਹਸਪਤਾਲ ਪਹੁੰਚਾਇਆ ਜਾਂਦਾ, ਸਿੰਘਾਂ ਵਿਚ ਏਨਾ ਜੋਸ਼ ਸੀ ਕਿ ਠੀਕ ਹੋ ਕੇ ਫਿਰ ਗੁਰੂ ਕੇ ਬਾਗ਼ ਨੂੰ ਤੁਰ ਪੈਂਦੇ। ਨਾਲੇ ਪਤਾ ਸੀ ਡਾਂਗਾਂ ਪੈਣੀਆਂ ਹਨ, ਤਸ਼ੱਦਦ ਹੋਣਾ ਹੈ ਪਰ ਧਨ ਗੁਰੂ ਤੇ ਧਨ ਗੁਰੂ ਦੇ ਸਿੱਖ ਜਿਹੜੇ ਗੁਰਧਾਮਾਂ ਲਈ ਕੁਰਬਾਨੀ ਕਰਨ ਤੋਂ ਪਿੱਛੇ ਨਾ ਹਟਦੇ।

ਜਥਾ ਹਰ ਰੋਜ਼ ਗੁਰੂ ਕੇ ਬਾਗ਼ ਗ੍ਰਿਫ਼ਤਾਰੀ ਲਈ ਜਾਂਦਾ। ਲਾਇਲਪੁਰ ਦਾ ਨੌਜਵਾਨ ਪ੍ਰਿਥੀਪਾਲ ਸਿੰਘ ਸਾਬਕਾ ਵਿਦਿਆਰਥੀ ਖਾਲਸਾ ਕਾਲਜ ਅੰਮ੍ਰਿਤਸਰ, ਜਥੇ ਦੀ ਅਗਵਾਈ ਕਰਕੇ ਗੁਰੂ ਕੇ ਬਾਗ਼ ਗਿਆ, ਪੁਲਿਸ ਨੇ ਜਥੇ ਨੂੰ ਰੋਕ ਕੇ ਛੀਨਿਆਂ ਦੇ ਪੁਲ ਉਤੇ ਜਥੇ ਦੇ ਸਿੰਘਾਂ ਨੂੰ ਡਾਂਗਾਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਸ: ਪ੍ਰਿਥੀਪਾਲ ਸਿੰਘ ਉੱਚਾ ਲੰਮਾ ਗੱਭਰੂ, ਚੌੜੀ ਛਾਤੀ, ਪੁਲਿਸ ਵਾਲਿਆਂ ਨੇ ਆਪਣਾ ਪੂਰਾ ਗੁੱਸਾ ਪ੍ਰਿਥੀਪਾਲ ਸਿੰਘ 'ਤੇ ਕੱਢਿਆ। ਪ੍ਰਿਥੀਪਾਲ ਸਿੰਘ ਡਾਂਗਾਂ ਖਾ ਕੇ ਫਿਰ ਖੜ੍ਹਾ ਹੋ ਜਾਂਦਾ। ਅਖੀਰ ਚਾਰ ਪੁਲਿਸੀਏ ਪ੍ਰਿਥੀਪਾਲ ਸਿੰਘ ਦੀ ਛਾਤੀ 'ਤੇ ਬੈਠ ਗਏ ਅਤੇ ਅੰਨ੍ਹਾ ਤਸ਼ੱਦਦ ਕੀਤਾ। ਪ੍ਰਿਥੀਪਾਲ ਸਿੰਘ ਦੇ 96 ਡਾਂਗਾਂ ਵੱਜੀਆਂ, ਸਾਰੇ ਸਰੀਰ 'ਤੇ ਡੂੰਘੇ ਜ਼ਖ਼ਮ ਸਨ। ਮਿਸਟਰ ਬੀ. ਟੀ. ਨੇ ਪ੍ਰਿਥੀਪਾਲ ਸਿੰਘ ਨੂੰ ਕਿਹਾ ਕਿ ਮਿਸਟਰ ਪ੍ਰਿਥੀਪਾਲ ਸਿੰਘ ਟੈਲ ਮੀ ਵੇਅਰ ਇੰਜ. ਯੂਅਰ ਗੋਬਿੰਦਾ (ਗੁਰੂ ਗੋਬਿੰਦ ਸਿੰਘ) ਪ੍ਰਿਥੀਪਾਲ ਸਿੰਘ ਜੋ ਪੂਰਾ ਜ਼ਖਮੀ ਅਤੇ ਅੱਧ ਬੇਹੋਸ਼ੀ ਦੀ ਹਾਲਤ ਵਿਚ ਸੀ, ਬੀ. ਟੀ. ਦੀ ਗੱਲ ਸੁਣ ਕੇ, ਕਲਗੀਧਰ ਪਾਤਸ਼ਾਹ ਨੂੰ ਦਿਲ ਵਿਚ ਧਿਆਉਂਦਾ ਹੋਇਆ ਫਿਰ ਖੜ੍ਹਾ ਹੋ ਗਿਆ ਅਤੇ ਕਹਿਣ ਲੱਗਾ ਮਿਸਟਰ ਬੀ. ਟੀ. ਤੈਨੂੰ ਮੈਂ ਹੁਣੇ ਦੱਸ ਦਿਆਂ ਕਿ ਗੁਰੂ ਗੋਬਿੰਦ ਸਿੰਘ ਜੀ ਕਿੱਥੇ ਹਨ? ਪਰ ਮੈਨੂੰ ਜਥੇਦਾਰ ਅਕਾਲ ਤਖ਼ਤ ਦਾ ਹੁਕਮ ਨਹੀਂ ਕਿ ਤੇਰੇ ਉੱਪਰ ਹੱਥ ਚੁੱਕਾਂ। ਇਹੋ ਜਿਹੇ ਸਨ ਗੁਰੂ ਦੇ ਸਿੰਘ। ਹਰ ਤਰ੍ਹਾਂ ਦੀ ਦਲੇਰੀ ਹੋਣ ਦੇ ਬਾਵਜੂਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੀ ਦੇ ਹੁਕਮ ਨੂੰ ਪਹਿਲ ਦਿੰਦੇ ਸਨ। ਇਸ ਨੌਜਵਾਨ ਦਾ ਪੌਣੇ ਦੋ ਸਾਲ ਇਲਾਜ ਚਲਦਾ ਰਿਹਾ। ਜ਼ਖਮ ਡੂੰਘੇ ਹੋਣ ਕਰਕੇ ਅਖੀਰ 2 ਅਪ੍ਰੈਲ, 1924 ਨੂੰ ਇਹ ਸ਼ਹੀਦੀ ਪਾ ਗਿਆ। ਇਸ ਨੌਜਵਾਨ ਦਾ ਅੰਮ੍ਰਿਤਸਰ ਵਿਖੇ ਸੰਸਕਾਰ ਕੀਤਾ ਗਿਆ। ਇਸ ਨੌਜਵਾਨ ਦੀ ਭੂਆ ਸ: ਤੇਜਾ ਸਿੰਘ ਸਮੁੰਦਰੀ ਦੀ ਧਰਮ ਮਾਂ ਸੀ।

(ਬਾਕੀ ਅਗਲੇ ਐਤਵਾਰ)
ਹਰਵਿੰਦਰ ਸਿੰਘ ਖ਼ਾਲਸਾ (ਬਠਿੰਡਾ)
 ਮੋ: 98155-33725




Post Comment