ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Saturday, August 11, 2012

ਗੁਰਦੁਆਰਾ ਸੁਧਾਰ ਲਹਿਰ ਦਾ ਸੁਨਹਿਰੀ ਇਤਿਹਾਸ-2

ਰਾਖਾ ਆਪ ਅਕਾਲ ਅਕਾਲੀਆਂ ਦਾ

ਗੰਗਸਰ ਜੈਤੋ ਦੇ ਮੋਰਚੇ ਸਮੇਂ ਜਥੇ 'ਤੇ ਗੋਲੀਆਂ ਵਰ੍ਹਾਈਆਂ ਗਈਆਂ ਜਿਸ ਵਿਚ ਬੀਬੀ ਬਲਬੀਰ ਕੌਰ ਦੇ ਬੱਚੇ ਨੂੰ ਗੋਲੀ ਵੱਜੀ ਤੇ ਉਸ ਦੀ ਮੌਤ ਹੋ ਗਈ ਪਰ ਗੋਲੀਆਂ ਦੀ ਪ੍ਰਵਾਹ ਕੀਤੇ ਬਿਨਾਂ ਜਥਾ ਅੱਗੇ ਵਧਦਾ ਰਿਹਾ।
ਜਥੇ ਵਿਚ ਜਾਣ ਵਾਲੇ ਸਿੰਘਾਂ 'ਤੇ ਤਸ਼ੱਦਦ ਹੋ ਰਿਹਾ ਸੀ ਪਰ ਜਥਿਆਂ ਨੂੰ ਦੇਖ ਰਹੇ ਸਿੰਘਾਂ ਦੇ ਅੰਦਰ ਅੰਗਰੇਜ਼ ਪੁਲਿਸ ਵਿਰੁੱਧ ਪੂਰਾ ਜੋਸ਼ ਤੇ ਕੁਰਬਾਨੀ ਕਰਨ ਦਾ ਜਜ਼ਬਾ ਸੀ। ਇਕ ਦਿਨ ਪਹਿਲਵਾਨ ਕਿਸ਼ਨ ਸਿੰਘ ਚੂੜੀਦਾਰ ਗਿਲਾਸ ਲੱਸੀ ਦਾ ਭਰ ਕੇ ਬੀ. ਟੀ. ਲਈ ਲੈ ਕੇ ਗਿਆ। ਬੀ. ਟੀ. ਘੋੜੇ 'ਤੇ ਸਵਾਰ ਸੀ। ਜਦੋਂ ਕਿਸ਼ਨ ਸਿੰਘ ਘੋੜੇ ਦੇ ਨੇੜੇ ਪਹੁੰਚਿਆ ਤਾਂ ਲੱਸੀ ਨੂੰ ਡੋਲ੍ਹ ਕੇ ਖਾਲੀ ਪਿੱਤਲ ਦਾ ਗਿਲਾਸ ਬੀ. ਟੀ. ਦੇ ਮਥੇ ਵਿਚ ਮਾਰਿਆ। ਬੀ. ਟੀ. ਦੇ ਮੱਥੇ ਵਿਚ ਜ਼ਖਮ ਹੋ ਗਿਆ, ਸਾਰੇ ਇਲਾਕੇ ਵਿਚ ਧੁੰਮ ਗਿਆ ਕਿ ਕਿਸ਼ਨ ਸਿੰਘ ਨੇ ਬੀ. ਟੀ. ਦੇ ਬੰਬ ਮਾਰਿਆ। ਇਹ ਜੋਸ਼ ਸੀ ਸਿੱਖ ਕੌਮ ਵਿਚ। ਬੀ. ਟੀ. ਅੰਮ੍ਰਿਤਸਰ ਤੋਂ ਬਾਅਦ ਵੱਖ-ਵੱਖ ਜ਼ਿਲ੍ਹਿਆਂ ਵਿਚ ਵੱਖੋ-ਵੱਖਰੇ ਵਿਭਾਗਾਂ ਵਿਚ ਰਿਹਾ। ਅਖੀਰ ਮਾਲਵੇ ਦੇ ਬੱਬਰਾਂ ਨੇ 27 ਮਈ, 1942 ਨੂੰ ਪਿੰਡ ਚੱਠੇ ਸੇਖਵਾਂ ਜ਼ਿਲ੍ਹਾ ਸੰਗਰੂਰ ਵਿਚ ਉਸ ਨੂੰ ਮਾਰ ਦਿੱਤਾ।

ਗੁਰੂ ਕੇ ਬਾਗ਼ ਦੇ ਮੋਰਚੇ ਵਿਚ ਬੀ. ਟੀ. ਵੱਲੋਂ ਹੋ ਰਹੇ ਤਸ਼ੱਦਦ ਦੀ ਚਰਚਾ ਹਰ ਪਾਸੇ ਸੀ। ਸਿੰਘਾਂ ਨੂੰ ਤਾਰਾਂ ਦੇ ਕੈਂਪ ਵਿਚ ਡੱਕਿਆ ਜਾਂਦਾ। ਪਿੰਡ ਈਸਾਪੁਰ ਦਾ ਇਕ ਨੌਜਵਾਨ ਆਪਣੇ ਵਿਆਹ ਲਈ ਘਿਉ ਖਰੀਦਣ ਵਾਸਤੇ ਜਾ ਰਿਹਾ ਸੀ ਜੋ ਗੁਰੂ ਕੇ ਬਾਗ਼ ਦੇ ਕੋਲੋਂ ਦੀ ਲੰਘਿਆ। ਉਸ ਨੇ ਸਿੰਘਾਂ ਨੂੰ ਮਾਰ ਖਾਂਦਿਆਂ ਅਤੇ ਤਾਰਾਂ ਦੇ ਕੈਂਪ ਵਿਚ ਕੈਦ ਹੋਏ ਦੇਖਿਆ ਤਾਂ ਉਸ ਦੇ ਅੰਦਰ ਏਨਾ ਜੋਸ਼ ਆਇਆ ਕਿ ਉਹ ਘਿਉ ਵਾਲੇ ਭਾਂਡੇ ਸੁੱਟ ਕੇ ਜਥੇ ਵਿਚ ਜਾ ਸ਼ਾਮਿਲ ਹੋਇਆ। ਇਹ ਸੀ ਗੁਰੂ ਦੇ ਸਿੱਖਾਂ ਦੀ ਗੁਰੂ ਦੇ ਪੰਥ ਲਈ ਕੁਰਬਾਨੀ।

21 ਫਰਵਰੀ 1924 ਨੂੰ ਵਾਪਰੇ ਸਾਕੇ 'ਚ ਪੁਲਿਸ ਦੀਆਂ ਗੋਲੀਆਂ ਦਾ ਸਾਹਮਣਾ ਕਰਦੇ ਹੋਏ ਸਿੱਖ ਜਥੇ ਦੇ ਮੈਂਬਰ
ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਦੇ ਪਿੰਡ 9-10-11 ਅਕਤੂਬਰ, 1922 ਨੂੰ ਇਕ ਵੱਡੀ ਰਾਜਸੀ ਕਾਨਫ਼ਰੰਸ ਹੋਈ। ਗੁਰੂ ਕੇ ਬਾਗ਼ ਦਾ ਮੋਰਚਾ ਚਲ ਰਿਹਾ ਸੀ। ਮੁਸਾਫ਼ਿਰ ਜੀ ਇਕ ਸੌ ਸਿੰਘਾਂ ਦਾ ਜਥਾ ਲੈ ਕੇ ਅੰਮ੍ਰਿਤਸਰ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ। ਹਜ਼ਾਰਾਂ ਦੀ ਗਿਣਤੀ ਦੇ ਇਕੱਠ ਵਿਚ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਨੇ ਬੜੇ ਜੋਸ਼ ਵਿਚ ਆ ਕੇ ਕਵਿਤਾ ਪੜ੍ਹੀ...

ਦਿਲਾ! ਉਠ ਖਾਂ ਗੁਰੂ ਦੇ ਬਾਗ਼ ਚਲੀਏ

ਜਾਏ ਵੇਖੀਏ ਯਾਰ ਨਿਸ਼ਾਨੀਆਂ ਨੂੰ

ਮੱਥਾ ਟੇਕੀਏ ਚੁੰਮੀਏ ਧਰਤ ਜਾ ਕੇ

ਅੱਖੀਂ ਵੇਖੀਏ ਸੁਣੀਆਂ ਕਹਾਣੀਆਂ ਨੂੰ।

ਕਵਿਤਾ ਨੇ ਸੰਗਤਾਂ ਵਿਚ ਏਨਾ ਜੋਸ਼ ਭਰ ਦਿੱਤਾ ਕਿ ਜੈਕਾਰੇ ਤੇ ਜੈਕਾਰਾ ਛੱਡਿਆ ਗਿਆ। ਉਸ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇਜਾ ਸਿੰਘ ਅਕਰਪੁਰੀ ਸਨ। ਉਨ੍ਹਾਂ ਨੇ ਫ਼ੈਸਲਾ ਕੀਤਾ ਅਤੇ ਸੰਗਤਾਂ ਨੂੰ ਦੱਸਿਆ ਕਿ ਮੁਸਾਫ਼ਿਰ ਦਾ ਜਥਾ ਜਾ ਕੇ ਗ੍ਰਿਫ਼ਤਾਰੀ ਦੇ ਸਕਦਾ ਹੈ ਪਰ ਮੁਸਾਫ਼ਿਰ ਨਹੀਂ ਜਾਵੇਗਾ। ਇਸ ਤੋਂ ਪਿੱਛੋਂ ਮੁਸਾਫ਼ਿਰ ਜੀ ਨੇ ਪੰਜਾਬ ਵਿਚ ਕੀਤੇ ਜਾ ਰਹੇ ਦੀਵਾਨਾਂ ਤੇ ਕਵਿਤਾਵਾਂ ਪੜ੍ਹੀਆਂ ਅਤੇ ਕਈ ਜਥੇ ਤਿਆਰ ਕੀਤੇ। ਉਨ੍ਹਾਂ ਦਿਨਾਂ ਵਿਚ 'ਸਾਡਾ ਗੁਰੂ ਤੇ ਗੁਰੂ ਦਾ ਬਾਗ਼ ਸਾਡਾ', 'ਰਾਖਾ ਆਪ ਅਕਾਲ ਅਕਾਲੀਆਂ ਦਾ', ਬੱਚੇ ਬੱਚੇ ਦੀ ਜ਼ਬਾਨ 'ਤੇ ਸੀ।

ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਨੇ ਜਿਥੇ ਕਵਿਤਾਵਾਂ ਰਾਹੀਂ ਸਿੱਖ ਕੌਮ ਵਿਚ ਜੋਸ਼ ਭਰਿਆ, ਉਥੇ ਕੌਮ ਨੇ ਆਪ ਜੀ ਨੂੰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਥਾਪਿਆ। ਆਪ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਰਹੇ। ਆਪ ਪੰਜਾਬ ਦੇ ਮੁੱਖ ਮੰਤਰੀ ਵੀ ਬਣੇ ਅਤੇ ਜਲ੍ਹਿਆਂਵਾਲਾ ਬਾਗ ਪ੍ਰਬੰਧਕ ਕਮੇਟੀ ਦੇ ਅਖੀਰਲੇ ਸਮੇਂ ਤੱਕ ਪ੍ਰਧਾਨ ਰਹੇ। ਗੁਰੂ ਕੇ ਬਾਗ਼ ਦੇ ਮੋਰਚੇ ਦੀ ਚਰਚਾ ਸਾਰੀ ਦੁਨੀਆ ਵਿਚ ਹੋਈ। ਵਿਦੇਸ਼ਾਂ ਤੋਂ ਆ ਕੇ ਪੱਤਰਕਾਰਾਂ ਨੇ ਫ਼ਿਲਮਾਂ ਤਿਆਰ ਕੀਤੀਆਂ, ਲੋਕਾਂ ਨੇ ਇਸ਼ਤਿਹਾਰ ਛਾਪੇ, ਕੰਪਨੀਆਂ ਨੇ ਕੈਲੰਡਰ ਤਿਆਰ ਕਰਵਾ ਕੇ ਵੰਡੇ। ਗੁਰੂ ਕੇ ਬਾਗ਼ ਦੇ ਮੋਰਚੇ ਵਿਚ ਸਿੱਖਾਂ ਵੱਲੋਂ ਕੀਤੀਆਂ ਕੁਰਬਾਨੀਆਂ ਨੇ ਸਿੱਖਾਂ ਦਾ ਸਤਿਕਾਰ ਲੋਕਾਂ ਦੇ ਦਿਲਾਂ ਵਿਚ ਪੈਦਾ ਕਰ ਦਿੱਤਾ। ਲਾਲਾ ਮੇਲਾ ਰਾਮ ਵਫ਼ਾ ਨੇ ਅਕਾਲੀਆਂ ਦੀ ਪ੍ਰਸੰਸਾ ਕਰਦੇ ਹੋਏ ਕਵਿਤਾ ਲਿਖੀ-

'ਤਿਰੀ ਕੁਰਬਾਨੀਉਂ ਕੀ ਧੂਮ ਹੈ ਆਜ਼ ਇਸ ਜ਼ਮਾਨੇ ਮੇਂ,

ਬਹਾਦਰ ਹੈ ਅਗਰ ਕੋਈ ਤੋ ਵੋਹ ਤੂ ਅਕਾਲੀ ਹੈ।

ਤੇਰਾ ਜਿਸ ਨੇ ਮੁਕੱਦਮ ਪੈਕਰ ਈਸਾਰ ਬੇਪਾਇਆ,

ਤੇਰਾ ਕਲਬ ਹੈ ਮੁਨੱਵਰ ਫ਼ਖਰ ਨੇ ਜਜ਼ਬਾਤ ਆਲੀ ਹੈ।

ਬੜੀ ਤਾਰੀਫ਼ ਕੇ ਕਾਬਲ ਤੇਰੀ ਹਿੰਮਤ ਓ ਜ਼ੁਰਅਤ,

ਜਦੋ-ਜਹਿਦ ਆਜ਼ਾਦੀ ਮੇਂ ਤੂੰ ਨੇ ਜਾਨ ਡਾਲੀ ਹੈ।

ਕੀਆ ਹੈ ਜ਼ਿੰਦਾ ਤੂ ਨੇ ਰਵਾਇਆਤੇ ਗੁਜ਼ੱਸ਼ਤਾ ਕੋ,

ਸਿਤਮਗਰੋਂ ਸੇ ਤੂੰ ਨੇ ਕੌਮ ਕੀ ਇੱਜ਼ਤ ਬਚਾ ਲੀ ਹੈ।

ਜ਼ਾਲਮੋਂ ਕੀ ਲਾਠੀਆਂ ਤੂੰ ਨੇ ਸਹੀ ਸੀਨਾਏ ਸਪਰ ਹੋ ਕਰ,

ਲੁਤਫ਼ ਇਸ ਪੈ ਕਿ ਲਬ ਪਹਿ ਸ਼ਿਕਾਇਤ ਹੈ ਨਾ ਗਾਲੀ ਹੈ।

ਜਿਨ੍ਹਾਂ ਸਿੰਘਾਂ ਨੂੰ ਗੁਰੂ ਕੇ ਬਾਗ਼ ਦੇ ਮੋਰਚੇ ਵਿਚ ਗ੍ਰਿਫ਼ਤਾਰ ਕੀਤਾ ਜਾਂਦਾ ਸੀ, ਉਨ੍ਹਾਂ ਨੂੰ ਜੱਜ ਵੱਲੋਂ ਸਖ਼ਤ ਸਜ਼ਾਵਾਂ ਦੇਣ ਉਪਰੰਤ ਵੱਖੋ-ਵੱਖ ਜੇਲ੍ਹਾਂ ਵਿਚ ਭੇਜਿਆ ਜਾਂਦਾ ਸੀ। ਇਸੇ ਤਰ੍ਹਾਂ ਇਕ ਪੈਨਸ਼ਨੀਏ ਫ਼ੌਜੀ ਸਿੰਘਾਂ ਦਾ ਜਥਾ ਗੁਰੂ ਕੇ ਬਾਗ਼ ਵਿਚ ਗ੍ਰਿਫ਼ਤਾਰ ਹੋਇਆ। ਜੱਜ ਨੇ ਉਸ ਜਥੇ ਦੇ ਸਿੰਘਾਂ ਨੂੰ ਢਾਈ-ਢਾਈ ਸਾਲ ਦੀ ਸਖ਼ਤ ਕੈਦ ਕਰਕੇ ਅਟਕ ਜੇਲ੍ਹ ਭੇਜਿਆ। ਜਥਾ ਰੇਲ ਗੱਡੀ ਰਾਹੀਂ ਅੰਮ੍ਰਿਤਸਰ ਤੋਂ ਅਟਕ ਨੂੰ ਤੁਰਿਆ, ਰਸਤੇ ਵਿਚ ਹਸਨ ਅਬਦਾਲ ਪੰਜਾ ਸਾਹਿਬ ਸੀ। ਇਥੋਂ ਦੀਆਂ ਸੰਗਤਾਂ ਆਪਣੇ ਵੀਰਾਂ ਦੀ ਸੇਵਾ ਕਰਨਾ ਚਾਹੁੰਦੀਆਂ ਸਨ। ਸੰਗਤਾਂ ਸਟੇਸ਼ਨ 'ਤੇ ਇਕੱਠੀਆਂ ਹੋ ਗਈਆਂ। ਸਟੇਸ਼ਨ ਮਾਸਟਰ ਨੇ ਲਾਈਨ ਕਲੀਅਰ ਦੀ ਝੰਡੀ ਦੇ ਦਿੱਤੀ। ਪਰ ਗੁਰੂ ਕੇ ਪਿਆਰੇ ਗੱਡੀ ਦੀ ਲਾਈਨ ਵਿਚ ਬੈਠ ਗਏ। ਗੱਡੀ ਕੂਕਾਂ ਮਾਰਦੀ ਆ ਰਹੀ ਸੀ ਪਰ ਗੁਰੂ ਦੇ ਸਿੰਘ ਅਡੋਲ ਬੈਠੇ ਰਹੇ। ਗੱਡੀ ਰੁਕਦੀ ਰੁਕਦੀ ਸਿੰਘਾਂ ਦੇ ਉੱਪਰ ਜਾ ਚੜ੍ਹੀ। ਅਖੀਰ ਇੰਜਣ ਭਾਈ ਕਰਮ ਸਿੰਘ, ਭਾਈ ਪ੍ਰਤਾਪ ਸਿੰਘ ਜੀ ਦੀਆਂ ਹੱਡੀਆਂ ਨੂੰ ਚੂਰ ਕਰਦਾ ਹੋਇਆ ਲੰਘ ਗਿਆ। ਦੋਵਾਂ ਦੇ ਸਰੀਰ ਪਿੰਜੇ ਗਏ ਤੇ ਗੱਡੀ ਖੜ੍ਹ ਗਈ। ਦੋਵੇਂ ਸ਼ਹੀਦ ਅਜੇ ਸਿਸਕਦੇ ਸਨ, ਜਦ ਉਨ੍ਹਾਂ ਨੂੰ ਇੰਜਣ ਦੇ ਪਹੀਆਂ ਵਿਚੋਂ ਕੱਢਿਆ ਜਾ ਰਿਹਾ ਸੀ ਤਾਂ ਉਹ ਗੁਰੂ ਦੀ ਗੋਦ ਵਿਚ ਪਹੁੰਚਣ ਤੋਂ ਪਹਿਲਾਂ ਕਹਿ ਰਹੇ ਸਨ ਕਿ ਪਹਿਲਾਂ ਗੱਡੀ ਵਿਚ ਬੈਠੇ ਵੀਰਾਂ ਦੀ ਸੇਵਾ ਕਰ ਲਵੋ, ਫਿਰ ਸਾਡੀ ਸੰਭਾਲ ਕਰ ਲੈਣੀ। ਏਨਾ ਕਹਿੰਦੇ ਹੋਏ ਭਾਈ ਕਰਮ ਸਿੰਘ, ਭਾਈ ਪ੍ਰਤਾਪ ਸਿੰਘ ਜੀ 30 ਅਕਤੂਬਰ, 1922 ਈ: ਨੂੰ ਸ਼ਹੀਦੀਆਂ ਪਾ ਗਏ। ਇਹ ਸੀ ਪੰਥਕ ਜਜ਼ਬਾ, ਕੁਰਬਾਨੀ ਦੀ ਭਾਵਨਾ। ਗੱਡੀ ਜਾਣ ਤੋਂ ਬਾਅਦ ਪੁਲਿਸ ਨੇ ਭਾਈ ਅਵਤਾਰ ਸਿੰਘ ਮੈਨੇਜਰ ਗੁਰਦੁਆਰਾ ਪੰਜਾ ਸਾਹਿਬ ਨੂੰ ਗ੍ਰਿਫ਼ਤਾਰ ਕਰ ਲਿਆ ਕਿ ਉਸ ਨੇ ਸੰਗਤਾਂ ਨੂੰ ਕੈਦੀ ਸਿੰਘਾਂ ਦੀ ਸੇਵਾ ਕਰਨ ਲਈ ਪਰੇਰ ਕੇ ਸਟੇਸ਼ਨ 'ਤੇ ਇਕੱਠੇ ਕੀਤਾ ਸੀ। ਉਸ ਨੂੰ ਉਸੇ ਦਿਨ ਦੋ ਸਾਲ ਦੀ ਬਾਮੁਸ਼ੱਕਤ ਸਜ਼ਾ ਕਰਕੇ ਕੈਂਬਲਪੁਰ ਦੀ ਜੇਲ੍ਹ ਭੇਜ ਦਿੱਤਾ ਗਿਆ।

ਗੁਰਦੁਆਰਾ ਸੁਧਾਰ ਲਹਿਰ ਸਮੇਂ ਸਿੱਖ ਸੰਗਤਾਂ ਅੰਦਰ ਗੁਰਦੁਆਰਿਆਂ ਨੂੰ ਮਹੰਤਾਂ ਤੋਂ ਆਜ਼ਾਦ ਕਰਵਾਉਣ ਲਈ ਏਨਾ ਉਤਸ਼ਾਹ ਸੀ ਕਿ ਸੰਗਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਹੁਕਮ 'ਤੇ ਹਰ ਤਰ੍ਹਾਂ ਦੀ ਕੁਰਬਾਨੀ ਕਰਨ ਲਈ ਤਿਆਰ ਹੋ ਜਾਂਦੀਆਂ ਸਨ। ਇਸ ਸਮੇਂ ਜਿਥੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਸਰੋਵਰ ਦੀ ਕਾਰ ਸੇਵਾ ਹੋਈ, ਉਥੇ ਗੁਰਦੁਆਰਾ ਤਰਨ ਤਾਰਨ ਸਾਹਿਬ ਅਤੇ ਮੁਕਤਸਰ ਸਾਹਿਬ ਦੇ ਸਰੋਵਰਾਂ ਦੀ ਖੁਦਾਈ ਕਰਕੇ ਇਨ੍ਹਾਂ ਨੂੰ ਚੌੜ੍ਹਾ ਕੀਤਾ ਗਿਆ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਰੋਵਰ ਦੀ ਕਾਰ ਸੇਵਾ 17 ਜੂਨ, 1923 ਈ: ਨੂੰ ਸ਼ੁਰੂ ਹੋਈ। ਉਸ ਦਿਨ ਗੁਰਦੁਆਰਾ ਪਿੱਪਲੀ ਸਾਹਿਬ ਤੋਂ ਲੈ ਕੇ ਸ੍ਰੀ ਦਰਬਾਰ ਸਾਹਿਬ ਤੱਕ ਹਰ ਪਾਸੇ ਸੰਗਤਾਂ ਦਾ ਹੜ੍ਹ ਆਇਆ ਹੋਇਆ ਸੀ। ਸਰੋਵਰ ਦੀ ਕਾਰ ਸੇਵਾ ਇਕ ਮਹੀਨੇ ਵਿਚ ਮੁਕੰਮਲ ਹੋ ਗਈ। ਸੰਗਤਾਂ ਵਿਚ ਏਨਾ ਉਤਸ਼ਾਹ ਤੇ ਸ਼ਰਧਾ ਸੀ ਕਿ ਕਾਰ ਸੇਵਾ ਦੌਰਾਨ ਸਰੋਵਰ ਵਿਚੋਂ ਜੋ ਗਾਰ ਨਿਕਲੀ, ਸਿੱਖ ਸੰਗਤਾਂ ਆਪਣੇ ਘਰਾਂ ਨੂੰ ਲੈ ਗਈਆਂ। ਕਾਰ ਸੇਵਾ ਸਮੇਂ ਸਿੱਖ ਰਿਆਸਤਾਂ ਦੇ ਰਾਜਿਆਂ ਤੋਂ ਲੈ ਕੇ ਸਾਧਾਰਨ ਵਿਅਕਤੀ ਤੱਕ ਹਰ ਇਨਸਾਨ ਨੇ ਪੂਰਨ ਯੋਗਦਾਨ ਪਾਇਆ। ਗੁਰਦੁਆਰਾ ਸੁਧਾਰ ਲਹਿਰ ਸਮੇਂ ਹੀ ਗੁਰਦੁਆਰਾ ਤਰਨ ਤਾਰਨ ਅਤੇ ਮੁਕਤਸਰ ਸਾਹਬ ਦੇ ਸਰੋਵਰਾਂ ਦੀ ਖੁਦਾਈ ਕਰਕੇ ਉਨ੍ਹਾਂ ਨੂੰ ਵੱਡਾ ਕੀਤਾ ਗਿਆ। ਇਹ ਦੋਵੇਂ ਸਰੋਵਰ ਪੰਜਾਬ ਦੇ ਸਾਰਿਆਂ ਸਰੋਵਰਾਂ ਨਾਲੋਂ ਵੱਡੇ ਹਨ। ਮੁਕਤਸਰ ਸਾਹਿਬ ਦੇ ਸਰੋਵਰ ਦੀਆਂ ਨੁੱਕਰਾਂ ਬਾਅਦ ਵਿਚ ਬੰਦ ਕਰਨੀਆਂ ਪਈਆਂ ਕਿਉਂਕਿ ਸਰੋਵਰ ਦੇ ਵੱਡੇ ਹੋ ਜਾਣ ਕਾਰਨ ਪ੍ਰਕਰਮਾ ਲਈ ਥਾਂ ਘਟ ਗਈ ਸੀ ਅਤੇ ਇਕੱਠ ਸਮੇਂ ਸੰਗਤਾਂ ਸਰੋਵਰ ਵਿਚ ਡਿਗ ਪੈਂਦੀਆਂ ਸਨ, ਖਾਸ ਕਰ ਮਾਘੀ ਸਮੇਂ ਬਹੁਤ ਹੀ ਸਮੱਸਿਆ ਆਉਂਦੀ ਸੀ।

ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ 13 ਅਕਤੂਬਰ, 1923 ਈ: ਨੂੰ ਗ਼ੈਰ-ਕਾਨੂੰਨੀ ਕਰਾਰ ਦੇ ਕੇ ਜਥੇਬੰਦੀਆਂ ਦੇ ਮੁਖੀਆਂ ਅਤੇ ਸਟਾਫ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਜੇਲ੍ਹਾਂ ਵਿਚ ਬੰਦ ਸਨ ਪਰ ਫਿਰ ਵੀ ਸਿੱਖ ਸੰਗਤਾਂ ਅੰਦਰ ਪੂਰਾ ਉਤਸ਼ਾਹ ਸੀ। ਅੰਗਰੇਜ਼ ਦੇ ਕਹਿਣ 'ਤੇ ਨਾਭਾ, ਫ਼ਰੀਦਕੋਟ, ਪਟਿਆਲਾ, ਜੀਂਦ ਰਿਆਸਤਾਂ ਅੰਦਰ ਪੂਰੀ ਸਖ਼ਤੀ ਚੱਲ ਰਹੀ ਸੀ ਪਰ ਫਿਰ ਵੀ ਸਿੱਖ ਸੰਗਤਾਂ ਅੰਦਰ ਪੂਰਾ ਜੋਸ਼ ਸੀ। ਸਿੱਖ ਸੰਗਤਾਂ ਸਿੱਖ ਨੇਤਾਵਾਂ ਦੇ ਹੁਕਮ 'ਤੇ ਫੁੱਲ ਚੜ੍ਹਾ ਰਹੀਆਂ ਸਨ। ਮਹਾਰਾਜਾ ਰਿਪੁਦਮਨ ਸਿੰਘ ਨਾਭਾ ਜਿਸ ਨੇ ਅਨੰਦ ਕਾਰਜ ਐਕਟ ਪੇਸ਼ ਕਰਵਾ ਕੇ ਪਾਸ ਕਰਵਾਉਣ ਵਿਚ ਮਦਦ ਕੀਤੀ, ਨੇ ਨਨਕਾਣਾ ਸਾਹਿਬ ਦੇ ਸਾਕੇ ਤੋਂ ਬਾਅਦ ਕਾਲੀ ਦਸਤਾਰ ਸਜਾਉਣੀ ਸ਼ੁਰੂ ਕਰ ਦਿੱਤੀ, ਪੰਥਕ ਹਮਦਰਦੀ ਰੱਖਣ ਕਾਰਨ, ਉਹ ਸਿੱਖ ਪੰਥ ਵਿਚ ਹਰਮਨ ਪਿਆਰੇ ਸਨ। ਜਦ ਮਹਾਰਾਜਾ ਰਿਪੁਦਮਨ ਸਿੰਘ ਨੂੰ ਗੱਦੀਉਂ ਉਤਾਰ ਕੇ ਜਲਾਵਤਨ ਕਰਨ ਉਪਰੰਤ ਦੇਹਰਾਦੂਨ ਭੇਜ ਦਿੱਤਾ ਗਿਆ ਤਾਂ ਇਸ ਗੱਲ ਦਾ ਸਮੁੱਚੇ ਪੰਥ ਨੇ ਬੁਰਾ ਮਨਾਇਆ ਅਤੇ ਮਹਾਰਾਜੇ ਲਈ ਹਮਦਰਦੀ ਪ੍ਰਗਟ ਕੀਤੀ। ਸਿੱਖ ਸੰਗਤਾਂ ਨੇ ਥਾਂ-ਥਾਂ ਰੋਸ ਮੁਜ਼ਾਹਰੇ ਕੀਤੇ, ਅਖੰਡ ਪਾਠ ਰੱਖੇ ਗਏ, ਨਾਭਾ ਰਿਆਸਤ ਦੀ ਪੁਲਿਸ ਨੇ ਜੈਤੋ ਵਿਖੇ ਅਖੰਡ ਪਾਠ ਖੰਡਿਤ ਕਰ ਦਿੱਤਾ ਜਿਸ ਦੇ ਸਬੰਧ ਵਿਚ ਮੋਰਚਾ ਸ਼ੁਰੂ ਹੋ ਗਿਆ। ਪਹਿਲਾਂ 25-25 ਸਿੰਘਾਂ ਦੇ ਜਥੇ ਜਾਂਦੇ ਰਹੇ। ਫਿਰ ਸ਼ਹੀਦੀ ਜਥੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਭੇਜਣ ਦਾ ਫ਼ੈਸਲਾ ਕੀਤਾ ਗਿਆ। ਜਦ ਤੋਂ ਨਾਭਾ ਰਿਆਸਤ ਅੰਗਰੇਜ਼ ਦੇ ਅਧੀਨ ਆਈ ਸੀ, ਉਥੇ ਸਿੱਖਾਂ 'ਤੇ ਤਸ਼ੱਦਦ ਬਹੁਤ ਜ਼ਿਆਦਾ ਵਧ ਗਿਆ ਸੀ। ਸੈਂਕੜੇ ਸਿੰਘਾਂ ਦੀ ਜਾਇਦਾਦ ਜ਼ਬਤ ਕੀਤੀ ਗਈ। ਹਜ਼ਾਰਾਂ ਸਿੱਖਾਂ ਦੇ ਜਾਤੀ ਮੁਚੱਲਕੇ ਭਰਾਏ ਗਏ। ਫ਼ਰੀਦਕੋਟ ਰਿਆਸਤ ਵਿਚ ਅਕਾਲੀ ਸਿੰਘਾਂ ਨਾਲ ਪਸ਼ੂਆਂ ਨਾਲੋਂ ਵੀ ਵੱਧ ਭੈੜਾ ਸਲੂਕ ਕੀਤਾ ਜਾਂਦਾ ਸੀ। ਅਕਾਲੀ ਕੈਦੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਂਦੀਆਂ। ਅਕਾਲੀ ਕੈਦੀਆਂ ਨੂੰ ਸਤ-ਸਤ ਸਾਲ ਕੈਦ ਅਤੇ ਹਜ਼ਾਰ-ਹਜ਼ਾਰ ਰੁਪਿਆ ਜੁਰਮਾਨਾ ਕੀਤਾ ਜਾਂਦਾ ਸੀ।

(ਬਾਕੀ ਅਗਲੇ ਐਤਵਾਰ)

ਹਰਵਿੰਦਰ ਸਿੰਘ ਖ਼ਾਲਸਾ
ਮੋ: 98155-3372



Post Comment


ਗੁਰਸ਼ਾਮ ਸਿੰਘ ਚੀਮਾਂ