ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Thursday, August 16, 2012

ਜਦੋਂ ਛੇ ਬੱਬਰਾਂ ਨੂੰ ਇਕੱਠਿਆਂ ਫਾਂਸੀ ਚਾੜ੍ਹਿਆ ਗਿਆ


ਪੰਜਾਬ ਵਿਚ ਦੇਸ਼ ਦੀ ਆਜ਼ਾਦੀ ਦੇ ਅੰਦੋਲਨ ਲਈ ਅਨੇਕਾਂ ਲਹਿਰਾਂ ਚੱਲੀਆਂ। ਗੁਲਾਮੀ, ਗਰੀਬੀ ਅਤੇ ਅਨਪੜ੍ਹਤਾ ਕਾਰਨ ਸਮੁੱਚਾ ਦੇਸ਼ ਆਜ਼ਾਦੀ ਲਈ ਲੜਦਾ ਚੰਗੇ ਆਗੂਆਂ ਦੀ ਅਗਵਾਈ ਤੋਂ ਬਿਨਾਂ ਸਾਹ-ਸਤਹੀਣ ਹੋ ਚੁੱਕਾ ਸੀ। ਪੰਜਾਬ ਦੀ ਧਰਤੀ ਨੂੰ ਗੁਰੂ ਸਾਹਿਬਾਨ ਨੇ ਕਰਮਸ਼ੀਲ ਰਹਿ ਕੇ ਅਣਖੀ ਜੀਵਨ ਜਿਊਣ ਦੀ ਗੁੜ੍ਹਤੀ ਦਿੱਤੀ ਹੋਈ ਹੈ।

 ਜਦੋਂ ਅੰਗਰੇਜ਼ੀ ਰਾਜ ਦੌਰਾਨ ਪੰਜਾਬ ਦੇ ਗੁਰਧਾਮ ਮਹੰਤਾਂ, ਗੱਦੀਦਾਰਾਂ ਅਤੇ ਮਨਮਤੀਆਂ ਦੀਆਂ ਆਪਹੁਦਰੀਆਂ ਕਾਰਨ ਅਪਵਿੱਤਰ ਹੋ ਰਹੇ ਸਨ ਤਾਂ ਨਵੀਂ ਬਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਿਚ ਸਿੱਖ ਜਗਤ ਨੇ ਸ਼ਾਂਤਮਈ ਢੰਗ ਨਾਲ ਗੁਰਦੁਆਰਾ ਸੁਧਾਰ ਲਹਿਰ ਵਿਚ ਸ਼ਾਮਿਲ ਹੋ ਕੇ ਤਸੀਹੇ ਝੱਲਦਿਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ।

 ਇਨ੍ਹਾਂ ਦਿਨਾਂ ਵਿਚ ਹੀ ਸਿੱਖ ਸ਼ਹਾਦਤਾਂ ਅਤੇ ਗ੍ਰਿਫਤਾਰੀਆਂ ਦੇ ਦੌਰ ਵਿਚ ਅਕਾਲੀਆਂ ਵਿਚੋਂ ਹੀ ਇਕ ਗਰਮ ਦਲ ਤਿਆਰ ਹੋ ਗਿਆ। ਇਸ ਅੰਦੋਲਨ ਅਤੇ ਲਹਿਰ ਨੂੰ ਬੱਬਰ ਅਕਾਲੀ ਲਹਿਰ ਦਾ ਨਾਂਅ ਦਿੱਤਾ ਗਿਆ। ਇਨ੍ਹਾਂ ਬੱਬਰ ਅਕਾਲੀਆਂ ਦਾ ਟੀਚਾ ਹਥਿਆਰਬੰਦ ਸੰਘਰਸ਼ ਵਿਚ ਅੰਗਰੇਜ਼ ਅਫਸਰਾਂ, ਝੋਲੀ-ਚੁੱਕਾਂ, ਸੂਹੀਆਂ ਨੂੰ ਸਬਕ ਸਿਖਾਉਣਾ ਸੀ। ਅਸਲ ਵਿਚ ਇਨ੍ਹਾਂ ਯੋਧਿਆਂ ਦੇ ਮਨ ਵਿਚ ਗਦਰੀ ਬਾਬਿਆਂ ਦੀਆਂ ਰੂਹਾਂ ਮੌਜੂਦ ਸਨ।

 ਬੱਬਰ ਅਕਾਲੀ ਲਹਿਰ ਅਸਲ ਵਿਚ ਗਦਰ ਪਾਰਟੀ ਦਾ ਬਦਲਿਆ ਹੋਇਆ ਰੂਪ ਸੀ। 19 ਤੋਂ 21 ਮਾਰਚ 1921 ਨੂੰ ਹੁਸ਼ਿਆਰਪੁਰ ਵਿਖੇ ਸਿੱਖ ਐਜੂਕੇਸ਼ਨਲ ਕਾਨਫਰੰਸ ਦੌਰਾਨ ਮਾਸਟਰ ਮੋਤਾ ਸਿੰਘ ਪਤਾਰਾ ਅਤੇ ਜਲੰਧਰ ਸ਼ਹਿਰ ਦੀ ਬੁੱਕਲ ਵਿਚ ਵਸੇ ਪਿੰਡ ਬੜਿੰਗ ਦੇ ਜਥੇਦਾਰ ਕਿਸ਼ਨ ਸਿੰਘ ਗੜਗੱਜ ਦੀ ਅਗਵਾਈ ਵਿਚ ਇਨ੍ਹਾਂ ਗਰਮ ਦਲੀਏ ਨੌਜਵਾਨਾਂ ਦੀ ਇਕ ਖੁਫ਼ੀਆ ਮੀਟਿੰਗ ਹੋਈ।

ਇਸ ਮੀਟਿੰਗ ਵਿਚ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਦੇ ਜ਼ਿੰਮੇਵਾਰ ਅਫਸਰਾਂ ਨੂੰ ਸੋਧਣ ਦਾ ਫੈਸਲਾ ਕੀਤਾ ਗਿਆ ਪਰ ਜਿਨ੍ਹਾਂ ਯੋਧਿਆਂ ਨੂੰ ਇਹ ਕੰਮ ਸੌਂਪਿਆ ਗਿਆ ਸੀ, ਉਹ 23 ਮਈ, 1921 ਨੂੰ ਗ੍ਰਿਫਤਾਰ ਕਰ ਲਏ ਗਏ ਪਰ ਮਾਸਟਰ ਮੋਤਾ ਸਿੰਘ ਅਤੇ ਜਥੇਦਾਰ ਕਿਸ਼ਨ ਸਿੰਘ ਗੜਗੱਜ ਰੂਪੋਸ਼ ਹੋ ਗਏ। ਇਸ ਤੋਂ ਪਿੱਛੋਂ ਗੁਪਤਵਾਸ ਦੌਰਾਨ ਜਥੇਦਾਰ ਕਿਸ਼ਨ ਸਿੰਘ ਨੇ ਆਪਣਾ ਇਕ ਗੁਪਤ ਜਥਾ ਤਿਆਰ ਕੀਤਾ, ਜਿਸ ਦਾ ਨਾਂਅ ਚੱਕਰਵਰਤੀ ਜਥਾ ਰੱਖਿਆ ਗਿਆ।

ਇਸ ਜਥੇ ਦਾ ਕੰਮ ਪਿੰਡਾਂ ਦੇ ਲੋਕਾਂ ਵਿਚ ਅੰਗਰੇਜ਼ ਸ਼ਾਸਕਾਂ ਵਿਰੁੱਧ ਵਿਦਰੋਹ ਦੀ ਭਾਵਨਾ ਪੈਦਾ ਕਰਨਾ ਸੀ। ਹੁਸ਼ਿਆਰਪੁਰ ਵਿਚ ਜਥੇਦਾਰ ਕਰਮ ਸਿੰਘ ਦੌਲਤਪੁਰ ਨੇ ਵੀ ਇਸੇ ਲੀਹ 'ਤੇ ਚਲਦਿਆਂ ਆਪਣਾ ਜਥਾ ਤਿਆਰ ਕੀਤਾ। ਅਗਸਤ, 1922 ਵਿਚ ਇਨ੍ਹਾਂ ਦੋਵਾਂ ਜਥਿਆਂ ਨੇ ਮਿਲ ਕੇ 'ਬੱਬਰ ਅਕਾਲੀ' ਨਾਂਅ ਦੀ ਪਾਰਟੀ ਬਣਾਈ। ਇਸ ਦਾ ਮੁੱਖ ਜਥੇਦਾਰ ਕਿਸ਼ਨ ਸਿੰਘ ਗੜਗੱਜ ਬਣਾਇਆ ਗਿਆ। ਇਸ ਦੇ ਨਾਲ ਹੀ ਚਾਰ ਹੋਰ ਸਰਗਰਮ ਮੈਂਬਰਾਂ ਨੂੰ ਇਸ ਦੀ ਕਾਰਜਕਾਰੀ ਕਮੇਟੀ ਵਿਚ ਸ਼ਾਮਿਲ ਕੀਤਾ ਗਿਆ। ਇਸ ਜਥੇ ਦਾ ਮੁਢਲਾ ਕੰਮ ਹਥਿਆਰਬੰਦ ਸੰਘਰਸ਼ ਲਈ ਹਥਿਆਰ ਇਕੱਠੇ ਕਰਨਾ ਸੀ। ਫੌਜੀਆਂ ਨੂੰ ਸਰਕਾਰ ਵਿਰੁੱਧ ਉਕਸਾਉਣਾ ਅਤੇ ਨੌਜਵਾਨਾਂ ਨੂੰ ਸੰਘਰਸ਼ ਲਈ ਤਿਆਰ ਕਰਨਾ ਇਨ੍ਹਾਂ ਦਾ ਮੁੱਖ ਕੰਮ ਸੀ।

ਗੁਪਤ ਜਥੇਬੰਦੀ ਹੋਣ ਕਾਰਨ ਬੱਬਰ ਅਕਾਲੀਆਂ ਦੇ ਆਪਣੇ ਨਿਯਮ ਅਤੇ ਜ਼ਾਬਤਾ ਸੀ। ਸਿੱਖ ਮਰਿਆਦਾ ਦੇ ਪਾਲਣ ਅਤੇ ਨਿਤਨੇਮ ਲਈ ਇਹ ਸਾਰੇ ਪ੍ਰਤੀਬੱਧ ਸਨ। ਇਸ ਜਥੇ ਦੇ ਮੈਂਬਰਾਂ ਦੀ ਅਨੁਮਾਨਿਤ ਗਿਣਤੀ ਲਗਭਗ ਦੋ ਸੌ ਦੇ ਕਰੀਬ ਸੀ। ਇਸ ਜਥੇ ਲਈ ਕਾਰਜਸ਼ੀਲ ਸਿੰਘਾਂ ਨੂੰ ਦੋ ਹਿੱਸਿਆਂ ਵਿਚ ਵੰਡਿਆ ਹੋਇਆ ਸੀ।

ਇਕ ਬਾਹਰਲਾ ਜਥਾ, ਜਿਸ ਦਾ ਕੰਮ ਸੰਘਰਸ਼ਸ਼ੀਲ ਹਥਿਆਰਬੰਦ ਸੂਰਬੀਰਾਂ ਲਈ ਖਾਣ-ਪੀਣ ਦਾ ਪ੍ਰਬੰਧ ਕਰਨਾ ਅਤੇ ਗੁਪਤ ਸੁਨੇਹੇ ਪਹੁੰਚਾਉਣਾ ਅਤੇ ਸੰਗਤ ਨੂੰ ਇਸ ਲਹਿਰ ਨਾਲ ਜੋੜਨ ਲਈ ਦੀਵਾਨ ਸਜਾਉਣਾ ਸੀ। ਇਨ੍ਹਾਂ ਬੱਬਰ ਅਕਾਲੀ ਯੋਧਿਆਂ ਨੇ 1922 ਤੋਂ 1923 ਈ: ਤੱਕ ਦੋ ਸਾਲ ਬਹੁਤ ਸਾਰੇ ਸਰਕਾਰੀ ਅਧਿਕਾਰੀਆਂ ਅਤੇ ਝੋਲੀਚੁੱਕਾਂ ਨੂੰ ਸੋਧਿਆ। ਬੱਬਰ ਅਕਾਲੀ ਅੰਦੋਲਨ ਦੀ ਚੜ੍ਹਤ ਦੇਖ ਕੇ ਅੰਗਰੇਜ਼ ਹਕੂਮਤ ਨੂੰ ਹੱਥਾਂ-ਪੈਰਾਂ ਦੀਆਂ ਪੈ ਗਈਆਂ। ਜਦੋਂ ਪੁਲਿਸ ਥਾਣਿਆਂ ਵਿਚੋਂ ਹਥਿਆਰ ਲੁੱਟੇ ਜਾਣ ਲੱਗੇ ਤਾਂ ਪੁਲਿਸ ਦੀ ਸਹਾਇਤਾ ਲਈ ਫੌਜ ਵੀ ਤਾਇਨਾਤ ਕੀਤੀ ਗਈ।

ਸਰਕਾਰ ਵਲੋਂ ਬੱਬਰ ਅਕਾਲੀਆਂ ਨੂੰ ਫੜਨ ਲਈ ਇਨਾਮ ਵੀ ਐਲਾਨੇ ਗਏ। ਸਰਕਾਰ ਦੀ ਸਖਤੀ ਕਾਰਨ ਅੰਦੋਲਨ ਨੂੰ ਚਲਾਉਣਾ ਔਖਾ ਹੋ ਗਿਆ। ਜੂਨ, 1924 ਲਾਇਲਪੁਰ ਜ਼ਿਲ੍ਹੇ ਵਿਚ ਜ: ਵਰਿਆਮ ਸਿੰਘ ਦੀ ਸ਼ਹਾਦਤ ਪਿੱਛੋਂ ਸਮੁੱਚੇ ਪੰਜਾਬ ਵਿਚੋਂ ਬੱਬਰਾਂ ਦੀਆਂ ਗ੍ਰਿਫਤਾਰੀਆਂ ਸ਼ੁਰੂ ਹੋ ਗਈਆਂ। ਇਨ੍ਹਾਂ ਫੜੇ ਗਏ 98 ਬੱਬਰਾਂ ਦੇ ਵਿਰੁੱਧ ਬਹੁਤ ਸਾਰੇ ਸੰਗੀਨ ਦੋਸ਼ਾਂ ਅਧੀਨ ਸੈਂਟਰਲ ਜੇਲ੍ਹ ਲਾਹੌਰ ਵਿਖੇ ਮੁਕੱਦਮਾ ਸ਼ੁਰੂ ਹੋਇਆ।

ਇਨ੍ਹਾਂ ਵਿਚੋਂ ਦੋ ਬੱਬਰ ਅਕਾਲੀਆਂ ਨੇ ਜੇਲ੍ਹ ਦੇ ਤਸੀਹਿਆਂ ਦੌਰਾਨ ਹੀ ਸ਼ਹਾਦਤ ਪ੍ਰਾਪਤ ਕੀਤੀ। ਕੁਝ ਕੁ ਨੂੰ ਬਰੀ ਕਰ ਦਿੱਤਾ ਗਿਆ। ਬਾਕੀਆਂ ਦੇ ਕੇਸ ਸੈਸ਼ਨ ਜੱਜ ਦੇ ਸਪੁਰਦ ਕੀਤੇ ਗਏ। ਫਰਵਰੀ, 1925 ਵਿਚ ਇਨ੍ਹਾਂ ਸਾਰੇ ਗ੍ਰਿਫਤਾਰ ਕੀਤੇ ਬੰਦੀਆਂ ਦਾ ਫੈਸਲਾ ਸੁਣਾਇਆ ਗਿਆ। ਇਨ੍ਹਾਂ ਵਿਚੋਂ ਕੁਝ ਕੈਦ ਦੌਰਾਨ ਹੀ ਸ਼ਹਾਦਤ ਦਾ ਜਾਮ ਪੀ ਗਏ। ਕੁੱਲ 34 ਯੋਧਿਆਂ ਨੂੰ ਬਰੀ ਕੀਤਾ ਗਿਆ। ਛੇ ਬੱਬਰ ਅਕਾਲੀ ਯੋਧਿਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। 49 ਬਹਾਦਰ ਸੂਰਬੀਰਾਂ ਨੂੰ ਉਮਰ ਕੈਦ ਅਤੇ ਹੋਰ ਵੱਖ-ਵੱਖ ਸਜ਼ਾਵਾਂ ਦਿੱਤੀਆਂ ਗਈਆਂ।

  27 ਫਰਵਰੀ, 1926 ਈ: ਨੂੰ ਜਿਨ੍ਹਾਂ ਛੇ ਬੱਬਰ ਅਕਾਲੀਆਂ ਨੂੰ ਫਾਂਸੀ ਦੇ ਫੰਦੇ 'ਤੇ ਲਟਕਾਇਆ ਗਿਆ, ਉਨ੍ਹਾਂ ਵਿਚ ਜਥੇਦਾਰ ਕਿਸ਼ਨ ਸਿੰਘ ਗੜਗੱਜ, ਬਾਬੂ ਸੰਤਾ ਸਿੰਘ ਛੋਟੀ ਹਰਿਓ, ਭਾਈ ਦਲੀਪ ਸਿੰਘ ਧਾਮੀਆਂ, ਭਾਈ ਕਰਮ ਸਿੰਘ ਹਰੀਪੁਰ, ਭਾਈ ਨੰਦ ਸਿੰਘ ਘੁੜਿਆਲ, ਭਾਈ ਧਰਮ ਸਿੰਘ ਹਯਾਤਪੁਰ ਸ਼ਾਮਿਲ ਸਨ।

ਅੱਜ ਦੇ ਦਿਹਾੜੇ ਇਨ੍ਹਾਂ ਮਹਾਨ ਸ਼ਹੀਦਾਂ ਨੇ ਆਪਣੀ ਕੁਰਬਾਨੀ ਦੇ ਕੇ ਅੰਗਰੇਜ਼ ਸਰਕਾਰ ਵਿਰੁੱਧ ਚੱਲ ਰਹੇ ਸੰਘਰਸ਼ ਵਿਚ ਆਪਣੀਆਂ ਜਾਨਾਂ ਦੀ ਆਹੂਤੀ ਦਿੱਤੀ। ਇਨ੍ਹਾਂ ਦਾ ਸੰਸਕਾਰ ਰਾਵੀ ਦੇ ਕਿਨਾਰੇ ਕੀਤਾ ਗਿਆ। ਇਨ੍ਹਾਂ ਬਹਾਦਰ ਸੂਰਬੀਰ ਯੋਧਿਆਂ ਦੀ ਸ਼ਹਾਦਤ ਨੇ ਕੌਮੀ ਸ਼ਹੀਦਾਂ ਨੂੰ ਦੇਸ਼ ਲਈ ਮਰ-ਮਿਟਣ ਲਈ ਅਤੇ ਆਪਾ ਨਿਛਾਵਰ ਕਰਨ ਦੇ ਨਵੇਂ ਦਿਸਹੱਦੇ ਸਿਰਜੇ। ਬੱਬਰ ਅਕਾਲੀ ਲਹਿਰ ਦੇ ਇਨ੍ਹਾਂ ਅਦੁੱਤੀ ਸ਼ਹੀਦਾਂ ਨੂੰ ਸਾਡਾ ਪ੍ਰਣਾਮ।


-ਭਗਵਾਨ ਸਿੰਘ ਜੌਹਲ,
ਪਿੰਡ ਜੌਹਲ, ਡਾਕ: ਬੋਲੀਨਾ ਦੁਆਬਾ (ਜਲੰਧਰ)-144101. ਮੋਬਾ: 98143-24040



Post Comment


ਗੁਰਸ਼ਾਮ ਸਿੰਘ ਚੀਮਾਂ