ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Sunday, August 5, 2012

ਅਮਰੀਕੀ ਗੁਰਦਵਾਰੇ ‘ਚ ਅੰਨ੍ਹੇਵਾਹ ਫਾਇਰਿੰਗ, 7 ਦੀ ਮੌਤ, 30 ਜ਼ਖਮੀ


ਓਕ ਕਰੀਕ ਵਿਸਕਾਂਸਨ ਦੇ ਗੁਰਦਵਾਰੇ ਵਿੱਚ ਗੋਲੀ ਚੱਲੀ-7 ਦੀ ਮੌਤ, ਕਈ ਜਖਮੀ-ਪੁਲੀਸ ਅਫਸਰ ਵੀ ਗੋਲੀਬਾਰੀ ਵਿੱਚ ਜਖਮੀ

ਨਿਊਯਾਰਕ, 5 ਅਗਸਤ:-ਅਮਰੀਕੀ ਰਾਜ ਵਿਸਕੋਨਸਿਨ ਦੇ ਇਕ ਗੁਰਦੁਆਰੇ ਵਿਚ ਹੋਈ ਫਾਇਰਿੰਗ ਵਿਚ 7 ਵਿਅਕਤੀਆਂ ਦੀ ਮੌਤ ਹੋ ਗਈ ਤੇ ਘੱਟੋ-ਘੱਟ 30 ਵਿਅਕਤੀ ਜ਼ਖ਼ਮੀ ਹੋ ਗਏ। ਗੋਲੀ ਚੱਲਣ ਦੀ ਘਟਨਾ ਅੱਜ ਸਵੇਰੇ 11.00 ਵਜੇ ਓਕ ਕਰੀਕ ਦੇ ਗੁਰਦੁਆਰੇ ਵਿਚ ਵਾਪਰੀ। ਗੁਰਦੁਆਰੇ ਵਿਚ ਉਸ ਸਮੇਂ ਦੀਵਾਨ ਸਜਿਆ ਹੋਇਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਹਮਲਾਵਰ ਗੁਰਦੁਆਰੇ ਅੰਦਰ ਦਾਖਲ ਹੋਏ ਅਤੇ ਸ਼ਰਧਾਲੂਆਂ ਨੂੰ ਬੰਧਕ ਬਣਾ ਲਿਆ। ਮੁਢਲੀਆਂ ਰਿਪੋਰਟਾਂ ਅਨੁਸਾਰ ਇਕ ਹਮਲਾਵਰ ਗੋਰਾ ਤੇ ਗੰਜਾ ਵਿਅਕਤੀ ਸੀ। ਉਹ ਦੇਖਣ ਨੂੰ ਭਾਰੀ-ਭਰਕਮ ਜਾਪਦਾ ਸੀ। ਉਸ ਨੇ ਸਲੀਵਲੈੱਸ ਟੀ-ਸ਼ਰਟ ਪਹਿਨੀ ਹੋਈ ਸੀ ਅਤੇ ਦੋ ਹੈਂਡ ਗੰਨਜ਼ ਨਾਲ ਲੈਸ ਸੀ। ਮਿਲਵਾਕੀ ਕਾਊਂਟੀ ਦੇ ਸ਼ੈਰਿਫ਼ ਦੇ ਦਫ਼ਤਰ ਨੇ ਸਮੁੱਚੀ ਘਟਨਾ ਬਾਰੇ ਜਾਣਕਾਰੀ ਦੇਣ ਤੋਂ ਨਾਂਹ ਕਰ ਦਿੱਤੀ ਹੈ। ਸ਼ੈਰਿਫ ਦਫਤਰ ਨੇ ਹਮਲਾਵਰਾਂ ਦੀ ਗਿਣਤੀ ਬਾਰੇ ਵੀ ਕੁਝ ਵੀ ਦੱਸਣ ਤੋਂ ਨਾਂਹ ਕਰ ਦਿੱਤੀ ਹੈ। ਉਂਜ, ਸ਼ੱਕ ਕੀਤਾ ਜਾਂਦਾ ਹੈ ਕਿ ਇਹ ਗਿਣਤੀ ਦੋ ਜਾਂ ਇਸ ਤੋਂ ਵੱਧ ਹੈ। ਇਨ੍ਹਾਂ ਵਿਚੋਂ ਇਕ ਨੂੰ ਪੁਲੀਸ ਵੱਲੋਂ ਮਾਰ ਗਿਰਾਏ ਜਾਣ ਦੀ ਵੀ ਖਬਰ ਹੈ।
ਸਿੱਖ ਜਥੇਬੰਦੀਆਂ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਹਮਲੇ ਦਾ ਸਬੰਧ ਨਸਲੀ ਨਫ਼ਰਤ ਨਾਲ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਪਹਿਲਾਂ ਵੀ ਸਿੱਖ ਭਾਈਚਾਰਾ ਨਸਲੀ ਅਪਰਾਧਾਂ ਦਾ ਸ਼ਿਕਾਰ ਹੁੰਦਾ ਰਿਹਾ ਹੈ।
ਸਮਾਚਾਰ ਚੈਨਲ ਸੀ.ਐਨ.ਐਨ. ਅਨੁਸਾਰ ਗੁਰਦੁਆਰੇ ਵਿਚ ਫਾਇਰਿੰਗ ਬਾਰੇ ਜਾਣਕਾਰੀ ਮਿਲਦਿਆਂ ਹੀ ਪੁਲੀਸ ਦੇ ਨਾਲ ਇਕ ਦਰਜਨ ਤੋਂ ਵੱਧ ਐਂਬੂਲੈਂਸਾਂ ਗੁਰਦੁਆਰੇ ਦੇ ਬਾਹਰ ਪਹੁੰਚ ਗਈਆਂ। ਘੱਟੋ-ਘੱਟ ਦੋ ਜ਼ਖ਼ਮੀਆਂ ਨੂੰ ਫਰੋਡਫਰਟ ਹਸਪਤਾਲ ਵਿਚ ਦਾਖਲ ਕਰਾਏ ਜਾਣ ਦੀ ਖ਼ਬਰ ਹੈ। ਇਨ੍ਹਾਂ ਵਿੱਚੋਂ ਇਕ ਨੂੰ ਕਰਿਟੀਕਲ ਕੇਅਰ ਯੂਨਿਟ (ਸੀ.ਸੀ.ਯੂ.) ਵਿਚ ਦਾਖਲ ਕਰਾਇਆ ਗਿਆ ਹੈ। ਚੈਨਲ ਨੇ ਹਮਲਾਵਰਾਂ ਦੀ ਗਿਣਤੀ ਦੋ ਦੱਸੀ ਹੈ। ਇਹ ਵੀ ਕਿਹਾ ਹੈ ਕਿ ਹਮਲਾਵਰਾਂ ਨੇ ਗੁਰਦੁਆਰੇ ਵਿਚ ਜੁੜੇ 30 ਕੁ ਲੋਕਾਂ ਨੂੰ ਬੰਧਕ ਬਣਾ ਲਿਆ। ਇਨ੍ਹਾਂ ਵਿਚ ਇਸਤਰੀਆਂ ਤੇ ਬੱਚੇ ਵੀ ਸ਼ਾਮਲ ਹਨ। ਪੁਲੀਸ ਨੇ ਕੁਝ ਬੰਧਕਾਂ ਨੂੰ ਛੁਡਾ ਲਿਆ। ਪੁਲੀਸ ਦੀ ਕਾਰਵਾਈ ਦੌਰਾਨ ਇਕ ਪੁਲੀਸ ਅਫਸਰ ਵੀ ਜ਼ਖਮੀ ਹੋ ਗਿਆ। ਉਸ ਨੂੰ ਵੀ ਹਸਪਤਾਲ ਦਾਖਲ ਕਰਾਇਆ ਗਿਆ ਹੈ। ਓਕ ਕਰੀਕ ਸ਼ਹਿਰ ਨਿਊਯਾਰਕ ਤੋਂ 1250 ਕਿਲੋਮੀਟਰ ਦੀ ਦੂਰੀ ’ਤੇ ਹੈ। ਇਥੇ ਸਿੱਖਾਂ ਦੀ ਸੀਮਤ ਜਹੀ ਵਸੋਂ ਹੈ। ਐਤਵਾਰ ਨੂੰ ਗੁਰੂ ਘਰ ਵਿਚ 300-400 ਸ਼ਰਧਾਲੂ ਜੁੜਦੇ ਹਨ। ਅੱਜ ਦੇ ਦੀਵਾਨ ਲਈ ਭਾਰਤ ਤੋਂ ਇਕ ਕਥਾਵਾਚਕ ਉਚੇਰੇ ਤੌਰ ’ਤੇ ਦੀਵਾਨ ਵਿਚ ਕਥਾ ਕਰਨ ਆਇਆ ਹੋਇਆ ਸੀ। ਅਮਰੀਕਾ ਵਿਚਲੀ ਭਾਰਤੀ ਰਾਜਦੂਤ ਨਿਰੂਪਮਾ ਰਾਓ ਨੇ ਕਿਹਾ ਕਿ ਉਨ੍ਹਾਂ ਅਮਰੀਕੀ ਸਰਕਾਰ ਨਾਲ ਸੰਪਰਕ ਬਣਾਇਆ ਹੋਇਆ ਹੈ। ਹਮਲਾਵਰਾਂ ਦੀ ਮਨਸ਼ਾ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਵਿਦੇਸ਼ ਮੰਤਰੀ ਐਸ.ਐਮ. ਕ੍ਰਿਸ਼ਨਾ ਨੇ ਵੀ ਨਿਰੁਪਮਾ ਰਾਓ ਤੋਂ ਮਾਮਲੇ ਦੀ ਜਾਣਕਾਰੀ ਹਾਸਲ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੋਲੀਬਾਰੀ ਦੀ ਘਟਨਾ ਦੀ ਨਿਖੇਧੀ ਕਰਦਿਆਂ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੋਂ ਇਹ ਮਾਮਲਾ ਅਮਰੀਕਾ ਸਰਕਾਰ ਨਾਲ ਉਠਾਉਣ ਲਈ ਕਿਹਾ ਹੈ।
ਬਾਦਲਾਂ ਵੱਲੋਂ ਹਮਲੇ ਦੀ ਨਿੰਦਾ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵਿਸਕੋਨਸਿਨ ਗੁਰਦੁਆਰੇ ਵਿਚ ਹੋਏ ਗੋਲੀ ਕਾਂਡ ਨੂੰ ਬਹੁਤ ਦੁਖਦਾਇਕ ਤੇ ਨਿਖੇਧੀਜਨਕ ਘਟਨਾ ਦੱਸਿਆ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਅਮਰੀਕੀ ਪ੍ਰਸ਼ਾਸਨ ਕੋਲ ਇਹ ਮਾਮਲਾ ਉਠਾ ਕੇ ਉਸ ਦੇਸ਼ ਵਿਚ ਸਿੱਖ ਭਾਈਚਾਰੇ ਤੇ ਗੁਰੂਘਰਾਂ ਦੀ ਸੁਰੱਖਿਆ ਯਕੀਨੀ ਬਣਾਉਣ।


Post Comment


ਗੁਰਸ਼ਾਮ ਸਿੰਘ ਚੀਮਾਂ