ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Sunday, August 5, 2012

ਪੰਜਾਬੀ ਰਹਿਤ ਮਰਿਯਾਦਾ ਅਨਿੱਖੜਵਾਂ ਅੰਗ – ਕੱਚਾ ਘਰ


ਕੱਚਾ ਘਰ ਪੁਰਾਤਨ ਪੰਜਾਬੀ ਪੇਂਡੂ ਵਿਰਾਸਤ ਦਾ ਚਿੰਨ ਹੈ। ਪੰਜਾਬ ਦੀ ਵਿਰਾਸਤ ਵਿੱਚ ਪੁਰਾਤਨ ਸਮੇ ਤੋਂ ਹੀ ਰਾਜਿਆਂ ਮਹਾਰਾਜਿਆਂ ਤੇ ਰਜਵਾੜਿਆਂ ਵਲੋਂ ਸੁੰਦਰ ਅਤੇ ਵੱਡੇ ਘਰ ਬਣਾਉਣ ਦਾ ਰਿਵਾਜ ਪ੍ਰਚੱਲਤ ਹੈ,ਪ੍ਰੰਤੂ ਇਕ ਆਮ ਜੀਵਨ ਵਿਚ ਕੱਚੇ ਘਰ ਬੜੇ ਮਹੱਤਵਪੂਰਨ ਮੰਨੇ ਜਾਂਦੇ ਸਨ। ਘਰ! ਸਾਡੇ  ਸੁਪਨਿਆਂ ਦਾ ਸੀਸ ਮਹਿਲ ਹੁੰਦਾ ਹੈ। ਫਿਰ ਕੀ ਹੈ ਘਰ ਕੱਚਾ ਹੋਵੇ ਜਾਂ ਪੱਕਾ ਘਰ ਤਾਂ ਘਰ ਹੀ ਹੁੰਦਾ ਹੈ। ਕੱਚੇ ਘਰ ‘ਚ ਕੋਈ ਮਜਬੂਤ ਤੇ ਪੱਕੇ ਇਰਾਦਿਆਂ ਵਾਲੀ ਰੂਹ ਦਾ ਵਾਸਾ ਵੀ ਹੋ ਸਕਦਾ ਹੈ। ਅਜਾਦੀ ਤੋਂ ਪਹਿਲਾਂ ਜਦੋਂ ਪੰਜਾਬ ਸੱਚਮੁੱਚ ਹੀ ਸੋਨੇ ਦੀ ਚਿੜੀ ਸੀ,ਉਦੋਂ ਇਸਦੀ ਵਿਰਾਸਤ ਬੜੀ ਅਮੀਰ ਸੀ। ਪੇਂਡੂ ਜਨ ਜੀਵਨ ਕਦਰਾਂ ਕੀਮਤਾਂ ਨੂੰ ਪ੍ਰਣਾਇਆ ਤੇ ਇਕੋ ਲੜੀ’ਚ ਪਰੋਇਆ ਜਾਪਦਾ ਸੀ। ਰੋਟੀ ਬੇਟੀ ਦੀ ਸਾਂਝ ਸੀ। ਗੱਲ ਕੀ ਘਰ ਕੱਚੇ ਸਨ ਪਰ ਲੋਕਾਂ ਦੇ ਅੰਦਰਲੀ ਆਤਮਾਂ ਬੜੀ ਹੀ ਪੱਕੀ ਸੀ। ਸਮੇ ਦੇ ਬਦਲਾਅ  ਨਾਲ ਪਿੰਡਾਂ ਦੇ ਰਹਿਣ ਸਹਿਣ ਖਾਣ ਪੀਣ  ਆਦਿ  ਵਿਚ ਵੀ ਬਦਲਾਅ ਆਇਆ । ਇਸ ਅਮਲ ‘ਚ ਕੱਚੇ ਘਰ ਤਾਂ ਬਿਲਕੁਲ ਹੀ ਅਲੋਪ ਹੋ ਗਏ ਹਨ। ਦੇਖਾ ਦੇਖੀ ‘ਚ ਲੋਕਾਂ ਨੇ ਕੋਠੀਆਂ ਤੇ ਬੰਗਲੇ ਉਸਾਰ ਕੇ ਕੱਚੇ ਘਰਾਂ ਦੀ ਸਭਿਅਤਾ ਨੂੰ ਖਤਮ ਕਰ ਦਿੱਤਾ ਹੈ। ਇਹ ਵਰਤਾਰਾ ਨਿਰੰਤਰ ਵਧ ਰਿਹਾ ਹੈ।

ਕੱਚੇ ਘਰ ‘ਚ ਜਿੰਦਗੀ ਗੁਜਾਰ ਰਹੀ ਮਨੁੱਖਤਾ ਸੰਵੇਦਨਸ਼ੀਲ ਤੇ ਮੋਹ ਮਮਤਾ ‘ਚ ਲੋਤ ਪੋਤ ਹੁੰਦੀ ਸੀ। ਇਕ ਸੁਖੀ, ਸਾਂਝਾ ਤੇ ਹਸਦਾ ਵਸਦਾ ਪ੍ਰਵਾਰ ਹੁੰਦਾ ਸੀ। ਜਦ ਸੂਰਜ ਦੀ ਟਿੱਕੀ ਨਿਕਲਦੀ ਸਭ ਆਪੋ-ਆਪਣੇ ਕੰਮਾਂ ਵਲ ਹੋ ਤੁਰਦੇ। ਅਮ੍ਰਿਤ ਵੇਲੇ ਰੱਬੀ ਬਾਣੀ ਨਾਲ ਰੂਹ ਰਾਜੀ ਹੁੰਦੀ। ਘਰ ਦਾ ਮੁਖੀ ਸੂਰਜ ਚੜਨ ਤੋਂ ਪਹਿਲਾਂ ਹੀ ਖੇਤਾਂ ‘ਚ ਜਾ ਵੜਦਾ। ਬੇਬੇ ਚਾਟੀ ‘ਚ ਮਧਾਂਣੀ ਪਾ ਦੁੱਧ ਰਿੜਕਦੀ,ਧੀ ਰਾਣੀ ਚੁੱਲਾ ਚੌਕਾ ਸੰਭਾਲਦੀ ਤੇ ਮੁੰਡੇ ਪਸ਼ੂ ਡੰਗਰ ਨੂੰ ਪੱਠਾ ਤੱਥਾ ਪਾਉਂਦੇ। ਉਦੋਂ  ਮਨੁੱਖ ਹਰ ਸਾਮ ਹੁੰਦੇ ਹੀ ਇਸ ਘਰ ਵੱਲ ਨੂੰ ਇੰਝ ਪਰਤਦਾ ਜਿਵੇਂ ਜੋਤਾ ਲੱਗਿਆ ਬਲਦ ਪੱਠਿਆਂ ਦੀ ਖੁਰਲੀ ਵਲ ਨੂੰ ਭੱਜਦਾ ਹੈ। ਚਾਅ ਮਲਾਰ ਖੁਸ਼ੀ ਤੇ ਗਮ ਕੱਚੇ ਘਰ ਦੇ ਵਿਹੜੇ ‘ਚ ਪ੍ਰਵਾਰ ਦੇ ਜੀਅ ਤੇ ਆਂਡੀ ਗੁਆਂਡੀ ਇਕੱਠੇ ਹੇੋ ਕੇ ਸਾਂਝੇ ਕਰਦੇ । ਆਪਣੇ ਹੱਥੀਂ ਆਪਣਾ ਆਪੈ ਹੀ ਕਾਜਿ ਸਵਾਰਿਐੂਬਾਣੀ ਦੇ ਇਸ ਕਥਨ ਦੇ ਧਾਰਨੀ ਹੋ ਕੇ ਆਪਣੇ ਸੁਪਨਿਆਂ ਦੇ ਸੀਸ਼ ਮਹਿਲ ਭਾਵ ਕੱਚੇ ਘਰ ਨੂੰ ਹੱਥੀਂ ਤਿਆਰ ਕਰਦੇ । ਉਦੋਂ ਕੱਚਾ ਘਰ ਬਣਾਉਣਾਂ ਵੀ ਬੜੀ ਵੱਡੀ ਗੱਲ ਹੁੰਦੀ  ਸੀ। ਆਰਥਿਕ ਵਸੀਲੇ ਘੱਟ ਸਨ। ਘਰ ,ਚੁੱਲਾ ਚੌਕਾ,ਡੰਗਰ ਵੱਛੇ ਵਾਲਾ ਕਮਰਾ,ਤੰਦੂਰ,ਅਗੀਠੀ,ਖੁਰਲੀ,ਪੌੜੀਆਂ ਤੇ ਘਰ ਦੇ ਵਿਹੜੇ ਨੂੰ ਤਿਆਰ ਕਰਨ ਲਈ ਲੋੜੀਦਾ ਮਟੀਰੀਅਲ ਨੇੜੇ ਤੇੜਿਉਂ ਹੀ ਇਕੱਠਾ ਕਰ ਲਿਆ ਜਾਂਦਾ ਸੀ। ਕਿੰਨਾਂ ਸੁਭਾਗਾ ਸਮਾਂ ਹੁੰਦਾ ਸੀ ਜਦੋਂ ਪਿੰਡ’ਚ ਕਿਸੇ ਨੇ ਕੱਚਾ ਘਰ ਤਿਆਰ ਕਰਨਾ ਤਾਂ ਸਾਰੇ ਖੁਸ਼ੀ ਖੁਸ਼ੀ ਉਸਦੇ ਨਾਲ ਹੱਥ ਵਟਾਉਂਦੇ ।

ਘਰ ਬਣਨ ਮਗਰੋਂ ਘਰ ਦੇ ਮੁਖੀ ਨੂੰ ਵਧਾਈਆਂ ਦਿੰਦੇ। ਘਰ ਬਣਾਉਣਾ ਵੀ ਪੰਛੀ ਪ੍ਰਰਿੰਦਿਆ ਦੇ ਆਲਣਾਂ ਬਣਾਉਣ ਦੇ ਤੁਲ ਹੈ। ਮਨੁੱਖੀ ਜੀਵਨ ਇਸੇ ਸੰਵੇਦਨਸ਼ੀਲ ਪ੍ਰਕਿਰਿਆ’ਚੋਂ ਦੀ ਗੁਜਰਦਾ ਹੈ। ਇੱਕ ਰੰਗੀਨ ਸੁਪਨਿਆਂ ਦਾ ਤਾਜ ਮਹਿਲ ਉਸਾਰ ਕੇ ਨਿੱਕੇ ਨਿਆਣਿਆਂ ਲਈ ਕਿਰਤ ਦੀ ਚੋਗ ਚੁਗ ਕੇ ਲਿਆਉਂਦਾ ਹੈ। ਹੌਲੀ ਹੌਲੀ ਜਦ ਉਹ ਉਡਾਰ ਹੋ ਜਾਂਦੇ ਹੋ ਕੇ ਆਪਣਾਂ ਢਿੱਡ ਭਰਨ ਦੇ ਸਮਰੱਥ ਹੋ ਜਾਂਦੇ  ਤਾਂ ਆਲ੍ਹਣੇ ਦਾ  ਤੀਲਾ-ਤੀਲਾ ਇਕੱਠਾ ਕਰਨ ਵਾਲਾ ਪੰਛੀ ਕਿਤੇ ਦੂਰ ਉਡਾਰੀ ਮਾਰ ਜਾਂਦਾ ਹੈ। ਪ੍ਰਕਿਰਤੀ ਦਾ ਇਹ ਅਦਭੁਤ ਨਿਯਮ ਹੈ। ਪਹੁੰ ਫੁੱਟਣ ਤੋਂ ਤਰਕਾਲਾਂ ਪੈਣ ਤੱਕ ਘਰ ਦ ਖੁੱਲੇ ਵਿਹੜੇ ‘ਚ ਇੱਕ ਨਹੀਂ ਸੈਕੜੇ ਸੁਪਨੇ ਸੱਚ ਹੁੰਦੇ । ਬਿਰਧ ਬਾਪ ਪੁੱਤ ਧੀਆਂ ਨੂੰ ਜਵਾਨ ਹੁੰਦੇ ਦੇਖਦਾ। ਧੀ ਦੀ ਵਿਦਾਇਗੀ ਤੇ ਨਹੁੰ ਦੀ ਆਮਦ ਘਰ ਦੇ ਮਾਲਕ ਦੇ ਮਨ’ਚ ਉਲਾਰਾ ਲੈਂਦੇ ਚਾਅ ਮਾਲਾ ‘ਚ ਪਰੋਏ ਮੋਤੀਆਂ ਵਾਂਗ ਦਿਸਦੇ ਪ੍ਰਤੀਤ ਹੰਦੇ ਹਨ। ਕੱਚਾ ਘਰ ਬਣਾਉਣ ਲਈ ਪੱਕਾ ਘਰ ਬਣਾਉਣ ਤੌਂ ਵੀ ਜਿਆਂਦਾ ਮਸੱਕਤ ਕਰਨੀ ਪੈਂਦੀ ਹੈ। ਮਿੱਟੀ ਦੀਆਂ  ਪੱਥੀਆਂ ਇੱਟਾਂ,ਨਹਿਰਾਂ ਸੂਇਆਂ ਦਵਾਲੇ ਉ¤ਘਿਆ ਸਰਕੜਾ,ਢਾਬ ਦੇ ਰੁੱਖਾਂ ਦੀਆਂ ਕੜੀਆਂ,ਪਿੰਡ ਦੀ ਨਿਆਂਈਂ ‘ਚ ਉ¤ਘੀ ਕਿੱਕਰ ਦੀਆਂ ਲਟੈਣਾਂ,ਪਿੰਡ ਦੇ ਛੱਪੜ’ਚੋਂ ਨਿੱਕਲੇ ਪਰੋਲੇ ਦਾ ਢਾਂਚਾ ਖੜਾ ਕਰਨ ਲਈ ਬਹੁਤ ਹੀ ਮਹੀਨ ਹੱਥਾਂ ਦੀ ਲੋੜ ਹੁੰਦੀ ਹੈ। ਕੱਚੀਆਂ ਕੰਧਾਂ ਉ¤ਤੇ ਬੇਲ ਬੂਟੀਆਂ,ਕੰਧੋਲੀ ‘ਤੇ ਪਾਉਣ ਲਈ ਮੋਰ ਬਟੇਰੇ,ਕੂਜਾਂ,ਕਬੂਤਰੀਆਂ ਅਤੇ ਦਲਾਨ ਵਿੱਚ ਰੱਖਣ ਲਈ ਭੜੋਲੇ ਭੜੋਲੀਆਂ ਬਣਾਉਣ ਲਈ ਮਹੀਨ ਦੇ ਨਾਲ ਨਾਲ ਜ਼ਹੀਨ ਵੀ ਹੋਣਾਂ ਪੈਂਦਾ ਹੈ।

ਆਲੇ ਵਿੱਚ ਰੱਖਣ ਵਾਲੇ ਦੀਵੇ ਤੋਂ ਲੈ ਕੇ ਹਲ ਪੰਜਾਲੀਆਂ ਟੰਗਣ ਲਈ ਪੜਛੱਤੀ ਬਣਾਉਣ ਤੱਕ ਬਹੁਤ ਸਾਰੇ ਪੜਾਵਾਂ ਵਿਚੋਂ ਦੀ ਗੁਜਰਨਾਂ ਪੈਂਦਾ ਹੈ। ਸਭ ਤੋਂ ਵੱਡੀ ਗੱਲ ਕਿ ਹਿਰਨ ਵਾਂਗ ਚੁੰਗੀਆਂ ਭਰ ਰਹੇ ਜਮਾਨੇ ਤੋਂ ਬੇਨਿਆਜ਼ ਹੋ ਕੇ ਕੱਚੇ ਘਰਾਂ ਦੀ ਰੁੱਖੀ ਮਿੱਸੀ ਖਾਣੀ ਵੀ ਦਿਲ ਗੁਰਦੇ ਵਾਲੇ ਲੋਕਾਂ ਦਾ ਹੀ ਜ਼ੇਰਾ ਹੈ। ਸਾਰਾ ਸਾਜੋ ਸਮਾਨ ਇਕੱਠਾ ਕਰਨ ਉਪਰੰਤ ਤਿਆਰ ਬਰ ਤਿਆਰ ਘਰ ਆਪਣੇ ਆਪ’ਚ ਬੜਾ ਹੀ ਕੁਦਰਤੀ ਨਜ਼ਾਰਾ ਪੇਸ਼ ਕਰਦਾ ਹੈ। ਕੱਚੇ ਘਰ ਦੇ ਵਿਹੜੇ ਦਾ ਵਾਤਾਵਰਣ ਬੜਾ ਸੁੱਧ ਹੁੰਦਾ ਹੈ। ਬੇਹੱਦ ਸੁੰਦਰ  ਤੇ ਹਵਾਦਾਰ ਕਮਰਾ ਸਵਰਗ ਵਰਗਾ ਨਜ਼ਾਰਾ ਦਿੰਦਾ ਹੈ। ਕੱਚੇ ਘਰਾਂ ਦੀ ਵਿਲੱਖਣਤਾ ਹੈ ਕਿ ਇਹ ਗਰਮੀ ਵਿੱਚ ਠੱਡੇ ਤੇ ਪੋਹ ਮਾਘ ‘ਚ ਨਿੱਘੇ ਹੁੰਦੇ ਹਨ। ਕਮਰੇ ਦੀ ਛੱਤ ਭਾਵੇਂ ਬਹੁਤੀ ਮਜਬੂਤ ਨਹੀਂ ਮੰਨੀ ਜਾਂਦੀ  ਪ੍ਰੰਤੂ ਹੱਥਾਂ ਨਾਲ ਤਿਆਰ ਕੀਤੀ ਛੱਤ ‘ਤੇ ਘਰ ਦੇ ਮਾਲਕਾਂ ਨੂੰ ਰੱਬ ਜੇਡਾ ਵਿਸ਼ਵਾਸ ਹੁੰਦਾ ਹੈ। ਕੱਚੇ  ਘਰਾਂ ਵਿੱਚ ਪੱਕੀਆਂ ਤੇ ਸੱਚੀਆਂ ਰੂਹਾਂ ਦਾ ਵਾਸ ਹੁੰਦਾ ਹੈ। ਦਰਅਸਲ ਸਚਾਈ ਇਹ ਹੈ ਕਿ ਹੱਥੀਂ ਬਣਾਈ ਚੀਜ ਨਾਲ ਹੀ ਅਸਲ ਮੋਹ ਜੁੜਿਆ ਹੁੰਦਾ ਹੈ। ਇਹ ਮੋਹ ਅੱਜ ਦੇ ਮਹਿੰਗੇ ਤੇ ਅਤਿ ਸੁੰਦਰ ਘਰਾਂ ,ਕੋਠੀਆਂ ਤੇ ਬੰਗਲਿਆ ਵਿੱਚ ਨਹੀਂ ਰਿਹਾ। ਇੱਕ ਘਰ ਵੇਚਕੇ ਦੂਜੇ ਘਰ ਜਾਣਾਂ ਆਮ ਵਰਤਾਰਾ ਬਣ ਗਿਆ ਹੈ।

ਮੇਰਾ ਬਚਪਨ ਕੱਚੇ ਘਰ’ਚ ਬਤੀਤ ਹੋਇਆ ਹੈ। ਮੇਰੇ ਦਾਦਾ -ਦਾਦੀ ਜੀ ਦਾ ਸਾਡੇ ਕੱਚੇ ਘਰ ਨਾਲ ਅਥਾਹ ਮੋਹ ਸੀ । ਜਦ ਅਠਾਸੀ ਵੇਲੇ ਹੜ ਆਇਆ ਤਾਂ ਸਾਡਾ ਘਰ ਖੇਰੂ-ਖੇਰੂ ਹੋ ਗਿਆ। ਫਿਰ ਅਸੀਂ ਨਵਾਂ ਤੇ ਪੱਕਾ ਘਰ ਬਣਾ ਲਿਆ। ਮੈ ਨਿੱਕਾ ਜਿਹਾ ਸਾਂ। ਮੈਨੂੰ ਨਵੇਂ ਤੇ ਪੱਕੇ ਘਰ ਦਾ ਅਥਾਅ ਚਾਅ ਸੀ। ਮੈ ਕਿਲਕਾਰੀਆਂ ਮਾਰਦਾ ਤੇ ਖੁਸ਼ੀ ਦੇ ਅੰਬਰ ‘ਚ ਉ¤ਡਣ ਜਾ ਲਗਦਾ । ਹੁਣ ਅਸੀਂ ਪੱਕੇ ਘਰ ਵਾਲੇ ਜਿਉਂ ਹੋ ਗਏ ਸਾਂ। ਪਰ ਘਰ ਦੇ ਨਵੇਂ ਕਮਰੇ ‘ਚ ਂ ਮੰਜੇ ਤੇ ਪਏ ਦਾਦਾ ਜੀ ਦਾ ਮਨ ਉਦਾਸ ਸੀ। ਇਹ ਖਿੱਚ ਦਾ ਅਹਿਸਾਸ ਹੀ ਤਾਂ ਸੀ…..। ਸੁਪਨਾ ਨਹੀਂ ਇਹ ਸੱਚ ਸੀ ਕਿ ਇਕ ਦਿਨ ਸਾਰੇ ਦੇ ਸਾਰੇ ਕੱਚੇ ਘਰ ਢਹਿ ਢੇਰੀ ਹੋ ਜਾਣਗੇ ਸਾਡੇ ਘਰ ਵਾਂਗ। ਕੱਚੀ ਮਿਟੀ ਤੇ ਮਹੱਬਤ ਦੀਆਂ ਪੱਕੀਆਂ ਗੰਢਾਂ ਦੇ ਕੇ ਸਿਰਜੇ ਰਿਸ਼ਤਿਆਂ’ਚ ਭਾਵਕ ਪੰਜਾਬ ਦੇ ਪੁਰਾਣੇ ਪਿੰਡਾਂ ਦਾ ਅਤੀਤ ਤੇ ਕੱਚੇ ਘਰਾਂ ਦਾ ਵਿਰਸਾ ਅੱਜ ਸੱਚਮੁੱਚ ਹੀ ਅਲੋਪ ਹੁੰਦਾ ਜਾ ਰਿਹਾ ਹੈ। ਕੱਚੇ ਘਰ ਜਿਹੜੇ ਪੇਂਡੂ ਪੰਜਾਬੀ ਜਨ ਜੀਵਨ ਤੇ ਪੰਜਾਬੀ ਰਹਿਤ ਮਰਿਯਾਦਾ ਦਾ ਅਨਿੱਖੜਵਾਂ ਅੰਗ ਸਨ ਅੱਜ ਦੇ ਲੋਕਾਂ ਲਈ ਗੁਰਬਤ ਦਾ ਉਹ ਚਿਰਾਗ ਬਣ ਚੁੱਕੇ ਹਨ ਜਿੰਨ੍ਹਾਂ ਦੀ ਰੌਸ਼ਨੀ ਕਦੇ ਵੀ ਮੱਧਮ ਪੈ ਸਕਦੀ ਹੈ। ਪੰਜਾਬ ਦੇ ਬਹੁਤੇ ਹਿੱਸੇ ਨੇ ਰਹਿਣ ਸਹਿਣ ਲਈ ਕੋਠੀਆਂ ਤੇ ਬੰਗਲੇ ਆਦਿ ਉਸਾਰ ਲਏ ਹਨ ਪਰ ਜੋ ਨਜ਼ਾਰਾ ਕੱਚੇ ਘਰਾਂ ਵਿੱਚ ਹੁੰਦਾ ਸੀ ਉਹ ਨਜ਼ਾਰਾ ਪੱਕੇ ਘਰਾਂ ਤੇ ਬੰਗਲਿਆਂ ਵਿੱਚ ਕਿੱਥੇ?

ਕੁਲਦੀਪ ਸਿੰਘ ਲੋਹਟ
ਮੋਬਾ.94178 95713


Post Comment

Saturday, August 4, 2012

ਅਲੋਪ ਹੋ ਚੁੱਕਾ ਪੰਜਾਬੀ ਵਿਰਸਾ - ਸਾਂਝ ਤੇ ਪਿਆਰ ਸਾਂਝੇ/ਸੰਯੁਕਤ, ਵੱਡੇ ਪਰਿਵਾਰ


ਕਿਸੇ ਸਮੇਂ ਪੰਜਾਬੀਆਂ ਦੇ ਸਾਂਝੇ/ਸੰਯੁਕਤ, ਵੱਡੇ ਪਰਿਵਾਰਾਂ ਨੂੰ ਆਦਰਸ਼ਕ ਪਰਿਵਾਰ ਮੰਨਿਆ ਜਾਂਦਾ ਸੀ। ਭੈਣਾਂ ਵੀ ਉਨ੍ਹਾਂ ਸਮਿਆਂ ਵਿਚ ਪੰਜ ਵੀਰਾਂ ਦੀ ਮੰਗ ਕਰਦੀਆਂ ਸਨ-

ਪੰਜ ਵੀਰ ਦੇਈਂ ਵੇ ਰੱਬਾ,
ਬੰਨ੍ਹੀ ਫੌਜੀ ਬਰਮਾ ਨੂੰ ਜਾਵੇ।

ਉਨ੍ਹਾਂ ਸਮਿਆਂ ਵਿਚ ਜ਼ਿਆਦਾ ਨੌਕਰੀਆਂ ਫੌਜ ਵਿਚ ਹੀ ਹੁੰਦੀਆਂ ਸਨ। ਧੀਆਂ ਵੀ ਆਪਣੇ ਬਾਬਲ ਨੂੰ ਉਨ੍ਹਾਂ ਸਮਿਆਂ ਵਿਚ ਉਸ ਘਰ ਰਿਸ਼ਤਾ ਕਰਨ ਲਈ ਕਹਿੰਦੀਆਂ ਸਨ, ਜਿਥੇ ਸੱਸ ਦੇ ਬਹੁਤੇ ਪੁੱਤ ਹੋਣ-

ਦੇਵੀਂ ਵੇ ਬਾਬਲਾ ਉਸ ਘਰੇ,
ਜਿਥੇ ਸੱਸ ਦੇ ਬਹੁਤੇ ਪੁੱਤ।
ਇਕ ਮੰਗੀਏ, ਇਕ ਵਿਆਹੀਏ,
ਮੈਂ ਸ਼ਾਦੀਆਂ ਵੇਖਾਂ ਨਿੱਤ।
ਬਾਬਲ! ਤੇਰਾ ਪੁੰਨ ਹੋਵੇ।

ਉਨ੍ਹਾਂ ਸਮਿਆਂ ਵਿਚ ਨਵੀਂ ਵਿਆਹੀ ਵਹੁਟੀ ਨੂੰ ਅਸੀਸ ਦੇਣ ਸਮੇਂ ਵੀ ਕਿਹਾ ਜਾਂਦਾ ਸੀ, 'ਸੱਤ ਪੁੱਤਰਾਂ ਦੀ ਮਾਂ ਹੋਵੇ।' ਪਰਿਵਾਰ ਵਿਚ ਬਹੁਤੇ ਪੁਰਸ਼ ਮੈਂਬਰਾਂ ਦਾ ਹੋਣਾ ਉਨ੍ਹਾਂ ਸਮਿਆਂ ਦੀ ਪ੍ਰਮੁੱਖ ਲੋੜ ਸੀ। ਜਿੰਨੇ ਵੱਧ ਬੰਦੇ, ਓਨੀ ਵੱਧ ਤਾਕਤ। ਉਨ੍ਹਾਂ ਸਮਿਆਂ ਵਿਚ ਬਾਹੂਬਲ ਵਾਲਿਆਂ ਦਾ ਰਾਜ ਹੁੰਦਾ ਸੀ। ਲੜਕੀ ਦਾ ਰਿਸ਼ਤਾ ਵੀ ਉਸ ਪਰਿਵਾਰ ਵਿਚੋਂ ਲਿਆ ਜਾਂਦਾ ਸੀ, ਜਿਹੜਾ ਸਾਂਝੇ/ਸੰਯੁਕਤ ਪਰਿਵਾਰ ਵਿਚੋਂ ਆਇਆ ਹੋਵੇ। ਸਾਂਝੇ ਪਰਿਵਾਰ ਰਲ-ਮਿਲ ਕੇ ਰਹਿਣ ਦੇ ਸਿੱਖਿਆ ਸਕੂਲ ਹੁੰਦੇ ਸਨ। ਉਸ ਸਮੇਂ ਦਾ ਅਖਾਣ ਹੈ-

'ਧੀ ਘਰਾਣੇ ਦੀ, ਬਲਦ ਲਾਣੇ ਦਾ।'

ਧੀ ਸਾਂਝੇ/ਸੰਯੁਕਤ ਪਰਿਵਾਰ ਦੀ ਚੰਗੀ ਮੰਨੀ ਜਾਂਦੀ ਸੀ। ਬਲਦ ਉਸ ਪਰਿਵਾਰ ਦਾ ਚੰਗਾ ਮੰਨਿਆ ਜਾਂਦਾ ਸੀ, ਜਿਹੜੇ ਪਰਿਵਾਰ ਵਿਚ ਬਹੁਤੇ ਬਲਦ ਰੱਖੇ ਹੁੰਦੇ ਸਨ। ਬਹੁਤੀ ਖੇਤੀ ਕਰਦੇ ਸਨ। ਉਨ੍ਹਾਂ ਸਮਿਆਂ ਵਿਚ ਥੋੜ੍ਹੀ ਜਿਹੀ ਆਬਾਦੀ ਹੁੰਦੀ ਸੀ। ਪਿੰਡ ਆਬਾਦ ਹੋ ਰਹੇ ਸਨ। ਸਾਰਾ ਪਿੰਡ ਗਿਣਤੀ ਦੇ ਚਾਰ-ਪੰਜ ਬਜ਼ੁਰਗਾਂ ਦੀ ਔਲਾਦ ਹੁੰਦਾ ਸੀ। ਤੁਸੀਂ ਅੱਜ ਪੰਜਾਬ ਦੇ ਕਿਸੇ ਵੀ ਪਿੰਡ ਵੱਲ ਨਜ਼ਰ ਮਾਰ ਲਵੋ, ਉਨ੍ਹਾਂ ਪਿੰਡਾਂ ਦੀਆਂ ਪੱਤੀਆਂ, ਠੁਲ੍ਹਿਆਂ ਦੇ ਨਾਂਅ ਪਹਿਲੇ ਪਿੰਡ ਵਸਾਉਣ ਵਾਲੇ ਬਜ਼ੁਰਗਾਂ ਦੇ ਨਾਂਅ 'ਤੇ ਹੀ ਹਨ।
ਹੋਰ ਤਾਂ ਹੋਰ, ਤੁਸੀਂ ਪਹਿਲੇ ਸਮਿਆਂ ਦੇ ਘਰਾਂ ਦੀ ਬਣਤਰ ਵੱਲ ਨਜ਼ਰ ਮਾਰ ਕੇ ਦੇਖ ਲਓ। ਹਰ ਪਰਿਵਾਰ ਦੀਆਂ ਗੁਆਂਢੀ ਪਰਿਵਾਰ ਨਾਲ ਦੀਵਾਰਾਂ/ਕੰਧਾਂ ਸਾਂਝੀਆਂ ਹੁੰਦੀਆਂ ਸਨ। ਛੱਤਾਂ ਸਾਂਝੀਆਂ ਹੁੰਦੀਆਂ ਸਨ। ਬਨੇਰੇ ਸਾਂਝੇ ਹੁੰਦੇ ਸਨ। ਤੁਸੀਂ ਇਕ ਘਰ ਦੀ ਛੱਤ 'ਤੇ ਚੜ੍ਹ ਕੇ ਸਾਰੇ ਪਿੰਡ ਦੀਆਂ ਛੱਤਾਂ 'ਤੇ ਜਾ ਸਕਦੇ ਸੀ। ਹੁਣ ਘਰਾਂ ਦੀਆਂ ਗੁਆਂਢੀਆਂ ਨਾਲ ਦੀਵਾਰਾਂ/ਕੰਧਾਂ ਤਾਂ ਸਾਂਝੀਆਂ ਮਿਲ ਜਾਣਗੀਆਂ ਪਰ ਬਨੇਰਿਆਂ 'ਤੇ ਐਨੀਆਂ-ਐਨੀਆਂ ਉੱਚੀਆਂ ਕੰਧਾਂ ਕੀਤੀਆਂ ਹੁੰਦੀਆਂ ਹਨ ਕਿ ਤੁਸੀਂ ਇਕ ਛੱਤ ਤੋਂ ਦੂਜੀ ਛੱਤ 'ਤੇ ਜਾ ਨਹੀਂ ਸਕਦੇ। ਉਸ ਸਮੇਂ ਖੇਤੀ ਮੁਢਲੇ ਦੌਰ ਵਿਚ ਸੀ। ਥੋੜ੍ਹੀਆਂ ਜਿਹੀਆਂ ਜ਼ਮੀਨਾਂ ਹੀ ਆਬਾਦ ਸਨ। ਬਹੁਤੀਆਂ ਜ਼ਮੀਨਾਂ ਗ਼ੈਰ-ਆਬਾਦ ਪਈਆਂ ਸਨ। ਇਨ੍ਹਾਂ ਜ਼ਮੀਨਾਂ ਨੂੰ ਵਾਹੀਯੋਗ ਬਣਾਉਣ ਲਈ ਬਹੁਤੇ ਬੰਦਿਆਂ ਦੀ ਲੋੜ ਹੁੰਦੀ ਸੀ। ਖੇਤੀ ਉਨ੍ਹਾਂ ਸਮਿਆਂ ਵਿਚ ਸਾਰੀ ਦੀ ਸਾਰੀ ਹੱਥੀਂ ਕੀਤੀ ਜਾਂਦੀ ਸੀ। ਬਾਰਸ਼ਾਂ 'ਤੇ ਨਿਰਭਰ ਸੀ। ਇਸ ਲਈ ਥੋੜ੍ਹੇ ਜਿਹੇ ਸਮੇਂ ਵਿਚ ਹੀ ਜ਼ਮੀਨਾਂ ਨੂੰ ਤਿਆਰ ਕਰਕੇ ਫਸਲਾਂ ਬੀਜਣੀਆਂ ਹੁੰਦੀਆਂ ਸਨ। ਕੋਹ/ਚਰਸ ਨਾਲ ਫਸਲ ਸਿੰਜਦੇ ਸਨ। ਹੱਥੀਂ ਗੋਡੀ ਕਰਦੇ ਸਨ। ਹੱਥੀਂ ਵਾਢੀ ਕਰਦੇ ਸਨ। ਵੱਢੀ ਹੋਈ ਫਸਲ ਮੰਜਿਆਂ 'ਤੇ ਢੋਈ ਜਾਂਦੀ ਸੀ। ਫਲ੍ਹਿਆਂ ਨਾਲ ਗਾਹੁੰਦੇ ਸਨ। ਤੰਗਲੀਆਂ ਨਾਲ ਉਡਾਈ ਕਰਕੇ ਦਾਣੇ ਕੱਢੇ ਜਾਂਦੇ ਸਨ। ਤੂੜੀ ਦੇ ਦਾਣੇ ਸਿਰਾਂ ਉੱਪਰ ਢੋਏ ਜਾਂਦੇ ਸਨ। ਪੈਸਾ ਵੀ ਲੋਕਾਂ ਕੋਲ ਘੱਟ ਹੁੰਦਾ ਸੀ। ਇਕ ਚੁੱਲ੍ਹੇ 'ਤੇ ਰੋਟੀ ਪੱਕਦੀ ਹੋਣ ਕਰਕੇ (ਸਾਂਝੇ ਪਰਿਵਾਰ ਕਰਕੇ) ਖਰਚਾ ਵੀ ਘੱਟ ਹੁੰਦਾ ਸੀ। ਲੋਕਾਂ ਦੀਆਂ ਲੋੜਾਂ ਵੀ ਘੱਟ ਸਨ। ਪੈਸਾ ਉਨ੍ਹਾਂ ਸਮਿਆਂ ਵਿਚ ਜੀਵਨ ਜਿਊਣ ਦਾ ਇਕ ਸਾਧਨ ਮਾਤਰ ਹੁੰਦਾ ਸੀ। ਅੱਜ ਦੀ ਤਰ੍ਹਾਂ ਪੈਸਾ ਲੋਕਾਂ ਲਈ ਸਭ ਕੁਝ ਨਹੀਂ ਹੁੰਦਾ ਸੀ। ਪਿਆਰ ਸਭ ਤੋਂ ਉੱਪਰ ਸੀ। ਲਾਲਚ ਨਾਂਅ ਦੀ ਬਿਮਾਰੀ ਅਜੇ ਲੋਕਾਂ ਵਿਚ ਨਹੀਂ ਸੀ ਆਈ। 


Post Comment

Friday, August 3, 2012

ਧਰਮ ਯੁੱਧ ਮੋਰਚਾ


ਅਕਾਲੀ ਦਲ ਨੇ ਭਾਸ਼ਾ ਦੇ ਆਧਾਰ 'ਤੇ ਪੰਜਾਬੀ ਬੋਲਣ ਵਾਲੇ ਇਲਾਕਿਆਂ ਵਾਲਾ ਪੰਜਾਬੀ ਸੂਬਾ ਮੁੰਗਿਆ ਸੀ, ਪਰ ਕੇਂਦਰ ਵਿਚ ਪੰਜਾਬ ਤੇ ਸਿੱਖ ਵਿਰੋਧੀ ਸ਼ਕਤੀਆਂ ਨੇ ਨਵੇਂ ਸੂਬੇ ਨੂੰ ਹਰ ਪਖੋਂ ਕਮਜ਼ੋਰ ਤੇ ਛੋਟੇ ਤੋਂ ਛੋਟਾ ਬਣਾਉਣ ਦੇ ਚੱਕਰ ਵਿਚ ਜਾਣੇ ਅਣਜਾਣੇ ਇਕ ਸਿੱਖ ਬਹੁ-ਵਸੋਂ ਵਾਲਾ ਸੂਬਾ ਬਣਾ ਦਿਤਾ। ਊਨਾ ਜੋ ਹੁਸ਼ਿਆਰਪੁਰ ਜ਼ਿਲੇ ਦੀ ਇਕ ਤਹਿਸੀਲ ਸੀ, ਅਤੇ ਡਲਹੌਜ਼ੀ ਦਾ ਪਹਾੜੀ ਇਲਾਕਾ ਜ਼ਿਲਾ ਗੁਰਦਾਸਪੁਰ ਦਾ ਹਿੱਸਾ ਸੀ, ਪੰਜਾਬੀ ਰਿਜਨ ਦਾ ਹਿੱਸਾ ਸਨ, ਇਨ੍ਹਾਂ ਨੂੰ ਹਿਮਾਚਲ ਪਦੇਸ਼ ਵਿਚ ਸ਼ਾਮਿਲ ਕਰ ਦਿਤਾ ਗਿਆ। ਸਿਰਸਾ ਦਾ ਇਲਾਕਾ ਵੀ ਪੰਜਾਬੀ ਰਿਜਨ ਵਿਚ ਸੀ, ਉਹ ਹਰਿਆਣਾ ਵਿਚ ਰਖਿਆ ਗਿਆ।ਜ਼ਿਲਾ ਅੰਬਾਲਾ ਨੂੰ ਦੋ-ਭਾਸ਼ੀ ਕਿਹਾ ਜਾਦਾ ਸੀ, ਪਰ ਬਹੁ-ਵਸੋਂ ਪੰਜਾਬੀ ਬੋਲਣ ਵਾਲਿਆਂ ਦੀ ਹੈ (ਹੁਣ ਵੀ ਹੈ) ਨੂੰ ਵੀ ਹਰਿਆਣਾ ਵਿਚ ਸਾਮਿਲ ਕੀਤਾ ਗਿਆ।ਸਾਂਝੇ ਪੰਜਾਬ ਦੀ ਰਾਜਧਾਨੀ ਲਾਹੌਰ ਪਾਕਿਸਤਾਨ ਦੇ ਹਿੱਸੇ ਆਈ ਸੀ, ਪੂਰਬੀ ਪੰਜਾਬ ਲਈ ਚੰਡੀਗੜ੍ਹ ਵਿਖੇ ਜੋ ਨਵੀਂ ਰਾਜਧਾਨੀ ਬਣਾਈ ਗਈ, ਉਹ ਪੰਜਾਬੀ-ਭਾਸ਼ਾਈ ਪਿੰਡਾਂ ਨੂੰ ਉਜਾੜ ਕੇ ਬਣਾਈ ਗਈ ਸੀ, ਨੂੰ ਕੇਂਦਰੀ ਪ੍ਰਬੰਧਕ ਇਲਾਕਾ ਬਣਾ ਕੇ ਕੇਂਦਰ ਨੇ ਆਪਣੇ ਅਧੀਨ ਰੱਖ ਲਿਆ।

ਇਸ ਨਵੇਂ ਪੰਜਾਬ ਭਾਵ ਪੰਜਾਬੀ ਸੂਬੇ ਵਿਚ ਅਕਾਲੀ ਇਕ ਸ਼ਕਤੀਸ਼ਾਲੀ ਰਾਜਸੀ ਸ਼ਕਤੀ ਬਣ ਕੇ ਉਭਰੇ।ਇਸ ਸੂਬੇ ਦੇ ਹੋਂਦ ਵਿਚ ਆਉਣ ਪਿਛੋਂ ਪਹਿਲੀਆਂ ਆਮ ਚੋਣਾਂ ਫਰਵਰੀ 1967 ਨੂੰ ਹੋਈਆਂ।ਅਕਾਲੀ ਦਲ ਨੇ ਜਨ ਸੰਘ ਤੇ ਦੂਜੀਆਂ ਗੈਰ-ਕਾਂਗਰਸੀ ਪਾਰਟੀਆਂ ਨਾਲ ਮਿਲ ਕੇ 'ਸਾਂਝਾ ਫਰੰਟ' ਬਣਾਇਆ ਅਤੇ ਜਸਟਿਸ ਗੁਰਨਾਮ ਸਿੰਘ ਦੀ ਅਗਵਾਈ ਹੇਠ ਪਹਿਲੀ ਗੈਰ-ਕਾਂਗਰਸੀ ਸਰਕਾਰ ਬਣਾਈ।ਇਸ ਵਜ਼ਾਰਤ ਵਿਚ ਮੁਖ ਮੰਤਰੀ ਤੇ ਲਛਮਣ ਸਿੰਘ ਗਿਲ ਸਮੇਤ ਪੰਜ, ਜਨ ਸੰਘ ਦੇ ਦੋ ਅਤੇ ਕਮਿਊਨਿਸਟ ਪਾਰਟੀ ਵਲੋਂ ਕਾਮਰੇਡ ਸਤ ਪਾਲ ਡਾਂਗ ਮੰਤਰੀ ਸਨ।

ਕਾਂਗਰਸੀ ਜੋ ਪਿਛਲੇ 20 ਸਾਲਾਂ ਤੋਂ ਰਾਜ ਕਰਦੀ ਆ ਰਹੇ ਸਨ,ਕਿਵੇਂ ਬਰਦਾਸ਼ਤ ਕਰਦੇ ਕਿ ਉਨ੍ਹਾਂ ਨੂੰ ਵਿਰੋਧੀ ਬੈਂਚਾਂ 'ਤੇ ਬੈਠਣਾ ਪਏ।ਕਾਂਗਰਸ ਵਿਧਾਇਕ ਪਾਰਟੀ ਦੇ ਲੀਡਰ ਗਿਆਨ ਸਿੰਘ ਰਾੜੇਵਾਲਾ ਮੁਖ ਮੰਤਰੀ ਬਣਨ ਦੇ ਸੁਪਨੇ ਲੈ ਰਹੇ ਸਨ,ਉਨ੍ਹਾਂ ਨੇ ਸਾਂਝੇ ਫਰੰਟ ਦੀ ਸਰਕਾਰ ਤੋੜਣ ਦੇ ਮਨਸੂਬੇ ਬਣਾਉਣੇ ਸ਼ੁਰੂ ਕੀਤੇ।ਉਨ੍ਹਾਂ ਦੀ ਖੁਸਕਿਸਮਤੀ ਨੂੰ ਲਛਮਣ ਸਿੰਘ ਗਿਲ, ਜੋ ਮੰਤਰੀ ਮੰਡਲ ਦੀ ਲਗਭਗ ਹਰ ਮੀਟਿੰਗ ਵਿਚ ਕਾਮਰੇਡ ਡਾਂਗ ਨਾਲ ਖਹਿਬੜਦੇ ਸਨ ਅਤੇ ਪੰਜਾਬੀ ਭਾਸ਼ਾ ਨੂੰ ਇਸ ਸੂਬੇ ਵਿਚ ਯੋਗ ਸਥਾਨ ਦੇਣ ਦੇ ਮੁੱਦੇ 'ਤੇ ਜਨ ਸੰਘ ਨਾਲ ਔਖੇ ਹੁੰਦੇ ਸਨ, ਬਾਗ਼ੀ ਸੁਰਾਂ ਦਿਖਾ ਰਹੇ ਸਨ।ਕਾਂਗਰਸ ਨੇ ਸ੍ਰੀ ਗਿਲ ਨਾਲ ਸਾਂਠ ਗਾਂਠ ਕੀਤੀ। ਵਿਧਾਨ ਸਭਾ ਦਾ ਸਰਦੀਆਂ ਦੀ ਰੁੱਤ ਦਾ ਸਮਾਗਮ 22 ਨਵੰਬਰ ਨੂੰ ਸ਼ੁਰੂ ਹੋਣਾ ਸੀ।ਸ੍ਰੀ ਗਿਲ ਨੇ 18 ਹੋਰ ਵਿਧਾਇਕਾਂ ਸਮੇਤ ਅਕਾਲੀ ਦਲ ਨਾਲੋਂ ਨਾਤਾ ਤੋੜ ਕੇ ਪੰਜਾਬ ਜੰਤਾ ਦਲ ਨਾਂਅ ਦੀ ਪਾਰਟੀ ਬਣਾ ਲਈ ਜਿਸ ਨੂੰ ਕਾਂਗਰਸ ਨੇ ਬਾਹਰੋਂ ਸਮਰਥਨ ਦੇਣ ਦਾ ਐਲਾਨ ਕਰ ਦਿਤਾ।ਜਸਟਿਸ ਗੁਰਨਾਮ ਸਿੰਘ ਨੇ ਤਤਕਾਲੀ ਗਵਰਨਰ ਡਾ. ਡੀ.ਸੀ. ਪਾਵਟੇ ਨੂੰ ਆਪਣੀ ਵਜ਼ਾਰਤ ਦਾ ਅਸਤੀਫਾ ਦੇ ਕੇ ਵਿਧਾਨ ਸਭਾ ਭੰਗ ਕਰ ਕੇ ਨਵੀਆਂ ਚੋਣਾਂ ਕਰਵਾਉਣ ਦੀ ਸਿਫਾਰਿਸ਼ ਕੀਤੀ,ਪਰ ਗਵਰਨਰ ਨੇ ਸ੍ਰੀ ਗਿਲ ਨੂੰ ਵਜ਼ਾਰਤ ਬਣਾਉਣ ਦਾ ਸੱਦਾ ਦਿਤਾ।ਗਿਲ ਮੰਤਰੀ ਮੰਡਲ ਵਿਚ 16 ਉਹ ਵਿਧਾਇਕ ਮੰਤਰੀ ਬਣੇ,ਜੋ ਉਨ੍ਹਾ ਨਾਲ ਅਕਾਲੀ ਦਲ ਨੂੰ ਛੱਡ ਕੇ ਆਏ ਸਨ,ਦੂਸਰੇ ਤਿੰਨਾਂ ਨੂੰ ਹੋਰ ਅਹੁਦੇ ਦੇ ਕੇ ਸਤੁੰਸਟ ਕੀਤਾ ਗਿਆ।ਜਗਜੀਤ ਸਿੰਘ ਚੌਹਾਨ ਇਸ ਵਜ਼ਾਰਤ ਵਿਚ ਖਜ਼ਾਨਾ ਮੰਤਰੀ ਬਣੇ।

ਅਕਾਲੀ ਦਲ ਨਾਲ ''ਗੱਦਾਰੀ'' ਕਰਨ ਲਈ ਸ੍ਰੀ ਗਿਲ ਦੀ ਬੜੀ ਨੁਕਤਾਚੀਨੀ ਹੋਈ।ਉਨ੍ਹਾਂ ਇਕ ਚੰਗਾ ਤੇ ਇਤਿਹਾਸਿਕ ਕੰਮ ਇਹ ਕੀਤਾ ਕਿ ਅਗਲੇ ਹੀ ਮਹੀਨੇ ਦਸੰਬਰ 1967 ਵਿਚ ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜਾ ਦੇਣ ਦਾ ਬਿਲ ਸਰਬ-ਸੰਮਤੀ ਨਾਲ ਪਾਸ ਕਰਵਾ ਲਿਆ,ਜੋ ਐਕਟ ਬਣ ਕੇ 13 ਅਪਰੈਲ 1968 ਵਿਸਾਖੀ ਵਾਲੇ ਦਿਨ ਤੋਂ ਲਾਗੂ ਹੋ ਗਿਆ।ਸ੍ਰੀ ਗਿਲ ਨੇ ਪਿੰਡਾਂ ਦੀਆਂ ਸੜਕਾਂ ਦਾ ਨਿਰਮਾਣ ਵੀ ਕਰਵਾਇਆ।

ਸ੍ਰੀ ਗਿਲ ਨੂੰ ਸਰਕਾਰ ਬਣਾਉਣ ਲਈ ਸਮਰਥਨ ਦੇ ਕੇ ਕਾਂਗਰਸੀ ਲੀਡਰ ਚਾਹੁੰਦੇ ਸਨ ਕਿ ਉਨ੍ਹਾਂ ਦੀ ਹਰ ਗਲ ਮੰਨੀ ਜਾਏ ਪਰ ਉਹ ਉਨ੍ਹਾ ਦੀ ਪਰਵਾਹ ਨਹੀਂ ਕਰਦੇ ਸਨ।ਮਤਭੇਦ ਪੈਦਾ ਹੋਏ ਅਤੇ ਇਤਨੇ ਵੱਧ ਗਏ ਕਿ ਕਾਂਗਰਸ ਨੇ ਅਗੱਸਤ 1968 ਵਿਚ ਆਪਣਾ ਸਮਰਥਨ ਵਾਪਸ ਲੈ ਲਿਆ।ਗਿਲ ਸਰਕਾਰ ਗਿਰ ਗਈ, ਪੰਜਾਬ ਵਿਚ ਰਾਸ਼ਟ੍ਰਪਤੀ ਰਾਜ ਲਾਗੂ ਹੋ ਗਿਆ।

ਮਧ-ਕਾਲੀ ਚੋਣਾਂ 9 ਫਰਵਰੀ 1969 ਨੂੰ ਹੋਈਆਂ।ਅਕਾਲੀ ਦਲ ਪਹਿਲਾਂ ਨਾਲੋਂ ਵੀ ਵੱਧ ਸੀਟਾਂ ਲੈ ਕੇ ਜਿੱਤਿਆ ਅਤੇ ਜਨ ਸੰਘ ਦੇ ਸਹਿਯੋਗ ਨਾਲ ਜਸਟਿਸ ਗੁਰਨਾਮ ਸਿੰਘ ਦੀ ਰਹਿਨਮਾਈ ਹੇਠ ਫਿਰ ਸਰਕਾਰ ਬਣਾਈ।ਸਾਰੇ ਅਕਾਲੀ ਵਿਧਾਇਕਾਂ ਨੂੰ ਅਕਾਲੀ ਦਲ ਪ੍ਰਤੀ ਵਫ਼ਾਦਾਰ ਰਹਿਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੁੰਹ ਚੁਕਾਈ ਗਈ।ਸਿੱਖ-ਪੰਥ ਦੀ ਮਿੰਨੀ-ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਨੇ ਇਸ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ 500-ਸਾਲਾ ਪ੍ਰਕਾਸ਼ ਉਤਸਵ ਬੜੇ ਹੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ।ਪੰਜਾਬ ਸਰਕਾਰ ਨੇ ਇਸ ਇਹਿਾਸਿਕ ਪਾਵਨ ਦਿਹਾੜੇ 'ਤੇ ਅੰਮ੍ਰਿਤਸਰ ਵਿਖੇ ਗੁਰੂ ਨਾਨਕ ਦੇਵ ਯੁਨੀਵਰਸਿਟੀ ਦੀ ਸਥਾਪਨਾ ਕੀਤੀ, ਜਿਸ ਦਾ ਨੀਂਹ-ਪੱਥਰ ਤਤਕਾਲੀ ਰਾਸ਼ਟ੍ਰਪਤੀ ਸ੍ਰੀ ਵੀ.ਵੀ.ਗਿਰੀ ਨੇ 24 ਨਵੰਬਰ 1969 ਨੂੰ ਰਖਿਆ।

ਮਾਰਚ 1970 ਨੂੰ ਰਾਜ ਸਭਾ ਦੀਆਂ ਤਿੰਨ ਸੀਟਾਂ ਦੀ ਚੋਣ ਸੀ।ਸੰਤ ਫਤਹਿ ਸਿੰਘ ਨੇ ਵਰਕਿੰਗ ਕਮੇਟੀ ਵਲੋਂ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਤੇ ਜੱਥੇਦਾਰ ਸੰਤੋਖ ਸਿੰਘ ਨੇ ਨਾਵਾਂ ਦਾ ਐਲਾਨ ਕੀਤਾ।ਗਿਆਨੀ ਭੁਪਿੰਦਰ ਸਿੰਘ ਨੇ ਮਾਸਟਰ ਗਰੁਪ ਦੇ ਸਮਰਥਨ ਨਾਲ ਆਪਣੇ ਨਾਮਜ਼ਦਗੀ ਕਾਗਜ਼ ਵੀ ਭਰ ਦਿਤੇ, ਉਨ੍ਹਾਂ ਨੂੰ ਅਕਾਲੀ ਦਲ ਵਿਚੋਂ ਕੱਢ ਦਿਤਾ ਗਿਆ।ਜਸਟਿਸ ਗੁਰਨਾਮ ਸਿੰਘ ਅੰਦਰਖਾਤੇ ਗਿਆਨੀ ਜੀ ਦੀ ਮੱਦਦ ਕਰਦੇ ਰਹੇ, ਜਿਸ ਕਾਰਨ 25 ਮਾਰਚ ਨੂੰ ਹੋਈਆਂ ਚੋਣਾ ਸਮੇਂ ਜੱਥੇਦਾਰ ਸੰਤੋਖ ਸਿੰਘ ਹਾਰ ਗਏ ਤੇ ਗਿਆਨੀ ਜੀ ਜਿੱਤ ਗਏ।ਸੰਤ ਜੀ ਨੇ ਇਸ ਹਾਰ ਲਈ ਜਸਟਿਸ ਗੁਰਨਾਮ ਸਿੰਘ ਨੂੰ ਜ਼ਿਮੇਵਾਰ ਸਮਝਿਆ, ਜਿਸ ਕਾਰਨ ਉਨ੍ਹਾਂ ਦੀ ਥਾਂ 26 ਮਾਰਚ ਨੂੰ ਪ੍ਰਕਾਸ਼ ਸਿੰਘ ਬਾਦਲ ਨੂੰ ਨਵਾਂ ਮੁਖ ਮੰਤਰੀ ਬਣਾਇਆ ਗਿਆ।

ਗੁਰਨਾਮ ਸਿੰਘ ਵਜ਼ਾਰਤ ਨੇ ਜ਼ਿਲਾ ਅੰਮ੍ਰਿਤਸਰ,ਗੁਰਦਾਸਪੁਰ,ਕਪੂਰਥਲਾ ਤੇ ਜਾਲੰਧਰ ਦੇ 46 ਕਾਲਜ ਪੰਜਾਬ ਯੁਨੀਵਰਸਿਟੀ ਚੰਡੀਗੜ੍ਹ ਨਾਲੋਂ ਤੋੜ ਕੇ ਗੁਰੂ ਨਾਨਕ ਦੇਵ ਯੁਨੀਵਰਸਿਟੀ ਨਾਲ ਜੋੜਣ ਦਾ ਫੈਸਲਾ ਕੀਤਾ ਸੀ, ਪਰ ਹਾਲੇ ਲਾਗੂ ਨਹੀਂ ਕੀਤਾ ਸੀ।ਬਾਦਲ ਸਰਕਾਰ ਨੇ 26 ਜੂਨ ਨੂੰ ਇਹ ਫੈਸਲਾ ਲਾਗੂ ਕਰਨ ਦਾ ਫੈਸਲਾ ਕੀਤਾ ਤਾਂ ਇਸ ਦੇ ਵਿਰੋਧ ਵਿਚ ਜਨ ਸੰਘ ਦੇ ਚਾਰੇ ਮੰਤਰੀਆਂ ਨੇ ਅਸਤੀਫੇ ਦੇ ਦਿਤੇ ਅਤੇ ਇਸ ਦੇ ਵਿਧਾਇਕਾਂ ਸਰਕਾਰ ਤੋਂ ਆਪਣਾ ਸਮਰੱਥਨ ਵਾਪਸ ਲੈ ਲਿਆ।ਅਕਾਲੀ ਦਲ ਨੂੰ ਇਸ ਦਾ ਪਹਿਲਾਂ ਹੀ ਖਦਸ਼ਾ ਸੀ,ਇਸ ਲਈ ਉਸ ਨੇ ਪਹਿਲਾਂ ਹੀ ਸੀ.ਪੀ.ਆਈ (ਐਮ) ਅਤੇ ਸੁਤੰਤਰ ਤੇ ਸ਼ੋਸਲਿਸਟ ਪਾਰਟੀ ਦੀ ਹਿਮਾਇਤ ਹਾਸਲ ਕਰ ਲਈ ਸੀ ਅਤੇ ਸਰਕਾਰ ਚਲਦੀ ਰਹੀ।ਜੂਨ 1971 ਵਿਚ ਕਾਗਰਸ ਵਿਚੋਂ ਆਏ ਕਈ ਵਿਧਾਇਕ ਸਰਕਾਰ ਦਾ ਸਾਥ ਛੱਡ ਗਏ ਜਿਸ ਕਾਰਨ ਸ੍ਰੀ ਬਾਦਲ ਨੇ 13 ਜੂਨ ਨੂੰ ਆਪਣੇ ਮੰਤਰੀ ਮੰਡਲ ਦਾ ਅਸਤੀਫਾ ਗਵਰਨਰ ਨੂੰ ਦੇ ਦਿਤਾ।ਪੰਜਾਬ ਵਿਚ ਫਿਰ ਰਾਸ਼ਟ੍ਰਪਤੀ ਰਾਜ ਲਗੂ ਹੋ ਗਿਆ।

ਅਗਲੀਆਂ ਚੋਣਾਂ ਮਾਰਚ 1972 ਨੂੰ ਹੋਈਆਂ ਜਿਸ ਵਿਚ ਕਾਗਰਸ ਨੇ ਬਹੁ-ਮਤ ਹਾਸਲ ਕਰ ਕੇ ਗਿਆਨੀ ਜ਼ੈਲ ਸਿੰਘ ਦੀ ਰਹਿਨਮਾਈ ਹੇਠ ਸਰਕਾਰ ਬਣਾਈ।ਜੂਨ 1971 ਨੂੰ ਅਲਾਹਾਬਾਦ ਹਾਈ ਕੋਰਟ ਨੇ ਰਾਏ ਬਰੇਲੀ ਲੋਕ ਸਭਾ ਸੀਟ ਤੋਂ ਇੰਦਰਾ ਗਾਂਧੀ ਚੋਣ ਰੱਦ ਕਰ ਦਿਤੀ।ਉਨ੍ਹਾਂ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦੀ ਥਾਂ ਦੇਸ਼ ਵਿਚ ਐਮਰਜੈਂਸੀ ਲਗਾ ਦਿਤੀ।ਲੋਕਾ ਦੇ ਬੁਨਅਿਾਦੀ ਅਧਿਕਾਰ ਖੋਹ ਲਏ ਗਏ, ਪ੍ਰੈਸ ਉਤੇ ਸੈਂਸਰਸ਼ਿਪ ਲਗਾ ਦਿਤੀ ਗਈ ਅਤੇ ਵਿਰੋਧੀ ਪਾਰਟੀਆਂ ਦੇ ਸਾਰੇ ਲੀਡਰ ਗ੍ਰਿਫਤਾਰ ਕਰ ਕੇ ਜੇਲਾਂ ਵਿਚ ਨਜ਼ਰਬੰਦ ਕਰ ਦਿਤੇ ਗਏ।ਭਾਵੇਂ ਅਕਾਲੀ ਦਲ ਦਾ ਕੋਈ ਵੀ ਲੀਡਰ ਨਹੀਂ ਪਕੜਿਆ ਗਿਆ ਸੀ, ਅਕਾਲੀ ਦਲ ਨੇ ਐਮਰਜੈਂਸੀ ਵਿਰੁਧ ਮੋਰਚਾ ਲਗਾ ਦਿਤਾ॥ਹਿਲਾਂ ਜੱਥੇਦਾਰ ਮੋਹਨ ਸਿੰਘ ਤੁੜ ਅਤੇ ਉਨ੍ਹਾਂ ਵਲੋਂ ਆਪਣੀ ਗ੍ਰਿਫਤਾਰੀ ਦਿਤੇ ਜਾਣ ਪਿਛੋਂ ਸੰਤ ਹਰਚੰਦ ਸਿੰਘ ਲੌਂਗੋਵਾਲ ਮੋਰਚਾ ਡਿਕਟੇਟਰ ਬਣੇ।ਇਹ ਮੋਰਚਾ ਜਨਵਰੀ 1977 ਦੇ ਆਖਰੀ ਹਫ਼ਤੇ ਐਮਰਜੈਂਸੀ ਉਠਾਏ ਜਾਣ ਬਾਅਦ ਹੀ ਵਾਪਸ ਲਿਆ।ਇਨ੍ਹਾ ਕਾਲੇ 19 ਮਹੀਨਿਆ ਦੌਰਾਨ ਇੰਦਰਾ ਸਰਕਾਰ ਨੇ ੇਸ਼ ਵਿਚ ਲੋਕਾਂ ਨਾਲ ਬਹੁਤ ਹੀ ਵਧੀਕੀਆ ਕੀਤੀਆਂ,ਗਰੀਬਾਂ ਦੀਆਂ ਝੁੱਗੀਆਂ ਝੌਂਪੜੀਆਂ ਜ਼ਬਰਦਸਤੀ ਗਿਰਾ ਦਿਤੀਆ ਗਈਆ,ਲੋਕਾਂ ਦੇ ਜ਼ਬਰਦਸਤੀ ਨਸਬੰਦੀ ਅਪਰੇਸ਼ਨ ਕੀਤੇ ਗਏ।ਇਸ ਕਾਲੇ ਦੌਰ ਵਿਚ ਇੰਦਰਾ ਸਰਕਾਰ ਨੇ ਸਾਰੇ ਕਾਨੂਨ ਤੇ ਨਿਯਮ ਛਿੱਕੇ ਟੰਗ ਕੇ ਪੰਜਾਬ ਦੇ ਦਰਿਆਵਾਂ ਦਾ ਪਾਣੀ ਗਵਾਂਢੀ ਰਾਜਾਂ ਨੂੰ ਦੇ ਦਿਤਾ।ਐਮਰਜੈਂਸੀ ਚੁਕੇ ਜਾਣ ਪਿਛੋਂ ਪੰਜਾਬ ਵਿਧਾਨ ਸਭਾ ਚੋਣਾਂ ਪਿਛੋਂ ਬਣੀ ਅਕਾਲੀ ਸਰਕਾਰ ਨੇ ਇਸ ਧੱਕੇ ਵਰੁੱਦ ਸੁਪਰੀਮ ਕੋਰਟ ਵਿਚ ਅਪੀਲ ਕੀਤੀ।ਸ਼੍ਰੀਮਤੀ ਗਾਂਧੀ ਜਨਵਰੀ 1980 ਵਿਚ ਫਿਰ ੱਤਾ ਵਿਚ ਆ ਗਏ ਤੇ ਅਗਲੇ ਮਹੀਨੇ ਸੰਵਿਧਾਨ ਦੀ ਧਾਰਾਂ 356 ਦੀ ਦੁਰਵਰਤੋਂ ਕਰ ਕੇ ਦੇਸ਼ ਵਿਚ ਅਕਾਲੀ ਸਰਕਾਰ ਸਮੇਤ ਸਾਰੀਆਂ ਗੈਰ-ਕਾਂਗਰਸੀ ਸਰਕਾਰਾਂ ਤੋੜ ਦਿਤੀਆਂ।ਸ਼੍ਰੀਮਤੀ ਗਾਂਧੀ ਨੇ ਦਸੰਬਰ 1981 ਵਿਚ ਪੰਜਾਬ ਦੇ ਕਾਂਗਰਸੀ ਮੁਖ ਮੰਤਰੀ ਦਰਬਾਰਾ ਸਿੰਘ ਉਤੇ ਦਬਾਓ ਪਾ ਕੇ ਸੁਪਰੀਮ ਕੋਰਟ ਵਿਚੋਂ ਇਹ ਕੇਸ ਵਾਪਸ ਕਰਵਾ ਦਿਤਾ ਤਾਂ ਜੋ ਪੰਜਾਬ ਦਾ ਪਾਣੀ ਗਵਾਢੀ ਰਾਜਾ ਨੂੰ ਦਿਤਾ ਜਾ ਸਕੇ।

ਗਿਆਨੀ ਜ਼ੈਲ ਸਿੰਘ ਸਰਕਾਰ ਨੇ 1975 ਵਿਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਮਹਾਨ ਸਹਾਦਤ ਦੀ ਤੀਜੀ ਸ਼ਤਾਬਦੀ ਮਨਾਈ ਅਤੇ ਗੁਰੂ ਗੋਬਿੰਦ ਸਿੰਘ ਮਾਰਗ ਦਾ ਨਿਰਮਾਣ ਕਰਵਾ ਕੇ ਨਗਰ ਕਰਤਨ ਦਾ ਆਯੋਜਨ ਕੀਤਾ।ਇੰਦਰਾ ਗਾਂਧੀ ਨੇ 18 ਜਨਵਰੀ,1977 ਨੂੰ ਐਮਰਜੈਂਸੀ ਉਠਾਉਣ ਅਤੇ ਮਾਰਚ ਮਹੀਨੇ ਲੋਕ ਸਭਾ ਚੋਣਾ ਕਰਵਾਉਣ ਦਾ ਐਲਾਨ ਕੀਤਾ।ਸਾਰੇ ਲੀਡਰ ਰਿਹਾਅ ਕਰ ਦਿਤੇ ਗੇ।ਅਕਾਲੀ ਦਲ ਨੇ ਫੇਸਲਾ ਕੀਤਾ ਕਿ ਸਾਰੇ ਪ੍ਰਮੂਖ ਲੀਡਰ ਚੋਣਾਂ ਲੜਣ।ਇਹ ਚੋਣਾਂ ਨਵ-ਗਠਿਤ ਜੰਤਾ ਪਾਰਟੀ ਦੇ ਸਹਿਯੋਗ ਨਾਲ ਲੜੀਆਂ ਗਈਆਂ। ਕਾਗਰਸ ਨੂੰ ਪੰਜਾਬ ਸਮੇਤ ਸਮੁਚੇ ਉਤਰੀ ਅਤੇ ਕੇਂਦਰੀ ਭਾਰਤ ਦੇ ਸਾਰੇ ਸੂਬਿਆਂ ਵਿਚ ਕਰਾਰੀ ਹਾਰ ਹੋਈ। ਪੰਜਾਬ ਵਿਚ ਅਕਾਲੀ ਦਲ ਨੇ 9, ਜੰਤਾ ਪਾਰਟੀ ਅਤੇ ਮਾਰਕਸੀ ਕਮਿਊਨਿਸਟ ਪਾਰਟੀ ਨੇ ਦੋ ਦੋ ਸੀਟਾਂ ਜਿੱਤੀਆਂ।ਕੇਂਦਰ ਵਿਚ ਮੁਰਾਰਜੀ ਡਿਸਾਈ ਦੀ ਅਗਵਾਈ ਹੇਠ ਜੰਤਾ ਪਾਰਟੀ ਦੀ ਸਰਕਾਰ ਬਣੀ।ਇਸ ਦੀ ਭਾਈਵਾਲ ਅਕਾਲੀ ਦਲ ਦੇ ਵੀ ਸ੍ਰੀ ਬਾਦਲ ਤੇ ਧੰਨਾ ਸਿੰਘ ਗੁਲਸ਼ਨ ਮੰਤਰੀ ਬਣੇ।

ਡਿਸਾਈ ਸਰਕਾਰ ਨੇ ਸਾਰੀਆਂ ਸੂਬਾਈ ਕਾਂਗਰਸੀ ਸਰਕਾਰਾਂ ਭੰਗ ਕਰ ਕੇ ਨਵੀਆਂ ਚੋਣਾਂ ਦਾ ਐਲਾਨ ਕੀਤਾ।ਜੂਨ ਮਹੀਨੇ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਤੇ ਜੰਤਾ ਪਾਰਟੀ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ।ਸ੍ਰੀ ਬਾਦਲ ਦੂਜੀ ਵਾਰੀ ਮੰਤਰੀ ਬਣੇ।ਕੇਂਦਰ ਵਿਚ ਉਨ੍ਹਾਂ ਦੀ ਥਾਂ ਸੁਰਜੀਤ ਸਿੰਘ ਬਰਨਾਲਾ ਸਿੰਚਾਈ ਮੰਤਰੀ ਬਣੇ।ਬਦਕਿਸਮਤੀ ਨੂੰ ਕਾਂਗਰਸ ਦੀ ਲੂੰਬੜ ਰਾਜਨੀਤੀ ਕਾਰਨ ਜੁਲਾਈ 1979 ਵਿਚ ਜੰਤਾ ਪਾਰਟੀ ਵਿਚ ਫੁੱਟ ਪੈ ਗਈ।ਚੌਧਰੀ ਚਰਨ ਸਿੰਘ ਜੋ ਪ੍ਰਧਾਨ ਮੰਤਰੀ ਬਣਨ ਦੇ ਸੁਪਨੇ ਲੈ ਰਹੇ ਸਨ, ਆਪਣੇ ਗਰੁਪ ਨਾਲ ਸਰਕਾਰ ਤੋਂ ਵੱਖ ਹੋ ਗਏ ਅਤੇ ਕਾਂਗਰਸ ਦੇ ਸਹਿਯੋਗ ਨਾਲ ਪ੍ਰਧਾਨ ਮੰਤਰੀ ਬਣ ਗਏ।ਕਾਂਗਰਸ ਨੇ ਅਗਲੇ ਹੀ ਮਹੀਨੇ ਸਮਰਥਨ ਵਾਪਸ ਲੈ ਲਿਆ, ਜਿਸ ਕਾਰਨ ਇਹ ਸਰਕਾਰ ਗਿਰ ਗਈ।( ਚੌਧਰੀ ਚਰਨ ਸਿੰਘ ਸਾਰੀ ਦੁਨੀਆਂ ਵਿਚ ਇਕੋ ਇਕ ਅਜੇਹੇ ਪ੍ਰਧਾਨ ਮੰਤਰੀ ਹੋਏ ਜੋ ਬਤੌਰ ਪ੍ਰਧਾਨ ਮੰਤਰੀ ਕਦੀ ਪਾਰਲੀਮੈਂਟ ਦੇ ਸਨਮੁਖ ਨਹੀਂ ਹੋਏ)। ਅਗਲੀਆਂ ਲੋਕ ਸਭਾ ਚੋਣਾਂ ਜਨਵਰੀ 1980 ਦੇ ਪਹਿਲੇ ਹਫਤੇ ਹੋਈਆਂ, ਕਾਂਗਰਸ ਫਿਰ ਸੱਤਾ ਵਿਚ ਆ ਗਈ ਅਤੇ ਇੰਦਰਾ ਗਾਂਧੀ ਮੁੜ ਪ੍ਰਧਾਨ ਮੰਤਰੀ ਬਣੇ।ਇੰਦਰਾ ਸਰਕਾਰ ਨੇ ਫਰਵਰੀ ਮਹੀਨੇ ਸੰਵਿਧਾਨ ਦੀ ਧਾਰਾ 356 ਦੀ ਦੁਰਵਰਤੋਂ ਕਰਦਿਆਂ ਪੰਜਾਬ ਵਿਚ ਬਾਦਲ ਸਰਕਾਰ ਸਮੇਤ ਸਾਰੀਆਂ ਗੈਰ-ਕਾਂਗਰਸੀ ਸੂਬਾਈ ਸਰਕਾਰ ਤੋੜ ਦਿਤੀਆਂ।ਜੂਨ 1980 ਵਿਚ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਬਹੁਮਤ ਲੈ ਗਈ, ਤੇ ਦਰਬਾਰਾ ਸਿੰਘ ਨੇ ਆਪਣੀ ਵਜ਼ਾਰਤ ਬਣਾਈ।ਢਿਲਵਾਂ ਲਾਗੇ 6 ਅਕਤੂਬਰ 1983 ਨੂੰ 6 ਹਿੰਦੂ ਬੱਸ ਮੁਸਾਫਿਰਾਂ ਦੀ ਹੱਤਿਆ ਹੋਣ 'ਤੇ ਕੇਂਦਰ ਨੇ ਇਸ ਸਰਕਾਰ ਨੂੰ ਡਿਸਮਿਸ ਕਰ ਕੇ ਪੰਜਾਬ ਵਿਚ ਰਾਸ਼ਟ੍ਰਪਤੀ ਰਾਜ ਲਾਗੂ ਕਰ ਦਿਤਾ। (ਚਲਦਾ)
ਹਰਬੀਰ ਸਿੰਘ ਭੰਵਰ


Post Comment

ਆਪਣੇ ਵਿਰਾਸਤੀ ਨਾਵਾਂ ਨੂੰ ਵਿਸਾਰ ਰਹੇ ਹਨ ਪੰਜਾਬੀ


ਕੈਨੇਡਾ ਦੀ ਧਰਤੀ 'ਤੇ ਜਨਮੇ ਬੱਚਿਆਂ ਨੂੰ ਜਦੋਂ ਪਹਿਲੀ ਵਾਰ ਪੰਜਾਬ ਲੈ ਕੇ ਗਏ ਤਾਂ ਉਥੇ ਜਾ ਕੇ ਹੋਏ ਅਜੀਬ ਅਨੁਭਵ ਨੇ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਅਸਲ 'ਚ ਪੱਛਮੀ ਸੱਭਿਆਚਾਰ ਦਾ ਪ੍ਰਭਾਵ ਕਿੱਥੇ ਵੱਧ ਹੈ ਤੇ ਪੰਜਾਬੀ ਸੱਭਿਆਚਾਰ ਦਾ ਕਿੱਥੇ ਘੱਟ।

ਹੋਇਆ ਇੰਜ ਕਿ ਜਿਸ ਵੀ ਜਗ੍ਹਾ 'ਤੇ ਜਾ ਕੇ ਕੈਨੇਡੀਅਨ ਜੰਮਪਲ ਬੱਚਿਆਂ ਨਾਲ ਨਾਵਾਂ ਦੀ ਜਾਣ-ਪਛਾਣ ਕਰਵਾਈਏ, ਤਾਂ ਅੱਗਿਉਂ ਹੈਰਾਨੀ ਭਰਿਆ ਹੁੰਗਾਰਾ ਹੀ ਮਿਲੇ।

ਗੁਰੂ ਕੀ ਨਗਰੀ ਅੰਮ੍ਰਿਤਸਰ 'ਚ ਪੰਜਾਬੀ ਦੇ ਇਕ ਨਾਮਵਰ ਪ੍ਰੋਫੈਸਰ ਸਾਹਿਬ ਦੇ ਘਰੇ ਪੁੱਜੇ ਤਾਂ ਉਨ੍ਹਾਂ ਦੇ ਪੁੱਛਣ 'ਤੇ ਠੇਠ ਪੰਜਾਬੀ 'ਚ ਬੱਚਿਆਂ ਨੇ ਦੱਸਿਆ ਕਿ ਉਨ੍ਹਾਂ ਨੇ ਨਾਂਅ ਸਾਹਿਬ ਕੌਰ, ਅਬਿਨਾਸ਼ ਕੌਰ, ਗੁਰਮਤ ਸਿੰਘ ਤੇ ਰਹਿਮਤ ਸਿੰਘ ਹਨ।

 ਦੂਜੇ ਪਾਸੇ ਆਪਣੇ ਮਿੱਤਰ ਦੇ, ਪੰਜਾਬ ਦੇ ਜੰਮਪਲ ਧੀਆਂ-ਪੁੱਤ ਵੱਧ ਅੰਗਰੇਜ਼ੀ-ਹਿੰਦੀ ਤੇ ਥੋੜ੍ਹੀ ਜਿਹੀ ਪੰਜਾਬੀ 'ਚ ਬੋਲੇ ਕਿ ਉਨ੍ਹਾਂ ਨੂੰ ਸਾਰੇ ਹੀ ਡਿੰਪਲ, ਰੋਜ਼ੀ ਤੇ ਮਿੰਟੂ ਕਹਿ ਕੇ ਬੁਲਾਉਂਦੇ ਹਨ। ਇਹ ਸੁਣ ਕੇ ਜਿਥੇ ਮਨ 'ਚ ਹਾਸਾ ਆਇਆ,

 ਉਥੇ ਦੁੱਖ ਵੀ ਹੋਇਆ ਕਿ ਪੰਜਾਬੀ ਲੋਕ, ਆਪਣੇ ਵਿਰਾਸਤੀ ਨਾਵਾਂ ਦੀ ਮਹਾਨਤਾ ਨੂੰ ਭੁਲਾ ਕੇ ਕਿਸ ਪਾਸੇ ਤੁਰ ਪਏ ਹਨ? ਸਿਆਣੇ ਆਖਦੇ ਹਨ ਕਿ ਮਨੁੱਖ ਦਾ ਪਹਿਲਾ ਪਛਾਣ-ਬਿੰਦੂ ਉਸ ਦਾ ਨਾਂਅ ਹੁੰਦਾ ਹੈ ਤੇ ਪ੍ਰਭਾਵਸ਼ਾਲੀ ਨਾਂਅ ਦੂਜੇ 'ਤੇ ਨਿਸਚੇ ਹੀ ਡੂੰਘਾ ਅਸਰ ਪਾਉਂਦਾ ਹੈ।

 ਅਰਥ-ਭਰਪੂਰ ਨਾਂਅ ਲੈਂਦਿਆਂ ਹੀ ਹਿਰਦੇ ਅੰਦਰ ਖੇੜਾ ਆ ਜਾਂਦਾ ਹੈ ਤੇ ਮਹਾਨ ਇਤਿਹਾਸ ਅੱਖਾਂ ਸਾਹਮਣੇ ਪ੍ਰਕਾਸ਼ਮਾਨ ਹੋ ਜਾਂਦਾ ਹੈ।

ਅੱਜ ਵੀ ਜਦੋਂ ਕੋਈ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ, ਜੁਝਾਰ ਸਿੰਘ, ਜ਼ੋਰਾਵਰ ਸਿੰਘ ਤੇ ਫਤਹਿ ਸਿੰਘ ਦਾ ਨਾਂਅ ਲੈਂਦਾ ਹੈ ਤਾਂ ਮਨ ਅੰਦਰ ਬਹਾਦਰੀ, ਨਿਡਰਤਾ, ਸਵੈਮਾਣ ਤੇ ਭਰਪੂਰ ਉਤਸ਼ਾਹ ਪੈਦਾ ਹੋ ਜਾਂਦਾ ਹੈ। ਇਸੇ ਕਾਰਨ ਹੀ ਜਾਗਰੂਕ ਪਰਿਵਾਰ ਆਪਣੇ ਬੱਚਿਆਂ ਦੇ ਨਾਂਅ ਚੁਣਨ ਵੇਲੇ ਇਤਿਹਾਸ ਨੂੰ ਸਾਹਮਣੇ ਰੱਖਦੇ ਹਨ,

  ਜਦੋਂ ਕਿ ਅਖੌਤੀ 'ਮਾਡਰਨ' ਬਣੇ ਪੰਜਾਬੀ ਅਜਿਹੇ ਨਾਵਾਂ ਨੂੰ 'ਪੁਰਾਣੇ ਫੈਸ਼ਨ' ਵਾਲੇ ਕਹਿ ਕੇ ਨਕਾਰਦਿਆਂ, ਰੀਸੇ-ਰੀਸ ਪੱਛਮੀ ਰੰਗਤ ਵਾਲੇ ਨਾਂਅ ਅਪਣਾਉਣ ਦੀ ਦੌੜ 'ਚ ਇਕ-ਦੂਜੇ ਤੋਂ ਅੱਗੇ ਨਿਕਲ ਰਹੇ ਹਨ।

ਮਿਸਾਲ ਵਜੋਂ ਅੱਜ ਹਰ ਤੀਜੇ ਪੰਜਾਬੀ ਪਰਿਵਾਰ 'ਚ ਟੀਨੂ, ਮੀਨੂ, ਸਵੀਟੀ, ਡੌਲੀ, ਹੈਪੀ, ਰੌਕੀ, ਗੈਰੀ, ਜੈਰੀ, ਟੀਟੂ, ਮੀਟੂ, ਰੋਮੀ, ਵਿੱਕੀ, ਲਵੀ, ਪੱਖੀ, ਮਿੰਗੂ, ਚੀਕੂ, ਜੋਜੋ, ਲੋਲੋ, ਕਿੱਕੀ, ਰਿੱਕੀ, ਟੋਨੀ, ਜੋਨੀ, ਮੀਨੂ, ਟੀਨੂ, ਰੂਬਲ, ਡਿੰਪਲ, ਟਵਿੰਕਲ, ਰੰਮੀ, ਰਿੰਪੀ, ਪੱਪੀ, ਬੱਬੂ, ਐਮੀ, ਚਿੰਪੀ, ਟੈਣੀ, ਮੈਣੀ, ਜੋਅ, ਮੋਅ, ਪੈਟ ਆਦਿ ਅਨੇਕਾਂ ਅਜਿਹੇ ਪ੍ਰਚਲਿਤ ਨਾਂਅ ਹਨ, ਜਿਹੜੇ ਘਰਦਿਆਂ ਵੱਲੋਂ ਰੱਖ ਕੇ, ਨਵੇਂ ਫੈਸ਼ਨ ਨੂੰ ਹੁਲਾਰਾ ਦੇਣ ਦਾ ਦਾਅਵਾ ਕੀਤਾ ਜਾਂਦਾ ਹੈ।

ਸਚਾਈ ਇਹ ਹੈ ਕਿ ਅਜਿਹੇ ਨਾਵਾਂ ਦੀ ਭੇਡਚਾਲ ਵਜੋਂ ਵਰਤੋਂ ਸਾਨੂੰ ਉਨ੍ਹਾਂ ਕਦਰਾਂ-ਕੀਮਤਾਂ ਤੋਂ ਦੂਰ ਕਰਨ 'ਚ ਸਿੱਧੇ-ਅਸਿੱਧੇ ਰੂਪ 'ਚ ਭੂਮਿਕਾ ਨਿਭਾਉਂਦੀ ਹੈ, ਜਿਨ੍ਹਾਂ ਕਰਕੇ ਪੰਜਾਬੀ ਆਪਣੇ ਕੌਮੀ ਸਨਮਾਨ ਨੂੰ ਚਾਰ-ਚੰਨ ਲਾਉਂਦੇ ਸਨ।


ਆਓ, ਆਪੋ-ਆਪਣੇ ਘਰਾਂ ਵੱਲ ਝਾਤੀ ਮਾਰ ਕੇ ਵੇਖੀਏ ਕਿ ਕਿਨ੍ਹਾਂ ਦੇ ਵਿਹੜਿਆਂ 'ਚ ਗੁਲਾਬ, ਗੋਬਿੰਦ, ਗਿਆਨ, ਗੁਲਜ਼ਾਰ, ਗੌਰਵ, ਗੁਰਮੁਖ, ਪਾਹੁਲ, ਪੰਕਜ, ਪ੍ਰਭਾਤ, ਪ੍ਰਹਿਲਾਦ, ਪ੍ਰਕਾਸ਼, ਪ੍ਰਨੀਤ, ਪ੍ਰੀਤਮ, ਪ੍ਰੇਮ, ਪੂਰਨ, ਪੁਨੀਤ, ਪਿਆਰਾ, ਏਕਮ, ਏਕਤਾ, ਦਲੀਪ, ਦਲੇਰ, ਦਿਲਾਵਰ, ਦਇਆ, ਦਾਤਾਰ, ਦਿਆਲ, ਦੀਪਕ, ਦੀਦਾਰ, ਦਾਨ, ਧਿਆਨ, ਧੀਰਜ, ਧਰਮ, ਹੀਰਾ, ਹਰਸ਼, ਹਰੀ, ਈਸ਼ਰ, ਆਲਾ, ਅਜੀਤ, ਅਕਾਲ, ਅਭੈ, ਅਜੈ, ਆਦਰਸ਼, ਅਮਨ, ਅੰਮ੍ਰਿਤ, ਆਨੰਦ, ਅੰਗਦ, ਅਨੰਤ, ਅਨਾਤਮ, ਅਮਤੋਜ, ਅਮਜੋਤ, ਅਨੂਪ, ਅਨਮੋਲ, ਬਚਿੰਤ, ਬਸੰਤ, ਬੀਰ, ਭਗਤ, ਚੰਦਨ, ਚਰਿੱਤਰ, ਹੰਸ ਆਦਿ ਆਪਣੇ ਪਿਆਰੇ ਬੱਚਿਆਂ ਦੇ ਰੱਖਦਿਆਂ ਖੁਸ਼ੀ ਮਹਿਸੂਸ ਕਰਦੇ ਹਨ?


 ਜੇਕਰ ਸਾਡਾ ਉੱਤਰ ਨਾਂਹ ਵਿਚ ਹੈ, ਤਾਂ ਅਸੀਂ ਜਿਥੇ ਆਪਣੀ ਅਗਲੀ ਪੀੜ੍ਹੀ ਨੂੰ ਉਨ੍ਹਾਂ ਦੀ ਜ਼ਬਾਨ ਪੰਜਾਬੀ ਦੇ ਵਡਮੁੱਲੇ ਖਜ਼ਾਨੇ ਤੋਂ ਵਾਂਝਾ ਕਰ ਰਹੇ ਹਾਂ, ਉਥੇ ਸ਼ਾਨਾਮੱਤੀ ਸੱਭਿਆਚਾਰਕ ਪਛਾਣ ਨਾਲੋਂ ਤੋੜ ਕੇ ਉਨ੍ਹਾਂ ਦਾ ਪੱਛਮੀਕਰਨ ਵੀ ਕਰ ਰਹੇ ਹਾਂ, ਜਿਸ ਦਾ ਨਤੀਜਾ ਇਹ ਹੋਵੇਗਾ ਕਿ ਉਹ ਨਾ ਤਾਂ ਆਪਣੇ ਵਿਰਸੇ ਨੂੰ ਹੀ ਜਾਣ ਸਕਣਗੇ ਅਤੇ ਨਾ ਹੀ ਦੂਜੇ ਸੱਭਿਆਚਾਰ ਨੂੰ ਅਪਣਾਉਣ ਦੇ ਯੋਗ ਹੋਣਗੇ। ਇਸ ਤਰ੍ਹਾਂ 'ਨਾ ਘਰ ਦੇ ਰਹੇ ਨਾ ਘਾਟ ਦੇ' ਵਾਲੀ ਹਾਲਤ ਹੋਵੇਗੀ।

ਜਾਗਰੂਕ ਤੇ ਸਮਝਦਾਰ ਲੋਕ ਨਾਵਾਂ ਦੇ ਵਿਗਾੜ ਪ੍ਰਤੀ ਕਿਸ ਤਰ੍ਹਾਂ ਸੁਧਾਰ ਵਾਲੀ ਨੀਤੀ ਧਾਰਨ ਕਰਦੇ ਹਨ, ਇਸ ਬਾਰੇ ਖੂਬਸੂਰਤ ਉਦਾਹਰਨ ਕੈਨੇਡਾ ਦੀ ਧਰਤੀ ਦੇ ਪਹਿਲੇ ਦਸਤਾਰਧਾਰੀ ਸਿੱਖ ਮੰਤਰੀ ਟਿੱਮ ਉੱਪਲ ਤੋਂ ਲਈ ਜਾ ਸਕਦੀ ਹੈ।

 ਬ੍ਰਿਟਿਸ਼ ਕੋਲੰਬੀਆ 'ਚ ਨਿਊਵੈਸਟ ਮਿਨਿਸਟਰ 'ਚ ਜਨਮੇ ਉੱਪਲ ਦਾ ਨਾਂਅ ਵੀ ਕੁਝ ਅਜਿਹਾ ਹੀ ਰੱਖਿਆ ਗਿਆ, ਜਿਸ ਨੂੰ ਲੈ ਕੇ ਵੱਡੇ ਹੋਣ 'ਤੇ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਮਾਣਯੋਗ ਮੰਤਰੀ ਟਿੱਮ ਉੱਪਲ ਨੇ ਭਾਵਪੂਰਨ ਸ਼ਬਦਾਂ 'ਚ ਕਿਹਾ ਕਿ ਉਨ੍ਹਾਂ ਨੂੰ ਜੋ ਨਾਂਅ ਵੱਡਿਆਂ ਨੇ ਦਿੱਤਾ, ਉਸ 'ਚ ਉਨ੍ਹਾਂ ਦੀ ਕੋਈ ਭੂਮਿਕਾ ਨਹੀਂ,

ਪ੍ਰੰਤੂ ਜਦੋਂ ਉਨ੍ਹਾਂ ਨੇ ਸਿੱਖ ਇਤਿਹਾਸ ਨੂੰ ਜਾਣਿਆ ਅਤੇ ਜੀਵਨ 'ਚ ਢਾਲਿਆ ਤਾਂ ਆਪਣੇ ਘਰ ਜਨਮੇ ਧੀ ਤੇ ਪੁੱਤਰ ਦਾ ਨਾਂਅ ਕ੍ਰਮਵਾਰ 'ਕਿਰਪਾ ਕੌਰ' ਤੇ 'ਨਿਹਾਲ ਸਿੰਘ' ਰੱਖ ਕੇ ਇਹ ਘਾਟ ਪੂਰੀ ਕਰਨ ਦਾ ਯਤਨ ਕੀਤਾ। ਕਈ ਵਾਰ ਸਾਡੇ ਨਾਵਾਂ ਦੇ ਬਜ਼ੁਰਗਾਂ ਵਲੋਂ ਕੀਤੇ ਫ਼ੈਸਲੇ ਬਦਲਣੇ ਔਖੇ ਹੁੰਦੇ ਹਨ, ਪ੍ਰੰਤੂ ਘੱਟੋ-ਘੱਟ ਅਸੀਂ ਆਪਣੇ ਬੱਚਿਆਂ ਦੇ ਨਾਂਵਾਂ ਦੀ ਚੋਣ ਸਮੇਂ ਤਾਂ ਪੂਰੀ ਸਮਝਦਾਰੀ ਤੋਂ ਕੰਮ ਲੈ ਸਕਦੇ ਹਾਂ।


ਬੇਸ਼ੱਕ ਇਹ ਵੀ ਸੱਚ ਹੈ ਕਿ ਬੰਦਾ ਆਪਣੇ ਕਰਮਾਂ ਕਰਕੇ ਚੰਗਾ ਜਾਂ ਮਾੜਾ ਬਣਦਾ ਹੈ, ਕੇਵਲ ਨਾਵਾਂ ਕਰਕੇ ਨਹੀਂ, ਜਿਵੇਂ ਕਿਸੇ ਦਾ ਨਾਂਅ ਹੋਵੇ ਸੁੱਚਾ ਪਰ ਸਾਰੇ ਜਹਾਨ ਕੀ ਜੂਠ ਛੱਡੇ ਨਾ, ਸੂਰਤ ਰੋਣ-ਹਾਕੀ ਦਾ ਨਾਂਅ ਹਸਮੁਖ, ਅੱਖੋਂ ਅੰਨ੍ਹੇ ਦਾ ਨਾਂਅ ਚਿਰਾਗ, ਸਿਰੇ ਦੇ ਡਰਪੋਕ ਦਾ ਨਾਂਅ ਸ਼ੇਰ ਸਿੰਘ, ਕ੍ਰੋਧੀ ਦਾ ਨਾਂਅ ਸ਼ਾਂਤੀ ਸਰੂਪ, ਭੁੱਖੇ ਬੇਸਬਰ ਬੰਦੇ ਦਾ ਨਾਂਅ ਸੰਤੋਖ, ਇਲਤੀ ਦਾ ਨਾਂਅ ਚੌਧਰੀ, ਡਰਾਕਲ ਦਾ ਨਾਂਅ ਨਿਰਭਉ ਅਤੇ ਸਾਰੇ ਜੱਗ ਦੇ ਦੁਸ਼ਮਣ ਦਾ ਨਾਂਅ ਸੱਜਨ ਵੀ ਰੱਖ ਲਿਆ ਜਾਵੇ ਤਾਂ ਉਸ ਨਾਲ ਕਰਤੂਤ ਨਹੀਂ ਬਦਲ ਜਾਂਦੀ। ਚੰਗਾ ਨਾਂਅ ਤਦ ਹੀ ਚੰਗਾ ਹੈ, ਜੇਕਰ ਆਚਾਰ, ਵਿਹਾਰ ਤੇ ਕਿਰਦਾਰ ਉਸ ਦੇ ਅਨੁਕੂਲ ਹੋਵੇ ਅਤੇ 'ਨਾਂਅ ਵੱਡੇ ਤੇ ਦਰਸ਼ਨ ਛੋਟੇ' ਵਾਲੀ ਗੱਲ ਨਾ ਹੋਵੇ।



ਕਈ ਵਾਰ ਚੰਗੇ ਨਾਂਅ ਰੱਖ ਕੇ ਫਿਰ ਉਨ੍ਹਾਂ ਨੂੰ ਵੀ ਵਿਗਾੜ ਲਿਆ ਜਾਂਦਾ ਹੈ ਤੇ ਅੱਧਾ-ਅਧੂਰਾ, ਕੱਟਿਆ-ਵੱਢਿਆ ਨਾਂਅ ਹੀ ਮਸ਼ਹੂਰ ਕਰ ਦਿੱਤਾ ਜਾਂਦਾ ਹੈ ਤਾਂ ਕਿ ਹੋਰਨਾਂ ਭਾਈਚਾਰਿਆਂ ਨੂੰ ਆਪਣੇ ਵੱਲ ਖਿੱਚਿਆ ਜਾ ਸਕੇ। ਅਜਿਹੀ ਹਾਲਤ 'ਚ ਦੋਸ਼ੀ ਮਾਪੇ ਨਹੀਂ ਹੁੰਦੇ, ਕਿਉਂਕਿ ਉਨ੍ਹਾਂ ਤਾਂ ਆਪਣੇ ਵੱਲੋਂ ਬਹੁਤ ਵਧੀਆ ਨਾਉਂ ਧਰਿਆ, ਪ੍ਰੰਤੂ ਅੱਗਿਉਂ ਔਲਾਦ ਨੇ ਉਸ ਨੂੰ ਅਸਲੀ ਰਹਿਣ ਹੀ ਨਾ ਦਿੱਤਾ, ਜਿਵੇਂ ਪਰਵੀਰ ਤੋਂ ਪੈਰੀ, ਜਗਜੀਤ ਤੋਂ ਜੈਗ, ਪਰਮਿੰਦਰ ਤੋਂ ਪੈਮ, ਜੋਗਿੰਦਰ ਤੋਂ ਜੋਅ, ਪ੍ਰੀਤਪਾਲ ਤੋਂ ਪੈਟੀ, ਸ਼ਵਿੰਦਰ ਤੋਂ ਸ਼ੈਵ, ਪਰਨਿੰਦਰ ਤੋਂ ਪੀਟਰ, ਤਕਦੀਰ ਤੋਂ ਟੈਕ ਅਤੇ ਦਮਨਜੀਤ ਤੋਂ ਡਾਨ ਆਦਿ ਬਣਾ ਲਏ ਜਾਂਦੇ ਹਨ।
 ਅਜਿਹਾ ਵਰਤਾਰਾ ਵਿਦੇਸ਼ਾਂ 'ਚ ਵੀ ਆਮ ਹੀ ਵੇਖਣ ਨੂੰ ਮਿਲਦਾ ਹੈ, ਜਿਸ ਦਾ ਕੋਈ ਫਾਇਦਾ ਹੋਣ ਦੀ ਥਾਂ ਸਥਿਤੀ ਉਸ ਵੇਲੇ ਨਮੋਸ਼ੀਜਨਕ ਬਣ ਜਾਂਦੀ ਹੈ ਜਦੋਂ ਉਚਾਰਨ ਵੇਲੇ ਤੋੜ-ਮਰੋੜ ਕੇ ਨਾਂਅ ਕੁਝ ਹੋਰ ਲਿਆ ਜਾਂਦਾ ਹੈ ਅਤੇ ਕਾਗਜ਼ਾਂ 'ਚ ਲਿਖਤੀ ਰੂਪ 'ਚ ਕੁਝ ਹੋਰ ਹੀ ਨਿਕਲਦਾ ਹੈ। ਸੰਪੂਰਨ ਨਾ ਲਿਖਣ ਨਾਲ ਘਟਾਓ ਨਹੀਂ ਹੁੰਦਾ, ਸਗੋਂ ਸ਼ਾਨ ਵਧਦੀ ਹੈ।

ਮਸ਼ਹੂਰ ਪੰਜਾਬੀ ਗਾਇਕ ਸਤਿੰਦਰ ਸਿਰਤਾਜ ਦੇ ਬੜੇ ਢੁਕਵੇਂ ਬੋਲ ਹਨ :


'ਵੇਖੋ ਕਿਹੋ ਜਿਹੇ ਰੰਗ ਚੜ੍ਹੇ ਨੌਜਵਾਨਾਂ ਉਤੇ,

ਮਾਣ ਭੋਰਾ ਵੀ ਨੀਂ ਰਿਹਾ ਗੁਰੂ ਦੀਆਂ ਸ਼ਾਨਾਂ ਉਤੇ।

ਚਾਰ ਅੱਖਰਾਂ ਨੂੰ ਬੋਲਣ ਦਾ ਕੋਲ ਹੈਨੀ ਸਮਾਂ,

ਨਾਮ ਗੁਰਮੀਤ ਸਿੰਘ ਸੀ, ਉਹ ਗੈਰੀ ਹੋ ਗਿਆ।

ਪਾਣੀ ਪੰਜਾਂ ਦਰਿਆਵਾਂ ਦਾ ਨਹਿਰੀ ਹੋ ਗਿਆ,
ਮੁੰਡਾ ਪਿੰਡ ਦਾ ਸੀ ਸ਼ਹਿਰ ਜਾ ਕੇ ਸ਼ਹਿਰੀ ਹੋ ਗਿਆ।

ਪ੍ਰੋ: ਗੁਰਵਿੰਦਰ ਸਿੰਘ ਧਾਲੀਵਾਲ


Post Comment

Thursday, August 2, 2012

ਅੱਜ ਆਖਾਂ ਵਾਰਸ ਸ਼ਾਹ ਨੂੰ ....।


ਕੁਝ ਅਜਿਹੀਆਂ ਮਹਾਨ ਹਸਤੀਆਂ ਵੀ ਦੁਨੀਆ ਵਿਚ ਆਉਂਦੀਆਂ ਹਨ ਜੋ ਮਰ ਕੇ ਵੀ ਨਹੀਂ ਮਰਦੀਆਂ। ਉਹ ਸਦਾ ਹੀ ਜਿਊਂਦੀਆਂ ਰਹਿੰਦੀਆਂ ਹਨ। ਲੋਕਾਂ ਦੇ ਦਿਲਾਂ ਅੰਦਰ ਸੁਰਾਂ ਬਖੇਰਦੇ ਬੁੱਲ੍ਹਾਂ ਤੇ ਰੂਹਾਂ ਨੂੰ ਕੀਲਦੇ ਗੀਤਾਂ 'ਚ।

ਵਾਰਸ ਸ਼ਾਹ ਵੀ ਇਕ ਅਜਿਹੀ ਹਸਤੀ ਹੈ ਜੋ ਸਦਾ ਜਿਊਂਦੀ ਰਹੇਗੀ। ਵਾਰਸ ਸ਼ਾਹ ਜ਼ਿਲ੍ਹਾ ਸ਼ੇਖੂਪੁਰ ਦੇ ਇਲਾਕੇ (ਪਿੰਡ) ਜੰਡਿਆਲਾ ਸ਼ੇਰ ਖਾਂ ਅੰਦਰ 1722 'ਚ ਪੈਦਾ ਹੋਏ।
ਮੁਢਲੀ ਮਜ਼੍ਹਬੀ ਤਾਲੀਮ ਘਰ ਆਪਣੇ ਬਾਪ ਤੇ ਮਸੀਤ ਅੰਦਰ ਮੌਲਵੀ ਸਾਹਿਬ ਕੋਲੋਂ ਹਾਸਿਲ ਕੀਤੀ।
 ਫਿਰ ਕਸੂਰ ਮੌਲਵੀ ਗੁਲਾਮ ਮੁਰਤਜ਼ਾ ਦੇ ਮਦਰੱਸੇ 'ਚ ਤਾਲੀਮ  ਹਾਸਲ ਕਰਨ ਚਲੇ ਗਏ। ਆਪਣੀ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਆਪਣੇ ਉਸਤਾਦ ਗੁਲਾਮ ਮੁਰਤਜ਼ਾ ਕੋਲੋਂ ਇਜਾਜ਼ਤ ਲੈ ਕੇ ਵਾਰਸ ਸ਼ਾਹ ਪਾਕਪਟਨ ਬਾਬਾ ਫ਼ਰੀਦ ਸ਼ਕਰਗੰਜ ਦੇ ਮਜ਼ਾਰ 'ਚ ਆ ਗਏ ਤੇ ਇਥੋਂ ਰੂਹਾਨੀ ਤਾਲੀਮ ਹਾਸਲ ਕੀਤੀ।

ਬੁੱਲ੍ਹੇ ਸ਼ਾਹ ਤੇ ਵਾਰਸ ਸ਼ਾਹ ਦਾ ਸਮਾਂ ਇਕ ਹੀ ਹੈ। ਦੋਵੇਂ ਕਸੂਰ 'ਚ ਮੌਲਵੀ ਗੁਲਾਮ ਮੁਰਤਜ਼ਾ ਦੇ ਸ਼ਾਗਿਰਦ ਸਨ ਤੇ ਉਸ ਦੇ ਮਦਰੱਸੇ ਵਿਚ ਪੜ੍ਹੇ। ਬਾਬਾ ਬੁੱਲ੍ਹੇ ਸ਼ਾਹ ਆਪਣੀ ਤਾਲੀਮ ਮੁਕੰਮਲ ਕਰਨ ਤੋਂ ਬਾਅਦ ਲਾਹੌਰ ਆ ਗਏ ਤੇ ਸ਼ਾਹ ਅਨਾਇਤ ਦਾ ਮੁਰੀਦ ਹੋ ਗਿਆ।

ਪਾਕਪਟਨ ਤੋਂ ਪਰਤਦੇ ਸਮੇਂ ਵਾਰਸ ਸ਼ਾਹ ਇਕ ਪਿੰਡ ਮਲਕਾ ਹਾਂਸ 'ਚ ਠਹਿਰ ਗਿਆ। ਵਾਰਸ ਸ਼ਾਹ ਕੁਝ ਸਮਾਂ ਇਕ ਲੋਹਾਰ ਦੇ ਘਰ ਰਿਹਾ।
ਮਲਕਾ ਹਾਂਸ ਦੀ ਵੀ ਇਕ ਮਸੀਤ 'ਚ ਵਾਰਸ ਸ਼ਾਹ ਮੁਸਲਮਾਨਾਂ ਨੂੰ ਨਮਾਜ਼ ਪੜ੍ਹਾਉਂਦਾ ਰਿਹਾ। ਇਸ ਮਸੀਤ ਦੇ ਹੁਜਰੇ (ਕਮਰੇ) ਵਿਚ ਹੀ ਬੈਠ ਕੇ ਵਾਰਸ ਸ਼ਾਹ ਨੇ ਆਪਣੀ ਕਿਤਾਬ ਕਿੱਸਾ 'ਹੀਰ ਰਾਂਝਾ' ਹੀਰ ਵਾਰਸ ਸ਼ਾਹ ਮੁਕੰਮਲ ਕੀਤੀ। ਕਾਵਿ ਰੂਪ 'ਚ ਲਿਖਿਆ ਗਿਆ ਇਹ ਕਿੱਸਾ ਤਿੰਨ ਸਾਲ 'ਚ ਮੁਕੰਮਲ ਹੋ ਗਿਆ ਪਰ ਵਾਰਸ ਸ਼ਾਹ ਨੂੰ ਇਹ ਸਦਾ ਦੀ ਜ਼ਿੰਦਗੀ ਦੇ ਗਿਆ। 1784 ਵਿਚ ਵਾਰਸ ਸ਼ਾਹ ਨੇ ਇਹ ਫ਼ਾਨੀ ਦੁਨੀਆ ਛੱਡ ਦਿੱਤੀ ਤੇ ਅਗਲੇ ਜਹਾਨ ਜਾ ਡੇਰਾ ਲਾਇਆ।

ਵਾਰਸ ਸ਼ਾਹ ਨੇ ਇਸ ਇਸ਼ਕੀਆ ਦਾਸਤਾਨ ਨੂੰ ਆਪਣੇ ਗਿਆਨ ਤੇ ਕਲਾ ਦੇ ਵਤਰ ਨਾਲ ਇਕ ਅਜਿਹੀ ਲਾਜਵਾਬ ਭਾਵ ਕਦੀ ਨਾ ਭੁੱਲਣ ਵਾਲੀ ਦਾਸਤਾਨ 'ਚ ਬਦਲ ਦਿੱਤਾ ਕਿ ਇਸ ਦਾਸਤਾਨ ਨੂੰ ਇਲਮੋਂ ਅਦਬ ਵਿਚ ਇਕ ਆਲ੍ਹਾ (ਉੱਚਾ) ਮੁਕਾਮ ਮਿਲ ਗਿਆ।

ਵਾਰਸ ਸ਼ਾਹ ਜਿਨ੍ਹਾਂ ਇਕ ਸਦੀਆਂ ਪੁਰਾਣੀ ਦਾਸਤਾਨ ਨੂੰ ਆਪਣੇ ਜਾਦੂਈ ਅਸਰ ਨਾਲ ਸਦਾ ਦੀ ਜ਼ਿੰਦਗੀ ਦੇ ਦਿੱਤੀ। ਵਾਰਸ ਸ਼ਾਹ ਦੇ ਹੀਰ ਵਾਰਸ ਸ਼ਾਹ 'ਚ ਲਿਖੇ ਹੋਏ ਸ਼ੇਅਰ ਪੰਜਾਬੀ ਜ਼ਬਾਨ ਦੀ ਕਹਾਵਤ ਤੇ ਅਖਾਣ ਬਣ ਗਏ।

ਵਾਰਸ ਸ਼ਾਹ ਇਹ ਜਟ ਫ਼ਕੀਰ ਹੋਇਆ
ਨਹੀਂ ਹੁੰਦੀਆਂ ਗਧੇ ਤੋਂ ਪੀਰੀਆਂ ਸੀ।
ਵਾਰਸ ਸ਼ਾਹ ਜੇ ਮੰਗ ਲੈ ਗਏ ਖੇੜੇ
ਦਾੜ੍ਹੀ ਪਰ੍ਹੇ ਦੇ ਵਿਚ ਮਨਾਵਣੀ ਸੀ।

ਕੰਵਾਰਪੁਣੇ ਦੀ ਯਾਰੀ ਬਦਨਾਮੀਂ ਦੀ ਧੂੜ ਬਣ ਜਾਂਦੀ ਹੈ। ਧੀ ਦੇ ਮਾਪੇ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹਿੰਦੇ। ਚਿੱਟੀਆਂ ਪੱਗਾਂ ਵਾਲੇ ਤੇ ਉੱਚੇ ਸ਼ਮਲਿਆਂ ਵਾਲੇ ਮੂੰਹੋਂ ਮੌਤ ਮੰਗਣ ਲੱਗ ਪੈਂਦੇ ਹਨ। ਹੀਰ ਦੇ ਮਾਪਿਆਂ ਦੇ ਜਜ਼ਬਾਤ ਨੂੰ ਵੀ ਵਾਰਸ ਸ਼ਾਹ ਨੇ ਕੁਝ ਇੰਜ ਹੀ ਪੇਸ਼ ਕੀਤਾ ਹੈ।

ਮਲਕੀ ਆਖਦੀ ਚੂਚਕਾ ਬਣੀ ਔਖੀ
ਸਾਨੂੰ ਹੀਰ ਦੇ ਮੇਹਣਿਆਂ ਖਵਾਰ ਕੀਤਾ।
ਵੇਖੋ ਲਜ (ਪਤ) ਸਿਆਲਾਂ ਦੀ ਲਾਹ ਸੁੱਟੀ
ਨਢੀ (ਪਾਗਲ) ਹੀਰ ਨੇ ਚਾਕ (ਨੌਕਰ) ਨੂੰ ਯਾਰ ਕੀਤਾ।
ਕੱਢ ਚਾਕ ਨੂੰ ਖੋਹ ਲੈ ਮੀਂਹ ਸਭੇ
ਅਸਾਂ ਚਾਕ ਥੋਂ ਜੀਓ ਬੇਜ਼ਾਰ ਕੀਤਾ।

ਵਾਰਸ ਸ਼ਾਹ ਨੇ ਹੀਰ ਵਾਰਸ ਸ਼ਾਹ 1766-68 'ਚ ਮੁਕੰਮਲ ਕੀਤੀ। ਪੰਜਾਬੀ ਕਲਾਸੀਕਲ ਕਵੀਆਂ ਵਿਚੋਂ ਵਾਰਸ ਸ਼ਾਹ ਸਿਰ ਕੱਢਵੇਂ ਕਵੀ ਹਨ। ਵਾਰਸ ਸ਼ਾਹ ਨੇ ਇਸ ਜਗਤ ਪ੍ਰਸਿੱਧ ਕਿੱਸੇ ਹੀਰ ਵਾਰਸ ਸ਼ਾਹ ਨੂੰ ਆਪਣੇ ਮਨ ਅੰਦਰ ਸਮਾ ਕੇ ਰੋਗੀ ਹੋ, ਇਸ ਵਿਚ ਡੁੱਬ ਕੇ ਲਿਖਿਆ। ਵਾਰਸ ਨੇ ਆਪਣੇ ਹੰਝੂਆਂ ਨੂੰ ਸ਼ਿਆਹੀ ਬਣਾਇਆ। ਇਸ ਦੇ ਦਿਲ ਦੀਆਂ ਧੜਕਣਾਂ ਕਲਮ ਦੀ ਨੋਕ ਬਣ ਗਈਆਂ। ਹੀਰ ਵਾਰਸ ਸ਼ਾਹ ਵਿਚ 'ਵਾਰਸ ਨੇ ਅਜਿਹੀਆਂ ਮੁਹੱਬਤਾਂ ਦੀਆਂ ਸਚਾਈਆਂ ਦੇ ਰੰਗ ਭਰੇ ਹਨ, ਜੋ ਸਦੀਆਂ ਗੁਜ਼ਰਨ ਦੇ ਬਾਵਜੂਦ ਫਿੱਕੇ ਨਹੀਂ ਪਏ।

ਮੁਹੱਬਤ, ਮਿਲਾਪ, ਜੁਦਾਈ, ਹਿਰਖ, ਦੁਸ਼ਮਣੀ, ਦੋਸਤੀ, ਸਮਾਜ ਦੀਆਂ ਜ਼ਿਆਦਤੀਆਂ ਆਸ਼ਕ ਦੀਆਂ ਕੁਰਬਾਨੀਆਂ, ਕੱਟੜਪੰਥੀ ਵਿਚਾਰਾਂ ਦੀ ਵਿਰੋਧਤਾ 'ਧੱਕੇ ਸ਼ਾਹੀ' ਕੈਦੋਂ ਦੇ ਮਨ ਦੀ ਜ਼ਹਿਰ ਜਦ ਹੀਰ ਦੇ ਗਲੋਂ ਉੱਤਰੀ ਤਾਂ ਮੌਤ ਬਣ ਗਈ। ਹੀਰ ਵਾਰਸ ਸ਼ਾਹ ਦੇ ਸ਼ੇਅਰਾਂ ਇਸ ਕੁਰਬਾਨੀ ਨੂੰ ਅਮਰ ਕਰ ਦਿੱਤਾ। ਮੁਹੱਬਤ ਤੇ ਜਨੂੰਨੀਅਤ ਦੇ ਜਜ਼ਬਾਤ ਵਿਚ ਰਚੇ ਹੋਏ ਖੁਸ਼ਬੂਦਾਰ ਫੁੱਲਾਂ ਦੀ ਮਾਲਾ ਹੈ 'ਹੀਰ ਵਾਰਸ ਸ਼ਾਹ।'

ਹਰ ਬੰਦੇ ਦੇ ਮਨ ਅੰਦਰ ਤਿੰਨ ਕਿਸਮਾਂ ਦੀਆਂ ਖੁਸ਼ੀਆਂ ਜਾਂ ਦੁੱਖ ਭਰੀਆਂ ਯਾਦਾਂ ਹੁੰਦੀਆਂ ਹਨ। ਪਹਿਲੇ ਕਿਸਮ ਦੀ ਯਾਦ 'ਆਪਣੇ ਦਿਲ ਦਾ ਬੋਝ ਹੌਲਾ ਕਰਨ ਲਈ ਸੰਗਤ ਵਿਚ ਵੀ ਕਰ ਲੈਂਦਾ ਹੈ। ਦੂਜੀ ਕਿਸਮ ਦੀ ਯਾਦ ਦੀ ਗੱਲ ਬੰਦਾ ਸੰਗਤ ਵਿਚ ਕਰਨੀ ਪਸੰਦ ਨਹੀਂ ਕਰਦਾ।

ਬਦਨਾਮੀ ਦਾ ਡਰ ਹੁੰਦਾ ਹੈ, ਮੰਨ ਅੰਦਰ। ਤੀਜੀ ਕਿਸਮ ਦੀ ਯਾਦ ਬਾਰੇ ਗੱਲ ਬੰਦਾ ਆਪਣੇ-ਆਪ ਨਾਲ ਵੀ ਕਰਦਾ ਡਰਦਾ ਹੈ ਕਿ ਇਹ ਯਾਦ ਉਸ ਦੇ ਮਨ ਨੂੰ ਦੁਖੀ ਤੇ ਉਦਾਸ ਕਰਵਾਏਗੀ।

'ਹੀਰ ਵਾਰਸ ਸ਼ਾਹ' ਵਾਰਸ ਸ਼ਾਹ ਦੇ ਮਨ ਅੰਦਰ ਵਸੇ ਹੋਏ ਅਧੂਰੀ ਮੁਹੱਬਤ ਦੇ ਜਜ਼ਬਾਤ, ਜੁਦਾਈ ਤੇ ਦਿਲ ਦੇ ਲੁੱਟੇ ਜਾਣ ਦੀ ਯਾਦ ਦੀ ਤੀਸਰੀ ਕਿਸਮ ਦੀ ਗੱਲ ਹੈ।

ਭੇਦ ਦੱਸਣਾ ਮਰਦ ਦਾ ਕੰਮ ਨਾਹੀਂ।
ਮਰਦ ਸੋਈ ਜੋ ਦਮ ਘੁੱਟ ਜਾਵੇ।
ਵਾਰਸ ਸ਼ਾਹ ਨਾ ਭੇਦ ਸੰਦੂਕ ਖੁੱਲ੍ਹੇ,
ਭਾਵੇਂ ਜਾਨ ਦਾ ਜੰਦਰਾ ਟੁੱਟ ਜਾਵੇ।

ਕਿੱਸਾ ਹੀਰ ਰਾਂਝਾ ਬਹੁਤ ਸਾਰੇ ਕਵੀਆਂ ਨੇ ਸ਼ੇਅਰਾਂ ਵਿਚ ਲਿਖਿਆ ਹੈ। ਪਰ ਜੋ ਸ਼ੋਹਰਤ ਹੀਰ ਵਾਰਸ ਸ਼ਾਹ ਨੂੰ ਮਿਲੀ, ਉਹ ਕਿਸੇ ਹੋਰ ਕਵੀ ਦੇ ਨਸੀਬ ਵਿਚ ਨਹੀਂ ਹੋਈ।

ਸਾਰੇ ਕਵੀਆਂ ਦਾ ਲਿਖਿਆ ਹੋਇਆ ਕਿੱਸਾ ਹੀਰ ਰਾਂਝਾ ਸੀ ਪਰ ਜਦ ਵਾਰਸ ਸ਼ਾਹ ਨ ਕਿੱਸਾ ਹੀਰ ਰਾਂਝਾ ਲਿਖਿਆ ਤਾਂ ਹੀਰ ਵਾਰਸ ਸ਼ਾਹ ਹੋ ਗਈ।
ਰਾਂਝਾ 'ਵਾਰਸ ਸ਼ਾਹ' ਦਾ ਰੂਪ ਧਾਰ ਗਿਆ। ਹੀਰ ਸਿਆਲ ਭਾਗ ਭਰੀ ਵਿਚ ਸਮਾ ਗਈ। ਵਾਰਸ ਸ਼ਾਹ ਨੇ ਜਦ ਇਸ਼ਕ ਦੀ ਸੱਟ ਖਾਧੀ ਤਾਂ ਇਸ ਫ਼ਕੀਰ ਦੀ ਕੁੱਲੀ ਤੀਲਾ-ਤੀਲਾ ਹੋ ਗਈ।

ਭਾਗ ਭਰੀ ਇਸ ਫ਼ਾਨੀ ਦੁਨੀਆ ਦੇ ਦੁੱਖ ਸਹਿਣ ਲਈ 'ਵਾਰਸ ਸ਼ਾਹ' ਨੂੰ 'ਕੱਲਿਆਂ ਛੱਡ ਦੂਜੇ ਜਹਾਨ ਵਿਚ ਜਾ ਵਸੀ। ਵਾਰਸ ਸ਼ਾਹ ਦੇ ਦਿਲ ਦਾ ਮੇਲਾ ਉਜੜ ਗਿਆ। ਭਾਗ ਭਰੀ ਦੀ ਜੁਦਾਈ ਦਿਲ ਦਾ ਰੋਗ ਬਣ ਗਈ। ਰੋਗੀ ਵਾਰਸ ਸ਼ਾਹ ਦੀ ਰੋਂਦੀ ਤੇ ਕੁਰਲਾਉਂਦੀ ਰੂਹ ਤੇ ਹੰਝੂਆਂ ਦੇ ਮੋਤੀਆਂ ਦੀ ਮਾਲਾ ਹੀ ਹੀਰ ਵਾਰਸ ਸ਼ਾਹ ਹੈ।

ਵਾਰਸ ਸ਼ਾਹ ਮਲਕਾ ਹਾਂਸ ਅੰਦਰ ਇਕ ਮਸੀਤ ਦਾ ਮੁੱਲਾਂ 'ਭਲਾ ਲੋਕਾਂ ਨੂੰ ਕਿਵੇਂ ਦੱਸਦਾ ਕਿ ਰੱਬ ਦੀ ਨਮਾਜ਼ ਪੜ੍ਹਾਉਣ ਵਾਲੇ ਵਾਰਸ ਦੀ ਤਕਦੀਰ ਮਣਾਂ ਮਿੱਟੀ ਹੇਠ ਦਫ਼ਨ ਹੋ ਗਈ ਹੈ।'

ਜੇ ਭਾਗ ਭਰੀ ਵਰਗੀ ਦਿਲ ਦੀ ਮਹਿਰਮ ਨਾ ਹੁੰਦੀ ਤਾਂ ਵਾਰਸ ਮੁਹੱਬਤ ਦੇ ਦਰਿਆ ਵਿਚ ਕਦੀ ਨਾ ਠਿਲ੍ਹਦਾ ਤੇ ਜੇ ਯਾਰ ਨਾ ਗਵਾਚਦਾ ਤਾਂ ਕਿੱਸਾ 'ਹੀਰ-ਰਾਂਝਾ' ਕਦੀ 'ਹੀਰ ਵਾਰਸ ਸ਼ਾਹ' ਨਾ ਬਣਦਾ

ਅੱਗ ਦੇ ਸੇਕ ਦਾ ਤਾਂ ਉਦੋਂ ਪਤਾ ਲਗਦਾ ਹੈ ਜਦ ਉਹ ਆਪਣੇ ਤਨ ਨੂੰ ਸਾੜਦੀ ਹੈ, ਦੂਜੇ ਦੇ ਤਨ ਨੂੰ ਲੱਗੀ ਹੋਈ ਅੱਗ ਤਾਂ ਇਕ ਤਮਾਸ਼ਾ ਹੁੰਦੀ ਹੈ। ਪਰ ਵਾਰਸ ਸ਼ਾਹ ਨੇ ਆਪਣੇ ਤਨ ਤੇ ਮਨ ਨੂੰ ਲੱਗੀ ਹੋਈ ਅੱਗ ਦਾ ਤਮਾਸ਼ਾ ਸਾਰੀ ਦੁਨੀਆ ਨੂੰ ਦਿਖਾਇਆ। ਇਸ ਆਸ਼ਕੀ ਦੀ ਲੱਗੀ ਹੋਈ ਅੱਗ ਤੇ ਇਸ ਵਿਚ ਸੜਦਾ ਹੋਇਆ ਵਾਰਸ ਸ਼ਾਹ ਹੀ ਹੀਰ ਵਾਰਸ ਸ਼ਾਹ ਹੈ।

ਹੀਰ ਵਾਰਸ ਸ਼ਾਹ ਵਿਚ ਪੰਜਾਬ ਦੀ ਵੱਸੋਂ 'ਰਹਿਤਲ ਤੇ ਵਸੇਬੇ' ਦੇ ਸੱਚੇ-ਸੁੱਚੇ ਮੁਹਾਂਦਰੇ ਪੇਸ਼ ਕੀਤੇ ਗਏ ਹਨ। ਪੰਜਾਬ ਦੇ ਪੇਂਡੂ ਜੀਵਨ ਦੀ ਇਕ ਦਿਲ ਮੋਹ ਲੈਣ ਵਾਲੀ ਤਸਵੀਰ ਹੈ 'ਹੀਰ ਵਾਰਸ ਸ਼ਾਹ'।

'ਪੰਜਾਬ, ਪੰਜਾਬੀ ਤੇ ਪੰਜਾਬੀਅਤ' ਨਾਲ ਪਿਆਰ ਤੇ ਪੰਜਾਬ ਦੇ ਵਸੇਬੇ ਨਾਲ ਲਗਨ ਤੇ ਚਾਹਤ ਰੱਖਣ ਵਾਲੇ ਪੰਜਾਬੀ ਤੇ ਗ਼ੈਰ-ਪੰਜਾਬੀ ਹੀਰ ਵਾਰਸ ਸ਼ਾਹ ਪੜ੍ਹਦੇ ਨੇ ਤੇ ਪੜ੍ਹਦੇ ਰਹਿਣਗੇ।

ਹੀਰ ਵਾਰਸ ਸ਼ਾਹ 'ਚ ਲੋਕਾਂ ਦਾ ਆਪਸੀ ਮੇਲ-ਜੋਲ ਉਸ ਸਮੇਂ ਦੀਆਂ ਇਖ਼ਲਾਕੀ ਕਦਰਾਂ-ਕੀਮਤਾਂ ਸਮਾਜ ਤੇ ਸਮਾਜੀ ਰਵੱਈਏ ਰਸਮੋਂ-ਰਿਵਾਜ ਦਾ ਨਕ-ਨਕਸ਼ਾ ਤੇ ਇਨ੍ਹਾਂ ਦੀ ਟੁੱਟ-ਭੱਜ ਨੂੰ ਬੜੇ ਹੀ ਖੂਬਸੂਰਤ ਅੰਦਾਜ਼ ਵਿਚ ਪੇਸ਼ ਕੀਤਾ ਗਿਆ ਹੈ।

ਪੰਜਾਬ ਦੇ ਸਿਆਸੀ ਤਹਿਜ਼ੀਬੀ ਤੇ ਇਤਿਹਾਸਕ ਪਿਛੋਕੜ ਨੂੰ ਜਾਣਨ-ਸਮਝਣ ਤੇ ਪਰਖਣ ਲਈ ਹੀਰ ਵਾਰਸ ਸ਼ਾਹ ਪੰਜਾਬ ਦੇ ਵਾਸੀਆਂ ਦੀ ਅਗਵਾਈ ਦਾ ਕੰਮ ਕਰਦੀ ਹੈ।

ਵਾਰਸ ਸ਼ਾਹ ਨੇ ਹੀਰ ਵਾਰਸ ਸ਼ਾਹ ਲਿਖਦੇ ਸਮੇਂ ਕਲਾਸੀਕਲ ਡਰਾਮੇ ਦੀ ਕਲਾ ਵਰਤੀ ਹੈ। ਇਸ ਕਲਾ ਦਾ ਕਮਾਲ ਹੈ ਕਿ ਇਹ ਪੜ੍ਹਨ-ਸੁਣਨ ਵਾਲਿਆਂ ਦੇ ਦਿਲ ਮੋਹ ਲੈਂਦੀ ਹੈ।

ਹੀਰ ਵਾਰਸ ਸ਼ਾਹ ਵਿਚ ਕਿਰਦਾਰ, ਡਾਇਲਾਗ, ਦ੍ਰਿਸ਼ ਤੇ ਹੋਰ ਅੰਗ-ਢੰਗ ਏਨੇ ਢੁਕਵੇਂ ਤੇ ਜਚਵੇਂ ਹਨ ਕਿ ਪੜ੍ਹਦਿਆਂ ਪਾਠਕ ਆਪਣੇ-ਆਪ ਨੂੰ ਇਸ ਦਾ ਇਕ ਪਾਤਰ ਖਿਆਲ ਕਰਨ ਲੱਗ ਪੈਂਦਾ ਹੈ।

ਹੀਰ ਵਾਰਸ ਸ਼ਾਹ ਸੂਫ਼ੀ ਮਤ ਤੇ ਇਖਲਾਕੀ ਦੇ ਰੰਗ ਵਿਚ ਰੰਗੀ ਹੋਈ ਹੈ। ਇਸ ਕਿੱਸੇ ਵਿਚ ਵਾਰਸ ਸ਼ਾਹ ਪੰਜਾਬ ਦੇ ਫ਼ਕੀਰ ਤੇ ਸੂਫ਼ੀ ਕਵੀਆਂ ਦੇ ਪਾਏ ਪੂਰਨਿਆਂ 'ਤੇ ਤੁਰਦਿਆਂ ਹੋਇਆਂ ਸੂਫ਼ੀ ਮਤ ਤੇ ਇਖਲਾਕੀਅਤ ਦਾ ਪਾਠ ਪੜ੍ਹਾਉਂਦੇ ਨਜ਼ਰ ਆਉਂਦੇ ਹਨ।


ਪਾਕਿਸਤਾਨ ਤੋਂ
ਡਾ: ਤਾਹਿਰ ਮਹਿਮੂਦ
ਫੋਨ : 0092-041-4689283.



Post Comment

ਗੁਰਦੁਆਰਾ ਰੋੜੀ ਸਾਹਿਬ, ਐਮਨਾਆਬਾਦ, ਗੁਜਰਾਂਵਾਲਾ

ਐਮਨਾਆਬਾਦ ਤੋਂ ਕੋਈ ਡੇਢ ਕਿਲੋਮੀਟਰ ਬਾਹਰ ਪੱਕੀ ਸੜਕ ਕਿਨਾਰੇ ਪਹਿਲੇ ਪਾਤਿਸ਼ਾਹ ਦਾ ਗੁਰਦੁਆਰਾ ਰੋੜੀ ਸਾਹਿਬ ਹੈ। ਇਸ ਥਾਂ ਤੇ ਗੁਰੂ ਸਾਹਿਬ ਰੋੜਾਂ ਦੇ ਆਸਨ ਤੇ ਬਿਰਾਜੇ। ਇੱਥੋਂ ਹੀ ਬਾਬਰ ਦੀਆਂ ਫੌਜਾਂ ਨੇ ਸੰਮਤ 1578 ਵਿੱਚ ਆਪ ਨੂੰ ਗ੍ਰਿਫਤਾਰ ਕਰ ਲਿਆ। ਇਸੇ ਥਾਂ ਇਕ ਬਹੁਤ ਹੀ ਆਲੀਸ਼ਾਨ ਗੁਰਦੁਆਰਾ ਬਣਿਆ ਹੋਇਆ ਹੈ। ਵਿਸ਼ਾਲ ਸਰੋਵਰ ਤੇ ਸੁੰਦਰ ਇਮਾਰਤਾਂ ਇਸ ਦੀ ਸ਼ਾਨ ਵਿੱਚ ਹੋਰ ਵਾਧਾ ਕਰਦੇ ਹਨ।


Post Comment

Wednesday, August 1, 2012

ਸਾਕਾ ਕਾਲਿਆਂ ਵਾਲੇ ਖੂਹ ਦਾ

ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦਾ ਕਾਲਿਆਂ ਵਾਲਾ ਖੂਹ ਡੇਢ ਸਦੀ ਬੀਤ ਜਾਣ ਦੇ ਬਾਅਦ ਅੱਜ ਵੀ ਉਨ੍ਹਾਂ 282 ਦੇਸ਼-ਭਗਤਾਂ ਦੀਆਂ ਮ੍ਰਿਤਕ ਦੇਹਾਂ ਨੂੰ ਆਪਣੀ ਆਗ਼ੋਸ਼ 'ਚ ਸੰਭਾਲੀ ਬੈਠਾ ਹੈ, ਜੋ ਆਪਣੀ ਪਹਿਚਾਣ ਅਤੇ ਆਤਮਾ ਦੀ ਸ਼ਾਂਤੀ ਲਈ ਤਰਸ ਰਹੀਆਂ ਹਨ। 155 ਵਰ੍ਹੇ ਬੀਤ ਜਾਣ ਦੇ ਬਾਅਦ ਵੀ ਅਜੇ ਤੱਕ ਕਿਸੇ ਸਰਕਾਰ, ਕਿਸੇ ਸੰਸਥਾ ਨੇ ਇਨ੍ਹਾਂ ਮ੍ਰਿਤਕ ਦੇਹਾਂ ਦੇ ਸਸਕਾਰ ਕਰਨ ਅਤੇ ਇਨ੍ਹਾਂ ਸ਼ਹੀਦਾਂ ਨੂੰ ਸਨਮਾਨ ਦੇਣ ਲਈ ਪਹਿਲ ਨਹੀਂ ਕੀਤੀ। ਇਨ੍ਹਾਂ ਸ਼ਹੀਦਾਂ ਦੇ ਸਬੰਧ ਵਿਚ ਇਲਾਹਾਬਾਦ ਤੋਂ ਪ੍ਰਕਾਸ਼ਿਤ 'ਚਾਂਦ' ਪੱਤ੍ਰਿਕਾ 'ਚ ਗਿਆਨੀ ਹੀਰਾ ਸਿੰਘ ਦਰਦ ਨੇ ਲਿਖਿਆ ਹੈ ਕਿ ਕਾਲਿਆਂ ਦੇ ਖੂਹ ਵਿਚ ਦੱਬੇ ਜਾਣ ਵਾਲੇ ਗੁੰਮਨਾਮ ਸ਼ਹੀਦ ਪੰਜਾਬੀ ਨਹੀਂ ਸਨ, ਜਿਸ ਕਾਰਨ ਉਨ੍ਹਾਂ ਨੂੰ ਬਿਲਕੁਲ ਭੁਲਾ ਦਿੱਤਾ ਗਿਆ। ਕਿਉਂਕਿ ਸ਼ਾਇਦ ਸਾਡੀ ਸਾਂਝੀ ਕੌਮੀ ਭਾਵਨਾ ਅਜੇ ਨਹੀਂ ਜਾਗੀ ਹੈ। ਪਰ ਮੈਂ ਸਮਝਦਾ ਹਾਂ ਕਿ ਅਜਨਾਲਾ ਵਿਚ ਹਿੰਦੀ ਸਿਪਾਹੀਆਂ ਦੀਆਂ ਹੋਈਆਂ ਇਹ ਕੁਰਬਾਨੀਆਂ ਸਾਡੇ ਅੱਜ ਦੇ ਇਤਿਹਾਸ ਦਾ ਬਹੁਮੁੱਲਾ ਅੰਗ ਹਨ।

ਮਈ 1857 'ਚ ਸ਼ੁਰੂ ਹੋਈ ਗ਼ਦਰ ਲਹਿਰ ਦੇ ਦੌਰਾਨ ਲਾਹੌਰ ਦੀ ਮੀਆਂ ਮੀਰ ਛਾਉਣੀ 'ਚ ਨਿਯੁਕਤ ਬੇਹਥਿਆਰ ਹਿੰਦੁਸਤਾਨੀ ਫ਼ੌਜੀਆਂ ਦੀ 26 ਨੰਬਰ ਪਲਟਨ 30 ਜੁਲਾਈ 1857 ਦੀ ਰਾਤ ਮੇਜਰ ਸਪੈਨਸਰ, ਇਕ ਅੰਗਰੇਜ਼ ਅਤੇ ਦੋ ਭਾਰਤੀ ਅਧਿਕਾਰੀਆਂ ਨੂੰ ਮੌਤ ਦੇ ਘਾਟ ਉਤਾਰ ਕੇ ਉਥੋਂ ਭੱਜ ਨਿਕਲੀ। ਹਿੰਦੁਸਤਾਨੀ ਸਿਪਾਹੀਆਂ ਦਾ ਇਹ ਦਸਤਾ 31 ਜੁਲਾਈ ਦੀ ਦੁਪਹਿਰ ਅਜਨਾਲਾ ਤੋਂ 6-7 ਕਿਲੋਮੀਟਰ ਪਿੱਛੇ ਦਰਿਆ ਰਾਵੀ ਦੇ ਕੰਢੇ ਬਾਲ ਘਾਟ ਵਿਖੇ ਆ ਪਹੁੰਚਿਆ। ਉਨ੍ਹਾਂ ਉਥੇ ਪਿੰਡ ਦੇ ਜ਼ਿਮੀਂਦਾਰਾਂ ਕੋਲੋਂ ਪੈਰੀਂ ਦਰਿਆ ਪਾਰ ਕਰਨ ਦਾ ਰਸਤਾ ਪੁੱਛਿਆ। ਜ਼ਿਮੀਂਦਾਰਾਂ ਨੇ ਉਨ੍ਹਾਂ ਨੂੰ ਉਥੇ ਗੱਲੀਂ ਲਾ ਲਿਆ ਅਤੇ ਪਿੰਡ ਦੇ ਚੌਂਕੀਦਾਰ ਹੱਥ ਇਹ ਸੂਚਨਾ ਸੌੜੀਆਂ (ਅਜਨਾਲਾ) ਦੇ ਤਹਿਸੀਲਦਾਰ ਪ੍ਰਾਨ ਨਾਥ ਪਾਸ ਭੇਜ ਦਿੱਤੀ। ਤਹਿਸੀਲਦਾਰ ਨੇ ਤੁਰੰਤ ਥਾਣੇ ਅਤੇ ਤਹਿਸੀਲ ਵਿਚ ਜਿੰਨੇ ਵੀ ਸ਼ਸਤਰਧਾਰੀ ਸਿਪਾਹੀ ਸਨ, ਉਨ੍ਹਾਂ ਨੂੰ ਦੋ ਕਿਸ਼ਤੀਆਂ ਵਿਚ ਦਰਿਆ ਰਾਵੀ ਦੇ ਪਾਰ ਬਾਗ਼ੀ ਸਿਪਾਹੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਭੇਜ ਦਿੱਤਾ।

ਮੌਕੇ 'ਤੇ ਪਹੁੰਚ ਕੇ ਤਹਿਸੀਲਦਾਰ ਦੇ ਸਿਪਾਹੀਆਂ ਵਲੋਂ ਚਲਾਈਆਂ ਗੋਲੀਆਂ ਨਾਲ 150 ਦੇ ਕਰੀਬ ਲਾਹੌਰੋਂ ਭੱਜੇ ਫੌਜੀ (ਭਾਰਤੀ) ਬੁਰੀ ਤਰ੍ਹਾਂ ਜ਼ਖ਼ਮੀ ਹੋ ਕੇ ਦਰਿਆ ਦੇ ਤੇਜ਼ ਵਹਾਅ 'ਚ ਵਹਿ ਕੇ ਸ਼ਹੀਦ ਹੋ ਗਏ ਅਤੇ 50 ਦੇ ਕਰੀਬ ਨੇ ਗੋਲੀਆਂ ਤੋਂ ਬਚਣ ਲਈ ਦਰਿਆ ਵਿਚ ਛਲਾਂਗਾਂ ਲਗਾ ਦਿੱਤੀਆਂ ਅਤੇ ਸਦਾ ਲਈ ਅਲੋਪ ਹੋ ਗਏ। ਇੰਨੀ ਦੇਰ ਨੂੰ ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ ਫਰੈਡਰਿਕ ਕੂਪਰ ਆਪਣੇ ਨਾਲ 80 ਦੇ ਕਰੀਬ ਬਰਤਾਨਵੀ ਹਥਿਆਰਬੰਦ ਸਿਪਾਹੀਆਂ ਨੂੰ ਲੈ ਕੇ ਸ਼ਾਮੀਂ ਪੂਰੇ 5 ਵਜੇ ਉਥੇ ਪਹੁੰਚ ਗਿਆ। ਉਸ ਦੀ ਸਹਾਇਤਾ ਲਈ ਇਲਾਕੇ ਦਾ ਸਰਦਾਰ ਜੋਧ ਸਿੰਘ (ਅਧਿਕ ਸਹਾਇਕ ਮੈਜਿਸਟਰੇਟ), ਰਾਜਾਸਾਂਸੀ ਤੋਂ ਪ੍ਰਤਾਪ ਸਿੰਘ ਸੰਧਾਵਾਲੀਆ ਅਤੇ ਅੰਮ੍ਰਿਤਸਰ ਦਾ ਤਹਿਸੀਲਦਾਰ ਵੀ ਆਪਣੇ ਸਿਪਾਹੀ ਲੈ ਕੇ ਉਥੇ ਪਹੁੰਚ ਚੁੱਕਿਆ ਸੀ। ਇਸ ਘਟਨਾ ਦਾ ਜ਼ਿਕਰ ਕਰਦਾ ਹੋਇਆ ਫਰੈਡਰਿਕ ਕੂਪਰ ਆਪਣੀ ਪੁਸਤਕ 'ਕਰਾਈਸਿਸ ਇਨ ਪੰਜਾਬ' ਦੇ ਸਫ਼ਾ 25 'ਤੇ ਲਿਖਦਾ ਹੈ-'ਉਹ ਭੁੱਖ ਅਤੇ ਥਕਾਵਟ ਨਾਲ ਇਤਨੇ ਨਿਰਬਲ ਹੋ ਚੁੱਕੇ ਸਨ ਕਿ ਨਦੀ ਦੀਆਂ ਤੇਜ਼ ਲਹਿਰਾਂ ਅੱਗੇ ਠਹਿਰ ਨਾ ਸਕੇ। ਰਾਵੀ ਦਾ ਪਾਣੀ ਉਨ੍ਹਾਂ ਦੇ ਖ਼ੂਨ ਨਾਲ ਲਾਲ ਹੋ ਗਿਆ ਸੀ।'

ਮੌਕੇ 'ਤੇ ਮੌਜੂਦ ਗਵਾਹਾਂ ਦੇ ਬਿਆਨਾਂ ਅਨੁਸਾਰ ਉਸ ਦਿਨ ਬਹੁਤ ਜ਼ੋਰ ਦਾ ਮੀਂਹ ਪੈ ਰਿਹਾ ਸੀ। ਉਸ ਵਰ੍ਹਦੇ ਮੀਂਹ ਵਿਚ ਹੀ ਜ਼ਬਰਦਸਤੀ ਉਨ੍ਹਾਂ ਸਿਪਾਹੀਆਂ ਦੇ ਧਾਰਮਿਕ ਚਿੰਨ੍ਹ, ਮਾਲਾ/ਜਨੇਊ ਆਦਿ ਤੋੜ ਕੇ ਪਾਣੀ ਵਿਚ ਸੁੱਟ ਦਿੱਤੇ ਗਏ ਅਤੇ ਅੰਗਰੇਜ਼ ਅਧਿਕਾਰੀਆਂ ਨੇ ਪਿੰਡ ਵਾਲਿਆਂ ਦੀ ਸਹਾਇਤਾ ਨਾਲ 282 ਭਾਰਤੀ ਸੈਨਿਕਾਂ ਨੂੰ ਰੱਸਿਆਂ ਨਾਲ ਬੰਨ੍ਹ ਕੇ ਅਜਨਾਲਾ ਲੈ ਆਂਦਾ। ਉਨ੍ਹਾਂ ਵਿਚੋਂ ਬਹੁਤਿਆਂ ਨੂੰ ਥਾਣੇ 'ਚ ਬੰਦ ਕਰ ਦਿੱਤਾ ਗਿਆ ਅਤੇ ਬਾਕੀਆਂ ਨੂੰ ਜਗ੍ਹਾ ਦੀ ਘਾਟ ਕਾਰਨ ਤਹਿਸੀਲ ਦੇ ਛੋਟੇ ਜਿਹੇ ਬੁਰਜ 'ਚ ਤੂੜੀ ਵਾਂਗ ਠੁਸ-ਠੁਸ ਕੇ ਭਰ ਦਿੱਤਾ। ਯੋਜਨਾ ਤਹਿਤ ਅਗਲੇ ਦਿਨ ਇਨ੍ਹਾਂ ਨੂੰ ਥਾਣੇ ਵਿਚ ਫਾਹੇ ਲਾਏ ਜਾਣਾ ਸੀ ਪਰ ਭਾਰੀ ਬਰਸਾਤ ਦੇ ਕਾਰਨ ਫਾਂਸੀ ਅਗਲੇ ਦਿਨ 'ਤੇ ਪਾ ਦਿੱਤੀ ਗਈ। 1 ਅਗਸਤ ਨੂੰ ਬਕਰੀਦ ਵਾਲੇ ਦਿਨ ਤੜਕਸਾਰ 237 ਸੈਨਿਕਾਂ ਨੂੰ 10-10 ਕਰਕੇ ਥਾਣੇ ਵਿਚੋਂ ਬਾਹਰ ਕੱਢਿਆ ਜਾਂਦਾ ਅਤੇ ਗੋਲੀਆਂ ਨਾਲ ਭੁੰਨ ਦਿੱਤਾ ਜਾਂਦਾ ਰਿਹਾ। ਜਦੋਂ ਥਾਣੇ 'ਚ ਬੰਦ ਸਾਰੇ ਸਿਪਾਹੀ ਸ਼ਹੀਦ ਕਰ ਦਿੱਤੇ ਗਏ ਤਾਂ ਤਹਿਸੀਲ ਦੇ ਬੁਰਜ ਵਿਚੋਂ ਫੌਜੀਆਂ ਨੂੰ ਬਾਹਰ ਕੱਢਣ ਦੀ ਕਾਰਵਾਈ ਸ਼ੁਰੂ ਕੀਤੀ ਜਾਣ ਲੱਗੀ। ਜਦੋਂ ਬੁਰਜ ਦਾ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਉਸ ਅੰਦਰ ਠੁਸ-ਠੁਸ ਕੇ ਭਰੇ ਕਈ ਹਿੰਦੁਸਤਾਨੀ ਫੌਜੀ ਤਾਂ ਕਈ ਦਿਨਾਂ ਦੀ ਭੁੱਖ-ਪਿਆਸ ਅਤੇ ਬੁਰਜ ਵਿਚ ਸਾਹ ਘੁੱਟਣ ਕਰਕੇ ਆਪਣੇ-ਆਪ ਮਰ ਚੁੱਕੇ ਸਨ ਅਤੇ ਕੁਝ ਅਜੇ ਸਹਿਕ ਰਹੇ ਸਨ। ਫਾਂਸੀ ਚੜ੍ਹਾਏ ਗਏ ਫੌਜੀਆਂ ਦੀਆਂ ਮ੍ਰਿਤਕ ਦੇਹਾਂ ਦੇ ਨਾਲ ਹੀ ਭੁੱਖ-ਪਿਆਸ ਅਤੇ ਸਾਹ ਘੁੱਟ ਜਾਣ ਕਰਕੇ ਮਾਰੇ ਜਾ ਚੁੱਕੇ ਅਤੇ ਅਧਮੋਏ ਸੈਨਿਕਾਂ ਦੀਆਂ ਮ੍ਰਿਤਕ ਦੇਹਾਂ ਦਾ ਅੰਤਿਮ ਸੰਸਕਾਰ ਕਰਨ ਦੀ ਬਜਾਏ ਡੀ. ਸੀ. ਫਰੈਡਰਿਕ ਕੂਪਰ ਨੇ ਉਨ੍ਹਾਂ ਨੂੰ ਥਾਣੇ ਦੇ ਬਿਲਕੁਲ ਪਾਸ ਹੀ ਮੌਜੂਦ ਖੂਹ ਵਿਚ ਸੁੱਟਵਾ ਕੇ ਖੂਹ ਨੂੰ ਮਿੱਟੀ ਨਾਲ ਪੂਰ ਦਿੱਤਾ ਅਤੇ ਉੱਤੇ ਇਕ ਉੱਚਾ ਟਿੱਲਾ ਬਣਵਾ ਦਿੱਤਾ।

ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਪਰੋਕਤ ਸ਼ਹੀਦੀ ਖੂਹ ਵਿਚੋਂ ਪੂਰੀ ਧਾਰਮਿਕ ਵਿਧੀ ਨਾਲ ਅਤੇ ਸਨਮਾਨ ਸਹਿਤ ਸ਼ਹੀਦ ਹੋਏ 282 ਭਾਰਤੀ ਦੇਸ਼-ਭਗਤ ਸੈਨਿਕਾਂ ਦੀਆਂ ਅਸਥੀਆਂ (ਚਾਹੇ ਉਹ ਮਿੱਟੀ ਹੋ ਗਈਆਂ ਹਨ) ਬਾਹਰ ਕੱਢਵਾ ਕੇ ਸਨਮਾਨ ਸਹਿਤ ਜਲ-ਪ੍ਰਵਾਹ ਕਰਵਾਈਆਂ ਜਾਣ ਅਤੇ ਉਪਰੋਕਤ ਸਥਾਨ 'ਤੇ ਸ਼ਹੀਦਾਂ ਦੀ ਯਾਦਗਾਰ ਵਜੋਂ ਇਕ ਸਮਾਰਕ ਦਾ ਨਿਰਮਾਣ ਕਰਵਾ ਕੇ ਉਨ੍ਹਾਂ ਨੂੰ ਬਣਦਾ ਯੋਗ ਸਨਮਾਨ ਦਿੱਤਾ ਜਾਵੇ। ਸ਼ਾਇਦ ਇਹੋ ਉਨ੍ਹਾਂ ਸ਼ਹੀਦਾਂ ਲਈ ਸਾਡੀ ਸੱਚੀ ਸ਼ਰਧਾਂਜਲੀ ਹੋਵੇਗੀ।

ਸੁਰਿੰਦਰ ਕੋਛੜ


Post Comment