ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Wednesday, October 17, 2012

ਕਾਠਗੜ੍ਹ ਤੋਂ ਗੁਰਦੁਆਰਾ ਨਾਨਕਸਰ ਹੜੱਪਾ ਤੱਕ


ਮੈਂ ਆਪਣੀ ਐਤਕੀਂ ਦੀ ਪਾਕਿਸਤਾਨ ਫੇਰੀ ਦੌਰਾਨ ਹੜੱਪੇ ਸ਼ਹਿਰ ਜ਼ਰੂਰ ਗੇੜਾ ਮਾਰਨਾ ਚਾਹੁੰਦਾ ਸੀ। ਇਸ ਵਾਰ ਸਮੇਤ ਪਰਿਵਾਰ ਹੋਣ ਕਰਕੇ ਮੈਂ ਇਹ ਤਵਾਰੀਖੀ ਥਾਂ ਜ਼ਰੂਰ ਵੇਖਣਾ ਚਾਹੁੰਦਾ ਸੀ। ਇਕ ਤਾਂ ਇਥੇ ਮਸ਼ਹੂਰ-ਏ-ਜ਼ਮਾਨਾ ਸਿੰਧੂ ਸੱਭਿਅਤਾ ਨਾਲ ਤਾਅਲੁੱਕ ਰੱਖਦੇ ਪੁਰਾਣੇ ਖੰਡਰਾਤ ਅਤੇ ਅਜਾਇਬ ਘਰ ਹੈ, ਦੂਜਾ ਮੈਂ ਕਿਤੇ ਪੜ੍ਹਿਆ ਸੀ ਕਿ ਇਥੇ ਗੁਰੂ ਨਾਨਕ ਸਾਹਿਬ ਜੀ ਨਾਲ ਸਬੰਧਤ ਗੁਰਦੁਆਰਾ ਨਾਨਕਸਰ ਵੀ ਹੈ। ਖੈਰ, ਪਹਿਲਾਂ ਸਾਡਾ ਕਿਆਮ ਮੇਜ਼ਬਾਨ ਚੌਧਰੀ ਸਨਾਉੱਲਾ ਘੁੰਮਣ ਦੇ ਘਰ ਚੱਕ 201ਈ. ਬੀ. ਮੰਡੀ ਬੂਰੇਵਾਲਾ ਵਿਖੇ ਹੀ ਸੀ। ਕੁਝ ਦਿਨਾਂ ਬਾਅਦ ਮੈਂ ਸਨਾਉੱਲਾ ਕੋਲ ਹੜੱਪੇ ਦਾ ਪ੍ਰੋਗਰਾਮ ਬਣਾਉਣ ਦੀ ਇੱਛਾ ਜ਼ਾਹਰ ਕੀਤੀ। ਉਸ ਦਾ ਇਕ ਕਾਲਜ ਵੇਲੇ ਦਾ ਜਮਾਤੀ ਹੜੱਪੇ ਦਾ ਰਹਿਣ ਵਾਲਾ ਸੀ ਰਾਣਾ ਇਮਰਾਨ ਟੀਪੂ, ਜੋ ਕਿ ਅੱਜਕਲ੍ਹ ਆਰਿਫ਼ ਵਾਲਾ ਸ਼ਹਿਰ ਵਿਖੇ ਐੱਸ. ਐੱਚ. ਓ. ਤਾਇਨਾਤ ਸੀ। ਟੀਪੂ ਨਾਲ ਫੋਨ 'ਤੇ ਗੱਲ ਹੋਈ ਤਾਂ ਉਸ ਨੇ ਦੱਸਿਆ ਕਿ ਉਨ੍ਹਾਂ ਦੇ ਚਾਚੇ ਦਾ ਪੁੱਤ ਸਦੀਵੀ ਵਿਛੋੜਾ ਦੇ ਗਿਆ ਹੈ, ਇਸ ਕਰਕੇ ਉਹ ਕੱਲ੍ਹ ਹੜੱਪੇ ਹੀ ਹੋਵੇਗਾ, ਤੁਸੀਂ ਕੱਲ੍ਹ ਹੀ ਆ ਜਾਓ।

ਹੜੱਪਾ ਸ਼ਹਿਰ ਲਾਹੌਰ-ਮੁਲਤਾਨ ਰੋਡ ਉਪਰ ਲਾਹੌਰ ਤੋਂ 150 ਕਿਲੋਮੀਟਰ ਦੂਰੀ 'ਤੇ ਸਥਿਤ ਹੈ। ਨੀਲੀ ਬਾਰ ਦਾ ਇਲਾਕਾ ਹੋਣ ਕਾਰਨ ਇਥੇ ਵੀ ਕਾਫੀ ਸਿੱਖ ਵਸੋਂ ਰਹੀ ਹੈ, ਵੰਡ ਤੋਂ ਪਹਿਲਾਂ। ਅਸੀਂ ਬੂਰੇਵਾਲਾ ਤੋਂ ਚੀਚਾਵਤਨੀ ਹੁੰਦੇ ਹੋਏ ਦੁਪਹਿਰੋਂ ਬਾਅਦ ਇਮਰਾਨ ਦੇ ਘਰ ਪਹੁੰਚ ਗਏ। ਸਾਡੀ ਇੰਤਜ਼ਾਰ ਹੋ ਰਹੀ ਸੀ। ਘਰ ਵਿਚ ਮੌਤ ਹੋਣ ਕਾਰਨ ਸੱਥਰ ਵਿਛੇ ਸਨ ਅਤੇ ਕਈ ਸੱਜਣ ਅਫਸੋਸ ਵਾਸਤੇ ਆਏ ਹੋਏ ਸਨ। ਜਦ ਵੀ ਕੋਈ ਅਫਸੋਸ ਕਰਨ ਵਾਲਾ ਆਉਂਦਾ ਤਾਂ ਸਾਰੇ ਜਾਣੇ ਫਾਤਿਹ ਕਹਿੰਦੇ। ਅਸੀਂ ਵੀ ਕਿਹਾ। ਉਥੇ ਬਹੁਤ ਸਾਰੇ ਲੋਕ ਬਲਾਚੌਰ ਦੇ ਲਾਗੇ ਕਾਠਗੜ੍ਹ ਪਿੰਡ ਤੋਂ ਹਿਜਰਤ ਕਰਕੇ ਗਏ ਹੋਏ ਹਨ। ਟੀਪੂ ਹੁਰਾਂ ਦੇ ਬਜ਼ੁਰਗ ਵੀ ਉਥੇ ਦੇ ਹੀ ਸਨ। ਉਹ ਸਾਰੇ ਕਾਠਗੜ੍ਹ ਬਾਰੇ ਬਹੁਤ ਸਾਰੀਆਂ ਗੱਲਾਂ ਕਰਨਾ ਚਾਹੁੰਦੇ ਸਨ ਪਰ ਟਾਈਮ ਜ਼ਿਆਦਾ ਹੋ ਜਾਣ ਕਾਰਨ ਹੜੱਪਾ ਅਜਾਇਬ ਘਰ ਬੰਦ ਹੋ ਜਾਣਾ ਸੀ, ਇਸ ਕਰਕੇ ਫੈਸਲਾ ਹੋਇਆ ਕਿ ਪਹਿਲਾਂ ਉਥੇ ਜਾਇਆ ਜਾਵੇ, ਫਿਰ ਗੁਰਦੁਆਰੇ ਅਤੇ ਵਾਪਸੀ 'ਤੇ ਸਾਰੇ ਸੱਜਣਾਂ ਨਾਲ ਬਹਿ ਕੇ ਖੁੱਲ੍ਹੀ ਗੱਲਬਾਤ ਕੀਤੀ ਜਾਵੇਗੀ।

ਪੁਰਾਤੱਤਵ ਵਾਲੀ ਜਗ੍ਹਾ ਉਨ੍ਹਾਂ ਦੇ ਘਰ ਤੋਂ ਨੇੜੇ ਹੀ ਸੀ। ਅਜਾਇਬ ਘਰ ਚਾਹੇ 5 ਵਜੇ ਬੰਦ ਹੋ ਜਾਣਾ ਸੀ ਪਰ ਸਾਡੇ ਵਾਸਤੇ ਖੁੱਲ੍ਹਾ ਰੱਖਿਆ ਗਿਆ ਸੀ। ਗਾਈਡ ਲੜਕੇ ਨੇ ਬੜੇ ਹੀ ਤਪਾਕ ਨਾਲ 'ਕੱਲੀ-'ਕੱਲੀ ਸ਼ੈਅ ਬਾਰੇ ਜਾਣਕਾਰੀ ਦਿੱਤੀ। ਸਿੰਧੂ ਸੱਭਿਅਤਾ ਈਸਾ ਤੋਂ 4500 ਸਾਲ ਪਹਿਲਾਂ ਤੋਂ ਲੈ ਕੇ ਈਸਾ ਪੂਰਵ 1500 ਤੱਕ ਭਾਰਤ ਦੇ 6,80,000 ਮੁਰੱਬਾ ਕਿਲੋਮੀਟਰ ਵਿਚ ਫੈਲੀ ਹੋਈ ਸੀ। ਇਸ ਦੇ ਪ੍ਰਮੁੱਖ ਸ਼ਹਿਰ ਕੋਟ ਦਿੱਜੀ, ਮਹੰਜੋਦਾੜੋ ਅਤੇ ਹੜੱਪਾ ਸਨ। ਉਸ ਵੇਲੇ ਦੇ ਵਰਤੋਂ ਵਿਚ ਆਉਣ ਵਾਲੇ ਗਹਿਣੇ, ਭਾਂਡੇ, ਬੱਚਿਆਂ ਦੇ ਖਿਡਾਉਣੇ, ਹਥਿਆਰ ਵੇਖ ਕੇ ਹੈਰਾਨੀ ਹੋ ਰਹੀ ਸੀ ਕਿ ਉਦੋਂ ਮਨੁੱਖ ਦੀ ਸੋਚ ਅਤੇ ਹੁਨਰ ਕਿਸ ਕਦਰ ਵਿਕਸਤ ਸੀ। ਪੁਰਾਤਨ ਹੜੱਪਾ ਸ਼ਹਿਰ ਦੇ ਖੰਡਰਾਤ ਪਹਿਲਾਂ ਬਹੁਤ ਵਿਸ਼ਾਲ ਅਤੇ ਵਸੀਹ ਸਨ ਪਰ 19ਵੀਂ ਸਦੀ ਦੇ ਅਖੀਰ ਵਿਚ ਲੋਕਾਂ ਵੱਲੋਂ ਆਪਣੇ ਘਰ ਬਣਾਉਣ ਵਾਸਤੇ ਅਤੇ ਫਿਰ ਲਾਹੌਰ-ਮੁਲਤਾਨ ਰੇਲਵੇ ਲਾਈਨ ਦੀ ਉਸਾਰੀ ਵੇਲੇ ਠੇਕੇਦਾਰਾਂ ਵੱਲੋਂ ਖੰਡਰਾਤ ਦੀਆਂ ਇੱਟਾਂ ਉਧੇੜ-ਉਧੇੜ ਇਹ ਲਗਭਗ ਖਤਮ ਕਰ ਦਿੱਤੇ ਗਏ। 1904 ਵਿਚ ਇਸ ਜਗ੍ਹਾ ਨੂੰ ਕਾਨੂੰਨੀ ਤੌਰ 'ਤੇ ਸੁਰੱਖਿਅਤ ਐਲਾਨਿਆ ਗਿਆ।

ਇਨ੍ਹਾਂ ਅਵਸ਼ੇਸ਼ਾਂ ਦੀ ਢੰਗ ਨਾਲ ਖੁਦਾਈ ਪਹਿਲਾਂ ਦਇਆ ਰਾਮ ਸਾਹਨੀ ਵੱਲੋਂ 1921-25 ਅਤੇ ਫਿਰ ਰਾਏ ਬਹਾਦੁਰ ਮਾਧੋ ਸਰੂਪ ਵਤਸ (1926-34) ਅਤੇ ਕੇ. ਐਲ. ਸ਼ਾਸਤਰੀ ਵੱਲੋਂ 1937 ਵਿਚ ਕੀਤੀ ਗਈ। ਅਜਾਇਬ ਘਰ ਦੇ ਪਿੱਛੇ ਖੁਦਾਈ ਕਰਕੇ ਕੱਢਿਆ ਗਿਆ ਹੜੱਪਾ ਸ਼ਹਿਰ ਦਾ ਹਿੱਸਾ ਹੈ, ਜੋ ਕਿ ਉਸ ਵੇਲੇ ਦੀ ਇਮਾਰਤਸਾਜ਼ੀ ਅਤੇ ਸ਼ਹਿਰੀ ਯੋਜਨਾਬੰਦੀ ਦੀ ਜ਼ਿੰਦਾ ਮਿਸਾਲ ਹੈ। ਅਸੀਂ ਇਹ ਸਾਰਾ ਇਲਾਕਾ ਘੁੰਮ ਕੇ ਵੇਖਣਾ ਚਾਹੁੰਦੇ ਸੀ ਪਰ ਦਿਨ ਛੁਪਣ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵੀ ਵੇਖਣਾ ਜ਼ਰੂਰੀ ਸੀ। ਪਤਾ ਲੱਗਿਆ ਕਿ ਗੁਰਦੁਆਰੇ ਦੀ ਇਮਾਰਤ ਵਿਚ ਅੱਜਕਲ੍ਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਲ ਰਿਹਾ ਹੈ। ਸਕੂਲ ਨੂੰ ਛੁੱਟੀ ਹੋ ਚੁੱਕੀ ਸੀ ਪਰ ਖਸੂਸੀ ਤੌਰ 'ਤੇ ਹੈੱਡ ਮਾਸਟਰ ਨੂੰ ਬੇਨਤੀ ਕਰਕੇ ਬੁਲਾਇਆ ਗਿਆ ਸੀ, ਜੋ ਕਿ ਸਾਡੀ ਉਡੀਕ ਕਰ ਰਹੇ ਸਨ। ਇਸ ਕਰਕੇ ਅਸੀਂ ਗੁਰਦੁਆਰਾ ਨਾਨਕਸਰ ਹੜੱਪਾ ਵੱਲ ਨੂੰ ਰੁਖ਼ ਕੀਤਾ, ਜੋ ਕਿ ਉਥੋਂ ਮਹਿਜ਼ ਡੇਢ ਕਿਲੋਮੀਟਰ 'ਤੇ ਸੀ। ਮਹਾਨਕੋਸ਼ ਵਿਚ ਅੰਕਿਤ ਵੇਰਵੇ ਮੁਤਾਬਕ ਇਸ ਸਥਾਨ ਉੱਪਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਮੁਲਤਾਨ ਫੇਰੀ ਦੌਰਾਨ ਠਹਿਰੇ ਸੀ। ਦਰਬਾਰ ਦੇ ਨਾਂਅ 10 ਘੁਮਾਂ ਜ਼ਮੀਨ ਅਤੇ ਬਾਗ ਹੈ। 2-3 ਚੇਤਰ ਨੂੰ ਮੇਲਾ ਲੱਗਦਾ ਹੈ ਪਰ ਬਾਅਦ ਵਿਚ ਪਤਾ ਲੱਗਾ ਕਿ ਗੁਰਦੁਆਰੇ ਦਾ ਵੱਡਾ ਹਿੱਸਾ ਮਹਾਨ ਕੋਸ਼ ਲਿਖੇ ਜਾਣ ਤੋਂ ਬਾਅਦ ਬਣਿਆ ਸੀ।

ਇਮਾਰਤ ਵਾਕਿਆ ਹੀ ਅੰਬਾਂ ਦੇ ਵੱਡੇ ਦਰੱਖਤਾਂ ਨਾਲ ਘਿਰੀ ਸੀ। ਸਾਡੇ ਪਹੁੰਚਣ 'ਤੇ ਸਕੂਲ ਦੇ ਹੈੱਡਮਾਸਟਰ ਅਤੇ ਸਮਾਜ ਸੇਵੀ ਸਈਅਦ ਇਕਬਾਲ ਬੁਖਾਰੀ ਨੇ ਸਾਡਾ ਸਵਾਗਤ ਕੀਤਾ। ਅਸੀਂ ਟੀਪੂ ਹੁਰਾਂ ਸਣੇ ਕੁੱਲ 10-12 ਜਣੇ ਸਾਂ। ਪਹਿਲਾਂ ਇਕ ਛੋਟੇ ਦਰਵਾਜ਼ੇ ਰਾਹੀਂ ਜਿਧਰੋਂ ਅਸੀਂ ਵੜੇ, ਦੇ ਸਾਹਮਣੇ ਕੋਈ 150'×150' ਦਾ ਸਰੋਵਰ ਸੀ। ਸਰੋਵਰ ਸੁੱਕਾ ਸੀ ਪਰ ਵਿਚ ਘਾਹ ਲੱਗਿਆ ਸੀ। ਦੱਸਿਆ ਗਿਆ ਕਿ ਇਸ ਨੂੰ ਹੁਣ ਸਵੇਰ ਦੀ ਸਭਾ ਵਾਸਤੇ ਵਰਤਿਆ ਜਾਂਦਾ ਹੈ। ਸਰੋਵਰ ਦੇ ਤਿੰਨੇ ਪਾਸੇ ਬਰਾਂਡਾ ਅਤੇ ਨਾਲ ਕਮਰੇ ਸਨ, ਲਗਭਗ ਚਾਲੀ। ਇਹ ਕਮਰੇ ਅੱਜਕਲ੍ਹ ਕਲਾਸ ਰੂਮਾਂ ਵਜੋਂ ਵਰਤੋਂ ਵਿਚ ਹਨ। ਹੈਰਾਨੀ ਦੀ ਗੱਲ ਹੈ ਕਿ ਅੱਜ ਵੀ ਇਹ ਕਮਰੇ, ਬਰਾਂਡਾ, ਖਿੜਕੀਆਂ, ਦਰਵਾਜ਼ੇ ਬਿਲਕੁਲ ਮਹਿਫੂਜ਼ ਹਨ। ਇਥੋਂ ਤੱਕ ਕਿ ਛੱਤਾਂ ਵੀ ਪਹਿਲਾਂ ਵਾਲੀਆਂ ਹਨ। ਦੀਵਾਰਾਂ ਉਪਰ ਅਤੇ ਤਲਾਅ ਦੀ ਪਰਿਕਰਮਾ ਉੱਤੇ ਸੇਵਾ ਕਰਵਾਉਣ ਵਾਲੇ ਦਾਨੀਆਂ ਦੇ ਨਾਂਅ ਦੇ ਪੱਥਰ ਅੱਜ ਵੀ ਲੱਗੇ ਹੋਏ ਹਨ। ਇਸ ਤੋਂ ਅੱਗੇ ਅਸੀਂ ਗੁਰਦੁਆਰੇ ਦੀ ਮੁੱਖ ਇਮਾਰਤ ਵੱਲ ਵਧੇ। ਕਿਆ ਬਾਤ ਸੀ! ਇਹ ਤਾਂ ਇਕ ਸ਼ਾਨਦਾਰ ਦੋ ਮੰਜ਼ਿਲਾ ਇਮਾਰਤ ਸੀ। ਮੁੱਖ ਦੀਵਾਨ ਹਾਲ ਲਗਭਗ 40 ਫੁੱਟ ਚੌੜਾ ਅਤੇ 100 ਫੁੱਟ ਲੰਬਾ ਸੀ ਅਤੇ ਸੰਗਤ ਦੇ ਬੈਠਣ ਵਾਸਤੇ ਪੜਛੱਤੀਆਂ ਸਨ। ਚਿਪਸ ਵਾਲਾ ਫਰਸ਼, ਥਮ੍ਹਲਿਆਂ ਉਪਰ ਅਤੇ ਪੌੜੀਆਂ ਉਪਰ ਲੱਗੀ ਬਰੀਕ ਚਿਪਸ ਅਤੇ ਜੰਗਲਾ ਅੱਜ ਦੀ ਕਾਰੀਗਰੀ ਨੂੰ ਵੀ ਮਾਤ ਪਾ ਰਿਹਾ ਸੀ। ਕੁੱਲ ਮਿਲਾ ਕੇ ਮੈਂ ਮਹਿਸੂਸ ਕੀਤਾ ਕਿ ਇਸ ਦੀਵਾਨ ਹਾਲ ਵਿਚ ਅੱਜ ਹੁਣੇ ਵੀ ਪ੍ਰਕਾਸ਼ ਹੋ ਸਕਦਾ ਹੈ ਪਰ ਹੁਣ ਇਹ ਹਾਲ ਪ੍ਰੀਖਿਆ ਕੇਂਦਰ ਵਜੋਂ ਵਰਤਿਆ ਜਾ ਰਿਹਾ ਹੈ ਅਤੇ ਇਥੋਂ ਵਿੱਦਿਆ ਦਾ ਪ੍ਰਕਾਸ਼ ਹੋ ਰਿਹਾ ਸੀ। ਇਮਾਰਤ ਦੇ ਨਾਲ ਹੀ ਲੰਗਰ ਹਾਲ ਵੀ ਮੌਜੂਦ ਹੈ। ਇਸ ਤੋਂ ਬਿਨਾਂ ਦੱਸਿਆ ਗਿਆ ਕਿ ਇਥੇ ਘੋੜੇ ਬੰਨ੍ਹਣ ਵਾਸਤੇ ਤਬੇਲਾ ਅਤੇ ਪਾਣੀ ਵਾਸਤੇ ਖੂਹ ਵੀ ਸੀ। ਖੂਹ ਹੁਣ ਤੋੜਿਆ ਜਾ ਰਿਹਾ ਸੀ।


(ਬਾਕੀ ਅਗਲੇ ਅੰਕ 'ਚ)

ਪੋਸਟ ਕਰਤਾ : ਗੁਰਸ਼ਾਮ ਸਿੰਘ ਚੀਮਾ 




Post Comment

Thursday, October 4, 2012

ਗੁਰਦੁਆਰਾ ਸੱਚਾ ਸੌਦਾ (ਚੂਹੜਕਾਣਾ) Gurdwara Sacha Sauda Chuhrkana



ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪਿਤਾ ਮਹਿਤਾ ਕਾਲੂ ਜੀ ਨੇ ਸੰਸਾਰਿਕ ਕਾਰ ਵਿਹਾਰ ਵਿੱਚ ਪਾਉਣ ਲਈ 20 ਰੁਪਏ ਦਿੱਤੇ ਅਤੇ ਵਿਉਪਾਰ ਕਰਨ ਨੂੰ ਕਿਹਾ। ਉਸ ਵੇਲੇ ਆਪ ਜੀ ਦੀ ਉਮਰ 18 ਵਰ੍ਹੇ ਸੀ। ਆਪ ਬਾਬਾ ਮਰਦਾਨਾ ਜੀ ਨਾਲ ਵਪਾਰ ਕਰਨ ਨਿਕਲੇ। ਮੰਡੀ ਚੂਹੜਕਾਣੇ ਤੋਂ ਬਾਹਰ ਉਹਨਾਂ ਦੇਖਿਆ ਕਿ ਜੰਗਲ ਵਿੱਚ ਕੁਝ ਸਾਧੂ ਭੁੱਖੇ ਭਾਣੇ ਬੈਠੇ ਹਨ। ਆਪ ਤੋਂ ਉਹਨਾਂ ਦੀ ਭੁੱਖ ਵੇਖੀ ਨਾ ਗਈ ਤਾਂ ਆਪ ਜੀ ਨੇ ਉਹਨਾਂ ਵੀਹਾਂ ਰੁਪਈਆਂ ਦਾ ਸਾਧੂਆਂ ਨੂੰ ਲੰਗਰ ਛਕਾ ਦਿੱਤਾ। ਜਦ ਆਪ ਜੀ ਦੇ ਪਿਤਾ ਜੀ ਨੂੰ ਇਹ ਪਤਾ ਲੱਗਾ ਤਾਂ ਉਹ ਕਾਫੀ ਨਰਾਜ ਹੋਏ ਤਾਂ ਆਪਨੇ ਫਰਮਾਇਆ ਕਿ ਮੈਂ ਸੱਚਾ ਸੌਦਾ ਕਰ ਕੇ ਆਇਆ ਹਾਂ।

ਜਿਸ ਥਾਂ ਆਪ ਜੀ ਨੇ ਸਾਧੂਆ ਨੂੰ ਲੰਗਰ ਛਕਾਇਆ ਸੀ, ਉਸ ਥਾਂ ਗੁਰਦੁਆਰਾ ਬਣਿਆ ਹੋਇਆ ਹੈ। ਇਹ ਕਿਲੇ ਵਰਗਾ ਸੁੰਦਰ ਤੇ ਵਿਸ਼ਾਲ ਗੁਰਦੁਆਰਾ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਵਿੱਚ ਸ਼ਾਹੀ ਹੁਕਮ ਤੇ ਬਣਿਆ। ਇੱਥੇ ਵਿਸਾਖੀ, ਮਾਘ ਸੁਦੀ 1 ਅਤੇ ਕੱਤਕ ਪੁੰਨਿਆ ਨੂੰ ਮੇਲਾ ਲਗਦਾ ਸੀ। 1947 ਤੋਂ ਮਗਰੋਂ ਇਹ ਗੁਰਦੁਆਰਾ ਬੰਦ ਪਿਆ ਰਿਹਾ। ਹੁਣ ਸੰਨ 1993 ਦੀ ਵਿਸਾਖੀ ਉੱਤੇ ਦੇਸ਼ ਵਿਦੇਸ਼ ਤੋਂ ਆਈਆਂ ਸੰਗਤਾਂ ਦੇ ਖੁੱਲੇ ਦਰਸ਼ਨ ਦੀਦਾਰ ਵਾਸਤੇ ਇਹਨੂੰ ਖੋਹਲ ਦਿੱਤਾ ਗਿਆ ਹੈ। ਪ੍ਰਕਾਸ਼ ਅਸਥਾਨ ਦੇ ਸੱਜੇ ਪਾਸੇ ਵਣ ਦਾ ਇੱਕ ਰੁੱਖ ਹੈ। ਸਤਿਗੁਰੂ ਜੀ ਨੇ ਦਾਤਨ ਕਰਕੇ ਇੱਥੇ ਦੱਬ ਦਿੱਤੀ ਤੇ ਉਸ ਤੋਂ ਹਰੀ ਭਰੀ ਹੋ ਕੇ ਅੱਜ ਤੱਕ ਸ਼ਰਧਾਰੂਆ ਨੂੰ ਛਾਂ ਦੇ ਰਹੀ ਹੈ।


ਪੋਸਟ ਕਰਤਾ: ਗੁਰਸ਼ਾਮ ਸਿੰਘ ਚੀਮਾਂ 


Post Comment

Monday, September 3, 2012

ਉਹ ਵੀ ਤਰਸਣ ਵਿਛੋੜੇ ਅਸਥਾਨਾਂ ਨੂੰ


ਬੇਈਮਾਨ ਲੀਡਰਾਂ ਦੇ ਭੜਕਾਉਣ ਕਰਕੇ ਸੰਨ 1947 'ਚ ਕੋਈ ਇਕ ਕ੍ਰੋੜ ਪੰਜਾਬੀਆਂ ਨੂੰ ਹਿਜਰਤ ਕਰਨੀ ਪਈ ਤੇ ਕਰੀਬ 10 ਲੱਖ ਲੋਕ ਮਾਰੇ ਗਏ ਸਨ।ਜਿਵੇਂ ੂਰਬੀ ਪੰਜਾਬ ਦੇ ਸਿੱਖਾਂ ਤੇ ਹਿੰਦੂਆਂ ਨੂੰ ਪਾਕਿਸਤਾਨ ਵਿਚ ਰਹਿ ਗਏ ਧਾਰਮਿਕ, ਇਤਹਾਸਿਕ ਤੇ ਸਭਿਆਚਾਰਕ ਸਥਾਨਾਂ ਦੀ ਯਾਦ ਬਹਿਬਲ ਕਰੀ ਜਾ ਰਹੀ ਹੈ ਓਸੇ ਤਰਾਂ ਪੱਛਮੀ ਪੰਜਾਬ ਦੇ ਮੁਸਲਮਾਨ ਵੀਰ ਵੀ ਪੂਰਬੀ ਪੰਜਾਬ (ਭਾਰਤ) ਵਿਚ ਰਹਿ ਗਏ ਅਸਥਾਨਾਂ ਦੇ ਦਰਸ਼ਨਾਂ ਲਈ ਤਰਸਦੇ ਹਨ। ਸਿੱਖਾਂ ਦੇ ਤਾਂ ਕੁਲ ਮਿਲਾ ਕੇ 500-600 ਸਥਾਨ ਪਾਕਿਸਤਾਨ ਵਿਚ ਹਨ ਪਰ ਪੂਰਬੀ ਪੰਜਾਬ ਵਿਚ ਮੁਸਲਮਾਨਾਂ ਦੇ ਤਾਂ ਅੰਦਾਜ਼ਨ ਕੋਈ 10,000 ਸਥਾਨ ਹੋਣਗੇ। ਉਨਾਂ ਦੇ ਤਾਂ ਇਤਹਾਸਕ ਮਕਬਰੇ ਹਰ ਪਿੰਡ ਹਰ ਗਰਾਂ ਹਰ ਗਲੀ ਮੁਹੱਲੇ ਵਿਚ ਹਨ। ਪਿਛੇ ਪਾਕਿਸਤਾਨ ਗਏ ਹਰਭਜਨ ਸਿੰਘ ਬਰਾੜ ਨੂੰ ਇਕ ਮੁਸਲਮਾਨ ਇਥੋਂ ਤਕ ਕਹਿਣ ਲਗ ਪਿਆ “ਓਏ ਸਰਦਾਰਾ ਮੇਰੀ ਭਾਵੇਂ ਸਾਰੀ ਜਮੀਨ ਲੈ ਲੈ ਪਰ ਮੈਨੂੰ ਜਗਰਾਵਾਂ ਨੇੜਲੀ ਆਪਣੀ ਜਨਮ ਭੂਮੀ ਦੇ ਦਰਸ਼ਨ ਕਰਾ ਦੇ।”


ਦਸੰਬਰ 2008 ਵਿਚ ਪਾਕਿਸਤਾਨ ਤੋਂ ਇਕ ਜਥਾ ਬਟਾਲਾ ਨੇੜਲੇ ਪਿੰਡ ਮਸਾਣੀਆਂ ਆਇਆ। ਉਨਾਂ ਨਾਲ ਅਸਾਂ ਗੱਲਾਂ ਬਾਤਾਂ ਕੀਤੀਆਂ ਤਾਂ ਪਾਕਿਸਤਾਨੀਆਂ ਵਡਾ ਗਿਲਾ ਕੀਤਾ ਕਿ ਉਨਾਂ ਨੂੰ ਪੂਰਬੀ ਪੰਜਾਬ ਦਾ ਵੀਜਾ ਭਾਰਤ ਸਰਕਾਰ ਨਹੀ ਦਿੰਦੀ ਅਖੇ ਪੂਰਬੀ ਪੰਜਾਬ ਗੜਬੜ ਗ੍ਰਸਤ ਇਲਾਕਾ ਹੈ।ਬੰਦਾ ਪੁਛੇ ਭਈ ਪੰਜਾਬ ਵਿਚ ਕਿਹੜੀ ਗੜ ਬੜ ਚਲ ਰਹੀ ਏ? ਮੁਸਲਮਾਨਾਂ ਦਾ ਕਹਿਣਾ ਸੀ ਕਿ ਸਿੱਖ ਤੇ ਹਿੰਦੂ ਵੀਰਾਂ ਦੇ ਜਥੇ ਤਾਂ ਪਾਕਿਸਤਾਨ ਅਕਸਰ ਆਉਦੇ ਰਹਿਦੇ ਹਨ ਪਰ ਪਾਕਿਸਤਾਨੀਆਂ ਨੂੰ ਪੂਰਬੀ ਪੰਜਾਬ ਤੋਂ ਵਾਂਝਾ ਰਖਿਆ ਹੋਇਆ ਹੈ।
ਓਧਰ ਪਾਕਿਸਤਾਨ ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਖੁੱਲਾ ਲਾਂਘਾ ਬਿਨਾਂ ਪਾਸਪੋਰਟ ਬਿਨਾ ਵੀਜੇ ਦੇ ਦੇਣ ਨੂੰ ਤਿਆਰ ਹੈ। ਪਰ ਦਿੱਲੀ ਸਰਕਾਰ ਟੱਸ ਤੋ ਮੱਸ ਨਹੀ ਹੋਈ। ਤੇ ਹੁਣ ਗਲ ਸਪੱਸ਼ਟ ਹੀ ਹੋ ਗਈ ਕਿ ਖੁਦ ਭਾਰਤ ਸਰਕਾਰ ਹੀ ਨਹੀ ਚਾਹੁੰਦੀ ਕਿ ਪੰਜਾਬੀ ਲੋਕ ਆਉਣ ਜਾਣ।


ਅਸੀ ਇਹ ਵੀ ਸੁਣਿਆ ਹੈ ਕਿ ਸਰਕਾਰ ਪੰਜਾਬੀਆਂ ਨੂੰ ਆਉਣ ਜਾਣ ਇਸ ਕਰਕੇ ਨਹੀ ਦਿੰਦੀ ਕਿ ਕਿਤੇ ਦੋਨੋ ਪੰਜਾਬੀ ਇਕੱਠੇ ਹੋਣ ਲਈ ਸੋਚਣਾ ਨਾਂ ਸ਼ੁਰੁ ਕਰ ਦੇਣ ਕਿਉਕਿ ਦੋਵਾਂ ਪਾਸਿਆਂ ਦੀ ਬੋਲੀ ਤੇ ਸਭਿਆਚਾਰ ਇਕ ਹੈ। ਅਜਿਹੀਆਂ ਪਤਾ ਨਹੀ ਕਿਹੜੀਆਂ ਕਿਹੜੀਆਂ ਬੇਹੂਦਾ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਓਧਰ ਦਰਸ਼ਨਾਂ ਤੋਂ ਵਾਂਝਿਆ ਰੱਖਿਆਂ ਨੂੰ ਅੱਜ 62 ਸਾਲ ਹੋ ਗਏ ਨੇ ਤੇ ਕਈ ਸਥਾਨ ਤਾਂ ਹੁਣ ਤਕ ਅਲੋਪ ਹੀ ਹੋ ਚੁੱਕੇ ਨੇ। ਹੁਣ ਧਾਰਮਿਕ ਅਸਥਾਨਾਂ ਦਾ ਮਸਲਾ ਨਾਜਕ ਦੌਰ ਵਿਚ ਦਾਖਲ ਹੋ ਚੁੱਕਾ ਹੈ। ਸਾਡੇ ਸੂਤਰਧਾਰ ਬਜੁਰਗ ਜਿੰਨਾਂ ਨੂੰ ਓਨਾਂ ਸਥਾਨਾਂ ਦੀਆਂ ਯਾਦਾਂ ਹਨ ਹੁਣ ਖਤਮ ਹੋਣ ਵਾਲੇ ਹਨ। ਕਿਉਕਿ 1947 'ਚ ਜਿਹੜੇ 15-20 ਸਾਲ ਦੇ ਸਨ ਅੱਜ ਪੂਰੇ ਬਜੁਰਗ ਹੋ ਚੁਕੇ ਹਨ। ਪਿਛੇ ਜਿਹੇ ਸਮਾਣੇ............... ਵਿਖੇ ਜਦੋਂ ਇਕ ਪੜਿਆ ਲਿਖਿਆ ਮੁਸਲਮਾਨ ਪਾਕਿਸਤਾਨ ਤੋਂ ਆਇਆ ਤੇ ਉਸ ਜਦੋਂ ਇਕ ਅਣਗਾਉਲੇ ਹੋਏ ਮਕਬਰੇ ਬਾਰੇ ਦਸਿਆ ਕਿ ਉਹ ਹਜਰਤ ਮੁਹੰਮਦ ਦੇ ਜਾਨਸ਼ੀਨ ਸਕੇ ਸਬੰਧੀ ਦਾ ਹੈ ਤਾਂ ਸੂਝਵਾਨ ਲੋਕਾਂ ਦੇ ਰੋਂਗਟੇ ਖੜੇ ਹੋ ਗਏ। ਪੂਰਬੀ ਪੰਜਾਬ ਵਿਚ ਤਾਂ ਹੁਣ ਤਕ ਅਨੇਕਾਂ ਮਕਬਰੇ ਢਹਿ ਚੁਕੇ ਹਨ ਜਾਂ ਥਾਂ ਦੀ ਵਰਤੋਂ ਲਈ ਢਾਹ ਦਿਤੇ ਗਏ ਹਨ। ਸੋ ਜੇ ਹੁਣ ਵੀ ਲੋਕਾਂ ਨੂੰ ਆਉਣ ਜਾਣ ਦੇ ਦਿਤਾ ਜਾਏ ਤਾਂ ਇਤਹਾਸ ਸਾਂਭਿਆ ਜਾ ਸਕਦਾ ਹੈ। ਜੇ ਸਰਕਾਰ ਨੇ ਢਿਲ ਕਰ ਦਿਤੀ ਤਾਂ ਆਉਣ ਵਾਲੀਆਂ ਪੀੜੀਆਂ ਦਿੱਲੀ ਸਰਕਾਰ ਨੂੰ ਕਦੀ ਮਾਫ ਨਹੀ ਕਰਨ ਗਈਆਂ। ਸੋ ਹੁਣ ਵੇਲਾ ਆ ਗਿਆ ਹੈ ਕਿ ਦੋਵੇ ਸਰਕਾਰਾਂ ਮਨੁੱਖਤਾ ਦੇ ਜ਼ਜਬਾਤਾਂ ਦੀ ਕਦਰ ਕਰਨ, ਆਪਣਾ ਅੜੀਅਲ ਰਵੱਈਆ ਤਿਆਗਣ ਤੇ ਲੋਕਾਂ ਨੂੰ ਮਿਲਣ ਜੁਲਣ ਦੇਣ।ਜੇ ਫਿਰ ਵੀ ਕਾਂਗਰਸ ਸਰਕਾਰ ਨਾ ਮੰਨੇ ਤਾਂ ਮਸਲੇ ਨੂੰ ਸੰਯੁਕਤ ਰਾਸਟਰ ਵਿਚ ਉਠਾਇਆ ਜਾਵੇ।




Post Comment