ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Saturday, February 23, 2013

ਸ਼ਿਵ ਬਟਾਲਵੀ


ਸ਼ਿਵ ਬਟਾਲਵੀ

ਸ਼ਿਵ ਬਟਾਲਵੀ ਨਾਲ ਮੇਰਾ ਠੇਕਾ ਸੀ। ਜਦੋਂ ਮੈਂ ਚੰਡੀਗੜ੍ਹ ਤੋਂ ਦਿੱਲੀ ਆਪਣੀ ਕਾਰ ਵਿਚ ਜਾਂਦਾ ਤਾਂ ਉਸ ਨੂੰ ਆਪਣੇ ਨਾਲ ਚੱਲਣ ਲਈ ਆਖਦਾ। ਰਸਤੇ ਵਿਚ ਬੀਅਰ ਦੀਆਂ ਦੋ ਬੋਤਲਾਂ, ਭੁੰਨਿਆ ਹੋਇਆ ਮੁਰਗਾ ਤੇ ਤੀਹ ਰੁਪਏ ਨਕਦ।
ਸ਼ਿਵ ਸਟੇਟ ਬੈਂਕ ਆਫ਼ ਇੰਡੀਆ ਤੋਂ ਛੁੱਟੀ ਲਏ ਬਗੈਰ ਕਈ ਵਾਰ ਮੇਰੇ ਨਾਲ ਦਿੱਲੀ ਜਾਂਦਾ।
ਸ਼ਿਵ ਨੂੰ ਨਾ ਸ਼ਰਾਬ ਪਿਆਉਣ ਵਾਲਿਆਂ ਦੀ ਘਾਟ ਸੀ, ਨਾ ਮੁਰਗਾ ਖੁਆਉਣ ਵਾਲਿਆਂ ਦਾ। ਦਰਅਸਲ ਉਹਦੇ ਬਾਰੇ ਇਹ ਗੱਲ ਵੀ ਗਲਤ ਧੁੰਮੀ ਹੋਈ ਹੈ ਕਿ ਲੋਕ ਉਸ ਨੂੰ ਸ਼ਰਾਬ ਪਿਆਉਂਦੇ ਸਨ। ਉਸ ਕੋਲ ਜੇਬ ਵਿਚ ਜੇ ਇਕ ਹਜ਼ਾਰ ਰੁਪਿਆ ਹੁੰਦਾ ਤਾਂ ਉਹ ਦਿਨਾਂ ਵਿਚ ਹੀ ਦੋਸਤਾਂ ਨੂੰ ਸ਼ਰਾਬ ਪਿਆਉਣ ਤੇ ਖੁਆਣ ਉਤੇ ਖ਼ਰਚ ਕਰ ਦੇਂਦਾ। ਉਹ ਸ਼ਾਹੀ ਬੰਦਾ ਸੀ ਤੇ ਸ਼ਾਹੀ ਫ਼ਕੀਰ। ਉਸ ਵਿਚ ਆਪਣੇ ਆਪ ਨੂੰ ਉਜਾੜਨ ਦੀ ਬਹੁਤ ਸ਼ਕਤੀ ਸੀ। 
ਉਸ ਨੇ ਆਖਿਆ, ‘‘ਇਹ ਸਾਲੀਆਂ ਤੀਵੀਆਂ ਹਮੇਸ਼ਾ ਰੋਂਦੀਆਂ ਰਹਿੰਦੀਆਂ ਨੇ ਕਿ ਫ਼ਲਾਂ ਮਰਦ ਨੇ ਮੇਰੀ ਅਸਮਤ ਲੁੱਟ ਲਈ। ਤੁਸੀਂ ਆਪਣੇ ਹੁਸਨ ਨੂੰ ਬੈਂਕ ਦੇ ਲਾਕਰ ਵਿਚ ਰਖ ਦਿਉ। ਮੈਂ ਬੈਂਕ ਵਿਚ ਕੰਮ ਕਰਦਾ ਹਾਂ। ਬੜੇ ਲਾਕਰ ਨੇ ਉਥੇ। ਨੋਟਾਂ ਦੇ ਥੱਬੇ। ਸੋਨੇ ਦੇ ਗਹਿਣੇ। ਹੀਰੇ। ਪਰ ਕੋਈ ਅਜਿਹਾ ਲਾਕਰ ਨਹੀਂ ਜਿਥੇ ਤੀਵੀਂ ਆਪਣੇ ਹੁਸਨ ਜਾਂ ਜਵਾਨੀ ਨੂੰ ਰਖ ਕੇ ਕੁੰਜੀ ਜੇਬ ਵਿਚ ਪਾ ਲਵੇ? ਇਸ ਸਾਲੇ ਹੁਸਨ ਨੇ ਤਾਂ ਤਬਾਹ ਹੋਣਾ ਹੀ ਹੈ... ਤੇ ਤਬਾਹੀ ਕਿਸ ਗੱਲ ਦੀ? ਪਿਆਰ ਨਾਲ ਹੁਸਨ ਚਮਕਦਾ ਹੈ। ਜਵਾਨੀ ਮੱਚਦੀ ਹੈ। ਇਸਮਤ ਦਾ ਪਾਖੰਡ ਤਾਂ ਕੋਝੀਆਂ ਤੀਵੀਆਂ ਨੇ ਰਚਿਆ ਹੈ.. ਇਨਸਾਨੀ ਜਿਸਮ ਨੂੰ ਕੋਈ ਚੀਜ਼ ਮੈਲਾ ਨਹੀਂ ਕਰ ਸਕਦੀ। ਹਮੇਸ਼ਾ ਨਿਖਰਿਆ ਤੇ ਸਜਰਾ ਰਹਿੰਦਾ ਹੈ ਹੁਸਨ।’’
ਸ਼ਿਵ ਨਾਲ ਕਾਰ ਵਿਚ ਸਫ਼ਰ ਕਰਨ ਦਾ ਕੋਈ ਸੌਦਾ ਨਹੀਂ ਸੀ, ਇਹ ਤਾਂ ਇਕ ਪ੍ਰਕਾਰ ਦਾ ਲਾਡ ਸੀ। 
ਮੈਂ ਕਾਰ ਵਿਚ ਲੋਕਾਂ ਨੂੰ ਢੋਣ ਦੇ ਹੱਕ ਵਿਚ ਨਹੀ। ਸਫ਼ਰ ਬੜੀ ਸੂਖਮ ਤੇ ਅਧਿਆਤਮਕ ਚੀਜ਼ ਹੈ ਮੇਰੇ ਲਈ। ਜੇ ਕੋਈ ਯਾਰ ਨਾਲ ਹੋਵੇ ਤਾਂ ਸੌ ਮੀਲ ਦਾ ਸਫ਼ਰ ਮਿੰਟਾਂ ਵਿਚ ਕਟ ਜਾਂਦਾ ਹੈ। ਜੇ ਕੋਈ ਬੋਰ ਨਾਲ ਹੋਵੇ ਤਾਂ ਦੋ ਮੀਲ ਦਾ ਸਫ਼ਰ ਵੀ ਦੋ ਹਜ਼ਾਰ ਮੀਲ ਲਗਦਾ ਹੈ। 
ਇਕ ਦਿਨ ਸਵੇਰੇ ਸਵੇਰੇ ਸ਼ਿਵ ਮੇਰੇ ਘਰ ਆਇਆ ਤੇ ਆਖਣ ਲਗਾ, ‘‘ਅੱਜ ਸ਼ਾਮ ਨੂੰ ਕਪੂਰਥਲੇ ਮੁਸ਼ਾਇਰਾ ਹੈ। ਤੂੰ ਮੇਰੇ ਨਾਲ ਚੱਲ।’’
ਮੈਂ ਉ¤ਤਰ ਦਿਤਾ ਕਿ ਮੈਂ ਨਹੀਂ ਜਾ ਸਕਦਾ। ਕਿਸੇ ਹੋਰ ਨੂੰ ਨਾਲ ਲੈ ਜਾਹ।
ਸ਼ਿਵ ਬੋਲਿਆ, ‘‘ਟੈਕਸੀ ਲੈ ਕੇ ਆਵਾਂਗਾ। ਇਕੱਲਾ। ਹੋਰ ਕਿਸੇ ਕੰਜਰ ਨੂੰ ਨਹੀਂ ਦਸਣਾ। ਚੰਡੀਗੜ੍ਹ ਭਰਿਆ ਪਿਆ ਹੈ ਮੁਫ਼ਤਖੋਰਿਆਂ ਦਾ। ਐਵੇਂ ਨਾਲ ਤੁਰ ਪੈਣਗੇ। ਮੈਂ ਟੈਕਸੀ ਵਿਚ ਸੂਰ ਨੂੰ ਲੱਦ ਕੇ ਲਿਜਾ ਸਕਦਾ ਹਾਂ, ਪਰ ਕਿਸੇ ਬੋਗਸ ਰਾਈਟਰ ਨੂੰ ਨਹੀਂ। ਤੈਨੂੰ ਚਲਣਾ ਪਏਗਾ। ਮੈਂ ਤੈਨੂੰ ਬੀਅਰ ਦੀਆਂ ਤਿੰਨ ਬੋਤਲਾਂ ਤੇ ਭੁੰਨਿਆ ਹੋਇਆ ਮੁਰਗਾ ਖੁਆਵਾਂਗਾ ਰਸਤੇ ਵਿਚ। ਤੇ ਤੀਹ ਰੁਪਏ।’’
ਮੈਂ ਆਖਿਆ, ‘‘ਮੇਰਾ ਰੇਟ ਪੰਜਾਹ ਰੁਪਏ ਹੈ।’’
ਉਹ ਮੰਨ ਗਿਆ।
ਸ਼ਿਵ ਨੂੰ ਮੁਸ਼ਾਇਰੇ ਦੇ ਪੰਜ ਸੌ ਰੁਪਏ ਮਿਲਣੇ ਸਨ। ਪ੍ਰਬੰਧਕਾਂ ਨੇ ਇਹ ਗੱਲ ਲੁਕੋ ਕੇ ਰਖੀ ਸੀ ਕਿ ਸ਼ਿਵ ਇਸ ਬਾਰੇ ਹੋਰ ਕਿਸੇ ਨਾਲ ਗੱਲ ਨਾ ਕਰੇ ਨਹੀਂ ਤਾਂ ਕਈ ਕਵੀ ਰੁਸ ਜਾਣਗੇ। 
ਪੰਜ ਸੌ ਰੁਪਏ ਵਿਚੋਂ ਸ਼ਿਵ ਨੇ ਢਾਈ ਸੌ ਰੁਪਿਆ ਟੈਕਸੀ ਨੂੰ ਦੇਣਾ ਸੀ, ਤੇ ਬਾਕੀ ਖ਼ਰਚ ਵਰਚ ਲਈ। 
ਸ਼ਾਮ ਦੇ ਪੰਜ ਵਜੇ ਉਹ ਟੈਕਸੀ ਲੈ ਕੇ ਆ ਗਿਆ। ਮੈਨੂੰ ਨਾਲ ਬਿਠਾਇਆ ਤੇ ਟੈਕਸੀ ਦੌੜ ਪਈ। 
ਰਸਤੇ ਵਿਚ ਹੀ ਸਾਨੂੰ ਅੱਠ ਵਜ ਚੁਕੇ ਸਨ। ਮੁਸ਼ਾਇਰੇ ਦਾ ਸਮਾਂ ਸਾਢੇ ਸੱਤ ਦਾ ਸੀ। ਮੈਂ ਵਕਤ ਸਿਰ ਪੁੱਜਣ ਲਈ ਚਿੰਤਾਤੁਰ ਸਾਂ।
ਸ਼ਿਵ ਨੇ ਟੈਕਸੀ ਵਾਲੇ ਨੂੰ ਆਖਿਆ, ‘‘ਸਰਦਾਰ ਜੀ, ਜ਼ਰਾ ਇਸ ਕਾਲੋਨੀ ਵੱਲ ਗੱਡੀ ਨੂੰ ਮੋੜ ਲਉ। ਮੈਂ ਇਕ ਦੋਸਤ ਨੂੰ ਮਿਲਣਾ ਹੈ।’’
ਮੈਂ ਆਖਿਆ, ‘‘ਪਹਿਲਾਂ ਹੀ ਦੇਰ ਹੋ ਚੁਕੀ ਹੈ।’’
‘‘ਫ਼ਿਕਰ ਨਾ ਕਰ, ਦੋ ਕੁ ਮਿੰਟ ਹੀ ਮਿਲਣਾ ਹੈ ਇਕ ਕੁੜੀ ਨੂੰ। ਉਹ ਮੇਰੀ ਦੋਸਤ ਹੈ।’’
ਟੈਕਸੀ ਕਲੋਨੀ ਦੀਆਂ ਸੜਕਾਂ ਘੁੰਮਦੀ ਫਿਰੀ। ਸ਼ਿਵ ਨੂੰ ਘਰ


Post Comment

Thursday, June 21, 2012

ਸ਼ਿਵ ਕੁਮਾਰ ਬਟਾਲਵੀ ਜੀ ਦੇ ਜੀਵਨ ਬਾਰੇ ਸੁਰਜੀਤ ਪਾਤਰ ਸਾਹਬ ਦਾ ਤਜਰਬਾ

ਸ਼ਿਵ ਨਾਲ ਮੇਰੀਆਂ ਗਿਣਤੀ ਦੀਆਂ ਮੁਲਾਕਾਤਾਂ ਹੋਈਆਂ | ਜਦੋਂ ਕਦੀ ਮੈਂ ਕਲਾਸ ਵਿਚ ਸ਼ਿਵ ਦੀ ਸ਼ਾਇਰੀ ਪੜ੍ਹਾਉਂਦਾ ਤਾਂ ਵਿਦਿਆਰਥੀ ਮੈਂਨੂੰ ਕਹਿੰਦੇ : ਸਰ ਕੋਈ ਸ਼ਿਵ ਦੀ ਗੱਲ ਸੁਣਾਓ | ਉਦੋਂ ਮੇਰਾ ਜੀ ਕਰਦਾ ਕਾਸ਼ ਮੈਂ ਸ਼ਿਵ ਨੂੰ ਕੁਝ ਹੋਰ ਮਿਲਿਆ ਹੁੰਦਾ | ਪਰ ਸ਼ਿਵ ਦੇ ਜੀਉਂਦੇ ਜੀਅ ਇਹ ਨਹੀਂ ਪਤਾ ਸੀ ਕਿ ਉਹ ਏਨੀ ਜਲਦੀ ਤੁਰ ਜਾਵੇਗਾ | ਉਸ ਦੀ ਕਵਿਤਾ :


ਅਸੀਂ ਤੇ ਜੋਬਨ ਰੁੱਤੇ ਮਰਨਾਤੁਰ ਜਾਣਾ ਅਸੀਂ ਭਰੇ ਭਰਾਏ ਹਿਜਰ ਤੇਰੇ ਦੀ ਕਰ ਪਰਕਰਮਾਜੋਬਨ ਰੁੱਤੇ ਆਸ਼ਕ ਮਰਦੇ ਜਾਂ ਕੋਈ ਕਰਮਾਂ ਵਾਲਾਜੋਬਨ ਰੁੱਤੇ ਜੋ ਵੀ ਮਰਦਾ ਫੁੱਲ ਬਣੇ ਜਾਂ ਤਾਰਾ

ਨੂੰ ਅਸੀਂ ਕਵਿਤਾ ਤਾਂ ਸਮਝਦੇ ਸੀ, ਪੇਸ਼ੀਨਗੋਈ ਨਹੀਂ ਸੀ ਸਮਝਦੇ |

ਪਤਾ ਨਹੀਂ ਉਹ ਮਰ ਕੇ ਫੁੱਲ ਬਣਿਆ ਜਾਂ ਤਾਰਾ ਪਰ ਮੈਂ ਉਸ ਨੂੰ ਜਿਉਂਦੇ ਜੀਅ ਇਹ ਦੋਵੇਂ ਕੁਝ ਬਣਦਾ ਦੇਖਿਆ |

ਉਹ ਜਦੋਂ ਹੇਠਲੀਆਂ ਸੁਰਾਂ ਵਿਚ ਆਪਣੇ ਗੀਤ ਦਾ ਮੁਖੜਾ ਗਾਉਂਦਾ ਤਾਂ ਉਹ ਫੁੱਲ ਬਣ ਜਾਂਦਾ ਸੀ | ਜਦੋਂ ਉੱਚੀਆਂ ਉੱਚੀਆਂ ਸੁਰਾਂ ਵਿਚ ਅੰਤਰਾ ਚੁੱਕਦਾ ਤਾਂ ਤਾਰਾ ਬਣ ਜਾਂਦਾ | ਉਸ ਦੀ ਸ਼ਾਇਰੀ ਵਿਚ ਬੇਮਿਸਾਲ ਰਵਾਨੀ ਸੀ ਤੇ ਉਸ ਦੇ ਪਰਵਾਹ ਵਿਚ ਉਹ ਪਤਾ ਨਹੀਂ ਕੀ ਕੁਝ ਵਹਾ ਦੇਂਦਾ ਸੀ |ਕਿੰਨੇ ਪੁਰਾਣੇ ਲਫ਼ਜ਼,ਚੀਜ਼ਾਂ,ਬੂਟੇ | ਭੂਸ਼ਨ ਨੇ ਇਕ ਲਤੀਫ਼ਾ ਸਿਰਜਿਆ ਸੀ:ਇਕ ਅਧਿਆਪਕ ਸਾਇਕਲ ਤੇ ਸਕੂਲ ਜਾ ਰਿਹਾ ਸੀ | ਸਾਇਕਲ ਦੇ ਹੈਂਡਲ ਦੇ ਦੋਹੀਂ ਪਾਸੀਂ ਜੜੀਆਂ ਬੂਟੀਆਂ ਦੇ ਭਰੇ ਦੋ ਥੈਲੇ ਲਟਕ ਰਹੇ ਸਨ |ਕਿਸੇ ਨੇ ਪੁੱਛਿਆ : ਮਾਸਟਰ ਜੀ,ਇਹ ਥੈਲਿਆਂ ਵਿਚ ਕੀ ਲਿਜਾ ਰਹੇ ਹੋ ? ਮਾਸਟਰ ਜੀ ਕਹਿਣ ਲੱਗੇ:ਅੱਜ ਮੈਂ ਬੱਚਿਆਂ ਨੂੰ ਸ਼ਿਵ ਦੀ ਕਵਿਤਾ ਪੜ੍ਹਾਉਣੀ ਐ | ਸ਼ਿਵ ਦੀਆਂ ਇਹ ਸਤਰਾਂ ਨੇ:

ਜਿਹੜੇ ਖੇਤਾਂ ਵਿਚ ਬੀਜੇ ਸੀ ਮੈਂ ਤਾਰਿਆਂ ਦੇ ਬੀਜਉਨ੍ਹਾਂ ਖੇਤਾਂ ਵਿਚ ਭੱਖੜਾ ਬੁਘਾਟ ਉਗਿਆ |

ਬੱਚੇ ਪੁੱਛਣਗੇ:ਮਾਸਟਰ ਜੀ,ਭੱਖੜਾ ਕੀ ਹੁੰਦਾ,ਬੁਘਾਟ ਕੀ ਹੁੰਦਾ ? ਮੈਂ ਕਿਵੇਂ ਸਮਝਾਵਾਂਗਾ ? ਇਸ ਲਈ ਮੈਂ ਇਕ ਥੈਲੇ ਵਿਚ ਭੱਖੜਾ ਲੈ ਆਇਆਂ ਤੇ ਇਕ ਵਿਚ ਬੁਘਾਟ | ਇਹ ਬੱਚਿਆਂ ਨੂੰ ਦਿਖਾ ਦਿਆਂਗਾ |

ਸ਼ਿਵ ਦੇ ਸ਼ਬਦਾਂ ਦਾ ਸੰਗੀਤ, ਉਸ ਦੀ ਹੂਕ, ਉਸ ਦਾ ਬਿਰਹਾ, ਉਸ ਦੀ ਲਫ਼ਜ਼ਾਂ ਦੀ ਜਕੜ, ਉਸ ਦੀ ਬਿੰਬਾਵਲੀ ਦੀ ਮੌਲਿਕਤਾ, ਉਸ ਦੀ ਲੋਕਧਾਰਾ ਦਾ ਇਸਤੇਮਾਲ ਬੇਮਿਸਾਲ ਸੀ |

ਮਾਏ ਨੀ ਮਾਏ ਮੇਰੇ ਗੀਤਾਂ ਦਿਆਂ ਨੈਣਾਂ ਵਿਚਬਿਰਹੋਂ ਦੀ ਰੜਕ ਪਵੇਭਿਉਂ ਭਿਉਂ ਸੁਗੰਧੀਆਂ ‘ਚ ਰੱਖੇ ਫੇਹੇ ਚਾਨਣੀ ਦੇਤਾਂ ਵੀ ਸਾਨੂੰ ਨੀਂਦ ਨਾ ਪਵੇ

ਜਦੋਂ ਸੱਠਵਿਆਂ ਵਿਚ ਸ਼ਿਵ ਦਾ ਇਹ ਗੀਤ ਪੰਜਾਬ ਦੀਆਂ ਹਵਾਵਾਂ ਵਿਚ ਗੂੰਜਿਆ ਤਾਂ ਪੰਜਾਬੀ ਬੋਲੀ ਨੂੰ ਆਪਣੀ ਕਦੀਮੀ ਖ਼ੂਬਸੂਰਤੀ ਯਾਦ ਆਈ | ਸ਼ਿਵ ਕੁਮਾਰ ਦੇ ਆਸੇ ਪਾਸੇ ਪ੍ਰਯੋਗਸ਼ੀਲਤਾ ਦਾ ਸਿਧਾਂਤਕ ਰੁਅਬ ਸੀ ,ਪ੍ਰਗਤੀਸ਼ੀਲਤਾ ਦਾ ਵ੍ਰਿੰਦਗਾਨ ਸੀ |ਸ਼ਿਵ ਇਕ ਇਕੱਲੀ ਆਵਾਜ਼ ਸੀ | ਇਸ ਆਵਾਜ਼ ਨੇ ,ਅੰਦਾਜ਼ ਨੇ ਬਹੁਤਿਆਂ ਨੂੰ ਮੋਹ ਲਿਆ | ਕੁਝ ਦਾਨਿਸ਼ਵਰਾਂ ਨੇ ਉਸ ਨੂੰ ਕੁੜੀਆਂ ਮੁੰਡਿਆਂ ਦਾ ਕਵੀ ਕਿਹਾ |ਕਿਸੇ ਨੇ ਪ੍ਰਤਿਗਾਮੀ , ਨਿਰਾਸ਼ਾਵਾਦੀ | ਪਰ ਸੰਤ ਸਿੰਘ ਸੇਖੋਂ ਵਰਗੇ ਮਾਰਕਸਵਾਦੀ ਦਾਨਿਸ਼ਵਰ ਨੇ ਉਸ ਦੀ ਵਡੱਤਣ ਨੂੰ ਪਛਾਣਿਆਂ ਤੇ ਇਸ ਦਾ ਐਲਾਨ ਕੀਤਾ ਤੇ ਉਸ ਨੂੰ ਵੀਹਵੀਂ ਸਦੀ ਦੇ ਸੱਤ ਵੱਡੇ ਕਵੀਆਂ ਵਿਚ ਗਿਣਿਆ |

‘ ਲੂਣਾ ‘ ਤੇ ਸ਼ਿਵ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਇਨਾਮ ਮਿਲਿਆ | ਸਭ ਤੋਂ ਛੋਟੀ ਉਮਰ ਵਿਚ ਇਹ ਪੁਰਸਕਾਰ ਪ੍ਰਾਪਤ ਕਰਨ ਦਾ ਮਾਣ ਵੀ ਸ਼ਿਵ ਨੂੰ ਹੀ ਪ੍ਰਾਪਤ ਹੈ | ਮੈਂ ਆਪਣੇ ਪ੍ਰੋਗਰਾਮ ‘ ਸੂਰਜ ਦਾ ਸਰਨਾਵਾਂ ‘ ਵਿਚ ਕਿਹਾ ਸੀ ਕਿ ਸ਼ਿਵ ਦੀ ਸ਼ਾਇਰੀ ਵਿਚ ਲੂਣਾ ਦੀ ਉਹ ਹੀ ਥਾਂ ਹੈ ਜੋ ਆਗਰੇ ਵਿਚ ਤਾਜ ਮਹਿਲ ਦੀ ਹੈ |

ਸ਼ਿਵ ਦਾ ਰੋਮਾਂਸਵਾਦ , ਸ਼ਿਵ ਦੀ ਨਿਰਾਸ਼ਾ , ਸ਼ਿਵ ਦਾ ਮੌਤ-ਮੋਹ ਕਿਸੇ ਨੂੰ ਕੁਝ ਵੀ ਲੱਗੇ , ਉਸ ਦੀ ਰਵਾਨੀ , ਉਸ ਦਾ ਸਰੋਦੀਪਨ ,ਉਸ ਦੀ ਬਿੰਬਾਵਲੀ , ਉਸ ਦੀ ਸ਼ਬਦਾਵਲੀ , ਉਸ ਦੀ ਸ਼ਿਲਪ ਦਾ ਜਾਦੂ ਕਮਾਲ ਦਾ ਹੈ | ਉਹ ਸੂਫ਼ੀਆਂ ਤੇ ਕਿੱਸੇਕਾਰਾਂ ਵਾਂਗ ਗਾਇਕਾਂ ਦਾ ਚਹੇਤਾ ਹੈ |

ਪਹਿਲੀ ਵਾਰ ਮੈਂ ਸ਼ਿਵ ਕੁਮਾਰ ਨੂੰ 1964 ਵਿਚ ਮਿਲਿਆ ਜਦੋਂ ਮੈਂ ਰਣਧੀਰ ਕਾਲਜ ਕਪੂਰਥਲਾ ਦਾ ਵਿਦਿਆਰਥੀ ਸਾਂ | ਸੁਰਜੀਤ ਸਿੰਘ ਸੇਠੀ ਤੇ ਉਨ੍ਹਾਂ ਦੀ ਪਤਨੀ ਮਨੋਹਰ ਕੌਰ ਅਰਪਨ ਸਾਨੂੰ ਪੰਜਾਬੀ ਪੜ੍ਹਾਉਂਦੇ ਸਨ | ਇਸ ਜੋੜੀ ਸਦਕਾ ਕਾਲਜ ਦਾ ਮਾਹੌਲ ਅਦਬੀ ਸਰਗਰਮੀਆਂ ਨਾਲ ਭਖ਼ਿਆ ਰਹਿੰਦਾ ਸੀ | ਫਰਵਰੀ 1964 ਦੀ ਗੱਲ ਹੈ | ਸੇਠੀ ਸਾਹਬ ਨੇ ਇਕ ਬਹੁਤ ਵੱਡਾ ਕਵੀ ਦਰਬਾਰ ਕਾਲਜ ਦੇ ਜੁਬਲੀ ਹਾਲ ਵਿਚ ਆਯੋਜਿਤ ਕੀਤਾ | ਪ੍ਰੋ.ਮੋਹਨ ਸਿੰਘ , ਡਾ. ਹਰਿਭਜਨ ਸਿੰਘ , ਤਖ਼ਤ ਸਿੰਘ , ਸ.ਸ. ਮੀਸ਼ਾ ,ਜਗਤਾਰ,ਕ੍ਰਿਸ਼ਨ ਅਦੀਬ ,ਰਵਿੰਦਰ ਰਵੀ,ਸੁਰਜੀਤ ਰਾਮਪੁਰੀ ਤੇ ਹੋਰ ਬਹੁਤ ਸਾਰੇ ਕਵੀ ਇਸ ਕਵੀ ਦਰਬਾਰ ਵਿਚ ਸ਼ਾਮਲ ਹੋਏ | ਸੁਰਜੀਤ ਸਿੰਘ ਸੇਠੀ ਹੋਰਾਂ ਨੇ ਮੈਨੂੰ ਸ਼ਿਵ ਨਾਲ ਮਿਲਾਇਆ: ਸ਼ਿਵ ਇਹ ਸੁਰਜੀਤ ਐ , ਸਾਡਾ ਵਿਦਿਆਰਥੀ ਕਵਿਤਾ ਲਿਖਦਾ | ਸ਼ਿਵ ਨੇ ਮੈਨੂੰ ਬਗਲ ਵਿਚ ਲੈ ਲਿਆ | ਉਹਦੇ ਆੜੂ-ਰੰਗੇ ਸੂਟ ਵਿਚੋਂ ਸੈਂਟ ਦੀ ਬਹੁਤ ਪਿਆਰੀ ਮਹਿਕ ਆ ਰਹੀ ਸੀ | ਸ਼ਰਬਤੀ ਅੱਖਾਂ , ਕੋਮਲ ਜਿਹਾ ਲਮੂਤਰਾ ਚਿਹਰਾ | ਉਹ ਮੇਰੇ ਨਾਲ ਗੱਲਾਂ ਕਰਨ ਲੱਗਾ | ਅਚਾਨਕ ਕਹਿਣ ਲੱਗਾ : ਤੇਰਾ ਪੂਰਾ ਨਾਂ ਕੀ ਹੈ ? ਤੂੰ ਕਿਤੇ ਓਹੀ ਸੁਰਜੀਤ ਤਾਂ ਨਹੀਂ ? ਨਵਤੇਜ ਨੇ ਮੈਨੂੰ ਇਕ ਸੁਰਜੀਤ ਦੀਆਂ ਕਵਿਤਾਵਾਂ ਪੜ੍ਹਾਈਆਂ ਜਿਹੜੀਆਂ ਪ੍ਰੀਤ ਲੜੀ ਵਿਚ ਛਪਣ ਲਈ ਆਈਆਂ ਸਨ | ਮੈਂ ਹੀ ਓਹੀ ਸੁਰਜੀਤ ਹਾਂ | ਮੈਨੂੰ ਬਹੁਤ ਖੁਸ਼ੀ ਹੋਈ | ਸ਼ਿਵ ਨੂੰ ਮੇਰੀ ਇਕ ਕਵਿਤਾ ਦੀਆਂ ਦੋ ਸਤਰਾਂ ਵੀ ਯਾਦ ਸਨ:

ਜ਼ਖ਼ਮੀ ਹੰਸ ਉਡੇ ਸਰਵਰ ‘ਚੋਂਪਾਣੀ ਵਿਚ ਪਿਆਜ਼ੀ ਰੌਆਂ

ਇਹ ਮੇਰੀ ਕਵਿਤਾ ‘ ਗਾਇਕਾ ‘ ਦੀਆਂ ਸਤਰਾਂ ਸਨ | ਉਹ ਦਿਨ ਮੇਰੇ ਲਈ ਮਹਾਨ ਦਿਨ ਸੀ | ਸ਼ਿਵ ਨੂੰ ਮੇਰੀਆਂ ਦੋ ਸਤਰਾਂ ਯਾਦ ਸਨ | ਰਾਤ ਨੂੰ ਕਵੀ ਦਰਬਾਰ ਸ਼ੁਰੂ ਹੋਇਆ | ਸ਼ਿਵ ਕੁਮਾਰ ਆਪਣੀ ਵਾਰੀ ਆਉਣ ਤੱਕ ਸਟੇਜ ਦੇ ਪਿੱਛੇ ਪ੍ਰਬੰਧਕ ਮੁੰਡਿਆਂ ਕੋਲ ਹੀ ਬੈਠਾ ਰਿਹਾ | ਕਹਿਣ ਲੱਗਾ : ਮੈਂ ਕਵੀਆਂ ਕੋਲ ਨਹੀਂ ਬੈਠਦਾ | ਇਹ ਈਰਖਾ ਦੀ ਅੱਗ ਨਾਲ ਭਰੇ ਹੋਏ ਹੁੰਦੇ ਹਨ | ਸ਼ਿਵ ਦੀ ਵਾਰੀ ਆਈ | ਉਸ ਨੇ ਗੀਤ ਸ਼ੁਰੂ ਕੀਤਾ : ਮਾਏਂ ਨੀ ਮਾਏਂ , ਮੈਂ ਇਕ ਸ਼ਿਕਰਾ ਯਾਰ ਬਣਾਇਆ | ਇਕ ਉਰਦੂ ਤੇ ਪੰਜਾਬੀ ਕਵੀ ਨੇ ‘ ਵਾਹ ਵਾਹ ਫੁਕਰਾ ਯਾਰ ਬਣਾਇਆ ‘ ਕਹਿ ਕੇ ਸ਼ਿਵ ਨੂੰ ਹੂਟ ਕਰਨ ਦੀ ਕੋਸ਼ਿਸ਼ ਕੀਤੀ | ਥੋੜ੍ਹੀ ਜਿਹੀ ਹਿੜ ਹਿੜ ਹੋਈ | ਸ਼ਿਵ ਜ਼ਰਾ ਕੁ ਤ੍ਰਭਕਿਆ , ਇਕ ਪਲ ਲਈ ਰੁਕਿਆ | ਫਿਰ ਸਾਹ ਰੋਕੀ ਬੈਠੀ ਚੁਪ ਵਿਚੋਂ ਉਸ ਨੇ ਉਡਾਣ ਭਰੀ , ਫੁੱਲ ਤੋਂ ਤਾਰਾ ਬਣ ਗਿਆ |

ਉਸ ਤੋਂ ਬਾਅਦ ਸੁਲਤਾਨਪੁਰ ਲੋਧੀ ਦੇ ਗੁਰਦੁਆਰੇ ਵਿਚ ਇਕ ਕਵੀ ਦਰਬਾਰ ਦੀ ਰਾਤ ਤੋਂ ਬਾਅਦ ਦੂਜੀ ਸਵੇਰ ਰੇਲ ਗੱਡੀ ਦੇ ਡੱਬੇ ਵਿਚ ਸ਼ਿਵ ਨੇ ਆਪਣਾ ਗੀਤ ਸੁਣਾਇਆ :

ਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾਤੇਰੀ ਚੁੰਮਣੋਂ ਪਿਛਲੀ ਸੰਗ ਵਰਗਾ

ਫਿਰ ਮੈਂ ਐਮ.ਏ. ਕਰਨ ਪੰਜਾਬੀ ਯੂਨੀਵਰਸਿਟੀ ਪਟਿਆਲੇ ਆ ਗਿਆ | ਉਥੇ ਮੇਰਾ ਇਕ ਸੀਨੀਅਰ ਦੋਸਤ ਸੁਰਜੀਤ ਮਾਨ ,ਸ਼ਿਵ ਦਾ ਬਹੁਤ ਦੀਵਾਨਾ ਸੀ | ਸਾਡੇ ਹੋਸਟਲ ਵਿਚ ਕਵੀਆਂ ਬਾਰੇ ਅਕਸਰ ਬਹਿਸਾਂ ਹੁੰਦੀਆਂ | ਅਸੀਂ ਉਨ੍ਹੀਂ ਦਿਨੀਂ ਲੋਰਕਾ , ਨੇਰੂਦਾ , ਬ੍ਰੈਖ਼ਤ ਪੜ੍ਹ ਰਹੇ ਸਾਂ | ਸਹਿਜੇ ਕੀਤੇ ਸਾਨੂੰ ਕੋਈ ਪੰਜਾਬੀ ਕਵੀ ਪਸੰਦ ਨਹੀਂ ਆਉਂਦਾ ਸੀ | ਅਸੀਂ ਯੂਨਾਨੀ ਦੁਖਾਂਤ ਤੋਂ ਉਰੇ ਦੀ ਗੱਲ ਘੱਟ ਹੀ ਕਰਦੇ ਸਾਂ |

ਪੰਜਾਬੀ ਯੂਨੀਵਰਸਿਟੀ ਕੈਂਪਸ ਵਿਚ ਕਵੀ ਦਰਬਾਰ ਹੋਇਆ | ਬਾਹਰ ਪੰਡਾਲ ਲੱਗਾ ਹੋਇਆ ਸੀ | ਤਾਰਾ ਸਿੰਘ ਆਪਣੀ ਕਵਿਤਾ ਪੜ੍ਹ ਕੇ ਮੇਰੇ ਤੇ ਸੁਰਜੀਤ ਕੋਲ ਆ ਬੈਠਾ | ਅਸੀਂ ਬਾਹਰ ਘਾਹ ‘ਤੇ ਬੈਠੇ ਹੋਏ ਸਾਂ | ਸ਼ਿਵ ਕੁਮਾਰ ਆਪਣੀ ਕਵਿਤਾ ਪੜ੍ਹ ਰਿਹਾ ਸੀ:

ਗੁੰਮ ਹੈ, ਗੁੰਮ ਹੈ,ਗੁੰਮ ਹੈਇਕ ਕੁੜੀ ਜਿਹਦਾ ਨਾਮ ਮੁਹੱਬਤਗੁੰਮ ਗੁੰਮ ਗੁੰਮ ਹੈ

ਤਾਰਾ ਸਿੰਘ ਕਹਿਣ ਲੱਗਾ : ਇਹ ਕੁੜੀ ਅਸਲ ਵਿਚ ਇਹਦੀ ਕਵਿਤਾ ਹੈ ਜਿਹੜੀ ਗੁੰਮ ਹੋ ਗਈ ਹੈ | ਮੈਂ ਵੀ ਅੱਜਕੱਲ੍ਹ ਕੁਝ ਨਵਾਂ ਨਹੀਂ ਲਿਖ ਰਿਹਾ | ਇਹ ਸਾਰੇ ਕਵੀ ਜੋ ਨਵਾਂ ਲਿਖ ਰਹੇ ਨੇ , ਇਹ ਵੀ ਖੜ੍ਹੇ ਖੜ੍ਹੇ ਦੌੜ ਰਹੇ ਨੇ , ਜਿਵੇਂ ਫੌਜੀ ਕਦਮ-ਤਾਲ ਕਰਦੇ ਨੇ | ਇਹ ਅੱਗੇ ਨਹੀਂ ਜਾ ਰਹੇ | ਮੈਂ ਕਦਮ-ਤਾਲ ਨਹੀਂ ਕਰਨੀ ਚਾਹੁੰਦਾ |

ਦੂਜੇ ਦਿਨ ਸਵੇਰੇ ਡਾ. ਜੀਤ ਸਿੰਘ ਸੀਤਲ ,ਸ਼ਿਵ ਕੁਮਾਰ ਤੇ ਇਕ ਐਮ.ਬੀ.ਬੀ.ਐਸ. ਦੀ ਵਿਦਿਆਰਥਣ ਸਾਨੂੰ ਗੋਲ ਮਾਰਕੀਟ ਵਿਚ ਮਿਲੇ | ਡਾ. ਸੀਤਲ ਮੈਨੂੰ ਪਾਸੇ ਬੁਲਾ ਕੇ ਕਹਿਣ ਲੱਗੇ : ਇਨ੍ਹਾਂ ਦੋਹਾਂ ਨੂੰ ਆਪਣੇ ਹੋਸਟਲ ਦੇ ਕਮਰੇ ਵਿਚ ਬਿਠਾ ਕੇ ਰੋਟੀ ਖਲਾ ਦੇ | ਮੈਂ ਹੋਸਟਲ ਦੇ ਬੈਕ ਡੋਰ ਤੋਂ ਮੈਸ ਥਾਣੀਂ ਲੰਘ ਕੇ ਦੋ ਖਾਣਿਆਂ ਦਾ ਆਰਡਰ ਕਰਕੇ ਸ਼ਿਵ ਤੇ ਉਸ ਕੁੜੀ ਨੂੰ ਆਪਣੇ ਕਮਰੇ ਵਿਚ ਛੱਡ ਆਇਆ | ਸ਼ਿਵ ਮੈਨੂੰ ਕਹਿਣ ਲੱਗਾ : ਮੈਂ ਤਾਲਾ ਲਾ ਕੇ ਚਾਬੀ ਮੈਸ ਵਿਚ ਫੜਾ ਜਾਵਾਂਗਾ | ਮੈਂ ਮੈਸ ਵਿਚ ਖਾਣਾ ਖਾ ਕੇ ਲਾਇਬਰੇਰੀ ਵਿਚ ਆ ਗਿਆ | ਉਸ ਵੇਲੇ ਮੈਂ ਆਪਣੇ ਆਪ ਨੂੰ ਬਹੁਤ ਅਹਿਮ ਸ਼ਖਸ਼ ਮਹਿਸੂਸ ਕਰ ਰਿਹਾ ਸਾਂ | ਦੋ ਘੰਟਿਆਂ ਬਾਅਦ ਮੈਂ ਆਇਆ , ਆਪਣੇ ਕਮਰੇ ਦਾ ਤਾਲਾ ਖੋਲ੍ਹਿਆ | ਖਾਣੇ ਓਵੇਂ ਹੀ ਅਣਛੋਹ ਪਏ ਸਨ | ਦੂਜੇ ਦਿਨ ਮੈਸ ਦੇ ਨੋਟਿਸ ਬੋਰਡ ਤੇ ਨੋਟਿਸ ਲੱਗਾ ਹੋਇਆ ਸੀ : ਸੁਰਜੀਤ ਸਿੰਘ ਪਾਤਰ ਇਜ਼ ਫਾਈਨਡ ਰੂਪੀਜ਼ ਟੈਨ ਫਾਰ ਇੰਟਰਟੇਨਿੰਗ ਏ ਲੇਡੀ ਗੈਸਟ ਇਨ ਹਿਜ਼ ਰੂਮ |

ਮੈਂ ਬਹੁਤ ਦਿਨ ਉਸ ਨੋਟਿਸ ਨੂੰ ਸ਼ਿਵ ਦੀ ਯਾਦ ਵਜੋਂ ਸਾਂਭੀ ਰੱਖਿਆ |

ਸ਼ਿਵ ਨਾਲ ਮੇਰੀ ਚੌਥੀ ਮੁਲਾਕਾਤ ਚੰਡੀਗੜ੍ਹ ਦੇ ਸਤਾਰਾਂ ਸੈਕਟਰ ਵਿਚ ਹੋਈ | ਮੈਂ ਤੇ ਰਣਜੀਤ ਬਾਜਵਾ ਪਟਿਆਲੇ ਤੋਂ ਚੰਡੀਗੜ੍ਹ ਆਏ ਸਾਂ , ਐਵੇਂ ਘੁੰਮਣ ਫਿਰਨ | ਕਾਫ਼ੀ ਹਾਉਸ ਵਿਚ ਅਮਿਤੋਜ ਮਿਲਿਆ | ਕਹਿਣ ਲੱਗਾ :ਬਹੁਤ ਥੱਕੇ ਥੱਕੇ ਲਗਦੇ ਓਂ | ਇਹ ਲਓ ,ਇਕ ਇਕ ਗੋਲੀ ਖਾ ਲਵੋ | ਉਸ ਨੇ ਪਾਣੀ ਦੇ ਗਲਾਸ ਮੰਗਵਾਏ ਤੇ ਸਾਨੂੰ ਗੋਲੀਆਂ ਖਲਾ ਦਿਤੀਆਂ | ਕਾਫ਼ੀ ਪੀ ਕੇ ਅਸੀਂ ਕਿਤਾਬਾਂ ਦੀ ਦੁਕਾਨ ‘ਤੇ ਆ ਗਏ | ਅਮਿਤੋਜ ਸ਼ਾਮ ਨੂੰ ਹੋਸਟਲ ਵਿਚ ਮਿਲਣ ਦਾ ਵਾਅਦਾ ਕਰਕੇ ਚਲਾ ਗਿਆ | ਕੁਝ ਚਿਰ ਬਾਅਦ ਮੈਂ ਹਲਕਾ ਹਲਕਾ ਨਸ਼ਾ ਮਹਿਸੂਸ ਕੀਤਾ | ਮੈਨੂੰ ਅਹਿਸਾਸ ਹੋਇਆ ਕਿ ਅਮਿਤੋਜ ਸਾਡੇ ਨਾਲ ਕੋਈ ਅਮਿਤੋਜੀ ਚੋਜ ਖੇਡ ਗਿਆ ਹੈ | ਕਿਤਾਬਾਂ ਦੀ ਦੁਕਾਨ ਵਿਚ ਹੀ ਪਤਾ ਨਹੀਂ ਮੈਂ ਤੇ ਰਣਜੀਤ ਕਿਵੇਂ ਨਿੱਖੜ ਗਏ |

ਕਿਤਾਬਾਂ ਦੀ ਦੁਕਾਨ ਤੋਂ ਬਾਹਰ ਆਇਆ ਤਾਂ ਦੂਰੋਂ ਚਿੱਟੀ ਦਸਤਾਰ ਤੇ ਕਾਲੇ ਚੋਗੇ ਵਾਲੇ ਮਸ਼ਹੂਰ ਚਿਤਰਕਾਰ ਸ.ਕਿਰਪਾਲ ਸਿੰਘ ਆਉਂਦੇ ਨਜ਼ਰ ਆਏ | ਮੈਂ ਉਨ੍ਹਾਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਤੇ ਅਮਿਤੋਜੀ ਲੋਰ ਵਿਚ ਉਨ੍ਹਾਂ ਨੂੰ ਚਿਤਰਕਾਰੀ ਬਾਰੇ ਇਕ ਬਹੁਤ ਲੰਮਾ ਭਾਸ਼ਨ ਦਿਤਾ | ਹੁਣ ਆਪਣੀ ਮੂਰਖਤਾ ਨਾਲੋਂ ਉਨ੍ਹਾਂ ਦੀ ਸ਼ਹਿਨਸ਼ੀਲਤਾ ਬਾਰੇ ਸੋਚ ਕੇ ਹੈਰਾਨ ਹੁੰਦਾ ਹਾਂ ਕਿ ਉਹ ਕਿੰਨੀ ਦੇਰ ਮੇਰਾ ਭਾਸ਼ਨ ਸੁਣੀ ਗਏ |

ਮੇਰਾ ਅਗਲਾ ਲੰਮਾ ਭਾਸ਼ਨ ਕਵਿਤਾ ਬਾਰੇ ਸੀ ਤੇ ਉਹ ਭਾਸ਼ਨ ਸੁਣਨ ਦੀ ਵਾਰੀ ਕਿਸੇ ਮਾੜੇ ਮੋਟੇ ਕਵੀ ਦੀ ਨਹੀਂ , ਸ਼ਿਵ ਕੁਮਾਰ ਦੀ ਸੀ ਜਿਸ ਨੂੰ ਮਸਤਾਨੀ ਤੋਰ ਤੁਰਿਆਂ ਆਉਂਦਿਆਂ ਮੈਂ ਦੂਰੋਂ ਦੇਖ ਲਿਆ ਸੀ | ਸ਼ਿਵ ਦੀ ਸ਼ਹਿਨਸ਼ੀਲਤਾ ਦੇ ਵੀ ਮੈਂ ਬਲਿਹਾਰ ਹਾਂ ਕਿ ਉਹ ਮੈਨੂੰ ਸੁਣਦਾ ਰਿਹਾ ਤੇ ਫੇਰ ਕਹਿਣ ਲੱਗਾ : ਚਲ ਆਪਾਂ ਘਰ ਚਲਦੇ ਆਂ | ਬਾਕੀ ਗੱਲਾਂ ਓਥੇ ਕਰਾਂਗੇ | ਅਸੀਂ ਸ਼ਿਵ ਦੇ ਘਰ ਵੱਲ ਨੂੰ ਚੱਲ ਪਏ | ਰਾਹ ਵਿਚੋਂ ਉਹਨੇ ਰਸਭਰੀ ਫੜ ਲਈ | ਅਸੀਂ ਜਾ ਕੇ ਸੋਫ਼ਿਆਂ ‘ਤੇ ਬੈਠੇ ਹੀ ਸਾਂ ਕਿ ਪਤਾ ਨਹੀਂ ਕਿਵੇਂ ਘੁੰਮਦਾ ਘੁਮਾਉਂਦਾ ਰਣਜੀਤ ਬਾਜਵਾ ਵੀ ਉਥੇ ਪਹੁੰਚ ਗਿਆ | ਪਤਾ ਨਹੀਂ ਕਦੋਂ ਤੱਕ ਗੱਲਾਂ ਕਰਦੇ ਰਹੇ ਤੇ ਕਦੋਂ ਸੌਂ ਗਏ | ਸਵੇਰੇ ਸੋਫ਼ਿਆਂ ‘ਤੇ ਹੀ ਜਾਗੇ | ਇਸ ਅਮਿਤੋਜੀ ਸ਼ਾਮ ਤੋਂ ਕਈ ਸਾਲਾਂ ਬਾਅਦ ਸਾਨੂੰ ਅਮਿਤੋਜ ਨੇ ਦਸਿੱਆ ਕਿ ਜਿਹੜੀ ਗੋਲੀ ਸਾਡੀ ਥਕਾਵਟ ਉਤਾਰਨ ਲਈ ਉਹਨੇ ਸਾਨੂੰ ਖਲਾਈ ਸੀ, ਉਹ ਮੈਡਰਿਕਸ ਸੀ |

ਇਕ ਬਹੁਤ ਲੰਮੇ ਦਲਾਨ ਵਿਚ ਵੀਹ ਮੋਮਬੱਤੀਆਂ ਗੋਲ ਕਤਾਰੇ ਵਿਚ ਜਗ ਰਹੀਆਂ ਸਨ ਤੇ ਹਰੇਕ ਮੋਮਬੱਤੀ ਇਕ ਇਕ ਸ਼ਾਇਰ ਦੇ ਚਿਹਰੇ ਨੂੰ ਰੁਸ਼ਨਾ ਰਹੀ ਸੀ | ਇਨ੍ਹਾਂ ਚਿਹਰਿਆਂ ਵਿਚ ਇਕ ਚਿਹਰਾ ਸ਼ਿਵ ਦਾ ਸੀ | ਇਹ ਦਲਾਨ ਕਵੀ ਤ੍ਰੈਲੋਚਨ ਦੇ ਘਰ ਦਾ ਸੀ , ਜਿਸ ਦੀ ਮੰਗਣੀ ਦੀ ਪਾਰਟੀ ਤੇ ਵੀਹ ਪੰਜਾਬੀ ਕਵੀ ਆਏ ਸਨ | ਹਰ ਸ਼ਾਇਰ ਨੇ ਮੋਮਬੱਤੀਆਂ ਦੀ ਲੋਏ ਆਪਣਾ ਕਲਾਮ ਪੜ੍ਹਿਆ | ਅਖ਼ੀਰ ਸ਼ਿਵ ਨੇ ਆਪਣੀ ਜਾਦੂਮਈ ਆਵਾਜ਼ ਵਿਚ ਆਪਣੀ ਪਿਆਰੀ ਗ਼ਜ਼ਲ ਪੜ੍ਹੀ :

ਸ਼ਹਿਰ ਤੇਰੇ ਤਰਕਾਲਾਂ ਢਲੀਆਂਗਲ ਲੱਗ ਰੋਈਆਂ ਤੇਰੀਆਂ ਗਲੀਆਂ |ਮੱਥੇ ਦਾ ਦੀਵਾ ਨਾ ਬਲਿਆਤੇਲ ਤਾਂ ਪਾਇਆ ਭਰ ਭਰ ਪਲੀਆਂ |ਇਸ਼ਕ ਮੇਰੇ ਦੀ ਸਾਲਗਿਰ੍ਹਾ ਤੇਇਹ ਕਿਸ ਘੱਲੀਆਂ ਕਾਲੀਆਂ ਕਲੀਆਂ |

ਇਹ ਸ਼ਿਵ ਨਾਲ ਮੇਰੀ ਪੰਜਵੀਂ ਮੁਲਾਕਾਤ ਸੀ |

ਸ਼ਿਵ ਨਾਲ ਮੇਰੀ ਛੇਵੀਂ ਮੁਲਾਕਾਤ ਕਿਸੇ ਕਾਲਜ ਦੇ ਕਵੀ ਦਰਬਾਰ ਵਿਚ ਹੋਈ | ਇਹ ਕਵੀ ਦਰਬਾਰ ਗੁਰੂ ਨਾਨਕ ਦੇਵ ਜੀ ਪੰਜਵੀਂ ਜਨਮ ਸ਼ਤਾਬਦੀ ਨੂੰ ਸਮਰਪਿਤ ਸੀ | ਸ਼ਿਵ ਮਾਈਕ ਤੇ ਆਇਆ ਤਾਂ ਅੰਗਰੇਜ਼ੀ ਵਿਚ ਸਰੋਤਿਆਂ ਨੂੰ ਸੰਬੋਧਨ ਕਰਨ ਲੱਗਾ | ਮੁੰਡੇ ਉਸ ਦਾ ਮਖ਼ੌਲ ਉਡਾਉਣ ਲੱਗੇ | ਉਹ ਰੁੱਸ ਕੇ ਸਟੇਜ ਤੋਂ ਉਤਰ ਗਿਆ | ਸੂਬਾ ਸਿੰਘ ਮੰਚ ਸੰਚਾਲਨ ਕਰ ਰਹੇ ਸਨ | ਉਹ ਸ਼ਿਵ ਨੂੰ ਮਨਾ ਕੇ ਲਿਆਏ ਤੇ ਕਹਿਣ ਲੱਗੇ ,” ਸ਼ਿਵ ਰੁੱਸਣ ਤੋਂ ਬਾਅਦ ਜ਼ਿਆਦਾ ਅੱਛਾ ਗਾਉਂਦਾ ਹੈ | ” ਸ਼ਿਵ ਨੇ ਆਪਣਾ ਗੀਤ ਸ਼ੁਰੂ ਕੀਤਾ ਤੇ ਵਿਦਿਆਰਥੀ ਉਸ ਦੇ ਸੁਰੀਲੇ ਤੇ ਰਸੀਲੇ ਬੋਲਾਂ ਦੀ ਪਾਵਨਤਾ ਵਿਚ ਡੁੱਬ ਗਏ:

ਹੁਣੇ ਸਰਘੀ ਦੀ ਵਾ ਨੇ ਪੰਛੀਆਂ ਦਾ ਬੋਲ ਪੀਤਾ ਹੈਤੇ ਜਾਗੀ ਬੀੜ ਨੇ ਤੇਰੇ ਨਾਮ ਦਾ ਇਕ ਵਾਕ ਲੀਤਾ ਹੈ

ਸ਼ਿਵ ਨਾਲ ਮੇਰੀ ਸੱਤਵੀਂ ਮੁਲਾਕਾਤ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਦੇ ਕਵੀ ਦਰਬਾਰ ਵਿਚ ਹੋਈ | ਇਹ ਕਵੀ ਦਰਬਾਰ ਵਿਸ਼ਵਾ ਨਾਥ ਤਿਵਾੜੀ ਹੋਰਾਂ ਨੇ ਕਰਵਾਇਆ ਸੀ | ਇਸ ਵਿਚ ਅਮਿਤੋਜ ਨੇ ਆਪਣੀ ਲੰਮੀ ਨਜ਼ਮ ਅਮੀਬਾ ਪੜ੍ਹੀ |ਇਹ ਪਹਿਲਾ ਕਵੀ ਦਰਬਾਰ ਸੀ ਜਿਸ ਵਿਚ ਸ਼ਿਵ ਨੇ ਆਪਣੀ ਕਵਿਤਾ ਗਾ ਨੇ ਨਹੀਂ ਪੜ੍ਹੀ | ਇਹ ਇਕ ਕ੍ਰਾਂਤੀਕਾਰੀ ਕਵਿਤਾ ਸੀ | ਸ਼ਾਇਦ ਸ਼ਿਵ ਤਰੱਨੁਮ ਤੇ ਰੋਮਾਂਸ ਦੇ ਮਿਹਣੇ ਨੂੰ ਦਿਲ ਨੂੰ ਲਾ ਬੈਠਾ ਸੀ | ਸਰੋਤਿਆਂ ਦੇ ਬਾਰ ਬਾਰ ਕਹਿਣ ‘ਤੇ ਵੀ ਸ਼ਿਵ ਨੇ ਕੋਈ ਗੀਤ ਗਾ ਕੇ ਨਾ ਸੁਣਾਇਆ | ਸ਼ਿਵ ਗਾਵੇ ਨਾ , ਇਹ ਗੱਲ ਸਾਰਿਆਂ ਨੂੰ ਅਜੀਬ ਲੱਗੀ | ਸ਼ਿਵ ਨੇ ਗਾਉਣਾ ਛੱਡ ਦਿਤਾ ਸੀ | ਲੱਗਦਾ ਠੱਗਾਂ ਨੇ ਕੁੱਤਾ ਕੁੱਤਾ ਕਹਿ ਕੇ ਬ੍ਰਾਹਮਣ ਦੇ ਸਿਰ ਤੋਂ ਪਠੋਰਾ ਸੁਟਵਾ ਲਿਆ ਸੀ | ਇਸ ਤੋਂ ਬਾਅਦ ਸ਼ਿਵ ਜਿਵੇਂ ਸਰੋਦ ਤੇ ਰੋਮਾਂਸ ਨੂੰ ਨਫ਼ਰਤ ਕਰਨ ਲੱਗਾ | ਉਸ ਨੇ ” ਲੁੱਚੀ ਧਰਤੀ ” ਤੇ” ਕੁੱਤਿਓ ” ਵਰਗੀਆਂ ਨਫ਼ਰਤ ਭਰੀਆਂ ਨਜ਼ਮਾਂ ਲਿਖਿਆਂ | ਲਗਦਾ ਸੀ ਉਹ ਜ਼ਹਿਰ ਨਾਲ ਭਰ ਗਿਆ ਸੀ |

ਫਿਰ ਖ਼ਬਰ ਆਈ ਕਿ ਉਹ ਫੁੱਲ ਬਣ ਗਿਆ ਜਾਂ ਤਾਰਾ |

ਸ਼ਿਵ ਦੀ ਮੌਤ ਤੋਂ ਬਾਅਦ ਬਟਾਲੇ ਗਿਆ | ਸੱਥਰ ‘ਤੇ ਬੈਠੇ ਲੋਕ ਖਾਮੋਸ਼ ਸਨ | ਸ਼ਿਵ ਦੇ ਗਾਏ ਇਕ ਗੀਤ ਦੀ ਰਿਕਾਰਡਿੰਗ ਚੱਲ ਰਹੀ ਸੀ:

ਕੀ ਪੁੱਛਦੇ ਓਂ ਹਾਲ ਫ਼ਕੀਰਾਂ ਦਾਸਾਡਾ ਨਦੀਓਂ ਵਿਛੜੇ ਨੀਰਾਂ ਦਾਸਾਡਾ ਹੰਝ ਦੀ ਜੂਨੇ ਆਇਆਂ ਦਾਸਾਡਾ ਦਿਲ ਜਲਿਆਂ ਦਿਲਗੀਰਾਂ ਦਾ |

ਉਹ ਹੰਝ ਦੀ ਜੂਨੇ ਆਇਆ ਸੀ ਤੇ ਜੋਬਨ ਰੁੱਤੇ ਤੁਰ ਗਿਆ | ਉਹ ਕਹਿੰਦਾ ਹੁੰਦਾ ਸੀ:

ਜੋਬਨ ਰੁੱਤੇ ਜੋ ਵੀ ਮਰਦਾਫੁੱਲ ਬਣੇ ਜਾਂ ਤਾਰਾ |

ਉਹ ਫੁੱਲ ਬਣਿਆ ਹੋਵੇਗਾ ਕਿ ਤਾਰਾ ? ਮੈਂ ਸਮਝਦਾ ਹਾਂ ਤਾਰਾ , ਪੰਜਾਬੀ ਸ਼ਾਇਰੀ ਦੇ ਆਕਾਸ਼ ਵਿਚ ਸਦਾ ਝਿਲਮਿਲਾਉਣ ਵਾਲਾ ਤਾਰਾ |

http://www.facebook.com/groups/sanumannpunjabihonda/


Post Comment

Sunday, June 17, 2012

ਸਿ਼ਵ ਕੁਮਾਰ ਬਟਾਲਵੀ


ਸਿ਼ਵ ਕੁਮਾਰ ਦਾ ਜਨਮ 23 ਜੁਲਾਈ ਸੰਨ 1936 ਨੂੰ ਜੰਮੂ-ਕਸ਼ਮੀਰ ਦੀ ਹੱਦ ਨਾਲ ਲੱਗਦੇ ਸ਼ਕਰਗੜ੍ਹ ਤਹਿਸੀਲ ਦੇ ਬੜਾ ਪਿੰਡ ਲੋਹਤੀਆਂ ਵਿੱਚ ਹੋਇਆ ਸੀ। ਉਸਦੇ ਪਿਤਾ ਪੰਡਿਤ ਕ੍ਰਿਸ਼ਨ ਗੋਪਾਲ, ਮਾਲ ਮਹਿਕਮੇ ਵਿੱਚ ਪਹਿਲਾਂ ਪਟਵਾਰੀ ਰਹੇ, ਬਾਅਦ ਵਿੱਚ ਕਾਨੂੰਗੋ ਅਤੇ ਸੇਵਾ ਮੁਕਤੀ ਵੇਲੇ ਪਟਵਾਰ ਸਕੂਲ ਬਟਾਲਾ ਦੇ ਪ੍ਰਿੰਸੀਪਲ ਸਨ। ਉਸ ਦੀ ਮਾਤਾ ਸ੍ਰੀਮਤੀ ਸ਼ਾਂਤੀ ਦੇਵੀ ਦੀ ਆਵਾਜ ਬਹੁਤ ਸੁਰੀਲੀ ਸੀ, ਉਹੀ ਸੁਰੀਲਾਪਣ ਸਿ਼ਵ ਦੀ ਆਵਾਜ ਵਿੱਚ ਵੀ ਸੀ। ਸਿ਼ਵ ਕੁਮਾਰ ਨੇ ਮੁੱਢਲੀ ਪੜ੍ਹਾਈ ਬੜਾ ਪਿੰਡ ਲੋਹਤੀਆਂ ਦੇ ਪ੍ਰਾਇਮਰੀ ਸਕੂਲ ਤੋਂ ਹਾਸਲ ਕੀਤੀ। ਐਸ ਵੇਲੇ ਇਹ ਪਿੰਡ ਪਾਕਿਸਤਾਨ ਦੇ ਨਾਰੋਵਾਲ ਜਿਲ੍ਹੇ ਵਿੱਚ, ਸਿਆਲਕੋਟ ਤੋਂ 30 ਕਿਲੋਮੀਟਰ ਪੂਰਬ ਵੱਲ ਹੈ। ਮੁਲਕ ਦੀ ਵੰਡ ਤੋਂ ਪਹਿਲਾਂ ਇਹ ਗੁਰਦਾਸਪੁਰ ਜਿਲ੍ਹੇ ਦਾ ਇੱਕ ਪਿੰਡ ਸੀ।

ਬਦਲੀ ਹੋਣ ਕਰਕੇ, ਪਟਵਾਰੀ ਕ੍ਰਿਸ਼ਨ ਗੋਪਾਲ ਸੰਨ 1946 ਵਿੱਚ ਸਿ਼ਵ ਨੂੰ ਸਕੂਲੋਂ ਗਰਮੀਆਂ ਦੀਆਂ ਛੁੱਟੀਆਂ ਸਨ ਤੇ ਉਹ ਆਪਣੇ ਵੱਡੇ ਭਰਾ ਦਵਾਰਕੇ ਨਾਲ ਬੜਾ ਪਿੰਡ ਲੋਹਤੀਆਂ ਗਿਆ ਹੋਇਆ ਸੀ ਤਾਂ ਦੇਸ਼ ਦੀ ਵੰਡ ਦਾ ਐਲਾਨ ਹੋ ਗਿਆ ਤੇ ਮੁਹੱਲਾ ਦਾਰੁੱਸਲਾਮ (ਬਾਅਦ ਵਿੱਚ ਜਿਸਦਾ ਨਾਂਅ ਪ੍ਰੇਮ ਨਗਰ ਪੈ ਗਿਆ) ਵਿੱਚ ਵੱਸ ਗਿਆ। ਸੰਨ 1953 ਵਿੱਚ ਸਿ਼ਵ ਨੇ ਸਾਲਵੇਸ਼ਨ ਆਰਮੀ ਹਾਈ ਸਕੂਲ ਬਟਾਲਾ ਤੋਂ ਦਸਵੀਂ ਪਾਸ ਕੀਤੀ। ਜਿੱਥੋਂ ਤੱਕ ਪੜ੍ਹਾਈ ਦਾ ਸਬੰਧ ਹੈ, ਸਿ਼ਵ ਕੁਮਾਰ ਇਹੀ ਇੱਕ ਸਰਟੀਫਿਕੇਟ ਪ੍ਰਾਪਤ ਕਰ ਸਕਿਆ। ਉਸ ਦੇ ਪਿਤਾ ਜੋ ਉਸ ਨੂੰ ਚੰਗਾ ਪੜ੍ਹਾ-ਲਿਖਾ ਕੇ ਉਚ ਵਿਦਿਆ ਦਿਵਾ ਕੇ ਇੱਕ ਕਾਰੋਬਾਰੀ ਵਿਅਕਤੀ ਬਣਾਉਣਾ ਚਾਹੁੰਦੇ ਸਨ, ਨੂੰ ਨਿਰਾਸ਼ਾ ਹੀ ਮਿਲੀ ਕਿਉਂਕਿ ਦਸਵੀਂ ਤੋਂ ਬਾਅਦ ਅਗਲੇ ਦੋ ਸਾਲ ਬਿਨ੍ਹਾਂ ਕਿਸੇ ਡਿਗਰੀ ਪ੍ਰਾਪਤ ਕਰਨ ਦੇ ਉਸਨੇ ਤਿੰਨ ਕਾਲਜ ਬਦਲੇ। ਪਹਿਲਾਂ ਬੇਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ ਬਟਾਲਾ ਵਿੱਚ ਐਫ.ਐਸ.ਸੀ. ਵਿੱਚ ਦਾਖਲਾ ਲਿਆ ਅਤੇ ਬੋਰਡ ਦੇ ਇਮਤਿਹਾਨਾਂ ਤੋਂ ਪਹਿਲਾਂ ਹੀ ਛੱਡ ਦਿੱਤਾ। ਫੇਰ ਨਾਭੇ ਜਾ ਕੇ ਸਰਕਾਰੀ ਰਿਪੂਦਮਨ ਕਾਲਜ ਵਿੱਚ ਦਾਖਲ ਹੋਇਆ ਪਰ ਕੁਝ ਹੀ ਮਹੀਨਿਆਂ ਪਿੱਛੋਂ ਮੁੜ ਆਇਆ ਤੇ ਆਰਟਸ ਵਿਸਿ਼ਆਂ ਨਾਲ ਸਿੱਖ ਨੈਸ਼ਨਲ ਕਾਲਜ ਕਾਦੀਆਂ ਵਿੱਚ ਦਾਖਲਾ ਲੈ ਲਿਆ। ਉਥੇ ਵੀ ਇਮਤਿਹਾਨ ਨਾ ਦਿੱਤਾ ਤੇ ਸਾਲ ਬਾਅਦ ਇਹ ਕਾਲਜ ਛੱਡ ਕੇ ਬੈਜਨਾਥ ਜਿਲ੍ਹਾ ਕਾਂਗੜਾ ਦੇ ਇੱਕ ਸਕੂਲ ਵਿੱਚ ਓਵਰਸੀਅਰ ਦੇ ਕੋਰਸ ਵਿੱਚ ਦਾਖਲਾ ਲੈ ਲਿਆ।
ਬੈਜਨਾਥ ਵਿਖੇ ਉਸਨੂੰ ਮੈਨਾ ਨਾਂਅ ਦੀ ਇੱਕ ਕੁੜੀ ਮਿਲੀ ਜੋ ਉਸ ਨੂੰ ਚੰਗੀ ਲੱਗੀ ਪਰ ਕੁਝ ਦੇਰ ਬਾਅਦ ਹੀ ਪਤਾ ਲੱਗਾ ਕਿ ਮੈਨਾ ਦੀ ਟਾਈਫਾਈਡ ਨਾਲ ਮੌਤ ਹੋ ਗਈ ਹੈ। ਪ੍ਰੋ. ਮੋਹਨ ਸਿੰਘ ਵਾਂਗ ਸਿ਼ਵ ਵੀ ਆਪਣੇ ਪਿਆਰੇ ਦੀ ਮੌਤ ਦੇ ਸੋਗ ਅਤੇ ਹਿਜਰ ਦਾ ਸਿ਼ਕਾਰ ਹੋ ਗਿਆ। ਮੋਹਨ ਸਿੰਘ ਤਾਂ ਉਸ ਸੋਗ ‘ਤੇ ਕਾਬੂ ਪਾ ਸਕਿਆ ਸੀ ਪਰ ਸਿ਼ਵ ਦੇ ਦਿਲ ਅੰਦਰ ਇਸ ਮੌਤ ਦਾ ਗ਼ਮ, ਉਹਦੇ ਮਰਦੇ ਦਮ ਤੱਕ ਜਿੰ਼ਦਾ ਰਿਹਾ। ਉਹ ਸੋਗ ਅਤੇ ਵਿਛੋੜਾ ਉਸ ਦੇ ਕਈ ਗੀਤਾਂ ਵਿੱਚ ਝਲਕਦਾ ਹੈ।
ਸਿ਼ਵ ਜਦੋਂ ਕਾਦੀਆਂ ਵਿੱਚ ਸੀ, ਉਦੋਂ ਹੀ ਉਹ ਆਪਣੇ ਜਮਾਤੀਆਂ ਤੇ ਯਾਰਾਂ-ਦੋਸਤਾਂ ਨੂੰ ਗ਼ਜ਼ਲਾਂ ਤੇ ਗਾਣੇ ਸੁਣਾਉਣ ਲੱਗ ਪਿਆ। ਉਹਦੀ ਆਵਾਜ ਵੀ ਸੁਰੀਲੀ ਸੀ ਤੇ ਲਫਜ਼ ਵੀ, ਇਸੇ ਕਰਕੇ ਉਸਦੇ ਕਈ ਪ੍ਰਸੰ਼ਸਕ ਬਣ ਗਏ ਸਨ। ਹੁਣ ਉਸਨੇ ਫਿਲਮੀ ਅਤੇ ਲੋਕ ਗੀਤਾਂ ਦੀ ਬਜਾਏ ਆਪਣੇ ਹੀ ਗੀਤ ਜਾਂ ਕਵਿਤਾ ਬੋਲਣੀਆਂ ਸ਼ੁਰੂ ਕਰ ਦਿੱਤੀਆਂ ਸਨ। ਉਹ ਛੇਤੀ ਹੀ ਬਟਾਲੇ ਦੇ ਸਾਹਿਬਕ ਖੇਤਰ ਵਿੱਚ ਛਾ ਗਿਆ। ਬਟਾਲੇ ਦੇ ਕੁਝ ਸੀਨੀਅਰ ਲੇਖਕਾਂ ਜਸਵੰਤ ਸਿੰਘ ਰਾਹੀ, ਕਰਤਾਰ ਸਿੰਘ ਬਲੱਗਣ ਅਤੇ ਬਰਕਤ ਰਾਮ ਯਮਨ ਨੇ ਸਿ਼ਵ ਬਟਾਲਵੀ ਨੂੰ ਬਟਾਲੇ ਅਤੇ ਬਟਾਲੇ ਤੋਂ ਬਾਹਰ ਕਈ ਕਵੀ ਦਰਬਾਰਾਂ ਅਤੇ ਮੁਸ਼ਾਇਰਿਆਂ ਵਿੱਚ ਪੇਸ਼ ਕੀਤਾ।

ਮੈਨਾ ਦੀ ਮੌਤ ਤੋਂ ਬਾਅਦ ਸਿ਼ਵ ਦੇ ਦਿਲ ਨੂੰ ਇੱਕ ਹੋਰ ਸੱਟ ਵੱਜੀ। ਉਹ, ਗੁਰਬਖਸ਼ ਪ੍ਰੀਤਲੜੀ ਦੀ ਕੁੜੀ ਵੱਲ ਆਕਰਸਿ਼ਤ ਹੋਇਆ ਤਾਂ ਉਹ ਮੁਲਕ ਛੱਡ ਕੇ ਅਮਰੀਕਾ ਚਲੀ ਗਈ ਤੇ ਉਥੇ ਜਾ ਕੇ ਵਿਆਹ ਕਰਵਾ ਲਿਆ। ਸਿ਼ਵ ਨੇ ‘ਸਿ਼ਕਰਾ’ ਕਵਿਤਾ ਲਿਖੀ ਜੋ ਬਹੁਤ ਹੀ ਪ੍ਰਸਿੱਧ ਹੈ

“ਮਾਏਂ ਨੀ ….. ਮਾਏਂ ਨੀ ….
ਮੈਂ ਇੱਕ ਸਿ਼ਕਰਾ ਯਾਰ ਬਣਾਇਆ
ਇੱਕ ਉਡਾਰੀ ਉਸ ਐਸੀ ਮਾਰੀ
ਉਹ ਫਿਰ ਵਤਨੀਂ ਨਾ ਆਇਆ …।”

ਪੜ੍ਹਾਈ ਕਰਵਾਉਣ ਦੀਆਂ ਸਾਰੀਆਂ ਕੋਸਿ਼ਸ਼ਾਂ ਵਿੱਚ ਨਾਕਾਮ ਰਹਿਣ ਤੋਂ ਬਾਅਦ ਪਿਤਾ ਕ੍ਰਿਸ਼ਨ ਗੋਪਾਲ ਨੇ ਪੁੱਤ ਸਿ਼ਵ ਕੁਮਾਰ ਨੂੰ ਬਦੋ-ਬਦੀ ਪਟਵਾਰੀ ਲਵਾ ਦਿੱਤਾ ਪਰ ਇਸ ਕੰਮ ਵਿੱਚ ਉਸਨੇ ਭੋਰਾ ਵੀ ਰੁਚੀ ਨਾ ਦਿਖਾਈ। 1961 ਵਿੱਚ ਉਸਨੇ ਇਸ ਨੌਕਰੀ ਤੋਂ ਵੀ ਅਸਤੀਫਾ ਦੇ ਦਿੱਤਾ ਅਤੇ 1966 ਤੱਕ ਬੇਰੁਜਗਾਰ ਹੀ ਰਿਹਾ। ਪਿਤਾ ਕੋਲੋਂ ਕੋਈ ਖਰਚਾ ਨਹੀਂ ਸੀ ਲੈਂਦਾ। ਇਸ ਲਈ ਇਸ ਸਮੇਂ ਦੌਰਾਨ ਉਹ ਕਦੀ ਕਦਾਈਂ ਕਵੀ ਦਰਬਾਰਾਂ ਵਿੱਚ ਆਪਣੀਆਂ ਕਵਿਤਾਵਾਂ ਪੜ੍ਹਨ ਦੇ ਸਵੇਾ ਫਲ ਜਾਂ ਕੁਝ ਛਪ ਚੁੱਕੀਆਂ ਕਿਤਾਬਾਂ ਦੀ ਨਿਗੂਣੀ ਜਿਹੀ ਰਾਇਲਟੀ ‘ਤੇ ਹੀ ਗੁਜਾਰਾ ਕਰਦਾ ਸੀ। ਸਿ਼ਵ ਦੇ ਆਜਾਦ ਜਿਹੇ ਸੁਭਾਅ ਕਾਰਨ, ਪਿਓ-ਪੁੱਤ ਦੀ ਘੱਟ ਹੀ ਬਣਦੀ ਸੀ। ਕਈ-ਕਈ ਦਿਨ ਉਹ ਘਰੋਂ ਛਲੇ ਜਾਂਦਾ ਤੇ ਦਿਨ ਰਾਤ ਦੋਸਤਾਂ-ਯਾਰਾਂ ਦੇ ਘਰੀਂ ਹੀ ਰਹਿੰਦਾ। ਆਖਰ 1966 ਵਿੱਚ ਰੋਜੀ-ਰੋਟੀ ਦੇ ਉਪਰਾਲੇ ਵਜੋਂ ਉਸਨੇ ਸਟੇਟ ਬੈਂਕ ਆਫ ਇੰਡੀਆ ਦੀ ਬਟਾਲਾ ਸ਼ਾਖਾ ਵਿੱਚ ਕਲਰਕ ਦੀ ਨੌਕਰੀ ਲੈ ਲਈ।

5 ਫਰਵਰੀ ਸੰਨ 1967 ਨੂੰ ਸਿ਼ਵ ਦਾ ਵਿਆਹ, ਗੁਰਦਾਸਪੁਰ ਜਿਲ੍ਹੇ ਦੇ ਹੀ ਇੱਕ ਪਿੰਡ ਕੀੜੀ ਮੰਗਿਆਲ ਦੀ ਅਰੁਣਾ ਨਾਲ ਹੋ ਗਿਆ। ਉਸਦਾ ਵਿਆਹੁਤਾ ਜੀਵਨ ਖੁਸ਼ ਅਤੇ ਹਰ ਪੱਖੋਂ ਠੀਕ ਠਾਕ ਸੀ। ਉਨ੍ਹਾਂ ਦੇ ਘਰ ਦੋ ਬੱਚੇ ਪੁੱਤਰ ਮਿਹਰਬਾਨ ਅਤੇ ਧੀ ਪੂਜਾ ਨੇ ਜਨਮ ਲਿਆ। ਸਿ਼ਵ ਆਪਣੇ ਬੱਚਿਆਂ ਨੂੰ ਬੇਹੱਦ ਪਿਆਰ ਕਰਦਾ ਸੀ। ਸੰਨ 1968 ਵਿੱਚ ਸਟੇਟ ਬੈਂਕ ਆਫ ਇੰਡੀਆ ਦੇ ਮੁਲਾਜ਼ਮ ਵਜੋਂ ਬਦਲ ਕੇ ਉਹ ਚੰਡੀਗੜ੍ਹ ਆ ਗਿਆ।

ਚੰਡੀਗੜ੍ਹ ਆ ਕੇ ਵੀ ਸਿ਼ਵ ਨੇ ਬੈਂਕ ਦੀ ਨੌਕਰੀ ਵਿੱਚ ਕੋਈ ਦਿਲਚਸਪੀ ਨਾ ਵਿਖਾਈ। ਉਹ 21 ਸੈਕਟਰ ਵਿੱਚ ਇੱਕ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ ਤੇ ਹਫਤੇ ਵਿੱਚ ਇੱਕ ਜਾਂ ਦੋ ਦਿਨ ਹੀ ਕੰਮ ‘ਤੇ ਜਾਂਦਾ ਸੀ।

ਹੁਣ ਤੱਕ ਕਵਿਤਾਵਾਂ ਵਿਚਲੀ ਪੀੜਾ ਤੇ ਦੁੱਖ ਕਦੀ ਉਸਦੇ ਚਿਹਰੇ ‘ਤੇ ਨਹੀਂ ਸੀ ਝਲਕਿਆ। ਆਪਣੇ ਪ੍ਰਸ਼ੰਸਕਾਂ ਤੇ ਦੋਸਤਾਂ ਨਾਲ ਬੈਠਕਾਂ ਦੌਰਾਨ ਉਹ ਇੱਕ ਖੁਸ਼-ਦਿਲ, ਹਾਸੇ-ਠੱਠੇ ਪਰ ਤੇਜ ਦਿਮਾਗ ਵਾਲਾ ਅਤੇ ਬਹੁਤ ਹੀ ਜ਼ਹੀਨ ਵਿਅਕਤੀ ਸੀ। ਆਪਣੇ ਉਦਾਸੀ ਭਰੇ, ਬਿਰਹਾ ਤੇ ਵਿਛੋੜੇ ਦੇ ਗੀਤ ਅਤੇ ਕਵਿਤਾਵਾਂ ਬੋਲਦਿਆਂ ਉਹ ਇੱਕ-ਦਮ ਚੁਟਕਲੇ ਸੁਣਾਉਣ ਲੱਗ ਪੈਂਦਾ ਜਾਂ ਹਲਕੇ-ਫੁਲਕੇ ਵਿਸ਼ੇ ‘ਤੇ ਬੋਲਣ ਲੱਗਦਾ।

1972 ਵਿੱਚ ਸਿ਼ਵ ਬਟਾਲਵੀ ਨੇ ਇੰਗਲੈਂਡ ਦਾ ਦੌਰਾ ਕੀਤਾ। ਪੰਜਾਬੀ ਬਰਾਦਰੀ ਵਿੱਚ ਉਸਦੀ ਸ਼ਾਇਰੀ ਦੀ ਮਸ਼ਹੂਰੀ ਅਤੇ ਸ਼ੋਹਰਤ ਉਸਦੇ ਉਥੇ ਪਹੁੰਚਣ ਤੋਂ ਪਹਿਲਾਂ ਹੀ ਪੁੱਜ ਚੁੱਕੀ ਸੀ। ਉਥੋਂ ਦੇ ਸਥਾਨਕ ਭਾਰਤੀ ਅਖਬਾਰਾਂ ਵਿੱਚ ਸੁਰਖੀਆਂ ਅਤੇ ਫੋਟੋਆਂ ਸਹਿਤ ਸਿ਼ਵ ਦੇ ਆਗਮਨ ਦਾ ਐਲਾਨ ਕੀਤਾ ਗਿਆ।

ਸਿ਼ਵ ਦੇ ਸਨਮਾਨ ਵਿੱਚ ਹੀ ਇੱਕ ਹੋਰ ਵੱਡੀ ਇਕੱਤਰਤਾ ਰੋਚਸਟਰ (ਕੇਂਟ) ਵਿਖੇ ਕੀਤੀ ਗਈ। ਉਥੇ ਪ੍ਰਸਿੱਧ ਚਿੱਤਰਕਾਰ ਸ਼ੋਭਾ ਸਿੰਘ ਵੀ ਹਾਜਰ ਸਨ, ਜੋ ਕਾਫੀ ਦੂਰੋਂ ਆਪਣੇ ਖਰਚੇ ‘ਤੇ ਚੱਲ ਕੇ ਸਿ਼ਵ ਨੂੰ ਮਿਲਣ ਆਏ ਸਨ। ਬਟਾਲਵੀ ਦੇ ਰੁਝੇਵੇਂ ਅਤੇ ਪ੍ਰੋਗਰਾਮ, ਸਥਾਨਕ ਮੀਡੀਆ ਦੁਆਰਾ ਰਿਪੋਰਟ ਕੀਤੇ ਜਾਂਦੇ ਸਨ। ਇੰਗਲੈਂਡ ਵਿੱਚ ਬੀ.ਬੀ.ਸੀ. ਟੈਲੀਵੀਡਨ ਨੇ ਸਿ਼ਵ ਦੀ ਇੰਟਰਵਿਊ ਵੀ ਰਿਕਾਰਡ ਕੀਤੀ। ਸਮਾਗਮਾਂ ਵਿੱਚ ਜਾਂ ਕਿਸੇ ਦੇ ਘਰੇ, ਮਿਲਣ ਆਉਣ ਵਾਲਿਆਂ ਨਾਲ ਵਿਚਾਰ-ਵਟਾਂਦਰੇ ਜਾਂ ਸੇ਼ਅਰੋ-ਸ਼ਾਇਰੀ ਦੌਰਾਨ, ਦੇਰ ਰਾਤ ਜਾਂ ਸਵੇਰੇ ਦੋ-ਢਾਈ ਵਜੇ ਤੱਕ ਸਿ਼ਵ ਜਾਗਦਾ ਰਹਿੰਦਾ ਤੇ ਸ਼ਰਾਬ ਜਿਆਦਾ ਪੀਣ ਲੱਗ ਪਿਆ ਸੀ।

ਸੰਨ 1960 ਤੋਂ 1965 ਦੇ ਦਰਮਿਆਨ ਸਿ਼ਵ ਦੇ ਪੰਜ ਕਾਵਿ ਸੰਗ੍ਰਹਿ ਛਪੇ। ਸਿ਼ਵ ਦੀ ਸ਼ਾਇਰੀ ਵਿੱਚ ਬੜਾ ਪਿੰਡ ਲੋਹਤੀਆਂ, ਜਿੱਥੇ ਅੁਸਦਾ ਬਚਪਨ ਗੁਜਰਿਆ, ਵਿੱਚ ਬਿਤਾਏ ਹੋਏ ਦਿਨਾਂ ਦੀਆਂ ਯਾਦਾਂ, ਮਨ ਮੋਹ ਲੈਣ ਵਾਲੇ ਕੁਦਰਤੀ ਦ੍ਰਿਸ਼ਾਂ ਵਾਲੀ ਸੁੰਦਰਤਾ, ਦੇਸ਼ ਦੀ ਵੰਡ ਵੇਲੇ ਉਸ ਜਗ੍ਹਾ ਦਾ ਵਿਛੋੜਾ ਅਤੇ ਠੁਠ ਪੰਜਾਬੀ ਪੇਂਡੂ ਜੀਵਨ, ਬਿੰਬ ਵਿਧਾਨ ਹਨ। ਸਿ਼ਵ ਦੀ ਸ਼ਾਇਰੀ ਦੇ ਮੁੱਲ ਦਾ ਇੱਥੋਂ ਅੰਦਾਜਾ ਲੱਗ ਸਕਦਾ ਹੈ ਕਿ ਬਹੁਤ ਸਾਰੇ ਨਾਮਵਰ ਭਾਰਤੀ ਅਤੇ ਪਾਕਿਸਤਾਨੀ ਗਾਇਕਾਂ ਨੇ ਉਸਨੂੰ ਗਾਇਆ ਹੈ। ਬਟਾਲਵੀ ਸਭ ਤੋਂ ਘੱਟ ਉਮਰ ਵਿੱਚ ਸਾਹਿਤ ਅਕੈਡਮੀ ਐਵਾਰਡ ਹਾਸਲ ਕਰਨ ਵਾਲਾ ਆਧੁਨਿਕ ਪੰਜਾਬੀ ਕਵੀ ਹੈ। ਸੰਨ 1965 ਵਿੱਚ ਛਪੇ ਉਸਦੇ ਕਾਵਿ-ਨਾਟਕ ਲੂਣਾ ਲਈ ਉਸਨੂੰ 1967 ਵਿੱਚ ਇਹ ਐਵਾਰਡ ਮਿਲਿਆ। ਥੋੜ੍ਹੀ ਉਮਰ ਵਿੱਚ ਹੀ ਕਵਿਤਾ ਦਾ ਲੰਮਾ ਪੈਂਡਾ ਤਹਿ ਕਰਨ ਵਾਲੇ ਇਸ ਕਵੀ ਦੀਆਂ ਲਿਖਤਾਂ ਵਿੱਚ ਬਿਰਹਾ ਅਤੇ ਅੰਤਰ-ਪੀੜਾ ਪ੍ਰਧਾਨ ਹੈ। ਸਿ਼ਵ ਬਟਾਲਵੀ ਨੇ 1957 ਤੋਂ 60 ਤੱਕ ਲਿਖੀਆਂ ਕਵਿਤਾਵਾਂ ਦਾ ਪਹਿਲਾ ਕਾਵਿ ਸੰਗ੍ਰਹਿ ‘ਪੀੜਾਂ ਦਾ ਪਰਾਗਾ’ (1960) ਤੋਂ ਲੈ ਕੇ ਤੇ “ਮੈਂ ਤੇ ਮੈਂ’ (1970) ਤੱਕ ਦਾ ਲੰਮਾ ਸਫਰ ਤਹਿ ਕੀਤਾ।

ਲਾਜਵੰਤੀ, ਆਟੇ ਦੀਆਂ ਚਿੜੀਆਂ, ਮੈਨੂੰ ਵਿਦਾ ਕਰੋ, ਦਰਦਮੰਦਾਂ ਦੀਆਂ ਆਹੀਂ ਲੂਣਾ, ਮੈਂ ਅਤੇ ਮੈਂ, ਆਰਤੀ, ਅਲਵਿਦਾ, ਬਿਰਹਾ ਤੂੰ ਸੁਲਤਾਨ ਆਦਿ ਕਾਵਿ ਸੰਗ੍ਰਹਿ ਛਪੇ ਜੋ ਸਿ਼ਵ ਦੀ ਸ਼ਾਇਰੀ ਨੂੰ ਅਮਰ ਬਣਾਉਂਦੇ ਹਨ। “ਆਟੇ ਦੀਆਂ ਚਿੜੀਆਂ” ਕਾਵਿ ਸੰਗ੍ਰਹਿ ਲਈ ਸਿ਼ਵ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਪਹਿਲਾ ਇਨਾਮ ਦਿੱਤਾ ਗਿਆ। ‘ਅਲਵਿਦਾ’ ਤੇ ‘ਬਿਰਹਾ ਤੂੰ ਸੁਲਤਾਨ’ ਕਾਵਿ ਸੰਗ੍ਰਹਿ ਸਿ਼ਵ ਦੀ ਮੌਤ ਤੋਂ ਬਾਅਦ ਛਾਪੇ ਗਏ। ਸਿ਼ਵ ਦੀ ਸ਼ਾਇਰੀ ਅਤੇ ਕਵਿਤਾਵਾਂ ਇੰਨੀਆਂ ਸੁਰੀਲੀਆਂ ਸਨ ਕਿ ਆਮ ਲੋਕਾਂ ਦੀ ਜੁਬਾਨ ‘ਤੇ ਚੜ੍ਹ ਗਈਆਂ। ਉਨ੍ਹਾਂ ਵਿੱਚ ਸਦੀਵੀਂ ਰਸ ਸੀ। ਸਿ਼ਵ ਕੁਮਾਰ ਦੀਆਂ ਚਰਚਿਤ ਹੋਈਆਂ ਕਵਿਤਾਵਾਂ ਵਿੱਚ ਪੀੜਾਂ ਦਾ ਪਰਾਗਾ, ਕੰਡਿਆਲੀ ਥੋਰ, ਤਿਤਲੀਆਂ, ਲਾਜਵੰਤੀ, ਨੂਰਾ ਆਦਿ ਹਨ। ਖੱਬੇ-ਪੱਖੀ ਅਤੇ ‘ਸੁਧਾਰ ਪੱਖੀ’ ਲੇਖਕਾਂ ਦੁਆਰਾ ਕੀਤੀ ਜਾ ਰਹੀ ਬੇਲੋੜੀ ਨੁਕਤਾਚੀਨੀ ਤੋਂ ਸਿ਼ਵ ਬਹੁਤ ਨਿਰਾਸ਼ ਸੀ। ਆਪਣੀ ਸ਼ਾਇਰੀ ਦੀ ਇਸ ਤਰ੍ਹਾਂ ਦੀ ਬੇ-ਇਨਸਾਫੀ ਵਾਲੀ ਨਿੰਦਾ ਤੋਂ ਖਫਾ ਹੋ ਕੇ ਹੁਣ ਉਸ ਨੇ ਖੁੱਲ੍ਹੇਆਮ ਬੋਲਣਾ ਸ਼ੁਰੂ ਕਰ ਦਿੱਤਾ ਸੀ। ਇਨ੍ਹਾਂ ਲੋਕਾਂ ਵੱਲੋਂ ਉਹਦੀਆਂ ਕਵਿਤਾਵਾਂ ਅਤੇ ਆਸ਼ਾਰਾਂ ਦੀ ਨੁਕਤਾਚੀਨੀ ਨੇ ਉਹਦੇ ਦਿਲੋ-ਦਿਮਾਗ ‘ਤੇ ਬੜਾ ਅਸਰ ਕੀਤਾ।

ਹੁਣ ਸਿ਼ਵ ਦੇ ਵਿਹਾਰ ਅਤੇ ਸੁਭਾਅ ਵਿੱਚ ਕੁੜੱਤਣ ਝਲਕਣ ਲੱਗ ਪਈ ਸੀ। ਉਹਦੀ ਸਿਹਤ ਕੁਝ ਖਰਾਬ ਰਹਿਣ ਲੱਗ ਪਈ। ਸੈਕਟਰ 22 ਦੇ ਇੱਕ ਸਟੋਰ ਵਿੱਚ ਉਸਨੂੰ ਇੱਕ ਦੌਰਾ ਵੀ ਪਿਆ। ਉਹ ਬੜੀਆਂ ਆਸਾਂ ਨਾਲ ਚੰਡੀਗੜ੍ਹ ਆਇਆ ਸੀ ਪਰ ਚਾਰ ਸਾਲ ਇੱਥੇ ਰਹਿਣ ਤੋਂ ਬਾਅਦ ਜਦ ਉਹ ਵਾਪਸ ਗਿਆ ਤਾਂ ਉਹਦੇ ਅੰਦਰ ਬੜੀ ਕੜਵਾਹਟ ਅਤੇ ਨਿਰਾਸ਼ਾ ਸੀ। ਹੁਣ ਤਾਂ ਉਹ ਆਉਣ ਵਾਲੀ ਆਪਣੀ ਮੌਤ ਦੀ ਗੱਲ ਆਮ ਹੀ ਕਰਨ ਲੱਗ ਪਿਆ ਸੀ ਅਤੇ ਬਿਨ੍ਹਾਂ ਨਾਗਾ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਸੀ। ਇੰਗਲੈਂਡ ਤੋਂ ਵਾਪਸ ਆ ਕੇ ਕੁਝ ਮਹੀਨਿਆਂ ਵਿੱਚ ਹੀ ਉਸਦੀ ਸਿਹਤ ਦਿਨੋ-ਦਿਨ ਵਿਗੜਨ ਲੱਗੀ। ਇੰਝ ਲੱਗਦਾ ਸੀ ਕਿ ਹੁਣ ਉਹ ਤੰਦੁਰਸਤ ਨਹੀਂ ਹੋ ਸਕੇਗਾ। ਉਤੋਂ ਉਹਦੀ ਆਰਥਿਕ ਹਾਲਤ ਵੀ ਬਹੁਤ ਪਤਲੀ ਹੋ ਚੁੱਕੀ ਸੀ। ਇਸ ਮਾੜੀ ਹਾਲਤ ਵਿੱਚ ਦੋਸਤ ਮਿੱਤਰ ਵੀ ਸਾਥ ਛੱਡ ਰਹੇ ਸਨ। ਪਰ ਕਿਸੇ ਤਰ੍ਹਾਂ ਕਰਕੇ ਪਤਨੀ ਅਰੁਣਾ ਨੇ ਸਿ਼ਵ ਨੂੰ ਚੰਡੀਗੜ੍ਹ ਦੇ 16 ਸੈਕਟਰ ਵਿਚਲੇ ਜਨਰਲ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਜਿੱਥੇ ਕੁਝ ਦਿਨ ਉਹਦਾ ਇਲਾਜ ਚੱਲਿਆ। ਦੋ ਕੁ ਮਹੀਨੇ ਬਾਅਦ ਉਸ ਨੂੰ ਅੰਮ੍ਰਿਤਸਰ ਦੇ ਵੀ.ਜੇ. (ਗੁਰੂ ਤੇਗ ਬਹਾਦਰ) ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ। ਉਹ ਹਸਪਤਾਲ ਵਿੱਚ ਨਹੀਂ ਸੀ ਮਰਨਾ ਚਾਹੁੰਦਾ। ਇਸੇ ਕਰਕੇ ਉਹ ਡਾਕਟਰਾਂ ਦੀ ਮਰਜੀ ਦੇ ਖਿਲਾਫ ਆਪਣੇ ਪਰਿਵਾਰਕ ਘਰ ਬਟਾਲੇ ਚਲਾ ਗਿਆ। ਉਸ ਤੋਂ ਪਿੱਛੋਂ ਉਸਨੂੰ ਉਹਦੇ ਸਹੁੇਰ ਪਿੰਡ ਕੀੜੀ ਮੰਗਿਆਲ ਲਿਜਾਇਆ ਗਿਆ। ਛੇ ਅਤੇ ਸੱਤ ਮਈ ਦੀ ਵਿਚਕਾਰਲੀ ਇਹ ਰਾਤ ਸ਼ਾਇਦ ਪੰਜਾਬੀ ਕਵਿਤਾ ਦੀ ਸਭ ਤੋਂ ਹਨ੍ਹੇਰੀ ਰਾਤ ਸੀ ਜਦ 7 ਮਈ 1973 ਦੀ ਕੁੱਕੜ ਬਾਂਗ ਤੋਂ ਪਹਿਲਾਂ ਹੀ ਹਿਜਰ ਦੀ ਪਰਿਕਰਮਾ ਕਰਦਾ ਹੋਇਆ, ਭਰਿਆ-ਭਰਾਇਆ, ਸਿ਼ਵ ਕੁਮਾਰ ਬਟਾਲਵੀ ਜੋਬਨ ਰੁੱਤੇ ਹੀ ਫੁੱਲ ਜਾਂ ਤਾਰਾ ਜਾ ਬਣਿਆ।
ਡਾ. ਮਨਜੀਤ ਸਿੰਘ ਬੱਲ 
http://www.facebook.com/sanumaanpunjabihonda2
http://www.facebook.com/groups/sanumannpunjabihonda/


Post Comment