ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Tuesday, November 6, 2012

::: ਆਓ ਸਿਆਣੇ ਬਣੀਏਂ :::


::: ਆਓ ਸਿਆਣੇ ਬਣੀਏਂ :::

 ਆਓ ਅੱਸੀਂ ਸੁਹਾਣੇ ਬਣੀਏਂ, ਆਓ ਅੱਸੀਂ ਸਿਆਣੇ ਬਣੀਏਂ
ਸਦੀ ਇਕੀਵੀਂ ਦੇ ਮਨੁੱਖ ਹਾਂ ਸਮਝ ਸੋਚ ਹੈ ਨਵੀਂ ਅਸਾਡੀ
ਕਾੰਪਯੂਟਰ ਦੇ ਯੁਗ ਦੇ ਵਾਸੀ ਪੁਲਾੜੋਂ ਪਰੇ ਹੈ ਖੋਜ ਅਸਾਡੀ
ਛੋਹੀਏ ਅੱਜ ਚੰਗੇ ਕੁਝ ਕਾਰੇ ਆਓ ਅੱਸੀਂ ਨਿਆਰੇ ਬਣੀਏਂ
ਆਓ ਅੱਸੀਂ ਸੁਹਾਣੇ ਬਣੀਏਂ ਆਓ ਅੱਸੀਂ ਸਿਆਣੇ ਬਣੀਏਂ

ਚਾਵਾਂ ਨਾਲ ਤਿਹਾਰ ਮਨਾਈਏ ਭਰੀਏ ਖ਼ੁਸ਼ੀ ਤੇ ਪ੍ਰੇਮ ਦੇ ਰੰਗ
ਪਟਾਕਿਆਂ ਦੇ ਸੇਕ ਤੋਂ ਬਚੀਏ ਛੱਡੀਏ ਹੁਣ ਇਹ ਮਾੜਾ ਸੰਗ
ਪੂੰਜੀ ਫੂਕਣੋਂ ਹਟੀਏ ਸਾਰੇ ਨਾਲੇ ਸ੍ਵਸਤ ਨਿਰੋਗੀ  ਬਣੀਏਂ
ਆਓ ਅੱਸੀਂ ਸੁਹਾਣੇ ਬਣੀਏਂ ਆਓ ਅੱਸੀਂ ਸਿਆਣੇ ਬਣੀਏਂ

ਗਲੋਬਲ ਵਾਰਮਿੰਗ ਖ਼ਤਰਾ ਭਾਰਾ ਜੂਝ ਰਹੀ ਏ ਕੁੱਲ ਲੁਕਾਈ
ਵੱਧਣੈਂ ਸੰਕਟ ਭਾਰੀ ਜੇ ਆਤਿਸ਼ਬਾਜ਼ੀ ਤੇ ਲਗਾਮ ਨ੍ਹਾਂ ਲਾਈ
ਵਾਤਾਵਰਣ ਬਚਾਕੇ ਅਪਣਾਂ ਕੁਦਰਤ ਦੇ ਸ਼ੁਭਚਿੰਤਕ  ਬਣੀਏਂ
ਆਓ ਅੱਸੀਂ ਸੁਹਾਣੇ ਬਣੀਏਂ ਆਓ ਅੱਸੀਂ ਸਿਆਣੇ ਬਣੀਏਂ

ਪੈਸਾ ਬੇਅੰਤ ਫ਼ਜ਼ੂਲ ਜੋ ਰੁੜ੍ਹਦਾ ਉਨ੍ਹੂੰ ਕਿਤੇ  ਸਕਾਰਥੇ ਲਾਈਏ
ਕਿਸੇ ਬੱਚੇ ਨੂੰ ਵਿਦਿਯਾ ਦੇਈਏ ਲੋੜਵੰਦ ਦੇ ਕਾਜ ਕਰਾਈਏ
ਯੱਸ਼ ਖੱਟੀਏ 'ਜੀਤ' ਧਰਤੀ ਤੇ ਨਾਲੇ ਰੱਬ ਦੇ ਪਿਆਰੇ ਬਣੀਏਂ
ਆਓ ਅੱਸੀਂ ਸੁਹਾਣੇ ਬਣੀਏਂ ਆਓ ਅੱਸੀਂ ਸਿਆਣੇ ਬਣੀਏਂ




( ਬਿਕਰਮਜੀਤ ਸਿੰਘ 'ਜੀਤ' )


Post Comment

ਪੰਜਾਬ ਨੂੰ ਪ੍ਰਦੂਸ਼ਣ ਰਹਿਤ ਕਰਨ ਲਈ ਸਾਰੇ ਰਲ ਕੇ ਹੰਭਲਾ ਮਾਰੀਏ


ਪੰਜਾਬ ਵਿਚ ਪ੍ਰਦੂਸ਼ਣ ਵਧਣ ਕਾਰਨ ਪੰਜਾਬ ਦੇ ਲੋਕ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਕਣਕ ਤੇ ਝੋਨੇ ਦੀ ਮੁੱਖ ਫਸਲ ਹੋਣ ਕਰਕੇ ਜ਼ਿਆਦਾਤਰ ਕਿਸਾਨ ਇਨ੍ਹਾਂ ਫਸਲਾਂ ਨੂੰ ਹੀ ਪਹਿਲ ਦਿੰਦੇ ਹਨ। ਹਰ ਸਾਲ ਕਣਕ ਤੇ ਝੋਨੇ ਦੀ ਕਟਾਈ ਤੋਂ ਬਾਅਦ ਜਦੋਂ ਇਸ ਦੀ ਪਰਾਲੀ ਅਤੇ ਨਾੜ ਨੂੰ ਅੱਗ ਲਗਾਈ ਜਾਂਦੀ ਹੈ ਤਾਂ ਕਈ-ਕਈ ਦਿਨ ਅਸਮਾਨ ਧੂੰਏਂ ਦੇ ਗੁਬਾਰਾਂ ਨਾਲ ਭਰਿਆ ਰਹਿੰਦਾ ਹੈ। ਸੜਕਾਂ ਕਿਨਾਰੇ ਅੱਗ ਲਾਉਣ ਕਾਰਨ ਕਈ ਵਾਰ ਦੁਰਘਟਨਾਵਾਂ ਹੋ ਜਾਂਦੀਆਂ ਹਨ ਅਤੇ ਇਨ੍ਹਾਂ ਵਿਚ ਕਈ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ। ਧੂੰਏਂ ਦਾ ਪ੍ਰਦੂਸ਼ਣ ਇਕ ਅਤੀ ਗੰਭੀਰ ਮਾਮਲਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਨੂੰ ਕਣਕ ਅਤੇ ਝੋਨੇ ਦੇ ਫਸਲੀ-ਚੱਕਰ 'ਚੋਂ ਕੱਢਣ ਲਈ ਕਿਸਾਨਾਂ ਲਈ ਵੱਧ ਤੋਂ ਵੱਧ ਸਬਸਿਡੀਆਂ ਦੇਵੇ, ਨਹੀਂ ਤਾਂ ਘੱਟੋ-ਘੱਟ ਝੋਨੇ ਦੀ ਪਰਾਲੀ ਨੂੰ ਖੇਤ ਵਿਚ ਖਪਾਉਣ ਲਈ ਖੇਤੀਬਾੜੀ ਦੇ ਸੰਦ ਘੱਟ ਤੋਂ ਘੱਟ ਰੇਟ 'ਤੇ ਮੁਹੱਈਆ ਕਰਵਾਏ ਜਾਣ, ਜਿਸ ਨਾਲ ਉਹ ਸੌਖੇ ਤਰੀਕੇ ਨਾਲ ਪਰਾਲੀ ਨੂੰ ਖੇਤ ਵਿਚ ਵਾਹ ਕੇ ਉਸ ਦੀ ਖਾਦ ਬਣਾ ਸਕਣ। ਇਕੱਲੇ ਸਰਕਾਰੀ ਇਸ਼ਤਿਹਾਰਾਂ ਜਾਂ ਅਪੀਲਾਂ ਨਾਲ ਇਹ ਮਾਮਲਾ ਹੱਲ ਨਹੀਂ ਹੋਣ ਵਾਲਾ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨੀ ਲਈ ਵਧੀਆ ਸਕੀਮਾਂ ਲੈ ਕੇ ਪਿੰਡਾਂ ਵਿਚ ਸੈਮੀਨਾਰ ਕਰਵਾਉਣ ਤੇ ਕਿਸਾਨਾਂ ਨੂੰ ਪਰਾਲੀ ਦੇ ਫੈਲਣ ਵਾਲੇ ਪ੍ਰਦੂਸ਼ਣ ਤੋਂ ਜਾਗਰੂਕ ਕਰਨ ਤਾਂ ਜਾ ਕੇ ਇਸ ਸਮੱਸਿਆ ਦਾ ਥੋੜ੍ਹਾ-ਬਹੁਤ ਹੱਲ ਹੋ ਸਕਦਾ ਹੈ, ਨਹੀਂ ਤਾਂ ਜਿੰਨੇ ਮਰਜ਼ੀ ਪਰਚੇ ਕਿਸਾਨਾਂ 'ਤੇ ਦਰਜ ਕੀਤੇ ਜਾਣ ਪਰ ਇਹ ਰੁਝਾਨ ਬਿਨਾਂ ਸੂਝ-ਬੂਝ ਦੇ ਰੁਕਣ ਵਾਲਾ ਨਹੀਂ।

ਕਿਸਾਨਾਂ ਨੂੰ ਵੀ ਪਰਾਲੀ ਅਤੇ ਕਣਕ ਦੇ ਨਾੜ ਨੂੰ ਸਾੜਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਪਿੰਡਾਂ ਦੇ ਜ਼ਿਆਦਾਤਰ ਲੋਕ ਜੋ ਕਿ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਤੋਂ ਪੀੜਤ ਹਨ, ਉਨ੍ਹਾਂ ਵਿਚ ਜ਼ਿਆਦਾਤਰ ਤਬਕਾ ਕਿਸਾਨ ਅਤੇ ਮਜ਼ਦੂਰਾਂ ਦਾ ਹੈ। ਅਜਿਹੀਆਂ ਬਿਮਾਰੀਆਂ ਫੈਲਣ ਦਾ ਕਾਰਨ ਜ਼ਿਆਦਾਤਰ ਧੂੰਆਂ ਹੀ ਬਣਦਾ ਹੈ। ਇਹ ਠੀਕ ਹੈ ਕਿ ਮਹਿੰਗੇ ਭਾਅ ਦਾ ਡੀਜ਼ਲ ਬਾਲ ਕੇ ਕਿਸਾਨ ਖੇਤ ਵਿਚ ਪਰਾਲੀ ਦੀ ਖਪਤ ਨਹੀਂ ਕਰ ਸਕਦਾ ਪਰ ਭਿਆਨਕ ਬਿਮਾਰੀਆਂ ਤੋਂ ਬਚਣ ਲਈ ਅਤੇ ਕੀਮਤੀ ਜਾਨਾਂ ਬਚਾਉਣ ਲਈ ਅਜਿਹਾ ਕਰਨਾ ਸਮੇਂ ਦੀ ਮੁੱਖ ਲੋੜ ਹੈ। ਪਰਾਲੀ ਸਾੜਨ ਨਾਲ ਇਕੱਲੀਆਂ ਬਿਮਾਰੀਆਂ ਹੀ ਨਹੀਂ ਲਗਦੀਆਂ, ਸਗੋਂ ਅਸੀਂ ਇਸ ਵਿਚ ਸੈਂਕੜੇ ਜੀਵ-ਜੰਤੂਆਂ ਨੂੰ ਸਾੜ ਕੇ ਸੁਆਹ ਕਰ ਦਿੰਦੇ ਹਾਂ, ਜੋ ਕਿ ਕੁਦਰਤ ਦੇ ਨਾਲ ਖਿਲਵਾੜ ਕਰਨ ਦੇ ਨਾਲ-ਨਾਲ ਇਕ ਘੋਰ ਪਾਪ ਵੀ ਹੈ। ਮੇਰੀ ਬੁੱਧੀਜੀਵੀ ਵਰਗ ਨੂੰ ਅਪੀਲ ਹੈ ਕਿ ਉਹ ਇਸ ਪਵਿੱਤਰ ਕੰਮ ਲਈ ਅੱਗੇ ਆਵੇ ਅਤੇ ਪਿੰਡਾਂ ਵਿਚ ਜਾ ਕੇ ਪ੍ਰਦੂਸ਼ਣ ਸਬੰਧੀ ਕੈਂਪ ਲਾਏ ਜਾਣ। ਮੀਡੀਆ ਵੱਧ ਤੋਂ ਵੱਧ ਪ੍ਰਦੂਸ਼ਣ ਸਬੰਧੀ ਲੋਕਾਂ ਨੂੰ ਜਾਗਰੂਕ ਕਰੇ ਤਾਂ ਜਾ ਕੇ ਅਸੀਂ ਕੁਝ ਹੱਦ ਤੱਕ ਇਸ ਪ੍ਰਦੂਸ਼ਣ ਨੂੰ ਘਟਾਉਣ ਵਿਚ ਸਫਲ ਹੋਵਾਂਗੇ। ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਕਿਸਾਨਾਂ ਲਈ ਨਵੀਆਂ-ਨਵੀਆਂ ਸਕੀਮਾਂ ਲਿਆਉਣ ਵਿਚ ਪਹਿਲ ਕਰਨ, ਤਾਂ ਜੋ ਕਿਸਾਨਾਂ ਨੂੰ ਕਣਕ-ਝੋਨੇ ਦੇ ਫਸਲੀ ਚੱਕਰ ਵਿਚੋਂ ਕੱਢਿਆ ਜਾ ਸਕੇ। ਇਕੱਲੀਆਂ ਅਪੀਲਾਂ ਅਤੇ ਅਖਬਾਰਾਂ ਵਿਚ ਇਸ਼ਤਿਹਾਰ ਦੇਣਾ ਇਸ ਦਾ ਕੋਈ ਹੱਲ ਨਹੀਂ ਹੈ। ਆਓ ਆਪਾਂ ਸਾਰੇ ਰਲ ਕੇ ਹੰਭਲਾ ਮਾਰੀਏ ਅਤੇ ਪੰਜਾਬ ਨੂੰ ਇਕ ਪ੍ਰਦੂਸ਼ਣ ਰਹਿਤ ਸੂਬਾ ਬਣਾਉਣ ਦਾ ਪ੍ਰਣ ਲਈਏ ਅਤੇ ਇਕ ਨਵੀਂ ਸਵੇਰ ਦੀ ਸਿਰਜਣਾ ਕਰੀਏ।

ਜਸਵੀਰ ਸਿੰਘ ਬਰਾੜ
-ਆਲਮਵਾਲਾ ਕਲਾਂ, ਤਹਿ: ਬਾਘਾ ਪੁਰਾਣਾ (ਮੋਗਾ)। 
ਮੋਬਾ: 98145-42271



Post Comment

Sunday, November 4, 2012

ਵਾਇਆ ਬਠਿੰਡਾ , ਨਾਲੇ ਤੋਰੀ ਨਾਲੇ ਟਿੰਡਾਂ


ਬਠਿੰਡਾ ਦੇ ਜੰਮਿਆਂ ਨੂੰ ਕਦੇ ਇਹ ਮਿਹਣਾ ਤੰਗ ਕਰਦਾ ਹੁੰਦਾ ਸੀ ‘ਵੇਖਿਆ ਤੇਰਾ ਬਠਿੰਡਾ, ਨਾ ਤੋਰੀ ਨਾ ਟਿੰਢਾ।’ ਮਿਹਣਾ ਕੋਈ ਜ਼ਿਆਦਤੀ ਵੀ ਨਹੀਂ ਸੀ। ਵਲ਼ਦਾਰ ਰੇਤਲਾ ਇਲਾਕਾ, ਟਿੱਬਿਆਂ ਦੀ ਉਡਦੀ ਧੂੜ, ਅੰਗਰੇਜ਼ਾਂ ਦਾ ਸੱਤ ਲਾਈਨਾਂ ਵਾਲਾ ਰੇਲਵੇ ਜੰਕਸ਼ਨ ਦਾ ਤੋਹਫ਼ਾ, ਛੋਟੇ-ਛੋਟੇ ਬਜ਼ਾਰਾਂ ’ਚ ਖੜ੍ਹੀਆਂ ਬਲਦ ਗੱਡੀਆਂ ਤੇ ਬੋਤਿਆਂ ਦੀਆਂ ਕਤਾਰਾਂ, ਕਈ ਏਕੜ ’ਚ ਫੈਲਿਆ ਕਿਲ੍ਹਾ ਤੇ ਇਸ ਦੀ ਬੁੱਕਲ ’ਚ ਬਣੇ ਘਰ, ਇਨ੍ਹਾਂ ਘਰਾਂ ਦੀਆਂ ਘੜਿਆਂ ਤੇ ਟੋਕਣੀਆਂ ਨਾਲ ਪਾਣੀ ਭਰਦੀਆਂ ਸੁਆਣੀਆਂ, ਸ਼ਾਮ ਢਲਦੇ ਤੇ ਸਵੇਰ ਪੈਂਦੇ ਚੱਲਣ ਵਾਲੀਆਂ ਹਨੇਰੀਆਂ, ਲੇਹਾ, ਕਰੀਰ ਤੇ ਮਲ੍ਹੇ-ਝਾੜੀਆਂ, ਕਮਲ, ਜਗਜੀਤ ਤੇ ਰਾਜੇਸ਼ ਵਰਗੀਆਂ ਛੋਟੀਆਂ ਜਿਹੀਆਂ ਟਾਕੀਆਂ, ਪਿਆਰ-ਮੁਹੱਬਤ ਵੰਡਦੇ ਸਿੱਧ-ਪੱਧਰੇ ਲੋਕ ਤੇ ਸੱਟਾ ਬਜ਼ਾਰ। ਉਦੋਂ ਇਹੋ ਪਛਾਣ ਸੀ ਬਠਿੰਡਾ ਦੀ।
ਜ਼ਿੰਦਗੀ ਦੇ ਆਖਰੀ ਪਹਿਰ ਵਿੱਚ ਪੁੱਜੇ ਲੋਕਾਂ ਦੇ ਮਨਾਂ ’ਚ ਉਸ ਪੁਰਾਣੇ ਬਠਿੰਡਾ ਦੇ ਨੈਣ ਨਕਸ਼ ਅੱਜ ਵੀ ਤਾਜ਼ਾ ਹਨ। ਉਦੋਂ ਹਾੜ੍ਹੀ ਰੁੱਤੇ ਛੋਲਿਆਂ ਦੇ ਢੇਰ ਲੱਗਦੇ। ਵੱਡੀਆਂ ਚੱਕੀਆਂ ’ਤੇ ਛੋਲਿਆਂ ਦੀ ਦਾਲ ਬਣ ਕੇ ਇੱਥੋਂ ਬਾਹਰ ਜਾਂਦੀ ਸੀ। ਮਾਰਵਾੜੀ ਤੇ ਗੁਜਰਾਤੀ ਵੀ ਇੱਥੇ ਹੀ ਠਹਿਰ ਕਰਦੇ। ਕਾਲ ਮਾਰੇ ਇਲਾਕਿਆਂ ਨੂੰ ਬਠਿੰਡਾ ਜੰਕਸ਼ਨ ਤੋਂ ਰੇਲਾਂ ਰਾਹੀਂ ਪਾਣੀ ਭੇਜਿਆ ਜਾਂਦਾ ਸੀ। ਵਕਤ ਦੀ ਅੰਗੜਾਈ ਨੇ ਹੁਣ ਮਿਹਣਾ ਮਾਰਨ ਵਾਲਿਆਂ ਦੀ ਮੜਕ ਭੰਨ ਦਿੱਤੀ ਹੈ।
ਥਰਮਲਾਂ ਦੀਆਂ ਚਿਮਨੀਆਂ, ਹਰਿਆਵਲ ’ਚ ਵਸੀ ਛਾਉਣੀ, ਖਾਦਾਂ ਦਾ ਕਾਰਖਾਨਾ, ਚਾਰ-ਚੁਫ਼ੇਰੇ ਝੀਲਾਂ ਅਤੇ ਇਨ੍ਹਾਂ ਝੀਲਾਂ ਵਿੱਚ ਚੱਲਦੀਆਂ ਕਿਸ਼ਤੀਆਂ ਤੇ ਸ਼ਿਕਾਰੇ, ਓਵਰ ਬਰਿੱਜਾਂ ਉਪਰੋਂ ਲੰਘਦੀਆਂ ਗੱਡੀਆਂ, ਸ਼ਾਪਿੰਗ ਮਾਲ, ਆਧੁਨਿਕ ਕਲੋਨੀਆਂ ਅੱਜ ਆਧੁਨਿਕ ਬਠਿੰਡਾ ਦੀ ਪਛਾਣ ਹਨ। ਦਿਨੋਂ-ਦਿਨ ਤਰੱਕੀ ਕਰ ਰਿਹਾ ਬਠਿੰਡਾ ਸੱਚਮੁੱਚ ਹੁਣ ‘ਸਿਟੀ ਆਫ਼ ਲੇਕਸ’ ਜਾਂ ਫਿਰ ‘ਸ਼ਾਰਜਾਹ ਆਫ਼ ਪੰਜਾਬ’ ਬਣ ਚੱਲਿਆ ਹੈ। ਸਿਆਸੀ ਲੋਕ ਤਾਂ ਹੁਣ ਇਸ ਨੂੰ ‘ਬਾਦਲਾਂ ਦਾ ਬਠਿੰਡਾ’ ਵੀ ਆਖਣ ਲੱਗੇ ਹਨ ਜਿਨ੍ਹਾਂ ਨੇ ਇੱਥੇ ਹਵਾਈ ਅੱਡਾ ਬਣਾ ਕੇ ਜਹਾਜ਼ ਉਡਾਉਣ ਦੀ ਤਿਆਰੀ ਕੀਤੀ ਹੈ।
ਕੇਂਦਰੀ ਯੂਨੀਵਰਸਿਟੀ ਬਣ ਗਈ ਹੈ ਅਤੇ ਹੁਣ ਟੈਕਸਟਾਈਲ ਹੱਬ ਬਣਾਉਣ ਦੀ ਗੱਲ ਚੱਲੀ ਹੈ। ‘ਵਾਇਆ ਬਠਿੰਡਾ’ ਦਾ ਮਿਹਣਾ ਮਾਰਨ ਵਾਲੇ ਹੁਣ ਆ ਕੇ ਤੱਕਣ ਬਠਿੰਡਾ। ਬੰਦੂਕਾਂ ਰੱਖਣ ਦੇ ਸ਼ੌਕੀਨਾਂ ਨੇ ਹੁਣ ਕਲਮਾਂ ਫੜ ਲਈਆਂ ਹਨ। ਬਠਿੰਡਾ ਵਿੱਚ ਵਿਕਾਸ ਹੋਇਆ ਹੈ। ਇਹ ਵੱਖਰੀ ਗੱਲ ਹੈ ਕਿ ਆਧੁਨਿਕ ਬਠਿੰਡਾ ਛੱਡ ਕੇ ਅੱਜ ਵੀ ਕੈਂਸਰ ਭੰਨੇ ਲੋਕ ਸਸਤੇ ਇਲਾਜ ਖਾਤਰ ਬੀਕਾਨੇਰ ਜਾਣ ਲਈ ਮਜਬੂਰ ਹਨ। ਮਾੜੇ ਪਾਣੀਆਂ ਵਾਲੇ ਪਿੰਡਾਂ ਦੀਆਂ ਔਰਤਾਂ ਨੂੰ ਹਾਲੇ ਵੀ ਸਿਰਾਂ ’ਤੇ ਪਾਣੀ ਢੋਣਾ ਪੈਂਦਾ ਹੈ। 
ਬਠਿੰਡਾ ਜ਼ਿਲ੍ਹੇ ਵਿੱਚ ਹੁਣ ਸਰਕਾਰੀ ਤੇ ਪ੍ਰਾਈਵੇਟ ਤਿੰਨ ਯੂਨੀਵਰਸਿਟੀਆਂ ਹਨ ਜਦੋਂਕਿ ਕਿਸੇ ਵੇਲੇ ਪੁਰਾਣੇ ਬਠਿੰਡਾ ਵਿੱਚ ਇੱਕ ਹੀ ਸਕੂਲ ਹੁੰਦਾ ਸੀ ਜਿੱਥੇ ਮੂੰਹ ਜ਼ੁਬਾਨੀ ਗਿਣਤੀ-ਮਿਣਤੀ ਰੱਖਣ ਦੀ ਸਿਖਲਾਈ ਦਿੱਤੀ ਜਾਂਦੀ ਸੀ। ਬਹੁਤੀ ਪੁਰਾਣੀ ਗੱਲ ਨਹੀਂ ਕਿ ਜਦੋਂ ਮਾਲਵੇ ਵਿੱਚ ਜ਼ੋਰਦਾਰ ਝੱਖੜ ਤੇ ਹਨੇਰੀ ਆਉਣੀ ਤਾਂ ਆਮ ਘਰਾਂ ਵਿੱਚ ਇਹੋ ਆਖਿਆ ਜਾਂਦਾ ਸੀ ਕਿ ‘ਬਠਿੰਡੇ ਵਾਲਾ ਦਿਓ’ ਆ ਗਿਆ। ਗੁਰੂ ਗੋਬਿੰਦ ਸਿੰਘ ਜੀ ਨੇ 1706 ਵਿੱਚ ਬਠਿੰਡਾ ਦੇ ਲੋਕਾਂ ਨੂੰ ਕਿਲ੍ਹੇ ਵਿਚਲੇ ਦਿਓ ਤੋਂ ਮੁਕਤ ਕਰਵਾਇਆ ਦੱਸਿਆ ਜਾਂਦਾ ਹੈ। ਹੁਣ ਬਠਿੰਡਾ ਵਿੱਚ ਨਵੇਂ ਜ਼ਮਾਨੇ ਦੀ ਹਨੇਰੀ ਨੇ ਇਸ ਸ਼ਹਿਰ ਨੂੰ ਕਾਰਪੋਰੇਟ ਵਿਕਾਸ ਦਾ ਰੰਗ ਚਾੜ੍ਹ ਦਿੱਤਾ ਹੈ। ਹੁਣ ਬਠਿੰਡਾ ਉਪਰੋਂ ਚਮਕਾਂ ਮਾਰਦਾ ਹੈ ਜਦੋਂਕਿ ਇੱਥੋਂ ਦੇ ਲੋਕ ਹਾਲੇ ਵੀ ਬੁਨਿਆਦੀ ਲੋੜਾਂ ਲਈ ਜੰਗ ਲੜ ਰਹੇ ਹਨ। ਹਵਾਈ ਅੱਡੇ ਤਾਂ ਮਿਲ ਗਏ ਹਨ ਪਰ ਲੋਕਾਂ ਨੂੰ ਪਾਣੀ ਨਹੀਂ ਮਿਲਿਆ। ਜ਼ੋਰਦਾਰ ਮੀਂਹ ਪੈ ਜਾਏ ਤਾਂ ਪੂਰਾ ਬਠਿੰਡਾ ਡੁੱਬ ਜਾਂਦਾ ਹੈ।
20 ਅਗਸਤ 1948 ਤੋਂ ਪਹਿਲਾਂ ਇਹ ਤਹਿਸੀਲ ਸੀ। ਪੈਪਸੂ ਮਿਹਰਬਾਨ ਹੋਈ ਤਾਂ 1948 ’ਚ ਬਠਿੰਡਾ ਨੂੰ ਜ਼ਿਲ੍ਹੇ ਦਾ ਦਰਜਾ ਦਿੱਤਾ ਗਿਆ। ਜ਼ਿਲ੍ਹਾ ਕਚਹਿਰੀਆਂ ਪੈਪਸੂ ਦੇ ਪ੍ਰਬੰਧਕੀ ਸਲਾਹਕਾਰ ਪੀ.ਸੀ.ਰਾਓ ਦੀ ਦੇਣ ਹਨ। ਇੱਥੇ 1969 ’ਚ ਗੁਰੂ ਨਾਨਕ ਥਰਮਲ ਪਲਾਟ ਦਾ ਨੀਂਹ ਪੱਥਰ ਰੱਖਿਆ ਗਿਆ। ਫਿਰ ਕੀ ਸੀ, ਕੱਕੇ ਰੇਤੇ ਵਾਲੀਆਂ ਹਨੇਰੀਆਂ ਵਗਣੀਆਂ ਬੰਦ ਹੋਈਆਂ। ਖਾਦ ਫੈਕਟਰੀ ਅਤੇ ਉਸ ਤੋਂ ਬਾਅਦ ਬਣੀ ਬਠਿੰਡਾ ਛਾਉਣੀ ਨੇ ਸ਼ਹਿਰ ਤੇ ਇਲਾਕੇ ਦਾ ਚਿਹਰਾ-ਮੋਹਰਾ ਹੀ ਬਦਲ ਦਿੱਤਾ। ਹਵਾਈ ਫ਼ੌਜ ਦੇ ਹਵਾਈ ਅੱਡੇ, ਤੇਲ ਡਿਪੂ, ਕਾਂਡਲਾ-ਬਠਿੰਡਾ ਤੇਲ ਪਾਈਪ ਲਾਈਨ, ਸੀਮਿੰਟ ਕਾਰਖਾਨਾ ਤੇ ਤੇਲ ਸੋਧਕ ਕਾਰਖ਼ਾਨੇ ਨੇ ਇਸ ਨੂੰ ਨਵਾਂ ਰੂਪ ਦਿੱਤਾ। 
ਬਠਿੰਡਾ ਦੇ ਇਤਿਹਾਸਕ ਕਿਲ੍ਹੇ ਨੂੰ ਨਵਾਂ ਰੰਗ ਰੂਪ ਚਾੜ੍ਹਿਆ ਜਾ ਰਿਹਾ ਹੈ। ਭੱਟੀ ਰਾਜਪੂਤ 279 ਈਸਵੀ ਵਿੱਚ ਪੰਜਾਬ ਦਾ ਰਾਜਾ ਬਣਿਆ। ਉਸ ਨੇ ਬਠਿੰਡਾ ਨੂੰ ਮਾਲਵੇ ਦੀ ਰਾਜਧਾਨੀ ਬਣਾਇਆ। ਇਸੇ ਲਈ ਕਹਿੰਦੇ ਹਨ ਕਿ ਸ਼ਹਿਰ ਦਾ ਨਾਂ ਪਹਿਲਾਂ ਭੱਟੀਆਂ ਤੋਂ ਭਟਿੰਡਾ ਤੇ ਫਿਰ ਬਠਿੰਡਾ ਬਣਿਆ। 15 ਏਕੜ ’ਚ ਬਣਿਆ ਇੱਥੋਂ ਦਾ ਕਿਲ੍ਹਾ ਤਕਰੀਬਨ 1800 ਸਾਲ ਪੁਰਾਣਾ ਹੈ। ਇਸ ਕਿਲ੍ਹੇ ਦੁਆਲੇ 36 ਬੁਰਜ ਹਨ ਜਦੋਂਕਿ ਇਸ ਦੀ ਉਚਾਈ 118 ਫੁੱਟ ਹੈ। ਕਿਲ੍ਹੇ ਉਪਰ ਖੜ੍ਹ ਕੇ ਸਾਰਾ ਬਠਿੰਡਾ ਦਿਸਦਾ ਹੈ। ਇਤਿਹਾਸਕਾਰਾਂ ਮੁਤਾਬਕ ਇਸ ਕਿਲ੍ਹੇ ਨੂੰ ਰਾਜਾ ਦੱਬ ਦੇ ਪੂਰਵਜਾਂ ਨੇ 279 ਈਸਵੀ ਵਿੱਚ ਬਣਾਇਆ ਸੀ। ਰਾਜਾ ਵਿਨੈ ਪਾਲ ਕਾਰਨ ਇਸ ਕਿਲ੍ਹੇ ਦਾ ਨਾਂ ਵਿਕਰਮਗੜ੍ਹ ਪਿਆ। 22 ਜੂਨ 1706 ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਕਿਲ੍ਹੇ ਵਿੱਚ ਚਰਨ ਪਾਏ। ਮਹਾਰਾਜਾ ਕਰਮ ਸਿੰਘ ਨੇ 1843-45 ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਬਣਾ ਕੇ ਕਿਲ੍ਹੇ ਦਾ ਨਾਂ ਗੋਬਿੰਦਗੜ੍ਹ ਰੱਖਿਆ।
ਬੇਗਮ ਰਜ਼ੀਆ ਸੁਲਤਾਨ 1239 ਤੋਂ 1240 ਤੱਕ ਬਠਿੰਡਾ ਦੇ ਇਸ ਕਿਲ੍ਹੇ ਵਿਚਲੇ ਸੰਮਨ ਬੁਰਜ ’ਚ ਕੈਦ ਰਹੀ ਸੀ। ਗਵਰਨਰ ਅਲਤੂਨੀਆਂ ਨੇ ਰਜ਼ੀਆ ਬੇਗਮ ਦੇ ਕਿਲ੍ਹੇ ਵਿਚਲੇ ਬਾਕੀ ਹਿੱਸੇ ਵਿੱਚ ਜਾਣ ’ਤੇ ਪਾਬੰਦੀ ਲਾਈ ਹੋਈ ਸੀ। ਇਤਿਹਾਸਕਾਰਾਂ ਮੁਤਾਬਕ ਰਜ਼ੀਆ ਸੁਲਤਾਨ ਨੂੰ ਸਿਰਫ਼ ਸ਼ੱੁਕਰਵਾਰ ਵਾਲੇ ਦਿਨ ਇੱਥੋਂ ਦੇ ਹਾਜੀ ਰਤਨ ਵਾਲੀ ਮਸਜਿਦ ’ਚ ਨਮਾਜ਼ ਪੜ੍ਹਨ ਦੀ ਇਜਾਜ਼ਤ ਸੀ। ਹਰ ਸ਼ੱੁਕਰਵਾਰ ਨੂੰ ਉਹ ਬੱਘੀ ’ਚ ਸਵਾਰ ਹੋ ਕੇ ਨਮਾਜ਼ ਲਈ ਜਾਂਦੀ ਸੀ। ਜਿਸ ਸੰਮਨ ਬੁਰਜ ’ਚ ਰਜ਼ੀਆ ਸੁਲਤਾਨ ਕੈਦ ਰਹੀ, ਹੁਣ ਉਸ ਦੀ ਹਾਲਤ ਖਸਤਾ ਹੈ। ਸੰਮਨ ਬੁਰਜ ਅੰਦਰਲੀ ਅਨਮੋਲ ਮੀਨਾਕਾਰੀ ਤੇ ਛੱਤ ਦੀ ਚਿੱਤਰਕਾਰੀ ਆਪਣੀ ਹੋਂਦ ਗੁਆ ਰਹੀ ਹੈ।
ਬੁਰਜ ਦੀਆਂ ਛੱਤਾਂ ਨੂੰ ਚਾਰ-ਚੁਫ਼ੇਰੇ ਥਮ੍ਹਲੇ ਖੜ੍ਹੇ ਕਰਕੇ ਬਚਾਇਆ ਗਿਆ ਹੈ। ਛੱਤ ਉੱਪਰਲੀ ਚਿੱਤਰਕਾਰੀ ਹੁਣ ਮੱਧਮ ਪੈ ਚੁੱਕੀ ਹੈ ਤੇ ਬੁਰਜ ਦੇ ਦਰਵਾਜ਼ੇ ਬੁਰੀ ਤਰ੍ਹਾਂ ਟੁੱਟ ਚੁੱਕੇ ਹਨ। ਜਿਸ ਵੇਲੇ ਰਜ਼ੀਆ ਸੁਲਤਾਨ ਸੰਮਨ ਬੁਰਜ ਵਿੱਚ ਕੈਦ ਸੀ ਤਾਂ ਤਿਉਹਾਰਾਂ ਮੌਕੇ ਖ਼ਾਸ ਤੌਰ ’ਤੇ ਲੋਕ ਮੀਨਾ ਬਾਜ਼ਾਰ ਵਾਲੇ ਪਾਸਿਓਂ ਉਸ ਦੀ ਇੱਕ ਝਲਕ ਲਈ ਘੰਟਿਆਂਬੱਧੀ ਰੁਕ ਜਾਂਦੇ ਸਨ।
ਇਤਿਹਾਸਕਾਰ ਦੱਸਦੇ ਹਨ ਕਿ ਦਿੱਲੀ ਦੇ ਬਾਦਸ਼ਾਹ ਦੀ ਧੀ ਰਜ਼ੀਆ ਸੁਲਤਾਨ, ਅਲਤੂਨੀਆਂ ਦਾ ਤਖਤਾ ਪਲਟਣ ਲਈ ਆਪਣੇ ਪ੍ਰੇਮੀ ਜਲਾਲੂਦੀਨ ਯਾਕੂਤ ਨਾਲ ਇੱਥੇ ਆਈ ਸੀ। ਰਜ਼ੀਆ ਦੇ ਭਰਾਵਾਂ ਨੇ ਯਾਕੂਤ ਨੂੰ ਮਰਵਾ ਦਿੱਤਾ ਅਤੇ ਅਲਤੂਨੀਆਂ ਨੇ ਰਜ਼ੀਆ ਸੁਲਤਾਨ ਨੂੰ 1239 ’ਚ ਇਸ ਕਿਲ੍ਹੇ ਵਿੱਚ ਕੈਦ ਕਰ ਲਿਆ ਸੀ। ਆਖਦੇ ਹਨ ਕਿ ਰਜ਼ੀਆ ਸੁਲਤਾਨ ਨੇ ਇਸ ਕਿਲ੍ਹੇ ਤੋਂ ਛਾਲ ਮਾਰ ਦਿੱਤੀ ਸੀ। ਦੂਜੇ ਪਾਸੇ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਅਸਲ ’ਚ ਰਜ਼ੀਆ ਸੁਲਤਾਨ ਦੇ ਭਰਾਵਾਂ ਨੇ 13 ਅਕਤੂਬਰ 1240 ਨੂੰ ਰਜ਼ੀਆ ਬੇਗਮ ਤੇ ਉਸ ਦੇ ਪਤੀ ਅਲਤੂਨੀਆਂ ਨੂੰ ਕੈਥਲ ਕੋਲ ਮਰਵਾ ਦਿੱਤਾ ਸੀ। ਰਜ਼ੀਆ ਬੇਗਮ ਦੇ ਭਰਾ ਪਹਿਲਾਂ ਅਲਤੂਨੀਆਂ ਦੇ ਦੋਸਤ ਸਨ। ਰਜ਼ੀਆ ਨਾਲ ਅਲਤੂਨੀਆਂ ਦਾ ਨਿਕਾਹ ਹੋਣ ਤੋਂ ਬਾਅਦ ਉਸ ਦੇ ਦੁਸ਼ਮਣ ਬਣ ਗਏ।
ਰਜ਼ੀਆ ਬੇਗਮ ਦੇ ਪ੍ਰੇਮੀ ਯਾਕੂਤ ਦੀ ਕਬਰ ਬਠਿੰਡਾ ਦੀ ਰੇਲਵੇ ਕਲੋਨੀ ਦੇ ਪਿਛਲੇ ਪਾਸੇ ਸਥਿਤ ਹੈ ਜਿਸ ਨੂੰ ਆਧੁਨਿਕ ਜ਼ਮਾਨੇ ਦੇ ਲੋਕ ਲਵਰਜ਼ ਪੁਆਇੰਟ ਵੀ ਆਖਦੇ ਹਨ। ਰਜ਼ੀਆ ਨੇ ਜਲਾਲੂਦੀਨ ਯਾਕੂਤ ਨੂੰ ਫ਼ੌਜਾਂ ਦਾ ਸੈਨਾਪਤੀ ਬਣਾ ਦਿੱਤਾ ਸੀ। ਇਸ ਕਾਰਨ ਬਠਿੰਡਾ ਦੇ ਗਵਰਨਰ ਅਲਤੂਨੀਆਂ ਸਮੇਤ ਪੰਜਾਬ ਦੇ ਕੁਝ ਗਵਰਨਰ ਬਾਗੀ ਹੋ ਗਏ ਸਨ। ਤੁਰਕਾਂ ਨੇ ਬਗਾਵਤ ਕਰ ਦਿੱਤੀ। ਜਦੋਂ ਰਜ਼ੀਆ ਬਗਾਵਤ ਕੁਚਲਣ ਲਈ ਇਸ ਪਾਸੇ ਵਧੀ ਤਾਂ ਯਾਕੂਤ ਨੂੰ ਮੌਤ ਦੇ ਘਾਟ ਉਤਾਰਨ ਮਗਰੋਂ ਰਜ਼ੀਆ ਨੂੰ ਕੈਦ ਕਰਕੇ ਅਲਤੂਨੀਆਂ ਦੇ ਹਵਾਲੇ ਕਰ ਦਿੱਤਾ ਗਿਆ। ਬਠਿੰਡਾ ਦੇ ਪੁਰਾਣੇ ਕਿਲ੍ਹੇ ਦਾ ਮੁਹਾਂਦਰਾ ਸਮੇਂ ਦੀ ਗਰਦਿਸ਼ ਵਿੱਚ ਗੁਆਚ ਗਿਆ ਹੈ। ਪੁਰਾਤਤਵ ਵਿਭਾਗ ਇਸ ਕਿਲ੍ਹੇ ਨੂੰ ਸੰਭਾਲਣ ਲਈ ਚਾਰ-ਚੁਫ਼ੇਰੇ ਤੋਂ ਨਵਾਂ ਰੂਪ ਦੇ ਰਿਹਾ ਹੈ ਜਿਸ ਕਰਕੇ ਪੁਰਾਣੀ ਦਿੱਖ ਗੁਆਚਣ ਲੱਗੀ ਹੈ।
ਇਸੇ ਤਰ੍ਹਾਂ ਬਟਵਾਰੇ ਤੋਂ ਪਹਿਲਾਂ ਬਾਬਾ ਹਾਜੀ ਰਤਨ ਦੀ ਸਮਾਧ ’ਤੇ ਵੱਡਾ ਮੇਲਾ ਲੱਗਦਾ ਰਿਹਾ ਹੈ। ਬਾਬਾ ਹਾਜੀ ਰਤਨ ਦਾ ਪਹਿਲਾ ਨਾਂ ਰਤਨਪਾਲ ਸੀ। ਮਗਰੋਂ ਉਹ ਮੱਕਾ ਸ਼ਰੀਫ਼ ਗਏ ਅਤੇ ਮੁਸਲਮਾਨ ਬਣ ਗਏ। ਉਨ੍ਹਾਂ ਨੇ ਬਠਿੰਡਾ ਵਾਪਸ ਆ ਕੇ ਇਸਲਾਮ ਮੱਤ ਦਾ ਪ੍ਰਚਾਰ ਕੀਤਾ। ਉਨ੍ਹਾਂ ਦਾ ਮਕਬਰਾ ਇਸੇ ਸ਼ਹਿਰ ਵਿੱਚ ਹੈ। ਪੁਰਾਤਨ ਸ਼ਹਿਰ ਬਠਿੰਡਾ ਆਪਣੀ ਗੋਦ ਵਿੱਚ ਅਨੇਕਾਂ ਯਾਦਾਂ ਨੂੰ ਸਮੋਈ ਬੈਠਾ ਹੈ। ਇੱਥੇ ਗੋਆ ਦੇ ਸ਼ਹੀਦ ਮਾਸਟਰ ਕਰਨੈਲ ਸਿੰਘ ਨੂੰ ਸਮਰਪਿਤ ਟੀਚਰਜ਼ ਹੋਮ ਹੈ। ਇਸ ਦੇ ਨੇੜੇ ਫ਼ੌਜੀ ਚੌਕ ਹੈ ਜੋ ਵਿਕਟੋਰੀਆ ਕਰਾਸ ਸੂਬੇਦਾਰ ਨੰਦ ਸਿੰਘ ਨੂੰ ਸਮਰਪਿਤ ਹੈ। 


ਚਰਨਜੀਤ ਭੁੱਲਰ


Post Comment

ਪਾਕਿ-ਸਥਾਨਾਂ ਦੇ ਦਰਸ਼ਨਾਂ 'ਚ ਖੁਦ ਭਾਰਤੀ ਸਰਕਾਰ ਹੀ ਰੁਕਾਵਟ


ਸਿੱਖਾਂ ਨੂੰ ਪਾਕਿਸਤਾਨ ਅੰਦਰਲੇ ਤਕਰੀਬਨ 400 ਧਾਰਮਿਕ ਸਥਾਨਾਂ ਦੇ ਦਰਸ਼ਨਾਂ ਤੋਂ ਵਾਂਝਿਆ ਰੱਖਿਆਂ ਨੂੰ ਅੱਜ ਲਗ ਪਗ 60-65 ਸਾਲ ਹੋ ਗਏ ਨੇ । ਕਈ ਸਥਾਨ ਤਾਂ ਹੁਣ ਤਕ ਅਲੋਪ ਹੀ ਹੋ ਚੁੱਕੇ ਨੇ ਤੇ 5 ਕੁ ਸਾਲਾਂ ਵਿਚ ਕੋਈ 40% ਹੋਰ ਡਿੱਗ ਢੱਠ ਜਾਣੇ ਨੇ। ਓਧਰ ਜਦੋਂ ਸਿੱਖ ਪਾਕ ਵੀਜੇ ਲਈ ਦਰਖਾਸਤ ਕਰਦਾ ਹੈ ਤਾਂ ਸੀ ਆਈ ਡੀ ਉਸ ਦੁਆਲੇ ਹੋ ਜਾਂਦੀ ਹੈ। ਜੇ ਕਿਤੇ ਥੋੜੇ ਬਹੁਤ ਜਥੇ ਜਾਣ ਵੀ ਦਿਤੇ ਜਾਂਦੇ ਹਨ ਤਾਂ ਉਹ ਵੀ ਸਾਲ ਵਿਚ ਇਕ ਦੋ ਵਾਰੀ, ਸਿਰਫ ਇਕ ਦੋ ਥਾਵਾਂ ਤੇ ਹੀ ਅਤੇ ਸਧਾਰਨ ਕਰਾਏ ਤੋਂ ਸੈਂਕੜੇ ਗੁਣਾਂ ਜਿਆਦਾ ਕਰਾਇਆ ਲੈ ਕੇ। ਫਿਰ ਜਦੋਂ ਵੀ ਮਨ ਆਏ ਯਾਤਰਾਵਾਂ ਬੰਦ ਕਰ ਦਿਤੀਆਂ ਜਾਂਦੀਆਂ ਹਨ। ਧਾਰਮਿਕ ਯਾਤਰਾਵਾਂ ਦੀ ਕਦਰ ਜੋ ਦੁਨੀਆਂ ਭਰ ਵਿਚ ੍‍ਦੀ ਹੈ ਉਸ ਦੇ ਮੱਦੇ ਨਜ਼ਰ ਭਾਰਤੀ ਸਰਕਾਰਾਂ ਸਿੱਖਾਂ ਦੇ ਜ਼ਜ਼ਬਾਤਾਂ ਨੂੰ ਪੈਰ ਦੀ ਜੁੱਤੀ ਗਿਣਦੀਆਂ ਹਨ। ਸਰਹੱਦੀ ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਪਾਕਿਸਤਾਨ ਨੇ ਜੋ ਖੁੱਲਾ ਲਾਂਘਾ ਦੇਣਾ ਮੰਨਿਆ ਹੈ ਤੇ ਬੀਜੇਪੀ/ਕਾਂਗਰਸ ਸਰਕਾਰਾਂ ਇਸ ਤੇ ਜੋ ਗੂੰਗੀਆਂ ਬਣੀ ਬੈਠੀਆਂ ਰਹੀਆਂ ਇਸ ਤੋਂ ਹੀ ਸਾਰੀ ਸਥਿਤੀ ਸਪੱਸ਼ਟ ਹੋ ਜਾਂਦੀ ਹੈ ਕਿ ਆਪਣੀਆਂ ਸਰਕਾਰਾਂ ਹੀ ਨਹੀ ਚਾ੍‍ਦੀਆਂ ਕਿ ਸਿੱਖ ਆਪਣੇ ਪਵਿਤਰ ਅਸਥਾਨਾਂ ਦੇ ਦਰਸ਼ਨ ਦੀਦਾਰੇ ਕਰਨ।ਇਹ ਗਵਾਂਢੀ ਮੁਲਕ ਕੋਲ ਸਿੱਖਾਂ ਦੀ ਵਕਾਲਤ ਕਰਦੀਆਂ ਹੀ ਨਹੀ। ਹੁਣ ਪਤਾ ਲਗਾ ਹੈ ਕਿ ਇਹ ਕੱਟੜਵਾਦੀ ਸਰਕਾਰਾਂ ਚਾਹੁੰਦੀਆਂ ਹੀ ਨਹੀ ਕਿ ਕੋਈ ਇਹੋ ਜਿਹੀ ਹਰਕਤ ਹੋਵੇ ਜਿਸ ਨਾਲ ਸਿੱਖ - ਮੁਸਲਮਾਨ ਨੇੜਤਾ ਹੋਣ ਦੀ ਸੰਭਾਵਨਾ ਹੁੰਦੀ ਹੋਵੇ।
ਇਥੇ ਵੱਡੀ ਜੁੰਮੇਵਾਰੀ ਅਕਾਲੀ ਦਲ ਦੀ ਬਣਦੀ ਸੀ। ਦੁਖੀ ਹਿਰਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਸਿੱਖ ਰਾਜਨੀਤਕ ਪਾਰਟੀ ਆਪਣੇ ਸ਼ਾਨਦਾਰ ਪਿਛੋਕੜ ਨੂੰ ਤਿਆਗ ਬ੍ਰਾਹਮਣਵਾਦੀ ਫਿਰਕੂ ਪਾਰਟੀ ਦੇ ਕੁੱਛੜ ਚੜ੍ਹ ਪੰਥ ਤੇ ਪੰਜਾਬ ਦੇ ਮੁੱਦਿਆਂ ਨਾਲ ਸ਼੍ਰੇਆਮ ਗਦਾਰੀ ਕਰ ਰਹੀ ਹੈ। ਜਿਵੇ ਹੁਣੇ ਹੁਣੇ ਧਾਰਾ 5 ਦੇ ਮਸਲੇ ਤੇ ਪਾਰਟੀ ਨੇ ਪਿੱਠ ਦਿਖਾਈ ਹੈ ਹਾਲਾਕਿ ਮੈਨੀਫੈਸਟੋ ਵਿਚ ਵਾਇਦਾ ਵੀ ਕੀਤਾ ਸੀ ਤੇ ਹੋਲੇ ਮੁਹੱਲੇ ਤੇ ਬਾਦਲ ਵੀ ਗਰਜਿਆ ਸੀ। ਸ਼੍ਰੋਮਣੀ ਕਮੇਟੀ ਦੀ ਹਾਲਤ ਤਾਂ ਹੋਰ ਵੀ ਪਤਲੀ ਹੋ ਚੁੱਕੀ ਹੈ ਜਿਸ ਨੇ ਕਾਰ ਸੇਵਾ ਦੇ ਨਾਂ ਤੇ ਕਈ ਇਤਹਾਸਿਕ ਅਸਥਾਨ ਢੁਹਾਏ ਹਨ ਜਿਵੇ ਗੁਰਦੁਆਰਾ ਲੋਹ ਗੜ੍ਹ ਆਦਿ। ਸਾਨੂੰ ਨਹੀ ਉਮੀਦ ਕਿ ਬਾਦਲ ਵਿਛੋੜੇ ਅਸਥਾਨਾਂ ਸਬੰਧੀ ਕੁਝ ਕਰੇਗਾ। ਪੰਜਾਬ ਤੇ ਪੰਥ ਅੱਜ ਅਤਿਅੰਤ ਨਾਜਕ ਦੌਰ ਵਿਚੋਂ ਗੁਜਰ ਰਹੇ ਹਨ। ਜਰੂਰਤ ਹੈ ਜਿਥੇ ਜਿਥੇ ਕੋਈ ਸੁਹਿਰਦ ਸਿੱਖ ਬੈਠਾ ਹੈ ਚਾਹੇ ਉਹ ਅਕਾਲੀ ਦਲ ਵਿਚ ਹੋਵੇ ਜਾਂ ਕਾਂਗਰਸ ਜਾਂ ਹੋਰ ਕਿਤੇ ਉਹ ਮਾਇਆ ਮੋਹ ਤਿਆਗ ਗੁਰੂ ਨਾਨਕ -ਗੁਰੂ ਗੋਬਿੰਦ ਸਿੰਘ ਦੇ ਪਿਆਰੇ ਪੰਜਾਬ ਤੇ ਪੰਥ ਦੀ ਸੇਵਾ ਵਿਚ ਤਤਪਰ ਹੋ ਲੋਕਾਂ ਦੇ ਅਸਲੀ ਮੁਦਿਆਂ ਤੇ ਆ ਸੰਘਰਸ਼ ਕਰੇ। ਸਾਡੀ ਫਤਹਿ ਨੂੰ ਹੁਣ ਕੋਈ ਨਹੀ ਰੋਕ ਸਕਦਾ। ਇਹ ਵੀ ਯਾਦ ਰਹੇ ਕਿ ਸੰਗਤਾਂ ਸਵੇਰੇ- ਸ਼ਾਮ ਬਿਨ ਨਾਗਾ ਦਰਸ਼ਨਾਂ ਲਈ ਅਰਦਾਸਾਂ ਕਰ ਰਹੀਆਂ ਹਨ। ਓਧਰ ਧਾਰਮਿਕ ਅਸਥਾਨਾਂ ਦਾ ਮਸਲਾ ਹੁਣ ਨਾਜਕ ਦੌਰ ਵਿਚ ਦਾਖਲ ਹੋ ਚੁੱਕਾ ਹੈ।ਸਾਡੇ ਸੂਤਰਧਾਰ ਜਿਨਾਂ ਨੂੰ ਓਨਾਂ ਸਥਾਨਾਂ ਦੀਆਂ ਯਾਦਾ ਹਨ ਖਤਮ ਹੋਣ ਵਾਲੇ ਹਨ। ਕਿਉਕਿ 1947 'ਚ ਜਿਹੜੇ 15-20 ਸਾਲ ਦੇ ਸਨ ਅੱਜ ਪੂਰੇ ਬਜੁਰਗ ਹੋ ਚੁਕੇ ਹਨ।ਸਿੱਖਾਂ ਨੇ ਸਰਕਾਰ ਨੂੰ ਬਹੁਤ ਸਹਿਯੋਗ ਦਿਤਾ ਹੈ। 60 ਸਾਲ ਦਾ ਸਮਾ ਕੋਈ ਥੋੜਾ ਨਹੀ ਹੁ‍ਦਾ। ਹੁਣ ਵੇਲਾ ਆ ਗਿਆ ਹੈ ਕਿ ਹਾਲਾਤਾਂ ਦੀ ਨਜ਼ਾਕਤ ਨੂੰ ਸਮਝਦਿਆਂ ਸਰਕਾਰ ਸਿੱਖ ਜ਼ਜਬਾਤਾਂ ਦੀ ਕਦਰ ਕਰੇ ਤੇ ਆਪਣੇ ਪੱਖਪਾਤੀ ਰਵੱਈਏ ਨੂੰ ਤੁਰੰਤ ਤਿਆਗੇ। ਪਹਿਲੀ ਗਲ ਤਾਂ ਪਾਕਿਸਤਾਨ ਨਾਲ ਅਮਨ ਕਰੇ ਜੇ ਅਮਨ ਨਹੀ ਵੀ ਹੋ ਸਕਦਾ ਤਾਂ ਸਿੱਖਾਂ ਲਈ ਓਹੋ ਜਿਹੇ ਹਾਲਾਤ ਪੈਦਾ ਕਰੇ ਜਿਵੇ ਜੰਗ ਦੇ ਦੌਰਾਨ ਵੀ ਮੱਕੇ ਦੇ ਹੱਜ ਜਾਂ ਅਮਰਨਾਥ ਯਾਤਰਾ ਤੇ ਕੋਈ ਰੋਕ ਨਹੀ ਹੁੰਦੀ ।


Post Comment

ਐਕੂਪ੍ਰੈਸ਼ਰ ਨਾਲ ਮਾਇਗਰੇਨ ਦਾ ਇਲਾਜ


ਸਿਰ ਦਰਦ ਇਕ ਅਜਿਹੀ ਸਮੱਸਿਆ ਹੈ ਜਿਸ ਦਾ ਵਿਅਕਤੀ ਆਏ ਦਿਨ ਸ਼ਿਕਾਰ ਹੁੰਦਾ ਰਹਿੰਦਾ ਹੈ। ਇਹ ਰੋਗ ਕਦੀ-ਕਦੀ ਆਪਣੇ ਆਪ ਠੀਕ ਹੋ ਜਾਂਦਾ ਹੈ ਤਾਂ ਕਦੀ-ਕਦੀ ਦਵਾਈ ਲੈਣ ਤੋਂ ਬਾਅਦ ਵੀ ਛੇਤੀ ਠੀਕ ਨਹੀਂ ਹੁੰਦਾ ਅਤੇ ਰੋਗੀ ਨੂੰ ਕਈ ਦਿਨ ਤੱਕ ਪ੍ਰੇਸ਼ਾਨ ਹੋਣਾ ਪੈਂਦਾ ਹੈ।

ਆਯੂਰਵੇਦ ਵਿਚ 11 ਪ੍ਰਕਾਰ ਦੇ ਸਿਰਦਰਦ ਦੱਸੇ ਗਏ ਹਨ। ਉਨ੍ਹਾਂ ਵਿਚੋਂ ਮਾਇਗਰੇਨ ਵੀ ਇਕ ਹੈ। ਮਾਇਗਰੇਨ ਵਿਚ ਸਿਰ, ਕੰਨ, ਅੱਖਾਂ ਅਤੇ ਚਿਹਰੇ ਦੇ ਅੱਧੇ ਹਿੱਸੇ ਵਿਚ ਕਾਫ਼ੀ ਤੇਜ਼ ਦਰਦ ਹੁੰਦਾ ਹੈ ਅਤੇ ਆਰੀ ਨਾਲ ਕੱਟਣ ਵਰਗਾ ਦਰਦ ਹੁੰਦਾ ਹੈ। ਮਾਇਗਰੇਨ ਦਾ ਦਰਦ ਕਈ ਦਿਨਾਂ ਤੱਕ ਬਣਿਆ ਰਹਿੰਦਾ ਹੈ। ਕੁਝ ਲੋਕ ਕੁਝ ਦਿਨਾਂ ਬਾਅਦ ਤਾਂ ਕੁਝ ਲੋਕ ਕਈ ਮਹੀਨਿਆਂ ਬਾਅਦ ਇਸ ਦਾ ਸ਼ਿਕਾਰ ਹੁੰਦੇ ਹਨ। ਇਸ ਬਿਮਾਰੀ ਦਾ ਦਵਾਈਆਂ ਨਾਲ ਇਲਾਜ ਅਜੇ ਨਹੀਂ ਖੋਜਿਆ ਜਾ ਸਕਿਆ।

ਮਾਇਗਰੇਨ ਕਈ ਕਾਰਨਾਂ ਕਰਕੇ ਹੁੰਦਾ ਹੈ। ਇਹ ਕਬਜ਼, ਪੇਟ ਗੈਸ, ਜਿਗਰ ਜਾਂ ਪਿੱਤੇ 'ਚ ਗੜਬੜੀ, ਪੁਰਾਣਾ ਨਜਲਾ, ਜੁਕਾਮ, ਗਰਦਨ ਵਿਚ ਰੀੜ੍ਹ ਦੀਹੱਡੀ ਦੇ ਵਿਕਾਰਗ੍ਰਸਤ ਹੋਣ, ਕੰਨ ਜਾਂ ਦੰਦ ਦਰਦ ਨਾਲ ਹੁੰਦਾ ਹੈ। ਨਸਾਂ ਵਿਚ ਖਿਚਾਅ, ਤਿੱਲੀ ਦਾ ਵਧਣਾ, ਸਿਰ ਵਿਚ ਟਿਊਮਰ, ਮਾਨਸਿਕ ਅਸ਼ਾਂਤੀ, ਅੱਖਾਂ ਦੇ ਰੋਗ ਅਤੇ ਨਿਰੰਤਰ ਚਿੰਤਾ ਦੇ ਕਾਰਨ ਵੀ ਮਾਇਗਰੇਨ ਹੁੰਦਾ ਹੈ। ਕੁਝ ਲੋਕ ਵਿਸ਼ੇਸ਼ ਵਸਤੂ ਦਾ ਸੇਵਨ ਕਰਨ ਨਾਲ ਇਸ ਦਾ ਸ਼ਿਕਾਰ ਹੋ ਜਾਂਦੇ ਹਨ। ਔਰਤਾਂ ਇਸ ਦਾ ਵਧ ਸ਼ਿਕਾਰ ਹੁੰਦੀਆਂ ਹਨ। ਇਹ ਰੋਗ ਹਾਰਮੋਨਜ਼ ਅਸੰਤੁਲਨ, ਜਨਨ ਅੰਗਾਂ ਵਿਚ ਵਿਕਾਰ, ਹਿਸਟੀਰੀਆ, ਮਿਰਗੀ ਅਤੇ ਪਿਸ਼ਾਬ ਰੋਗਾਂ ਕਰਕੇ ਵੀ ਹੁੰਦਾ ਹੈ।

ਦਵਾਈਆਂ ਨਾਲ ਮਾਇਗਰੇਨ ਨੂੰ ਦੂਰ ਨਹੀਂ ਕੀਤਾ ਜਾ ਸਕਦਾ। ਪਰ ਐਕੂਪ੍ਰੈਸ਼ਰ ਨਾਲ ਬਿਨਾਂ ਦਵਾਈ ਦੇ ਇਸ ਰੋਗ ਨੂੰ ਪੂਰੀ ਤਰ੍ਹਾਂ ਦੂਰ ਕੀਤਾ ਜਾ ਸਕਦਾ ਹੈ। ਐਕੂਪ੍ਰੈਸ਼ਰ ਇਕ ਚਮਤਕਾਰੀ ਪਦਤੀ ਹੈ, ਜਿਸ ਵਿਚ ਹੱਥਾਂ ਅਤੇ ਪੈਰਾਂ ਦੇ ਕੁਝ ਵਿਸ਼ੇਸ਼ ਕੇਂਦਰਾਂ 'ਤੇ ਹੱਥ ਦੇ ਅੰਗੂਠੇ ਨਾਲ ਦਬਾਅ ਪਾ ਕੇ ਜਾਂ ਮਾਲਿਸ਼ ਕਰਕੇ ਕਈ ਰੋਗਾਂ ਨੂੰ ਦੂਰ ਕੀਤਾ ਜਾ ਸਕਦਾ ਹੈ। ਇਨ੍ਹਾਂ ਕੇਂਦਰਾਂ ਦਾ ਸਰੀਰ ਦੇ ਵੱਖ-ਵੱਖ ਅੰਗਾਂ ਨਾਲ ਸਿੱਧਾ ਸਬੰਧ ਹੈ।

ਇਸ ਵਿਧੀ ਨਾਲ ਮਾਇਗਰੇਨ ਦਾ ਇਲਾਜ ਕਰਦੇ ਸਮੇਂ ਸਭ ਤੋਂ ਪਹਿਲਾਂ ਹੱਥਾਂ ਅਤੇ ਪੈਰਾਂ ਦੇ ਅੰਗੂਠਿਆਂ ਦੇ ਨਾਲ ਇਕ-ਦੋ ਮਿੰਟ ਦਾ ਅਤੇ ਉਸ ਦੇ ਬਾਅਦ ਦੋਵਾਂ ਹੱਥਾਂ ਦੇ ਉਪਰ ਤਿਕੋਣ ਸਥਾਨ 'ਤੇ 2-3 ਮਿੰਟ ਤੱਕ ਮਾਲਿਸ਼ ਵਰਗਾ ਦਬਾਅ ਦਿੱਤਾ ਜਾਂਦਾ ਹੈ। ਅਟੈਕ ਦੀ ਹਾਲਤ ਵਿਚ ਇਨ੍ਹਾਂ ਕੇਂਦਰਾਂ 'ਤੇ ਦਬਾਅ ਪਾਉਣ ਨਾਲ ਦਰਦ ਘੱਟ ਜਾਂਦਾ ਹੈ ਜਾਂ ਬਿਲਕੁਲ ਦੂਰ ਹੋ ਜਾਂਦਾ ਹੈ।

ਹੱਥਾਂ ਅਤੇ ਪੈਰਾਂ ਦੀਆਂ ਉਂਗਲੀਆਂ ਦੇ ਚਾਰੇ ਪਾਸਿਆਂ ਦੇ ਕੇਂਦਰ ਦਾ ਦਿਮਾਗ 'ਤੇ ਸਿੱਧਾ ਸਬੰਧ ਹੁੰਦਾ ਹੈ ਅਤੇ ਉਨ੍ਹਾਂ 'ਤੇ ਦਬਾਅ ਪਾਉਣ ਨਾਲ ਦਿਮਾਗੀ ਤਣਾਓ ਦੂਰ ਹੁੰਦਾ ਹੈ। ਹੱਥਾਂ-ਪੈਰਾਂ ਦੇ ਉਪਰ ਮਾਲਿਸ਼ ਕਰਨ ਵਰਗਾ ਸਮਾਨ ਦਬਾਅ ਪਾਉਣਾ ਚਾਹੀਦਾ ਹੈ। ਐਕੂਪ੍ਰੈਸ਼ਰ ਨਾਲ ਇਲਾਜ ਦਿਨ ਵਿਚ ਦੋ ਵਾਰ, ਸਵੇਰੇ-ਸ਼ਾਮ ਕਰਨਾ ਚਾਹੀਦਾ ਹੈ। ਜੇਕਰ ਸਵੇਰੇ-ਸ਼ਾਮ ਅਜਿਹਾ ਕਰਨਾ ਅਸੰਭਵ ਨਹੀਂ ਹੈ ਤਾਂ ਦਿਨ ਵੇਲੇ ਕਿਸੇ ਵਕਤ ਕੀਤਾ ਜਾ ਸਕਦਾ ਹੈ। ਸਾਰੇ ਕੇਂਦਰਾਂ 'ਤੇ ਦਬਾਅ ਦੇਣ ਵਿਚ 15-20 ਮਿੰਟ ਲੱਗ ਜਾਂਦੇ ਹਨ। ਆਮ ਤੌਰ 'ਤੇ ਐਕੂਪ੍ਰੈਸ਼ਰ ਨਾਲ ਰੋਗੀ 10-15 ਦਿਨਾਂ ਵਿਚ ਬਿਲਕੁਲ ਠੀਕ ਹੋ ਜਾਂਦਾ ਹੈ। ਰੋਗ ਪੁਰਾਣਾ ਹੋਣ 'ਤੇ ਵੱਧ ਸਮਾਂ ਵੀ ਲੱਗ ਸਕਦਾ ਹੈ। ਇਸ ਦੇ ਕੋਈ ਉਲਟ ਪ੍ਰਭਾਵ ਨਹੀਂ ਹਨ, ਰੋਗੀ ਨੂੰ ਲਾਭ ਜ਼ਰੂਰ ਮਿਲਦਾ ਹੈ।

-ਡਾ: ਐਮ. ਬੀ. ਪਹਾੜੀ
(ਸਵਾਰਥ ਦਰਪਣ)।



Post Comment

ਬਿਮਾਰੀਆਂ ਦਾ ਘਰ ਬਣ ਜਾਂਦੈ ਮੋਟਾ ਸਰੀਰ


ਮੋਟਾਪੇ ਦਾ ਮਤਲਬ ਸਿਰਫ਼ ਬੇਢੰਗਾ ਅਤੇ ਥੁਲਥੁਲ ਸਰੀਰ ਹੀ ਨਹੀਂ ਹੈ, ਬਲਕਿ ਆਪਣੇ-ਆਪ ਨੂੰ ਲੋਕਾਂ ਦੇ ਹਾਸੇ ਦਾ ਕੇਂਦਰ ਬਣਾਉਣਾ ਵੀ ਹੈ। ਬਹੁਤ ਜ਼ਿਆਦਾ ਭਾਵੁਕ ਲੋਕ ਅਕਸਰ ਲੋਕਾਂ ਦੀਆਂ ਟਿੱਪਣੀਆਂ ਨੂੰ ਮੰਨ 'ਤੇ ਲਗਾ ਲੈਂਦੇ ਹਨ ਅਤੇ ਹੀਣ-ਭਾਵਨਾ ਦੇ ਸ਼ਿਕਾਰ ਹੋ ਜਾਂਦੇ ਹਨ। ਇਹੀ ਹੀਣ ਭਾਵਨਾ ਕਈ ਮਾਨਸਿਕ ਰੋਗਾਂ ਨੂੰ ਵੀ ਜਨਮ ਦਿੰਦੀ ਹੈ। ਡਾਕਟਰਾਂ ਦੇ ਅਨੁਸਾਰ ਮੋਟਾ ਸਰੀਰ ਅਨੇਕ ਬਿਮਾਰੀਆਂ ਦਾ ਪਿਟਾਰਾ ਹੁੰਦਾ ਹੈ। ਹਾਈ ਬਲੱਡ ਪ੍ਰੈਸ਼ਰ, ਬਲੱਡ ਕਲੈਸਟਰੋਲ ਜ਼ਿਆਦਾ ਹੋਣਾ ਅਤੇ ਦਿਲ ਦੇ ਰੋਗਾਂ ਵਰਗੀਆਂ ਸਮੱਸਿਆਵਾਂ ਦੇ ਲਈ ਮੋਟਾਪਾ ਇਕ ਖੁੱਲ੍ਹਾ ਸੱਦਾ ਪੱਤਰ ਹੈ। ਦੂਸਰੇ ਪਾਸੇ ਮੋਟਾ ਵਿਅਕਤੀ ਅਕਸਰ ਜਲਦੀ ਹੀ ਥੱਕ ਜਾਂਦਾ ਹੈ ਕਿਉਂਕਿ ਥੋੜ੍ਹਾ ਜਿਹਾ ਕੰਮ ਕਰਨ ਨਾਲ ਵੀ ਉਸ ਦਾ ਸਾਹ ਫੁਲਣ ਲੱਗ ਜਾਂਦਾ ਹੈ। ਕੁਝ ਲੋਕਾਂ ਨੂੰ ਸਾਹ ਪ੍ਰਣਾਲੀ ਰਾਹੀਂ ਹਰਨੀਆਂ ਵਰਗੀਆਂ ਬਿਮਾਰੀਆਂ ਵੀ ਹੋ ਜਾਂਦੀਆਂ ਹਨ।

ਅੱਜਕਲ੍ਹ ਜ਼ਿਆਦਾਤਰ ਲੋਕ ਮੋਟਾਪਾ ਦੂਰ ਕਰਨ ਦੇ ਲਈ ਡਾਈਟਿੰਗ ਦਾ ਸਹਾਰਾ ਲੈਂਦੇ ਹਨ। ਬਿਨਾਂ ਇਹ ਜਾਣੇ ਕਿ ਡਾਈਟਿੰਗ ਉਨ੍ਹਾਂ ਦੇ ਲਈ ਫਾਇਦੇਮੰਦ ਹੈ ਜਾਂ ਨੁਕਸਾਨਦਾਇਕ। ਜਲਦੀ ਹੀ ਪਤਲੇ ਹੋਣ ਦੀ ਕੋਸ਼ਿਸ਼ ਵਿੱਚ ਅਕਸਰ ਲੋਕ ਕਿਸੇ ਵੀ ਚੀਜ਼ ਦਾ ਤਿਆਗ ਕਰਨ ਨੂੰ ਤਿਆਰ ਹੋ ਜਾਂਦੇ ਹਨ ਜੋ ਉਨ੍ਹਾਂ ਦੇ ਲਈ ਜਾਨਲੇਵਾ ਵੀ ਹੋ ਸਕਦਾ ਹੈ। ਵੈਸੇ ਵੀ ਵੱਖ-ਵੱਖ ਖੋਜਕਰਤਾ ਦੱਸਦੇ ਹਨ ਕਿ ਡਾਈਟਿੰਗ ਕਰਦੇ ਹੋਏ ਜਦੋਂ ਅਸੀਂ ਭਾਰ ਘੱਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਸ ਦਾ ਸਾਡੀ ਸਿਹਤ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਡਾਈਟਿੰਗ ਕਰਨ ਦਾ ਇਕ ਮੁੱਖ ਨਤੀਜਾ ਖੂਨ ਦਾ ਦਬਾਅ ਘੱਟ ਹੋਣਾ ਹੁੰਦਾ ਹੈ। ਇਥੇ ਹੀ ਬੱਸ ਨਹੀਂ, ਅਕਸਰ ਇਹ ਵੀ ਦੇਖਿਆ ਗਿਆ ਹੈ ਕਿ ਭੁੱਖੇ ਰਹਿਣ ਦੇ ਬਾਅਦ ਜਦੋਂ ਵੀ ਅਸੀਂ ਕੁਝ ਖਾਂਦੇ ਹਾਂ ਤਾਂ ਉਹ ਸਾਡੀ ਆਮ ਖੁਰਾਕ ਤੋਂ ਜ਼ਿਆਦਾ ਹੁੰਦਾ ਹੈ। ਇਸ ਲਈ ਬਿਨਾਂ ਸੋਚੇ ਸਮਝੇ ਕੀਤੀ ਗਈ ਡਾਈਟਿੰਗ ਸਿਹਤ ਦੇ ਲਈ ਹਾਨੀਕਾਰਕ ਹੀ ਹੁੰਦੀ ਹੈ।

ਰੋਜ਼ਾਨਾ ਕਸਰਤ ਮੋਟਾਪਾ ਦੂਰ ਕਰਨ ਦਾ ਸਭ ਤੋਂ ਚੰਗਾ ਉਪਾਅ ਹੈ। ਕਸਰਤ ਨਾ ਸਿਰਫ਼ ਤੁਹਾਡਾ ਭਾਰ ਘੱਟ ਕਰਦੀ ਹੈ, ਬਲਕਿ ਤੁਹਾਡੀ ਸਿਹਤ 'ਤੇ ਵੀ ਚੰਗਾ ਪ੍ਰਭਾਵ ਪਾਉਂਦੀ ਹੈ। ਸਹਿਜਤਾ ਨਾਲ ਡਾਈਟਿੰਗ ਦੇ ਨਾਲ ਕਸਰਤ ਕਰਕੇ ਅਸੀਂ ਆਸਾਨੀ ਨਾਲ ਆਪਣੇ ਸਰੀਰ ਦਾ ਭਾਰ ਘਟਾ ਸਕਦੇ ਹਾਂ।

ਪੈਦਲ ਚੱਲਣਾ ਸਭ ਤੋਂ ਵੱਧ ਪ੍ਰਭਾਵਸ਼ਾਲੀ ਅਤੇ ਸੌਖੀ ਕਸਰਤ ਹੈ, ਜਿਸ ਨੂੰ ਕਰਨ ਦੇ ਲਈ ਤੁਹਾਨੂੰ ਵੱਖਰਾ ਸਮਾਂ ਕੱਢਣ ਦੀ ਵੀ ਲੋੜ ਨਹੀਂ ਹੁੰਦੀ। ਇਸ ਕਸਰਤ ਨੂੰ ਆਪਣੇ ਰੋਜ਼ਾਨਾ ਦੇ ਕੰਮਕਾਜ ਵਿਚ ਆਸਾਨੀ ਨਾਲ ਸ਼ਾਮਿਲ ਕੀਤਾ ਜਾ ਸਕਦਾ ਹੈ। ਪਾਰਕ ਵਿਚ ਜਾਂ ਰਸਤੇ ਵਿਚ ਕਿਤੇ ਵੀ ਇਹ ਕਸਰਤ ਕੀਤੀ ਜਾ ਸਕਦੀ ਹੈ। ਜੇਕਰ ਤੁਹਾਡਾ ਘਰ ਬੱਸ ਸਟੈਂਡ ਦੇ ਨੇੜੇ ਹੈ ਤਾਂ ਤੇਜ ਕਦਮਾਂ ਨਾਲ ਬੱਸ ਸਟੈਂਡ ਤੱਕ ਦਾ ਰਸਤਾ ਤੈਅ ਕਰਨਾ ਵੀ ਭਾਰ ਘੱਟ ਕਰਨ ਵਿਚ ਸਹਾਇਕ ਹੁੰਦਾ ਹੈ। ਨਾਲ ਹੀ ਲਿਫਟ ਦੀ ਬਜਾਏ ਪੌੜੀਆਂ ਦੀ ਵਰਤੋਂ ਕਰਨਾ ਵੀ ਭਾਰ ਘੱਟ ਕਰਨ ਵਿਚ ਮਦਦਗਾਰ ਹੁੰਦਾ ਹੈ। ਬਾਜ਼ਾਰ ਜਾਣ ਦੇ ਲਈ ਕਾਰ ਜਾਂ ਸਕੂਟਰ ਰਾਹੀਂ ਜਾਣ ਦੀ ਬਜਾਏ ਪੈਦਲ ਜਾਣਾ ਹੀ ਠੀਕ ਰਹਿੰਦਾ ਹੈ। ਹਰ ਰੋਜ਼ ਜੇਕਰ ਸਿਰਫ਼ ਇਕ ਘੰਟਾ ਪੈਦਲ ਚੱਲਣ ਦਾ ਨਿਯਮ ਬਣਾ ਲਓ ਤਾਂ ਜਲਦੀ ਹੀ ਹੈਰਾਨੀਜਨਕ ਨਤੀਜੇ ਸਾਹਮਣੇ ਆਉਣ ਲਗਦੇ ਹਨ।

ਐਕਸਰਸਾਈਜ਼ ਦੇ ਨਾਲ-ਨਾਲ ਕੁਝ ਹੋਰ ਗੱਲਾਂ ਦਾ ਧਿਆਨ ਰੱਖਣਾ ਵੀ ਤੁਹਾਡੀ ਮਦਦ ਕਰ ਸਕਦਾ ਹੈ। ਜਿਵੇਂ ਦਿਨ ਵਿਚ ਤਿੰਨ ਵਾਰੀ ਭੋਜਨ ਕਰਨ ਦੀ ਬਜਾਏ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਥੋੜ੍ਹਾ-ਥੋੜ੍ਹਾ ਖਾਣ ਦੀ ਆਦਤ ਬਣਾਓ। ਅਰਥਾਤ ਦੋ-ਤਿੰਨ ਘੰਟੇ ਦੇ ਫਰਕ ਨਾਲ ਥੋੜ੍ਹਾ-ਥੋੜ੍ਹਾ ਭੋਜਨ ਕਰੋ। ਸਰੀਰ ਵਿਚ ਜ਼ਹਿਰੀਲੇ ਤੱਤਾਂ ਦਾ ਜਮਾਓ ਵੀ ਭਾਰ ਵਧਾਉਂਦਾ ਹੈ, ਇਸ ਲਈ ਇਨ੍ਹਾਂ ਤੱਤਾਂ ਨੂੰ ਦੂਰ ਕਰਨ ਲਈ ਦਿਨ ਵਿਚ ਘੱਟ ਤੋਂ ਘੱਟ 8 ਗਿਲਾਸ ਪਾਣੀ ਜ਼ਰੂਰ ਪੀਓ। ਆਪਣੇ ਭੋਜਨ ਵਿਚ ਤੇਲ, ਖੰਡ ਅਤੇ ਅਲਕੋਹਲ ਵਾਲੇ ਪਦਾਰਥਾਂ ਦੀ ਮਾਤਰਾ ਘਟਾਓ।

ਜ਼ਰੀਨਾ ਲੇਹਿਲ
-1157-ਏ, ਸੰਤ ਨਗਰ, ਲਾਡੋਵਾਲੀ ਰੋਡ, ਜਲੰਧਰ।



Post Comment

ਭਾਰਤ-ਚੀਨ ਜੰਗ

ਇਤਿਹਾਸ ਦਾ ਪੀਲਾ ਪੰਨਾ

ਚੀਨ ਨਾਲ 1962 ਵਿੱਚ ਹੋਈ ਜੰਗ ਦੀ ਕੌੜੀ ਯਾਦ ਭਾਰਤੀ ਲੋਕਾਂ ਦੇ ਜ਼ਿਹਨ ’ਚ ਕਿਤੇ ਡੂੰਘੀ ਵਸ ਗਈ। ਇਤਿਹਾਸਕਾਰਾਂ ਮੁਤਾਬਕ ਪੰਡਤ ਜਵਾਹਰ ਲਾਲ ਨਹਿਰੂ ਦੇ ਦੇਹਾਂਤ ਪਿੱਛੇ ਚੀਨ ਵੱਲੋਂ ਮਿਲਿਆ ਧੋਖਾ ਅਤੇ ਹਾਰ ਦਾ ਸਦਮਾ ਵੀ ਇੱਕ ਕਾਰਨ ਸੀ।
ਦੋਵੇਂ ਮੁਲਕਾਂ ਵੱਲੋਂ ਸਰਹੱਦੀ ਵਿਵਾਦ ਸੁਲਝਾਉਣ ਲਈ ਕੋਸ਼ਿਸ਼ਾਂ 1980 ਤੋਂ ਜਾਰੀ ਹਨ ਪਰ ਦਿੱਲੀ ਅਜੇ ਦੂਰ ਹੈ। ਚੀਨ ਅਕਸਰ ਦਾਅਵਾ ਕਰਦਾ ਹੈ ਕਿ ਭਾਰਤ ਅਤੇ ਭੂਟਾਨ ਤੋਂ ਇਲਾਵਾ ਇਸ ਨੇ ਬਾਕੀ ਸਾਰੇ ਮੁਲਕਾਂ ਨਾਲ ਸਰਹੱਦੀ ਵਿਵਾਦ ਸੁਲਝਾ ਲਏ ਹਨ। ਮੈਕਮੋਹਨ ਰੇਖਾ ਸਰਹੱਦੀ ਵਿਵਾਦ ਦੋਵਾਂ ਮੁਲਕਾਂ ਦੇ ਗਲੇ ਦੀ ਹੱਡੀ ਬਣਿਆ ਹੋਇਆ ਹੈ। ਜੰਮੂ-ਕਸ਼ਮੀਰ ਦੇ ਲੱਦਾਖ ਜ਼ਿਲ੍ਹੇ ਦੇ ਉੱਤਰ-ਪੂਰਬੀ ਖੇਤਰ ਅਕਸਾਈ ਚਿੰਨ ਅਤੇ ਭਾਰਤ ਦੇ ਪੂਰਬ ਵਿੱਚ ਨੇਫਾ (ਅਰੁਣਾਚਲ ਪ੍ਰਦੇਸ਼) ਉੱਤੇ ਦੋਵੇਂ ਮੁਲਕ ਆਪੋ-ਆਪਣਾ ਹੱਕ ਜਤਾਉਂਦੇ ਹਨ।
ਅਸਲ ਕੰਟਰੋਲ ਰੇਖਾ (ਐਲਏਸੀ) ’ਤੇ ਅਮਨ-ਸ਼ਾਂਤੀ ਬਣਾਈ ਰੱਖਣ ਲਈ ਭਾਰਤ-ਚੀਨ ਦਰਮਿਆਨ ਪਹਿਲਾ ਸਮਝੌਤਾ 1993 ਵਿੱਚ ਸਹੀਬੰਦ ਹੋਇਆ। ਇਹ ਵਿਵਾਦ ਉੱਠਣ ਤੋਂ ਪੂਰੇ 30 ਸਾਲ ਮਗਰੋਂ ਫਰਵਰੀ 1994 ਵਿੱਚ ਨਵੀਂ ਦਿੱਲੀ ਵਿਖੇ ਦੁਵੱਲੀ ਗੱਲਬਾਤ ਸ਼ੁਰੂ ਹੋਈ। ਇਸ ਦਾ ਮਕਸਦ ਦੋਵਾਂ ਮੁਲਕਾਂ ਦੀਆਂ ਫ਼ੌਜਾਂ ਦਾ ਇੱਕ-ਦੂਜੇ ਪ੍ਰਤੀ ਵਿਸ਼ਵਾਸ ਬਹਾਲ ਕਰਨਾ ਸੀ। ਇਸ ਨਾਲ ਗੁਆਂਢੀ ਮੁਲਕ ਨਾਲ ਸਾਡੇ ਸਬੰਧ ਬਿਹਤਰ ਹੋਏ। ਨਵੰਬਰ 1995 ਵਿੱਚ ਵਾਂਗਡੋਂਗ ਖੇਤਰ ’ਚ ਇੱਕ-ਦੂਜੇ ਨੇੜਲੀਆਂ ਚੌਕੀਆਂ ਢਾਹ ਕੇ ਸਰਹੱਦੀ ਖੇਤਰ ਵਿੱਚ ਅਮਨ ਦਾ ਸੁਨੇਹਾ ਦਿੱਤਾ ਗਿਆ। ਨਵੰਬਰ 1996 ਵਿੱਚ ਚੀਨੀ ਰਾਸ਼ਟਰਪਤੀ ਜਿਆਂਗ ਜ਼ੇਮਿਨ ਦੇ ਭਾਰਤ ਦੌਰੇ ਮੌਕੇ ਫ਼ੌਜਾਂ ਵਿੱਚ ਵਿਸ਼ਵਾਸ ਬਹਾਲੀ ਸਮਝੌਤੇ ਉÎੱਤੇ ਹਸਤਾਖਰ ਕੀਤੇ ਗਏ। ਦੋਵਾਂ ਮੁਲਕਾਂ ਦੇ ਚੰਗੇਰੇ ਭਵਿੱਖ ਲਈ ਇਹ ਲਾਜ਼ਮੀ ਵੀ ਸੀ। ਭਾਰਤ ਦੇ ਪ੍ਰਧਾਨ ਮੰਤਰੀ ਨੇ ਵੀ 2003 ਵਿੱਚ ਚੀਨ ਦਾ ਦੌਰਾ ਕੀਤਾ। ਉਦੋਂ ਦੋਵਾਂ ਗੁਆਂਢੀਆਂ ਵਿੱਚ ਵਪਾਰ ਨੂੰ ਹੋਰ ਉਤਸ਼ਾਹਤ ਕਰਨ ਹਿੱਤ ਕੀਤੇ ਗਏ ਸਮਝੌਤੇ ਤਹਿਤ ਨਾਥੂਲਾ ਦੱਰੇ ਨੂੰ ਵੀ ਵਪਾਰ ਲਈ ਖੋਲ੍ਹ ਦਿੱਤਾ ਗਿਆ।
ਸਰਹੱਦੀ ਵਿਵਾਦ ਦੇ ਸਿਆਸੀ ਹੱਲ ਸਬੰਧੀ ਅਪਰੈਲ 2005 ਵਿੱਚ ਹੋਇਆ ਸਮਝੌਤਾ ਇੱਕ ਮੀਲ ਪੱਥਰ ਸੀ। ਇਸ ਸਮਝੌਤੇ ਵਿੱਚ ਮਸਲੇ ਦੇ ਹੱਲ ਲਈ ਮਿੱਤਰਤਾਪੂਰਵਕ ਮਾਹੌਲ ਵਿੱਚ ਦੋਵਾਂ ਦੇਸ਼ਾਂ ਨੂੰ ਮਨਜ਼ੂਰ ਤਰਕਸੰਗਤ ਗੱਲਬਾਤ ਕਰਨ ਲਈ ਤਿਆਰ ਹੋਣ ਦੀ ਪ੍ਰਤੀਬੱਧਤਾ ਵਿਖਾਈ ਗਈ।
ਇਸ ਦੇ ਬਾਵਜੂਦ ਭਾਰਤ ਅਤੇ ਚੀਨ 545 ਕਿਲੋਮੀਟਰ ਲੰਮੀ ਅਸਲ ਕੰਟਰੋਲ ਰੇਖਾ ਸਬੰਧੀ ਮਤਭੇਦ ਖ਼ਤਮ ਕਰਨ ਵਿੱਚ ਜ਼ਿਆਦਾ ਕਾਮਯਾਬ ਨਹੀਂ ਹੋਏ। ਇਸ ਬਾਰੇ ਜੂਨ 2003 ਵਿੱਚ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਪੇਇਚਿੰਗ ਦੌਰੇ ਮੌਕੇ ਹੋਈ ਗੱਲਬਾਤ ਨੂੰ ਅੱਗੇ ਤੋਰਨ ਲਈ ਵਿਸ਼ੇਸ਼ ਪ੍ਰਤੀਨਿਧ ਥਾਪੇ ਗਏ। ਵਿਸ਼ੇਸ਼ ਪ੍ਰਤੀਨਿਧਾਂ ਦੀਆਂ ਮੀਟਿੰਗਾਂ ਦੇ 15 ਦੌਰਾਂ ਤੋਂ ਮਗਰੋਂ ਵੀ ਹਾਲਾਤ ਬਹੁਤੇ ਨਹੀਂ ਬਦਲ ਸਕੇ। ਫਿਰ ਵੀ ਇਨ੍ਹਾਂ ਮੀਟਿੰਗਾਂ ਤੋਂ ਜਾਪਦਾ ਹੈ ਕਿ ਦੋਵੇਂ ਮੁਲਕ ਮਸਲੇ ਦੇ ਹੱਲ ਲਈ ਗੰਭੀਰ ਹਨ।
ਭਾਰਤ ਹਮੇਸ਼ਾਂ ਤੋਂ ਹੀ 1962 ਵਿੱਚ ਜੰਗ ਦੌਰਾਨ ਚੀਨ ਵੱਲੋਂ ਕਬਜ਼ੇ ਵਿੱਚ ਲਿਆ ਅਕਸਾਈ ਚਿੰਨ ਅਤੇ ਜੰਮੂ-ਕਸ਼ਮੀਰ ਵਿਚਲੀ ਸ਼ਕਸਗਾਮ ਘਾਟੀ ਸਮੇਤ ਆਪਣਾ 40 ਹਜ਼ਾਰ ਵਰਗ ਕਿਲੋਮੀਟਰ ਖਿੱਤਾ ਵਾਪਸ ਮੰਗਦਾ ਰਿਹਾ ਹੈ। 1963 ਦੇ ਚੀਨ-ਪਾਕਿਸਤਾਨ ਸਰਹੱਦ ਸਮਝੌਤੇ ਤਹਿਤ ਪਾਕਿਸਤਾਨ ਵੱਲੋਂ ਸ਼ਕਸਗਾਮ ਘਾਟੀ ਚੀਨ ਨੂੰ ਸੌਂਪ ਦਿੱਤੀ ਗਈ ਸੀ। ਭਾਰਤੀ ਸੰਸਦ ਵਿੱਚ ਮਤਾ ਵੀ ਪਾਸ ਕੀਤਾ ਗਿਆ ਸੀ ਕਿ ਚੀਨ ਇਹ ਘਾਟੀ ਭਾਰਤ ਨੂੰ ਮੋੜ ਦੇਵੇ।
ਦੋਵਾਂ ਦੇਸ਼ਾਂ ਦਾ ਇੱਕ-ਦੂਜੇ ਪ੍ਰਤੀ ਵਿਸ਼ਵਾਸ ਫਿਰ ਹੀ ਬਹਾਲ ਹੋ ਸਕਦਾ ਹੈ ਜੇ ਭਾਰਤ ਅਤੇ ਚੀਨ ਸਾਰੇ ਸਮਝੌਤੇ ਦਿਲੋ-ਜਾਨ ਨਾਲ ਲਾਗੂ ਕਰਨ। ਜਾਪਦਾ ਹੈ ਕਿ ਚੀਨ ਹਾਲਾਤ ਨੂੰ ਜਿਉਂ ਦੇ ਤਿਉਂ ਰੱਖ ਕੇ ਖ਼ੁਸ਼ ਹੈ ਕਿਉਂਕਿ ਯੁੱਧ-ਨੀਤੀ ਪੱਖੋਂ ਲਾਹੇਵੰਦ ਜੰਮੂ-ਕਸ਼ਮੀਰ ਦਾ ਵੱਡਾ ਹਿੱਸਾ ਇਸ ਦੇ ਅਧਿਕਾਰ ਖੇਤਰ ਵਿੱਚ ਹੈ ਅਤੇ ਦੱਖਣੀ ਏਸ਼ੀਆ ਵਿੱਚ ਇਸ ਦੇ ਪੈਰ ਜੰਮੇ ਹੋਏ ਹਨ। ਚੀਨੀ ਆਗੂ ਸਮਝਦੇ ਹਨ ਕਿ ਅਮਰੀਕਾ ਅਤੇ ਜਪਾਨ ਦੀ ਸਹਾਇਤਾ ਨਾਲ ਜਾਂ ਇਕੱਲਿਆਂ ਹੀ ਭਾਰਤ ਚੀਨ ’ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਸ਼ਾਇਦ ਇਸੇ ਲਈ ਉਹ ਸਰਹੱਦੀ ਵਿਵਾਦ ਨੂੰ ਭੜਕਾਈ ਰੱਖਦੇ ਹਨ।
1950ਵਿਆਂ ਵਿੱਚ ਚੀਨ ਵੱਲੋਂ ਭਾਰਤ ਉÎੱਤੇ ਹਮਲੇ ਦਾ  ਕਾਰਨ ਕਿਤੇ ਨਾ ਕਿਤੇ ਭਾਰਤ-ਰੂਸ ਨੇੜਤਾ ਅਤੇ ਰੂਸ-ਚੀਨ ਦੂਰੀਆਂ ਸਨ। ਇਹ ਗੱਲ ਕਿਸੇ ਤੋਂ ਲੁਕੀ ਨਹੀਂ। ਭਾਰਤ ਅਤੇ ਚੀਨ ਸਬੰਧਾਂ ਦੇ ਸਿਰਫ਼ ਮਾੜੇ ਪੱਖਾਂ ਨੂੰ ਹੀ ਦੇਖਣਾ ਸਹੀ ਨਹੀਂ ਹੈ ਕਿਉਂਕਿ ਦੋਵਾਂ ਨੇ ਵਿਸ਼ਵਾਸ ਬਹਾਲੀ ਲਈ ਸਾਂਝੇ ਤੌਰ ’ਤੇ ਅਜਿਹੇ ਕਦਮ ਵੀ ਚੁੱਕੇ ਜੋ ਸਮੇਂ ਨਾਲ ਹੋਰ ਵੀ ਦ੍ਰਿੜ੍ਹ ਹੋਏ ਹਨ। ਇਨ੍ਹਾਂ ਸਦਕਾ ਭਾਵੇਂ ਦੋਵਾਂ ਮੁਲਕਾਂ ਦਾ ਇੱਕ-ਦੂਜੇ ਉÎੱਤੇ ਭਰੋਸਾ ਨਹੀਂ ਬਣਿਆ ਪਰ ਵਿਵਾਦ ਟਾਲਿਆ ਜ਼ਰੂਰ ਗਿਆ ਹੈ। ਦੋਵਾਂ ਨੇ 1993 ਵਿੱਚ ਹੋਏ ਸਮਝੌਤੇ ’ਤੇ ਕਾਇਮ ਰਹਿੰਦਿਆਂ ਖਿੱਤੇ ਵਿੱਚ ਅਮਨ ਸ਼ਾਂਤੀ ਬਣਾਈ ਰੱਖੀ ਹੈ। ਅਸਲ ਗੱਲ ਇਹ ਹੈ ਕਿ ਸਰਹੱਦੀ ਵਿਵਾਦ ਨਾ ਸੁਲਝਣ ਕਾਰਨ ਭਾਰਤ ਅਤੇ ਚੀਨ ਇੱਕ-ਦੂਜੇ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਦੇ ਹਨ ਪਰ ਇਸ ਮਸਲੇ ਦਾ ਪੱਕਾ ਹੱਲ ਨਾ ਹੋਣ ਕਾਰਨ ਇਹ ਛੇਤੀ ਸੁਲਝਣ ਵਾਲਾ ਨਹੀਂ।
ਪਿਛਲੇ ਦਹਾਕੇ ਵਿੱਚ ਦੋਵਾਂ ਗੁਆਂਢੀ ਦੇਸ਼ਾਂ ਨੇ ਵਿਵਾਦ ਖ਼ਤਮ ਕਰਨ ਲਈ ਤਿੰਨ ਵੱਡੇ ਕਦਮ ਚੁੱਕੇ ਹਨ। ਪਹਿਲਾ ਕਦਮ ਭਾਰਤ ਦਾ ਤਿੱਬਤ ਨੂੰ ਖ਼ੁਦਮੁਖਤਾਰ ਖੇਤਰ ਅਤੇ ਚੀਨ ਦਾ ਸਿੱਕਮ ਨੂੰ ਭਾਰਤ ਦਾ ਸੂਬਾ ਮੰਨਣਾ ਸੀ। ਦੂਜਾ ਕਦਮ ਸਰਹੱਦੀ ਮਸਲੇ ਦੇ ਹੱਲ ਲਈ ਸਿਆਸੀ ਮਾਪਦੰਡ ਅਤੇ ਸਿਧਾਂਤ ਅਪਣਾਉਣਾ ਅਤੇ ਤੀਜਾ ਕਦਮ ਵਿਸ਼ੇਸ਼ ਪ੍ਰਤੀਨਿਧ ਨਿਯੁਕਤ ਕਰਨਾ ਸੀ। ਸ਼ਾਲਾ! ਇਨ੍ਹਾਂ ਕਦਮਾਂ ਸਦਕਾ ਹਿੰਦੀ-ਚੀਨੀ ਮੁੜ ਸਚਮੁੱਚ ਭਾਈ-ਭਾਈ ਬਣ ਜਾਣ।
-ਅਨੁਵਾਦ:ਰਵਨੀਤ ਕੌਰ
ਅਕਤੂਬਰ 1950: ਚੀਨੀ ਫ਼ੌਜਾਂ ਚੀਨ-ਤਿੱਬਤ ਸਰਹੱਦ ਉਲੰਘ ਕੇ ਲਹਾਸਾ ਵੱਲ ਵਧੀਆਂ।
ਅਪਰੈਲ 1954: ਭਾਰਤ ਅਤੇ ਚੀਨ ਦਰਮਿਆਨ ਵਪਾਰਕ ਸਮਝੌਤਾ।
ਮਈ 1954: ਸ਼ਾਂਤੀਪੂਰਨ ਸਹਿਹੋਂਦ ਲਈ ਦੋਵਾਂ ਮੁਲਕਾਂ ਨੇ ਪੰਚਸ਼ੀਲ ਸਿਧਾਂਤਾਂ ਅਪਣਾਏ।
ਜੂਨ 1954: ਚੀਨੀ ਪ੍ਰਧਾਨ ਮੰਤਰੀ ਜਓ ਅਨਲਇ ਦੀ ਪਹਿਲੀ ਭਾਰਤ ਫੇਰੀ।
ਮਾਰਚ 1955: ਚੀਨ ਦੇ ਨਕਸ਼ੇ ਵਿੱਚ ਭਾਰਤ ਦਾ ਉੱਤਰੀ ਹਿੱਸਾ ਚੀਨ ਨਾਲ ਸਬੰਧਿਤ ਦਿਖਾਉਣ ਖ਼ਿਲਾਫ਼ ਭਾਰਤ ਵੱਲੋਂ ਰੋਸ।
ਨਵੰਬਰ 1956: ਦੋਵਾਂ ਮੁਲਕਾਂ ਦਰਮਿਆਨ ਸਦਭਾਵਨਾ ਵਧਾਉਣ ਲਈ ਅਨਲਾਇ ਦਾ ਦੂਜਾ ਭਾਰਤ ਦੌਰਾ।
ਸਤੰਬਰ 1958: ਨਕਸ਼ੇ ਵਿੱਚ ਉੱਤਰੀ ਆਸਾਮ ਦੇ ਵੱਡਾ ਹਿੱਸੇ ਨੇਫਾ (ਅਰੁਣਾਚਲ ਪ੍ਰਦੇਸ਼) ਨੂੰ ਚੀਨ ਦਾ ਹਿੱਸਾ ਦਿਖਾਉਣ ਦਾ ਭਾਰਤ ਵੱਲੋਂ ਵਿਰੋਧ।
ਜਨਵਰੀ 1959: ਚੀਨੀ ਪ੍ਰਧਾਨ ਮੰਤਰੀ ਵੱਲੋਂ ਲੱਦਾਖ, ਨੇਫ਼ਾ ਦਾ 40,000 ਵਰਗ ਫੁੱਟ ਭਾਰਤੀ ਖੇਤਰ ਚੀਨ ਦਾ ਹਿੱਸਾ ਹੋਣ ਦਾ ਦਾਅਵਾ।
ਅਪਰੈਲ 1959: ਦਲਾਈਲਾਮਾ ਦਾ ਲਹਾਸਾ ਛੱਡ ਕੇ ਭਾਰਤ ਆਉਣਾ।
ਅਗਸਤ 1959: ਚੀਨੀ ਫ਼ੌਜ ਵੱਲੋਂ ਪੂਰਬੀ ਲੱਦਾਖ ਵਿੱਚ ਗੋਲੀਬਾਰੀ, ਇੱਕ ਭਾਰਤੀ ਜਵਾਨ ਹਲਾਕ ਅਤੇ ਲੋਂਗਜੂ ਫ਼ੌਜੀ ਚੌਕੀ ਤਬਾਹ।
ਸਤੰਬਰ 1959: ਮੈਕਮੋਹਨ ਰੇਖਾ ਚੀਨ ਵੱਲੋਂ ਨਾਮਨਜ਼ੂਰ ਅਤੇ ਚੀਨ ਵੱਲੋਂ ਸਿੱਕਮ ਅਤੇ ਭੂਟਾਨ ਦੇ 50,000 ਵਰਗ ਮੀਲ ਖੇਤਰ ਉਤੇ ਆਪਣਾ ਹੱਕ ਜਤਾਉਣਾ।
ਅਕਤੂਬਰ 1959: ਅਕਸਾਈ ਚਿੰਨ ਵਿੱਚ ਚੀਨੀ ਫ਼ੌਜ ਵੱਲੋਂ ਭਾਰਤੀ ਦਸਤਿਆਂ ’ਤੇ ਗੋਲੀਬਾਰੀ, ਨੌਂ ਭਾਰਤੀ ਜਵਾਨ ਹਲਾਕ ਅਤੇ ਦਸ ਬੰਦੀ ਬਣਾਏ।
ਅਪਰੈਲ 1960: ਸਰਹੱਦੀ ਵਿਵਾਦ ਸੁਲਝਾਉਣ ਹਿੱਤ ਦੋਵਾਂ ਪ੍ਰਧਾਨ ਮੰਤਰੀਆਂ ਦਰਮਿਆਨ ਹੋਈ ਮੀਟਿੰਗ ਬੇਸਿੱਟਾ।
ਜੂਨ 1960: ਚੀਨੀ ਫ਼ੌਜ ਵੱਲੋਂ ਭਾਰਤੀ ਸਰਹੱਦ ਦੀ ਉਲੰਘਣਾ।
ਫਰਵਰੀ 1961: ਪੱਛਮੀ ਖੇਤਰ ਦੇ 12,000 ਵਰਗ ਮੀਲ ਖੇਤਰ ਉÎੱਤੇ ਚੀਨ ਵੱਲੋਂ ਕਬਜਾ।
ਅਕਤੂਬਰ 1961: ਭਾਰਤੀ ਖੇਤਰ ਵਿੱਚ ਚੀਨ ਦੇ ਫ਼ੌਜੀ ਟਿਕਾਣੇ ਬਣਨੇ ਸ਼ੁਰੂ।
ਦਸੰਬਰ 1961: ਚੀਨ ਨੂੰ ਰੋਕਣ ਲਈ ਭਾਰਤ ਵੱਲੋਂ ‘ਫਾਰਵਰਡ ਪਾਲਿਸੀ’ ਅਪਨਾਉਣਾ।
ਅਪਰੈਲ 1962: ਭਾਰਤ ਵੱਲੋਂ ਸਰਹੱਦੀ ਚੌਕੀਆਂ ’ਤੇ ਤਾਇਨਾਤ ਬਲ ਹਟਾਉਣ ਸਬੰਧੀ ਚੀਨ ਦੀ ਮੰਗ।
ਸਤੰਬਰ 1962: ਪੂਰਬ ਵਿੱਚ ਥਾਗਲਾ ਖੇਤਰ ਵਿੱਚ ਚੀਨੀ ਫ਼ੌਜ ਵੱਲੋਂ ਮੈਕਮੋਹਨ ਰੇਖਾ ਪਾਰ, ਭਾਰਤੀ ਚੌਕੀ ’ਤੇ ਗੋਲੀਬਾਰੀ ਅਤੇ ਜ਼ੋਰਦਾਰ ਹਮਲਾ।
ਅਕਤੂਬਰ 1962: ਚੀਨ ਵੱਲੋਂ ਲੱਦਾਖ ਤੋਂ ਲੈ ਕੇ ਅਰੁਣਾਚਲ ਪ੍ਰਦੇਸ਼ ਸਰਹੱਦ ਉÎੱਤੇ ਕਈ ਥਾਵਾਂ ਤੋਂ ਭਾਰਤ ’ਤੇ ਹਮਲਾ।
ਨਵੰਬਰ 1962: ਪੂਰਬੀ ਸਰਹੱਦ ਉÎੱਤੇ ਚੀਨ ਵੱਲੋਂ ਜ਼ੋਰਦਾਰ ਹਮਲਾ।
18 ਨਵੰਬਰ 1962: ਨੇਫ਼ਾ ਵਿੱਚ ਬੋਮਦੀ ਲਾ ਉÎੱਤੇ ਚੀਨ ਵੱਲੋਂ ਕਬਜਾ।
21 ਨਵੰਬਰ 1962: ਚੀਨ ਵੱਲੋਂ ਗੋਲੀਬੰਦੀ ਅਤੇ ਫ਼ੌਜਾਂ ਹਟਾਉਣ ਦਾ ਐਲਾਨ।

ਅਸ਼ੋਕ ਟੁਟੇਜਾ

post by: Gursham Singh Cheema


Post Comment