ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Monday, November 19, 2012

ਜੇਕਰ ਤੁਹਾਨੂੰ ਰੈਸਟੋਰੈਂਟ ਵਿਚ ਖਾਣਾ ਪੈ ਜਾਵੇ?


ਰੈਸਟੋਰੈਂਟ ਵਿਚ ਖਾਣਾ ਅੱਜ ਨੌਜਵਾਨਾਂ ਦਾ ਸਭ ਤੋਂ ਮਨਪਸੰਦ ਸਮਾਂ ਬਿਤਾਉਣ ਅਤੇ ਮੌਜਮਸਤੀ ਦਾ ਅਵਸਰ ਹੁੰਦਾ ਹੈ। ਨੌਜਵਾਨਾਂ ਦੇ ਇਲਾਵਾ ਕਾਰਪੋਰੇਟ ਆਫ਼ਿਸ ਦੇ ਲੋਕਾਂ ਦੀਆਂ ਮੀਟਿੰਗਜ਼, ਬਿਜ਼ਨੈਸਮੈਨ ਦੇ ਬਿਜ਼ਨੈਸਡੀਲ ਹੋਣ ਦੇ ਬਾਅਦ ਲੰਚ, ਡਿਨਰ ਕਰਨਾ ਆਮ ਗੱਲ ਹੈ। ਪਰਿਵਾਰਕ ਮੇਲ-ਜੋਲ ਨੂੰ ਵਧਾਉਣ ਵਿਚ ਵੀ ਲੰਚ ਡਿਨਰ ਅਹਿਮ ਭੂਮਿਕਾ ਨਿਭਾਉਂਦੇ ਹਨ।

ਜੇਕਰ ਤੁਸੀਂ ਵੀ ਲੰਚ ਜਾਂ ਡਿਨਰ ਦੇ ਲਈ ਰੈਸਟੋਰੈਂਟ ਵਿਚ ਅਕਸਰ ਜਾਂਦੇ ਰਹਿੰਦੇ ਹੋ ਤਾਂ ਉਥੇ ਬਹੁਤ ਸਾਰੇ ਆਪਸ਼ਨ ਹੁੰਦੇ ਹਨ, ਖਾਣੇ ਦਾ ਮੈਨਯੂ ਕਾਰਡ ਪੜ੍ਹ ਕੇ ਮਨ ਲਲਚਾਉਂਦਾ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਮੰਗਵਾ ਕੇ ਉਨ੍ਹਾਂ ਦਾ ਆਨੰਦ ਉਠਾਇਆ ਜਾਵੇ। ਮਨ ਚੰਗੀਆਂ ਚੀਜ਼ਾਂ ਦੇਖ ਕੇ ਲਲਚਾਉਂਦਾ ਹੈ। ਕੈਲੋਰੀਜ਼ ਦਾ ਧਿਆਨ ਰੱਖਣਾ ਬੁੱਧੀ ਹੀ ਹੈ। ਮਨ ਦਾ ਕਹਿਣਾ ਮਨ ਕੇ, ਕੈਲੋਰੀਜ਼ ਦਾ ਧਿਆਨ ਰੱਖ ਕੇ ਸਿਹਤਮੰਦ ਆਪਸ਼ਨ 'ਤੇ ਜਾਣਾ ਹੀ ਸਮਝਦਾਰੀ ਹੈ।

ਪ੍ਰੋਟੀਨ ਨੂੰ ਦਿਓ ਮਹੱਤਤਾ

ਆਪਣੇ ਲੰਚ ਜਾਂ ਡਿਨਰ ਵਿਚ ਪ੍ਰੋਟੀਨ ਦੇ ਖਾਧ ਪਦਾਰਥਾਂ ਨੂੰ ਨਜ਼ਰ ਵਿਚ ਰੱਖਦੇ ਹੋਏ ਆਰਡਰ ਦਿਓ ਕਿਉਂਕਿ ਪ੍ਰੋਟੀਨ ਕੈਲੋਰੀ ਤੁਹਾਡੇ ਸਰੀਰ ਦਾ ਭਾਰ ਆਸਾਨੀ ਨਾਲ ਵਧਣ ਨਹੀਂ ਦਿੰਦੀ। ਫੈਟਸ ਵਾਲੇ ਖਾਧ ਪਦਾਰਥ ਭਾਰ ਵਧਾਉਣ ਵਿਚ ਸਹਾਈ ਹੁੰਦੇ ਹਨ। ਪ੍ਰੋਟੀਨ ਵਾਲੇ ਖਾਧ ਪਦਾਰਥ ਦਿਮਾਗ ਵਿਚ ਖਾਣੇ ਦੀ ਇੱਛਾ ਵਧਾਉਣ ਵਾਲੇ ਸੰਕੇਤਾਂ ਨੂੰ ਘੱਟ ਕਰਦੇ ਹਨ।

ਸਲਾਦ ਜ਼ਰੂਰ ਲਓ

ਫ਼ਲ ਅਤੇ ਸਬਜ਼ੀਆਂ ਦਾ ਸਲਾਦ ਜ਼ਰੂਰ ਆਰਡਰ ਕਰੋ। ਇਹ ਸਿਹਤਮੰਦ ਆਪਸ਼ਨ ਹੈ। ਸਲਾਦ ਚੀਜ਼ ਡ੍ਰੈਸਿੰਗ ਵਾਲਾ ਨਾ ਹੋਵੇ। ਸਧਾਰਨ ਹਰੀਆਂ ਸਬਜ਼ੀਆਂ ਅਤੇ ਫਲਾਂ ਦਾ ਸਲਾਦ ਲਓ। ਹੋ ਸਕੇ ਤਾਂ ਬਿਨਾਂ ਚਾਟ ਮਸਾਲੇ ਅਤੇ ਨਮਕ ਦੇ ਉਸ ਦਾ ਸੇਵਨ ਭੋਜਨ ਤੋਂ ਪਹਿਲਾਂ ਕਰੋ। ਇਸ ਦਾ ਲਾਭ ਇਹ ਹੈ ਜਦੋਂ ਤੁਸੀਂ ਸਲਾਦ ਦਾ ਸੇਵਨ ਕਰਦੇ ਹੋ ਤਾਂ ਉਸ ਦੇ ਨਾਲ ਹੋਰ ਖਾਦ ਪਦਾਰਥਾਂ ਦਾ ਸਲਾਦ ਵੀ ਘੱਟ ਆਉਂਦਾ ਹੈ। ਆਮ ਫਲ ਤੇ ਸਬਜ਼ੀਆਂ ਦਾ ਸਲਾਦ ਤੁਹਾਨੂੰ ਸਲਿਮ ਰੱਖਣ ਵਿਚ ਮਦਦ ਕਰਦਾ ਹੈ।

ਪਨੀਰ ਘੱਟ ਖਾਓ

ਹੋਟਲ ਜਾਂ ਰੈਸਟੋਰੈਂਟ ਵਿਚ ਪਨੀਰ ਦੀਆਂ ਡਿਸ਼ਜ਼ ਕੈਲੋਰੀ ਭਰਪੂਰ ਹੁੰਦੀਆਂ ਹਨ। ਚਾਹੇ ਉਹ ਬਟਰ ਪਨੀਰ ਹੋਣ, ਸ਼ਾਹੀ ਪਨੀਰ ਹੋਣ ਜਾਂ ਪਨੀਰ ਪਰਾਂਠਾ ਅਤੇ ਨਾਨ ਵੀ। ਰੈਸਟੋਰੈਂਟ ਵਿਚ ਪਨੀਰ ਦੀ ਸਬਜ਼ੀ ਬਣਾਉਂਦੇ ਸਮੇਂ ਕਰੀਮ ਦਾ ਪ੍ਰਯੋਗ ਬਹੁਤ ਕੀਤਾ ਜਾਂਦਾ ਹੈ, ਜਦੋਂਕਿ ਬਹੁਤੇ ਸ਼ਾਕਾਹਾਰੀ ਪਨੀਰ ਪਸੰਦ ਕਰਦੇ ਹਨ। ਜੇਕਰ ਤੁਸੀਂ ਉਸ ਗਰੁੱਪ 'ਚ ਹੋ ਤਾਂ ਬਹੁਤ ਥੋੜ੍ਹਾ ਪਨੀਰ ਲਉ। ਮੋਟੇ ਲੋਕਾਂ ਨੂੰ ਪਨੀਰ ਦਾ ਪ੍ਰਯੋਗ ਬਹੁਤ ਘੱਟ ਕਰਨਾ ਚਾਹੀਦਾ ਹੈ।

ਡੈਜ਼ਰਟ ਤੋਂ ਵੀ ਬਚੋ

ਜੇਕਰ ਤੁਸੀਂ ਕਿਸੇ ਬਿਜ਼ਨੈਸ ਪਾਰਟੀ ਵਿਚ ਜਾਂ ਆਫਿਸ ਮੀਟਿੰਗ ਦੇ ਬਾਅਦ ਡਿਨਰ ਜਾਂ ਲੰਚ ਲੈ ਰਹੇ ਹੋ ਤਾਂ ਅਖੀਰ ਵਿਚ ਸਵੀਟ ਡਿਸ਼ ਤੋਂ ਬਚੋ। ਦੂਜਿਆਂ ਲਈ ਆਰਡਰ ਕਰੋ। ਜੇਕਰ ਤੁਸੀਂ ਵੀ ਲੈਣਾ ਚਾਹੋ ਤਾਂ ਬਿਲਕੁਲ ਥੋੜ੍ਹੀ ਜਿਹੀ ਅਤੇ ਹੌਲੀ-ਹੌਲੀ ਖਾਓ। ਜਦੋਂ ਵੀ ਇਸ ਤੋਂ ਮੌਕਾ ਮਿਲੇ ਤਾਂ ਇਸ ਤੋਂ ਬਚਣ ਵਿਚ ਸਿਆਣਪ ਹੈ।

ਨੀਤੂ ਗੁਪਤਾ



Post Comment

ਨਵੰਬਰ ਮਹੀਨੇ ਦੇ ਖੇਤੀ ਰੁਝੇਵੇਂ


ਗੰਢੇ : ਗੰਢਿਆਂ ਦੀ ਪਨੀਰੀ ਤਿਆਰ ਕਰਨ ਲਈ 4-5 ਕਿਲੋ ਬੀਜ ਨੂੰ 8 ਮਰਲੇ ਜਗ੍ਹਾ 'ਤੇ ਛੋਟੀਆਂ ਕਿਆਰੀਆਂ ਤਿਆਰ ਕਰਕੇ ਬੀਜੋ। ਇਹ ਪਨੀਰੀ ਇਕ ਏਕੜ ਖੇਤਰ ਲਈ ਕਾਫ਼ੀ ਹੈ। ਜੇਕਰ ਬੀਜ ਤਿਆਰ ਕਰਨਾ ਹੈ ਤਾਂ 4 ਤੋਂ 6 ਕੁਇੰਟਲ ਗੰਢਿਆਂ ਦੀਆਂ ਵਧੀਆ, ਮੋਟੀਆਂ ਅਤੇ ਇਕੱਲੀ ਗੰਢ (ਦੋ ਨਾ ਹੋਣ) ਦੀ ਬਿਜਾਈ ਕਰੋ। ਪੰਜਾਬ ਨਰੋਆ, ਪੀ. ਆਰ. ਓ. 6, ਪੰਜਾਬ ਸਿਲੈਕਸ਼ਨ, ਪੰਜਾਬ 48 ਜਾਂ ਪੰਜਾਬ ਵਾਈਟ ਕਿਸਮਾਂ ਵਰਤੋ। ਬਿਜਾਈ ਵੱਟਾਂ ਤੇ ਕਰੋ ਅਤੇ ਵੱਟਾਂ ਦੇ ਫਾਸਲੇ 60 ਸੈ. ਮੀ. ਰੱਖੋ ਅਤੇ ਗੰਢੇ ਦਾ ਫਾਸਲਾ 30 ਸੈ. ਮੀ. ਰੱਖੋ। ਦਸ ਦਿਨਾਂ ਬਾਅਦ ਹਲਕਾ ਪਾਣੀ ਦੇ ਦਿਓ।

ਹਰੇ ਪੱਤੇ ਵਾਲੀਆਂ ਸਬਜ਼ੀਆਂ : ਪਾਲਕ ਦੀ ਕਟਾਈ ਕਰੋ ਅਤੇ ਦਰਜਾਬੰਦੀ ਕਰਕੇ ਮੰਡੀਆਂ ਵਿਚ ਭੇਜਣਾ ਸ਼ੁਰੂ ਕਰ ਦਿਓ। ਹਰ ਕਟਾਈ ਤੇ 20 ਕਿਲੋ ਯੂਰੀਆ ਖਾਦ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਤਾਂ ਜੋ ਜਲਦੀ ਅਤੇ ਚੰਗੇ ਪੱਤੇ ਨਿਕਲਣ। ਮੇਥੀ ਅਤੇ ਪਾਲਕ ਨੂੰ ਹਫਤੇ ਵਿਚ ਇਕ ਵਾਰ ਪਾਣੀ ਦਿਓ। ਸਲਾਦ ਦੇ ਬੀਜ ਜਾਂ ਪਨੀਰੀ ਲਾਉਣ ਤੋਂ ਪਹਿਲਾਂ 55 ਕਿਲੋ ਯੂਰੀਆ, 75 ਕਿਲੋ ਸਿੰਗਲ ਸੁਪਰਫਾਸਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ। ਕਤਾਰਾਂ ਅਤੇ ਬੂਟਿਆਂ ਦਾ ਫ਼ਾਸਲਾ 45 ਅਤੇ 30 ਸੈਂਟੀਮੀਟਰ ਰੱਖੋ।

ਮਟਰ : ਅੱਧ ਨਵੰਬਰ ਤੱਕ ਮਟਰਾਂ ਦੀਆਂ ਕਿਸਮਾਂ ਪੰਜਾਬ 87, ਪੰਜਾਬ 88, ਪੰਜਾਬ 89 ਅਤੇ ਮਿੱਠੀ ਫਲੀ ਦੀ ਬਿਜਾਈ 30×10 ਸੈ. ਮੀ. ਫਾਸਲੇ 'ਤੇ ਕਰੋ। ਬੀਜ ਨੂੰ ਇਕ ਗ੍ਰਾਮ ਬਾਵਿਸਟਨ ਜਾਂ 2 ਗ੍ਰਾਮ ਕੈਪਟਾਨ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਓ ਅਤੇ ਬਿਜਾਈ ਵੇਲੇ 45 ਕਿਲੋ ਯੂਰੀਆ ਅਤੇ 155 ਕਿਲੋ ਸਿੰਗਲ ਸੁਪਰਫਾਸਫੇਟ ਪ੍ਰਤੀ ਏਕੜ ਪਾਓ।

ਬਿਜਾਈ ਲਈ ਬੀਜ 30 ਕਿਲੋ ਪ੍ਰਤੀ ਏਕੜ ਵਰਤੋ। ਨਦੀਨਾਂ ਦੀ ਰੋਕਥਾਮ ਲਈ ਸਟੌਂਪ 1.0 ਲਿਟਰ ਪ੍ਰਤੀ ਏਕੜ ਦਾ ਮਟਰ ਉੱਗਣ ਤੋਂ ਪਹਿਲਾਂ 200 ਲਿਟਰ ਪਾਣੀ ਵਿਚ ਘੋਲ ਕੇ ਇਕਸਾਰ ਛਿੜਕਾਅ ਕਰੋ। ਬੀਜ ਤਿਆਰ ਕਰਨ ਲਈ ਮਟਰਾਂ ਦੀ ਬਿਜਾਈ ਨਵੰਬਰ ਦੇ ਦੂਜੇ ਪੰਦਰਵਾੜੇ ਵਿਚ ਕਰੋ।

ਮਿਰਚਾਂ : ਸੀ. ਐਚ. 1, ਸੀ. ਐਚ. 3, ਪੰਜਾਬ ਸੁਰਖ, ਪੰਜਾਬ ਲਾਲ ਜਾਂ ਪੰਜਾਬ ਗੁੱਛੇਦਾਰ ਦੇ ਬੀਜ ਨੂੰ 15 ਸੈ. ਮੀ. ਉੱਚੇ ਤਿਆਰ ਕੀਤੇ ਕਿਆਰੇ ਵਿਚ ਬੀਜ ਦਿਓ। ਇਕ ਏਕੜ ਦੀ ਪਨੀਰੀ ਤਿਆਰ ਕਰਨ ਲਈ 200 ਗ੍ਰਾਮ ਬੀਜ ਨੂੰ ਇਕ ਮਰਲੇ ਥਾਂ ਵਿਚ ਬੀਜੋ।


Post Comment

Thursday, November 15, 2012

Shri Guru Granth Sahib DarshanEng



Post Comment

Wednesday, November 14, 2012

ਫ਼ਲ, ਸਬਜ਼ੀਆਂ ਵਿਚ ਪਾਏ ਜਾਣ ਵਾਲੇ ਪੌਸ਼ਟਿਕ ਤੱਤ


ਵੱਖ-ਵੱਖ ਤਰ੍ਹਾਂ ਦੇ ਫ਼ਲ ਅਤੇ ਸਬਜ਼ੀਆਂ ਸਾਨੂੰ ਕੁਦਰਤ ਦੁਆਰਾ ਦਿੱਤਾ ਅਨਮੋਲ ਵਰਦਾਨ ਹਨ। ਇਨ੍ਹਾਂ ਫ਼ਲ ਅਤੇ ਸਬਜ਼ੀਆਂ ਦਾ ਸਹੀ ਮਾਤਰਾ ਵਿਚ ਸੇਵਨ ਆਦਿ ਦੇ ਬਾਰੇ ਵਿਚ ਜੇਕਰ ਸਾਨੂੰ ਪਤਾ ਹੋਵੇ ਤਾਂ ਸ਼ਾਇਦ ਸਾਨੂੰ ਡਾਕਟਰ ਕੋਲ ਜਾਣ ਦੀ ਲੋੜ ਨਾ ਪਵੇ। ਪਰ ਇਸ ਸਬੰਧੀ ਵਧੇਰੇ ਜਾਣਕਾਰੀ ਨਾ ਹੋਣ ਕਾਰਨ ਅਸੀਂ ਫ਼ਲ ਅਤੇ ਸਬਜ਼ੀਆਂ ਨੂੰ ਆਪਣੀ ਨਿੱਤ ਦੀ ਪ੍ਰਕਿਰਿਆ ਵਿਚ ਸਥਾਨ ਨਹੀਂ ਦੇ ਪਾਉਂਦੇ।

ਸੇਬ ਖਾਓ, ਡਾਕਟਰ ਦੂਰ ਭਜਾਓ : ਕਹਿੰਦੇ ਹਨ ਨਿਯਮ ਨਾਲ ਹਰ ਰੋਜ਼ ਇਕ ਸੇਬ ਖਾਧਾ ਜਾਵੇ ਤਾਂ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਹੈ। ਸੇਬ ਆਸਾਨੀ ਨਾਲ ਪਚਣ ਵਾਲਾ ਫਲ ਹੈ। ਇਸ ਦਾ ਛਿਲਕਾ ਫਾਇਬਰ ਭਰਪੂਰ ਹੁੰਦਾ ਹੈ। ਇਸ ਵਿਚ ਪਾਇਆ ਜਾਣ ਵਾਲਾ ਪੈਕਟਿਨ ਅੰਤੜੀਆਂ ਵਿਚ ਜਾ ਕੇ ਜੈੱਲ ਦਾ ਕੰਮ ਕਰਦਾ ਹੈ।  ਇਸ ਨਾਲ ਸਰੀਰ ਵਿਚੋਂ ਜ਼ਹਿਰੀਲੇ ਤੱਤ ਬਾਹਰ ਨਿਕਲਦੇ ਹਨ। ਸੇਬ ਵਿਚ ਪੋਟਾਸ਼ੀਅਮ ਅਤੇ ਫਾਸਫੋਰਸ ਪਾਇਆ ਜਾਂਦਾ ਹੈ ਜੋ ਕਿਡਨੀ ਦੇ ਲਈ ਫਾਇਦੇਮੰਦ ਹੈ। ਇਹ ਪੇਟ ਨੂੰ ਠੰਢਾ ਰੱਖਦਾ ਹੈ। ਇਸ ਵਿਚ ਮੌਜੂਦ ਸ਼ੂਗਰ ਸਲਾਇਵਾ ਦਾ ਨਿਰਮਾਣ ਕਰਦੀ ਹੈ, ਜਿਸ ਨਾਲ ਪਾਚਣਤੰਤਰ ਠੀਕ ਢੰਗ ਨਾਲ ਕੰਮ ਕਰਦਾ ਹੈ। ਇਸ ਵਿਚ ਕੈਲੋਰੀ ਤੇ ਕੋਲੈਸਟਰੋਲ ਬਹੁਤ ਘੱਟ ਪਾਇਆ ਜਾਂਦਾ ਹੈ।

ਬਦਾਮ ਖਾਓ ਨਿਰੋਗ ਕਾਇਆ ਪਾਓ : ਬਦਾਮ ਕੁਦਰਤ ਵੱਲੋਂ ਦਿੱਤਾ ਇਕ ਅਨਮੋਲ ਫਲ ਹੈ। ਬਦਾਮ ਦਾ ਸੇਵਨ ਕਰਨ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਸਰੀਰ ਵਿਚ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਦਾ ਵਿਕਾਸ ਹੁੰਦਾ ਹੈ ਅਤੇ ਸਰੀਰ ਨੂੰ ਤਣਾਅ ਸਹਿਣ ਕਰਨ ਦੀ ਤਾਕਤ ਮਿਲਦੀ ਹੈ। ਇਸ ਦੇ ਨਿਯਮਤ ਪ੍ਰਯੋਗ ਨਾਲ ਅੱਖਾਂ ਦੀ ਜੋਤ ਠੀਕ ਰਹਿੰਦੀ ਹੈ। ਚਮੜੀ ਚਮਕਦੀ ਰਹਿੰਦੀ ਹੈ। ਬਦਾਮ ਰੋਗਨ ਬੱਚਿਆਂ ਦੀ ਯਾਦਦਾਸ਼ਤ ਵਧਾਉਂਦਾ ਹੈ।

ਪੌਸ਼ਕ ਤੱਤਾਂ ਨਾਲ ਭਰਪੂਰ ਕੇਲਾ : ਕੇਲੇ ਨੂੰ ਪੌਸ਼ਕ ਤੱਤਾਂ ਦਾ ਖਜ਼ਾਨਾ ਕਿਹਾ ਜਾਂਦਾ ਹੈ। ਇਸ ਵਿਚ ਸਾਰੇ ਵਿਟਾਮਿਨ, ਮਿਨਰਲ, ਆਇਰਨ ਪਾਏ ਜਾਂਦੇ ਹਨ। ਇਹ ਪੇਟ ਦੇ ਅਲਸਰ, ਐਸੀਡਿਟੀ ਨੂੰ ਦੂਰ ਕਰਦਾ ਹੈ। ਪੋਟਾਸ਼ੀਅਮ ਭਰਪੂਰ ਮਾਤਰਾ ਕਰਕੇ ਸੱਟ-ਫੇਟ ਛੇਤੀ ਠੀਕ ਕਰਦਾ ਹੈ। ਕੇਲਾ ਖਾਣ ਨਾਲ ਤੁਰੰਤ ਤਾਕਤ ਮਿਲਦੀ ਹੈ।

ਵਿਟਾਮਿਨ 'ਸੀ' ਨਾਲ ਭਰਪੂਰ ਆਂਵਲਾ : ਆਂਵਲੇ ਵਿਚ ਵਿਟਾਮਿਨ 'ਸੀ' ਕਾਫ਼ੀ ਮਾਤਰਾ ਵਿਚ ਪਾਇਆ ਜਾਂਦਾ ਹੈ। ਇਹ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਂਦਾ ਹੈ। ਆਂਵਲਾ ਖੂਨ 'ਚੋਂ ਹਾਨੀਕਾਰਕ ਤੱਤ ਬਾਹਰ ਕੱਢਦਾ ਹੈ। ਇਸ ਦੇ ਸੇਵਨ ਨਾਲ ਰਕਤ ਵਾਹਨੀਆਂ ਲਚਕੀਲੀਆਂ ਬਣੀਆਂ ਰਹਿੰਦੀਆਂ ਹਨ। ਖੂਨ ਦਾ ਦੌਰਾ ਠੀਕ ਰਹਿੰਦਾ ਹੈ। ਆਂਵਲਾ ਖਾਣ ਨਾਲ ਨਾ ਹੀ ਖੂਨ ਦਾ ਥੱਕਾ ਬਣਦਾ ਹੈ ਤੇ ਨਾ ਹੀ ਦਿਮਾਗ ਦੀਆਂ ਧਮਣੀਆਂ ਫਟਣ ਦੇ ਕਗਾਰ 'ਤੇ ਪੁੱਜਦੀਆਂ ਹਨ। ਆਂਵਲਾ ਭੁੱਖ ਤੇ ਪਾਚਣ ਸ਼ਕਤੀ ਵਧਾਉਂਦਾ ਹੈ। ਇਸ ਨਾਲ ਗਹਿਰੀ ਨੀਂਦ ਆਉਂਦੀ ਹੈ। ਭੁੱਖ ਤੇ ਪਾਚਣ ਸ਼ਕਤੀ ਵਧਦੀ ਹੈ। ਆਂਵਲੇ ਨੂੰ ਸੁਕਾ ਕੇ ਚੂਰਨ ਬਣਾ ਕੇ ਵਾਲ ਧੋਤੇ ਜਾ ਸਕਦੇ ਹਨ।

ਮੌਸਮੀ ਬਿਮਾਰੀ ਲਈ ਨਿੰਬੂ : ਨਿੰਬੂ ਵਿਚ ਵਿਟਾਮਿਨ ਸੀ ਦੀ ਅਧਿਕ ਮਾਤਰਾ ਪਾਈ ਜਾਂਦੀ ਹੈ। ਇਹ ਸਰੀਰ ਦੇ ਵਿਸ਼ੈਲੇ ਤੱਤ ਬਾਹਰ ਕੱਢਦਾ ਹੈ। ਕਿਡਨੀ ਨੂੰ ਠੀਕ ਰੱਖਦਾ ਹੈ। ਮਲੇਰੀਆ, ਜੁਕਾਮ ਵਿਚ ਵੀ ਫਾਇਦਾ ਕਰਦਾ ਹੈ। ਵਾਲਾਂ ਨੂੰ ਲਗਾਉਣ ਨਾਲ ਸਿਕਰੀ ਦੂਰ ਹੁੰਦੀ ਹੈ।

ਪਾਲਕ ਵਿਚ ਹਨ ਚੰਗੇ ਗੁਣ : ਹਰੀਆਂ ਪੱਤੇਦਾਰ ਸਬਜ਼ੀਆਂ ਵਿਚੋਂ ਪਾਲਕ ਦਾ ਨਾਂਅ ਸਭ ਤੋਂ ਉਪਰ ਹੈ। ਇਸ ਵਿਚ ਪੌਸ਼ਕ ਤੱਤ ਭਰੇ ਪਏ ਹਨ। ਪਾਲਕ 'ਚ ਮੌਜੂਦ ਵਿਟਾਮਿਨ 'ਬੀ' ਦਿਲ ਲਈ ਲਾਭਦਾਇਕ ਹੈ। ਵਿਟਾਮਿਨ ਅੱਖਾਂ ਲਈ ਫਾਇਦੇਮੰਦ ਹੈ। ਇਸ ਵਿਚ ਲੋਹਾ ਅਤੇ ਵਿਟਾਮਿਨ 'ਸੀ' ਦੀ ਕਾਫ਼ੀ ਮਾਤਰਾ ਪਾਈ ਜਾਂਦੀ ਹੈ।

ਰੋਗ ਪ੍ਰਤੀਰੋਧਕ ਹੈ ਮਸ਼ਰੂਮ : ਮਸ਼ਰੂਮ ਸਾਡੇ ਸਰੀਰ ਵਿਚ ਸਫੇਦ ਰਕਤ ਕੋਸ਼ਾ ਨੂੰ ਸਰਗਰਮ ਕਰਦਾ ਹੈ। ਇਸ ਵਿਚ ਵਿਟਾਮਿਨ 'ਬੀ' ਐਂਟੀਆਕਸੀਡੈਂਟ ਤੱਤ, ਸੇਲੇਨੀਅਮ, ਮਿਨਰਲ ਵੀ ਪਾਇਆ ਜਾਂਦਾ ਹੈ। ਮਸ਼ਰੂਮ ਨਿਯਮਤਾ ਸੇਵਨ ਕਰਨ ਨਾਲ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਮਜ਼ਬੂਤ ਹੁੰਦੀ ਹੈ।

-ਡਾ: ਸ੍ਰੀਮਤੀ ਸ਼ਾਂਤਵਨਾ ਮਿਸ਼ਰਾ



Post Comment

ਬਾਬਾ ਫ਼ਰੀਦ ਜੀ - Baba Farid Ji (pdf)



Post Comment

ਕੀ ਤੁਸੀਂ ਜਾਣਦੇ ਹੋ?

ਸ੍ਰੀ ਗੁਰੂ ਅਰਜਨ ਦੇਵ ਜੀ

1. ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਮੁਖੀ ਅੱਖਰ ਕਿਸ ਨੇ ਸਿਖਾਏ ਸਨ?

2. 'ਦੋਹਿਤਾ ਬਾਣੀ ਦਾ ਬੋਹਿਥਾ' ਦੀ ਭਵਿੱਖਬਾਣੀ ਕਿਸ ਨੇ ਕੀਤੀ ਸੀ?

3. ਸੱਤਾ ਤੇ ਬਲਵੰਡ ਪੰਜਵੇਂ ਗੁਰੂ ਜੀ ਕੋਲ ਆਪਣੀ ਭੁੱਲ ਕਿਸ ਦੇ ਰਾਹੀਂ ਬਖਸ਼ਾਉਣ ਆਏ ਸਨ?

4. ਤਰਨ ਤਾਰਨ ਸਰੋਵਰ ਲਈ ਪੱਕੀਆਂ ਇੱਟਾਂ ਜ਼ਬਰਦਸਤੀ ਉਠਾ ਕੇ ਕਿਸ ਨੇ ਆਪਣੀ ਹਵੇਲੀ ਨੂੰ ਲਵਾ ਲਈਆਂ ਸਨ?

5. ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਹਿਲਾ ਕੋਹੜੀ ਘਰ ਕਿਥੇ ਬਣਾਇਆ ਸੀ?

6. ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਰਤਾਰਪੁਰ ਵਿਖੇ ਖੂਹ ਕਿਸ ਦੇ ਨਾਂਅ 'ਤੇ ਬਣਵਾਇਆ?

7. 19 ਜੂਨ, 1595 ਈ: ਨੂੰ ਸ੍ਰੀ ਗੁਰੂ ਹਰਿਗੋਬਿੰਦ ਜੀ ਦਾ ਜਨਮ ਕਿਥੇ ਹੋਇਆ ਸੀ?

8. ਕਿਸ ਨੇ ਡੱਬੀ ਬਾਜ਼ਾਰ ਵਿਚ ਬਾਉਲੀ ਬਣਾਉਣੀ ਸ਼ੁਰੂ ਕੀਤੀ?

9. ਸ੍ਰੀ ਗੁਰੂ ਅਰਜਨ ਦੇਵ ਜੀ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੀ ਕਿਹਾ ਜਾਂਦਾ ਸੀ?

10. ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਉਚਾਰਿਆ ਬਾਰਹਮਾਹ ਕਿਸ ਰਾਗ ਵਿਚ ਹੈ?

11. ਪ੍ਰਿਥੀ ਚੰਦ ਨੇ ਸੁਲਹੀ ਖਾਨ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਉੱਤੇ ਹੱਲਾ ਬੋਲਣ ਲਈ ਕਿੰਨੇ ਰੁਪਏ ਦੇਣ 'ਤੇ ਮਨਾਇਆ?

12. ਜਦੋਂ ਖੁਸਰੋ ਆਪਣੇ ਦਾਦੇ ਅਕਬਰ ਦੇ ਮਕਬਰੇ ਸਕੰਦਰੀਆ ਉੱਤੇ ਫੁੱਲ ਚੜ੍ਹਾਉਣ ਜਾ ਰਿਹਾ ਸੀ ਤਾਂ ਕਿਸ ਨੇ ਉਸ ਦੀ    ਮਦਦ ਕੀਤੀ ਸੀ?

13. ਬਾਦਸ਼ਾਹ ਜਹਾਂਗੀਰ ਨੇ ਪੰਜਵੇਂ ਗੁਰੂ ਜੀ ਨੂੰ ਤਸੀਹੇ ਦੇ ਕੇ ਮਾਰਨ ਲਈ ਕਿਸ ਦੇ ਹਵਾਲੇ ਕੀਤਾ ਸੀ?

14. ਜਦ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ ਤਾਂ ਉਨ੍ਹਾਂ ਨੇ ਕਿਹੜੀ ਧੁਨੀ ਜਾਰੀ ਰੱਖੀ?

15. ਪ੍ਰਿਥੀ ਚੰਦ ਨੇ ਜ਼ਹਿਰੀਲਾ ਦੁੱਧ ਪਿਆਉਣ ਲਈ ਦਾਈ ਨੂੰ ਕਿੰਨੇ ਰੁਪਏ ਦਿੱਤੇ ਸਨ?

16. ਛੇਵੇਂ ਗੁਰੂ ਜੀ ਨੇ ਅੰਮ੍ਰਿਤਸਰ ਵਿਖੇ ਕਿਹੜੇ ਕਿਲ੍ਹੇ ਦੀ ਉਸਾਰੀ ਕੀਤੀ ਸੀ?

17. ਕਿਨ੍ਹਾਂ ਨੇ ਆਗਰਾ ਜਾ ਕੇ ਜਹਾਂਗੀਰ ਨੂੰ ਪ੍ਰੇਰਿਆ ਕਿ ਗੁਰੂ ਹਰਿਗੋਬਿੰਦ ਸਾਹਿਬ ਨੂੰ ਬੰਦੀ ਤੋਂ ਆਜ਼ਾਦ ਕੀਤਾ ਜਾਵੇ?

18. ਕਿਸ ਦੇ ਚੋਲੇ ਨਾਲ ਟਹਿਣੀ ਨਾਲੋਂ ਇਕ ਫੁੱਲ ਟੁੱਟ ਕੇ ਜ਼ਮੀਨ ਉੱਤੇ ਡਿੱਗ ਪਿਆ ਸੀ?

19. ਗੁਰੂ ਹਰਿਰਾਇ ਜੀ ਨੇ ਸਿੱਖ ਧਰਮ ਦਾ ਪ੍ਰਚਾਰ ਕਰਨ ਲਈ ਦਿੱਲੀ ਤੇ ਰਾਜਸਥਾਨ ਵੱਲ ਕਿਸ ਨੂੰ ਭੇਜਿਆ ਸੀ?

20. ਦਾਰਾ ਸ਼ਿਕੋਹ ਦੇ ਇਲਾਜ ਲਈ ਖਾਸ ਕਿਸਮ ਦੀ ਦਵਾਈ ਕਿਸ ਦੇ ਦਵਾਖਾਨੇ ਵਿਚੋਂ ਮਿਲੀ ਸੀ?

ਉੱਤਰ : (1) ਗੁਰੂ ਅਮਰਦਾਸ ਜੀ, (2) ਸ੍ਰੀ ਗੁਰੂ ਅਮਰਦਾਸ ਜੀ, (3) ਭਾਈ ਲੱਧਾ ਜੀ ਨੂੰ, (4) ਹਾਕਮ ਨੂਰ ਦੀਨ ਦੇ ਪੁੱਤਰ ਅਮਰਦੀਨ ਨੇ, (5) ਤਰਨ ਤਾਰਨ ਵਿਖੇ, (6) ਮਾਤਾ ਗੰਗਾ ਜੀ ਦੇ ਨਾਂਅ, (7) ਗੁਰੂ ਕੀ ਵਡਾਲੀ (ਅੰਮ੍ਰਿਤਸਰ), (8) ਸ੍ਰੀ ਗੁਰੂ ਅਰਜਨ ਦੇਵ ਜੀ ਨੇ, (9) ਪੋਥੀ ਸਾਹਿਬ, (10) ਮਾਝ ਰਾਗ ਵਿਚ, (11) 10 ਹਜ਼ਾਰ ਰੁਪਏ ਰੋਜ਼ਾਨਾ, (12) ਹੁਸੈਨ ਬੇਗ ਤੇ ਅਬਦਰ ਰਹੀਮ ਨੇ, (13) ਲਾਹੌਰ ਦੇ ਹਾਕਮ ਮੁਰਤਜ਼ਾ ਖਾਨ, (14) 'ਤੇਰਾ ਕੀਆ ਮੀਠਾ ਲਾਗੈ' ਦੀ, (15) 200 ਰੁਪਏ, (16) ਲੋਹਗੜ੍ਹ ਕਿਲ੍ਹੇ ਦੀ, (17) ਵਜ਼ੀਰ ਖਾਨ ਅਤੇ ਮੀਆਂ ਮੀਰ ਨੇ, (18) ਗੁਰੂ ਹਰਿਰਾਇ ਜੀ ਦੇ, (19) ਸੁਥਰੇ ਸ਼ਾਹ ਨੂੰ ਦਿੱਲੀ ਤੇ ਭਾਈ ਫੇਰੂ ਨੂੰ ਰਾਜਸਥਾਨ ਭੇਜਿਆ, (20) ਸ੍ਰੀ ਗੁਰੂ ਹਰਿਰਾਇ ਜੀ ਦੇ ਦਵਾਖਾਨੇ ਵਿਚੋਂ।

-ਬਲਵਿੰਦਰ ਸਿੰਘ ਕੋਟਕਪੂਰਾ,
ਮੁਹੱਲਾ ਹਰਨਾਮਪੁਰਾ, ਵਾ: ਨੰ: 9, ਕੋਟਕਪੂਰਾ (ਫਰੀਦਕੋਟ)।

ਪੋਸਟ ਕਰਤਾ: ਗੁਰਸ਼ਾਮ ਸਿੰਘ ਚੀਮਾ 



Post Comment

Tuesday, November 13, 2012

ਮਹਾਂਬਲੀ ਸੂਰਬੀਰ ਤੇ ਨਿਧੜਕ ਯੋਧਾ-ਧੰਨ ਧੰਨ ਬਾਬਾ ਦੀਪ ਸਿੰਘ (ਸ਼ਹੀਦੀ ਦਿਹਾੜੇ 'ਤੇ ਵਿਸ਼ੇਸ਼)


ਸ਼ਹੀਦ ਬਾਬਾ ਦੀਪ ਸਿੰਘ ਜੀ
ਸਿੱਖ ਕੌਮ ਦੇ ਮਹਾਨ ਜਰਨੈਲ ਤੇ ਅਣਖੀਲੇ ਯੋਧੇ, ਲੰਬਾ ਕੱਦ, ਭਰਵਾਂ ਚਿਹਰਾ, ਸੋਹਣਾ ਤੇ ਸੁੰਦਰ ਦਾੜ੍ਹਾ, ਮੋਟੀਆਂ ਅੱਖਾਂ, ਲਾਲ ਸੂਹਾ ਭਖਦਾ ਚਿਹਰਾ, ਫੁਰਤੀਲੇ ਤੇ ਜੋਸ਼ੀਲੇ ਸਰਦਾਰ ਸਨ ਧੰਨ-ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ। ਬਾਹੂਬਲ ਦੇਖ ਕੇ ਵੈਰੀ ਥਰ-ਥਰ ਕੰਬਦੇ ਸਨ। ਬਾਬਾ ਜੀ ਵਿਚ ਨਿਡਰਤਾ, ਸ਼ਹਾਦਤ ਦਾ ਚਾਅ ਤੇ ਗੁਰਬਾਣੀ ਨਾਲ ਅਥਾਹ ਪਿਆਰ ਸੀ। ਬਾਬਾ ਜੀ ਇਕ ਗਿਆਨੀ ਤੇ ਇਕ ਬਹੁਤ ਹੀ ਚੰਗੇ ਪ੍ਰਚਾਰਕ ਹੋਣ ਦੇ ਨਾਲ-ਨਾਲ ਇਕ ਬਹਾਦਰ ਤੇ ਨਿਰਭੈ ਯੋਧੇ ਵੀ ਸਨ। ਬਾਬਾ ਦੀਪ ਸਿੰਘ ਦਾ ਜਨਮ 26 ਜਨਵਰੀ 1682 ਈ: (14 ਮਾਘ 1739 ਬਿਕਰਮੀ) ਨੂੰ ਮਾਤਾ ਜਿਊਣੀ ਜੀ ਦੇ ਉਦਰ ਤੋਂ ਅਤੇ ਪਿਤਾ ਭਾਈ ਭਗਤਾ ਜੀ ਸੰਧੂ ਦੇ ਗ੍ਰਹਿ ਪਿੰਡ ਪਹੂਵਿੰਡ, ਤਹਿਸੀਲ ਪੱਟੀ, ਜ਼ਿਲ੍ਹਾ ਅੰਮ੍ਰਿਤਸਰ ਵਿਚ ਹੋਇਆ। ਆਪ ਦਾ ਨਾਂਅ ਭਾਈ ਦੀਪਾ ਰੱਖਿਆ ਗਿਆ। (ਕਲਗੀਧਰ ਪਿਤਾ ਜੀ ਕੋਲੋਂ ਅੰਮ੍ਰਿਤਪਾਨ ਕਰਕੇ ਆਪ ਦੇ ਨਾਵਾਂ ਨਾਲ ਕੌਰ ਤੇ ਸਿੰਘ ਜੁੜਨ ਉਪਰੰਤ ਮਾਤਾ ਜਿਊਣ ਕੌਰ, ਭਾਈ ਭਗਤ ਸਿੰਘ ਤੇ ਆਪ ਭਾਈ ਦੀਪ ਸਿੰਘ ਹੋ ਗਏ)।   ਬਚਪਨ ਵਿਚ ਆਪ ਆਪਣੇ ਸਭ ਹਾਣੀਆਂ ਵਿਚੋਂ ਚੌੜਾ ਮੱਥਾ, ਸੁਡੌਲ ਜਿਸਮ, ਜੋਸ਼ੀਲੇ ਤੇ ਤਕੜੇ ਸਨ। ਆਪ 18 ਸਾਲ ਦੇ ਹੋਏ ਤਾਂ ਆਪ ਨੂੰ ਥੋੜ੍ਹੀ- ਥੋੜ੍ਹੀ ਮੁੱਛ ਫੁੱਟ ਰਹੀ ਸੀ। ਹੋਲੇ-ਮਹੱਲੇ ਦਾ ਸਮਾਂ ਨਜ਼ਦੀਕ ਆ ਚੁੱਕਾ ਸੀ। ਮਾਤਾ-ਪਿਤਾ ਗੁਰੂ-ਘਰ ਦੇ ਅਨਿੰਨ ਸੇਵਕ ਸਨ। ਮਾਝੇ ਦੀਆਂ ਸੰਗਤਾਂ ਨੇ ਐਤਕੀਂ ਹੋਲਾ-ਮਹੱਲਾ ਸ੍ਰੀ ਆਨੰਦਪੁਰ ਸਾਹਿਬ ਵਿਚ ਸਾਹਿਬਾਂ ਦੇ ਸਨਮੁੱਖ ਮਨਾਉਣ ਦਾ ਫੈਸਲਾ ਕੀਤਾ।

ਭਾਈ ਦੀਪੇ ਦੇ ਕਹਿਣ 'ਤੇ ਮਾਤਾ-ਪਿਤਾ ਵੀ ਗੁਰੂ ਦਰਸ਼ਨਾਂ ਨੂੰ ਤਿਆਰ ਹੋ ਗਏ। ਕਈ ਦਿਨ ਪੈਦਲ ਯਾਤਰਾ ਕਰਕੇ ਜਥਾ ਸ੍ਰੀ ਅਨੰਦਪੁਰ ਸਾਹਿਬ ਪੁੱਜਾ। ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਦੀਦਾਰੇ ਕਰਕੇ ਸੰਗਤਾਂ ਨਿਹਾਲ ਹੋਈਆਂ ਤੇ ਗੁਰੂ ਜੀ ਦੀ ਪ੍ਰੇਰਨਾ ਸਦਕਾ ਸਭ ਨੇ ਕਲਗੀਧਰ ਪਾਤਸ਼ਾਹ ਜੀ ਕੋਲੋਂ ਪਵਿੱਤਰ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਉਸ ਦਿਨ ਤੋਂ ਸਭ ਦੇ ਨਾਂਅ ਨਾਲ ਕੌਰ ਤੇ ਸਿੰਘ ਸ਼ਬਦ ਜੁੜ ਗਿਆ ਤੇ ਸਭ ਪ੍ਰਾਣੀ ਗੁਰੂ ਵਾਲੇ ਬਣ ਗਏ। ਕੁਝ ਮਹੀਨੇ ਸੇਵਾ ਕਰਕੇ ਜਦੋਂ ਸੰਗਤਾਂ ਵਾਪਸ ਮੁੜਨ ਲੱਗੀਆਂ ਤਾਂ ਆਪ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਰਹਿ ਕੇ ਗੁਰਮੁਖੀ, ਫ਼ਾਰਸੀ ਤੇ ਅਰਬੀ ਲਿਪੀ ਵਿਚ ਨਿਪੁੰਨਤਾ ਹਾਸਲ ਕੀਤੀ ਤੇ ਇਥੇ ਹੀ ਆਪ ਨੇ ਸ਼ਸਤਰ ਵਿੱਦਿਆ, ਘੋੜਸਵਾਰੀ, ਤਲਵਾਰਬਾਜ਼ੀ, ਤੀਰਅੰਦਾਜ਼ੀ ਤੇ ਨੇਜ਼ਾਬਾਜ਼ੀ ਦੀ ਮੁਹਾਰਤ ਹਾਸਲ ਕੀਤੀ। ਜਦੋਂ ਭਾਈ ਦੀਪ ਸਿੰਘ ਨੇ ਸੁਣਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਦੇਸ਼ ਮੁਤਾਬਿਕ ਪੰਜਾਬ ਆਇਆ ਹੈ ਤਾਂ ਸਿੱਖੀ ਦੀ ਸ਼ਾਨ ਨੂੰ ਹੋਰ ਵਧਾਉਣ ਲਈ ਆਪ ਮੈਦਾਨ ਵਿਚ ਕੁੱਦ ਪਏ। 1708 ਤੋਂ ਲੈ ਕੇ 1715 ਤੱਕ ਬਾਬਾ ਦੀਪ ਸਿੰਘ ਨੇ ਬਾਬਾ ਬੰਦਾ ਬਹਾਦਰ ਦੀ ਹਰ ਯੁੱਧ ਵਿਚ ਮਦਦ ਕੀਤੀ ਤੇ ਜਿੱਤ ਦਾ ਪਰਚਮ ਲਹਿਰਾਇਆ। 1734 ਵਿਚ ਦੀਵਾਨ ਦਰਬਾਰ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਨਵਾਬ ਕਪੂਰ ਸਿੰਘ, ਭਾਈ ਫਤਹਿ ਸਿੰਘ, ਭਾਈ ਬੁੱਢਾ ਸਿੰਘ ਤੇ ਭਾਈ ਭੂਮਾ ਸਿੰਘ ਆਦਿ ਸਿੱਖਾਂ ਨੇ ਇਕੱਠੇ ਹੋ ਕੇ ਵਿਚਾਰ ਕਰਨ ਉਪਰੰਤ ਤਰਨਾ ਦਲ ਤੇ ਬੁੱਢਾ ਦਲ ਬਣਾਉਣ ਦੀ ਪ੍ਰਵਾਨਗੀ ਦੇ ਦਿੱਤੀ। ਬਾਬਾ ਦੀਪ ਸਿੰਘ ਜੀ ਤਰਨਾ ਦਲ ਦੇ ਮੁਖੀ ਥਾਪੇ ਗਏ।

ਉਸ ਸਮੇਂ ਆਪ ਦੀ ਉਮਰ 52 ਸਾਲ ਸੀ। ਉਧਰ ਮੀਰ ਮੁਹੰਮਦ ਦੀ ਮੌਤ ਤੋਂ ਬਾਅਦ ਜਹਾਨ ਖਾਂ ਲਾਹੌਰ ਦਾ ਸੂਬੇਦਾਰ ਥਾਪਿਆ ਗਿਆ। ਅਬਦਾਲੀ ਦੇ ਪੁੱਤਰ ਤੈਮੂਰ ਸ਼ਾਹ ਨੇ ਜਹਾਨ ਖਾਂ ਅਤੇ ਸਰਬੁਲੰਦ ਖਾਂ ਨੂੰ ਅੰਮ੍ਰਿਤਸਰ ਸਿੱਖਾਂ ਦਾ ਮਲੀਆਮੇਟ ਕਰਨ ਲਈ ਭੇਜਿਆ। ਇਨ੍ਹਾਂ ਦੋਵਾਂ ਨੇ ਆਉਂਦਿਆ ਹੀ ਸਿੱਖਾਂ ਨੂੰ ਮੌਤ ਦੇ ਘਾਟ ਉਤਾਰਨਾ ਸ਼ੁਰੂ ਕਰ ਦਿੱਤਾ ਤੇ ਪਵਿੱਤਰ ਹਰਿਮੰਦਰ ਸਾਹਿਬ ਦੀ ਮਰਿਆਦਾ ਭੰਗ ਕੀਤੀ ਤੇ ਪਵਿੱਤਰ ਸਰੋਵਰ ਨੂੰ ਮਿੱਟੀ ਨਾਲ ਪੂਰ ਕੇ ਵਿਚ ਜੌਂ ਬੀਜ ਦਿੱਤੇ ਤੇ ਆਪਣੀਆਂ ਮਨਮਾਨੀਆਂ ਕਰਨ ਲੱਗੇ। ਇਹ ਸਭ ਦੀ ਖਬਰ ਭਾਗ ਸਿੰਘ ਨਿਹੰਗ ਸਿੰਘ ਨੇ ਦਮਦਮਾ ਸਾਹਿਬ ਜਾ ਕੇ ਬਾਬਾ ਦੀਪ ਸਿੰਘ ਨੂੰ ਦੱਸੀ। ਉਸ ਵਕਤ ਬਾਬਾ ਜੀ ਬਾਣੀ ਲਿਖ ਰਹੇ ਸਨ। ਬਾਬਾ ਜੀ ਨੇ ਦਮਦਮਾ ਸਾਹਿਬ ਤੋਂ 500 ਸਿੰਘਾਂ ਦਾ ਜਥਾ ਲੈ ਕੇ ਤਰਨ ਤਾਰਨ ਸਾਹਿਬ ਪੁੱਜ ਕੇ ਇਸ਼ਨਾਨ ਕਰਨ ਉਪਰੰਤ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿਚ ਅਰਦਾਸ ਕੀਤੀ 'ਹੇ, ਸ਼ਹੀਦਾਂ ਦੇ ਸਿਰਤਾਜ, ਧਰਮ ਲਈ ਸ਼ਹੀਦ ਹੋਣ ਚੱਲੇ ਹਾਂ, ਅੰਗ-ਸੰਗ ਸਹਾਇਤਾ ਕਰਨੀ, ਜ਼ਾਲਮਾਂ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਝੰਡੇ ਪੁੱਟ ਕੇ ਹੀ ਸ਼ਹੀਦ ਹੋਵਾਂਗਾ।' 500 ਸਿੰਘਾਂ ਦਾ ਜਥਾ ਤਰਨ ਤਾਰਨ ਤੋਂ ਤੁਰਨ ਵੇਲੇ 5000 ਸਿੰਘਾਂ ਦਾ ਜਥਾ ਬਣ ਚੁੱਕਾ ਸੀ।

ਪਿੰਡ ਗੋਹਲਵਾੜ ਪਹੁੰਚ ਕੇ ਬਾਬਾ ਦੀਪ ਸਿੰਘ ਨੇ ਲਕੀਰ ਖਿੱਚੀ ਤੇ ਗਰਜਵੀਂ ਆਵਾਜ਼ ਵਿਚ ਕਿਹਾ ਕਿ 'ਜਿਸ ਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਵਿਚ ਸ਼ਹੀਦ ਹੋਣਾ ਹੈ, ਉਹ ਹੀ ਇਹ ਲਕੀਰ ਟੱਪਣ।' ਸਿੰਘ ਜੈਕਾਰੇ ਗਜਾਉਂਦੇ ਹੋਏ ਲਕੀਰ ਛਾਲਾਂ ਮਾਰ ਕੇ ਟੱਪ ਗਏ। (ਇਸ ਥਾਂ ਤਰਨ ਤਾਰਨ ਰੋਡ ਦੇ ਉੱਪਰ ਗੁਰਦੁਆਰਾ ਲਲਕਾਰ ਸਾਹਿਬ ਸਥਿਤ ਹੈ) ਉਧਰ ਜਹਾਨ ਖਾਂ 40,000 ਦੀ ਭਾਰੀ ਭਰਕਮ ਫੌਜ ਲੈ ਕੇ ਗੋਹਲਵਾੜ ਦੇ ਨਜ਼ਦੀਕ ਪਹੁੰਚ ਚੁੱਕਾ ਸੀ। ਦੋਵਾਂ ਦੇ ਟਾਕਰੇ ਹੋ ਗਏ। ਸਿੰਘ ਤੇ ਦੁਰਾਨੀ ਲੜਦੇ ਹੋਏ ਪਿੰਡ ਚੱਬਾ ਅਤੇ ਪਿੰਡ ਵਰਪਾਲ ਦੀ ਸਾਂਝੀ ਜੂਹ 'ਚ ਆਹਮੋ-ਸਾਹਮਣੇ ਹੋ ਗਏ। ਬਾਬਾ ਦੀਪ ਸਿੰਘ ਦੋ ਧਾਰਾ ਖੰਡਾ (18 ਸੇਰ ਦਾ ਖੰਡਾ) ਫੜ ਕੇ ਇਸ ਤਰ੍ਹਾਂ ਅੱਗੇ ਵਧ ਰਹੇ ਸਨ, ਜਿਵੇਂ ਕਲਗੀਧਰ ਪਾਤਸ਼ਾਹ ਆਪ ਇਸ ਯੁੱਧ ਦੀ ਅਗਵਾਈ ਕਰ ਰਹੇ ਹੋਣ। ਅਨੰਦਪੁਰ ਸਾਹਿਬ ਵਿਚ ਇਹ ਖਬਰ ਪਾ ਕੇ ਬਾਬਾ ਗੁਰਬਖਸ਼ ਸਿੰਘ ਵੀ ਘੋੜੇ 'ਤੇ ਸਵਾਰ ਹੋ ਕੇ ਕੁਝ ਸਿੰਘ ਲੈ ਕੇ ਮਦਦ ਲਈ ਆਣ ਪਹੁੰਚੇ ਤਾਂ ਦੁਰਾਨੀ ਇਹ ਵੇਖ ਕੇ ਘਬਰਾਹਟ ਵਿਚ ਆ ਗਏ। ਉਧਰ ਜਹਾਨ ਖਾਂ ਨੂੰ ਵੀ ਪਿੱਛੋਂ ਮਦਦ ਦੀ ਆਸ ਸੀ ਕਿ ਤਾਜ਼ੀ ਅਤਾ ਮੁਹੰਮਦ ਖਾਨ ਮਦਦ ਲੈ ਕੇ ਆਵੇਗਾ ਤਾਂ ਸਿੱਖਾਂ ਨਾਲ ਫਿਰ ਤੋਂ ਦੋ-ਦੋ ਹੱਥ ਕਰੇਗਾ ਪਰ ਅਲੀ ਖਾਨ, ਸਾਬਰ ਖਾਨ ਤੇ ਯਕੂਬ ਖਾਨ ਨੇ ਉਨ੍ਹਾਂ ਨੂੰ ਨਾ ਉਡੀਕਿਆ ਤੇ ਸਿੱਖਾਂ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਯਕੂਬ ਖਾਨ ਤੇ ਅਮਾਨ ਖਾਨ ਸਾਥੀਆਂ ਸਮੇਤ ਮਾਰੇ ਗਏ। ਸਿੱਖਾਂ ਦਾ ਵੀ ਬਹੁਤ ਨੁਕਸਾਨ ਹੋਇਆ ਤੇ ਕਈ ਨਾਮੀ ਸਿੰਘ ਸ਼ਹੀਦ ਹੋ ਗਏ। ਬਾਬਾ ਦਿਆਲ ਸਿੰਘ ਹੱਥੋਂ ਜਹਾਨ ਖਾਂ ਮਾਰਿਆ ਗਿਆ।

ਜਹਾਨ ਖਾਂ ਦਾ ਸਿਰ ਨੇਜ਼ੇ ਉੱਪਰ ਟੰਗਿਆ ਵੇਖ ਕੇ ਦੁਰਾਨੀ ਪਿੱਛੇ ਹਟਣ ਲੱਗੇ। ਇੰਨੇ ਚਿਰ ਨੂੰ ਦੁਰਾਨੀਆਂ ਦੀ ਮਦਦ ਲਈ ਫੌਜ ਆ ਗਈ। ਇਸ ਲੜਾਈ ਵਿਚ ਜੋ ਸਿੰਘ ਸ਼ਹੀਦ ਹੋਏ, ਉਹ ਸਨ ਭਾਈ ਦਿਆਲ ਸਿੰਘ, ਭਾਈ ਅਰੂੜ ਸਿੰਘ, ਜਥੇ: ਬਾਬਾ ਬਲਵੰਤ ਸਿੰਘ, ਬਾਬਾ ਸੰਤੋਖ ਸਿੰਘ, ਭਾਈ ਹਰਚਰਨ ਸਿੰਘ, ਭਾਈ ਤਾਰਾ ਸਿੰਘ, ਭਾਈ ਕੁੰਦਨ ਸਿੰਘ, ਭਾਈ ਜਵੰਦ ਸਿੰਘ, ਭਾਈ ਕਰਤਾਰ ਸਿੰਘ, ਭਾਈ ਗੁਲਾਬ ਸਿੰਘ, ਭਾਈ ਰਾਮ ਸਿੰਘ, ਭਾਈ ਕੌਰ ਸਿੰਘ, ਭਾਈ ਗੁਰਬਖਸ਼ ਸਿੰਘ, ਭਾਈ ਅਜੀਤ ਸਿੰਘ, ਭਾਈ ਗਿਆਨ ਸਿੰਘ, ਭਾਈ ਰਣ ਸਿੰਘ, ਭਾਈ ਮੰਨਾ ਸਿੰਘ, ਭਾਈ ਸਹਿਤ ਸਿੰਘ, ਭਾਈ ਸੰਤ ਸਿੰਘ ਅਤੇ ਕਈ ਹੋਰ ਨਾਮਵਰ ਸਿੰਘ ਇਸ ਯੁੱਧ ਵਿਚ ਵੈਰੀ ਨਾਲ ਲੋਹਾ ਲੈਂਦੇ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਲਈ ਸ਼ਹੀਦ ਹੋ ਗਏ। ਇਨ੍ਹਾਂ ਸ਼ਹੀਦਾਂ ਸਿੰਘਾਂ ਦੇ ਗੁਰਦੁਆਰੇ ਪਿੰਡ ਚੱਬਾ ਅਤੇ ਪਿੰਡ ਵਰਪਾਲ ਦੀ ਸਾਂਝੀ ਜੂਹ 'ਚ ਸੁਸ਼ੋਭਿਤ ਹਨ। ਬਾਬਾ ਧਰਮ ਸਿੰਘ ਤੇ ਬਾਬਾ ਨੌਧ ਸਿੰਘ ਦਾ ਗੁਰਦੁਆਰਾ ਤਰਨ ਤਾਰਨ ਰੋਡ ਦੇ ਐਨ ਉੱਪਰ ਸਥਿਤ ਹੈ। ਫੌਜਾਂ ਲੜਦੀਆਂ ਹੋਈਆਂ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਨੂੰ ਵਧ ਰਹੀਆਂ ਸਨ। ਬਾਬਾ ਦੀਪ ਸਿੰਘ ਦੇ ਸਾਹਮਣੇ ਜਮਾਲ ਖਾਂ ਆ ਗਿਆ। ਦੋਵਾਂ ਵਿਚ ਬੜੀ ਜ਼ਬਰਦਸਤ ਟੱਕਰ ਹੋਈ।

ਦੋਵਾਂ ਦੇ ਸਾਂਝੇ ਵਾਰ ਨਾਲ ਸੀਸ ਧੜ ਤੋਂ ਅਲੱਗ ਹੋ ਗਏ। (ਇਸ ਅਸਥਾਨ 'ਤੇ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਤਰਨ ਤਾਰਨ ਰੋਡ ਦੇ ਐਨ ਉੱਪਰ ਸਥਿਤ ਹੈ) ਇਕ ਸਿੰਘ ਵੱਲੋਂ ਬਾਬਾ ਜੀ ਨੂੰ ਇਹ ਕਹਿਣ 'ਤੇ ਕਿ 'ਤੁਸੀਂ ਤਾਂ, ਸ੍ਰੀ ਹਰਿਮੰਦਰ ਸਾਹਿਬ ਜਾ ਕੇ ਸ਼ਹੀਦ ਹੋਣਾ ਸੀ, ਤੁਸੀਂ ਤਾਂ ਇਥੇ ਹੀ ਫਤਹਿ ਗਜਾ ਚੱਲੇ ਹੋ।' ਤਾਂ ਬਾਬਾ ਦੀਪ ਸਿੰਘ ਨੇ ਸੱਜੇ ਹੱਥ ਵਿਚ 18 ਸੇਰ ਦਾ ਖੰਡਾ ਤੇ ਖੱਬੇ ਹੱਥ 'ਤੇ ਸੀਸ ਟਿਕਾ ਕੇ ਦੁਸ਼ਮਣ ਦਲ ਦੀ ਵਾਢ ਇਸ ਤਰ੍ਹਾਂ ਕੀਤੀ ਕਿ ਦੁਸ਼ਮਣਾਂ ਵਿਚ ਹਫੜਾ-ਦਫੜੀ ਮਚ ਗਈ ਤੇ ਵੈਰੀ ਮੈਦਾਨ ਛੱਡ ਕੇ ਭੱਜਣ ਲੱਗੇ। ਇਸ ਤਰ੍ਹਾਂ ਦੁਸ਼ਮਣਾਂ ਦੇ ਆਹੂ ਲਾਹੁੰਦੇ ਹੋਏ ਬਾਬਾ ਜੀ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਵਿਚ ਪਹੁੰਚ ਗਏ। ਸ੍ਰੀ ਹਰਿਮੰਦਰ ਸਾਹਿਬ ਦੀ ਦੱਖਣੀ ਬਾਹੀ ਵੱਲ ਇਕ ਗੁਰਦੁਆਰਾ ਤੇ ਇਕ ਨਿਸ਼ਾਨ ਸਾਹਿਬ ਹੈ, ਜਿਥੇ ਬਾਬਾ ਦੀਪ ਸਿੰਘ ਨੇ 13 ਨਵੰਬਰ 1757 (30 ਕੱਤਕ 1814 ) ਨੂੰ ਸ਼ਹੀਦੀ ਪ੍ਰਾਪਤ ਕੀਤੀ। ਗੁਰਦੁਆਰਾ ਰਾਮਸਰ ਸਾਹਿਬ ਦੇ ਨਜ਼ਦੀਕ ਗੁਰਦੁਆਰਾ 'ਸ਼ਹੀਦਾਂ ਸਾਹਿਬ' ਜਿਥੇ ਬਾਬਾ ਜੀ ਦਾ ਸੰਸਕਾਰ ਕੀਤਾ ਗਿਆ ਸੀ, ਵਿਖੇ ਹਰ ਐਤਵਾਰ ਅਤੇ ਸ਼ਹੀਦੀ ਜੋੜ ਮੇਲੇ 'ਤੇ ਸੰਗਤਾਂ ਹੁੰਮ-ਹੁਮਾ ਕੇ ਪਹੁੰਚਦੀਆਂ ਹਨ ਤੇ ਗੁਰੂ-ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ।

ਬੱਬੂ ਚੱਬੇ ਵਾਲਾ
-ਪਿੰਡ ਤੇ ਡਾਕ: ਚੱਬਾ, ਤਰਨ ਤਾਰਨ ਰੋਡ, ਅੰਮ੍ਰਿਤਸਰ-143022. ਮੋਬਾ: 97817-51690
babbuchabbewala@gmail. com



Post Comment