ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Saturday, June 23, 2012

Today's Hukamnama From Sri Harmandir Sahib Ji (24 June 2012)


ਹੁਕਮਨਾਮਾ ਸ਼੍ਰੀ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ

ਗੁਰਬਾਣੀ-ਸਤਿਕਾਰ ਨੂੰ ਮੁੱਖ ਰੱਖਦੇ ਹੋਏ ਸਿਰ ਢੱਕ ਕੇ ਪੜ੍ਹਨ ਦੀ ਅਤੇ ਬਾਣੀ ਉਤੇ ਅਮਲ ਕਰਨ ਦੀ ਖੇਚਲ ਕਰਨੀ ਜੀ।

ਅੱਜ ਦਾ ਮੁੱਖਵਾਕ 24.6.2012, ਐਤਵਾਰ  , ੧੧ ਹਾੜ(ਸੰਮਤ ੫੪੪ ਨਾਨਕਸ਼ਾਹੀ)

ਸੂਹੀ ਮਹਲਾ ੫ ॥
ਅਬਿਚਲ ਨਗਰੁ ਗੋਬਿੰਦ ਗੁਰੂ ਕਾ ਨਾਮੁ ਜਪਤ ਸੁਖੁ ਪਾਇਆ ਰਾਮ ॥ ਮਨ ਇਛੇ ਸੇਈ ਫਲ ਪਾਏ ਕਰਤੈ ਆਪਿ ਵਸਾਇਆ ਰਾਮ ॥ ਕਰਤੈ ਆਪਿ ਵਸਾਇਆ ਸਰਬ ਸੁਖ ਪਾਇਆ ਪੁਤ ਭਾਈ ਸਿਖ ਬਿਗਾਸੇ ॥ ਗੁਣ ਗਾਵਹਿ ਪੂਰਨ ਪਰਮੇਸੁਰ ਕਾਰਜੁ ਆਇਆ ਰਾਸੇ ॥ ਪ੍ਰਭੁ ਆਪਿ ਸੁਆਮੀ ਆਪੇ ਰਖਾ ਆਪਿ ਪਿਤਾ ਆਪਿ ਮਾਇਆ ॥ ਕਹੁ ਨਾਨਕ ਸਤਿਗੁਰ ਬਲਿਹਾਰੀ ਜਿਨਿ ਏਹੁ ਥਾਨੁ ਸੁਹਾਇਆ ॥੧ ॥ ਘਰ ਮੰਦਰ ਹਟਨਾਲੇ ਸੋਹੇ ਜਿਸੁ ਵਿਚਿ ਨਾਮੁ ਨਿਵਾਸੀ ਰਾਮ ॥ ਸੰਤ ਭਗਤ ਹਰਿ ਨਾਮੁ ਅਰਾਧਹਿ ਕਟੀਐ ਜਮ ਕੀ ਫਾਸੀ ਰਾਮ ॥ ਕਾਟੀ ਜਮ ਫਾਸੀ ਪ੍ਰਭਿ ਅਬਿਨਾਸੀ ਹਰਿ ਹਰਿ ਨਾਮੁ ਧਿਆਏ ॥ ਸਗਲ ਸਮਗ੍ਰੀ ਪੂਰਨ ਹੋਈ ਮਨ ਇਛੇ ਫਲ ਪਾਏ ॥ ਸੰਤ ਸਜਨ ਸੁਖਿ ਮਾਣਹਿ ਰਲੀਆ ਦੂਖ ਦਰਦ ਭ੍ਰਮ ਨਾਸੀ ॥ ਸਬਦਿ ਸਵਾਰੇ ਸਤਿਗੁਰਿ ਪੂਰੈ ਨਾਨਕ ਸਦ ਬਲਿ ਜਾਸੀ ॥੨॥ ਦਾਤਿ ਖਸਮ ਕੀ ਪੂਰੀ ਹੋਈ ਨਿਤ ਨਿਤ ਚੜੈ ਸਵਾਈ ਰਾਮ ॥ ਪਾਰਬ੍ਰਹਮਿ ਖਸਮਾਨਾ ਕੀਆ ਜਿਸ ਦੀ ਵਡੀ ਵਡਿਆਈ ਰਾਮ ॥ ਆਦਿ ਜੁਗਾਦਿ ਭਗਤਨ ਕਾ ਰਾਖਾ ਸੋ ਪ੍ਰਭੁ ਭਇਆ ਦਇਆਲਾ ॥ ਜੀਅ ਜੰਤ ਸਭਿ ਸੁਖੀ ਵਸਾਏ ਪ੍ਰਭਿ ਆਪੇ ਕਰਿ ਪ੍ਰਤਿਪਾਲਾ ॥ ਦਹ ਦਿਸ ਪੂਰਿ ਰਹਿਆ ਜਸੁ ਸੁਆਮੀ ਕੀਮਤਿ ਕਹਣੁ ਨ ਜਾਈ ॥ ਕਹੁ ਨਾਨਕ ਸਤਿਗੁਰ ਬਲਿਹਾਰੀ ਜਿਨਿ ਅਬਿਚਲ ਨੀਵ ਰਖਾਈ ॥੩॥ ਗਿਆਨ ਧਿਆਨ ਪੂਰਨ ਪਰਮੇਸੁਰ ਹਰਿ ਹਰਿ ਕਥਾ ਨਿਤ ਸੁਣੀਐ ਰਾਮ ॥ ਅਨਹਦ ਚੋਜ ਭਗਤ ਭਵ ਭੰਜਨ ਅਨਹਦ ਵਾਜੇ ਧੁਨੀਐ ਰਾਮ ॥ ਅਨਹਦ ਝੁਣਕਾਰੇ ਤਤੁ ਬੀਚਾਰੇ ਸੰਤ ਗੋਸਟਿ ਨਿਤ ਹੋਵੈ ॥ ਹਰਿ ਨਾਮੁ ਅਰਾਧਹਿ ਮੈਲੁ ਸਭ ਕਾਟਹਿ ਕਿਲਵਿਖ ਸਗਲੇ ਖੋਵੈ ॥ ਤਹ ਜਨਮ ਨ ਮਰਣਾ ਆਵਣ ਜਾਣਾ ਬਹੁੜਿ ਨ ਪਾਈਐ ਜੁੋਨੀਐ ॥ ਨਾਨਕ ਗੁਰੁ ਪਰਮੇਸਰੁ ਪਾਇਆ ਜਿਸੁ ਪ੍ਰਸਾਦਿ ਇਛ ਪੁਨੀਐ ॥੪॥੬॥੯॥

ਐਤਵਾਰ, ੧੧ ਹਾੜ (ਸੰਮਤ ੫੪੪ ਨਾਨਕਸ਼ਾਹੀ) (ਅੰਗ:੭੮੩)

ਪੰਜਾਬੀ ਵਿਆਖਿਆ :
ਸੂਹੀ ਮਹਲਾ ੫ ॥
ਹੇ ਭਾਈ! (ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਮਨੁੱਖਾਂ ਨੇ) ਸਭ ਤੋਂ ਵੱਡੇ ਗੋਬਿੰਦ ਦਾ ਨਾਮ ਜਪਦਿਆਂ ਆਤਮਕ ਆਨੰਦ ਪ੍ਰਾਪਤ ਕਰ ਲਿਆ, (ਉਹਨਾਂ ਦਾ ਸਰੀਰ) ਅਬਿਨਾਸੀ ਪਰਮਾਤਮਾ ਦੇ ਰਹਿਣ ਲਈ ਸ਼ਹਰ ਬਣ ਗਿਆ । ਕਰਤਾਰ ਨੇ (ਉਸ ਸਰੀਰ-ਸ਼ਹਰ ਨੂੰ) ਆਪ ਵਸਾ ਦਿੱਤਾ (ਆਪਣੇ ਵੱਸਣ ਲਈ ਤਿਆਰ ਕਰ ਲਿਆ) ਉਹਨਾਂ ਮਨੁੱਖਾਂ ਨੇ ਮਨ-ਮੰਗੀਆਂ ਮੁਰਾਦਾਂ ਸਦਾ ਹਾਸਲ ਕੀਤੀਆਂ । ਹੇ ਭਾਈ! ਕਰਤਾਰ ਨੇ (ਜਿਨ੍ਹਾਂ ਮਨੁੱਖਾਂ ਦੇ ਸਰੀਰ ਨੂੰ) ਆਪਣੇ ਵੱਸਣ ਲਈ ਤਿਆਰ ਕਰ ਲਿਆ, ਉਹਨਾਂ ਨੇ ਸਾਰੇ ਸੁਖ-ਆਨੰਦ ਮਾਣੇ, (ਗੁਰੂ ਕੇ ਉਹ) ਸਿੱਖ (ਗੁਰੂ ਕੇ ਉਹ) ਪੁੱਤਰ (ਗੁਰੂ ਕੇ ਉਹ) ਭਰਾ ਸਦਾ ਖਿੜੇ-ਮੱਥੇ ਰਹਿੰਦੇ ਹਨ । (ਉਹ ਵਡ-ਭਾਗੀ ਮਨੁੱਖ) ਸਰਬ-ਵਿਆਪਕ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ, (ਉਹਨਾਂ ਮਨੁੱਖਾਂ ਦਾ) ਜੀਵਨ ਮਨੋਰਥ ਸਿਰੇ ਚੜ੍ਹ ਜਾਂਦਾ ਹੈ । ਹੇ ਭਾਈ! (ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਜਪਦੇ ਹਨ, ਜਿਨ੍ਹਾਂ ਦੇ ਸਰੀਰ ਨੂੰ ਪਰਮਾਤਮਾ ਨੇ ਆਪਣੇ ਵੱਸਣ ਲਈ ਸ਼ਹਰ ਬਣਾ ਲਿਆ) ਮਾਲਕ-ਪ੍ਰਭੂ (ਉਹਨਾਂ ਦੇ ਸਿਰ ਉੱਤੇ) ਸਦਾ ਆਪ ਹੀ ਰਾਖਾ ਬਣਿਆ ਰਹਿੰਦਾ ਹੈ (ਜਿਵੇਂ ਮਾਪੇ ਆਪਣੇ ਪੁੱਤਰ ਦਾ ਧਿਆਨ ਰੱਖਦੇ ਹਨ, ਤਿਵੇਂ ਪਰਮਾਤਮਾ ਉਹਨਾਂ ਮਨੁੱਖਾਂ ਲਈ) ਆਪ ਹੀ ਪਿਉ ਆਪ ਹੀ ਮਾਂ ਬਣਿਆ ਰਹਿੰਦਾ ਹੈ । ਹੇ ਨਾਨਕ! ਆਖ-(ਹੇ ਭਾਈ!) ਉਸ ਗੁਰੂ ਤੋਂ ਸਦਾ ਕੁਰਬਾਨ ਹੁੰਦਾ ਰਹੁ, ਜਿਸ ਨੇ (ਹਰਿ-ਨਾਮ-ਸਿਮਰਨ ਦੀ ਦਾਤਿ ਦੇ ਕੇ ਕਿਸੇ ਵਡ-ਭਾਗੀ ਦੇ) ਇਸ ਸਰੀਰ-ਥਾਂ ਨੂੰ ਸੁੰਦਰ ਬਣਾ ਦਿੱਤਾ ।੧। ਹੇ ਭਾਈ! (ਗੁਰੂ ਦੀ ਕਿਰਪਾ ਨਾਲ) ਜਿਸ (ਸਰੀਰ-ਨਗਰ) ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, (ਉਸ ਸਰੀਰ ਦੇ) ਸਾਰੇ ਹੀ ਗਿਆਨ-ਇੰਦ੍ਰੇ ਸੋਹਣੇ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ । (ਉਸ ਸਰੀਰ-ਨਗਰ ਵਿਚ ਬੈਠੇ) ਸੰਤ-ਜਨ ਭਗਤ-ਜਨ ਪਰਮਾਤਮਾ ਦਾ ਨਾਮ ਸਿਮਰਦੇ ਰਹਿੰਦੇ ਹਨ । (ਨਾਮ-ਸਿਮਰਨ ਦੀ ਬਰਕਤਿ ਨਾਲ) ਆਤਮਕ ਮੌਤ ਦੀ ਫਾਹੀ ਕੱਟੀ ਜਾਂਦੀ ਹੈ । ਹੇ ਭਾਈ! (ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਮਨੁੱਖਾਂ ਨੇ) ਪਰਮਾਤਮਾ ਦਾ ਨਾਮ ਸਿਮਰਿਆ, ਅਬਿਨਾਸੀ ਪ੍ਰਭੂ ਨੇ ਉਹਨਾਂ ਦੀ ਆਤਮਕ ਮੌਤ ਦੀ ਫਾਹੀ ਕੱਟ ਦਿੱਤੀ । (ਆਤਮਕ ਮੌਤ ਦੀ ਫਾਹੀ ਕੱਟਣ ਲਈ ਉਹਨਾਂ ਦੇ ਅੰਦਰ) ਸਾਰੇ ਲੋੜੀਂਦੇ ਆਤਮਕ ਗੁਣ ਮੁਕੰਮਲ ਹੋ ਗਏ, ਉਹਨਾਂ ਦੀਆਂ ਮਨ-ਬਾਂਛਤ ਮੁਰਾਦਾਂ ਪੂਰੀਆਂ ਹੋ ਗਈਆਂ । ਹੇ ਭਾਈ! (ਗੁਰੂ ਦੀ ਰਾਹੀਂ ਨਾਮ ਸਿਮਰ ਕੇ) ਸੰਤ-ਜਨ ਭਗਤ-ਜਨ ਸੁਖ ਵਿਚ (ਟਿਕ ਕੇ) ਆਤਮਕ ਆਨੰਦ ਮਾਣਦੇ ਹਨ । (ਉਹਨਾਂ ਦੇ ਅੰਦਰੋਂ) ਸਾਰੇ ਦੁੱਖ ਦਰਦ ਤੇ ਭਰਮ ਨਾਸ ਹੋ ਜਾਂਦੇ ਹਨ । ਹੇ ਨਾਨਕ! (ਆਖ-ਮੈਂ) ਉਸ ਪੂਰੇ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ ਜਿਸ ਨੇ (ਆਪਣੇ) ਸ਼ਬਦ ਦੀ ਰਾਹੀਂ (ਸਰਨ-ਪਏ ਮਨੁੱਖ ਦੇ) ਜੀਵਨ ਸੋਹਣੇ ਬਣਾ ਦਿੱਤੇ ।੨। ਹੇ ਭਾਈ! (ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਉਤੇ ਨਾਮ ਸਿਮਰਨ ਦੀ) ਪੂਰਨ ਬਖ਼ਸ਼ਸ਼ ਪਰਮਾਤਮਾ ਵਲੋਂ ਹੁੰਦੀ ਹੈ (ਉਸ ਦੇ ਅੰਦਰ ਇਹ ਬਖ਼ਸ਼ਸ਼) ਸਦਾ ਵਧਦੀ ਰਹਿੰਦੀ ਹੈ, ਕਿਉਂਕਿ ਜਿਸ ਪਰਮਾਤਮਾ ਦੀ ਬੇਅੰਤ ਸਮਰਥਾ ਹੈ ਉਸ ਨੇ ਆਪ ਉਸ ਮਨੁੱਖ ਦੇ ਸਿਰ ਉੱਤੇ ਆਪਣਾ ਹੱਥ ਰੱਖਿਆ ਹੁੰਦਾ ਹੈ । ਹੇ ਭਾਈ! ਜਗਤ ਦੇ ਸ਼ੁਰੂ ਤੋਂ ਹੀ ਪਰਮਾਤਮਾ ਆਪਣੇ ਭਗਤਾਂ ਦਾ ਰਾਖਾ ਬਣਿਆ ਆ ਰਿਹਾ ਹੈ, ਭਗਤਾਂ ਉਤੇ ਦਇਆਵਾਨ ਹੁੰਦਾ ਆ ਰਿਹਾ ਹੈ । ਉਸ ਪ੍ਰਭੂ ਨੇ ਆਪ ਹੀ ਸਭ ਜੀਵਾਂ ਦੀ ਪਾਲਣਾ ਕੀਤੀ, ਉਸ ਨੇ ਆਪ ਹੀ ਸਾਰੇ ਜੀਵਾਂ ਨੂੰ ਸੁਖੀ ਵਸਾਇਆ ਹੋਇਆ ਹੈ । ਸਾਰੇ ਹੀ ਜਗਤ ਵਿਚ ਉਸ ਦੀ ਸੋਭਾ ਖਿਲਰੀ ਹੋਈ ਹੈ, (ਉਸ ਦੀ ਵਡਿਆਈ ਦਾ) ਮੁੱਲ ਨਹੀਂ ਦੱਸਿਆ ਜਾ ਸਕਦਾ । ਹੇ ਨਾਨਕ! ਆਖ-ਹੇ ਭਾਈ! ਉਸ ਗੁਰੂ ਤੋਂ ਸਦਾ ਕੁਰਬਾਨ ਹੋ, ਜਿਸ ਨੇ ਕਦੇ ਨਾਹ ਹਿੱਲਣ ਵਾਲੀ (ਹਰਿ-ਨਾਮ ਸਿਮਰਨ ਦੀ) ਨੀਂਹ ਰੱਖੀ ਹੈ (ਜਿਹੜਾ ਗੁਰੂ ਮਨੁੱਖ ਦੇ ਅੰਦਰ ਪਰਮਾਤਮਾ ਦਾ ਨਾਮ ਸਿਮਰਨ ਦੀ ਅਹਿੱਲ ਨੀਂਹ ਰੱਖ ਦੇਂਦਾ ਹੈ) ।੩। ਹੇ ਭਾਈ! (ਉਸ ‘ਅਬਿਚਲ ਨਗਰ’ ਵਿਚ) ਸਰਬ-ਵਿਆਪਕ ਪਰਮਾਤਮਾ ਨਾਲ ਡੂੰਘੀ ਸਾਂਝ ਪਾਣ ਦੀ, ਪਰਮਾਤਮਾ ਵਿਚ ਸੁਰਤਿ ਜੋੜਨ ਦੀ ਕਥਾ-ਵਿਚਾਰ ਹੁੰਦੀ ਸੁਣੀਦੀ ਰਹਿੰਦੀ ਹੈ । (ਸੰਤ ਜਨਾਂ ਦੇ ਉਸ ਸਰੀਰ ਨਗਰ ਵਿਚ) ਭਗਤਾਂ ਦੇ ਜਨਮ ਮਰਨ ਦੇ ਗੇੜ ਨਾਸ ਕਰਨ ਵਾਲੇ ਪਰਮਾਤਮਾ ਦੇ ਚੋਜ-ਤਮਾਸ਼ਿਆਂ ਅਤੇ ਸਿਫ਼ਤਿ-ਸਾਲਾਹ ਦੀ ਇਕ-ਰਸ ਪ੍ਰਬਲ ਧੁਨੀ ਉਠਦੀ ਰਹਿੰਦੀ ਹੈ । ਹੇ ਭਾਈ! (ਉਸ ‘ਅਬਿਚਲ ਨਗਰ’ ਵਿਚ, ਸੰਤ ਜਨਾਂ ਦੇ ਉਸ ਸਰੀਰ-ਨਗਰ ਵਿਚ) ਪਰਮਾਤਮਾ ਦੀ ਇਕ-ਰਸ ਸਿਫ਼ਤਿ-ਸਾਲਾਹ ਹੁੰਦੀ ਰਹਿੰਦੀ ਹੈ, ਜਗਤ-ਦੇ-ਮੂਲ ਪ੍ਰਭੂ ਦੇ ਗੁਣਾਂ ਦੀ ਵਿਚਾਰ ਹੁੰਦੀ ਰਹਿੰਦੀ ਹੈ, ਸੰਤ-ਜਨਾਂ ਦੀ ਪਰਸਪਰ ਰੱਬੀ ਵਿਚਾਰ ਹੁੰਦੀ ਰਹਿੰਦੀ ਹੈ । (ਸੰਤ-ਜਨ ਉਸ ‘ਅਬਿਚਲ ਨਗਰ’ ਵਿਚ) ਪਰਮਾਤਮਾ ਦਾ ਨਾਮ ਸਿਮਰਦੇ ਰਹਿੰਦੇ ਹਨ, (ਇਸ ਤਰ੍ਹਾਂ ਆਪਣੇ ਅੰਦਰੋਂ ਵਿਕਾਰਾਂ ਦੀ) ਸਾਰੀ ਮੈਲ ਦੂਰ ਕਰਦੇ ਰਹਿੰਦੇ ਹਨ, (ਪਰਮਾਤਮਾ ਦਾ ਨਾਮ ਉਹਨਾਂ ਦੇ) ਸਾਰੇ ਪਾਪ ਦੂਰ ਕਰਦਾ ਰਹਿੰਦਾ ਹੈ । ਹੇ ਭਾਈ! ਉਸ (‘ਅਬਿਚਲ ਨਗਰ’) ਵਿਚ ਟਿਕਿਆਂ ਜਨਮ-ਮਰਨ ਦਾ ਗੇੜ ਨਹੀਂ ਰਹਿ ਜਾਂਦਾ, ਮੁੜ ਮੁੜ ਜੂਨਾਂ ਵਿਚ ਨਹੀਂ ਪਈਦਾ । ਹੇ ਨਾਨਕ, (ਆਖ-ਹੇ) ਭਾਈ!) ਜਿਸ ਗੁਰੂ ਦੀ ਕਿਰਪਾ ਨਾਲ ਜਿਸ ਪ੍ਰਭੂ ਦੀ ਮਿਹਰ ਨਾਲ (ਮਨੁੱਖ ਦੀ) ਹਰੇਕ ਇੱਛਾ ਪੂਰੀ ਹੁੰਦੀ ਜਾਂਦੀ ਹੈ, ਉਹ ਗੁਰੂ ਉਹ ਪਰਮੇਸਰ (ਉਸ ‘ਅਬਿਚਲ ਨਗਰ’ ਵਿਚ ਟਿਕਿਆਂ) ਮਿਲ ਪੈਂਦਾ ਹੈ ।੪।੬।੯।

English Translation :

SOOHEE, FIFTH MEHL:
Eternal and immovable is the City of God and Guru; chanting His Name, I have found peace. I have obtained the fruits of my mind’s desires; the Creator Himself established it. The Creator Himself established it. I have found total peace; my children, siblings and Sikhs have all blossomed forth in bliss. Singing the Glorious Praises of the Perfect Transcendent Lord, my affairs have come to be resolved. God Himself is my Lord and Master. He Himself is my Saving Grace; He Himself is my father and mother. Says Nanak, I am a sacrifice to the True Guru, who has embellished and adorned this place. || 1 || Homes, mansions, stores and markets are beautiful, when the Lord’s Name abides within. The Saints and devotees worship the Lord’s Name in adoration, and the noose of Death is cut away. The noose of Death is cut away, meditating on the Name of the Eternal, Unchanging Lord, Har, Har. Everything is perfect for them, and they obtain the fruits of their mind’s desires. The Saints and friends enjoy peace and pleasure; their pain, suffering and doubts are dispelled. The Perfect True Guru has embellished them with the Word of the Shabad; Nanak is forever a sacrifice to them. || 2 || The gift of our Lord and Master is perfect; it increases day by day. The Supreme Lord God has made me His own; His Glorious Greatness is so great! From the very beginning, and throughout the ages, He is the Protector of His devotees; God has become merciful to me. All beings and creatures now dwell in peace; God Himself cherishes and cares for them. The Praises of the Lord and Master are totally pervading in the ten directions; I cannot express His worth. Says Nanak, I am a sacrifice to the True Guru, who has laid this eternal foundation. || 3 || The spiritual wisdom and meditation of the Perfect Transcendent Lord, and the Sermon of the Lord, Har, Har, are continually heard there. The devotees of the Lord, the Destroyer of fear, play endlessly there, and the unstruck melody resounds and vibrates there. The unstruck melody resounds and resonates, and the Saints contemplate the essence of reality; this discourse is their daily routine. They worship the Lord’s Name, and all their filth is washed away; they rid themselves of all sinful residues. There is no birth or death there, no coming or going, and no entering into the womb of reincarnation again. Nanak has found the Guru, the Transcendent Lord; by His Grace, desires are fulfilled. || 4 || 6 || 9 ||


Sunday, 11th Assaar (Samvat 544 Nanakshahi) (Page: 783)

ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫ਼ਤਿਹ।।


Post Comment

ਪੰਜਾਬੀ ਭਾਸ਼ਾ ਵਿਚ ਸ਼ਬਦ-ਜੋੜਾਂ ਦੀ ਸਮੱਸਿਆ

ਪੰਜਾਬੀ ਭਾਸ਼ਾ ਵਿਚ ਸ਼ਬਦ-ਜੋੜਾਂ ਦੀ ਸਮੱਸਿਆ ਪੰਜਾਬੀ ਦੇ ਭਾਸ਼ਾ-ਵਿਗਿਆਨੀਆਂ, ਵਿਦਵਾਨਾਂ, ਲੇਖਕਾਂ,ਅਧਿਆਪਕਾਂ, ਵਿਦਿਆਰਥੀਆਂ ਅਤੇ ਆਮ ਲੋਕਾਂ ਲਈ ਕਾਫੀ ਦੇਰ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਇਸ ਬਾਰੇ ਵੱਖੋ-ਵੱਖਰੇ ਮਤ ਦਿੱਤੇ ਜਾ ਰਹੇ ਹਨ ਜਿੰਨ੍ਹਾਂ ਕਾਰਣ ਇਹ ਭੰਬਲਭੂਸਾ ਘਟਣ ਦੀ ਥਾਂ ਸਗੋਂ ਹੋਰ ਵਧ ਰਿਹਾ ਹੈ। ਇਕੋ ਸ਼ਬਦ ਨੂੰ ਵੱਖੋ-ਵੱਖ ਤਰ੍ਹਾਂ ਨਾਲ ਲਿਖਿਆ ਜਾਂਦਾ ਹੈ ਅਤੇ ਬਹੁਤੇ ਸ਼ਬਦ ਅਕਸਰ ਗਲਤ ਲਿਖੇ ਜਾਂਦੇ ਹਨ। ਤੁਅਜ਼ਬ ਇਸ ਗੱਲ ਦਾ ਹੈ ਕਿ ਇਹ ਗਲਤੀਆਂ ਕੇਵਲ ਸਧਾਰਨ ਲੋਕ ਹੀ ਨਹੀਂ ਕਰਦੇ ਸਗੋਂ ਕਈ ਵਾਰ ਉੱਚ-ਯੋਗਤਾ ਪ੍ਰਾਪਤ ਅਧਿਆਪਕ, ਸਥਾਪਿਤ ਲੇਖਕ, ਕਾਲਮ-ਨਵੀਸ ਅਤੇ ਪ੍ਰਸਿਧ ਵਿਦਵਾਨ ਵੀ ਇਹਨਾਂ ਦਾ ਸ਼ਿਕਾਰ ਹੋ ਜਾਂਦੇ ਹਨ। ਹੋਰ ਤਾਂ ਹੋਰ ਪੰਜਾਬੀ ਦੇ ਨਾਮੀ-ਗਰਾਮੀ ਅਖ਼ਬਾਰਾਂ ਅਤੇ ਰਸਾਲਿਆਂ ਵਿਚੋਂ ਵੀ ਅਜਿਹੀਆਂ ਅਨੇਕਾਂ ਗਲਤੀਆਂ ਲੱਭੀਆਂ ਜਾ ਸਕਦੀਆਂ ਹਨ ਭਾਵੇਂ ਉਹ ਸਰਕਾਰੀ ਜਾਂ ਗੈਰ-ਸਰਕਾਰੀ ਵਿਗਿਆਪਨਾਂ ਵਿਚ ਹੋਣ ਭਾਵੇਂ ਪੱਤਰਕਾਰਾਂ ਦੁਆਰਾ ਭੇਜੇ ਗਏ ਮਸਾਲੇ ਵਿਚ।
ਇਹ ਸਮੱਸਿਆ ਦੇ ਭਾਵੇਂ ਬਹੁਤ ਸਾਰੇ ਕਾਰਣ ਹੋ ਸਕਦੇ ਹਨ ਪਰ ਇਸ ਦਾ ਮੁੱਖ ਕਾਰਣ ਇਕ ਹੀ ਹੈ ਅਤੇ ਉਹ ਹੈ ਸਾਡੀ ਇਸ ਸਮੱਸਿਆ ਪ੍ਰਤੀ ਉਦਾਸੀਨਤਾ ਅਤੇ ਲਾਪਰਵਾਹੀ। ਸਾਡਾ ਦੁਖਾਂਤ ਹੀ ਇਹ ਹੈ ਕਿ ਅਸੀਂ ਇਸ ਪ੍ਰਤੀ ਕਿਸੇ ਵੀ ਪੱਧਰ ਤੇ ਉਤਨੇ ਸੰਜੀਦਾ ਨਹੀਂ ਹਾਂ ਜਿੰਨੇ ਸਾਨੂੰ ਹੋਣਾ ਚਾਹੀਦਾ ਹੈ ਅਸੀਂ ਨਾ ਤਾਂ ਹਾਲੇ ਤੱਕ ਆਪਣੇ ਸ਼ਬਦਾਂ ਦਾ ਮਿਆਰੀਕਰਨ ਕਰ ਸਕੇ ਹਾਂ ਅਤੇ ਨਾ ਹੀ ਆਪਣੀਆਂ ਵਿਦਿਅਕ ਸੰਸਥਾਵਾਂ ਵਿਚ ਸ਼ਬਦ-ਜੋਡ਼ਾਂ ਦੀ ਸ਼ੁਧਤਾ ਤੇ ਉਨਾ ਜ਼ੋਰ ਦਿੰਦੇ ਹਾਂ ਜਿੰਨਾ ਦਿੱਤਾ ਜਾਣਾ ਚਾਹੀਦਾ ਹੈ ਉਦਾਹਰਣ ਵਜੋਂ, ਕੀ ਅਸੀਂ ਆਪਣੇ ਸਕੂਲਾਂ ਜਾਂ ਘਰਾਂ ਵਿਚ ਕਦੀ ਇਹ ਯਤਨ ਕਰਦੇ ਹਾਂ ਕਿ ਜਿਸ ਤਰ੍ਹਾਂ ਅੰਗਰੇਜ਼ੀ ਦੇ ਇਕੱਲੇ ਇਕੱਲੇ ਸ਼ਬਦ ਦੇ ਸਪੈਲਿੰਗਾਂ ਨੂੰ ਬਚਪਨ ਤੋਂ ਹੀ ਰੱਟਾ ਲਗਵਾਇਆ ਜਾਂਦਾ ਹੈ, ਉਸ ਤਰ੍ਹਾਂ ਹੀ ਪੰਜਾਬੀ ਸ਼ਬਦਾਂ ਦੇ ਸਪੈਲਿੰਗਾਂ ਦਾ ਵੀ ਬੋਲ ਕੇ ਜਾਂ ਲਿਖ ਕੇ ਅਭਿਆਸ ਕਰਵਾਇਆ ਜਾਵੇ। ਅੱਜ ਅੰਗਰੇਜ਼ੀ ਸਿੱਖਣ-ਸਿਖਾਉਣ ਦਾ ਪ੍ਰਬੰਧ ਤਾਂ ਰਾਜ ਦੇ ਹਰ ਗਲੀ ਮੁਹੱਲੇ ਵਿਚ ਹੈ ਅਤੇ ਇਹ ਬਹੁਤ ਚੰਗੀ ਗੱਲ ਹੈ, ਕਿਉਂਕਿ ਅਜੋਕੇ ਵਿਸ਼ਵੀਕਰਨ ਅਤੇ ਉਦਾਰੀਕਰਨ ਦੇ ਯੁੱਗ ਵਿਚ ਇਸ ਅੰਤਰ-ਰਾਸ਼ਟਰੀ ਭਾਸ਼ਾ ਦੀ ਜਾਣਕਾਰੀ ਤੋਂ ਬਿਨਾ ਵਿਕਾਸ ਸੰਭਵ ਨਹੀਂ ਹੈ।ਮੈਂ ਇਸ ਦੇ ਕਦਾਚਿਤ ਖਿਲਾਫ ਨਹੀਂ ਹਾਂ, ਸਗੋਂ ਮੈਂ ਤਾ ਸਾਰੀ ਉਮਰ ਪਡ਼੍ਹਾਈ ਹੀ ਅੰਗਰੇਜ਼ੀ ਹੈ, ਪਰ ਕੀ ਅਸੀਂ ਕਦੀ ਪੰਜਾਬੀ ਸਿਖੱਣ-ਸਿਖਾਉਣ ਲਈ ਵੀ ਕੁਝ ਉਪਰਾਲੇ ਕਰਨ ਬਾਰੇ ਸੋਚਿਆ ਹੈ ? ਨਤੀਜਾ ਇਹ ਹੈ ਕਿ ਸਾਡੇ ਵਿਦਿਆਰਥੀ ਅੰਗਰੇਜ਼ੀ ਦੇ ਤਾਂ ਭਾਵੇਂ ਦਸ ਵਿਚੋਂ ਦਸ ਸ਼ਬਦ ਸ਼ੁੱਧ ਲਿਖ ਦੇਣ ਪਰ ਪੰਜਾਬੀ ਦੇ ਕਈ ਵਾਰ ਦਸ ਵਿਚੋਂ ਚਾਰ ਸ਼ਬਦ ਵੀ ਸ਼ੁੱਧ ਨਹੀਂ ਲਿਖ ਸਕਦੇ। ਜਿਥੋਂ ਤੱਕ ਸਾਡੇ ਪਿੰਡਾਂ ਦੇ ਸਰਕਾਰੀ ਸਕੂਲਾਂ ਦਾ ਸਬੰਧ ਹੈ ਉਹਨਾਂ ਦੇ ਬਹੁਤੇ ਵਿਦਿਆਰਥੀ ਤਾਂ ਵਿਚਾਰੇ ਨਾ ਪੰਜਾਬੀ ਠੀਕ ਲਿਖ ਸਕਦੇ ਹਨ ਅਤੇ ਨਾ ਅੰਗਰੇਜ਼ੀ।
ਪੰਜਾਬੀ ਮੁੱਖ ਤੌਰ ਤੇ ਧੁਨੀਆਤਮਕ (Phonetic) ਭਾਸ਼ਾ ਹੈ। ਇਸ ਦਾ ਭਾਵ ਹੈ ਕਿ ਇਸ ਭਾਸ਼ਾ ਨੂੰ ਜਿਵੇਂ ਬੋਲਿਆ ਜਾਂਦਾ ਹੈ ਆਮ ਤੌਰ ਤੇ ਉਸ ਤਰ੍ਹਾਂ ਹੀ ਲਿਖਿਆ ਜਾਂਦਾ ਹੈ  ਜਾਂ ਇਸ ਤਰ੍ਹਾਂ ਕਹਿ ਲਈਏ ਕਿ ਕੋਈ ਸ਼ਬਦ ਜਿਸ ਤਰ੍ਹਾਂ ਲਿਖਿਆ ਹੁੰਦਾ ਹੈ ਅਸੀਂ ਉਸ ਦਾ ਉਚਾਰਣ ਵੀ ਉਸੇ ਤਰ੍ਹਾਂ ਹੀ ਕਰਦੇ ਹਾਂ। ਇਸ ਵਿਚ ਨਾ ਤਾਂ ਕੋਈ ਖਾਮੋਸ਼ (Silent) ਅੱਖਰਾਂ ਦੀ ਸਮੱਸਿਆ ਹੈ ਅਤੇ ਨਾ ਹੀ ਵਾਧੂ ਅੱਖਰਾਂ ਦੀ। ਨਿਰਸੰਦੇਹ, ਇਸ ਵਿਚ ਕੁਝ ਅੱਖਰ ਜਿਵੇਂ  ਕਿ ਹ, ਘ, ਝ, ਢ, ਧ, ਭ ਅਤੇ ਯ ਆਦਿ ਅਜਿਹੇ ਹਨ ਜਿੰਨ੍ਹਾਂ ਨੂੰ ਜੇਕਰ ਸ਼ਬਦ ਦੇ ਸ਼ੁਰੂ ਵਿਚ ਵਰਤਿਆ ਜਾਵੇ ਤਾਂ ਉਹਨਾਂ ਦੀ ਧੁਨੀ ਵੱਖਰੀ ਹੁੰਦੀ ਹੈ ਅਤੇ ਜੇਕਰ ਉਹਨਾਂ ਨੂੰ ਸ਼ਬਦਾਂ ਦੇ ਵਿਚਕਾਰ ਜਾਂ ਅਖੀਰ ਤੇ ਵਰਤਿਆ ਜਾਵੇ ਤਾਂ  ਉਹ ਵੱਖਰੀ ਅਵਾਜ਼ ਦਿੰਦੇ ਹਨ। ਉਦਾਹਰਣ ਵਜੋਂ ਚਾਹ ਅਤੇ ਹਾਰ, ਘੋਡ਼ਾ ਅਤੇ ਸਿੰਘ, ਝਾਵਾਂ ਅਤੇ ਵੰਝ, ਢੋਲਕ ਅਤੇ ਵਾਢੀ, ਧੋਬੀ ਅਤੇ ਬੁੱਧੀ, ਯੁੱਗ ਅਤੇ ਆਯਾ ਆਦਿ ਜੋਡ਼ਿਆਂ ਵਿਚ ਵਰਤੇ ਗਏ ਇਹ ਅੱਖਰ ਵੱਖਰੀ-ਵੱਖਰੀ ਅਵਾਜ਼ ਦਿੰਦੇ ਹਨ। ਇਸੇ ਤਰ੍ਹਾਂ ਅਸੀਂ ਲਿਖਦੇ ਪਡ਼੍ਹਾਈ ਹਾਂ ਅਤੇ ਬੋਲਦੇ ਭਡ਼ਾਈ ਹਾਂ, ਲਿਖਦੇ ਭਰਪੂਰ ਹਾਂ ਅਤੇ ਬੋਲਦੇ ਭਰਭੂਰ ਹਾਂ, ਲਿਖਦੇ ਠੰਢ ਹਾਂ ਅਤੇ ਬੋਲਦੇ ਠੰਡ ਹਾਂ ਆਦਿ।ਬਹੁਤ ਸਾਰੇ ਸ਼ਬਦਾਂ ਜਿਵੇਂ ਕਿ ਮਾਮਾ, ਸਿਨੇਮਾ, ਲੰਮਾ, ਨਾਨਾ, ਕਾਨਾ, ਗਾਨਾ, ਖਿਮਾ, ਕਹਿਣਾ, ਸਹਿਣਾ ਆਦਿ ਵਿਚ ਬਿੰਦੀ ਦੀ ਧੁਨੀ ਉਚਾਰੀ ਜਾਂਦੀ ਹੈ ਪਰ ਲਿਖਣ ਵਿਚ ਬਿੰਦੀ ਦਾ ਪ੍ਰਯੋਗ ਨਹੀਂ ਹੁੰਦਾ।
ਪਰ ਅਜਿਹੀਆਂ ਉਦਾਹਰਣਾ ਬਹੁਤ ਜ਼ਿਆਦਾ ਨਹੀਂ ਹਨ, ਇਹਨਾਂ ਨੂੰ ਅਭਿਆਸ ਰਾਹੀਂ ਸਿੱਖਿਆ ਜਾ ਸਕਦਾ ਹੈ ਅਤੇ ਇਹਨਾਂ ਨਾਲ ਭਾਸ਼ਾ ਦੇ ਬੁਨਿਆਦੀ ਧੁਨੀਆਤਮਕ ਚਰਿੱਤਰ ਤੇ ਕੋਈ ਖਾਸ ਅਸਰ ਨਹੀਂ ਪੈਂਦਾ। ਕਿਸੇ ਵੀ ਭਾਸ਼ਾ ਦਾ ਇਹ ਇਕ ਬਹੁਤ ਵਧੀਆ ਗੁਣ ਹੁੰਦਾ ਹੈ ਕਿਉਂਕਿ ਇਸ ਨਾਲ ਉਸ ਭਾਸ਼ਾ ਨੂੰ ਪਡ਼੍ਹਨਾ-ਲਿਖਣਾ ਅਤੇ ਸਿੱਖਣਾ-ਸਿਖਾਉਣਾ ਬਹੁਤ ਸੌਖਾ ਹੋ ਜਾਂਦਾ ਹੈ। ਇਸ ਦੇ ਉਲਟ ਅੰਗਰੇਜ਼ੀ ਅਤੇ ਲਗਭਗ ਸਾਰੀਆਂ ਹੀ ਯੂਰਪੀਨ ਭਾਸ਼ਾਵਾਂ ਵਿਚ ਬਹੁਤ ਸਾਰੇ ਸ਼ਬਦ ਅਜਿਹੇ ਹਨ ਜੋ ਧੁਨੀਆਤਮਕ ਨਹੀਂ ਹਨ। ਉਹਨਾਂ ਵਿਚ ਲਿਖਿਆ ਕੁਝ ਹੋਰ ਹੁੰਦਾ ਹੈ ਅਤੇ ਪਡ਼੍ਹਿਆ ਕੁਝ ਹੋਰ ਜਾਂਦਾ ਹੈ।
ਇਹ ਵੀ ਮੰਨਣਯੋਗ ਹੈ ਕਿ ਸਾਡੀ ਭਾਸ਼ਾ ਵਿਚ ਕੁਝ ਹੋਰ ਗੁੰਝਲਾਂ ਵੀ ਹਨ – ਜਿਵੇਂ ਪੈਰ ਬਿੰਦੀ ਅਤੇ ਪੈਰ ਵਿਚ ਪੈਣ ਵਾਲੇ ਅੱਖਰਾਂ ਸਬੰਧੀ ਗੁੰਝਲਾਂ – ਪਰ ਫਿਰ ਵੀ ਦੂਜੀਆਂ ਭਾਸ਼ਾਵਾਂ ਦੇ ਮੁਕਾਬਲੇ ਵਿਚ ਇਸ ਨੂੰ ਸਿੱਖਣਾ ਸਰਲ ਹੈ। ਦੂਜੀ ਦਲੀਲ ਇਹ ਦਿੱਤੀ ਜਾਂਦੀ ਹੈ ਕਿ ਜਿੰਨੀਆਂ ਧੁਨੀਆਂ ਦਾ ਉਚਾਰਣ ਪੰਜਾਬੀ ਲੋਕ ਕਰ ਸਕਦੇ ਹਨ ਉਨੀਆਂ ਧੁਨੀਆਂ ਦਾ ਉਚਾਰਣ ਸ਼ਾਇਦ ਹੀ ਵਿਸ਼ਵ ਦੇ ਕਿਸੇ ਹੋਰ ਖਿੱਤੇ ਦੇ ਲੋਕ ਕਰ ਸਕਦੇ ਹੋਣ ਜਿਸ ਕਾਰਣ ਅਸੀਂ ਸ਼ਬਦ-ਜੋਡ਼ਾਂ ਵਿਚ ਕੁਝ ਕਠਿਨਾਈ ਮਹਿਸੂਸ ਕਰਦੇ ਹਾਂ। ਮਿਸਾਲ ਵਜੋਂ ਙ, ਞ, ਣ ਅਤੇ ਤਾਲਵੀ ਲ ਦੀਆਂ ਧੁਨੀਆਂ ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਗਿਣਤੀ ਤਾਂ ਬਹੁਤ ਹੀ ਘੱਟ ਹੈ ਪਰ ਇਸ ਦੇ ਜਵਾਬ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਜੇਕਰ ਸਾਡੇ ਪਾਸ ਕੁਝ ਵਾਧੂ ਧੁਨੀਆਂ ਹਨ ਤਾਂ ਸਾਡੇ ਪਾਸ ਲਿਪੀ ਸੰਕੇਤਾਂ ਦੀ ਵੀ ਕਮੀ ਨਹੀਂ ਅਤੇ ਅੰਗਰੇਜ਼ੀ ਦੇ ਕੇਵਲ ਛੱਬੀ ਅੱਖਰਾਂ ਦੀ ਬਜਾਇ ਸਾਡੇ ਪਾਸ ਪੈਂਤੀ ਮੂਲ ਅੱਖਰ, ਪੈਰ ਬਿੰਦੀ ਵਾਲੇ “ਲ” (Palatal ‘L’) ਸਮੇਤ ਛੇ ਪੈਰ ਬਿੰਦੀ ਵਾਲੇ “ਨਵੀਨ ਟੋਲੀ” ਦੇ ਅੱਖਰ ਅਤੇ ਦਸ ਲਗਾਂ-ਮਾਤਰਾਂ (ਕੁਝ ਵਿਦਵਾਨਾਂ ਅਨੁਸਾਰ ਨੌਂ) ਵੱਖਰੀਆਂ ਹਨ। ਇਸ ਵਿਸ਼ੇ ਤੇ ਹੋਰ ਬਹਿਸ ਨੂੰ ਵਿਦਵਾਨਾਂ ਲਈ ਛੱਡਦੇ ਹੋਏ ਅਸੀਂ ਕੁਝ ਵਿਵਹਾਰਿਕ ਸਮੱਸਿਆਵਾਂ ਵੱਲ ਪਰਤਦੇ ਹਾਂ।
ਮੇਰੇ ਅਨੁਭਵ ਅਨੁਸਾਰ ਪੰਜਾਬੀ ਵਿਚ ਸ਼ਬਦ-ਜੋਡ਼ਾਂ ਦੀਆਂ ਸਭ ਤੋਂ ਵੱਧ ਗਲਤੀਆਂ ਪੈਰ ਬਿੰਦੀ ਵਾਲੇ ਅੱਖਰਾਂ,ਅੱਧਕ ਵਾਲੇ ਸ਼ਬਦਾਂ ਅਤੇ ਨ, ਣ ਦੀ ਵਰਤੋਂ ਵਾਲੇ ਸ਼ਬਦਾਂ ਵਿਚ ਹੁੰਦੀਆਂ ਹਨ। ਉਦਾਹਰਣ ਵਜੋਂ ਮੂਲ ਸ਼ਬਦ ਸ਼ਖ਼ਸ ਹੈ ਜਿਸ ਦਾ ਭਾਵਾਚਕ ਨਾਂਵ ਸ਼ਖ਼ਸੀਅਤ ਬਣਦਾ ਹੈ ਪਰ ਇਸ ਵਿਚ ਬਿੰਦੀ ਜਾਂ ਤਾਂ ਦੂਜੇ ‘ਸ’ ਦੇ ਪੈਰ ਵਿਚ ਲਗਾ ਦਿੱਤੀ ਜਾਂਦੀ ਹੈ ਜਾਂ ਫਿਰ ਦੋਨੋ ਸੱਸਿਆਂ ਦੇ ਪੈਰ ਵਿਚ ਜੋ ਸਰਾਸਰ ਗਲਤ ਹੈ। ਇਸੇ ਤਰ੍ਹਾਂ ਸ਼ਾਸਨ,ਸ਼ਾਸਕ, ਸ਼ਸਤਰ (ਹਥਿਆਰ), ਸ਼ਾਸਤਰ, ਸੁਸ਼ੀਲ, ਸ਼ਿਸ਼ਟ, ਸ਼ੋਸ਼ਣ, ਸ਼੍ਰੇਸ਼ਟ, ਸ਼੍ਰਿਸ਼ਟੀ, ਸ਼੍ਰੇਣੀ, ਸ਼ਰਮਸਾਰ,ਸਾਜਿਸ਼, ਪ੍ਰਸ਼ਾਸਕ, ਪ੍ਰਸ਼ਾਸਨ, ਪ੍ਰਸ਼ੰਸਾ, ਪ੍ਰਕਾਸ਼, ਪਸ਼ੂ, ਵਿਸ਼ਵਾਸ, ਕਿਸ਼ਤੀ, ਕੋਸ਼ਿਸ਼, ਨਿਸ਼ਚਾ, ਰਿਸ਼ਤਾ,ਮਾਲਿਸ਼, ਆਦੇਸ਼, ਆਦਿ ਸ਼ਬਦਾਂ ਵਿਚੋਂ ਜੋਕਰ ਪੈਰ ਬਿੰਦੀ ਹਟਾ ਦਿੱਤੀ ਜਾਵੇ ਜਾਂ ਕਿਸੇ ਹੋਰ ਥਾਂ ਲਗਾ ਦਿੱਤੀ ਜਾਵੇ ਤਾਂ ਉਹ ਗਲਤ ਹੋਵੇਗੀ। ਸ੍ਰੀ ਅਤੇ ਸ਼੍ਰੀ ਦੋਨੋ ਹੀ ਆਦਰ ਬੋਧਕ ਸ਼ਬਦ ਹਨ। ਸ੍ਰੀ ਦੀ ਵਰਤੋਂ ਆਮ ਤੌਰ ਤੇ ਗੁਰੂਆਂ-ਪੀਰਾਂ, ਸੰਤਾਂ-ਮਹੰਤਾਂ, ਰਾਜਿਆਂ-ਮਹਾਰਾਜਿਆਂ, ਤੀਰਥ-ਅਸਥਾਨਾਂ, ਧਰਮ-ਗ੍ਰੰਥਾਂ, ਜਾਂ ਅਧਿਆਪਕਾਂ ਦੇ ਨਾਵਾਂ ਅੱਗੇ ਕੀਤੀ ਜਾਂਦੀ ਹੈ। ਭਾਈ ਕਾਹਨ ਸਿੰਘ ਨਾਭਾ ਅਨੁਸਾਰ ਸ੍ਰੀ ਦਾ ਇਕ ਅਰਥ ਲੱਛਮੀ ਹੈ ਅਤੇ ਜਦ ਅਸੀ ਤਲਵਾਰ ਜਾਂ ਖਡ਼ਗ ਨੂੰ ਸ੍ਰੀ ਸਾਹਿਬ ਕਹਿੰਦੇ ਹਾਂ ਤਾਂ ਸਾਡਾ ਭਾਵ ਸ੍ਰੀ ਦਾ ਸਾਹਿਬ ਅਰਥਾਤ ਲੱਛਮੀ ਦਾ ਪਤੀ ਹੁੰਦਾ ਹੈ। ਸ੍ਰੀ ਦਾ ਸ਼ਾਬਦਿਕ ਅਰਥ ਸੋਭਾ ਵਾਲਾ, ਉੱਚੀ ਪਦਵੀ ਵਾਲਾ ਜਾਂ ਧਨ ਵਾਲਾ ਆਦਿ ਹੁੰਦਾ ਹੈ।ਇਸ ਦਾ ਭਾਵ ਹੈ ਕਿ ਸ਼੍ਰੀ  ਕੇਵਲ ਆਦਰ ਸੂਚਕ ਸ਼ਬਦ ਹੈ ਜਦਕਿ ਸ੍ਰੀ ਆਦਰ ਦੇ ਨਾਲ-ਨਾਲ ਮਹਾਨਤਾ ਵੱਲ ਵੀ ਸੰਕੇਤ ਕਰਦਾ ਹੈ। ਇਸ ਲਈ Sir ਅਤੇ Madam ਲਈ ਸ਼੍ਰੀਮਾਨ ਅਤੇ ਸ਼੍ਰੀਮਤੀ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ, ਸ੍ਰੀਮਾਨ ਅਤੇ ਸ੍ਰੀਮਤੀ ਦੀ ਨਹੀਂ। ਰਿਸ਼ਤੇ ਨੂੰ ਵਧੇਰੇ ਆਦਰਯੋਗ ਢੰਗ ਨਾਲ ਪ੍ਰਗਟ ਕਰਨ ਲਈ ਉਸ ਦੇ ਪਿੱਛੇ ਸ਼੍ਰੀ ਲਗਾਇਆ ਜਾ ਸਕਦਾ ਹੈ ਜਿਵੇਂ ਕਿ ਮਾਤਾ ਸ਼੍ਰੀ, ਪਿਤਾ ਸ਼੍ਰੀ, ਭਰਾਤਾ ਸ਼੍ਰੀ ਅਤੇ ਭਾਬੀ ਸ਼੍ਰੀ ਆਦਿ।ਜੇਕਰ ਕਿਸੇ ਮਹਾਨ ਹਸਤੀ ਦੇ ਨਾਮ ਅੱਗੇ ਸ੍ਰੀ  108 ਲਿਖਿਆ ਹੈ ਤਾਂ ਇਸ ਦਾ ਭਾਵ ਹੈ ਕਿ ਉਹ ਇੰਨਾ ਆਦਰਯੋਗ ਹੈ ਕਿ ਉਸ ਦੇ ਨਾਮ ਅੱਗੇ ਸ੍ਰੀ ਸ਼ਬਦ ਦੀ 108 ਵਾਰ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਪੁਰਾਤਨ ਲਿਖਤਾਂ ਵਿਚ ਇਹ ਸ਼ਬਦ ‘ਸਿਰੀ’ ਵਜੋਂ ਲਿਖਿਆ ਹੋਇਆ ਹੈ ਜੋ ਉਚਾਰਣ ਅਨੁਸਾਰ ਬਿਲਕੁਲ ਠੀਕ ਜਾਪਦਾ ਹੈ। ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਿਰੀ ਰਾਗ ਨੂੰ ਪ੍ਰਥਮ ਰਾਗ ਮੰਨਿਆ ਗਿਆ ਹੈ।
ਇਸ ਤਰ੍ਹਾਂ ਜ਼ਿਆਦਾ, ਜ਼ਾਹਰ, ਜ਼ਾਬਤਾ, ਜ਼ੋਰ, ਜ਼ਿੱਦ, ਜਾਇਜ਼, ਜ਼ਿੰਦਾ, ਜ਼ਮੀਨ, ਜਹਾਜ਼, ਜ਼ਿਲ੍ਹਾ, ਜ਼ਮਾਨਤ,ਤਾਜ਼ਾ, ਤਮੀਜ਼, ਬਾਜ਼ੀ, ਰਜ਼ਾ, ਰੋਜ਼, ਰੋਜ਼ੀ, ਸਬਜ਼ੀ, ਨਾਜ਼, ਲਾਜ਼, ਨਜ਼ਰ, ਗਜ਼ਬ, ਗਜ਼ਲ, ਗੁਜ਼ਾਰਾ, ਗੁਰੇਜ਼,ਬਜ਼ੁਰਗ, ਚੀਜ਼, ਮਜ਼ਦੂਰ, ਮਜ਼ਬੂਤ, ਮੁਲਾਜ਼ਿਮ, ਮੁਜ਼ਾਰਾ, ਅੰਦਾਜ਼ਾ, ਆਵਾਜ਼, ਹਾਜ਼ਰ, ਹਜ਼ਾਰ, ਫਜ਼ੂਲ,ਇਤਰਾਜ਼, ਇਜਾਜ਼ਤ ਆਦਿ ਸ਼ਬਦਾਂ ਵਿਚ ‘ਜ’ ਦੇ ਪੈਰ ਬਿੰਦੀ ਦਾ ਲੱਗਣਾ ਜਰੂਰੀ ਹੈ। ਜਜ਼ਬਾਤ ਵਿਚ ਕੇਵਲ ਦੂਜੇ ‘ਜ’ ਦੇ ਪੈਰ ਵਿਚ ਬਿੰਦੀ ਲੱਗੇਗੀ। ਰਾਜ ਦਾ ਭਾਵ ਸੂਬਾ ਜਾਂ ਸਟੇਟ ਹੁੰਦਾ ਹੈ ਪਰ ਜਦ ਇਸ ਵਿਚਲੇ ‘ਜ’ਦੇ ਪੈਰ ਬਿੰਦੀ ਲਾ ਦੇਈਏ ਤਾਂ ਇਹ ਰਾਜ਼ ਬਣ ਜਾਵੇਗਾ ਜਿਸ ਦਾ ਅਰਥ ਭੇਤ ਹੁੰਦਾ ਹੈ। ਇਸੇ ਤਰ੍ਹਾਂ ‘ਘਰ ਨੂੰ ਸਜਾ ਦੇਵੋ’ ਅਤੇ ‘ਦੋਸ਼ੀ ਨੂੰ ਸਜ਼ਾ ਦੇਵੋ’ ਵਾਕਾਂ ਵਿਚ ਜ ਪੈਰ ਬਿੰਦੀ ਲਗਾਉਣ ਜਾਂ ਹਟਾਉਣ ਨਾਲ ਸ਼ਬਦ ਦੇ ਅਰਥ ਪੂਰੀ ਤਰ੍ਹਾਂ ਬਦਲ ਜਾਂਦੇ ਹਨ। ਪਰ ਅਸੀਂ ਦਹੇਜ, ਸਿਆਹੀ, ਸੰਜਮ, ਸਰੀਰ, ਬੀਜ, ਜਰੂਰੀ, ਮਜਬੂਰ,ਅਜਿਹਾ, ਜੇਲ੍ਹ, ਫੌਜੀ, ਤਜਰਬਾ ਅਤੇ ਪੰਜਾਬ ਆਦਿ ਸ਼ਬਦਾਂ ਵਿਚ ਪੈਰ ਬਿੰਦੀ ਦੀ ਵਰਤੋਂ ਨਹੀਂ ਕਰ ਸਕਦੇ।ਜਾਤੀ ਅਤੇ ਜ਼ਾਤੀ ਦੋ ਅਲੱਗ-ਅਲੱਗ ਸ਼ਬਦ ਹਨ। ਉਦਾਹਰਣ ਵਜੋਂ ਅਸੀਂ ਕਹਾਂਗੇ – ਸਾਨੂੰ ਜਾਤੀ ਵਾਚਕ ਸ਼ਬਦਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਅਤੇ ਮੈਂ ਉਸ ਨੂੰ ਜ਼ਾਤੀ ਤੌਰ ਤੇ ਜਾਣਦਾ ਹਾਂ ਜਾਂ ਇਹ ਸਾਡਾ ਜ਼ਾਤੀ ਮਾਮਲਾ ਹੈ। ਜਾਤ ਦਾ ਭਾਵ ਵਰਣ (caste) ਹੁੰਦਾ ਹੈ ਜਦ ਕਿ ਜ਼ਾਤ ਤੋਂ ਨਿੱਜ (person) ਦਾ ਭਾਵ ਲਿਆ ਜਾਂਦਾ ਹੈ।
ਜਿਥੋਂ ਤੱਕ ‘ਨ’ ਅਤੇ ‘ਣ’ ਦੀ ਵਰਤੋਂ ਤੋਂ ਸਬੰਧ ਹੈ। ਇਸ ਵਿਚ ਵੀ ਬਹੁਤ ਸਾਵਧਾਨੀ ਵਰਤਣ ਦੀ ਲੋਡ਼ ਹੈ ਸਾਨੂੰ ਅਕਸਰ ਹੀ ਪਹਿਚਾਨਣਾ, ਸਿਆਨਣਾ, ਅਪਨਾਉਣਾ, ਗਿਨਣਾ, ਮਿਨਣਾ, ਸੁਨਣਾ, ਸੁਨਾਉਣਾ, ਬੁਨਣਾ,ਜਾਨਣਾ, ਮਾਨਣਾ ਆਦਿ ਸ਼ਬਦ ਲਿਖੇ ਮਿਲਦੇ ਹਨ ਜੋ ਬਿਲਕੁਲ ਗਲਤ ਹਨ। ਇਹਨਾਂ ਦੇ ਸਹੀ ਰੂਪ ਪਹਿਚਾਣ ਤੋਂ ਪਹਿਚਾਣਨਾ, ਸਿਆਣ ਤੋਂ ਸਿਆਣਨਾ, ਅਪਣਾਉਣ ਤੋਂ ਆਪਣਾਉਣਾ, ਗਿਣਨ ਤੋਂ ਗਿਣਨਾ, ਮਿਣਨ ਤੋਂ ਮਿਣਨਾ, ਸੁਣਨ ਤੋਂ ਸੁਣਾਉਣਾ, ਬੁਣਨ ਤੋਂ ਬੁਣਨਾ, ਜਾਣ ਤੋਂ ਜਾਣਨਾ, ਮਾਣ ਤੋਂ ਮਾਣਨਾ ਆਦਿ ਹੋਣੇ ਚਾਹੀਦੇ ਹਨ। ਇਸੇ ਤਰ੍ਹਾਂ ਨਾਲ ਭਾਸ਼ਨ ਨਾਲੋਂ ਭਾਸ਼ਣ, ਸ਼ੋਸ਼ਨ ਨਾਲੋਂ ਸ਼ੋਸ਼ਣ, ਪੋਸ਼ਨ ਨਾਲੋਂ ਪੋਸ਼ਣ, ਉਦਾਹਰਨ ਨਾਲੋਂ ਉਦਾਹਰਣ, ਅਨਜਾਣ ਨਾਲੋਂ ਅਣਜਾਣ, ਅਨਪਡ਼੍ਹ ਨਾਲੋਂ ਅਣਪਡ਼੍ਹ, ਰੈਨ ਨਾਲੋਂ ਰੈਣ, ਘੋਸ਼ਨਾ ਨਾਲੋਂ ਘੋਸ਼ਣਾ,ਉਚਾਰਨ ਨਾਲੋਂ ਉਚਾਰਣ, ਅਰਪਨ ਨਾਲੋਂ ਅਰਪਣ, ਸਮਰਪਨ ਨਾਲੋਂ ਸਮਰਪਣ, ਸਿਰਜਨਾ ਨਾਲੋਂ ਸਿਰਜਣਾ,ਸੱਜਨ ਨਾਲੋਂ ਸੱਜਣ, ਵਿਆਕਰਨ ਨਾਲੋਂ ਵਿਆਕਰਣ, ਚਾਸ਼ਨੀ ਨਾਲੋਂ ਚਾਸ਼ਣੀ ਅਤੇ ਕਾਰਨ ਨਾਲੋਂ ਕਾਰਣ ਵਧੇਰੇ ਸਹੀ ਰੂਪ ਹਨ ਜਦ ਕਿ ਵਰਤੇ ਅਤੇ ਸਵੀਕਾਰੇ ਦੋਨੋਂ ਹੀ ਜਾ ਰਹੇ ਹਨ। ਕਈ ਵਾਰ ‘ਨ’ ਅਤੇ ‘ਣ’ ਦੇ ਬਦਲਣ ਨਾਲ ਸ਼ਬਦਾਂ ਦੇ ਅਰਥ ਵੀ ਬਦਲ ਜਾਂਦੇ ਹਨ ਜਿਵੇਂ ਘਿਰਨਾ ਦਾ ਅਰਥ ਹੈ ਘਿਰ ਜਾਣਾ ਜਦ ਕਿ ਘ੍ਰਿਣਾ ਜਾਂ ਘਿਰਣਾ ਦਾ ਅਰਥ ਹੈ ਨਫ਼ਰਤ। ਇਸੇ ਤਰ੍ਹਾਂ ਰਚਨਾ ਅਤੇ ਰਚਣਾ, ਨਿਰਨਾ ਅਤੇ ਨਿਰਣਾ, ਦਰਜਨ ਅਤੇ ਦਰਜਣ ਆਦਿ ਵੱਖੋ-ਵੱਖਰੇ ਅਰਥਾਂ ਵਾਲੇ ਸ਼ਬਦ ਹਨ। ਸੋ ਵਰਨਣ, ਜਨਣ, ਚੁਨਣ, ਸੁਨਣ, ਗਿਨਣ ਅਤੇ ਨਨਾਣ ਗਲਤ ਸ਼ਬਦ-ਜੋਡ਼ ਹਨ ਅਤੇ ਇਹਨਾਂ ਸਾਰੇ ਸ਼ਬਦਾਂ ਵਿਚ ‘ਣ’ ਪਹਿਲਾਂ ਅਤੇ ‘ਨ’ ਬਾਅਦ ਵਿਚ ਆਉਣਾ ਚਾਹੀਦਾ ਹੈ। ਸਾਨੂੰ ਵੱਡਿਆਂ ਦਾ ਮਾਨ ਕਰਨਾ ਚਾਹੀਦਾ ਹੈ ਅਤੇ ਉਹਨਾਂ ਦੀਆਂ ਪ੍ਰਾਪਤੀਆਂ ਤੇ ਮਾਣ ਕਰਨਾ ਚਾਹੀਦਾ ਹੈ। ਸਾਡੇ ਅਧਿਆਪਕ ਹਮੇਸ਼ਾ ਹੀ ਮਾਨਯੋਗ ਹੁੰਦੇ ਹਨ ਅਤੇ ਉਹਨਾਂ ਦਾ ਮਾਨ (ਸਤਿਕਾਰ,ਸਨਮਾਨ) ਕਰਨਾ ਸਾਡਾ ਫਰਜ਼ ਹੁੰਦਾ ਹੈ ਕਿਉਂਕਿ ਉਹਨਾਂ ਦੀ ਬਦੌਲਤ ਹੀ ਅਸੀਂ ਆਪਣੇ ਜੀਵਨ ਵਿਚ ਮਾਣਯੋਗ (ਜਿਹਨਾਂ ਤੇ ਮਾਣ ਕਰ ਸਕੀਏ) ਪ੍ਰਾਪਤੀਆਂ ਕਰ ਸਕਦੇ ਹਾਂ। ਅਭਾਵ ਜਾਂ ਨਿਖੇਦੀ ਦੇ ਅਰਥ ਦੇਣ ਲਈ ਅਗੇਤਰ ਵਜੋਂ ‘ਅਨ’ ਦੀ ਨਹੀਂ ਸਗੋਂ ‘ਅਣ’ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਤੇ ਸਹੀ ਸ਼ਬਦ-ਜੋਡ਼ ਅਣਪਡ਼੍ਹ, ਅਣਜਾਣ, ਅਣਮੋਲ, ਅਣਬਣ ਅਤੇ ਅਣਭਿੱਜ ਆਦਿ ਹੋਣੇ ਚਾਹੀਦੇ ਹਨ। ਵੈਸੇ ਪੰਜਾਬੀ ਵਿਚ ਇਹ ਨਿਯਮ ਘਡ਼ਿਆ ਗਿਆ ਹੈ ਕਿ ਰ, ਲ, ਡ਼ ਅਤੇ ਣ ਧੁਨੀਆਂ ਤੋਂ ਪਿੱਛੋਂ ਜੇਕਰ ਨਾਸਿਕੀ ਧੁਨੀ ਆਉਂਦੀ ਹੋਵੇ ਤਾਂ ਨ ਦੀ ਵਰਤੋਂ ਹੋਵੇਗੀ, ਣ ਦੀ ਨਹੀਂ ਪਰ ਇਹ ਨਿਯਮ ਸਰਬ-ਪ੍ਰਵਾਨਿਤ ਨਹੀਂ ਹੈ।
ਅੱਧਕ ਦੀ ਵਰਤੋਂ ਸਬੰਧੀ ਵੀ ਅਕਸਰ ਹੀ ਭੁਲੇਖਾ ਲੱਗ ਜਾਂਦਾ ਹੈ। ਸਾਨੂੰ ਇਹ ਸਮਝਣ ਦੀ ਲੋਡ਼ ਹੈ ਕਿ ਜੱਗ ਅਤੇ ਜਗ, ਤੱਕ ਅਤੇ ਤਕ, ਹੱਲ ਅਤੇ ਹਲ, ਚੱਲ ਅਤੇ ਚਲ, ਗੱਲ ਅਤੇ ਗਲ, ਮੱਲ ਅਤੇ ਮਲ, ਮੱਤ ਅਤੇ ਮਤ, ਪੱਗ ਅਤੇ ਪਗ, ਪੱਤ ਅਤੇ ਪਤ ਤੇ ਕੱਦ ਅਤੇ ਕਦ ਆਦਿ ਵੱਖ-ਵੱਖ ਸ਼ਬਦ ਹਨ ਜਿਹਨਾਂ ਦੇ ਅਰਥ ਵੀ ਵੱਖ-ਵੱਖ ਹਨ। ਬਹੁਤ ਸਾਰੇ ਸ਼ਬਦਾਂ ਦੇ ਇਕ ਰੂਪ ਵਿਚ ਅੱਧਕ ਦੀ ਵਰਤੋਂ ਹੁੰਦੀ ਹੈ ਪਰ ਦੂਜੇ ਰੂਪ ਵਿਚ ਨਹੀਂ ਜਿਵੇਂ ਕਿ ਭੱਜਣਾ-ਭਜਦਾ, ਹੱਸਣਾ-ਹਸਦਾ, ਰੱਜਣਾ-ਰਜਦਾ, ਗੱਜਣਾ-ਗਜਦਾ, ਲੱਗਣਾ-ਲਗਦਾ, ਡਿੱਗਣਾ-ਡਿਗਦਾ, ਭਿੱਜਣਾ-ਭਿਜਦਾ, ਲੱਭਣਾ-ਲੱਭਦਾ ਅਤੇ ਚੱਲਣਾ-ਚਲਦਾ ਆਦਿ ਵਿਚ। ‘ਇਕ’ ਅਤੇ ‘ਵਿਚ’ ਭਾਵੇਂ ਅੱਧਕ ਨਾਲ ਵੀ ਲਿਖੇ ਅਤੇ ਠੀਕ ਮੰਨੇ ਜਾਂਦੇ ਹਨ ਪਰ ਅੱਜ ਕੱਲ੍ਹ ਇਹਨਾਂ ਨੂੰ ਆਮ ਤੌਰ ਤੇ ਬਿਨਾ ਅੱਧਕ ਤੋਂ ਹੀ ਲਿਖਿਆ ਜਾਣ ਲੱਗ ਪਿਆ ਹੈ। ਇਧਰ, ਉਧਰ, ਜਿਧਰ, ਕਿਧਰ, ਲਗਭਗ, ਲਥਪਥ, ਤਤਫਟ, ਝਟਪਟ,ਕਰਵਟ, ਹਰਦਮ, ਰਲਗਡ ਆਦਿ ਸ਼ਬਦ ਬਿਨਾ ਅੱਧਕ ਹੀ ਲਿਖੇ ਜਾਣੇ ਚਾਹੀਦੇ ਹਨ।
ਸ਼ਬਦ-ਜੋਡ਼ਾਂ ਦਾ ਅਧਿਐਨ ਕਰਦੇ ਸਮੇਂ ਸਾਨੂੰ ਪੈਰ ਵਿਚ ਲੱਗਣ ਵਾਲੇ ਰਾਰੇ ਅਤੇ ਹਾਹੇ ਬਾਰੇ ਵੀ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਉਦਾਹਰਣ ਵਜੋਂ ਹੇਠ ਲਿਖੇ ਸ਼ਬਦ ਪੈਰ ਵਾਲੇ ‘ਰ’ ਨਾਲ ਹੀ ਲਿਖੇ ਜਾਣੇ ਚਾਹੀਦੇ ਹਨ – ਪ੍ਰਭੂ, ਪ੍ਰਣਾਮ, ਪ੍ਰਣ, ਪ੍ਰੇਮ, ਪ੍ਰਚਲਿਤ, ਪ੍ਰੋਢ, ਪ੍ਰੰਪਰਾ, ਪ੍ਰਗਤੀ, ਪ੍ਰਾਪਤੀ, ਪ੍ਰੋਫੈਸਰ, ਪ੍ਰਤੀਕ, ਪ੍ਰਕਾਰ, ਪ੍ਰਗਟ,ਪ੍ਰਸਤਾਵ, ਪ੍ਰਯੋਗ, ਪ੍ਰਕਿਰਤੀ, ਪ੍ਰੈੱਸ, ਪ੍ਰਣਾਲੀ, ਸੰਪ੍ਰਦਾਇਕ, ਗ੍ਰਹਿ, ਭ੍ਰਿਸ਼ਟ, ਅੰਮ੍ਰਿਤ ਅਤੇ ਦ੍ਰਿਸ਼ ਆਦਿ। ਪਰ ਚਰਿੱਤਰ, ਬਚਿੱਤਰ, ਪਰਮਾਤਮਾ, ਧਰਮਾਤਮਾ, ਕਿਰਿਆ, ਪਰਉਪਕਾਰ, ਪਰਿਭਾਸ਼ਾ, ਪਰਵਾਸੀ ਅਤੇ ਪਰਦੇਸੀ ਆਦਿ ਸ਼ਬਦ ਪੂਰੇ ‘ਰ’ ਨਾਲ ਹੀ ਲਿਖੇ ਹੀ ਠੀਕ ਹਨ। ਅੰਗ੍ਰੇਜ਼ੀ ਨੂੰ ਪੂਰੇ ‘ਰ’ ਨਾਲ ਵੀ ਲਿਖਿਆ ਜਾ ਸਕਦਾ ਹੈ। ਪਰਵਾਹ ਅਤੇ ਪ੍ਰਵਾਹ ਦੋਨੋਂ ਹੀ ਸਹੀ ਸ਼ਬਦ-ਜੋਡ਼ ਹਨ ਪਰ ਇਹਨਾਂ ਦੇ ਅਰਥ ਵੱਖੋ-ਵੱਖਰੇ ਹਨ।ਅਸੀਂ ਕਹਿ ਸਕਦੇ ਹਾਂ ਕਿ ਸਾਨੂੰ ਕਿਸੇ ਦੀ ਪਰਵਾਹ ਨਹੀਂ ਜਾਂ ਫਿਰ ਮਹਾਨ ਵਿਅਕਤੀ ਬੇਪਰਵਾਹ ਹੁੰਦੇ ਹਨ ਪਰ ਲਾਪਰਵਾਹ ਨਹੀਂ ਹੁੰਦੇ। ਦੂਜੇ ਪਾਸੇ ਅਸੀਂ ਅਸਥੀਆਂ ਨੂੰ ਜਲ-ਪ੍ਰਵਾਹ ਕਰਦੇ ਹਾਂ, ਕੀਰਤਨ ਦਾ ਪ੍ਰਵਾਹ ਚੱਲਦਾ ਰਹਿੰਦਾ ਹੈ ਅਤੇ ਪਾਣੀ ਦੇ ਪ੍ਰਵਾਹ ਨੂੰ ਰੋਕਣਾ ਸੰਭਵ ਨਹੀਂ ਹੁੰਦਾ।
ਇਸੇ ਤਰ੍ਹਾਂ ਅੱਗੇ ਆ ਰਹੇ ਸ਼ਬਦਾਂ ਵਿਚ ਪੈਰ ਵਾਲੇ ਹਾਹੇ ਦੀ ਵਰਤੋਂ ਜਰੂਰੀ ਸਮਝੀ ਜਾਂਦੀ ਹੈ – ਖਡ਼੍ਹਨਾ,ਹਡ਼੍ਹਨਾ, ਚਡ਼੍ਹਨਾ, ਰਡ਼੍ਹਨਾ, ਕੁਡ਼੍ਹਨਾ, ਰੁਡ਼੍ਹਨਾ, ਰਿੰਨ੍ਹਣਾ, ਗੁੰਨ੍ਹਣਾ, ਪਡ਼੍ਹਾਈ, ਚਡ਼੍ਹਾਈ, ਦ੍ਰਿਡ਼੍ਹ, ਚਿੰਨ੍ਹ, ਵਿੰਨ੍ਹ, ਮਡ਼੍ਹੀ,ਕਡ਼੍ਹੀ, ਮੂਡ਼੍ਹਾ, ਗੂਡ਼੍ਹਾ, ਖੁੱਲ੍ਹ, ਪੈਰ੍ਹਾ ਆਦਿ। ਇਹਨਾਂ, ਉਹਨਾਂ, ਕਿਹਨਾਂ, ਜਿਹਨਾਂ, ਆਦਿ ਸ਼ਬਦਾਂ ਨੂੰ ਇਨ੍ਹਾਂ, ਉਨ੍ਹਾਂ,ਜਿਨ੍ਹਾਂ, ਦੇ ਰੂਪ ਵਿਚ ਵੀ ਵਰਤਿਆ ਜਾਂਦਾ ਹੈ ਅਤੇ ਇਹ ਦੋਨੋਂ ਬਿਲਕੁਲ ਠੀਕ ਮੰਨੇ ਜਾਂਦੇ ਹਨ। ਸਨ, ਸੰਨ ਅਤੇ ਸੰਨ੍ਹ ਵੱਖੋ-ਵੱਖਰੇ ਅਰਥਾਂ ਵਾਲੇ ਸ਼ਬਦ ਹਨ। ਇਤਫ਼ਾਕ ਵੱਸ ਇਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਇਤਨਾ, ਉਤਨਾ, ਜਿਤਨਾ ਅਤੇ ਕਿਤਨਾ ਆਦਿ ਸ਼ਬਦ ਭਾਵੇਂ ਬੁਨਿਆਦੀ ਤੌਰ ਤੇ ਹਿੰਦੀ ਦੇ ਸ਼ਬਦ ਹਨ ਅਤੇ ਪੰਜਾਬੀ ਵਿਚ ਇਹਨਾਂ ਦੇ ਸਮਾਨਅਰਥਕ ਸ਼ਬਦਿ ਇੰਨਾ, ਉਨਾ, ਜਿੰਨਾ ਅਤੇ ਕਿੰਨਾ ਉਪਲਬਧ ਹਨ ਪਰ ਇਹਨਾਂ ਦੋਹਾਂ ਰੂਪਾਂ ਦੀ ਵਰਤੋਂ ਸਮਾਨ ਰੂਪ ਵਿਚ ਹੀ ਕੀਤੀ ਅਤੇ ਸਵੀਕਾਰੀ ਜਾਂਦੀ ਹੈ। ਪੈਰ ਵਾਲੇ  ‘ਵ’ ਦੀ ਥਾਂ ਹੁਣ ਆਮ ਤੌਰ ਤੇ ਪੂਰੇ ‘ਵ’ ਦੀ ਵਰਤੋਂ ਹੀ ਹੋਣ ਲੱਗ ਪਈ ਹੈ। ਖ਼ਬਰ, ਖ਼ਰਗੋਸ਼, ਖ਼ਤਰਾ, ਖ਼ਪਤ, ਖ਼ਤ,ਖ਼ਲਕਤ, ਖ਼ਫਾ ਆਦਿ ਸ਼ਬਦ ਪੈਰ ਬਿੰਦੀ ਵਾਲੇ ਖ (ਖ਼) ਨਾਲ, ਗ਼ੁਬਾਰਾ, ਗ਼ਮ, ਗ਼ਦਾਰ, ਗ਼ਜ਼ਲ, ਗ਼ਨੀਮਤ,ਗ਼ਬਨ ਆਦਿ ਸ਼ਬਦ ਪੈਰ ਬਿੰਦੀ ਵਾਲੇ ਗ (ਗ਼) ਅਤੇ ਫ਼ਕੀਰ, ਫ਼ਜ਼ੂਲ, ਫ਼ਰਕ, ਫ਼ਰਜ਼, ਫ਼ਰਿਆਦ, ਫ਼ਰਿਸ਼ਤਾ ਆਦਿ ਸ਼ਬਦ ਪੈਰ ਬਿੰਦੀ ਵਾਲੇ ਫ (ਫ਼) ਨਾਲ ਲਿਖੇ ਜਾਣੇ ਚਾਹੀਦੇ ਹਨ। ਪਰ ਮੈਂ ਇੱਥੇ ਦੱਸਣਾ ਵੀ ਜ਼ਰੂਰੀ ਸਮਝਦਾ ਹਾਂ ਕਿ ਅਰਬੀ-ਫਾਰਸੀ ਮੂਲ ਦੇ ਇਹਨਾਂ ਸ਼ਬਦਾਂ ਨੂੰ ਬਹੁਗਿਣਤੀ ਲੋਕ ਬਿਨਾਂ ਬਿੰਦੀ ਤੋਂ ਹੀ ਬੋਲ ਅਤੇ ਲਿਖ ਰਹੇ ਹਨ ਅਤੇ ਇਹਨਾਂ ਨੂੰ ਇਸ ਤਰ੍ਹਾਂ ਹੀ ਸਵੀਕਾਰਿਆ ਜਾਣ ਲੱਗ ਪਿਆ ਹੈ ਅਤੇ ਮੇਰੀ ਤੁੱਛ ਬੁੱਧੀ ਅਨੁਸਾਰ ਇਸ ਨਾਲ ਭਾਸ਼ਾ ਦਾ ਸਰਲੀਕਰਣ ਹੋ ਰਿਹਾ ਹੈ ਜੋ ਇਕ ਸਵਾਗਤਯੋਗ ਕਦਮ ਹੈ। ਜੇਕਰ ਅਸੀਂ ਸ ਜਾਂ ਜ ਦੇ ਪੈਰੋਂ ਬਿੰਦੀ ਹਟਾ ਦੇਈਏ ਤਾਂ ਉਹਨਾਂ ਦੇ ਅਰਥ ਅਕਸਰ ਹੀ ਬਦਲ ਜਾਂਦੇ ਹਨ ਜਿਵੇਂ ਕਿ ਸਾਹ ਅਤੇ ਸ਼ਾਹ, ਸੱਕ ਅਤੇ ਸ਼ੱਕ, ਸਾਲ ਅਤੇ ਸ਼ਾਲ ਵੱਖੋ-ਵੱਖਰੇ ਅਰਥਾਂ ਵਾਲੇ ਸ਼ਬਦ ਹਨ ਇਸੇ ਤਰ੍ਹਾਂ ਜਿੰਦਾ (ਜੀਵਤ),ਜਿੰਦਾ (ਤਾਲਾ), ਜੰਗ (ਯੁੱਧ ਜਾਂ ਲਡ਼ਾਈ) ਅਤੇ ਜ਼ੰਗ (ਲੋਹੇ ਨੂੰ ਲੱਗਣ ਵਾਲੀ ਜੰਗਾਲ ਜਾਂ ਜਰ, ਪਰ ਜ਼ਰ ਨਹੀਂ ਕਿਉਂਕਿ ਜ਼ਰ ਦਾ ਅਰਥ ਧਨ-ਮਾਲ ਹੁੰਦਾ ਹੈ) ਵੱਖੋ-ਵੱਖਰੇ ਅਰਥਾਂ ਵਾਲੇ ਸ਼ਬਦ ਹਨ ਪਰ ਜੇ ਅਸੀਂ ਗ, ਫ, ਜਾਂ ਖ ਦੇ ਪੈਰ ਬਿੰਦੀ ਨਾ ਲਗਾਈਏ ਤਾਂ ਉਹਨਾਂ ਦਾ ਉਚਾਰਣ ਤਾਂ ਜਰੂਰ ਵਿਗਡ਼ਦਾ ਹੈ ਪਰ ਉਹਨਾਂ ਦੇ ਅਰਥਾਂ ਵਿਚ ਕੋਈ ਫਰਕ ਨਹੀਂ ਪੈਂਦਾ। ਅਮਰੀਕਾ ਵਾਲਿਆਂ ਨੇ ਅੰਗ੍ਰੇਜ਼ੀ ਦੇ ਬਹੁਤੇ ਸਾਰੇ ਸ਼ਬਦ-ਜੋਡ਼ਾਂ ਦਾ ਸਰਲੀਕਰਣ ਕੀਤਾ ਹੈ – ਕੀ ਅਸੀਂ ਵੀ ਅਜਿਹਾ ਨਹੀਂ ਕਰ ਸਕਦੇ? ਅੰਤਿਮ ਫ਼ੈਸਲਾ ਵਿਦਵਾਨਾ ਨੇ ਕਰਨਾ ਹੈ।
ਖੁਲ੍ਹੇ ਮੂੰਹ ਵਾਲੇ ‘ਓ’ ਅਤੇ ਬੰਦ ਮੂੰਹ ਵਾਲੇ ‘ੳ’ ਦੀ ਵਰਤੋਂ ਵੀ ਕਾਫ਼ੀ ਧਿਆਨ ਦੀ ਮੰਗ ਕਰਦੀ ਹੈ। ਬਣਾਓ,ਚਲਾਓ, ਵਜਾਓ, ਦਿਖਾਓ, ਲਿਖਾਓ, ਵਰਸਾਓ, ਨਹਾਓ ਆਦਿ ਇਹਨਾਂ ਸ਼ਬਦਾਂ ਦੇ ਕ੍ਰਿਆ ਰੂਪ ਹਨ ਅਤੇ ਇਹ ਕੁਝ ਕਰਨ ਦਾ ਆਦੇਸ਼ ਜਾਂ ਸੁਝਾਅ ਦਿੰਦੇ ਹਨ। ਬੰਦ ਮੂੰਹ ਵਾਲੇ ‘ੳ’ ਦੀ ਵਰਤੋਂ ਨਾਲ ਅਕਸਰ ਸ਼ਬਦ ਦੀ ਅਰਥ ਬਦਲ ਜਾਂਦਾ ਹੈ। ਜਿਵੇਂ ਵਰਤਾਓ ਦਾ ਭਾਵ ਹੈ ਵਰਤਾ ਦੇਵੋ ਜਦ ਕਿ ਵਰਤਾਉ ਦਾ ਭਾਵ ਹੈ ਵਰਤਾਵ ਜਾਂ ਵਿਵਹਾਰ, ਦਿਓ ਦਾ ਅਰਥ ਹੈ ਦੈਂਤ ਜਾਂ ਦੈਂਤ ਵਰਗਾ ਮਨੁੱਖ ਜਦ ਕਿ ਦਿਉ ਦਾ ਭਾਵ ਹੈ ਦੇਵੋ। ਭਉ ਦਾ ਅਰਥ ਡਰ ਜਾਂ ਭੈਅ ਹੁੰਦਾ ਹੈ ਜਦ ਕਿ ਭਾਉ ਨੂੰ ਮੁੱਲ, ਨਿਰਖ ਜਾਂ ਪ੍ਰੇਮ ਅਤੇ ਪਿਆਰ ਦੇ ਅਰਥਾਂ ਵਿਚ ਵਰਤਿਆ ਜਾਂਦਾ ਹੈ। ਇਸੇ ਤਰ੍ਹਾਂ ਸਹੀ ਸ਼ਬਦ-ਜੋਡ਼ ਰੋਸ਼ਨੀ ਹੈ ਰੌਸ਼ਨੀ ਨਹੀਂ, ਪਡ਼ੋਸੀ ਹੈ ਪਡ਼ੌਸੀ ਨਹੀਂ, ਭਾਵੇਂ ਵਰਤੇ ਦੋਨੋਂ ਹੀ ਰੂਪ ਜਾ ਰਹੇ ਹਨ। ਅੱਜ ਕਿੰਨੇ ਹੀ ਬੱਚੇ-ਬੱਚੀਆਂ ਪੌਡ਼ੀ ਨੂੰ ਪੋਡ਼ੀ, ਕੌਲੀ ਨੂੰ ਕੋਲੀ, ਚੌਲ ਨੂੰ ਚੋਲ, ਲੌਕ ਨੂੰ ਲੋਕ, ਤੌਲੀਏ ਨੂੰ ਤੋਲੀਆ, ਔਰਤ ਨੂੰ ਓਰਤ ਅਤੇ ਹੌਲੀ ਨੂੰ ਹੋਲੀ ਕਹਿੰਦੇ ਹੋਏ ਸੁਣੇ ਜਾ ਸਕਦੇ ਹਨ। ਉਹਨਾਂ ਵਿਚਾਰਿਆਂ ਨੂੰ ਹੋਡ਼ੇ ਅਤੇ ਕਨੌਡ਼ੇ ਦੀਆਂ ਧੁਨੀਆਂ ਦੇ ਅੰਤਰ ਦੀ ਸਮਝ ਹੀ ਨਹੀਂ ਹੈ।
ਕੁਝ ਸ਼ਬਦਾਂ ਦੇ ਅੰਤ ਤੇ ਮੁਕਤੇ ‘ਅ’ ਦਾ ਲੱਗਣਾ ਜਰੂਰੀ ਹੁੰਦਾ ਹੈ ਜਿਵੇਂ ਕਿ ਸੁਝਾਅ, ਸੁਭਾਅ, ਉਤਰਾਅ,ਚਡ਼੍ਹਾਅ, ਫੈਲਾਅ, ਦਬਾਅ, ਨਿਭਾਅ, ਟਕਰਾਅ, ਚਾਅ, ਬਦਲਾਅ, ਹਲਕਾਅ, ਭੈਅ, ਅਤੇ ਸ਼ੈਅ ਆਦਿ। ਇਥੇ ਮੈਂ ਇਹ ਦੱਸਣਾ ਵੀ ਜਰੂਰੀ ਸਮਝਦਾ ਹਾਂ ਕਿ ਅੰਗ੍ਰੇਜ਼ੀ ਵਿਚ ਲਿਖੇ ਜਾਂਦੇ ਸ਼ਬਦਾਂ Rama, Ravana, Krishna, Gautama Buddha, Ashoka, Ramayana, Mahabharata ਅਤੇ Yoga ਨੂੰ ਰਾਮਾ, ਰਾਵਨਾ, ਕ੍ਰਿਸ਼ਨਾ,ਗੌਤਮਾ ਬੁੱਧਾ, ਅਸ਼ੋਕਾ, ਰਾਮਾਇਣਾ, ਮਹਾਭਾਰਤਾ ਅਤੇ ਯੋਗਾ ਪਡ਼੍ਹਨਾ ਬਿਲਕੁਲ ਗਲਤ ਹੈ। ਇਹਨਾਂ ਦੇ ਅੰਤ ਤੇ ਵਰਤਿਆ ਗਿਆ ‘a’ ਮੁਕਤੇ ‘ਅ’ ਦੇ ਬਰਾਬਰ ਹੈ। ਇਹਨਾਂ ਸ਼ਬਦਾਂ ਦਾ ਸਹੀ ਉਚਾਰਣ ਰਾਮ, ਰਾਵਣ, ਕ੍ਰਿਸ਼ਨ,ਗੌਤਮ ਬੁੱਧ, ਅਸ਼ੋਕ, ਰਾਮਾਇਣ, ਮਹਾਭਾਰਤ ਅਤੇ ਯੋਗ ਹੈ। ਅੱਜ-ਕੱਲ੍ਹ ਯੋਗ+ਅ ਨੂੰ ਬਹੁ-ਗਿਣਤੀ ਲੋਕ ਯੋਗਾ ਹੀ ਕਹਿਣ ਲੱਗ ਪਏ ਹਨ ਅਤੇ ਸਮੇਂ ਦੇ ਬੀਤਣ ਨਾਲ ਇਹ ਸ਼ਬਦ ਇਸ ਤਰ੍ਹਾਂ ਹੀ ਸਵੀਕਾਰਿਆ ਜਾਣ ਲੱਗ ਪਿਆ ਹੈ।
ਸਾਨੂੰ ਬਿੰਦੀ ਅਤੇ ਟਿੱਪੀ ਦੀ ਵਰਤੋਂ ਸਬੰਧੀ ਵੀ ਬਹੁਤ ਸੁਚੇਤ ਹੋਣ ਦੀ ਲੋਡ਼ ਹੈ। ਅੱਜ ਕਿੰਨੇ ਹੀ ਲੋਕ ਜੀਵਨ-ਜਾਚ ਨੂੰ ਜੀਵਨ-ਜਾਂਚ ਲਿਖਦੇ ਦੇਖੇ ਜਾ ਸਕਦੇ ਹਨ। ਉਹ ਇਸ ਗੱਲ ਵੱਲ ਧਿਆਨ ਹੀ ਨਹੀਂ ਦਿੰਦੇ ਕਿ ਜਾਚ ਦਾ ਭਾਵ ਢੰਗ ਜਾਂ ਤਰੀਕਾ ਹੈ ਜਦ ਕਿ ਜਾਂਚ ਦਾ ਅਰਥ ਹੁੰਦਾ ਹੈ ਪਡ਼ਤਾਲ। ਸੋ ਸਾਨੂੰ ਜੀਵਨ-ਜਾਚ ਲਿਖਣਾ ਚਾਹੀਦਾ ਹੈ ਨਾ ਕਿ ਜੀਵਨ-ਜਾਂਚ। ਇਸੇ ਤਰ੍ਹਾਂ ਜ਼ਮਾਨਾ, ਖਜ਼ਾਨਾ. ਰੋਜ਼ਾਨਾ, ਪੈਮਾਨਾ, ਯੋਜਨਾ, ਬੀਮਾ, ਹਮੇਸ਼ਾ,ਹੌਸਲਾ, ਫੈਸਲਾ, ਭੇਟ, ਹੳਮੈ, ਜਿੰਮੇਵਾਰ ਅਤੇ ਐਤਵਾਰ ਆਦਿ ਸ਼ਬਦ ਬਿੰਦੀ ਤੋਂ ਬਗੈਰ ਹੀ ਸ਼ੁਧ ਹਨ।
ਅਜਿਹੇ ਸ਼ਬਦਾਂ ਦੀ ਸੂਚੀ ਬਹੁਤ ਲੰਮੀ ਹੈ ਅਤੇ ਉਹਨਾਂ ਸਭ ਦਾ ਇਥੇ ਜ਼ਿਕਰ ਕਰਨਾ ਸੰਭਵ ਨਹੀਂ ਹੈ। ਮੈਂ ਇਹ ਵੀ ਨਹੀਂ ਕਹਿ ਸਕਦਾ ਕਿ ਜੋ ਕੁਝ ਮੈਂ ਕਹਿ ਰਿਹਾ ਹਾਂ ਉਹ ਕੈਈ ਅੰਤਿਮ ਸ਼ਬਦ ਹੈ। ਮੈਂ ਤਾ ਕੇਵਲ ਇਹ ਸੁਝਾਅ ਦੇਣਾ ਚਾਹੁੰਦਾ ਹਾਂ ਕਿ ਸਾਨੂੰ ਇਸ ਪਾਸੇ ਵੱਲ ਤੁਰਨਾ ਚਾਹੀਦਾ ਹੈ। ਮੈਂ ਭਾਸ਼ਾ ਦੀ ਸ਼ੁੱਧਤਾ ਦਾ ਮੁੱਦਈ ਨਹੀਂ ਹਾਂ ਅਤੇ ਇਹ ਧਾਰਨਾ ਆਪਣਾ ਸਮਾ ਵਿਹਾ ਚੁੱਕੀ ਹੈ। ਮੈਂ ਕੇਵਲ ਇਹ ਚਾਹੁੰਦਾ ਹਾਂ ਕਿ ਅਸੀਂ ਜੋ ਲਿਖੀਏ ਉਹ ਸ਼ਬਦ-ਜੋਡ਼ਾਂ ਅਤੇ ਵਿਆਕਰਣ ਦੇ ਪੱਖ ਤੋਂ ਸਹੀ ਹੋਵੇ, ਉਸ ਵਿਚ ਵਿਸ਼ਰਾਮ ਚਿੰਨ੍ਹਾਂ ਦੀ ਵਰਤੋਂ ਕੀਤੀ ਗਈ ਹੋਵੇ ਅਤੇ ਉਸ ਦਾ ਠੀਕ ਉਚਾਰਣ ਜਾਣਦੇ ਹੋਈਏ।
ਇਸ ਮਸਲੇ ਨੂੰ ਹੱਲ ਕਰਨ ਲਈ ਪੰਜਾਬੀ ਅਧਿਆਪਕਾਂ, ਵਿਦਵਾਨਾਂ ਅਤੇ ਲੇਖਕਾਂ ਨੂੰ ਮਿਲ ਕੇ ਅੱਗੇ ਆਉਣ ਦੀ ਲੋਡ਼ ਹੈ। ਇਕ ਪਾਸੇ ਉਹਨਾਂ ਨੂੰ ਸ਼ਬਦ-ਜੋਡ਼ਾਂ ਦੇ ਮਿਆਰੀਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਦੂਜੇ ਪਾਸੇ ਇਹਨਾਂ ਦੀ ਸਹੀ ਵਰਤੋਂ ਤੇ ਜ਼ੋਰ ਦੇਣਾ ਚਾਹੀਦਾ ਹੈ। ਜਿੱਥੇ ਇਕ ਤੋਂ ਵੱਧ ਸ਼ਬਦ-ਜੋਡ਼ ਸਹੀ ਜਾਪਦੇ ਹਨ ਉਥੇ ਉਹਨਾਂ ਸਭ ਨੂੰ ਸਹੀ ਕਰਾਰ ਦਿੱਤਾ ਜਾਣਾ ਚਾਹੀਦਾ ਹੈ। ਸੂਚਨਾ ਤਕਨਾਲੋਜੀ ਦੇ ਖੇਤਰ ਵਿਚ ਹੋ ਰਹੇ ਵਿਕਾਸ ਦੇ ਹਾਣੀ ਬਣਨ ਲਈ ਇਹ ਉਪਰਾਲਾ ਜਿੰਨਾ ਜਲਦੀ ਕੀਤਾ ਜਾਵੇ ਉਨਾਂ ਹੀ ਚੰਗਾ ਹੋਵੇਗਾ। ਇਸ ਮਸਲੇ ਦੇ ਹੱਲ ਲਈ ਸਕੂਲ ਪੱਧਰ ਤੇ ਤਾਂ ਬਹੁਤ ਹੀ ਵਿਸ਼ੇਸ਼ ਯਤਨ ਕੀਤੇ ਜਾਣ ਦੀ ਲੋਡ਼ ਹੈ।
ਇਸ ਸਮੱਸਿਆ ਨੂੰ ਹੱਲ ਕਰਨ ਲਈ ਸਮੁੱਚੀ ਪੰਜਾਬੀ ਪ੍ਰੈੱਸ ਬਹੁਤ ਹੀ ਅਹਿਮ ਯੋਗਦਾਨ ਪਾ ਸਕਦੀ ਹੈ ਕਿਉਂਕਿ ਲੋਕਾਂ ਤੱਕ ਜਿੰਨੀ ਪਹੁੰਚ ਅਤੇ ਰਸਾਈ ਅਖ਼ਬਾਰਾਂ-ਰਸਾਲਿਆਂ ਦੀ ਹੈ ਉਨੀਂ ਟੈਲੀਵਿਯਨ ਨੂੰ ਛੱਡ ਕੇ ਕਿਸੇ ਵੀ ਹੋਰ ਸਾਧਨ ਦੀ ਨਹੀਂ ਹੈ।  ਜੇਕਰ ਸਾਰੀ ਪ੍ਰੈੱਸ ਮਿਲ ਕੇ ਇਹ ਫੈਸਲਾ ਕਰ ਲੈਂਦੀ ਹੈ ਕਿ ਉਹ ਇਸ ਸਮੱਸਿਆ ਦੇ ਹੱਲ ਲਈ ਸੁਹਿਰਦ ਯਤਨ ਕਰਨਗੇ ਤਾਂ ਕੋਈ ਕਾਰਣ ਨਹੀਂ ਕਿ ਇਹ ਸਮੱਸਿਆ ਹੱਲ ਨਾ ਹੋ ਸਕੇ। ਉਹਨਾਂ ਨੂੰ ਇਹ ਗੱਲ ਯਕੀਨੀ ਬਣਾਉਣੀ ਚਾਹੀਦੀ ਹੈ ਕਿ ਉਹਨਾਂ ਦੇ ਪਰਚਿਆਂ ਅਥਵਾ ਅਖ਼ਬਾਰਾਂ ਵਿਚ ਇਕ ਵੀ ਸ਼ਬਦ-ਜੋਡ਼ ਗਲਤ ਨਾ ਹੋਵੇ ਭਾਵੇਂ ਇਹ ਸ਼ਬਦ ਕਿਸੇ ਸਰਕਾਰੀ ਜਾਂ ਗੈਰ-ਸਰਕਾਰੀ ਇਸ਼ਤਿਹਾਰ ਵਿਚ ਆਇਆ ਹੋਵੇ ਅਤੇ ਭਾਵੇਂ ਕਿਸੇ ਹੋਰ ਰੂਪ ਵਿਚ। ਕੀ ਇਹ ਸੰਭਵ ਨਹੀਂ ਕਿ ਭੁਲੇਖਾ-ਪਾਊ ਅਤੇ ਵਿਵਾਦ-ਗ੍ਰਸਤ ਸ਼ਬਦ-ਜੋਡ਼ਾਂ ਸਬੰਧੀ ਵਿਚਾਰ-ਵਟਾਂਦਰਾ ਕਰਕੇ ਉਨ੍ਹਾਂ ਦੇ ਸਹੀ ਰੂਪਾਂ ਬਾਰੇ ਨਿਰਣਾ ਕੀਤਾ ਜਾਵੇ ਅਤੇ ਫਿਰ ਸਾਰੀ ਦੀ ਸਾਰੀ ਪੰਜਾਬੀ ਪ੍ਰੈੱਸ ਉਨ੍ਹਾਂ ਹੀ ਰੂਪਾਂ ਦੀ ਵਰਤੋਂ ਕਰੇ? ਅਜਿਹੇ ਸ਼ਬਦਾਂ ਦੀ ਗਿਣਤੀ ਬਹੁਤ ਜ਼ਿਆਦਾ ਨਹੀਂ ਹੈ ਅਤੇ ਉਹਨਾਂ ਦੀ ਪਹਿਚਾਣ ਕਰਨੀ ਵੀ ਔਖੀ ਨਹੀਂ ਹੋਵੇਗੀ। ਇਹ ਕਾਰਜ ਸਾਡਾ ਭਾਸ਼ਾ ਵਿਭਾਗ ਜਾਂ ਸਾਡੀਆਂ ਯੂਨੀਵਰਸਿਟੀਆਂ ਦੇ ਪੰਜਾਬੀ ਵਿਭਾਗ ਸਹਿਜੇ ਹੀ ਕਰ ਸਕਦੇ ਹਨ। ਕੀ ਇਹ ਨਹੀਂ ਹੋ ਸਕਦਾ ਕਿ ਪੰਜਾਬੀ ਪਾਠਕਾ ਨੂੰ ਸ਼ੁੱਧ ਪੰਜਾਬੀ ਸਿਖਾਉਣ ਲਈ ਹਰ ਅਖਬਾਰ ਇਕ ਸਥਾਈ ਕਾਲਮ ਸ਼ੁਰੂ ਕਰੇ ਜਿਸ ਵਿਚ ਵਿਦਵਾਨ ਆਪੋ-ਆਪਣੇ ਮਤ ਪੇਸ਼ ਕਰ ਸਕਦੇ ਰਹਿਣ?
ਸਡ਼ਕਾਂ ਕਿਨਾਰੇ ਜਾਂ ਜਨਤਕ ਥਾਵਾਂ ਤੇ ਲੱਗੇ ਬੋਰਡਾਂ ਜਾਂ ਪੋਸਟਰਾਂ ਵਿਚ, ਟੈਲੀਵਿਯਨ ਤੇ ਦਿਖਾਏ ਜਾਂਦੇ ਇਸਤਿਹਾਰਾਂ ਵਿਚ ਅਤੇ ਵਿਦਿਆਰਥੀਆਂ ਦੀਆਂ ਲਿਖਤਾਂ ਵਿਚ ਪੰਜਾਬੀ ਸ਼ਬਦ-ਜੋਡ਼ਾਂ ਦੀਆਂ ਅਥਾਹ ਗਲਤੀਆਂ ਹੁੰਦੀਆਂ ਹਨ ਅਤੇ ਉਹਨਾਂ ਦੁਆਰਾ ਅਰਥਾਂ ਦੇ ਕੀਤੇ ਜਾ ਰਹੇ ਅਨਰਥ ਦੇਖ ਕੇ ਮਨ ਨੂੰ ਬਹੁਤ ਦੁੱਖ ਪਹੁੰਚਦਾ ਹੈ। ਸਾਡੀ ਪ੍ਰੈੱਸ ਅਤੇ ਸਮੁੱਚੇ ਪੰਜਾਬੀ ਪ੍ਰੇਮੀਆਂ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਅਜਿਹੀਆਂ ਗਲਤੀਆਂ ਨੂੰ ਦਰੁਸਤ ਕਰਨ/ਕਰਵਾਉਣ ਲਈ ਸੁਹਿਰਦ ਉਪਰਾਲੇ ਕਰਨ। ਜੇਕਰ ਯਤਨ ਆਰੰਭ ਦੇਵਾਂਗੇ ਤਾਂ ਸਫ਼ਲਤਾ ਅਵੱਸ਼ ਮਿਲੇਗੀ।

ਪ੍ਰੋਫੈਸਰ ਅੱਛਰੂ ਸਿੰਘ
(ਸਾਬਕਾ ਮੁਖੀ ਅੰਗਰੇਜ਼ੀ ਵਿਭਾਗਨਹਿਰੂ ਮੈਮੋਰੀਅਲ ਕਾਲਜਮਾਨਸਾ)



Post Comment

Friday, June 22, 2012

Today's Hukamnama From Sri Harmandir Sahib Ji (23 June 2012)


ਹੁਕਮਨਾਮਾ ਸ਼੍ਰੀ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ

ਗੁਰਬਾਣੀ-ਸਤਿਕਾਰ ਨੂੰ ਮੁੱਖ ਰੱਖਦੇ ਹੋਏ ਸਿਰ ਢੱਕ ਕੇ ਪੜ੍ਹਨ ਦੀ ਅਤੇ ਬਾਣੀ ਉਤੇ ਅਮਲ ਕਰਨ ਦੀ ਖੇਚਲ ਕਰਨੀ ਜੀ।

ਅੱਜ ਦਾ ਮੁੱਖਵਾਕ 23.6.2012, ਸ਼ਨੀਵਾਰ , ੧੦ ਹਾੜ(ਸੰਮਤ ੫੪੪ ਨਾਨਕਸ਼ਾਹੀ)


ਤਿਲੰਗ ਬਾਣੀ ਭਗਤਾ ਕੀ ਕਬੀਰ ਜੀ
ੴ ਸਤਿਗੁਰ ਪ੍ਰਸਾਦਿ ॥
ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰੁ ਨ ਜਾਇ ॥ ਟੁਕੁ ਦਮੁ ਕਰਾਰੀ ਜਉ ਕਰਹੁ ਹਾਜਿਰ ਹਜੂਰਿ ਖੁਦਾਇ ॥੧॥ ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ ॥ ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ ॥੧॥ ਰਹਾਉ ॥ ਦਰੋਗੁ ਪੜਿ ਪੜਿ ਖੁਸੀ ਹੋਇ ਬੇਖਬਰ ਬਾਦੁ ਬਕਾਹਿ ॥ ਹਕੁ ਸਚੁ ਖਾਲਕੁ ਖਲਕ ਮਿਆਨੇ ਸਿਆਮ ਮੂਰਤਿ ਨਾਹਿ ॥੨॥ ਅਸਮਾਨ ਮ੍ਹਿਾਨੇ ਲਹੰਗ ਦਰੀਆ ਗੁਸਲ ਕਰਦਨ ਬੂਦ ॥ ਕਰਿ ਫਕਰੁ ਦਾਇਮ ਲਾਇ ਚਸਮੇ ਜਹ ਤਹਾ ਮਉਜੂਦੁ ॥੩॥ ਅਲਾਹ ਪਾਕੰ ਪਾਕ ਹੈ ਸਕ ਕਰਉ ਜੇ ਦੂਸਰ ਹੋਇ ॥ ਕਬੀਰ ਕਰਮੁ ਕਰੀਮ ਕਾ ਉਹੁ ਕਰੈ ਜਾਨੈ ਸੋਇ ॥੪॥੧॥


ਸ਼ਨੀਵਾਰ, ੧੦ ਹਾੜ (ਸੰਮਤ ੫੪੪ ਨਾਨਕਸ਼ਾਹੀ) (ਅੰਗ: ੭੨੭)
ਪੰਜਾਬੀ ਵਿਆਖਿਆ :
ਤਿਲੰਗ ਬਾਣੀ ਭਗਤਾ ਕੀ ਕਬੀਰ ਜੀ
ੴ ਸਤਿਗੁਰ ਪ੍ਰਸਾਦਿ ॥
ਹੇ ਭਾਈ! (ਵਾਦ-ਵਿਵਾਦ ਦੀ ਖ਼ਾਤਰ) ਵੇਦਾਂ ਕਤੇਬਾਂ ਦੇ ਹਵਾਲੇ ਦੇ ਦੇ ਕੇ ਵਧ ਗੱਲਾਂ ਕਰਨ ਨਾਲ (ਮਨੁੱਖ ਦੇ ਆਪਣੇ) ਦਿਲ ਦਾ ਸਹਿਮ ਦੂਰ ਨਹੀਂ ਹੁੰਦਾ । (ਹੇ ਭਾਈ!) ਜੇ ਤੁਸੀ ਆਪਣੇ ਮਨ ਨੂੰ ਪਲਕ ਭਰ ਹੀ ਟਿਕਾਓ, ਤਾਂ ਤੁਹਾਨੂੰ ਸਭਨਾਂ ਵਿਚ ਹੀ ਵੱਸਦਾ ਰੱਬ ਦਿੱਸੇਗਾ (ਕਿਸੇ ਦੇ ਵਿਰੁੱਧ ਤਰਕ ਕਰਨ ਦੀ ਲੋੜ ਨਹੀਂ ਪਏਗੀ) ।੧। ਹੇ ਭਾਈ! (ਆਪਣੇ ਹੀ) ਦਿਲ ਨੂੰ ਹਰ ਵੇਲੇ ਖੋਜ, (ਬਹਿਸ ਮੁਬਾਹਸੇ ਦੀ) ਘਬਰਾਹਟ ਵਿਚ ਨਾਹ ਭਟਕ । ਇਹ ਜਗਤ ਇਕ ਜਾਦੂ ਜਿਹਾ ਹੈ, ਇਕ ਤਮਾਸ਼ਾ ਜਿਹਾ ਹੈ, (ਇਸ ਵਿਚੋਂ ਇਸ ਵਿਅਰਥ ਵਾਦ-ਵਿਵਾਦ ਦੀ ਰਾਹੀਂ) ਹੱਥ-ਪੱਲੇ ਪੈਣ ਵਾਲੀ ਕੋਈ ਸ਼ੈ ਨਹੀਂ ।੧।ਰਹਾਉ। ਬੇ-ਸਮਝ ਲੋਕ (ਅਨ-ਮਤਾਂ ਦੇ ਧਰਮ-ਪੁਸਤਕਾਂ ਬਾਰੇ ਇਹ) ਪੜ੍ਹ ਪੜ੍ਹ ਕੇ (ਕਿ ਇਹਨਾਂ ਵਿਚ ਜੋ ਲਿਖਿਆ ਹੈ) ਝੂਠ (ਹੈ), ਖ਼ੁਸ਼ ਹੋ ਹੋ ਕੇ ਬਹਿਸ ਕਰਦੇ ਹਨ । (ਪਰ ਉਹ ਇਹ ਨਹੀਂ ਜਾਣਦੇ ਕਿ) ਸਦਾ ਕਾਇਮ ਰਹਿਣ ਵਾਲਾ ਰੱਬ ਖ਼ਲਕਤ ਵਿਚ (ਭੀ) ਵੱਸਦਾ ਹੈ, (ਨਾਹ ਉਹ ਵੱਖਰਾ ਸੱਤਵੇਂ ਅਸਮਾਨ ਤੇ ਬੈਠਾ ਹੈ ਤੇ) ਨਾਹ ਉਹ ਪਰਮਾਤਮਾ ਕ੍ਰਿਸ਼ਨ ਦੀ ਮੂਰਤੀ ਹੈ ।੨। (ਸਤਵੇਂ ਅਸਮਾਨ ਦੇ ਵਿਚ ਬੈਠਾ ਸਮਝਣ ਦੇ ਥਾਂ, ਹੇ ਭਾਈ!) ਉਹ ਪ੍ਰਭੂ-ਰੂਪ ਦਰਿਆ ਤੇ ਅੰਤਹਕਰਨ ਵਿਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿਚ ਇਸ਼ਨਾਨ ਕਰਨਾ ਸੀ । ਸੋ, ਉਸ ਦੀ ਸਦਾ ਬੰਦਗੀ ਕਰ, (ਇਹ ਭਗਤੀ ਦੀ) ਐਨਕ ਲਾ (ਕੇ ਵੇਖ), ਉਹ ਹਰ ਥਾਂ ਮੌਜੂਦ ਹੈ ।੩। ਰੱਬ ਸਭ ਤੋਂ ਪਵਿੱਤਰ (ਹਸਤੀ) ਹੈ (ਉਸ ਤੋਂ ਪਵਿੱਤਰ ਕੋਈ ਹੋਰ ਨਹੀਂ ਹੈ), ਇਸ ਗੱਲ ਵਿਚ ਮੈਂ ਤਾਂ ਹੀ ਸ਼ੱਕ ਕਰਾਂ, ਜੇ ਉਸ ਰੱਬ ਵਰਗਾ ਕੋਈ ਹੋਰ ਦੂਜਾ ਹੋਵੇ । ਹੇ ਕਬੀਰ! (ਇਸ ਭੇਤ ਨੂੰ) ਉਹ ਮਨੁੱਖ ਹੀ ਸਮਝ ਸਕਦਾ ਹੈ ਜਿਸ ਨੂੰ ਉਹ ਸਮਝਣ-ਜੋਗ ਬਣਾਏ । ਤੇ, ਇਹ ਬਖ਼ਸ਼ਸ਼ ਉਸ ਬਖ਼ਸ਼ਸ਼ ਕਰਨ ਵਾਲੇ ਦੇ ਆਪਣੇ ਹੱਥ ਹੈ ।੪।੧। ------ ਸ਼ਬਦ ਦਾ ਭਾਵ :-ਦੂਜਿਆਂ ਦੀਆਂ ਧਰਮ-ਪੁਸਤਕਾਂ ਉੱਤੇ ਚਿੱਕੜ ਸੁੱਟਿਆਂ ਮਨ ਵਿਚ ਸ਼ਾਂਤੀ ਨਹੀਂ ਹੋ ਸਕਦੀ । ਅੰਦਰ-ਵੱਸਦੇ ਰੱਬ ਦੀ ਬੰਦਗੀ ਕਰੋ, ਸਾਰੀ ਖ਼ਲਕਤ ਵਿਚ ਦਿੱਸ ਪਏਗਾ ।



English Translation :
TILANG, THE WORD OF DEVOTEE KABEER JEE:
ONE UNIVERSAL CREATOR GOD. BY THE GRACE OF THE TRUE GURU:
The Vedas and the Scriptures are only make-believe, O Siblings of Destiny; they do not relieve the anxiety of the heart. If you will only center yourself on the Lord, even for just a breath, then you shall see the Lord face-to-face, present before you. || 1 || O human being, search your own heart every day, and do not wander around in confusion. This world is just a magic-show; no one will be holding your hand. || 1 || Pause || Reading and studying falsehood, people are happy; in their ignorance, they speak nonsense. The True Creator Lord is diffused into His creation; He is not just the dark-skinned Krishna of legends. || 2 || Through the Tenth Gate, the stream of nectar flows; take your bath in this. Serve the Lord forever; use your eyes, and see Him ever-present everywhere. || 3 || The Lord is the purest of the pure; only through doubt could there be another. O Kabeer, mercy flows from the Merciful Lord; He alone knows who acts. || 4 || 1 ||

Saturday, 10th Assaar (Samvat 544 Nanakshahi) (ang 727)



ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫ਼ਤਿਹ।।


Post Comment

ਸਰਦਾਰ ਹਰੀ ਸਿੰਘ ਨਲਵਾ ਸਿੱਖ ਇਤਿਹਾਸ ਵਿਚ ਪ੍ਰਮੁੱਖ ਯੋਧਾ ਤੇ ਜਰਨੈਲ ਹੋਇਆ ਹੈ।

Hari Singh Nalwa (1791-1837)
ਸਰਦਾਰ ਹਰੀ ਸਿੰਘ ਨਲਵਾ ਸਿੱਖ ਇਤਿਹਾਸ ਵਿਚ ਪ੍ਰਮੁੱਖ ਯੋਧਾ ਤੇ ਜਰਨੈਲ ਹੋਇਆ ਹੈ। ਇਨ੍ਹਾਂ ਦੇ ਨਾਮ ਨਾਲ ਨਲਵਾ ਕਿਵੇਂ ਜੁੜਿਆ, ਇਸ ਬਾਰੇ ਬਾਬਾ ਪ੍ਰੇਮ ਸਿੰਘ ਜੀ ਹੋਤੀ ਲਿਖਦੇ ਹਨ- ਰਾਜਾ ਨਲ ਆਪਣੇ ਸਮੇਂ ਦਾ ਮਹਾਨ ਦਾਨੀ ਅਤੇ ਆਪਣੇ ਸਮੇਂ ਦਾ ਅਦੁੱਤੀ ਸੂਰਬੀਰ ਸੀ। ਉਹ ਸ਼ੇਰ ਨਾਲ ਲੜ ਕੇ ਉਸ ਨੂੰ ਮਾਰਨ ਵਿਚ ਪ੍ਰਸਿੱਧਤਾ ਰੱਖਦਾ ਸੀ। ਇਸੇ ਤਰ੍ਹਾਂ ਸਰਦਾਰ ਹਰੀ ਸਿੰਘ ਵਿਚ ਅਜਿਹੇ ਗੁਣ ਮੌਜੂਦ ਸਨ। ਇਸ ਤਰ੍ਹਾਂ ਆਪ ਜੀ ਦਾ ਨਾਮ ਵੀ ਰਾਜਾ ਨਲ ਸਾਨੀ ਪੈ ਗਿਆ। ਸਰਦਾਰ ਜੀ ਦੇ ਨਾਮ ਨਾਲ ਇਹ ਨਾਮ ਜੁੜ ਕੇ ਅਤੇ ਆਮ ਵਰਤੋਂ ਵਿਚ ਆਉਣ ਕਰਕੇ, ਇਸ ਵਿਚ ਥੋੜ੍ਹੀ ਜਿਹੀ ਤਬਦੀਲੀ ਹੋਣ ਕਰਕੇ ਨਲ ਤੋਂ ਨਲਵਾ ਪੈ ਗਿਆ। ਇਸ ਬਾਰੇ ਹੋਰ ਵੀ ਪੁਸ਼ਟੀਆਂ ਮਿਲਦੀਆਂ ਹਨ, ਜੋ ਇਸ ਤਰ੍ਹਾਂ ਹਨ:

1) ਮੌਲਾਨਾ ਅਹਿਮਦ ਦੀਨ ਆਪਣੀ ਪੁਸਤਕ ਮੁਕੰਮਲ ਤਾਰੀਖ- ਕਸ਼ਮੀਰ ਵਿਚ ਲਿਖਦੇ ਹਨ ਕਿ ਨਲਵਾ ਦੀ ਵਜ੍ਹਾ ਤਸਮੀਆ ਕੇ ਮੁਤੱਲਅਕ ਮਸ਼ਹੂਰ ਹੈ ਕਿ ਰਾਜਾ ਨਲ ਜ਼ਮਾਨਾ ਕਦੀਮ ਮੇਂ ਏਕ ਬਹਾਦਰ ਅਰ ਸੁਜਾਤ ਰਾਜਾ ਥਾ। ਲੋਗੋਂ ਨੇ ਹਰੀ ਸਿੰਘ ਕੋ ਨਲ ਸੇ ਨਲਵਾ ਬਨਾ ਦੀਆ। ਨਲਵਾ ਸੇ ਮੁਰਾਦ, ਸ਼ੇਰ ਕੋ ਮਾਰਨੇ ਵਾਲਾ ਯਾ ਸ਼ੇਰ ਅਫ਼ਗਾਨ ਹੈ। ਚੂੰਕਿ ਹਰੀ ਸਿੰਘ ਨੇ ਭੀ ਸ਼ੇਰ ਮਾਰੇ ਥੇ ਇਸੀ ਲੀਏ ਉਸਕਾ ਨਾਮ ਨਲਵਾ ਮਸ਼ਹੂਰ ਹੂਆ।

2) ਇਸੇ ਤਰ੍ਹਾਂ ਮਿਸਟਰ ਐਂਨ. ਕੇ. ਸਿਨਹਾ ਆਪਣੀ ਲਿਖਤ ਤਾਰੀਖ਼ ਵਿਚ ਲਿਖਦਾ ਹੈ ਕਿ ਸਰਦਾਰ ਹਰੀ ਸਿੰਘ ਦੇ ਨਾਮ ਨਾਲ ਨਲਵਾ ਉਂਪ ਨਾਮ ਇਸ ਲਈ ਪ੍ਰਸਿੱਧ ਹੋ ਗਿਆ ਕਿ ਉਸ ਨੇ ਸ਼ੇਰ ਦੇ ਸਿਰ ਨੂੰ ਹੱਥਾਂ ਨਾਲ ਮਰੋੜ ਕੇ ਮਾਰ ਸੁੱਟਿਆ ਸੀ।

ਜਨਮ

ਇਸ ਮਹਾਨ ਜਰਨੈਲ ਦਾ ਜਨਮ ਸੰਨ 1791 ਈ. ਵਿਚ ਸ. ਗੁਰਦਿਆਲ ਸਿੰਘ ਜੀ ਦੇ ਘਰ ਗੁਜਰਾਂਵਾਲਾ ਵਿਖੇ ਹੋਇਆ। ਇਹ ਹੋਣਹਾਰ ਬਾਲਕ ਅਜੇ ਸੱਤ ਸਾਲਾਂ ਦਾ ਸੀ ਕਿ ਇਸ ਦੇ ਸਿਰ ਤੋਂ ਪਿਤਾ ਦਾ ਸਾਇਆ ਉਠ ਗਿਆ। ਇਸ ਕਰਕੇ ਇਸ ਦੇ ਬਚਪਨ ਦੇ ਦਿਨ ਇਸ ਦੇ ਮਾਮੇ ਦੇ ਘਰ ਗੁਜ਼ਰੇ। ਆਪ ਦੀ ਵਿੱਦਿਆ ਜਾਂ ਫੌਜੀ ਸਿੱਖਿਆ ਦਾ ਕੋਈ ਖਾਸ ਯੋਗ ਪ੍ਰਬੰਧ ਨਾ ਹੋ ਸਕਿਆ। ਪਰਮਾਤਮਾ ਵੱਲੋਂ ਹੀ ਉਨ੍ਹਾਂ ਨੂੰ ਅਜਿਹੀ ਬੁੱਧੀ ਪ੍ਰਾਪਤ ਹੋਈ ਕਿ ਆਪ ਜੋ ਇਕ ਵਾਰੀ ਦੇਖ ਜਾਂ ਸੁਣ ਲੈਂਦੇ, ਉਸ ਨੂੰ ਝੱਟ ਆਪਣੇ ਹਿਰਦੇ ਵਿਚ ਵਸਾ ਲੈਂਦੇ। ਲਗਭਗ 15 ਸਾਲ ਦੀ ਉਮਰ ਵਿਚ ਆਪ ਨੇ ਦੇਖੋ-ਦੇਖੀ ਸਾਰੇ ਜੰਗੀ ਕਰਤਬਾਂ ਵਿਚ ਪ੍ਰਵੀਣਤਾ ਹਾਸਲ ਕਰ ਲਈ। ਇਸ ਦੇ ਨਾਲ ਹੀ ਫ਼ਾਰਸੀ ਅਤੇ ਗੁਰਮੁਖੀ ਦੀ ਲਿਖਤ-ਪੜ੍ਹਤ ਵਿਚ ਵੀ ਕਾਫ਼ੀ ਯੋਗਤਾ ਪ੍ਰਾਪਤ ਕਰ ਲਈ।

ਬਸੰਤੀ ਦਰਬਾਰ ਵਿਚ ਚੋਣ

ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਘੋੜ ਸਵਾਰੀ, ਤਲਵਾਰਬਾਜ਼ੀ, ਨੇਜ਼ਾਬਾਜ਼ੀ, ਨਿਸ਼ਾਨਾਬਾਜ਼ੀ ਆਦਿ ਦੇ ਸ਼ਾਹੀ ਦਰਬਾਰ ਕਰਾਉਂਦੇ ਹੁੰਦੇ ਸਨ। ਇਹ ਮੁਕਾਬਲਾ ਸਾਲ ਵਿਚ ਇਕ ਵਾਰੀ ਹੁੰਦਾ ਸੀ ਤਾਂ ਕਿ ਨੌਜਵਾਨਾਂ ਦੇ ਹੌਸਲੇ ਬੁਲੰਦ ਹੋ ਸਕਣ। ਈਸਵੀ ਸੰਨ 1805 ਵਿਚ ਇਕ ਬਸੰਤੀ ਦਰਬਾਰ ਦਾ ਇਕੱਠ ਹੋਇਆ ਜੋ ਮਹਾਰਾਜਾ ਰਣਜੀਤ ਸਿੰਘ ਨੇ ਕਰਤਬ ਦਿਖਾਉਣ ਲਈ ਕਰਾਇਆ ਸੀ। ਇਸ ਵਿਚ ਸ. ਹਰੀ ਸਿੰਘ ਨਲਵੇ ਨੇ ਪਹਿਲੀ ਵਾਰੀ ਆਪਣੇ ਕਰਤਬ ਦਿਖਾਏ। ਇਨ੍ਹਾਂ ਕਰਤਬਾਂ ਨੂੰ ਦੇਖ ਕੇ ਮਹਾਰਾਜਾ ਜੀ ਨੇ ਉਸ ਨੂੰ ਆਪਣੀ ਫੌਜ ਵਿਚ ਭਰਤੀ ਕਰ ਲਿਆ। ਕੁਝ ਹੀ ਦਿਨਾਂ ਬਾਅਦ ਆਪ ਦੀ ਸ਼ੇਰ ਨਾਲ ਲੜਾਈ ਤੇ ਦਲੇਰੀ ਦੇਖ ਕੇ ਮਹਾਰਾਜੇ ਨੇ ਉਸ ਨੂੰ ਆਪਣੀ ਸ਼ੇਰਦਿਲ ਨਾਮੀ ਰਜਮੈਂਟ ਵਿਚ ਹਰੀ ਸਿੰਘ ਨੂੰ ਸਰਦਾਰੀ ਦੇ ਦਿੱਤੀ।

ਸਰਦਾਰੀ ਦਾ ਸਮਾਂ

ਇਸੇ ਤਰ੍ਹਾਂ 1807 ਈਸਵੀ ਵਿਚ ਕਸੂਰ ਦੀ ਫ਼ਤਹਿ ਸਮੇਂ ਸਰਦਾਰ ਹਰੀ ਸਿੰਘ ਨੇ ਮਹਾਨ ਬੀਰਤਾ ਦਿਖਾਈ ਜਿਸ ਦੇ ਇਨਾਮ ਵਜੋਂ ਆਪ ਜੀ ਨੂੰ ਜਾਗੀਰ ਮਿਲੀ। ਮਹਾਰਾਜਾ ਨੇ 1810 ਵਿਚ ਮੁਲਤਾਨ ਉਂਤੇ ਚੜ੍ਹਾਈ ਕਰਨ ਲਈ ਖ਼ਾਲਸਾ ਫੌਜ ਨੂੰ ਹੁਕਮ ਦਿੱਤਾ। ਅੱਗੋਂ ਉਥੋਂ ਦਾ ਨਵਾਬ ਮਜੱਫਰ ਖ਼ਾਨ ਵੀ ਆਪਣੀ ਨਾਮੀ ਫੌਜ ਅਤੇ ਪ੍ਰਸਿੱਧ ਕਿਲ੍ਹੇ ਦੇ ਭਰੋਸੇ ਤੇ ਖ਼ਾਲਸਾ ਫੌਜ ਨੂੰ ਰੋਕਣ ਲਈ ਡਟ ਗਿਆ। ਸ਼ੇਰ-ਏ-ਪੰਜਾਬ ਨੇ ਜਦੋਂ ਲੜਾਈ ਦੀ ਢਿੱਲ ਵੇਖੀ ਤਾਂ ਕਿਲ੍ਹੇ ਦੀ ਕੰਧ ਨੂੰ ਬਾਰੂਦ ਨਾਲ ਉਡਾਉਣ ਲਈ ਕੁਝ ਸਿਰਲੱਥ ਯੋਧਿਆਂ ਦੀ....


Post Comment

Thursday, June 21, 2012

Today's Hukamnama From Sri Harmandir Sahib Ji (22 June 2012)


ਹੁਕਮਨਾਮਾ ਸ਼੍ਰੀ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ

ਗੁਰਬਾਣੀ-ਸਤਿਕਾਰ ਨੂੰ ਮੁੱਖ ਰੱਖਦੇ ਹੋਏ ਸਿਰ ਢੱਕ ਕੇ ਪੜ੍ਹਨ ਦੀ ਅਤੇ ਬਾਣੀ ਉਤੇ ਅਮਲ ਕਰਨ ਦੀ ਖੇਚਲ ਕਰਨੀ ਜੀ। 

ਅੱਜ ਦਾ ਮੁੱਖਵਾਕ 22.6.2012, ਸ਼ੁਕਰਵਾਰ , ੯ ਹਾੜ(ਸੰਮਤ ੫੪੪ ਨਾਨਕਸ਼ਾਹੀ)
ਸਲੋਕ ॥
ਰਚੰਤਿ ਜੀਅ ਰਚਨਾ ਮਾਤ ਗਰਭ ਅਸਥਾਪਨੰ ॥ ਸਾਸਿ ਸਾਸਿ ਸਿਮਰੰਤਿ ਨਾਨਕ ਮਹਾ ਅਗਨਿ ਨ ਬਿਨਾਸਨੰ ॥੧॥ ਮੁਖੁ ਤਲੈ ਪੈਰ ਉਪਰੇ ਵਸੰਦੋ ਕੁਹਥੜੈ ਥਾਇ ॥ ਨਾਨਕ ਸੋ ਧਣੀ ਕਿਉ ਵਿਸਾਰਿਓ ਉਧਰਹਿ ਜਿਸ ਦੈ ਨਾਇ ॥੨॥ ਪਉੜੀ ॥ ਰਕਤੁ ਬਿੰਦੁ ਕਰਿ ਨਿੰਮਿਆ ਅਗਨਿ ਉਦਰ ਮਝਾਰਿ ॥ ਉਰਧ ਮੁਖੁ ਕੁਚੀਲ ਬਿਕਲੁ ਨਰਕਿ ਘੋਰਿ ਗੁਬਾਰਿ ॥ ਹਰਿ ਸਿਮਰਤ ਤੂ ਨਾ ਜਲਹਿ ਮਨਿ ਤਨਿ ਉਰ ਧਾਰਿ ॥ ਬਿਖਮ ਥਾਨਹੁ ਜਿਨਿ ਰਖਿਆ ਤਿਸੁ ਤਿਲੁ ਨ ਵਿਸਾਰਿ ॥ ਪ੍ਰਭ ਬਿਸਰਤ ਸੁਖੁ ਕਦੇ ਨਾਹਿ ਜਾਸਹਿ ਜਨਮੁ ਹਾਰਿ ॥੨॥

ਸ਼ੁੱਕਰਵਾਰ, ੯ ਹਾੜ (ਅੰਗ: ੭੦੬)


ਪੰਜਾਬੀ ਵਿਆਖਿਆ :
ਸਲੋਕ ॥
ਜੋ ਪਰਮਾਤਮਾ ਜੀਵਾਂ ਦੀ ਬਣਤਰ ਬਣਾਉਂਦਾ ਹੈ ਤੇ ਉਹਨਾਂ ਨੂੰ ਮਾਂ ਦੇ ਪੇਟ ਵਿਚ ਥਾਂ ਦੇਂਦਾ ਹੈ, ਹੇ ਨਾਨਕ! ਜੀਵ ਉਸ ਨੂੰ ਹਰੇਕ ਸਾਹ ਦੇ ਨਾਲ ਨਾਲ ਯਾਦ ਕਰਦੇ ਰਹਿੰਦੇ ਹਨ ਤੇ (ਮਾਂ ਦੇ ਪੇਟ ਦੀ) ਵੱਡੀ (ਭਿਆਨਕ) ਅੱਗ ਉਹਨਾਂ ਦਾ ਨਾਸ ਨਹੀਂ ਕਰ ਸਕਦੀ ।੧। ਹੇ ਨਾਨਕ! (ਆਖ-ਹੇ ਭਾਈ!) ਜਦੋਂ ਤੇਰਾ ਮੂੰਹ ਹੇਠਾਂ ਨੂੰ ਸੀ, ਪੈਰ ਉਤਾਂਹ ਨੂੰ ਸਨ, ਬੜੇ ਔਖੇ ਥਾਂ ਤੂੰ ਵੱਸਦਾ ਸੈਂ ਤਦੋਂ ਜਿਸ ਪ੍ਰਭੂ ਦੇ ਨਾਮ ਦੀ ਬਰਕਤਿ ਨਾਲ ਤੂੰ ਬਚਿਆ ਰਿਹਾ, ਹੁਣ ਉਸ ਮਾਲਕ ਨੂੰ ਤੂੰ ਕਿਉਂ ਭੁਲਾ ਦਿੱਤਾ? ।੨। (ਹੇ ਜੀਵ!) (ਮਾਂ ਦੀ) ਰੱਤ ਤੇ (ਪਿਉ ਦੇ) ਵੀਰਜ ਤੋਂ (ਮਾਂ ਦੇ) ਪੇਟ ਦੀ ਅੱਗ ਵਿਚ ਤੂੰ ਉੱਗਿਆ । ਤੇਰਾ ਮੂੰਹ ਹੇਠਾਂ ਨੂੰ ਸੀ, ਗੰਦਾ ਤੇ ਡਰਾਉਣਾ ਸੈਂ, (ਮਾਨੋ) ਇਕ ਹਨੇਰੇ ਘੋਰ ਨਰਕ ਵਿਚ ਪਿਆ ਹੋਇਆ ਸੈਂ । ਜਿਸ ਪ੍ਰਭੂ ਨੂੰ ਸਿਮਰ ਕੇ ਤੂੰ ਨਹੀਂ ਸੈਂ ਸੜਦਾ-ਉਸ ਨੂੰ (ਹੁਣ ਭੀ) ਮਨੋਂ ਤਨੋਂ ਹਿਰਦੇ ਵਿਚ ਯਾਦ ਕਰ । ਜਿਸ ਪ੍ਰਭੂ ਨੇ ਤੈਨੂੰ ਔਖੇ ਥਾਂ ਤੋਂ ਬਚਾਇਆ, ਉਸ ਨੂੰ ਰਤਾ ਭੀ ਨਾਹ ਭੁਲਾ । ਪ੍ਰਭੂ ਨੂੰ ਭੁਲਾਇਆਂ ਕਦੇ ਸੁਖ ਨਹੀਂ ਹੁੰਦਾ, (ਜੇ ਭੁਲਾਇˆਗਾ ਤਾਂ) ਮਨੁੱਖਾ ਜਨਮ (ਦੀ ਬਾਜ਼ੀ) ਹਾਰ ਕੇ ਜਾਵੇਂਗਾ ।੨।


English Translation :


SHALOK:
Creating the soul, the Lord places this creation in the womb of the mother. With each and every breath, it meditates in remembrance on the Lord, O Nanak; it is not consumed by the great fire. || 1 || With its head down, and feet up, it dwells in that slimy place. O Nanak, how could we forget the Master? Through His Name, we are saved. || 2 || PAUREE: From egg and sperm, you were conceived, and placed in the fire of the womb. Head downwards, you abided restlessly in that dark, dismal, terrible hell. Remembering the Lord in meditation, you were not burnt; enshrine Him in your heart, mind and body. In that treacherous place, He protected and preserved you; do not forget Him, even for an instant. Forgetting God, you shall never find peace; you shall forfeit your life, and depart. || 2 ||

Friday, 9th Assaar (Samvat 544 Nanakshahi)(Page: 706)


ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫ਼ਤਿਹ।।


Post Comment

ਸ਼ਿਵ ਕੁਮਾਰ ਬਟਾਲਵੀ ਜੀ ਦੇ ਜੀਵਨ ਬਾਰੇ ਸੁਰਜੀਤ ਪਾਤਰ ਸਾਹਬ ਦਾ ਤਜਰਬਾ

ਸ਼ਿਵ ਨਾਲ ਮੇਰੀਆਂ ਗਿਣਤੀ ਦੀਆਂ ਮੁਲਾਕਾਤਾਂ ਹੋਈਆਂ | ਜਦੋਂ ਕਦੀ ਮੈਂ ਕਲਾਸ ਵਿਚ ਸ਼ਿਵ ਦੀ ਸ਼ਾਇਰੀ ਪੜ੍ਹਾਉਂਦਾ ਤਾਂ ਵਿਦਿਆਰਥੀ ਮੈਂਨੂੰ ਕਹਿੰਦੇ : ਸਰ ਕੋਈ ਸ਼ਿਵ ਦੀ ਗੱਲ ਸੁਣਾਓ | ਉਦੋਂ ਮੇਰਾ ਜੀ ਕਰਦਾ ਕਾਸ਼ ਮੈਂ ਸ਼ਿਵ ਨੂੰ ਕੁਝ ਹੋਰ ਮਿਲਿਆ ਹੁੰਦਾ | ਪਰ ਸ਼ਿਵ ਦੇ ਜੀਉਂਦੇ ਜੀਅ ਇਹ ਨਹੀਂ ਪਤਾ ਸੀ ਕਿ ਉਹ ਏਨੀ ਜਲਦੀ ਤੁਰ ਜਾਵੇਗਾ | ਉਸ ਦੀ ਕਵਿਤਾ :


ਅਸੀਂ ਤੇ ਜੋਬਨ ਰੁੱਤੇ ਮਰਨਾਤੁਰ ਜਾਣਾ ਅਸੀਂ ਭਰੇ ਭਰਾਏ ਹਿਜਰ ਤੇਰੇ ਦੀ ਕਰ ਪਰਕਰਮਾਜੋਬਨ ਰੁੱਤੇ ਆਸ਼ਕ ਮਰਦੇ ਜਾਂ ਕੋਈ ਕਰਮਾਂ ਵਾਲਾਜੋਬਨ ਰੁੱਤੇ ਜੋ ਵੀ ਮਰਦਾ ਫੁੱਲ ਬਣੇ ਜਾਂ ਤਾਰਾ

ਨੂੰ ਅਸੀਂ ਕਵਿਤਾ ਤਾਂ ਸਮਝਦੇ ਸੀ, ਪੇਸ਼ੀਨਗੋਈ ਨਹੀਂ ਸੀ ਸਮਝਦੇ |

ਪਤਾ ਨਹੀਂ ਉਹ ਮਰ ਕੇ ਫੁੱਲ ਬਣਿਆ ਜਾਂ ਤਾਰਾ ਪਰ ਮੈਂ ਉਸ ਨੂੰ ਜਿਉਂਦੇ ਜੀਅ ਇਹ ਦੋਵੇਂ ਕੁਝ ਬਣਦਾ ਦੇਖਿਆ |

ਉਹ ਜਦੋਂ ਹੇਠਲੀਆਂ ਸੁਰਾਂ ਵਿਚ ਆਪਣੇ ਗੀਤ ਦਾ ਮੁਖੜਾ ਗਾਉਂਦਾ ਤਾਂ ਉਹ ਫੁੱਲ ਬਣ ਜਾਂਦਾ ਸੀ | ਜਦੋਂ ਉੱਚੀਆਂ ਉੱਚੀਆਂ ਸੁਰਾਂ ਵਿਚ ਅੰਤਰਾ ਚੁੱਕਦਾ ਤਾਂ ਤਾਰਾ ਬਣ ਜਾਂਦਾ | ਉਸ ਦੀ ਸ਼ਾਇਰੀ ਵਿਚ ਬੇਮਿਸਾਲ ਰਵਾਨੀ ਸੀ ਤੇ ਉਸ ਦੇ ਪਰਵਾਹ ਵਿਚ ਉਹ ਪਤਾ ਨਹੀਂ ਕੀ ਕੁਝ ਵਹਾ ਦੇਂਦਾ ਸੀ |ਕਿੰਨੇ ਪੁਰਾਣੇ ਲਫ਼ਜ਼,ਚੀਜ਼ਾਂ,ਬੂਟੇ | ਭੂਸ਼ਨ ਨੇ ਇਕ ਲਤੀਫ਼ਾ ਸਿਰਜਿਆ ਸੀ:ਇਕ ਅਧਿਆਪਕ ਸਾਇਕਲ ਤੇ ਸਕੂਲ ਜਾ ਰਿਹਾ ਸੀ | ਸਾਇਕਲ ਦੇ ਹੈਂਡਲ ਦੇ ਦੋਹੀਂ ਪਾਸੀਂ ਜੜੀਆਂ ਬੂਟੀਆਂ ਦੇ ਭਰੇ ਦੋ ਥੈਲੇ ਲਟਕ ਰਹੇ ਸਨ |ਕਿਸੇ ਨੇ ਪੁੱਛਿਆ : ਮਾਸਟਰ ਜੀ,ਇਹ ਥੈਲਿਆਂ ਵਿਚ ਕੀ ਲਿਜਾ ਰਹੇ ਹੋ ? ਮਾਸਟਰ ਜੀ ਕਹਿਣ ਲੱਗੇ:ਅੱਜ ਮੈਂ ਬੱਚਿਆਂ ਨੂੰ ਸ਼ਿਵ ਦੀ ਕਵਿਤਾ ਪੜ੍ਹਾਉਣੀ ਐ | ਸ਼ਿਵ ਦੀਆਂ ਇਹ ਸਤਰਾਂ ਨੇ:

ਜਿਹੜੇ ਖੇਤਾਂ ਵਿਚ ਬੀਜੇ ਸੀ ਮੈਂ ਤਾਰਿਆਂ ਦੇ ਬੀਜਉਨ੍ਹਾਂ ਖੇਤਾਂ ਵਿਚ ਭੱਖੜਾ ਬੁਘਾਟ ਉਗਿਆ |

ਬੱਚੇ ਪੁੱਛਣਗੇ:ਮਾਸਟਰ ਜੀ,ਭੱਖੜਾ ਕੀ ਹੁੰਦਾ,ਬੁਘਾਟ ਕੀ ਹੁੰਦਾ ? ਮੈਂ ਕਿਵੇਂ ਸਮਝਾਵਾਂਗਾ ? ਇਸ ਲਈ ਮੈਂ ਇਕ ਥੈਲੇ ਵਿਚ ਭੱਖੜਾ ਲੈ ਆਇਆਂ ਤੇ ਇਕ ਵਿਚ ਬੁਘਾਟ | ਇਹ ਬੱਚਿਆਂ ਨੂੰ ਦਿਖਾ ਦਿਆਂਗਾ |

ਸ਼ਿਵ ਦੇ ਸ਼ਬਦਾਂ ਦਾ ਸੰਗੀਤ, ਉਸ ਦੀ ਹੂਕ, ਉਸ ਦਾ ਬਿਰਹਾ, ਉਸ ਦੀ ਲਫ਼ਜ਼ਾਂ ਦੀ ਜਕੜ, ਉਸ ਦੀ ਬਿੰਬਾਵਲੀ ਦੀ ਮੌਲਿਕਤਾ, ਉਸ ਦੀ ਲੋਕਧਾਰਾ ਦਾ ਇਸਤੇਮਾਲ ਬੇਮਿਸਾਲ ਸੀ |

ਮਾਏ ਨੀ ਮਾਏ ਮੇਰੇ ਗੀਤਾਂ ਦਿਆਂ ਨੈਣਾਂ ਵਿਚਬਿਰਹੋਂ ਦੀ ਰੜਕ ਪਵੇਭਿਉਂ ਭਿਉਂ ਸੁਗੰਧੀਆਂ ‘ਚ ਰੱਖੇ ਫੇਹੇ ਚਾਨਣੀ ਦੇਤਾਂ ਵੀ ਸਾਨੂੰ ਨੀਂਦ ਨਾ ਪਵੇ

ਜਦੋਂ ਸੱਠਵਿਆਂ ਵਿਚ ਸ਼ਿਵ ਦਾ ਇਹ ਗੀਤ ਪੰਜਾਬ ਦੀਆਂ ਹਵਾਵਾਂ ਵਿਚ ਗੂੰਜਿਆ ਤਾਂ ਪੰਜਾਬੀ ਬੋਲੀ ਨੂੰ ਆਪਣੀ ਕਦੀਮੀ ਖ਼ੂਬਸੂਰਤੀ ਯਾਦ ਆਈ | ਸ਼ਿਵ ਕੁਮਾਰ ਦੇ ਆਸੇ ਪਾਸੇ ਪ੍ਰਯੋਗਸ਼ੀਲਤਾ ਦਾ ਸਿਧਾਂਤਕ ਰੁਅਬ ਸੀ ,ਪ੍ਰਗਤੀਸ਼ੀਲਤਾ ਦਾ ਵ੍ਰਿੰਦਗਾਨ ਸੀ |ਸ਼ਿਵ ਇਕ ਇਕੱਲੀ ਆਵਾਜ਼ ਸੀ | ਇਸ ਆਵਾਜ਼ ਨੇ ,ਅੰਦਾਜ਼ ਨੇ ਬਹੁਤਿਆਂ ਨੂੰ ਮੋਹ ਲਿਆ | ਕੁਝ ਦਾਨਿਸ਼ਵਰਾਂ ਨੇ ਉਸ ਨੂੰ ਕੁੜੀਆਂ ਮੁੰਡਿਆਂ ਦਾ ਕਵੀ ਕਿਹਾ |ਕਿਸੇ ਨੇ ਪ੍ਰਤਿਗਾਮੀ , ਨਿਰਾਸ਼ਾਵਾਦੀ | ਪਰ ਸੰਤ ਸਿੰਘ ਸੇਖੋਂ ਵਰਗੇ ਮਾਰਕਸਵਾਦੀ ਦਾਨਿਸ਼ਵਰ ਨੇ ਉਸ ਦੀ ਵਡੱਤਣ ਨੂੰ ਪਛਾਣਿਆਂ ਤੇ ਇਸ ਦਾ ਐਲਾਨ ਕੀਤਾ ਤੇ ਉਸ ਨੂੰ ਵੀਹਵੀਂ ਸਦੀ ਦੇ ਸੱਤ ਵੱਡੇ ਕਵੀਆਂ ਵਿਚ ਗਿਣਿਆ |

‘ ਲੂਣਾ ‘ ਤੇ ਸ਼ਿਵ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਇਨਾਮ ਮਿਲਿਆ | ਸਭ ਤੋਂ ਛੋਟੀ ਉਮਰ ਵਿਚ ਇਹ ਪੁਰਸਕਾਰ ਪ੍ਰਾਪਤ ਕਰਨ ਦਾ ਮਾਣ ਵੀ ਸ਼ਿਵ ਨੂੰ ਹੀ ਪ੍ਰਾਪਤ ਹੈ | ਮੈਂ ਆਪਣੇ ਪ੍ਰੋਗਰਾਮ ‘ ਸੂਰਜ ਦਾ ਸਰਨਾਵਾਂ ‘ ਵਿਚ ਕਿਹਾ ਸੀ ਕਿ ਸ਼ਿਵ ਦੀ ਸ਼ਾਇਰੀ ਵਿਚ ਲੂਣਾ ਦੀ ਉਹ ਹੀ ਥਾਂ ਹੈ ਜੋ ਆਗਰੇ ਵਿਚ ਤਾਜ ਮਹਿਲ ਦੀ ਹੈ |

ਸ਼ਿਵ ਦਾ ਰੋਮਾਂਸਵਾਦ , ਸ਼ਿਵ ਦੀ ਨਿਰਾਸ਼ਾ , ਸ਼ਿਵ ਦਾ ਮੌਤ-ਮੋਹ ਕਿਸੇ ਨੂੰ ਕੁਝ ਵੀ ਲੱਗੇ , ਉਸ ਦੀ ਰਵਾਨੀ , ਉਸ ਦਾ ਸਰੋਦੀਪਨ ,ਉਸ ਦੀ ਬਿੰਬਾਵਲੀ , ਉਸ ਦੀ ਸ਼ਬਦਾਵਲੀ , ਉਸ ਦੀ ਸ਼ਿਲਪ ਦਾ ਜਾਦੂ ਕਮਾਲ ਦਾ ਹੈ | ਉਹ ਸੂਫ਼ੀਆਂ ਤੇ ਕਿੱਸੇਕਾਰਾਂ ਵਾਂਗ ਗਾਇਕਾਂ ਦਾ ਚਹੇਤਾ ਹੈ |

ਪਹਿਲੀ ਵਾਰ ਮੈਂ ਸ਼ਿਵ ਕੁਮਾਰ ਨੂੰ 1964 ਵਿਚ ਮਿਲਿਆ ਜਦੋਂ ਮੈਂ ਰਣਧੀਰ ਕਾਲਜ ਕਪੂਰਥਲਾ ਦਾ ਵਿਦਿਆਰਥੀ ਸਾਂ | ਸੁਰਜੀਤ ਸਿੰਘ ਸੇਠੀ ਤੇ ਉਨ੍ਹਾਂ ਦੀ ਪਤਨੀ ਮਨੋਹਰ ਕੌਰ ਅਰਪਨ ਸਾਨੂੰ ਪੰਜਾਬੀ ਪੜ੍ਹਾਉਂਦੇ ਸਨ | ਇਸ ਜੋੜੀ ਸਦਕਾ ਕਾਲਜ ਦਾ ਮਾਹੌਲ ਅਦਬੀ ਸਰਗਰਮੀਆਂ ਨਾਲ ਭਖ਼ਿਆ ਰਹਿੰਦਾ ਸੀ | ਫਰਵਰੀ 1964 ਦੀ ਗੱਲ ਹੈ | ਸੇਠੀ ਸਾਹਬ ਨੇ ਇਕ ਬਹੁਤ ਵੱਡਾ ਕਵੀ ਦਰਬਾਰ ਕਾਲਜ ਦੇ ਜੁਬਲੀ ਹਾਲ ਵਿਚ ਆਯੋਜਿਤ ਕੀਤਾ | ਪ੍ਰੋ.ਮੋਹਨ ਸਿੰਘ , ਡਾ. ਹਰਿਭਜਨ ਸਿੰਘ , ਤਖ਼ਤ ਸਿੰਘ , ਸ.ਸ. ਮੀਸ਼ਾ ,ਜਗਤਾਰ,ਕ੍ਰਿਸ਼ਨ ਅਦੀਬ ,ਰਵਿੰਦਰ ਰਵੀ,ਸੁਰਜੀਤ ਰਾਮਪੁਰੀ ਤੇ ਹੋਰ ਬਹੁਤ ਸਾਰੇ ਕਵੀ ਇਸ ਕਵੀ ਦਰਬਾਰ ਵਿਚ ਸ਼ਾਮਲ ਹੋਏ | ਸੁਰਜੀਤ ਸਿੰਘ ਸੇਠੀ ਹੋਰਾਂ ਨੇ ਮੈਨੂੰ ਸ਼ਿਵ ਨਾਲ ਮਿਲਾਇਆ: ਸ਼ਿਵ ਇਹ ਸੁਰਜੀਤ ਐ , ਸਾਡਾ ਵਿਦਿਆਰਥੀ ਕਵਿਤਾ ਲਿਖਦਾ | ਸ਼ਿਵ ਨੇ ਮੈਨੂੰ ਬਗਲ ਵਿਚ ਲੈ ਲਿਆ | ਉਹਦੇ ਆੜੂ-ਰੰਗੇ ਸੂਟ ਵਿਚੋਂ ਸੈਂਟ ਦੀ ਬਹੁਤ ਪਿਆਰੀ ਮਹਿਕ ਆ ਰਹੀ ਸੀ | ਸ਼ਰਬਤੀ ਅੱਖਾਂ , ਕੋਮਲ ਜਿਹਾ ਲਮੂਤਰਾ ਚਿਹਰਾ | ਉਹ ਮੇਰੇ ਨਾਲ ਗੱਲਾਂ ਕਰਨ ਲੱਗਾ | ਅਚਾਨਕ ਕਹਿਣ ਲੱਗਾ : ਤੇਰਾ ਪੂਰਾ ਨਾਂ ਕੀ ਹੈ ? ਤੂੰ ਕਿਤੇ ਓਹੀ ਸੁਰਜੀਤ ਤਾਂ ਨਹੀਂ ? ਨਵਤੇਜ ਨੇ ਮੈਨੂੰ ਇਕ ਸੁਰਜੀਤ ਦੀਆਂ ਕਵਿਤਾਵਾਂ ਪੜ੍ਹਾਈਆਂ ਜਿਹੜੀਆਂ ਪ੍ਰੀਤ ਲੜੀ ਵਿਚ ਛਪਣ ਲਈ ਆਈਆਂ ਸਨ | ਮੈਂ ਹੀ ਓਹੀ ਸੁਰਜੀਤ ਹਾਂ | ਮੈਨੂੰ ਬਹੁਤ ਖੁਸ਼ੀ ਹੋਈ | ਸ਼ਿਵ ਨੂੰ ਮੇਰੀ ਇਕ ਕਵਿਤਾ ਦੀਆਂ ਦੋ ਸਤਰਾਂ ਵੀ ਯਾਦ ਸਨ:

ਜ਼ਖ਼ਮੀ ਹੰਸ ਉਡੇ ਸਰਵਰ ‘ਚੋਂਪਾਣੀ ਵਿਚ ਪਿਆਜ਼ੀ ਰੌਆਂ

ਇਹ ਮੇਰੀ ਕਵਿਤਾ ‘ ਗਾਇਕਾ ‘ ਦੀਆਂ ਸਤਰਾਂ ਸਨ | ਉਹ ਦਿਨ ਮੇਰੇ ਲਈ ਮਹਾਨ ਦਿਨ ਸੀ | ਸ਼ਿਵ ਨੂੰ ਮੇਰੀਆਂ ਦੋ ਸਤਰਾਂ ਯਾਦ ਸਨ | ਰਾਤ ਨੂੰ ਕਵੀ ਦਰਬਾਰ ਸ਼ੁਰੂ ਹੋਇਆ | ਸ਼ਿਵ ਕੁਮਾਰ ਆਪਣੀ ਵਾਰੀ ਆਉਣ ਤੱਕ ਸਟੇਜ ਦੇ ਪਿੱਛੇ ਪ੍ਰਬੰਧਕ ਮੁੰਡਿਆਂ ਕੋਲ ਹੀ ਬੈਠਾ ਰਿਹਾ | ਕਹਿਣ ਲੱਗਾ : ਮੈਂ ਕਵੀਆਂ ਕੋਲ ਨਹੀਂ ਬੈਠਦਾ | ਇਹ ਈਰਖਾ ਦੀ ਅੱਗ ਨਾਲ ਭਰੇ ਹੋਏ ਹੁੰਦੇ ਹਨ | ਸ਼ਿਵ ਦੀ ਵਾਰੀ ਆਈ | ਉਸ ਨੇ ਗੀਤ ਸ਼ੁਰੂ ਕੀਤਾ : ਮਾਏਂ ਨੀ ਮਾਏਂ , ਮੈਂ ਇਕ ਸ਼ਿਕਰਾ ਯਾਰ ਬਣਾਇਆ | ਇਕ ਉਰਦੂ ਤੇ ਪੰਜਾਬੀ ਕਵੀ ਨੇ ‘ ਵਾਹ ਵਾਹ ਫੁਕਰਾ ਯਾਰ ਬਣਾਇਆ ‘ ਕਹਿ ਕੇ ਸ਼ਿਵ ਨੂੰ ਹੂਟ ਕਰਨ ਦੀ ਕੋਸ਼ਿਸ਼ ਕੀਤੀ | ਥੋੜ੍ਹੀ ਜਿਹੀ ਹਿੜ ਹਿੜ ਹੋਈ | ਸ਼ਿਵ ਜ਼ਰਾ ਕੁ ਤ੍ਰਭਕਿਆ , ਇਕ ਪਲ ਲਈ ਰੁਕਿਆ | ਫਿਰ ਸਾਹ ਰੋਕੀ ਬੈਠੀ ਚੁਪ ਵਿਚੋਂ ਉਸ ਨੇ ਉਡਾਣ ਭਰੀ , ਫੁੱਲ ਤੋਂ ਤਾਰਾ ਬਣ ਗਿਆ |

ਉਸ ਤੋਂ ਬਾਅਦ ਸੁਲਤਾਨਪੁਰ ਲੋਧੀ ਦੇ ਗੁਰਦੁਆਰੇ ਵਿਚ ਇਕ ਕਵੀ ਦਰਬਾਰ ਦੀ ਰਾਤ ਤੋਂ ਬਾਅਦ ਦੂਜੀ ਸਵੇਰ ਰੇਲ ਗੱਡੀ ਦੇ ਡੱਬੇ ਵਿਚ ਸ਼ਿਵ ਨੇ ਆਪਣਾ ਗੀਤ ਸੁਣਾਇਆ :

ਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾਤੇਰੀ ਚੁੰਮਣੋਂ ਪਿਛਲੀ ਸੰਗ ਵਰਗਾ

ਫਿਰ ਮੈਂ ਐਮ.ਏ. ਕਰਨ ਪੰਜਾਬੀ ਯੂਨੀਵਰਸਿਟੀ ਪਟਿਆਲੇ ਆ ਗਿਆ | ਉਥੇ ਮੇਰਾ ਇਕ ਸੀਨੀਅਰ ਦੋਸਤ ਸੁਰਜੀਤ ਮਾਨ ,ਸ਼ਿਵ ਦਾ ਬਹੁਤ ਦੀਵਾਨਾ ਸੀ | ਸਾਡੇ ਹੋਸਟਲ ਵਿਚ ਕਵੀਆਂ ਬਾਰੇ ਅਕਸਰ ਬਹਿਸਾਂ ਹੁੰਦੀਆਂ | ਅਸੀਂ ਉਨ੍ਹੀਂ ਦਿਨੀਂ ਲੋਰਕਾ , ਨੇਰੂਦਾ , ਬ੍ਰੈਖ਼ਤ ਪੜ੍ਹ ਰਹੇ ਸਾਂ | ਸਹਿਜੇ ਕੀਤੇ ਸਾਨੂੰ ਕੋਈ ਪੰਜਾਬੀ ਕਵੀ ਪਸੰਦ ਨਹੀਂ ਆਉਂਦਾ ਸੀ | ਅਸੀਂ ਯੂਨਾਨੀ ਦੁਖਾਂਤ ਤੋਂ ਉਰੇ ਦੀ ਗੱਲ ਘੱਟ ਹੀ ਕਰਦੇ ਸਾਂ |

ਪੰਜਾਬੀ ਯੂਨੀਵਰਸਿਟੀ ਕੈਂਪਸ ਵਿਚ ਕਵੀ ਦਰਬਾਰ ਹੋਇਆ | ਬਾਹਰ ਪੰਡਾਲ ਲੱਗਾ ਹੋਇਆ ਸੀ | ਤਾਰਾ ਸਿੰਘ ਆਪਣੀ ਕਵਿਤਾ ਪੜ੍ਹ ਕੇ ਮੇਰੇ ਤੇ ਸੁਰਜੀਤ ਕੋਲ ਆ ਬੈਠਾ | ਅਸੀਂ ਬਾਹਰ ਘਾਹ ‘ਤੇ ਬੈਠੇ ਹੋਏ ਸਾਂ | ਸ਼ਿਵ ਕੁਮਾਰ ਆਪਣੀ ਕਵਿਤਾ ਪੜ੍ਹ ਰਿਹਾ ਸੀ:

ਗੁੰਮ ਹੈ, ਗੁੰਮ ਹੈ,ਗੁੰਮ ਹੈਇਕ ਕੁੜੀ ਜਿਹਦਾ ਨਾਮ ਮੁਹੱਬਤਗੁੰਮ ਗੁੰਮ ਗੁੰਮ ਹੈ

ਤਾਰਾ ਸਿੰਘ ਕਹਿਣ ਲੱਗਾ : ਇਹ ਕੁੜੀ ਅਸਲ ਵਿਚ ਇਹਦੀ ਕਵਿਤਾ ਹੈ ਜਿਹੜੀ ਗੁੰਮ ਹੋ ਗਈ ਹੈ | ਮੈਂ ਵੀ ਅੱਜਕੱਲ੍ਹ ਕੁਝ ਨਵਾਂ ਨਹੀਂ ਲਿਖ ਰਿਹਾ | ਇਹ ਸਾਰੇ ਕਵੀ ਜੋ ਨਵਾਂ ਲਿਖ ਰਹੇ ਨੇ , ਇਹ ਵੀ ਖੜ੍ਹੇ ਖੜ੍ਹੇ ਦੌੜ ਰਹੇ ਨੇ , ਜਿਵੇਂ ਫੌਜੀ ਕਦਮ-ਤਾਲ ਕਰਦੇ ਨੇ | ਇਹ ਅੱਗੇ ਨਹੀਂ ਜਾ ਰਹੇ | ਮੈਂ ਕਦਮ-ਤਾਲ ਨਹੀਂ ਕਰਨੀ ਚਾਹੁੰਦਾ |

ਦੂਜੇ ਦਿਨ ਸਵੇਰੇ ਡਾ. ਜੀਤ ਸਿੰਘ ਸੀਤਲ ,ਸ਼ਿਵ ਕੁਮਾਰ ਤੇ ਇਕ ਐਮ.ਬੀ.ਬੀ.ਐਸ. ਦੀ ਵਿਦਿਆਰਥਣ ਸਾਨੂੰ ਗੋਲ ਮਾਰਕੀਟ ਵਿਚ ਮਿਲੇ | ਡਾ. ਸੀਤਲ ਮੈਨੂੰ ਪਾਸੇ ਬੁਲਾ ਕੇ ਕਹਿਣ ਲੱਗੇ : ਇਨ੍ਹਾਂ ਦੋਹਾਂ ਨੂੰ ਆਪਣੇ ਹੋਸਟਲ ਦੇ ਕਮਰੇ ਵਿਚ ਬਿਠਾ ਕੇ ਰੋਟੀ ਖਲਾ ਦੇ | ਮੈਂ ਹੋਸਟਲ ਦੇ ਬੈਕ ਡੋਰ ਤੋਂ ਮੈਸ ਥਾਣੀਂ ਲੰਘ ਕੇ ਦੋ ਖਾਣਿਆਂ ਦਾ ਆਰਡਰ ਕਰਕੇ ਸ਼ਿਵ ਤੇ ਉਸ ਕੁੜੀ ਨੂੰ ਆਪਣੇ ਕਮਰੇ ਵਿਚ ਛੱਡ ਆਇਆ | ਸ਼ਿਵ ਮੈਨੂੰ ਕਹਿਣ ਲੱਗਾ : ਮੈਂ ਤਾਲਾ ਲਾ ਕੇ ਚਾਬੀ ਮੈਸ ਵਿਚ ਫੜਾ ਜਾਵਾਂਗਾ | ਮੈਂ ਮੈਸ ਵਿਚ ਖਾਣਾ ਖਾ ਕੇ ਲਾਇਬਰੇਰੀ ਵਿਚ ਆ ਗਿਆ | ਉਸ ਵੇਲੇ ਮੈਂ ਆਪਣੇ ਆਪ ਨੂੰ ਬਹੁਤ ਅਹਿਮ ਸ਼ਖਸ਼ ਮਹਿਸੂਸ ਕਰ ਰਿਹਾ ਸਾਂ | ਦੋ ਘੰਟਿਆਂ ਬਾਅਦ ਮੈਂ ਆਇਆ , ਆਪਣੇ ਕਮਰੇ ਦਾ ਤਾਲਾ ਖੋਲ੍ਹਿਆ | ਖਾਣੇ ਓਵੇਂ ਹੀ ਅਣਛੋਹ ਪਏ ਸਨ | ਦੂਜੇ ਦਿਨ ਮੈਸ ਦੇ ਨੋਟਿਸ ਬੋਰਡ ਤੇ ਨੋਟਿਸ ਲੱਗਾ ਹੋਇਆ ਸੀ : ਸੁਰਜੀਤ ਸਿੰਘ ਪਾਤਰ ਇਜ਼ ਫਾਈਨਡ ਰੂਪੀਜ਼ ਟੈਨ ਫਾਰ ਇੰਟਰਟੇਨਿੰਗ ਏ ਲੇਡੀ ਗੈਸਟ ਇਨ ਹਿਜ਼ ਰੂਮ |

ਮੈਂ ਬਹੁਤ ਦਿਨ ਉਸ ਨੋਟਿਸ ਨੂੰ ਸ਼ਿਵ ਦੀ ਯਾਦ ਵਜੋਂ ਸਾਂਭੀ ਰੱਖਿਆ |

ਸ਼ਿਵ ਨਾਲ ਮੇਰੀ ਚੌਥੀ ਮੁਲਾਕਾਤ ਚੰਡੀਗੜ੍ਹ ਦੇ ਸਤਾਰਾਂ ਸੈਕਟਰ ਵਿਚ ਹੋਈ | ਮੈਂ ਤੇ ਰਣਜੀਤ ਬਾਜਵਾ ਪਟਿਆਲੇ ਤੋਂ ਚੰਡੀਗੜ੍ਹ ਆਏ ਸਾਂ , ਐਵੇਂ ਘੁੰਮਣ ਫਿਰਨ | ਕਾਫ਼ੀ ਹਾਉਸ ਵਿਚ ਅਮਿਤੋਜ ਮਿਲਿਆ | ਕਹਿਣ ਲੱਗਾ :ਬਹੁਤ ਥੱਕੇ ਥੱਕੇ ਲਗਦੇ ਓਂ | ਇਹ ਲਓ ,ਇਕ ਇਕ ਗੋਲੀ ਖਾ ਲਵੋ | ਉਸ ਨੇ ਪਾਣੀ ਦੇ ਗਲਾਸ ਮੰਗਵਾਏ ਤੇ ਸਾਨੂੰ ਗੋਲੀਆਂ ਖਲਾ ਦਿਤੀਆਂ | ਕਾਫ਼ੀ ਪੀ ਕੇ ਅਸੀਂ ਕਿਤਾਬਾਂ ਦੀ ਦੁਕਾਨ ‘ਤੇ ਆ ਗਏ | ਅਮਿਤੋਜ ਸ਼ਾਮ ਨੂੰ ਹੋਸਟਲ ਵਿਚ ਮਿਲਣ ਦਾ ਵਾਅਦਾ ਕਰਕੇ ਚਲਾ ਗਿਆ | ਕੁਝ ਚਿਰ ਬਾਅਦ ਮੈਂ ਹਲਕਾ ਹਲਕਾ ਨਸ਼ਾ ਮਹਿਸੂਸ ਕੀਤਾ | ਮੈਨੂੰ ਅਹਿਸਾਸ ਹੋਇਆ ਕਿ ਅਮਿਤੋਜ ਸਾਡੇ ਨਾਲ ਕੋਈ ਅਮਿਤੋਜੀ ਚੋਜ ਖੇਡ ਗਿਆ ਹੈ | ਕਿਤਾਬਾਂ ਦੀ ਦੁਕਾਨ ਵਿਚ ਹੀ ਪਤਾ ਨਹੀਂ ਮੈਂ ਤੇ ਰਣਜੀਤ ਕਿਵੇਂ ਨਿੱਖੜ ਗਏ |

ਕਿਤਾਬਾਂ ਦੀ ਦੁਕਾਨ ਤੋਂ ਬਾਹਰ ਆਇਆ ਤਾਂ ਦੂਰੋਂ ਚਿੱਟੀ ਦਸਤਾਰ ਤੇ ਕਾਲੇ ਚੋਗੇ ਵਾਲੇ ਮਸ਼ਹੂਰ ਚਿਤਰਕਾਰ ਸ.ਕਿਰਪਾਲ ਸਿੰਘ ਆਉਂਦੇ ਨਜ਼ਰ ਆਏ | ਮੈਂ ਉਨ੍ਹਾਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਤੇ ਅਮਿਤੋਜੀ ਲੋਰ ਵਿਚ ਉਨ੍ਹਾਂ ਨੂੰ ਚਿਤਰਕਾਰੀ ਬਾਰੇ ਇਕ ਬਹੁਤ ਲੰਮਾ ਭਾਸ਼ਨ ਦਿਤਾ | ਹੁਣ ਆਪਣੀ ਮੂਰਖਤਾ ਨਾਲੋਂ ਉਨ੍ਹਾਂ ਦੀ ਸ਼ਹਿਨਸ਼ੀਲਤਾ ਬਾਰੇ ਸੋਚ ਕੇ ਹੈਰਾਨ ਹੁੰਦਾ ਹਾਂ ਕਿ ਉਹ ਕਿੰਨੀ ਦੇਰ ਮੇਰਾ ਭਾਸ਼ਨ ਸੁਣੀ ਗਏ |

ਮੇਰਾ ਅਗਲਾ ਲੰਮਾ ਭਾਸ਼ਨ ਕਵਿਤਾ ਬਾਰੇ ਸੀ ਤੇ ਉਹ ਭਾਸ਼ਨ ਸੁਣਨ ਦੀ ਵਾਰੀ ਕਿਸੇ ਮਾੜੇ ਮੋਟੇ ਕਵੀ ਦੀ ਨਹੀਂ , ਸ਼ਿਵ ਕੁਮਾਰ ਦੀ ਸੀ ਜਿਸ ਨੂੰ ਮਸਤਾਨੀ ਤੋਰ ਤੁਰਿਆਂ ਆਉਂਦਿਆਂ ਮੈਂ ਦੂਰੋਂ ਦੇਖ ਲਿਆ ਸੀ | ਸ਼ਿਵ ਦੀ ਸ਼ਹਿਨਸ਼ੀਲਤਾ ਦੇ ਵੀ ਮੈਂ ਬਲਿਹਾਰ ਹਾਂ ਕਿ ਉਹ ਮੈਨੂੰ ਸੁਣਦਾ ਰਿਹਾ ਤੇ ਫੇਰ ਕਹਿਣ ਲੱਗਾ : ਚਲ ਆਪਾਂ ਘਰ ਚਲਦੇ ਆਂ | ਬਾਕੀ ਗੱਲਾਂ ਓਥੇ ਕਰਾਂਗੇ | ਅਸੀਂ ਸ਼ਿਵ ਦੇ ਘਰ ਵੱਲ ਨੂੰ ਚੱਲ ਪਏ | ਰਾਹ ਵਿਚੋਂ ਉਹਨੇ ਰਸਭਰੀ ਫੜ ਲਈ | ਅਸੀਂ ਜਾ ਕੇ ਸੋਫ਼ਿਆਂ ‘ਤੇ ਬੈਠੇ ਹੀ ਸਾਂ ਕਿ ਪਤਾ ਨਹੀਂ ਕਿਵੇਂ ਘੁੰਮਦਾ ਘੁਮਾਉਂਦਾ ਰਣਜੀਤ ਬਾਜਵਾ ਵੀ ਉਥੇ ਪਹੁੰਚ ਗਿਆ | ਪਤਾ ਨਹੀਂ ਕਦੋਂ ਤੱਕ ਗੱਲਾਂ ਕਰਦੇ ਰਹੇ ਤੇ ਕਦੋਂ ਸੌਂ ਗਏ | ਸਵੇਰੇ ਸੋਫ਼ਿਆਂ ‘ਤੇ ਹੀ ਜਾਗੇ | ਇਸ ਅਮਿਤੋਜੀ ਸ਼ਾਮ ਤੋਂ ਕਈ ਸਾਲਾਂ ਬਾਅਦ ਸਾਨੂੰ ਅਮਿਤੋਜ ਨੇ ਦਸਿੱਆ ਕਿ ਜਿਹੜੀ ਗੋਲੀ ਸਾਡੀ ਥਕਾਵਟ ਉਤਾਰਨ ਲਈ ਉਹਨੇ ਸਾਨੂੰ ਖਲਾਈ ਸੀ, ਉਹ ਮੈਡਰਿਕਸ ਸੀ |

ਇਕ ਬਹੁਤ ਲੰਮੇ ਦਲਾਨ ਵਿਚ ਵੀਹ ਮੋਮਬੱਤੀਆਂ ਗੋਲ ਕਤਾਰੇ ਵਿਚ ਜਗ ਰਹੀਆਂ ਸਨ ਤੇ ਹਰੇਕ ਮੋਮਬੱਤੀ ਇਕ ਇਕ ਸ਼ਾਇਰ ਦੇ ਚਿਹਰੇ ਨੂੰ ਰੁਸ਼ਨਾ ਰਹੀ ਸੀ | ਇਨ੍ਹਾਂ ਚਿਹਰਿਆਂ ਵਿਚ ਇਕ ਚਿਹਰਾ ਸ਼ਿਵ ਦਾ ਸੀ | ਇਹ ਦਲਾਨ ਕਵੀ ਤ੍ਰੈਲੋਚਨ ਦੇ ਘਰ ਦਾ ਸੀ , ਜਿਸ ਦੀ ਮੰਗਣੀ ਦੀ ਪਾਰਟੀ ਤੇ ਵੀਹ ਪੰਜਾਬੀ ਕਵੀ ਆਏ ਸਨ | ਹਰ ਸ਼ਾਇਰ ਨੇ ਮੋਮਬੱਤੀਆਂ ਦੀ ਲੋਏ ਆਪਣਾ ਕਲਾਮ ਪੜ੍ਹਿਆ | ਅਖ਼ੀਰ ਸ਼ਿਵ ਨੇ ਆਪਣੀ ਜਾਦੂਮਈ ਆਵਾਜ਼ ਵਿਚ ਆਪਣੀ ਪਿਆਰੀ ਗ਼ਜ਼ਲ ਪੜ੍ਹੀ :

ਸ਼ਹਿਰ ਤੇਰੇ ਤਰਕਾਲਾਂ ਢਲੀਆਂਗਲ ਲੱਗ ਰੋਈਆਂ ਤੇਰੀਆਂ ਗਲੀਆਂ |ਮੱਥੇ ਦਾ ਦੀਵਾ ਨਾ ਬਲਿਆਤੇਲ ਤਾਂ ਪਾਇਆ ਭਰ ਭਰ ਪਲੀਆਂ |ਇਸ਼ਕ ਮੇਰੇ ਦੀ ਸਾਲਗਿਰ੍ਹਾ ਤੇਇਹ ਕਿਸ ਘੱਲੀਆਂ ਕਾਲੀਆਂ ਕਲੀਆਂ |

ਇਹ ਸ਼ਿਵ ਨਾਲ ਮੇਰੀ ਪੰਜਵੀਂ ਮੁਲਾਕਾਤ ਸੀ |

ਸ਼ਿਵ ਨਾਲ ਮੇਰੀ ਛੇਵੀਂ ਮੁਲਾਕਾਤ ਕਿਸੇ ਕਾਲਜ ਦੇ ਕਵੀ ਦਰਬਾਰ ਵਿਚ ਹੋਈ | ਇਹ ਕਵੀ ਦਰਬਾਰ ਗੁਰੂ ਨਾਨਕ ਦੇਵ ਜੀ ਪੰਜਵੀਂ ਜਨਮ ਸ਼ਤਾਬਦੀ ਨੂੰ ਸਮਰਪਿਤ ਸੀ | ਸ਼ਿਵ ਮਾਈਕ ਤੇ ਆਇਆ ਤਾਂ ਅੰਗਰੇਜ਼ੀ ਵਿਚ ਸਰੋਤਿਆਂ ਨੂੰ ਸੰਬੋਧਨ ਕਰਨ ਲੱਗਾ | ਮੁੰਡੇ ਉਸ ਦਾ ਮਖ਼ੌਲ ਉਡਾਉਣ ਲੱਗੇ | ਉਹ ਰੁੱਸ ਕੇ ਸਟੇਜ ਤੋਂ ਉਤਰ ਗਿਆ | ਸੂਬਾ ਸਿੰਘ ਮੰਚ ਸੰਚਾਲਨ ਕਰ ਰਹੇ ਸਨ | ਉਹ ਸ਼ਿਵ ਨੂੰ ਮਨਾ ਕੇ ਲਿਆਏ ਤੇ ਕਹਿਣ ਲੱਗੇ ,” ਸ਼ਿਵ ਰੁੱਸਣ ਤੋਂ ਬਾਅਦ ਜ਼ਿਆਦਾ ਅੱਛਾ ਗਾਉਂਦਾ ਹੈ | ” ਸ਼ਿਵ ਨੇ ਆਪਣਾ ਗੀਤ ਸ਼ੁਰੂ ਕੀਤਾ ਤੇ ਵਿਦਿਆਰਥੀ ਉਸ ਦੇ ਸੁਰੀਲੇ ਤੇ ਰਸੀਲੇ ਬੋਲਾਂ ਦੀ ਪਾਵਨਤਾ ਵਿਚ ਡੁੱਬ ਗਏ:

ਹੁਣੇ ਸਰਘੀ ਦੀ ਵਾ ਨੇ ਪੰਛੀਆਂ ਦਾ ਬੋਲ ਪੀਤਾ ਹੈਤੇ ਜਾਗੀ ਬੀੜ ਨੇ ਤੇਰੇ ਨਾਮ ਦਾ ਇਕ ਵਾਕ ਲੀਤਾ ਹੈ

ਸ਼ਿਵ ਨਾਲ ਮੇਰੀ ਸੱਤਵੀਂ ਮੁਲਾਕਾਤ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਦੇ ਕਵੀ ਦਰਬਾਰ ਵਿਚ ਹੋਈ | ਇਹ ਕਵੀ ਦਰਬਾਰ ਵਿਸ਼ਵਾ ਨਾਥ ਤਿਵਾੜੀ ਹੋਰਾਂ ਨੇ ਕਰਵਾਇਆ ਸੀ | ਇਸ ਵਿਚ ਅਮਿਤੋਜ ਨੇ ਆਪਣੀ ਲੰਮੀ ਨਜ਼ਮ ਅਮੀਬਾ ਪੜ੍ਹੀ |ਇਹ ਪਹਿਲਾ ਕਵੀ ਦਰਬਾਰ ਸੀ ਜਿਸ ਵਿਚ ਸ਼ਿਵ ਨੇ ਆਪਣੀ ਕਵਿਤਾ ਗਾ ਨੇ ਨਹੀਂ ਪੜ੍ਹੀ | ਇਹ ਇਕ ਕ੍ਰਾਂਤੀਕਾਰੀ ਕਵਿਤਾ ਸੀ | ਸ਼ਾਇਦ ਸ਼ਿਵ ਤਰੱਨੁਮ ਤੇ ਰੋਮਾਂਸ ਦੇ ਮਿਹਣੇ ਨੂੰ ਦਿਲ ਨੂੰ ਲਾ ਬੈਠਾ ਸੀ | ਸਰੋਤਿਆਂ ਦੇ ਬਾਰ ਬਾਰ ਕਹਿਣ ‘ਤੇ ਵੀ ਸ਼ਿਵ ਨੇ ਕੋਈ ਗੀਤ ਗਾ ਕੇ ਨਾ ਸੁਣਾਇਆ | ਸ਼ਿਵ ਗਾਵੇ ਨਾ , ਇਹ ਗੱਲ ਸਾਰਿਆਂ ਨੂੰ ਅਜੀਬ ਲੱਗੀ | ਸ਼ਿਵ ਨੇ ਗਾਉਣਾ ਛੱਡ ਦਿਤਾ ਸੀ | ਲੱਗਦਾ ਠੱਗਾਂ ਨੇ ਕੁੱਤਾ ਕੁੱਤਾ ਕਹਿ ਕੇ ਬ੍ਰਾਹਮਣ ਦੇ ਸਿਰ ਤੋਂ ਪਠੋਰਾ ਸੁਟਵਾ ਲਿਆ ਸੀ | ਇਸ ਤੋਂ ਬਾਅਦ ਸ਼ਿਵ ਜਿਵੇਂ ਸਰੋਦ ਤੇ ਰੋਮਾਂਸ ਨੂੰ ਨਫ਼ਰਤ ਕਰਨ ਲੱਗਾ | ਉਸ ਨੇ ” ਲੁੱਚੀ ਧਰਤੀ ” ਤੇ” ਕੁੱਤਿਓ ” ਵਰਗੀਆਂ ਨਫ਼ਰਤ ਭਰੀਆਂ ਨਜ਼ਮਾਂ ਲਿਖਿਆਂ | ਲਗਦਾ ਸੀ ਉਹ ਜ਼ਹਿਰ ਨਾਲ ਭਰ ਗਿਆ ਸੀ |

ਫਿਰ ਖ਼ਬਰ ਆਈ ਕਿ ਉਹ ਫੁੱਲ ਬਣ ਗਿਆ ਜਾਂ ਤਾਰਾ |

ਸ਼ਿਵ ਦੀ ਮੌਤ ਤੋਂ ਬਾਅਦ ਬਟਾਲੇ ਗਿਆ | ਸੱਥਰ ‘ਤੇ ਬੈਠੇ ਲੋਕ ਖਾਮੋਸ਼ ਸਨ | ਸ਼ਿਵ ਦੇ ਗਾਏ ਇਕ ਗੀਤ ਦੀ ਰਿਕਾਰਡਿੰਗ ਚੱਲ ਰਹੀ ਸੀ:

ਕੀ ਪੁੱਛਦੇ ਓਂ ਹਾਲ ਫ਼ਕੀਰਾਂ ਦਾਸਾਡਾ ਨਦੀਓਂ ਵਿਛੜੇ ਨੀਰਾਂ ਦਾਸਾਡਾ ਹੰਝ ਦੀ ਜੂਨੇ ਆਇਆਂ ਦਾਸਾਡਾ ਦਿਲ ਜਲਿਆਂ ਦਿਲਗੀਰਾਂ ਦਾ |

ਉਹ ਹੰਝ ਦੀ ਜੂਨੇ ਆਇਆ ਸੀ ਤੇ ਜੋਬਨ ਰੁੱਤੇ ਤੁਰ ਗਿਆ | ਉਹ ਕਹਿੰਦਾ ਹੁੰਦਾ ਸੀ:

ਜੋਬਨ ਰੁੱਤੇ ਜੋ ਵੀ ਮਰਦਾਫੁੱਲ ਬਣੇ ਜਾਂ ਤਾਰਾ |

ਉਹ ਫੁੱਲ ਬਣਿਆ ਹੋਵੇਗਾ ਕਿ ਤਾਰਾ ? ਮੈਂ ਸਮਝਦਾ ਹਾਂ ਤਾਰਾ , ਪੰਜਾਬੀ ਸ਼ਾਇਰੀ ਦੇ ਆਕਾਸ਼ ਵਿਚ ਸਦਾ ਝਿਲਮਿਲਾਉਣ ਵਾਲਾ ਤਾਰਾ |

http://www.facebook.com/groups/sanumannpunjabihonda/


Post Comment

Wednesday, June 20, 2012

Today's Hukamnama From Sri Harmandir Sahib Ji (21 June 2012)


ਹੁਕਮਨਾਮਾ ਸ਼੍ਰੀ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ

ਗੁਰਬਾਣੀ-ਸਤਿਕਾਰ ਨੂੰ ਮੁੱਖ ਰੱਖਦੇ ਹੋਏ ਸਿਰ ਢੱਕ ਕੇ ਪੜ੍ਹਨ ਦੀ ਅਤੇ ਬਾਣੀ ਉਤੇ ਅਮਲ ਕਰਨ ਦੀ ਖੇਚਲ ਕਰਨੀ ਜੀ। 

ਅੱਜ ਦਾ ਮੁੱਖਵਾਕ 21.6.2012, ਵੀਰਵਾਰ , ੮ ਹਾੜ(ਸੰਮਤ ੫੪੪ ਨਾਨਕਸ਼ਾਹੀ)


ਸੂਹੀ ਮਹਲਾ ੫ ॥

ਬੁਰੇ ਕਾਮ ਕਉ ਊਠਿ ਖਲੋਇਆ ॥ ਨਾਮ ਕੀ ਬੇਲਾ ਪੈ ਪੈ ਸੋਇਆ ॥੧॥ ਅਉਸਰੁ ਅਪਨਾ ਬੂਝੈ ਨ ਇਆਨਾ ॥ ਮਾਇਆ ਮੋਹ ਰੰਗਿ ਲਪਟਾਨਾ ॥੧॥ 
ਰਹਾਉ ॥ ਲੋਭ ਲਹਰਿ ਕਉ ਬਿਗਸਿ ਫੂਲਿ ਬੈਠਾ ॥ ਸਾਧ ਜਨਾ ਕਾ ਦਰਸੁ ਨ ਡੀਠਾ ॥੨॥ 
ਕਬਹੂ ਨ ਸਮਝੈ ਅਗਿਆਨੁ ਗਵਾਰਾ ॥ ਬਹੁਰਿ ਬਹੁਰਿ ਲਪਟਿਓ ਜੰਜਾਰਾ ॥੧॥ 

ਰਹਾਉ ॥ ਬਿਖੈ ਨਾਦ ਕਰਨ ਸੁਣਿ ਭੀਨਾ ॥ ਹਰਿ ਜਸੁ ਸੁਨਤ ਆਲਸੁ ਮਨਿ ਕੀਨਾ ॥੩॥ 



ਦ੍ਰਿਸਟਿ ਨਾਹੀ ਰੇ ਪੇਖਤ ਅੰਧੇ ॥ ਛੋਡਿ ਜਾਹਿ ਝੂਠੇ ਸਭਿ ਧੰਧੇ ॥੧॥ 



ਰਹਾਉ ॥ ਕਹੁ ਨਾਨਕ ਪ੍ਰਭ ਬਖਸ ਕਰੀਜੈ ॥ ਕਰਿ ਕਿਰਪਾ ਮੋਹਿ ਸਾਧਸੰਗੁ ਦੀਜੈ ॥੪॥ 



 ਤਉ ਕਿਛੁ ਪਾਈਐ ਜਉ ਹੋਈਐ ਰੇਨਾ ॥ ਜਿਸਹਿ ਬੁਝਾਏ ਤਿਸੁ ਨਾਮੁ ਲੈਨਾ ॥੧॥ 



ਰਹਾਉ ॥੨॥੮॥

ਵੀਰਵਾਰ, ੮ ਹਾੜ (ਸੰਮਤ ੫੪੪ ਨਾਨਕਸ਼ਾਹੀ) (ਅੰਗ: ੭੩੮)


ਪੰਜਾਬੀ ਵਿਆਖਿਆ :
ਸੂਹੀ ਮਹਲਾ ੫ ॥
ਹੇ ਭਾਈ! ਮੂਰਖ ਮਨੁੱਖ ਮੰਦੇ ਕੰਮ ਕਰਨ ਲਈ (ਤਾਂ) ਛੇਤੀ ਤਿਆਰ ਹੋ ਪੈਂਦਾ ਹੈ, ਪਰ ਪਰਮਾਤਮਾ ਦਾ ਨਾਮ ਸਿਮਰਨ ਦੇ ਵੇਲੇ (ਅੰਮ੍ਰਿਤ ਵੇਲੇ) ਲੰਮੀਆਂ ਤਾਣ ਕੇ ਪਿਆ ਰਹਿੰਦਾ ਹੈ (ਬੇ-ਪਰਵਾਹ ਹੋ ਕੇ ਸੁੱਤਾ ਰਹਿੰਦਾ ਹੈ) ।੧।  ਹੇ ਭਾਈ! ਮੂਰਖ ਮਨੁੱਖ ਮਾਇਆ ਦੇ ਮੋਹ ਦੀ ਲਗਨ ਵਿਚ ਮਸਤ ਰਹਿੰਦਾ ਹੈ, ਇਹ ਨਹੀਂ ਸਮਝਦਾ ਕਿ ਇਹ ਮਨੁੱਖਾ ਜੀਵਨ ਹੀ ਆਪਣਾ ਅਸਲ ਮੌਕਾ ਹੈ (ਜਦੋਂ ਪ੍ਰਭੂ ਨੂੰ ਯਾਦ ਕੀਤਾ ਜਾ ਸਕਦਾ ਹੈ) ।੧। ਰਹਾਉ। ਹੇ ਭਾਈ! (ਅੰਦਰ ਉਂਠ ਰਹੀ) ਲੋਭ ਦੀ ਲਹਿਰ ਦੇ ਕਾਰਨ (ਮਾਇਕ ਲਾਭ ਦੀ ਆਸ ਤੇ) ਖ਼ੁਸ਼ ਹੋ ਕੇ ਫੁੱਲ ਫੁੱਲ ਬੈਠਦਾ ਹੈ, ਕਦੇ ਸੰਤ ਜਨਾਂ ਦਾ ਦਰਸਨ (ਭੀ) ਨਹੀਂ ਕਰਦਾ ।੨। ਹੇ ਭਾਈ! ਆਤਮਕ ਜੀਵਨ ਦੀ ਸੂਝ ਤੋਂ ਸੱਖਣਾ ਮੂਰਖ ਮਨੁੱਖ (ਆਪਣੇ ਅਸਲ ਭਲੇ ਦੀ ਗੱਲ) ਕਦੇ ਭੀ ਨਹੀਂ ਸਮਝਦਾ, ਮੁੜ ਮੁੜ (ਮਾਇਆ ਦੇ) ਧੰਧਿਆਂ ਵਿਚ ਰੁੱਝਾ ਰਹਿੰਦਾ ਹੈ ।੧। ਰਹਾਉ। ਹੇ ਭਾਈ! (ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ) ਵਿਸ਼ੇ-ਵਿਕਾਰਾਂ ਦੇ ਗੀਤ ਕੰਨੀਂ ਸੁਣ ਕੇ ਖ਼ੁਸ਼ ਹੁੰਦਾ ਹੈ । ਪਰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣਨੋਂ ਮਨ ਵਿਚ ਆਲਸ ਕਰਦਾ ਹੈ ।੩। ਹੇ ਅੰਨ੍ਹੇ! ਤੂੰ ਅੱਖਾਂ ਨਾਲ (ਕਿਉਂ) ਨਹੀਂ ਵੇਖਦਾ ਕਿ ਇਹ ਸਾਰੇ (ਦੁਨੀਆ ਵਾਲੇ) ਧੰਧੇ ਛੱਡ ਕੇ (ਆਖ਼ਰ ਇਥੋਂ) ਚਲਾ ਜਾਏਂਗਾ? ।੧। ਰਹਾਉ। ਹੇ ਨਾਨਕ! ਆਖ-ਹੇ ਪ੍ਰਭੂ! (ਮੇਰੇ ਉਤੇ) ਮੇਹਰ ਕਰ । ਕਿਰਪਾ ਕਰ ਕੇ ਮੈਨੂੰ ਗੁਰਮੁਖਾਂ ਦੀ ਸੰਗਤਿ ਬਖ਼ਸ਼ ।੪। ਹੇ ਭਾਈ! (ਸਾਧ ਸੰਗਤਿ ਵਿਚੋਂ ਭੀ) ਤਦੋਂ ਹੀ ਕੁਝ ਹਾਸਲ ਕਰ ਸਕੀਦਾ ਹੈ, ਜਦੋਂ ਗੁਰਮੁਖਾਂ ਦੇ ਚਰਨਾਂ ਦੀ ਧੂੜ ਬਣ ਜਾਈਏ । ਹੇ ਭਾਈ! ਜਿਸ ਮਨੁੱਖ ਨੂੰ ਪਰਮਾਤਮਾ (ਚਰਨ-ਧੂੜ ਹੋਣ ਦੀ) ਸੂਝ ਬਖ਼ਸ਼ਦਾ ਹੈ, ਓਹ (ਸਾਧ ਸੰਗਤਿ ਵਿਚ ਟਿਕ ਕੇ ਓਸ ਦਾ) ਨਾਮ ਸਿਮਰਦਾ ਹੈ ।੧। ਰਹਾਉ।੨।੮।


English Translation :

SOOHEE, FIFTH MEHL:
He gets up early, to do his evil deeds, but when it is time to meditate on the Naam, the Name of the Lord, then he sleeps. || 1 || The ignorant person does not take advantage of the opportunity. He is attached to Maya, and engrossed in worldly delights. || 1 || Pause || He rides the waves of greed, puffed up with joy. He does not see the Blessed Vision of the Darshan of the Holy. || 2 || The ignorant clown will never understand. Again and again, he becomes engrossed in entanglements. || 1 || Pause || He listens to the sounds of sin and the music of corruption, and he is pleased. His mind is too lazy to listen to the Praises of the Lord. || 3 || You do not see with your eyes — you are so blind! You shall have to leave all these false affairs. || 1 || Pause || Says Nanak, please forgive me, God. ave Mercy upon me, and bless me with the Saadh Sangat, the Company of the Holy. || 4 || He alone obtains something, who becomes the dust under the feet of all. And he alone repeats the Naam, whom God causes to understand. || 1 || Pause || 2 || 8 ||


Thursday, 8th Assaar (Samvat 544 Nanakshahi)

ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫ਼ਤਿਹ।।



Post Comment