ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Tuesday, March 12, 2013

- Sanu Maan Punjabi Hon Da

- Sanu Maan Punjabi Hon Da

Post Comment

Saturday, March 9, 2013

ਬੰਜਰ ਹੋ ਰਹੀ ਪੰਜ ਦਰਿਆਵਾਂ ਦੀ ਧਰਤੀ



ਬੰਜਰ ਹੋ ਰਹੀ ਪੰਜ ਦਰਿਆਵਾਂ ਦੀ ਧਰਤੀ
ਸਮੁੱਚੇ ਸੰਸਾਰ ਵਿੱਚ ਘਟ ਰਹੇ ਪਾਣੀ ਦੇ ਸੋਮਿਆਂ ਅਤੇ ਨੀਵੇਂ ਹੋ ਰਹੇ ਜ਼ਮੀਨੀ ਪਾਣੀ ਦੇ ਪੱਧਰ ਦੀ ਸਮੱਸਿਆ ਦਿਨੋ-ਦਿਨ ਗੰਭੀਰ ਰੂਪ ਧਾਰਨ ਕਰ ਰਹੀ ਹੈ। ਪੰਜ ਦਰਿਆਵਾਂ (ਪੰਜਾਬ) ਦੀ ਧਰਤੀ ਵੀ ਇਸ ਕਰੋਪੀ ਤੋਂ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੀ ਹੈ। ਸੈਂਟਰਲ ਗਰਾਊਂਡ ਵਾਟਰ ਬੋਰਡ ਦੀ ਰਿਪੋਰਟ ਵਿੱਚ ਮੰਨਿਆ ਗਿਆ ਹੈ ਕਿ ਪੰਜਾਬ ਦੀ ਧਰਤੀ ਹੇਠਲੇ ਜ਼ਮੀਨੀ ਪਾਣੀ ਦਾ ਪੱਧਰ ਹਰੇਕ ਸਾਲ ਸਵਾ ਇੱਕ ਮੀਟਰ ਦੇ ਕਰੀਬ ਹੇਠਾਂ ਜਾ ਰਿਹਾ ਹੈ। ਜੇ ਪਿਛਲੇ ਕੁਝ ਸਾਲਾਂ ਦੌਰਾਨ ਇਸ ਸਮੱਸਿਆ ਦੇ ਪ੍ਰਕੋਪ ਵੱਲ ਨਜ਼ਰ ਮਾਰੀਏ ਤਾਂ ਅੰਕੜੇ ਬੜੇ ਹੀ ਡਰਾਉਣੇ ਹਨ। ਪਿਛਲੇ 15 ਸਾਲਾਂ ਦੌਰਾਨ ਪੰਜਾਬ ਦੇ ਕੇਂਦਰੀ ਜ਼ਿਲ੍ਹਿਆਂ ਵਿੱਚ ਜ਼ਮੀਨੀ ਪਾਣੀ ਦਾ ਪੱਧਰ ਕਈ ਫੁੱਟ ਤਕ ਹੇਠਾਂ ਚਲਾ ਗਿਆ ਹੈ। ਕਿਸੇ ਸਮੇਂ ਹਰੇ-ਭਰੇ ਤੇ ਲਹਿਲਹਾਉਂਦੇ ਖੇਤਾਂ ਵਾਲੀ ਪੰਜ ਦਰਿਆਵਾਂ ਦੀ ਧਰਤੀ ਦਾ ਭਵਿੱਖ ਰਸਾਇਣੀ ਜ਼ਹਿਰਾਂ ਦੇ ਪ੍ਰਕੋਪ ਤੋਂ ਇਲਾਵਾ ਕੁਝ ਵੀ ਨਹੀਂ ਰਹਿ ਗਿਆ। ਦੇਸ਼ ਦੀ ਵੰਡ ਦੌਰਾਨ ਦੋ ਦਰਿਆ ਖੋ ਚੁੱਕੇ ਇਸ ਖੇਤਰ ਕੋਲ ਬਚੇ ਤਿੰਨ ਦਰਿਆ ਵੀ ਹੁਣ ਕਿਸੇ ਸੁੱਕੇ ਨਾਲੇ ਦੀ ਸ਼ਕਲ ਵਿੱਚ ਬਦਲ ਚੁੱਕੇ ਹਨ।

ਪੰਜਾਬ ਵਿਚਲੀ ਪਾਣੀ ਦੀ ਸਮੱਸਿਆ ਦਾ ਇਤਿਹਾਸ ਕੋਈ ਬਹੁਤਾ ਪੁਰਾਣਾ ਨਹੀਂ ਹੈ। 1960 ਈਸਵੀ ਤੋਂ ਪਹਿਲਾਂ ਪੰਜਾਬ ਦੇ ਬਹੁਤ ਘੱਟ ਖੇਤਰ ਵਿੱਚ ਹੀ ਝੋਨੇ ਦੀ ਫ਼ਸਲ ਦੀ ਬਿਜਾਈ ਕੀਤੀ ਜਾਂਦੀ ਸੀ। 1960-70 ਈਸਵੀ ਦੌਰਾਨ ਦੇਸ਼ ਦੀ ਅਨਾਜ ਸਮੱਸਿਆ ਉੱਪਰ ਕਾਬੂ ਪਾਉਣ ਲਈ ਹਰੀ ਕ੍ਰਾਂਤੀ ਦਾ ਆਗਾਜ਼ ਹੋਇਆ। ਜ਼ਿਆਦਾ ਝਾੜ ਦੇਣ ਵਾਲੀਆਂ ਫ਼ਸਲਾਂ ਦੀ ਬਿਜਾਈ ਧੜੱਲੇ ਨਾਲ ਹੋਣ ਲੱਗੀ। ਵਧੇਰੇ ਪਾਣੀ ਦੀ ਮੰਗ ਰੱਖਣ ਵਾਲੀਆਂ ਫ਼ਸਲਾਂ ਦੇ ਉਤਪਾਦਨ ਲਈ ਪਾਣੀ ਦੀ ਮੰਗ ਵਧੀ ਅਤੇ ਟਿਊਬਵੈੱਲਾਂ ਤੇ ਸਬਮਰਸੀਬਲ ਮੋਟਰਾਂ ਦੀ ਗਿਣਤੀ ਵਿੱਚ ਬੇਸ਼ੁਮਾਰ ਵਾਧਾ ਹੋਇਆ। ਕਿਸਾਨ ਰਵਾਇਤੀ ਫ਼ਸਲਾਂ ਦੀ ਬਿਜਾਈ ਤੋਂ ਕਤਰਾਉਣ ਲੱਗੇ। ਰਸਾਇਣਕ ਖਾਦਾਂ, ਕੀਟਨਾਸ਼ਕਾਂ, ਉੱਲੀਨਾਸ਼ਕਾਂ ਅਤੇ ਨਦੀਨ-ਨਾਸ਼ਕਾਂ ਦੀ ਬੇਸ਼ੁਮਾਰ ਵਰਤੋਂ ਹੋਣ ਲੱਗੀ। ਖੇਤੀਬਾੜੀ ਵਿੱਚ ਵਰਤੀ ਜਾਂਦੀ ਮਸ਼ੀਨਰੀ ਖੇਤੀ ਦੇ ਆਧੁਨਿਕ ਢੰਗਾਂ ਤੇ ਵਧੇਰੇ ਹਾਰਸ ਪਾਵਰ ਦੀਆਂ ਮੋਟਰਾਂ ਦੀ ਉਪਲਬਧਤਾ ਨੇ ਪਿਛਲੇ ਸਾਲਾਂ ਦੌਰਾਨ ਅਨਾਜ ਪੈਦਾਵਾਰ ਵਿੱਚ ਅੰਤਾਂ ਦਾ ਵਾਧਾ ਕੀਤਾ। ਸਮੁੱਚੇ ਭਾਰਤ ਦੇ ਕੁੱਲ ਰਕਬੇ ਦਾ ਤਕਰੀਬਨ ਡੇਢ ਫ਼ੀਸਦੀ ਖੇਤਰਫਲ ਹੋਣ ਦੇ ਬਾਵਜੂਦ ਪੰਜਾਬ ਦੇ ਮਿਹਨਤੀ ਕਿਸਾਨਾਂ ਨੇ ਅਨਾਜ ਦੇ ਉਤਪਾਦਨ ਵਿੱਚ ਕ੍ਰਾਂਤੀ ਲਿਆ ਦਿੱਤੀ। ਇਹ ਇੱਕ ਅਜਿਹਾ ਵਾਧਾ ਸੀ ਜਿਸ ਨੇ ਪੰਜਾਬ ਦੇ ਭਵਿੱਖ ਨੂੰ ਤਬਾਹ ਕਰਕੇ ਰੱਖ ਦਿੱਤਾ। ਪੰਜਾਬ ਦੇ ਕੁਝ ਜ਼ਿਲ੍ਹੇ ਜਿਵੇਂ ਬਰਨਾਲਾ, ਸੰਗਰੂਰ, ਪਟਿਆਲਾ, ਮੋਗਾ, ਲੁਧਿਆਣਾ, ਫਤਹਿਗੜ੍ਹ ਸਾਹਿਬ ਅਤੇ ਅੰਮ੍ਰਿਤਸਰ ਜ਼ਮੀਨੀ ਪਾਣੀ ਦੇ ਪੱਧਰ ਦੇ ਹੇਠਾਂ ਡਿੱਗਣ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਹਨ। ਇਸ ਦੇ ਨਾਲ ਹੀ ਮੁਕਤਸਰ ਤੇ ਫਰੀਦਕੋਟ ਵਰਗੇ ਜ਼ਿਲ੍ਹਿਆਂ ਵਿੱਚ ਪਾਣੀ ਦੀ ਸੇਮ ਕਾਰਨ ਹਜ਼ਾਰਾਂ ਏਕੜ ਜ਼ਮੀਨ ਬਰਬਾਦ ਹੋ ਗਈ ਹੈ।
ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਪੰਜਾਬ ਵਿੱਚ ਪਣੀ ਦਾ ਸੰਕਟ ਸਭ ਤੋਂ ਵੱਧ ਚਿੰਤਾ ਦਾ ਵਿਸ਼ਾ ਹੈ। ਸਮੁੱਚੇ ਦੇਸ਼ ਦੇ ਅਨਾਜ ਭੰਡਾਰ ਵਿੱਚ 35 ਤੋਂ ਵੱਧ ਚਾਵਲ ਤੇ 50 ਫ਼ੀਸਦੀ ਤੋਂ ਵੱਧ ਕਣਕ ਦਾ ਯੋਗਦਾਨ ਪਾਉਣ ਵਾਲੇ ਇਸ ਰਾਜ ਵਿਚਲੇ ਪਾਣੀ ਦੇ ਸਰੋਤਾਂ ਦਾ ਨਿਘਾਰ ਸਮੁੱਚੇ ਦੇਸ਼ ਲਈ ਪ੍ਰਕੋਪ ਬਣ ਸਕਦਾ ਹੈ। ਜਿਉਂ-ਜਿਉਂ ਦਰਿਆਵਾਂ ਤੇ ਨਹਿਰਾਂ ਵਿਚਲਾ ਪਾਣੀ ਘਟ ਰਿਹਾ ਹੈ, ਤਿਉਂ-ਤਿਉਂ ਜ਼ਮੀਨੀ ਪਾਣੀ ਹੇਠਾਂ ਜਾ ਰਿਹਾ ਹੈ ਤੇ ਅਨਾਜ ਦੀ ਪੈਦਾਵਾਰ ਵੀ ਘੱਟ ਰਹੀ ਹੈ। ਅੱਜ ਤੋਂ ਦੋ ਦਹਾਕੇ ਪਹਿਲਾਂ ਪੰਜਾਬ ਦੇ ਕੇਂਦਰੀ ਜ਼ਿਲ੍ਹਿਆਂ ਵਿੱਚ 100 ਫੁੱਟ ਦੀ ਡੂੰਘਾਈ ਉੱਪਰ ਟਿਊਬਵੈੱਲ ਲੱਗ ਜਾਂਦੇ ਸਨ ਪਰ ਹੁਣ ਦੇਖੀਏ ਤਾਂ 200 ਤੋਂ 300 ਫੁੱਟ ਦੀ ਡੂੰਘਾਈ ਉੱਪਰ ਟਿਊਬਵੈੱਲ ਲੱਗਦੇ ਹਨ। ਜਿੱਥੇ ਪਹਿਲਾਂ 3 ਤੋਂ 5 ਹਾਰਸ ਪਾਵਰ ਦੀਆਂ ਮੋਟਰਾਂ ਕੰਮ ਚਲਾਉਂਦੀਆਂ ਸਨ, ਹੁਣ ਉਨ੍ਹਾਂ ਦੀ ਜਗ੍ਹਾ 10 ਤੋਂ 15 ਹਾਰਸ ਪਾਵਰ ਦੀਆਂ ਮੋਟਰਾਂ ਲਾਉਣੀਆਂ ਪੈ ਰਹੀਆਂ ਹਨ। ਪੰਜਾਬ ਦੇ ਕਈ ਖੇਤਰਾਂ ਵਿੱਚ ਸਬਮਰਸੀਬਲ ਪੰਪਾਂ ਨੂੰ ਹਰੇਕ ਸਾਲ 10 ਫੁੱਟ ਨੀਵਾਂ ਕਰਕੇ ਲਾਉਣਾ ਪੈ ਰਿਹਾ ਹੈ।
ਪਹਿਲੇ ਸਮਿਆਂ ਵਿੱਚ ਪੰਜਾਬ ਵਿੱਚ ਸਿੰਚਾਈ ਦਾ ਕੰਮ ਖੂਹਾਂ ਜਾਂ ਨਹਿਰੀ ਪਾਣੀ ਦੁਆਰਾ ਹੀ ਕੀਤਾ ਜਾਂਦਾ ਸੀ ਪਰ ਪਾਣੀ ਦੀ ਵਧਦੀ ਲੋੜ ਕਾਰਨ ਟਿਊਬਵੈੱਲ ਸਿੰਚਾਈ ਦੇ ਪ੍ਰਮੁੱਖ ਸਾਧਨ ਬਣ ਗਏ। ਕੁਝ ਸਰਕਾਰੀ ਅੰਕੜਿਆਂ ਮੁਤਾਬਕ ਮੰਨਿਆ ਗਿਆ ਹੈ ਕਿ 1970 ਵਿੱਚ ਪੰਜਾਬ ਵਿੱਚ ਟਿਊਬਵੈੱਲਾਂ ਦੀ ਸੰਖਿਆ ਇੱਕ ਲੱਖ 92 ਹਜ਼ਾਰ ਸੀ, ਜਿਹੜੀ 2010 ਵਿੱਚ ਵਧ ਕੇ 13 ਲੱਖ 15 ਹਜ਼ਾਰ ਹੋ ਗਈ। ਸਿੰਚਾਈ ਲਈ ਵੱਧ ਤੋਂ ਵੱਧ ਜ਼ਮੀਨੀ ਪਾਣੀ ਕੱਢਣ ਦਾ ਨਤੀਜਾ ਸਾਡੇ ਸਾਹਮਣੇ ਹੈ। ਕੁਝ ਸਰਵੇਖਣ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ 1980 ਵਿੱਚ ਸਮੁੱਚੇ ਪੰਜਾਬ ਦੇ 3712 ਪਿੰਡਾਂ ਵਿੱਚ ਪਾਣੀ ਦੀ ਘਾਟ ਸੀ ਅਤੇ 2007 ਵਿੱਚ ਇਨ੍ਹਾਂ ਪਿੰਡਾਂ ਦੀ ਸਮੱਸਿਆ ਵਧ ਕੇ 8515 ਹੋ ਗਈ। 1973 ਵਿੱਚ ਪੰਜਾਬ ਦਾ ਕੇਵਲ ਤਿੰਨ ਫ਼ੀਸਦੀ ਇਲਾਕਾ ਹੀ ਅਜਿਹਾ ਸੀ ਜਿੱਥੇ ਪਾਣੀ ਦਾ ਪੱਧਰ ਤਿੰਨ ਮੀਟਰ ਤੋਂ ਵੱਧ ਨੀਵਾਂ ਸੀ। 2004 ਵਿੱਚ ਪੰਜਾਬ ਦਾ 90 ਫ਼ੀਸਦੀ ਖੇਤਰ ਅਜਿਹਾ ਸੀ, ਜਿੱਥੇ ਜ਼ਮੀਨੀ ਪਾਣੀ ਦਾ ਪੱਧਰ ਤਿੰਨ ਮੀਟਰ ਤੋਂ ਕਿਤੇ ਜ਼ਿਆਦਾ ਨੀਵਾਂ ਚਲਿਆ ਗਿਆ ਸੀ।
ਜ਼ਮੀਨੀ ਪਾਣੀ ਦੇ ਨਾਲ-ਨਾਲ ਧਰਤੀ ਉੱਪਰਲੇ ਪਾਣੀ ਦੇ ਸਰੋਤਾਂ ਦਾ ਹਾਲ ਵੀ ਬਹੁਤ ਮਾੜਾ ਹੈ। ਅੱਜ ਲੁਧਿਆਣਾ ਸ਼ਹਿਰ ਲਾਗੇ ਵਗਦੇ ਸਤੁਲਜ ਦਰਿਆ ਤੇ ਬਿਆਸ ਸ਼ਹਿਰ ਨੇੜੇ ਬਿਆਸ ਦਰਿਆ ਦੀ ਹਾਲਤ ਤੁਸੀਂ ਦੇਖ ਸਕਦੇ ਹੋ। ਇਹ ਦਰਿਆ ਜਾਂ ਤਾਂ ਸਾਲ ਦੇ ਬਹੁਤੇ ਮਹੀਨੇ ਸੁੱਕੇ ਰਹਿੰਦੇ ਹਨ ਅਤੇ ਜਾਂ ਫਿਰ ਇਨ੍ਹਾਂ ਵਿੱਚ ਵਗਦਾ ਪਾਣੀ ਫੈਕਟਰੀਆਂ ਤੇ ਜ਼ਹਿਰੀਲੇ ਰਸਾਇਣਾਂ ਨਾਲ ਭਰਿਆ ਹੁੰਦਾ ਹੈ। ਪਾਣੀ ਦੀ ਘਾਟ ਤੋਂ ਵੀ ਵੱਧ ਚਿੰਤਾ ਦਾ ਵਿਸ਼ਾ ਹੈ ਪਾਣੀ ਦਾ ਪ੍ਰਦੂਸ਼ਣ। ਸਮੱਸਿਆ ਦਾ ਡਰਾਉਣਾ ਪੱਖ ਇਹ ਹੈ ਕਿ ਜਿੱਥੇ-ਕਿਤੇ ਪਾਣੀ ਮਿਲਦਾ ਵੀ ਹੈ, ਉਹ ਪੀਣ ਯੋਗ ਨਹੀਂ। 1980 ਵਿੱਚ ਕੀਤੇ ਇੱਕ ਸਰਕਾਰੀ ਸਰਵੇਖਣ ਵਿੱਚ ਇਹ ਗੱਲ ਸਾਹਮਣੇ ਆਈ ਕਿ ਪੰਜਾਬ ਦੇ 712 ਪਿੰਡ ਅਜਿਹੇ ਹਨ, ਜਿੱਥੇ ਧਰਤੀ ਹੇਠਲਾ ਪਾਣੀ ਪੀਣ ਯੋਗ ਨਹੀਂ ਸੀ ਪਰ ਸਾਲ 2000 ਵਿੱਚ ਅਜਿਹੇ ਪਿੰਡਾਂ ਦੀ ਸੰਖਿਆ ਵਧ ਕੇ 8518 ਹੋ ਗਈ। ਜੇ ਅੱਜ ਦੇ ਤਾਜ਼ੇ ਅੰਕੜੇ ਦੇਖੀਏ ਤਾਂ ਸਾਡੀ ਹੋਸ਼ ਹੀ ਉੱਡ ਜਾਵੇਗੀ ਕਿਉਂਕਿ ਅੱਜ ਪੰਜਾਬ ਦੇ ਕੁੱਲ 12,423 ਪਿੰਡਾਂ ਵਿੱਚੋਂ 11,849 ਪਿੰਡਾਂ ਦਾ ਜ਼ਮੀਨੀ ਪਾਣੀ ਪੀਣਯੋਗ ਹੀ ਨਹੀਂ ਹੈ।
ਜ਼ਮੀਨੀ ਪਾਣੀ ਤੇ ਹੋਰ ਸਰੋਤਾਂ ਵਿਚਲੇ ਪਾਣੀ ਦੀ ਦੁਰਵਰਤੋਂ, ਰਸਾਇਣਕ ਖਾਦਾਂ ਤੇ ਕੀਟਨਾਸ਼ਕਾਂ ਦੀ ਅੰਧਾਧੁੰਦ ਵਰਤੋਂ, ਉਦਯੋਗਿਕ ਜ਼ਹਿਰੀਲੇ ਪਦਾਰਥਾਂ ਤੇ ਸ਼ਹਿਰੀ ਅਬਾਦੀ ਦੇ ਸੀਵਰੇਜ ਨੇ ਪੰਜਾਬ ਵਿਚਲੀ ਪਾਣੀ ਦੀ ਸਮੱਸਿਆ ਨੂੰ ਗੰਭੀਰ ਰੂਪ ਦਿੱਤਾ ਹੈ। ਇਹ ਇੱਕ ਆਮ ਸਹਿਮਤੀ ਵਾਲੀ ਗੱਲ ਹੈ ਕਿ ਪੰਜਾਬ ਵਿਚਲੀ ਪਾਣੀ ਦੀ ਸਮੱਸਿਆ ਦੀ ਮੂਲ ਜੜ੍ਹ ਤਾਂ ਜ਼ਿਆਦਾ ਤੋਂ ਜ਼ਿਆਦਾ ਰੂਪ ਵਿੱਚ ਜ਼ਮੀਨੀ ਪਾਣੀ ਦੁਆਰਾ ਸਿੰਚਾਈ ਉੱਪਰ ਨਿਰਭਰ ਕਰਨਾ ਹੈ। ਇਸ ਸੂਬੇ ਦੇ ਖੇਤਾਂ ਵਿੱਚ 70 ਫ਼ੀਸਦੀ ਦੇ ਕਰੀਬ ਸਿੰਚਾਈ ਤਾਂ ਟਿਊਬਵੈੱਲਾਂ ਨਾਲ ਹੀ ਹੁੰਦੀ ਹੈ। ਬਾਕੀ ਬਚਦੀ 30 ਫ਼ੀਸਦੀ ਸਿੰਚਾਈ ਲਈ ਨਹਿਰੀ ਪਾਣੀ ਤੇ ਹੋਰਨਾਂ ਜਲ ਸਰੋਤਾਂ ਨੂੰ ਵਰਤਿਆ ਜਾਂਦਾ ਹੈ। ਟਿਊਬਵੈੱਲਾਂ ਰਾਹੀਂ ਸਿੰਚਾਈ ਦਾ ਸਭ ਤੋਂ ਜ਼ਿਆਦਾ ਬੁਰਾ ਨਤੀਜਾ ਨਿਕਲਿਆ ਹੈ, ਜ਼ਮੀਨੀ ਪਾਣੀ ਦਾ ਸ਼ੋਸ਼ਣ। ਅਨਾਜ ਦੀ ਉਤਪਾਦਨ ਵਧਾਉਣ ਸਬੰਧੀ ਸਾਡੀ ਸਰਕਾਰ ਵੱਲੋਂ ਅਪਣਾਈ ਨੀਤੀ ਨੇ ਸਮੱਸਿਆ ਨੂੰ ਹੋਰ ਵੀ ਪੇਚੀਦਾ ਬਣਾ ਦਿੱਤਾ ਹੈ। ਇਸ ਸਭ ਕੁਝ ਦਾ ਨਤੀਜਾ ਇਹ ਹੋਇਆ ਹੈ ਕਿ ਜ਼ਮੀਨ ਵਿੱਚ ਜ਼ਿਆਦਾ ਪਾਣੀ ਕੱਢ ਕੇ ਵਧੇਰੇ ਸਿੰਚਾਈ ਕੀਤੀ ਗਈ। ਜੇ ਅਸੀਂ ਰੇਤਲੇ ਟਿੱਬਿਆਂ ਉੱਪਰ ਪਾਣੀ ਦੀਆਂ ਝੀਲਾਂ ਖੜ੍ਹੀਆਂ ਕਰਕੇ ਝੋਨਾ ਪੈਦਾ ਕਰਾਂਗੇ ਤਾਂ ਇਸ ਦਾ ਨਤੀਜਾ ਤਾਂ ਇਹੋ ਹੋਵੇਗਾ।
ਪੰਜਾਬ ਦੇ ਖੇਤਾਂ ਵਿੱਚ ਲਹਿਲਹਾਉਂਦੀਆਂ ਫ਼ਸਲਾਂ ਦੇ ਪਿੱਛੇ ਛੁਪਿਆ ਹੋਇਆ ਕੌੜਾ ਸੱਚ ਹੁਣ ਸਾਹਮਣੇ ਆਉਣ ਲੱਗਿਆ ਹੈ। ਦੇਸ਼ ਦੀ ਅਬਾਦੀ ਦੀਆਂ ਅੰਨ ਦੀਆਂ ਲੋੜਾਂ ਪੂਰੀਆਂ ਕਰਨ ਦੀ ਦੌੜ ਵਿੱਚ ਚਲਦਿਆਂ ਪੰਜ ਦਰਿਆਵਾਂ ਦੀ ਧਰਤੀ ਦੇ ਦਰਿਆ ਤਾਂ ਸੁੱਕੇ ਹੀ ਹਨ, ਨਾਲ ਹੀ ਜ਼ਮੀਨਾਂ ਹੇਠਲਾ ਪਾਣੀ ਵੀ ਬਹੁਤ ਨੀਵਾਂ ਚਲਿਆ ਗਿਆ ਹੈ। ਦਰਿਆਵਾਂ ਉੱਪਰ ਬੰਨ੍ਹ ਮਾਰ ਕੇ ਸਾਰਾ ਪਾਣੀ ਜਾਂ ਤਾਂ ਡੈਮਾਂ ਦੀਆਂ ਝੀਲਾਂ ਵਿੱਚ ਖੜ੍ਹਾ ਕਰ ਲਿਆ ਤੇ ਜਾਂ ਫਿਰ ਨਹਿਰਾਂ ਵਿੱਚ ਪਾ ਦਿੱਤਾ। ਕਦੇ ਵੀ ਇਸ ਗੱਲ ਦੇ ਮਹੱਤਵ ਬਾਰੇ ਜਾਣਿਆ ਨਾ ਗਿਆ ਕਿ ਦਰਿਆ ਦੇ ਵਹਿਣ ਵਿੱਚ ਇੱਕ ਘੱਟੋ-ਘੱਟ ਪੱਧਰ ਤਕ ਪਾਣੀ ਦਾ ਕਾਇਮ ਰਹਿਣਾ ਜ਼ਰੂਰੀ ਹੁੰਦਾ ਹੈ।
ਬੇਸ਼ੱਕ ਜੀਰੀ ਤੇ ਕਣਕ ਦੇ ਫ਼ਸਲੀ ਚੱਕਰ ਨੂੰ ਪਾਣੀ ਸਮੱਸਿਆ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ ਪਰ ਇਸ ਨਾਲ ਸਬੰਧਤ ਹੋਰਨਾਂ ਕਾਰਨਾਂ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਸਾਡੀ ਸ਼ਹਿਰੀ ਅਬਾਦੀ ਤੇ ਫੈਕਟਰੀਆਂ ਦੁਆਰਾ ਪਾਣੀ ਦੇ ਸਰੋਤਾਂ ਨੂੰ ਜੋ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ, ਉਸ ਵੱਲ ਵੀ ਧਿਆਨ ਦੇਣ ਦੀ ਬੇਹੱਦ ਜ਼ਰੂਰਤ ਹੈ। ਅਸੀਂ ਦੇਖਦੇ ਹਾਂ ਕਿ ਹਰ ਦਰਮਿਆਨੇ ਜਿਹੇ ਪਰਿਵਾਰ ਨੇ ਵੀ ਹੈਂਡਪੰਪ ਜਾਂ ਨਲਕੇ ਤਾਂ ਵਰਤਣੇ ਛੱਡ ਦਿੱਤੇ ਹਨ। ਹਰ ਘਰ ਵਿੱਚ ਇਨ੍ਹਾਂ ਦੀ ਜਗ੍ਹਾ ਘੱਟੋ-ਘੱਟ ਇੱਕ ਹਾਰਸ ਪਾਵਰ ਵਾਲੀ ਸਬਮਰਸੀਬਲ ਮੋਟਰ ਲੱਗੀ ਹੋਈ ਹੈ। ਇਨ੍ਹਾਂ ਘਰਾਂ ਵਿੱਚ ਸਫ਼ਾਈ ਕਰਨ ਵਾਲੀਆਂ ਔਰਤਾਂ ਸਫ਼ਾਈ ਕਰਨ ਸਮੇਂ ਪਾਣੀ ਦੀਆਂ ਟੂਟੀਆਂ ਖੁੱਲ੍ਹੀਆਂ ਹੀ ਰੱਖਦੀਆਂ ਹਨ। ਹਰ ਘਰ ਦੇ ਬਾਥਰੂਮ, ਰਸੋਈ ਅਤੇ ਵਿਹੜਿਆਂ ਵਿੱਚੋਂ ਨਿਕਲਦੀਆਂ ਨਾਲੀਆਂ ਦਿਨ ਭਰ ਵਗਦੀਆਂ ਰਹਿੰਦੀਆਂ ਹਨ। ਕੌਣ ਸਮਝਾਵੇ ਇਨ੍ਹਾਂ ‘ਸਿਆਣਿਆਂ’ ਨੂੰ ਕਿ ਪਾਣੀ ਵਰਗੇ ਕੁਦਰਤੀ ਸੋਮੇ ਦੀ ਹੋਸ਼ ਨਾਲ ਵਰਤੋਂ ਕਰੋ। ਪਾਣੀ ਦਾ ਡੁੱਲ੍ਹਿਆ ਇੱਕ-ਇੱਕ ਤੁਪਕਾ ਬੜਾ ਕੀਮਤੀ ਹੈ।
ਪਾਣੀ ਦੀ ਕਿੱਲਤ ਤੇ ਪ੍ਰਦੂਸ਼ਣ ਦੀ ਸਮੱਸਿਆ ਨੂੰ ਸਮਝਦੇ ਹੋਏ ਜ਼ਰੂਰੀ ਹੈ ਕਿ ਸੰਜੀਦਗੀ ਨਾਲ ਕੋਈ ਗੱਲ ਕੀਤੀ ਜਾਵੇ ਕਿ ਇਸ ਸਮੱਸਿਆ ਨਾਲ ਨਜਿੱਠਣ ਲਈ ਕੀ ਕਰਨਾ ਚਾਹੀਦਾ ਹੈ। ਵਿਅਕਤੀਗਤ, ਸਮਾਜਕ ਤੇ ਸਰਕਾਰੀ ਪੱਧਰ ਉੱਪਰ ਮਿਲ-ਜੁਲ ਕੇ ਕੀਤੇ ਠੋਸ ਯਤਨ ਹੀ ਕੋਈ ਰੋਸ਼ਨੀ ਦੀ ਕਿਰਨ ਦਿਖਾ ਸਕਦੇ ਹਨ। ਇਸ ਲਈ ਕੁਝ ਕੁ ਨੁਕਤੇ ਹਨ ਜਿਵੇਂ ਪਾਣੀ ਦੀ ਦੁਰਵਰਤੋਂ ਨੂੰ ਰੋਕਣਾ, ਨਹਿਰੀ ਸਿੰਚਾਈ ਨੂੰ ਵਧਾਉਣਾ, ਵਰਖਾ ਦੇ ਪਾਣੀ ਦਾ ਸਦਉਪਯੋਗ ਕਰਨਾ, ਬਰਸਾਤੀ ਪਾਣੀ ਨੂੰ ਧਰਤੀ ਵਿੱਚ ਰੀਚਾਰਜ ਕਰਨਾ, ਵਰਖਾ ਦੇ ਪਾਣੀ ਨੂੰ ਭੰਡਾਰਨ ਕਰਨਾ, ਘੱਟ ਪਾਣੀ ਮੰਗਣ ਵਾਲੀਆਂ ਫ਼ਸਲਾਂ ਦੀ ਕਾਸ਼ਤ ਨੂੰ ਉਤਸ਼ਾਹਤ ਕਰਨਾ, ਪਾਣੀ ਬਚਾਉਣ ਲਈ ਤੁਪਕਾ ਸਿੰਚਾਈ ਵਰਗੀਆਂ ਆਧੁਨਿਕ ਤਕਨੀਕਾਂ ਨੂੰ ਹੱਲਾਸ਼ੇਰੀ ਦੇਣਾ ਆਦਿ। ਇਸ ਦੇ ਨਾਲ ਹੀ ਪੁਰਾਣੇ ਖੂਹਾਂ, ਤਲਾਬਾਂ ਤੇ ਟੋਭਿਆਂ ਨੂੰ ਸਾਫ਼ ਕਰਕੇ ਜਲ ਕੁੰਡ ਵਜੋਂ ਵਰਤਣਾ, ਨਹਿਰੀ ਸਿੰਚਾਈ ਨੂੰ ਚੁਸਤ-ਦਰੁਸਤ ਬਣਾਉਣਾ, ਡਰੇਨਾਂ ਦੀ ਸਫ਼ਾਈ ਕਰਵਾਉਣਾ, ਦਰਿਆਵਾਂ ਵਿੱਚ ਪਾਣੀ ਦੇ ਇੱਕ ਨਿਸ਼ਚਿਤ ਪੱਧਰ ਨੂੰ ਸਾਰਾ ਸਾਲ ਬਰਕਰਾਰ ਰੱਖਣਾ ਵੀ ਜ਼ਰੂਰੀ ਹੈ। ਸ਼ਹਿਰੀਕਰਨ ਤੇ ਉਦਯੋਗੀਕਰਨ ਦੇ ਕਾਰਨ ਪਾਣੀ ਦੀ ਵੱਡੀ ਪੱਧਰ ਉੱਪਰ ਹੋ ਰਹੀ ਦੁਰਵਰਤੋਂ ਨੂੰ ਵੀ ਨੱਥ ਪਾਉਣੀ ਅਤਿਅੰਤ ਜ਼ਰੂਰੀ ਹੈ। ਮੌਨਸੂਨ ਦੇ ਆਉਣ ਤੋਂ ਪਹਿਲਾਂ ਹੀ ਝੋਨੇ ਦੀ ਲਵਾਈ ਉੱਪਰ ਲੱਗੀ ਕਾਨੂੰਨੀ ਰੋਕ ਨੂੰ ਅਸਰਦਾਰ ਬਣਾਇਆ ਜਾਣਾ ਚਾਹੀਦਾ ਹੈ। ਮੌਜੂਦਾ ਕਣਕ-ਜੀਰੀ ਦੇ ਫ਼ਸਲੀ ਚੱਕਰ ਵਿੱਚ ਬਦਲਾਅ ਲਿਆਉਣਾ ਸਮੇਂ ਦੀ ਲੋੜ ਹੈ। ਕਣਕ-ਮੱਕੀ, ਕਣਕ-ਨਰਮਾ, ਕਣਕ-ਕਪਾਹ ਅਤੇ ਕਣਕ-ਦਾਲਾਂ ਵਰਗੇ ਫ਼ਸਲੀ ਚੱਕਰ ਅਪਣਾਏ ਜਾਣ, ਜਿਨ੍ਹਾਂ ਨਾਲ ਘੱਟ ਸਿੰਚਾਈ ਦੀ ਜ਼ਰੂਰਤ ਪਵੇ।
ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਵਿਸ਼ਵ ਪੱਧਰ ਉਪਰ ਪੈਦਾ ਹੋ ਰਹੀ ਪਾਣੀ ਦੀ ਕਿੱਲਤ ਪਿੱਛੇ ਬਹੁਤ ਸਾਰੇ ਹੋਰ ਕਾਰਨ ਵੀ ਹਨ, ਜਿਵੇਂ ਜੰਗਲਾਂ ਦੀ ਕਟਾਈ, ਬਰਸਾਤ ਦੀ ਸਾਲਾਨਾ ਦਰ ਦਾ ਘਟਣਾ, ਵਿਸ਼ਵ ਵਿਆਪੀ ਤਪਸ਼ ਦਾ ਵਧਣਾ, ਜਲਵਾਯੂ ਦੀ ਤਬਦੀਲੀ ਅਤੇ ਦਰਿਆਈ ਪਾਣੀਆਂ ਦਾ ਘਟਣਾ ਪਰ ਪੰਜਾਬ ਵਿਚਲੀ ਪਾਣੀ ਦੀ ਸਮੱਸਿਆ ਲਈ ਉਪਰੋਕਤ ਸਾਰੇ ਪਹਿਲੂਆਂ ’ਤੇ ਵਿਚਾਰ ਕਰਨੀ ਅਤਿਅੰਤ ਲਾਜ਼ਮੀ ਹੈ।
ਸਾਨੂੰ ਵਿਸ਼ਵ ਬੈਂਕ ਦੁਆਰਾ ਕਹੀ ਗੱਲ ਤੋਂ ਸਿੱਖਿਆ ਲੈਣ ਦੀ ਲੋੜ ਹੈ, ‘‘ਪੰਜਾਬ ਸਫ਼ਲਤਾ ਦੀ ਇੱਕ ਅਜਿਹੀ ਦਾਸਤਾਨ ਹੈ ਜਿਸ ਦਾ ਆਪਣਾ ਕੋਈ ਭਵਿੱਖ ਨਹੀਂ ਹੈ।’’ ਸਦੀਆਂ ਤੋਂ ਦੇਸ਼ ਦੀ ਸਰਹੱਦ ਉਪਰ ਖ਼ੂਨ ਵਹਾਉਂਦੇ ਤੇ ਹਰੀ ਕ੍ਰਾਂਤੀ ਲਿਆ ਕੇ ਦੇਸ਼ ਦੀ ਭੁੱਖਮਰੀ ਖਤਮ ਕਰਨ ਵਾਲੇ ਪੰਜਾਬ ਦਾ ਅਤੀਤ ਤੇ ਭਵਿੱਖ ਹਨੇਰੇ ਵਿੱਚ ਗੁਆਚਿਆ ਹੋਇਆ ਹੈ। 1978 ਤੋਂ 1992 ਤਕ ਦੇ 16 ਸਾਲਾਂ ਦੌਰਾਨ ਪੰਜਾਬ ਦੀ ਧਰਤੀ ਇੱਥੋਂ ਦੀ ਜਵਾਨੀ ਦੇ ਖ਼ੂਨ ਨਾਲ ਰੰਗੀ ਗਈ। ਇਸ ਕਾਲੀ ਬੋਲੀ ਰਾਤ ਦੇ ਖਤਮ ਹੁੰਦਿਆਂ ਹੀ ਸੱਭਿਆਚਾਰਕ ਤੇ ਧਾਰਮਿਕ ਪ੍ਰੰਪਰਾਵਾਂ ਦੇ ਨਸ਼ਟ ਹੋਣ ਦੇ ਨਾਲ-ਨਾਲ ਪੰਜਾਬ ਨਸ਼ਿਆਂ ਅਤੇ ਕਰਜ਼ੇ ਦੇ ਬੋਝ ਹੇਠਾਂ ਦਬ ਗਿਆ।
ਇੱਥੋਂ ਦੇ ਮਿਹਨਤੀ ਕਿਸਾਨ ਮਜਬੂਰ ਹੋ ਕੇ ਖ਼ੁਦਕਸ਼ੀਆਂ ਦੇ ਰਾਹ ਹੋ ਤੁਰੇ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਹਰੀ ਕ੍ਰਾਂਤੀ ਲਿਆ ਕੇ ਦੇਸ਼ ਦੀ ਭੁੱਖਮਰੀ ਮਿਟਾਉਣ ਦੇ ਰਾਹ ਤੁਰੇ ਪੰਜਾਬੀਆਂ ਦਾ ਆਪਣਾ ਭਵਿੱਖ ਸਿਵਾਏ ਹਨੇਰੇ ਤੋਂ ਕੁਝ ਵੀ ਨਹੀਂ ਰਿਹਾ। ਕਹਿੰਦੇ ਹਨ ਕਿ ਜੇ ਕਿਸੇ ਪਿਤਾ ਦਾ ਘਰ ਢਹਿ ਵੀ ਜਾਵੇ ਤਾਂ ਉਸ ਦੇ ਜਵਾਨ ਮਿਹਨਤੀ ਪੁੱਤ ਪਹਿਲਾਂ ਨਾਲੋਂ ਵੀ ਸੋਹਣਾ ਮਹਿਲ ਉਸਾਰ ਲੈਂਦੇ ਹਨ ਪਰ ਬੰਜਰ ਹੋ ਚੁੱਕੇ ਪੰਜਾਬ ਦੇ ਜਵਾਨ ਪੁੱਤ ਤਾਂ ਪਹਿਲਾਂ ਹੀ ਨਸ਼ਿਆਂ ਤੇ ਰਸਾਇਣੀ ਜ਼ਹਿਰੀ ਦੇ ਅਸਰ ਹੇਠ ਖੋਖਲੇ ਹੋ ਚੁੱਕੇ ਹਨ। ਜੋ ਥੋੜ੍ਹੇ-ਬਹੁਤੇ ਪੜ੍ਹੇ-ਲਿਖੇ ਸਨ ਤੇ ਜਿਨ੍ਹਾਂ ਤੋਂ ਕੁਝ ਆਸਾਂ ਸਨ, ਉਹ ਵਿਦੇਸ਼ਾਂ ਵੱਲ ਦੌੜ ਰਹੇ ਹਨ। ਰਸਾਇਣਕ ਜ਼ਹਿਰਾਂ ਭਰੇ ਖ਼ੂਨ ਨਾਲ ਜੀਅ ਰਹੇ ਪੰਜਾਬੀਆਂ ਦਾ ਕੀ ਭਵਿੱਖ ਹੋਵੇਗਾ? ਬੰਜਰ ਹੋ ਰਹੀ ਪੰਜਾਬ ਦੀ ਕਿਸਾਨੀ ਦਾ ਕੀ ਭਵਿੱਖ ਹੋਵੇਗਾ? ਵਰਗੇ ਮਸਲੇ ਇਸ ਖਿੱਤੇ ਵਿੱਚ ਵਸਦੇ ਹਰ ਮਨੁੱਖ ਲਈ ਸੋਚਣ ਦਾ ਵਿਸ਼ਾ ਹੋਣੇ ਚਾਹੀਦੇ ਹਨ।
ਡਾ.ਜਤਿੰਦਰਪਾਲ ਸਿੰਘ
ਸੰਪਰਕ: 99153-11947


Post Comment

ਸਿੱਖ ਇਤਿਹਾਸ ਵਿੱਚ ਸ਼ਹਾਦਤ-2


ਲੋਕਤੰਤਰ ਵਿੱਚ ਅਦਾਲਤਾਂ ਨਾਬਾਲਗ ਬੱਚਿਆਂ ਨੂੰ ਦੋਸ਼ੀ ਹੋਣ ‘ਤੇ ਵੀ ਮੌਤ ਦੀ ਸਜ਼ਾ ਨਹੀਂ ਦਿੰਦੀਆਂ ਪਰ ਇੱਥੇ ਤਾਂ ਮੁਗ਼ਲ ਹਕੂਮਤ ਨੇ ਸਭ ਅਸੂਲਾਂ ਨੂੰ ਛਿੱਕੇ ਟੰਗ ਦਿੱਤਾ ਸੀ।
ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਹੀ ਮਾਤਾ ਗੁਜਰੀ ਜੀ ਦੀ ਸ਼ਹਾਦਤ ਜੁੜੀ ਹੋਈ ਹੈ। ਕਿਹਾ ਜਾਂਦਾ ਹੈ ਕਿ ਜਦੋਂ ਮਾਤਾ ਜੀ ਨੇ ਆਪਣੇ ਮਾਸੂਮ ਪੋਤਿਆਂ ਦੀਆਂ ਸ਼ਹਾਦਤਾਂ ਬਾਰੇ ਸੁਣਿਆ ਤਾਂ ਉਨ੍ਹਾਂ ਨੇ ਬੁਰਜ ਦੀ ਛੱਤ ਉਪਰੋਂ ਡਿੱਗ ਕੇ ਆਪਣੇ ਸੁਆਸ ਤਿਆਗ ਦਿੱਤੇ ਸਨ। ਇਹ ਗੱਲਾਂ ਠੀਕ ਨਹੀਂ ਹਨ। ਇਹ ਗੱਲਾਂ ਮੁਗ਼ਲ ਹਕੂਮਤ ਦੀਆਂ ਫੈਲਾਈਆਂ ਹੋਈਆਂ ਸਨ। ਇਸ ਤਰ੍ਹਾਂ ਦੀਆਂ ਗੱਲਾਂ ਫੈਲਾ ਕੇ ਉਹ ਮਾਤਾ ਗੁਜਰੀ ਜੀ ਦੀ ਮੌਤ ਦੀ ਜ਼ਿੰਮੇਵਾਰੀ ਆਪਣੇ ਸਿਰੋਂ ਲਾਹੁਣਾ ਚਾਹੁੰਦੀ ਸੀ। ਮਾਤਾ ਜੀ ਅਤੇ ਬੱਚੇ ਠੰਢੇ ਬੁਰਜ ਵਿੱਚ ਕੈਦ ਸਨ। ਕੈਦੀ ਨੂੰ ਤਾਂ ਕੈਦ ਕੋਠੜੀ ਵਿੱਚੋਂ ਬਾਹਰ ਨਿਕਲਣ ਦੀ ਵੀ ਇਜਾਜ਼ਤ ਨਹੀਂ ਹੁੰਦੀ। ਸਰਹਿੰਦ ਦਾ ਠੰਢਾ ਬੁਰਜ ਉਸ ਵਿਸ਼ਾਲ ਕਿਲ੍ਹੇ ਦਾ ਹਿੱਸਾ ਸੀ ਜਿਸ ਦਾ ਘੇਰਾ ਬਹੁਤ ਵਿਸ਼ਾਲ ਸੀ ਅਤੇ ਬੁਰਜਾਂ ਦੀ ਉਚਾਈ ਵੀ ਬਹੁਤ ਸੀ। ਐਸੇ ਵਿਸ਼ਾਲ ਕਿਲ੍ਹੇ ਵਿਚਲੀਆਂ ਪੌੜੀਆਂ ਰਾਹੀਂ ਮਾਤਾ ਜੀ ਕੈਦ ਕੋਠੜੀ ਵਿੱਚੋਂ ਨਿਕਲ ਕੇ ਕਿਵੇਂ ਬੁਰਜ ਦੀ ਛੱਤ ਉਪਰ ਚਲੇ ਜਾਣਗੇ? ਕਿਲ੍ਹੇ ਦੀਆਂ ਛੱਤਾਂ ਉਪਰ ਵੀ ਬਹੁਤ ਉੱਚੇ-ਉੱਚੇ ਜੰਗਲੇ ਹੁੰਦੇ ਸਨ। ਇਹ ਜੰਗਲੇ ਜੰਗੀ ਨੀਤੀ ਨੂੰ ਸਾਹਮਣੇ ਰੱਖ ਕੇ ਬਣਾਏ ਜਾਂਦੇ ਸਨ। ਇਨ੍ਹਾਂ ਉੱਪਰ ਚੜ੍ਹ ਕੇ ਮਾਤਾ ਜੀ ਲਈ ਉਪਰੋਂ ਛਾਲ ਮਾਰਨਾ ਉੱਕਾ ਹੀ ਅਸੰਭਵ ਸੀ। ਇਹ ਗੱਲ ਸਾਰੀ ਹੀ ਗਲਤ ਹੈ। ਮਾਤਾ ਗੁਜਰੀ ਜੀ ਐਸੇ ਦ੍ਰਿੜ੍ਹ ਇਰਾਦੇ ਵਾਲੇ ਸਨ ਕਿ ਉਨ੍ਹਾਂ ਨੇ ਕੈਦ ਵਿੱਚ ਵੀ ਆਪਣੇ ਮਾਸੂਮ ਪੋਤਿਆਂ ਨੂੰ ਡੋਲਣ ਨਹੀਂ ਦਿੱਤਾ। ਉਹ ਉਨ੍ਹਾਂ ਨੂੰ ਹਰ ਸਮੇਂ ਇਹੋ ਸਿੱਖਿਆ ਦਿੰਦੇ ਸਨ, ”ਬੱਚਿਓ, ਤੁਸੀਂ ਆਪਣੇ ਧਰਮ ਦੀ ਰਾਖੀ ਕਰਕੇ ਹੀ ਆਪਣੇ ਦਾਦੇ ਅਤੇ ਪਿਤਾ ਦਾ ਨਾਂ ਰੋਸ਼ਨ ਕਰਨਾ ਹੈ। ਜੇਕਰ ਮੌਤ ਤੋਂ ਡਰ ਕੇ ਦੁਸ਼ਮਣ ਦੀ ਈਨ ਮੰਨ ਜਾਉਗੇ ਤਾਂ ਤੁਹਾਡੇ ਦਾਦਾ ਜੀ ਅਤੇ ਪਿਤਾ ਜੀ ਦਾ ਨਾਂ ਦਾਗੀ ਹੋ ਜਾਵੇਗਾ।” ਇਹ ਮਾਤਾ ਜੀ ਦੀ ਦ੍ਰਿੜ੍ਹਤਾ ਅਤੇ ਦਲੇਰੀ ਦਾ ਹੀ ਸਿੱਟਾ ਸੀ ਕਿ ਛੋਟੇ ਬੱਚਿਆਂ ਨੇ ਦੁਸ਼ਮਣ ਦੀ ਈਨ ਨਹੀਂ ਮੰਨੀ। ਬੱਚਿਆਂ ਨੂੰ ਸ਼ਹੀਦ ਕਰਨ ਤੋਂ ਬਾਅਦ ਵਜ਼ੀਰ ਖ਼ਾਂ ਨੇ ਬੱਚਿਆਂ ਦੇ ਦਾਦੀ ਜੀ ਨੂੰ ਵੀ ਸ਼ਹੀਦ ਕਰ ਦਿੱਤਾ ਸੀ ਭਾਵੇਂ ਇਸ ਗੱਲ ਦੀ ਜਾਣਕਾਰੀ ਨਹੀਂ ਮਿਲਦੀ ਕਿ ਉਨ੍ਹਾਂ ਨੂੰ ਕਿਸ ਤਰ੍ਹਾਂ ਸ਼ਹੀਦ ਕੀਤਾ ਗਿਆ ਸੀ।
ਇਸ ਤਰ੍ਹਾਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੇ ਖ਼ਾਲਸੇ ਦੇ ਸੰਘਰਸ਼ ਨੂੰ ਬੜਾ ਬਲ ਬਖ਼ਸ਼ਿਆ ਸੀ। ਇੱਥੋਂ ਹੀ ਪ੍ਰੇਰਨਾ ਲੈ ਕੇ ਖ਼ਾਲਸੇ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਪੰਜਾਬ ਵਿੱਚੋਂ ਮੁਗ਼ਲ ਸਾਮਰਾਜ ਨੂੰ ਢਹਿ-ਢੇਰੀ ਕਰਕੇ ਖ਼ਾਲਸੇ ਦਾ ਰਾਜ ਸਥਾਪਤ ਕਰ ਲਿਆ ਸੀ।
ਗੁਰੂ ਸਾਹਿਬਾਨ ਦੇ ਸਮੇਂ ਤੋਂ ਬਾਅਦ ਸਿੱਖ ਇਤਿਹਾਸ ਵਿੱਚ ਪਹਿਲੀ ਸ਼ਹਾਦਤ ਬੰਦਾ ਸਿੰਘ ਬਹਾਦਰ ਦੀ ਸੀ। ਬੰਦਾ ਸਿੰਘ ਬਹਾਦਰ ਲੜਾਈ ਦੇ ਖੇਤਰ ਵਿੱਚ ਵੀ ਬੇਮਿਸਾਲ ਸੀ, ਰਾਜਨੀਤਕ ਖੇਤਰ ਵਿੱਚ ਵੀ ਅਤੇ ਸ਼ਹਾਦਤ ਦੇ ਖੇਤਰ ਵਿੱਚ ਵੀ। ਇਸ ਲਈ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਗੁਰੂ ਸਾਹਿਬਾਨ ਦੀਆਂ ਸ਼ਹਾਦਤਾਂ ਤੋਂ ਬਿਲਕੁਲ ਵੱਖਰੀ ਕਿਸਮ ਦੀ ਸੀ।
ਬੰਦਾ ਸਿੰਘ ਬਹਾਦਰ ਨੇ ਜੰਗ ਦੇ ਮੈਦਾਨਾਂ ਵਿੱਚ ਦੁਸ਼ਮਣ ਨੂੰ ਮਾਰਿਆ ਵੀ ਅਤੇ ਉਜਾੜਿਆ ਵੀ। ਇਹ ਉਸ ਦੀ ਰਾਜਨੀਤਕ ਪ੍ਰਾਪਤੀ ਦਾ ਉਦੇਸ਼ ਸੀ। ਇਸ ਲਈ ਜਦੋਂ ਬੰਦਾ ਸਿੰਘ ਬਹਾਦਰ ਨੂੰ ਫੜਿਆ ਗਿਆ ਤਾਂ ਦੁਸ਼ਮਣ ਨੇ ਵੀ ਉਸ ਦਾ ਉਸੇ ਤਰ੍ਹਾਂ ਦਾ ਹਾਲ ਕਰਨ ਦਾ ਫ਼ੈਸਲਾ ਕਰ ਲਿਆ ਸੀ ਜਿਵੇਂ ਉਸ ਨੇ ਮੁਗ਼ਲ ਸਾਮਰਾਜ ਦਾ ਕੀਤਾ ਸੀ। ਇਸ ਲਈ ਜਦੋਂ ਬਾਦਸ਼ਾਹ ਜਾਂ ਬਾਦਸ਼ਾਹ ਦੇ ਅਧਿਕਾਰੀਆਂ ਦੀ ਗੱਲਬਾਤ ਬੰਦਾ ਸਿੰਘ ਬਹਾਦਰ ਨਾਲ ਹੁੰਦੀ ਸੀ ਤਾਂ ਬੰਦਾ ਸਿੰਘ ਬਹਾਦਰ ਦਾ ਜਵਾਬ ਹੁੰਦਾ ਸੀ ਕਿ ਉਹ ਆਪਣੇ ਮਿਸ਼ਨ ਦੀ ਪ੍ਰਾਪਤੀ ਵਿੱਚ ਸਿਰਫ਼ ਘੱਟ-ਗਿਣਤੀ ਫ਼ੌਜ ਹੋਣ ਕਰਕੇ ਨਾਕਾਮ ਹੋਇਆ ਹੈ ਪਰ ਉਸ ਦੀ ਮਾਨਸਿਕ ਦ੍ਰਿੜ੍ਹਤਾ ਉਸੇ ਤਰ੍ਹਾਂ ਹੀ ਕਾਇਮ ਹੈ। ਬੰਦਾ ਸਿੰਘ ਬਹਾਦਰ ਦਾ ਇਹ ਵੀ ਕਹਿਣਾ ਸੀ ਕਿ ਉਹ ਸਿਰਫ਼ ਆਪਣੇ ਗੁਰੂ ਦੇ ਹੁਕਮ ਨਾਲ ਹੀ ਇਸ ਮਾਰਗ ‘ਤੇ ਪਿਆ ਸੀ ਅਤੇ ਉਸ ਨੂੰ ਇਸ ਦਾ ਕੋਈ ਅਫ਼ਸੋਸ ਨਹੀਂ ਹੈ। ਉਹ ਹਕੂਮਤ ਦਾ ਕੈਦੀ ਹੈ ਇਸ ਲਈ ਜੇਕਰ ਹਕੂਮਤ ਉਸ ਨੂੰ ਮੌਤ ਤੋਂ ਨਹੀਂ ਡਰਾ ਸਕੇਗੀ ਤਾਂ ਇਹ ਹਕੂਮਤ ਦੀ ਹਾਰ ਹੋਵੇਗੀ। ਬੰਦਾ ਸਿੰਘ ਬਹਾਦਰ ਦੀ ਮੌਤ ਨੂੰ ਸਾਮਰਾਜ ਉੱਪਰ ਜਿੱਤ ਸਮਝਿਆ ਜਾਵੇਗਾ।
ਬੰਦਾ ਸਿੰਘ ਬਹਾਦਰ ਨਾਲ 780 ਸਿੰਘ ਹੋਰ ਫੜੇ ਗਏ ਸਨ। ਇਨ੍ਹਾਂ ਵਿੱਚ ਬੰਦਾ ਸਿੰਘ ਬਹਾਦਰ ਦੀ ਪਤਨੀ ਰਾਜਕੁਮਾਰੀ ਰਤਨ ਕੌਰ ਅਤੇ ਸਾਢੇ ਕੁ ਚਾਰ ਸਾਲ ਦਾ ਪੁੱਤਰ ਅਜੈ ਸਿੰਘ ਵੀ ਸ਼ਾਮਲ ਸੀ। ਇੱਥੇ ਵੀ 780 ਸਿੰਘਾਂ ਨੂੰ ਬੰਦਾ ਸਿੰਘ ਬਹਾਦਰ ਤੋਂ ਪਹਿਲਾਂ ਮਾਰਿਆ ਗਿਆ ਸੀ। ਇਨ੍ਹਾਂ ਵਿੱਚ ਜਿਹੜੇ 27 ਉੱਘੇ ਸਾਥੀ ਸਨ, ਉਨ੍ਹਾਂ ਨੂੰ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਮਾਰਿਆ ਗਿਆ ਸੀ। ਉਸ ਦੇ ਸਾਹਮਣੇ ਮਾਰਨ ਦਾ ਮਨੋਰਥ ਇਹ ਹੀ ਸੀ ਤਾਂ ਕਿ ਇਨ੍ਹਾਂ ਦੀ ਦਰਦਨਾਕ ਮੌਤ ਤੋਂ ਬੰਦਾ ਸਿੰਘ ਬਹਾਦਰ ਡਰ ਜਾਵੇ ਅਤੇ ਆਪਣੀ ਹਾਰ ਕਬੂਲ ਕਰ ਲਵੇ। ਇਸ ਕਰਕੇ ਸਮਝਿਆ ਜਾ ਸਕਦਾ ਹੈ ਕਿ ਜਿਨ੍ਹਾਂ 27 ਉੱਘੇ ਸਾਥੀਆਂ ਨੂੰ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਮਾਰਿਆ ਗਿਆ ਸੀ, ਉਨ੍ਹਾਂ ਨੂੰ ਜਲਾਦਾਂ ਨੇ ਪੂਰੀ ਤਰ੍ਹਾਂ ਤੜਫ਼ਾ ਕੇ ਮਾਰਿਆ ਹੋਵੇਗਾ। ਕਮਾਲ ਦੀ ਗੱਲ ਇਹ ਸੀ ਕਿ ਇਨ੍ਹਾਂ 780 ਸਿੰਘਾਂ ਵਿੱਚੋਂ ਕਿਸੇ ਇੱਕ ਨੇ ਵੀ ਆਪਣੇ ਸਿਦਕ ਨੂੰ ਨਹੀਂ ਛੱਡਿਆ ਸੀ। ਇਸ ਗੱਲ ਦੀ ਸ਼ਾਹਦੀ ਮੌਕੇ ਦੀਆਂ ਗਵਾਹੀਆਂ ਭਰਦੀਆਂ ਹਨ। ਗੱਲ ਕਿਉਂਕਿ ਉਸ ਨੇਤਾ ਨੂੰ ਡਰਾਉਣ ਅਤੇ ਈਨ ਮਨਵਾਉਣ ਦੀ ਸੀ ਜਿਸ ਨੇ ਗੁਰੂ ਜੀ ਦੇ ਹੁਕਮ ਅਨੁਸਾਰ ਸੰਘਰਸ਼ ਛੇੜਿਆ ਸੀ, ਇਸ ਲਈ ਹਕੂਮਤ 780 ਸਿੰਘਾਂ ਨੂੰ ਮਾਰ ਕੇ ਵੀ ਨਹੀਂ ਥੱਕੀ ਸੀ। ਉਸ ਨੇ ਇਸ ਮਹਾਨ ਸੂਰਬੀਰ ਨੂੰ ਡਰਾਉਣ ਲਈ ਆਪਣਾ ਅਖੀਰਲਾ ਹਥਿਆਰ ਵਰਤਿਆ। ਇਹ ਅਖੀਰਲਾ ਹਥਿਆਰ ਸੀ ਬੰਦਾ ਸਿੰਘ ਬਹਾਦਰ ਦੇ ਸਾਢੇ ਕੁ ਚਾਰ ਸਾਲਾਂ ਦੇ ਪੁੱਤਰ ਅਜੈ ਸਿੰਘ ਨੂੰ ਮਾਰਨ ਦਾ। ਗੱਲ ਤੈਅ ਸੀ ਕਿ ਬੰਦਾ ਸਿੰਘ ਬਹਾਦਰ ਧਰਮ ਨੂੰ ਹਾਰਦਾ ਸੀ ਤਾਂ ਗੁਰੂ ਦੇ ਮਿਸ਼ਨ ਦੀ ਹਾਰ ਹੁੰਦੀ ਸੀ। ਇਸ ਲਈ ਬੰਦਾ ਸਿੰਘ ਬਹਾਦਰ ਦਾ ਇਹੋ ਕਹਿਣਾ ਸੀ ਕਿ ਹਕੂਮਤ ਉਸ ਨੂੰ ਉਸ ਦੇ ਬੱਚੇ ਦੀ ਮੌਤ ਦਾ ਡਰਾਵਾ ਦੇ ਕੇ ਵੀ ਨਹੀਂ ਹਰਾ ਸਕੇਗੀ। ਹਕੂਮਤ ਨੇ ਇਹ ਹਥਿਆਰ ਵੀ ਵਰਤ ਲਿਆ ਸੀ। ਬੱਚੇ ਦੀ ਮੌਤ ਨੂੰ ਵੀ ਬੰਦਾ ਸਿੰਘ ਬਹਾਦਰ ਸਹਿ ਗਿਆ ਸੀ। ਆਖਰ ਬੰਦਾ ਸਿੰਘ ਬਹਾਦਰ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ ਸੀ। ਇਸ ਤਰ੍ਹਾਂ ਹਕੂਮਤ ਛਿੱਥੀ ਪੈ ਗਈ ਸੀ। ਇਹ ਹਕੂਮਤ ਦੇ ਮੂੰਹ ‘ਤੇ ਜ਼ਬਰਦਸਤ ਚਪੇੜ ਸੀ ਜਿਹੜੀ 780 ਸਿੰਘਾਂ ਅਤੇ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਮਾਰ ਗਈ ਸੀ। ਹਕੂਮਤ ਨੇ ਛਿੱਥਿਆਂ ਪੈ ਕੇ ਐਲਾਨ ਕਰ ਦਿੱਤਾ ਸੀ ਕਿ ਬੰਦਾ ਸਿੰਘ ਬਹਾਦਰ ਦੀ ਪਤਨੀ ਇਸਲਾਮ ਕਬੂਲ ਕਰ ਗਈ ਹੈ, ਇਸ ਲਈ ਉਸ ਨੂੰ ਛੱਡਿਆ ਜਾ ਰਿਹਾ ਹੈ। ਇਹ ਬਿਆਨ ਹਕੂਮਤ ਦਾ ਸੀ, ਕਿਸੇ ਮੌਕੇ ਦੇ ਗਵਾਹ ਦਾ ਨਹੀਂ ਸੀ। ਇਸ ਲਈ ਸਮਝਿਆ ਜਾ ਸਕਦਾ ਹੈ ਕਿ ਬੰਦਾ ਸਿੰਘ ਬਹਾਦਰ ਦੀ ਪਤਨੀ ਦਾ ਸਹਾਰਾ ਲੈ ਕੇ ਹਾਕਮਾਂ ਨੇ ਸਿਰਫ਼ ਆਪਣਾ ਮੂੰਹ ਹੀ ਛੁਪਾਇਆ ਸੀ। ਵੈਸੇ ਸੁਣਿਆ ਜਾਂਦਾ ਹੈ ਕਿ ਬਾਦਸ਼ਾਹ ਅਤੇ ਕਾਜ਼ੀ, ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਪਿੱਛੋਂ ਇੱਕ-ਦੂਜੇ ਵੱਲ ਦੇਖ ਨਹੀਂ ਸਕੇ ਸਨ ਅਤੇ ਨੀਵੀਆਂ ਪਾ ਕੇ ਉੱਥੋਂ ਚਲੇ ਗਏ ਸਨ। ਮੁਹੰਮਦ ਅਮੀਨ ਖ਼ਾਨ ਚੀਨ ਬਹਾਦਰ, ਜਿਸ ਦੀ ਹਿਰਾਸਤ ਵਿੱਚ ਬੰਦਾ ਸਿੰਘ ਬਹਾਦਰ ਨੂੰ ਲਗਾਤਾਰ ਰੱਖਿਆ ਗਿਆ ਸੀ, ਨੇ ਚੁੱਪਚਾਪ ਬੰਦਾ ਸਿੰਘ ਬਹਾਦਰ ਦੇ ਕੱਟੇ-ਵੱਢੇ ਗਏ ਅੰਗਾਂ ਨੂੰ ਇਕੱਠਿਆਂ ਕਰਕੇ ਇੱਕ ਸੰਦੂਕ ਵਿੱਚ ਬੰਦ ਕਰ ਦਿੱਤਾ ਸੀ। ਪਤਾ ਨਹੀਂ ਇਹ ਉਸ ਦੀ ਉਸ ਮਹਾਨ ਸ਼ਹੀਦ ਨੂੰ ਸ਼ਰਧਾਂਜਲੀ ਸੀ ਜਾਂ ਫਿਰ ਉਸ ਦਾ ਪਛਤਾਵਾ ਸੀ। ਜੇਕਰ ਬੰਦਾ ਸਿੰਘ ਬਹਾਦਰ ਦੀ ਪਤਨੀ ਨੇ ਡਰ ਕੇ ਇਸਲਾਮ ਹੀ ਕਬੂਲ ਕਰਨਾ ਸੀ ਫਿਰ ਤਾਂ ਉਸ ਨੇ ਇਹ ਕਦਮ ਘੱਟੋ-ਘੱਟ ਆਪਣੇ ਪੁੱਤਰ ਦੀ ਸ਼ਹਾਦਤ ਤੋਂ ਪਹਿਲਾਂ ਚੁੱਕਣਾ ਸੀ ਤਾਂ ਜੋ ਉਹ ਆਪਣੇ ਪੁੱਤਰ ਦੀ ਜਾਨ ਤਾਂ ਬਚਾ ਸਕਦੀ। ਜੇਕਰ ਉਹ ਪੁੱਤਰ ਦੀ ਜਾਨ ਕੱਢਣ ਤੋਂ ਪਹਿਲਾਂ ਇਸਲਾਮ ਕਬੂਲ ਕਰਦੀ, ਫਿਰ ਤਾਂ ਇਹ ਗੱਲ ਮੰਨੀ ਜਾ ਸਕਦੀ ਸੀ ਕਿ ਉਹ ਆਪਣੇ ਪੁੱਤਰ ਦੀ ਮੌਤ ਨਹੀਂ ਦੇਖ ਸਕਦੀ ਸੀ ਪਰ ਉਸ ਦੇ ਬੱਚੇ ਨੂੰ ਤਾਂ ਉਸ ਦੇ ਸਾਹਮਣੇ ਮਾਰ ਦਿੱਤਾ ਗਿਆ ਸੀ। ਕੋਈ ਮਾਂ ਐਸੀ ਨਹੀਂ ਹੁੰਦੀ ਜਿਹੜੀ ਆਪਣੀਆਂ ਅੱਖਾਂ ਸਾਹਮਣੇ ਆਪਣੇ ਪੁੱਤਰ ਨੂੰ ਤਾਂ ਮਰਦਾ ਦੇਖ ਲਵੇ ਪਰ ਆਪ ਮਰਨ ਸਮੇਂ ਇਸਲਾਮ ਕਬੂਲ ਕਰ ਲਵੇ। ਇਸ ਲਈ ਇਹ ਗੱਲਾਂ ਹਕੂਮਤ ਦੀਆਂ ਫੈਲਾਈਆਂ ਹੋਈਆਂ ਹਨ। ਜਦੋਂ ਸਾਰੇ ਦੇ ਸਾਰੇ 780 ਸਿੰਘ ਅਤੇ ਬੰਦਾ ਸਿੰਘ ਬਹਾਦਰ, ਹਕੂਮਤ ਦੇ ਕਿਸੇ ਡਰਾਵੇ ਤੋਂ ਨਹੀਂ ਡਰੇ ਅਤੇ ਸਭ ਇਸਲਾਮ ਕਬੂਲ ਕਰਨ ਤੋਂ ਇਨਕਾਰ ਕਰਦੇ ਹੋਏ ਸ਼ਹਾਦਤਾਂ ਪਾ ਗਏ ਸਨ ਤਾਂ ਮੁਗ਼ਲ ਅਧਿਕਾਰੀ ਸਮੇਤ ਬਾਦਸ਼ਾਹ ਅਤੇ ਕਾਜ਼ੀ ਸ਼ਰਮ ਮਹਿਸੂਸ ਕਰਨ ਲੱਗ ਪਏ ਸਨ। ਇਸ ਵਿੱਚ ਉਹ ਆਪਣੀ ਹਾਰ ਸਮਝਦੇ ਸਨ। ਇਸੇ ਸ਼ਰਮਿੰਦਗੀ ਨੂੰ ਛੁਪਾਉਣ ਲਈ ਉਨ੍ਹਾਂ ਨੇ ਬੰਦਾ ਸਿੰਘ ਬਹਾਦਰ ਨੂੰ ਡਰਾਉਣ ਲਈ ਅਖੀਰਲੇ ਹਥਿਆਰ ਵਜੋਂ ਉਸ ਦੇ ਪੁੱਤਰ ਨੂੰ ਉਸ ਦੀ ਗੋਦ ਵਿੱਚ ਬਿਠਾ ਕੇ ਮਾਰਨਾ ਚਾਹਿਆ ਸੀ। ਜਦੋਂ ਬੰਦਾ ਸਿੰਘ ਬਹਾਦਰ ਨੇ ਇਸ ਸੱਟ ਨੂੰ ਵੀ ਸਹਿ ਲਿਆ ਤਾਂ ਮੁਗ਼ਲ ਅਧਿਕਾਰੀ ਬਿਲਕੁਲ ਹੀ ਸ਼ਰਮਿੰਦੇ ਹੋ ਗਏ ਸਨ। ਇਸ ਸ਼ਰਮਿੰਦਗੀ ਨੂੰ ਛੁਪਾਉਣ ਵਾਸਤੇ ਹੀ ਇਹ ਐਲਾਨ ਕੀਤਾ ਸੀ ਕਿ ਬੰਦਾ ਸਿੰਘ ਬਹਾਦਰ ਦੀ ਪਤਨੀ ਇਸਲਾਮ ਕਬੂਲ ਕਰ ਗਈ ਹੈ। ਹੋਰ ਇਸ ਵਿੱਚ ਕੋਈ ਵੀ ਸਚਾਈ ਨਹੀਂ ਹੈ। ਇਸ ਮਹਾਨ ਔਰਤ ਨੂੰ ਵੀ ਸ਼ਹੀਦਾਂ ਦੇ ਵਿੱਚ ਹੀ ਸ਼ਾਮਲ ਸਮਝਣਾ ਚਾਹੀਦਾ ਹੈ। ਆਖਰ ਜਿਸ ਬੱਚੇ ਨੂੰ ਉੱਥੇ ਮਾਰਿਆ ਗਿਆ ਸੀ ਉਹ ਬੱਚਾ ਇੰਨਾ ਸਮਾਂ ਆਪਣੀ ਮਾਂ ਦੇ ਪਾਸ ਹੀ ਰਿਹਾ ਸੀ। ਉਸ ਦੀ ਮਾਂ ਵੀ ਉਸ ਨੂੰ ਦਲੇਰ ਬਣਨ ਦੀ ਉਸੇ ਤਰ੍ਹਾਂ ਸਿੱਖਿਆ ਦਿੰਦੀ ਹੋਵੇਗੀ ਜਿਵੇਂ ਮਾਤਾ ਗੁਜਰੀ ਜੀ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਦਿੱਤੀ ਸੀ।
ਬੰਦਾ ਸਿੰਘ ਬਹਾਦਰ ਅਤੇ ਉਸ ਦੇ 780 ਸਾਥੀ ਸਿੰਘਾਂ ਦੀਆਂ ਸ਼ਹਾਦਤਾਂ ਇੰਨਾ ਭਿਆਨਕ ਵਾਤਾਵਰਨ ਪੈਦਾ ਕਰ ਗਈਆਂ ਸਨ ਕਿ ਲਗਾਤਾਰ 16-17 ਸਾਲਾਂ ਤਕ ਸਿੰਘ ਸੰਘਰਸ਼ ਮੁੜ ਕੇ ਉੱਭਰ ਨਹੀਂ ਸਕਿਆ। ਜਿੰਨੀ ਸੱਟ ਬੰਦਾ ਸਿੰਘ ਬਹਾਦਰ ਨੇ ਮੁਗ਼ਲ ਸਾਮਰਾਜ ਨੂੰ ਮਾਰੀ ਸੀ, ਮੁਗ਼ਲ ਹਕੂਮਤ ਨੇ ਵੀ ਸਿੰਘਾਂ ਨੂੰ ਉਨੀ ਹੀ ਵੱਡੀ ਸੱਟ ਮਾਰੀ ਸੀ। ਬੰਦਾ ਸਿੰਘ ਬਹਾਦਰ ਦੀ ਸ਼ਹਾਦਤ (1716) ਤੋਂ ਬਾਅਦ ਅੰਦਾਜ਼ਨ 1732-33 ਵਿੱਚ ਨਵਾਬ ਕਪੂਰ ਸਿੰਘ ਦੀ ਅਗਵਾਈ ਹੇਠ ਸਿੱਖ ਸੰਘਰਸ਼ ਦੀ ਪੁਨਰ-ਸੁਰਜੀਤੀ ਹੋਈ ਸੀ। ਇਹ ਸਮਾਂ ਪੰਜਾਬ ਵਿੱਚ ਜ਼ਕਰੀਆ ਖ਼ਾਨ ਦੀ ਸੂਬੇਦਾਰੀ ਦਾ ਸੀ। ਇਹ ਸਮਾਂ ਸਿੱਖ ਸੰਘਰਸ਼ ਦੀ ਪੁਨਰ-ਸੁਰਜੀਤੀ ਦਾ ਸੀ। ਇਸ ਲਈ ਸਮੇਂ ਦੀ ਮੁਗਲ ਹਕੂਮਤ ਨੇ ਵੀ ਸਿੱਖ ਸੰਘਰਸ਼ ਨੂੰ ਮੁੜ ਤੋਂ ਪੈਦਾ ਹੋਣ ਤੋਂ ਰੋਕਣ ਲਈ ਫੌਰੀ ਕਦਮ ਚੁੱਕੇ। ਇਸ ਸਮੇਂ ਦੌਰਾਨ ਕਈ ਐਸੇ ਸਿੱਖ ਨੇਤਾਵਾਂ, ਸੰਤ ਪੁਰਖਾਂ ਅਤੇ ਸਰਗਰਮ ਕਾਰਕੁਨਾਂ ਨੂੰ ਬਿਨਾਂ ਵਜ੍ਹਾ ਹੀ ਸ਼ਹੀਦ ਕੀਤਾ ਗਿਆ ਸੀ ਜਿਨ੍ਹਾਂ ਨੇ ਕਿਸੇ ਤਰ੍ਹਾਂ ਵੀ ਕੋਈ ਜੁਰਮ ਨਹੀਂ ਕੀਤਾ ਸੀ। ਜਿਵੇਂ ਭਾਈ ਮਨੀ ਸਿੰਘ ਜੀ, ਭਾਈ ਤਾਰਾ ਸਿੰਘ ਡੱਲਵਾਂ, ਭਾਈ ਤਾਰੂ ਸਿੰਘ ਜੀ, ਬੀਰ ਹਕੀਕਤ ਰਾਏ ਜੀ, ਭਾਈ ਸੁਬੇਗ ਸਿੰਘ ਅਤੇ ਸ਼ਾਹਬਾਜ਼ ਸਿੰਘ ਜੀ ਆਦਿ। ਇਨ੍ਹਾਂ ਸ਼ਹੀਦੀਆਂ ਦਾ ਸਮਾਂ 1734 ਤੋਂ ਲੈ ਕੇ 1745 ਤਕ ਦਾ ਸੀ।
ਭਾਈ ਮਨੀ ਸਿੰਘ ਜੀ ਬਜ਼ੁਰਗ ਨੇਤਾ ਸਨ। ਉਹ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ-ਸੰਭਾਲ ਵੀ ਕਰਦੇ ਸਨ। ਜਦੋਂ ਨਵਾਬ ਕਪੂਰ ਸਿੰਘ ਦੀ ਅਗਵਾਈ ਹੇਠ ਸਿੱਖ ਸੰਘਰਸ਼ ਮੁੜ ਤੋਂ ਲਾਮਬੰਦ ਹੋ ਰਿਹਾ ਸੀ ਤਾਂ ਹਕੂਮਤ ਨੇ ਸਮਝਿਆ ਕਿ ਭਾਈ ਮਨੀ ਸਿੰਘ ਜੈਸਾ ਬਜ਼ੁਰਗ ਨੇਤਾ ਇਨ੍ਹਾਂ ਸੰਘਰਸ਼ਸ਼ੀਲ ਸਿੰਘਾਂ ਲਈ ਪ੍ਰੇਰਨਾ ਸਰੋਤ ਬਣਿਆ ਹੋਇਆ ਹੈ। ਇਸ ਲਈ ਸਿੱਖ ਸੰਘਰਸ਼ ਨੂੰ ਦਬਾਉਣ ਲਈ ਉਨ੍ਹਾਂ ਨੂੰ ਮਾਰਨਾ ਬਹੁਤ ਜ਼ਰੂਰੀ ਹੈ। ਸਿੱਟੇ ਵਜੋਂ ਹਕੂਮਤ ਨੇ ਹਾੜ੍ਹ ਸੁਦੀ ਪੰਚਮੀ ਸੰਮਤ 1791 ਬਿਕਰਮੀ ਮੁਤਾਬਕ 24 ਜੂਨ 1734 ਨੂੰ ਭਾਈ ਸਾਹਿਬ ਨੂੰ ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਸੀ। ਉਨ੍ਹਾਂ ਨਾਲ ਹੋਰ ਵੀ ਕਈ ਸਾਥੀ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਸੀ ਜਿਨ੍ਹਾਂ ਦੇ ਨਾਵਾਂ ਦੀ ਜਾਣਕਾਰੀ ਵੱਖ-ਵੱਖ ਤਰ੍ਹਾਂ ਨਾਲ ਮਿਲਦੀ ਹੈ। ਸ਼ਹੀਦ ਬਿਲਾਸ ਅਨੁਸਾਰ ਭਾਈ ਸਾਹਿਬ ਨਾਲ ਸ਼ਹੀਦ ਹੋਣ ਵਾਲੇ ਸਿੰਘਾਂ ਦੇ ਨਾਂ ਸਨ: ਭਾਈ ਗੁਲਜ਼ਾਰ ਸਿੰਘ ਅਤੇ ਭਾਈ ਭੂਪਤ ਸਿੰਘ। ਪਰ ਕੋਇਰ ਸਿੰਘ ਨੇ ਅਲੱਗ ਨਾਂ ਦਿੰਦੇ ਹੋਏ ਦੱਸਿਆ ਹੈ ਕਿ ਭਾਈ ਗੁਰਬਖਸ਼ ਸਿੰਘ, ਸੰਤ ਸਿੰਘ, ਅਮਰ ਸਿੰਘ, ਉਦੈ ਸਿੰਘ, ਗੁਰਮੁਖ ਸਿੰਘ, ਰਣ ਸਿੰਘ ਅਤੇ ਸੰਗਤ ਸਿੰਘ ਆਦਿ ਭਾਈ ਸਾਹਿਬ ਨਾਲ ਸ਼ਹੀਦ ਹੋਏ ਸਨ।
ਭਾਈ ਤਾਰਾ ਸਿੰਘ ਡੱਲਵਾਂ, ਬੀਰ ਹਕੀਕਤ ਰਾਏ ਜੀ, ਭਾਈ ਸੁਬੇਗ ਸਿੰਘ ਤੇ ਭਾਈ ਸ਼ਾਹਬਾਜ਼ ਸਿੰਘ ਅਤੇ ਭਾਈ ਤਾਰੂ ਸਿੰਘ ਜੀ, ਆਪੋ-ਆਪਣੀਆਂ ਥਾਵਾਂ ‘ਤੇ ਗੁਰਬਾਣੀ ਜਾਂ ਸਿੱਖ ਧਰਮ ਦਾ ਪ੍ਰਚਾਰ ਕਰਨ ਵਾਲੇ ਸਨ। ਇਸ ਸਮੇਂ ਦੇ ਸ਼ਹੀਦਾਂ ਵਿੱਚ ਫ਼ੌਜਾਂ ਨਾਲ ਲੜ ਕੇ ਸ਼ਹੀਦ ਹੋਣ ਵਾਲੇ ਸਿਰਫ਼ ਭਾਈ ਬੋਤਾ ਸਿੰਘ ਤੇ ਗਰਜਾ ਸਿੰਘ ਹੀ ਸਨ। ਇਨ੍ਹਾਂ ਨੂੰ ਸ਼ਰੀਕਾਂ ਦੇ ਮਿਹਣੇ ਸੁਣਨੇ ਪਏ ਸਨ ਕਿ ਸਿੰਘ ਤਾਂ ਹੁਣ ਸਿਰਫ਼ ਲੁਕ-ਛਿਪ ਕੇ ਹੀ ਦਿਨ ਕੱਟਣ ਜੋਗੇ ਹਨ। ਇਨ੍ਹਾਂ ਨੇ ਇਹ ਮਿਹਣਾ ਸੁਣ ਕੇ ਹੀ ਆਪਣੇ ਪਿੰਡ ਵਿੱਚ ਖ਼ਾਲਸੇ ਦੀ ਸਰਕਾਰ ਦਾ ਨਾਕਾ ਲਗਾ ਲਿਆ ਸੀ। ਇਹ ਦਰਸਾਉਣ ਲਈ ਕਿ ਖ਼ਾਲਸਾ ਨਾ ਹੀ ਡਰ ਕੇ ਭੱਜਦਾ ਹੈ ਅਤੇ ਨਾ ਹੀ ਕਿਸੇ ਹਕੂਮਤ ਦਾ ਗੁਲਾਮ ਰਹਿੰਦਾ ਹੈ, ਇਨ੍ਹਾਂ ਦੋਵਾਂ ਨੇ ਇਨ੍ਹਾਂ ਵਿਰੁੱਧ ਭੇਜੀ ਗਈ ਫ਼ੌਜੀ ਟੁਕੜੀ ਦਾ ਉਦੋਂ ਤਕ ਮੁਕਾਬਲਾ ਕੀਤਾ ਜਦੋਂ ਤਕ ਇਨ੍ਹਾਂ ਦੇ ਸਰੀਰ ਵਿੱਚ ਜਾਨ ਰਹੀ। ਅਖੀਰ ਇਹ ਦੋਵੇਂ ਸਿੰਘ ਲੜਦੇ ਹੋਏ ਹੀ ਸ਼ਹੀਦੀਆਂ ਪਾ ਗਏ ਸਨ।
1745 ਵਿੱਚ ਜ਼ਕਰੀਆ ਖ਼ਾਨ ਮਰ ਗਿਆ ਸੀ। ਇਸ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਵਿੱਚ ਵੀ ਬੜੀਆਂ ਤਬਦੀਲੀਆਂ ਵਾਪਰ ਗਈਆਂ ਸਨ। ਇੱਕ ਤਾਂ ਜ਼ਕਰੀਆ ਖ਼ਾਨ ਦੇ ਦੋਵੇਂ ਪੁੱਤਰ ਯਾਹੀਆ ਖ਼ਾਨ ਅਤੇ ਸ਼ਾਹ ਨਿਵਾਜ਼ ਖ਼ਾਨ ਨਾਲਾਇਕ ਸਨ। ਦੂਜਾ, ਖ਼ਾਲਸੇ ਦਾ ਸੰਘਰਸ਼ ਵੀ ਆਪਣੇ ਸ਼ਹੀਦਾਂ ਦੀ ਸ਼ਹਾਦਤ ਤੋਂ ਪ੍ਰੇਰਨਾ ਲੈਂਦਾ ਹੋਇਆ ਬਹੁਤ ਤਾਕਤਵਰ ਹੋ ਗਿਆ ਸੀ। ਭਾਵੇਂ ਇਸ ਸਮੇਂ ਦੌਰਾਨ ਛੋਟਾ ਘੱਲੂਘਾਰਾ (ਮਈ-ਜੂਨ, 1746) ਵੀ ਵਾਪਰਿਆ ਅਤੇ ਇਸ ਘੱਲੂਘਾਰੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਿੰਘ ਸ਼ਹੀਦ ਹੋ ਗਏ ਪਰ ਇਹ ਸ਼ਹੀਦੀਆਂ ਲੜਾਈ ਦੇ ਮੈਦਾਨ ਵਿਚਲੀਆਂ ਸਨ। ਲੜਾਈ ਵਿਚਲੀਆਂ ਸ਼ਹਾਦਤਾਂ ਨੂੰ ਸੂਰਮਗਤੀ ਤਾਂ ਮੰਨਿਆ ਗਿਆ ਹੈ ਪਰ ਸ਼ਾਂਤਮਈ ਤਰੀਕੇ ਨਾਲ ਹੋਈਆਂ ਸ਼ਹਾਦਤਾਂ ਨੂੰ ਸਿਰਮੌਰ ਮੰਨਿਆ ਗਿਆ ਹੈ। ਸ਼ਾਂਤਮਈ ਰਹਿੰਦਿਆਂ ਦਿੱਤੀਆਂ ਗਈਆਂ ਸ਼ਹਾਦਤਾਂ ਦੇ ਸਾਹਮਣੇ ਜੀਵਨ ਜਿਉਣ ਦਾ ਇੱਕ ਬਦਲ ਹੁੰਦਾ ਸੀ ਜਦੋਂਕਿ ਜੰਗ ਦੇ ਮੈਦਾਨ ਵਿੱਚ ਲੜ ਕੇ ਮਰਨ ਸਮੇਂ ਇਹ ਬਦਲ ਨਹੀਂ ਹੁੰਦਾ ਸੀ। ਲੜਾਈ ਵਿੱਚ ਕਿਸੇ ਇੱਕ ਧਿਰ ਨੇ ਤਾਂ ਮਰਨਾ ਹੀ ਹੈ। ਇਸ ਲਈ ਲੜਾਈ ਵਿੱਚ ਜੀਵਨ-ਜਿਉਣ ਦਾ ਬਦਲ ਜਾਂ ਤਾਂ ਲੜਾਈ ਵਿੱਚੋਂ ਭੱਜ ਕੇ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ ਤੇ ਜਾਂ ਦੁਸ਼ਮਣ ਦੀ ਈਨ ਮੰਨ ਕੇ। ਇਉਂ ਇਹ ਦੋਵੇਂ ਰਸਤੇ ਹੀ ਇੱਕ ਯੋਧੇ ਨੂੰ ਸ਼ੋਭਾ ਨਹੀਂ ਦਿੰਦੇ। ਇਸ ਤਰ੍ਹਾਂ ਸਿੱਖ ਇਤਿਹਾਸ ਵਿੱਚ ਬੇਮਿਸਾਲ ਸੂਰਮਗਤੀ ਦੀਆਂ ਬਹੁਤ ਮਿਸਾਲਾਂ ਹਨ ਪਰ ਸਿਰਮੌਰ ਥਾਂ ਸਿਰਫ਼ ਸ਼ਾਂਤਮਈ ਸ਼ਹਾਦਤਾਂ ਨੂੰ ਹੀ ਦਿੱਤੀ ਗਈ ਹੈ। ਬੰਦਾ ਸਿੰਘ ਬਹਾਦਰ ਬੇਸ਼ੱਕ ਲੜਾਈ ਦੇ ਮੈਦਾਨ ਦਾ ਇੱਕ ਸੂਰਬੀਰ ਯੋਧਾ ਸੀ ਪਰ ਜਦੋਂ ਉਸ ਨੇ ਸ਼ਹਾਦਤ ਦਿੱਤੀ ਸੀ ਉਸ ਸਮੇਂ ਉਹ ਇੱਕ ਕੈਦੀ ਸੀ। ਕੈਦ ਵਿੱਚ ਰੱਖ ਕੇ ਹੀ ਜਦੋਂ ਉਸ ਨੂੰ ਮਾਰਿਆ ਜਾ ਰਿਹਾ ਸੀ ਤਾਂ ਉਸ ਦੇ ਸਾਹਮਣੇ ਇੱਕ ਬਦਲ ਰੱਖਿਆ ਗਿਆ ਸੀ। ਇਹ ਬਦਲ ਸੀ ਹਕੂਮਤ ਦੀ ਈਨ ਮੰਨ ਕੇ ਇਸਲਾਮ ਨੂੰ ਕਬੂਲ ਕਰਨ ਦਾ। ਬੰਦਾ ਸਿੰਘ ਨੇ ਇਸ ਨੂੰ ਰੱਦ ਕਰਕੇ ਮੌਤ ਦਾ ਬਦਲ ਚੁਣਿਆ ਸੀ।
1765 ਤੋਂ ਲੈ ਕੇ 1849 ਤਕ ਦੇ 85 ਸਾਲ ਪੰਜਾਬ ਵਿੱਚ ਖ਼ਾਲਸੇ ਦੇ ਰਾਜ ਦਾ ਸਮਾਂ ਸੀ। ਕੁਦਰਤੀ ਗੱਲ ਸੀ ਕਿ ਖ਼ਾਲਸੇ ਦੇ ਆਪਣੇ ਰਾਜ ਵਿੱਚ ਸਿੱਖਾਂ ਦਾ ਬੋਲਬਾਲਾ ਹੋਣਾ ਸੀ। ਸ਼ਹਾਦਤਾਂ ਸੰਘਰਸ਼ ਦੇ ਸਮੇਂ ਦੀਆਂ ਪ੍ਰਤੀਕ ਹਨ। ਇਸ ਲਈ ਇਸ ਸਮੇਂ ਦੌਰਾਨ ਸ਼ਹਾਦਤਾਂ ਤੋਂ ਠੱਲ੍ਹ ਪੈ ਜਾਣੀ ਕੁਦਰਤੀ ਗੱਲ ਸੀ ਪਰ ਖ਼ਾਲਸਾ ਰਾਜ ਦੇ ਅਖੀਰ ‘ਤੇ ਦੋ ਸਿੱਖ-ਅੰਗਰੇਜ਼ ਜੰਗਾਂ ਦੌਰਾਨ ਹੋਈ ਤਬਾਹੀ ਵੱਲ ਸਾਡੇ ਇਤਿਹਾਸਕਾਰਾਂ ਨੇ ਬਹੁਤਾ ਧਿਆਨ ਨਹੀਂ ਦਿੱਤਾ। ਉਨ੍ਹਾਂ ਨੇ ਇਸ ਤਬਾਹੀ ਨੂੰ ਸਿਰਫ ਇੰਨਾ ਕੁ ਕਹਿ ਕੇ ਹੀ ਅਣਗੌਲਿਆਂ ਕਰ ਦਿੱਤਾ ਹੈ ਕਿ ਦੁਸ਼ਮਣਾਂ ਦੀ ਸਾਜ਼ਿਸ਼ ਅਤੇ ਧੋਖੇ ਨਾਲ ਖ਼ਾਲਸਾ ਰਾਜ 1849 ਵਿੱਚ ਖ਼ਤਮ ਕਰ ਦਿੱਤਾ ਗਿਆ ਸੀ। ਜੇਕਰ ਇਸ ਤਬਾਹੀ ਦੇ ਵਿਸਥਾਰ ਵਿੱਚ ਜਾ ਕੇ ਦੇਖਿਆ ਜਾਵੇ ਤਾਂ ਪਤਾ ਲੱਗੇਗਾ ਕਿ ਹਾਰੀਆਂ ਗਈਆਂ ਦੋਵੇਂ ਸਿੱਖ-ਅੰਗਰੇਜ਼ ਜੰਗਾਂ ਵਿੱਚ 40 ਹਜ਼ਾਰ ਉਹ ਸਿੱਖ ਸਿਪਾਹੀ ਮਾਰਿਆ ਗਿਆ ਸੀ ਜਿਹੜਾ ਪੂਰੀ ਤਰ੍ਹਾਂ ਸਿੱਖਿਅਤ ਅਤੇ ਜ਼ਾਬਤੇਦਾਰ ਫ਼ੌਜੀ ਸਿਪਾਹੀ ਸੀ। ਸਭਰਾਉਂ ਦੀ 10 ਫਰਵਰੀ 1846 ਦੀ ਅੱਧੇ ਦਿਨ ਦੀ ਲੜਾਈ ਵਿੱਚ ਹੀ ਸ. ਸ਼ਾਮ ਸਿੰਘ ਅਟਾਰੀਵਾਲੇ ਦੀ ਅਗਵਾਈ ਹੇਠ ਲੜਨ ਵਾਲੀ ਪੂਰੀ ਦੀ ਪੂਰੀ ਖ਼ਾਲਸਾ ਫ਼ੌਜ ਤੋਪ ਦੇ ਗੋਲਿਆਂ ਨਾਲ ਮਾਰ ਦਿੱਤੀ ਗਈ ਸੀ। ਸ. ਅਟਾਰੀਵਾਲੇ ਦੀ ਅਗਵਾਈ ਹੇਠ 20 ਹਜ਼ਾਰ ਖ਼ਾਲਸਾ ਫ਼ੌਜ ਸੀ। ਇਸ ਲੜਾਈ ਵਿੱਚ ਸ਼ਾਮਲ ਬਰਤਾਨਵੀ ਲੇਖਕ ਕਨਿੰਘਮ ਨੇ ਲਿਖਿਆ ਹੈ ਕਿ ਇਸ ਲੜਾਈ ਵਿੱਚ ਨਾ ਕਿਸੇ ਸਿੱਖ ਸਿਪਾਹੀ ਨੇ ਹਥਿਆਰ ਸੁੱਟੇ ਸਨ ਅਤੇ ਨਾ ਹੀ ਕੋਈ ਮੈਦਾਨ ਵਿੱਚੋਂ ਭੱਜਿਆ ਸੀ। ਸਭ ਦੇ ਸਭ ਆਪਣੇ ਆਗੂ ਦੇ ਅੱਗੇ ਹੋ ਕੇ ਜਾਨਾਂ ਵਾਰ ਗਏ ਸਨ। ਬਾਕੀ ਵੀਹ ਹਜ਼ਾਰ ਸਿਪਾਹੀ ਦੂਜੀ ਸਿੱਖ-ਅੰਗਰੇਜ਼ ਜੰਗ ਵਿੱਚ ਸਰਦਾਰ ਸ਼ੇਰ ਸਿੰਘ ਅਟਾਰੀਵਾਲੇ ਦੀ ਅਗਵਾਈ ਹੇਠ ਲੜ ਕੇ ਸ਼ਹੀਦ ਹੋ ਗਿਆ ਸੀ। ਸ਼ਾਇਦ ਇੰਨਾ ਜਾਨੀ ਨੁਕਸਾਨ ਤਾਂ ਸਿੱਖਾਂ ਦਾ ਦੋਵੇਂ ਘੱਲੂਘਾਰਿਆਂ ਵਿੱਚ ਵੀ ਨਹੀਂ ਹੋਇਆ ਸੀ ਜਿੰਨਾ ਦੋਵੇਂ ਸਿੱਖ-ਅੰਗਰੇਜ਼ ਜੰਗਾਂ ਵਿੱਚ ਹੋਇਆ ਸੀ। ਇਧਰ ਧਿਆਨ ਦੇਣ ਦੀ ਲੋੜ ਹੈ। ਇਹ ਸਾਰੇ ਬਾਕਾਇਦਾ ਸੈਨਿਕ ਸਨ। ਇਨ੍ਹਾਂ ਦਾ ਸਾਰੇ ਕੁਝ ਦਾ ਲਿਖਤੀ ਰਿਕਾਰਡ ਸੀ ਪਰ ਅਜੇ ਤਕ ਸਾਨੂੰ ਇਨ੍ਹਾਂ ਚਾਲੀ ਹਜ਼ਾਰ ਸਿੱਖ ਸਿਪਾਹੀਆਂ ਵਿੱਚੋਂ ਸਿਰਫ਼ 20-25 ਸੈਨਿਕਾਂ ਜਾਂ ਅਧਿਕਾਰੀਆਂ ਦੇ ਨਾਵਾਂ ਦਾ ਹੀ ਪਤਾ ਹੈ। ਇਹ ਗੱਲ ਸਿੱਖ ਇਤਿਹਾਸ ਦੇ ਖੋਜਾਰਥੀਆਂ ਲਈ ਬਹੁਤ ਵੱਡੀ ਚੁਣੌਤੀ ਹੈ।
1849 ਵਿੱਚ ਖ਼ਾਲਸਾ ਰਾਜ ਦੇ ਖ਼ਾਤਮੇ ਤੋਂ ਬਾਅਦ ਪੰਜਾਬ ਵਿੱਚ ਬਦੇਸ਼ੀ (ਅੰਗਰੇਜ਼ੀ) ਸ਼ਾਸਨ ਸ਼ੁਰੂ ਹੋਇਆ। ਸੰਘਰਸ਼ ਕਰਨ ਦਾ ਵਿਚਾਰ ਜਿਹੜਾ ਸਿੱਖ ਦੀ ਸੋਚ ਦਾ ਇੱਕ ਮੁੱਖ ਨੁਕਤਾ ਸੀ ਇਸ ਸਮੇਂ ਸਿੱਖ ਸੋਚ ਵਿੱਚੋਂ ਨਿਕਲ ਚੁੱਕਿਆ ਸੀ ਕਿਉਂਕਿ ਦੋਵੇਂ ਸਿੱਖ-ਅੰਗਰੇਜ਼ ਜੰਗਾਂ ਵਿੱਚ ਸਿੱਖਾਂ ਨੂੰ ਬਹੁਤ ਵੱਡੀ ਸੱਟ ਵੱਜ ਚੁੱਕੀ ਸੀ। ਇਸ ਸੱਟ ਵਿੱਚੋਂ ਸਿੱਖ 1920 ਤਕ ਉੱਭਰ ਨਹੀਂ ਸਕੇ ਸਨ। ਇਸ ਸਮੇਂ ਵੀ ਸਿੱਖ ਸੰਘਰਸ਼ ਸਿਰਫ਼ ਗੁਰਦੁਆਰਿਆਂ ਨੂੰ ਪੰਥਕ ਕੰਟਰੋਲ ਵਿੱਚ ਕਰਨ ਲਈ ਚੱਲਿਆ ਸੀ ਜਿਹੜਾ ਗੁਰਦੁਆਰਾ ਸੁਧਾਰ ਲਹਿਰ ਦੇ ਨਾਂ ਨਾਲ ਸਾਹਮਣੇ ਆਇਆ ਸੀ। ਇਹ ਪੂਰੀ ਤਰ੍ਹਾਂ ਸ਼ਾਂਤਮਈ ਸੀ ਪਰ ਇਸ ਸ਼ਾਂਤਮਈ ਸੰਘਰਸ਼ ਨੂੰ ਵੀ ਅੰਗਰੇਜ਼ ਹਕੂਮਤ ਨੇ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਦਬਾਉਣ ਦੀ ਕੋਸ਼ਿਸ਼ ਕੀਤੀ ਸੀ। ਇਸ ਸ਼ਾਂਤਮਈ ਸੰਘਰਸ਼ ਵਿੱਚ ਸ਼ਹਾਦਤਾਂ ਬਹੁਤ ਹੋਈਆਂ ਸਨ। ਨਨਕਾਣਾ ਸਾਹਿਬ ਦੇ ਸਾਕੇ ਵਿੱਚ (ਫਰਵਰੀ 1921) ਅਨੇਕਾਂ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਇਸ ਵਿੱਚ ਮੁੱਖ ਸ਼ਹਾਦਤਾਂ ਭਾਈ ਲਛਮਣ ਸਿੰਘ ਅਤੇ ਭਾਈ ਦਲੀਪ ਸਿੰਘ ਦੀਆਂ ਸਨ। ਇਸ ਸਾਕੇ ਵਿੱਚ ਹੋਰ ਵੀ ਬਹੁਤ ਸਾਰੇ ਸਿੰਘ ਸ਼ਹੀਦ ਕੀਤੇ ਗਏ ਜਿਨ੍ਹਾਂ ਦੀ ਗਿਣਤੀ ਬਾਰੇ ਵੱਖ-ਵੱਖ ਰਿਪੋਰਟਾਂ ਵਿੱਚ 120 ਤੋਂ ਲੈ ਕੇ 200 ਤਕ ਦੀ ਗਿਣਤੀ ਦਿੱਤੀ ਗਈ ਹੈ। ਇਸ ਲਹਿਰ ਦੇ ਸਮਕਾਲੀ ਲੇਖਕ ਗਿਆਨੀ ਪ੍ਰਤਾਪ ਸਿੰਘ ਨੇ ਨਨਕਾਣਾ ਸਾਹਿਬ ਦੇ ਕੁੱਲ ਸ਼ਹੀਦਾਂ ਦੀ ਗਿਣਤੀ 86 ਦਿੱਤੀ ਹੈ। ਇਨ੍ਹਾਂ ਦੇ ਨਾਂ ਵੀ ਦਿੱਤੇ ਗਏ ਹਨ। ਸਮੁੱਚੀ ਗੁਰਦੁਆਰਾ ਸੁਧਾਰ ਲਹਿਰ ਦਾ ਸਿੱਟਾ 1925 ਦੇ ਪੰਜਾਬ ਸਿੱਖ ਗੁਰਦੁਆਰਾ ਐਕਟ ਵਿੱਚ ਨਿਕਲਿਆ। ਇਸ ਤਹਿਤ ਹੀ ਵਰਤਮਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਹੋਂਦ ਵਿੱਚ ਆਈ ਹੈ। ਬਰਤਾਨਵੀ ਸ਼ਾਸਨ ਦੌਰਾਨ ਗੁਰਦੁਆਰਾ ਸੁਧਾਰ ਲਹਿਰ ਦੇ ਨਾਂ ਹੇਠ ਸ਼ਾਇਦ ਸਿੱਖਾਂ ਦਾ ਆਖਰੀ ਸੰਘਰਸ਼ ਸੀ ਜਿਹੜਾ ਨਿਰੋਲ ਸਿੱਖ ਮਿਸ਼ਨ ਦੀ ਪੂਰਤੀ ਲਈ ਸੀ। ਕੁਝ ਸਮੇਂ ਲਈ ਬੱਬਰ ਅਕਾਲੀ ਲਹਿਰ ਵੀ ਚੱਲੀ ਸੀ ਜਿਸ ਵਿੱਚ ਕਈ ਬੱਬਰ ਸ਼ਹੀਦ ਕਰ ਦਿੱਤੇ ਗਏ ਸਨ। ਇਹ ਨਿਰੋਲ ਰਾਜਨੀਤਕ ਲੜਾਈ ਸੀ ਜਿਹੜੀ ਸੀਮਤ ਪੱਧਰ ਤਕ ਰਹੀ ਸੀ। ਸਿੱਖਾਂ ਵਿੱਚ ਇਹ ਲਹਿਰ ਬਹੁਤਾ ਪ੍ਰਭਾਵ ਨਹੀਂ ਪਾ ਸਕੀ। ਇਸੇ ਤਰ੍ਹਾਂ ਪਹਿਲਾਂ 1860ਵਿਆਂ ਵਿੱਚ ਚੱਲੀ ਨਾਮਧਾਰੀ (ਕੂਕਾ) ਲਹਿਰ ਵੀ ਸਿੱਖਾਂ ਉਪਰ ਬਹੁਤਾ ਪ੍ਰਭਾਵ ਨਹੀਂ ਪਾ ਸਕੀ ਸੀ। ਭਾਰਤ ਦੀ ਆਜ਼ਾਦੀ ਲਈ ਸੰਘਰਸ਼ ਨੇ ਸ਼ਾਇਦ ਸਿੱਖ ਮਨਾਂ ਵਿੱਚੋਂ ਉਨ੍ਹਾਂ ਦੇ ਪਹਿਲੇ ਖ਼ਾਲਸਾ ਰਾਜ ਦੀ ਹੋਂਦ ਨੂੰ ਉੱਕਾ ਹੀ ਮਿਟਾ ਦਿੱਤਾ ਸੀ। 18ਵੀਂ ਸਦੀ ਦੌਰਾਨ ਜਿਸ ਸਿੱਖ ਕੌਮ ਨੇ ਆਪਣੀ ਸੁਤੰਤਰਤਾ ਲਈ ਬੇਮਿਸਾਲ ਸੰਘਰਸ਼ ਲੜਿਆ ਸੀ ਉਹੀ ਸਿੱਖ ਕੌਮ ਭਾਰਤ ਦੇ ਸਮੁੱਚੇ ਆਜ਼ਾਦੀ ਅੰਦੋਲਨ ਵਿੱਚ ਕੋਈ ਵੀ ਪ੍ਰਭਾਵ ਨਹੀਂ ਪਾ ਸਕੀ ਸੀ। ਇਹੀ ਕਾਰਨ ਸੀ ਕਿ ਭਾਰਤ ਦੀ ਆਜ਼ਾਦੀ ਉਪਰੰਤ ਪੰਜਾਬ ਵਿੱਚ ਪਹਿਲਾਂ ਪੰਜਾਬੀ ਸੂਬੇ ਦੇ ਨਾਂ ਹੇਠ ਫਿਰ ਅਧੂਰੇ ਪੰਜਾਬੀ ਸੂਬੇ ਨੂੰ ਪੂਰਾ ਕਰਵਾਉਣ ਦੇ ਨਾਂ ਹੇਠ ਲਗਾਤਾਰ ਸਿੱਖ ਸੰਘਰਸ਼ ਚਲਦਾ ਰਿਹਾ ਸੀ।
ਆਜ਼ਾਦ ਭਾਰਤ ਵਿੱਚ ਪੰਜਾਬੀ ਸੂਬੇ ਦੀ ਅਕਾਲੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਦੇ ਪ੍ਰਬੰਧ ਹੇਠ ਜਿਹੜੀ ਬੇਮਿਸਾਲ ਸਿੱਖ ਸ਼ਹਾਦਤ ਹੋਈ ਉਹ ਦਰਸ਼ਨ ਸਿੰਘ ਫੇਰੂਮਾਨ ਦੀ ਸੀ। ਫੇਰੂਮਾਨ ਨੇ ਪੰਜਾਬੀ ਸੂਬੇ ਦੀਆਂ ਅਧੂਰੀਆਂ ਮੱਦਾਂ ਨੂੰ ਪੂਰਾ ਕਰਵਾਉਣ ਅਤੇ ਚੰਡੀਗੜ੍ਹ ਪੰਜਾਬ ਨੂੰ ਦਿਵਾਉਣ ਲਈ 15 ਅਗਸਤ 1969 ਨੂੰ ਅੰਮ੍ਰਿਤਸਰ ਦੀ ਸੈਂਟਰਲ ਜੇਲ੍ਹ ਵਿੱਚ ਆਪਣਾ ਮਰਨ ਵਰਤ ਰੱਖਿਆ ਸੀ। ਇਹ ਮਰਨ ਵਰਤ ਪੂਰੇ 74 ਦਿਨਾਂ ਤਕ ਚਲਦਾ ਰਿਹਾ ਸੀ। ਇਉਂ ਦਰਸ਼ਨ ਸਿੰਘ ਫੇਰੂਮਾਨ ਨੇ 27 ਅਕਤੂਬਰ 1969 ਤੱਕ 74 ਦਿਨ ਭੁੱਖੇ ਰਹਿ ਕੇ ਆਪਣੀ ਜਾਨ ਵਾਰ ਦਿੱਤੀ ਸੀ। ਮਰਨ ਵਰਤ ਦੌਰਾਨ ਉਹ ਪੰਜਾਬ ਦੀ ਅਕਾਲੀ ਪ੍ਰਮੁੱਖਤਾ ਵਾਲੀ ਸਰਕਾਰ ਦੀ ਕੈਦ ਵਿੱਚ ਰਹੇ ਸਨ ਅਤੇ ਕੈਦ ਵਿੱਚ ਹੀ ਉਨ੍ਹਾਂ ਨੇ ਆਪਣੇ ਅੰਤਮ ਸੁਆਸ ਲਏ ਸਨ।
ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਸਿੱਖ ਸ਼ਹਾਦਤਾਂ ਸਿੱਖ ਸੰਘਰਸ਼ ਦਾ ਪ੍ਰਤੀਕ ਸਨ। ਭਾਵੇਂ ਇਹ ਸ਼ਾਂਤਮਈ ਸੀ ਤੇ ਭਾਵੇਂ ਹਥਿਆਰਬੰਦ। ਜਿਉਂ-ਜਿਉਂ ਸ਼ਹਾਦਤਾਂ ਹੁੰਦੀਆਂ ਸਨ, ਸਿੱਖ ਸੰਘਰਸ਼ ਹੋਰ ਪ੍ਰਚੰਡ ਹੁੰਦਾ ਸੀ। ਇਹ ਸਿੱਖ ਸ਼ਹਾਦਤਾਂ ਆਪਣੀ ਮਿਸਾਲ ਆਪ ਸਨ। ਇਨ੍ਹਾਂ ਦਾ ਸੰਕਲਪ ਵੀ ਸਿੱਖ ਧਰਮ ਦਾ ਆਪਣਾ ਸੀ ਅਤੇ ਇਨ੍ਹਾਂ ਦਾ ਉਦੇਸ਼ ਵੀ ਸਿੱਖ ਧਰਮ ਦਾ ਆਪਣਾ ਸੀ। ਇਨ੍ਹਾਂ ਸ਼ਹਾਦਤਾਂ ਰਾਹੀਂ ਸਿੱਖ ਧਰਮ ਨੇ ਵਿਸ਼ਵ ਨੂੰ ਇੱਕ ਨਵਾਂ ਸੰਦੇਸ਼ ਦਿੱਤਾ ਸੀ। ਇਹ ਸੰਦੇਸ਼ ਆਪਣੇ ਸੱਚ ਦੇ ਮਾਰਗ ਦੀ ਰਾਖੀ ਕਰਨ ਦਾ ਸੀ, ਦੁਸ਼ਮਣ ਨੂੰ ਮਾਰਨ ਦਾ ਨਹੀਂ।
ਡਾ. ਸੁਖਦਿਆਲ ਸਿੰਘ
(ਸਮਾਪਤ)


Post Comment

Tuesday, March 5, 2013

Gurbani Live Kirtan From Golden Temple Shri Darbar Sahib

ਵਾਹਿਗੁਰੂ ਜੀ ਕਾ ਖਾਲਸਾ।।ਵਾਹਿਗੁਰੂ ਜੀ ਕੀ ਫ਼ਤਿਹ।।


Once the window opens click the play button, it is the button with VCR play > image. And enjoy the Live Kirtan from Amritsar Sri Darbar Saheb ....

ਅਜ਼ੀਜ ਪੰਜਾਬੀਓ ਅਗਰ ਕਿਸੇ ਕਾਰਨ ਕਰਕੇ ਤੁਸੀਂ ਗੁਰਬਾਣੀ ਨਹੀ ਸੁਣ ਪਾ ਰਹੇ ਤਾਂ ਹੇਠਾਂ ਦਿੱਤੇ ਰੇਡੀਓ ਲਿੰਕ ਉੱਪਰ ਜਾ ਕੇ ਆਸਾਨੀ ਨਾਲ ਸੁਣ ਸਕਦੇ ਹੋ ਜੀ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਦਾ ਸਿਧਾ ਪ੍ਰਸਾਰਨ ਅਤੇ ਨਵੇਂ ਪੁਰਾਣੇ ਗੀਤਾਂ ਨੂੰ ਸੁਣਨ ਲਈ ਇਸ ਲਿੰਕ ਉੱਪਰ ਕਲਿੱਕ ਕਰੋ ਜੀ: Link Sanu Maan Punjabi Hon Da Web-Radio

ਪੰਜਾਬੀਓ ਸਾਡੇ ਕੁਝ ਲਿੰਕ ਹਨ ਸਾਨੂੰ ਮਾਣ ਪੰਜਾਬੀ ਹੋਣ ਦਾ ਦੇ ਨਾਮ ਹੇਠਾਂ ਤੁਸੀਂ ਉਹਨਾ ਉੱਪਰ ਆਪਣੀ ਗੇੜੀ ਛੇੜੀ ਜਰੁਰ ਰਖਿਓ ਜੀ।
ਪੰਜਾਬੀਓ ਅਸੀਂ ਤੁਹਾਡੀ ਸੇਵਾ ਵਿਚ ਆਨਲਾਈਨ ਪੰਜਾਬੀ ਰੇਡੀਓ ਵੀ ਸ਼ੁਰੂ ਕੀਤਾ ਹੈ ਜੀ।

1) ਸਾਨੂੰ ਮਾਣ ਪੰਜਾਬੀ ਹੋਣ ਦਾ ਆਨਲਾਈਨ ਪੰਜਾਬੀ ਰੇਡੀਓ 24/7 ਸੁਣਨ ਲਈ ਹੇਠਾਂ ਦਿੱਤੇ ਲਿੰਕ ਉੱਪਰ ਕਲਿਕ ਕਰੋ ਜੀ । ਇਥੇ ਤੁਸੀਂ ਸਵੇਰੇ ਸ਼ਾਮ ਸ੍ਰੀ ਦਰਬਾਰ ਸਾਹਿਬ ਅਮ੍ਰਿਤਸਰ ਤੋ ਕੀਰਤਨ ਦਾ ਸਿਧਾ ਪ੍ਰਸਾਰਣ ਸਕਦੇ ਹੋ ਜੀ
ਰੇਡੀਓ ਲਿੰਕ: Sanu Maan Punjabi Hon Da Web-Radio

2) ਸਾਨੂੰ ਮਾਣ ਪੰਜਾਬੀ ਹੋਣ ਦਾ ਫੇਸਬੁੱਕ ਪੇਜ਼ ਨਾਲ ਜੁੜਨ ਲਈ ਹੇਠਲੇ ਲਿੰਕ ਉਪਰ ਕਲਿਕ ਕਰੋ ਜੀ
ਫੇਸਬੁੱਕ ਫੇੰਨ ਪੇਜ਼ ਲਿੰਕ: Sanu Maan Punjabi Hon Da

3) ਗੂਗਲ ਪਲੱਸ ਵਰਤੋਂਕਾਰ ਇਸ ਲਿੰਕ ਉੱਪਰ ਸਾਡੇ ਨਾਲ ਜੁੜ੍ਹ ਸਕਦੇ ਹਨ।
ਗੂਗਲ ਪਲੱਸ ਲਿੰਕ: google+

4) ਟਵੀਟਰ ਵਰਤੋਂਕਾਰ ਇਸ ਲਿੰਕ ਉੱਪਰ ਸਾਡੇ ਨਾਲ ਜੁੜ੍ਹ ਸਕਦੇ ਹਨ।
ਟਵੀਟਰ ਲਿੰਕ: Twitter

5) ਲਿੰਕਏਡਿਨ ਵਰਤੋਂਕਾਰ ਇਸ ਲਿੰਕ ਉੱਪਰ ਸਾਡੇ ਨਾਲ ਜੁੜ੍ਹ ਸਕਦੇ ਹਨ।
ਲਿੰਕਏਡਿਨ ਲਿੰਕ: Linkedin

6) ਫੇਸਬੁੱਕ ਗਰੁੱਪ ਲਿੰਕ: Sanu Maan Punjabi Hon Da Group

ਇਕ ਮਿੰਟ ਚ' ਕਿਸੇ ਵੀ ਫੇਸਬੁੱਕ ਗਰੁੱਪ ਵਿਚ ਆਪਦੇ  ਸਾਰੇ ਫ੍ਰੇਂਡ ਐਡ ਕਰਨ ਲਈ ਤੁਸੀਂ ਇਸ ਲਿੰਕ ਨੂੰ ਵਰਤੋਂ ਵਿਚ ਲਿਆ ਸਕਦੇ ਹੋ ਜੀ।
ਲਿੰਕ: Add all Friends in Facebook Groups by Single Click-  

ਪੰਜਾਬੀਓ ਤੁਸੀਂ ਸਾਡੇ ਨਾਲ ਹੇਠਾਂ ਦਿਤੇ ਨੰਬਰਾਂ ਰਾਹੀ ਵੀ ਕੋਨਟੈਕਟ ਕਰ ਸਕਦੇ ਹੋ।

ਈਮੇਲ ਪਤਾ: sanumaanpunjabihonda@gmail.com
ਸਕਾਈਪ: sanumaanpunjabihonda

ਸਪੈਨ:     -----  +34 603294805    ਗੁਰਸ਼ਾਮ ਸਿੰਘ ਚੀਮਾ
ਇੰਡੀਆ:  ----- +91 9316806777   ਸੁਖਬੀਰ ਜੱਜ ਜੈਠੂਵਾਲ
ਅਫ੍ਰੀਕਾ:  -----  +251915921267    ਤਜਿੰਦਰ ਸਿੰਘ ਸਰਾਂ
ਦੁਬਈ:   ------ +971501640517    ਮੈਜਰ ਸਿੰਘ
ਕਨੇਡਾ:   -----  +1 6477630646     ਦਿਲਪ੍ਰੀਤ ਸਿੰਘ ਚੀਮਾ
ਹੋੰਗ-ਕੋੰਗ: ---- +852-6680 3351   ਮਨਮੋਹਨ ਸਿੰਘ ਭਿੰਡਰ

ਵਾਹਿਗੁਰੂ ਜੀ ਆਪਣੇ ਸੁਝਾਓ ਸਾਨੂੰ ਤੁਸੀਂ ਹੇਠਾਂ ਦਿੱਤੇ ਕਮੇੰਟ ਬੋਕਸ ਜਾਂ ਉੱਪਰ ਦਿੱਤੇ ਇਮੈਲ ਪਤੇ ਉੱਪਰ ਦੇ ਸਕਦੇ ਹੋ ਜੀ। ਤੁਹਾਡੇ ਕੀਮਤੀ ਵਿਚਾਰਾਂ ਦੀ ਸਾਨੂੰ ਹਮੇਸ਼ਾਂ ਉਡੀਕ ਰਹੇਗੀ।  ਕਿਸੇ ਵੀ ਪ੍ਰੋਬਲਮ ਕਾਰਨ ਅਗਰ ਤੁਸੀਂ ਗੁਰਬਾਣੀ ਨਹੀ ਸੁਣ ਪਾ ਰਹੇ ਤਾਂ ਤੁਸੀਂ ਸਾਡੇ ਰੇਡੀਓ ਲਿੰਕ ਉੱਪਰ ਦਸਤਕ ਦੇ ਸਕਦੇ ਹੋ ਜੀ ਰੇਡੀਓ ਲਿੰਕ ਉੱਪਰ ਦਿਤਾ ਗਿਆ ਹੈ ਜੀ। ਗੁਰਬਾਣੀ ਲਾਇਵ ਪ੍ਰੋਗ੍ਰਾਮ ਸਿਰਫ ਇੰਡੀਆ ਸਮੇ ਉੱਪਰ ਹੀ ਚੱਲਦਾ ਹੈ ਜੀ।


ਧੰਨਵਾਦ ਸਹਿਤ 
+੩੪੬੦੩੨੯੪੮੦੫ 



Post Comment