ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Saturday, January 4, 2020

ਨੈਪੋਲੀਅਨ ਵਰਗੇ ਫਰਾਂਸੀਸੀ ਨਾਇਕ ਦੇ ਜਰਨੈਲ -ਕਰਨੈਲ ਸਾਡੇ ਨੌਕਰ ਰਹੇ ਨੇ।

ਨੈਪੋਲੀਅਨ ਵਰਗੇ ਫਰਾਂਸੀਸੀ ਨਾਇਕ ਦੇ ਜਰਨੈਲ -ਕਰਨੈਲ ਸਾਡੇ ਨੌਕਰ ਰਹੇ ਨੇ। ਇਤਿਹਾਸ ਪੜ੍ਹਕੇ ਦੇਖ ਲਵੋ ਕਿ ਮਹਾਰਾਜਾ ਰਣਜੀਤ ਸਿੰਘ ਕੋਲ ਇਤਾਲਵੀ ਨਾਗਰਿਕ ਜਰਨੈਲ ਵੈਤੂੰਰਾ ਮੁਲਾਜਿਮ ਹੁੰਦਾ ਸੀ ਜਿਹੜਾ ਪਹਿਲਾਂ ਨੈਪੋਲੀਅਨ ਕੋਲ ਕਰਨੈਲ ਰਿਹਾ ਸੀ...
ਮਹਾਰਾਜਾ ਰਣਜੀਤ ਸਿੰਘ ਦੀ ਧਰਮ-ਨਿਰਪੇਖਤਾ
ਮਨੋਹਰ ਸਿੰਘ ਬਤਰਾ
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਸਿਆਣਾ, ਸੂਝਵਾਨ, ਹੁਸ਼ਿਆਰ ਅਤੇ ਵਿਹਾਰਕ ਵਿਅਕਤੀ ਹੋਣ ਤੋਂ ਇਲਾਵਾ ਇੱਕ ਬਹਾਦਰ ਜਰਨੈਲ ਅਤੇ ਨਿੱਡਰ ਯੋਧਾ ਸੀ। ਸਿਦਕੀ ਸਿੱਖ ਹੋਣ ਕਾਰਨ ਇੱਕ ਸਿਰਜਣਹਾਰ ਦੀ
ਮਹਾਰਾਜਾ ਵੱਖ-ਵੱਖ ਧਰਮਾਂ ਅਤੇ ਕੌਮੀਅਤਾਂ ਦੇ ਬੰਦਿਆਂ ਨੂੰ ਆਪਣੀ ਸਰਕਾਰ ਵਿੱਚ ਸ਼ਾਮਲ ਕਰਨ ਲੱਗ ਪਿਆ। ਸਿੱਖਾਂ ਤੋਂ ਇਲਾਵਾ ਉਸ ਨੇ ਬ੍ਰਾਹਮਣ, ਖੱਤਰੀ, ਡੋਗਰਾ, ਅੰਗਰੇਜ਼, ਫਰਾਂਸੀਸੀ, ਇਤਾਲਵੀ ਅਤੇ ਅਮਰੀਕੀ ਸ਼੍ਰੇਣੀਆਂ ਨਾਲ ਸਬੰਧਿਤ ਵਿਅਕਤੀਆਂ ਨੂੰ ਸਰਕਾਰੀ ਕੰਮ-ਧੰਦਿਆਂ ਉੱਤੇ ਲਾਇਆ। ਕੋਈ ਵੀ ਇਨਸਾਨ, ਭਾਵੇਂ ਕਿਸੇ ਵੀ ਧਰਮ ਨਾਲ ਸਬੰਧਿਤ ਹੋਵੇ, ਆਪਣੀ ਯੋਗਤਾ ਦੇ ਆਧਾਰ ‘ਤੇ ਉਹ ਮਹਾਰਾਜੇ ਦੀਆਂ ਖ਼ੁਸ਼ੀਆਂ ਪ੍ਰਾਪਤ ਕਰ ਸਕਦਾ ਸੀ।
ਸ਼ੇਰ-ਏ-ਪੰਜਾਬ ਦੀ ਸਲਤਨਤ ਵਿੱਚ ਡੋਗਰਾ ਭਰਾਵਾਂ ਧਿਆਨ ਸਿੰਘ, ਗੁਲਾਬ ਸਿੰਘ ਅਤੇ ਸੁਚੇਤ ਸਿੰਘ ਨੇ ਬਹੁਤ ਲਾਭ ਉਠਾਇਆ। ਧਿਆਨ ਸਿੰਘ ਵਜ਼ੀਰ-ਏ-ਆਜ਼ਮ ਸੀ। ਗੁਲਾਬ ਸਿੰਘ ਨੂੰ ਜੰਮੂ ਦਾ ਗਵਰਨਰ ਤੇ ਕਮਾਂਡਰ ਥਾਪ ਦਿੱਤਾ ਗਿਆ ਅਤੇ ਸੁਚੇਤ ਸਿੰਘ ਨੂੰ ਘੋੜਸਵਾਰ ਸੈਨਾ ਵਿੱਚ ਵੱਡਾ ਰੁਤਬਾ ਬਖ਼ਸ਼ਿਆ ਗਿਆ। ਉੱਚ-ਮਰਤਬੇਦਾਰ ਜਮਾਂਦਾਰ ਖ਼ੁਸ਼ਾਲ ਸਿੰਘ, ਮਿਸਰ ਦੀਵਾਨ ਚੰਦ, ਮਿਸਰ ਬੇਲੀ ਰਾਮ ਅਤੇ ਰਾਜਾ ਦੀਨਾ ਨਾਥ ਸਾਰੇ ਬ੍ਰਾਹਮਣ ਕੁੱਲ ਦੇ ਸਨ। ਦੀਵਾਨ ਚੰਦ ਨੂੰ ਜ਼ਫ਼ਰਜੰਗ ਅਤੇ ਫ਼ਤਿਹ ਨੁਸਰਤ ਦੇ ਖ਼ਿਤਾਬਾਂ ਨਾਲ ਨਿਵਾਜਿਆ ਗਿਆ। ਇੱਕ ਕਸ਼ਮੀਰੀ ਪੰਡਿਤ ਦੀਵਾਨ ਗੰਗਾ ਰਾਮ ਨੂੰ ਸ਼ਾਹੀ ਮੋਹਰ ਦਾ ਰਖਵਾਲਾ ਅਤੇ ਹਥਿਆਰਬੰਦ ਫ਼ੌਜਾਂ ਦਾ ਮੁੱਖ ਲੇਖਾਕਾਰ ਬਣਾਇਆ ਗਿਆ। ਦੀਵਾਨ ਦੀਨਾ ਨਾਥ ਨੇ ਰਾਜ ਦੇ ਖ਼ਜ਼ਾਨੇ ਦੇ ਵਜ਼ੀਰ ਵਜੋਂ ਨਾਮਣਾ ਖੱਟਿਆ। ਮਿਸਰ ਬੇਲੀ ਰਾਮ ਖ਼ਜ਼ਾਨੇ ਦਾ ਮੁਖੀ ਸੀ। ਦੀਵਾਨ ਮੋਹਕਮ ਚੰਦ ਅੱਠ ਵਰ੍ਹੇ ਖ਼ਾਲਸਾ ਫ਼ੌਜ ਦੀ ਕਮਾਨ ਸੰਭਾਲਦਾ ਰਿਹਾ। ਦੀਵਾਨ ਸਾਵਣ ਮੱਲ ਨੇ ਸੰਨ 1821 ਵਿੱਚ ਮੁਲਤਾਨ ਦੇ ਗਵਰਨਰ ਵਜੋਂ ਬਹੁਤ ਨਾਮਣਾ ਖੱਟਿਆ।
ਫ਼ਕੀਰ ਅਜ਼ੀਜ਼ੂਦੀਨ ਬਹੁਤ ਛੇਤੀ-ਛੇਤੀ ਮਹਾਰਾਜਾ ਰਣਜੀਤ ਸਿੰਘ ਦੇ ਵਿਦੇਸ਼ ਮੰਤਰੀ ਦੇ ਅਹੁਦੇ ‘ਤੇ ਪਹੁੰਚ ਗਿਆ। ਉਸ ਦੇ ਭਰਾ ਫ਼ਕੀਰ ਨੂਰ-ਉਦ-ਦੀਨ ਨੂੰ ਗ੍ਰਹਿ ਵਿਭਾਗ ਸੌਂਪ ਦਿੱਤਾ ਗਿਆ। ਫ਼ਕੀਰ ਇਮਾਮ-ਉਦ-ਦੀਨ ਗੋਬਿੰਦਗੜ੍ਹ ਕਿਲ੍ਹੇ ਦਾ ਖ਼ਜ਼ਾਨਾ ਅਧਿਕਾਰੀ ਸੀ। ਜਿਹੜੇ ਹੋਰ ਮੁਸਲਿਮ ਪਤਵੰਤੇ ਵੱਡੇ ਅਹੁਦਿਆਂ ਤਕ ਪਹੁੰਚੇ, ਉਨ੍ਹਾਂ ਵਿੱਚ ਕਾਜ਼ੀ ਨਿਜ਼ਾਮ-ਉਦ-ਦੀਨ, ਮੁਫ਼ਤੀ ਮੁਹੰਮਦ ਸ਼ਾਹ, ਇਮਾਮ ਬਖ਼ਸ਼, ਇਲਾਹੀ ਬਖ਼ਸ਼, ਸੁਲਤਾਨ ਮਹਿਮੂਦ ਅਤੇ ਸ਼ੇਖ਼ ਬਸਾਵਨ ਸ਼ਾਮਲ ਸਨ। ਘੱਟੋ-ਘੱਟ 92 ਸਿਰਕੱਢ ਮੁਸਲਮਾਨ ਮਹਾਰਾਜੇ ਦੀ ਪੁਲੀਸ, ਨਿਆਂ ਅਤੇ ਸਪਲਾਈ ਮਹਿਕਮਿਆਂ ਵਿੱਚ ਤਾਇਨਾਤ ਸਨ।
ਜਿਨ੍ਹਾਂ ਸਿਰਕੱਢ ਸਿੱਖ ਸਰਦਾਰਾਂ ‘ਤੇ ਮਹਾਰਾਜਾ ਰਣਜੀਤ ਨੂੰ ਵਿਸ਼ਵਾਸ ਸੀ, ਉਨ੍ਹਾਂ ਵਿੱਚ ਸਰਦਾਰ ਫ਼ਤਿਹ ਸਿੰਘ ਆਹਲੂਵਾਲੀਆ, ਸਰਦਾਰ ਸ਼ਾਮ ਸਿੰਘ ਅਟਾਰੀਵਾਲਾ, ਜਰਨੈਲ ਹਰੀ ਸਿੰਘ ਨਲਵਾ, ਸਰਦਾਰ ਲਹਿਣਾ ਸਿੰਘ ਮਜੀਠੀਆ ਅਤੇ ਸਰਦਾਰ ਅਤਰ ਸਿੰਘ ਸੰਧਾਵਾਲੀਆ ਸ਼ਾਮਲ ਸਨ। ਇਹ ਸਾਰੇ ਬਹਾਦਰ ਅਤੇ ਨਿਰਭੈ ਯੋਧੇ ਸਨ।
ਵੈਨਤੂਰਾ, ਐਲਾਰਡ, ਅਵਿਤਾਬਲੇ ਤੇ ਕੋਰਟ ਸਾਰੇ ਵਿਦੇਸ਼ੀ ਨਾਗਰਿਕ ਅਤੇ ਈਸਾਈ ਧਰਮ ਦੇ ਅਨੁਯਾਈ ਸਨ। ਇਹ ਸ਼ੇਰ-ਏ-ਪੰਜਾਬ ਦੇ ਅਤਿਅੰਤ ਵਫ਼ਾਦਾਰ ਅਤੇ ਵਿਸ਼ਵਾਸਪਾਤਰ ਵਿਅਕਤੀ ਸਨ। ਵੈਨਤੂਰਾ, ਜਿਹੜਾ ਇਤਾਲਵੀ ਨਾਗਰਿਕ ਸੀ, ਮਹਾਰਾਜਾ ਰਣਜੀਤ ਸਿੰਘ ਦੇ ਬਹੁਤ ਹੀ ਨੇੜੇ ਸੀ। ਉਹ ਫਰਾਂਸੀਸੀ ਉੱਚ-ਸਿਪਾਹਸਾਲਾਰ ਨੈਪੋਲੀਅਨ ਦੀ ਫ਼ੌਜ ਵਿੱਚ ਕਰਨੈਲ ਰਹਿ ਚੁੱਕਾ ਸੀ। ਉਸ ਨੇ ਖ਼ਾਲਸਾ ਫ਼ੌਜ ਦੇ ਪੈਦਲ ਦਸਤਿਆਂ ਦੀ ਸਿਖਲਾਈ ਅਤੇ ਮੋਰਚਾਬੰਦੀ ਵਿੱਚ ਵੱਡੀ ਭੂਮਿਕਾ ਨਿਭਾਈ। ਉਸ ਨੇ ਭਾਰਤ ਦੇ ਉੱਤਰ-ਪੱਛਮੀ ਭਾਗਾਂ ਵਿੱਚ ਆਪਣੇ ਮਾਲਕ ਸ਼ੇਰ-ਏ-ਪੰਜਾਬ ਦੀਆਂ ਮੁਹਿੰਮਾਂ ਵਿੱਚ ਸ਼ਾਨਦਾਰ ਯੁੱਧ ਕਲਾ ਦਾ ਪ੍ਰਦਰਸ਼ਨ ਕੀਤਾ। ਐਲਾਰਡ ਅਤੇ ਕੋਰਟ ਨੇ, ਜੋ ਫਰਾਂਸੀਸੀ ਸਨ, ਸ਼ਾਹੀ ਰਿਸਾਲੇ ਦਾ ਪੁਨਰਗਠਨ ਕੀਤਾ। ਇਤਾਲਵੀ ਨਾਗਰਿਕ ਅਵਿਤਾਬਲੇ ਵਜ਼ੀਰਾਬਾਦ ਅਤੇ ਮਗਰੋਂ ਪਿਸ਼ਾਵਰ ਦਾ ਗਵਰਨਰ ਰਿਹਾ।
ਮਹਾਰਾਜਾ ਰਣਜੀਤ ਸਿੰਘ ਦਾ ਟੈਕਸਾਂ ਦਾ ਢਾਂਚਾ ਸਭ ਧਰਮਾਂ ਦੇ ਲੋਕਾਂ ਲਈ ਇੱਕੋ ਜਿਹਾ ਸੀ। ਸਿੱਖ, ਹਿੰਦੂ, ਮੁਲਸਮਾਨ ਤੇ ਹੋਰ ਸਾਰੇ ਬਿਨਾਂ ਕਿਸੇ ਪੱਖਪਾਤ ਦੇ ਇੱਕੋ ਜਿਹੇ ਕਰ ਅਦਾ ਕਰਦੇ ਸਨ। ਸਾਰੇ ਨਾਗਰਿਕਾਂ ਨੂੰ ਧਰਮ ਦੀ ਮੁਕੰਮਲ ਆਜ਼ਾਦੀ ਸੀ। ਹਰ ਕੋਈ ਆਪਣੀ ਇੱਛਾ ਮੁਤਾਬਕ ਪੂਜਾ ਪਾਠ ਕਰ ਸਕਦਾ ਸੀ। ਮੰਦਰਾਂ, ਮਸੀਤਾਂ, ਗਿਰਜਿਆਂ ਅਤੇ ਗੁਰਦੁਆਰਿਆਂ ਦਾ ਇੱਕੋ ਜਿਹਾ ਸਤਿਕਾਰ ਕੀਤਾ ਜਾਂਦਾ ਸੀ। ਸ਼ੇਰ-ਏ-ਪੰਜਾਬ ਤਨੋਂ-ਮਨੋਂ ਹਰ ਧਰਮ ਦੀ ਇੱਕੋ ਜਿਹੀ ਇੱਜ਼ਤ ਕਰਦੇ ਸਨ। ਉਹ ਹਿੰਦੂਆਂ ਤੇ ਮੁਸਲਮਾਨਾਂ ਦੇ ਤਿਉਹਾਰਾਂ ਵਿੱਚ ਇੱਕੋ ਜਿਹੀ ਸ਼ਰਧਾ ਨਾਲ ਸ਼ਮੂਲੀਅਤ ਕਰਦੇ ਸਨ। ਹਰ ਕੋਈ ਬਸੰਤ ਪੰਚਮੀ ਅਤੇ ਹੋਲੀ ਵਿੱਚ ਸ਼ਾਮਲ ਹੋਣਾ ਚਾਹੁੰਦਾ ਸੀ। ਆਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਦੇ ਮੇਲਿਆਂ ਵਿੱਚ ਸਾਰੇ ਧਰਮਾਂ ਦੇ ਲੋਕ ਹਾਜ਼ਰੀ ਭਰਦੇ ਸਨ। ਹਰ ਵਿਸਾਖੀ ‘ਤੇ ਸ਼ੇਰ-ਏ-ਪੰਜਾਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਰੋਵਰ ਵਿੱਚ ਇਸ਼ਨਾਨ ਕਰਨ ਮਗਰੋਂ ਸਭ ਧਰਮਾਂ ਤੇ ਅਕੀਦਿਆਂ ਦੇ ਗ਼ਰੀਬ ਲੋਕਾਂ ਵਿੱਚ ਖੈਰਾਤ ਵੰਡਦੇ ਸਨ।
ਮਹਾਰਾਜਾ ਰਣਜੀਤ ਸਿੰਘ ਸਭ ਧਰਮਾਂ ਦਾ ਇੰਨਾ ਸਤਿਕਾਰ ਕਰਦਾ ਸੀ ਕਿ ਇਸ ਤੋਂ ਰੱਤੀ ਭਰ ਵੀ ਕਿਸੇ ਵਿਤਕਰੇ ਦਾ ਅਹਿਸਾਸ ਨਹੀਂ ਸੀ ਹੁੰਦਾ। ਜਦੋਂ ਕਦੀ ਵੀ ਉਹ ਦੇਸ਼ ਦੇ ਵੱਖ-ਵੱਖ ਭਾਗਾਂ ਦਾ ਦੌਰਾ ਕਰਦਾ ਤਾਂ ਉਹ ਉੱਥੇ ਸਿੱਖ ਧਰਮ ਅਸਥਾਨਾਂ ਅਤੇ ਵਿਅਕਤੀਆਂ ਦੇ ਨਾਲ-ਨਾਲ ਦੂਜੇ ਅਕੀਦਿਆਂ ਦੇ ਧਰਮ ਸਥਲਾਂ ਅਤੇ ਸ਼ਖ਼ਸੀਅਤਾਂ ਦੇ ਦਰਸ਼ਨ ਵੀ ਕਰਦਾ ਸੀ। ਉਹ ਉਨ੍ਹਾਂ ਸਭ ਧਰਮ ਅਸਥਾਨਾਂ ‘ਤੇ ਮਾਇਆ ਭੇਟ ਕਰਦਾ ਸੀ। ਉਦਾਹਰਨ ਵਜੋਂ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦੇਵੀ ਜੀ ਦੇ ਮੰਦਰ, ਡੇਰਾ ਬਸਤੀ ਰਾਮ, ਗੁਰਦੁਆਰਾ ਸ੍ਰੀ ਪੰਜਾ ਸਾਹਿਬ, ਪਿਸ਼ਾਵਰ ਦੇ ਬਾਬਾ ਬਿਸ਼ਨ ਸਿੰਘ ਬੇਦੀ, ਜੋਗੀ ਮੱਠ ਦੇ ਬਾਬਾ ਲਛਮਣ ਨਾਥ, ਭੇਰਾ, ਜੰਮੂ ਦੇ ਫ਼ਕੀਰ ਅਲਾਲ ਸ਼ਾਹ, ਕਰਤਾਰਪੁਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬੀੜ, ਪੂਰਨ ਭਗਤ ਦੇ ਖੂਹ, ਦਾਤਾ ਗੰਜ ਬਖ਼ਸ਼ ਦੇ ਮਜ਼ਾਰ, ਲਾਹੌਰ ਵਿੱਚ ਰਹਿਮਾਨ ਮਸਤਾਨ ਸ਼ਾਹ, ਰਾਮ ਤੀਰਥ ਦੇ ਸਰੋਵਰ, ਮੀਆਂ ਮੀਰ ਦੇ ਮਜ਼ਾਰ ਅਤੇ ਹੋਰ ਥਾਵਾਂ ‘ਤੇ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਗਿਆ।
ਭਾਵੇਂ ਸ਼ੇਰ-ਏ-ਪੰਜਾਬ ਦੇ ਦਿਲ ਵਿੱਚ ਵੱਖ-ਵੱਖ ਗੁਰਦੁਆਰਿਆਂ ਦੀ ਸੇਵਾ-ਸੰਭਾਲ ਲਈ ਪ੍ਰਬਲ ਇੱਛਾ ਹੁੰਦੀ ਸੀ ਪਰ ਉਸ ਦੇ ਮਨ ਵਿੱਚ ਮੰਦਰਾਂ ਅਤੇ ਮਸਜਿਦਾਂ ਦੀ ਦੇਖਭਾਲ ਦੀ ਇੱਛਾ ਵੀ ਘੱਟ ਨਹੀਂ ਸੀ ਹੁੰਦੀ। ਉਸ ਨੇ ਹਰਿਦੁਆਰ, ਬਨਾਰਸ ਅਤੇ ਜਵਾਲਾਮੁਖੀ ਦੇ ਮੰਦਰਾਂ ‘ਤੇ ਵੱਡੀਆਂ ਰਕਮਾਂ ਦਿੱਤੀਆਂ, ਬਨਾਰਸ ਦੇ ਇੱਕ ਪ੍ਰਸਿੱਧ ਮੰਦਰ ‘ਤੇ ਤੀਹ ਕਿਲੋ ਸੋਨਾ ਲਗਵਾਉਣ ਦੀ ਸੇਵਾ ਸ਼ੇਰ-ਏ-ਪੰਜਾਬ ਨੇ ਕੀਤੀ। ਉਸ ਨੇ ਜਵਾਲਾਮੁਖੀ ਦੇ ਪ੍ਰਸਿੱਧ ਮੰਦਰ ਲਈ ਸੋਨਾ, ਨਕਦੀ ਅਤੇ ਸੋਨੇ ਦੀਆਂ ਦੋ ਚਾਨਣੀਆਂ ਭੇਟ ਕੀਤੀਆਂ।
ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਸਮੇਂ ਸਿੱਖ ਧਰਮ ਦੇ ਪ੍ਰਚਾਰਕਾਂ ਨੂੰ ਰਾਜ-ਕਾਜ ਦੇ ਕੰਮਾਂ ਵਿੱਚ ਦਖ਼ਲ ਦੇਣ ਦੀ ਇਜਾਜ਼ਤ ਨਹੀਂ ਸੀ। ਉਸ ਨੇ ਕਿਸੇ ਗ਼ੈਰ-ਸਿੱਖ ਨੂੰ ਸਿੱਖੀ ਵਿੱਚ ਸ਼ਾਮਲ ਹੋਣ ਲਈ ਨਹੀਂ ਸੀ ਪ੍ਰੇਰਿਆ। ਮਹਾਰਾਜੇ ਦਾ ਗੁਰਬਾਣੀ ਨਾਲ ਅਥਾਹ ਪ੍ਰੇਮ ਸੀ। ਗੁਰੂ ਗ੍ਰੰਥ ਸਾਹਿਬ ਵਿੱਚੋਂ ਗੁਰੂ ਸਾਹਿਬਾਨ ਅਤੇ ਭਗਤਾਂ/ਭੱਟਾਂ ਦੀ ਬਾਣੀ ਸਰਵਣ ਕਰ ਕੇ ਉਸ ਦੇ ਮਨ ਨੂੰ ਬੜੀ ਸ਼ਾਂਤੀ ਮਿਲਦੀ ਸੀ ਪਰ ਉਹ ਕਿਸੇ ਵੀ ਤੁਅਸੱਬ ਜਾਂ ਕੱਟੜਪੁਣੇ ਤੋਂ ਉਪਰ ਸੀ। ਉਹ ਸਦਾ ਸਰਬੱਤ ਮਨੁੱਖਾਂ ਦੀ ਭਰਾਤਰੀ ਭਾਵਨਾ ਦੇ ਅਸੂਲਾਂ ਉਪਰ ਚੱਲਣ ਲਈ ਤਤਪਰ ਰਹਿੰਦਾ ਸੀ ਕਿਉਂਕਿ ਗੁਰਬਾਣੀ ਵਿੱਚ ਅੰਕਿਤ ਇਹ ਸਿਧਾਂਤ ਹੀ ਉਸ ਦੇ ਜੀਵਨ ਦਾ ਰਾਹ ਦਸੇਰਾ ਬਣੇ ਰਹੇ ਸਨ।
ਸਾਹਿਤ ਅਤੇ ਕਲਾ ਦੇ ਖੇਤਰ ਵਿੱਚ ਵੀ ਮਹਾਰਾਜਾ ਰਣਜੀਤ ਸਿੰਘ ਨੇ ਧਰਮ ਨਿਰਪੇਖਤਾ ਨੂੰ ਹੀ ਆਪਣਾ ਮਾਰਗ-ਦਰਸ਼ਕ ਸਮਝਿਆ। ਉਸ ਨੇ ਸੰਸਕ੍ਰਿਤ, ਅਰਬੀ, ਫ਼ਾਰਸੀ ਅਤੇ ਪੰਜਾਬੀ ਅਧਿਐਨ ਸੰਸਥਾਵਾਂ ਦੀ ਖੁੱਲ੍ਹਦਿਲੀ ਨਾਲ ਸਹਾਇਤਾ ਕੀਤੀ। ਉਸ ਨੇ ਸਿੱਖ, ਹਿੰਦੂ ਅਤੇ ਮੁਸਲਿਮ ਵਿਦਵਾਨਾਂ ਅਤੇ ਕਵੀਆਂ ਆਦਿ ਨੂੰ ਖੁੱਲ੍ਹੇ ਗੱਫੇ ਪ੍ਰਦਾਨ ਕੀਤੇ। ਮਹਾਰਾਜੇ ਦੀ ਇਸ ਰੁਚੀ ਦਾ ਲਾਭ ਉਠਾਉਣ ਵਾਲਿਆਂ ਵਿੱਚ ਪੰਡਤ ਨਿਹਾਲ ਸਿੰਘ, ਗਿਆਨੀ ਸੰਤ ਸਿੰਘ, ਗਣੇਸ਼ ਦਾਸ, ਸ਼ਿਵ ਦਿਆਲ, ਸਈਅਦ ਹਾਸ਼ਮ ਸ਼ਾਹ, ਜਾਫ਼ਰ ਬੇਗ ਅਤੇ ਸ਼ਾਹ ਮੁਹੰਮਦ ਆਦਿ ਸ਼ਾਮਲ ਸਨ। ਧਰਮ ਨਿਰਪੇਖਤਾ ਅਤੇ ਹਿਰਦੇ ਦੀ ਵਿਸ਼ਾਲਤਾ ਖ਼ਾਲਸਾ ਰਾਜ ਦੀ ਸੱਚੀ ਪਛਾਣ ਸਨ। ਇਹੀ ਵਿਸ਼ੇਸ਼ਤਾਵਾਂ ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਦੀਆਂ ਸੂਚਕ ਬਣੀਆਂ।
ਸ਼ੇਰ-ਏ-ਪੰਜਾਬ ਦੇ ਰਾਜ ਨੂੰ ਕੋਈ ਊਜ ਨਹੀਂ ਸੀ ਲੱਗ ਸਕਦੀ। ਉਸ ਰਾਜ ਵਿੱਚ ਨਾ ਤਾਂ ਕੋਈ ਨਾਇਤਫ਼ਾਕੀ ਨਜ਼ਰ ਆਈ ਅਤੇ ਨਾ ਹੀ ਕੋਈ ਮਜ਼ਹਬੀ ਫ਼ਸਾਦ ਹੋਇਆ। ਪੂਰੀ ਸਲਤਨਤ ਵਿੱਚ ਸਾਰੇ ਧਰਮਾਂ ਅਤੇ ਅਕੀਦਿਆਂ ਦੇ ਲੋਕ ਇੱਕ-ਦੂਜੇ ਲਈ ਪਿਆਰ, ਸ਼ੁਭ ਇੱਛਾਵਾਂ ਅਤੇ ਭਾਈਚਾਰੇ ਦੀ ਭਾਵਨਾ ਕਾਇਮ ਰੱਖਣ ਦੇ ਚਾਹਵਾਨ ਸਨ। ਜਦੋਂ ਕਦੇ ਮਹਾਰਾਜੇ ਦੀ ਸਿਹਤ ਠੀਕ ਨਾ ਹੁੰਦੀ ਤਾਂ ਸਭ ਧਰਮਾਂ ਦੇ ਲੋਕ ਉਸ ਦੀ ਸਿਹਤਯਾਬੀ ਲਈ ਅਰਦਾਸਾਂ, ਪ੍ਰਾਰਥਨਾਵਾਂ ਅਤੇ ਦੁਆਵਾਂ ਕਰਨ ਲੱਗ ਪੈਂਦੇ। ਉਸ ਨੇ ਆਪਣੇ ਸ਼ਾਸਨ ਕਾਲ ਦੌਰਾਨ ਕਿਸੇ ਇੱਕ ਵਿਅਕਤੀ ਨੂੰ ਵੀ ਮ੍ਰਿਤੂ ਦੰਡ ਨਹੀਂ ਦਿੱਤਾ। ਆਪਣੀਆਂ ਧਰਮ-ਨਿਰਪੇਖ ਨੀਤੀਆਂ ਦੁਆਰਾ ਉਸ ਨੇ ਪੰਜਾਬ ਦੀ ਤਾਣੀ ਮਜ਼ਬੂਤ ਬਣਾਈ ਰੱਖੀ ਪਰ ਜਦੋਂ ਉਹ ਅਕਾਲ ਪੁਰਖ ਦੀ ਦਰਗਾਹ ਵਿੱਚ ਜਾ ਬਿਰਾਜਿਆ ਤਾਂ ਇਹ ਤੰਦ ਟੁੱਟ ਗਈ ਅਤੇ ਉਸ ਦਾ ਸਾਂਝਾ ਦੁੱਖ ਸਿੱਖਾਂ, ਹਿੰਦੂਆਂ ਅਤੇ ਮੁਸਲਮਾਨਾਂ ਨੇ ਰਲ ਕੇ ਝੱਲਿਆ।
ਫ਼ਕੀਰ ਵਹੀਦ-ਉਦ-ਦੀਨ ਦਾ ਕਹਿਣਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਸਿੱਖ ਧਰਮ ਦੇ ਸੱਚੇ ਅਨੁਯਾਈ ਸਨ। ਉਸ ਦਾ ਦਿਨ ਅਰਦਾਸ ਨਾਲ ਸ਼ੁਰੂ ਹੁੰਦਾ ਸੀ। ਉਸ ਦੇ ਦਿਲ ਵਿੱਚ ਗੁਰੂ ਗ੍ਰੰਥ ਸਾਹਿਬ ਲਈ ਅਪਾਰ ਸ਼ਰਧਾ ਸੀ ਪਰ ਉਹ ਰੱਤੀ ਭਰ ਵੀ ਕੱਟੜ ਨਹੀਂ ਸੀ। ਕੁਲੀਨ ਅਤੇ ਉੱਚਾ-ਸੁੱਚਾ ਜੀਵਨ ਉਸ ਦੀ ਸ਼ਖ਼ਸੀਅਤ ਦੇ ਲੱਛਣ ਸਨ। ਉਹ ਦਿਖਾਵਾ ਕਰਨ ਦੇ ਵਿਰੁੱਧ ਸੀ ਪਰ ਉਹ ਬਿਨਾਂ ਪੱਖਪਾਤ ਦੇ ਸਾਰੇ ਧਰਮਾਂ ਦਾ ਆਦਰ ਕਰਦਾ ਸੀ।
ਹੋਂਦ ਵਿੱਚ ਵਿਸ਼ਵਾਸ ਰੱਖਦਾ ਸੀ ਪਰ ਨਾਲ ਹੀ ਧਰਮ-ਨਿਰਪੇਖਤਾ ਦਾ ਵੀ ਹਾਮੀ ਸੀ। ਆਪਣੀ ਸੂਝਬੂਝ ਦੇ ਬਲਬੂਤੇ ਉਹ ਕਿਸੇ ਵੀ ਕੰਮ ਲਈ ਵਧੀਆ ਤੋਂ ਵਧੀਆ ਵਿਅਕਤੀ ਦੀ ਚੋਣ ਕਰ ਸਕਦਾ ਸੀ। ਮਹਾਰਾਜੇ ਨੇ ਆਪਣੇ ਸਿਵਲ ਅਤੇ ਸੈਨਿਕ ਮਹਿਕਮਿਆਂ ਵਿੱਚ ਬਹੁਤ ਹੀ ਮਹੱਤਵਪੂਰਨ ਤੇ ਸੰਵੇਦਨਸ਼ੀਲ ਕੰਮਾਂ ਲਈ ਸੂਝਵਾਨ ਤੇ ਯੋਗ ਪੁਰਸ਼ਾਂ ਦੀ ਚੋਣ ਕੀਤੀ। ਮਹਾਰਾਜੇ ਦੀ ਉਦਾਰਤਾ ਅਤੇ ਖੁੱਲ੍ਹਦਿਲੀ ਕਾਰਨ ਸਾਰੀ ਪਰਜਾ ਉਸ ਪ੍ਰਤੀ ਆਪਣੇ ਆਪ ਨੂੰ ਰਿਣੀ ਅਨੁਭਵ ਕਰਨ ਲੱਗ ਪਈ।
ਸੰਪਰਕ: 081307-13475


Post Comment

Friday, October 6, 2017

ਮੇਰੀ ਇੱਛਾ ਤੇਰੀ ਇੱਛਾ

ਅਜਿਹਾ ਗੋਰਾ, ਉੱਚਾ, ਜਵਾਨ ਮੁੰਡਾ; ਇੰਨਾ ਮੰਨ ਲਓ ੨੦-੨੫ ਲੋਕਾਂ ਦੇ ਕੋਲ ਖੜਾ ਹੋਵੇ ਤਾਂ ਵੱਖਰਾ ਹੀ ਨਜ਼ਰ ਆ ਜਾਵੇ। ਜਸਵੰਤ ਦਾ ਮਨ ਪੜ੍ਹਾਈ ਵਿੱਚ ਘੱਟ, ਉਸਦਾ ਤਾਂ ਧਿਆਨ ਸਿਰਫ ਫੁੱਟਬਾਲ ਖੇਡਣ ਵਿੱਚ ਹੀ ਲੱਗਦਾ ਸੀ ।ਉਸ ਦੇ ਪਿੰਡ ਵਿੱਚ ਲੋਕ ਫੁਟਬਾਲ ਨੂੰ ਹੀ ਪਹਿਲ ਦਿੰਦੇ ਸਨ । ਉਹ ਕਦੇ-ਕਦੇ ਕਾਲਜਾਂ ਦੇ ਵੱਲੋਂ ਸਟੇਟ ਲੈਵਲ ਉੱਤੇ ਖੇਡਣ ਜਾਂਦਾ।
ਉਸ ਨੂੰ ਸ਼ਹਿਰ ਵਿੱਚ ਹਰਦੀਪ ਨਾਂ ਦਾ ਇੱਕ ਵਿਅਕਤੀ ਮਿਲਿਆ । ਉਸ ਨੂੰ ਕਹਿਣ ਲਗਾ, "ਜਸਵੰਤ ਤੂੰ ਪੜ੍ਹ੍ਹਾਈ ਉੱਤੇ ਧਿਆਨ ਦਿੱਤੈ ਕਦੇ," ਜਸਵੰਤ ਨੇ ਅੱਗੋਂ ਇੱਜਤ ਨਾਲ ਕਿਹਾ, "ਚਾਚਾ ਜੇਕਰ ਮੈ ਪੜ੍ਹਾਈ ਵਿੱਚ ਜ਼ਿਆਦਾ ਚੰਗਾ ਨਹੀਂ ਹਾਂ ਤਾਂ ਮੇਰੀ ਪੜ੍ਹਾਈ ਇੰਨੀ ਘੱਟ ਵੀ ਨਹੀਂ ਹੈ , ਤੁਸੀਂ ਮੇਰਾ ਕਦੇ ਫੁਟਬਾਲ ਦਾ ਮੈਚ ਵੇਖਿਆ ਨਹੀ ਹੋਵੇਗਾ ।" ਹਰਦੀਪ ਨੇ ਕਿਹਾ, "ਅਜਿਹੀ ਗੱਲ ਨਹੀਂ ਹੈ, ਅਸੀਂ ਕਈ ਵਾਰ ਤੇਰਾ ਮੈਚ ਵੇਖਿਆ ਹੈ, ਤੇਰੇ ਅੱਗੇ ਤਾਂ ਦਸ ਖਿਡਾਰੀ ਨਹੀਂ ਟਿਕਦੇ, ਤੂੰ ਤਾਂ ਮੈਦਾਨ ਵਿੱਚ ਦੂਸਰੀ ਟੀਮ ਦੇ ਛੱਕੇ ਛੁਡਾ ਦਿੰਦਾ ਏਂ, ਮੈਂ ਕਈ ਵਾਰ ਵੇਖਿਆ ਹੈ ।
ਹੁਣ ਜਸਵੰਤ ੧੨ਵੀਂ ਜਮਾਤ ਪਾਸ ਕਰ ਚੁੱਕਿਆ ਸੀ।ਸ਼ਹਿਰ ਦੇ ਕਾਲਜ ਵਿੱਚ ਦਾਖਲ ਹੋ ਚੁੱਕਿਆ ਸੀ।ਸ਼ਹਿਰ ਦੇ ਟੂਰਨਾਮੈਂਟ ਵਿੱਚ ਭਾਗ ਲੈਂਦਾ, ਉਨ੍ਹਾਂ ਦੀ ਟੀਮ ਪਹਿਲਾ ਸਥਾਨ ਹਾਸਲ ਕਰ ਲੈਂਦੀ।ਪਿਤਾ ਸਰਕਾਰੀ ਸਕੂਲ ਵਿੱਚ ਅਧਿਆਪਕ ਸੀ।ਇੱਕ ਦਿਨ ਅਚਾਨਕ ਉਸ ਦੇ ਪਿਤਾ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ।ਹੁਣ ਜਸਬੰਤ ਅਤੇ ਉਸਦੀ ਮਾਂ ਇਕੱਲੇ ਰਹਿ ਗਏ।ਜਸਬੰਤ ਨੇ ਪੜ੍ਹਾਈ ਛੱਡ ਦਿੱਤੀ।ਉਹ ਘਰ ਰਹਿਣ ਲੱਗਾ ਅਤੇ ਆਪਣੇ ਖੇਤਾਂ ਦੀ ਦੇਖਭਾਲ ਕਰਨ ਲਗਾ।
ਮਹਿਕ ਨਾਂ ਦੀ ਕੁੜੀ ਅਕਸਰ ਉਨ੍ਹਾਂ ਦੇ ਘਰ ਆਉਂਦੀ ਜਾਂਦੀ ਸੀ।ਗੁਆਂਢੀ ਹੋਣ ਦੇ ਕਾਰਨ ਕਦੇ - ਕਦੇ ਥੋੜ੍ਹੀਆਂ ਬਹੁਤ ਚੀਜਾਂ ਮੰਗ ਕੇ ਲੈ ਜਾਂਦੀ।ਮਹਿਕ ਜਸਬੰਤ ਦੀ ਮਾਂ ਦੇ ਨਾਲ ਖੇਤੀ ਦਾ ਕੰਮ ਕਰਵਾ ਜਾਂਦੀ । ਉਨ੍ਹਾਂ ਦੇ ਖੇਤਾਂ ਵਿੱਚ ਅੰਬ ਦੇ ਲੱਗਭੱਗ ਦਸ ਦਰਖਤ ਖੜੇ ਸਨ।ਜਦੋਂ ਮੌਸਮ ਆਉਂਦਾ ਉਹ ਅੰਬ ਦੇ ਖੜੇ ਦਰੱਖਤਾਂ ਨੂੰ ਵਪਾਰੀ ਨੂੰ ਵੇਚ ਦਿੰਦੇ ।ਜਿਨ੍ਹਾਂ ਦੀ ਆਮਦਨੀ ਨਾਲ ਘਰ ਦਾ ਗੁਜਾਰਾ ਚੰਗਾ ਚੱਲਦਾ ।
ਇੱਕ ਦਿਨ ਜਸਬੰਤ ਕਿਸੇ ਮਿੱਤਰ ਦੇ ਵਿਆਹ ਵਿੱਚ ਗਿਆ ਸੀ।ਉਸਦੇ ਦੋਸਤਾਂ ਨੇ ਉਸ ਦੇ ਮਨ੍ਹਾ ਕਰਨ ਤੇ ਵੀ ਇੱਕ ਦੋ ਪੈਗ ਸ਼ਰਾਬ ਦੇ ਲਵਾ ਦਿੱਤੇ।ਜਸਬੰਤ ਨੇ ਉਸ ਦਿਨ ਪਹਿਲੀ ਵਾਰ ਸ਼ਰਾਬ ਪੀਤੀ ਸੀ।ਕੁੱਝ ਸਮਾਂ ਉੱਥੇ ਗੁਜਾਰਨ ਤੋ ਬਾਅਦ,ਉਹ ਰਾਤ ਹੁੰਦੇ ਹੀ ਘਰ ਵਾਪਸ ਪਰਤ ਆਇਆ ਅਤੇ ਜਦੋਂ ਉਹ ਸਵੇਰੇ ਉੱਠਿਆ, ਉਸਦਾ ਸਿਰ ਬਹੁਤ ਜ਼ਿਆਦਾ ਦਰਦ ਕਰਨ ਲਗਾ।ਉਸਨੇ ਆਪਣੇ ਆਪ ਨੂੰ ਕਿਹਾ, "ਸ਼ਰਾਬ ਕਿੰਨੀ ਬੁਰੀ ਚੀਜ ਹੈ, ਪੀ ਲਓ ਤਾਂ ਆਰਾਮ, ਜਦੋਂ ਉੱਤਰ ਜਾਵੇ ਤਾਂ ਆਦਮੀ ਬੇਚੈਨ ਕਰਦੀ ਹੈ ।"
ਮਹਿਕ ਨੇ ਬੀ.ਏ. ਪਾਸ ਕਰ ਲਈ। ਪਰ ਉਸ ਨੇ ਕੋਈ ਨੌਕਰੀ ਨਹੀਂ ਕੀਤੀ। ਜਸਬੰਤ ਦੇ ਪਿੰਡ ਮਹਿਕ ਦੀ ਰਿਸ਼ਤੇਦਾਰੀ ਹੋਣ ਕਰਕੇ ਛੁੱਟੀਆਂ ਦਾ ਜਿਆਦਾ ਸਮਾਂ ਜਸਬੰਤ ਦੇ ਪਿੰਡ ਗੁਜਾਰਦੀ।ਹੁਣ ਉਹ ਜਸਬੰਤ ਦੇ ਘਰ ਜ਼ਿਆਦਾ-ਆਉਣ ਜਾਣ ਲੱਗੀ।ਜਸਬੰਤ ਅਤੇ ਮਹਿਕ ਜਦੋਂ ਇੱਕ ਦੂਜੇ ਨੂੰ ਵੇਖਦੇ, ਉਨ੍ਹਾਂ ਵਿੱਚ ਪਿਆਰ ਕਰਨ ਦੀ ਇੱਛਾ ਜਾਗ ਪੈਂਦੀ ਅਤੇ ਮਹਿਕ ਕੁੱਝ ਕਹੇ ਬਿਨਾਂ ਹੀ ਆਪਣੇ ਘਰ ਮੁੜ ਆਉਂਦੀ।
ਇੱਕ ਦਿਨ ਜਸਬੰਤ ਦੀ ਮਾਂ ਗੁਆਂਢ ਘਰ ਵਿੱਚ ਗਈ ਹੋਈ ਸੀ।ਉਨ੍ਹਾਂ ਦੀ ਖੁਲ੍ਹਮ-ਖੁਲ੍ਹਾ ਮੁਲਾਕਾਤ ਹੋ ਗਈ । ਉਸ ਦਿਨ ਦੇ ਬਾਅਦ ਮਹਿਕ ਉਸ ਨੂੰ ਜਦੋ ਵੀ ਮਿਲਦੀ ਕਹਿੰਦੀ, "ਜਸਬੰਤ ਵਿਆਹ ਤਾਂ ਮੈ ਤੇਰੀ ਨਾਲ ਹੀ ਕਰਾਵਾਂਗੀ, ਮੈਂ ਬਹੁਤ ਜ਼ਿਆਦਾ ਪਿਆਰ ਕਰਦੀ ਹਾਂ ਤੈਨੂੰ ।" ਹੌਲੀ-ਹੌਲੀ ਉਨ੍ਹਾਂ ਦਾ ਪਿਆਰ ਸਾਰੀਆਂ ਹੱਦਾਂ ਪਾਰ ਕਰਨ ਲੱਗਾ। ਇੱਕ ਸਮਾਂ ਅਜਿਹਾ ਆਇਆ,ਉਨ੍ਹਾਂ ਦੇ ਪਿਆਰ ਦੀਆਂ ਗੱਲਾਂ ਪਿੰਡ ਦੇ ਲੋਕ ਕਰਨ ਲੱਗੇ।ਜਸਬੰਤ ਦੀ ਮਾਂ ਨੂੰ ਵੀ ਪਤਾ ਚੱਲ ਗਿਆ।ਉਸਦੀ ਮਾਂ ਨੇ ਜਸਬੰਤ ਨੂੰ ਕਿਹਾ, "ਪਿੰਡ ਵਿੱਚ ਤੇਰੇ ਪਿਤਾ ਦੀ ਕਿੰਨੀ ਇੱਜਤ ਹੈ, ਜੇਕਰ ਤੂੰ ਉਹ ਕੁੜੀ ਦੇ ਨਾਲ ਵਿਆਹ ਕਰੇਗਾ, ਉਹ ਇੱਕ ਗਰੀਬ ਘਰ ਦੀ ਕੁੜੀ ਹੈ , ਅਤੇ ਤੂੰ ਆਪਣੇ ਪਿਤਾ ਦੇ ਬਾਰੇ ਵਿੱਚ ਸੋਚ ਉਨ੍ਹਾਂ ਦੀ ਕਿੰਨੀ ਇੱਜਤ ਸੀ, ਮੈਂ ਤੇਰਾ ਵਿਆਹ ਅਮੀਰ ਘਰ ਵਿੱਚ ਹੀ ਕਰਾਂਗੀ, ਮੇਰੀ ਇਹ ਇੱਛਾ ਹੈ ਤੂੰ ਇਸ ਕੁੜੀ ਨਾਲ ਵਿਆਹ ਨਹੀਂ ਕਰੇਂਗਾ, ਤੈਨੂੰ ਤਾਂ ਕੋਈ ਵੀ ਕੁੜੀ ਦੇ ਦੇਵੇਗਾ ।" ਇਹ ਗੱਲ ਸੁਣ ਕੇ ਜਸਬੰਤ ਸੋਚ ਵਿੱਚ ਪੈ ਗਿਆ....
ਉੱਧਰ ਮਾਹਿਕ ਨੇ ਵੀ ਆਪਣੀ ਮਾਂ ਨੂੰ ਕਹਿ ਦਿੱਤਾ, "ਮੈਂ ਵਿਆਹ ਕਰਾਂਗੀ ਤਾਂ ਸਿਰਫ ਜਸਬੰਤ ਨਾਲ ਹੀ, ਨਹੀਂ ਤੇ ਜਾਨ ਦੇ ਦੇਵਾਂਗੀ ।" ਮਹਿਕ ਨੇ ਮਾਂ ਨੂੰ ਤਾਂ ਮਨਾਂ ਲਿਆ ਪਰ ਉਹ ਆਪਣੇ ਪਿਤਾ ਨੂੰ ਤੇ ਭਰਾ ਨੂੰ ਨਹੀਂ ਮਨਾ ਸਕੀ। ਉਨ੍ਹਾਂ ਦੇ ਘਰ ਵਿੱਚ ਲੜਾਈ ਦਾ ਮਾਹੌਲ ਬਣ ਗਿਆ। ਮਹਿਕ ਦੀ ਮਾਂ ਨੇ ਪਿਤਾ ਨੂੰ ਤਾਂ ਮਨਾ ਲਿਆ ਪਰ ਭਰਾ ਨੂੰ ਨਹੀਂ ਮਨਾ ਸਕੀ ।ਇਹ ਸਾਰੀਆਂ ਗੱਲਾਂ ਉਸ ਨੇ ਜਾ ਕੇ ਦੂਜੇ ਦਿਨ ਜਸਬੰਤ ਨੂੰ ਦੱਸੀਆਂ ।ਜਸਬੰਤ ਨੇ ਸਾਰੀ ਗੱਲ ਸੁਣਕੇ ਇੱਕ ਹੀ ਗੱਲ ਕਹੀ, "ਮੇਰੀ ਮਾਂ ਦੀ ਇੱਛਾ ਹੈ ਸਾਡਾ ਵਿਆਹ ਨਹੀਂ ਹੋ ਸਕਦਾ ।"
ਮਹਿਕ ਬਿਨਾਂ ਕੁੱਝ ਬੋਲੇ ਵਾਪਸ ਆ ਗਈ।ਉਹ ਸੋਚਦੀ ਰਹਿ ਗਈ ਕਿ ਜਸਬੰਤ ਉਸਨੂੰ ਕਿਵੇਂ ਧੋਖਾ ਦੇ ਸਕਦਾ ਹੈ।ਉਸਦੀ ਮਾਂ ਨੇ ਤਾਂ ਮੇਰੇ ਨਾਲ ਅਜਿਹੀ ਕਦੇ ਕੋਈ ਗੱਲ ਨਹੀ ਕੀਤੀ। ਮਹਿਕ ਉਦਾਸ ਰਹਿਣ ਲੱਗੀ । ਉਸ ਨੇ ਪਿਤਾ ਨੂੰ ਕਿਹਾ, "ਜਿੱਥੇਂ ਤੁਸੀ ਚਾਹੁੰਦੇ ਹੋ ਉੱਥੇ ਵਿਆਹ ਕਰ ਦੇਵੋ ਮੇਰਾ ।""
ਕੁੱਝ ਸਮੇਂ ਬਾਅਦ ਮਹਿਕ ਉਹਨਾਂ ਦੇ ਘਰ ਆਉਣੋਂ ਬੰਦ ਹੋ ਗਈ, ਜਸਬੰਤ ਅਤੇ ਉਸਦੀ ਮਾਂ ਦੇ ਵਿੱਚ ਛੋਟੀ ਮੋਟੀ ਗੱਲ ਉੱਤੇ ਤਕਰਾਰ ਹੋਣ ਲੱਗੀ।
ਮਹਿਕ ਦੇ ਪਿਤਾ ਦੇ ਕਹਿਣ ਉੱਤੇ ਰਿਸ਼ਤੇਦਾਰਾਂ ਨੇ ਮਹਿਕ ਦਾ ਵਿਆਹ ਕਰ ਦਿੱਤਾ।ਜਸਬੰਤ ਦੀ ਮਾਂ ਨੂੰ ਤਾਂ ਪਤਾ ਸੀ ਕਿ ਮਹਿਕ ਦਾ ਵਿਆਹ ਕਰਨ ਜਾ ਰਹੇ ਹਨ।ਪਰ ਜਸਬੰਤ ਨੂੰ ਇਹ ਗੱਲ ਪਤਾ ਨਹੀਂ ਲੱਗੀ।ਜਸਬੰਤ ਦੀ ਮਾਂ ਨੇ ਵਿਆਹ ਤੋਂ ਪਹਿਲਾਂ ਹੀ ਉਸ ਨੂੰ ਬਾਹਰ ਭੇਜ ਦਿੱਤਾ।ਜਸਬੰਤ ਸੋਚ ਵੀ ਨਹੀਂ ਸਕਦਾ ਸੀ, ਮਹਿਕ ਅਜਿਹਾ ਫੈਸਲਾ ਲੈ ਸਕਦੀ ਹੈ।ਜਸਬੰਤ ਦੇ ਮਨ ਵਿੱਚ ਸੀ, ਮਹਿਕ ਆਪੇ ਮੇਰੀ ਮਾਂ ਨੂੰ ਮਨਾ ਲਵੇਗੀ।
ਜਦੋਂ ਜਸਬੰਤ ਨੂੰ ਮਹਿਕ ਦੇ ਵਿਆਹ ਦੀ ਗੱਲ ਪਤਾ ਚੱਲੀ, ਉਹ ਬੁਰੀ ਤਰ੍ਹਾਂ ਟੁੱਟ ਗਿਆ।ਉਹ ਹੁਣ ਘਰੋਂ ਬਾਹਰ ਰਹਿਣ ਲੱਗਾ।ਆਪਣੇ ਦੋਸਤਾਂ ਨੂੰ ਮਹਿਕ ਦੀਆਂ ਗੱਲਾਂ ਦੱਸਦਾ। ਉਹ ਹੌਲੀ-ਹੌਲੀ ਖੂਬ ਨਸ਼ਾ ਕਰਣ ਲੱਗਾ, ਮਹਿਕ ਨੂੰ ਭਲਾਉਣ ਲਈ। ਉਸ ਕੋਲ ਸ਼ਰਾਬ ਖਰੀਦਣ ਲਈ ਜਦੋ ਕਦੇ ਪੈਸਿਆਂ ਦੀ ਤੰਗੀ ਹੁੰਦੀ ਇੱਕ-ਇੱਕ ਕਰਕੇ ਖੇਤ ਵੀ ਗਹਿਣੇ ਰੱਖ ਦਿੰਦਾ।ਉਨ੍ਹਾਂ ਪੈਸਿਆਂ ਦਾ ਨਸ਼ਾ ਕਰ ਲੈਂਦਾ।ਉਸ ਦੀ ਨਸ਼ੇ ਦੀ ਆਦਤ ਵੱਧ ਚੁੱਕੀ ਸੀ।ਉਸ ਨੂੰ ਕਦੇ-ਕਦੇ ਪਿੰਡ ਦੇ ਲੋਕ ਉਸਦੀ ਖ਼ਰਾਬ ਹਾਲਤ ਹੋਣ ਦੇ ਕਾਰਨ, ਨਸ਼ੇ ਦੀ ਹਾਲਤ ਵਿੱਚ ਹਸਪਤਾਲ ਵਿੱਚ ਲੈ ਜਾਂਦੇ। ਉਹ ਦਵਾਈਆਂ ਨਾਲ ਠੀਕ ਤਾਂ ਹੋ ਜਾਂਦਾ, ਪਰੰਤੂ ਫਿਰ ਨਸ਼ਾ ਲੈ ਲੈਂਦਾ। ਉਹ ਹੁਣ ਸਮੇਂ ਦੇ ਨਾਲ, ਗਰੀਬ ਹੋ ਗਿਆ।ਉਸਦੀ ਮਾਂ ਵੀ ਬੁੱਢੀ ਹੋ ਗਈ। ਉਹ ਉਸ ਦੀ ਹਾਲਤ ਵੇਖ ਕੇ ਬਿਮਾਰ ਰਹਿਣ ਲੱਗੀ।ਇੱਕ ਦਿਨ ਉਸਦੀ ਮਾਂ ਵੀ ਮਰ ਗਈ। ਜਸਬੰਤ ਆਪਣੀ ਮਾਂ ਦੀ ਜਲਦੀ ਚਿਤਾ ਦੇ ਕੋਲ ਬੈਠਾ ਕਹਿ ਰਿਹਾ ਸੀ, "ਮਾਂ, ਇਹ ਤੇਰੀ ਇੱਛਾ ਸੀ, ਤੂੰ ਉਸ ਕੁੜੀ ਨਾਲ ਵਿਆਹ ਨਹੀਂ ਕਰੇਂਗਾ, ਮਾਂ, ਇਹ ਮੇਰੀ ਇੱਛਾ ਸੀ, ਕਿ ਮੈਂ ਉਸ ਕੁੜੀ ਨਾਲ ਹੀ ਵਿਆਹ ਕਰਾਂਗਾ ।"
ਜਸਬੰਤ ਆਪਣੀ ਮਾਂ ਦਾ ਸਸਕਾਰ ਕਰ ਚੁੱਕਿਆ ਸੀ। ਹੁਣ ਜਸਬੰਤ ਅਤੇ ਬੋਤਲ ਘਰ ਵਿੱਚ ਦੋਵੇਂ ਰਹਿ ਗਏ.....
ਮਹਿਕ ਉਸਦਾ ਇੱਕ ਖੁਆਬ ਹੀ ਬਣ ਕੇ ਰਹਿ ਗਈ....

ਸੰਦੀਪ ਕੁਮਾਰ ਨਰ ( ਸੰਜੀਵ )
ਸ਼ਹਿਰ ਬਲਾਚੌਰ. (ਸ਼ਹਿਦ ਭਗਤ ਸਿੰਘ ਨਗਰ)
ਵਿੱਦਿਆਰਥੀ. ਐਮ.ਏ (ਲ.ਪੀ.ਯੂ)
ਮੋਬਾਈਲ ਨੰਬਰ. 9041543692


Post Comment

Saturday, February 20, 2016

ਅੰਧ-ਵਿਸ਼ਵਾਸ ਫੈਲਾ ਰਹੇ ਨੇ ਸੀਰੀਅਲ ਤੇ ਫ਼ਿਲਮਾਂ

ਅੰਧ ਵਿਸ਼ਵਾਸ
ਅੱਜ ਕੱਲ੍ਹ ਵੱਖ-ਵੱਖ ਟੀ. ਵੀ. ਚੈਨਲਾਂ ਉੱਪਰ ਚੱਲ ਰਹੇ ਲਡ਼ੀਵਾਰ ਅਤੇ ਕਈ ਹਿੰਦੀ ਫ਼ਿਲਮਾਂ ਦਰਸ਼ਕਾਂ ਦਾ ਮਨੋਰੰਜਨ ਕਰਨ ਦੀ ਥਾਂ ਉਨ੍ਹਾਂ  ਨੂੰ ਕੁਰਾਹੇ ਪਾ ਰਹੇ ਹਨ। ਵੱਡੀ ਗਿਣਤੀ ਲਡ਼ੀਵਾਰਾਂ ਵਿੱਚ ਭੂਤ ਪ੍ਰੇਤ, ਅੰਧ ਵਿਸ਼ਵਾਸ ਅਤੇ ਗ਼ੈਰ ਸਮਾਜਿਕ ਰਿਸ਼ਤਿਆਂ ਨੂੰ ਦਿਖਾਇਆ ਜਾ ਰਿਹਾ ਹੈ ਜਿਸ ਦਾ ਦਰਸ਼ਕਾਂ ਖ਼ਾਸ ਕਰਕੇ ਘਰੇਲੂ ਅੌਰਤਾਂ ਉੱਪਰ ਮਾਰੂ ਅਸਰ ਹੋ ਰਿਹਾ ਹੈ। ਹਾਲ ਤਾਂ ਇਹ ਹੈ ਕਿ ਕਈ ਲਡ਼ੀਵਾਰਾਂ ਵਿੱਚ ਦਿਖਾਏ ਜਾਂਦੇ ਭੂਤ ਪ੍ਰੇਤਾਂ ਦੇ ਦ੍ਰਿਸ਼ ਨੂੰ ਦੇਖ ਕੇ ਛੋਟੇ ਬੱਚੇ ਐਨਾ ਡਰ ਜਾਂਦੇ ਹਨ ਕਿ ਇਕੱਲਿਆਂ ਕਮਰੇ ਵਿੱਚ ਨਹੀਂ ਬਹਿੰਦੇ ਜਾਂ ਬਾਹਰ ਨਹੀਂ ਨਿਕਲਦੇ। ਇਹੀ ਹਾਲ ਵੱਡੀ ਗਿਣਤੀ ਹਿੰਦੀ ਫ਼ਿਲਮਾਂ ਦਾ ਹੈ ਜਿਨ੍ਹਾਂ ਵਿੱਚ ਕਹਾਣੀ ਦੀ ਥਾਂ ਫਾਲਤੂ ਦੀ ਮਾਰਧਾੜ ਅਤੇ ਹਵਾ ਵਿੱਚ ਉੱਡਣ ਵਰਗੇ ਦ੍ਰਿਸ਼ ਦਿਖਾਏ ਜਾਂਦੇ ਹਨ ਜਿਨ੍ਹਾਂ ਨੂੰ ਦੇਖ ਕੇ ਬੱਚੇ ਅਤੇ ਅੱਲ੍ਹੜ ਗੁਮਰਾਹ ਹੋ ਜਾਂਦੇ ਹਨ ਅਤੇ ਉਹ ਵੀ ਹਵਾ ਵਿੱਚ ਉੱਡਣ ਲਈ ਕੋਠੇ ਅਤੇ ਚੁਬਾਰੇ ਤੋਂ ਛਾਲਾਂ ਮਾਰ ਦਿੰਦੇ ਹਨ ਅਤੇ ਆਪਣੀਆਂ ਲੱਤਾਂ ਬਾਹਾਂ ਤੁੜਾ ਲੈਂਦੇ ਹਨ ਜਾਂ ਫਿਰ ਜਾਨ ਗੁਆ ਲੈਂਦੇ ਹਨ।
ਪਿਛਲੇ ਕੁਝ ਸਮੇਂ ਤੋਂ ਕਈ ਲਡ਼ੀਵਾਰਾਂ ਵਿੱਚ ਨਾਗਮਣੀ, ਨਾਗਿਨ, ਪਾਤਾਲਪੁਰੀ, ਪੁਨਰਜਨਮ ਤੇ ਹੋਰ ਪਤਾ ਨਹੀਂ ਕੀ ਕੁਝ ਦਿਖਾਇਆ ਜਾ ਰਿਹਾ ਹੈ ਜੋ ਬੱਚਿਆਂ ਦੇ ਮਨ ’ਚ ਤਾਂ ਸਹਿਮ ਪੈਦਾ ਕਰ ਹੀ ਰਹੇ ਹਨ, ਨਾਲ ਹੀ ਘਰੇਲੂ ਔਰਤਾਂ ਨੂੰ ਅੰਧ-ਵਿਸ਼ਵਾਸ ਦੀ ਦਲਦਲ ਵਿੱਚ ਵੀ ਧੱਕ ਰਹੇ ਹਨ। ਇਸ ਦੇ ਨਾਲ ਹੀ ਕੁਝ ਲਡ਼ੀਵਾਰਾਂ ਵਿੱਚ ਤਾਂ ਸੱਸ-ਬਹੂ ਦੀ ਲੜਾਈ ਦੇ ਨਾਲ ਨਜਾਇਜ਼ ਸਬੰਧਾਂ ਨੂੰ ਉਭਾਰਨ ਤੋਂ ਇਲਾਵਾ ਪਰਿਵਾਰਕ ਮੈਂਬਰਾਂ ਨੂੰ ਇੱਕ ਦੂਜੇ ਖ਼ਿਲਾਫ਼ ਸਾਜ਼ਿਸ਼ਾਂ ਕਰਦੇ ਹੋਏ ਦਿਖਾਇਆ ਜਾਂਦਾ ਹੈ ਜਿਸ ਤੋਂ ਆਮ ਪਰਿਵਾਰਾਂ ਵਿੱਚ ਮਾੜਾ ਪ੍ਰਭਾਵ ਜਾਂਦਾ ਹੈ। ਕਾਮੇਡੀ ਦੇ ਨਾਮ ਉੱਪਰ ਵੀ ਲਡ਼ੀਵਾਰਾਂ ਦੁਆਰਾ ਫੂਹੜਤਾ ਹੀ ਪਰੋਸੀ ਜਾ ਰਹੀ ਹੈ।
ਅਸਲ ਵਿੱਚ ਟੀਵੀ ਲਡ਼ੀਵਾਰ ਅਤੇ ਫ਼ਿਲਮਾਂ ਨੂੰ ਆਮ ਲੋਕ ਆਪਣੇ ਮਨੋਰੰਜਨ ਲਈ ਦੇਖਦੇ ਹਨ ਅਤੇ ਉਹ ਚਾਹੁੰਦੇ ਹਨ ਕਿ ਇਹ ਦੇਖਣ ਤੋਂ ਬਾਅਦ ਉਨ੍ਹਾਂ ਦਾ ਮਨ ਹਲਕਾ ਫੁਲਕਾ ਹੋ ਜਾਵੇ, ਪਰ ਅੱਜ ਕੱਲ੍ਹ ਦੇ ਲਡ਼ੀਵਾਰਾਂ ਤੇ ਫ਼ਿਲਮਾਂ ਨੂੰ ਦੇਖ ਕੇ ਦਰਸ਼ਕਾਂ ਦੇ ਮਨ ਉੱਪਰ ਹੋਰ ਬੋਝ ਪੈ ਜਾਂਦਾ ਹੈ। ਇਸ ਲਈ ਚਾਹੀਦਾ ਤਾਂ ਇਹ ਹੈ ਕਿ ਟੀਵੀ ਲਡ਼ੀਵਾਰਾਂ ਅਤੇ ਫ਼ਿਲਮਾਂ ਨੂੰ ਸਿਰਫ਼ ਮਨੋਰੰਜਨ ਤਕ ਸੀਮਤ ਕੀਤਾ ਜਾਵੇ ਜਾਂ ਫਿਰ ਨੌਜਵਾਨ ਪੀਡ਼੍ਹੀ ਅਤੇ ਬੱਚਿਆਂ ਦੇ ਮਾਰਗ ਦਰਸ਼ਨ ਲਈ ਸਿੱਖਿਆਦਾਇਕ ਲਡ਼ੀਵਾਰ ਤੇ ਫ਼ਿਲਮਾਂ ਵੀ ਬਣਾਈਆਂ ਜਾ ਸਕਦੀਆਂ ਹਨ।

ਜਗਮੋਹਨ ਸਿੰਘ ਲੱਕੀ
ਸੰਪਰਕ: 94638-19174


Post Comment

Thursday, February 18, 2016

ਪੁਰਾਤਨ ਖੂਹ ਦੀਆਂ ਟਿੰਡਾ , FB/sanumaanpunjabihonda2





ਪੰਜਾਬੀਓ ਅੱਜ ਤੁਹਾਨੂੰ ਅਸਲੀ ਵਿਰਾਸਤੀ ਟਿੰਡਾਂ ਦੇ ਰੂਹ ਬਰੂ ਕਰਵਾਉਂਦੇ ਹਾਂ ਇਹ ਟਿੰਡਾ ਪਾਕਿਸਤਾਨ ਪੰਜਾਬ ਦੇ ਕਿਸੇ ਪਿੰਡ ਵਿਚ ਅਜੇ ਵੀ ਆਪਣੀ ਵਿਰਾਸਤ ਨੂੰ ਸਾਭ ਸੰਭਾਲ ਕੇ ਰਖਿਆ ਹੋਇਆ ਹੈ... ਦੇਖੋ ਫਿਰ ਕਿਵੇਂ ਚਲਦਿਆਂ ਸਨ ਟਿੰਡਾ ਦੇਖੋ ਅਸਲੀ ਟਿੰਡਾ ਵਾਲਾ ਖੂਹ ਇਹਨ੍ਹਾ ਟਿੰਡਾ ਦੀ ਫੋਟੋ ਅਸੀਂ ਪਿਛਲੇ ਹਫਤੇ ਤੁਹਾਡੀ ਨਜਰੀ ਪਾਈ ਸੀ ਅੱਜ ਅਸੀਂ ਵੀਡੀਓ ਵੀ ਪਾ ਰਹੇ ਹਾਂ ਅਸੀਂ ਧੰਨਵਾਦੀ ਹਾਂ ਇਸ ਵੀਡੀਓ ਬਣਾਉਣ ਵਾਲੀ ਟੀਮ ਦੇ ਜਿਹਨ੍ਹਾ ਸਾਨੂੰ ਆਪਣੀ ਵਿਰਾਸਤੀ ਟਿੰਡਾ ਵਾਲੇ ਖੂਹ ਦੇ ਦਰਸ਼ਨ ਮੇਲੇ ਕਰਵਾਏ....
ਪੰਜਾਬੀਓ ਵੀਡੀਓ ਦੇਖਣ ਉੱਪਰ ਚੰਗੀ ਲਗਣ ਤੇ ਸ਼ੇਅਰ ਕਰਦੇ ਰਿਹਾ ਕਰੋ ਤਾਂ ਕੇ ਅੱਗੇ ਤੋਂ ਸਾਡੀ ਹੋਸਲਾਂ ਅਫਸਾਈ ਹੁੰਦੀ ਰਹੇ ਧੰਨਵਾਦ






Post Comment

Monday, June 16, 2014

‘ਬਾਜ਼’ ਦਾ ਸਿੱਖ ਸੰਕਲਪ

‘ਬਾਜ਼’ ਨੂੰ ਬਾਦਸ਼ਾਹੀ ਅਤੇ ਪ੍ਰਭੂਤਾ ਦਾ ਚਿੰਨ੍ਹ ਸਮਝਿਆ ਜਾਂਦਾ ਹੈ। ਬਾਜ਼ ਇਕ ਸ਼ਿਕਾਰੀ ਪੰਛੀ ਹੈ ਜੋ ਗੁਲਾਬ ਚਸ਼ਮ ਪੰਛੀਆਂ ਦਾ ਰਾਜਾ ਹੈ। ‘ਗੁਰਸ਼ਬਦ ਰਤਨਾਕਾਰ ਮਹਾਨਕੋਸ਼’ ਅਨੁਸਾਰ ‘‘ਬਾਜ਼ ਜੁਰੱਰਹ ਦੀ ਮਦੀਨ ਹੈ, ਇਸ ਦਾ ਕੱਦ ਜੁਰਹੇ ਨਾਲੋਂ ਵੱਡਾ ਹੁੰਦਾ ਹੈ। ਬਾਜ਼ ਸਰਦ ਦੇਸ਼ ਤੋਂ ਫੜ ਕੇ ਪੰਜਾਬ ਵਿੱਚ ਲਿਆਈਦਾ ਹੈ। ਇਥੇ ਆਂਡੇ ਨਹੀਂ ਦਿੰਦਾ, ਦਸ-ਬਾਰਾਂ ਵਰ੍ਹੇ ਇਹ ਸ਼ਿਕਾਰ ਦਾ ਕੰਮ ਦਿੰਦਾ ਹੈ, ਗਰਮੀਆਂ ਵਿੱਚ ਇਸ ਨੂੰ ਠੰਢੇ ਥਾਂ ਕੁਰੀਚ (ਕਰੀਜ) ਬੈਠਾਉਂਦੇ ਹਨ, ਜਦ ਇਹ ਪੁਰਾਣੇ ਖੰਭ ਸਿਟ ਕੇ ਨਵੇਂ ਬਦਲਦਾ ਹੈ, ਇਹ ਤਿੱਤਰ ਮੁਰਗਾਬੀ ਅਤੇ ਸਹੇ ਦਾ ਚੰਗਾ ਸ਼ਿਕਾਰ ਕਰਦਾ ਹੈ। ਪੁਰਾਣੇ ਸਮੇਂ ਅਮੀਰ ਲੋਕ, ਬਾਜ਼ ਨੂੰ ਆਪਣੇ ਹੱਥ ’ਤੇ ਰੱਖਦੇ ਅਤੇ ਬਹੁਤ ਸ਼ਿਕਾਰ ਖੇਡਦੇ ਸਨ।’’
ਬਾਜ਼ ਅਸਲ ਵਿੱਚ ਸ਼ਿਕਾਰੀ ਪੰਛੀ ਹੈ ਜਿਸ ਨੂੰ ਪੰਛੀਆਂ ਦਾ ਸ਼ਿਕਾਰ ਕਰਨ ਲਈ ਵਰਤਿਆ ਜਾਂਦਾ ਹੈ। ਬਾਜ਼ਾਂ ਦੀਆਂ ਬਹੁਤ ਸਾਰੀਆਂ ਕਿਸਮਾਂ ਹਨ। ਇਕ ‘ਬਾਜ਼ ਕੱਟਾ’ ਹੁੰਦਾ ਹੈ ਜੋ ਖਰਗੋਸ਼ ਦਾ ਸ਼ਿਕਾਰ ਵੀ ਕਰ ਲੈਂਦਾ ਹੈ ਪਰ ਇਹ ਵੱਡੇ ਆਕਾਰ ਦਾ ਹੁੰਦਾ ਹੈ। ਦੂਜਾ ‘‘ਬਾਜ ਜੁੱਰਾ’’ ਹੈ ਜੋ ਛੋਟੇ ਆਕਾਰ ਦਾ ਹੈ ਪਰ ਆਮ ਤੌਰ ’ਤੇ ਤਿੱਤਰ ਆਦਿ ਪੰਛੀਆਂ ਦਾ ਸ਼ਿਕਾਰ ਕਰਦਾ ਹੈ। ਪੁਰਾਣੇ ਸਮਿਆਂ ਤੋਂ ਹੀ ਅਮੀਰ ਲੋਕ ਬਾਜ਼ ਰੱਖਦੇ ਸਨ। ਬਾਜ਼ ਬੜੀ ਫੁਰਤੀ ਨਾਲ ਆਪਣੇ ਸ਼ਿਕਾਰ ’ਤੇ ਝਪੱਟਾ ਮਾਰਦਾ ਹੈ।
ਬਾਜ਼ ਨੂੰ ਸਿੱਖਾਂ ਦਾ ਕੌਮੀ ਪੰਛੀ-ਤਸੱਵਰ ਕੀਤਾ ਜਾਂਦਾ ਹੈ। ਇਸ ਦੀ ਕੋਈ ਧਾਰਮਿਕ ਜਾਂ ਅਧਿਆਤਮਕ ਮਹੱਤਤਾ ਨਹੀਂ। ਬਾਜ਼ ਲਗਾਤਾਰ ਸਿੱਖ ਸਭਿਆਚਾਰ ਅਤੇ ਸਿੱਖ ਸਿਆਸਤ ਨਾਲ ਗੁਰੂ ਸਾਹਿਬਾਨ ਦੇ ਸਮੇਂ ਤੋਂ ਜੁੜਿਆ ਆ ਰਿਹਾ ਹੈ। ਸਿੱਖ ਤਵਾਰੀਖ ਵਿੱਚ ਜ਼ਿਕਰ ਆਉਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ‘ਬਾਜ਼’ ਆਪਣੇ ਕੋਲ ਰੱਖਦੇ ਸਨ। ਗੁਰਬਾਣੀ ਵਿੱਚ ਜ਼ਿਕਰ ਆਉਂਦਾ ਹੈ।
‘ਸੀਹਾਂ ਬਾਜਾ ਚਰਗਾ ਕੁਹੀਆ
ਏਨਾ ਖਵਾਲੇ ਘਾਹ’ (ਮ. 1, ਵਾਰ ਮਾਝ)
ਗੁਰੂ ਹਰਿਗੋਬਿੰਦ ਸਾਹਿਬ ਨੇ ਮਨੁੱਖ ਨੂੰ ਸੰਸਾਰ ਦੇ ਰੂ-ਬ-ਰੂ ਆਤਮਿਕ ਪ੍ਰਭੂਸਤਾ ਬਖਸ਼ੀ ਜੋ ਸੰਸਾਰ ਦੇ ਇਤਿਹਾਸ ਵਿੱਚ ਪਹਿਲੀ ਵਾਰ ਵੇਖਣ ਵਿੱਚ ਆਈ ਅਤੇ ‘ਸੁਤੰਤਰਤਾ ਦੀ ਗੂੰਜ’ ਹਰ ਪਾਸਿਓਂ ਉਠਣ ਲੱਗੀ। ਮੁਸਲਮਾਨ ਇਤਿਹਾਸਕਾਰ ਗੁਲਾਮ ਮੁਹੀਉਦੀਨ ਨੇ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਦਾਅਵਾ ਕੀਤਾ ਹੈ ਕਿ ਮੈਂ ਚਿੜੀਆਂ ਤੋਂ ਬਾਜ਼ ਤੁੜਾਵਾਂਗਾ, ਸਵਾ ਲੱਖ ਨਾਲ ਇਕ ਲੜਾਵਾਂਗਾ।
ਗੁਰੂ ਹਰਿਗੋਬਿੰਦ ਸਾਹਿਬ ਜਦੋਂ 1631 ਈਸਵੀ ਨੂੰ ਆਪਣੇ ਮਾਲਵੇ ਦੇ ਸਫਰ ਦੌਰਾਨ ਪਿੰਡ ਗੁੱਜਰਵਾਲ (ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਇਕ ਪਿੰਡ) ਗਏ ਤਾਂ ਗੁਰੂ ਸਾਹਿਬ ਨੇ ਤਲਾਬ ਦੇ ਕੰਢੇ ਆਪਣੇ ਡੇਰੇ ਲਾਏ। ਪਿੰਡ ਦਾ ਚੌਧਰੀ ਫਤੋਈ ਬੜਾ ਹੰਕਾਰੀ ਅਤੇ ਅਮੀਰ ਸੀ। ਉਸ ਨੇ ਗੁਰੂ ਸਾਹਿਬ ਅਤੇ ਸਿੰਘਾਂ ਦੀ ਤਨਦੇਹੀ ਨਾਲ ਸੇਵਾ ਕੀਤੀ। ਜਦੋਂ ਉਹ ਗੁਰੂ ਦਰਬਾਰ ਵਿੱਚ ਆਇਆ ਤਾਂ ਆਪਣੇ ਨੌਕਰਾਂ-ਚਾਕਰਾਂ ਤੋਂ ਇਲਾਵਾ ਹੱਥ ’ਤੇ ‘ਬਾਜ਼’ ਰੱਖ ਕੇ ਆਇਆ। ਚੌਧਰੀ ਫਤੋਈ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਮੇਰੇ ਲਾਇਕ ਕੋਈ ਹੋਰ ਸੇਵਾ ਹੈ? ਜਾਣੀ-ਜਾਣ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਨੇ ‘ਬਾਜ਼’ ਦੀ ਮੰਗ ਕੀਤੀ। ਚੌਧਰੀ ਫਤੋਈ ਨਾ ਮੰਨਿਆ। ਗੁਰੂ ਸਾਹਿਬ ਨੇ ਉਸ ਨੂੰ ਕਿਹਾ ਤੂੰ ਆਪਣੀ ਗੱਲ ਤੋਂ ਨਾ ਮੁਕਰ। ਆਖਰ ਚੌਧਰੀ ਬਾਜ਼ ਲੈ ਕੇ ਘਰ ਚਲਾ ਗਿਆ ਤਾਂ ਬਾਜ਼ ਨੇ ‘ਚਮੜੇ ਦੀ ਪੇਟੀ’ ਖਾ ਲਈ ਜਿਸ ਕਾਰਨ ਬਾਜ਼ ਬਿਮਾਰ ਹੋ ਗਿਆ ਆਖਰ ਜਦੋਂ ਬਾਜ਼ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਤਾਂ ਚੌਧਰੀ ਫਤੋਈ ਬਾਜ਼ ਲੈ ਕੇ ਗੁਰੂ ਸਾਹਿਬ ਕੋਲ ਆ ਗਿਆ। ਗੁਰੂ ਸਾਹਿਬ ਨੇ ਜਿਉਂ ਹੀ ਬਾਜ਼ ਨੂੰ ਹੱਥ ਵਿੱਚ ਫੜ ਕੇ ਦਬਾਇਆ ਤਾਂ ਉਸ ਨੇ ਉਲਟੀ ਕੀਤੀ ਜਿਸ ਕਾਰਨ ‘ਚਮੜੇ ਦੀ ਪੇਟੀ’ ਬਾਹਰ ਆ ਗਈ ਅਤੇ ਬਾਜ਼ ਠੀਕ ਹੋ ਗਿਆ। ਚੌਧਰੀ ਨੇ ਗੁਰੂ ਸਾਹਿਬ ਦੇ ਕਹਿਣ ’ਤੇ ਆਪਣਾ ਹੰਕਾਰ ਤੋੜਿਆ ਅਤੇ ਚੌਧਰੀ ਦੀ ਬੇਨਤੀ ’ਤੇ ‘ਬਾਜ਼’ ਸਵੀਕਾਰ ਕੀਤਾ। ਚੌਧਰੀ ਨੇ ਗੁਰੂ ਸਾਹਿਬ ਤੋਂ ਮੁਆਫੀ ਮੰਗੀ ਅਤੇ ਚਰਨਾਂ ਵਿੱਚ ਢਹਿ ਪਿਆ। ਗੁਰੂ ਸਾਹਿਬ ਨੇ ਚੌਧਰੀ ਨੂੰ ਇਕ ‘ਦਸਤਾਰਾ’ ਭੇਟ ਕੀਤਾ, ਜੋ ਅੱਜ ਵੀ ਉਸ ਦੀ ਵੰਸ਼ ਕੋਲ ‘ਪਵਿੱਤਰ ਨਿਸ਼ਾਨੀ’ ਵਜੋਂ ਸੰਭਾਲ ਕੇ ਰੱਖਿਆ ਹੋਇਆ ਹੈ। ਬਾਅਦ ਵਿੱਚ ਚੌਧਰੀ ਫਤੋਈ ਨੇ ਗੁਰੂ ਸਾਹਿਬ ਦੀ ਯਾਦ ਵਿੱਚ ਇਤਿਹਾਸਕ ‘ਗੁਰਦੁਆਰਾ ਗੁਰੂ ਸਰ ਮੰਜੀ ਸਾਹਿਬ ਪਾਤਸ਼ਾਹੀ ਛੇਵੀਂ’ ਬਣਾਇਆ।
ਅੰਮ੍ਰਿਤਸਰ ਵਿੱਚ ਹੋਈ ਜੰਗ ਦਾ ਪ੍ਰਮੁੱਖ ਕਾਰਨ ਵੀ ‘ਬਾਜ਼’ ਸੀ। ਗੁਰੂ ਹਰਿਗੋਬਿੰਦ ਸਾਹਿਬ ਆਪਣੇ ਸਿੱਖਾਂ ਸਮੇਤ ਸ਼ਿਕਾਰ ਖੇਡਣ ਲਈ ਗੁਮਟਾਲੇ ਵੱਲ ਗਏ ਸਨ। ਉਧਰ ਸ਼ਾਹਜਹਾਨ ਬਾਦਸ਼ਾਹ ਵੀ ਦੂਰ-ਦੁਰਾਡੇ ਆਪਣੇ ਲਸ਼ਕਰ ਸਮੇਤ ਸ਼ਿਕਾਰ ਖੇਡਣ ਆਇਆ ਸੀ। ਬਾਦਸ਼ਾਹ ਦਾ ਬਾਜ਼ ਆਪਣੇ ਸ਼ਿਕਾਰ ਨੂੰ ਠੂੰਗਾ ਮਾਰ ਕੇ ਤਸੀਹੇ ਦੇ ਰਿਹਾ ਸੀ। ਸ਼ਿਕਾਰ ਨੂੰ ਵਾਰ-ਵਾਰ ਅਸਮਾਨ ਉਤੇ ਲੈ ਜਾਂਦਾ ਅਤੇ ਫਿਰ ਧਰਤੀ ’ਤੇ ਆਣ ਕੇ ਸੁੱਟਦਾ ਸੀ।
‘ਤ੍ਰਿਪਤ ਬਾਜ ਵਹਿ ਚੋਟ ਨ ਕਰਹੀ,
ਦੇਰ-ਦੇਰ ਪੰਛੀ ਕੇ ਧਰਹੀ।। 1481।। (ਗੁਰਬਿਲਾਸ ਪਾਤਸ਼ਾਹੀ ਛੇਵੀਂ)
ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਬਾਜ਼ ਨੂੰ ਭੇਜ ਕੇ ਸ਼ਾਹੀ-ਬਾਜ਼ ਪਕੜ ਲਿਆਂਦਾ।
ਜਦੋਂ ਸ਼ਾਹਜਹਾਨ ਦੀਆਂ ਫੌਜਾਂ ਬਾਜ਼ ਲੈਣ ਲਈ ਆਈਆਂ ਤਾਂ ਗੁਰੂ ਸਾਹਿਬ ਨੇ ਸਾਫ ਇਨਕਾਰ ਕਰ ਦਿੱਤਾ। ‘ਗੁਰਬਿਲਾਸ ਪਾਤਸ਼ਾਹੀ ਛੇਵੀਂ’ ਅਨੁਸਾਰ
‘ਤਿਨ ਕੋ ਬਾਜ ਨਹੀਂ ਮੈਂ ਦੇਨਾ।
ਤਾਜ ਬਾਜ ਤਿੰਨ ਕੇ ਸਭ ਲੈਨਾ।
ਦੇਸ ਰਾਜ ਮੈਂ ਤਿਨ ਕੇ ਲੈ ਹੇਂ।
ਗਰੀਬ ਅਨਾਥਨਿ ਕੋ ਸਭ ਦੇਹੇਂ। 29।
ਸ਼ਾਹੀ ਫੌਜਾਂ ਦੀਆਂ ਲਗਾਤਾਰ ਧਮਕੀਆਂ ਦੇ ਬਾਵਜੂਦ ਗੁਰੂ ਸਾਹਿਬ ਨੇ ਬਾਜ਼ ਵਾਪਸ ਨਾ ਦਿੱਤਾ ਜਿਸ ਕਾਰਨ 14 ਅਪਰੈਲ 1634 ਨੂੰ ਪਿੱਪਲੀ ਸਾਹਿਬ ਲਾਗੇ, ਅਜੋਕੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਮੁਕਾਮ ’ਤੇ ਭਾਰੀ ਜੰਗ ਹੋਈ। ਇਸੇ ਜੰਗ ਵਿੱਚ ਸ਼ਾਹਜਹਾਨ ਦਾ ਭੇਜਿਆ ਮੁਰਤਜ਼ਾ ਖਾਨ  ਫੌਜਦਾਰ (ਜੋ 7000 ਫੌਜ ਲੈ ਕੇ ਲਾਹੌਰ ਤੋਂ ਆਇਆ ਸੀ) ਮਾਰਿਆ ਗਿਆ। ਮੁਗਲ ਫੌਜਾਂ ਅਤੇ ਸਿੱਖਾਂ ਦੇ ਕਾਫੀ ਸਿਪਾਹੀ ਵੀ ਦੋਹਾਂ ਪਾਸਿਓਂ ਮਾਰੇ ਗਏ ਸਨ।
ਗੁਰੂ ਅਰਜਨ ਸਾਹਿਬ ਲਾਹੌਰ ਜਾਣ ਤੋਂ ਪਹਿਲਾਂ ਬੇਟੇ (ਗੁਰੂ) ਹਰਿਗੋਬਿੰਦ ਸਾਹਿਬ ਨੂੰ ਤਾਕੀਦ ਕਰ ਗਏ ਸਨ ਕਿ, ‘‘ਆਪਣੇ ਤਖਤ ਦੇ ਖੁਦ ਮੁਖਤਿਆਰ ਹੋ ਕੇ ਬੈਠੋ ਅਤੇ ਆਪਣੀ ਯੋਗਤਾ ਅਨੁਸਾਰ ਫੌਜ ਰੱਖੋ।’’ ਗੁਰੂ ਹਰਿਗੋਬਿੰਦ ਸਾਹਿਬ ਨੇ ‘ਅਕਾਲ ਤਖ਼ਤ ਸਾਹਿਬ’ ਪ੍ਰਗਟ ਕਰਨ ਤੋਂ ਬਾਅਦ ਹੀ ਸੁਤੰਤਰਤਾ ਦੇ ਚਿੰਨ੍ਹ ਕਲਗੀ, ਦਸਤਾਰ, ਬਾਜ਼, ਘੋੜੇ ਹਥਿਆਰ ਆਦਿ ਵੀ ਰੱਖੇ ਜਿਨ੍ਹਾਂ ਦੀ ਮੁਗਲ ਹਕੂਮਤ ਸਮੇਂ ਰੱਖਣ ਤੋਂ ਮਨਾਹੀ ਕੀਤੀ ਗਈ ਸੀ।
ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਵੀ ‘‘ਬਾਜ਼’’ ਨਾਲ ਇਕ ਘਟਨਾ ਜੁੜੀ ਹੋਈ ਹੈ। ਗੁਰੂ ਸਾਹਿਬ 1688 ਈਸਵੀ ਨੂੰ ਬਿਲਾਸਪੁਰ ਵਿੱਚ ਆਏ ਸਨ। ਬਿਲਾਸਪੁਰ ਦੇ ਪੱਛਮ ਵੱਲ ਇਕ ਪਿੰਡ ‘ਛੋਟਾ ਮਰ੍ਹਵਾ’’ ਵਿੱਚ ਆ ਕੇ ਕਿਆਸ ਕੀਤਾ। ਗੁਰੂ ਸਾਹਿਬ ਕਪਾਲਮੋਚਨ ਨੇੜੇ ਬਿਲਾਸਪੁਰ ਸੈਰ ਕਰਨ ਆਏ ਸਨ ਕਿ ਗੁਰੂ ਗੋਬਿੰਦ ਸਿੰਘ ਸਾਹਿਬਬਾਜ਼, ਜਿਸ ਦਾ ਨਾਂ ਗੋਲਾ ਸੀ, ਪਿੰਡ ਦੇ ਇਕ ਉੱਚੇ ਦਰੱਖਤ ਉਪਰ ਜਾ ਬੈਠਾ। ਕੁਝ ਸਿੱਖ ਬਾਜ਼ ਫੜਨ ਲਈ ਗਏ ਪਰ ਬਾਜ਼ ਨੇ ਆਉਣ ਦਾ ਕੋਈ ਸੰਕੇਤ ਨਾ ਦਿੱਤਾ। ਆਖਰਕਾਰ ਗੁਰੂ ਸਾਹਿਬ ਨੂੰ ਆਪ ਜਾਣਾ ਪਿਆ ਅਤੇ ਬਾਜ਼ ਨੂੰ ਪਿਆਰ ਨਾਲ ਬੁਲਾਇਆ, ‘‘ਗੋਲਾ ਭੋਲਾ, ਇੰਝ ਆਪਣੇ ਉਸਤਾਦ ਤੋਂ ਮੁੱਖ ਨਹੀਂ ਮੋੜਦੇ।’’ ਇਹ ਲਫਜ਼ ਸੁਣਦੇ ਸਾਰ ਹੀ ਬਾਜ਼ ਹੇਠਾਂ ਆ ਕੇ ਬਾਜ਼ਾਂ ਵਾਲੇ ਪਾਤਸ਼ਾਹ ਦੇ ਬਾਜੂਬੰਦ ’ਤੇ ਬਹਿ ਗਿਆ। ਇਸ ਇਤਿਹਾਸਕ ਗੁਰਦੁਆਰੇ ਦਾ ਨਾਂ ਵੀ ਗੁਰੂ ਸਾਹਿਬ ਦੇ ਬਾਜ਼ ‘ਗੋਲਾ’ ਦੇ ਨਾਂ ’ਤੇ ‘ਗੁਰਦੁਆਰਾ ਗੋਲਪੁਰ ਸਾਹਿਬ’ ਰੱਖਿਆ ਗਿਆ ਹੈ।
ਸਿੱਖ ਗੁਰੂ ਸਾਹਿਬਾਨ ਨੇ ਤਵਾਰੀਖ ਵਿੱਚ ਕੁਝ ਅਜਿਹੀਆਂ ਸਵੈ-ਚਾਲਕ ਸ਼ਕਤੀਆਂ ਨੂੰ ਪ੍ਰਗਟ ਕੀਤਾ ਜਿਸ ਕਾਰਨ ਤਵਾਰੀਖ ਆਪਣੇ ਹਰ ਪਹਿਲੂ ਵਿੱਚ ਵਟਣ ’ਤੇ ਮਜਬੂਰ ਹੋ ਗਈ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਜਦੋਂ ਕੈਪਟਨ ਮੁਰੇ ਨੇ ਭਾਈ ਰਤਨ ਸਿੰਘ ਭੰਗੂ ਨੂੰ ਪੁੱਛਿਆ ਕਿ ਸਿੱਖਾਂ ਨੇ ਪਾਤਸ਼ਾਹੀ ਕਿਵੇਂ ਹਾਸਲ ਕੀਤੀ ਤਾਂ ਉਸ ਨੇ ਕਿਹਾ:
ਸਾਰੀ ਹਿੰਦ ਚੁਗ ਤਿਨਿ ਪਾਸ, ਕੌਣ ਗਜ਼ਬ ਕਰ ਏ ਭਏ ਨਾਸ
ਰਯਤ ਛੇਲੀ ਹਾਕਮ ਸ਼ੇਰ, ਹਾਕਮ ਬਾਜ਼ ਔ ਰਯਤ ਬਟੇਰ।। 4।। 
ਦੋਹਰਾ-ਛੇਲੀਅਨ ਮਾਰੇ ਸ਼ੇਰ ਕਿਮ, ਕਿਮ ਬਟੇਰਨ ਮਾਰੇ ਬਾਜ਼,
ਹਾਕਮ ਮਾਰੇ ਰੱਯਤੈਂ ਯਹ ਕਰਮਾਤਹਿ ਕਾਜ।। 15 ।। 
(ਗੁਰੂ ਪੰਥ ਪ੍ਰਕਾਸ਼, ਰਤਨ ਸਿੰਘ, ਸਫਾ:40)



Post Comment

ਘਰੇਲੂ ਨੁਸਖੇ ਅਪਣਾਓ- ਰੋਗਾਂ ਨੂੰ ਵਧਣ ਤੋਂ ਬਚਾਓ


ਸਾਡੇ ਦੇਸ਼ ਵਿੱਚ ਸਦੀਆਂ ਤੋਂ ਸਿਹਤ ਸਬੰਧੀ ਆਮ ਸਮੱਸਿਆਵਾਂ ਦੇ ਲਈ ਵੱਡੇ ਬਜ਼ੁਰਗਾਂ ਦੇ ਦੱਸੇ ਘਰੇਲੂ ਨੁਸਖੇ ਕੰਮ ਆਉਂਦੇ ਰਹੇ ਹਨ। ਇਨ੍ਹਾਂ ਘਰੇਲੂ ਨੁਸਖਿਆਂ ਦੀ ਜਾਣਕਾਰੀ ਪੀੜ੍ਹੀ ਦਰ ਪੀੜ੍ਹੀ ਸਾਨੂੰ ਮਿਲਦੀ ਰਹਿੰਦੀ ਸੀ। ਪਰ ਅੱਜ ਦੇ ਅਜੋਕੇ ਅਤੇ ਕੰਪਿਊਟਰ ਵਾਲੇ ਅਜੋਕੇ ਪਰਿਵਾਰਾਂ ਦੇ ਯੁੱਗ ਵਿੱਚ ਜਦੋਂ ਕਿਸੇ ਕੋਲ ਸਮਾਂ ਹੀ ਨਹੀਂ ਹੈ, ਵਿਹਲ ਹੀ ਨਹੀਂ ਹੈ ਤਾਂ ਅਜਿਹਾ ਲੱਗਦਾ ਹੈ ਕਿ ਅਸੀਂ ਇਨ੍ਹਾਂ ਨੁਸਖਿਆਂ ਨੂੰ ਭੁੱਲਦੇ ਜਾ ਰਹੇ ਹਾਂ। ਬੇਸ਼ੱਕ ਆਪਣੇ ਡਾਕਟਰ, ਵੈਦ, ਹਕੀਮ ਨਾਲ ਆਪਣੀ ਬੀਮਾਰੀ ਬਾਰੇ ਜ਼ਿਕਰ ਕਰਕੇ ਕੋਈ ਇਲਾਜ ਕਰਵਾਉਣਾ ਹੀ ਸਹੀ ਗੱਲ ਹੈ ਪਰ ਸ਼ੁਰੂਆਤੀ ਦੌਰ ਵਿੱਚ ਜੇਕਰ ਇਹ ਘਰੇਲੂ ਨੁਸਖੇ ਵਰਤੀਏ ਤਾਂ ਇਹ ਕਾਰਗਰ ਅਤੇ ਸਸਤੇ ਸਾਬਤ ਹੁੰਦੇ ਹਨ। ਇਨ੍ਹਾਂ ਦਾ ਕੋਈ ਵੀ ਦੁਰਪ੍ਰਭਾਵ (ਸਾਈਡ ਇਫੈਕਟ) ਨਹੀਂ ਹੁੰਦਾ।
* ਨਾਰੀਅਲ ਦੇ ਤੇਲ ਵਿੱਚ ਲੌਂਗ ਦੇ ਤੇਲ ਦੀਆਂ ਕੁਝ ਬੰੂਦਾਂ ਮਿਲਾ ਕੇ ਸਿਰ ’ਤੇ ਮਾਲਿਸ਼ ਕਰਨ ਦੇ ਨਾਲ ਸਿਰ ਦਰਦ ਠੀਕ ਹੋ ਜਾਂਦਾ ਹੈ।
* ਨਸ਼ੇ ਵਿੱਚ ਧੁੱਤ ਕਿਸੇ ਦਾ ਜੇਕਰ ਨਸ਼ਾ ਉਤਾਰਨਾ ਹੋਵੇ ਤਾਂ ਉਸ ਨੂੰ ਪਿਆਜ਼ ਦਾ ਰਸ ਪਿਲਾ ਦੇਵੋ ਉਸ ਦਾ ਨਸ਼ਾ ਕਾਫੀ ਘੱਟ ਜਾਵੇਗਾ।
* ਅਮਰੂਦ ਦੇ ਪੱਤਿਆਂ ਦਾ ਕਾੜ੍ਹਾ ਬਣਾ ਕੇ ਕੁਰਲੀਆਂ ਕਰਨ ਦੇ ਨਾਲ ਮੂੰਹ ਦੇ ਛਾਲੇ ਅਤੇ ਮਸੂੜਿਆਂ ਦੇ ਦਰਦ ਤੋਂ ਆਰਾਮ ਮਿਲਦਾ ਹੈ।
* ਇਕ ਚੰੂਢੀ ਹਲਦੀ ਰੋਜ਼ਾਨਾ ਖਾਣ ਦੇ ਨਾਲ ਭੁੱਖ ਵੀ ਵਧਦੀ ਹੈ ਅਤੇ ਆਂਦਰਾਂ ਨੂੰ ਵੀ ਫਾਇਦਾ ਪਹੁੰਚਦਾ ਹੈ। ਵੈਸੇ ਵੀ ਹਲਦੀ ਐਂਟੀਬਾਇਓਟਿਕ ਦਾ ਕੰਮ ਕਰਦੀ ਹੈ।
* ਬੱਚਿਆਂ ਦਾ ਬਿਸਤਰ ’ਤੇ ਪਿਸ਼ਾਬ ਕਰਨ ਦੀ ਆਦਤ ਛੁਡਾਉਣ ਦੇ ਲਈ ਰੋਜ਼ਾਨਾ ਸੌਣ ਤੋਂ ਪਹਿਲਾਂ ਅਖਰੋਟ ਅਤੇ ਦਾਖਾਂ ਲੋੜ ਅਤੇ ਹਿਸਾਬ ਮੁਤਾਬਕ ਖਵਾਓ। ਹਫ਼ਤੇ ਦੋ ਹਫ਼ਤੇ ਵਿੱਚ ਹੀ ਬੱਚਿਆਂ ਦੀ ਬਿਸਤਰ ’ਤੇ ਪਿਸ਼ਾਬ ਕਰਨ ਦੀ ਆਦਤ ਤੋਂ ਛੁਟਕਾਰਾ ਮਿਲ ਜਾਵੇਗਾ। ਅਖਰੋਟ ਗਰਮ ਹੁੰਦਾ ਹੈ ਅਤੇ ਆਯੁਰਵੈਦ ਮੁਤਾਬਕ ਪਿੱਤ ਦੀ ਮਾਤਰਾ ਨੂੰ ਸਰੀਰ ਵਿੱਚ ਵਧਾਉਂਦਾ ਹੈ। ਜ਼ਿਆਦਾ ਨਾ ਖਵਾਇਆ ਜਾਵੇ।
* ਨੌਜਵਾਨਾਂ ਨੂੰ ਆਮ ਤੌਰ ’ਤੇ ਕਿੱਲਾਂ/ਮੁਹਾਸਿਆਂ ਦੀਆਂ ਦਿੱਕਤਾਂ ਆਉਣ ਲੱਗ ਜਾਂਦੀਆਂ ਹਨ। ਅਜਵਾਇਣ ਦਾ ਪਾਊਡਰ ਬਣਾ ਕੇ ਦਹੀਂ ਵਿੱਚ ਮਿਲਾ ਕੇ ਮੂੰਹ ’ਤੇ ਲਗਾਉਣ ਨਾਲ ਕਿੱਲ ਮੁਹੱਸੇ ਠੀਕ ਹੋ ਜਾਂਦੇ ਹਨ।
* ਨਹਾਉਣ ਤੋਂ ਪਹਿਲਾਂ ਸਿਰ ’ਤੇ ਪਿਆਜ਼ ਦਾ ਪੇਸਟ ਕਰ ਕੇ ਲਗਾਉ, ਵਾਲ ਕਾਲੇ ਹੋਣ ਲੱਗ ਜਾਣਗੇ।
* ਨਿੰਬੂ ਦੇ ਪੱਤਿਆਂ ਦਾ ਰਸ ਕੱਢ ਕੇ ਸੁੰਘੋ, ਸਿਰ ਦਰਦ ਇਕਦਮ ਠੀਕ ਹੋ ਜਾਵੇਗਾ। ਨੈਚੁਰੋਪੈਥੀ ਦੀ ਇਕ ਸ਼ਾਖਾ ਅਰੋਮਾਥੈਰੇਪੀ ਵਿੱਚ ਲੈਮਨ ਗਰਾਸ ਆਇਲ ਦੀ ਵਰਤੋਂ ਕੀਤੀ ਜਾਂਦੀ ਹੈ। ਰੋਜ਼ਾਨਾ ਇਕ ਗਲਾਸ ਗਾਜਰ ਦਾ ਰਸ ਪੀਣ ਦੇ ਨਾਲ ਸਰੀਰ ਵਿੱਚ ਖੂਨ ਤਾਂ ਵਧੇਗਾ ਹੀ ਵਧੇਗਾ ਨਾਲ ਹੀ ਅੱਖਾਂ ਦੀ ਰੋਸ਼ਨੀ ਵੀ ਵਧਦੀ ਹੈ।
* ਤੁੱਤਲੇਪਣ ਨੂੰ ਘੱਟ ਜਾਂ ਖ਼ਤਮ ਕਰਨ ਦੇ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਦੋ ਗਰਾਮ ਭੁੰਨੀ ਹੋਈ ਫਟਕੜੀ ਮੂੰਹ ਵਿੱਚ ਰੱਖੋ।
* ਜੋੜਾਂ ’ਤੇ ਸੇਕ ਕਰਕੇ ਨਿੰਮ ਦੇ ਤੇਲ ਦੀ ਮਾਲਿਸ਼ ਕਰਕੇ ਸਾਨੂੰ ਦਰਦਾਂ ਤੋਂ ਆਰਾਮ ਮਿਲਦਾ ਹੈ।
* ਘੀਆ, ਕੱਦੂ, ਅੱਲ, ਲੌਕੀ ਕੁਝ ਵੀ ਕਹਿ ਲਵੋ, ਦੀ ਗੁੱਦ ਪੈਰਾਂ ਦੀਆਂ ਤਲੀਆਂ ’ਤੇ ਮਲਣ ਨਾਲ ਉਨ੍ਹਾਂ ਵਿੱਚ ਹੋਣ ਵਾਲੀ ਜਲਣ ਅਤੇ ਆਯੁਰਵੈਦ ਮੁਤਾਬਕ ਮੰਨੀ ਜਾਂਦੀ ਪਿੱਤ ਪ੍ਰਕਿਰਤੀ ਸ਼ਾਂਤ ਹੁੰਦੀ ਹੈ ਅਤੇ ਸਿਰ ਦਰਦ ਵੀ ਖ਼ਤਮ ਹੁੰਦਾ ਹੈ।
* ਚਿਹਰੇ ’ਤੇ ਨਿੰਬੂ ਮਲਣ ਦੇ ਨਾਲ ਦਾਗ ਅਤੇ ਛਾਹੀਆਂ ਘੱਟਦੀਆਂ ਹਨ ਅਤੇ ਇਸ ਤੋਂ ਇਲਾਵਾ ਸੇਬ ਖਾਣ ਜਾਂ ਸੇਬ ਨੂੰ ਮੈਸ਼ ਕਰ ਕੇ ਇਸ ਦੀ ਗੁੰਦ ਮੂੰਹ ’ਤੇ ਲਾਉਣ ਨਾਲ ਵੀ ਦਾਗ ਅਤੇ ਛਾਹੀਆਂ ਖ਼ਤਮ ਹੋ ਜਾਂਦੀਆਂ ਹਨ।
* ਰੋਜ਼ਾਨਾ ਇਕ ਦੋ ਕਲੀਆਂ/ਤੁਰੀਆਂ ਲੱਸਣ ਦੀਆਂ ਖਾਣ ਦੇ ਨਾਲ ਦਿਲ ਦੇ ਰੋਗ ਦਾ ਖਤਰਾ ਘਟਦਾ ਹੈ। ਬਲੱਡ ਪ੍ਰੈਸ਼ਰ ਵੀ ਕਾਬੂ ਹੇਠ ਰਹਿੰਦਾ ਹੈ ਅਤੇ ਪੇਟ, ਗੈਸ ਨਾਲ ਸਬੰਧਤ ਤਕਲੀਫਾਂ ਦਾ ਵੀ ਅੰਤ ਹੁੰਦਾ ਹੈ।
* ਕਬਜ਼ ਹੋਣ ’ਤੇ ਹਿੰਗ ਦੇ ਚੂਰਨ ਵਿੱਚ ਥੋੜ੍ਹਾ ਜਿਹਾ ਮਿੱਠਾ ਸੋਡਾ ਮਿਲਾ ਕੇ ਰਾਤ ਨੂੰ ਲੈ ਲਵੋ ਅਤੇ ਪਾਣੀ ਪੀ ਲਵੋ।
* ਦਾਗ ਅਤੇ ਛਾਹੀਆਂ ਹੋਣ ’ਤੇ ਪਿਆਜ਼ ਦੇ ਬੀਜਾਂ ਦਾ ਚੂਰਨ ਸ਼ਹਿਦ ਵਿੱਚ ਮਿਲਾਓ। ਇਸ ਲੇਪ ਨੂੰ ਚਿਹਰੇ ’ਤੇ ਹੌਲੀ-ਹੌਲੀ ਮਲੋ। ਪੰਜ-ਚਾਰ ਵਾਰ ਕਰਨ ਤੋਂ ਬਾਅਦ ਹੀ ਫਰਕ ਸਾਫ ਦਿਖਣ ਲੱਗ ਪਵੇਗਾ।
* ਗਠੀਏ ਦੇ ਦਰਦ ਵਿੱਚ ਪਿਆਜ਼ ਦੇ ਰਸ ਦੀ ਮਾਲਿਸ਼ ਕਰਨ ਦੇ ਨਾਲ ਕਾਫੀ ਆਰਾਮ ਮਿਲਦਾ ਹੈ।
* ਜੇਕਰ ਤੁਹਾਡਾ ਬਲੱਡ ਪ੍ਰੈਸ਼ਰ ਵਧਦਾ ਹੈ ਤਾਂ ਹਰਾ ਭੂਕਾਂ ਵਾਲਾ ਪਿਆਜ਼ ਬਹੁਤ ਫਾਇਦੇਮੰਦ ਹੈ।
* ਉਲਟੀਆਂ ਲੱਗੀਆਂ ਹੋਣ ਜਾਂ ਹਾਜ਼ਮਾ ਸਹੀ ਨਾ ਹੋਵੇ ਤਾਂ ਪਿਆਜ਼ ਦੇ ਰਸ ਵਿੱਚ ਥੋੜ੍ਹਾ ਜਿਹਾ ਨਮਕ ਮਿਲਾ ਕੇ ਲਵੋ।
* ਪਿਆਜ਼ ਦੇ ਰਸ ਵਿੱਚ ਸ਼ਹਿਦ ਨੂੰ ਮਿਲਾ ਕੇ ਖਾਣ ਦੇ ਨਾਲ ਤਾਕਤ ਵੀ ਮਿਲਦੀ ਹੈ ਅਤੇ ਖੂਨ ਵੀ ਵਧ ਜਾਂਦਾ ਹੈ।
* ਪੇਟ ਦਰਦ ਹੋ ਰਿਹਾ ਹੋਵੇ ਤਾਂ ਭੁੰਨੀ ਹੋਈ ਸੌਂਫ ਨੂੰ ਚਬਾਓ, ਦਰਦ ਤੋਂ ਰਾਹਤ ਮਿਲੇਗੀ।
* ਜੇਕਰ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਕੰਡਾ ਖੁੱਭ ਗਿਆ ਹੋਵੇ ਤਾਂ ਉਸ ਹਿੱਸੇ ’ਤੇ ਥੋੜ੍ਹੀ ਜਿਹੀ ਹਿੰਗ ਨੂੰ ਪਾਣੀ ਵਿੱਚ ਮਿਲਾ ਕੇ ਉਸ ਦਾ ਘੋਲ ਲਗਾਓ ਕੰਡਾ ਬਾਹਰ ਨਿਕਲ ਜਾਵੇਗਾ।
* ਹਰੀ ਇਲਾਇਚੀ ਨੂੰ ਅੱਗ ’ਤੇ ਸੁਆਹ ਕਰ ਲਵੋ। ਇਸ ਨੂੰ ਸ਼ਹਿਦ ਦੇ ਵਿੱਚ ਮਿਲਾ ਕੇ ਖਾਣ ਨਾਲ ਸਫਰ ਦੌਰਾਨ ਹੋਣ ਵਾਲੀਆਂ ਉਲਟੀਆਂ ਤੋਂ ਬਹੁਤ ਵਧੀਆ ਰਾਹਤ ਮਿਲਦੀ ਹੈ।
* ਖਾਰਿਸ਼ ਹੋਣ ’ਤੇ ਨਿੰਬੂ ਵਿੱਚ ਫਟਕੜੀ ਦਾ ਚੂਰਨ ਭਰ ਕੇ ਖਾਰਿਸ਼ ਵਾਲੀ ਥਾਂ ’ਤੇ ਲਗਾਓ। ਬਹੁਤ ਵਧੀਆ ਰਹੇਗਾ।
* ਇਸੇ ਤਰ੍ਹਾਂ ਦੀ ਦੱਦ ਹੋਣ ’ਤੇ ਅਖਰੋਟ ਦਾ ਤੇਲ ਬਹੁਤ ਫਾਇਦਾ ਕਰਦਾ ਹੈ।
* ਮਿਰਗੀ ਦੇ ਮਰੀਜ਼ਾਂ ਨੂੰ ਚੰੂਢੀ ਕੁ ਹਿੰਗ ਨਿੰਬੂ ਵਿੱਚ ਮਿਲਾ ਕੇ ਚੁਸਾਣ ਦੇ ਨਾਲ ਦੌਰਾ ਖੁੱਲ੍ਹ ਜਾਂਦਾ ਹੈ, ਪਰ ਇਹ ਕੋਈ ਇਲਾਜ ਨਹੀਂ ਹੈ। ਮਰੀਜ਼ ਨੂੰ ਡਾਕਟਰ ਕੋਲ ਲਿਜਾ ਕੇ ਇਲਾਜ ਕਰਵਾਇਆ ਜਾਵੇ।
* ਗਲੇ ਵਿੱਚ ਖਾਰਿਸ਼ ਹੋ ਜਾਣ ’ਤੇ ਸੌਂਫ ਨੂੰ ਚਬਾਉਣ ਦੇ ਨਾਲ ਬੈਠਿਆ ਹੋਇਆ ਗਲਾ ਸਾਫ ਹੋ ਜਾਂਦਾ ਹੈ।
* ਦੰਦ ਵਿੱਚ ਦਰਦ ਹੋ ਰਿਹਾ ਹੋਵੇ ਤਾਂ ਲੌਂਗ ਦੇ ਤੇਲ ਦੀਆਂ ਤਿੰਨ-ਚਾਰ ਬੰੂਦਾਂ ਰੰੂ ਦੇ ਫੰਬੇ ’ਤੇ ਲਗਾ ਕੇ ਦਰਦ ਵਾਲੀ ਥਾਂ ’ਤੇ ਰੱਖੋ, ਕਾਫੀ ਰਾਹਤ ਮਿਲੇਗੀ।
ਮੋਬਾਈਲ : 94174-56573

ਡਾ.ਹਰਪ੍ਰੀਤ ਭੰਡਾਰੀ




Post Comment

Tuesday, March 12, 2013

- Sanu Maan Punjabi Hon Da

- Sanu Maan Punjabi Hon Da

Post Comment