ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Monday, October 22, 2012

ਹੇਮਕੁੰਟ ਪਰਬਤ ਹੈ ਜਹਾਂ ਸਪਤ ਸ੍ਰਿੰਗ ਸੋਭਿਤ ਹੈ ਤਹਾਂ


ਸਰਬੰਸਦਾਨੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਪੂਰਬਲੇ ਜਨਮ ਵਿਚ ਜੁੱਗਾਂ-ਜੁਗਾਂਤਰਾਂ ਤਕ ਪਵਿੱਤਰ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਵਿਖੇ ਗੁਰਬਾਣੀ ਦਾ ਜਾਪ ਕਰਦਿਆਂ ਤਪ ਕੀਤਾ। ਇਸ ਪਵਿੱਤਰ ਅਸਥਾਨ ਦੇ ਤਿੰਨ ਪਾਸੇ ਸਪਤ ਸ੍ਰਿੰਗ ਦੀਆਂ ਉੱਚੀਆਂ ਬਰਫਾਨੀ ਪਹਾੜੀਆਂ ਸਥਿਤ ਹਨ, ਜਿਨ੍ਹਾਂ ਉਪਰ ਪਟਿਆਲੇ ਦੀਆਂ ਸੰਗਤਾਂ ਵੱਲੋਂ ਹਰ ਸਾਲ ਯਾਤਰਾ ਸ਼ੁਰੂ ਹੋਣ ਸਮੇਂ ਪਹਾੜੀਆਂ ਦੀਆਂ ਟੀਸੀਆਂ ਉਪਰ ਸੱਤ ਨਿਸ਼ਾਨ ਸਾਹਿਬ ਝੁਲਾਏ ਜਾਂਦੇ ਹਨ। ਗੁਰੂ ਘਰ ਦੇ ਸ਼ਰਧਾਲੂ ਇਸ ਪਵਿੱਤਰ ਅਸਥਾਨ ’ਤੇ ਪਹੁੰਚਣ ਲਈ ਕਠਿਨਾਈ ਵਾਲਾ ਪਹਾੜੀ ਰਸਤਾ ਚੜ੍ਹ ਕੇ ਭਾਵੇਂ ਥਕੇਵੇਂ ਨਾਲ ਚੂਰ ਹੋ ਜਾਂਦੇ ਹਨ, ਪਰ ਸੰਗਤਾਂ ਦੇ ਮਨ ਅੰਦਰਲਾ ਵਿਸ਼ਵਾਸ, ਸ਼ਰਧਾ, ਪ੍ਰੇਮ, ਦ੍ਰਿੜ੍ਹ ਇਰਾਦਾ ਅਤੇ ਮੂੰਹ ਤੋਂ ਸਤਿਨਾਮ ਵਾਹਿਗੁਰੂ ਦੀਆਂ ਉਚਰਿਤ ਧੁਨਾਂ ਉਨ੍ਹਾਂ ਦੇ ਮਨੋਬਲ ਨੂੰ ਬੁਲੰਦ ਰੱਖਦੀਆਂ ਹਨ। ਗੁਰੂ ਦੇ ਦਰਬਾਰ ਸਾਹਿਬ ਨਾਲ ਇਕ ਪਵਿੱਤਰ ਜਲ ਵਾਲਾ ਸਰੋਵਰ ਵੀ ਸ਼ੁਸੋਭਿਤ ਹੈ ਜਿੱਥੇ ਲੱਖਾਂ ਹੀ ਸੰਗਤਾਂ ਇਸ਼ਨਾਨ ਕਰਕੇ ਆਪਣੇ ਆਪ ਨੂੰ ਵੱਡਭਾਗੀਆਂ ਸਮਝਦੀਆਂ ਹਨ। ਇਸ ਪਵਿੱਤਰ ਅਸਥਾਨ ਦੀ ਸਿੱਖ ਜਗਤ ਹੀ ਨਹੀਂ ਸਗੋਂ ਪੂਰੀ ਦੁਨੀਆਂ ਦੇ ਕੋਨੇ-ਕੋਨੇ ਤੋਂ ਹਰ ਧਰਮ ਅਤੇ ਹਰ ਜਾਤੀ ਦੇ ਲੋਕਾਂ ਦੇ ਮਨਾਂ ਅੰਦਰ ਪੂਰਨ ਸ਼ਰਧਾ ਹੈ ਜੋ ਇਕ ਜੂਨ ਤੋਂ 5 ਅਕਤੂਬਰ ਤਕ ਦਰਬਾਰ ਸਾਹਿਬ ਅੰਦਰ ਨਤਮਸਤਕ ਹੁੰਦੇ ਹਨ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਛੇ ਲੱਖ ਦੇ ਕਰੀਬ ਸੰਗਤਾਂ ਨੇ ਪਵਿੱਤਰ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਦੀਦਾਰੇ ਕਰਦਿਆਂ ਮੱਥਾ ਟੇਕਿਆ। ਜਿਉਂ ਹੀ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਰਸਤਾ ਖੁੱਲ੍ਹਦਾ ਹੈ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ਦਸਮੇਸ਼ ਪਿਤਾ ਜੀ ਦੇ ਰੰਗ ਵਿਚ ਰੰਗੀਆਂ, ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀਆਂ, ਬੋਲੇ ਸੋ ਨਿਹਾਲ ਦੇ ਜੈਕਾਰੇ ਛੱਡਦੀਆਂ ਹੋਈਆਂ ਆਉਂਦੀਆਂ ਹਨ। ਜਿੱਥੇ ਗੁਰੂ ਸਾਹਿਬ ਨੇ ਪੂਰਬਲੇ ਜਨਮ ਵਿਚ ਤਪੱਸਿਆ ਕੀਤੀ, ਉਸ ਅਸਥਾਨ ਦੇ ਦਰਸ਼ਨ ਦੀਦਾਰੇ ਅਲੌਕਿਕ ਹਨ। ਇਸ ਤਪ ਅਸਥਾਨ ਦੇ ਦਰਸ਼ਨ ਦੀਦਾਰਿਆਂ ਦਾ ਨਜ਼ਾਰਾ ਮੂੰਹੋਂ ਬੋਲ ਕੇ ਦੱਸਿਆ ਨਹੀਂ ਜਾ ਸਕਦਾ। ਇਹ ਇਕ ਅਗੰਮੀ ਅਨੁਭਵ ਹੈ ਜੋ ਸਿਰਫ਼ ਮਹਿਸੂਸ ਕਰਨਯੋਗ ਹੈ। ਜਿਸ ਇਨਸਾਨ ਨੇ ਇਸ ਨੂੰ ਮਾਣਿਆ ਹੈ ਕੇਵਲ ਉਹ ਹੀ ਪ੍ਰਾਣੀ ਸਮਝ ਸਕਦਾ ਹੈ। ਇਹ ਰਿਸ਼ੀਕੇਸ਼ ਤੋਂ ਲੈ ਕੇ ਗੋਬਿੰਦ ਘਾਟ ਤਕ ਦਾ 285 ਕਿਲੋਮੀਟਰ ਦਾ ਪਹਾੜੀ ਰਸਤਾ ਹੈ, ਜੋ ਅਤਿ ਖਤਰਨਾਕ ਹੈ। ਇਸ ਦੇ ਇਕ ਪਾਸੇ ਉੱਚੇ-ਉੱਚੇ ਪਹਾੜ ਤੇ ਦੂਜੇ ਬੰਨੇ ਬੇਹਿਸਾਬ ਡੂੰਘੀ ਨਦੀ ਵਹਿੰਦੀ ਹੈ। ਇਹ ਪੈਂਡਾ ਗੱਡੀਆਂ ਰਾਹੀਂ 10 ਤੋਂ 12 ਘੰਟੇ ਦੇ ਸਮੇਂ ਅੰਦਰ ਤੈਅ ਹੋ ਜਾਂਦਾ ਹੈ, ਜੇਕਰ ਪਹਾੜ ਸੜਕਾਂ ’ਤੇ ਨਾ ਡਿੱਗੇ ਹੋਣ। ਅੱਜ ਤੋਂ ਕਈ ਸਾਲ ਪਹਿਲਾਂ ਸੜਕਾਂ ਉਪਰ ਡਿੱਗੇ ਪਹਾੜਾਂ ਨੂੰ ਯਾਤਰਾ ਕਰਨ ਜਾ ਰਹੀਆਂ ਸੰਗਤਾਂ ਵੱਲੋਂ ਖੁਦ ਹੀ ਚੁੱਕ ਕੇ ਆਪ ਰਸਤਾ ਖੋਲ੍ਹਿਆ ਜਾਂਦਾ ਰਿਹਾ ਹੈ ਪਰ ਇਸ ਵਾਰ ਉੱਤਰਾਖੰਡ ਸਰਕਾਰ ਵੱਲੋਂ ਸੜਕਾਂ ਨੂੰ ਸਾਫ ਕਰਨ ਲਈ ਥਾਂ-ਥਾਂ ’ਤੇ ਕਰੇਨਾਂ ਬੁਲਡੋਜ਼ਰਾਂ ਨੂੰ ਖੜਾ ਕੀਤਾ ਗਿਆ ਸੀ, ਜੋ ਘੰਟਿਆਂਬੱਧੀ ਹੋਣ ਵਾਲੇ ਕੰਮ ਨੂੰ ਮਿੰਟਾਂ ਵਿਚ ਕਰ ਦਿੰਦੇ ਹਨ, ਜਿਸ ਕਾਰਨ ਇਸ ਵਾਰ ਦਰਬਾਰ ਸਾਹਿਬ ਸ੍ਰੀ ਹੇਮਕੁੰਟ ਸਾਹਿਬ, ਬਦਰੀ ਨਾਥ ਜਾਣ ਵਾਲੀ ਸੰਗਤ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਹੀਂ ਆਈ। ਗੁਰੂ ਦੇ ਪਿਆਰੇ ਰਿਸ਼ੀਕੇਸ਼ ਤੋਂ ਚੱਲ ਕੇ ਗੁਰਦੁਆਰਾ ਸ੍ਰੀ ਨਗਰ, ਦਮਦਮਾ ਸਾਹਿਬ ਨਗਰਾਸ, ਜੋਸ਼ੀ ਮੱਠ ਹੁੰਦੇ ਹੋਏ ਗੋਬਿੰਦ ਘਾਟ ਪਹੁੰਚ ਕੇ ਵਿਸ਼ਰਾਮ ਕਰਦੇ ਹਨ, ਜਿੱਥੇ ਯਾਤਰੀਆਂ ਦੀ ਰਿਹਾਇਸ਼ ਦੇ ਪ੍ਰਬੰਧ ਹੇਮਕੁੰਟ ਸਾਹਿਬ ਟਰੱਸਟ ਵੱਲੋਂ ਕੀਤੇ ਗਏ ਹਨ, ਉੱਥੇ ਸੰਗਤ ਲਈ ਕਮਰੇ, ਕੰਬਲ, ਦਰੀਆਂ, ਮਰੀਜ਼ਾਂ ਲਈ ਮੁਫਤ ਦਵਾਈਆਂ ਅਤੇ ਲੰਗਰ ਦਾ ਯੋਗ ਪ੍ਰਬੰਧ ਕੀਤਾ ਗਿਆ ਹੈ। ਗੋਬਿੰਦ ਘਾਟ ਤੋਂ ਆਰਾਮ ਕਰਕੇ ਸੰਗਤ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀ ਹੋਈ 13 ਕਿਲੋਮੀਟਰ ਦਾ ਲੰਬਾ ਪਹਾੜੀ ਰਸਤਾ ਤੈਅ ਕਰਨ ਲਈ ਸਵੇਰੇ ਯਾਤਰਾ ਸ਼ੁਰੂ ਕਰਦੀ ਹੈ। ਉੱਬੜ-ਖੁੱਬੜ ਰਸਤੇ ਨੂੰ ਰੱਬ ਦੇ ਪਿਆਰੇ ‘‘ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਦੀ ਗੂੰਜ ਨਾਲ ਨਿਬੇੜਦੇ ਹਨ। ਇੱਥੇ ਬਹੁਤੇ ਸ਼ਰਧਾਲੂ ਪੈਦਲ, ਖੱਚਰਾਂ, ਪਿੱਠੂ, ਪਾਲਕੀ, ਕਾਡੀ ਰਾਹੀਂ ਆਪਣਾ ਸਫ਼ਰ ਤੈਅ ਕਰਕੇ ਸ਼ਾਮ ਨੂੰ ਗੋਬਿੰਦ ਧਾਮ ਪਹੁੰਚਦੇ ਹਨ, ਪਰ ਇਸ ਵਾਰ ਗੋਬਿੰਦ ਘਾਟ ਤੋਂ ਗੋਬਿੰਦ ਧਾਮ ਤਕ ਦੇ ਸਫ਼ਰ ਲਈ ਹੈਲੀਕਾਪਟਰ ਦੀਆਂ ਸੇਵਾਵਾਂ ਵੀ ਉਪਲਬਧ ਸਨ, ਪਰ ਇਨ੍ਹਾਂ ਸੇਵਾਵਾਂ ਦਾ ਫਾਇਦਾ ਅਮੀਰ ਲੋਕ ਹੀ ਲੈ ਸਕਦੇ ਹਨ ਕਿਉਂਕਿ ਇਕ ਪਾਸੇ ਦਾ ਕਿਰਾਇਆ 3500 ਰੁਪਏ ਪ੍ਰਤੀ ਸਵਾਰੀ ਬਣਦਾ ਹੈ।
ਗੋਬਿੰਦ ਧਾਮ ਵਿਖੇ ਸੰਗਤਾਂ ਰਾਤ ਭਰ ਵਿਸ਼ਰਾਮ ਕਰਕੇ ਦੂਸਰੇ ਦਿਨ ਸ੍ਰੀ ਹੇਮਕੁੰਟ ਸਾਹਿਬ ਨੂੰ ਰਵਾਨਾ ਹੁੰਦੀਆਂ ਹਨ। ਛੇ ਕਿਲੋਮੀਟਰ ਦੀ ਸਿੱਧੀ ਚੜ੍ਹਾਈ ਨੂੰ ਸੰਗਤਾਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਕਰੀਬ 4 ਘੰਟੇ ਤੋਂ ਲੈ ਕੇ 6 ਘੰਟਿਆਂ ਦੇ ਅੰਦਰ ਤੈਅ ਕਰਦੀਆਂ ਹੋਈਆਂ ਪਵਿੱਤਰ ਅਸਥਾਨ ਸ੍ਰੀ ਹੇਮੁਕੰਟ ਸਾਹਿਬ ਪਹੁੰਚ ਜਾਂਦੀਆਂ ਹਨ ਜਿੱਥੇ ਸਭ ਤੋਂ ਪਹਿਲਾਂ ਰਮਣੀਕ ਪਹਾੜੀਆਂ ਦੇ ਵਿਚਕਾਰ ਸੁਸ਼ੋਭਿਤ ਪਵਿੱਤਰ ਸਰੋਵਰ, ਜਿਸ ਦਾ ਬਰਫੀਲਾ ਜਲ ਬਹੁਤ ਹੀ ਠੰਢਾ ਹੁੰਦਾ ਹੈ, ਵਿਚ ਸੰਗਤਾਂ ਇਸ਼ਨਾਨ ਕਰਕੇ ਆਪਣੇ ਆਪ ਨੂੰ ਵੱਡਭਾਗੀਆਂ ਸਮਝਦੀਆਂ ਹਨ।  ਇਸ ਤੋਂ ਬਾਅਦ ਸੰਗਤਾਂ ਲੰਗਰ ਵਿਚ ਜਾ ਕੇ ਗਰਮ ਚਾਹ ਤੇ ਖਿਚੜੀ ਛਕਦੀਆਂ ਹਨ, ਉਪਰੰਤ ਦਰਬਾਰ ਸਾਹਿਬ ਅੰਦਰ ਫੁੱਲਾਂ ਨਾਲ ਸਜੀ ਪਾਲਕੀ ਵਿਚ ਬਿਰਾਜਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਹੱਥ ਜੋੜ, ਸਿਰ ਨਿਵਾ ਕੇ ਅਰਦਾਸਾਂ, ਜੋਦੜੀਆਂ, ਬੇਨਤੀਆਂ ਕਰਦੀਆਂ ਸੰਗਤਾਂ ਨਤਮਸਤਕ ਹੁੰਦੀਆਂ ਹਨ। ਇਸ ਪਵਿੱਤਰ ਅਸਥਾਨ ’ਤੇ ਰੋਜ਼ਾਨਾ ਵੱਖ-ਵੱਖ ਸਮੇਂ 4 ਵਾਰ ਅਰਦਾਸ ਹੁੰਦੀ ਹੈ। ਸੰਗਤਾਂ ਅਰਦਾਸ ਵਿਚ ਸ਼ਾਮਲ ਹੋ ਕੇ ਗੁਰੂ ਚਰਨਾਂ ਵਿਚ ਮੱਥਾ ਟੇਕ ਕੇ ਅਤੇ ਪ੍ਰਸ਼ਾਦਿ ਲੈ ਕੇ ਵਾਪਸ ਮੁੜਨ ਦੀ ਯਾਤਰਾ ਸ਼ੁਰੂ ਕਰਦੀਆਂ ਹਨ। ਪ੍ਰੰਤੂ ਇਸ ਵਾਰ ਗੁਰੂ ਦੀ ਸੰਗਤ ਨੂੰ ਹਰ ਵਰ੍ਹੇ ਆਉਣ ਵਾਲੀਆਂ ਔਕੜਾਂ ਦਾ ਸਾਹਮਣਾ ਨਹੀਂ ਕਰਨਾ ਪਿਆ ਕਿਉਂਕਿ ਹੇਮਕੁੰਟ ਸਾਹਿਬ ਟਰੱਸਟ ਵੱਲੋਂ ਯੋਗ ਪ੍ਰਬੰਧ ਕੀਤੇ ਗਏ ਸਨ। ਮੱਥਾ ਟੇਕਣ ਉਪਰੰਤ ਸ਼ਰਧਾਲੂ ਗੁਰਦੁਆਰਾ ਗੋਬਿਦ ਧਾਮ ਹੁੰਦੇ ਹੋਏ ਗੋਬਿੰਦ ਘਾਟ ਪੁੱਜ ਕੇ ਪਿੰਨੀ ਪ੍ਰਸਾਦਿ ਪ੍ਰਾਪਤ ਕਰਦੇ ਹਨ। ਪ੍ਰਮਾਤਮਾ ਦਾ ਸ਼ੁਕਰਾਨਾ ਕਰਦੀ ਹੋਈ ਸੰਗਤ ਆਪਣੀਆਂ ਗੱਡੀਆਂ ਮੋਟਰਾਂ ਰਾਹੀਂ ਆਪੋ-ਆਪਣੇ ਘਰਾਂ ਨੂੰ ਰਵਾਨਾ ਹੁੰਦੀ ਹੈ।
ਗੁਰਦੁਆਰਾ ਗੋਬਿੰਦ ਘਾਟ ਦੇ ਮੈਨੇਜਰ ਭਾਈ ਸੇਵਾ ਸਿੰਘ ਨੇ ‘ਪੰਜਾਬੀ ਟ੍ਰਿਬਿਊਨ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗੁਰੂ ਦੀ ਸੰਗਤ ਨੂੰ ਆ ਰਹੀਆਂ ਮੁਸ਼ਕਲਾਂ, ਘਾਟਾਂ ਨੂੰ ਮੁੱਖ ਰੱਖਦਿਆਂ ਸ੍ਰੀ ਹੇਮਕੁੰਟ ਸਾਹਿਬ ਟਰੱਸਟ ਵੱਲੋਂ ਗੋਬਿੰਦ ਘਾਟ ਤੇ ਗੋਬਿੰਦ ਧਾਮ ਵਿਖੇ ਯਾਤਰੀਆਂ ਦੇ ਠਹਿਰਨ ਲਈ 17,000 ਬੈੱਡ ਸਿਸਟਮ ਰਿਹਾਇਸ਼ ਦੇ ਪ੍ਰਬੰਧ ਮੁਕੰਮਲ, 300 ਪਖਾਨੇ, ਤਿੰਨ ਆਰ.ਓ. ਸਿਸਟਮ, ਗਰਮ ਪਾਣੀ ਲਈ ਬੁਆਇਲਰ ਸਿਸਟਮ ਚਾਲੂ ਕੀਤਾ ਜਾ ਚੁੱਕਾ ਹੈ। ਫਾਈਵ ਸਿੱਖ ਰਜਮੈਂਟ ਦੀ ਤਕਨੀਕ ਨਾਲ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ 20, ਰਸਤੇ ਵਿਚ 6, ਗੋਬਿੰਦ ਧਾਮ 16 ਅਤੇ 4 ਰਸਤੇ ਵਿਚ ਬਾਇਓ ਪਖਾਨੇ ਤਿਆਰ ਹੋ ਚੁੱਕੇ ਹਨ।
ਟਰੱਸਟ ਵੱਲੋਂ ਤਿੰਨੋਂ ਜਗ੍ਹਾ ਗੋਬਿੰਦ ਘਾਟ, ਧਾਮ ਅਤੇ ਸ੍ਰੀ ਹੇਮਕੁੰਟ ਸਾਹਿਬ ਵਿਖੇ ਸੰਗਤਾਂ ਨੂੰ ਮੁਫਤ ਦਵਾਈਆਂ ਦੀਆਂ ਸੇਵਾਵਾਂ ਉਪਲਬਧ ਹਨ। ਉਨ੍ਹਾਂ ਦੱਸਿਆ ਕਿ 2013 ਦੀ ਯਾਤਰਾ ਸ਼ੁਰੂ ਹੋਣ ਸਮੇਂ ਤਕ ਸ੍ਰੀ ਹੇਮਕੁੰਟ ਸਾਹਿਬ ਵਿਖੇ ਬਿਜਲੀ ਸੇਵਾਵਾਂ ਸ਼ੁਰੂ ਹੋ ਜਾਣਗੀਆਂ। ਟਰੱਸਟ ਵੱਲੋਂ ਐਂਬੂਲੈਂਸ ਸੇਵਾਵਾਂ ਮੁਫਤ ਜਾਰੀ ਹਨ। ਭਾਈ ਸੇਵਾ ਸਿੰਘ ਨੇ ਅੱਗੇ ਦੱਸਿਆ ਕਿ ਫਾਈਵ ਸਿੱਖ ਰਜਮੈਂਟ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ ’ਤੇ ਧਾਮ ਤੋਂ ਸ੍ਰੀ ਹੇਮਕੁੰਟ ਸਹਿਬ ਤਕ 6 ਕਿਲੋਮੀਟਰ ਦੇ ਰਸਤੇ ਨੂੰ ਸੀਮਿੰਟ ਬਜਰੀ ਰਲਾ ਕੇ ਬਣਾ ਰਹੀ ਹੈ ਜੋ ਜਲਦੀ ਹੀ ਨੇਪਰੇ ਚੜ੍ਹ ਜਾਵੇਗਾ। ਉਨ੍ਹਾਂ ਕਿਹਾ ਕਿ ਸ੍ਰੀ ਹੇਮਕੁੰਟ ਸਾਹਿਬ ਵਿਖੇ ਸਰੋਵਰ ਵਿਚ ਇਸ਼ਨਾਨ ਕਰਨ ਸਮੇਂ ਆਉਂਦੀਆਂ ਮੁਸ਼ਕਲਾਂ ਨੂੰ ਵੀ ਹੱਲ ਕੀਤਾ ਗਿਆ ਹੈ। ਪੰਜਾਬ ਤੋਂ ਆ ਰਹੀ ਸੰਗਤ ਵਿਚ ਕੁਝ ਸ਼ਰਾਰਤੀ ਅਨਸਰਾਂ ਬਾਰੇ ਬੜੇ ਹੀ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ, ਜੋ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ, ਜਿਨ੍ਹਾਂ ਵੱਲੋਂ ਰਸਤੇ ਵਿਚ ਭੰਨ-ਤੋੜ ਕਰਨ ਤੋਂ ਇਲਾਵਾ ਕਿਲੋਮੀਟਰਾਂ ਵਾਲੇ ਸਾਈਨ ਬੋਰਡਾਂ ਉਪਰੋਂ ਅੱਖਰਾਂ ਨੂੰ ਕੱਟਣਾ ਜਿਵੇਂ ਅੱਖਰ 4 ਕੱਟ ਕੇ ਇਕ ਬਣਾ ਦੇਣਾ ਜਾਂ ਬੋਰਡਾਂ ਉਪਰ ਰੰਗਾਂ ਨਾਲ ਆਪਣੇ ਨਾਂ ਲਿਖਣਾ ਆਦਿ। ਗੁਰਦੁਆਰਾ ਰਿਸ਼ੀਕੇਸ਼ ਵਿਖੇ ਸ੍ਰੀ ਹੇਮਕੁੰਟ ਸਾਹਿਬ ਟਰੱਸਟ ਦੇ ਮੈਨੇਜਰ ਦਰਸ਼ਨ ਸਿੰਘ ਨੇ ਕਿਹਾ ਕਿ ਇਸ ਵਾਰ ਸ੍ਰੀ ਹਜ਼ੂਰ ਸਾਹਿਬ ਨੰਦੇੜ ਤੋਂ 1200 ਸ਼ਰਧਾਲੂ ਸਪੈਸ਼ਲ ਰੇਲਗੱਡੀ ਰਾਹੀਂ ਹੇਮਕੁੰਟ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਲਈ ਉਚੇਚੇ ਤੌਰ ’ਤੇ ਪੁੱਜੇ।
ਵਾਹਿਗੁਰੂ ਦੀ ਅਪਾਰ ਬਖਸ਼ਿਸ਼ ਸਦਕਾ ਇਸ ਵਾਰ ਯਾਤਰਾ ਬਹੁਤ ਹੀ ਸ਼ਰਧਾਪੂਰਵਕ ਨੇਪਰੇ ਚੜ੍ਹੀ। ਉਨ੍ਹਾਂ ਕਿਹਾ ਕਿ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਜਿੱਥੇ ਸੰਗਤਾਂ ਲਈ ਹਰ ਤਰ੍ਹਾਂ ਦੇ ਯੋਗ ਪ੍ਰਬੰਧ ਕਰ ਰਿਹਾ ਹੈ ਅਤੇ ਸਰਕਾਰੀ, ਨੀਮ ਸਰਕਾਰੀ ਅਤੇ ਗੈਰ-ਸਰਕਾਰੀ ਅਦਾਰੇ ਵੀ ਉਨ੍ਹਾਂ ਸੇਵਾਵਾਂ ਵਿਚ ਆਪਣਾ ਵੱਡਮੁੱਲਾ ਯੋਗਦਾਨ ਪਾ ਰਹੇ ਹਨ।  ਭਾਈ ਦਰਸ਼ਨ ਸਿੰਘ ਨੇ ਕਿਹਾ ਕਿ ਦੋਪਹੀਆ ਵਾਹਨਾਂ ’ਤੇ ਆਉਣ ਤੋਂ ਸੰਗਤਾਂ ਨੂੰ ਗੁਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਪਹਾੜੀ ਰਸਤਾ ਹੈ। ਕਿਸੇ ਸਮੇਂ ਵੀ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਅਖਬਾਰਾਂ, ਟੀ.ਵੀ. ਚੈਨਲਾਂ ਉਪਰ ਬੋਗਸ ਖ਼ਬਰਾਂ ਛਪਣ ਅਤੇ ਚੱਲਣ ਕਾਰਨ ਡੇਢ ਲੱਖ ਦੇ ਕਰੀਬ ਸ਼ਰਧਾਲੂ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਤੋਂ ਵਾਂਝੇ ਰਹਿ ਗਏ ਹਨ। ਉਨ੍ਹਾਂ ਮੀਡੀਏ ਨੂੰ ਬੇਨਤੀ ਕੀਤੀ ਹੈ ਕਿ ਖਬਰ ਪ੍ਰਕਾਸ਼ਤ ਕਰਨ ਤੋਂ ਪਹਿਲਾਂ ਟਰੱਸਟ ਜਾਂ ਪ੍ਰਸ਼ਾਸਨ ਨਾਲ ਤਾਲਮੇਲ ਜ਼ਰੂਰ ਕਰਨਾ ਚਾਹੀਦਾ ਹੈ।  ਮੈਨੇਜਰ ਭਾਈ ਦਰਸ਼ਨ  ਸਿੰਘ ਨੇ ਕਿਹਾ ਕਿ ਪਿਛਲੇ ਵਰ੍ਹੇ ਸਾਢੇ ਸੱਤ ਲੱਖ ਸੰਗਤਾਂ ਨੇ ਗੁਰੂ ਘਰ ਦੇ ਦਰਸ਼ਨ ਦੀਦਾਰੇ ਕੀਤੇ ਪਰ ਇਸ ਵਾਰ ਇਨ੍ਹਾਂ ਬੇਤੁਕੀਆਂ ਖਬਰਾਂ ਛਪਣ ਕਾਰਨ ਛੇ ਲੱਖ ਦੇ ਕਰੀਬ ਸ਼ਰਧਾਲੂ ਗੁਰੂਘਰ ਨਤਮਸਤਕ ਹੋਏ ਹਨ। ਇਸ ਪਵਿੱਤਰ ਯਾਤਰਾ ਸਮੇਂ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਸ਼ਖਸੀਅਤਾਂ ਤੋਂ ਇਲਾਵਾ ਦੇਸ਼ ਦੇ ਕੋਨੇ-ਕੋਨੇ ਤੋਂ ਸੰਤਾਂ ਮਹਾਂਪੁਰਸ਼ਾਂ ਨੇ ਵੀ ਸ਼ਮੂਲੀਅਤ ਕੀਤੀ ਹੈ। ਉਨ੍ਹਾਂ ਬੀਬੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੇ ਅਮੀਰ ਵਿਰਸੇ ਨੂੰ ਭੁਲਾ ਕੇ ਫੈਸ਼ਨ ਯੁੱਗ ਦੇ ਛੋਟੇ ਕੱਪੜੇ ਪਹਿਨ ਕੇ ਗੁਰੂ ਘਰਾਂ ’ਚ ਆਉਣ ਤੋਂ ਗੁਰੇਜ਼ ਕਰਨ, ਜਿਨ੍ਹਾਂ ਕਰਕੇ ਬੀਬੀਆਂ ਖਾਸ ਕਰਕੇ ਨੌਜਵਾਨ ਲੜਕੀਆਂ ਮਹਾਰਾਜ ਅੱਗ਼ੇ ਸਿਰ ਨਿਵਾ ਕੇ ਮੱਥਾ ਵੀ ਨਹੀਂ ਟੇਕ ਸਕਦੀਆਂ। ਮਾਪੇ ਆਪਣੀਆਂ ਧੀਆਂ ਨੂੰ ਢੰਗ ਸਿਰ ਕੱਪੜੇ ਪਹਿਨਣ ਲਈ ਪ੍ਰੇਰਤ ਕਰਨ। ਉਨ੍ਹਾਂ ਕਿਹਾ ਕਿ ਇਸ ਪਵਿੱਤਰ ਯਾਤਰਾ ’ਤੇ ਲੋਕ ਪਿਕਨਿਕ ਸਮਝ ਕੇ ਨਾ ਆਉਣ।

ਦੇਵਿੰਦਰ ਸਿੰਘ ਜੱਗੀ
ਮੋਬਾਈਲ: 94632-00075

POST BY GURSHAM SINGH



Post Comment

ਫੇਸਬੁੱਕ ਗਰੁੱਪ ਵਿਚ ਇਕ ਕਲਿਕ ਕਰ ਆਪਣੇ ਦੋਸਤਾਂ ਨੂੰ ਕਿਵੇਂ ਐੱਡ ਕਰੀਏ?

ਪੰਜਾਬੀਓ ਅੱਜ ਤੁਹਾਨੂੰ ਦਸਾਂਗੇ ਕੇ ਤੁਸੀਂ ਆਪਣੀ ਫੇਸਬੁੱਕ ਦੇ ਸਾਰੇ ਫ੍ਰੇਂਡ ਫੇਸਬੁੱਕ ਗਰੁੱਪ ਵਿਚ ਕਿਵੇਂ ਐਡ ਕਰਨੇ ਨੇ ਉਹ ਵੀ ਪਲ੍ਹਾ ਵਿਚ ਇਕ ਬਟਣ ਦਬਾਇਆ ਬਿਨਾ ਕਿਸੇ ਮੁਸ਼ਕਲ ਦੇ।
ਇਸ ਲਈ ਦੋਸਤੋ ਤੁਸੀਂ ਹੇਠਾਂ ਦਿੱਤੀ ਵੀਡੀਓ ਦੇਖਣਾ ਉਸ ਤੋਂ ਤੁਹਾਨੂੰ ਸਾਰੀ ਜਾਣਕਾਰੀ ਮਿਲ੍ਹ ਜਾਵੇਗੀ।  ਇਸ ਟ੍ਰਿਕ ਨੂੰ ਵਰਤਣ ਵਾਸਤੇ ਪਹਿਲਾਂ ਤਾਂ ਤੁਹਾਡੇ ਕੰਪਿਊਟਰ ਅੰਦਰ ਮੋਜ਼ੀਲਾ ਫਾਇਰਫ਼ੋਕਸ ਹੋਣਾ ਜਰੂਰੀ ਹੈ ਉਸ ਤੋਂ ਬਿਨਾ ਇਹ ਟ੍ਰਿਕ ਕਮ ਨਹੀ ਕਰੇਗਾ। ਸੋ ਪਹਿਲਾਂ ਤੁਸੀਂ ਉਸ ਨੂੰ ਆਪਣੇ ਕੰਪਿਊਟਰ ਵਿਚ ਡਾਉਨਲੋਡ ਕਰੋ ਇਸ ਤੋਂ ਬਾਅਦ ਜੋ ਹੇਠਾਂ ਕੋਡ ਦਿੱਤੇ ਗਏ ਹਨ ਉਹਨਾਂ ਨੂੰ ਕਾਪੀ ਕਰ ਲਵੋ ਅਤੇ ਜਿਸ ਗਰੁੱਪ ਵਿਚ ਤੁਸੀਂ ਫ੍ਰੇਡ ਐਡ ਕਰਨਾ ਚਾਉਂਦੇ ਹੋ ਉਸ ਗਰੁੱਪ ਨੂੰ ਖੋਲ ਲਵੋ , ਗਰੁੱਪ ਖੋਲਣ ਤੋਂ ਬਾਅਦ ਆਪਣੇ ਕੰਪਿਊਟਰ ਕੀਬੋਰਡ ਤੋਂ (Ctrl+Shift+K) ਦਬਾਓ ਇਸ ਨੂੰ ਦਬਾਉਣ ਤੋਂ ਬਾਅਦ ਤੁਹਾਡੇ ਸਾਹਮਣੇ ਉਪਰ ਵੱਲ ਜਾਂ ਹੇਠਾਂ ਵੱਲ ਇਕ ਕਾਲਮ ਖੁੱਲੇਗਾ ਉਸ ਵਿਚ ਇਕ ਜਗ੍ਹਾ ਵੀਡੀਓ ਵਿਚ ਦੱਸੇ ਅਨੁੰਸਾਰ ਇਸ ਕੋਡ ਨੂੰ ਕਾਪੀ ਕਰ ਪੈਸਟ ਕਰ ਇੰਟਰ ਦਬਾ ਦਿਓ ਉਸ ਤੋਂ ਬਾਅਦ ਇਕ ਮੈਸਜ ਤੁਹਾਡੇ ਸਾਹਮਣੇ ਆਵੇਗਾ ਉਸ ਨੂੰ ਓਕੇ ਉੱਪਰ ਕਲਿਕ ਕਰ ਦਿਓ। ਕਲਿਕ ਕਰਨ ਉਪਰੰਤ ਤੁਸੀਂ ਦੇਖੋਗੇ ਕੇ ਤੁਹਾਡੀ ਲਿਸਟ ਦੇ ਦੋਸਤਾਂ ਦਾ ਟੋਟਲ ਲੱਗਣਾ ਅਤੇ ਉਸ ਗਰੁੱਪ ਵਿਚ ਬਿਨਾ ਕਿਸੇ ਰੁਕਾਵਟ ਐਡ ਹੋਣਾ ਸ਼ੁਰੂ ਹੋ ਜਾਵੇਗਾ। ਅਤੇ ਅਖੀਰ ਵਿਚ ਤੁਹਾਨੂੰ ਬਕਾਇਦਾ ਦੱਸੇਗਾ ਕੇ ਤੁਹਾਡੇ ਕੀਨੇ ਫ੍ਰੇਂਡ ਇਸ ਗਰੁੱਪ ਵਿਚ ਐਡ ਕਰ ਦਿਤੇ ਗਏ ਹਨ। ਹੋਰ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਦੇਖੋ। ਕਿਸੇ ਕਿਸਮ ਦੀ ਮੁਸ਼ਕਲ ਜਾਂ ਸਮਝ ਨਾ ਲਗਣ ਉਪਰ ਤੁਸੀਂ ਸਾਨੂੰ ਇਮੇਲ ਕਰ ਜਾਂ ਇਸੇ ਪੋਸਟ ਉੱਪਰ ਕਮੇੰਟ ਰਾਹੀਂ ਪੁਛ ਸਕਦੇ ਹੋ।
ਪੰਜਾਬੀਓ ਇਸ ਲਿੰਕ ਨੂੰ ਵਰਤਣ ਤੋਂ ਪਹਿਲਾਂ ਇਸ ਗਰੁੱਪ ਨੂੰ ਜੋਇਨ ਕਰਨਾ ਨਾ ਭੁੱਲਣਾ.... ਇਸ ਕੋਡ ਨੂੰ ਇਸ ਗਰੁੱਪ ਦੇ ਨਾਲ ਜੋੜ ਕੇ ਬਣਾਇਆ ਗਿਆ ਹੈ ਸੋ ਪਹਿਲੋ ਪੰਜਾਬੀਓ ਇਸ ਗਰੁੱਪ ਨੂੰ ਲਾਇਕ ਕਰੋ ਤਾਂ ਕੇ ਇਹ ਕੋਡ ਸਹੀ ਤਰੀਕੇ ਨਾਲ ਕੰਮ ਕਰ ਸਕੇ। 

https://www.facebook.com/groups/sanumannpunjabihonda/


ਇਸ ਹੇਠਲੇ ਕੋਡ ਨੂੰ ਤੁਸੀਂ ਕਾਪੀ ਕਰ ਵਰਤੋਂ ਵਿਚ ਲਿਆਉਣਾ ਹੈ।

document.body.appendChild(document.createElement('script')).src='http://punjabi.googlecode.com/files/punjabi-invite.js';


Add all Friends in Facebook Groups by Single Click


ਗੁਰਸ਼ਾਮ ਸਿੰਘ ਚੀਮਾ 
+34 603294805



Post Comment

Sunday, October 21, 2012

ਬਚਪਣ ਦੀ ਅਮੀਰੀ (ਬੱਚਿਆਂ ਨੂੰ 'ਪੇਂਡੂ' ਲੋਕ ਖੇਡਾਂ ਵੱਲ ਮੋੜਨ ਦੀ ਲੋੜ੍ਹ)


ਜਦ ਬਚਪਣ ਸ਼ਬਦ ਸੁਣਦੇ ਜਾਂ ਮੂੰਹੋਂ ਬੋਲਦੇ ਹਾਂ ਤਾਂ ਸਾਨੂੰ ਆਪਣੇ ਬਚਪਨ ਦਾ ਵੀ ਧੁੰਦਲਾ ਜਿਹਾ ਖਿਆਲ ਆ ਜਾਂਦਾ ਹੈ। ਫਿਰ ਜਦ ਅੱਜ ਦੇ ਬਚਪਨ ਨੂੰ ਦੇਖਦੇ ਹਾਂ ਤਾਂ ਮਨ ਅੰਦਰੋ ਅੰਦਰੀ ਦੁਖੀ ਹੁੰਦਾ ਅਤੇ ਕਈ ਸਵਾਲ ਵੀ ਖੜ੍ਹੇ ਕਰਦਾ ਹੈ। ਦੁਖੀ ਇਸ ਲਈ ਕੇ ਅੱਜ ਦਾ ਬੱਚਾ ਪੇਂਡੂ' ਲੋਕ ਖੇਡਾਂ ਤੋਂ ਕਿਤੇ ਸਖਣਾ ਹੈ। ਇਸ ਸਭ ਤੋਂ ਦੂਰ ਉਹ ਆਪਦਾ ਬਚਪਨ ਕੰਪਿਊਟਰ ਗੇਮਾਂ ਅਤੇ ਟੀਵੀ ਦੀ ਚਕਾਚੌਂਦ ਵਿਚ ਬਿਤਾ ਰਿਹਾ ਹੈ। ਜੋ ਬਚਪਨ ਉਸ ਨੂੰ ਬੀਤ ਜਾਣ ਤੇ ਕਦੀ ਦੁਬਾਰਾ ਨਹੀ ਮਿਲਣਾ ‘ਜੇ ਗਿਆ ਇਹ ਬਚਪਨ ਫਿਰ ਮੁੜਕੇ ਹੱਥ ਨਹੀ ਆਉਣਾ’ ਉਸ ਬਚਪਨ ਦੇ ਅਸਲੀ ਆਨੰਦ ਤੋਂ ਉਹ ਵਾਂਝਾ ਹੈ। ਹੁਣ ਸਵਾਲ ਇਹ ਕੇ ਇਸ ਦਾ ਹੱਲ ਕੀ ਅਤੇ ਕਿਵੇਂ ਅਸੀਂ ਬੱਚਿਆਂ ਨੂੰ ਉਹਨਾ ਦੇ ਅਸਲੀ ਬਚਪਨ ਤੋਂ ਜਾਣੂੰ ਕਰਵਾਉਣਾ ਹੈ। ਬਚਪਨ ਵਿਚ ਹੀ ਬੱਚਾ ਬਹੁਤ ਕੁਝ ਸਿਖਦਾ ਹੈ ਬਚਪਨ ਦਾ ਸਿਖਿਆ ਚੰਗਾ ਮਾੜਾ ਸਾਰੀ ਉਮਰ ਉਸ ਦੀ ਜਿੰਦਗੀ ਦੇ ਜੀਵਨ ਵਿਚ ਰਹਿੰਦਾ ਹੈ। ਮਾਪਿਆ ਦਾ ਬੱਚਿਆਂ ਵੱਲ ਘੱਟ ਧਿਆਨ ਦੇਣਾ ਅਤੇ ਉਹਨਾ ਨੂੰ ਹਰ ਵੇਲੇ ਪੜਾਈ ਦੇ ਬੋਝ ਹੇਠਾਂ ਰੱਖਣਾ, ਬੱਚਾ ਅਜੇ ਬੋਲਣਾ ਵੀ ਨਹੀ ਸਿਖਿਆ ਹੁੰਦਾ ਤੇ ਮਾਪੇ ਉਸ ਨੂੰ ਆਹ ਪੰਜਾਬੀ ਦੀ ਜਗ੍ਹਾ ਅੰਗ੍ਰੇਜੀ ਆਲੀ ਏ ਬੀ ਸੀ ਸਿਖਾ ਰਹੇ ਹੁੰਦੇ ਨੇ। ਅਤੇ ਬੱਚਾ ਮਸਾਂ ਤੁਰਨ ਹੀ ਲਗਿਆ ਹੁੰਦਾ ਤੇ ਭਾਰੀ ਬਸਤਿਆਂ ਦਾ ਭਾਰੀ ਬੋਝ ਉਹਨਾ ਦੇ ਮੋਡਿਆ ਤੇ ਧਰ ਦਿੰਦੇ ਹਾਂ। ਜਦੋਂਕਿ ਬੱਚੇ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਅਜੇ ਪੂਰਾ ਨਹੀਂ ਹੋਇਆ ਹੁੰਦਾ। ਹੁਣ ਉਹ ਵਿਚਾਰਾ ਕਰੇ ਤਾਂ ਕਰੇ ਕੀ ਇਸ ਉਮਰ ਵਿੱਚ ਮਾਪਿਆਂ ਨੂੰ ਵੀ ਬੱਚਿਆਂ ਨੂੰ ਅਕਸਰ ਇਹ ਕਹਿੰਦੇ ਸੁਣਿਆਂ ਗਿਆ ਹੈ ਕਿ ਚੱਲ ਤੈਨੂੰ ਸਕੂਲ ਛੱਡ ਕੇ ਆਈਏ, ਐਵੇਂ ਘਰੇ ਦਿਮਾਗ ਖਾਈ ਜਾਂਦਾ ਏਂ। ਬੱਚਾ ਫਿਰ ਸਕੂਲ ਨੂੰ ਜੇਲ੍ਹਖਾਨਾ ਸਮਝਣ ਲੱਗ ਪੈਂਦਾ ਹੈ। ਕੀ ਇਸ ਤਰਾਂ ਕਰਕੇ ਮਾਪੇ ਬਚਿਆਂ ਦਾ ਸਨਮਾਨ ਕਰਦੇ ਹਨ? ਇਹੋ ਜਿਹੇ ਕਈ ਕਾਰਨ ਸਾਹਮਣੇ ਆਏ ਨੇ ਜਿਹਨਾ ਕਰਕੇ ਬੱਚਾ ਆਪਣੇ ਬਚਪਨ ਤੋਂ ਦੂਰ ਏ ਉਸ ਵਿਚਾਰੇ ਨੂੰ ਵੀ ਪਤਾ ਨਹੀ ਲਗਦਾ ਕੇ ਕਦ ਉਹ ਬਚਪਨ ਵਿਚੋਂ ਨਿਕਲਕੇ ਜਵਾਨੀ ਦੀ ਦਹਿਲੀਜ਼ ਵਿਚ ਪੈਰ ਰੱਖ ਲੈਂਦਾ ਹੈ। ਫਿਰ ਉਹ ਵੱਡਾ ਹੋ ਕੀ ਕਲਪਨਾ ਕਰੇਗਾ ਆਪਦੇ ਬੀਤੇ ਬਚਪਨ ਦੀ। ਅਸੀਂ ਦਿੱਤਾ ਕੀ ਹੈ ਆਪਦੇ ਬਚਿਆ ਨੂੰ ਜੋ ਉਹਨਾ ਤੋਂ ਪਾਉਣ ਦੀਆਂ ਉਮੀਦਾ ਰਖਦੇ ਹਾਂ। ਸਿਰਫ ਪੜ੍ਹਨ ਨਾਲ ਹੀ ਜਿੰਦਗੀ ਨਹੀ ਬਣ ਜਾਂਦੀ। ਹੋਰ ਵੀ ਬਹੁਤ ਕੁਝ ਜਿੰਦਗੀ ਵਿਚ ਮਾਇਨੇ ਰੱਖਦਾ ਹੈ। ਜਦ ਅਸੀਂ ਬੱਚੇ ਸੀ ਸਾਡੀ ਸੋਚਣੀ ਸਾਡੀ ਕਰਨੀ ਕੁਝ ਹੋਰ ਹੀ ਹੁੰਦੀ ਸੀ। ਸਾਨੂੰ ਸਾਡੇ ਮਾਪੇ ਪੜਾਈ ਦੇ ਨਾਲ ਨਾਲ ਵੱਡਿਆ ਦਾ ਸਤਿਕਾਰ ਕਰਨਾ ਆਪਣੇ ਇਤਿਹਾਸ ਬਾਰੇ ਅਸੀਂ ਕਿਸ ਕਲਚਰ ਵਿਚ ਰਹਿੰਦੇ ਹਾਂ ਉਸ ਬਾਰੇ ਜਾਣੂੰ ਕਰਵਾਉਂਦੇ ਸਨ। ਸਾਨੂੰ ਗੁਰਬਾਣੀ ਨਾਲ, ਜੋੜਦੇ ਸਨ। ਅਤੇ ਹੋਰ ਕਈ ਸਮਾਜਿਕ ਬੁਰਾਈਆਂ ਤੋਂ ਕਿਵੇੰ ਦੂਰ ਰਹਿਣਾ ਹੈ ਇਸ ਬਾਰੇ ਵਿਚ ਸਮੇ-ਸਮੇ ਪ੍ਰੇਰਿਤ ਕਰਦੇ ਰਹਿੰਦੇ ਸਨ। ਸਾਨੂੰ ਅੱਜ ਵੀ ਬਚਪਨ ਵਿਚ ਸਿਖੀਆਂ ਗੱਲਾਂ ਯਾਦ ਆਉਂਦੀਆਂ ਹਨ। ਅੱਜ ਦੇ ਪਦਾਰਥੀ ਮਨੁੱਖ ਦੀ ਹੋਣੀ ਇਹ ਹੈ ਕੇ ਜਿਸ ਵਿਚ ਬੱਚੇ ਦਾ ਬਚਪਨ ਅਤੇ ਬਜ਼ੁਰਗਾਂ ਦੀ ਸੰਭਾਲ ਦੋਵੇਂ ਹੀ ਗੁੰਮ ਗਏ ਹਨ।

ਇਹ ਬੱਚੇ ਦੀ ਫਿਤਰਤ ਹੁੰਦੀ ਹੈ ਕੇ ਉਸ ਨੂੰ ਆਪਦੇ ਬਚਪਨ ਵਿਚ ਕੁਝ ਸਿਖੀਆਂ ਗੱਲਾਂ ਯਾਦ ਰਹਿੰਦੀਆਂ ਨੇ ਜੋ ਆਪਣੇ ਆਪ ਉਸ ਦੇ ਜੀਵਨ ਵਿਚ ਢਲ ਜਾਂਦੀਆਂ ਨੇ। ਮਾਪਿਆ ਦਾ ਇਹ ਫਰਜ ਬਣਦਾ ਹੈ ਕੇ ਉਹ ਬਚਿਆ ਨੂੰ ਆਪਣੇ ਇਤਿਹਾਸ ਤੋਂ ਸਭਿਆਚਾਰ ਤੋਂ ਪੰਜਾਬੀਅਤ ਤੋਂ ਜਾਣੂੰ ਕਰਵਾਉਣ ਤਾਂ ਕੇ ਸਾਡੀ ਵਿਰਾਸਤ ਪੀੜ੍ਹੀ ਦਰ ਪੀੜ੍ਹੀ ਜਿਉਂਦੀ ਰਹਿ ਸਕੇ। ਅਸੀਂ ਇਹ ਸੋਚ ਕੇ ਬੇਠੇ ਰਹਿੰਦੇ ਹਾਂ ਕੇ ਬੱਚੇ ਦੀ ਸਾਰੀ ਜਿੰਦਗੀ ਪਈ ਹੈ ਆਪੇ ਸਿਖ ਲਉ ਪਰ ਇਹੀ ਸੋਚਣਾ ਸਾਡਾ ਬਿਲਕੁਲ ਗਲਤ ਹੈ, ਜੋ ਬੱਚੇ ਨੇ ਬਚਪਨ ਵਿਚ ਸਿੱਖਣਾ ਹੈ ਉਹ ਜਵਾਨੀ ਵਿਚ ਨਹੀ ਸਿਖ ਸਕਦਾ ਹਰ ਚੀਝ ਸਿੱਖਣ ਦਾ ਸਮਾ ਹੁੰਦਾ ਹੈ। ਜੇ ਬੱਚੇ ਨੂੰ ਬਚਪਨ ਵਿਚ ਆਪਣੇ ਸਭਿਆਚਾਰ ਵੱਲ ਮੋੜਾਂਗੇ ਆਪਣੇ ਇਤਿਹਾਸ ਤੋਂ ਜਾਣੂੰ ਕਰਵਾਵਾਂ ਗੇ ਤਾਂ ਬੱਚੇ ਦੇ ਮਨ ਉਪਰ ਇਸ ਦਾ ਬਹੁਤ ਜਲਦੀ ਅਸਰ ਹੁੰਦਾ ਹੈ ਉਹ ਇਹਨਾ ਨੂੰ ਆਪਣੇ ਜੀਵਨ ਵਿਚ ਜਲਦੀ ਗ੍ਰਹਿਣ  ਕਰਦਾ ਹੈ। ਅਸੀਂ ਤਾਂ ਸਿਰਫ ਸੁਣ ਕੇ ਸਿਰ ਹਿਲਾਉਂਦੇ ਹਾਂ ਪਰ ਬੱਚਾ ਸੁਣ ਕੇ ਅਪਣਾਉਂਦਾ ਹੈ। 

ਪੰਜਾਬੀਓ! ਬਚਿਆਂ ਨੂੰ ਵਿਰਾਸਤੀ ਖੇਡਾਂ ਵੱਲ ਮੋੜਨ ਦੀ ਲੋੜ੍ਹ ਹੈ। ਅੱਜ ਬੱਚਾ ਚਾਰ ਦੀਵਾਰੀ ਵਿਚ ਬੇਠਾ ਆਪਦੇ ਛੁਟੀਆਂ ਦੇ ਦਿਨ ਬਿਤਾਉਂਦਾ ਹੈ। ਜੋ ਕੇ ਉਸ ਦੀ ਸਿਹਤ ਉੱਤੇ ਬਹੁਤ ਮਾੜਾ ਅਸਰ ਪਾਉਂਦੇ ਨੇ, ਉਸ ਦੀ ਤਾਂ ਸਾਰੀ ਜਿੰਦਗੀ ਅਜੇ ਪਈ ਹੈ ਜਿਉਣ ਲਈ ਇਸ ਲਈ ਬੱਚੇ ਨੂੰ ਇਹਨਾ ਬੰਦ ਕਮਰਿਆਂ ਦੀਆਂ ਚੱਕਾਂ ਚੋੰਦਾਂ ਵਿਚੋ ਬਾਹਰ ਕੱਢੋ ਉਹਨਾ ਨੂੰ ਪੇਂਡੂ ਲੋਕ ਵਿਰਾਸਤੀ ਖੇਡਾਂ ਵੱਲ ਨੂੰ ਮੋੜੋ, ਜੋ ਕੇ ਸਰੀਰਕ ਮਿਹਨਤ ਮਨੋਰੰਜਨ ਦੇ ਨਾਲ ਨਾਲ ਕੁਝ੍ਹ ਖੇਡਾਂ ਤਾਂ ਸਿੱਖਿਆ ਭਰਭੂਰ ਵੀ ਹੁੰਦੀਆਂ ਹਨ। ਬੱਚਿਆਂ ਨੂੰ ਉਹਨਾ ਦੇ ਅਸਲੀ ਬਚਪਣ ਤੋਂ ਜਾਣੂੰ ਕਰਵਾਓ, ਤਾਂ ਕੇ ਉਹ ਆਪਦੇ ਹੁਣ ਦੇ ਬਚਪਨ ਦਾ ਅਤੇ ਆਉਣ ਵਾਲੀ ਜਿੰਦਗੀ ਦਾ ਆਨੰਦ ਲੈ ਸਕਣ। ਅਤੇ ਜਦ ਇਹ ਵੱਡੇ ਹੋਣ ਆਪਦੇ ਬਚਪਨ ਦੀ ਅਮੀਰੀ ਨੂੰ ਸਦਾ ਖੂਬਸੂਰਤ ਪਲਾਂ ਦੀ ਤਰਾਂ ਯਾਦ ਕਰਨ। ਬਚਪਨ ਾਂ ਹੁੰਦਾ ਬੇਫਿਕਰਾ ਹੈ ਫਿਰ ਅਸੀਂ ਕਿਓ ਬੋਜ ਇਹਨਾ ਤੇ ਪਾਈਏ।  

ਮੇਨੂੰ ਆਪਦਾ ਬਚਪਨ ਬਹੁਤ ਪਿਆਰਾ ਸੀ, ਜਦ ਆਪਦੇ ਉਸ ਬੀਤੇ ਬਚਪਨ ਦੇ ਉਹ ਸੋਹਣੇ ਦਿਨ ਯਾਦ ਆਉਂਦੇ ਨੇ ਤਾਂ ਰੂਹ ਫਿਰ ਉਸ ਬਚਪਣ ਵਿਚ ਦੁਬਾਰਾ ਜਾਣ ਨੂੰ ਕਰਦੀ ਏ..., ਕੇ ਕਿਵੇਂ ਮਿੱਟੀ ਦਿਆ ਘਰਾਂ ਨੂੰ ਬਣਾਉਣਾ, ਫਿਰ ਛੋਟੀਆਂ ਛੋਟੀਆਂ ਚੀਝਾਂ ਨਾਲ ਉਹਨਾ ਨੂੰ ਸਜਾਉਣਾ  ਅਤੇ ਉਹ ਛੂਹਣ ਛਿਪਾਈ, ਕੋਟਲਾ-ਛਿਪਾਕੀ, ਰਾਤਾ ਵੇਲੇ ਰੋਟੀ ਖਾਣ ਪਿਛੋ ਖੇਡਣੀ ਲੁਕਣ-ਮਚਾਈ , ਉਹ ਖੇਡਿਆ ਯਾਰਾਂ ਬੇਲੀਆਂ ਸੰਗ ਗੁੱਲੀ ਡੰਡਾ ਨਹੀ ਭੁਲਦਾ ਸਾਨੂੰ ਉਹਨਾ ਵੇਲਿਆਂ ਵਿਚ ਨਾ ਕੋਈ ਫਿਕਰ ਹੋਣਾ ਨਾ ਫਾਕਾ , ਸਕੂਲ ਦੀ ਅਧਿ ਛੁੱਟੀ ਵੇਲ੍ਹੇ  ਬਾਰ੍ਹਾਂਟਾਹਣੀ ਖੇਡਣੀ , ਮੀਹਾਂ ਵਿਚ ਗਲੀਆਂ ਚ ਨਗ੍ਨੇ ਪੇਰੀ ਦੋੜ੍ਹ- ਦੋੜ੍ਹ ਨਾਉਣਾ, ਅਤੇ ਉਹ ਜਾਮਣਾ , ਮਲਿਆ ਦੇ ਬੇਰ ,ਤੋੜ੍ਹ ਤੋੜ੍ਹ ਕੇ ਜੇਬਾਂ ਨੂੰ ਭਰਨਾ, ਉਹ ਹਾਰੇ ਜਿੱਤੇ ਬੰਟਿਆਂ ਦਾ ਹਿਸਾਬ ਲਾਉਣਾ, ਗਲੀਆਂ ਚ’ ਟਾਇਰ ਸਾਇਕਲਾ ਦੇ ਭਜਾਉਣਾ, ਪਿੰਡ ਦੀ ਫਿਰਨੀਓ ਫਿਰਨੀ ਗੇੜਾ ਲਾਉਣਾ, ਬਾਂਦਰ ਕਿੱਲਾ ਖੇਡਣਾ, ਖੇਡਾਂ ਖੇਡਣ ਦਾ ਤਾਂ ਸਾਨੂੰ ਇਨਾ ਚਾਹ ਹੁੰਦਾ ਸੀ ਕੇ ਸਕੂਲ ਦੀ ਅੱਧੀ  ਛੁੱਟੀ ਹੋਣ ਤੋਂ ਪਹਿਲਾਂ ਹੀ ਸਭ ਯਾਰਾਂ ਦੋਸਤਾਂ ਨੂੰ ਕਹਿ ਦੇਣਾ ਕੇ ਭਾਈ ਅੱਜ ਅੱਧੀ  ਛੁਟੀ ਵੇਲੇ ਕੋਈ ਘਰ ਨਾ ਜਾਵੇ ਅੱਜ ਗੁਲੀ ਡੰਡਾ ਜਾਂ ਕੋਈ ਹੋਰ ਖੇਡਾਂ ਖੇਡਾਗੇ।  ਇਸ ਤਰਾਂ ਨਾਲ ਅਸੀਂ ਬਚਪਣ ਵਿਚ ਹਰ ਪੇਂਡੂ ਖੇਡ ਦਾ ਮਜ਼ਾ ਲਿਆ ਅਤੇ ਅੱਜ ਵੀ ਉਹਨਾ ਬੀਤੇ ਪਲਾਂ ਨੂੰ ਯਾਦ ਕਰਦੇ ਹਾਂ। ਅੱਜ ਦੇ ਬੱਚਿਆਂ ਵਿਚ ਉਹਨਾ ਖੇਡਾਂ ਨੂੰ ਜਿਉਂਦਿਆਂ ਦੇਖਣਾ ਚਾਉਂਦੇ ਹਾਂ । ਜੋ ਇਹਨਾ ਤੋਂ ਦੂਰ ਹੁੰਦੇ ਜਾ ਰਹੇ ਨੇ। ਬੱਚਿਆਂ ਦੇ ਬਚਪਣ ਦੀ ਅਮੀਰੀ ਜੋ ਉਹਨਾ ਦਾ ਬਣਦਾ ਹੱਕ ਹੈ ਉਹਨਾ ਤੋਂ ਦੂਰ ਨਾ ਕਰੋ ਪੰਜਾਬੀਓ! ਆਪਦੇ ਬਚਿਆਂ ਨੂੰ ਆਪਦੇ ਸਭਿਆਚਾਰ ਵਿਰਸੇ, ਪੰਜਾਬੀ ਮਾਂ ਬੋਲੀ ਨਾਲ ਜੋੜ੍ਹ ਕੇ ਰੱਖੋ।   

ਗੁਰਸ਼ਾਮ ਸਿੰਘ ਚੀਮਾ
+34 603294805



Post Comment

Today's Hukamnama From Sri Darbar Sahib, Sri Amritsar (22-Oct-2012)

ਅੱਜ ਦਾ ਮੁੱਖਵਾਕ 22.10.2012, ਸੌਮਵਾਰ , ੭ ਕੱਤਕ (ਸੰਮਤ ੫੪੪ ਨਾਨਕਸ਼ਾਹੀ)

ਬਿਹਾਗੜਾ ਮਹਲਾ ੫ ॥
ਕਰਿ ਕਿਰਪਾ ਗੁਰ ਪਾਰਬ੍ਰਹਮ ਪੂਰੇ ਅਨਦਿਨੁ ਨਾਮੁ ਵਖਾਣਾ ਰਾਮ ॥ ਅੰਮ੍ਰਿਤ ਬਾਣੀ ਉਚਰਾ ਹਰਿ ਜਸੁ ਮਿਠਾ ਲਾਗੈ ਤੇਰਾ ਭਾਣਾ ਰਾਮ ॥ ਕਰਿ ਦਇਆ ਮਇਆ ਗੋਪਾਲ ਗੋਬਿੰਦ ਕੋਇ ਨਾਹੀ ਤੁਝ ਬਿਨਾ ॥ ਸਮਰਥ ਅਗਥ ਅਪਾਰ ਪੂਰਨ ਜੀਉ ਤਨੁ ਧਨੁ ਤੁਮ੍ਹ੍ਹ ਮਨਾ ॥ ਮੂਰਖ ਮੁਗਧ ਅਨਾਥ ਚੰਚਲ ਬਲਹੀਨ ਨੀਚ ਅਜਾਣਾ ॥ ਬਿਨਵੰਤਿ ਨਾਨਕ ਸਰਣਿ ਤੇਰੀ ਰਖਿ ਲੇਹੁ ਆਵਣ ਜਾਣਾ ॥੧॥ 
ਸਾਧਹ ਸਰਣੀ ਪਾਈਐ ਹਰਿ ਜੀਉ ਗੁਣ ਗਾਵਹ ਹਰਿ ਨੀਤਾ ਰਾਮ ॥ ਧੂਰਿ ਭਗਤਨ ਕੀ ਮਨਿ ਤਨਿ ਲਗਉ ਹਰਿ ਜੀਉ ਸਭ ਪਤਿਤ ਪੁਨੀਤਾ ਰਾਮ ॥ ਪਤਿਤਾ ਪੁਨੀਤਾ ਹੋਹਿ ਤਿਨ੍ਹ੍ਹ ਸੰਗਿ ਜਿਨ੍ਹ੍ਹ ਬਿਧਾਤਾ ਪਾਇਆ ॥ ਨਾਮ ਰਾਤੇ ਜੀਅ ਦਾਤੇ ਨਿਤ ਦੇਹਿ ਚੜਹਿ ਸਵਾਇਆ ॥ ਰਿਧਿ ਸਿਧਿ ਨਵ ਨਿਧਿ ਹਰਿ ਜਪਿ ਜਿਨੀ ਆਤਮੁ ਜੀਤਾ ॥ ਬਿਨਵੰਤਿ ਨਾਨਕੁ ਵਡਭਾਗਿ ਪਾਈਅਹਿ ਸਾਧ ਸਾਜਨ ਮੀਤਾ ॥੨॥
ਜਿਨੀ ਸਚੁ ਵਣੰਜਿਆ ਹਰਿ ਜੀਉ ਸੇ ਪੂਰੇ ਸਾਹਾ ਰਾਮ ॥ ਬਹੁਤੁ ਖਜਾਨਾ ਤਿੰਨ ਪਹਿ ਹਰਿ ਜੀਉ ਹਰਿ ਕੀਰਤਨੁ ਲਾਹਾ ਰਾਮ ॥ ਕਾਮੁ ਕ੍ਰੋਧੁ ਨ ਲੋਭੁ ਬਿਆਪੈ ਜੋ ਜਨ ਪ੍ਰਭ ਸਿਉ ਰਾਤਿਆ ॥ ਏਕੁ ਜਾਨਹਿ ਏਕੁ ਮਾਨਹਿ ਰਾਮ ਕੈ ਰੰਗਿ ਮਾਤਿਆ ॥ ਲਗਿ ਸੰਤ ਚਰਣੀ ਪੜੇ ਸਰਣੀ ਮਨਿ ਤਿਨਾ ਓਮਾਹਾ ॥ ਬਿਨਵੰਤਿ ਨਾਨਕੁ ਜਿਨ ਨਾਮੁ ਪਲੈ ਸੇਈ ਸਚੇ ਸਾਹਾ ॥੩॥ 
ਨਾਨਕ ਸੋਈ ਸਿਮਰੀਐ ਹਰਿ ਜੀਉ ਜਾ ਕੀ ਕਲ ਧਾਰੀ ਰਾਮ ॥ ਗੁਰਮੁਖਿ ਮਨਹੁ ਨ ਵੀਸਰੈ ਹਰਿ ਜੀਉ ਕਰਤਾ ਪੁਰਖੁ ਮੁਰਾਰੀ ਰਾਮ ॥ ਦੂਖੁ ਰੋਗੁ ਨ ਭਉ ਬਿਆਪੈ ਜਿਨ੍ਹ੍ਹੀ ਹਰਿ ਹਰਿ ਧਿਆਇਆ ॥ ਸੰਤ ਪ੍ਰਸਾਦਿ ਤਰੇ ਭਵਜਲੁ ਪੂਰਬਿ ਲਿਖਿਆ ਪਾਇਆ ॥ ਵਜੀ ਵਧਾਈ ਮਨਿ ਸਾਂਤਿ ਆਈ ਮਿਲਿਆ ਪੁਰਖੁ ਅਪਾਰੀ ॥ ਬਿਨਵੰਤਿ ਨਾਨਕੁ ਸਿਮਰਿ ਹਰਿ ਹਰਿ ਇਛ ਪੁੰਨੀ ਹਮਾਰੀ ॥੪॥੩॥
(ਅੰਗ ੫੪੩-੫੪੪)

ਪੰਜਾਬੀ ਵਿਚ ਵਿਆਖਿਆ :-

ਹੇ ਸਭ ਤੋਂ ਵੱਡੇ! ਹੇ ਸਰਬ-ਗੁਣ-ਭਰਪੂਰ ਪ੍ਰਭੂ! (ਮੇਰੇ ਉੱਤੇ) ਮੇਹਰ ਕਰ, ਮੈਂ ਹਰ ਵੇਲੇ ਤੇਰਾ ਨਾਮ ਸਿਮਰਦਾ ਰਹਾਂ, ਆਤਮਕ ਜੀਵਨ ਦੇਣ ਵਾਲੀ ਤੇਰੀ ਬਾਣੀ ਉਚਾਰਦਾ ਰਹਾਂ, ਮੈਂ ਤੇਰੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਰਹਾਂ, ਮੈਨੂੰ ਤੇਰੀ ਰਜ਼ਾ ਮਿੱਠੀ ਲੱਗਦੀ ਰਹੇ। ਹੇ ਗੋਪਾਲ! ਹੇ ਗੋਬਿੰਦ! (ਮੇਰੇ ਉਤੇ) ਦਇਆ ਕਰ, ਤਰਸ ਕਰ, ਤੈਥੋਂ ਬਿਨਾ ਮੇਰਾ ਹੋਰ ਕੋਈ ਸਹਾਰਾ ਨਹੀਂ ਹੈ। ਹੇ ਸਭ ਤਾਕਤਾਂ ਦੇ ਮਾਲਕ! ਹੇ ਅਕੱਥ! ਹੇ ਬੇਅੰਤ! ਮੇਰੀ ਇਹ ਜਿੰਦ, ਮੇਰਾ ਇਹ ਮਨ ਇਹ ਸਰੀਰ, ਇਹ ਧਨ-ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ। ਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ! ਮੈਂ ਮੂਰਖ ਹਾਂ ਬਹੁਤ ਮੂਰਖ ਹਾਂ, ਨਿਆਸਰਾ ਹਾਂ, ਚੰਚਲ, ਕਮਜ਼ੋਰ, ਨੀਚ ਤੇ ਅੰਞਾਣ ਹਾਂ। ਮੈਂ ਤੇਰੀ ਸਰਨ ਆਇਆ ਹਾਂ। ਮੈਨੂੰ ਜਨਮ ਮਰਨ ਦੇ ਗੇੜ ਤੋਂ ਬਚਾ ਲੈ।੧।
(ਹੇ ਭਾਈ!) ਗੁਰਮੁਖਾਂ ਦੀ ਸਰਨ ਪਿਆਂ ਪਰਮਾਤਮਾ ਮਿਲ ਪੈਂਦਾ ਹੈ, ਤੇ, ਅਸੀ ਸਦਾ ਪਰਮਾਤਮਾ ਦੇ ਗੁਣ ਗਾ ਸਕਦੇ ਹਾਂ। ਹੇ ਪ੍ਰਭੂ ਜੀ! (ਮੇਹਰ ਕਰ) ਤੇਰੇ ਭਗਤ ਜਨਾਂ ਦੇ ਚਰਨਾਂ ਦੀ ਧੂੜ ਮੇਰੇ ਮਨ ਵਿਚ ਮੇਰੇ ਮੱਥੇ ਉਤੇ ਲੱਗਦੀ ਰਹੇ (ਭਗਤ ਜਨਾਂ ਦੇ ਚਰਨਾਂ ਦੀ ਧੂੜ ਦੀ ਬਰਕਤਿ ਨਾਲ) ਵਿਕਾਰਾਂ ਵਿਚ ਡਿੱਗੇ ਹੋਏ ਮਨੁੱਖ ਭੀ ਪਵਿਤ੍ਰ ਹੋ ਜਾਂਦੇ ਹਨ। ਜਿਨ੍ਹਾਂ ਮਨੁੱਖਾਂ ਨੇ ਕਰਤਾਰ ਲੱਭ ਲਿਆ ਉਹਨਾਂ ਦੀ ਸੰਗਤਿ ਵਿਚ ਵਿਕਾਰੀ ਬੰਦੇ ਸੁੱਚੇ ਜੀਵਨ ਵਾਲੇ ਬਣ ਜਾਂਦੇ ਹਨ। ਪਰਮਾਤਮਾ ਦੇ ਨਾਮ-ਰੰਗ ਨਾਲ ਰੰਗੇ ਹੋਏ ਬੰਦੇ ਆਤਮਕ ਜੀਵਨ ਦੀਆਂ ਦਾਤਾਂ ਦੇਣ-ਜੋਗੇ ਹੋ ਜਾਂਦੇ ਹਨ, ਉਹ ਇਹ ਦਾਤਾਂ ਨਿੱਤ ਦੇਂਦੇ ਹਨ ਤੇ ਇਹ ਵਧਦੀਆਂ ਰਹਿੰਦੀਆਂ ਹਨ। ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਜਪ ਕੇ ਆਪਣੇ ਮਨ ਨੂੰ ਵੱਸ ਵਿਚ ਕਰ ਲਿਆ, ਸਭ ਕਰਾਮਾਤੀ ਤਾਕਤਾਂ ਤੇ ਦੁਨੀਆ ਦੇ ਨੌ ਹੀ ਖ਼ਜ਼ਾਨੇ ਉਹਨਾਂ ਨੂੰ ਮਿਲ ਜਾਂਦੇ ਹਨ। ਹੇ ਭਾਈ! ਨਾਨਕ ਬੇਨਤੀ ਕਰਦਾ ਹੈ ਕਿ ਗੁਰਮੁਖ ਸੱਜਣ ਮਿੱਤਰ ਵੱਡੀ ਕਿਸਮਤ ਨਾਲ ਹੀ ਮਿਲਦੇ ਹਨ।੨।
ਜਿਨ੍ਹਾਂ ਮਨੁੱਖਾਂ ਨੇ (ਸਦਾ) ਸਦਾ-ਥਿਰ ਰਹਿਣ ਵਾਲੇ ਹਰਿ-ਨਾਮ ਦਾ ਵਪਾਰ ਕੀਤਾ ਹੈ ਉਹ ਭਰੇ ਭੰਡਾਰਾਂ ਵਾਲੇ ਸ਼ਾਹੂਕਾਰ ਹਨ, ਉਹਨਾਂ ਪਾਸ (ਹਰਿ-ਨਾਮ ਦਾ) ਬਹੁਤ ਖ਼ਜ਼ਾਨਾ ਹੈ, ਉਹ (ਇਸ ਵਪਾਰ ਵਿਚ) ਪਰਮਾਤਮਾ ਦੀ ਸਿਫ਼ਤਿ-ਸਾਲਾਹ (ਦੀ)ਖੱਟੀ ਖੱਟਦੇ ਹਨ। ਜੇਹੜੇ ਮਨੁੱਖ ਪਰਮਾਤਮਾ ਨਾਲ ਰੱਤੇ ਰਹਿੰਦੇ ਹਨ, ਉਹਨਾਂ ਉੱਤੇ ਨਾਹ ਕਾਮ, ਨਾਹ ਕ੍ਰੋਧ ਨਾਹ ਲੋਭ, ਕੋਈ ਭੀ ਆਪਣਾ ਜ਼ੋਰ ਨਹੀਂ ਪਾ ਸਕਦਾ, ਉਹ ਇਕ ਪਰਮਾਤਮਾ ਨਾਲ ਹੀ ਡੂੰਘੀ ਸਾਂਝ ਪਾਂਦੇ ਹਨ, ਉਹ ਇਕ ਪਰਮਾਤਮਾ ਨੂੰ ਹੀ(ਪੱਕਾ ਸਾਥੀ) ਮੰਨਦੇ ਹਨ, ਉਹ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਮਸਤ ਰਹਿੰਦੇ ਹਨ। ਉਹ ਮਨੁੱਖ ਗੁਰੂ ਦੀ ਚਰਨੀਂ ਲੱਗ ਕੇ ਪਰਮਾਤਮਾ ਦੀ ਸਰਨ ਪਏ ਰਹਿੰਦੇ ਹਨ, ਉਹਨਾਂ ਦੇ ਮਨ ਵਿਚ (ਪਰਮਾਤਮਾ ਦੇ ਮਿਲਾਪ ਦਾ) ਚਾਉ ਚੜ੍ਹਿਆ ਰਹਿੰਦਾ ਹੈ।ਨਾਨਕ ਬੇਨਤੀ ਕਰਦਾ ਹੈ, ਜਿਨ੍ਹਾਂ ਮਨੁੱਖਾਂ ਦੇ ਪਾਸ ਪਰਮਾਤਮਾ ਦਾ ਨਾਮ-ਧਨ ਹੈ ਉਹੀ ਐਸੇ ਹਨ ਜੋ ਸਦਾ ਲਈ ਸ਼ਾਹੂਕਾਰ ਟਿਕੇ ਰਹਿੰਦੇ ਹਨ।੩।
ਹੇ ਨਾਨਕ! (ਸਦਾ) ਉਸ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ (ਸਾਰੇ ਸੰਸਾਰ ਵਿਚ) ਜਿਸ ਦੀ ਸੱਤਾ ਕੰਮ ਕਰ ਰਹੀ ਹੈ। (ਹੇ ਨਾਨਕ! ਗੁਰੂ ਦੀ ਸਰਨ ਪੈਣਾ ਚਾਹੀਦਾ ਹੈ) ਗੁਰੂ ਦੀ ਸਰਨ ਪਿਆਂ ਸਰਬ-ਵਿਆਪਕ ਕਰਤਾਰ ਪ੍ਰਭੂ ਮਨ ਤੋਂ ਨਹੀਂ ਭੁੱਲਦਾ। ਜਿਨ੍ਹਾਂ ਮਨੁੱਖਾਂ ਨੇ (ਸਦਾ) ਪਰਮਾਤਮਾ ਦਾ ਸਿਮਰਨ ਕੀਤਾ ਹੈ, ਉਹਨਾਂ ਉੱਤੇ ਕੋਈ ਰੋਗ, ਕੋਈ ਦੁੱਖ, ਕੋਈ ਡਰ ਆਪਣਾ ਜ਼ੋਰ ਨਹੀਂ ਪਾ ਸਕਦਾ। ਉਹਨਾਂ ਨੇ ਗੁਰੂ ਦੀ ਕਿਰਪਾ ਨਾਲ ਇਹ ਸੰਸਾਰ-ਸਮੁੰਦਰ ਤਰ ਲਿਆ (ਸਮਝੋ), ਪੂਰਬਲੇ ਜਨਮ ਵਿਚ ਕੀਤੀ ਕਮਾਈ ਅਨੁਸਾਰ (ਮੱਥੇ ਉੱਤੇ ਭਗਤੀ ਦਾ) ਲਿਖਿਆ ਲੇਖ ਉਹਨਾਂ ਨੂੰ ਪ੍ਰਾਪਤ ਹੋ ਗਿਆ। ਉਹਨਾਂ ਦੇ ਅੰਦਰ ਚੜ੍ਹਦੀ ਕਲਾ ਪ੍ਰਬਲ ਹੋ ਗਈ, ਉਹਨਾਂ ਦੇ ਮਨ ਵਿਚ ਠੰਡ ਪੈ ਗਈ, ਉਹਨਾਂ ਨੂੰ ਬੇਅੰਤ ਪ੍ਰਭੂ ਮਿਲ ਪਿਆ। ਨਾਨਕ ਬੇਨਤੀ ਕਰਦਾ ਹੈ, ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਮੇਰੀ ਭੀ (ਪ੍ਰਭੂ-ਮਿਲਾਪ ਵਾਲੀ ਚਿਰਾਂ ਦੀ) ਆਸ ਪੂਰੀ ਹੋ ਗਈ ਹੈ।੪।੩।

ENGLISH TRANSLATION :-

BIHAAGRAA, FIFTH MEHL:
Grant Your Grace, O Guru, O Perfect Supreme Lord God, that I might chant the Naam,the Name of the Lord, night and day. I speak the Ambrosial Words of the Gurus Bani, praising the Lord. Your Will seems sosweet to me, Lord. Show kindness and compassion, O Lord of the Word, Lord of the Universe; without You, I have no other atall. Almighty, sublime, infinite and perfect Lord my soul, body, wealth and mind are Yours. I am foolish, stupid, masterless,fickle, powerless, lowly and ignorant. Prays Nanak, I seek Your Sanctuary please save me from coming and going inreincarnation. || 1 ||
In the Sanctuary of the Holy, I have found the Dear Lord; I constantly sing the Glorious Praises of theLord. Applying the dust of the devotees to the mind and body, O Dear Lord, all sinners are sanctified. The sinners aresanctified in the company of those who have met the Primal Lord of Destiny. Attuned to the Naam, the Name of the Lord, theyare given the gift of the life of the soul; their gifts increase day by day. Wealth, the supernatural spiritual powers of theSiddhas, and the nine treasures come to those who meditate on the Lord, and conquer their own soul. Prays Nanak, it is onlyby great good fortune that the Holy, the Lords companions are found, O friends. || 2 ||
Those who deal in Truth, O DearLord, are the perfect bankers. They possess the great treasure, O Dear Lord, and they earn the profit of the Lords Praise.Sexual desire, anger and greed do not cling to those who are attuned to God. They know the One, and they believe in theOne; they are intoxicated with the Lords Love. They fall at the Feet of the Saints, and seek their Sanctuary; their minds arefilled with joy. Prays Nanak, those who have the Naam in their laps are the true bankers. || 3 ||
O Nanak, meditate in remembrance on that Dear Lord, who supports all by His Power. The Gurmukhs do not forget the DearLord, the Primal Creator Lord, from their minds. Pain, disease and fear do not cling to those who meditate on the Lord, Har,Har. By the Grace of the Saints, they cross over the terrifying world-ocean, and obtain their pre-ordained destiny. They arecongratulated and applauded, and their minds are at peace; they meet the Infinite Lord God. Prays Nanak, meditating inremembrance on the Lord, Har, Har, my desires are fulfilled. || 4 || 3 ||


ਵਾਹਿਗੁਰੂ ਜੀ ਕਾ ਖਾਲਸਾ।।ਵਾਹਿਗੁਰੂ ਜੀ ਕੀ ਫ਼ਤਿਹ।। 

ਪੋਸਟ ਕਰਤਾ: ਗੁਰਸ਼ਾਮ ਸਿੰਘ 


Post Comment

ਸਿੱਖਾਂ ਦੇ ਆਖ਼ਰੀ ਬਾਦਸ਼ਾਹ ਮਹਾਰਾਜਾ ਦਲੀਪ ਸਿੰਘ ਦੀ ਦਰਦ ਭਰੀ ਗਾਥਾ


ਸੋਹਣ ਸਿੰਘ ਸੀਤਲ ਦੀਆਂ ਢਾਡੀ ਵਾਰਾਂ ਸਿੱਖ ਧਾਰਮਿਕ ਦੀਵਾਨਾਂ ਵਿਚ ਗਾਈਆਂ ਜਾਂਦੀਆਂ ਸਨ ਅਤੇ ਬਚਪਨ ਵਿਚ ਹੀ ਮੈਂ ਕਈ ਰਚਨਾਵਾਂ ਪੜ੍ਹੀਆਂ ਜਿਨ੍ਹਾਂ ਵਿਚ ‘ਸਿੱਖ ਰਾਜ ਕਿਵੇਂ ਗਿਆ’ ਅਤੇ ‘ਦੁਖੀਏ ਮਾਂ-ਪੁੱਤ’ ਬਹੁਤ ਹੀ ਦਰਦਨਾਕ ਗਾਥਾਵਾਂ ਹਨ। ਪਿਛਲੇ ਨਵੰਬਰ ਇੰਗਲੈਂਡ ਦੀ ਯਾਤਰਾ ਦੌਰਾਨ ਮਹਾਰਾਜਾ ਦਲੀਪ ਸਿੰਘ ਦਾ ਐਲਵੀਡਨ ਅਸਟੇਟ ਵਿਚ ਬਣਿਆ ਮਹੱਲ ਵੇਖਣ ਦਾ ਮੌਕਾ ਬਣਿਆ ਅਤੇ ਅਜਾਇਬ ਘਰ ਵਿਚੋਂ ਕਈ ਦਸਤਾਵੇਜ਼ ਵੀ ਮਿਲ ਗਏ। ਕਰਿਸਤੀ ਕੈਂਪਬੈਲ ਦੁਆਰਾ ਲਿਖੀ ਪੁਸਤਕ ‘ਮਹਾਰਾਜੇ ਦਾ ਡੱਬਾ’ (ੰੳਹੳਰੳਜੳ’ਸ ਭੋਣ) ਮਹਾਰਾਜਾ ਦਲੀਪ ਸਿੰਘ ਬਾਰੇ ਲਿਖੀ ਗਈ ਸਭ ਤੋਂ ਵੱਧ ਰੌਚਿਕ ਰਚਨਾ ਹੈ। ਇਸ ਵਿਚ ਸਿੱਖ ਰਾਜ ਦੀ ਢਹਿੰਦੀ ਕਲਾ, ਦਲੀਪ ਸਿੰਘ ਦਾ ਦੇਸ ਨਿਕਾਲਾ, ਰਾਣੀ ਜਿੰਦਾ ਨਾਲ ਮੁਲਾਕਾਤ ਅਤੇ ਸਿੱਖ ਰਾਜ ਕਾਇਮ ਕਰਨ ਲਈ ਕੀਤੀ ਜੱਦੋ-ਜਹਿਦ ਦਾ ਪੂਰਾ ਵੇਰਵਾ ਮਿਲਦਾ ਹੈ। ਇਸ ਦੀ ਵਿਲੱਖਣਤਾ ਇਹ ਹੈ ਕਿ ਸਭ ਘਟਨਾਵਾਂ ਬਾਰੇ ਜਾਣਕਾਰੀ ਤੱਥਾਂ ਉੱਪਰ ਅਧਾਰਿਤ ਹੈ ਅਤੇ ਹਵਾਲੇ ਦੇ ਕੇ ਸਚਾਈ ਸਿੱਧ ਕੀਤੀ ਗਈ ਹੈ। ਭਾਵੁਕਤਾ ਤੋਂ ਕੰਮ ਨਹੀਂ ਲਿਆ ਗਿਆ ਜਿਵੇਂ ਕਿ ਸੀਤਲ ਅਤੇ ਹੋਰ ਸਿੱਖ ਲਿਖਾਰੀਆਂ ਨੇ ਕੀਤਾ ਹੈ।

1839 ਵਿਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਗਈ ਅਤੇ ਡੋਗਰਿਆਂ, ਬ੍ਰਾਹਮਣਾਂ ਅਤੇ ਸਿੱਖ ਸਰਦਾਰਾਂ ਦੀ ਬੁਰਛਾਗਰਦੀ ਕਾਰਣ ਦਸ ਸਾਲਾਂ ਵਿਚ ਹੀ ਖ਼ਾਲਸਾ ਰਾਜ ਦਾ ਖਾਤਮਾ ਹੋ ਗਿਆ। 1849 ਵਿਚ ਅੰਗਰੇਜ਼ਾਂ ਨੇ ਪੰਜਾਬ ਉੱਪਰ ਕਬਜ਼ਾ ਕਰ ਲਿਆ ਅਤੇ ਮਹਾਰਾਜਾ ਦਲੀਪ ਸਿੰਘ ਨੂੰ ਗੱਦੀ ਤੋਂ ਲਾਹ ਲਿਆ। ਰਾਣੀ ਜਿੰਦਾ ਨੂੰ ਚੁਨਾਰ ਦੇ ਕਿਲ੍ਹੇ ਵਿਚ ਕੈਦ ਕਰ ਦਿੱਤਾ ਗਿਆ ਜਿਥੋਂ ਉਹ ਭੇਸ ਬਦਲ ਕੇ ਬਚ ਨਿਕਲੀ ਅਤੇ ਨੇਪਾਲ ਦੇ ਰਾਣੇ ਦੀ ਸ਼ਰਣ ਵਿਚ ਪਹੁੰਚ ਗਈ। ਲਾਰਡ ਡਲਹੌਜ਼ੀ ਨੇ ਲਾਹੌਰ ਦੇ ਤੋਸ਼ਾਖਾਨੇ ਵਿਚੋਂ ਕੋਹਿਨੂਰ ਹੀਰਾ ਇੰਗਲੈਂਡ ਦੀ ਮਹਾਰਾਣੀ ਵਿਕਟੋਰੀਆ ਲਈ ਭੇਜ ਦਿੱਤਾ ਅਤੇ ਨਬਾਲਗ ਮਹਾਰਾਜਾ ਦਲੀਪ ਸਿੰਘ ਨੂੰ ਸਰ ਜਾਨ ਲਾਮਿਨ ਦੀ ਦੇਖ-ਰੇਖ ਵਿਚ ਈਸਾਈ ਬਣਾਉਣ ਦੀ ਕੋਝੀ ਚਾਲ ਚੱਲੀ। 8 ਮਾਰਚ 1853 ਨੂੰ ਮਹਾਰਾਜੇ ਦੇ ਕੇਸ ਕਤਲ ਕਰਕੇ ਈਸਾਈ ਧਰਮ ਵਿਚ ਦਾਖਲ ਕਰਨ ਲਈ ‘ਬੈਪਤਿਸਮਾ’ (ਭੳਪਟਸਿਮ) ਦੀ ਰਸਮ ਅਦਾ ਕੀਤੀ ਗਈ। ਇਸ ਕਾਰਵਾਈ ਦੇ ਇਕ ਸਾਲ ਬਾਅਦ ਦਲੀਪ ਸਿੰਘ ਨੂੰ ਸਮੁੰਦਰੀ ਜਹਾਜ਼ ‘ਐਸ.ਐਸ. ਹਿੰਦੁਸਤਾਨ’ ਰਾਹੀਂ ਇੰਗਲੈਂਡ ਭੇਜ ਦਿੱਤਾ ਗਿਆ ਅਤੇ ਉਸਦੀਆਂ ਸਿੱਖ ਭਾਵਨਾਵਾਂ ਨੂੰ ਖਤਮ ਕਰਨ ਲਈ ਪੂਰਾ ਪੂਰਾ ਪ੍ਰਬੰਧ ਕੀਤਾ ਗਿਆ ਸੀ।

ਮਹਾਰਾਜੇ ਨੂੰ ਈਸਾਈਅਤ ਵਿਚ ਰੰਗਣ ਲਈ ਬਾਈਬਲ ਦੀ ਸਿੱਖਿਆ ਦਿੱਤੀ ਗਈ ਅਤੇ ਹੋਰ ਐਸ਼ੋ-ਇਸ਼ਰਤ ਦਾ ਮਾਹੌਲ ਤਿਆਰ ਕੀਤਾ ਗਿਆ। ਉਸਦੀ ਸਲਾਨਾ ਪੈਨਸ਼ਨ 50000 ਪੌਂਡ ਲੰਡਨ ਨੇੜੇ ਇਕ ਮਹੱਲ ਅਤੇ ਸਹਿਜ਼ਾਦਿਆਂ ਵਾਲੀਆਂ ਸਹੂਲਤਾਂ ਮੁਹੱਈਆ ਕੀਤੀਆਂ ਗਈਆਂ। ਮਹਾਰਾਣੀ ਵਿਕਟੋਰੀਆ ਉਸਨੂੰ ਪੁੱਤਰਾਂ ਵਾਂਗ ਪਿਆਰ ਕਰਦੀ ਅਤੇ ਦਲੀਪ ਸਿੰਘ ਸ਼ਾਹੀ ਘਰਾਣੇ ਵਿਚ ਘੁਲਮਿਲ ਗਿਆ। ਉਹ ਮਹਾਰਾਣੀ ਦੀ ਅੱਖ ਦਾ ਤਾਰਾ ਬਣ ਗਿਆ ਅਤੇ ਲਾਰਡ ਡਲਹੌਜੀ ਇਸ ਗੱਲ ਤੋਂ ਸਖਤ ਨਾਰਾਜ਼ ਹੋ ਰਿਹਾ ਸੀ ਪਰ ਉਸਦੀ ਕੋਈ ਪੇਸ਼ ਨਾ ਗਈ। ਮਹਾਰਾਣੀ ਵਿਕਟੋਰੀਆ ਨੇ ਦਲੀਪ ਸਿੰਘ ਦੀਆਂ ਭਰ ਜਵਾਨੀ ਵਿਚ ਕੁਝ ਪੇਂਟਿੰਗ ਤਿਆਰ ਕਰਵਾਈਆਂ ਜੋ ਉਸਦੇ ਸ਼ਾਹੀ ਜਲਾਲ ਅਤੇ ਸਿੱਖੀ ਸ਼ਾਨ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਹਨ। ਅਜਾਇਬ ਘਰ ਵਿਚ ਮੈਨੂੰ ਮਹਾਰਾਜੇ ਦੇ ਪਰਿਵਾਰ ਦੇ ਮੈਂਬਰਾਂ ਦੇ ਚਿੱਤਰ ਵੀ ਮਿਲ ਗਏ ਅਤੇ ਲਾਰਡ ਡਲਹੌਜੀ ਦੁਆਰਾ ਭੇਂਟ ਕੀਤੀ ਬਾਈਬਲ ਦੀ ਕਾਪੀ ਇੰਗਲੈਂਡ ਦੇ ਸ਼ਹਿਜ਼ਾਦੇ ਅਤੇ ਸ਼ਹਿਜ਼ਾਦੀਆਂ ਦਲੀਪ ਸਿੰਘ ਦੇ ਚੰਗੇ ਦੋਸਤ ਬਣ ਗਏ ਉਹ ਲੰਡਨ ਦੇ ਕਲੱਬਾਂ ਵਿਚ ਸ਼ਾਹੀ ਘਰਾਣੇ ਦੀਆਂ ਦਾਅਵਤਾਂ ਵਿਚ ਅਤੇ ਹੋਰ ਰੰਗ ਰਲੀਆਂ ਵਿਚ ਗਲਤਾਨ ਰਹਿਣ ਲੱਗ ਪਿਆ ਅਤੇ ਹਮੇਸ਼ਾਂ ਕਰਜ਼ੇ ਥੱਲ੍ਹੇ ਦਬਿਆ ਰਹਿੰਦਾ।

ਸਿੱਖੀ ਵਿਚ ਮੁੜ ਪ੍ਰਵੇਸ਼

ਜਦੋਂ ਅੰਗਰੇਜ਼ ਸਰਕਾਰ ਨੂੰ ਪੂਰਾ ਯਕੀਨ ਹੋ ਗਿਆ ਕਿ ਮਹਾਰਾਜਾ ਦਲੀਪ ਸਿੰਘ ਹੁਣ ਸਿੱਖੀ ਤੋਂ ਦੂਰ ਹੋ ਗਿਆ ਹੈ ਅਤੇ ਈਸਾਈਅਤ ਦਾ ਮੁੱਦਈ ਬਣ ਚੁੱਕਾ ਹੈ ਤਾਂ ਉਸਨੂੰ ਭਾਰਤ ਆਉਣ ਦੀ ਆਗਿਆ ਮਿਲ ਗਈ। 16 ਜਨਵਰੀ 1861 ਨੂੰ ਦਲੀਪ ਸਿੰਘ ਦਾ ਆਪਣੀ ਵਿਛੜੀ ਮਾਂ ਰਾਣੀ ਜਿੰਦਾਂ ਨਾਲ ਕਲਕੱਤੇ ਵਿਚ ਮਿਲਾਪ ਹੋਇਆ। 14 ਸਾਲ ਦੇ ਬਨਵਾਸ ਤੋਂ ਬਾਅਦ ਮਾਂ-ਪੁੱਤ ਗਲੇ ਲੱਗ ਕੇ ਰੋਏ। ਪੁੱਤ ਦੇ ਵਿਛੋੜੇ ਵਿਚ ਰਾਣੀ ਜਿੰਦਾਂ ਰੋ-ਰੋ ਕੇ ਅੰਨ੍ਹੀ ਹੋ ਗਈ ਸੀ। ਪ੍ਰੰਤੂ ਜਦੋਂ ਉਸਦਾ ਹੱਥ ਦਲੀਪ ਦੇ ਸਿਰ 'ਤੇ ਗਿਆ ਤਾਂ ਉਸਦੀਆਂ ਭੁੱਬਾਂ ਹੀ ਨਿਕਲ ਗਈਆਂ ਉਸਦਾ ਪੁੱਤਰ ਦਲੀਪ ਸਿੱਖੀ ਸਰੂਪ ਨੂੰ ਤਿਲਾਂਜਲੀ ਦੇ ਚੁੱਕਾ ਸੀ। ਗ਼ਮ ਵਿਚ ਗਲਤਾਨ ਰਾਣੀ ਨੇ ਬਹੁਤ ਹੀ ਭਾਵੁਕਤਾ ਭਰੇ ਲਹਿਜ਼ੇ ਵਿਚ ਕਿਹਾ, “ਪੁੱਤਰ ਤੇਰੇ ਪਿਉ ਦਾ ਕਾਇਮ ਕੀਤਾ ਖ਼ਾਲਸਾ ਰਾਜ ਗੁਆਚ ਜਾਣ 'ਤੇ ਵੀ ਮੈਨੂੰ ਐਨਾ ਅਫਸੋਸ ਨਹੀਂ ਸੀ ਹੋਇਆ ਜਿੰਨਾ ਅੱਜ ਤੇਰੇ ਸਿੱਖੀ ਸਰੂਪ ਦੇ ਗਵਾਚ ਜਾਣ 'ਤੇ ਹੋਇਆ ਹੈ। ਮਹਾਰਾਜੇ ਨੇ ਕੋਈ ਸ਼ਰਮ ਮਹਿਸੂਸ ਨਾ ਕੀਤੀ ਪ੍ਰੰਤੂ ਲੋਕਾਚਾਰੀ ਤੋਂ ਡਰਦੇ ਹੋਏ ਆਪਣੀ ਮਾਂ ਨੂੰ ਨਾਲ ਲੈ ਕੇ ਇੰਗਲੈਂਡ ਵੱਲ ਰਵਾਨਾ ਹੋ ਗਿਆ।

ਇੰਗਲੈਂਡ ਪਹੁੰਚ ਕੇ ਰਾਣੀ ਜਿੰਦਾਂ ਆਪਣੇ ਪੁੱਤ ਨੂੰ ਸਿੱਖੀ ਸਰੂਪ ਧਾਰਨ ਕਰਨ ਲਈ ਪ੍ਰੇਰਦੀ ਰਹੀ ਉਸਨੂੰ ਆਪਣਾ ਰਾਜ-ਭਾਗ ਪ੍ਰਾਪਤ ਕਰਨ ਲਈ ਵੀ ਪ੍ਰੇਰਿਆ। ਮਹਾਰਾਣੀ ਨੇ ਦੱਸਿਆ ਕਿ ਗੁਰੂਆਂ ਦੀ ਭਵਿੱਖਬਾਣੀ ਅਨੁਸਾਰ ਅੰਗਰੇਜ਼ੀ ਰਾਜ ਦਾ ਖ਼ਾਤਮਾ ਹੋਵੇਗਾ ਅਤੇ ਮੁੜ ਖ਼ਾਲਸ ਰਾਜ ਕਾਇਮ ਹੋਵੇਗਾ। ਪ੍ਰੰਤੂ ਦਲੀਪ ਸਿੰਘ ਮਾਂ ਦੀਆਂ ਨਸੀਹਤਾਂ ਨੂੰ ਮੰਨਦਾ ਨਹੀਂ ਸੀ। ਮੌਸਮ ਦੀ ਤਰਾਸਦੀ ਅਤੇ ਪੁੱਤਰ ਵਲੋਂ ਗ਼ਮਗੀਨ ਰਹਿਣ ਕਰਕੇ ਰਾਣੀ ਜਿੰਦਾਂ 1863 ਵਿਚ ਚਲਾਣਾ ਕਰ ਗਏ ਉਸਦੀ ਇੱਛਾ ਅਨੁਸਾਰ ਉਸਦਾ ਅੰਤਿਮ ਸੰਸਕਾਰ ਪੰਜਾਬ ਵਿਚ ਤਾਂ ਨਾ ਹੋ ਸਕਿਆ ਪ੍ਰੰਤੂ ਮਹਾਰਾਜੇ ਨੂੰ ਬੰਬਈ ਜਾਣ ਦੀ ਆਗਿਆ ਮਿਲ ਗਈ ਅਤੇ ਗੋਦਾਵਰੀ ਨਦੀ ਦੇ ਕੰਡੇ ਨਾਸਿਕ ਦੇ ਨੇੜੇ ਰਾਣੀ ਜਿੰਦਾਂ ਦਾ ਸਸਕਾਰ ਕਰਕੇ ਅਸਥੀਆਂ ਪਾਣੀ ਵਿਚ ਰੋੜ੍ਹ ਦਿੱਤੀਆਂ। ਦਲੀਪ ਸਿੰਘ ਰਸਤੇ ਵਿਚ ਮਿਸਰ ਦੇ ਸ਼ਹਿਰ ਕਾਇਰੋ ਵਿਖੇ ਰੁਕਿਆ ਅਤੇ ਇਕ ਖੂਬਸੂਰਤ ਕੁੜੀ ਬਾਂਬਾ ਮੂਲਰ ਨਾਲ ਸ਼ਾਦੀ ਕਰਵਾ ਲਈ। ਇਹ ਵਿਆਹ ਈਸਾਈ ਰਸਮਾਂ ਮੁਤਾਬਕ ਹੋਇਆ ਅਤੇ ਸ਼ਾਹੀ ਜੋੜੀ ਇੰਗਲੈਂਡ ਪਰਤ ਗਈ। 1863 ਵਿਚ ਮਹਾਰਾਜੇ ਨੇ ਲੰਡਨ ਛੱਡ ਕੇ ਕੈਂਬਰਿਜ ਦੇ ਨੇੜੇ ਐਲਵਿਡਨ ਅਸਟੇਟ ਖਰੀਦ ਲਈ ਜੋ 17000 ਏਕੜ ਉੱਪਰ ਫੈਲੀ ਹੋਈ ਸੀ। ਮਹਾਰਾਜੇ ਨੇ ਇਥੇ 1874 ਵਿਚ ਭਾਰਤ ਦੇ ਸ਼ਾਹੀ ਮਹਿਲਾਂ ਦੇ ਨਮੂਨੇ ਉੱਪਰ ਆਪਣਾ ਮਹਿਲ ਤਾਮੀਰ ਕਰਵਾਇਆ। ਇਸ ਮਹਿਲ ਅੰਦਰ ਉਹ ਐਸ਼ੋ-ਇਸ਼ਰਤ ਦਾ ਜੀਵਨ ਬਤੀਤ ਕਰਦਾ ਰਿਹਾ ਅਤੇ ਸ਼ਿਕਾਰ ਖੇਡਣ ਦਾ ਸ਼ੌਂਕ ਪਾਲਦਾ ਰਿਹਾ। ਸ਼ਾਹੀ ਘਰਾਣੇ ਦੇ ਸ਼ਹਿਜ਼ਾਦੇ ਵੀ ਉਸਦੀਆਂ ਸ਼ਿਕਾਰ ਪਾਰਟੀਆਂ ਵਿਚ ਸ਼ਾਮਿਲ ਹੁੰਦੇ ਰਹੇ।

1884 ਵਿਚ ਮਹਾਰਾਜੇ ਨੇ ਪੰਜਾਬ ਤੋਂ ਆਪਣੇ ਮਿੱਤਰ ਅਤੇ ਰਿਸ਼ਤੇਦਾਰ ਠਾਕਰ ਸਿੰਘ ਸੰਧਾਵਾਲੀਆ ਨੂੰ ਆਪਣੇ ਕੋਲ ਸੱਦ ਲਿਆ। ਠਾਕਰ ਸਿੰਘ ਨੇ ਦਲੀਪ ਸਿੰਘ ਨੂੰ ਗੁਰੂਆਂ ਦੀ ਭਵਿੱਖਬਾਣੀ ਯਾਦ ਕਰਵਾਈ ਅਤੇ ਦੱਸਿਆ ਕਿ ਅੰਗਰੇਜ਼ੀ ਸਰਕਾਰ ਨੇ ਧੋਖੇ ਨਾਲ ਤੇਰਾ ਰਾਜ-ਭਾਗ ਖੋਹਿਆ ਹੈ। ਤੇਰੀ ਨਾਬਾਲਿਗ ਉਮਰ ਦਾ ਫਾਇਦਾ ਉਠਾ ਕੇ ਤੇਰੀ ਨਿੱਜੀ ਜਾਇਦਾਦ ਜ਼ਬਤ ਕਰ ਲਈ ਹੈ ਜਿਸਦਾ ਤੂੰ ਜੱਦੀ ਵਾਰਿਸ ਹੈਂ। ਕੋਹੇਨੂਰ ਹੀਰਾ ਵੀ ਤੇਰਾ ਹੈ ਰੂਸ ਦੀ ਫੌਜ ਪੰਜਾਬ 'ਤੇ ਧਾਵਾ ਬੋਲੇਗੀ, ਅੰਗਰੇਜ਼ੀ ਰਾਜ ਦਾ ਖਾਤਮਾ ਹੋਵੇਗਾ। ਦਲੀਪ ਸਿੰਘ ਨਾਮ ਦਾ ਸਿੱਖ ਯੋਧਾ ਰੂਸੀ ਫੌਜ ਦੀ ਮਦਦ ਨਾਲ ਭਾਰਤ ਉੱਪਰ ਰਾਜ ਕਾਇਮ ਕਰੇਗਾ ਅਤੇ ਖ਼ਾਲਸੇ ਦਾ ਹਾਥੀ ਸਾਰੇ ਸੰਸਾਰ ਵਿਚ ਗੇੜਾ ਦੇਵੇਗਾ। ਬਚਪਨ ਦੇ ਦੋਸਤ ਦੀ ਨਸੀਹਤ ਦਲੀਪ ਸਿੰਘ ਦੇ ਰਾਸ ਆ ਗਈ ਅਤੇ ਆਪਣੀ ਮਾਂ ਦੀ ਤਾੜਨਾ ਯਾਦ ਕਰਕੇ ਉਹ ਸਿੱਖੀ ਸਰੂਪ ਧਾਰਨ ਕਰਨ ਲਈ ਤਿਆਰ ਹੋ ਗਿਆ। ਮਹਾਰਾਜੇ ਨੇ ਪੰਜਾਬ ਜਾਣ ਦੇ ਲਈ ਮਨ ਤਿਆਰ ਕਰ ਲਿਆ ਅਤੇ ਲੰਡਨ ਤੋਂ ਮਨਜ਼ੂਰੀ ਮੰਗੀ। ਪੰ੍ਰਤੂ ਅੰਗਰੇਜ਼ ਸਰਕਾਰ ਉਸਨੂੰ ਕਿਸੇ ਸ਼ਰਤ 'ਤੇ ਵੀ ਭਾਰਤ ਨਹੀਂ ਭੇਜਣਾ ਚਾਹੁੰਦੀ ਸੀ। ਮਹਾਰਾਜੇ ਨੇ ਆਪਣੀ ਜਾਇਦਾਦ ਅਤੇ ਕੋਹੀਨੂਰ ਹੀਰਾ ਵੀ ਮੰਗਿਆ ਉਸਨੇ ਆਪਣੇ ਦੇਸ਼ਵਾਸੀਆਂ ਦੇ ਨਾਮ 1886 ਈ: ਵਿਚ ਇਹ ਬਿਆਨ ਜਾਰੀ ਕੀਤਾ। “ਖ਼ਾਲਸਾ ਜੀ ਮੈਨੂੰ ਮੁਆਫ ਕਰ ਦੇਣਾ ਕਿਉਂਕਿ ਮੈਂ ਅਨਜਾਣਪੁਣੇ ਵਿਚ ਸਿੱਖੀ ਸਰੂਪ ਨੂੰ ਤਿਲਾਂਜਲੀ ਦੇ ਕੇ ਇਸਾਈ ਧਰਮ ਧਾਰਣ ਕਰ ਲਿਆ ਸੀ ਮੇਰੀ ਇੱਛਾ ਹੈ ਕਿ ਮੈਂ ਬੰਬਈ ਪਹੁੰਚ ਕੇ ਫਿਰ ਖੰਡੇ ਦੀ ਪਾਹੁਲ ਲੈ ਕੇ ਖ਼ਾਲਸਾ ਸਜ ਜਾਵਾਂ।” ਠਾਕਰ ਸਿੰਘ ਆਪਣੇ ਨਾਲ ਇਕ ਗ੍ਰੰਥੀ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਵੀ ਲੈ ਗਏ ਸੀ। ਮਹਾਰਾਜੇ ਨੂੰ ਹਰ ਰੋਜ਼ ਬਾਣੀ ਦਾ ਪਾਠ ਵੀ ਸੁਣਾਇਆ ਜਾਂਦਾ ਸੀ। ਸਿੱਖੀ ਦੀ ਤੜਫ ਨੇ ਮਹਾਰਾਜੇ ਨੂੰ ਬਿਹਬਲ ਕਰ ਦਿੱਤਾ ਅਤੇ ਉਹ ਅੰਗਰੇਜ਼ ਸਰਕਾਰ ਦੇ ਵਿਰੋਧਤਾ ਦੇ ਬਾਵਜੂਦ 1886 ਈ: ਵਿਚ ਪੰਜਾਬ ਵੱਲ ਰਵਾਨਾ ਹੋ ਪਿਆ। ਉਸਨੇ ਆਪਣੇ ਪਰਿਵਾਰ ਦੇ ਮੈਂਬਰ ਵੀ ਨਾਲ ਲੈ ਲਏ ਅਤੇ ਆਪਣੀ ਆਮਦ ਬਾਰੇ ਪੰਜਾਬ ਵਾਸੀਆਂ ਦੇ ਨਾਮ ਸੰਦੇਸ਼ ਭੇਜ ਦਿੱਤਾ। ਲਾਰਡ ਡਫਰਿਨ ਨਹੀਂ ਸੀ ਚਾਹੁੰਦਾ ਕਿ ਮਹਾਰਾਜਾ ਭਾਰਤ ਵਿਚ ਪੁੱਜੇ ਕਿਉਂਕਿ ਪੰਜਾਬ ਵਿਚ ਉਸਦੇ ਪਰਤਣ ਦੀਆਂ ਖ਼ਬਰਾਂ ਸਨਸਨੀਖੇਜ਼ ਸਾਬਤ ਹੋ ਰਹੀਆਂ ਸਨ। ਕੂਕਿਆਂ ਨੇ ਮਹਾਰਾਜੇ ਦੇ ਹੱਕ ਵਿਚ ਅਫਵਾਹਾਂ ਫੈਲਾ ਰੱਖੀਆਂ ਸਨ ਅਤੇ ਗੁਰੂਆਂ ਦੀ ਭਵਿੱਖਬਾਣੀ ਅਤੇ ਖ਼ਾਲਸਾ ਰਾਜ ਦੀ ਪੁਨਰ ਸਥਾਪਨਾ ਵੀ ਉਨ੍ਹਾਂ ਦੀ ਹੀ ਕਾਢ ਜਾਪਦੀ ਹੈ। ਸੋਚੀ ਸਮਝੀ ਸਕੀਮ ਅਧੀਨ ਮਹਾਰਾਜੇ ਨੂੰ ਰਸਤੇ ਵਿਚ 'ਅਦਨ' ਦੀ ਬੰਦਰਗਾਹ 'ਤੇ ਹੀ ਕੈਦ ਕਰ ਲਿਆ ਗਿਆ। ਉਸਦੇ ਪਰਿਵਾਰ ਨੂੰ ਇੰਗਲੈਂਡ ਪਰਤਾ ਦਿੱਤਾ ਗਿਆ ਅਤੇ ਉਸਨੂੰ ਪਰਤਣ ਲਈ ਮਜਬੂਰ ਕੀਤਾ ਗਿਆ। ਠਾਕੁਰ ਸਿੰਘ ਨੇ ਦੋ ਸਿੰਘ ਪੰਜਾਬ ਤੋਂ ਅਦਨ ਭੇਜ ਦਿੱਤੇ ਅਤੇ ਤਿੰਨ ਹੋਰ ਫੌਜੀ ਸਿੰਘ ਅਦਨ ਤੋਂ ਲੈ ਕੇ 25 ਮਈ 1886 ਨੂੰ ਮਹਾਰਾਜਾ ਦਲੀਪ ਸਿੰਘ ਨੂੰ ਖੰਡੇ ਦੀ ਪਾਹੁਲ ਛਕਾਈ ਗਈ। ਉਹ ਸਿੰਘ ਤਾਂ ਸਜ ਗਿਆ ਪ੍ਰੰਤੂ ਉਸਦਾ ਪੰਜਾਬ ਪਹੁੰਚਣ ਦਾ ਸੁਪਨਾ ਸਾਕਾਰ ਨਾ ਹੋ ਸਕਿਆ ਉਦਾਸੀ ਅਤੇ ਬੇਵਸੀ ਦੀ ਹਾਲਤ ਵਿਚ ਉਹ ਪੈਰਿਸ ਪਰਤ ਗਿਆ। ਅੰਗਰੇਜ਼ ਸਰਕਾਰ ਨੂੰ ਪੈਨਸ਼ਨ ਅਤੇ ਸਾਰੀ ਜਾਇਦਾਦ ਰੱਦ ਕਰਨ ਲਈ ਅਰਜ਼ੀ ਭੇਜ ਦਿੱਤੀ ਉਹ ਗ਼ੁਲਾਮੀ ਦੇ ਜੀਵਨ ਤੋਂ ਤੰਗ ਆ ਚੁੱਕਾ ਸੀ ਉਸਨੇ ਆਪਣੇ ਪਰਿਵਾਰ ਤੋਂ ਵੀ ਨਾਤਾ ਤੋੜ ਲਿਆ ਅਤੇ ਫਰਾਂਸ ਵਿਚ ਰਹਿਣ ਦੀ ਠਾਣ ਲਈ।

ਮਹਾਰਾਜੇ ਦਾ ਭਾਰਤ ਦੀ ਅਜ਼ਾਦੀ ਲਈ ਘੋਲ

ਪੈਰਿਸ ਹਮੇਸ਼ਾਂ ਅਜ਼ਾਦੀ ਘੁਲਾਟੀਆਂ ਦੀ ਪਨਾਹਗਾਹ ਰਿਹਾ ਹੈ। ਮਹਾਰਾਜੇ ਨੇ ਆਪਣੇ ਅਜ਼ਾਦੀ ਦੇ ਘੋਲ ਲਈ ਇਸੇ ਸ਼ਹਿਰ ਨੂੰ ਅੱਡਾ ਬਣਾਇਆ। ਆਇਰਲੈਂਡ ਦੇ ਅਜ਼ਾਦੀ ਘੁਲਾਟੀਏ ਅੰਗਰੇਜ਼ ਸਰਕਾਰ ਦੇ ਵਿਰੁੱਧ ਬਗ਼ਾਵਤ ਲਈ ਤਿਆਰੀ ਕਰ ਰਹੇ ਸਨ। ਦਲੀਪ ਸਿੰਘ ਨੂੰ ਆਇਰਲੈਂਡ ਦੇ ਬਾਗ਼ੀਆਂ ਅਤੇ ਰੂਸੀ ਡਿਪਲੋਮੈਟਾਂ ਦੀ ਸਹਾਇਤਾ ਮਿਲ ਗਈ। ਉਸਨੇ ਆਪਣੀ ਸਕੀਮ ਨੂੰ ਸਿਰੇ ਚਾੜ੍ਹਨ ਲਈ ਪੈਰਿਸ ਵਿਚ ਦਫਤਰ ਖੋਲ੍ਹ ਲਿਆ। ਪਾਂਡੀਚਰੀ ਵਿਚ ਠਾਕਰ ਸਿੰਘ ਮਹਾਰਾਜੇ ਦਾ ਪ੍ਰਧਾਨ ਮੰਤਰੀ ਥਾਪਿਆ ਗਿਆ ਅਤੇ ਉਹ ਪੰਜਾਬ ਦੇ ਸਿੱਖਾਂ ਨਾਲ ਇਕ ਕੜੀ ਦਾ ਕੰਮ ਵੀ ਕਰ ਰਿਹਾ ਸੀ। ਪੈਰਿਸ ਤੋਂ ਮਹਾਰਾਜੇ ਨੇ ਦੋ ਸੰਦੇਸ਼ ਵੀ ਜਾਰੀ ਕੀਤੇ ਪਹਿਲਾ ਪੰਜਾਬ ਦੇ ਸਿੱਖ ਭਰਾਵਾਂ ਦੇ ਨਾਮ ਅਤੇ ਦੂਜਾ ਭਾਰਤ ਦੇ ਮਹਾਰਾਜਿਆਂ ਅਤੇ ਜਨਤਾ ਦੇ ਨਾਮ ਸੀ। ਦੋਹਾਂ ਵਿਚ ਅੰਗਰੇਜ਼ੀ ਰਾਜ ਵਿਰੁੱਧ ਬਗ਼ਾਵਤ ਲਈ ਪ੍ਰੇਰਿਆ ਗਿਆ ਸੀ।

ਰੂਸ ਦੇ ਜ਼ਾਰ ਤੋਂ ਫੌਜੀ ਸਹਾਇਤਾ ਪ੍ਰਾਪਤ ਕਰਨ ਲਈ ਮਹਾਰਾਜੇ ਨੇ ਰੂਸ ਜਾਣ ਦੀ ਤਿਆਰੀ ਕਰ ਲਈ। ਰੂਸ ਦੇ ਪ੍ਰਸਿੱਧ ਅਖ਼ਬਾਰ ‘ਮਾਸਕੋ ਗਜ਼ਟ’ ਦਾ ਐਡੀਟਰ ਮਿਸਟਰ ਕੈਟਕਾਫ ਮਹਾਰਾਜੇ ਦਾ ਵਿਚੋਲਾ ਬਣ ਗਿਆ। ਅਤੇ ਉਸਦੇ ਸੱਦੇ ਉੱਪਰ ਉਹ ਰੂਸ ਦੀ ਰਾਜਧਾਨੀ ਸੈਂਟ ਪੀਟਰਜ਼ ਬਰਗ ਜਾਣ ਲਈ ਤਿਆਰ ਹੋ ਗਿਆ। ਅੰਗਰੇਜ਼ ਸਰਕਾਰ ਨੇ ਮਹਾਰਾਜੇ ਦੀ ਹਰ ਕਾਰਵਾਈ ਉੱਪਰ ਨਿਗਾਹ ਰੱਖੀ ਹੋਈ ਸੀ ਅਤੇ ਉਸਦੇ ਪੈਰਿਸ ਦਫਤਰ ਦਾ ਇੰਚਾਰਜ ਅੰਗਰੇਜ਼ ਸਰਕਾਰ ਦੀ ਖੁਫੀਆ ਏਜੰਸੀ ਦਾ ਹੀ ਕਾਰਿੰਦਾ ਸੀ। ਹਰ ਖ਼ਬਰ ਲੰਡਨ ਅਤੇ ਸ਼ਿਮਲਾ ਤੁਰੰਤ ਭੇਜੀ ਜਾਂਦੀ ਰਹੀ। ਮਹਾਰਾਜੇ ਕੋਲ ਰੂਸ ਜਾਣ ਲਈ ਪਾਸਪੋਰਟ ਨਹੀਂ ਸੀ ਸੋ ਉਸਦੇ ਆਇਰਿਸ਼ ਦੋਸਤ, ਪੈਟਰਿਕ ਕੈਸੀ ਨੇ ਆਪਣੇ ਨਾਮ 'ਤੇ ਪਾਸਪੋਰਟ ਅਤੇ ਵੀਜ਼ਾ ਜਾਰੀ ਕਰਵਾ ਦਿੱਤਾ ਦਲੀਪ ਸਿੰਘ ਰੂਸ ਵਿਚ ਪੈਟਰਿਕ ਕੈਸੀ ਦੀ ਸ਼ਨਾਖਤ 'ਤੇ ਦਾਖਲ ਹੋਇਆ। ਰੂਸ ਦੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਇਕ ਅੰਗਰੇਜ਼ ਕੁੜੀ ਮਹਾਰਾਜੇ ਦੀ ਸਹੇਲੀ ਬਣ ਗਈ ਅਤੇ ਉਸਦੀ ਪਤਨੀ ਬਣ ਕੇ ਰੂਸ ਦਾ ਵੀਜ਼ਾ ਲੈ ਆਈ। ਕਈਆਂ ਦਾ ਖਿਆਲ ਹੈ ਕਿ ਇਹ ਵੀ ਅੰਗਰੇਜ਼ੀ ਸਰਕਾਰ ਦੀ ਜਸੂਸ ਸੀ। ਮਹਾਰਾਜਾ ਦਲੀਪ ਸਿੰਘ ਨਵੀਂ ਰਾਣੀ 'ਅਦਾ ਵੈਦਰਿਲ' (ਅਦੳ ਾਂੲਟਹੲਰਲਿਲ) ਅਤੇ ਇਕ ਸੇਵਾਦਾਰ ਅਰੂੜ ਸਿੰਘ ਗੱਡੀ 'ਤੇ ਸਵਾਰ ਹੋ ਕੇ ਪੈਰਿਸ ਤੋਂ ਰੂਸ ਦੀ ਰਾਜਧਾਨੀ ਵੱਲ ਚੱਲ ਪਏ। ਰਸਤੇ ਵਿਚ ਬਰਲਿਨ ਦੇ ਸਟੇਸ਼ਨ 'ਤੇ ਮਹਾਰਾਜੇ ਨੂੰ ਇਕ ਚੋਰ ਨੇ ਲੁੱਟ ਲਿਆ ਅਤੇ ਉਸਦਾ ਪਾਸਪੋਰਟ ਤੇ ਨਕਦੀ ਖੋਹ ਕੇ ਲੈ ਗਿਆ। ਹੁਣ ਰੂਸ ਦੇ ਬਾਰਡਰ 'ਤੇ ਮੁਸੀਬਤ ਆਣ ਪਈ ਅਤੇ ਕਈ ਦਿਨ ਰੁਕਣ ਤੋਂ ਬਾਅਦ ਅੱਗੇ ਲੰਘਣ ਦੀ ਇਜਾਜ਼ਤ ਮਿਲ ਗਈ ਜੋ ਮਿਸਟਰ ਕੈਟਕਾਫ ਦੀ ਮਦਦ ਕਰਕੇ ਸੰਭਵ ਹੋਇਆ।

ਰੂਸ ਦੇ ਜ਼ਾਰ ਦੀ ਧਾਂਕ ਸਾਰੇ ਯੂਰਪ ਵਿਚ ਸੀ ਅਤੇ ਅੰਗਰੇਜ਼ ਵੀ ਉਸਤੋਂ ਡਰਦੇ ਸਨ ਕਿਉਂਕਿ ਜ਼ਾਰ ਨੇ ਅਫਗਾਨਿਸਤਾਨ ਦੀ ਸਰਹੱਦ ਤਕ ਸਾਰਾ ਇਲਾਕਾ ਆਪਣੇ ਰਾਜ ਵਿਚ ਸ਼ਾਮਲ ਕਰ ਰੱਖਿਆ ਸੀ। ਦਲੀਪ ਸਿੰਘ ਨੇ ਇਕ ਪਟੀਸ਼ਨ ਤਿਆਰ ਕੀਤੀ ਜਿਸ ਵਿਚ ਦੱਸਿਆ ਗਿਆ ਸੀ ਕਿ ਗੁਰੂਆਂ ਦੀ ਭਵਿੱਖਬਾਣੀ ਕੀ ਹੈ ਅਤੇ ਉਹ ਰੂਸੀ ਫੌਜ ਦਾ ਜਰਨੈਲ ਬਣ ਕੇ ਪੰਜਾਬ ਉੱਪਰ ਧਾਵਾ ਬੋਲੇਗਾ ਅਤੇ ਪੰਜਾਬ ਦੇ ਸਿੱਖ ਫੌਜੀ ਅੰਗਰੇਜ਼ਾਂ ਵਿਰੁੱਧ ਬਗ਼ਾਵਤ ਕਰ ਦੇਣਗੇ। ਜੇਕਰ ਇਹ ਸਕੀਮ ਸਿਰੇ ਚੜ੍ਹ ਗਈ ਤਾਂ ਰੂਸ ਨੂੰ ਧਨ ਨਾਲ ਮਾਲਾਮਾਲ ਕਰ ਦਿੱਤਾ ਜਾਵੇਗਾ ਅਤੇ ਉਸਦੀ ਸਰਹੱਦ ਪੰਜਾਬ ਤਕ ਕਾਇਮ ਹੋ ਜਾਵੇਗੀ। ਹਿੰਦੁਸਤਾਨ ਦੇ ਸਾਰੇ ਰਾਜੇ ਮਹਾਰਾਜੇ, ਦਲੀਪ ਸਿੰਘ ਦੀ ਮਦਦ 'ਤੇ ਹੋਣਗੇ ਅਤੇ ਖ਼ਾਲਸਾ ਰਾਜ ਮੁੜ ਬਹਾਲ ਹੋ ਜਾਵੇਗਾ। ਇਸ ਪਟੀਸ਼ਨ ਵਿਚ ਸਾਰੀ ਜੰਗੀ ਪਲੈਨ ਇਕ ਸੁਚੱਜੇ ਜਰਨੈਲ ਵਾਂਗ ਤਿਆਰ ਕੀਤੀ ਗਈ ਸੀ।

ਦਲੀਪ ਸਿੰਘ ਨੂੰ ਰੂਸੀ ਜ਼ਾਰ ਨਾਲ ਮਿਲਣ ਦਾ ਮੌਕਾ ਨਾ ਮਿਲਿਆ। ਕੈਟਕਾਫ ਨੇ ਉਸਨੂੰ ਮਾਸਕੋ ਬੁਲਾ ਭੇਜਿਆ ਅਤੇ ਉਹ ਕਈ ਮਹੀਨੇ ਇਕ ਹੋਟਲ ਵਿਚ ਰਹਿਣ ਉਪਰੰਤ ਮਾਸਕੋ ਦੇ ਬਾਹਰ ਸਸਤਾ ਘਰ ਲੈ ਕੇ ਰਹਿਣ ਲੱਗਾ। ਅਰੂੜ ਸਿੰਘ ਨੂੰ ਮਾਇਆ ਇਕੱਠੀ ਕਰਨ ਲਈ ਹਿੰਦੁਸਤਾਨ ਭੇਜਿਆ ਅਤੇ ਆਪਣੇ ਮਿਸ਼ਨ ਬਾਰੇ ਭਾਰਤੀ ਰਾਜਿਆਂ ਨੂੰ ਸੂਚਨਾ ਵੀ ਭੇਜੀ। ਜਿਸ ਤਰ੍ਹਾਂ ਕਹਿੰਦੇ ਹਨ ਕਿ ਮੁਸੀਬਤਾਂ ਇਕੱਠੀਆਂ ਹੀ ਆਉਂਦੀਆਂ ਹਨ। ਮਹਾਰਾਜੇ ਦੀ ਬਦਕਿਸਮਤੀ ਨੂੰ ਉਸਦੇ ਮਦਦਗਾਰ ਕੈਟਕਾਫ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਅਤੇ ਕੁਝ ਮਹੀਨੇ ਬਾਅਦ ਹੀ ਉਹ ਕੈਂਸਰ ਨਾਲ ਮਰ ਗਿਆ ਉਸ ਦੇ ਵਿਰੋਧੀ ਨਹੀਂ ਚਾਹੁੰਦੇ ਸਨ ਕਿ ਮਹਾਰਾਜਾ ਦਲੀਪ ਸਿੰਘ ਰੂਸੀ ਜ਼ਾਰ ਨੂੰ ਮਿਲੇ। ਪਾਂਡੀਚਰੀ ਵਿਚ ਠਾਕਰ ਸਿੰਘ ਦੀ ਮੌਤ ਹੋ ਗਈ ਅਤੇ ਅਰੂੜ ਸਿੰਘ ਜਦੋਂ ਕਲਕੱਤੇ ਪਹੁੰਚਿਆ ਤਾਂ ਉਸ ਨੂੰ ਇਕ ਬੰਗਾਲੀ ਬਾਬੂ ਮਿੱਤਰਾ ਨੇ ਧੋਖੇ ਨਾਲ ਪੁਲਿਸ ਦੇ ਹਵਾਲੇ ਕਰ ਦਿੱਤਾ। ਅੰਗਰੇਜ਼ੀ ਸਰਕਾਰ ਪਾਸ ਖੁਫੀਆ ਰਿਪੋਰਟਾਂ ਪੈਰਿਸ ਤੋਂ ਮਹਾਰਾਜੇ ਦਾ ਦਫਤਰ ਹੀ ਭੇਜ ਰਿਹਾ ਸੀ ਅਰੂੜ ਸਿੰਘ ਨੇ ਸਾਰੀ ਸਕੀਮ ਅਤੇ ਮਹਾਰਾਜੇ ਦੇ ਭੇਦ ਅੰਗਰੇਜ਼ ਹਾਕਮਾਂ ਨੂੰ ਦੱਸ ਕੇ ਆਪਣੀ ਜਾਨ ਬਚਾਈ। ਮਹਾਰਾਜਾ ਦਲੀਪ ਸਿੰਘ ਅਤੀ ਉਦਾਸ ਹਾਲਤ ਵਿਚ ਪੈਰਿਸ ਪਰਤਣ ਲਈ ਮਜਬੂਰ ਹੋ ਗਿਆ। ਪੈਰਿਸ ਵਿਚ ਮਹਾਰਾਜਾ ਮਜਬੂਰੀ ਵੱਸ ਦਿਨ ਕੱਟੀ ਕਰ ਰਿਹਾ ਸੀ ਕਿ ਉਸਦੇ ਪੁੱਤਰ ਮਿਲਣ ਆਏ ਅਤੇ ਇੰਗਲੈਂਡ ਪਰਤਣ ਲਈ ਮਜਬੂਰ ਕਰਨ ਲੱਗੇ। ਮਹਾਰਾਜੇ ਨੂੰ ਅਧਰੰਗ ਹੋ ਚੁੱਕਾ ਸੀ ਅਤੇ ਉਸਦੀ ਸੰਭਾਲ ਕਰਨ ਵਾਲਾ ਵੀ ਕੋਈ ਨਹੀਂ ਸੀ। ਉਸਦੀ ਦੂਸਰੀ ਰਾਣੀ ਵੀ ਕਦੇ ਕਦਾਈਂ ਹੀ ਪਤਾ ਕਰਨ ਆਉਂਦੀ ਸੀ। ਜੋ ਪੈਸਾ ਜਮ੍ਹਾ ਸੀ ਉਹ ਵੀ ਰਾਣੀ ਨੇ ਉਜਾੜ ਛੱਡਿਆ ਸੀ। ਦਲੀਪ ਸਿੰਘ ਵੱਡੇ ਪੁੱਤਰ ਵਿਕਟਰ ਨਾਲ ਫਰਾਂਸ ਦੇ ਦੱਖਣ ਦੇ ਵਿਚ ਦਿਲ ਪਰਚਾਵੇ ਲਈ ਗਿਆ ਤਾਂ ਮਹਾਰਾਣੀ ਵਿਕਟੋਰੀਆ ਵੀ ਛੁੱਟੀਆਂ ਕੱਟਣ ਉਧਰ ਆਈ ਹੋਈ ਸੀ। ਮਹਾਰਾਜਾ ਮਲਿਕਾ ਵਿਕਟੋਰੀਆ ਨੂੰ ਮਿਲਿਆ ਅਤੇ ਮੁਆਫੀ ਮੰਗੀ ਕਿਉਂਕਿ ਮਲਿਕਾ ਹਮੇਸ਼ਾਂ ਉਸਨੂੰ ਪਿਆਰ ਕਰਦੀ ਰਹੀ ਸੀ। ਮਲਿਕਾ ਨੇ ਮਹਾਰਾਜੇ ਦੇ ਬੱਚਿਆਂ ਦੀ ਪੜ੍ਹਾਈ ਦਾ ਪ੍ਰਬੰਧ ਵੀ ਕੀਤਾ ਰਾਣੀ ਬਾਂਬਾ ਤਾਂ 1887 ਵਿਚ ਹੀ ਮਰ ਗਈ ਅਤੇ ਮਾਂ-ਪਿਉ ਮਹਿਟਰ ਬੱਚੇ ਮਲਿਕਾ ਵਿਕਟੋਰੀਆ ਦੇ ਰਹਿਮ ਉੱਪਰ ਹੀ ਪਲਦੇ ਰਹੇ। ਦਲੀਪ ਸਿੰਘ ਇਕ ਵਾਰ ਲੰਡਨ ਗਿਆ ਅਤੇ ਬੱਚਿਆਂ ਨੂੰ ਮਿਲ ਕੇ ਪੈਰਿਸ ਪਰਤ ਆਇਆ। 1893 ਵਿਚ ਸਿੱਖਾਂ ਦਾ ਅਖੀਰੀ ਮਹਾਰਾਜਾ ਪੈਰਿਸ ਦੇ ਇਕ ਗੁਮਨਾਮ ਹੋਟਲ ਵਿਚ ਚਲਾਣਾ ਕਰ ਗਿਆ। ਉਸਦੀ ਇੱਛਾ ਦੇ ਵਿਰੁੱਧ ਉਸਦੇ ਮਿਰਤਕ ਸਰੀਰ ਨੂੰ ਐਲਵੀਡਨ ਦੇ ਗਿਰਜਾਘਰ ਦੇ ਕਬਰਿਸਤਾਨ ਵਿਚ ਦਫਨਾਇਆ ਗਿਆ। ਨਵੰਬਰ 2003 ਨੂੰ ਮੈਂ ਇਸ ਪਿੰਡ ਦੀ ਯਾਤਰਾ ਕੀਤੀ ਅਤੇ ਦਲੀਪ ਸਿੰਘ ਦੇ ਮਹਿਲ ਅਜਾਇਬ ਘਰ ਅਤੇ ਘੋੜੇ ਤੇ ਸਵਾਰ ਸਿੱਖ ਮਹਾਰਾਜੇ ਦਾ ਬੁੱਤ ਵੇਖਿਆ। ਮੈਂ ਸਰਦਾਰ ਤ੍ਰਿਲੋਚਨ ਸਿੰਘ (ਘੱਟਗਿਣਤੀ ਕਮੀਸ਼ਨ ਦੇ ਚੇਅਰਮੈਨ) ਹੋਰਾਂ ਦੀ ਰਾਇ ਨਾਲ ਸਹਿਮਤ ਹਾਂ ਕਿ ਮਹਾਰਾਜਾ ਦਲੀਪ ਸਿੰਘ ਦੀਆਂ ਅਸਥੀਆਂ ਪੰਜਾਬ ਵਿਚ ਲਿਆਂਦੀਆਂ ਜਾਣ ਅਤੇ ਸਿੱਖ ਰਵਾਇਤਾਂ ਅਨੁਸਾਰ ਕਾਰਵਾਈ ਕੀਤੀ ਜਾਵੇ ਕਿਉਂਕਿ ਉਹ ਮਰਨ ਤੋਂ ਪਹਿਲਾਂ ਸਿੰਘ ਸਜ ਗਿਆ ਸੀ।

ਪ੍ਰੋਹਰਦੇਵ ਸਿੰਘ ਵਿਰਕ





Post Comment

Saturday, October 20, 2012

ਗੁਰਦਾਸਪੁਰ ਦੀਆਂ ਇਤਿਹਾਸਕ ਪੈੜਾਂ


ਗੁਰਦਾਸਪੁਰ, ਪੰਜਾਬ ਦਾ ਸਰਹੱਦੀ ਜ਼ਿਲ੍ਹਾ ਹੈ। ਇਹ ਜ਼ਿਲ੍ਹਾ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਐਨ ਕੰਢੇ ਸਥਿਤ ਹੈ। ਪਾਕਿਸਤਾਨੀ ਪੰਜਾਬ ਦਾ ਜ਼ਿਲ੍ਹਾ ਨਾਰੋਵਾਲ, ਜੰਮੂ-ਕਸ਼ਮੀਰ ਦਾ ਜ਼ਿਲ੍ਹਾ ਕਠੂਆ ਅਤੇ ਪੰਜਾਬ ਦੇ ਪਠਾਨਕੋਟ, ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਇਸ ਨਾਲ ਲੱਗਦੇ ਹਨ। ਬਿਆਸ ਅਤੇ ਰਾਵੀ ਦਰਿਆ ਗੁਰਦਾਸਪੁਰ ‘ਚੋਂ ਲੰਘਦੇ ਹਨ। ਆਬਾਦੀ ਦੇ ਲਿਹਾਜ਼ ਨਾਲ ਇਹ ਲੁਧਿਆਣਾ ਅਤੇ ਅੰਮ੍ਰਿਤਸਰ ਤੋਂ ਬਾਅਦ ਤੀਜਾ ਵੱਡਾ ਜ਼ਿਲ੍ਹਾ ਹੈ। ਆਜ਼ਾਦੀ ਦੇ ਸੰਘਰਸ਼ ਵਿੱਚ ਇੱਥੋਂ ਦੇ ਵਾਸੀਆਂ ਦਾ ਅਹਿਮ ਯੋਗਦਾਨ ਰਿਹਾ ਹੈ।
ਕਹਿੰਦੇ ਹਨ ਕਿ ਗੁਰਦਾਸਪੁਰ ਦੀ ਸਥਾਪਨਾ 17ਵੀਂ ਸਦੀ ਵਿੱਚ ਗੁਰੀਆ ਜੀ ਵੱਲੋਂ ਕੀਤੀ ਗਈ। ਗੁਰੀਆ ਜੀ ਦੇ ਨਾਂ ਉੱਤੇ ਹੀ ਬਾਅਦ ਵਿੱਚ ਇਸ ਦਾ ਨਾਂ ਗੁਰਦਾਸਪੁਰ ਪੈ ਗਿਆ। ਉਨ੍ਹਾਂ ਨੇ ਸ਼ਹਿਰ ਵਸਾਉਣ ਲਈ ਜਗ੍ਹਾ ਸੰਗੀ ਗੋਤ ਦੇ ਜੱਟਾਂ ਕੋਲੋਂ ਖਰੀਦੀ ਸੀ। ਗੁਰੀਆ ਜੀ ਦਾ ਸਬੰਧ ਇਸ ਦੇ ਉੱਤਰ ਵੱਲ ਪੰਜ ਕਿਲੋਮੀਟਰ ਦੂਰ ਪੈਂਦੇ ਪਿੰਡ ਪਨਿਆੜ ਦੇ ਕੌਸ਼ਲ ਗੋਤ ਦੇ ਸਾਂਵਲ ਬ੍ਰਾਹਮਣਾਂ ਨਾਲ ਦੱਸਿਆ ਜਾਂਦਾ ਹੈ। ਉਨ੍ਹਾਂ ਦੇ ਵਡੇਰੇ ਕਾਫ਼ੀ ਸਮਾਂ ਪਹਿਲਾਂ ਅਯੁੱਧਿਆ ਜਾਂ ਫਿਰ ਮਹਾਂਰਾਸ਼ਟਰ ਤੋਂ ਆ ਕੇ ਪਨਿਆੜ ਆ ਕੇ ਵੱਸੇ ਸਨ। ਗੁਰੀਆ ਜੀ ਦੇ ਦੋ ਪੁੱਤਰ ਨਵਲ ਰਾਏ ਅਤੇ ਪਾਲਾ ਜੀ ਸਨ। ਨਵਲ ਰਾਏ ਦੇ ਉੱਤਰਾਧਿਕਾਰੀ ਗੁਰਦਾਸਪੁਰ ਰਹਿਣ ਲੱਗ ਪਏ।  ਨਵਲ ਰਾਏ ਦੇ ਪੁੱਤਰ ਬਾਬਾ ਦੀਪ ਚੰਦ, ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਸਨ। ਇਹ ਵੀ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਦੀਪ ਚੰਦ ਨੂੰ ਗੰਜ ਬਖਸ਼ (ਖ਼ਜ਼ਾਨੇ ਦਾ ਮਾਲਕ) ਦਾ ਖਿਤਾਬ ਬਖਸ਼ਿਆ ਸੀ। ਬਾਬਾ ਦੀਪ ਚੰਦ ਦੇ ਵੰਸ਼ਜਾਂ ਨੂੰ ਹੁਣ ਮਹੰਤ ਕਿਹਾ ਜਾਂਦਾ ਹੈ।
ਲੰਮਾ ਸਮਾਂ ਇਹ ਇਲਾਕਾ ਸ਼ਾਹੀ ਸ਼ਾਸਕਾਂ ਦੇ ਅਧੀਨ ਰਿਹਾ। ਜਸਰਥ ਖੋਖਰ ਨਾਂ ਦਾ ਸ਼ਾਸਕ ਇਸ ਉੱਤੇ ਰਾਜ ਕਰਦਾ ਸੀ। ਮਲਿਕ ਸਿਕੰਦਰ ਦੇ ਜਸਰਥ ਖੋਖਰ ਨੂੰ ਹਰਾਉਣ ਦੇ ਨਾਲ ਹੀ ਮੁਗਲ ਰਾਜ ਸਮਾਪਤ ਹੋ ਗਿਆ। ਸਿੱਖ ਗੁਰੂਆਂ ਦੀ ਚਰਨ ਛੋਹ ਕਾਰਨ ਇਹ ਸ਼ਹਿਰ ਪ੍ਰਮੁੱਖਤਾ ਨਾਲ ਉੱਭਰ ਕੇ ਸਾਹਮਣੇ ਆਇਆ।  ਗੁਰੂ ਨਾਨਕ ਦੇਵ ਜੀ, ਗੁਰੂ ਹਰਗੋਬਿੰਦ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਸਬੰਧ ਇਸ ਜਗ੍ਹਾ ਨਾਲ ਰਿਹਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਇਲਾਕੇ ਨੂੰ ਮਜ਼ਬੂਤੀ ਪ੍ਰਦਾਨ ਕੀਤੀ। ਭਾਰਤ-ਪਾਕਿਸਤਾਨ ਵੰਡ ਤੋਂ ਬਾਅਦ ਸ਼ਹਿਰ ਦੇ ਅਹਿਮ ਹਿੱਸੇ ਭਾਰਤ ਨਾਲ ਜੁੜੇ ਰਹੇ।
ਗੁਰਦਾਸਪੁਰ ਦਾ ਸਬੰਧ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਕਾਰਵਾਈਆਂ ਨਾਲ ਵੀ ਜੁੜਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਿੱਚ  ਸ਼ਹਿਰ ਤੋਂ ਤਕਰੀਬਨ ਛੇ ਕਿਲੋਮੀਟਰ ਦੂਰ ਬਟਾਲਾ ਵਾਲੇ ਪਾਸੇ ਇਤਿਹਾਸਕ ਗੁਰਦੁਆਰਾ ਪਿੰਡ ਗੁਰਦਾਸ ਨੰਗਲ ਵਿਖੇ ਸਥਿਤ ਹੈ। ਇਸ ਜਗ੍ਹਾ ਬਾਬਾ ਬੰਦਾ ਸਿੰਘ ਬਹਾਦਰ ਨੇ ਮੁਗਲ ਫ਼ੌਜ ਦਾ ਡੱਟ ਕੇ  ਮੁਕਾਬਲਾ ਕੀਤਾ ਸੀ। ਕਾਹਨੂੰਵਾਨ ਛੰਭ ਵਿਖੇ 1746 ਵਿੱਚ ਹੋਏ ਛੋਟੇ ਘੱਲੂਘਾਰੇ ਦੇ ਸਥਾਨ ਤੋਂ ਇਹ ਥਾਂ ਦਸ ਕੁ ਕਿਲੋਮੀਟਰ ਦੂਰ ਹੈ। ਗੁਰਦਾਸਪੁਰ, ਘਨੱਈਆ ਅਤੇ ਰਾਮਗੜ੍ਹੀਆ ਮਿਸਲਾਂ ਦੀਆਂ ਗਤੀਵਿਧੀਆਂ ਦਾ ਕੇਂਦਰ ਵੀ ਰਿਹਾ। ਮਹਾਰਾਜਾ ਰਣਜੀਤ ਸਿੰਘ ਨੇ 1808 ਵਿੱਚ ਰਾਮਗੜ੍ਹੀਆ ਮਿਸਲ ਅਤੇ 1811 ਵਿੱਚ ਘਨੱਈਆ ਮਿਸਲ ‘ਤੇ ਜਿੱਤ ਹਾਸਲ ਕਰ ਕੇ ਉਨ੍ਹਾਂ ਦੇ ਪ੍ਰਭਾਵ ਨੂੰ ਸੂਬੇ ‘ਚੋਂ ਖ਼ਤਮ ਕਰ ਦਿੱਤਾ ਸੀ। ਇਸ ਤਰ੍ਹਾਂ ਇਹ ਮਹਾਰਾਜਾ ਰਣਜੀਤ ਸਿੰਘ ਦੇ ਸਾਮਰਾਜ ਦਾ ਹਿੱਸਾ ਬਣ ਗਿਆ।     ਬਰਤਾਨਵੀ ਈਸਟ ਇੰਡੀਆ ਕੰਪਨੀ ਨੇ ਅੰਗਰੇਜ਼-ਸਿੱਖ ਯੁੱਧ ਤੋਂ ਬਾਅਦ ਪੰਜਾਬ ‘ਤੇ 29 ਮਾਰਚ 1849 ਨੂੰ ਕਬਜ਼ਾ ਕੀਤਾ ਸੀ। ਇਸ ਮੌਕੇ ਵੀ ਗੁਰਦਾਸਪੁਰ ਕੰਪਨੀ ਦੀਆਂ ਪ੍ਰਸ਼ਾਸਨਿਕ ਸਰਗਰਮੀਆਂ ਦਾ ਮੁੱਖ ਕੇਂਦਰ ਸੀ। ਬਰਤਾਨਵੀ ਰਾਜ ਦੌਰਾਨ ਗੁਰਦਾਸੁਪਰ, ਲਾਹੌਰ ਦੀ ਸਬ-ਡਵੀਜ਼ਨ ਸੀ। ਪ੍ਰਸ਼ਾਸਨਿਕ ਪੱਖੋਂ ਸੁਖਾਲਾ ਬਣਾਉਣ ਲਈ ਇਸ ਨੂੰ ਚਾਰ ਤਹਿਸੀਲਾਂ ਵਿੱਚ ਵੰਡਿਆ ਗਿਆ ਸੀ। 1 ਮਈ 1852 ਨੂੰ ਗੁਰਦਾਸਪੁਰ ਨਵੇਂ ਬਣੇ ਜ਼ਿਲ੍ਹੇ ਦਾ ਹੈੱਡ-ਕੁਆਰਟਰ ਬਣਾ ਦਿੱਤਾ ਗਿਆ। ਜ਼ਿਲ੍ਹਾ ਅਦੀਨਾਨਗਰ ਦਾ ਨਾਂ ਬਦਲ ਕੇ ਗੁਰਦਾਸਪੁਰ ਰੱਖਿਆ ਗਿਆ। ਇਸ ਤਰ੍ਹਾਂ ਰਾਵੀ ਅਤੇ ਬਿਆਸ ਦਰਿਆ ਵਿਚਕਾਰ ਵੱਸੇ ਗੁਰਦਾਸਪੁਰ ਇਲਾਕੇ ਦੇ ਆਲੇ-ਦੁਆਲੇ ਸ਼ਿਕਾਰ ਦੀ ਬਹੁਤਾਤ, ਇੱਥੋਂ ਦੇ ਮਿੱਠੇ ਪਾਣੀ ਅਤੇ ਉੱਤਰ ਵੱਲ ਨਜ਼ਰ ਆਉਂਦੀਆਂ ਧੌਲਾਧਾਰ ਦੀਆਂ ਬਰਫ਼ ਨਾਲ ਢਕੀਆਂ ਪਹਾੜੀਆਂ ਦੇ ਦ੍ਰਿਸ਼ ਨੇ ਛੋਟੇ ਜਿਹੇ ਪਿੰਡ ਗੁਰਦਾਸਪੁਰ ਨੂੰ ਜ਼ਿਲ੍ਹਾ ਹੈੱਡ-ਕੁਆਰਟਰ ਬਣਾ ਦਿੱਤਾ। 1857 ਵਿੱਚ ਵਾਪਰੀਆਂ ਇਤਿਹਾਸਕ ਘਟਨਾਵਾਂ ਨੇ ਵੀ ਗੁਰਦਾਸਪੁਰ ਨੂੰ ਵਿਆਪਕ ਪੱਧਰ ਉੱਤੇ ਪ੍ਰਭਾਵਿਤ ਕੀਤਾ। ਸਿਆਲਕੋਟ ਤੋਂ ਬਾਅਦ ਗੁਰਦਾਸਪੁਰ ਵੱਲ ਵਧ ਰਹੀਆਂ ਭਾਰਤੀ ਬਾਗ਼ੀ ਪਲਟਨਾਂ ਨੂੰ ਅੰਗਰੇਜ਼ ਫ਼ੌਜ ਨੇ ਤ੍ਰਿਮੋ ਪੱਤਣ ਦੀ ਲੜਾਈ ਵਿੱਚ 12-16 ਜੁਲਾਈ 1857 ਨੂੰ ਹਰਾ ਦਿੱਤਾ। ਇਸ ਮੌਕੇ ਫੜੇ ਬਾਗ਼ੀਆਂ ਨੂੰ ਗੁਰਦਾਸਪੁਰ ਦੇ ਸਰਕਾਰੀ ਕਾਲਜ ਦੇ ਪਿੱਛੇ ਸਥਿਤ ‘ਬੋਲੇ ਵਾਲਾ ਬਾਗ਼’ ਵਿਖੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਗੁਰਦਾਸਪੁਰ ਵਾਸੀਆਂ ਨੇ ਦੇਸ਼ ਦੇ ਆਜ਼ਾਦੀ ਸੰਗਰਾਮ ਵਿੱਚ ਵੀ ਵਧ-ਚੜ੍ਹ ਕੇ ਹਿੱਸਾ ਲਿਆ। 1932 ਵਿੱਚ ਗੁਰਦਾਸਪੁਰ ਦੇ ਕੁਝ ਨੌਜਵਾਨਾਂ ਨੇ ਜ਼ਿਲ੍ਹਾ ਹੈੱਡ-ਕੁਆਰਟਰ ਉੱਤੇ ਕਬਜ਼ਾ ਕਰਨ ਦੀ ਯੋਜਨਾ ਬਣਾਈ। ਇਨ੍ਹਾਂ ਦੇਸ਼ ਭਗਤਾਂ ਖ਼ਿਲਾਫ਼ ਚੱਲਿਆ ਮੁਕੱਦਮਾ ਗੁਰਦਾਸਪੁਰ ਬੰਬ ਕੇਸ ਦੇ ਨਾਂ ਨਾਲ ਮਸ਼ਹੂਰ ਹੈ। 4 ਅਪਰੈਲ 1933 ਨੂੰ ਸੈਸ਼ਨ ਜੱਜ ਉਸਾਨ ਉਲ ਹੱਕ ਨੇ ਕੇਸ ਦੀ ਸੁਣਵਾਈ ਕਰਦਿਆਂ ਕ੍ਰਾਂਤੀਕਾਰੀਆਂ ਨੂੰ ਵੱਖ-ਵੱਖ ਸਜ਼ਾਵਾਂ ਸੁਣਾਈਆਂ ਸਨ। ਦੇਸ਼ ਵੰਡ ਦਾ ਦੁਖਾਂਤ ਵੀ ਸਭ ਤੋਂ ਵੱਧ ਗੁਰਦਾਸਪੁਰ ਨੂੰ ਝੱਲਣਾ ਪਿਆ ਕਿਉਂਕਿ ਇਸ ਦੀ ਕਿਸਮਤ ਦਾ ਫ਼ੈਸਲਾ ਕਈ ਦਿਨਾਂ ਤੱਕ ਨਹੀਂ ਹੋ ਸਕਿਆ ਸੀ। ਇਸ ਦਾ ਕਾਰਨ ਸੰਭਾਵਤ ਵੰਡ ਮੁਤਾਬਕ ਜ਼ਿਲ੍ਹਾ ਗੁਰਦਾਸਪੁਰ ਦਾ ਬਹੁਗਿਣਤੀ ਮੁਸਲਮਾਨਾਂ ਦੇ ਇਲਾਕੇ ਵਿੱਚ ਆਉਣਾ ਸੀ। ਜ਼ਿਲ੍ਹੇ ਦੀ 51.14 ਫ਼ੀਸਦੀ ਵੱਸੋਂ ਮੁਸਲਮਾਨ ਭਾਈਚਾਰੇ ਨਾਲ ਸਬੰਧਿਤ ਸੀ ਜਦੋਂਕਿ ਹਿੰਦੂ ਆਬਾਦੀ 39 ਫ਼ੀਸਦੀ ਅਤੇ ਸਿੱਖ ਆਬਾਦੀ ਸਿਰਫ਼ 10 ਫ਼ੀਸਦੀ ਹੀ ਸੀ। ਮੁਸਲਮਾਨ ਭਾਈਚਾਰੇ ਦੇ ਲੋਕ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ  ਪੰਡਿਤ ਜਵਾਹਰਲਾਲ ਨਹਿਰੂ ਅਤੇ ਪਾਕਿਸਤਾਨ ਦੇ ਪਹਿਲੇ ਪ੍ਰਧਾਨ ਮੰਤਰੀ ਨੂੰ ਜਾ ਕੇ ਮਿਲੇ।
ਰੈੱਡਕਲਿਫ ਬਾਊਂਡਰੀ ਕਮਿਸ਼ਨ ਦੇ 17 ਅਗਸਤ 1947 ਦੇ ਐਲਾਨ ਮੁਤਾਬਕ ਸ਼ਕਰਗੜ੍ਹ ਤਹਿਸੀਲ ਤੋਂ ਇਲਾਵਾ ਗੁਰਦਾਸਪੁਰ ਦਾ ਬਾਕੀ ਸਾਰਾ ਹਿੱਸਾ ਭਾਰਤ ‘ਚ ਸ਼ਾਮਲ ਕਰ ਦਿੱਤਾ ਗਿਆ। ਇਸ ਤਰ੍ਹਾਂ ਗੁਰਦਾਸਪੁਰ ਸ਼ਹਿਰ ਦੀ ਕਰੀਬ ਸਾਰੀ ਮੁਸਲਮਾਨ ਆਬਾਦੀ ਪਾਕਿਸਤਾਨ ਚਲੀ ਗਈ ਅਤੇ ਸ਼ਕਰਗੜ੍ਹ ਅਤੇ ਸਿਆਲਕੋਟ ਤਹਿਸੀਲਾਂ ਤੋਂ ਉੱਜੜ ਕੇ ਆਏ ਹਿੰਦੂ-ਸਿੱਖ ਪਰਿਵਾਰ ਇੱਥੇ ਆ ਕੇ ਵੱਸ ਗਏ। ਭਾਵੇਂ ਭਾਰਤ 15 ਅਗਸਤ 1947 ਨੂੰ ਆਜ਼ਾਦ ਹੋ ਗਿਆ ਸੀ ਪਰ ਹੁਣ ਭਾਰਤ ਦਾ ਅਟੁੱਟ ਅੰਗ ਜ਼ਿਲ੍ਹਾ ਗੁਰਦਾਸਪੁਰ ਪਾਕਿਸਤਾਨ ਦੇ ਨਾਲ ਹੀ 14 ਅਗਸਤ 1947 ਨੂੰ ਆਜ਼ਾਦ ਹੋ ਗਿਆ ਸੀ। ਡੇਰਾ ਬਾਬਾ ਨਾਨਕ ਵੀ ਜ਼ਿਲ੍ਹਾ (ਗੁਰਦਾਸਪੁਰ) ਅਧੀਨ ਆਉਂਦਾ ਹੈ। ਡੇਰਾ ਬਾਬਾ ਨਾਨਕ ਦਾ ਸਿੱਖ ਇਤਿਹਾਸ ਵਿੱਚ ਅਹਿਮ ਸਥਾਨ ਹੈ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਲੰਮਾ ਸਮਾਂ ਉੱਥੇ ਰਹੇ ਅਤੇ ਜੋਤੀ ਜੋਤਿ ਸਮਾਏ। ਹੁਣ ਹਰ ਵਰ੍ਹੇ ਮਾਰਚ ਵਿੱਚ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਇੱਥੇ ਵਿਸ਼ਾਲ ਮੇਲਾ ਲੱਗਦਾ ਹੈ। ਇਸ ਦਿਨ ਦੂਰ-ਦੁਰਾਢੇ ਤੋਂ ਸੰਗਤਾਂ ਪੈਦਲ ਅਤੇ ਵਾਹਨਾਂ ਰਾਹੀਂ ਡੇਰਾ ਬਾਬਾ ਨਾਨਕ ਵਿਖੇ ਪੁੱਜਦੀਆਂ ਹਨ।
ਗੁਰਦਾਸਪੁਰ ਦੇ ਸੰਸਥਾਪਕ ਮਹੰਤਾਂ ਦਾ ਨਿਵਾਸ ਸਥਾਨ ‘ਰੰਗ ਮਹਿਲ’, 18ਵੀਂ ਸਦੀ ਦੇ ਮੱਧ ਵਿੱਚ ਮਹੰਤ ਪਰਿਵਾਰ ਵੱਲੋਂ ਬਣਾਈ ਅਧੂਰੀ ਰਿਹਾਇਸ਼ ਦੀ ਹਿੱਲਦੀ ਦੀਵਾਰ ‘ਝੂਲਣਾ ਮਹਿਲ’, ਅੰਮ੍ਰਿਤਸਰ-ਗੁਰਦਾਸਪੁਰ ਸੜਕ ਉੱਤੇ ਸ੍ਰੀ ਨਵਲ ਰਾਏ ਅਤੇ ਬਾਬਾ ਦੀਪ ਸਿੰਘ ਦੀਆਂ ਸਮਾਧਾਂ, ਕੇਂਦਰੀ ਜੇਲ੍ਹ ਅਤੇ ਬਥਵਾਲਾ ਥੇਹ ਬਾਬਾ ਬੰਦਾ ਸਿੰਘ ਬਹਾਦਰ ਦੇ ਕਿਲ੍ਹੇ, 1862 ਵਿੱਚ ਉਸਾਰਿਆ ਗਿਰਜਾ ਘਰ ‘ਆਲ ਇੰਡੀਆ ਸੇਂਟਸ ਚਰਚ’  ਤੋਂ ਇਲਾਵਾ ਗੁਰਦਾਸ ਨੰਗਲ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ‘ਚ ਸਥਾਪਤ ਗੁਰਦੁਆਰਾ ਸਾਹਿਬ, ਕਲਾਨੌਰ ਵਿਖੇ ਅਕਬਰ ਦਾ ਤਾਜਪੋਸ਼ੀ ਸਥਾਨ, ਕਾਹਨੂੰਵਾਨ ਵਿਖੇ ਛੋਟਾ ਘੱਲੂਘਾਰਾ ਦੇ ਸ਼ਹੀਦਾਂ ਦੀ ਯਾਦ ਵਿੱਚ ਬਣਿਆ ਇਤਿਹਾਸਕ ਗੁਰਦੁਆਰਾ ਅਤੇ ਸ਼ਹੀਦਾਂ ਦੀ ਯਾਦ ‘ਚ ਹਾਲ ਹੀ ਵਿੱਚ ਉਸਾਰੀ ਗਈ ਯਾਦਗਾਰ, ਦੀਨਾਨਗਰ ਵਿਖੇ ਮਹਾਰਾਜਾ ਰਣਜੀਤ ਸਿੰਘ ਖਸਤਾ ਹਾਲ ਬਾਰਾਂਦਰੀ, ਪੰਡੋਰੀ ਦਾ ਮੰਦਰ ਅਤੇ ਬਹਿਰਾਮਪੁਰ ਵਿਖੇ ਬੈਰਮ ਖਾਂ ਦੀ ਮਸੀਤ ਸਮੇਤ ਅਨੇਕਾਂ ਇਤਿਹਾਸਕ ਸਥਾਨ ਵੇਖਣਯੋਗ ਹਨ। ਗੁਰਦਾਸਪੁਰ ਦੇ ਗੀਤਾ ਭਵਨ ਵਿਖੇ ਸਥਿਤ ਝੂਲਣਾ ਮਹਿਲ ਦੀ ਕੰਧ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਇਸ ਕੰਧ ਨੂੰ ਗੁਰੂ ਨਾਨਕ ਦੇਵ ਜੀ ਵੱਲੋਂ ਕਦੇ ਨਾ ਡਿੱਗਣ ਦਾ ਵਰਦਾਨ ਮਿਲਿਆ ਹੋਇਆ ਹੈ। ਇਸ ਥਾਂ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ।
ਪੰਜਾਬੀ ਸਾਹਿਤ ਜਗਤ ਨੂੰ ਮਜ਼ਬੂਤ ਥੰਮ ਦੇਣ ਦਾ ਮਾਣ ਵੀ ਗੁਰਦਾਸਪੁਰ ਨੂੰ ਮਿਲਿਆ ਹੈ। ਹਾਮਿਦ ਸ਼ਾਹ ਅੱਬਾਸੀ, ਈਸ਼ਵਰ ਚੰਦਰ ਨੰਦਾ, ਕਹਾਣੀਕਾਰ ਪ੍ਰਿੰਸੀਪਲ ਸੁਜਾਨ ਸਿੰਘ ਅਤੇ ਸ਼ਿਵ ਕੁਮਾਰ ਬਟਾਲਵੀ ਅਤੇ ਪਾਕਿਸਤਾਨੀ ਸੂਫ਼ੀ ਸ਼ਾਇਰ ਇਕਬਾਲ ਬਾਹੂ ਅਤੇ ਵਿਜੈ ਆਨੰਦ ਦਾ ਜ਼ਿਕਰ ਕੀਤੇ ਬਿਨਾਂ ਗੁਰਦਾਸਪੁਰ ਬਾਰੇ ਕੋਈ ਵੀ ਗੱਲ ਅਧੂਰੀ ਜਾਪਦੀ ਹੈ। ਇਸੇ ਤਰ੍ਹਾਂ ਏਅਰ ਚੀਫ਼ ਮਾਰਸ਼ਲ ਦਿਲਬਾਗ ਸਿੰਘ, ਹਾਕੀ ਖਿਡਾਰੀ ਪ੍ਰਭਜੋਤ ਸਿੰਘ, ਇਸਲਾਮ ਟਰਸੱਟ ਪਠਾਨਕੋਟ ਦੇ ਸੰਸਥਾਪਕ ਚੌਧਰੀ ਨਿਆਜ਼ ਅਲੀ ਖ਼ਾਨ, ਅਹਿਮਦੀਆ ਮੁੂਵਮੈਂਟ ਦੇ ਬਾਨੀ ਮਿਰਜ਼ਾ ਗੁਲਾਮ ਅਹਿਮਦ, ਤੌਲੂ-ਏ-ਇਸਲਾਮ ਦੇ ਬਾਨੀ ਗੁਲਾਮ ਅਹਿਮਦ ਪ੍ਰਵੇਜ਼, ਚਿੱਤਰਕਾਰ ਸ਼ੋਭਾ ਸਿੰਘ, ਤੇਜਾ ਸਿੰਘ ਅਕਰਪੁਰੀ, ਇਸ਼ਫਾਕ ਅਹਿਮਦ, ਰਾਣਾ ਗੁਲਾਮ ਫ਼ਰੀਦ ਖਾਨ, ਪੰਜਾਬੀ ਗਾਇਕ ਜਸਬੀਰ ਜੱਸੀ, ਕ੍ਰਿਕਟ ਖਿਡਾਰੀ ਮਨਪ੍ਰੀਤ ਗੋਨੀ ਅਤੇ ਐਸ.ਜੀ.ਐਲ ਜਨ ਸੇਵਾ ਕੇਂਦਰ ਗੜ੍ਹਾ ਜਲੰਧਰ ਦੇ ਬਾਨੀ ਬਾਬਾ ਕਸ਼ਮੀਰਾ ਸਿੰਘ (ਤੁਗਲਵਾਲਾ) ਆਦਿ ਗੁਰਦਾਸਪੁਰ ਦਾ ਮਾਣ ਬਣੇ ਹਨ। ਪ੍ਰਸਿੱਧ ਆਜ਼ਾਦੀ ਘੁਲਾਟੀਆ ਕਾਮਰੇਡ ਤੇਜਾ ਸਿੰਘ ਸੁਤੰਤਰ, ਸ੍ਰੀ ਰਾਮ ਸਿੰਘ ਦੱਤ, ਲਛਮਣ ਸਿੰਘ ਵੀ ਗੁਰਦਾਸਪੁਰ ਨਾਲ ਹੀ ਸਬੰਧਿਤ ਸਨ।
ਲੰਮਾ ਇਤਿਹਾਸਕ ਪਿਛੋਕੜ ਹੋਣ ਦੇ ਬਾਵਜੂਦ ਛੇ ਦਹਾਕਿਆਂ ਤੋਂ ਵੱਧ ਸਮਾਂ ਲੰਘਣ ਤੋਂ ਬਾਅਦ ਵੀ ਜ਼ਿਲ੍ਹਾ ਗੁਰਦਾਸਪੁਰ ਦੇ ਇਲਾਕੇ ਨੂੰ ਵਿਕਾਸ ਪੱਖੋਂ ਉਹ ਤਰਜੀਹ ਨਹੀਂ ਦਿੱਤੀ ਗਈ ਹੈ, ਜਿਸ ਦਾ ਇਹ ਹੱਕਦਾਰ ਬਣਦਾ ਹੈ। ਹਾਲਾਂਕਿ ਸਰਕਾਰਾਂ ਦੇ ਗਠਨ ‘ਚ ਇੱਥੋਂ ਦੇ ਲੋਕਾਂ ਦਾ ਅਹਿਮ ਯੋਗਦਾਨ ਰਿਹਾ ਹੈ। ਇਸ ਦੇ ਸਰਹੱਦੀ ਇਲਾਕੇ ਹਾਲੇ ਵੀ ਪਛੜੇ ਹੋਏ  ਹਨ। ਸਰਹੱਦੀ ਪਿੰਡਾਂ ਦੇ ਲੋਕਾਂ ਦਾ ਜਿਉਣਾ ਮੁਹਾਲ ਹੈ। ਮਕੌੜਾ ਪੱਤਣ ‘ਤੇ ਪੈਂਦੇ ਰਾਵੀ ਦਰਿਆ ਪਾਰਲੇ ਪਿੰਡ ਬਰਸਾਤਾਂ ਦੇ ਦਿਨਾਂ ‘ਚ ਮੁਲਕ ਨਾਲੋਂ ਕੱਟ ਜਾਂਦੇ ਹਨ। ਸਰਕਾਰਾਂ ਨੂੰ ਚਾਹੀਦਾ ਹੈ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਇਲਾਕੇ ਦਾ ਤਰਜੀਹੀ ਆਧਾਰ ਉੱਤੇ ਵਿਕਾਸ ਕਰਵਾਏ।

ਜਤਿੰਦਰ ਸਿੰਘ ਬੈਂਸ
* ਮੋਬਾਈਲ: 94781-93370

ਪੋਸਟ ਕਰਤਾ: ਗੁਰਸ਼ਾਮ ਸਿੰਘ ਚੀਮਾ



Post Comment

ਏਧਰ ਦੇ ਰਹੇ ਨਾ ਓਧਰ ਦੇ (ਪਾਕਿਸਤਾਨ ਰਹਿੰਦੇ ਹਿੰਦੂ, ਸਿੱਖ)


ਸੰਨ ਸੰਤਾਲੀ ਵਿੱਚ ਦੇਸ਼ ਦੇ ਬਟਵਾਰੇ ਨੇ ਸੈਂਕੜੇ ਸਾਲਾਂ ਤੋਂ ਰਹਿੰਦੇ ਹਿੰਦੂ-ਸਿੱਖਾਂ ਨੂੰ ਆਪਣਿਆਂ ਪੁਰਖਿਆਂ ਦੇ ਵਸਾਏ ਹੋਏ ਘਰਾਂ ਨੂੰ ਤਿਲਾਂਜਲੀ ਦੇਣ ਲਈ ਮਜਬੂਰ ਕਰ ਦਿੱਤਾ। ਲੱਖਾਂ ਹਿੰਦੂ-ਸਿੱਖ ਰੋਂਦੇ-ਢਹਿੰਦੇ, ਤਕਲੀਫ਼ਾਂ ਝਾਗਦੇ ਤੇ ਆਪਣਿਆਂ ਦੀਆਂ ਦਰਦਨਾਕ ਮੌਤਾਂ ਵੇਖਦੇ, ਆਪਣੀਆਂ ਜਾਇਦਾਦਾਂ ਛੱਡ ਕੇ ਸਰਹੱਦੋਂ ਪਾਰ ਆਪਣੀ ਸਾਰੀ ਜ਼ਮੀਨ ਨੂੰ ਅਲਵਿਦਾ ਕਹਿ ਹਿੰਦੁਸਤਾਨ ਵਿੱਚ ਆ ਪਹੁੰਚੇ। ਉਨ੍ਹਾਂ ਨੂੰ ਇਹ ਵੀ ਨਹੀਂ ਸੀ ਪਤਾ ਕਿ ਕਿੱਥੇ ਜਾ ਕੇ ਵਸਣਾ ਹੈ, ਗੁਜ਼ਾਰਾ ਕਿਵੇਂ ਚੱਲੇਗਾ। ਇਹ ਉਨ੍ਹਾਂ ਸ਼ਰਨਾਰਥੀਆਂ ਦੀ ਸੰਖੇਪ ਦਾਸਤਾਨ ਹੈ।
ਪਾਕਿਸਤਾਨ ਖ਼ਾਸ ਕਰ ਕੇ ਸਿੰਧ ਸੂਬੇ ਦੇ ਕਈ ਹਿੰਦੂ-ਸਿੱਖ ਪਰਿਵਾਰਾਂ ਨੇ 1947 ਤੋਂ ਬਾਅਦ ਵੀ ਪਾਕਿਸਤਾਨ  ਵਿੱਚ ਰਹਿਣ ਦਾ ਫ਼ੈਸਲਾ ਕੀਤਾ। ਪਿਛਲੇ ਕੁਝ ਸਾਲਾਂ ਤੋਂ ਪਾਕਿਸਤਾਨ ਵਿੱਚ ਅੰਦਰੂਨੀ ਬਦਅਮਨੀ ਕਾਰਨ ਘੱਟ ਗਿਣਤੀ ਕੌਮਾਂ ਦਾ ਸੁਰੱਖਿਅਤ ਮਹਿਸੂਸ ਨਾ ਕਰਨਾ ਕੁਦਰਤੀ ਸੀ। ਕੱਟੜਵਾਦੀਆਂ ਵੱਲੋਂ ਇਨ੍ਹਾਂ ਨੂੰ ਡਰਾ-ਧਮਕਾ ਕੇ ਜਬਰੀ ਧਰਮ ਬਦਲਣ ਦਾ ਦਬਾਅ ਇਨ੍ਹਾਂ ਲਈ ਹੋਰ ਵੀ ਗਹਿਰੇ ਦੁੱਖ ਦਾ ਕਾਰਨ ਬਣਿਆ। 1990 ਤੋਂ ਬਾਅਦ ਖ਼ਾਸ ਕਰ ਕੇ ਹਿੰਦੂਆਂ ਦਾ ਉੱਥੇ ਰਹਿਣਾ ਦੁੱਭਰ ਹੋ ਗਿਆ ਹੈ।
ਅਸਲ ਗੱਲ ਇਹ ਹੈ ਕਿ ਪਾਕਿਸਤਾਨ ਵਿੱਚ ਰਹਿੰਦੇ ਹਿੰਦੂ ਬਹੁਤ ਘੱਟ ਗਿਣਤੀ ਵਿੱਚ ਹੋਣ ਕਰਕੇ ਕਮਜ਼ੋਰ ਕੜੀ ਹਨ। ਕਰਾਚੀ ਦੀ ਪਾਕਿਸਤਾਨ ਹਿੰਦੂ ਕੌਂਸਲ ਦੇ ਅਧਿਕਾਰੀ ਰਮੇਸ਼ ਵਕਵਾਨੀ ਨੇ ਦੱਸਿਆ ਕਿ ਹਿੰਦੂ ਪਰਿਵਾਰਾਂ ਦੀਆਂ ਕਈ ਬੱਚੀਆਂ ਨੂੰ ਅਗਵਾ ਕਰ ਲਿਆ ਜਾਂਦਾ ਹੈ ਤੇ ਧਰਮ ਪਰਿਵਰਤਨ ਉਨ੍ਹਾਂ ਦੀ ਮਜਬੂਰੀ ਬਣ ਜਾਂਦਾ ਹੈ। ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਤੇ ਇਸ ਸਬੰਧੀ ਪਾਕਿਸਤਾਨ ਦੀ ਸਰਵਉੱਚ ਅਦਾਲਤ ਵਿੱਚ ਇੱਕ ਅਰਜ਼ੀ ਪਾਈ ਗਈ ਹੈ। ਇਸ ਸੰਸਥਾ ਦੇ ਮੁਖੀ ਵਕੀਲ ਅਮਰਨਾਥ ਮੋਟੂਮਲ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ ਅੱਠ ਮਹੀਨਿਆਂ ਵਿੱਚ ਛੋਟੀ ਉਮਰ ਦੀਆਂ ਬੱਚੀਆਂ ਨੂੰ ਚੁੱਕ ਕੇ ਜਬਰੀ ਮੁਸਲਮਾਨ ਬਣਾਉਣ ਸਬੰਧੀ 455 ਕੇਸ ਆਏ ਹਨ। ਜਬਰੀ ਧਰਮ ਪਰਿਵਰਤਨ ਅਤਿਅੰਤ ਮਾਨਸਿਕ ਕਸ਼ਟ ਦੇਣ ਵਾਲਾ ਮੁੱਦਾ ਹੈ ਜਿਸ ਨੂੰ ਪਾਕਿਸਤਾਨ ਦੀਆਂ ਸਿਆਸੀ ਪਾਰਟੀਆਂ ਅਤੇ ਇਨਸਾਫ਼ ਏਜੰਸੀਆਂ ਨੇ ਵੀ ਠੀਕ ਢੰਗ ਨਾਲ ਨਹੀਂ ਸੁਲਝਾਇਆ। ਜੈਕਬਾਬਾਦ ਦੀ ਇੱਕ ਸਕੂਲ ਪੜ੍ਹਦੀ ਬੱਚੀ ਮਨੀਸ਼ਾ ਕੁਮਾਰੀ ਨੂੰ ਅਗਵਾ ਕੀਤਾ ਗਿਆ। ਵਜ਼ੀਰਾਂ ਨੇ ਦਿਲਾਸੇ ਤਾਂ ਦਿੱਤੇ ਪਰ ਉਸ ਬੱਚੀ ਦੇ ਪਿਤਾ ਰਾਵਤ ਮੱਲ ਨੂੰ ਆਪਣੀ ਧੀ ਨਹੀਂ ਮਿਲ ਸਕੀ। ਜਦੋਂ ਇੱਕ ਮੁਸਲਮਾਨ ਕਿਸੇ ਹਿੰਦੂ ਕੁੜੀ ਨੂੰ ਲਿਆ ਕੇ ਵਿਆਹ ਰਚਾਉਂਦਾ ਹੈ ਤਾਂ ਉਸ ‘ਤੇ ਫੁੱਲਾਂ ਦੀ ਬਰਖਾ ਹੁੰਦੀ ਹੈ ਪਰ ਜੇ ਮੁਸਲਮਾਨ ਲੜਕੀ ਸ਼ਬਨਾਂ ਮੇਹਰ ਨੇ, ਪਵਨ ਕੁਮਾਰ ਨਾਲ ਵਿਆਹ ਕਰਾਇਆ ਤਾਂ ਉਨ੍ਹਾਂ ਦੋਵਾਂ ਦੇ ਟੁਕੜੇ-ਟੁਕੜੇ ਕਰ ਦਿੱਤੇ ਗਏ।
ਇਹੀ ਨਹੀਂ ਸਗੋਂ ਅਮੀਰ ਹਿੰਦੂ ਵਪਾਰੀ ਵੀ ਬਲੈਕਮੇਲ ਕੀਤੇ ਜਾਂਦੇ ਹਨ। ਸਿਰਫ਼ ਧਰਮ ਕਰ ਕੇ ਨਹੀਂ ਸਗੋਂ ਇਸ ਲਈ ਕਿ ਉਨ੍ਹਾਂ ਕੋਲ ਪੈਸਾ ਹੈ ਤੇ ਉਹ ਜਲਦ ਹੀ ਗਲਤ ਅਨਸਰਾਂ ਦਾ ਸ਼ਿਕਾਰ ਬਣ ਸਕਦੇ ਹਨ। 1995 ਵਿੱਚ ਦੋ ਆਦਮੀਆਂ ਨੂੰ ਲੁਟੇਰਿਆਂ ਨੇ ਅਗਵਾ ਕਰ ਲਿਆ। ਇਨ੍ਹਾਂ ਵਿੱਚੋਂ ਇੱਕ ਡਾ. ਲਾਲ ਜਾਗਵਾਨੀ ਦੇ ਪਰਿਵਾਰ ਨੇ 50 ਲੱਖ ਰੁਪਏ ਫਿਰੌਤੀ ਦੇ ਕੇ ਉਨ੍ਹਾਂ ਨੂੰ ਛੁਡਵਾਇਆ। ਜ਼ਿਲ੍ਹਾ ਖੈਰਪੁਰ ਦੇ ਤਿੰਨ ਹਿੰਦੂ ਧਨਾਢ 40 ਲੱਖ ਰੁਪਏ ਦੀ ਫਿਰੌਤੀ ਦੇ ਕੇ ਛੁਡਵਾਏ ਗਏ। ਇਸ ਧੱਕੇਸ਼ਾਹੀ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਨੂੰ ਪਹਿਲਾਂ ਤਸੀਹੇ ਦਿੱਤੇ ਗਏ ਤੇ ਬਾਅਦ ਵਿੱਚ ਮਾਰ ਮੁਕਾਇਆ ਗਿਆ। ਇਸ ਤੋਂ ਪਹਿਲਾਂ ਖਾਰੋਰੋ ਵਿੱਚ ਸ਼ਿਵ ਮੰਦਰ ਦੇ ਛੇ ਪੁਜਾਰੀਆਂ ਨੂੰ 1988 ਵਿੱਚ ਮਾਰ ਦਿੱਤਾ ਗਿਆ ਸੀ। ਬਰਾਬਰੀ ਦੇ ਹੱਕ ਲਈ ਆਵਾਜ਼ ਉਠਾਉਣ ਵਾਲੇ ਧਰਮ ਚੰਦ ਚਾਵਲਾ ਨੂੰ 2001 ਵਿੱਚ ਕੱਟੜਪੰਥੀਆਂ ਨੇ ਕਤਲ ਕਰ ਦਿੱਤਾ। ਇਸ ਕਤਲ ਦੀ ਗੁੱਥੀ ਅਜੇ ਤੱਕ ਨਹੀਂ ਸੁਲਝੀ। ਜ਼ਿਆਦਾਤਰ ਅਜਿਹੀਆਂ ਘਟਨਾਵਾਂ ਉਨ੍ਹਾਂ ਥਾਵਾਂ ‘ਤੇ ਵਾਪਰਦੀਆਂ ਹਨ, ਜਿੱਥੇ ਹਿੰਦੂ ਆਬਾਦੀ ਘੱਟ ਹੈ ਤੇ ਉੱਥੇ ਕਬਾਇਲੀ ਧੜਿਆਂ ਦੀ ਤਿੱਖੀ ਖਾਨਾਜੰਗੀ ਹੈ।
ਇੱਕ ਛਪੇ ਅੰਕੜੇ ਮੁਤਾਬਕ ਪਾਕਿਸਤਾਨ ਵਿਚਲੇ 68 ਲੱਖ ਹਿੰਦੂਆਂ ਦਾ ਤਕਰੀਬਨ 93 ਫ਼ੀਸਦੀ ਹਿੱਸਾ ਸਿੰਧ ਵਿੱਚ ਰਹਿੰਦਾ ਹੈ। ਜ਼ਿਲ੍ਹਾ ਥਰਪਾਰਕਰ ਵਿੱਚ 11 ਲੱਖ, ਹੈਦਰਾਬਾਦ ਤੇ ਟਾਡੋ ਮੁਹੰਮਦ ਖ਼ਾਨ ਵਿੱਚ 10 ਲੱਖ, ਘੋਟਨੀ 2 ਲੱਖ, ਖੈਰਪੁਰ ਵਿੱਚ ਇੱਕ ਲੱਖ ਪੰਝੀ ਹਜ਼ਾਰ, ਜੈਕਬਾਬਾਦ ‘ਚ ਤਕਰੀਬਨ ਡੇਢ ਲੱਖ, ਲੜਕਾਨਾ ਜ਼ਿਲ੍ਹੇ ਵਿੱਚ ਇੱਕ ਲੱਖ, ਉਮਰਕੋਟ ਤੇ ਸੰਘਾਰ ਜ਼ਿਲਿ੍ਹਆਂ ਵਿੱਚ ਨੌਂ ਲੱਖ ਹਿੰਦੂ ਰਹਿੰਦੇ ਹਨ।
ਪਾਕਿਸਤਾਨ ਵਿੱਚ ਆਮ ਤੌਰ ‘ਤੇ ਘੱਟ ਗਿਣਤੀ ਕੌਮਾਂ ਨਾਲ ਵਿਤਕਰਾ ਹੁੰਦਾ ਹੈ। ਸਰਕਾਰੀ ਨੌਕਰੀਆਂ ਵਿੱਚ ਘੱਟ ਗਿਣਤੀਆਂ ਲਈ ਪੰਜ ਫ਼ੀਸਦੀ ਰਾਖਵਾਂਕਰਨ ਮੁਕੱਰਰ ਕੀਤਾ ਗਿਆ ਹੈ ਪਰ ਅਸਲ ਵਿੱਚ ਇਸ ਦੀ ਪਾਲਣਾ ਨਹੀਂ ਹੁੰਦੀ। ਦੇਸ਼ ਦੇ 101 ਫੈਡਰਲ ਸੈਕਟਰੀਆਂ ਵਿੱਚੋਂ ਇੱਕ ਵੀ ਹਿੰਦੂ, ਸਿੱਖ ਜਾਂ ਈਸਾਈ ਨਹੀਂ ਹੈ। ਬਹੁਤ ਥੋੜ੍ਹੀਆਂ ਨੌਕਰੀਆਂ ਉਹ ਵੀ ਹੇਠਲੇ ਦਰਜੇ ਦੀਆਂ, ਹਿੰਦੂਆਂ ਤੇ ਈਸਾਈਆਂ ਨੂੰ ਦਿੱਤੀਆਂ ਗਈਆਂ ਹਨ। ਘੱਟ ਗਿਣਤੀ ਚਾਹੁੰਦੇ ਹਨ ਕਿ ਉਨ੍ਹਾਂ ਦੇ ਧਰਮ ਦਾ ਸਤਿਕਾਰ ਹੋਵੇ, ਉਨ੍ਹਾਂ ਦੀ ਬਰਾਬਰ ਦੀ ਹਿਫ਼ਾਜ਼ਤ ਹੋਵੇ ਕਿਉਂਕਿ ਉਨ੍ਹਾਂ ਦੀ ਦੇਸ਼ ਪ੍ਰਤੀ ਵਫ਼ਾਦਾਰੀ ਵਾਲੀ ਭਾਵਨਾ ਹੈ।
ਇੱਕ ਪ੍ਰਕਾਸ਼ਤ ਅੰਦਾਜ਼ੇ ਮੁਤਾਬਕ ਲੜਕਾਨਾ (ਸਿੰਧ) ਡਿਵੀਜ਼ਨ ਦੇ ਹਿੰਦੂ ਵਪਾਰੀ ਇੱਕ ਸਾਲ ਵਿੱਚ ਤਕਰੀਬਨ 28 ਕਰੋੜ ਦੀ ਰਕਮ ਬਤੌਰ ਭੱਤਾ ਕਬਾਇਲੀ ਸਰਦਾਰਾਂ ਨੂੰ ਦਿੰਦੇ ਹਨ। ਲੜਕਾਨਾ ਤੇ ਸੁਕੁਰ ਡਿਵੀਜ਼ਨ ਵਿੱਚ ਰਹਿੰਦੇ ਹਿੰਦੂਆਂ ਦਾ ਥੋਕ ਵਪਾਰ ‘ਤੇ ਕੰਟਰੋਲ ਹੈ। ਉਹ ਅਨਾਜ ਦੀ ਖਰੀਦ-ਫਰੋਖਤ, ਬੀਜ, ਕੀੜੇਮਾਰ ਦਵਾਈਆਂ ਅਤੇ ਖਾਦਾਂ ਦੇ ਵਪਾਰੀ ਹਨ। ਇਨ੍ਹਾਂ ਦੇ ਕਪਾਹ ਦੇ ਕਾਰਖਾਨੇ ਹਨ ਤੇ ਇਸ ਭਾਈਚਾਰੇ ਦੇ ਲੋਕ ਵੱਡੇ ਜ਼ਿਮੀਂਦਾਰ ਵੀ ਹਨ। ਸਿੰਧ ਸਰਕਾਰ ਵੱਲੋਂ ਮੁਹੱਈਆ ਕਰਵਾਏ ਅੰਕੜਿਆਂ ਮੁਤਾਬਕ ਸਿੰਧ ਸੂਬੇ ਵਿੱਚ 750 ਚਾਵਲ ਮਿੱਲਾਂ ਹਨ। ਇਕੱਲੀ ਲੜਕਾਨਾ ਡਿਵੀਜ਼ਨ ਵਿੱਚ 340 ਮਿੱਲਾਂ ਹਨ। ਇਨ੍ਹਾਂ ਵਿੱਚੋਂ 80 ਫ਼ੀਸਦੀ ਹਿੰਦੂ ਕਾਰਖਾਨੇਦਾਰਾਂ ਦੀਆਂ ਹਨ। ਪਿਛਲੇ ਛੇ ਮਹੀਨਿਆਂ ਵਿੱਚ ਹਿੰਦੂਆਂ ਨੂੰ ਫਿਰੌਤੀ ਲੈਣ ਖ਼ਾਤਰ ਅਗਵਾ ਕਰਨ ਦੀਆਂ 108 ਵਾਰਦਾਤਾਂ ਹੋਈਆਂ।
ਸਿੰਧ ਵਿੱਚ ਹਿੰਦੂਆਂ ਦੀ ਜਿੰਨੀ ਆਬਾਦੀ 1947 ਵਿੱਚ ਸੀ, ਅੱਜ ਉਸ ਦੇ ਚੌਥੇ ਹਿੱਸੇ ਤੋਂ ਵੀ ਘੱਟ ਹੈ। ਬਹੁਤ ਗਿਣਤੀ ਵਿੱਚ ਹਿੰਦੂ ਮੁਲਕ ਤੋਂ ਬਾਹਰ ਚਲੇ ਗਏ ਹਨ ਤੇ ਕਾਫ਼ੀ ਹਿੰਦੁਸਤਾਨ ਵਿੱਚ ਆ ਗਏ ਹਨ। ਚਾਰ ਬੇਟੀਆਂ ਦਾ ਪਿਤਾ ਕਰਾਚੀ ਦਾ ਸਤੀਸ਼ ਕੁਮਾਰ ਉੱਥੋਂ ਦੇ ਅਸੁਰੱਖਿਅਤ ਹਾਲਾਤ ਵਿੱਚ ਰਹਿਣ ਨੂੰ ਤਿਆਰ ਨਹੀਂ। ਇਸੇ ਲਈ ਕਈ ਸਾਲਾਂ ਤੋਂ ਚੰਗਾ ਚਲਦਾ ਕਾਰੋਬਾਰ ਛੱਡ ਕੇ ਭਾਰਤ ਆਉਣ ਲਈ ਮਜਬੂਰ ਹੈ।
ਅਮੀਰ ਹਿੰਦੂ ਵਪਾਰੀਆਂ ਤੇ ਜ਼ਿਮੀਂਦਾਰਾਂ ਤੋਂ ਇਲਾਵਾ ਗ਼ਰੀਬ ਦਲਿਤ ਹਿੰਦੂਆਂ ਦੀ ਹਾਲਤ ਵੀ ਚੰਗੀ ਨਹੀਂ ਹੈ। ਉਨ੍ਹਾਂ ਕੋਲ ਬਹੁਤ ਥੋੜ੍ਹੀਆਂ ਜ਼ਮੀਨਾਂ ਹਨ ਤੇ ਉਹ ਦੂਜਿਆਂ ਦੀਆਂ ਜ਼ਮੀਨਾਂ ਲੈ ਕੇ ਵਾਹੀ ਕਰਦੇ ਹਨ। ਖਰਚਾ ਤਾਂ ਅੱਧਾ ਕਰਦੇ ਹਨ ਪਰ ਹਿੱਸੇ ਵਜੋਂ ਸਿਰਫ਼ ਚੌਥਾਈ ਹੀ ਹਾਸਲ ਹੁੰਦਾ ਹੈ, ਜਿਸ ਕਰਕੇ ਉਨ੍ਹਾਂ ਦੀ ਮੁਸ਼ਕਿਲ ਨਾਲ ਹੀ ਗੁਜ਼ਰ ਹੁੰਦੀ ਹੈ। ਇੱਥੇ ਈਸਾਈ ਚੁੱਪ-ਚੁਪੀਤੇ ਆਪਣਾ ਪ੍ਰਚਾਰ ਕਰ ਰਹੇ ਹਨ। ਪਾਕਿਸਤਾਨ ਹਿੰਦੂ ਕੌਂਸਲ ਦੇ ਅੰਦਾਜ਼ੇ ਮੁਤਾਬਕ ਪਿਛਲੇ ਨੌਂ ਸਾਲਾਂ ਵਿੱਚ ਤਕਰੀਬਨ ਇੱਕ ਲੱਖ ਸੱਠ ਹਜ਼ਾਰ ਦਲਿਤ, ਈਸਾਈ ਮਤ ਵਿੱਚ ਸ਼ਾਮਲ ਹੋ ਗਏ ਹਨ। ਇਹ ਈਸਾਈ ਮਿਸ਼ਨਰੀ ਧਰਮ ਪਰਿਵਰਤਨ ਕਰਨ ਵਾਲਿਆਂ ਲਈ ਲੋੜੀਂਦੇ ਅਨਾਜ, ਵਿੱਦਿਆ ਤੇ ਨੌਕਰੀਆਂ ਦਾ ਵੀ ਪ੍ਰਬੰਧ ਕਰਨ ਦਾ ਉਪਰਾਲਾ ਕਰਦੇ ਹਨ।
ਪਾਕਿਸਤਾਨ ਰਹਿੰਦੇ ਹਿੰਦੂਆਂ ਦਾ ਇੱਥੋਂ ਬਾਹਰ ਜਾਣਾ 1947 ਤੋਂ ਕੁਝ ਸਮੇਂ ਬਾਅਦ ਹੀ ਸ਼ੁਰੂ ਹੋ ਗਿਆ ਸੀ ਪਰ ਪਿਛਲੇ ਕੁਝ ਸਾਲਾਂ ਤੋਂ ਦੇਸ਼ ਛੱਡ ਕੇ ਜਾਣ ਵਾਲਿਆਂ ਦਾ ਕਾਫ਼ਲਾ ਵੱਡਾ ਹੀ ਹੁੰਦਾ ਗਿਆ ਹੈ। ਹਿੰਦੁਸਤਾਨ, ਉਨ੍ਹਾਂ ਵਾਸਤੇ ਪਹਿਲਾਂ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਖਿੱਚ ਦਾ ਕਾਰਨ ਸੀ ਪਰ ਬਾਅਦ ਵਿੱਚ ਥੋੜ੍ਹੇ ਸਮੇਂ ਦਾ ਵੀਜ਼ਾ ਬਤੌਰ ਯਾਤਰੂ ਲੈ ਕੇ ਆਏ ਤੇ ਫਿਰ ਵੀਜ਼ੇ ਦੀ ਮਿਆਦ ਵਧਾਉਂਦੇ ਰਹੇ। ਅਖੀਰ ਕਈਆਂ ਨੇ ਹਿੰਦੁਸਤਾਨ ਵਿੱਚ ਰਹਿਣ ਦਾ ਪੱਕਾ ਮਨ ਬਣਾ ਲਿਆ। ਅਸਲ ਕਾਰਨ ਇਹ ਸੀ ਕਿ ਦੇਸ਼ ਦੀ ਕਮਜ਼ੋਰ ਕਾਨੂੰਨ ਵਿਵਸਥਾ, ਘੱਟ ਗਿਣਤੀਆਂ ਦਾ ਖ਼ੁਦ ਨੂੰ ਅਸੁਰੱਖਿਅਤ ਸਮਝਣਾ, ਬਦਅਮਨੀ  ਅਤੇ ਪਾਕਿਸਤਾਨੀ ਸਮਾਜ ਦੇ ਤਾਲਿਬਾਨ ਪ੍ਰਤੀ ਝੁਕਾਅ ਆਦਿ ਨੇ ਹਿੰਦੂਆਂ ਨੂੰ ਦੇਸ਼ ਛੱਡਣ ਲਈ ਮਜਬੂਰ ਕੀਤਾ। ਇਹ ਚੰਗੇ ਭਵਿੱਖ ਲਈ ਹਿੰਦੁਸਤਾਨ ਆਉਣ ਜਾਂ ਕਿਸੇ ਹੋਰ ਦੇਸ਼ ਲਈ ਰਵਾਨਗੀ ਕਰਨ ਲੱਗੇ।
ਸਿੰਧ ਤੋਂ ਭਾਰਤ ਵਿੱਚ ਆਏ ਇੱਕ ਪਰਿਵਾਰ ਜੋ ਹੁਣ ਹਰਿਦੁਆਰ ਰਹਿੰਦਾ ਹੈ, ਦੇ ਦੱਸਣ ਮੁਤਾਬਕ ਜਬਰੀ ਧਰਮ ਪਰਿਵਰਤਨ ਅਤੇ ਭੱਤਾ ਵਸੂਲਣ ਦੇ ਡਰ ਮਾਰੇ, ਉਹ ਹਿੰਦੁਸਤਾਨ ਵਿੱਚ ਆਏ ਹਨ। ਉਨ੍ਹਾਂ ਦਾ ਉੱਥੇ ਇਨ੍ਹਾਂ ਹਾਲਾਤ ਵਿੱਚ ਰਹਿਣਾ ਮੁਸ਼ਕਲ ਹੋ ਗਿਆ ਸੀ। ਇੱਕ ਅੰਗਰੇਜ਼ੀ ਅਖ਼ਬਾਰ ਵਿੱਚ ਛਪੀ ਖ਼ਬਰ ਮੁਤਾਬਕ ਸਤੰਬਰ ਦੇ ਪਹਿਲੇ 15 ਦਿਨਾਂ ਵਿੱਚ ਤਕਰੀਬਨ 350 ਹਿੰਦੂ ਰਾਜਸਥਾਨ ਵਿੱਚ ਦਾਖਲ ਹੋਏ ਹਨ। ਇੱਕ ਲੋਕ ਸੰਗਠਨ ਸਮਿਤੀ ਮੁਤਾਬਕ 1971 ਤੋਂ ਬਾਅਦ ਤਕਰੀਬਨ 1,10,000 ਹਿੰਦੂ ਪਾਕਿਸਤਾਨ ਤੋਂ ਆ ਕੇ ਰਾਜਸਥਾਨ ਵਿੱਚ ਆ ਵੱਸੇ ਹਨ। ਇਹ ਲੋਕ ਮੁੜ ਪਾਕਿਸਤਾਨ ਜਾਣ ਨੂੰ ਬਿਲਕੁਲ ਤਿਆਰ ਨਹੀਂ। ਪੰਜਾਬ ਦੇ ਅਟਾਰੀ ਬਾਰਡਰ ‘ਤੇ ਕਈ ਹਿੰਦੂ ਪਰਿਵਾਰਾਂ ਦੇ ਲਿਆਂਦੇ ਹੋਏ ਸਾਮਾਨ ਵਿੱਚ ਚਕਲਾ, ਵੇਲਣਾ ਤੇ ਪਰਾਤ ਹੋਣ ਤੋਂ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਦਾ ਵਾਪਸ ਜਾਣ ਦਾ ਕੋਈ ਇਰਾਦਾ ਨਹੀਂ ਹੈ। ਪਿਛਲੇ ਤਿੰਨ ਸਾਲਾਂ ਤੋਂ ਕੋਈ ਸੱਤ ਹਜ਼ਾਰ ਤੋਂ ਵੱਧ ਹਿੰਦੂ ਭਾਰਤ ਵਿੱਚ ਬਤੌਰ ਯਾਤਰੀ ਆਏ ਤੇ ਉਨ੍ਹਾਂ ਨੇ ਆਪਣੇ ਵੀਜ਼ੇ ਵਧਾਉਣ ਲਈ ਦਰਖਾਸਤ ਦੇ ਦਿੱਤੀ ਹੈ। ਇਸ ਸਾਲ 13 ਅਗਸਤ ਨੂੰ ਕੋਈ 266 ਹਿੰਦੂਆਂ ਦਾ ਜਥਾ ਪੈਦਲ ਹੀ ਵਾਹਗਾ ਸਰਹੱਦ ਪਾਰ ਕਰ ਕੇ ਭਾਰਤ ਵਿੱਚ ਦਾਖਲ ਹੋਇਆ ਹੈ, ਭਾਵੇਂ ਇਹ ਆਪਣੇ-ਆਪ ਨੂੰ ਯਾਤਰੀ ਹੀ ਕਹਿੰਦੇ ਹਨ।
ਇਹ ਗੱਲ ਵੀ ਅਹਿਮ ਹੈ ਕਿ ਭਾਰਤ ਤੋਂ ਪਾਕਿਸਤਾਨ ਜਾਂਦੇ ਮੁਸਲਮਾਨ, ਉੱਥੋਂ ਦੀ ਖ਼ੁਫ਼ੀਆ ਏਜੰਸੀ ਆਈ.ਐੱਸ.ਆਈ. ਨੂੰ ਰੜਕਦੇ ਹਨ।  ਉਹ ਪਾਕਿਸਤਾਨ ਗਏ ਭਾਰਤੀ ਮੁਸਲਮਾਨਾਂ ਨੂੰ ਰਾਅ ਦਾ ਏਜੰਟ ਸਮਝ ਕੇ ਉਨ੍ਹਾਂ ਨਾਲ ਮਾੜਾ ਸਲੂਕ ਕਰਦੇ ਹਨ। ਮਰਹੂਮ ਮੌਲਾਨਾ ਅਬੁਲ ਕਲਾਮ ਆਜ਼ਾਦ ਦੇ ਪਰਿਵਾਰ ਨਾਲ ਸਬੰਧਿਤ ਫ਼ਿਰੋਜ਼ ਬਖਤ ਅਹਿਮਦ ਨੇ ਆਪਣੀ ਲਿਖਤ ਰਾਹੀਂ ਇਸ ਗੱਲ ਦਾ ਇੰਕਸ਼ਾਫ ਕੀਤਾ ਹੈ।
ਪਾਕਿਸਤਾਨ ਵਿੱਚ ਘੱਟ ਗਿਣਤੀ ਕੌਮਾਂ ਦੀਆਂ ਜਬਰੀ ਧਰਮ ਪਰਿਵਰਤਨ ਤੇ ਅਗਵਾ ਆਦਿ ਸਬੰਧੀ ਸ਼ਿਕਾਇਤਾਂ ਨੂੰ ਮੁੱਖ ਰੱਖ ਕੇ ਪਾਕਿਸਤਾਨੀ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਸਤੰਬਰ ਵਿੱਚ ਇੱਕ ਤਿੰਨ ਮੈਂਬਰੀ ਕਮੇਟੀ ਦਾ ਸੰਗਠਨ ਕੀਤਾ ਹੈ। ਇਸ ਕਮੇਟੀ ਦਾ ਕੰਮ ਸਿੰਧ ਦੇ ਵੱਖ-ਵੱਖ ਇਲਾਕਿਆਂ ਵਿੱਚ ਦੌਰੇ ਕਰਕੇ ਹਿੰਦੂ ਭਾਈਚਾਰੇ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ ਦਿਵਾਉਣਾ ਹੈ।
ਭਾਰਤ ਵਿੱਚ ਕੋਈ ਅਜਿਹੀ ਪ੍ਰਵਾਨਤ ਨੀਤੀ ਨਹੀਂ, ਜਿਸ ਅਧੀਨ ਕਿਸੇ ਵਿਦੇਸ਼ੀ ਹਿੰਦੂ-ਸਿੱਖ ਨੂੰ ਦੇਸ਼ ਵਿੱਚ ਕਾਨੂੰਨੀ ਤੌਰ ‘ਤੇ ਪਨਾਹ ਦਿੱਤੀ ਜਾਵੇ। ਇਸ ਕਾਰਨ ਪਾਕਿਸਤਾਨ ਜਾਂ ਅਫ਼ਗ਼ਾਨਿਸਤਾਨ ਵਿੱਚੋਂ ਭਾਰਤ ਆਉਣ ਵਾਲੇ ਹਿੰਦੂ-ਸਿੱਖ ਵੀਜ਼ੇ ਦੀ ਮਿਆਦ ਪੁੱਗਣ ਤੋਂ ਬਾਅਦ ਗ਼ੈਰ-ਕਾਨੂੰਨੀ ਤੌਰ ‘ਤੇ ਇੱਥੇ ਰਹਿੰਦੇ ਹਨ ਤੇ ਉਨ੍ਹਾਂ ਨੂੰ ਵਾਪਸ ਭੇਜਿਆ ਜਾ ਸਕਦਾ ਹੈ, ਜਿੱਥੇ ਉਹ ਜਾਣਾ ਨਹੀਂ ਚਾਹੁੰਦੇ। ਇਨ੍ਹਾਂ ਵਿਚਾਰਿਆਂ ਨੂੰ ਜੇ ਇੱਥੇ ਵੀ ਪਨਾਹ ਨਹੀਂ ਮਿਲਣੀ ਤਾਂ ਇਹ ਲੋਕ ਹੋਰ ਜਾਣ ਵੀ ਕਿੱਥੇ?

ਹਰਚਰਨ ਸਿੰਘ
*ਮੋਬਾਈਲ:098103-06924

post by: Gursham Singh Cheema



Post Comment