ਸਤਿਗੁਰੂ ਨਾਨਕ ਜੀ ਨਾਲ ਸਬੰਧਤ ਇਹ ਪਾਵਨ ਅਸਥਾਨ ਪੁਰਾਣੇ ਸ਼ਹਿਰ ਪਾਕਪਤਨ ਤੋਂ ਬਾਹਰ ਦੀ ਅਬਾਦੀ ਵਿੱਚ ਹੈ। ਇਸ ਅਬਾਦੀ ਨੂੰ ਸਮਾਧੀਆਂ ਕਰਕੇ ਯਾਦ ਕੀਤਾ ਜਾਂਦਾ ਸੀ। ਇਥੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਬਿਰਾਜਣ ਅਸਥਾਨ ਸੀ, ਜਿਹਦੇ ਪੁਜਾਰੀ ਉਦਾਸੀ ਸਾਧੂ ਸਨ। ਇਸ ਅਸਥਾਨ ਦੇ ਆਸ ਪਾਸ ਸਾਧੂਆਂ ਦੀਆਂ ਅਣਗਿਣਤ ਸਮਾਧਾਂ ਸਨ, ਇਸ ਕਰਕੇ ਇਹ ਅਸਥਾਨ ਸਮਾਧਾਂ ਕਰਕੇ ਪ੍ਰਸਿੱਧ ਹੋ ਗਿਆ। ਗੁਰਦੁਆਰਾ ਸਾਹਿਬ ਤੇ ਸਮਾਧਾਂ ਅਲੋਪ ਹੋ ਚੁਕੀਆਂ ਹਨ। ਇਸ ਥਾਂ ਹੁਣ ਬਾਬਾ ਫਰੀਦ ਗੰਜ ਸ਼ੱਕਰ ਕਾਲਜ ਹੈ। ਇਸ ਕਾਲਜ ਦੀ ਅਜੋਕੀ ਇਮਾਰਤ ਬਨਣ ਤੋਂ ਪਹਿਲਾਂ ਇਹ ਕਾਲਜ ਗੁਰਦੁਆਰਾ ਸਾਹਿਬ ਦੀ ਇਮਾਰਤ ਅੰਦਰ ਸੀ ਇਸ ਇਮਾਰਤ ਨੂੰ ਡੇਗ ਕੇ ਹੁਣ ਕਾਲਜ ਦੀ ਨਵੀਂ ਇਮਾਰਤ ਉਸਾਰੀ ਗਈ ਹੈ। ਗੁਰਦੁਆਰਾ ਸਾਹਿਬ ਦਾ ਸਰੋਵਰ ਯਾਦਗਾਰ ਵਜੋਂ ਸੰਭਾਲ ਲਿਆ ਗਿਆ ਹੈ।