ਊਧਮ ਸਿੰਘ ਦਾ ਨਾਂ 'ਹਿੰਦੋਸਤਾਨ' ਦੇ ਉਚਤਮ ਕੌਮੀ ਸ਼ਹੀਦਾਂ ਵਿਚ ਸ਼ੁਮਾਰ ਹੁੰਦਾ ਹੈ। ਨਿਮੋਸ਼ੀ ਵਾਲੀ ਗੱਲ ਹੈ ਕਿ ਸ਼ਹੀਦ ਦੇ ਪਿਛੋਕੜ ਬਾਰੇ ਕੋਈ ਸਿੱਕੇਬੰਦ ਜਾਣਕਾਰੀ ਨਹੀਂ ਮਿਲਦੀ। ਵੱਖ ਵੱਖ ਭਾਈਚਾਰਿਆਂ ਦੇ ਲੋਕ ਆਪਣੇ ਭਾਈਚਾਰੇ ਦਾ ਨਾਂ ਚਮਕਾਉਣ ਲਈ ਹੀ, ਊਧਮ ਸਿੰਘ ਨੂੰ ਆਪਣੇ ਆਪਣੇ ਭਾਈਚਾਰੇ ਨਾਲ ਜੋੜਨ ਦਾ ਉਪਰਾਲਾ ਕਰਦੇ ਰਹੇ ਹਨ, ਜਦੋਂ ਕਿ ਸ਼ਹੀਦ ਊਧਮ ਸਿੰਘ ਨੇ ਤਾਂ ਆਪਣਾ ਨਾਂ ਵੀ ਰਾਮ ਮੁਹੰਮਦ ਸਿੰਘ ਆਜ਼ਾਦ ਰੱਖਿਆ ਸੀ। ਉਸਨੇ ਇਹੀ ਨਾਂ 'ਕਤਲ ਕੇਸ' ਸਮੇਂ ਕਚਿਹਰੀ ਵਿਚ ਦੱਸਿਆ ਸੀ। ਸ਼ਹੀਦ ਊਧਮ ਸਿੰਘ ਬਾਰੇ ਕਈ ਦੰਦ ਕਥਾਵਾਂ ਵਲੈਤ ਦੇ ਵੱਖ ਵੱਖ ਸ਼ਹਿਰਾਂ ਵਿਚ ਵੀ ਪ੍ਰਚਲਤ ਹਨ। ਇਹਦੀ ਢਾਣੀ ਦੇ ਤਕਰੀਬਨ ਸਾਰੇ ਸਾਥੀ-ਬੇਲੀ ਵੀ ਚਲ ਵਸੇ ਹਨ। ਇੱਕਾ ਦੁੱਕਾ ਲਿਖਤਾਂ ਵੀ ਮਿਲਦੀਆਂ ਹਨ। ਪਰ ਇਹ ਵੀ ਪੂਰੀ ਸੂਰੀ ਵਾਕਫੀਅਤ ਪ੍ਰਦਾਨ ਨਹੀਂ ਕਰਦੀਆਂ ਸਗੋਂ ਕੁਝ ਝਲਕਾਰੇ ਹੀ ਪੇਸ਼ ਹੁੰਦੇ ਹਨ।
ਸ਼ਹੀਦ ਊਧਮ ਸਿੰਘ ਜੀ ਦੇ ਬਚਪਨ ਦਾ ਨਾਂ ਸ਼ੈਰ ਸਿੰਘ ਸੀ ।
ਅਜਾਦੀ ਦੇ ਇਸ ਪਰਵਾਨੇ ਦਾ ਜਨਮ ਪੰਜਾਬ ਦੇ ਮਾਲਵਾ ਖੇਤਰ ਦੇ ਮੌਜੂਦਾ ਜਿਲਾ ਸੰਗਰੂਰ ਦੇ ਸ਼ਹਿਰ ਸੁਨਾਮ ਵਿਖੇ ੨੬ ਦਸੰਬਰ ੧੮੯੯ ਵਿਚ ਹੋਇਆ। ਸ੍ਰ ਉਧਮ ਸਿੰਘ ਜੀ ਦੇ ਬਚਪਨ ਦਾ ਨਾਮ ਸ਼ੈਰ ਸਿੰਘ ਸੀ। ਆਪ ਜੀ ਦਾ ਪਰਿਵਾਰ ਭਾਵੇ ਕਿਰਸਾਨੀ ਕਿੱਤੇ ਨਾਲ ਸਬੰਧਤ ਸੀ ਪਰੰਤੂ ਆਪ ਜੀ ਦੇ ਪਿਤਾ ਸ੍ਰ: ਟਹਿਲ ਸਿੰਘ ਪਿੰਡ ਉੱਪਲ ਵਿਖੇ ਰੇਲਵੇ ਕਰਾਸਿੰਗ ਤੇ ਵਾਚਮੈਨ ਵੱਜੋ ਨੌਕਰੀ ਕਰਦੇ ਸਨ। ਸੱਤ ਸਾਲ ਦੀ ਉਮਰ ਤੋਂ ਪਹਿਲਾ ਹੀ ਮਾਤਾ ਪਿਤਾ ਦਾ ਸਾਇਆ ਉੱਠ ਗਿਆ । ੨੪ ਅਕਤੂਬਰ ੧੯੦੭ ਨੂੰ ਸ਼ੈਰ ਸਿੰਘ ਅਤੇ ਭਰਾ ਮੁਕਤਾ ਸਿੰਘ ਨੂੰ ਆਪ ਦੇ ਪਰਿਵਾਰ ਦੇ ਜਾਣਕਾਰ ਭਾਈ ਕ੍ਰਿਸ਼ਨ ਸਿੰਘ ਹੋਰਾਂ ਨੇ ਆਪ ਨੂੰ ਚੀਫ ਖਾਲਸਾ ਦੀਵਾਨ ਵਲੋਂ ਚਲਾਏ ਜਾਦੇ ਯਤੀਮਖਾਨੇ ਸੇੰਟ੍ਰਲ ਖਾਲਸਾ ਯਤੀਮਘਰ ਪੁਤਲੀਘਰ ਅੰਮ੍ਰਿਤਸਰ ਭਰਤੀ ਕਰਵਾ ਦਿੱਤਾ। ਇਥੇ ਸ਼ੈਰ ਸਿੰਘ ਦਾ ਨਾਂ ਯਤੀਮਖਾਨੇ ਵਿੱਚ ਜਾ ਬਦਲ ਕੇ ਊਧਮ ਸਿੰਘ ਰੱਖ ਦਿੱਤਾ ਗਿਆ। ਅਤੇ ਭਰਾ ਮੁਕਤਾ ਸਿੰਘ ਦਾ ਨਾਮ ਸਾਧੂ ਸਿੰਘ ਰੱਖ ਦਿੱਤਾ ਗਿਆ । ੧੯੧੭ ਨੂੰ ਸਾਧੂ ਸਿੰਘ ਦੀ ਮੋਤ ਹੋ ਗਈ । ਸ੍ਰ ਉਧਮ ਸਿੰਘ ਜੀ ਇਸ ਸੰਸਾਰ ਵਿੱਚ ਇਕੱਲੇ ਹੀ ਰਹਿ ਗਏ । ਸ੍ਰ ਉਧਮ ਸਿੰਘ ਜੀ ਦੀ ਮੁਢਲੀ ਸਿੱਖਿਆ ਤੇ ਪਾਲਣ ਪੌਸ਼ਣ ਅਮ੍ਰਿੰਤਸਰ ਯਤੀਮਖਾਨੇ ਵਿਖੇ ਵਿੱਚ ਹੀ ਹੋਇਆ । ਸ੍ਰ ਉਧਮ ਸਿੰਘ ਨੇ ੧੯੧੮ 'ਚ ਮੈਟ੍ਰਿਕ ਦੀ ਪੜਾਈ ਪੁਰੀ ਕਰਨ ਉਪਰੰਤ ਯਤੀਮਘਰ ਛੱਡ ਦਿੱਤਾ । ਸ੍ਰ ਊਧਮ ਸਿੰਘ ਨੂੰ ਗਦਰ ਸਾਹਿਤ ਨੂੰ ਪੜਨ ਦਾ ਸ਼ੌਕ ਸੀ। ਇਹੋ ਕਾਰਨ ਸੀ ਕਿ ਉਸ ਅੰਦਰ ਕ੍ਰਾਤੀਕਾਰੀ ਵਿਚਾਰ ਆਉਣ ਲਗ ਪਏ ਅਤੇ ਜਿਥੇ ਕਿੱਤੇ ਵੀ ਕ੍ਰਾਂਤੀਕਾਰੀਆਂ ਦੀਆਂ ਮੀਟਿੰਗਾਂ ਹੁੰਦੀਆਂ ਉਥੇ ਜਾ ਪਹੁੰਚਦਾ।
੧੩ ਅਪ੍ਰੇਲ ੧੯੧੯ ਨੂੰ ਜਲਿਆਂ ਵਾਲੇ ਬਾਗ ਦਾ ਵਾਪਰਿਆ ਖੂਨੀ ਸਾਕਾ ਉਧਮ ਸਿੰਘ ਨੇ ਆਪਣੀ ਅੱਖੀ ਦੇਖਿਆ । ਬ੍ਰਿਟਿਸ਼ ਸਰਕਾਰ ਦੁਆਰਾ ਮਾਰੇ ਗਏ ਨਿਰਦੋਸ਼ ਅਤੇ ਮਾਸੂਮ ਭਾਰਤੀਆਂ ਦੀ ਮੋਤ ਦੇ ਦ੍ਰਿਸ਼ ਨੇ ਸ੍ਰ ਉਧਮ ਸਿੰਘ ਦਾ ਮਨ ਝੰਜੋੜ ਕੇ ਰੱਖ ਦਿੱਤਾ । ਇਸ ਦੁਖਦਾਈ ਘਟਨਾ ਨੇ ਉਧਮ ਸਿੰਘ ਨੂੰ ਕ੍ਰਾਂਤੀਕਾਰੀ ਬਣਾ ਦਿੱਤਾ । ਜਲਦੀ ਹੀ ਆਪ ਅਮਰੀਕਾ ਵਿਖੇ ਗਏ । ੧੯੨੦ ਚ ਬੱਬਰ ਅਕਾਲੀਆਂ ਦੀਆਂ ਕ੍ਰਾਂਤੀਕਾਰੀ ਗਤੀ ਵਿਧੀਆ ਬਾਰੇ ਜਾਣਕਾਰੀ ਲੈ ਕੇ ਵਾਪਸ ਭਾਰਤ ਪਰਤ ਆਏ। ਸ੍ਰ ਉਧਮ ਸਿੰਘ ਜੀ ਆਪਣੇ ਨਾਲ ਗੁਪਤ ਤਰੀਕੇ ਨਾਲ ਇਕ ਪਿਸਤੋਲ ਲੈ ਕੇ ਆਏ । ਅੰਮ੍ਰਿਤਸਰ ਪੁਲਿਸ ਨੇ ਆਪ ਜੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਆਰਮ ਐਕਟ ਅਧੀਨ ਚਾਰ ਸਾਲ ਕੈਦ ਦੀ ਸਜਾ ਸੁਣਾ ਦਿੱਤੀ । ਜੇਲ੍ਹ ਤੋਂ ਰਿਹਾਅ ਹੋਣ ਉਪਰੰਤ ਉਧਮ ਸਿੰਘ ਆਪਣੇ ਪਿੰਡ ਸੁਨਾਮ ਵਿਖੇ ਚਲੇ ਗਏ । ਇਥੇ ਵੀ ਪੁਲਿਸ ਨੇ ਆਪ ਜੀ ਨੂੰ ਤੰਗ ਪ੍ਰੇਸ਼ਾਨ ਕਰਨਾ ਜਾਰੀ ਰੱਖਿਆ । ਆਪ ਫਿਰ ਵਾਪਸ ਅੰਮ੍ਰਿਤਸਰ ਆ ਗਏ । ਇੱਥੇ ਉਨ੍ਹਾਂ ਸਾਈਨ ਬੋਰਡ-ਪੇਂਟਰ ਦੀ ਦੁਕਾਨ ਖੋਲ ਲਈ ਅਤੇ ਆਪਣਾ ਨਾਮ ਰਾਮ ਮੁਹੰਮਦ ਸਿੰਘ ਅਜ਼ਾਦ ਰੱਖ ਲਿਆ । ਸ੍ਰ ਉਧਮ ਸਿੰਘ , ਸ਼ਹੀਦ ਭਗਤ ਸਿੰਘ ਜੀ ਦੀਆਂ ਗਤੀਵਿਧੀਆਂ ਅਤੇ ਉਨ੍ਹਾਂ ਦੇ ਕ੍ਰਾਂਤੀਕਾਰੀ ਗਰੁੱਪ ਤੋਂ ਬਹੁਤ ਪ੍ਰਭਾਵਿਤ ਸਨ । ੧੯੩੫ ਚ ਆਪ ਕਸ਼ਮੀਰ ਗਏ ਅਤੇ ਆਪਣੇ ਨਾਲ ਸ਼ਹੀਦ ਭਗਤ ਸੰਘ ਦੀ ਤਸਵੀਰ (ਪੋਟਰੇਟ) ਲੈ ਗਏ । ਉਧਮ ਸਿੰਘ , ਸ਼ਹੀਦ ਭਗਤ ਸਿੰਘ ਜੀ ਨੂੰ ਆਪਣਾ ਆਦਰਸ਼ ਮੰਨਦੇ ਸਨ । ਉਧਮ ਸਿੰਘ ਜੀ ਰਾਜਨੀਤਕ ਗੀਤ ਗਾਉਂਦੇ ਸਨ । ਕ੍ਰਾਂਤੀਕਾਰੀਆਂ ਦੇ ਮੋਹਰਲੀ ਕਤਾਰ ਦੇ ਕਵੀ ਰਾਮ ਪ੍ਰਸ਼ਾਦ ਬਿਸਮਲ ਦੇ ਬਹੁਤ ਪ੍ਰਸੰਸਕ ਸਨ । ੬ ਮਹੀਨੇ ਕਸ਼ਮੀਰ ਚ ਰਹਿਣ ਉਪਰੰਤ ਸ੍ਰ ਉਧਮ ਸਿੰਘ ਇੰਗਲੇਂਡ ਚਲੇ ਗਏ ।
ਸ਼ਹੀਦ ਏ ਆਜਮ ਸ੍ਰ: ਊਧਮ ਸਿੰਘ ਉਰਫ ਰਾਮ ਮੁਹੰਮਦ ਅਜ਼ਾਦ ਉਪਰ ਖੋਜ ਕਰਨ ਵਾਲੇ ਪ੍ਰੋ (ਡਾ) ਸਿਕੰਦਰ ਸਿੰਘ ਜੋਂ ਕਿ ਇਸ ਸਮੇਂ ਜਿਲਾ ਪਟਿਆਲਾ ਦੇ ਪਾਤੜਾ ਸ਼ਹਿਰ ਦੇ ਸਰਕਾਰੀ ਨਿਆਲ ਕਾਲਜ ਵਿਚ ਬਤੋਰ ਪ੍ਰਿੰਸੀਪਲ ਸੇਵਾ ਨਿਭਾ ਰਹੇ ਹਨ ਅਤੇ ਇਤਹਾਸ ਵਿਸ਼ਾ ਹੋਣ ਕਰਕੇ ਡਾ. ਸਿਕੰਦਰ ਸਿੰਘ ਨੇ ਆਪਣੀ ਪੀ. ਐਚ. ਡੀ. ਦੀ ਪੜਾਈ ਦੋਰਾਨ ਊਧਮ ਸਿੰਘ ਖੋਜ ਸ਼ੁਰੂ ਕੀਤੀ।
ਪ੍ਰ੍ਰੋ: ਸਿਕੰਦਰ ਸਿੰਘ ਜੋ ਕਿ ਖੁਦ ਵੀ ਸੰਗਰੂਰ ਦੇ ਵਸਨੀਕ ਹਨ ਨੂੰ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਨੇ ਇਸ ਵਿਸ਼ੇ ਉਪਰ ਖੋਜ ਕਰਨ ਵਿਚ ਆ ਰਹੀਆਂ ਅੋਕੜਾਂ ਨੂੰ ਦੂਰ ਕਰ ਕੇ ਸ਼ਹੀਦ ਦੇ ਬਾਰੇ ਵੱਧ ਤੋ ਵੱਧ ਜਾਣਕਾਰੀ ਇੱਕਠ ਕਰਨ ਦਾ ਕਾਰਜ ਸੋਪਿਆ। ਡਾ. ਸਿਕੰਦਰ ਨੇ ਆਪਣੀ ਖੋਜ ਸ਼ਹੀਦ ਦੇ ਸ਼ਹਿਰ ਸੁਨਾਮ, ਅਮ੍ਰਿੰਤਸਰ ਤੇ ਬਾਅਦ ਵਿਚ ਅਮੇਰਿਕਾ ਅਤੇ ਇੰਗਲੈਂਡ ਵਿਚ ਜਾ ਕੇ ਕੀਤੀ। ਅਤੇ ਇਸ ਖੋਜ ਦੋਰਾਨ ਪ੍ਰੋ ਸਿਕੰਦਰ ਸਿੰਘ ਵਲੋਂ ਕਈ ਅਹਿਮ ਖੁਲਾਸੇ ਕੀਤੇ ਗਏ ਜਿਨਾਂ ਬਾਰੇ ਅੱਜ ਵੀ ਅਸੀਂ ਅਣਜਾਣ ਹਾਂ। ਪ੍ਰੋ ਸਿਕੰਦਰ ਸਿੰਘ ਦੀ ਖੋਜ ਮੁਤਾਬਕ ੧੯੧੭ ਵਿਚ ਅਮ੍ਰਿੰਤਸਰ ਵਿਚ ਮੈਟ੍ਰਿਕ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਊਧਮ ਸਿੰਘ ਬ੍ਰਿਟਿਸ਼ ਅਫਰੀਕਾ ਦੀ ਯੁਗਾਂਡਾ ਰੇਲਵੇ ਵਿਚ ਕੰਮ ਕਰਨ ਲਈ ਚਲਾ ਗਿਆ ਜਿਥੋਂ ਉਸ ਸਮੇਂ ਊਧਮ ਸਿੰਘ ਨੇ ੧੩੦੦ ਰੁਪਏ ਆਪਣੇ ਦੂਰ ਦੇ ਰਿਸ਼ਤੇਦਾਰ ਜੀਵਾ ਸਿੰਘ ਨੂੰ ਸੁਨਾਮ ਭੇਜੇ। ਅਫਰੀਕਾ ਵਿਚ ਹੋ ਰਹੇ ਗੋਰੇ ਕਾਲੇ ਦੇ ਭੇਦਭਾਵ ਤੋਂ ਪ੍ਰਭਾਵਤ ਹੋ ਕਿ ਊਧਮ ਸਿੰਘ ਦੋ ਸਾਲ ਬਾਅਦ ਵਾਪਸ ਭਾਰਤ ਆ ਗਿਆ। ਉਨੀਂ ਦਿਨੀ ਭਾਰਤ ਦੇ ਵਾਇਸਰਾਏ ਹਾਰਡਿੰਗ ਨੇ ਸਰ ਮਾਇਕਲ ਉਡਵਾਇਰ ਨੂੰ ਪੰਜਾਬ ਦਾ ਲੈਫਟੀਨੈਂਟ ਗਵਰਨਰ ਨਿਯੁਕਤ ਕੀਤਾ ਹੋਇਆ ਸੀ। ਇਤਿਹਾਸ ਇਸ ਨੂੰ ਬਹੁਤ ਜਾਲਮ, ਕਠੌਰ ਅਤੇ ਸਾਮਰਾਜਵਾਦੀ ਵਿਚਾਰਾਂ ਵਾਲੇ ਗਵਰਨਰ ਵਜੋਂ ਅੰਕਿਤ ਕਰਦਾ ਹੈ। ਉਸ ਸਮੇਂ ਪੰਜਾਬ ਦਾ ਵਾਤਾਵਰਨ ਕ੍ਰਾਂਤੀਕਾਰੀ ਗਤੀਵਿਧੀਆਂ ਅਤੇ ਪ੍ਰਚਾਰ ਨਾਲ ਭਰਪੂਰ ਸੀ। ਗਦਰੀ ਸੂਰਬੀਰ ਭਾਰਤ ਨੂੰ ਅਜ਼ਾਦ ਕਰਾਉਣ ਲe ਿਵਿਦੇਸ਼ਾ ਵਿਚੋਂ ਭਾਰਤ ਆ ਰਹੇ ਸਨ। ਮਾਇਕਲ ਉਡਵਾਇਰ ਇਹ ਸਮਝਦਾ ਸੀ ਕੀ ਪੰਜਾਬ ਵਿਚ ੧੮੫੭ ਈ. ਮਈ ਦੀ ਤਰ੍ਹਾਂ ਇਕ ਹੋਰ ਗਦਰ ਹੋਣ ਵਾਲਾ ਹੈ। ਇਸ ਲਈ ਭਾਰਤੀਆਂ ਦੇ ਦਿਲਾਂ ਦੇ ਵਿਚੋਂ ਅਜ਼ਾਦੀ ਦੀ ਚਾਹਤ ਕੁਚਲਣ ਲਈ ਅਤੇ ਅੰਗਰੇਜ ਹਕੁਮਤ ਦਾ ਡਰ ਪੈਦਾ ਕਰਨ ਲਈ ਗੋਰਮਿੰਟ ਹਾਊਸ ਲਾਹੌਰ ਵਿਖੇ ਬ੍ਰਿਟਸ਼ ਸਰਕਾਰ ਦੇ ਸਿਵਲ ਅਤੇ ਮਿਲਟਰੀ ਦੇ ਅਫਸਰਾਂ ਨੇ ਮਾਈਕਲ ਉਡਵਾਇਰ ਦੀ ਪ੍ਰਧਾਨਗੀ ਹੇਠ ਇਹ ਫੈਸਲਾ ਕੀਤਾ ਕਿ ਪੰਜਾਬੀਆਂ ਦਾ ਵੱਡੇ ਪੱਧਰ ਤੇ ਕਤਲੇਆਮ ਕੀਤਾ ਜਾਵੇ। ਇਸ ਸਕੀਮ ਨੂੰ ਨੇਪਰੇ ਚਾੜਨ ਲਈ ਜਰਨਲ ਡਾਇਰ ਦੀ ਡਿਊਟੀ ਲਾਈ ਗਈ ਅਤੇ ਬੜੇ ਸੋਚੇ ਸਮਝੇ ਤਰੀਕੇ ਨਾਲ ੧੩ ਅਪ੍ਰੈਲ ੧੯੧੯ ਤੱਕ ਅਮ੍ਰਿੰਤਸਰ ਦੇ ਹਾਲਾਤ ਸਰਕਾਰ ਵਲੋਂ ਖੁਦ ਭੜਕਾਏ ਗਏ ਤਾਂ ਕਿ ਲੋਕ ਹਿਸੰਕ ਹੋ ਜਾਣ ਅਤੇ ਸਰਕਾਰ ਹਿੰਸਾ ਨੂੰ ਖਤਮ ਕਰਨ ਦੇ ਬਾਹਾਨੇ ਆਪਣੀ ਕਾਰਵਾਈ ਕਰ ਸਕੇ। ੧੩ ਅਪ੍ਰੈਲ ੧੯੧੯ ਨੂੰ ਵਿਸਾਖੀ ਦਾ ਦਿਨ ਸੀ। ਸਰਕਾਰ ਜਾਣਦੀ ਸੀ ਕਿ ਇਸ ਦਿਨ ਭਾਰੀ ਗਿਣਤੀ ਵਿੱਚ ਲੋਕ ਅਮਿੰ੍ਰਤਸਰ ਪਹੁੰਚਦੇ ਹਨ। ਬ੍ਰਿਟਿਸ਼ ਹਕੁਮਤ ਨੇ ਆਪਣੀ ਕੋਝੀ ਚਾਲ ਚਲਦਿਆਂ ਆਪਣੇ...
ਇੱਕ ਏਜੰਟ ਹੰਸਰਾਜ ਦੇ ਨਾਂ ਆਦਮੀ ਕੋਲੋ ਜੋ ਕਿ ਉਸ ਸਮੇਂ ਦੀ ਜਿਲਾ ਕਾਂਗਰਸ ਕਮੇਟੀ ਦਾ ਅਹੁਦੇਦਾਰ ਸੀ ਨੂੰ ਬ੍ਰਿਟਿਸ਼ ਹਕੁਮਤ ਦੇ ਖਿਲਾਫ ਜਲਿਆਂ ਵਾਲੇ ਬਾਗ ਜਲਸਾ ਕਰਨ ਲਈ ਕਿਹਾ। ਇਸ ਸੋਚੇ ਸਮਝੇ ਤਰੀਕੇ ਰਾਹੀ ਕੀਤੇ ਗਏ ਇਕੱਠ ਉਪਰ ਜਰਨਲ ਡਾਇਰ ਨੇ ਸਰ ਮਾਇਕਲ ਉਡਵਾਇਰ ਦੇ ਹੁਕਮ ਦੇ ਬਿਨਾਂ ਕਿਸੇ ਵਾਰਨਿੰਗ ਦੇ ਗੋਲੀ ਚਲਾ ਕੇ ੨੦੦੦ ਨਿਹੱਥੇ ਅਤੇ ਬੇਕਸੂਰ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਲਿਆਂ ਵਾਲੇ ਬਾਗ ਦੇ ਗੋਲੀ ਕਾਂਡ ਦੋਰਾਨ ਊਧਮ ਸਿੰਘ ਜਲਸੇ ਵਿਚ ਇਕੱਤਰ ਲੋਕਾਂ ਨੂੰ ਪਾਣੀ ਪਿਲਾਉਣ ਦੀ ਸੇਵਾ ਕਰ ਰਿਹਾ ਸੀ ਇਸ ਗੋਲੀ ਕਾਂਡ ਵਿਚ ਊਧਮ ਸਿੰਘ ਦੀ ਬਾਂਹ ਵਿਚ ਵੀ ਗੋਲੀ ਲੱਗੀ ਅਤੇ ਗੰਭੀਰ ਹਾਲਤ ਹੋਣ ਦੇ ਬਾਵਜੂਦ ਉਹ ਗੰਭੀਰ ਜਖ਼ਮੀ ਵਿਅਕਤੀਆਂ ਨੂੰ ਸੰਭਾਲਦਾ ਰਿਹਾ ਅਤੇ ਦੂਸਰੇ ਦਿਨ ਸੈਂਟਰਲ ਖਾਲਸਾ ਯਤੀਮਖਾਨੇ ਦੇ ਗੱਡੇ ਰਾਹੀਂ ਆਪਣੇ ਹੋਰ ਸਾਥੀਆਂ ਦੀ ਮਦਦ ਨਾਲ ਗੋਲੀ ਕਾਂਡ ਵਿਚ ਮਾਰੇ ਲੋਕਾ ਦਾ ਸੰਸਕਾਰ ਕਰਦਾ ਰਿਹਾ। ਇਸ ਅੱਖੀਂ ਦੇਖੇ ਹੱਤਿਆ ਕਾਂਡ ਨੇ ਊਧਮ ਸਿੰਘ ਦੇ ਵਿਅਕਤੀਤੱਵ ਨੂੰ ਇੱਕ ਕ੍ਰਾਂਤੀਕਾਰੀ ਅਤੇ ਇੱਕ ਮਿਸ਼ਨ ਵਿੱਚ ਪਰਿਪੱਕ ਕਰ ਦਿੱਤਾ ਅਤੇ ਉਸਨੇ ਇਸ ਗੋਲੀ ਕਾਂਡ ਦੇ ਜਿੰਮੇਵਾਰ ਦੌਸ਼ੀਆਂ ਨੂੰ ਸਜਾ ਦੇਣ ਦੀ ਗੱਲ ਮਨ ਵਿੱਚ ਠਾਣ ਲਈ। ਜਲਿਆਂ ਵਾਲੇ ਬਾਗ ਦੇ ਗੋਲੀ ਕਾਂਡ ਤੋਂ ਬਾਅਦ ਪੰਜਾਬ ਵਿੱਚ ਮਾਰਸ਼ਲ ਲਾਅ ਲਾਗੂ ਕਰ ਦਿੱਤਾ ਗਿਆ। ਸ਼ਰੇਆਮ ਲੋਕਾਂ ਨੂੰ ਫਾਂਸੀਆਂ ਤੇ ਲਟਕਾਇਆ ਗਿਆ, ਕੋੜੇ ਮਾਰੇ ਗਏ ਅਤੇ ਬੇਇੱਜਤ ਕੀਤਾ ਗਿਆ। ਮਾਇਕਲ ਉਡਵਾਇਰ ਨੇ ਆਪਣੀ ਕਿਤਾਬ " ਇੰਡਿਆ ਆਈ ਨਿਊ ਇੱਟ" ਵਿੱਚ ਇਹ ਸਾਰੇ ਕਾਲੇ ਕਾਰਨਾਮੇ ਕਰਨ ਤੋਂ ਬਾਅਦ ਲਿਖਿਆ ਕਿ ਪੰਜਾਬੀ ਹੁਣ ਸਮਝ ਗਏ ਹਨ ਕਿ ਕ੍ਰਾਂਤੀ ਇੱਕ ਖਤਰਨਾਕ ਕੰਮ ਹੈ " ਇਥੇ ਹੀ ਬਸ ਨਹੀਂ, ਹਜ਼ਾਰਾਂ ਹੀ ਦੇਸ਼ ਭਗਤ ਗਦਰੀ ਇਸ ਬੇਰਹਿਮ ਗਵਰਨਰ ਦੇ ਜੁਲਮ ਦਾ ਸ਼ਿਕਾਰ ਬਣੇ।
ਇਸ ਘਟਨਾਕ੍ਰਮ ਦੇ ਥੋੜੇ ਸਮੇਂ ਬਾਅਦ ਊਧਮ ਸਿੰਘ ਇੱਕ ਹੋਰ ਕ੍ਰਾਂਤੀਕਾਰੀ ਪ੍ਰੀਤਮ ਸਿੰਘ ਦੇ ਨਾਲ ਬਹੁਤ ਕਠਿਨ ਹਾਲਾਤਾਂ ਵਿੱਚ ਮੈਕਸੀਕੋ ਰਾਹੀਂ ਅਮਰੀਕਾ ਪਹੁੰਚਿਆ ਦੋ ਸਾਲ ਤੱਕ ਕੋਲੀਫੋਰਨੀਆ ਵਿੱਚ ਵੱਖਰੀਆ ਵੱਖਰੀਆ ਫੈਕਟਰੀਆਂ ਵਿੱਚ ਕੰਮ ਕਰਨ ਤੋਂ ਬਾਅਦ ਊਧਮ ਸਿੰਘ ਇਸਟ ਨਿਊਯਾਰਕ ਪਹੁੰਚਿਆ ਜਿਥੇ ਲਗਭਗ ਪੰਜ ਸਾਲ ਤੱਕ ਰਿਹਾ। ਇਸੇ ਸਮੇਂ ਹੀ ਊਧਮ ਸਿੰਘ ਕ੍ਰਾਂਤੀਕਾਰੀ ਗਦਰ ਪਾਰਟੀ ਦਾ ਸਰਗਰਮ ਮੈਂਬਰ ਬਣਿਆ ।ਗਦਰ ਪਾਰਟੀ ਵਾਸਤੇ ਨਵੇਂ ਮੈਂਬਰ ਭਰਤੀ ਕਰਨ ਅਤੇ ਸੰਸਾਰ ਦੇ ਵੱਖਰੇ ਵੱਖਰੇ ਦੇਸ਼ਾ ਵਿੱਚ ਗਦਰ ਪਾਰਟੀ ਦੀਆਂ ਸ਼ਾਖਾਵਾਂ ਕਾਇਮ ਕਰਨ ਅਤੇ ਅੰਗਰੇਜ਼ਾ ਵਿੱਰੁਧ ਦੇਸ਼ਾ ਤੋਂ ਭਾਰਤ ਦੀ ਅਜ਼ਾਦੀ ਲਈ ਮਦਦ ਲੈਣ ਵਾਸਤੇ ਗਦਰ ਪਾਰਟੀ ਦੀ ਇੰਨਰ ਕੋਸਲ ਵਲੋਂ ਊਧਮ ਸਿੰਘ ਦੀ ਹੀ ਡਿਊਟੀ ਲਾਈ ਗਈ
ਊਧਮ ਸਿੰਘ ਸਿਵਾਏ ਅਸਟਰੇਲੀਆ ਮਹਾਂਦੀਪ ਦੇ ਸੰਸਾਰ ਦਾ ਕੋਈ ਅਜਿਹਾ ਦੇਸ਼ ਨਹੀ ਸੀ ਜਿਥੇ ਊਧਮ ਸਿੰਘ ਨਾ ਗਿਆ ਹੋਵੇ। ਉਸਨੂੰ ਸਮੁੰਦਰੀ ਜ਼ਹਾਜ ਤੋਂ ਲੈ ਕੇ ਹਵਾਈ ਜ਼ਹਾਜ ਤੱਕ ਸਭ ਚੀਜ਼ਾ ਦਾ ਗਿਆਨ ਸੀ। ਉਹ ਹੱਥਿਆਰ ਅਤੇ ਕਰੰਸੀ ਨੋਟ ਵੀ ਖੁਦ ਤਿਆਰ ਕਰ ਲੈਂਦਾ ਸੀ ।ਲੰਡਨ ਵਿੱਚ ਰਹਿੰਦੇ ਹੋਏ ਵੀ ਉਸਨੇ ਆਪਣੇ ਦੇਸ਼ ਵਾਸੀਆਂ ਅਤੇ ਅਮਰੀਕਾ ਵਿੱਚ ਗਦਰ ਪਾਰਟੀ ਨਾਲ ਲਗਾਤਾਰ ਸੰਪਰਕ ਸਥਾਪਿਤ ਰੱਖਿਆ ਹੋਇਆ ਸੀ। ਪਬਲਿਕ ਰਿਕਾਰਡ ਆਫਿਸ ਲੰਡਨ ਵਲੋਂ ਸ਼ਹੀਦ ਊਧਮ ਸਿੰਘ ਨਾਲ ਸਬੰਧਤ ਰਿਲੀਜ਼ ਕੀਤੀਆ ਫਾਇਲਾ ਤੋਂ ਊਧਮ ਸਿੰਘ ਬਾਰੇ ਕਾਫ਼ੀ ਜਾਣਕਾਰੀ ਮਿਲੀ ਹੈ। ਇਹ ਵੀ ਹੈਰਾਨ ਕਰਨ ਵਾਲਾ ਤੱਥ ਹੈ ਕਿ ਊਧਮ ਸਿੰਘ ਲੰਡਨ ਦੇ ਡੈਨਹਮ ਫਿਲਮ ਸਟੂਡੀਓ ਦੁਆਰਾ ਬਣਾਈਆਂ ਫਿਲਮਾਂ ਵਿੱਚ ਕੰਮ ਕਰਦਾ ਰਿਹਾ ਸੀ। ਗੁਪਤ ਫਾਈਲਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਭਾਰਤ ਨੂੰ ਆਜਾਦ ਕਰਵਾਉਣ ਲਈ ਊਧਮ ਸਿੰਘ ਨੇ ਰੂਸ ਅਤੇ ਜਰਮਨ ਸਰਕਾਰਾਂ ਨਾਲ ਵੀ ਗੁਪਤ ਸਬੰਧ ਕਾਇਮ ਕੀਤਾ ਹੋਇਆ ਸੀ। ੩੦ ਅਗਸਤ ੧੯੨੭ ਨੂੰ ਸਿਟੀ ਕੋਤਵਾਲੀ ਅੰਮ੍ਰਿਤਸਰ ਵਿੱਚ ਊਧਮ ਸਿੰਘ ਦੇ ਬਿਆਨ ਅਨੁਸਾਰ ਉਹ ੨ ਫਰਵਰੀ ੧੯੨੨ ਨੂੰ ਕੈਲੀਫੋਰਨੀਆਂ ਦੇ ਸ਼ਹਿਰ ਕਲੇਅਰ ਮਾਉਂਟ ਪੁੱਜਿਆ। ਜਿਥੇ ਉਸ ਦੀ ਲਲੂਪੀ ਨਾਂ ਦੀ ਅਮਰੀਕਨ ਕ੍ਰਾਂਤੀਕਾਰੀ ਕੁੜੀ ਨਾਲ ਦੋਸਤੀ ਹੋ ਗਈ। ਲੜਕੀ ਦੇ ਮਾਤਾ-ਪਿਤਾ ਜਿੰੰਮੀਦਾਰ ਸਨ। ਬਾਅਦ ਵਿੱਚ ਊਧਮ ਸਿੰਘ ਨੇ ਲੌਗ-ਬੀਚ ਵਿੱਚ ਵਿਖੇ ਇਸ ਲੜਕੀ ਨਾਲ ਸ਼ਾਦੀ ਕੀਤੀ। ਨਿਊਯਾਰਕ ਵਿੱਚ ਊਧਮ ਸਿੰਘ ਆਪਣੀ ਪਤਨੀ ਨਾਲ ਰਹਿੰਦਾ ਰਿਹਾ। ਜਿਸ ਤੋਂ ਊਧਮ ਸਿੰਘ ਦੇ ਦੋ ਪੁੱਤਰਾਂ ਨੇ ਜਨਮ ਲਿਆ। ਜਿਨ੍ਹਾਂ ਬਾਰੇ ਖੋਜ ਕਰਤਾ ਵਲੋਂ ਖੋਜ ਜਾਰੀ ਹੈ।
ਈਸਟ ਇੰਡੀਆ ਐਸੋਸੀਏਸ਼ਨ ਅਤੇ ਰਾਇਲ ਏਸ਼ੀਅਨ ਸੁਸਾਇਟੀ ਨੇ ੧੩ ਮਾਰਚ ੧੯੪੦ ਨੂੰ ਕੈਕਸਟਨ ਹਾਲ ਵੈਸਟ ਮਨਿਸਟਰ ਵਿੱਚ ਇੱਕ ਸਾਂਝੀ ਮੀਟਿੰਗ ਕੀਤੀ। ਜਿਸ ਵਿੱਚ ਉਸ ਸਮੇਂ ਅਫਗਾਨਿਸਤਾਨ ਦੀ ਵਰਤਮਾਨ ਹਾਲਤ ਬਾਰੇ ਚਰਚਾ ਕੀਤੀ ਜਾਣੀ ਸੀ। ਇਸ ਮੀਟਿੰਗ ਵਿੱਚ ਭਾਰਤ ਵਿੱਚ ਬਸਤੀਵਾਦੀ ਰਾਜ ਦੇ ਰੀਟਾਇਰਡ ਅਤੇ ਕੰਮ ਕਰ ਰਹੇ ਅਫਸਰਾਂ ਨੇ ਹਿੱਸਾ ਲਿਆ। ਡੇਢ ਘੰਟੇ ਦੀ ਮੀਟਿੰਗ ਦੇ ਆਖੀਰ ਤੇ ਊਧਮ ਸਿੰਘ ਨੇ ਗੋਲੀ ਚਲਾ ਕੇ ਜਲਿਆਂ ਵਾਲੇ ਬਾਗ ਦੇ ਗੋਲੀ ਕਾਂਡ ਦੇ ਮੁੱਖ ਦੋਸ਼ੀ ਮਾਈਕਲ ਉਡਵਾਇਰ ਨੂੰ ਖਤਮ ਕਰ ਦਿੱਤਾ ਤੇ ਤਿੰਨ ਹੋਰ ਨੂੰ ਜਖਮੀ ਕਰ ਦਿੱਤਾ। ਜਿਨ੍ਹਾਂ ਵਿੱਚ ਮਾਰਕੁਇਸ ਆਫ ਜੈਟਲੈਂਡ ਜੋ ਉਸ ਸਮੇਂ ਭਾਰਤੀ ਰਿਆਸਤਾਂ ਅਤੇ ਬਰਮਾ ਦਾ ਵਜੀਰ ਸੀ। ਸਰ ਲੁਇਸ ਡੇਨ ਸਾਬਕਾ ਸੈਕਟਰੀ ਗਵਰਨਰ ਆਫ ਪੰਜਾਬ ਅਤੇ ਬੰਬਈ ਦਾ ਸਾਬਕਾ ਗਵਰਨਰ ਲਾਰਡ ਲੈਮਿੰਗਟਨ ਸ਼ਾਮਲ ਸਨ। ਇਹ ਸਾਰੇ ਇੰਨਾਂ ਸੰਸਥਾਵਾਂ ਦੇ ਅਤਿ ਸਤਿਕਾਰਤ ਮੈਂਬਰ ਸਨ। ਜਿਨ੍ਹਾਂ ਵਿੱਚ ਹਰ ਇੱਕ ਨੂੰ ਬ੍ਰਿਟਿਸ਼ ਸਟੇਟ ਦੁਆਰਾ ਕਰਾਉਨ ਅਤੇ ਸਾਮਰਾਜ ਪ੍ਰਤੀ ਕੀਤੀਆਂ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ ਸੀ। ਇਸ ਮੀਟਿੰਗ ਵਿੱਚ ਊਧਮ ਸਿੰਘ ਨੇ ਆਪਣੇ ਰਿਵਾਲਵਰ ਵਿੱਚੋਂ ਛੇ ਗੋਲੀਆਂ ਚਲਾ ਕੇ ਮਾਈਕਲ ਉਡਵਾਇਰ ਨੂੰ ਉਸ ਦੇ ਭਾਰਤੀ ਲੋਕਾਂ ਉੱਤੇ ਕੀਤੇ ਤਸ਼ੱਦਦ ਦੀ ਸਜਾ ਦਿੱਤੀ ਗਈ। ਜਿਸ ਸਮੇਂ ਊਧਮ ਸਿੰਘ ਨੂੰ ਹੱਥਕੜੀ ਲਗਾਈ ਜਾ ਰਹੀ ਸੀ ਤਾਂ ਜਦੋਂ ਉਸ ਨੂੰ ਪੁਲਿਸ ਸਟੇਸ਼ਨ ਲਿਜਾਇਆ ਜਾ ਰਿਹਾ ਸੀ ਤਾਂ ਪ੍ਰੈਸ ਦੇ ਨੁਮਾਇੰਦੇ ਘਟਨਾ ਦੀ ਪੜਤਾਲ ਕਰਨ ਲਈ ਉਥ ਪੁੱਜ ਗਏ ਸਨ। ਕਿਉਂਕਿ ਇਹ ਖਬਰ ਜੰਗਲ ਦੀ ਅੱਗ ਵਾਂਗ ਫੈਲ ਚੁੱਕੀ ਸੀ। ਮੋਕੇ ਦੇ ਗਵਾਹਾਂ ਅਨੁਸਾਰ ਊਧਮ ਸਿੰਘ ਫੋਟੋ ਗਰਾਫਰ ਵੱਲ ਦੇਖ ਕੇ ਮੁਸਕੁਰਾਇਆ ਅਤੇ ਜਦੋਂ ਉਸ ਨੂੰ ਪੁਲਿਸ ਦੁਆਰਾ ਲਿਜਾਇਆ ਜਾ ਰਿਹਾ ਸੀ ਤਾਂ ਉਹ ਬਿਲਕੁਲ ਸ਼ਾਂਤ ਚਿੱਤ ਸੀ। ਪੁਲਿਸ ਸਟੇਸ਼ਨ ਵਿੱਚ ਪੁੱਛਗਿੱਛ ਦੌਰਾਨ ਮੁੱਖ ਕਾਂਸਟੇਬਲ ਮਿ: ਹੋਰਵੋਲ ਨੇ ਊਧਮ ਸਿੰਘ ਨਾਲ ਗੋਰ ਮਨੁੱਖ ਤਰੀਕੇ ਨਾਲ ਪੁੱਛਗਿੱਛ ਕੀਤੀ। ਕੈਕਸਟਨ ਹਾਲ ਦੀ ਖਬਰ ਦੁਨੀਆ ਦੀਆਂ ਸਾਰੀਆਂ ਅਖਬਾਰਾਂ ਨੇ ੧੪ ਮਾਰਚ ੧੯੪੦ ਨੂੰ ਸੁਰਖੀਆਂ ਵਿੱਚ ਊਧੰਮ ਸਿੰਘ ਦੀ ਫੋਟੋ ਨਾਲ ਛਾਪੀ ਸੀ। ਉਸ ਸਮੇਂ ਊਧਮ ਸਿੰਘ ਨੇ ਆਪਣਾ ਨਾਮ ਰਾਮ ਮੁਹੰਮਦ ਸਿੰਘ ਅਜਾਦ ਦੱਸਿਆ ਸੀ। ਦੂਨੀਆ ਵਿੱਚ ਕਿਸੇ ਵੀ ਘਟਨਾ ਨੂੰ ਇੰਨੀ ਲੋਕਪ੍ਰਿਯਤਾ ਉਸ ਸਮੇਂ ਨਹੀਂ ਮਿਲੀ ਜਿੰਨੀ ਕਿ ੧੩ ਮਾਰਚ ੧੯੪੦ ਦੀ ਘਟਨਾ ਨੂੰ ਮਿਲੀ ਤੇ ਇਹ ਖਬਰ ਸਵੇਰ ਤੋਂ ਅੱਧੀ ਰਾਤ ਤੱਕ ਫਰਾਂਸੀਸੀ, ਸਪੇਨੀ, ਇਤਾਲਵੀ, ਅੰਗਰੇਜੀ, ਤੁਰਕੀ, ਰੋਮਾਨੀਅਨ ਤੇ ਰੂਸੀ ਭਾਸ਼ਾਵਾਂ ਵਿੱਚ ਨਸ਼ਰ ਕੀਤੀ ਜਾਂਦੀ ਰਹੀ। ਇਹ ਖਬਰ ਉਸ ਸਮੇਂ ਜਦੋਂ ਸੰਸਾਰ ਜੰਗ ਜਾਰੀ ਸੀ, ਜੰਗ ਦੀ ਬਜਾਏ ਮੁੱਖ ਖਬਰ ਸੀ। ਭਾਰਤ ਦੇ ਹੋਮ ਡਿਪਾਰਟਮੈਂਟ ਦੇ ਇੰਟੋਲੀਜੈਂਸੀ ਬਿਊਰੋ ਦੀਆਂ ਰਿਪੋਰਟ ਅਨੁਸਾਰ ਭਾਰਤ ਵਾਸੀਆਂ ਨੇ ਊਧਮ ਸਿੰਘ ਦੁਆਰਾ ਕੈਕਸਟਨ ਹਾਲ ਵਿੱਚ ਕੀਤੇ ਕ੍ਰਾਂਤੀਕਾਰੀ ਐਕਸ਼ਨ ਤੋਂ ਬਾਅਦ ਖੁਸ਼ੀ ਅਤੇ ਤਸੱਲੀ ਮਹਿਸੁਸ ਕੀਤੀ। ਊਧਮ ਸਿੰਘ ਦੀ ਇਸ ਕਾਰਵਾਈ ਨੇ ਬ੍ਰਿਟਸ਼ ਸਾਮਰਾਜਵਾਦ ਦੀ ਸੇਵਾ ਕਰ ਰਹੇ ਸੇਵਾ ਮੁਕਤ ਅਫਸਰਸ਼ਾਹੀ ਦੇ ਮਨਾਂ ਵਿੱਚ ਡਰ ਪੈਦਾ ਕਰ ਦਿੱਤਾ।
ਸੈਂਟਰਲ ਕ੍ਰਿਮੀਨਲ ਕੋਰਟ ਉਲਡ ਬੇਲੀ ਲੰਡਨ ਵਿੱਚ ਦੋ ਦਿਨ ਦੀ ਕਾਨੂੰਨੀ ਕਾਰਵਾਈ ਉਪਰੰਤ ਜਿਉਰੀ ਨੂੰ ਊਧਮ ਸਿੰਘ ਦੇ ਮੁਕੱਦਮੇ ਬਾਰੇ ਫੈਸਲਾ ਕਰਨ ਤੇ ਉਸ ਨੂੰ ਦੋਸ਼ੀ ਠਹਿਰਾਉਣ ਵਿੱਚ ਤਕਰੀਬਨ ੯੦ ਮਿੰਟ ਦਾ ਸਮਾਂ ਲੱਗਾ। ਸਜਾ ਸੁਣਾਉਣ ਤੋਂ ਪਹਿਲਾਂ ਜੱਜ ਨੇ ਊਧਮ ਸਿੰਘ ਨੂੰ ਪੁੱਛਿਆ ਕਿ ਉਹ ਕੁਝ ਕਹਿਣਾ ਚਾਹੁੰਦਾ ਹੈ। ਊਧਮ ਸਿੰਘ ਮੁਸਕਰਾਇਆ ਤੇ ਉਸਨੇ ਆਪਣੀਆਂ ਐਨਕਾਂ ਲਾ ਲਈਆਂ, ਹੋਲੀ ਜਿਹੀ ਵਾਰਡਨਾਂ ਨੂੰ ਕੁਝ ਕਿਹਾ ਅਤੇ ਆਪਣੀ ਜੇਬ ਵਿੱਚੋਂ ਗੁਰਮੁਖੀ, ਉਰਦੂ ਅਤੇ ਅੰਗਰੇਜੀ ਵਿੱਚ ਤਿਆਰ ਕੀਤਾ ਅੱਠ ਸਫਿਆਂ ਦਾ ਬਿਆਨ ਕੱਢਿਆ ਤੇ ਉਸ ਨੂੰ ਉੱਚੀ ਪੜ ਕੇ ਸੁਣਾਉਣਾ ਸ਼ੁਰੂ ਕਰ ਦਿੱਤਾ। ਜੋ ਬ੍ਰਿਟਿਸ਼ ਸਾਮਰਾਜ ਵਿਰੁੱਧ ਇੱਕ ਕ੍ਰਾਂਤੀਕਾਰੀ ਬਿਆਨ ਸੀ। ਜਦੋਂ ਊਧਮ ਸਿੰਘ ਨੂੰ ਕਟਹਿਰੇ ਵਿੱਚੋਂ ਲਿਜਾਇਆ ਜਾਣ ਲੱਗਾ ਤਾਂ ਉਸਨੇ ਆਪਣੇ ਬਿਆਨ ਵਾਲੇ ਪੇਪਰ ਜਿੰਨਾ ਤੋਂ ਉਹ ਪੜ ਰਿਹਾ ਸੀ ਪਾੜ ਦਿੱਤੇ ਅਤੇ ਟੋਟੇ ਟੋਟੇ ਕਰਕੇ ਜੱਜ ਉਤੇ ਸੁੱਟ ਦਿੱਤੇ ਤੇ ਜੱਜ ਵੱਲ ਥੁਕਿਆ ਤੇ ਨਾਲ ਹੀ ਸਾਮਰਾਜਵਾਦ ਤੇ ਸਮਰਾਟ ਪ੍ਰਤੀ ਬੜੇ ਹੋਂਸਲੇ ਅਤੇ ਦਲੇਰੀ ਨਾਲ ਅਪਮਾਨਜਨਕ ਸ਼ਬਦ ਕਹੇ। ਇਸ ਬਹਾਦਰ ਯੋਧੇ ਨੂੰ ੩੧ ਜੁਲਾਈ ੧੯੪੦ ਨੂੰ ਸਵੇਰੇ ਠੀਕ ੯ ਵਜੇ ਇੰਗਲੈਂਡ ਦੀ ਪੈਂਟਨਵਿਲੇ ਜੇਲ ਵਿੱਚ ਫਾਂਸੀ ਦੇ ਰੱਸੇ ਨੂੰ ਚੁੰਮਿਆਂ। ੩੧ ਜੁਲਾਈ ੧੯੭੪ ਨੂੰ ਇਸ ਮਹਾਨ ਸੂਰਮੇ ਦੀਆਂ ਅਸਥੀਆਂ ਨੂੰ ਇੰਗਲੈਂਡ ਤੋਂ ਲਿਆਉਣ ਉਪਰੰਤ ਸੁਨਾਮ ਵਿਖੇ ਸ਼ਹੀਦ ਦਾ ਪੂਰੇ ਜਾਹੋ ਜਲਾਲ ਅਤੇ ਸਰਕਾਰੀ ਸਨਮਾਨਾਂ ਨਾਲ ਸੰਸਕਾਰ ਕਰ ਦਿੱਤਾ ਗਿਆ। ਸ਼ਹੀਦ ਦੇ ਸੰਦਰਭ ਵਿੱਚ ਇਥੇ ਇਹ ਕਹਿਣਾ ਠੀਕ ਹੋਵੇਗਾ ਕਿ
"ਹਜਾਰੋਂ ਸਾਲ ਨਰਗਿਮ ਆਪਣੀ ਬੇਨੁਰੀ ਪੇ ਰੋਤੀ ਹੈ,
"ਬੜੀ ਮੁਸ਼ਕਲ ਸੇ ਪੈਦਾ ਹੋਤਾ ਹੈ ਚਮਨ ਮੇਂ ਦੀਦਾਵਰ ਐਸਾ"
ਊਧਮ ਸਿੰਘ ਨੇ ਆਪਣੀ ਜਵਾਨੀ ਦੇ ਕਈ ਸਾਲ ਪੰਜਾਬ ਦੀਆਂ ਵੱਖ-ਵੱਖ ਜੇਲਾਂ ਵਿੱਚ ਬਿਤਾਏ। ਆਪਣੀ ਕੈਦ ਦੇ ਸਮੇਂ ਦੋਰਾਨ ਊਧਮ ਸਿੰਘ ਦਾ ਗਦਰੀ ਬਾਬਿਆਂ, ਬੱਬਰ ਅਕਾਲੀਆਂ ਤੇ ਭਗਤ ਸਿੰਘ ਨਾਲ ਲਾਹੌਰ, ਮੀਆਂਮੀਰ ਤੇ ਮੁਲਤਾਨ ਦੀਆਂ ਜੇਲਾਂ ਵਿੱਚ ਮੇਲ ਮਿਲਾਪ ਹੋਇਆ ਸੀ। ਊਧਮ ਸਿੰਘ ਇੱਕ ਅਜਿਹੀ ਸਮਾਜਕ ਵਿਵਸਥਾ ਦੀ ਸਿਰਜਨਾ ਕਰਨਾ ਚਾਹੁੰਦਾ ਸੀ। ਜਿਸ ਵਿੱਚ ਕੋਈ ਇਨਸਾਨ ਦੂਸਰੇ ਇਨਸਾਨ ਦੀ ਲੁੱਟ ਖਸੁੱਟ ਨਾ ਕਰ ਸਕੇ ਅਤੇ ਸਭ ਨੂੰ ਪੂਰਨ ਅਜਾਦੀ ਅਤੇ ਵਿਕਾਸ ਦੇ ਬਰਾਬਰ ਮੋਕੇ ਮਿਲਣ। ਊਧਮ ਸਿੰਘ ਦੁਆਰਾ ਲਿਖੇ ਗਏ ਦਸਤਾਵੇਜਾਂ ਮੁਤਾਬਕ ਇਨਾਂ ਨੂੰ ਡਾ. ਸਿਕੰਦਰ ਸਿੰਘ ਨੇ ਖੁਦ ਪੜ੍ਹਿਆ ਹੈ। ਊਧਮ ਸਿੰਘ ਇੰਟਰਨੈਸ਼ਨਲਿਜਮ ਵਿੱਚ ਵਿਸ਼ਵਾਸ ਰੱਖਦਾ ਸੀ ਅਤੇ ਰਾਸ਼ਟਰਵਾਦ ਦਾ ਪੱਕਾ ਹਮਾਇਤੀ ਸੀ। ਊਧਮ ਨੇ ਆਪਣਾ ਨਾਂ ਰਾਮ ਮੁਹੰਮਦ ਸਿੰਘ ਅਜਾਦ ਉਸ ਦੀ ਧਰਮ ਨਿਰਪੱਖ ਸੋਚ ਦਾ ਹੀ ਪ੍ਰਤੀਕ ਸੀ।
ਜੇਕਰ ਸ਼ਹੀਦਾਂ ਦੇ ਸੰਦਰਭ ਵਿੱਚ ਅੱਜ ਦੀ ਗੱਲ ਕੀਤੀ ਜਾਵੇ ਤਾਂ ਹੁਣ ਸ਼ਹੀਦ ਕੇਵਲ ਫੁੱਲਾਂ ਜੋਗੇ ਹੀ ਰਹਿ ਗਏ ਹਨ। ਸਾਲ ਵਿੱਚ ਦੋ ਵਾਰ ਸ਼ਹੀਦਾਂ ਨੂੰ ਉਨ੍ਹਾਂ ਦੇ ਜਨਮ ਦਿਹਾੜੇ ਤੇ ਸ਼ਹੀਦੀ ਦਿਹਾੜੇ ਮੋਕੇ ਹੀ ਯਾਦ ਕੀਤਾ ਜਾਂਦਾ ਹੈ। ਸ਼ਹੀਦਾਂ ਦੀ ਯਾਦ ਵਿੱਚ ਰਾਜ ਪੱਧਰੀ ਜਾਂ ਕੌਮੀ ਪੱਧਰੀ ਵੱਡੇ-ਵੱਡੇ ਸਾਮਰਾਜ ਕੀਤੇ ਜਾਂਦੇ ਹਨ ਪਰੰਤੂ ਸਾਡੇ ਰਾਜਸੀ ਲੀਡਰ ਸਿਵਾਏ ਆਪਣੀਆਂ ਰਾਜਸੀ ਰੋਟੀਆਂ ਸੇਕਣ ਦੇ ਹੋਰ ਕੁਝ ਨਹੀਂ ਕਰਦੇ। ਅੱਜ ਜਿਸ ਤਰ੍ਹਾਂ ਸਾਡਾ ਮੁਲਕ ਧਰਮ ਦੀਆਂ ਵੰਡੀਆਂ ਦੀ ਦਲਦਲ ਵਿੱਚ ਦਿਨੋ ਦਿਨ ਧਸੱਦਾ ਜਾ ਰਿਹਾ ਹੈ ਇਹੋ ਜਿਹੇ ਸਮਾਜ ਦੀ ਕਲਪਨਾ ਕਦੀ ਵੀ ਸਾਡੇ ਸ਼ਹੀਦਾਂ ਨੇ ਕਦੀ ਵੀ ਨਹੀਂ ਕੀਤੀ ਸੀ। ਅੱਜ ਸਾਡੀ ਨੌਜਵਾਨ ਪੀੜੀ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਵਿਸਾਰਦੀ ਜਾ ਰਹੀ ਹੈ। ਜੋ ਸੁਪਨੇ ਸ਼ਹੀਦਾਂ ਨੇ ਆਪਣੇ ਦੇਸ਼ ਦੇ ਭਵਿੱਖ ਦੇ ਲਈ ਸੋਚੇ ਸਨ ਉਹ ਅਧੂਰੇ ਰਹਿ ਗਏ ਹਨ ਅਤੇ ਸ਼ਹੀਦ ਸਿਰਫ ਸ਼ਹਿਰ ਦੇ ਨਾਵਾਂ ਉਪਰ ਜਾ ਸਿਰਫ ਆਦਮਕਦ ਬੁੱਤਾਂ ਤੱਕ ਹੀ ਸੀਮਤ ਹੋ ਕੇ ਰਹਿ ਗਏ ਹਨ। ਦੇਸ਼ ਦੀ ਤਰੱਕੀ ਅਤੇ ਸ਼ਾਂਤੀ ਦੀ ਸਥਾਪਨਾ ਤਾਂ ਹੀ ਸੰਭਵ ਹੈ ਜੇਕਰ ਉਹ ਸ਼ਹੀਦਾਂ ਦੇ ਪਾਲੇ ਪੂਰਣਿਆਂ ਤੇ ਚੱਲਣ ਤੇ ਉਨ੍ਹਾਂ ਦੀ ਵਿਚਾਰਧਾਰਾ ਨੂੰ ਅਪਨਾਉਣ ਇਹੋ ਹੀ ਸ਼ਹੀਦਾਂ ਪ੍ਰਤੀ ਸੱਚੀ ਸ਼ਰਧਾਂਜਲੀ ਹੋਵੇਗੀ। ਇਸ ਸਬੰਧੀ ਸਾਡੇ ਸ਼ਹੀਦਾਂ ਨੇ ਵੰਗਾਰ ਪਾਉਂਦਿਆਂ ਸਾਨੂੰ ਲਿਖਿਆ ਸੀ।
"ਤੁਹਾਡੇ ਹੱਥਾਂ ਵਿੱਚ ਚਉ ਹੈ, ਜਾਂ ਖਰਾਦ ਦੀ ਹੱਥੀ।
"ਤੁਹਾਡੇ ਪੈਰਾਂ ਵਿੱਚ ਸਵੇਰ ਹੈ ਜਾਂ ਸ਼ਾਮ"
"ਤੁਹਾਡੇ ਅੰਗ-ਸੰਗ ਤੁਹਾਡੇ ਸ਼ਹੀਦ, ਤੁਹਾਡੇ ਕੋਲੋਂ ਕੋਈ ਆਸ ਰੱਖਦੇ ਹਨ।"
ਖੁਸ਼ਪ੍ਰੀਤ ਸਿੰਘ ਸੁਨਾਮ ( ਊਧਮ ਸਿੰਘ ਵਾਲਾ )