ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Thursday, July 26, 2012

ਪੰਜਾਬੀ ਉਪਭਾਸ਼ਾਵਾਂ

ਭਾਰਤੀ ਪੰਜਾਬ ਦੀ 2001 ਵਿਚ ਕੁਲ ਵਸੋਂ 2.42 ਕਰੋੜ ਸੀ ਅਤੇ ਪਾਕਿਸਤਾਨੀ ਪੰਜਾਬ ਦੀ 1997 ਵਿਚ 7.36 ਕਰੋੜ। ਕੁਲ ਭਾਰਤ, ਪਾਕਿਸਤਾਨ ਅਤੇ ਬਾਕੀ ਦੁਨੀਆਂ ਵਿਚ ਪੰਜਾਬੀ ਭਾਸ਼ੀਆਂ ਦੀ ਗਿਣਤੀ 13-14 ਕਰੋੜ ਸਮਝੀ ਜਾਂਦੀ ਹੈ, ਜਿਹੜੀ ਕਿ ਫ਼ਰਾਂਸ ਅਤੇ ਜਰਮਨੀ ਦੀ ਮਿਲਾ ਕੇ ਕੁੱਲ ਆਬਾਦੀ ਨਾਲੋਂ ਥੋੜ੍ਹੀ ਘੱਟ ਹੈ। ਹੁਣ ਸੋਚਿਆ ਜਾਵੇ ਕਿ ਜੇਕਰ ਇਹ 14 ਕਰੋੜ ਲੋਕ ਪੰਜਾਬੀ ਵਿਚ ਪੜ੍ਹ ਲਿਖ ਜਾਣ ਭਾਵੇਂ ਗੁਰਮੁਖੀ, ਸ਼ਾਹਮੁਖੀ ਜਾਂ ਕਿਸੇ ਹੋਰ ਮੁਖੀ ਵਿਚ ਤਾਂ ਇਨ੍ਹਾਂ ਪੜ੍ਹੇ ਲਿਖੇ ਸਮਰੱਥ ਪੰਜਾਬੀਆਂ ਦੀ ਸਭਿਆਚਾਰਕ ਭੁੱਖ ਮਿਟਾਉਣ ਲਈ ਕਿੰਨੀਆਂ ਕਿਤਾਬਾਂ, ਰਸਾਲੇ, ਅਖ਼ਬਾਰਾਂ, ਫ਼ਿਲਮਾਂ, ਸੀਡੀਆਂ, ਡੀਵੀਡੀਆਂ ਬਣ ਕੇ ਵਿਕ ਸਕਦੀਆਂ ਹਨ। ਇਹ ਤਾਂ ਇਕ ਸਭਿਆਚਾਰਕ ਇਨਕਲਾਬ ਵੀ ਨਹੀਂ ਸਗੋਂ ਆਰਥਕ ਇਨਕਲਾਬ ਹੀ ਹੋ ਨਿਬੜੇਗਾ। ਜੇਕਰ ਅਤੇ ਜਦੋਂ ਵੀ ਅਜਿਹਾ ਹੋ ਗਿਆ ਤਾਂ ਪੰਜਾਬੀ ਕੌਮ ਦਾ ਦੁਨੀਆਂ ਭਰ ਵਿਚ ਡੰਕਾ ਵਜਣਾ ਕੁਦਰਤੀ ਹੈ। ਬਹੁਤ ਆਸ਼ਾਵਾਦੀ ਤਾਂ ਇਹ ਕਹਿਣਗੇ ਕਿ ਅਜਿਹਾ ਅੱਜ ਨਹੀਂ ਤਾਂ ਕਲ ਹੋਣ ਹੀ ਵਾਲਾ ਹੈ। ਪਰ ਇਹ ਹੋਣਾ ਲੋੜੀਂਦਾ ਜ਼ਰੂਰ ਹੈ। ਹੇਠਾਂ ਪੰਜਾਬੀ ਦੀਆਂ ਕੁਝ ਉਪ ਭਾਸ਼ਾਂਵਾਂ ਬਾਰੇ ਲਿਖਿਆ ਹੈ


ਮਾਝੀ

'ਮਾਝਾ' ਸ਼ਬਦ ਦਾ ਮੂਲ ਅਰਥ ਹੈ ਮੱਧ, ਭਾਵ ਕੇਂਦਰ, ਵਿਚਕਾਰਲਾ ਜਾਂ ਦਰਮਿਆਨਾ ਹੈ। ਪੰਜਾਬ ਪੰਜ ਦਰਿਆਵਾਂ ਦੀ ਧਰਤੀ ਦਾ ਨਾਂ ਹੈ। ਇਨ੍ਹਾਂ ਪੰਜ ਦਰਿਆਵਾਂ ਵਿੱਚ ਦੋ ਦਰਿਆਵਾਂ ਦਾ ਨਾਂ ਰਾਵੀ ਅਤੇ ਬਿਆਸ ਹੈ। ਇਨ੍ਹਾਂ ਦੋਹਾਂ ਦਰਿਆਵਾਂ ਦੇ ਵਿਚਕਾਰਲੇ ਇਲਾਕੇ ਨੂੰ ਮਾਝਾ ਕਿਹਾ ਜਾਣ ਲੱਗ ਪਿਆ। ਇਸ ਮੱਝਲੇ ਖੇਤਰ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਦਾ ਨਾਂ ਮਾਝੀ ਪੈ ਗਿਆ।
ਖੇਤਰ
ਮਾਝੀ ਹੁਣ ਭਾਰਤੀ ਪੰਜਾਬ ਅਤੇ ਪਾਕਿਸਤਾਨੀ ਪੰਜਾਬ ਦੇ ਆਰਪਾਰ ਦੀਆਂ ਸਰਹੱਦਾਂ ਉੱਤੇ ਬੋਲੀ ਜਾਂਦੀ ਹੈ। ਭਾਰਤੀ ਪੰਜਾਬ ਵਿੱਚ ਮਾਝੀ ਪੂਰੇ ਜ਼ਿਲਾ ਅੰਮ੍ਰਿਤਸਰ, ਗੁਰਦਾਸਪੁਰ ਦੀਆਂ ਦੋ ਤਹਿਸੀਲਾਂ-ਗੁਰਦਾਸਪੁਰ ਅਤੇ ਬਟਾਲਾ ਵਿੱਚ ਬੋਲੀ ਜਾਂਦੀ ਹੈ। ਇਸ ਤੋਂ ਇਲਾਵਾ ਫਿਰੋਜ਼ਪੁਰ ਜ਼ਿਲੇ ਦੇ ਕੁਝ ਖੇਤਰਾਂ ਵਿੱਚ ਵੀ ਮਾਝੀ ਬੋਲੀ ਜਾਂਦੀ ਹੈ। ਬਿਆਸ ਦਰਿਆ ਦੇ ਦੁਆਬੇ ਵਾਲੇ ਪਾਸੇ ਲੱਗਦੇ ਖੇਤਰਾਂ ਵਿੱਚ ਮਾਝੀ ਬੋਲੀ ਜਾਂਦੀ ਹੈ।
ਮਾਝੀ ਦੀਆਂ ਭਾਸ਼ਾਈ ਵਿਸ਼ੇਸ਼ਤਾਵਾਂ
ਧੁਨੀ ਵਿਉਂਤ ਧੁਨੀ ਵਿਉਂਤ ਦੇ ਪੱਖ ਤੋਂ ਸੁਰ (tone) ਮਾਝੀ ਦੀ ਉੱਘੀ ਵਿਸ਼ੇਸ਼ਤਾ ਹੈ। ਮਾਝੀ ਵਿੱਚ ਤਿੰਨ ਸੁਰਾਂ - ਉੱਚੀ, ਨੀਵੀਂ ਅਤੇ ਪੱਧਰੀ ਉਚਾਰੀਆਂ ਜਾਂਦੀਆਂ ਹਨ। ਸੁਰਾੀਂ ਦੀ ਹੋਂਦ ਨਾਦੀ-ਮਹਾਂਪ੍ਰਾਣ ਧੁਨੀਆਂ /ਘ,ਝ,ਢ,ਧ,ਭ/ ਅਤੇ ਸੁਰਯੰਤਰੀ ਧੁਨੀ /ਹ/ ਆਦਿ ਵੱਖ ਵੱਖ ਸਥਿਤੀਆਂ ਉੱਤੇ ਨਿਰਭਰ ਕਰਦਾ ਹੈ। ਮਾਝੀ ਦੇ ਸ਼ਬਦ ਦੀਆਂ ਤਿੰਨੇ ਸਥਿਤੀਆਂ ਵਿੱਚ /ਹ/ ਧੁਨੀ ਸੁਰ ਵਿੱਚ ਬਦਲ ਜਾਂਦੀ ਹੈ। ਮਿਸਾਲ ਵਜੋਂ 'ਹੋਰ' ਦਾ ਮਾਝੀ ਉਚਾਰਨ'ਓਰ੍ਹ', ਤੁਹਾਡਾ ਦਾ 'ਤਿਅ੍ਹਾ ਡਾ' ਅਤੇ 'ਜਾਹ' ਦਾ 'ਜਾਅ੍ਹ' ਹੈ। ਇਸ ਦੇ ਮੁਕਾਬਲੇ ਮਲਵਈ ਵਿੱਚ /ਹ/ ਦਾ ਵਿਅੰਜਨੀ ਸਰੂਪ ਕਈ ਥਾਵਾਂ ਉੱਤੇ ਕਾਇਮ ਰਹਿੰਦਾ ਹੈ।
ਮਾਝੀ ਵਿੱਚ ਦੋਵੇਂ /ਲ/ ਧੁਨੀਆਂ ਫੁਨੀਮਕ ਪੱਖੋਂ ਸਾਰਥਕ ਹਨ। ਮਾਝੀ ਵਿੱਚ ਸਵਰਾਂ ਦਾ 'ਨਿਰਸੰਧੀ' ਝੁਕਾ ਵੀ ਜਾਰੀ ਹੈ ਭਾਵ ਮਾਝੇ ਵਿੱਚ ਆਮ ਤੌਰ ਉੱਤੇ /ਔ/ ਧੁਨੀ ਨੂੰ /ਆਉ/ ਹੀ ਉਚਾਰਦੇ ਹਨ। ਜਿਵੇਂ ਕਰਾਉਣਾ, ਸੁਣਾਉਣਾ ਆਦਿ ਨਿਰਸੰਧੀ ਉਚਾਰਨ ਮਾਝੀ ਹੈ, ਪਰ ਇਸ ਦੇ ਮੁਕਾਬਲੇ ਤੇ ਮਲਵਈ ਵਿੱਚ ਕਰੌਣਾ, ਸਣੌਣਾ ਸੰਧੀਯੁਕਤ ਉਚਾਰਨ ਮਿਲਦਾ ਹੈ। ਉਂਜ ਲਿਖਤ ਵਿੱਚ ਭਾਵੇਂ ਮਲਵਈ ਵੀ ਮਾਝੀ ਵਾਂਗ ਹੀ ਲਿਖੀ ਜਾਂਦੀ ਹੈ। ਆਮ ਪੰਜਾਬੀ ਵਿੱਚ ਨਾਸਕੀ ਵਿਅੰਜਨ ਤਿੰਨ (ਣ, ਨ, ਮ) ਹੀ ਉਚਾਰੇ ਜਾਂਦੇ ਹਨ, ਪਰ ਮਾਝੀ ਵਿੱਚ ਕਿਤੇ ਕਿਤੇ /ਙ/ ਤੇ /ਞ/ ਦੀ ਹੋਂਦ ਵੀ ਹੈ।
ਮਾਝੀ ਵਿਆਕਰਨ
ਵਿਆਕਰਨ ਪੱਖੋਂ ਵੀ ਬਹੁਤੀ ਵੱਖਰਤਾ ਨਹੀਂ ਹੈ, ਬਹੁਤ ਭੇਦ ਉਚਾਰਨ ਅਤੇ ਸ਼ਬਦਾਵਲੀ ਦਾ ਹੀ ਹੁੰਦਾ ਹੈ। ਜਿਵੇਂ ਮਾਝੀ ਦਾ ਬੁਲਾਰਾ 'ਤੁਹਾਡਾ' ਪੜਨਾਂਵ ਨੂੰ ਧਿਆਡਾ, ਧਿਆਡੇ ਅਤੇ ਤੁਹਾਨੂੰ ਦੀ ਥਾਂ ਧਿਆਨੂੰ ਜਾਂ ਤਿਆਨੂੰ ਉਚਾਰਦੇ ਹਨ। ਇਸੇਤਰਾਂ ਮਾਝੀ ਦੇ ਕੁਝ ਸ਼ਬਦ ਬਿਲਕੁਲ ਨਿਵੇਕਲੇ ਹਨ। ਜਿਵੇਂ: ਵਾਂਢੇ, ਸਲੂਣਾ, ਰੁਮਾਨ, ਖੜਨਾ, ਭਾਊ, ਭਾ, ਛਾਹਵੇਲਾ, ਲੌਢਾ ਵੇਲਾ (ਤਰਕਾਲਾਂ), ਗਾੜੀ (ਅੱਗੇ), ਝਬਦੇ (ਛੇਤੀ), ਕੂਣਾ (ਕਹਿਣਾ), ਬੁੱਢੀ (ਘਰਵਾਲੀ), ਯਾਰਾਂ (ਗਿਆਰਾਂ), ਹਵੇਲੀ (ਪਸ਼ੂਆਂ ਦਾ ਵਾੜਾ) ਅਤੇ ਟੱਲੀ (ਲੀਰ) ਆਦਿ ਅਨੇਕ ਸ਼ਬਦ ਹਨ, ਜਿਹੜੀਆਂ ਦੂਜੀਆਂ ਉਪਭਾਸ਼ਾਵਾਂ ਅਤੇ ਸਟੈਂਡਰਡ ਪੰਜਾਬੀ ਵਿੱਚ ਨਹੀਂ ਵਰਤੇ ਜਾਂਦੇ। ਵਿਆਕਰਨ ਦੇ ਪੱਖ ਤੋਂ ਮਾਝੀ ਦੀ ਵਿਲੱਖਣਤਾ ਇਹ ਜ਼ਰੂਰ ਹੈ ਕਿ ਮਾਝੀ ਭਾਸ਼ਾ ਮਲਵਈ ਦੇ ਮੁਕਾਬਲੇ ਸੰਜੋਗਾਤਮਿਕ ਰੁਚੀਆਂ ਦੀ ਧਾਰਨੀ ਹੈ। ਮਾਝੀ ਵਿੱਚ 'ਨੇ' ਸੰਬੰਧਕ ਬਹੁਤ ਘੱਟ ਹੈ। ਮਾਝੀ ਵਿੱਚ /ਉਸ ਕਿਹਾ, ਕਿਨ ਕਿਹਾ, ਇਨ ਕਿਹਾ, ਹੱਥੀਂ ਕੀਤਾ, ਅੱਖੀਂ ਡਿੱਠਾ, ਗੱਡੀਓ ਲੱਥਾ/ ਆਦਿ ਸੰਜੋਗਾਤਮਿਕ ਬਣਤਰਾਂ ਬੋਲਣ ਦੀ ਰੁਚੀ ਹੈ। ਇਸੇਤਰਾਂ ਮਾਝੀ ਦੇ ਭੂਤਕਾਲੀ ਕਿਰਦੰਤ ਰੂਪ ਵੀ ਦੂਜੀਆਂ ਉਪਭਾਸ਼ਾਵਾਂ ਨਾਲੋਂ ਫ਼ਰਕ ਵਾਲੇ ਹਨ। /-ਇਆ/ ਅੰਤਕ ਕਿਰਦੰਤੀ ਰੂਪ ਆਮ ਪੰਜਾਬੀ ਲੱਛਣ ਹਨ। ਜਿਵੇਂ 'ਪੜ੍ਹ' ਤੋਂ 'ਪੜ੍ਹਿਆ, 'ਕਰ' ਤੋਂ 'ਕਰਿਆ ਆਦਿ ਪਰ ਇਨ੍ਹਾਂ ਦਾ ਨਿਕਟ-ਤਤਸਮੀ ਰੂਪ /ਕੀਤਾ, ਸੀਤਾ/ਵੀ ਵਰਤੋਂ ਵਿੱਚ ਆਉਦਾ ਹੈ। ਮਾਝੀ ਵਿੱਚ ਆਮ ਨਾਲੋਂ ਵੱਧ ਅਜਿਹੇ ਰੂਪ ਪਰਚੱਲਿਤ ਹਨ, ਜਿਵੇਂ ਕਿ ਡਿੱਠਾ, ਰਿੱਧਾ, ਧੋਤਾ, ਗੁੱਧਾ ਆਦਿ। ਮਾਝੀ ਵਿੱਚ ਕੁਝ ਹੋਰ ਨਿਵੇਕਲੇ ਤੱਤ ਕਿਰਿਆ ਦੇ ਅਖ਼ੀਰ ਵਿੱਚ ਜੁੜਵੇਂ ਬੋਲੇ ਜਾਂਦੇ ਹਨ। ਜਿਵੇਂ ਕਿ ਆਖਿਆ ਸੂ, ਕੀ ਕੀਤਾ ਸੂ ਆਦਿ।


ਮਲਵਈ ਉਪਭਾਸ਼ਾ
ਮਲਵਈ ਸ਼ਬਦ ਮਾਲਵ ਤੋਂ ਬਣਿਆ ਹੈ। ਮਾਲਵ ਆਰੀਆ ਲੋਕਾਂ ਦੀ ਇੱਕ ਪ੍ਰਾਚੀਨ ਜਾਤੀ ਸੀ। ਮਹਾਂਭਾਰਤ ਵਿੱਚ ਮਾਲਵ ਗਣਰਾਜ ਦਾ ਜ਼ਿਕਰ ਹੋਇਆ ਹੈ। ਮਲਵਈ ਬੋਲੀ ਵਿੱਚ ਪੁਰਾਣੀ ਵੈਦਿਕ ਭਾਸ਼ਾ ਦੇ ਕਈ ਸ਼ਬਦ ਮਿਲਦੇ ਹਨ। ਬੂਹੇ ਜਾਂ ਦਰਵਾਜ਼ੇ ਦੇ ਅਰਥਾਂ ਵਾਲਾ 'ਬਾਰ' ਇੱਕ ਅਜਿਹਾ ਸ਼ਬਦ ਹੈ, ਜੋ ਕਿ ਵੈਦਿਕ ਕਾਲ ਵਿੱਚ ਹਾਸਲ ਹੈ। ਕੁਝ ਹੋਰ ਸ਼ਬਦ ਵੀ ਹਨ, ਜਿਵੇਂ ਕਿ: 'ਪਰਾਰਿ' ਅਤੇ 'ਸਮਾਂ'। 'ਪਰ-ਪਰਾਰ' ਅਤੇ 'ਐਂਤਕੀ ਸਮਾਂ (ਵਰ੍ਹਾ) ਲੱਗ ਗਿਆ' ਮਲਵਈ ਵਿੱਚ ਆਮ ਬੋਲੇ ਜਾਂਦੇ ਹਨ। ਇਨ੍ਹਾਂ ਸ਼ਬਦਾਂ ਦੇ ਅਰਥ ਰਿਗਵੇਦ ਵਿੱਚ ਮਿਲਦੇ ਹਨ।
ਖੇਤਰ
ਜ਼ਿਲਾ ਬਠਿੰਡਾ, ਸੰਗਰੂਰ, ਫ਼ਰੀਦਕੋਟ, ਮੁਕਤਸਰ, ਮੋਗਾ, ਲੁਧਿਆਣਾ ਅਤੇ ਫਿਰੋਜ਼ਪੁਰ ਦਾ ਕੁਝ ਹਿੱਸਾ ਸ਼ਾਮਿਲ ਹੈ। ਪਟਿਆਲੇ ਜ਼ਿਲ੍ਹੇ ਦੀ ਪੱਛਮੀ ਭਾਗ ਵਿੱਚ ਮਲਵਈ ਬੋਲੀ ਜਾਂਦੀ ਹੈ। ਫਾਜ਼ਿਲਕਾ ਵਾਲੇ ਗੁੱਠ ਤੋਂ ਪਾਰ ਪਾਕਿਸਤਾਨ ਵਾਲੇ ਪਾਸੇ ਦੀ ਕੁਝ ਸਿੱਖ-ਹਿੰਦੂ ਵਸੋਂ ਮਲਵਈ ਬੋਲਦੀ ਹੈ। ਮਲਵਈ ਵੱਡੇ ਖੇਤਰ ਵਿੱਚ ਫੈਲੀ ਹੋਣ ਕਰਕੇ ਇਸ ਦੀਆਂ ਅਗਾਂਹ ਕੁਝ ਲਘੂ-ਬੋਲੀਆਂ ਹਨ। ਬਠਿੰਡੇ ਤੋਂ ਉਤਲੇ ਪਾਸੇ ਦੀ ਬੋਲੀ ਨੂੰ 'ਉਤਾੜ' ਕਿਹਾ ਜਾਂਦਾ ਹੈ ਅਤੇ ਫ਼ਰੀਦਕੋਟ ਦੇ ਹੇਠਲੇ ਵਾਲੇ ਪਾਸੇ ਦੀ ਬੋਲੀ ਨੂੰ 'ਹਿਠਾੜ' ਕਹਿੰਦੇ ਹਨ।
ਮਲਵਈ ਭਾਸ਼ਾਈ ਵਿਸ਼ੇਸ਼ਤਾਵਾਂ:
ਇਥੇ ਨਾਦੀ ਮਹਾਂਪ੍ਰਾਣ ਧੁਨੀਆਂ ਦੀ ਬਜਾਏ ਦੀ ਥਾਂ ਸੁਰ ਉਚਾਰੀ ਜਾਂਦੀ ਹੈ। ਪਰ ਸੁਰ ਯੰਤਰੀ ਵਿਅੰਜਨ /ਹ/ ਗੂੜ੍ਹ ਮਲਵਈ ਵਿੱਚ ਆਪਣੇ ਵਿਅੰਜਨੀ ਸਰੂਪ ਵਿੱਚ ਕਾਇਮ ਰਹਿੰਦਾ ਹੈ। ਮਲਵਈ ਵਿੱਚ /ਙ/ ਅਤੇ /ਞ/ ਨਾਸਕੀ ਵਿਅੰਜਨ ਕਿਤੇ ਵੀ ਨਹੀਂ ਬੋਲੇ ਜਾਂਦੇ ਹਨ। ਫ਼ਾਰਸੀ ਧੁਨੀਆਂ /ਫ਼/, /ਖ਼/, /ਗ਼/, /ਜ਼/ ਆਦਿ ਦਾ ਵੱਖਰੇਵਾਂ ਮਲਵਈ ਬੁਲਾਰਿਆਂ ਦੇ ਜ਼ਿਹਨ ਵਿੱਚ ਸਾਰਥਿਕ ਨਹੀਂ ਹੁੰਦਾ। ਮਲਵਈ ਵਿੱਚ ਉਲਟ ਜੀਭੀ ਧੁਨੀਆਂ ਵੱਲ ਮਾਝੀ ਦੇ ਮੁਕਾਬਲੇ ਝੁਕਾ ਵੱਧ ਹੈ। ਜਿਵੇਂ ਕਿ ਤੋਰ ਨੂੰ ਟੋਰ, ਹੇਠਾਂ ਨੂੰ ਢਾਹਾਂ ਮਲਵਈ ਵਿੱਚ ਬੋਲੇ ਜਾਂਦੇ ਹਨ। ਮਲਵਈ ਵਿੱਚ ਮੁੱਢਲਾ ਸਵਰ ਲੋਪ ਕਰਨ ਦਾ ਰੁਝਾਨ ਵਧੇਰੇ ਹੈ। ਜਿਵੇਂ ਕਿ: ਅਨਾਜ ਨੂੰ ਨਾਜ, ਅਖੰਡ ਨੂੰ ਖੰਡ, ਅਦਾਲਤਾਂ ਨੂੰ ਦਾਲਤਾਂ, ਅਨੰਦ ਨੂੰ ਨੰਦ, ਇਲਾਜ ਨੂੰ ਲਾਜ ਅਤੇ ਇਕ ਵੇਰਾਂ ਨੂੰ ਕੇਰਾਂ ਆਦਿ ਬੋਲਿਆ ਜਾਂਦਾ ਹੈ। ਮਲਵਈ ਵਿੱਚ ਵਿਅੰਜਨ-ਧੁਨੀਆਂ ਦਾ ਅੰਤਰ-ਵਟਾਂਦਰਾ ਕਰਨਾ ਵੀ ਆਮ ਹੈ। ਜਿਵੇਂ ਕਿ ਸ਼ੇਰ ਨੂੰ ਛੇਰ, ਛਾਤੀ ਨੂੰ ਸ਼ਾਤੀ, ਸਾਈਕਲ ਨੂੰ ਸ਼ੈਕਲ, ਸ਼ਤਾਨ ਨੂੰ ਛਤਾਨ, ਸਰਦੀ ਨੂੰ ਸ਼ਰਦੀ, ਛਾਂ ਨੂੰ ਸਾਂ, ਸੜਕ ਨੂੰ ਸ਼ੜਕ, ਛਿੱਤਰ ਨੂੰ ਸ਼ਿੱਤਰ ਆਮ ਬੋਲਿਆ ਜਾਂਦਾ ਹੈ। 'ਬਾਂਝ ਔਰਤ' ਵਿੱਚ ਬਾਂਝ ਸ਼ਬਦ ਵੀ 'ਬਾਜ' (ਬਿਨਾਂ) ਦਾ ਮਲਵਈਕਰਨ ਹੀ ਹੈ। ਨਾਸਿਕਤਾ ਸਹਿਤ /ਵ/ ਨੂੰ /ਮ/ ਉਚਾਰਨ ਦਾ ਰੁਝਾਨ ਹੈ। ਜਿਵੇਂ: ਤੀਵੀਂ ਨੂੰ ਤੀਮੀਂ, ਇਵੇਂ ਨੂੰ ਇਮੇ, ਕਿਵੇਂ ਨੂੰ ਕਿਮੇ, ਜਾਵਾਂਗਾ ਨੂੰ ਜਾਮਾਗਾ ਜਾਂ ਖਾਵਾਂਗਾ ਨੂੰ ਖਾਮਾਂਗਾ ਆਦਿ। ਮਲਵਈ ਵਿੱਚ ਅੰਤਮ ਅੱਖਰ ਨੂੰ /ਐ/ ਲਾਉਣ ਦੀ ਬਹੁਤ ਰੁਚੀ ਹੈ। ਜਿਵੇਂ: ਕੀਤੈ, ਗਿਐ, ਆਖਿਐ ਆਦਿ। /ਵ/ ਨੂੰ /ਬ/ ਆਮ ਬੋਲਿਆ ਜਾਂਦਾ ਹੈ, ਜਿਵੇਂ: ਬੱਟਾ, ਬੀਰ, ਬੀਹ, ਬਾਹਗੁਰੂ, ਬੱਢ ਆਦਿ।
ਵਿਆਕਰਨ ਦੇ ਪੱਖ ਤੋਂ ਮਲਵਈ ਦਾ ਸਭ ਤੋਂ ਨਿਆਰਾਪਨ ਇਸ ਦੇ ਨਿਰਾਲੇ ਪੜਨਾਵ ਹਨ। ਜਿਵੇਂ ਕਿ ਤੂੰ ਦੀ ਥਾਂ ਤੈਂ, ਤੁਹਾਡਾ ਦੀ ਥਾਂ ਠੋਡਾ/ਸੋਡਾ, ਤੁਹਾਨੂੰ ਦੀ ਥਾਂ ਥੋਨੂੰ/ਸੋਨੂੰ ਆਦਿ ਕਈ ਰੁਪਾਂਤਰ ਬੋਲੇ ਜਾਂਦੇ ਹਨ। 'ਆਪਣਾ' ਨੂੰ 'ਆਵਦਾ' ਵਰਤਿਆ ਜਾਂਦਾ ਹੈ। ਸਬੰਧਕ ਕਾ-ਕੀ-ਕੇ ਵੀ ਸਿਰਫ਼ ਮਲਵਈ ਵਿੱਚ ਹੀ ਬੋਲੇ ਜਾਂਦੇ ਹਨ। ਜਿਵੇਂ: ਜੈਲੇ ਕਾ ਖੇਤ, ਜੀਤੂ ਕੇ ਮੁੰਡੇ, ਜੀਤ ਕੀ ਬੁੜੀ। 'ਬੁੜੀ' ਸ਼ਬਦ ਵੀ ਸ਼ੁੱਧ ਮਲਵਈ ਹੈ, ਜੋ ਕਿ ਔਰਤਾਂ ਲਈ ਵਰਤਿਆ ਜਾ ਰਿਹਾ ਹੈ।
ਕਿਰਿਆ ਰੂਪੀ ਸ਼ਬਦ ਜਿਵੇਂ ਕਿ ਜਾਊਂ, ਖਾਊਂ, ਕਰੂੰ ਆਦਿ ਵੀ ਟਕਸਾਲੀ ਪੰਜਾਬੀ ਤੋਂ ਵੱਖਰੇ ਹਨ। ਮਲਵਈ ਕਰਮਣੀ ਵਾਚ ਵੀ ਲਹਿੰਦੀ ਨਾਲ
ਕਾਫ਼ੀ ਮਿਲਦਾ ਹੈ। ਜਿਵੇਂ: 'ਏਦਾਂ ਨਹੀਂ ਕਰੀਦਾ -ਖਾਈਦਾ ਜਾਂ ਪੜ੍ਹੀਦਾ ਆਦਿ।
ਮਲਵਈ ਸ਼ਬਦਾਵਲੀ:
ਹਾਜ਼ਰੀ ਰੋਟੀ, ਤਿੱਖੜ ਦੁਪੈਹਰਾ, ਆਥਣ-ਉੱਗਣ, ਵੱਡੇ ਤੜਕੇ, ਨੇਂ ਜਾਣੀਏ, ਬਲਾਂਈ, ਜਮਾ ਈ, ਖਬਣੀ, ਕੇਰਾਂ, ਐਮੇ, ਊਂਈ, ਐਰਕੀ ਜਾਂ ਤੋਕੀ (ਇਸ ਸਾਲ), ਬਗ ਗਿਐ, ਕਾਸ ਨੂੰ ਜਾਨੈਗਾ, ਮੂਹਰੇ, ਜਿੱਦਣ, ਕਿੱਦਣ, ਲੌਣੇ, ਲਵੇ, ਥਾਈਂ, ਖੋਲਾ, ਜਾਣੇ ਖਾਣਿਆਂ, ਵੀਰਾਂ ਵੱਢੀਏ, ਡੁਬੜੀਏ, ਦੋਜਕ ਜਾਣਿਆਂ ਆਦਿ।
ਮਲਵਈ ਵਾਰਤਾਲਾਪ ਦੀ ਵੰਨਗੀ


ਦੁਆਬੀ

ਪੰਜਾਬ ਦੇ ਦੁਆਬੇ ਦੇ ਇਲਾਕੇ ਦੀ ਬੋਲੀ ਨੂੰ ਦੁਆਬੀ ਕਿਹਾ ਜਾਂਦਾ ਹੈ। ਦੁਆਬ ਜਾਂ ਦੁਆਬਾ ਸ਼ਬਦ ਪੰਜ+ਆਬ ਦੀ ਤਰਜ਼ ਉੱਤੇ ਹੀ ਬਣਿਆ ਹੈ। ਦੋਆਬਾ (ਦੋ-ਆਬਾ) ਦੋ ਦਰਿਆਵਾਂ ਦੇ ਵਿਚਲੇ ਖੇਤਰ ਨੂੰ ਕਿਹਾ ਜਾਂਦਾ ਹੈ। ਇਉਂ ਦੁਆਬੀ ਸਤਲੁਜ ਅਤੇ ਬਿਆਸ ਦੇ ਵਿਚਲੇ ਇਲਾਕੇ ਦੀ ਬੋਲੀ ਲਈ ਰੂੜ੍ਹ ਹੋਇਆ ਸ਼ਬਦ ਹੈ।
ਖੇਤਰ: ਹੁਸ਼ਿਆਰਪੁਰ, ਜਲੰਧਰ ਅਤੇ ਕਪੂਰਥਲਾ ਜ਼ਿਲ੍ਹਿਆਂ ਵਿੱਚ ਬੋਲੀ ਜਾਂਦੀ ਹੈ।
ਦੁਆਬੀ ਭਾਸ਼ਾਈ ਵਿਸ਼ੇਸ਼ਤਾਵਾਂ:
ਦੁਆਬੀ ਵਿੱਚ ਤਿੰਨੇ ਸੁਰ - ਉੱਚੀ, ਨੀਵੀਂ ਅਤੇ ਪੱਧਰੀ ਕਾਰਜਸ਼ੀਲ ਹਨ। ਪਰ ਮਲਵਈ ਵਾਂਗ ਦੁਆਬੀ ਵਿੱਚ ਨਾਸਕੀ ਧੁਨੀਆਂ /ਙ/ ਅਤੇ /ਞ/ ਦਾ ਉਚਾਰਨ ਨਹੀਂ ਹੁੰਦਾ ਹੈ। ਦੰਤੀ /ਲ/ ਅਤੇ ਉਲਟ ਜੀਭੀ /ਲ਼/ ਦੋਵੇਂ ਵਿਅੰਜਨ ਧੁਨੀਆਂ ਧੁਨੀਆਤਮਿਕ ਪੱਖੋਂ ਸਾਰਥਿਕ ਅਤੇ ਨਖੇੜੂ ਹਨ। ਦੁਆਬੀ ਵਿੱਚ /ਵ/ ਅਤੇ /ਬ/ ਧੁਨੀਆਂ ਅੰਤਰ-ਵਟਾਂਦਰਾ ਕਰਦੀਆਂ ਹਨ, ਭਾਵ 'ਵਿੱਚ' ਅਤੇ 'ਬਿੱਚ' ਦੋਵੇ ਬੋਲੀਦੇ ਹਨ। ਪਰ ਵਧੇਰੇ ਰੁਝਾਨ /ਬ/ ਦੀ ਹੈ। ਸ਼ਬਦਾਂ ਦੇ ਮੱਧ ਜਾਂ ਅੰਤ ਉੱਤੇ ਨਾਸਿਕਤਾ-ਸਹਿਤ /ਵ/ ਨੂੰ ਜਿੱਥੇ ਮਲਵਈ ਵਿੱਚ /ਮ/ ਬੋਲਿਆ ਜਾਂਦਾ ਹੈ, ਜਿਵੇਂ ਇਮੇਂ, ਕਿਮੇਂ, ਤਿਮੇਂ ਆਦਿ, ਉੱਥੇ ਦੁਆਬੀ ਵਿੱਚ ਵੱਖਰੇ ਸ਼ਬਦ ਹੀ ਪਰਚੱਲਿਤ ਹਨ। ਜਿਵੇਂ: ਇੱਦਾਂ, ਕਿੱਦਾਂ, ਅਤੇ ਜਿੱਦਾਂ ਆਦਿ। ਮਾਝੀ ਦੇ ਉਲਟ ਪਰ ਮਲਵਈ ਵਾਂਗ ਦੁਆਬੀ ਵਿੱਚ ਵੀ ਸ਼ਬਦਾਂ ਵਿੱਚ ਮੱਧਵਰਤੀ ਜਾਂ ਅੰਤਰ /ਰ/ ਨੂੰ ਲੋਪ ਕਰਨ ਦਾ ਰੁਝਾਨ ਹੈ। ਜਿਵੇਂ ਪੋਤਾ, ਦ੍ਹੋਤਾ, ਦਾਤੀ, ਪੁੱਤ, ਸੂਤ ਆਦਿ ਮਾਝੀ ਵਿੱਚ ਪੋਤਰਾ, ਦੋਤ੍ਹਰਾ, ਦਾਤਰੀ, ਪੁੱਤਰ, ਸੂਤਰ ਹਨ।
ਦੁਆਬੀ ਵਿਆਕਰਨ ਬਣਤਰ ਮਲਵਈ ਨਾਲ ਕਾਫ਼ੀ ਮਿਲਦੀ ਹੈ। ਭੂਤਕਾਲੀ ਕਿਰਿਆ ਸੂਚਕ /ਸੀ/ ਨੂੰ ਮਲਵਈ ਵਾਂਗ ਹੀ ਦੁਆਬੀ ਵਿੱਚ ਸੀਗਾ, ਸੀਗੇ, ਸੀਗੀ ਅਤੇ ਸੀਗੀਆਂ ਵਾਂਗ ਵਰਤਿਆ ਜਾਂਦਾ ਹੈ। ਕਰਮਣੀਵਾਚੀ ਅਤੇ ਭਾਵਵਾੀਚੀ ਬਣਤਰਾਂ ਦੁਆਬੀ ਦੀਆਂ ਵੱਖਰੀਆਂ ਹਨ। ਜਿਵੇਂ ਕਿ "ਮੈਥੋਂ ਕੰਮ ਕਰ ਨਹੀਂ ਹੁੰਦਾ, ਫੋਨ ਕੱਟ ਨਹੀਂ ਹੁੰਦਾ, ਜਾਂ ਖਾ ਨਹੀਂ ਹੁੰਦਾ" ਆਦਿ ਪੰਜਾਬੀ ਦੀ ਕਿਸੇ ਉਪਬੋਲੀ ਵਿੱਚ ਨਹੀਂ ਹਨ।
ਉਹ ਗਏ ਓਏ ਆ - ਉਹ ਗਏ ਹੋਏ ਹਨ ਉਹ ਗਏ ਉਈ ਆ- ਉਹ ਗਈ ਹੋਈ ਹੈ। ਸਾਰੀਆਂ ਆਈਆਂ ਆਂ - ਸਾਰੀਆਂ ਆਈਆਂ ਹੋਈਆਂ ਹਨ।
ਦੋਆਬੀ ਨਿਵੇਕਲੀ ਸ਼ਬਦਾਵਲੀ
ਗੱਭੇ (ਦਰਮਿਆਨ), ਘੇ-ਪੇ (ਘਿਉ, ਪਿਉ), ਜਨੇਤ (ਜੰਨ), ਫੇਰੇ (ਅਨੰਦ ਕਾਰਜ), ਬੀਬੀ (ਮਾਂ), ਭਾਜੀ (ਭਰਾ), ਭਾਪਾ, ਭਾਈਆ (ਪਿਤਾ) ਆਦਿ


ਪੁਆਧੀ ਉਪਭਾਸ਼ਾ

ਪੁਆਧ ਦੀ ਜੜ ਸੰਸਕ੍ਰਿਤ ਸ਼ਬਦ "ਪੂਰਵ ਅਰਧ" ਤੋਂ ਸੰਭਵ ਹੈ, ਜਿਸ ਦਾ ਅਰਥ ਹੈ 'ਚੜ੍ਹਦੇ ਵਾਲੇ ਪਾਸੇ ਦਾ ਅੱਧਾ ਹਿੱਸਾ' ਭਾਵ ਕਿ ਪੰਜਾਬ ਦਾ ਅੱਧ। ਪੁਆਧ ਦੇ ਲੋਕਾਂ ਨੂੰ 'ਪੁਆਧੀਏ' ਅਤੇ ਪੁਆਧ ਦੀ ਬੋਲੀ ਨੂੰ ਪੁਆਧੀ ਕਿਹਾ ਜਾਂਦਾ ਹੈ।
ਖੇਤਰ: ਜ਼ਿਲ੍ਹਾ ਰੋਪੜ, ਪਟਿਆਲੇ ਦਾ ਪੂਰਬੀ ਹਿੱਸਾ, ਜ਼ਿਲਾ ਸੰਗਰੂਰ ਦੇ ਮਲੇਰਕੋਟਲਾ ਦਾ ਖੇਤਰ, ਸਤਲੁਜ ਦੇ ਨਾਲ ਲੱਗਦੀ ਜ਼ਿਲ੍ਹਾ ਲੁਧਿਆਣੇ ਦੀ ਗੁੱਠ,
ਅੰਬਾਲੇ ਦਾ ਥਾਣਾ ਸਦਰ ਵਾਲਾ ਪਾਸਾ ਅਤੇ ਜ਼ਿਲ੍ਹਾ ਜੀਂਦ ਦੇ ਕੁਝ ਪਿੰਡ।
ਭਾਸ਼ਾਈ ਵਿਸ਼ੇਸ਼ਤਾਵਾਂ
ਪੰਜਾਬੀ ਦੀਆਂ ਬਾਕੀ ਉਪ-ਭਾਸ਼ਾਵਾਂ ਵਾਂਗ ਪੁਆਧੀ ਵਿੱਚ ਵੀ ਸੁਰ ਮੌਜੂਦ ਹੈ। ਪੁਆਧੀ ਦੀ ਨੀਵੀਂ ਸੁਰ ਦੀ ਵਰਤੋਂ ਮਾਝੀ ਦੀ ਤਰਾਂ ਹੈ ਅਤੇ ਉੱਚੀ ਸੁਰ ਦੀ ਵਰਤੋਂ ਮਲਵਈ ਦੀ ਤਰ੍ਹਾਂ ਹੈ। ਪੱਧਰੀ ਜਾਂ ਸਾਂਵੀਂ ਸੁਰ ਤਿੰਨਾਂ ਵਿੱਚ ਇੱਕੋ ਜਿਹੀ ਹੈ। ਪੁਆਧੀ ਵਿੱਚ ਅੰਤਲਾ /ਹ/ ਨਹੀਂ ਉਚਾਰਿਆ ਜਾਂਦਾ ਹੈ ਅਤੇ ਨਾਸਕੀ ਵਿਅੰਜਨ /ਙ/ ਅਤੇ /ਞ/ ਦੀ ਵਰਤੋਂ ਵੀ ਨਹੀਂ ਹੁੰਦੀ ਹੈ। ਤਾਲਵੀ ਸੰਘਰਸ਼ੀ ਸ਼ਬਦ /ਸ਼/ ਵੀ ਨਹੀਂ ਹੈ, ਕੇਵਲ ਦੰਤੀ /ਸ/ ਹੈ। /ਵ/ ਤੋਂ /ਬ/ ਅਤੇ /ਮ/ ਵਿੱਚ ਰੂਪਾਂਤਰਨ ਮਲਵਈ ਨਾਲੋਂ ਵੱਧ ਹੈ। ਦੋ ਸਵਰਾਂ ਵਿਚਲਾ /ਵ/ ਅਕਸਰ /ਮ/ ਵਿੱਚ ਬਦਲਦਾ ਹੈ। ਜਿਵੇਂ: ਸਬੇਰਾ (ਸਵੇਰਾ), ਸੰਬਾਰ ਕੇ (ਸੰਵਾਰ ਕੇ), ਕਾਮਾ ਰੌਲੀ, ਕੈਮਾਂ (ਕਿੰਨਵਾਂ), ਜਾਮਾਂਗਾ, ਐਮੇ, ਸਮਗਾ (ਸਗਵਾਂ), ਸਿਰਨਾਮਾ, ਜਮਾਈ, ਅਤੇ ਤੀਮੀ ਆਦਿ। ਪੁਆਧੀ ਵਿੱਚ ਬਾਂਗਰੂ (ਹਰਿਆਣਵੀ) ਦੇ ਅਸਰ ਹੇਠ ਕੁਝ ਸ਼ਬਦਾਂ ਦੇ ਮੁੱਢ ਵਿੱਚ ਹਰਸਵ ਸਵਰਾਂ ਦੀ ਦੀਰਘਤਾ ਮਿਲਦੀ ਹੈ। ਜਿਵੇਂ: ਖੂਣੋਂ (ਖੁਣੋ), ਝੂਲ (ਝੁੱਲ), ਊਸਾਰੁ, ਊਹਾਂ, ਈਹਾਂ (ਓਥੇ, ਇਥੇ) ਆਦਿ। ਪੁਆਧੀ ਦੇ ਇੱਕ ਪਾਸੇ ਮਲਵਈ ਅਤੇ ਦੂਜੇ ਪਾਸੇ ਬਾਂਗਰੂ ਹਿੰਦੀ ਹੈ। ਪੁਆਧੀ ਵਿੱਚ ਹਮਾਨੂੰ/ਮ੍ਹਾਨੂੰ ਪੜਨਾਂਵ ਹੈ। ਇਸਤਰਾਂ 'ਬਿੱਚਮਾ' ਪੁਆਧੀ ਦਾ ਸਬੰਧਕ ਹੈ। "ਵਿਚ" ਅਤੇ "ਮਾਂ (ਮੇ)" ਤੋਂ ਬਣਿਆ ਹੈ।
ਹਮ/ਹਮੇਂ (ਅਸੀਂ, ਥਮ/ਥਮੇ (ਤੂੰ, ਤੁਸੀਂ), ਮ੍ਹਾਰੇ/ਥਾਰੇ (ਸਾਡੇ, ਤੁਹਾਡੇ), ਥਾਨੂੰ (ਤੈਨੂੰ), ਇਯੋ (ਇਹ), ਸਾਤੋਂ (ਸਾਥੋਂ) ਆਦਿ ਪੜਨਾਂਵ ਸ਼ਾਮਲ ਹਨ। ਪੁਆਧੀ ਦੇ ਸਬੰਧਕ ਵੀ ਖਾਸ ਹਨ, ਜੋ ਕਿ ਹੋਰ ਪੰਜਾਬੀ ਉਪ-ਭਾਸ਼ਾਵਾਂ ਤੋਂ ਵੱਖਰੇ ਹਨ। ਜਿਵੇਂ ਕਿ: ਗੈਲ (ਨਾਲ), ਲਵੇ (ਨੇੜੇ), ਕੰਨੀਓ (ਪਾਸਿਓ), ਓੜੀ (ਤਰਫ਼)। ਕੁਝ ਕਾਰਕੀ ਸਬੰਧਕ ਵੀ ਵੇਖਣਯੋਗ ਹਨ। ਜਿਵੇਂ ਕਿ: ਕਾਸ ਮਾਂ (ਕਿਸ ਵਿੱਚ), ਕਾਤੇ (ਕਿਸ ਕਰਕੇ), ਕਿੱਕਾ (ਕਿਸ ਕਾ), ਜਾਸ ਨੂੰ (ਜਿਸ ਨੂੰ), ਪਰ (ਉੱਤੇ), ਕਿਨੂੰ (ਕਿਸ ਨੂੰ), ਕ੍ਹੀਨੂੰ (ਕਿਨ੍ਹਾਂ ਨੂੰ) ਆਦਿ।
ਕਿਰਿਆ ਵਿਸ਼ੇਸ਼ਣ: ਇਬ (ਹੁਣ), ਇਬਕੇ (ਐਤਕਾਂ), ਇਕਣ, ਈਕਣ, ਓਗਲ (ਉਦੋਂ) ਕੋਗਲ (ਕਦੋਂ), ਜੋਗਲ (ਜਦੋਂ), ਤੋਗਲ (ਤਦੋਂ) ਆਦਿ।
ਭੂਤਕਾਲੀ ਸਹਾਇਕ ਕਿਰਿਆਵਾਂ ਬਿਲਕੁਲ ਵਖਰੇਵੇਂ ਵਾਲੀਆਂ ਹਨ।
ਜਿਵੇਂ: ਗਿਆ ਤੀ, ਗਏ ਤੇ, ਗਿਆ ਤਾ, ਗਈਆਂ ਤੀਆਂ ਆਦਿ। ਕਈ ਪੁਆਧੀ ਇਕਾਕਿਆਂ ਵਿੱਚ ਥੀ, ਥਾ, ਥੀਆਂ, ਅਤੇ ਥੇ ਵੀ ਬੋਲਦੇ ਹਨ। ਜਾਹਾ (ਜਾਂਦਾ ਹੈ), ਖਾਹਾ (ਖਾਂਦਾ ਹੈ), ਦੇਹਾ (ਦਿੰਦਾ ਹੈ)।
ਪੁਆਧੀ ਵਿੱਚ ਭਵਿੱਖਕਾਲ ਲਈ ਦੋ ਪਿਛੇਤਰ /-ਗ/ ਅਤੇ /-ਐਂ/ ਵਰਤੇ ਜਾਂਦੇ ਹਨ। "ਜੈਲਾ ਖੇਤ ਬਾਹੇਗਾ" ਜਾਂ "ਜੈਲਾ ਖੇਤ ਨਾ ਬਾਹੈ" ਆਦਿ।
ਵਾਰਤਾਲਾਪ ਵੰਨਗੀ:
ਰੈ ਬੰਤਾ ਤੌਂ ਕਿਥੇ ਜਾਹਾਂ? ਕਿਤੇ ਬੀ ਨੀ। ਤੌਂ ਝੂਠ ਕਦ ਤੇ ਬੋਲਣ ਲਗ ਗਿਆ? ਕਿਉਂ ਇਸ ਮਾਂ ਝੂਠ ਕੀ ਕੇੜ੍ਹੀ ਬਾਤ ਐ।
ਪੁਆਧੀ ਨਿਵੇਕਲੀ ਸ਼ਬਦਾਵਲੀ
ਗੋਰੂ (ਡੰਗਰ), ਚਤੌਲੀਆਂ (ਨਵਾਂ ਜੰਮਿਆ ਬੱਚਾ), ਸਿੰਘ ਜੀ (ਸਹੁਰਾ), ਗੰਠ/ਗੱਠ (ਗੰਢ), ਛੋਕੜੀ (ਕੁੜੀ), ਮ੍ਹੈਂਸ (ਮੱਝ), ਘਰੜ (ਅਧਰਿੜਕੀ ਲੱਸੀ), ਚਾਸਣੀ (ਕੜਾਹੀ), ਗੈਂ (ਗਾਊ), ਉਗਣ-ਆਥਨ (ਸਵੇਰ-ਸ਼ਾਮ), ਕਚਰਾ (ਖਰਬੂਜ਼ਾ), ਬਾਂਸਣ (ਭਾਂਡਾ), ਭੱਤ (ਚੌਲ), ਬਿਆਈ (ਸੂਈ ਮੱਝ), ਅਤੇ ਥੌੜ (ਸਥਾਨ)





Post Comment


ਗੁਰਸ਼ਾਮ ਸਿੰਘ ਚੀਮਾਂ