ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Friday, April 6, 2012

ਮਨੁੱਖੀ ਅਧਿਕਾਰਾਂ ਦਾ ਮਸੀਹਾ: ਸ਼ਹੀਦ ਸ. ਜਸਵੰਤ ਸਿੰਘ ਖਾਲੜਾ


ਸਿੱਖੀ ਦੇ ਬਾਨੀ ਗੁਰੂ ਨਾਨਕ ਸਾਹਿਬ ਨੇ ਮੂਲਮੰਤਰ ਦਾ ਉਚਾਰਣ ਕਰਕੇ ਗਿਆਨ ਦੇ ਪੱਖੋਂ ਕੁੱਜੇ ਵਿਚ ਸਮੁੰਦਰ ਬੰਦ ਕਰ ਦਿੱਤਾ। ਹਰ ਸਿੱਖ ਨੂੰ ਉਪਦੇਸ਼ ਕੀਤਾ ਕਿ ਉਹ ਇਸ ਮੂਲਮੰਤਰ ਅਤੇ ਉਸ ਦੀ ਜਪੁਜੀ ਸਾਹਿਬ, ਆਸਾ ਦੀ ਵਾਰ ਅਤੇ ਸਮੁੱਚੀ ਗੁਰਬਾਣੀ ਵਿਚ ਕੀਤੀ ਗਈ ਵਿਆਖਿਆ ਦਾ ਸਿਮਰਨ ਕਰਕੇ ਹਰ ਸਮੇਂ ਉਸ ਸੰਦਰਭ ਵਿਚ ਆਪਣੀ ਨਿਮਾਣੀ ਹੋਂਦ ਨੂੰ ਚੇਤੇ ਰੱਖੇ। ਉਹ ਚੇਤੇ ਰੱਖੇ ਕਿ ਉਹ ਜੰਮਿਆ ਸੀ, ਉਸ ਨੇ ਮਰਨਾ ਵੀ ਹੈ। ਇਸ ਸਫਰ ਵਿਚ ਉਸਨੇ ਕਿਰਤ ਵੀ ਕਰਨੀ ਹੈ ਅਤੇ ਕਿਰਤ ਕਰਕੇ ਜੋ ਕੁਝ ਪ੍ਰਾਪਤ ਹੁੰਦਾ ਹੈ ਉਸ ਨੂੰ ਵੰਡ ਛਕਣਾ ਹੈ। ਸਮਾਜ ਦਾ ਕੇਵਲ ਅੰਗ ਹੀ ਬਣ ਕੇ ਨਹੀਂ ਰਹਿਣਾ ਸਗੋਂ ਉਸ ਨੂੰ ਬਣਾਉਣ, ਸੰਵਾਰਨ ਲਈ ਸਦਾ ਤੱਤਪਰ ਵੀ ਰਹਿਣਾ ਹੈ। ਸਰਬੱਤ ਦਾ ਭਲਾ ਜਾਂ ‘ਸਭੇ ਸਾਂਝੀਵਾਲ ਸਦਾਇਨ ਕੋਈ ਨਾ ਦਿਸੈ ਬਾਹਰਾ ਜੀਓ’ ਦੇ ਮਾਰਗ ‘ਤੇ ਚੱਲਦਾ ਹੋਇਆ ਵਿਅਕਤੀ ਸਿਰਦਾਰ ਕਪੂਰ ਸਿੰਘ ਦੇ ਕਥਨ ਅਨੁਸਾਰ ਆਪਣੇ ਨਿੱਜ ਨੂੰ ਛੱਡ ਕੇ ਕੇਵਲ ਤੇ ਕੇਵਲ ਸੱਚ ਨੂੰ ਸਮਰਪਿਤ ਹੋ ਜਾਵੇ ਤਾਂ ਉਹ ਖਾਲਸਾ ਹੋ ਨਿਬੜਦਾ ਹੈ।
ਉਹ ਭਾਗਾਂ ਵਾਲੇ ਮਨੁੱਖ ਕਹੇ ਜਾ ਸਕਦੇ ਹਨ, ਜਿਨ੍ਹਾਂ ਨੂੰ ਗਿਆਨ ਦੀ ਪ੍ਰਾਪਤੀ ਰਾਹੀਂ ਆਪਣੀ ਚੇਤਨਾ ਸੋਝੀ ਅਧੀਨ ਸਿੱਖੀ ਦਾ ਮਾਰਗ ਚੁਣਨ ਦਾ ਅਵਸਰ ਮਿਲਿਆ। ਪੰਜਾਬ ਵਿੱਚ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸ਼ਹੀਦ ਹੋਣ ਵਾਲੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਬਚਪਨ ਵਿੱਚ ਹੀ ਅਜਿਹਾ ਲੋਕ ਸੇਵਾ ਦਾ ਮਾਰਗ ਚੁਣਨ ਲਈ ‘ਗੁਰਪ੍ਰਸਾਦਿ’ ਦਾ ਸੁਭਾਗ ਪ੍ਰਾਪਤ ਹੋਇਆ। ਆਪਣੀ ਚੜ੍ਹਦੀ ਜਵਾਨੀ ਦੀ ਉਮਰੇ ਉਸ ਨੂੰ ‘ਮਾਰਕਸਵਾਦ’ ਨੇ ਖਿਚਿਆ, ਹੱਥ ਵਿੱਚ ਥੈਲਾ ਫੜ ਧੂੜ ਭਰੇ ਰਾਹਾਂ ਤੇ ਪਿੰਡਾਂ ਦੇ ਚੱਕਰ ਕੱਢੇ। ਗ਼ੀਰਬਾਂ ਦੇ ਹੌਕਿਆਂ ਵਿਚ ਸਾਹ ਮਿਲਾਇਆ, ਕਿਧਰੇ-ਕਿਧਰੇ ਦੁੱਖ ਤਕਲੀਫਾਂ ਸਾਂਝੀਆਂ ਕੀਤੀਆਂ। ਪਰ ਮਾਰਕਸਵਾਦ ਦੇ ਠੇਕੇਦਾਰਾਂ ਨੇ ਉਸ ਦੇ ਭਟਕਣ ਨੂੰ ਕਿਸੇ ਉਸਾਰੂ ਰੂਪ ਵਿਚ ਵਿਚਰਨ ਨਾ ਦਿੱਤਾ। ਕੌਮਾਂਤਰੀ ਪੱਧਰ ਤੇ 1917 ਵਿਚ ਹੋਏ ਰੂਸੀ ਇਨਕਲਾਬ ਪਿਛੋਂ ਬਣੇ ਰਾਜਪ੍ਰਬੰਧ ਨੂੰ ਖੋਰਾ ਲੱਗਾ। ਕੱਚੇ ਵਿਸ਼ਵਾਸ ਤਿੜਕੇ ਅਤੇ ਸ.ਖਾਲੜਾ ਨਕਸਲਬਾੜੀ ਲਹਿਰ ਦਾ ਸਮਰਥਕ ਬਣਿਆ ਅੱਗੇ ਚੱਲ ਕੇ ਉਸ ਲਹਿਰ ਦੇ ਵੀ ਕਈ ਟੋਟੇ ਹੋਏ। 1978 ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਵਰਤਾਰਾ ਇਕ ਤੇਜ਼ ਝੱਖੜ ਵਾਂਗੇ ਪੰਜਾਬ ਤੇ ਸਿੱਖ ਭਾਈਚਾਰੇ ਉੱਪਰ ਛਾ ਗਿਆ।
ਸ.ਖਾਲੜਾ ਨੇ ਵੀ ਆਪਣੇ ਇਕ ਸਾਥੀ ਨਾਲ ਪੰਜਾਬ ਦੇ ਪਿੰਡਾਂ ਦੇ ਚੱਕਰ ਕੱਢਣੇ ਆਰੰਭ ਕੀਤੇ, ਵਿਚਾਰਾਂ ਦੀ ਭਟਕਣ ਤੇ ਜੀਵਨ ਨੂੰ ਸਥਿਰ ਰੱਖਣ ਲਈ ਉਹ ਖਾਲੜੇ ਤੋਂ ਅੰਮ੍ਰਿਤਸਰ, ਚੰਡੀਗ਼ੜ੍ਹ, ਦਿੱਲੀ ਅਤੇ ਹੋਰ ਅਨੇਕਾਂ ਥਾਈਂ ਜਾਂਦੇ, ਮਿੱਤਰਾਂ ਨਾਲ ਵਿਚਾਰ ਸਾਂਝੇ ਕਰਦੇ। ਪੁਰਾਣਿਆਂ ਨਾਲੋਂ ਸੰਬੰਧ ਤੋੜੇ ਤੇ ਨਵੇਂ ਸੰਬੰਧ ਜੋੜੇ। ਇਹ ਸਭ ਕੁਝ ਕਿਉਂ ਵਾਪਰਿਆ? ਗੁਰਪ੍ਰਸਾਦਿ ਸਦਕਾ ਇਕ ਟਿਟਿਮਾਉਂਦੀ ਰੋਸ਼ਨੀ ਉਨ੍ਹਾਂ ਨੂੰ ਖਿੱਚ ਪਾਉਂਦੀ ਸੀ ਅਤੇ ਉਸ ਰੌਸ਼ਨੀ ਦੀ ਭਾਲ ਉਨ੍ਹਾਂ ਕਰ ਲਈ। ਉਹ ਗਰੁਬਾਣੀ ਦੇ ਲੜ ਲੱਗ ਕੇ ਅੰਮ੍ਰਿਤਧਾਰੀ ਬਣ ਗਏ। ਹੁਣ ਮਜ਼ਦੂਰਾਂ, ਕਿਸਾਨਾਂ ਤੇ ਦੁਖੀ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਗੁਰਬਾਣੀ ਵਿਚੋਂ ਦਿਸਣ ਲੱਗਿਆ। ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਉਨ੍ਹਾਂ ਦੀ ਰੂਹ ਨੂੰ ਤ੍ਰਿਪਤ ਕਰਨ ਵਾਲੇ ਬਣ ਗਏ। ਗੁਰਬਾਣੀ ਵਿਚ ਅਟੁੱਟ ਸ਼ਰਧਾ ਪੂਰਨ ਦਲੀਲ ਦੇ ਆਧਾਰ ਤੇ ਉਨ੍ਹਾਂ ਨੂੰ ਰੌਸ਼ਨੀ ਦੇਣ ਲੱਗ ਪਈ। ਇਹ ਉਹ ਸਮਾਂ ਜਦ ਇਕ ਦੁਸ਼ਟ ਨੇ ਪੰਜਾਬ ਦੀ ਧਰਤੀ ਤੇ ਪੈਰ ਰੱਖਿਆ।
ਉਸ ਵੇਲੇ ਦਿੱਲੀ ਦੀ ਕਾਂਗਰਸੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਬਰਬਾਦੀ ਦੇ ਨਾਲ ਅਨੇਕਾਂ ਹੋਰ ਗੁਰਧਾਮਾਂ ਨੂੰ ਪਲੀਤ ਕਰ ਮਾਰਿਆ। ਵੱਡੀ ਪੱਧਰ ੱਤੇ ਸਿੱਖਾਂ ਦੀ ਨਸਲਕੁਸ਼ੀ ਆਰੰਭ ਹੋ ਗਈ। ਤਸੀਹਾ ਕੇਂਦਰ ਥਾਂ-ਥਾਂ ਹੋਂਦ ਵਿਚ ਆ ਗਏ। ਸਿੱਖਾਂ ਦੀ ਅਣਖ ਰੋਲਣ ਲਈ ਅਤੇ ਉਨ੍ਹਾਂ ਨੂੰ ਹੀਣ-ਭਾਨਵਾ ਵਿਚ ਪ੍ਰਵੇਸ਼ ਕਰਵਾਉਣ ਲਈ ਪੰਜਾਬ ਪੁਲੀਸ ਦੇ ਬੁੱਚੜ ਮੁਖੀ ਕੇ ਪੀ ਐੱਸ ਗਿੱਲ ਨੇ ਡਿਊਟੀ ਸੰਭਾਲ ਲਈ। ਸ਼ਰਾਬੀ ਕਬਾਬੀ ਤੇ ਅਯਾਸ਼ ਲੋਕ ਇਹੋ ਜਿਹੇ ਸਮਿਆਂ ਵਿਚ ਸਰਕਾਰਾਂ ਦੇ ਬਹੁਤ ਕੰਮ ਆਉਂਦੇ ਹਨ। ਮੱਸਾ ਰੰਘੜ ਹੋਵੇ ਜਾਂ ਫਿਰ ਕੋਈ ਹੋਰ। ਇਹ ਇਕ ਅਜਿਹੀ ਪ੍ਰੰਪਰਾ ਹੈ, ਜਿਥੇ ਮਨੁੱਖੀ ਜਾਮੇ ਵਿਚ ਵਿਅਕਤੀ ਵਹਿਸ਼ੀ ਹੋ ਨਿਬੜਦਾ ਹੈ। ਇਜ਼ਹਾਰ ਆਲਮ, ਗੋਬਿੰਦ ਰਾਮ, ਜਸਮਿੰਦਰ ਸਿੰਘ, ਹਰਿੰਦਰ ਸਿੰਘ ਚਾਹਲ, ਨਰਿੰਦਰ ਸਿੰਘ, ਸਧ ਸੈਣੀ, ਸ਼ਿਵ ਕੁਮਾਰ ਜਾਂ ਰਾਜਨੀਤਕ ਖੇਤਰ ਵਿਚਲੇ ਐੱਚ ਕੇ ਐੱਲ ਭਗਤ, ਸੁਰਿੰਦਰਨਾਥ, ਜਗਦੀਸ਼ ਟਾਈਟਲਰ, ਸੱਜਣ ਕੁਮਾਰ ਜਾਂ ਰਾਜੀਵ ਗਾਂਧੀ ਇਹ ਸਾਰੇ ਇਸੇ ਹੀ ਤਾਂਡਵ ਨਾਚ ਦੇ ਖਲਨਾਇਕ ਹਨ। ਸ. ਖਾਲੜਾ ਇਨ੍ਹਾਂ ਦੇ ਤਾਂਡਵ ਨਾਚ ਨੂੰ ਦੇਖਦਾ ਵੀ ਸੀ, ਪਛਾਣਦਾ ਵੀ ਸੀ ਅਤੇ ਅੰਤ ਵਿਚ ਆਪ ਵੀ ਉਸ ਨੇ ਇਹ ਹੰਢਾਇਆ।
ਕੁਝ ਇਸ ਕਿਸਮ ਦੀ ਪਿੱਠ ਭੂਮੀ ਵਿਚ ਜਦ ਖਾਲੜਾ ਜੀ ਦੇ ਇਕ ਮਿੱਤਰ, ਸੈਂਟਰਲ ਕੋਆਪਰੇਟਿਵ ਬੈਂਕ ਦੇ ਡਾਇਰੈਕਟਰ, ਗੁੰਮ ਹੋ ਗਏ ਤਾਂ ਸਾਧਾਰਨ ਢੰਗ ਨਾਲ ਉਸ ਦੀ ਭਾਲ ਕਰਨ ਤੋਂ ਬਾਅਦ ਉਸ ਦੇ ਪੁਲਿਸ ਮੁਕਾਬਲੇ ਦੀ ਗੱਲ ਕੰਨੀਂ ਪਈ। ਅੰਮ੍ਰਿਤਸਰ ਸ਼ਮਸ਼ਾਨਘਾਟ ਤੋਂ ਪਤਾ ਕਰਨ ੱਤੇ ਇਹ ਦੁੱਖਦਾਈ ਕਹਾਣੀ ਸੱਚੀ ਸਾਬਤ ਹੋਈ। ਅੱਗੇ ਜਾ ਕੇ ਉਸ ਮ੍ਰਿਤਕ ਮਨੁੱਖ ਦੇ ਇਕ ਹੋਰ ਸਾਥੀ ਦੀ ਮੌਤ ਦੀ ਜਾਣਕਾਰੀ ਵੀ ਮਿਲੀ। ਇਸੇ ਲੜੀ ਵਿਚ ਅਨੇਕਾਂ ਹੋਰ ‘ਅਣਪਛਾਤੀਆਂ ਲਾਸ਼ਾਂੱ ਦੇ ਸਸਕਾਰ ਦੀ ਗੱਲ ਧਿਆਨ ਵਿਚ ਆਈ। ਮਿਉਂਸਪਲ ਕਮੇਟੀ ੱਚੋਂ ਕਿੰਨੀਆਂ ਲੱਕੜਾਂ ਆਈਆਂ, ਕਲਰਕਾਂ ਨੇ ਉਨ੍ਹਾਂ ਵਿੱਚੋਂ ਕਿੰਨੀ ਰਿਸ਼ਵਤ ਖਾਧੀ ਤੇ ਫਿਰ ਤਰਨਤਾਰਨ ਤੇ ਪੱਟੀ ਦੇ ਸ਼ਮਸ਼ਾਨਘਾਟਾਂ ਵਿਚ ਇਨ੍ਹਾਂ ਝੂਠੇ ਪੁਲਿਸ ਮੁਕਾਬਲਿਆਂ ਤੇ ਕਿੰਨੀਆਂ ਅਣਪਛਾਤੀਆਂ ਲਾਸ਼ਾਂ ਦੇ ਸਸਕਾਰ ਹੋਏ, ਕਿੰਨੇ ਅੱਧਸੜੇ ਮਨੁੱਖੀ ਅੰਗ ਕੁੱਤੇ ਵੀ ਖਾਂਦੇ ਰਹੇ, ਇਨ੍ਹਾਂ ਨਾਲ ਜੁੜੀਆਂ ਹੋਰ ਅਨੇਕ ਘਟਨਾਵਾਂ ਖਾਲੜਾ ਜੀ ਆਪਣੀ ਡਾਇਰੀ ਵਿਚ ਕਲਮਬੰਦ ਕਰਦੇ ਗਏ। ਸ਼ਮਸ਼ਾਨਘਾਟ ਦੇ ਰਜਿਸਟਰਾਂ ਦੀਆਂ ਨਕਲਾਂ ਅਤੇ ਟਾਵੇਂ-ਟਾਵੇਂ ਮ੍ਰਿਤਕਾਂ ਦੇ ਨਾਂ ਪਤੇ ਵੀ ਉਨ੍ਹਾਂ ਦੇ ਹੱਥ ਆ ਗਏ।
ਸਮਾਂ ਬਹੁਤ ਕਲਯੁੱਗੀ ਸੀ। ਕੇ ਪੀ ਐੱਸ ਗਿੱਲ ਦੇ ਜ਼ੁਲਮ ਵੀ ਕਿਸੇ ਮੀਰ ਮਨੂੰ ਨਾਲੋਂ ਘੱਟ ਨਹੀਂ ਸਨ। ਬੇਅੰਤ ਸਿੰਘ ਦੇ ਜ਼ੁਲਮੀ ਰਾਜ ਵਿਚ ਉਸ ਨੇ ਪੁਲਸੀ ਦਰਿੰਦਿਆਂ ਦੀ ਅਗਵਾਈ ਕੀਤੀ। ਜਿਹੜੇ ਗ੍ਰੋਹ ਇਸ ਲਈ ਸਿਰਜੇ ਹੋਏ ਸਨ, ਉਨ੍ਹਾਂ ਵਿਚੋਂ ਇਕ ਦੀ ਅਗਵਾਈ ਅਜੀਤ ਸਿੰਘ ਸੰਧੂ ਦੇ ਹੱਥ ਸੀ। 6 ਨਵੰਬਰ ਨੂੰ ਪੁਲਿਸ ਦੀਆਂ ਜਿਪਸੀਆਂ ਦੀ ਇਕ ਧਾੜ ਆਈ ਤੇ ਪਲੋ ਪਲੀ ਦਿਨ ਵੇਲੇ ਸ.ਖਾਲੜਾ ਦੇ ਅੰਮ੍ਰਿਤਸਰ ਸ਼ਹਿਰ ਸਥਿੱਤ ਕਬੀਰ ਪਾਰਕ ਵਾਲੇ ਘਰ ਵਿਚੋਂ ਉਨ੍ਹਾਂ ਨੂੰ ਜ਼ਬਰਦਸਤੀ ਚੁੱਕ ਕੇ ਲੈ ਗਈ। ਕਾਰਣ? ਖਾਲ਼ੜਾ ਜੀ ਨੇ ‘ਅਣਪਛਾਤੀਆਂ ਲਾਸ਼ਾਂ” ਦੀ ਕਹਾਣੀ ਜੱਗ ਜ਼ਾਹਰ ਕਰਦਿਆਂ ਅਮਰੀਕਾ, ਕਨੇਡਾ ਤੇ ਬਰਤਾਨੀਆ ਦੀਆਂ ਪਾਰਲੀਮੈਂਟਾਂ ਅਤੇ ਕੌਮਾਂਤਰੀ ਪੱਧਰ ਦੀਆਂ ਮਨੁੱਖੀ ਅਧਿਕਾਰ ਸੰਸਥਾਵਾਂ ਵਿਚ ਸੈਂਕੜੇ ਦੀ ਗਿਣਤੀ ਵਿਚ ਸਿੱਖਾਂ ਮ੍ਰਿਤਕਾਂ ਦੀ ਲਿਸਟਾਂ ਉਨ੍ਹਾਂ ਨੂੰ ਦੇ ਦਿੱਤੀਆਂ ਸਨ। ਥੋੜ੍ਹੀ ਜਹੀ ਰਾਜਨੀਤੀ ਵਰਤਦਿਆਂ ਉਨ੍ਹਾਂ ਨੇ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਮਨੁੱਖੀ ਅਧਿਕਾਰ ਸੰਸਥਾ ਦਾ ਜਨਰਲ ਸਕੱਤਰ ਬਣਾਈ ਰੱਖਿਆ।
ਸਮਾਜੀ ਜੀਵਨ ਵਿਚ ਕਈ ਅਵਸਰ ਅਜਿਹੇ ਆਉਂਦੇ ਹਨ ਜਦੋਂ ਦੁਸ਼ਟ ਤੋਂ ਦੁਸ਼ਟ ਵਿਅਕਤੀ ਆਪਣੇ ਆਪ ਨੂੰ ਖਤਰੇ ਵਿਚ ਘਿਰਿਆ ਦੇਖ ਕੇ ਲੋਕ ਲਾਜ ਨੂੰ ਮੁੱਖ ਰੱਖ ਕੇ ਆਪਣੀ ਰਾਖੀ ਦਾ ਉਪਰਾਲਾ ਕਰਦੇ ਹਨ। ਗਿੱਲ ਤੇ ਸੰਧੂ, ਸ. ਖਾਲੜੇ ਪਾਸੋਂ ਅਜਿਹੀ ਗੱਲ ਅਖਵਾਉਣਾ ਚਾਹੁੰਦੇ ਸਨ, ਜਿਸ ਨਾਲ ‘ਅਣਪਛਾਤੀਆਂ ਲਾਸ਼ਾਂ’ ਦੀ ਕਹਾਣੀ ਤੇ ਪਰਦਾ ਪਾਇਆ ਜਾ ਸਕੇ। ਸ. ਖਾਲੜੇ ਦੀ ਇਸ ਪੈਂਤੜੇ ਤੇ ਆ ਕੇ ਪਰਖ ਦੀ ਘੜੀ ਆ ਗਈ। ਕਾਮਰੇਡੀ ਜੀਵਨ ਆਰੰਭ ਕਰਕੇ ਸਿੱਖੀ ਦਾ ਰਸਤਾ ਫੜਦਿਆਂ ਹੀ ਉਹ ਖਾਲਸਾ ਤੋਂ ਸ਼ਹੀਦ ਹੋ ਨਿਬੜਿਆ। ਇਹ ਪਰਖ ਦੀ ਘੜੀ ਉਦੋਂ ਆਈ ਜਦੋਂ ਥਾਣਾ ਝਬਾਲ ਦੇ ਇਕ ਸੈੱਲ ਵਿਚ ਉਸ ਨੂੰ ਤਸੀਹੇ ਦਿੱਤੇ ਗਏ। ਗੱਲ ਸਿਰਫ ਏਨੀ ਸੀ ਕਿ ਸ. ਖਾਲੜਾ ਨੇ ‘ਅਣਪਛਾਤੀਆਂ ਲਾਸ਼ਾਂੱ ਅਤੇ ਝੂਠੇ ਪੁਲਿਸ ਮੁਕਾਬਲਿਆਂ ਸੰਬੰਧੀ ਜੋ ਕਿਹਾ ਹੈ, ਉਹ ਉਸ ਨੂੰ ਵਾਪਸ ਲੈ ਲਵੇ। ਭੰਨੀ ਹੋਈ ਦੇਹ ਰੂਪੀ ਖਾਲੜੇ ਨੂੰ ਅਜੀਤ ਸਿੰਘ ਸੰਧੂ ਨੇ ਆਪਣੇ ਘਰ ਮਾਨਾਂਵਾਲੇ (ਅੰਮ੍ਰਿਤਸਰ) ਵਿਖੇ ਕੇ ਪੀ ਐੱਸ ਗਿੱਲ ਦੇ ਪੇਸ਼ ਕੀਤਾ ਸ. ਖਾਲੜਾ ਸਿੱਖੀ ਦੇ ਰਾਹ ਉੱਤੇ ਚੱਲਦਾ ਹੋਇਆ ਖਾਲਸਾ ਸੋਝੀ ਤਾਈਂ ਪਹੁੰਚ ਚੁੱਕਾ ਸੀ। ਵਕਤ ਅੱਗੇ ਕੇਵਲ ਤੇ ਕੇਵਲ ਸ਼ਹਾਦਤ ਦਾ ਸੀ। ਇਹ ਉਹ ਮਾਰਗ ਸੀ ਜੋ ਗੁਰੂ ਅਰਜਨ ਦੇਵ, ਗੁਰੂ ਤੇਗ ਬਹਾਦਰ, ਛੋਟੇ ਸਾਹਿਬਜ਼ਦਿਆਂ, ਬੰਦਾ ਸਿੰਘ ਬਹਾਦਰ, ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ, ਭਾਈ ਤਾਰੂ ਸਿੰਘ ਅਤੇ ਅਨੇਕ ਹੋਰ ਸਿੱਖ ਸ਼ਹੀਦਾਂ ਨੇ ਪਹਿਲਾਂ ਹੀ ਸਿੱਖ ਇਤਿਹਾਸ ਵਿਚ ਸਿਰਜਿਆ ਹੈ।
ਸ. ਖਾਲੜਾ ਨੂੰ ਵਾਪਸ ਥਾਣਾ ਝਬਾਲ ਦੇ ਸੈੱਲ ਵਿੱਚ ਲਿਆਂਦਾ ਗਿਆ। ਇਕ ਗੋਲੀ ਦੀ ਆਵਾਜ਼ ਸੁਣਾਈ ਦਿੱਤੀ, ਲਾਸ਼ ਲਹੂ ਨਾਲ ਭਿੱਜ ਗਈ। ਦਰਿੰਦਿਆਂ ਨੇ ਲਾਸ਼ ਜਿਪਸੀ ਵਿਚ ਸੁੱਟੀ ਤੇ ਹਰੀ ਕੇ ਪੱਤਣ ਰਾਜਸਥਾਨ ਨਹਿਰ ਵਿਚ ਰੋੜ੍ਹ ਦਿੱਤੀ। ਆਪਣੀ ਆਤਮਾ ਦਾ ਕਸ਼ਟ ਦੂਰ ਕਰਨ ਲਈ ਹਰੀ ਕੇ ਪੱਤਣ ਦੇ ਰੈੱਸਟ ਹਾਊਸ ਵਿਚ ਰੱਜ ਕੇ ਸ਼ਰਾਬ ਪੀਤੀ ਅਤੇ ਸਮਝਿਆ ਇਹ ਗਿਆ ਕਿ ਕਹਾਣੀ ਮੁੱਕ ਗਈ ਹੈ। ਮੂਰਖਾਂ ਨੂੰ ਇਹ ਪਤਾ ਨਹੀਂ ਸੀ ਕਿ ਅਸਲੀ ਕਹਾਣੀ ਸ਼ਹੀਦ ਦੀ ਸ਼ਹੀਦੀ ਪਿੱਛੋਂ ਆਰੰਭ ਹੁੰਦੀ ਹੈ, ਜੋ ਮੁੱਕਦੀ ਨਹੀਂ, ਲੰਮੇ ਸਮੇਂ ਤੱਕ ਲੋਕਾਈ ਵਿਚ ਕੂਕਦੀ ਰਹਿੰਦੀ ਹੈ। ਉਸੇ ਕੂਕ ਵੱਸ ਅਜੀਤ ਸਿੰਘ ਸੰਧੂ ਨੇ ਰੇਲ ਗੱਡੀ ਹੇਠ ਸਿਰ ਦਿਤਾ ਤੇ ਦੋ ਟੋਟੇ ਹੋ ਗਏ। ਇਸ ਨੇ ਕਦੀ ਇਕ ਸੰਤ ਬਾਬੇ ਨੂੰ ਦੋ ਜੀਪਾਂ ਨਾਲ ਇਕ-ਇਕ ਲੱਤ ਬੰਨ੍ਹ ਕੇ ਇਕ ਦੂਜੀ ਦੇ ਉਲਟ ਚਲਾ ਕੇ ਦੋਫਾੜ ਕੀਤਾ ਸੀ… ਪਾਪੀ ਕੇ ਮਾਰਨੇ ਕੋ ਪਾਪ ਮਹਾਂਬਲੀ ਹੈ।।
(ਧੰਨਵਾਦ ਸਹਿਤ ਹਫਤਾਵਾਰੀ “ਅੰਮ੍ਰਿਤਸਰ ਟਾਈਮਜ਼” ਵਿੱਚੋਂ….।)


Post Comment


ਗੁਰਸ਼ਾਮ ਸਿੰਘ ਚੀਮਾਂ