ਇਹ ਲੇਖ ਲਿਖਣ ਦਾ ਕਰਨ ਸਿਰਫ ਇੰਨਾ ਕੁ ਹੀ ਹੈ ਕੇ ਜਿਸ ਮਿਰਜੇ ਦਾ , ਪੰਜਾਬੀ ਲੋਕ ਗਾਇਕੀ , ਪੰਜਾਬ ਨਾਲ ਇੰਨਾ ਗੂਦਾ ਰਿਸ਼ਤਾ ਰਿਹਾ ਹੈ ਓਸ ਦੇ ਅੱਜ ਬਾਰੇ ਵੀ ਲੋਕਾ ਨੂ ਜਾਣੁੰ ਕਰਾਇਆ ਜਾਵੇ , ਬੱਸ ..
ਐਤਕੀਂ ਮੈਂ ਪੱਕੀ ਨੀਤ ਕਰ ਕੇ ਪਾਕਿਸਤਾਨ ਗਿਆ ਸੀ ਕਿ ਮਿਰਜ਼ੇ ਦੇ ਪਿੰਡ ਜ਼ਰੂਰ ਜਾ ਕੇ ਆਉਣਾ ਏ। ਕਈ ਦਿਨ ਤਾਂ ਇਹ ਨਹੀਂ ਪਤਾ ਲੱਗਿਆ ਕਿ ਮਿਰਜ਼ੇ ਦਾ ਪਿੰਡ ਕਿਹੜੇ ਪਾਸੇ ਹੈ। ਪਰ ਜਦੋਂ ਪਤਾ ਲੱਗਿਆ, ਹਰ ਕਿਸੇ ਨੇ ਇਹ ਕਹਿ ਕੇ ਰੋਕ ਦਿੱਤਾ, ਛੱਡੋ ਜੀ, ਉਸ ਇਲਾਕੇ ਵਿਚ ਯੂਸਫ ਸ਼ਾਹੀ ਡਾਕੂ ਰਹਿੰਦਾ ਹੈ, ਜਿਸ ਦਾ ਟੋਲਾ ਘੱਟੋ ਘੱਟ ਤੀਹ ਬੰਦਿਆਂ ਦਾ ਹੈ ਅਤੇ ਤੀਹਾਂ ਕੋਲ ਘੋੜਿਆਂ ‘ਤੇ ਮਣਾਂਮੂੰਹੀ ਅਸਲਾ ਹੈ। ਪੁਲਿਸ ਵੀ ਉਨ੍ਹਾਂ ਕੋਲੋਂ ਕੰਨੀ ਕਤਰਾਉਂਦੀ ਹੈ।” ਇਹ ਸਾਰਾ ਕੁਝ ਜਾਨਣ ਦੇ ਬਾਵਜੂਦ ਪਤਾ ਨਹੀਂ ਕਿਉਂ, ਮੈਂ ਆਪਣੇ ਅੰਦਰਲੇ ਨੂੰ ਨਹੀਂ ਮਨਾ ਸਕਿਆ।
ਅਚਾਨਕ ਇਕ ਦਿਨ ਪ੍ਰਿੰਸੀਪਲ ਗੁਲਾਮ ਰਸੂਲ ਅਜ਼ਾਦ ਭੱਜਿਆ-ਭੱਜਿਆ ਆਇਆ, ਸਰਦਾਰ ਸਾਹਿਬ, ਆਪਣਾ ਮਿਰਜ਼ੇ ਦੇ ਪਿੰਡ ਜਾਣ ਦਾ ਪ੍ਰਬੰਧ ਹੋ ਗਿਆ। ਮੇਰਾ ਪੁਰਾਣਾ ਵਿਦਿਆਰਥੀ ਰਾਏ ਮੁਰਤਬ ਅਲੀ ਸਾਨੂੰ ਉਥੇ ਲੈ ਜਾਏਗਾ। ਯੂਸਫ ਸ਼ਾਹੀ ਉਸ ਦੇ ਅੱਗੇ ਨਹਂ ਆਉਂਦਾ।”
ਅਗਲੇ ਦਿਨ ਸਵੇਰੇ ਹੀ ਰਾਏ ਮੁਰਾਤਬ ਅਲੀ ਦੇ ਪਿੰਡ ਅੰਭਿਆਂ ਵਾਲੀ ਪਹੁੰਚ ਗਏ ਜੋ ਨਨਕਾਣਾ ਸਾਹਿਬ ਤੋਂ ਮਾਂਗਟਾਂਵਾਲੀ ਸੜਕ ਦੇ ਨਾਲ ਚਾਰ ਕੁ ਕਿਲੋਮੀਟਰ ‘ਤੇ ਹੈ। ਜਿਉਂ ਹੀ ਅਸੀਂ ਰਾਏ ਮੁਰਾਤਬ ਅਲੀ ਦੇ ਘਰ ਪਹੁੰਚੇ, ਬਾਹਰ ਖੜ੍ਹੇ ਪਹਿਰੇਦਾਰ ਨੇ ਸਾਨੂੰ ਡੱਕ ਦਿੱਤਾ ਅਤੇ ਸਾਡਾ ਸੁਨੇਹਾ ਲੈ ਕੇ ਅੰਦਰ ਚਲਾ ਗਿਆ। ਅੰਦਰੋਂ ਪ੍ਰਵਾਨਗੀ ਮਿਲਦੇ ਸਾਰ ਹੀ ਸਾਨੂੰ ਭੁੱਲ-ਭੁਲੱਈਆਂ ਦੇ ਵਿਚੋਂ ਲੰਘਾਉਂਦਾ ਹੋਇਆ ਉਹ ਉਸ ਕਮਰੇ ਵਿਚ ਲੈ ਗਿਆ ਜਿੱਥੇ ਮੁਰਾਤਬ ਅਲੀ ਸਾਡਾ ਇੰਤਜ਼ਾਰ ਕਰ ਰਿਹਾ ਸੀ।
ਮੁਰਾਤਬ ਅਲੀ ਦੀ ਆਪਣੀ ਦੁਨੀਆਂ ਹੈ। ਜਿੰਨੀ ਦੇਰ ਨਵਾਜ਼ ਸ਼ਰੀਫ ਦੀ ਪਾਰਟੀ ਦੀ ਸਰਕਾਰ ਹੈ, ਉਸ ਦੀਆਂ ਚੰਮ ਦੀਆਂ ਚੱਲਦੀਆਂ ਹਨ ਅਤੇ ਜਦੋਂ ਸਰਕਾਰ ਕਿਸੇ ਹੋਰ ਪਾਰਟੀ ਦੀ ਆ ਜਾਏ ਤਾਂ ਉਹ ਘਰ-ਬਾਰ ਛੱਡ ਕੇ ਅੰਡਰਗਰਾਊਂਡ ਹੋ ਜਾਂਦਾ ਹੈ। ਕਿਸੇ ਵੇਲੇ ਇਹ ਘਰ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੀ ਸਰਗਰਮੀ ਦਾ ਅੱਡਾ ਵੀ ਰਿਹਾ ਹੈ। ਇਸ ਘਰ ਵਿਚ ਕਿਸੇ ਵੇਲੇ ਪੰਡਤ ਜਵਾਹਰ ਲਾਲ ਨਹਿਰੂ ਅਤੇ ਛੋਟੀ ਉਮਰੇ ਸ਼੍ਰੀਮਤੀ ਇੰਦਰਾ ਗਾਂਧੀ ਵੀ ਗਈ ਸੀ । ਮੁਰਾਤਬ ਅਲੀ ਤਾਇਆ ਜੀ, ਹਾਜ਼ੀ ਮੁਹੰਮਤ ਸਾਦਿਕ ਲੰਮਾ ਸਮਾਂ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਹੇ। ਉਹ ਆਜ਼ਾਦੀ ਤੋਂ ਥੋੜ੍ਹਾ ਸਮਾਂ ਪਹਿਲਾਂ ਹੀ ਮੁਸਲਿਮ ਲੀਗ ਵਿਚ ਸ਼ਾਮਲ ਹੋ ਗਏ ਸਨ।
ਲਾਹੌਰ ਤੋਂ ਲੈ ਕੇ ਕਮਾਲੀਏ ਤੀਕ ਖਰਲਾਂ ਦੇ ਪਿੰਡ ਵੱਡੀ ਗਿਣਤਿ ਵਿਚ ਹਨ। ਇਕ ਇਲਾਕਾ ਗੰਜੀਬਾਰ ਕਹਾਉਂਦਾ ਹੈ। ਖਰਲ ਗੋਤ ਮੁਸਲਮਾਨ ਰਾਜਪੂਤਾਂ ਅਤੇ ਜੱਟਾਂ ਦਾ ਗੋਤ ਹੈ। ਰਾਏ ਮੁਤਾਤਬ ਅਲੀ ਦਾ ਗੋਤ ਵੀ ਖਰਲ ਹੈ। ਖਰਲਾਂ ਨੂੰ ਸ਼ਾਹਜਹਾਨੀਆ ਫਕੀਰ ਨੇ ਪ੍ਰੇਰਨਾ ਰਾਹੀਂ ਮੁਸਲਮਾਨ ਬਣਾਇਆ ਸੀ। ਅੱਜ ਵੀ ਜਦੋਂ ਖਰਲਾਂ ਦੇ ਬੱਚਾ ਜੰਮਦਾ ਹੈ ਤਾਂ ਸ਼ਾਹਜਹਾਨੀਆਂ ਦੇ ਚੇਲੇ ਇਨ੍ਹਾਂ ਤੋਂ ਨਜ਼ਰਾਨਾ ਲੈਂਦੇ ਹਨ। ਖਰਲਾਂ ਦੇ ਅੱਗੇ ਇੱਕੀ ਉਪ ਗੋਤ ਹਨ, ਸ਼ਾਹੀ ਕੇ, ਨੂੰਹੇ ਕੇ, ਵੇਜ਼ੇ ਕੇ ਆਦਿ। ਮਿਰਜ਼ੇ ਜੱਟ ਦਾ ਸਬੰਧ ਖਰਲਾਂ ਵਿਚੋਂ ਸ਼ਾਹੀ ਗੋਤ ਨਾਲ ਹੈ। ਖਰਲਾਂ ਦੀ ਬੋਲੀ ਜਾਂਗਲੀ ਹੈ।
ਜਿਉਂ ਹੀ ਅਸੀਂ ਅੰਭਿਆਂ ਵਾਲੀ ਤੋਂ ਤੁਰ ਕੇ ਜੜਾਂਵਾਲਾ ਦੇ ਨੇੜੇ ਇਕ ਕਸਬੇ ਵਿਚ ਰੁਕੇ, ਲੋਕੀ ਮੇਰੀ ਪਗੜੀ ਵੇਖ ਕੇ ਦੁਆਲੇ ਹੋ ਗਏ। ਲੋਕਾਂ ਨੇ ਚਾਹ-ਪਾਣੀ ਪੀਣ ਲਈ ਜ਼ਿਦ ਕੀਤੀ। ਨਾਂਹ-ਨੁੱਕਰ ਕਰਨ ਦੇ ਬਾਵਜੂਦ ਉਨ੍ਹਾਂ ਦੇ ਦੁੱਧ-ਸੋਢੇ ਦੇ ਗਲਾਸ ਸਾਡੇ ਹੱਥਾਂ ਵਿਚ ਫੜਾ ਦਿੱਤੇ। ਜਦੋਂ ਉਨ੍ਹਾਂ ਨੂੰ ਸਾਡਾ ਮਿਰਜ਼ੇ ਦੇ ਪਿੰਡ ਜਾਣ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਇਕਦਮ ਸਾਨੂੰ ਉਥੇ ਜਾਣ ਤੋਂ ਵਰਜਿਆ ਕਿ ਉਹ ਤਾਂ ਯੂਸਫ ਸ਼ਾਹੀ ਡਾਕੂ ਦਾ ਇਲਾਕਾ ਹੈ। ਮੇਰੇ ਕੋਲ ਖੜ੍ਹਾ ਮੁਰਾਤਬ ਅਲੀ ਬੋਲ ਉਠਿਆ, ਕੋਈ ਗੱਲ ਨਹੀਂ, ਅੱਲਾ ਭਲੀ ਕਰਸੀ।” ਜਿਉਂ ਹੀ ਲੋਕਾਂ ਨੂੰ ਪਤਾ ਲੱਗਾ ਕਿ ਇਹ ਮੁਰਾਤਬ ਅਲੀ ਹੈ, ਤਦ ਝੱਟ ਸਾਰਿਆਂ ਨੇ ਕਿਹਾ, ਫਿਰ ਕੋਈ ਖਤਰਾ ਨਹੀਂ। ਤੁਰਨ ਲੱਗਿਆਂ ਗੁਲਾਮ ਰਸੂਲ ਆਜ਼ਾਦ ਨੇ ਇਕ ਵਿਅਕਤੀ ਨੂੰ ਪੁਛਿਆ,ਤੇਰੀ ਕਿਹੜੀ ਜਾਤ ਹੈ।” ਉਸ ਨੇ ਝੱਟ ਕਿਹਾ, ਬਲੋਚ।” ਗੁਲਾਮ ਰਸੂਲ ਆਜ਼ਾਦ ਨੇ ਟਕੋਰ ਮਾਰੀ, ਤੁਸੀਂ ਵੀ ਸੱਸੀ ਨਾਲ ਘੱਟ ਨਹੀਂ ਕੀਤੀ। ਉਹ ਵਿਅਕਤੀ ਬਲੋਚਾਂ ਦੀ ਪਿੰਠ ਨਹੀਂ ਸੀ ਲੱਗਣ ਦੇਣੀ ਚਾਹੁੰਦਾ। ਉਸ ਨੇ ਆਲਾ-ਦੁਆਲਾ ਵੇਖ ਕੇ ਜਵਾਬ ਦਿੱਤਾ,ਗੱਲ ਤੋਂ ਹੀ ਵੇਖੋ, ਅਖੀਰ ਸਾਡੇ ਬਜ਼ੁਰਗ ਦੀ ਕਬਰ ਵੀ ਤਾਂ ਸੱਸੀ ਦੇ ਨਾਲ ਬਣੀ ਹੈ।” ਉਸ ਦੀ ਗੱਲ ਸੁਣ ਕੇ ਸਾਰੇ ਹੱਸ ਪਏ।
ਅਸੀਂ ਮਿਰਜ਼ੇ ਦੀ ਕਬਰ ਦਾ ਰਸਤਾ ਪੁੱਛ ਕੇ ਨਹਿਰ ਦੀ ਪਟੜੀ ਪੈ ਗਏ। ਇਹ ਨਹਿਰ ਲਾਇਲਪੁਰ ਤੋਂ ਕੱਢ ਕੇ ਰਾਵੀ ਵਿਚ ਸੁੱਟੀ ਗਈ ਹੈ। ਇਹ ਇਲਾਕੇ ਦੀ ਸੇਮ ਦਾ ਪਾਣੀ ਖਿੱਚ ਕੇ ਰਾਵੀ ਵਿਚ ਪਾਉਂਦੀ ਹੈ। ਕੁਝ ਕਿਲੋਮੀਟਰ ਜਾਣ ਉੱਤੇ ਪਤਾ ਲੱਗਿਆ ਕਿ ਨਹਿਰ ਦੇ ਦੂਜੇ ਪਾਸੇ ਚਾਰ ਕੁ ਫਰਲਾਂਗ ਉੱਤੇ ਮਿਰਜ਼ੇ ਦੀ ਕਬਰ ਹੈ। ਦੂਰ ਤੱਕ ਨਹਿਰ ਉੱਤੇ ਕੋਈ ਪੁਲ ਨਜ਼ਰ ਨਹੀਂ ਸੀ ਆ ਰਿਹਾ ਅਤੇ ਨਾ ਹੀ ਉਸ ਕਬਰ ਨੂੰ ਕੋਈ ਰਸਤਾ ਮਿਲਾਉਂਦਾ ਸੀ। ਆਖਿਰ ਅਸੀਂ ਨਹਿਰ ਦੇ ਆਰ-ਪਾਰ ਪਈਆਂ ਲੋਹੇ ਦੀਆਂ ਨਾਲਾਂ ਉੱਤੋਂ ਦੀ ਹੌਲੀ-ਹੌਲੀ ਪੈਰ ਘਸਰਾਉਂਦੇ ਹੋਏ ਦੂਜੇ ਪਾਸੇ ਪਹੁੰਚ ਗਏ।
ਮਿਰਜ਼ੇ ਦੀ ਕਬਰ ਜ਼ਿਲ੍ਹਾ ਲਾਇਲਪੁਰ ਤਹਿਸੀਲ ਜੜ੍ਹਾਂਵਾਲਾ, ਚੱਕ ਨੰਬਰ 585, ਪਿੰਡ ਸੌਣੇ ਦੀ ਵਾਂ ਵਿਚ ਹੈ। ਮਿਰਜ਼ੇ ਦੀ ਕਬਰ ਦੇ ਨਾਲ ਦੋ ਕਬਰਾਂ ਹੋਰ ਹਨ, ਇਕ ਸਾਹਿਬਾਂ ਦੀ ਅਤੇ ਦੂਜੀ ਬੱਕੀ ਦੀ। ਮਿਰਜ਼ੇ ਦਾ ਪਿੰਡ ਕਬਰਾਂ ਤੋਂ ਤਿੰਨ ਕੁ ਮੀਲ ਦੇ ਫਾਸਲੇ ਉੱਤੇ ਦਾਨਾਬਾਦ ਹੈ, ਜਿਹੜਾ ਜ਼ਿਲ੍ਹਾ ਸ਼ੇਖਪੂਰਾ ਵਿਚ ਪੈਂਦਾ ਹੈ। ਅੱਜਕਲ੍ਹ ਮਿਰਜ਼ੇ ਦੇ ਖਾਨਦਾਨ ਦੇ ਲੋਕ ਪਿੰਡ ਸ਼ਾਹੀਕੇ ਵਿਚ ਰਹਿੰਦੇ ਹਨ, ਜੋ ਦਾਨਾਬਾਦ ਤੋਂ ਦੋ ਤਿੰਨ ਕਿਲੋਮੀਟਰ ਹਟਵਾਂ ਰਾਵੀ ਦੇ ਕੰਢੇ ਉੱਤੇ ਵੱਸਿਆ ਹੈ। ਮਿਰਜ਼ੇ ਦੀ ਕਬਰ ਤੋਂ ਕੋਈ ਦਸ ਕੁ ਗਜ਼ ਦੇ ਫਾਸਲੇ ਉੱਤੇ ਉਹ ਜੰਡ ਖੜ੍ਹਾ ਹੈ ਜਿਸ ਹੇਠਾਂ ਮਿਰਜ਼ਾ ਸੁੱਤਾ ਹੋਇਆ ਕਤਲ ਕੀਤਾ ਗਿਆ ਸੀ। 40-50 ਗਜ਼ ਦੇ ਫਾਸਲੇ ਉੱਤੇ ਉਹ ਛੱਪੜ ਹੈ, ਜਿਸ ਵਿਚ ਵੀਰ-ਸ਼ਮੀਰ ਦੇ ਕੁੱਤਿਆਂ ਦੇ ਵੜਨ ਦਾ ਪੀਲੂ ਦੇ ਕਿੱਸੇ ਵਿਚ ਜ਼ਿਕਰ ਕੀਤਾ ਗਿਆ ਹੈ। ਇਨ੍ਹਾਂ ਕਬਰਾਂ ਉੱਤੇ ਦਸ ਚੇਤ ਨੂੰ ਮੇਲਾ ਲਗਦਾ ਹੈ। ਸ਼ਾਇਦ ਇਹੀ ਦਿਨ ਮਿਰਜ਼ੇ ਦੇ ਕਤਲ ਦਾ ਹੋਵੇਗਾ।
ਮੈਨੂੰ ਓਸ ਜਗ੍ਹਾ ‘ਤੇ ਪਹੁੰਚ ਕੇ ਬੜਾ ਮਾਣ ਮਹਿਸੂਸ ਹੋਇਆ, ਜਿੱਥੇ ਮਿਰਜ਼ੇ ਵਾਲਾ ਜੰਡ ਜਿਉਂ ਦਾ ਤਿਉਂ ਸਬੂਤਾ ਖਲੋਤਾ ਸੀ। ਕਦੇ ਦਿੱਲੀ ਆਡੋਟੋਰੀਅਮ ਵਿਚ ਲੋਕ-ਗਾਇਕ ਜਗਤ ਸਿੰਘ ਜੱਗਾ ਨੇ ਤੇ ਨਰਿੰਦਰ ਬੀਬਾ ਨੇ ਬੜੇ ਜਲਾਲ ਵਿਚ ਮਿਰਜ਼ਾ ਗਾਇਆ ਸੀ। ਜੱਗਾ ਚਿੱਟੀ ਘੋੜੀ ਤੇ ਚੜ੍ਹ ਕੇ ਹਾਲ ਦੀ ਸਟੇਜ ‘ਤੇ ਪਹੁੰਚਿਆ ਸੀ। ਬਣਿਆ ਤਣਿਆ ਮਿਰਜ਼। ਏਸ ਪੇਸ਼ਕਾਰੀ ਦੀ ਕਈ ਸਾਲ ਬਾਅਦ ਤੀਕ ਵੀ ਚਰਚਾ ਹੁੰਦੀ ਰਹੀ। ਪਰ ਮੈਂ ਤੇ ਸੱਚਮੁਚ ਉਸ ਜਗ੍ਹਾ ‘ਤੇ ਖੜ੍ਹਾ ਸੀ ਜਿੱਥੇ ਮਿਰਜ਼ਾ ਸਾਹਿਬ ਸਮੇਤ ਬੱਕੀ ‘ਤੇ ਚੜ੍ਹ ਕੇ ਆਇਆ ਸੀ। ਮੈਂ ਸੋਚ ਰਿਹਾ ਸੀ ਆਦਮਜ਼ਾਤ ‘ਤੇ ਭਰੋਸਾ ਕਰਦਿਆਂ ਸਾਹਿਬਾਂ ਵਫਾ ਕਮਾ ਕੇ ਵੀ ਬੇਵਫਾਈ ਦਾ ਕਲੰਕ ਮੱਥੇ ਲੁਆ ਗਈ। ਮਿਰਜ਼ੇ ਨੂੰ ਕੋਹਣ ਤੋਂ ਬਾਅਦ ਅੰਮਾਂ ਜਾਇਆਂ ਨੇ ਖੁਦ ਆਪਣੇ ਹੱਥਾਂ ਨਾਲ ਸਾਹਿਬਾਂ ਨੂੰ ਏਸੇ ਜੰਡ ਨਾਲ ਫਾਹੇ ਲਾ ਦਿੱਤਾ।
ਮੈਂ ਕਿੰਨੀ ਦੇਰ ਓਸ ਖੋਖਲੇ ਹੋਏ ਜੰਡ ਵੱਲ ਵੇਖਦਾ ਰਿਹਾ ਕਿ ਕਿਸ ਤਰ੍ਹਾਂ ਇਥੇ ਮਿਰਜ਼ੇ ਨੇ ਆਪਣੇ ਤੀਰ-ਕਮਾਨ ਟੰਗੇ ਹੋਣਗੇ, ਕਿਸ ਤਰ੍ਹਾਂ ਸਾਹਿਬਾਂ ਨੇ ਮਿਰਜ਼ੇ ਦੀ ਬਹਾਦਰੀ ਤੋਂ ਡਰਦਿਆਂ ਆਪਣੇ ਭਰਾਵਾਂ ਦੇ ਮੋਹ ਵਿਚ ਆ ਕੇ ਤੀਰ-ਕਮਾਨ ਤੋੜੇ ਹੋਣਗੇ, ਕਿਸ ਜੋਸ਼ ਨਾਲ ਮਿਰਜ਼ਾ ਦੁਸ਼ਮਣਾਂ ਦਾ ਮੁਕਾਬਲਾ ਕਰਨ ਵਾਸਤੇ ਉੱਠ ਕੇ ਗੱਜਿਆ ਹੋਵੇਗਾ ਅਤੇ ਆਪਣੇ ਟੁੱਟੇ ਹੋਏ ਤੀਰਾਂ ਨੂੰ ਵੇਖ ਕੇ ਲਾਚਾਰ ਹੋਇਆ ਸਾਹਿਬ ਦਾ ਕੋਸਦਾ ਮਾਂ-ਜੰਮੇ ਭਰਾਵਾਂ ਨੂੰ ਯਾਦ ਕਰਦਾ ਹੋਵੇਗਾ। ਉਹ ਕਿਸ ਤਰ੍ਹਾਂ ਦੀ ਘੜੀ ਹੋਵੇਗੀ, ਜਦੋਂ ਸਾਹਿਬ ਦੀ ਜਾਨ ਬਚਾਉਣ ਲਈ ਮਿੰਨਤਾਂ-ਤਰਲੇ ਕਰਦੀ ਹੋਵੇਗੀ। ਜਿੰਨੀ ਦੇਰ ਮੈਂ ਉੱਥੇ ਰੁਕਿਆ ਰਿਹਾ। ਇਹ ਸਾਰਾ ਦ੍ਰਿਸ਼ ਮੇਰੇ ਦਿਮਾਗ ਵਿਚ ਘੁੰਮਦਾ ਰਿਹਾ। ਮੈਨੂੰ ਇਹ ਵੇਖ ਕੇ ਅਫਸੋਸ ਹੋਇਆ, ਖੋਖਲੇ ਹੋਏ ਜੰਡ ਦੀ ਕੋਈ ਸੰਭਾਲ ਨਹੀਂ ਸੀ ਅਤੇ ਉਹ ਹਵਾ ਦੇ ਤੇਜ਼ ਬੁੱਲ੍ਹੇ ਨਾਲ ਢਹਿ ਢੇਰੀ ਹੋ ਸਕਦਾ ਹੈ। ਜਿਸ ਮਿਰਜ਼ੇ ਦੀ ਗਾਥਾ ਗਾ ਕੇ ਗਵੱਈਆ ਨੇ ਲੱਖਾਂ ਰੁਪਏ ਕਮਾ ਲਏ, ਉਹ ਮਿਰਜ਼ਾ ਪਿੱਲੀਆਂ ਇੱਟਾਂ ਦੇ ਚਾਰ ਕੁ ਟੋਕਰਿਆਂ ਹੇਠ ਸਿਮਟਿਆ ਪਿਆ ਸੀ।
ਸਾਨੂੰ ਵੇਖ ਕੇ ਉਥੇ ਕੁਝ ਲੋਕ ਹੋਰ ਇਕੱਠੇ ਹੋ ਗਏ। ਮੈਂ ਉਨ੍ਹਾਂ ਨੂੰ ਪੁੱਛਿਆ, ਤੁਹਾਡੇ ਵਿਚੋਂ ਖਰਲ ਕਿਹੜਾ-ਕਿਹੜਾ ਹੈ।” ਸਾਰਿਆਂ ਨੇ ਜਵਾਬ ਦਿੱਤਾ, ਅਸੀਂ ਸਾਰੇ ਹੀ ਖਰਲ ਹਾਂ।” ਮੈਂ ਉਨ੍ਹਾਂ ਨੂੰ ਪੁੱਛਿਆ, ਓਏ ਖਰਲੋ, ਇਸ ਜੰਡ, ਛੱਪੜ ਅਤੇ ਕਬਰਾਂ ਦਾ ਪੰਜਾਬ ਦੇ ਹਰ ਅਖਾੜੇ ਵਿਚ ਜ਼ਿਕਰ ਹੁੰਦਾ ਹੈ, ਤੁਸੀਂ ਇਸ ਦਾ ਮੂੰਹ ਮੱਥਾ ਨਹੀਂ ਬਣਾ ਸਕਦੇ?” ਉਨ੍ਹਾਂ ਨੇ ਝੱਟ ਦੋਸ਼ੀਆਂ ਵਾਂਗ ਜਵਾਬ ਦਿੱਤਾ, ḔḔਗੱਲ ਤਾਂ ਸਰਦਾਰ ਸਾਹਿਬ ਤੁਹਾਡੀ ਬਿਲਕੁਲ ਠੀਕ ਹੈ। ਤੁਸੀਂ ਅਗਲੀ ਵੇਰੀ ਚੇਤਰ ਦੇ ਮੇਲੇ ਵਿਚ ਆਇਓ, ਕਬਰਾਂ ਅੱਛੀ ਹਾਲ ਵਿਚ ਹੋਣਗੀਆਂ।”
ਮੈਂ ਉਨ੍ਹਾਂ ਲੋਕਾਂ ਕੋਲੋਂ ਮਿਰਜ਼ੇ ਖਾਨਦਾਨ ਦੇ ਬੰਦਿਆਂ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ। ਉਨ੍ਹਾਂ ਨੇ ਜਵਾਬ ਦਿੱਤਾ, ਉਨ੍ਹਾਂ ਨੂੰ ਮਿਲਣਾ ਬੜਾ ਮੁਸ਼ਕਲ ਹੈ। ਉਨ੍ਹਾਂ ਦੀ ਆਪਸੀ ਦੁਸ਼ਮਣੀ ਵਿਚ ਦਰਜਨਾਂ ਕਤਲ ਹੋ ਗਏ ਨੇ। ਜ਼ਿਆਦਾਤਰ ਲੋਕੀਂ ਛੁਪ ਕੇ ਰਹਿੰਦੇ ਨੇ।” ਇਨ੍ਹਾਂ ਲੋਕਾਂ ਨੂੰ ਮੈਂ ਯੂਸਫ ਸ਼ਾਹੀ ਡਾਕੂ ਬਾਰੇ ਪੁਛਿਆ, ਤੁਹਾਨੂੰ ਉਸ ਤੋਂ ਡਰ ਨਹੀਂ ਆਉਂਦਾ।” ਉਨ੍ਹਾਂ ਨੇ ਕਿਹਾ, ਡਰ ਕਿਸ ਗੱਲ ਦਾ, ਉਹ ਤਾਂ ਅਮੀਰਾਂ ਨੂੰ ਲੁੱਟਦਾ ਹੈ, ਸਾਡੀ ਕਈ ਵੇਰ ਮਦਦ ਵੀ ਕਰ ਦਿੰਦਾ ਏ।”
ਦਿਨ ਛਿਪਣ ਉੱਤੇ ਆਇਆ ਸੀ। ਅਸੀਂ ਲੋਕਾਂ ਨੂੰ ਸਲਾਮ ਕਹਿ ਕੇ ਗੱਡੀਆਂ ਵਾਲੇ ਪਾਸੇ ਤੁਰ ਪਏ। ਜਿਉਂ ਹੀ ਗੱਡੀਆਂ ਤੁਰੀਆਂ, ਮੈਨੂੰ ਕਿੱਕਰਾਂ ਦੇ ਝੁੰਡ ਪਿੱਛੋ ਧੂੜ ਉਡਦੀ ਨਜ਼ਰ ਆਈ। ਝੱਟ ਖਿਆਲ ਆਇਆ, ਇਹ ਜ਼ਰੂਰ ਯੂਸਫ ਸ਼ਾਹੀ ਡਾਕੂ ਦੇ ਘੋੜਿਆਂ ਦੀ ਧੂੜ ਹੋਵੇਗੀ। ਡਰ ਵਾਲੀ ਗੱਲ ਇਹ ਸੀ ਕਿ ਗੱਡੀਆਂ ਵੀ ਉਸੇ ਪਾਸੇ ਵੱਲ ਜਾ ਰਹੀਆਂ ਸਨ। ਮੇਰੇ ਜ਼ਿਹਨ ਵਿਚ ਕਈ ਤਰਾਂ ਦੇ ਸਵਾਲ ਆ ਰਹੇ ਸਨ। ਜੇ ਯੂਸਫ ਸ਼ਾਹੀ ਸਾਡੇ ਗਲ ਪਿਆ ਤਾਂ ਅਸੀਂ ਕੀ ਕਰਾਂਗੇ। ਪਰ ਫਿਰ ਸੋਚਿਆਂ ਕਿ ਰਾਹੇ ਮੁਰਾਤਬ ਅਲੀ ਸਾਡੇ ਨਾਲ ਹੈ। ਪਰ ਜੇ ਇਨ੍ਹਾਂ ਦਾ ਮੁਕਾਬਲਾ ਹੋ ਗਿਆ ਤਾਂ ਮੁਸ਼ਕਲ ਬਣ ਜਾਵੇਗੀ। ਫਿਰ ਸੋਚਿਆ, ਕਹਿ ਦਿਆਂਗੇ, ਅਸੀਂ ਤਾਂ ਤੇਰੇ ਬਜ਼ੁਰਗ ਦੀ ਕਬਰ ਉੱਤੇ ਹੀ ਜਾ ਕੇ ਆਏ ਹਾਂ। ਇਸ ਤਰ੍ਹਾਂ ਦੀਆਂ ਸੋਚਾਂ ਵਿਚ ਮੈਂ ਘੜੀ ਮੁੜੀ ਗਰਦਨ ਬਾਹਰ ਕੱਢ ਕੇ ਉਸ ਧੂੜ ਵੱਲ ਝਾਕ ਰਿਹਾ ਸੀ।
ਅਚਾਨਕ ਕਿੱਕਰਾਂ ਦੇ ਝੁੰਡ ਵਿਚੋਂ ਇਕ ਸੋਟੀ ਵਰਗਾ ਹਥਿਆਰ ਨਿਕਲਿਆ। ਮੈਂ ਅੰਦਾਜ਼ਾ ਲਾ ਰਿਹਾ ਸੀ ਕਿ ਇਹ ਕੀ ਹਥਿਆਰ ਹੋ ਸਕਦਾ ਹੈ। ਝੱਟ ਧੂੜ ਉਡਾਉਂਦੀਆਂ ਬੱਕਰੀਆਂ ਕਿੱਕਰਾਂ ਦੇ ਝੁੰਡ ਤੋਂ ਬਾਹਰ ਆ ਗਈਆਂ। ਮੇਰੇ ਸਾਹ ਵਿਚ ਸਾਹ ਆਇਆ।
ਹਰਨੇਕ ਸਿੰਘ ਘੰੜੂਆਂ..