ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Tuesday, April 24, 2012

ਵਿਸਰਦਾ ਵਿਰਸਾ ਮੰਜਾ ਤੇ ਨਵਾਰੀ ਪਲੰਘ


ਟੁਟੀ ਮੰਜੀ ਵਾਣ ਪੁਰਾਣਾ, ਵਿੱਚ ਦੀ ਦਿਸਦੇ ਤਾਰੇਹੁਣ ਤਾਂ ਸੌਣ ਲਈ ਪਲਾਈ ਦੇ ਬਣੇ ਹੋਏ ਬੈੱਡ ਜਾਂ ਲੋਹੇ ਦੇ ਮੰਜੇ ਬਣ ਗਏ ਹਨ ਪਰ ਕਿਸੇ ਵੇਲੇ ਵਾਣ ਦੇ ਮੰਜੇ ਅਤੇ ਨਵਾਰੀ ਪਲੰਘ ਹੋਇਆ ਕਰਦੇ ਸਨ। ਮੰਜੇ ਅਤੇ ਪਲੰਘ ਦੀ ਬਣਤਰ ਬੇਸ਼ੱਕ ਇੱਕੋ ਇੱਕੋ ਜਿਹੀ ਸੀ ਪਰ ਪਲੰਘ ਦਾ ਰੁਤਬਾ ਉੱਚਾ ਹੁੰਦਾ ਸੀ ਅਤੇ ਮੰਜਾ ਜਿਆਦਾ ਵਰਤੋਂ ਵਿੱਚ ਹੋਣ ਕਰਕੇ ਵੀ ਰੁਤਬੇ ਵਿੱਚ ਨੀਵਾਂ ਹੀ ਰਿਹਾ ਹੈ। ਕਿਸੇ ਆਏ ਗਏ ਤੇ ਪਲੰਘ ਨੂੰ ਤਰਜੀਹ ਦਿੱਤੀ ਜਾਂਦੀ ਸੀ ਜਦੋਂ ਕਿ ਘਰੇ਼ਲੂ ਕੰਮਾਂ ਕਾਰਾਂ ਜਾਂ ਵਰਤੋਂ ਲਈ ਮੰਜਾ ਹੀ ਪ੍ਰਧਾਨ ਸੀ। ਪਰ ਦਾਜ ਵਿੱਚ ਜਿਆਦਾਤਰ ਨਵਾਰੀ ਪਲੰਗ ਜਾਂ ਸੂਤੜੀ ਦੇ ਬੁਣੇ ਹੋਏ ਮੰਜਿਆਂ ਨੂੰ ਦਿੱਤਾ ਜਾਂਦਾ ਸੀ। ਵਾਣ ਦਾ ਮੰਜਾ ਸਿਰਫ਼ ਘਰੇਲੂ ਵਰਤੋਂ ਲਈ ਵਰਤਿਆ ਜਾਂਦਾ ਸੀ। ਸੋਹਣੇ ਬਣਾਏ ਹੋਏ ਸੂਤੜੀ ਦੇ ਮੰਜੇ ਜਾਂ ਪਲੰਘ ਆਮ ਤੌਰ ਤੇ ਘਰ ਦੀ ਬੈਠਕ ਵਿੱਚ ਡਾਹੇ ਜਾਂਦੇ ਸੀ ਜਿਸ ਨੂੰ ਆਏ ਗਏ ਪ੍ਰਾਹੁਣਿਆਂ ਲਈ ਵਰਤਿਆ ਜਾਂਦਾ ਸੀ। ਸੋਹਣੀ ਕਢਾਈਦਾਰ ਚਾਦਰ ਵਾਲਾ ਬਿਸਤਰਾ ਵਿਛਾ ਕੇ ਇਨਾਂ ਨੂੰ ਸਜਾਇਆ ਜਾਂਦਾ ਸੀ।
ਡਿਜ਼ਾਈਨਦਾਰ ਮੰਜਾ ਜਿਸ ਦੀ ਬੁਣਾਈ ਨਵਾਰ ਨਾਲ ਕੀਤੀ ਜਾਂਦੀ ਸੀ ਇਸ ਨੂੰ ਨਵਾਰੀ ਪਲੰਘ ਕਿਹਾ ਜਾਦਾ ਸੀ। ਪਲੰਘ ਦਾ ਇੱਕ ਹੋਰ ਵਾਧਾ ਇਹ ਹੁੰਦਾ ਸੀ ਇਸ ਨੂੰ ਲੱਕੜ ਦੇ ਫੱਟੇ ਦੀ ਢੋਅ ਲਾਈ ਹੁੰਦੀ ਸੀ , ਜੋ ਅੱਜ ਕੱਲ ਦੇ ਡਬਲ ਬੈੱਡਾਂ ਨੂੰ ਵੀ ਲਗਾਈ ਜਾਂਦੀ ਹੈ।ਮੰਜਾ ਜਿਸਨੂੰ ਵਾਣ ਨਾਲ ਉਣਿਆ ਜਾਦਾ ਸੀ। ਮੰਜਾ ਉਣਨ ਲਈ ਵਾਣ ਤੋਂ ਬਾਅਦ ਸਣ ਹੁੰਦੀ ਸੀ ਜੋ ਵਾਣ ਨਾਲੋਂ ਮੁਲਾਇਮ ਹੁੰਦੀ ਸੀ ਅਤੇ ਸਣ ਤੋਂ ਬਾਅਦ ਸੂਤੜੀ ਹੁੰਦੀ ਸੀ ਜਿਸ ਨੂੰ ਘਰ ਦੇ ਸੂਤ ਦੁਆਰਾ ਸੁਆਣੀਆਂ ਕੱਤ, ਵੱਟ ਕੇ ਤਿਆਰ ਕਰਿਆ ਕਰਦੀਆਂ ਸਨ। ਇਨਾਂ ਨੂੰ ਪਿੰਡ ਦੇ ਕਾਰੀਗਰ ਬੜੀ ਰੀਝ ਨਾਲ ਬਣਾਇਆ ਕਰਦੇ ਸਨ। ਲੱਕੜ ਦਾ ਮੰਜਾ ਜਿਸ ਦੀਆਂ ਬਾਹੀਆਂ ਤੇ ਸੇਰੂ ਟਾਹਲੀ, ਫਲਾਹ ਜਾਂ ਬੇਰੀ ਦੀ ਲੱਕੜ ਦੇ ਬਣਾਏ ਜਾਂਦੇ ਸਨ ਅਤੇ ਇਸ ਦੇ ਪਾਵੇ ਤੂਤ ਦੇ ਮੁੱਢ ਦੀ ਲੱਕੜ ਦੇ ਬਣਾਏ ਜਾਂਦੇ ਸਨ।ਜੋ ਕਿ ਮੀਂਹ ਧੁੱਪ ਜਾਂ ਠੰਡ ਵਿੱਚ ਪਾਟਦੇ ਨਹੀਂ ਸਨ ਅਤੇ ਘੁਣ ਵੀ ਨਹੀਂ ਸੀ ਲੱਗਦਾ।ਇਨਾਂ ਪਾਵਿਆਂ ਨੂੰ ਆਰੇ ਤੇ ਚਰਾਈ ਕਰਨ ਤੋਂ ਬਆਦ ਖਰਾਦ ਤੇ ਚਾੜ੍ਹ ਕੇ ਖਰਾਦੇ ਜਾਂਦੇ ਸੀ ਅਤੇ ਪਾਵੇ ਦਾ ਰੂਪ ਹੀ ਬਦਲ ਕੇ ਰੱਖ ਦਿੱਤਾ ਜਾਂਦਾ ਸੀ ਤੇ ਇਸ ਉੱਪਰ ਹੱਥ ਨਾਲ ਨਕਾਸ਼ੀ ਵੀ ਕੀਤੀ ਜਾਂਦੀ ਸੀ। ਫਿਰ ਇਸ ਨੂੰ ਤਰਖਾਣ ਠੋਕਣ ਵੇਲੇ ਇਸ ਵਿੱਚ ਫਾ਼ਲ ਆਦਿ ਲਾਉਣ ਤੋਂ ਗੁਰੇਜ਼ ਕਰਦਾ ਸੀ ਤਾਂ ਕਿ ਮੰਜੇ ਦੀਆਂ ਚੂਲਾਂ ਚੂੰ ਚਾਂ ਨਾ ਕਰਨ। ਪਰ ਜੇਕਰ ਬਾਹੀ ਜਾਂ ਸੇਰੂ ਥੋੜਾ ਜਿਹਾ ਢਿੱਲਾ ਹੋਵੇ ਤਾਂ ਇਸ ਨੂੰ ਫਾਲ ਠੋਕ ਕੇ ਹੀ ਫਿੱਟ ਕੀਤਾ ਜਾਂਦਾ ਸੀ।ਭਾਵ ਮੰਜੇ ਦਾ ਫਰੇਮ ਤਿਆਰ ਕੀਤਾ ਜਾਂਦਾ ਸੀ। ਮੰਜਾ ਉਣਨ ਵੇਲੇ ਪਹਿਲਾਂ ਇਸ ਦੀ ਦੰਦੀ ਬੰਨੀ ਜਾਦੀ ਸੀ ਤੇ ਇਸ ਨੂੰ ਵੱਟ ਦੇ ਕੇ ਇਸ ਵਿੱਚ ਡੰਡਾ ਫਸਾ ਦਿੱਤਾ ਜਾਂਦਾ ਸੀ ਤਾਂ ਕਿ ਇਸ ਦੀ ਦੰਦੀ ਖੁੱਲ ਨਾ ਸਕੇ। ਫਿਰ ਜੀ ਪਾ ਕੇ ਸੰਗਿਆਂ ਵਾਲਾ ਮੰਜਾ ਉਣਿਆ ਜਾਂਦਾ ਸੀ ਪਰ ਨਵਾਰੀ ਪਲੰਘ ਨੂੰ ਦੰਦੀ ਜਾਂ ਜੀਅ ਨਹੀਂ ਸੀ ਪਾਇਆ ਜਾਂਦਾ। ਸੂਤੜੀ ਦੇ ਮੰਜੇ ਨੂੰ ਵੀ ਜੀਅ ਨਹੀਂ ਸੀ ਪਾਇਆ ਜਾਂਦਾ ਕਿਉਂਕਿ ਇਹ ਕੁੰਡੀਆਂ ਤੇ ਹੱਥੇ ਨਾਲ ਉਣਿਆ ਜਾਂਦਾ ਸੀ, ਜਿਸ ਤਰਾਂ ਦਰੀ ਉਣੀ ਜਾਂਦੀ ਸੀ।ਦੰਦੀ ਨਾਲ ਦੌਣ (ਪੈਂਦ) ਪਾਕੇ ਮੰਜੇ ਨੂੰ ਕੱਸਿਆ ਜਾਂਦਾ ਸੀ। ਸੂਤੜੀ ਦੇ ਮੰਜੇ ਨੂੰ ਉਣਦੇ ਸਮੇਂ ਇਸ ਵਿੱਚ ਕਈ ਪ੍ਰਕਾਰ ਦੇ ਫੁੱਲ ਬੂਟੇ ਆਦਿ ਪਾਏ ਜਾਦੇ ਸਨ ਅਤੇ ਸੂਤੜੀ ਨੂੰ ਕਈ ਪ੍ਰਕਾਰ ਦੇ ਰੰਗਾਂ ਨਾਲ ਰੰਗਿਆਂ ਜਾਂਦਾ ਸੀ।ਜਿਸ ਨਾਲ ਸੂਤੜੀ ਰੰਗਦੇ ਸਮੇਂ ਸਾਰਾ ਘਰ ਰੰਗਲੀ ਸੂਤੜੀ ਨਾਲ ਭਰ ਜਾਂਦਾ ਸੀ।
ਮੰਜਾ ਪੰਜਾਬੀ ਸਭਿਆਚਾਰ ਦੇ ਬੜਾ ਨਜ਼ਦੀਕ ਹੋਇਆ ਕਰਦਾ ਸੀ। ਜਿਸ ਦੀਆਂ ਕਈ ਉਦਾਹਰਨਾਂ ਹਨ ਜਿਵੇਂ ਕਿ ਬੱਚੇ ਰਾਤ ਨੂੰ ਸੌਣ ਵੇਲੇ ਆਪਣੀ ਦਾਦੀ ਜਾਂ ਨਾਨੀ ਦੇ ਮੰਜੇ ਨਾਲ ਮੰਜਾ ਜੋੜ ਕੇ ਸੌਂਇਆਂ ਕਰਦੇ ਸਨ ਤਾਂ ਕੇ ਉਹ ਉਹਨਾਂ ਕੋਲੋਂ ਬਾਤਾਂ ਸੁਣ ਸਕਣ। ਕੁਝ ਸਾਲ ਪਹਿਲਾਂ ਜਦੋਂ ਕਿਸੇ ਦੇ ਘਰ ਵਿਆਹ ਸ਼ਾਦੀ ਹੋਣਾ ਤਾਂ ਘਰ ਦੇ ਕੋਠੇ ਦੀ ਛੱਤ ਉੱਤੇ ਦੋ ਮੰਜੇ ਜੋੜ ਕੇ ਸਪੀਕਰ ਲਾਇਆ ਜਾਂਦਾ ਸੀ ਜੋ ਕਿ ਵਿਆਹ ਤੋਂ ਕੁਝ ਦਿਨ ਪਹਿਲਾਂ ਲਗਾ ਦਿੱਤਾ ਜਾਂਦਾ ਸੀ ਅਤੇ ਵਿਆਹ ਤੋਂ ਕੁਝ ਦਿਨ ਬਾਅਦ ਲਾਹਿਆ ਜਾਂਦਾ ਸੀ। ਵਿਆਹ ਸ਼ਾਦੀਆਂ ਦੇ ਮੌਕੇ ਵਾਣ ਵਾਲੇ ਮੰਜੇ ਉੱਤੇ ਆਲੂ ਤੇ ਅਦਰਕ ਛਿੱਲੇ ਜਾਂਦੇ ਸਨ ਜੋ ਅੱਜ ਦੀ ਪੀੜੀ ਲਈ ਇੱਕ ਬਾਤ ਤੋਂ ਵੱਧ ਕੁਝ ਨਹੀਂ। ਪਿੰਡ ਵਿੱਚ ਜਦੋਂ ਕਿਸੇ ਦੇ ਵਿਆਹ ਹੋਣਾ ਤਾਂ ਸਾਰੇ ਆਂਡ ਗੁਆਂਢ ਵਿੱਚੋਂ ਅਤੇ ਹੋਰ ਘਰਾਂ ਵਿੱਚੋਂ ਮੰਜੇ ਬਿਸਤਰੇ ਇੱਕੱਠੇ ਕੀਤੇ ਜਾਂਦੇ ਸਨ। ਬਿਸਤਰੇ ਉੱਪਰ ਨੰਬਰ ਪਾਕੇ ਅਤੇ ਮੰਜੇ ਤੇ ਵੀ ਨੰਬਰ ਪਾਇਆ ਜਾਂਦਾ ਸੀ। ਕਈ ਲੋਕ ਡਰਦੇ ਮੰਜਾ ਨਹੀਂ ਸੀ ਦੇਂਦੇ ਹੁੰਦੇ ਕਿਉਂਕਿ ਆਇਆ ਮੇਲ ਮੰਜਿਆਂ ਦੀਆਂ ਬਾਹੀਆਂ ਤੋੜ ਦਿਆ ਕਰਦਾ ਸੀ। ਹੁਣ ਨਾ ਤਾਂ ਰਿਵਾਜ ਹੈ ਮੰਜੇ ਇਕੱਠੇ ਕਰਨ ਦਾ ਨਾ ਹੀ ਕੋਈ ਚਾਰ ਚਾਰ ਦਿਨ ਮੇਲ ਬਣ ਕੇ ਰਹਿੰਦਾ ਹੈ। ਲੋਕ ਪੈਲੇਸਾਂ ਵਿੱਚ ਹੀ ਵਿਆਹ ਜਾਂਦੇ ਨੇ ਉੱਥੋਂ ਹੀ ਘਰ ਨੂੰ ਵਾਪਸ ਆ ਜਾਂਦੇ ਨੇ। ਨਾਨਕਾ ਮੇਲ ਨੇ ਕਈ ਕਈ ਦਿਨ ਵਿਆਹ ਵਾਲੇ ਘਰੇ ਰਹਿਣਾ। ਪਹਿਲੇ ਸਮਿਆਂ ਦੇ ਵਿਆਹਾਂ ਵਿੱਚ ਸਾਰਾ ਸ਼ਰੀਕਾ ਮਿਲਕੇ ਵਿਆਹ ਦੇ ਕਾਰਜ ਕਰਦਾ ਸੀ ਤੇ ਹੁਣ ਤਾਂ ਟੱਬਰ ਦੇ ਜੀਅ ਨੀ ਮਿਲ ਕੇ ਚਲਦੇ ਸ਼ਰੀਕਾ ਤਾਂ ਬੜੀ ਦੂਰ ਦੀ ਗੱਲ ਹੈ।ਸਾਰਾ ਕੁਝ ਈ ਭੱਜ ਦੌੜ ਵਿੱਚ ਹੋ ਜਾਂਦਾ ਹੈ ਵਿਆਹ ਵਾਲਿਆਂ ਨੂੰ ਨੀ ਪਤਾ ਚੱਲਦਾ ਕਿ ਵਿਆਹ ਕਦੋਂ ਹੋ ਗਿਆ।
ਜਦੋਂ ਵਿਆਂਦੜ ਮੁਕਲਾਵਾ ਲੈਣ ਜਾਇਆ ਕਰਦਾ ਸੀ ਤਾਂ ਉਸਦੀਆਂ ਸਾਲੀਆਂ ਤੇ ਸਾਲੇਹਾਰਾਂ ਟੁੱਟੇ ਹੋਏ ਮੰਜੇ ਤੇ ਸੋਹਣਾ ਨਵਾਂ ਨਕੋਰ ਬਿਸਤਰਾ ਵਿਛਾ ਕੇ ਜੀਜੇ ਨੂੰ ਬਿਠਾ ਕੇ ਉਸਦਾ ਮਜ਼ਾਕ ਉਡਾਇਆ ਕਰਦੀਆਂ ਸਨ ਤੇ ਕਈ ਵਾਰ ਵਿਆਂਦੜ ਵਿਚਾਰਾ ਥੋੜਾ ਭੋਲਾ ਹੋਣ ਕਰਕੇ ਟੁੱਟੇ ਮੰਜੇ ਤੇ ਬਹਿਣ ਕਰਕੇ ਡਿੱਗ ਪਿਆ ਕਰਦਾ ਸੀ ਤੇ ਸਾਲੀਆਂ ਵਲੋਂ ਉਸਦੀ ਖਿੱਲੀ ਉਡਾਈ ਜਾਂਦੀ ਸੀ ।
ਮੰਜਾ ਗਰਮੀਆਂ ਦੇ ਦਿਨਾਂ ਵਿੱਚ ਪਿੱਪਲਾਂ, ਬੋਹੜਾਂ ਆਦਿ ਦੀ ਛਾਂਵੇ ਵੀ ਬੜੇ ਸ਼ੌਕ ਨਾਲ ਡਾਹਿਆ ਜਾਂਦਾ ਸੀ ਅਤੇ ਮੰਜੇ ਤੇ ਬਹਿ ਕੇ ਕੋਈ ਤਾਸ਼ ਖੇਡਦਾ ਸੀ, ਕੋਈ ਪਤਲਾ ਕੱਪੜਾ ਲੈ ਕੇ ਸੌਂ ਜਾਂਦਾ ਸੀ। ਕਈ ਲੋਕ ਵਾਣ ਵਾਲੇ ਮੰਜੇ ਤੇ ਆਪਣਾ ਨੰਗਾ ਪਿੰਡਾ ਰਗੜ ਰਗੜ ਕੇ ਪਿੱਤ ਨੂੰ ਮਾਰਿਆ ਕਰਦੇ ਸਨ। ਕਈਆਂ ਦੇ ਚੁੱਲੇ ਧੁੱਪੇ ਹੁੰਦੇ ਸਨ ਤੇ ਉਹ ਮੰਜੇ ਨੂੰ ਡੰਡੇ ਨਾਲ ਖੜਾ ਕਰਕੇ ਮੰਜੇ ਦੀ ਛਾਂ ਵਿੱਚ ਦੁਪਿਹਰ ਦਾ ਰੋਟੀ ਟੁੱਕ ਕਰਿਆ ਕਰਦੀਆਂ ਸਨ। ਮੰਜੇ ਤੇ ਹੀ ਵੜੀਆਂ ਆਦਿ ਸੁਕਾਈਆਂ ਜਾਂਦੀਆਂ ਸਨ ਅਤੇ ਕਣਕ ਨੂੰ ਵੀ ਪੀਸਣ ਤੋਂ ਪਹਿਲਾਂ ਮੰਜੇ ਤੇ ਚਾਦਰ ਵਿਛਾ ਕੇ ਸਕਾਇਆ ਜਾਦਾ ਸੀ। ਕਈ ਵਾਰ ਗੁੜ ਕੱਢਦੇ ਸਮੇਂ ਹਵਾ ਨੂੰ ਡੱਕ ਦੇਣ ਲਈ ਵੀ ਮੰਜੇ ਨੂੰ ਖੜਾ ਕੀਤਾ ਜਾਂਦਾ ਸੀ ਤੇ ਚੁੰਬੇ ਦੀ ਅੱਗ ਹਵਾ ਤੋਂ ਬਚਾਈ ਜਾਂਦੀ ਸੀ। ਕਈ ਵਾਰ ਖੇਤਾਂ ਵਿੱਚ ਫਸਲ ਆਦਿ ਦੀ ਰਾਖੀ ਲਈ ਚਾਰ ਲੱਕੜਾਂ ਗੱਡ ਕੇ ਉੱਚੇ ਥਾਂ ਤੇ ਮੰਜਾ ਟਿਕਾਇਆ ਜਾਂਦਾ ਸੀ ਅਤੇ ਉੱਥੇ ਸੌਣ ਦਾ ਪ੍ਰਬੰਧ ਕੀਤਾ ਜਾਦਾ ਸੀ। ਮੰਜੇ ਦੀ ਬਾਹੀ ਨਾਲ ਸੇਵੀਆਂ ਵੱਟਣ ਵਾਲੀ ਘੋੜੀ (ਕਈ ਲੋਕ ਇਸ ਨੂੰ ਸੇਵੀਆਂ ਵੱਟਣ ਵਾਲੀ ਜੰਦੀ ਵੀ ਆਖਦੇ ਨੇ) ਫਿੱਟ ਕਰਕੇ ਸੇਵੀਆਂ ਵੱਟੀਆਂ ਜਾਂਦੀਆਂ ਸਨ। ਘੋੜੀ ਗੇੜਨ ਵਾਲਾ ਮੰਜੇ ਤੇ ਬੈਠਦਾ ਸੀ ਅਤੇ ਘੋੜੀ ਦੇ ਮੂੰਹ ਵਿੱਚ ਆਟੇ ਦੀਆਂ ਮੁਠੰਨੀਆਂ ਦੇਣ ਵਾਲਾ ਮੰਜੇ ਤੋਂ ਥੱਲੇ ਬੈਠਿਆ ਕਰਦਾ ਸੀ।ਤੇ ਸੇਵੀਆਂ ਨੂੰ ਸਕਾਉਣ ਲਈ ਵੀ ਮੰਜਾ ਹੀ ਵਰਤਦੇ ਸਨ ਜੋ ਕਿ ਤਿੰਨ ਚਾਰ ਮੰਜਿਆਂ ਨੂੰ ਪੁੱਠਾ ਕਰਕੇ ਇਨਾਂ ਦੇ ਪਾਵਿਆਂ ਨਾਲ ਰੱਸੀਆਂ ਦਾ ਵਿਰਲਾ ਜਿਹਾ ਤਾਣਾ ਤਣ ਕੇ ਸੇਵੀਆਂ ਖਿਲਾਰੀਆਂ ਜਾਂਦੀਆਂ ਸਨ ਅਤੇ ਚੰਗੀ ਧੁੱਪ ਨਾਲ ਸੇਵੀਆਂ ਬੜੀ ਜਲਦੀ ਸੁੱਕ ਜਾਂਦੀਆਂ ਸਨ।
ਅੱਜ ਮੰਜੇ ਦੀ ਵਰਤੋਂ ਬਹੁਤ ਘਟ ਗਈ ਹੈ ਪਰ ਅਜੇ ਵੀ ਮਧ ਵਰਗੀ ਜਾਂ ਗਰੀਬ ਪਰਿਵਾਰਾਂ ਲਈ ਮੰਜਾ ਕਿਸੇ ਰਾਜ ਸਿੰਘਾਸਨ ਤੋਂ ਘੱਟ ਨਹੀਂ ਹੈ। ਲੋਕ ਅੱਜ ਵੀ ਮੰਜੇ ਉਣਦੇ ਹਨ ਅਤੇ ਇਸ ਨੂੰ ਆਪਣੀ ਵਰਤੋਂ ਵਿੱਚ ਲਿਆਉਂਦੇ ਹਨ ਪਰ ਬਹੁਤੇ ਲੋਕਾਂ ਕੋਲ ਹੁਣ ਪਹਿਲਾਂ ਵਾਂਗ ਮੰਜਿਆਂ ਤੇ ਬਹਿਣ ਦਾ ਸਮਾਂ ਨਹੀਂ ਹੈ ਇਸ ਕਰਕੇ ਮੰਜਾ ਵੀ ਹੁਣ ਵਿਸਰਦੇ ਵਿਰਸੇ ਦਾ ਹਿੱਸਾ ਬਣਦਾ ਜਾ ਰਿਹਾ ਹੈ।ਮੰਜੇ ਦਾ ਸਾਡੇ ਗੀਤਾਂ ਬੋਲੀਆਂ ਤੇ ਬਾਤਾਂ ਵਿੱਚ ਸਥਾਨ ਅੱਜ ਵੀ ਬਰਕਰਾਰ ਹੈ।ਗੁਰਦਾਸ ਮਾਨ ਆਪਣੇ ਇਸ ਗੀਤ ਵਿੱਚ ਮੰਜੇ ਬਾਰੇ ਬਹੁਤ ਸੋਹਣੀ ਗਲ ਆਖਦਾ ਹੈ ਜਿਸ ਨੂੰ ਮੱਖਣ ਬਰਾੜ ਨੇ ਕਲਮ ਬਧ ਕੀਤਾ ਹੈ ਅਤੇ ਦਸਿਆ ਹੈ ਕਿ ਮੂਲੀ ਤੇ ਗੰਢੇ ਨਾਲ ਦਾਰੂ ਦਾ ਪੈੱਗ ਲਗਾ ਰਿਹਾ ਜੱਟ ਵਾਣ ਵਾਲੇ ਮੰਜੇ ਤੇ ਕਿਸੇ ਨਵਾਬ ਨਾਲੋਂ ਘੱਟ ਨਹੀਂ ਹੈ। ਉਸਦੀ ਟੌਹਰ ਵੱਖਰੇ ਅੰਦਾਜ ਨੂੰ ਪੇਸ਼ ਕਰਦੀ ਹੈ ।
ਮੂਲੀ ਨਾਲ ਗੰਢਾ ਹੋਵੇ ਵਾਣ ਵਾਲਾ ਮੰਜਾ ਹੋਵੇ,
ਮੰਜੇ ਉੱਤੇ ਬੈਠਾ ਜੱਟ ਬਣਿਆ ਨਵਾਬ ਹੋਵੇ ।
ਆਪਣਾ ਪੰਜਾਬ ……………………।

ਕਿਸੇ ਭੈਣ ਦਾ ਭਰਾ ਉਸਨੂੰ ਮਿਲਣ ਲਈ ਜਦੋਂ ਉਹਦੇ ਸਹੁਰੇ ਘਰ ਜਾਂਦਾ ਹੈ ਤਾਂ ਭੈਣ ਵਿਚਾਰੀ ਆਪਣੇ ਵੀਰ ਆਪਣੇ ਕੋਲ ਮੰਜੀ ਤੇ ਬਿਠਾਉਦੀ ਹੋਈ ਉਸਨੂੰ ਆਖਦੀ ਹੈ ਕਿ ਮੇਰੇ ਵੀਰ ਤੂੰ ਇੱਥੇ ਬੈਠ ਮੈਂ ਤੈਨੂੰ ਆਪਣੀ ਚੰਦਰੀ ਸੱਸ ਦੇ ਬੋਲੇ ਹੋਏ ਬੋਲ ਕੁਬੋਲ ਸੁਣਾਉਂਦੀ ਹਾਂ ਜਿਹੜੇ ਮਹਿਣੇ ਉਹ ਨਿੱਤ ਮੈਨੂੰ ਮਾਰਦੀ ਰਹਿੰਦੀ ਹੈ,
ਸੱਸ ਚੰਦਰੀ ਦੇ ਬੋਲ ਸੁਣਾਵਾ, ਪੀੜੀ ਉੱਤੇ ਬਹਿ ਜਾ ਵੀਰਨਾ
ਕੋਈ ਮੁਟਿਆਰ ਆਪਣੇ ਸਾਥੀ ਦੀ ਉਢੀਕ ਕਰਦੀ ਹੋਈ ਉਸਨੂੰ ਵਾਸਤਾ ਪਾਉਂਦੀ ਹੈ ਕਿ ਮੈਂ ਤੇਰਾ ਮੁੱਖੜਾ ਦੇਖਣ ਲਈ ਗਲੀ ਵਿੱਚ ਮੰਜਾ ਡਾਹ ਕੇ ਕਢਾਈ ਕਰਨ ਬਹਾਨੇ ਬੈਠੀ ਰਹਿੰਦੀ ਹਾਂ ਪਰ ਤੂੰ ਫਿਰ ਵੀ ਨਹੀਂ ਆਉਂਦਾ,
ਮੈਂ ਬੈਠੀ ਰਹਿੰਦੀ ਗਲੀ ‘ਚ ਮੰਜਾ ਡਾਹ ਕੇ …।
ਕੋਈ ਮਨਚਲੀ ਮੁਟਿਆਰ ਆਪਣੇ ਸਾਥੀ ਦੇ ਗੰਜੇਪਣ ਦਾ ਮਜ਼ਾਕ ਉਡਾਉਂਦੇ ਹੋਏ ਉਸਨੂੰ ਖਿਝਾਉਣ ਲਈ ਇੰਝ ਆਖਦੀ ਹੈ ਅਤੇ ਆਪਣੇ ਕਾਲੀ ਘਟਾ ਵਰਗੇ ਲੰਬੇ ਵਾਲ ਹੋਣ ਦਾ ਉਸਨੂੰ ਅਹਿਸਾਸ ਵੀ ਕਰਵਾਉਂਦੀ ਹੈ।
ਕੋਠੇ ਤੇ ਮੰਜਾ ਕੋਠੇ ਤੇ ਮੰਜਾ ਏ,
ਤੇਰੇ ਜੁੰਡੇ ਪੁੱਟਣ ਨੂੰ ਜੀਅ ਕਰਦਾ,
ਪਰ ਤੂੰ ਤਾਂ ਗੰਜਾ ਏ।

ਕੋਈ ਮੁਟਿਆਰ ਆਪਣੇ ਭੋਲੇ ਭਾਲੇ ਮਾਹੀ ਨੂੰ ਉਸ ਨਾਲ ਹੋ ਰਹੀ ਵਧੀਕੀ ਬਾਰੇ ਜਾਣਕਾਰ ਕਰਵਾਉਂਦੀ ਹੈ ਕਿ ਉਸਨੂੰ ਵੀ ਆਪਣੀ ਸਾਥਣ ਦੇ ਨਾਲ ਸੌਣਾ ਚਾਹੀਦਾ ਹੈ ਨਾ ਕਿ ਘਰ ਦੇ ਦਰ ਲਾਗੇ ਮੰਜੀ ਡਾਹ ਕੇ ਇਕੱਲਾ ਹੀ ਸੌਂਵੇ ਸਗੋਂ ਉਸਨੂੰ ਵੀ ਜੇਠ ਜਠਾਣੀ ਵਾਂਗ ਅੰਦਰ ਸੌਣਾ ਚਾਹੀਦਾ ਹੈ ਜਿਵੇਂ ਦੋਵੇਂ ਅੰਦਰ ਵੜ ਕੇ ਸੌਂਦੇ ਹਨ।
ਜੇਠ ਜਠਾਣੀ ਅੰਦਰ ਸੌਂਦੇ, ਤੇਰਾ ਮੰਜਾ ਦਰ ਵੇ,
ਕੀ ਲੋਹੜਾ ਕੀ ਲੋਹੜਾ ਪੈ ਗਿਆ ਘਰ ਵੇ।

ਪਰਿਆ (ਪੰਚਾਇਤ) ਵਿੱਚ ਜਦੋਂ ਸਾਰੇ ਇੱਕ ਹੀ ਬੰਦੇ ਨੂੰ ਦੋਸ਼ੀ ਦਿਖਾਉਂਦੇ ਹਨ ਤਾਂ ਉਹ ਬੰਦਾ ਖਿਝ ਕੇ ਸਾਰਿਆਂ ਨੂੰ ਇੰਝ ਆਖਦਾ ਹੈ ਕਿ
ਆਪਣੀ ਪੀੜੀ ਥੱਲੇ ਨੀ ਸੋਟਾ ਲਾਉਣਾ, ਹੋਰਨਾਂ ਦੀ ਮੰਜੀ ਥੱਲੇ ਚੋਰ ਦਿਖਾਉਣਾ
ਮੰਜੇ ਤੇ ਕਈ ਪ੍ਰਕਾਰ ਦੀਆਂ ਬਾਤਾਂ ਵੀ ਪ੍ਰਚਲਿਤ ਸਨ ਜੋ ਕਿ ਅੱਜ ਹੌਲੀ ਹੌਲੀ ਅਲੋਪ ਹੁੰਦੀਆਂ ਜਾ ਰਹੀਆਂ ਹਨ ਜਿਵੇਂ,
ਢੱਬ ਖੜੱਬੀ ਬੱਕਰੀ ਡੱਬੀ ਉਹਦੀ ਛਾਂ
ਚੱਲ ਮੇਰੀ ਬੱਕਰੀ ਕੱਲ ਵਾਲੀ ਥਾਂ

ਮੰਜੇ ਦੇ ਚਾਰ ਪਾਵੇ, ਦੋ ਬਾਹੀਆਂ ਤੇ ਸੇਰੂਆਂ ਨੂੰ ਅਤੇ ਮੰਜੇ ਦੇ ਵਾਣ ਨੂੰ ਇੱਕ ਸਰੀਰ ਦੇ ਤੌਰ ਹੱਡੀਆਂ ਅਤੇ ਆਂਦਰਾਂ ਦਾ ਦੱਸ ਕੇ ਇੰਝ ਬੁਝਾਰਤ ਦਾ ਰੂਪ ਦਿੱਤਾ ਗਿਆ,
ਅੱਠ ਹੱਡੀਆਂ ਥੱਬਾ ਆਂਦਰਾਂ ਦਾ
ਜਿਹੜਾ ਮੇਰੀ ਬਾਤ ਨਾ ਬੁੱਝੂ ਉਹ ਪੁੱਤ ਬਾਂਦਰਾਂ ਦਾ।


ਇੱਕ ਮੇਰਾ ਭਾਈ ਮੇਘਾ, ਦਿਨੇ ਖੜਾ ਰਾਤੀਂ ਟੇਡਾ।
ਤੇਰੀ ਮਾਂ ਕੋਲ ਚਾਰ ਸਿਪਾਹੀ ਸੁੱਤੇ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”


Post Comment


ਗੁਰਸ਼ਾਮ ਸਿੰਘ ਚੀਮਾਂ