ਜੱਗੇ ਜੱਟ ਦੇ ਕਬੂਤਰ ਚੀਨੇ: - ਦਰਸ਼ਨ ਸਿੰਘ ਕਿੰਗਰਾ,
ਮਨੁੱਖ ਵੱਲੋਂ ਕਬੂਤਰ ਪਾਲਣ ਦਾ ਇਤਿਹਾਸ ਬਹੁਤ ਪੁਰਾਣਾ ਹੈ। ਤਿੰਨ ਹਜ਼ਾਰ ਸਾਲ ਪਹਿਲਾਂ ਮਿਸਰ ਵਿਚ ਲੋਕ ਕਬੂਤਰ ਪਾਲਦੇ ਸਨ। ਕਾਲੀਦਾਸ ਨੂੰ ਵੀ ਚਿੱਟੇ ਰੰਗ ਦੇ ਕਬੂਤਰ ਪਾਲਣ ਦਾ ਸ਼ੌਂਕ ਸੀ। ਕਵੀ ਬਾਣ ਭੱਟ ਦੇ ਸਮੇਂ ਰਾਜੇ-ਮਹਾਰਾਜੇ ਕਬੂਤਰ ਪਾਲਦੇ ਸਨ। ਪਰ ਭਾਰਤ ਵਿਚ ਆਮ ਲੋਕ ਕਬੂਤਰ ਪਾਲਣ ਦੇ ਕੰਮ ਤੋਂ ਨਿਰਲੇਪ ਹੀ ਰਹੇ। ਅਸਲ ਵਿਚ ਕਬੂਤਰ ਪਾਲਣ ਤੇ ਕਬੂਤਰਬਾਜ਼ੀ ਦਾ ਸ਼ੌਂਕ ਮੁਗਲ ਕਾਲ ਸਮੇਂ ਹੀ ਵਧਿਆ ਫੁੱਲਿਆ। ਮੁਗਲ ਸਮਰਾਟ ਬਾਬਰ ਕਬੂਤਰ ਪਾਲਣ ਦਾ ਬਹੁਤ ਸ਼ੌਕੀਨ ਸੀ। ਅਕਬਰ ਦੇ ਤਾਂ ਵੀਹ ਹਜ਼ਾਰ ਤੋਂ ਵੀ ਵੱਧ ਕਬੂਤਰ ਰੱਖੇ ਹੋਏ ਸਨ। ਇਨ੍ਹਾਂ ਕਬੂਤਰਾਂ ਨੂੰ ਮਾਹਿਰ ਉਸਤਾਦ ਕੁਝ ਸੰਕੇਤਾਂ ਦੀ ਭਾਸ਼ਾ ਦੀ ਸਿਖਲਾਈ ਦਿੰਦੇ ਸਨ। ਜਹਾਂਗੀਰ ਨੂੰ ਵੀ ਕਬੂਤਰ ਪਾਲਣ ਤੇ ਸਿਖਾਉਣ ਦਾ ਸ਼ੌਂਕ ਸੀ। ਉਸ ਦੇ ਰਾਜ ਸਮੇਂ ਅਨੇਕਾਂ ਸ਼ਹਿਰਾਂ ਵਿਚ ਕਬੂਤਰਬਾਜ਼ੀ ਹੁੰਦੀ ਸੀ। ਦਿੱਲੀ ਅਤੇ ਆਗਰਾ ਵਿਚ ਤਾਂ ਬਹੁਤ ਵੱਡੀਆਂ ਵੱਡੀਆਂ ਕਬੂਤਰਬਾਜ਼ੀਆਂ ਹੁੰਦੀਆਂ ਸਨ, ਜਿਹਨਾਂ ਵਿਚ ਮਿਸਰ, ਬਗਦਾਦ ਤੇ ਹੋਰ ਦੂਰ ਦੁਰਾਡੀਆਂ ਥਾਵਾਂ ਦੇ ਕਬੂਤਰਬਾਜ਼ ਵੱਧ ਚੜ੍ਹ ਕੇ ਹਿੱਸਾ ਲੈਂਦੇ ਸਨ। ਕਬੂਤਰਾਂ ਦੇ ਪੈਰਾਂ ਵਿਚ ਝਾਂਜਰਾਂ ਪਾਉਣ ਦਾ ਰਿਵਾਜ਼ ਵੀ ਮੁਗਲ ਕਾਲ ਸਮੇਂ ਹੀ ਪ੍ਰਚੱਲਿਤ ਹੋਇਆ:
ਪੈਰੀਂ ਝਾਂਜਰਾਂ ਕਬੂਤਰ ਕਾਲਾ, ਨਦੀਓਂ ਪਾਰ ਚੁਗਦਾ
ਮੁਗਲ ਬਾਦਸ਼ਾਹਾਂ, ਨਵਾਬਾਂ ਅਤੇ ਜਗੀਰਦਾਰਾਂ ਦੀ ਦੇਖਾ-ਦੇਖੀ ਅਮੀਰਾਂ, ਵਜ਼ੀਰਾਂ, ਉੱਚ ਵਰਗ ਦੇ ਲੋਕਾਂ ਨੇ ਵੀ ਇਸ ਸ਼ੌਂਕ ਨੂੰ ਅਪਣਾ ਲਿਆ। ਇਨ੍ਹਾਂ ਅਮੀਰ ਲੋਕਾਂ ਕੋਲ ਨਾ ਤਾਂ ਧਨ ਦੌਲਤ ਦੀ ਕਮੀ ਸੀ ਤੇ ਨਾ ਹੀ ਵਿਹਲੇ ਸਮੇਂ ਦੀ। ਇਨ੍ਹਾਂ ਅਮੀਰ ਵਿਹਲੜਾਂ ਦਾ ਬਹੁਤਾ ਸਮਾਂ ਸ਼ਰਾਬਾਂ ਪੀਣ, ਕਬੂਤਰ ਉਡਾਉਣ, ਤਿੱਤਰਾਂ, ਬਟੇਰਿਆਂ ਤੇ ਕੁੱਕੜਾਂ ਦੀਆਂ ਲੜਾਈਆਂ ਕਰਵਾਉਣ ਵਿਚ ਹੀ ਲੰਘਦਾ ਸੀ। ਹੌਲੀ ਹੌਲੀ ਆਮ ਜਨਤਾ ਵਿਚ ਵੀ ਕਬੂਤਰ ਪਾਲਣ ਦਾ ਸ਼ੁਗਲ ਪੈਰ ਪਸਾਰਨ ਲੱਗਾ। ਪੁਰਾਣੇ ਸਮਿਆਂ ਵਿਚ ਪਿੰਡਾਂ ਦੇ ਕੰਮਚੋਰ ਵਿਹਲੜ, ਨਸ਼ਈ ਤੇ ਵੈਲੀ ਕਿਸਮ ਦੇ ਮੌਜੀ ਲੋਕ ਹੀ ਕਬੂਤਰ ਪਾਲਦੇ ਸਨ। ਇਨ੍ਹਾਂ ਕਬੂਤਰਬਾਜ਼ਾਂ ਵਿਚ ਬਹੁਗਿਣਤੀ ਛੜਿਆਂ ਦੀ ਹੁੰਦੀ ਸੀ, ਜਿਹਨਾਂ ਨੇ ਆਪਣੇ ਵੱਲੋਂ ਜ਼ਿੰਮੇਵਾਰੀਆਂ ਦਾ ਰੱਸਾ ਲੁਹਾਇਆ ਹੁੰਦਾ ਸੀ। ਅਜਿਹੇ ਕਬੂਤਰਬਾਜ਼ ਆਪਣਾ ਘਰ ਉਜਾੜਨ ਤੇ ਲੱਕ ਬੰਨ੍ਹ ਲੈਂਦੇ ਅਤੇ ਆਪਣਾ ਸਭ ਕੁਝ ਕਬੂਤਰਾਂ ਦੇ ਲੇਖੇ ਲਾ ਕੇ ਝੁੱਗਾ ਚੌੜ ਕਰ ਲੈਂਦੇ:-
ਡੱਕਾ ਤੋੜ ਕੇ ਦੂਹਰਾ ਨਾ ਕਰਦਾ,
ਮੱਲ ਬਹਿੰਦਾ ਦਰਵਾਜ਼ਾ।
ਫੁੱਟੀ ਕੌਡੀ ਪਾਸ ਨਾ ਤੇਰੇ,
ਬਣਿਆ ਫਿਰਦਾ ਰਾਜਾ।
ਤੈਂ ਘਰ ਮਾਪਿਆਂ ਦਾ,
ਪੱਟਤਾ ਕਬੂਤਰਬਾਜ਼ਾ...
ਸਮਾਜ ਵਿਚ ਇਨ੍ਹਾਂ ਕਬੂਤਰਬਾਜ਼ਾਂ ਨੂੰ ਚੰਗੀ ਨਜ਼ਰ ਨਾਲ ਨਹੀਂ ਸੀ ਦੇਖਿਆ ਜਾਂਦਾ। ਦੇਸ਼ ਦੀ ਵੰਡ ਤੋਂ ਪਹਿਲਾਂ ਮੁਸਲਮਾਨ ਜੁਲਾਹੇ, ਮਿਰਾਸੀ, ਤੇਲੀ ਤੇ ਵੱਗ ਚਾਰਨ ਵਾਲੇ ਬਾਗੀ ਆਮ ਹੀ ਕਬੂਤਰ ਰੱਖਦੇ ਸਨ।
ਕਬੂਤਰਾਂ ਦੀ ਉਤਪੱਤੀ ਬਾਰੇ ਇਕ ਦਿਲਚਸਪ ਦੰਦ-ਕਥਾ ਪੜ੍ਹਨ ਸੁਣਨ ਨੂੰ ਮਿਲਦੀ ਹੈ। ਕਹਿੰਦੇ ਬਹੁਤ ਦੇਰ ਦੀ ਗੱਲ ਹੈ, ਇਕ ਪਿੰਡ ਵਿਚ ਇਕ ਪਤੀਵਰਤਾ ਔਰਤ ਰਹਿੰਦੀ ਸੀ ਜੋ ਆਪਣੇ ਪਤੀ ਨੂੰ ਖਾਣਾ ਖੁਆਉਣ ਤੋਂ ਬਾਅਦ ਆਪ ਖਾਣਾ ਖਾਇਆ ਕਰਦੀ ਸੀ। ਪਰ ਇਕ ਦਿਨ ਕੰਮ ਦੇ ਰੁਝੇਵਿਆਂ ਕਾਰਨ ਉਸਦਾ ਪਤੀ ਸ਼ਾਮ ਤੱਕ ਘਰ ਨਾ ਪਰਤਿਆ। ਪਤਨੀ ਭੁੱਖ ਨਾਲ ਬੇਹਾਲ ਹੋ ਕੇ ਨਿਢਾਲ ਹੋ ਗਈ। ਭੁੱਖ ਦੀ ਸਤਾਈ ਪਤਨੀ ਨੇ ਮਜ਼ਬੂਰ ਹੋ ਕੇ ਚਾਵਲਾਂ ਦਾ ਇਕ ਫੱਕਾ ਮਾਰ ਲਿਆ। ਅਚਾਨਕ ਉਸਦੇ ਪਤੀ ਨੇ ਘਰ ਦਾ ਕੁੰਡਾ ਆਣ ਖੜਕਾਇਆ। ਪਤਨੀ ਨੇ ਉਸੇ ਵੇਲੇ ਚਾਵਲ ਦਰਵਾਜ਼ੇ ਦੇ ਓਹਲੇ ਫੁੜਕ ਦਿੱਤੇ ਤੇ ਪਰਦਾ ਕੱਜਣ ਲਈ ਪ੍ਰਮਾਤਮਾ ਅੱਗੇ ਹੱਥ ਜੋੜ ਕੇ ਅਰਜ਼ੋਈ ਕੀਤੀ। ਅੱਖ ਝਪਕਦੇ ਸਾਰੇ ਚਾਵਲ ਚਿੱਟੇ ਕਬੂਤਰ ਬਣ ਕੇ ਉਡਾਰੀ ਮਾਰ ਗਏ।
ਕਿਹਾ ਜਾਂਦਾ ਹੈ ਕਿ ਸ਼ਾਹ ਬਹਿਰਾਮ ਕਿੱਸੇ ਦੀ ਨਾਇਕਾ ਹੁਸਨਬਾਨੋ ਪਰਾ ਸਰੀਰਕ ਸ਼ਕਤੀਆਂ ਦੀ ਮਾਲਕ ਸੀ ਤੇ ਇੱਛਾ ਅਨੁਸਾਰ ਜੋ ਰੂਪ ਚਾਹੁੰਦੀ ਸੀ ਧਾਰ ਲੈਂਦੀ ਸੀ। ਆਮ ਤੌਰ ਤੇ ਉਹ ਕਬੂਤਰੀ ਦੇ ਰੂਪ ਵਿਚ ਉਡਿਆ ਕਰਦੀ ਸੀ ਅਤੇ ਇਸੇ ਰੂਪ ਵਿਚ ਉਹ ਸ਼ਾਹ ਬਹਿਰਾਮ ਨੂੰ ਢੂੰਡਣ ਲਈ ਨਿਕਲੀ ਸੀ। ਪੁਰਾਤਨ ਕਿੱਸੇ ਕਹਾਣੀਆਂ ਅਨੁਸਾਰ ਕਬੂਤਰਾਂ ਨੂੰ ਪ੍ਰਾਣ-ਪਟੇ ਦੇ ਰੂਪ ਵਿਚ ਵਰਤਿਆ ਜਾਂਦਾ ਰਿਹਾ ਹੈ। ਕੋਈ ਦੇਵ ਜਾਂ ਜਿੰਨ ਆਪਣੇ ਪ੍ਰਾਣ ਕਬੂਤਰ ਵਿਚ ਦਾਖਲ ਕਰਕੇ ਕਬੂਤਰ ਨੂੰ ਕਿਸੇ ਸੁਰੱਖਿਅਤ ਥਾਂ ਲੁਕਾ ਦਿੰਦਾ ਸੀ। ਜਦੋਂ ਤੱਕ ਉਹ ਕਬੂਤਰ ਨਾ ਮਰਦਾ ਉਦੋਂ ਤੱਕ ਦੇਵ ਜਾਂ ਜਿੰਨ ਨੂੰ ਪ੍ਰਾਣਾਂ ਦਾ ਕੋਈ ਡਰ ਨਾ ਰਹਿੰਦਾ।
ਕਬੂਤਰ ਨੂੰ ਬਹੁਤ ਹੀ ਭੋਲਾ-ਭਾਲਾ, ਸਿੱਧਾ-ਸਾਦਾ, ਸ਼ਰੀਫ ਤੇ ਦਿਲ ਦਾ ਕਮਜ਼ੋਰ ਪੰਛੀ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਬਿੱਲੀ ਨੂੰ ਆਪਣੇ ਨੇੜੇ ਆਉਂਦੀ ਦੇਖ ਕੇ ਉਹ ਆਪਣੀਆਂ ਅੱਖਾਂ ਮੀਟ ਲੈਂਦਾ ਹੈ। ਉਹ ਸਮਝਦਾ ਹੈ ਕਿ ਉਹ ਬਿੱਲੀ ਨੂੰ ਨਹੀਂ ਦੇਖ ਰਿਹਾ ਤਾਂ ਬਿੱਲੀ ਵੀ ਉਸ ਨੂੰ ਨਹੀਂ ਦੇਖ ਰਹੀ। ਪਰ ਸ਼ਾਤਰ ਬਿੱਲੀ ਝਪਟ ਕੇ ਉਸਦਾ ਘੋਗਾ ਚਿੱਤ ਕਰ ਦਿੰਦੀ ਹੈ। ਇਸ ਸਬੰਧੀ ਇਕ ਮੁਹਾਵਰਾ ਵੀ ਮਿਲਦਾ ਹੈ, 'ਕਬੂਤਰ ਵਾਂਗ ਅੱਖਾਂ ਮੀਟ ਲੈਣੀਆਂ'। ਕਬੂਤਰ ਬਾਰੇ ਕਈ ਨੀਤੀ ਕਥਾਵਾਂ ਵੀ ਪ੍ਰਚੱਲਿਤ ਹਨ। ਇਕ ਵਾਰ ਜੰਗਲੀ ਕਬੂਤਰਾਂ ਦੀ ਇਕ ਡਾਰ ਚੋਗੇ ਦੇ ਲਾਲਚ ਕਾਰਨ ਸ਼ਿਕਾਰੀ ਦੇ ਜਾਲ ਵਿਚ ਫਸ ਗਈ, ਪਰ ਏਕੇ ਤੇ ਹਿੰਮਤ ਕਾਰਨ ਸਾਰੇ ਕਬੂਤਰ ਜਾਲ ਸਮੇਤ ਉਡ ਗਏ ਅਤੇ ਆਪਣੇ ਮਿੱਤਰ ਚੂਹੇ ਤੋਂ ਜਾਲ ਕਟਵਾ ਕੇ ਮੁਕਤ ਹੋ ਗਏ।
ਕਬੂਤਰਾਂ ਦੀਆਂ ਅਨੇਕਾਂ ਕਿਸਮਾਂ ਮਿਲਦੀਆਂ ਹਨ, ਜਿਵੇਂ ਮਮੋਲਾ, ਸ਼ੀਰਾਜ ਆਗਰਾ, ਲੋਟਨ, ਕਾਂਕ, ਗਿਰਹਬਾਜ਼, ਗੋਲਾ, ਤਾਜ, ਲੱਕਾ ਆਦਿ। ਮਮੋਲੇ ਕਬੂਤਰ ਦੇ ਦੋਵੇਂ ਪਰ ਇਕੋ ਰੰਗ ਦੇ ਹੁੰਦੇ ਹਨ। ਜੇ ਕੋਈ ਕੰਮ ਕਰਨ ਸਮੇਂ ਕਿਸੇ ਵਿਅਕਤੀ ਦੇ ਮਮੋਲਾ ਕਬੂਤਰ ਨਜ਼ਰੀ ਪੈ ਜਾਵੇ ਤਾਂ ਸਮਝਿਆ ਜਾਂਦਾ ਹੈ ਕਿ ਉਹ ਕੰਮ ਜ਼ਰੂਰ ਸਿਰੇ ਚੜ੍ਹ ਜਾਂਦਾ ਹੈ ਤੇ ਕੰਮ ਵਿਚ ਬਰਕਤ ਪੈਂਦੀ ਹੈ:
ਮਮੋਲਾ ਆਇਆ, ਕੰਮ ਸਵਾਇਆ
ਆਗਰਾ ਕਬੂਤਰ ਨੂੰ ਬਹੁਤ ਹੀ ਸੁਭਾਗਾ ਤੇ ਕਲਿਆਣਕਾਰੀ ਮੰਨਿਆ ਜਾਂਦਾ ਹੈ। ਇਸ ਕਬੂਤਰ ਦੇ ਖੰਭ ਲਾਲ ਤੇ ਪੂੰਝਾ ਸਫੈਦ ਹੁੰਦਾ ਹੈ। ਇਸ ਕਬੂਤਰ ਨੂੰ ਧਨ ਦੌਲਤ ਦਾ ਵਾਹਣ ਮੰਨਿਆ ਜਾਂਦਾ ਹੈ। ਲੋਕਾਂ ਦਾ ਮੰਨਣਾ ਹੇ ਕਿ ਜੇ ਆਗਰਾ ਕਬੂਤਰ ਉਡਦਾ ਉਡਦਾ ਕਿਸੇ ਘਰ ਦੇ ਬਨੇਰੇ ਉਤੇ ਆਣ ਬੈਠੇ ਤਾਂ ਉਸ ਘਰ ਦੇ ਭਾਗ ਜਾਗ ਕੇ ਵਾਰੇ-ਨਿਆਰੇ ਹੋ ਜਾਂਦੇ ਹਨ। ਲੱਛਮੀ ਖੁਸ਼ ਹੋ ਕੇ ਉਸ ਘਰ ਉਪਰ ਧਨ-ਦੌਲਤ ਦੀ ਦਿਲ ਖੋਲ੍ਹ ਕੇ ਵਰਖਾ ਕਰਦੀ ਹੈ। ਕਾਂਕ ਕਬੂਤਰ ਦਾ ਰੰਗ ਕਾਲਾ ਸਿਆਹ ਹੁੰਦਾ ਹੈ। ਲੋਕਾਂ ਦਾ ਵਿਸ਼ਵਾਸ ਹੈ ਕਿ ਇਸ ਕਬੂਤਰ ਦਾ ਮਾਸ ਖਾਣ ਨਾਲ ਕਾਲੀ ਖਾਂਸੀ ਦੇ ਰੋਗ ਤੋਂ ਛੁਟਕਾਰਾ ਮਿਲ ਜਾਂਦਾ ਹੈ। ਅੱਖਾਂ ਦੇ ਰੰਗ ਅਨੁਸਾਰ ਵੀ ਕਬੂਤਰ ਦੀਆਂ ਕਈ ਕਿਸਮਾਂ ਮੰਨੀਆਂ ਗਈਆਂ ਹਨ, ਜਿਵੇਂ ਸ਼ਾਹ ਅੱਖੇ, ਚਿੱਟੀਆਂ ਅੱਖਾਂ ਵਾਲੇ, ਖੱਟੀਆਂ ਅੱਖਾਂ ਵਾਲੇ ਆਦਿ।
ਕਬੂਤਰ ਦਾ ਭਾਰ ਆਮ ਤੌਰ 'ਤੇ ਚਾਰ ਸੌ ਤੋਂ ਚਾਰ ਸੌ ਤੀਹ ਗ੍ਰਾਮ ਦੇ ਵਿਚਕਾਰ ਹੁੰਦਾ ਹੈ। ਪਰ ਨਿਊ ਗੁਆਨਾ ਦੇ ਤਾਜ ਕਬੂਤਰ ਦਾ ਭਾਰ ਲੱਗਭੱਗ ਦੋ ਕਿਲੋ ਹੁੰਦਾ ਹੈ। ਕਬੂਤਰ ਕਈ ਰੰਗਾਂ ਦੇ ਹੁੰਦੇ ਹਨ ਜਿਵੇਂ ਸਲੇਟੀ, ਚਿੱਟਾ, ਕਾਲਾ, ਨੀਲਾ ਤੇ ਚਿਤਕਬਰਾ। ਉਤਰੀ ਭਾਰਤ ਵਿਚ ਆਮ ਤੌਰ 'ਤੇ ਸਲੇਟੀ ਅਤੇ ਚਿੱਟਾ ਕਬੂਤਰ ਹੀ ਵਧੇਰੇ ਮਿਲਦਾ ਹੈ। ਪਿੰਡਾਂ ਵਿਚ ਘਰਾਂ ਦੇ ਬਨੇਰਿਆਂ'ਤੇ ਬੈਠਕੇ ਗੁਟਕੂੰ ਗੁਟਕੂੰ ਕਰਨ ਵਾਲੇ ਸਲੇਟੀ ਰੰਗ ਦੇ ਕਬੂਤਰ ਨੂੰ ਗੋਲੇ ਕਬੂਤਰ ਕਿਹਾ ਜਾਂਦਾ ਹੈ:
ਬਾਪੂ ਤੇਰੇ ਮਹਿਲਾਂ ਦੇ, ਉਡ ਜਾਣਗੇ ਕਬੂਤਰ ਗੋਲੇ...
ਗੋਲੇ ਕਬੂਤਰਾਂ ਨੂੰ ਜੰਗਲੀ ਕਬੂਤਰ ਵੀ ਕਿਹਾ ਜਾਂਦਾ ਹੈ, ਜੋ ਪੇਂਡੂ ਘਰਾਂ ਤੇ ਦਫਤਰਾਂ ਉਪਰ ਜਿੱਥੇ ਥਾਂ ਮਿਲੇ, ਆਲ੍ਹਣੇ ਬਣਾਉਂਦੇ ਹਨ। ਪਰ ਕਈ ਵਾਰ ਉਹ ਅਣਕਿਆਸੀਆਂ ਥਾਵਾਂ 'ਤੇ ਵੀ ਆਲ੍ਹਣੇ ਬਣਾਉਣ ਵਿਚ ਸਫਲ ਹੋ ਜਾਂਦੇ ਹਨ:
ਮੇਰੀ ਗੁੱਤ ਤੇ ਆਲ੍ਹਣਾ ਪਾਇਆ, ਜੰਗਲੀ ਕਬੂਤਰ ਨੇ..
ਚਟਾਨੀ ਕਬੂਤਰ ਚਟਾਨਾਂ ਦੀਆਂ ਦਰਾੜਾਂ ਵਿਚ ਆਲ੍ਹਣੇ ਬਣਾਉਂਦੇ ਹਨ।
ਗੋਲੇ ਕਬੂਤਰਾਂ ਦੇ ਜੋੜੇ ਵਿਚ ਅਥਾਹ ਆਪਸੀ ਪਿਆਰ ਹੁੰਦਾ ਹੈ। ਦਿਲ ਵੇਲੇ ਕਬੂਤਰ ਕਿਤੇ ਵੀ ਹੋਵੇ, ਉਹ ਸ਼ਾਮ ਨੂੰ ਹਰ ਹੀਲੇ ਕਬੂਤਰੀ ਕੋਲ ਪਹੁੰਚਦਾ ਹੈ। ਆਮ ਤੌਰ 'ਤੇ ਉਹ ਇਕੱਠੇ ਚੋਗਾ ਚੁਗਦੇ, ਇੱਧਰ ਉਧਰ ਉਡਾਰੀਆਂ ਮਾਰਦੇ ਰਹਿੰਦੇ ਹਨ:
ਬਾਬਾ ਤੇਰੀ ਮੰਡਲੀ 'ਚੋਂ ਦੋ ਉੱਡ ਗਏ ਕਬੂਤਰ ਗੋਲੇ..
ਪਿੰਡਾਂ ਵਿਚ ਕੋਠਿਆਂ, ਚੁਬਾਰਿਆਂ, ਬੈਠਕਾਂ 'ਤੇ ਬੈਠੇ ਗੋਲੇ ਕਬੂਤਰ ਕਲੋਲਾਂ ਕਰਦੇ, ਗੁਟਕਦੇ ਨਿੱਕੀਆਂ-ਨਿੱਕੀਆਂ ਉਡਾਰੀਆਂ ਮਾਰਦੇ ਦਿਖਾਈ ਦਿੰਦੇ ਹਨ:
ਮਿੱਤਰਾਂ ਦੀ ਬੈਠਕ ਤੇ ਉਡਣ ਕਬੂਤਰ ਗੋਲੇ..
ਛੜਿਆਂ ਦੇ ਸੁੰਨੇ ਘਰਾਂ ਵਿਚ ਹਰ ਸਮੇਂ ਕਬੂਤਰ ਬੋਲਦੇ ਸੁਣਾਈ ਦਿੰਦੇ ਹਨ:
ਵਿਹੜੇ ਛੜਿਆਂਦੇ, ਗਲ ਕੱਢਕੇ ਕਬੂਤਰ ਬੋਲੇ..
ਪੰਜਾਬ ਦੇ ਪਿੰਡਾਂ ਵਿਚ ਕਈ ਗੱਭਰੂ ਆਪਣੇ ਮਨਪ੍ਰਚਾਵੇ ਲਈ ਕਬੂਤਰ ਪਾਲਦੇ ਹਨ:
ਜੱਗੇ ਜੱਟ ਦੇ ਕਬੂਤਰ ਚੀਨੇ, ਨਦੀਉਂ ਪਾਰ ਚੁਗਦੇ..
ਆਪਣੇ ਸ਼ੌਂਕ ਦੀ ਪੂਰਤੀ ਲਈ ਅਨੇਕਾਂ ਪੰਜਾਬੀ ਕਬੂਤਰ ਰੱਖਦੇ ਹਨ:
ਕੌਣ ਆਊਗਾ ਵੇ, ਤੇਰੇ ਘਰ ਕੌਣ ਆਊਗਾ?
ਤੇਰੇ ਸ਼ੌਂਕ ਦੇ ਕਬੂਤਰ ਸਿੰਘਾ ਕੌਣ ਉਡਾਊਗਾ?
ਇਸਾਈ ਕਬੂਤਰ ਨੂੰ ਦੇਵਤਿਆਂ ਦਾ ਦੂਤ ਮੰਨਦੇ ਹਨ ਤੇ ਮੁਸਲਮਾਨ ਇਸਨੂੰ ਸਯਦ ਦਾ ਰੂਪ। ਹਿੰਦੂ ਧਰਮ ਵਿਚ ਵੀ ਇਸਨੂੰ ਸੁਰੱਖਿਆ ਦੇਣ ਦੀ ਗੱਲ ਕਹੀ ਗਈ ਹੈ। ਇਕ ਕਥਾ ਅਨੁਸਾਰ ਇਕ ਕਬੂਤਰ ਨੇ ਸ਼ਿਕਾਰੀ ਦੇ ਹੱਥੋਂ ਸ਼ਿਕਾਰ ਹੁੰਦੇ ਹੁੰਦੇ ਬਚ ਕੇ ਮਹਾਰਾਜਾ ਸ਼ਿਵੀ ਦੇ ਮਹੱਲ ਵਿਚ ਪਹੁੰਚ ਕੇ ਸ਼ਰਨ ਲੈ ਲਈ। ਸ਼ਿਕਾਰੀ ਨੇ ਮਹੱਲ ਵਿਚ ਪਹੁੰਚ ਕੇ ਮਹਾਰਾਜਾ ਸ਼ਿਵੀ ਕੋਲ ਕਬੂਤਰ ਲੈਣ ਦੀ ਫਰਿਆਦ ਕੀਤੀ। ਪਰ ਸ਼ਿਵੀ ਨੇ ਸ਼ਰਨ ਵਿਚ ਆਏ ਕਬੂਤਰ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਬਦਲੇ ਵਿਚ ਕਬੂਤਰ ਦੇ ਭਾਰ ਬਰੋਬਰ ਆਪਣੇ ਤਨ ਦਾ ਮਾਸ ਦੇਣ ਦੀ ਪੇਸ਼ਕਸ਼ ਕੀਤੀ।
ਤੀਖਣ ਸੂਝ-ਬੂਝ ਸ਼ਕਤੀ ਕਾਰਨ ਕਬੂਤਰ ਨੂੰ ਦਸ਼ਾ ਅਤੇ ਦਿਸ਼ਾ ਬਾਰੇ ਸਹਿਜੇ ਹੀ ਗਿਆਨ ਹੋ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਕਬੂਤਰ ਦੀਆਂ ਅੱਖਾਂ ਬੰਦ ਕਰਕੇ ਉਸਨੂੰ ਕਿਸੇ ਵੀ ਸਾਧਨ ਰਾਹੀਂ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਲਿਜਾਇਆ ਜਾਵੇ ਤੇ ਬਾਅਦ ਵਿਚ ਉਸ ਦੀਆਂ ਅੱਖਾਂ ਖੋਲ੍ਹ ਕੇ ਉਸਨੂੰ ਸੁਤੰਤਰ ਛੱਡ ਦਿੱਤਾ ਜਾਵੇ ਤਾਂ ਉਹ ਸਿੱਧਾ ਆਪਣੇ ਟਿਕਾਣੇ +ਤੇ ਵਾਪਸ ਪਹੁੰਚੇਗਾ। ਉਸ ਦੀ ਉਡਣ ਸ਼ਕਤੀ ਤੇ ਇਰਾਦਾ ਇੰਨਾ ਮਜ਼ਬੂਤ ਹੁੰਦਾ ਹੈ ਕਿ ਉਹ ਆਪਣੀ ਮੰਜ਼ਿਲ ਤੇ ਪਹੁੰਚ ਕੇ ਹੀ ਦਮ ਲੈਂਦਾ ਹੈ। ਉਸ ਕੋਲ ਇਕ ਦਿਨਵਿਚ ਇਕ ਹਜ਼ਾਰ ਕਿਲੋਮੀਟਰ ਸਫਰ ਕਰਨ ਦੀ ਸਮਰੱਥਾ ਹੈ। ਉਹ ਆਪਣੇ ਸਰੀਰ ਨੂੰ ਮਜ਼ਬੂਤ ਕਰਨ ਲਈ ਇਕ ਸੈਕਿੰਡ ਵਿਚ ਅੱਠ ਵਾਰ ਆਪਣੇ ਖੰਭ ਨੂੰ ਇਕੱਠਾ ਕਰਦਾ ਤੇ ਫੈਲਾਉਂਦਾ ਹੈ। ਜੇ ਉਸ ਦੇ ਲੱਕ ਦੁਆਲੇ ਜਾਂ ਗਰਦਨ 'ਤੇ ਥੋੜ੍ਹਾ ਜਿਹਾ ਭਾਰ ਬੰਨ੍ਹ ਦਿੱਤਾ ਜਾਵੇ ਤਾਂ ਉਹ ਉਡਦਾ ਹੋਇਆ ਉਸਨੂੰ ਸੌਖ ਨਾਲ ਲੈ ਜਾਂਦਾ ਹੈ।
ਪੁਰਾਣੇ ਸਮਿਆਂ ਵਿਚ ਦੂਰ ਦੁਰਾਡੇ ਦੁਰਗਮ ਥਾਵਾਂ ਤੇ ਚਿੱਠੀ ਪੱਤਰ ਤੇ ਸੁਨੇਹੇ ਪਹੁੰਚਾਉਣ ਲਈ ਕਬੂਤਰਾਂ ਤੋਂ ਕੰਮ ਲਿਆ ਜਾਂਦਾ ਸੀ। ਉੜੀਸਾ ਦੇ ਡਾਕ ਤਾਰ ਵਿਭਾਗ ਕੋਲ ਹੁਣ ਵੀ ਅਜਿਹੇ ਡਾਕੀਏ ਕਬੂਤਰ ਹਨ ਜੋ ਬੜੀ ਸਫਲਤਾ ਨਾਲ ਡਾਕ ਢੋਣ ਦਾ ਕੰਮ ਕਰਦੇ ਹਨ। ਦੂਜੀ ਸੰਸਾਰ ਜੰਗ ਵਿਚ ਇਕ ਕਬੂਤਰੀ ਨੇ ਜ਼ਖਮੀ ਹਾਲਤ ਵਿਚ ਉਡ ਕੇ ਇਕ ਫੌਜੀ ਟਿਕਾਣੇ ਤੇ ਜ਼ਰੂਰੀ ਸੁਨੇਹਾ ਪਹੁੰਚਾਇਆ ਤੇ ਸੈਂਕੜੇ ਅੰਗਰੇਜ਼ ਸਿਪਾਹੀਆਂ ਦੀ ਜਾਨ ਬਚਾਈ। ਇਸ ਬਹਾਦਰੀ ਭਰੇ ਕਾਰਨਾਮੇ ਕਾਰਨ ਉਸ ਨੂੰ ਫੌਜ ਦਾ ਸਰਵੋਤਮ ਬਹਾਦਰੀ ਸਨਮਾਨ ਵਿਕਟੋਰੀਆ ਕਰਾਸ ਦੇ ਕੇ ਸਨਮਾਨਿਤ ਕੀਤਾ ਗਿਆ। ਨਿਊਯਾਰਕ ਈਵਨਿੰਗ ਜਨਰਲ ਨੇ ਕੁਝ ਸਿਖਲਾਈ ਪ੍ਰਾਪਤ ਕਬੂਤਰ ਰੱਖੇ ਹੋਏ ਸਨ,ਜੋ ਯੁੱਧ ਦੇ ਸਮੇਂ ਤਸਵੀਰਾਂ ਖਿੱਚ ਕੇ ਅਖ਼ਬਾਰ ਦੇ ਦਫਤਰ ਪਹੁੰਚ ਜਾਂਦੇ ਸਨ। ਪੁਰਾਣੇ ਸਮਿਆਂ ਵਿਚ ਪ੍ਰੇਮੀ ਇਕ ਦੂਜੇ ਨੂੰ ਸੁੱਖ-ਸੁਨੇਹੇ ਭੇਜਣ ਲਈ ਕਬੂਤਰ ਦੀ ਸਹਾਇਤਾ ਲੈਂਦੇ ਸਨ। ਸਾਡੇ ਲੋਕ ਗੀਤਾਂ ਵਿਚ ਇਸ ਪ੍ਰਤੀ ਅਨੇਕਾਂ ਸੰਕੇਤ ਮਿਲਦੇ ਹਨ:
ਕੀਹਦੇ ਹੱਥ ਭੇਜਾਂ ਸੁਨੇਹੜੇ, ਕੀਹਦੇ ਹੱਥ ਦੱਸਾਂ ਹਾਲ।
ਕਾਵਾਂ ਹੱਥ ਸੁਨੇਹੜੇ ਕਬੂਤਰਾਂ ਨੂੰ ਦੱਸਾਂ ਹਾਲ।
ਇਸਲਾਮ ਧਰਮ ਦੇ ਬਾਨੀ ਹਜ਼ਰਤ ਮੁਹੰਮਦ ਸਾਹਿਬ ਨੇ ਵੀ ਆਪਣੇ ਪੈਗ਼ਾਮ ਪਹੁੰਚਾਉਣ ਲਈ ਕਬੂਤਰ ਰੱਖੇ ਹੋਏ ਸਨ।
ਘੁੱਗੀਆਂ, ਕਬੂਤਰਾਂ, ਚਿੱੜੀਆਂ, ਤੋਤਿਆਂ, ਤਿੱਤਰਾਂ, ਮੋਰਾਂ ਆਦਿ ਪੱਛੀਆਂ ਨਾਲ ਪੰਜਾਬੀਆਂ ਦੀ ਵਿਸ਼ੇਸ਼ ਮਨਭਾਵਕ ਸਾਂਝ ਰਹੀ ਹੈ। ਪੁਰਾਣੇ ਸਮਿਆਂ ਵਿਚ ਮਲਵਈ ਔਰਤਾਂ ਇਨ੍ਹਾਂ ਪੰਛੀਆਂ ਦੀਆਂ ਆਕ੍ਰਿਤੀਆਂ ਪਹਿਲਾਂ ਪੱਧਰੀ ਧਰਤੀ ਤੇ ਚੀਕਣੀ ਮਿੱਟੀ ਤੇ ਤੂੜੀ ਦੀ ਮਿਲਾਵਟ ਨਾਲ ਬਣਾ ਲੈਂਦੀਆਂ ਸਨ ਅਤੇ ਸੁੱਕ ਜਾਣ ਤੇ ਇਨ੍ਹਾਂ ਨੂੰ ਕੰਧਾਂ ਉਤੇ ਚਿਪਕਾ ਜਾਂ ਜੜ ਜਾਂਦੀਆਂ ਸਨ। ਕਈ ਵਾਰ ਉਹ ਇਨ੍ਹਾਂ ਪੰਛੀਆਂ ਦੇ ਚਿੱਤਰ ਘਰਾਂ ਵਿਚ ਕੱਚੀਆਂ ਕੰਧਾਂ ਤੇ ਉਲੀਕ ਲੈਂਦੀਆਂ।
ਘੁੱਗੀਆਂ, ਕਬੂਤਰਾਂ ਦੇ ਚਿੱਤਰਾਂ ਨਾਲ ਸ਼ਿੰਗਾਰੀਆਂ ਇਨ੍ਹਾਂ ਕੰਧਾਂ ਦੀ ਸੁੰਦਰਤਾ ਨੂੰ ਦੇਖ ਕੇ ਮਨ ਅਸ਼ ਅਸ਼ ਕਰ ਉਠਦਾ। ਪਰ ਕੋਈ ਮੂਰਖ ਪਤੀ ਆਪਣੀ ਪਤਨੀ ਦੀ ਕਲਾ ਦੀ ਕਦਰ ਨਾ ਕਰਦਾ ਤੇ ਉਸਨੂੰ ਗੰਵਾਰ ਕਹਿ ਕੇ ਭੰਡਦਾ ਤਾਂ ਦੁੱਖੀ ਹੋ ਕੇ ਪਤਨੀ ਦੇ ਮੂੰਹੋਂ ਬੋਲ ਨਿਕਲ ਜਾਂਦੇ:
ਗੁੱਤ ਪਿੱਛੇ ਮੱਤ ਪਰਖੇਂ, ਤੈਨੂੰ ਦੱਸ ਵੇ ਕੌਣ ਸਮਝਾਵੇ।
ਕੰਧਾਂ ਉਤੋਂ ਮਿਟ ਜਾਣਗੇ, ਮੇਰੇ ਘੁੱਗੀਆਂ ਕਬੂਤਰ ਪਾਏ।
ਮਾਲਵੇ ਦੇ ਲੋਕ ਗੀਤਾਂ ਵਿਚ ਵੀ ਘੁੱਗੀਆਂ, ਕਬੂਤਰਾਂ, ਤਿੱਤਰਾਂ, ਮੁਰਗਾਈਆਂ ਤੇ ਮੋਫਿਟ ਬੜੇ ਮੋਹ ਨਾਲ ਸਿਰਜੇ ਮਿਲਦੇ ਹਨ। ਇਨ੍ਹਾਂ ਗੀਤਾਂ ਵਿਚ ਪੰਜਾਬੀ ਮੁਟਿਆਰ ਦੇ ਹੁਸਨ ਨੂੰ ਕਬੂਤਰੀ ਨਾਲ ਤੁਲਨਾ ਦੇ ਕੇ ਵਡਿਆਇਆ ਗਿਆ ਹੈ ਤੇ ਉਸ ਨੂੰ ਲਹਿ ਲਹਾਉਂਦੀਆਂ ਕਣਕਾਂ ਵਿਚ ਕਬੂਤਰੀ ਵਾਂਗ ਉਡਾਰੀਆਂ ਮਾਰਦੀ ਦਰਸਾਇਆ ਗਿਆ ਹੈ:
ਉਡ ਗਈ ਕਬੂਤਰੀ ਬਣ ਕੇ, ਹਰੀਆਂ ਕਣਕਾਂ 'ਚੋਂ..
ਹੁਸਨ ਦੇ ਸ਼ਿਕਾਰੀ ਇਸ ਕਬੂਤਰੀ ਵਰਗੀ ਹੁਸੀਨ ਮੁਟਿਆਰ ਦੇ ਮਗਰ ਹੱਥ ਧੋ ਕੇ ਪੈ ਜਾਂਦੇ ਤਾਂ ਕੋਈ ਹਮਦਰਦ ਉਸ ਨੂੰ ਸਾਵਧਾਨ ਕਰਦਾ ਹੋਇਆ ਕਹਿੰਦਾ:
ਉਡ ਜਾ ਕਬੂਤਰੀਏ, ਤੇਰੇ ਮਗਰ ਬੰਦੂਕਾਂ ਵਾਲੇ..
ਪੁਰਾਣੇ ਸਮਿਆਂ ਵਿਚ ਮਾਲਵੇ ਦੇ ਪਿੰਡਾਂ ਵਿਚ ਗਿੱਧਾ ਬਹੁਤ ਹੀ ਹਰਮਨ ਪਿਆਰਾ ਸੀ। ਮੇਲਣਾਂ ਦਾ ਭੜਥੂ ਪੱਟ ਗਿੱਧਾ ਦੇਖਣ ਲਈ ਸਾਰਾ ਪਿੰਡ ਹੁੰਮ ਹੁੰਮਾ ਕੇ ਵਿਆਹ ਵਾਲੇ ਘਰ ਪਹੁੰਚ ਜਾਂਦਾ। ਕੋਈ ਮੁਟਿਆਰ ਮੇਲਣਾਂ ਨੂੰ ਸੰਬੋਧਨ ਕਰਕੇ ਬੋਲੀ ਪਾਉਂਦੀ:
ਗਿੱਧਾ ਗਿੱਧਾ ਕਰੇਂ ਮੇਲਣੇ, ਗਿੱਧਾ ਪਊ ਬਥੇਰਾ,
ਸਾਰੇ ਪਿੰਡ ਦੇ ਮੁੰਡੇ ਸਦਾ ਲਏ, ਕੀ ਬੁਢੜਾ ਕੀ ਠੇਰਾ,
ਅੱਖ ਪੱਟ ਕੇ ਦੇਖ ਮੇਲਣੋਂ, ਭਰਿਆ ਪਿਆ ਬਨੇਰਾ।
ਕੋਈ ਕਬੂਤਰੀ ਵਰਗੀ ਮੇਲਣ ਬਣ ਠਣ ਕੇ ਗਿੱਧੇ ਦੇ ਪਿੰਡ ਵਿਚ ਆ ਜਾਂਦੀ, ਉਸਦੇ ਚੋਅ ਚੋਅ ਪੈਂਦੇ ਰੰਗ ਰੂਪ ਨੂੰ ਦੇਖ ਕੇ ਕਿਸੇ ਦਰਸ਼ਕ ਗੱਭਰੂ ਦਾ ਸੀਨਾ ਧੱਕ ਧੱਕ ਕਰਨ ਲੱਗ ਜਾਂਦਾ:
ਕੁੜੀ ਕਬੂਤਰੀ ਵਰਗੀ ਤੱਕ ਕੇ, ਧੱਕ ਧੱਕ ਕਰਦਾ ਸੀਨਾ।
ਖਾ ਗਿਆ ਲੋਟਣੀਆਂ ਬਣ ਕੇ ਕਬੂਤਰ ਚੀਨੀ।
ਗੱਭਰੂ ਮੁਟਿਆਰ ਨੂੰ ਨੱਚਣ ਲਈ ਉਤਸ਼ਾਹਿਤ ਕਰਦਾ ਹੋਇਆ ਕਹਿੰਦਾ:
ਬਣ ਕੇ ਕਬੂਤਰ ਚੀਨਾ, ਗਿੱਧੇ ਵਿਚ ਆ ਜਾ ਕੁੜੀਏ..
ਮੁਟਿਆਰ ਝਾਂਜਰਾਂ ਛਣਕਾਉਂਦੀ ਠੁਮਕ ਠੁਮਕ ਕਰਦੀ ਅੱਗੇ ਵਧਦੀ ਤੇ ਨੱਚ ਨੱਚ ਕੇ ਧਰਤੀ ਦੀ ਕਲੀ ਲਾਹ ਦਿੰਦੀ।
ਪੁਰਾਣੇ ਸਮਿਆਂ ਵਿਚ ਪੰਜਾਬੀ ਮੁਟਿਆਰਾਂ ਸਹੁਰੀਂ ਜਾਣ ਸਮੇਂ ਕਬੂਤਰ ਵਾਂਗ ਆਕਰਸ਼ਕ ਬਣਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਦਿੰਦੀਆਂ:
ਹਰੀਆਂ ਕੁੜਤੀਆਂ ਕਿਰਮਚੀ ਘੱਗਰੇ,
ਕੁੜਤੀ ਨੂੰ ਬਾਡਰ ਲਾਈਏ,
ਪਿੰਡ ਜਾਣਾ ਸਹੁਰਿਆਂ ਦੇ, ਬਣ ਕੇ ਕਬੂਤਰ ਜਾਈਏ...
ਕਿਸੇ ਕਬੂਤਰ ਵਰਗੇ ਮਨਮੋਹਣੇ ਗੱਭਰੂ ਨੂੰ ਆਪਣੇ ਪ੍ਰੇਮ ਜਾਲ ਵਿਚ ਫਾਹੁਣ ਲਈ ਕੋਈ ਮੁਟਿਆਰ ਤਰ੍ਹਾਂ ਤਰ੍ਹਾਂ ਦੇ ਪਾਪੜ ਵੇਲਦੀ:
ਮੁੰਡਾ ਦੇਖ ਕੇ ਕਬੂਤਰ ਵਰਗਾ,
ਕੋਠੇ 'ਤੇ ਲਵਾ ਲਈ ਛਤਰੀ...
ਚੁਸਤ ਚਲਾਕ ਭਰਜਾਈ ਨਟ ਖਟ ਨਣਦ ਦੀ ਹਰਕਤ ਨੂੰ ਝੱਟ ਤਾੜ ਜਾਂਦੀ ਤੇ ਗੁੱਝੀ ਟਕੋਰ ਮਾਰ ਕੇ ਕਹਿੰਦੀ:
ਮੁੰਡਾ ਟੋਲਿਆ ਕਬੂਤਰ ਵਰਗਾ, ਨਣਦੇ ਗੋਲ ਗੱਪੀਏ...
ਨਣਦ ਸ਼ੀਸ਼ੇ ਮੂਹਰੇ ਖੜ੍ਹ ਕੇ ਖੜ੍ਹ ਕੇ ਧਾਰੀ ਬੰਨ੍ਹ ਕੇ ਸੁਰਮਾ ਪਾਉਂਦੀ ਤਾਂ ਭਾਬੀ ਉਸ ਨੂੰ ਛੇੜਦੀ ਹੋਈ ਕਹਿੰਦੀ:
ਸੁਰਮੇ ਦਾ ਕੀ ਪਾਉਣਾ, ਤੇਰੀ ਅੱਖ ਨੀ ਕਬੂਤਰ ਵਰਗੀ..
ਕੋਈ ਭੈਣ ਆਪਣੇ ਹੁੰਦੜਹੇਲ ਵੀਰ ਦੀ ਪੱਗ ਨੂੰ ਸਲਾਹੁੰਦੀ ਨਾ ਥੱਕਦੀ:
ਜਿਵੇਂ ਉਡਦਾ ਕਬੂਤਰ ਜਾਵੇ, ਪੱਗ ਮੇਰੇ ਵੀਰ ਦੀ ਦਿੱਸੇ..
ਕਬੂਤਰ ਨੂੰ ਸ਼ਾਂਤੀ ਦਾ ਪ੍ਰਤੀਕ ਤੇ ਅਮਨ ਦਾ ਚਾਹਵਾਨ ਸਮਝਿਆ ਜਾਂਦਾ ਹੈ ਜੋ ਮਨੁੱਖ ਨੂੰ ਚਾਰ ਚੁਫੇਰੇ ਸੁਖਾਵਾਂ ਮਾਹੌਲ ਸਿਰਜਣ ਦੀ ਪ੍ਰੇਰਨਾ ਦਿੰਦਾ ਹੈ। ਸ਼ਾਂਤੀ ਦੇ ਦੂਤ ਕਬੂਤਰ ਦੀ ਅਜਿਹੀ ਭਾਵਨਾ ਨੂੰ ਦੇਖ ਕੇ ਕੋਈ ਪ੍ਰੇਮੀ ਮਨ ਹੀ ਮਨ ਚਾਹੁੰਦਾ ਹੈ ਕਿ ਉਹ ਆਪਣੀ ਪ੍ਰੇਮਿਕਾ ਨਾਲ ਅਜਿਹੇ ਸ਼ਾਂਤੀਪੂਰਨ ਮਾਹੌਲ ਵਿਚ ਰਹੇ, ਜਿੱਥੇ ਉਸ ਨਾਲ ਕੋਈ ਈਰਖਾ ਨਾ ਕਰੇ ਤੇ ਨਾ ਹੀ ਦੁਸ਼ਮਣ ਬਣ ਕੇ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਵੇ:
ਜਿੱਥੇ ਉੱਡਦੇ ਕਬੂਤਰ ਚੀਨੇ, ਆ ਜਾ ਦੋਵੇਂ ਉਥੇ ਵੱਸੀਏ..
ਕਬੂਤਰ ਇਕ ਬੁੱਧੀਮਾਨ ਪੰਛੀ ਹੈ ਜੇ ਉਸ ਨੂੰ ਸਿਖਾਇਆ ਜਾਵੇ ਤਾਂ ਉਹ ਬਹੁਤ ਛੇਤੀ ਕਈ ਤਰ੍ਹਾਂ ਦੇ ਹੁਨਰ ਸਿੱਖ ਲੈਂਦਾ ਹੈ। ਉਹ ਸੰਕੇਤਾਂ ਦੀ ਭਾਸ਼ਾ ਵਿਚ ਗੱਲਾਂ ਕਰ ਸਕਦਾ ਹੈ, ਹਿਸਾਬ ਕਿਤਾਬ ਦੇ ਕੰਮਾਂ ਵਿਚ ਨਿਪੁੰਨ ਹੋ ਸਕਦਾ ਹੈ। ਸਿੱਖੇ ਹੋਏ ਕਬੂਤਰ ਕਈ ਪ੍ਰਕਾਰ ਦੀਆਂ ਖੇਡਾਂ ਵਿਚ ਵੀ ਹਿੱਸਾ ਲੈਂਦੇ ਹਨ। ਉਹ ਟੇਬਲ ਟੈਨਿਸ ਖੇਡਦੇ ਤੇ ਸਰਕਸਾਂ ਵਿਚ ਕਈ ਪ੍ਰਕਾਰ ਦੇ ਮਨੋਰੰਜਕ ਕਰਜ ਕਰਦੇ ਦੇਖੇ ਜਾ ਸਕਦੇ ਹਨ। ਅੱਜਕਲ੍ਹ ਭਾਰਤ ਦੇ ਕਈ ਸ਼ਹਿਰਾਂ ਆਗਰਾ, ਲਖਨਊ, ਦਿੱਲੀ, ਰਾਮਪੁਰ, ਸ਼ਾਹਜਹਾਨਪੁਰ ਅਤੇ ਚੇਨਈ ਆਦਿ ਵਿਚ ਕਬੂਤਰਬਾਜ਼ਾਂ ਵੱਲੋਂ ਵੱਡੀਆਂ ਵੱਡੀਆਂ ਕਬੂਤਰਾਂ ਦੀਆਂ ਬਾਜ਼ੀਆਂ ਪਾਈਆਂ ਜਾਂਦੀਆਂ ਹਨ, ਜਿਹਨਾਂ ਵਿਚ ਲੱਖਾਂ ਰੁਪਏ ਦੀ ਜਿੱਤ ਹਾਰ ਹੁੰਦੀ ਹੈ। ਗਰਮੀਆਂ ਦੀ ਰੁੱਤ ਵਿਚ ਪੰਜਾਬ ਦੇ ਅਨੇਕਾਂ ਪਿੰਡਾਂ ਵਿਚ ਵੀ ਅਜਿਹੀਆਂ ਕਬੂਤਰਬਾਜ਼ੀਆਂ ਦੇਖਣ ਨੂੰ ਮਿਲਦੀਆਂ ਹਨ, ਜਿਹਨਾਂ ਵਿਚ ਵੱਡੀਆਂ ਵੱਡੀਆਂ ਸ਼ਰਤਾਂ ਲਾਈਆਂ ਜਾਂਦੀਆਂ ਹਨ। ਇਨ੍ਹਾਂ ਬਾਜ਼ੀਆਂ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ਲਈ ਕਬੂਤਰਬਾਜ਼ਾਂ ਵੱਲੋਂ ਆਪੋ ਆਪਣੇ ਕਬੂਤਰਾਂ ਨੂੰ ਮੱਖਣ, ਬਦਾਮ, ਮਗਜ਼, ਮੁਲੱਠੀ, ਛੋਟੀ ਇਲਾਇਚੀ, ਗੁਲਾਬਜਲ, ਪੁਦੀਨਾ ਆਦਿ ਖੁਆ ਕੇ ਤਾਕਤਵਰ ਬਣਾਇਆ ਜਾਂਦਾ ਹੈ ਤੇ ਉਹਨਾਂ ਦੇ ਉਡਣ ਸ਼ਕਤੀ ਨੂੰ ਵਧਾਉਣ ਲਈ ਕਈ ਪ੍ਰਕਾਰ ਦੇ ਉਪਰਾਲੇ ਕੀਤੇ ਜਾਂਦੇ ਹਨ। ਪਰ ਕਈ ਨਸ਼ੇੜੀ ਕਿਸਮ ਦੇ ਲੋਭੀ ਕਬੂਤਰਬਾਜ਼ ਕਬੂਤਰਾਂ ਨੂੰ ਨਸ਼ੀਲੀਆਂ ਦਵਾਈਆਂ ਦੇ ਕੇ ਇਨ੍ਹਾਂ ਬਾਜ਼ੀਆਂ ਵਿਚ ਉਡਾਉਂਦੇ ਹਨ, ਜਿਸ ਕਾਰਨ ਕਈ ਕਬੂਤਰ ਉਡਦੇ ਉਡਦੇ ਥਕਾਵਟ ਨਾਲ ਨਿਢਾਲ ਹੋ ਕੇ ਡਿੱਗ ਪੈਂਦੇ ਹਨ ਜਾਂ ਦਿਲ ਦੀ ਧੜਕਣ ਬੰਦ ਹੋਣ ਕਾਰਨ ਦਮ ਤੋੜ ਦਿੰਦੇ ਹਨ। ਇਸ ਭੋਲੇ ਭਾਲੇ ਪੰਛੀ ਉਪਰ ਹੁੰਦੇ ਇਸ ਜ਼ੁਲਮ ਨੂੰ ਰੋਕਣ ਲਈ ਸਖਤ ਕਦਮਾਂ ਦੀ ਲੋੜ ਹੈ।