ਗੁਰਸੇਵਕ ਸਿੰਘ ਪ੍ਰੀਤ
ਮੁਕਤਸਰ ਸਾਹਿਬ ਤੋਂ 54 ਕਿਲੋਮੀਟਰ ਪੂਰਬ ਮਲੋਟ-ਡੱਬਵਾਲੀ ਮਾਰਗ ਉਪਰ ਪਿੰਡ ਬਨਵਾਲਾ ਅਨੂ (ਮਾਲ ਰਿਕਾਰਡ ਅਨੁਸਾਰ ਵਨਵਾਲਾ ਅਨੂ) ਸਥਿਤ ਹੈ। ਵਿਧਾਨ ਸਭਾ ਹਲਕਾ ਲੰਬੀ ਹੈ। ਮਲਵਈ ਦਿੱਖ ਵਾਲੇ ਇਸ ਪਿੰਡ ਦੀ ਚੰਗੀ ਉਪਜਾਊ ਜ਼ਮੀਨ ਹੈ। ਆਰਥਿਕ ਪੱਖੋਂ ਲੋਕ ਖੁਸ਼ਹਾਲ ਹਨ। ਕਹਿੰਦੇ ਹਨ ਕਿ ਪਿੰਡ ਦੀ ਮੋਹੜੀ ਅਨੂ ਮੁਹੰਮਦ ਨਾਂ ਦੇ ਮੁਸਲਮਾਨ ਜਾਗੀਰਦਾਰ ਨੇ ਗੱਡੀ ਸੀ। ਉਸਦੇ ਦੋ ਪੁੱਤਰ ਸਨ। ਬਾਅਦ ਵਿੱਚ ਵੱਡੇ ਮੁੰਡੇ ਦੇ ਹਿੱਸੇ ਦੀ ਅੱਧੀ ਜ਼ਮੀਨ ʼਭਗਤਾ ਭਾਈਕਾʼ ਦਿਆਂ ਨੇ ਮੁੱਲ ਲੈ ਲਈ। ਇਸ ਤਰ੍ਹਾਂ ਪਿੰਡ ਵਿੱਚ ਸਿੱਧੂ ਗੋਤੀ ਰਹਿਣ ਲੱਗ ਪਏ। ਬਾਕੀ ਬਚਦੀ ਜ਼ਮੀਨ ਪਾਕਿਸਤਾਨ ਤੋਂ ਆਏ ਲੋਕਾਂ ਨੂੰ ਅਲਾਟ ਕਰ ਦਿੱਤੀ ਗਈ।
ਸਰਦੀਆਂ ਦੀ ਦੁਪਹਿਰ ਦਾ ਵੇਲਾ ਹੈ। ਪਿੰਡ ਦੇ ਵਿਚਕਾਰ ਇੱਕ ਖੁੱਲ੍ਹੇ-ਡੁੱਲ੍ਹੇ ਮਕਾਨ ਦੇ ਵਿਹੜੇ ʼਚ ਬੈਠੀ ਇੱਕ ਬਜ਼ੁਰਗ ਔਰਤ ਧੁੱਪ ਸੇਕਦੀ ਹੋਈ ਮੰਜੇ ਕੋਲ ਪਿਆ ਪੰਘੂੜਾ ਵੀ ਹਿਲਾ ਰਹੀ ਹੈ। ਇਹ ਔਰਤ ਪੰਜਾਬੀ ਗਾਇਕੀ ਤੇ ਭੰਗੜਾ ਬੋਲੀਆਂ ਦੇ ਸ਼ਿੰਗਾਰ ʼਜੱਗਾ ਜੱਟʼ ਦੀ ਧੀ ਹੈ। ਉਸਦਾ ਨਾਂ ਗੁਲਾਬ ਕੌਰ ਉਰਫ਼ ਗਾਬੋ ਉਰਫ਼ ਗੱਭੋ ਤੇ ਹੁਣ ਰੇਸ਼ਮ ਕੌਰ ਹੈ। ਉਸ ਦਾ ਪੇਕਿਆਂ ਦਾ ਨਾਂ ਗੁਲਾਬ ਕੌਰ ਸੀ, ਲਾਡ ਨਾਲ ਸਾਰੇ ਗਾਬੋ ਤੇ ਗੱਭੋ ਕਹਿੰਦੇ ਸੀ। ਸਹੁਰੇ ਘਰ ਆਈ ਤਾਂ ਨਾਂ ਰੇਸ਼ਮ ਕੌਰ ਰੱਖਿਆ ਗਿਆ। ਉਮਰ ਕਰੀਬ 86 ਸਾਲ। ਸਿਹਤ ਚੰਗੀ ਹੈ, ਨਿਗ੍ਹਾ ਠੀਕ ਹੈ। ਥੋੜ੍ਹਾ ਉੱਚਾ ਸੁਣਦਾ ਹੈ। ਯਾਦਦਾਸ਼ਤ ਕਮਾਲ ਦੀ ਹੈ। ਬਚਪਨ ਦੀਆਂ ਗੱਲਾਂ ਹੂਬਹੂ ਯਾਦ ਨੇ। ਆਪਣੇ ਬਾਪ ਭਾਵ ਜੱਗਾ ਡਾਕੂ ਦੇ ਸਾਥੀਆਂ ਦੇ ਨਾਂ, ਉਨ੍ਹਾਂ ਦੇ ਪਿੰਡ, ਉਸ ਵੇਲੇ ਦੇ ਹਾਕਮ, ਜਗੀਰਦਾਰ ਤੇ ਘਟਨਾਵਾਂ ਬਿਨਾਂ ਅਟਕੇ ਲਗਾਤਾਰ ਘੰਟਿਆਂ ਬੱਧੀ ਸੁਣਾਈ ਜਾਂਦੇ ਹਨ। ਮਾਤਾ ਜੀ ਨਿੱਤਨੇਮੀ ਹਨ। ਅਖ਼ਬਾਰ ਪੜ੍ਹਦੇ ਹਨ ਤੇ ਆਪਣੇ ਬਾਪ ਜੱਗੇ ਡਾਕੂ ਨਾਲ ਸਬੰਧਤ ਫਿਲਮਾਂ ਵੀ ਵੇਖੀਆਂ ਹਨ। ਉਨ੍ਹਾਂ ਨੇ ਕੋਈ ਸਕੂਲੀ ਵਿੱਦਿਆ ਹਾਸਲ ਨਹੀਂ ਕੀਤੀ, ਕਿਉਂਕਿ ਇੱਕ ਤਾਂ ਸਕੂਲ ਨਹੀਂ ਸੀ, ਦੂਜਾ ਬਾਪ ਡਾਕੂ ਬਣ ਗਿਆ, ਪੜ੍ਹਾਉਂਦਾ ਕੌਣ ? ਮਾਤਾ ਜੀ ਨੇ ਪੜ੍ਹਨਾ ਆਪਣੀ ਚਾਚੀ ਬਲਵੰਤ ਕੌਰ ਤੋਂ ਸਿੱਖਿਆ ਸੀ। ਬਲਵੰਤ ਕੌਰ ਨੇ ਅੱਖਰ ਉਠਾਉਣੇ ਪਿੰਡ ਦੇ ਪਟਵਾਰੀ ਦੀ ਘਰਵਾਲੀ ʼਪਟਵਾਰਨʼ ਕੋਲੋਂ ਸਿੱਖੇ ਸਨ। ਉਹ ਪਹਿਲਾਂ ਤਾਂ ਸ੍ਰੀ ਸੁਖਮਨੀ ਸਾਹਿਬ ਦਾ ਸਾਰਾ ਪਾਠ ਨਿੱਤ ਕਰਦੇ ਸੀ ਪਰ ਹੁਣ ਨਿਗ੍ਹਾ ਕਮਜ਼ੋਰ ਹੋਣ ਕਰਕੇ ਹਰ ਰੋਜ਼ ਥੋੜ੍ਹਾ-ਥੋੜ੍ਹਾ ਪੜ੍ਹਦੇ ਹਨ। ਜਪੁਜੀ ਸਾਹਿਬ ਤੇ ਕੀਰਤਨ ਸੋਹਿਲਾ ਮੂੰਹ ਜ਼ੁਬਾਨੀ ਪੜ੍ਹ ਲੈਂਦੇ ਹਨ। ਮਾਤਾ ਨੇ ਮਾਪਿਆਂ ਵੱਲੋਂ ਦਾਜ ʼਚ ਦਿੱਤੀ ਦੋਹਰ (ਘਰ ਦੇ ਕੱਤੇ ਸੂਤ ਦੀ ਬਣਾਈ ਚਾਦਰ ਜਿਸਨੂੰ ਦੂਹਰੀ ਕਰਕੇ ਅੱਠ ਵਾਰ ਵਿਛਾਇਆ ਜਾਂਦਾ ਸੀ) ਅਤੇ ਬਾਪੂ ਜੱਗੇ ਨੂੰ ਨਾਨਕਿਆਂ ਵੱਲੋਂ ਦਿੱਤੀ ਦੁੱਧ ਪੀਣ ਵਾਲੀ ਪਿੱਤਲ ਦੀ ਗਿਲਾਸੀ ਅਜੇ ਵੀ ਸੰਭਾਲ ਕੇ ਰੱਖੀ ਹੋਈ ਹੈ। ਇੱਕ ਗੜ੍ਹਵੀ ਸੀ, ਜਿਹੜੀ ਕੋਈ ਰਿਸ਼ਤੇਦਾਰ ਲੈ ਗਿਆ।
ਜੱਗੇ ਡਾਕੂ ਦਾ ਜਨਮ 1903 ਦੇ ਨੇੜ-ਤੇੜ ਦਾ ਹੋ ਸਕਦਾ ਹੈ ਕਿਉਂਕਿ ਉਸਦੀ ਧੀ ਰੇਸ਼ਮ ਕੌਰ ਦੀ ਇਸ ਵੇਲੇ ਉਮਰ 86 ਸਾਲ ਹੈ। ਜਦੋਂ ਜੱਗੇ ਡਾਕੂ ਦੀ ਮੌਤ ਹੋਈ ਉਦੋਂ ਉਸਦੀ ਉਮਰ 9 ਸਾਲ ਸੀ ਤੇ ਕਰੀਬ 30 ਕੁ ਸਾਲ ਦੀ ਉਮਰ ʼਚ ਜੱਗੇ ਦੀ ਮੌਤ ਹੋਈ ਸੀ। ਇਸੇ ਦੌਰਾਨ 1959 ʼਚ ਗੀਤਾ ਦੱਤ ਤੇ ਮੰਨਾ ਡੇਅ ਵੱਲੋਂ 1959 ʼਚ ਬਣਾਈ ਫਿਲਮ ʼਜੱਗਾ ਡਾਕੂʼ ਦਾ ਗਾਣਾ ʼਤੂੰ ਰੂਪ ਕੀ ਨਗਰੀ ਕਾ ਰਾਜਾʼ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਪਾਕਿਸਤਾਨ ਤੇ ਭਾਰਤ ʼਚ ਜੱਗੇ ਡਾਕੂ ਉਪਰ ਕਈ ਫਿਲਮਾਂ ਬਣ ਚੁੱਕੀਆਂ ਹਨ। ਭਾਰਤੀ ਪੰਜਾਬ ʼਚ ਜੱਗੇ ਡਾਕੂ ਉਪਰ ਆਖਰੀ ਫਿਲਮ 1991 ʼਚ ਬਣੀ ਸੀ ਜਿਸ ʼਚ ਯੋਗਰਾਜ, ਦਲਜੀਤ ਕੌਰ ਅਤੇ ਸਰਦੂਲ ਸਿਕੰਦਰ ਨੇ ਅਦਾਕਾਰੀ ਕੀਤੀ ਸੀ। ʼਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕʼ ਨੇ ਵੀ ਜੱਗੇ ਨੂੰ ਰੂਹ ਨਾਲ ਗਾਇਆ।
ਬੇਬੇ ਰੇਸ਼ਮ ਕੌਰ ਨਾਲ ਗੱਲ ਕਰਨ ਤੋਂ ਇੱਕ ਗੱਲ ਸਪੱਸ਼ਟ ਜਾਪਦੀ ਹੈ ਕਿ ਜੱਗਾ ਚੜ੍ਹਦੀ ਉਮਰੇ ਹੀ ਤੋਰੇ ਫੇਰੇ ʼਚ ਪੈ ਗਿਆ। ਕੰਮ ਦਾ ਕੋਈ ਫ਼ਿਕਰ ਨਹੀਂ ਸੀ। ਚੰਗਾ ਖਾਣਾ ਪੀਣਾ ਸੀ। ਜ਼ੋਰਾਵਰ ਸਰੀਰ ਤੇ ਅਣਖੀਲੇ ਸੁਭਾਅ ਕਾਰਨ ਉਹ ਕਿਸੇ ਦੀ ਟੈਂ ਨਹੀਂ ਸੀ ਮੰਨਦਾ। ਉਸ ਸਮੇਂ ਸਮਾਜਿਕ ਤੌਰ ʼਤੇ ਜ਼ੈਲਦਾਰ, ਪਟਵਾਰੀ ਤੇ ਥਾਣੇਦਾਰ ਬਹੁਤ ਤਾਕਤ ਰੱਖਦੇ ਸੀ ਤੇ ਅਕਸਰ ਲੋਕਾਂ ʼਤੇ ਜ਼ੁਲਮ ਕਰਦੇ ਸੀ। ਉਹ ਅੰਗਰੇਜ਼ਾਂ ਦੀ ਹਕੂਮਤ ਨਾ ਮੰਨਣ ਵਾਲੇ ਦੇ ਦੋਖੀ ਹੁੰਦੇ ਸੀ। ਜੱਗੇ ਦਾ ਇਨ੍ਹਾਂ ਨਾਲ ਪੂਰਾ ਆਢਾ ਰਹਿੰਦਾ ਸੀ। ਇਸ ਲਈੇ ਉਸ ਨੇ ਸਰੀਰਕ ਅਤੇ ਮਾਨਸਿਕ ਤੌਰ ʼਤੇ ਆਪਣੇ ਆਪ ਨੂੰ ਪੁਲੀਸ ਨਾਲ ਦਸਤਪੰਜਾ ਲੈਣ ਲਈ ਤਿਆਰ ਕਰ ਲਿਆ। ਕੁਝ ਹਾਲਾਤ ਇਸ ਤਰ੍ਹਾਂ ਦੇ ਬਣੇ ਕਿ ਉਹ ਡਾਕੂ ਬਣ ਗਿਆ। ਮਾਤਾ ਰੇਸ਼ਮ ਕੌਰ ਨੇ ਦੱਸਿਆ ਕਿ ਜੱਗੇ ਦੇ ਗਲੇ ʼਚ ਗੌਣਾ (ਮੂੰਹ ʼਚ ਪੈਸੇ ਲੁਕਾਉਣ ਵਾਸਤੇ ਬਣਾਈ ਗੁਪਤ ਜਗ੍ਹਾ) ਸੀ। ਮਾਤਾ ਨੇ ਦੱਸਿਆ ਕਿ ਗੌਣ ਬਣਾਉਣ ਲਈ ਮੂੰਹ ਵਿੱਚ ਗਲੇ ਕੋਲ ਮਾਸ ਟੁੱਕ ਕੇ ਵਿੱਚ ਸਿੱਕੇ ਦੀ ਗੋਲੀ ਪਾ ਦਿੱਤੀ ਜਾਂਦੀ ਸੀ। ਫਿਰ ਹੌਲੀ ਹੌਲੀ ਸਿੱਕੇ ਵਾਲੀ ਥਾਂ ਪੱਕੀ ਮੋਰੀ ਬਣ ਜਾਂਦੀ ਤਾਂ ਸਿੱਕੇ ਨੂੰ ਕੱਢ ਦਿੱਤਾ ਜਾਂਦਾ। ਜੱਗਾ ਉਸ ਗੌਣੇ ਵਿੱਚ ਸੋਨੇ ਦੇ ਪੈਸੇ ਪਾ ਕੇ ਰੱਖਦਾ ਸੀ ਤਾਂ ਕਿ ਜੇਲ੍ਹ ਜਾਂ ਹੋਰ ਬਿਪਤਾ ਵੇਲੇ ਕੰਮ ਆ ਸਕਣ। ਉਸ ਸਮੇਂ ਇਹ ਗੁਪਤ ਖਜ਼ਾਨਾ ਹੁੰਦਾ ਸੀ। ਗੌਣ ਬਣਾਉਣ ਲਈ ਜੱਗੇ ਨੇ ਦੋ ਮਹੀਨੇ ਰੋਟੀ ਨਹੀਂ ਖਾਧੀ। ਸਿਰਫ ਦੁੱਧ ਪੀਤਾ ਤੇ ਖੀਰ ਖਾਧੀ। ਬਹੁਤ ਤਕਲੀਫ ਸਹੀ। ਇਸੇ ਤਰ੍ਹਾਂ ਉਸਨੇ ਆਪਣੀ ਛੇ ਕੁ ਸਾਲਾਂ ਦੀ ਧੀ ਦਾ ਰਿਸ਼ਤਾ ਵੀ ਪੱਕਾ ਕਰ ਦਿੱਤਾ ਸੀ ਕਿਉਂਕਿ ਉਸਨੂੰ ਪਤਾ ਸੀ ਡਾਕੂਆਂ ਦੀ ਉਮਰ ਥੋੜ੍ਹੀ ਹੁੰਦੀ ਹੈ।
ʼʼਅਖਬਾਰਾਂ ਵਾਲਿਆਂ ਤਾਂ ਬਥੇਰਾ ਕਰਤਾ, ਹੁਣ ਸਰਕਾਰ ਜੱਗੇ ਦੀ ਯਾਦਗਾਰ ਬਣਾਵੇ।ʼʼ
ਮੈਂ ਰੇਸ਼ਮ ਕੌਰ ਬੋਲਦੀ ਹਾਂ, ਸਰਦਾਰ ਜਗਤ ਸਿੰਘ ਸੰਧੂ ਦੀ ਧੀ। ਜਗਤ ਸਿੰਘ, ਜਿਸਨੂੰ ਸਾਰੇ ਜੱਗਾ ਡਾਕੂ ਕਹਿੰਦੇ ਨੇ। ਪਰ ਮੇਰਾ ਬਾਪ ਉਹ ਡਾਕੂ ਨ੍ਹੀ ਸੀ ਜਿਹੜੇ ਆਪਣੀ ਐਸ਼ ਲਈ ਲੁੱਟਦੇ ਨੇ, ਉਹ ਤਾਂ ਲੋਕਾਂ ਦਾ ਰਾਖਾ ਸੀ। ਅਮੀਰਾਂ ਨੂੰ ਲੁੱਟ ਕੇ ਗਰੀਬਾਂ ਨੂੰ ਵੰਡ ਦਿੰਦਾ ਸੀ। ਡਾਕੂ ਬਣਨ ਤੋਂ ਬਾਅਦ ਘਰ ਨਹੀਂ ਆਇਆ, ਬੱਸ ਮੇਰੇ ਕੋਲ ਤਾਂ ਉਹਦੀ ਯਾਦ ਈ ਆ। ਹੁਣ ਤਾਂ ਭਾਈ ਮੇਰਾ ਪਿੰਡ ਵਨਵਾਲਾ ਅਨੂ ਈ ਆ। ਮੈਨੂੰ ਬਾਪ ਦਾ ਅਜੇ ਵੀ ਬਹੁਤ ਵਿਯੋਗ ਆ। ਇਕੱਲੀਓ ਈ ਹਾਂ ਮੈਂ। ਕੋਈ ਭੈਣ ਭਾਈ ਨ੍ਹੀ। ਜਦੋਂ ਕੋਈ ਅਖ਼ਬਾਰ ਵਾਲਾ ਬਾਪੂ ਬਾਰੇ ਪੁੱਛਦੈ ਤਾਂ ਦੁੱਖ ਹਰਾ ਹੋ ਜਾਂਦੈ, ਫਿਰ ਕਈ ਦਿਨ ਮੈਂ ਰੋਂਦੀ ਰਹਿਨੀ ਆਂ। ਬਾਪੂ ਨੂੰ ਕੋਈ ਡਾਕੂ ਕਹਿੰਦੈ ਕੋਈ ਦੇਵਤਾ, ਪਰ ਭਾਈ ਮੇਰਾ ਤਾਂ ਉਹ ਪਿਓ ਸੀ। ਮੈਂ ਪਿਓ ਦਾ ਸੁੱਖ ਨੀਂ ਭੋਗਿਆ। ਹੁਣ ਬਥੇਰਾ ਲਾਣਾ ਮੇਰਾ, ਚਾਰ ਪੁੱਤਰ ਆ, ਅਜੀਤ ਸਿੰਘ ਸੁੱਖ ਨਾਲ ਸੱਤਰ ਸਾਲਾਂ ਦਾ, ਉਸਤੋਂ ਛੋਟਾ ਬਗੀਚਾ ਸਿੰਘ, ਅਮਰੀਕ ਸਿੰਘ ਤੇ ਸੂਬਾ ਸਿੰਘ। ਅਜੀਤ ਸਿੰਘ ਦੇ ਸੁੱਖ ਨਾਲ ਚਾਰ ਬੱਚੇ ਹਨ। ਬਾਕੀਆਂ ਸਾਰਿਆਂ ਦੇ ਦੋ-ਦੋ। ਮੈਂ ਅਜੀਤ ਸਿੰਘ ਦੇ ਪੁੱਤਰ ਕੁਲਬੀਰ ਸਿੰਘ ਨਾਲ ਰਹਿਨੀ ਆਂ (ਮਾਤਾ ਨੇ ਆਪਣੀ ਤਿੰਨ ਕੁ ਮਹੀਨਿਆਂ ਦੀ ਪੜਪੋਤਰੀ ਜਸਕੀਰਤ ਕੌਰ ਦੇ ਝੂਲੇ ਨੂੰ ਹਿਲਾਉਂਦਿਆਂ ਗੱਲ ਜਾਰੀ ਰੱਖੀ ) ਪਰ ਪਿਓ ਵਾਲਾ ਖਾਨਾ ਖਾਲੀ ਆ।
ਮੇਰੇ ਬਾਪ ਬਾਰੇ ਲੋਕ ਬਹੁਤ ਕੁਝ ਕਹਿੰਦੇ ਨੇ। ਫਿਲਮਾਂ ਵੀ ਬਣੀਆਂ ਨੇ। ਪਰ ਇਸ ਸਭ ਕਾਸੇ ʼਚ ਬਹੁਤਾ ਮਨਘੜ੍ਹਤ ਆ। ਕੋਈ ਉਸਨੂੰ ਮੁਸਲਮਾਨ ਦੱਸਦੇ ਕੋਈ ਗੁੱਜਰ। ਮੈਂ ਦੱਸਦੀ ਹਾਂ ਸੱਚਾਈ ਕੀ ਆ। ਹਰਨੇਕ ਸਿੰਘ ਘੜੂੰਆਂ ਨੇ ਬਾਪੂ ਬਾਰੇ ਪਹਿਲਾਂ ਪਤਾ ਲਾਇਆ। ਮੇਰੇ ਕੋਲ ਪਿੰਡ ਵੀ ਆਇਆ। ਮੇਰਾ ਬਾਪ ਪਾਕਿਸਤਾਨੀ ਪੰਜਾਬ ਦੇ ਪਿੰਡ ਰਣ ਸਿੰਘ ਵਾਲਾ ਥਾਣਾ ਤੇ ਤਹਿਸੀਲ ਚੂਣੀਆਂ ਜ਼ਿਲ੍ਹਾ ਲਾਹੌਰ ਦਾ ਰਹਿਣ ਵਾਲਾ ਸੀ। ਉਹ ਭਰ ਜਵਾਨੀ ʼਚ ਚਲਾ ਗਿਆ। ਮਾਪਿਆਂ ਘਰ ਮੇਰਾ ਬਾਪ ਇਕੱਲਾ ਪੁੱਤਰ ਹੀ ਸੀ। ਇਸੇ ਲਈ ਕਿਸੇ ਨੇ ਗੀਤ ਬਣਾ ʼਤਾ
ʼʼਜੇ ਮੈ ਜਾਣਦੀ ਜੱਗੇ ਨੇ ਮਰ ਜਾਣਾ, ਇੱਕ ਦੀ ਥਾਂ ਦੋ ਜੰਮਦੀ।ʼʼ
ਇਹ ਗਲਤ ਆ। ਅਸਲ ʼਚ ਉਸਦੇ ਇਕੱਲੇ ਹੋਣ ਦੀ ਵੀ ਗੱਲ ਹੋਰ ਆ, ਦੱਸਦੀ ਹਾਂ। ਮੇਰੀ ਦਾਦੀ ਦਾ ਨਾਂ ਭਾਗਨ ਸੀ। ਉਸਨੇ ਇੱਕ ਦੋ ਨਹੀਂ ਛੇ ਪੁੱਤ ਜੰਮੇ। ਪਰ ਹੋਣੀ ਰੱਬ ਦੀ ਕਿ ਹਰ ਨਿਆਣਾ ਅੱਠਮਾਹਾ ਮਰ ਜਾਂਦਾ ਸੀ। ਫੇਰ ਦਾਦੇ ਨੇ ਪਿੰਡ ਸੋਢੀਵਾਲਾ ਦੇ ਸੰਤ ਇੰਦਰ ਸਿੰਘ ਕੋਲੋਂ ਰੱਖ ਲਿਆਂਦੀ। ਸੰਤਾਂ ਨੇ ਕਿਹਾ ਕਿ ਬੱਚੇ ਦਾ ਹੱਥ ਲਵਾ ਕੇ, ਪਾਲ ਪੋਸ ਕੇ, ਪੀਰ ਦਾ ਬੱਕਰਾ ਛੱਡ ਦਿਓ, ਬੱਚਾ ਜਿਉਂਦਾ ਰਹੂਗਾ। ਮਾਪਿਆਂ ਨੇ ਬੱਚੇ (ਜੱਗੇ) ਦੇ ਜਨਮ ਤੋਂ ਪਹਿਲਾਂ ਇੱਕ ਬੱਕਰਾ ਖਰੀਦ ਲਿਆ ਤੇ ਬੱਚੇ ਦੇ ਜਨਮ ਤੋਂ ਬਾਅਦ ਉਸਦਾ ਹੱਥ ਲਵਾ ਕੇ ਘਰੇ ਬੰਨ੍ਹੀ ਰੱਖਿਆ। ਪਰ ਕੁਝ ਦਿਨਾਂ ਬਾਅਦ ਬੱਕਰੇ ਦੀਆਂ ਲੱਤਾਂ ਮਰ ਗਈਆਂ ਤੇ ਫਿਰ ਬੱਕਰਾ ਮਰ ਗਿਆ। ਫਿਰ ਇੰਦਰ ਸਾਂਈ ਦੇ ਕਹੇ ਹੋਰ ਬੱਕਰਾ ਖਰੀਦਿਆ ਉਸਦੇ ਹੱਥ ਲਵਾਇਆ, ਉਹ ਵੀ ਕੁਝ ਦਿਨਾਂ ਬਾਅਦ ਮਰ ਗਿਆ। ਇਸ ਤਰ੍ਹਾਂ ਬਾਰਾਂ ਮਹੀਨੇ ਬੱਕਰੇ ਮਰਦੇ ਰਹੇ। ਜਿਹੜਾ ਬੱਕਰਾ ਮਰਦਾ ਉਸਨੂੰ ਵਿਹੜੇ ʼਚ ਦੱਬ ਦਿੱਤਾ ਜਾਂਦਾ। ਮੇਰੇ ਵਿਆਹ ਵੇਲੇ ਜਦੋਂ ਹਲਵਾਈਆਂ ਨੇ ਚੁਰਾਂ (ਵੱਡੇ ਚੁੱਲ੍ਹੇ) ਪੱਟੀਆਂ ਤਾਂ ਜ਼ਮੀਂ ʼਚੋਂ ਕਰੰਗ ਨਿਕਲੇ ਸਨ। ਤੇਰਵਾਂ ਬੱਕਰਾ ਬਚਿਆ। ਉਹਨੂੰ ਛੱਡ ਦਿੱਤਾ। ਖੁੱਲ੍ਹੇ ਫਿਰਦੇ ਨੂੰ ʼਮੰਡੇ ਕਿਆਂʼ ਦੇ ਤੇਲੀ ਨੇ ਫੜ੍ਹਕੇ ਵੱਢ ਲਿਆ, ਗੋਸ਼ਤ ਵੇਚ ਦਿੱਤਾ। ਬਾਅਦ ʼਚ ਉਹਦਾ ਬਹੁਤ ਨੁਕਸਾਨ ਹੋਇਆ ਤੇ ਉਹਨੇ ਬੱਕਰਾ ਲੈ ਕੇ ਛੱਡਿਆ ਤਾਂ ਜਾ ਕੇ ਉਹਦੀ ਬੰਦ ਖਲਾਸੀ ਹੋਈ। ਫਿਰ ਕਿਤੇ ਜਾ ਕੇ ਜੱਗਾ ਪੈਰਾਂ ਸਿਰ ਹੋਇਆ।
ਬਾਪੂ ਹੋਰੀਂ ਦੋ ਭੈਣਾਂ ਤੇ ਇੱਕ ਭਾਈ ਜਿਓਂਦੇ ਰਹੇ। ਭੂਆ ਜੀਵਾਂ, ਮੁਕਲਾਵੇ ਗਈ ਕੱਤੇ ਦੀ ਬਿਮਾਰੀ ਨਾਲ ਮਰ ਗਈ। ਉਹ ਰਾਈਆਂ ਛੋਟੀ ਉਰਫ਼ ਰਾਏ ਵਿੰਡ ਪਾਕਿਸਤਾਨ ਵਿਆਹੀ ਸੀ। ਦੂਜੀ ਭੂਆ ਸਮੋ, ਸਰਹਾਲੀ ਭੁੱਲਰਾਂ ਨੇੜੇ ਕਸੂਰ ਲਲਿਆਣੀ (ਪਕਿਸਤਾਨ) ਵਿਖੇ ਵਿਆਹੀ ਸੀ। ਵੰਡ ਤੋਂ ਬਾਅਦ ਉਹਨੂੰ ਅੰਮ੍ਰਿਤਸਰ ਲਾਗੇ ਪਿੰਡ ਘਰਿਆਲੇ ਵਿਖੇ ਅਲਾਟਮੈਂਟ ਹੋਈ, ਫਿਰ ਕਈ ਥਾਂਈ ਉਜੜਦੇ-ਪੁੱਜੜਦੇ ਵਿਚਾਰੇ ਸਾਈਆਂ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਨੇੜੇ ਵੱਸ ਗਏ। ਮੇਰੀ ਮਾਂ ਇਕਲੌਤੀ ਸੀ। ਇਸ ਲਈ ਮੈਨੂੰ ਪਿੰਡ ਝੰਡੇ ਕਲਾਂ ਜ਼ਿਲ੍ਹਾ ਮਾਨਸਾ ਵਿਖੇ ਪੇਕਿਆਂ ਦੀ ਜ਼ਮੀਨ ਅਲਾਟ ਹੋਈ ਸੀ। ਸਹੁਰਿਆਂ ਦੀ ਜ਼ਮੀਨ ਇਸੇ ਪਿੰਡ ਬਨਵਾਲਾ ਅਨੂ ਅਲਾਟ ਹੋਈ। ਫਿਰ ਪੇਕਿਆਂ ਵਾਲੀ ਜ਼ਮੀਨ ਵੇਚ ਕੇ ਬਨਵਾਲਾ ਅਨੂੰ ਵਿਖੇ ਪੈਲੀ ਲੈ ਲਈ। ਹੁਣ ਇੱਥੇ 70 ਕੁ ਕਿਲੇ ਦੀ ਢੇਰੀ ਆ। ਮੇਰਾ ਪਤੀ ਜਥੇਦਾਰ ਅਵਤਾਰ ਸਿੰਘ ਵੀ 2005 ʼਚ ਇਸੇ ਪਿੰਡ ਬਨਵਾਲਾ ਅਨੂ ਵਿਖੇ ਸਵਰਗਵਾਸ ਹੋਇਆ। ਮੇਰੀ ਮਾਂ ਇੰਦਰ ਕੌਰ ਵੀ 1983 ʼਚ ਇਸੇ ਪਿੰਡ ਬਨਵਾਲਾ ਅਨੂ ਵਿਖੇ ਹੀ ਸਵਰਗਵਾਸ ਹੋਈ। ਮੇਰੇ ਪੇਕੇ ਜੱਟ ਸਿੱਖ ਸਿੱਧੂ ਆ ਤੇ ਸਹੁਰਿਆਂ ਦਾ ਗੋਤ ਸੰਧੂ ਆ। ਨੌਂ ਕੁ ਸਾਲ ਦੀ ਸਾਂ ਜਦੋਂ ਬਾਪੂ ਤੁਰ ਗਿਆ। ਪਰ ਉਸਦੇ ਨਕਸ਼ ਅਜੇ ਵੀ ਮੈਨੂੰ ਯਾਦ ਨੇ। ਉਹ ਮਹੁੰਮਦ ਸਦੀਕ ਵਾਂਗੂੰ ਦੋ ਤੁਰਲਿਆਂ ਵਾਲੀ ਪੱਗ ਬੰਨ੍ਹਦਾ ਸੀ। ਇੱਕ ਉਪਰ ਨੂੰ ਇੱਕ ਹੇਠਾਂ। ਪੱਗ ਅਕਸਰ ਚਿੱਟੇ ਰੰਗ ਦੀ ਹੁੰਦੀ ਸੀ। ਦੂਹਰੀਆਂ ਕੁੰਢੀਆਂ ਮੁੱਛਾਂ। ਧੂਹਵਾਂ ਚਾਦਰਾ। ਛਾਤੀ ਚੌੜੀ ਸੀ। ਘੁਲਣ ਦਾ ਸ਼ੌਕੀਨ ਸੀ। ਰੰਗ ਪੱਕਾ ਸੀ ਪਰ ਰੂਪ ਬਹੁਤ ਸੀ ਉਹਤੇ। ਨੱਕ ਜਿਵੇਂ ਕਾਗਜ਼ ਦਾ ਕੱਟ ਕੇ ਬਣਾਇਆ ਹੋਵੇ, ਤਿੱਖਾ। ਅੱਖ ਬਹੁਤ ਤੇਜ਼ ਸੀ। ਸਿੱਧੀ ਨਿਗ੍ਹਾ ਨਾਲ ਝਾਕ ਨਹੀਂ ਸੀ ਹੁੰਦਾ ਬਾਪੂ ਦੀ ਅੱਖ ਵੱਲ। ਖਵਰੈ ਚਤ੍ਹੇ ਪਹਿਰ ਸ਼ਰਾਬ ਪੀਣ ਕਰਕੇ ਸੀ। ਦਾਦੇ ਮੱਖਣ ਸਿੰਘ ਹੋਰਾਂ ਕੋਲੇ ਪੈਲੀ ਬਥੇਰੀ ਸੀ। ਪੈਂਹਟ ਕਿੱਲੇ ਪੈਲੀ ʼਤੇ ਤਾਂ ਖੇਤੀ ਕਰਦਾ ਸੀ, ਬਾਕੀ ਖਾਲੀ ਪਈ ਸੀ। ਮਾਮਲਾ ਨਹੀਂ ਸੀ ਭਰਿਆ ਜਾਂਦਾ। ਇਸੇ ਤਰ੍ਹਾਂ ਮੇਰਾ ਚਾਚਾ ਰੂਪ ਸਿੰਘ ਵੀ ਪੈਂਹਟ ਕਿੱਲੇ ਦਾ ਵਾਹੀਵਾਣ ਸੀ। ਬਾਪੂ ਛੋਟਾ ਸੀ ਜਦੋਂ ਦਾਦਾ ਤੁਰ ਗਿਆ। ਚਾਚੇ ਨੇ ਬਾਪੂ ਨੂੰ ਕੰਮ ਨਹੀਂ ਸੀ ਲਾਇਆ। ਕਹਿੰਦਾ ਲੋਕਾਂ ਨੇ ਕਹਿਣਾ ਪਿਓ ਸਿਰ ʼਤੇ ਹੈਣੀ ਤਾਂ ਮੁੰਡੇ ਨੂੰ ਕੰਮ ʼਤੇ ਡੱਕਿਆ ਹੋਇਆ। ਕੰਮ ਨਾ ਕਰਨ ਕਰਕੇ ਬਾਪੂ ਵਿਹਲਾ ਤੁਰਿਆ ਫਿਰਦਾ ਸੀ। ਚੰਗਾ ਖਾਣਾ ਚੰਗਾ ਪਹਿਣਨਾ, ਘੁਲਣਾ।
ਪਿੰਡ ਕਲਮੋਕਲ ਦਾ ਜ਼ੈਲਦਾਰ ਬਾਪੂ ਨਾਲ ਖਾਰ ਖਾਂਦਾ ਸੀ ਕਿਉਂਕਿ ਬਾਪੂ ਉਸਦੀ ਪਰਵਾਹ ਨਹੀਂ ਸੀ ਕਰਦਾ। ਜ਼ੈਲਦਾਰ ਨੇ ਝੂਠਾ ਕੇਸ ਪਵਾ ਕੇ ਬਾਪੂ ਨੂੰ ਚਾਰ ਸਾਲ ਦੀ ਕੈਦ ਕਰਵਾ ʼਤੀ। ਉਦੋਂ ਬਾਪੂ ਭਰ ਜੁਆਨ ਸੀ। ਉਧਰੋਂ ਨਨਕਾਣਾ ਸਾਹਿਬ ਵਾਲਾ ਸਾਕਾ ਹੋਇਆ। ਸਿੱਖ ਜੰਡਾਂ ਨਾਲ ਬੰਨ੍ਹ ਕੇ ਮਾਰੇ। ਸਾਕੇ ਤੋਂ ਬਾਅਦ ਸਿੱਖਾਂ ਨੇ ਗੁਰਦਵਾਰਾ ਸਾਹਿਬ ਨੂੰ ਛਡਾਉਣ ਲਈ ਜਥੇ ਭੇਜੇ ਤਾਂ ਮਹੰਤ ਨਰੈਣੂ ਨੇ ਸਿੱਖ ਸਾੜ ਦਿੱਤੇ। ਦੂਜੀ ਵਾਰ ਜਥੇ ਨਾਲ ਬਾਪੂ ਵੀ ਗਿਆ। ਬੱਸ ਉਦੋਂ ਤੋਂ ਹੀ ਅੰਗਰੇਜ਼ ਸਰਕਾਰ ਦੇ ਖਿਲਾਫ ਦਿਲ ʼਚ ਰੋਸ ਪੈਦਾ ਹੋ ਗਿਆ।
ਡਾਕੂ ਕਿਵੇਂ ਬਣਿਆ? ਬਾਰੇ ਪੁੱਛੇ ਜਾਣ ʼਤੇ ਬੇਬੇ ਨੇ ਦੱਸਿਆ ਕਿ ਪੁਲੀਸ ਵਾਲੇ ਇੱਕ ਕੁੜੀ ਚੱਕ ਕੇ ਲੈ ਗਏ। ਬਾਪੂ ਨੇ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਵੈਰ ਪੈ ਗਈ। ਪੁਲੀਸ ਦੇ ਖ਼ੌਫ਼ ਕਾਰਨ ਉਹ ਘਰੋਂ ਚਲਾ ਗਿਆ। ਪੁਲੀਸ ਦੇ ਰਵਈਏ ਤੋਂ ਅੱਕੇ ਨੇ ਕੰਗਣਪੁਰ ਪੁਲੀਸ ਦੇ ਇੱਕ ਸਿਪਾਹੀ ਤੋਂ ਬੰਦੂਕ ਖੋਹ ਲਈ। ਸਿਪਾਹੀ ਨੂੰ ਮਾਰ ਦਿੱਤਾ ਤਾਂ ਕਿ ਪਛਾਣ ਨਾ ਹੋਵੇ। ਫਿਰ ਆਚਲ ਕੇ ਪਿੰਡ ਦੇ ਆਤਮਾ ਸਿੰਘ ਦੇ ਘਰੋਂ ਬੰਦੂਕ ਲੈਣ ਗਿਆ। ਆਤਮਾ ਸਿੰਘ ਉਸਦਾ ਹਮ ਪਿਆਲਾ ਸੀ। ਜੱਗੇ ਨੇ ਕਿਹਾ ਕਿ ਮੈਂ ਹੁਣ ਡਾਕੂ ਹੋ ਗਿਆ ਹਾਂ। ਮੈਨੂੰ ਅਸਲੇ ਦੀ ਲੋੜ ਹੈ। ਮੇਰੇ ਕੋਲ ਭਰੀ ਬੰਦੂਕ ਆ, ਤੇਰੇ ਕੋਲ ਖਾਲੀ ਆ। ਮੈਨੂੰ ਆਪਣੀ ਬੰਦੂਕ ਦੇ ਦੇਹ, ਨਾਲੇ ਕਾਰਤੂਸ। ਆਤਮਾ ਸਿੰਘ ਨੇ ਬੰਦੂਕ ਤੇ ਕਾਰਤੂਸਾਂ ਦੇ ਦੋ ਡੱਬੇ ਜੋ ਉਸ ਕੋਲ ਪਏ ਸੀ, ਦੇ ਦਿੱਤੇ। ਜੱਗੇ ਨੇ ਕਿਹਾ ਮੈਂ ਤੇਰੇ ਨਾਲ ਧੋਖਾ ਨਹੀਂ ਕਰਨਾ, ਤੂੰ ਪੁਲੀਸ ਨੂੰ ਇਤਲਾਹ ਦੇਹ ਕਿ ਜੱਗਾ ਡਾਕੂ ਹੋ ਗਿਆ ਹੈ। ਬਾਅਦ ʼਚ ਆਤਮਾ ਸਿੰਘ ਦੀ ਘਰ ਵਾਲੀ ਨੇ ਛੱਤ ʼਤੇ ਚੜ੍ਹ ਕੇ ਰੌਲਾ ਪਾ ਦਿੱਤਾ ਕਿ ਜੱਗਾ ਡਾਕੂ ਉਨ੍ਹਾਂ ਦੀ ਬੰਦੂਕ ਖੋਹ ਕੇ ਲੈ ਗਿਆ।
ਅਸਲ ʼਚ ਪੁਲੀਸ ਜੱਗੇ ਨੂੰ ਫੜਣ ਦਾ ਵਿਖਾਲਾ ਕਰਦੀ ਸੀ, ਪਰ ਫੜਦੀ ਨਹੀਂ ਸੀ। ਇੱਕ ਵਾਰ ਜੱਗਾ ਭੀਮ ਕੇ ਪਿੰਡ ਛੱਪਰ ਹੇਠ ਪਿਆ ਸੀ। ਡਾਕੂ ਬਣਨ ਤੋਂ ਬਾਅਦ ਦੀ ਗੱਲ ਆ। ਉਸਦੇ ਪਏ ਕੋਲੋਂ ਦੀ ਪੁਲੀਸ ਲੰਘ ਗਈ, ਕਿਸੇ ਨਹੀਂ ਫੜਿਆ। ਜੇ ਫੜਨਾ ਚਾਹੁੰਦੀ ਤਾਂ ਉਥੇ ਹੀ ਫੜ ਸਕਦੀ ਸੀ। ਡਾਕੂ ਬਣਨ ਤੋਂ ਬਾਅਦ ਡੀ.ਐੱਸ.ਪੀ. ਅਸਗਰ ਅਲੀ ਨੇ ਕੇਹਰ ਸਿੰਘ ਨੂੰ ਕਿਹਾ ਕਿ ਜੱਗੇ ਨੂੰ ਕੇਸ ʼਚੋਂ ਕੱਢ ਦਿਆਂਗਾ, ਮੇਰਾ ਇੱਕ ਖਾਸ ਕੰਮ ਕਰਵਾ ਦੇਵੇ। ਹੁਣ ਭਾਈ ਮੈਨੂੰ ਇਹ ਤਾਂ ਪਤਾ ਨਹੀਂ ਕੰਮ ਕੀ ਸੀ।
ਡਾਕੂ ਬਣਨ ਤੋਂ ਬਾਅਦ ਬਾਪੂ ਘਰ ਨਹੀਂ ਆਇਆ। ਪੈਲੀ ਉਜਾੜ ਦਿੱਤੀ। ਮਾਲ-ਡੰਗਰ ਖੋਲ੍ਹ ਦਿੱਤਾ। ਬਹੁਤ ਤੰਗੀ ਦਾ ਸਮਾਂ ਸੀ। ਡਾਕੂ ਬਣਨ ਤੋਂ ਬਾਅਦ ਬਾਪੂ ਇੱਕ ਵਾਰ ਮਾਂ ਨੂੰ ਮਿਲਿਆ ਸੀ ਤੇ ਸੁਨੇਹਾ ਦਿੱਤਾ ਕਿ ਕੇਹਰ ਸਿੰਘ ਮਿਲੇ। ਅਕਸਰ ਧੀ ਦਾ ਬਾਪ ਸੀ। ਉਸਨੇ ਮਾਂ ਨਾਲ ਮੇਰੇ ਵਿਆਹ ਦੀ ਵਿਉਂਤ ਕੀਤੀ।
ਲਓ ਮੈਂ ਆਪਣੇ ਵਿਆਹ ਦੀ ਕਹਾਣੀ ਵੀ ਤੁਹਾਨੂੰ ਦੱਸ ਦੇਵਾਂ। ਇਹ ਵੀ ਅਨੋਖੀ ਆ। ਮੇਰਾ ਪਤਿਓਰਾ (ਸਹੁਰੇ ਦਾ ਭਰਾ) ਕੇਹਰ ਸਿੰਘ ਕਾਵਾਂ, ਬਾਪੂ ਦਾ ਲੰਗੋਟੀਆ ਯਾਰ ਸੀ। ਬਾਪੂ ਨੂੰ ਪਤਾ ਸੀ ਕਿ ਡਾਕੂ ਹੋ ਗਿਆਂ ਪਤਾ ਨਹੀਂ ਕਦੋਂ ʼਚੜ੍ਹਾਈʼ ਕਰ ਜਾਵਾਂ, ਇਸ ਲਈ ਧੀ ਦਾ ਵਿਆਹ ਛੇਤੀ ਕਰ ਦਿਆਂ। ਉਸਨੇ ਕੇਹਰ ਸਿੰਘ ਨਾਲ ਮੇਰੇ ਵਿਆਹ ਦੀ ਗੱਲ ਕੀਤੀ। ਕੇਹਰ ਸਿੰਘ ਦੇ ਮੁੰਡੇ ਛੋਟੇ ਸੀ। ਕੇਹਰ ਸਿੰਘ ਨੇ ਕਿਹਾ,ʼʼਪਹਿਲਾਂ ਯਾਰੀ ਫਿਰ ਕੁੜਮ, ਤੇਰੀ ਧੀ ਮੇਰੀ ਧੀ, ਤੂੰ ਫ਼ਿਕਰ ਨਾ ਕਰ, ਮੈਂ ਉਹਦਾ ਰਿਸ਼ਤਾ ਆਪਣੇ ਭਤੀਜੇ ਅਵਤਾਰ ਸਿਓਂ ਨਾਲ ਕਰੂੰਗਾ।ʼʼ ਕੇਹਰ ਸਿੰਘ ਦੇ ਛੋਟੇ ਭਾਈ ਗੁਲਾਬ ਸਿੰਘ ਦਾ ਪੁੱਤਰ ਅਵਤਾਰ ਸਿੰਘ ਵੱਡਾ ਸੀ। ਇਸ ਤਰਾਂ ਬਾਪੂ ਨੇ ਮੇਰਾ ਨਿਆਣੀ ਹੁੰਦੀ ਦਾ ਹੀ ਰਿਸ਼ਤਾ ਕੇਹਰ ਸਿੰਘ ਦੇ ਭਤੀਜੇ ਅਵਤਾਰ ਸਿੰਘ ਨਾਲ ਕਰ ਦਿੱਤਾ ਸੀ ਤੇ ਬਾਅਦ ʼਚ ਸਾਡਾ ਵਿਆਹ ਹੋ ਗਿਆ। ਜ਼ਮਾਨਾ ਉਦੋਂ ਚੰਗਾ ਸੀ। ਹੁਣ ਤਾਂ ਭਰਾ, ਭਰਾ ਨੂੰ ਨਹੀਂ ਪਛਾਣਦਾ। ਦੁਸ਼ਮਣ ਸਮਝਦਾ ਹੈ।
ਉਧਰੋਂ ਬਾਪੂ ਹੋਰਾਂ ਨੇ ਸਾਹੀਵਾਲ ਡਾਕਾ ਮਾਰਿਆ। ਦੱਸਦੇ ਆ ਬਈ ਬਾਪੂ ਨੇ ਇਹ ਡਾਕਾ ਹਥਿਆਰ ਲੁੱਟਣ ਲਈ ਮਾਰਿਆ ਸੀ ਪੈਸਿਆਂ ਲਈ ਨਹੀਂ। ਸਾਰੇ ਇਲਾਕੇ ʼਚ ਜੱਗੇ ਡਾਕੂ ਦਾ ਦਹਿਸ਼ਤ ਪੈ ਗਈ ਤਾਂ ਮੇਰੇ ਬਾਪ ਜੱਗੇ ਨੇ ਮੇਰੇ ਸਹੁਰੇ ਗੁਲਾਬ ਸਿੰਘ ਨੂੰ ਸੱਦ ਕੇ ਪੁੱਛਿਆ,ʼʼਸਰਦਾਰਾ ਮੈਂ ਤਾਂ ਡਾਕੂ ਹੋ ਗਿਆ ਹਾਂ, ਤੂੰ ਸਾਕ ਵਾਪਸ ਲੈਣਾ ਤਾਂ ਹੁਣ ਲੈ ਲਾ, ਵੇਖੀਂ ਕਿਤੇ ਬਾਅਦ ʼਚ ਮੇਰਾ ਸਿਵਾ ਕਾਲਾ ਕਰ ਦੇਵੇਂ।ʼʼ ਪਰ ਗੁਲਾਬ ਸਿੰਘ ਨੇ ਰਿਸ਼ਤਾ ਤੋੜਨ ਦੀ ਥਾਂ ਜੋੜ ਲਿਆ। ਉਸ ਵੇਲੇ ਮੈਂ ਛੇ ਕੁ ਸਾਲ ਦੀ ਸੀ। ਬਾਪੂ ਦੀ ਮੌਤ ਤੋਂ ਬਾਅਦ ਮੇਰੇ ਵਿਆਹ ਵੇਲੇ ਬਾਪੂ ਦੇ ਬੇਲੀ ਪਿੰਡ ਕੁੱਲ ਮੋਕਰ ਦੇ ਇੱਕ ਸਰਦਾਰ ਨੇ ਆਪਣੀ ਬਹੁਤ ਹੀ ਕੀਮਤੀ ਨਾਮਵਰ ਘੋੜੀ ʼਹੀਰੀʼ ਦਾਜ ਵਿੱਚ ਦਿੱਤੀ ਸੀ। ਇਹ ਘੋੜੀ ਢੋਲ ʼਤੇ ਨਾਚ ਕਰਦੀ ਸੀ। ਉਨ੍ਹਾਂ ਵੇਲਿਆਂ ʼਚ ਲੋਕ ਵਫ਼ਾ ਬਹੁਤ ਨਿਭਾਉਂਦੇ ਸੀ।
ਆਹ ਫਿਲਮਾਂ ਵਾਲਿਆਂ ਨੇ ਮੈਨੂੰ ਬਹੁਤ ਰੁਆਇਆ। ਬਾਪੂ ਦੀ ਸ਼ਕਲ ਹੀ ਵਿਗਾੜ ਦਿੱਤੀ ਆ। ਆਪੇ ਹੀ ਕਹਾਣੀ ਬਣਾ ਲੈਂਦੇ ਨੇ। ਮੇਰੇ ਨਾਲ ਕਦੇ ਕਿਸੇ ਨੇ ਕੋਈ ਗੱਲ ਨਹੀਂ ਕੀਤੀ। ਉਨ੍ਹਾਂ ਨੇ ਮੇਰੇ ਬਾਪ ਨੂੰ ਹਮੇਸ਼ਾਂ ਵਿਗਾੜ ਕੇ ਵਿਖਾਇਆ ਹੈ। ਮੇਰਾ ਬਾਪ ਸਰਦਾਰ ਸੀ। ਮੱਥੇ ʼਤੇ ਇੱਕ ਪਾਸੇ ਚੰਦ ਸੀ। ਦੋ ਟੌਰਿਆਂ ਵਾਲੀ ਪੱਗ ਬੰਨ੍ਹਦਾ ਸੀ। ਮੁੱਛਾਂ ਦੂਹਰੀਆ ਕੁੰਢੀਆਂ ਕਰਕੇ ਰੱਖਦਾ ਸੀ ਪਰ ਫਿਲਮਾਂ ਵਾਲਿਆਂ ਨੇ ਉਸਨੂੰ ਮੋਨਾ ਤੇ ਲੁਟੇਰਾ ਵਿਖਾਇਆ। ਮੇਰਾ ਬਾਪ ਗਰੀਬਾਂ ਤੇ ਬੱਬਰਾਂ ਲਈ ਲੁੱਟਦਾ ਸੀ, ਉਨ੍ਹਾਂ ਦੀ ਇਮਦਾਦ ਕਰਦਾ ਸੀ। ਆਹ, ਗੁੱਗੂ ਗਿੱਲ ਤੇ ਯੋਗਰਾਜ ਨੇ ਜਿਹੜੀ ਫਿਲਮ ਬਣਾਈ ਆ ਜੱਗੇ ʼਤੇ ਉਸ ʼਚ ਮੇਰੇ ਬਾਪ ਦੀ ਸ਼ਕਲ ਸੂਰਤ ਵਿਗਾੜ ਕੇ ਰੱਖਤੀ। ਫਿਲਮ ਵੇਖ ਕੇ ਮੈਂ ਬਹੁਤ ਰੋਈ। ਬੜਾ ਦੁੱਖ ਹੋਇਆ। ਮੈਨੂੰ ਗਿਲਾ ਹੈ। ਪੱਗ ਨਹੀਂ ਵਿਖਾਈ। ਪੱਗ ਤੋਂ ਮੈਨੂੰ ਗੱਲ ਯਾਦ ਆਗੀ। ਬਾਪੂ ਜਦੋਂ ਦੋ ਸਾਲ ਦਾ ਸੀ ਤਾਂ ਪੱਗ-ਪੱਗ ਕਰਦਾ ਰਹਿੰਦਾ ਸੀ। ਕਹਿੰਦੇ ਮੈਂ ਪੱਗੀ ਬੰਨ੍ਹਣੀ ਆ। ਉਦੋਂ ਪੱਗ ਬੰਨ੍ਹਣੀ ਬੜੀ ਵੱਡੀ ਗੱਲ ਹੁੰਦੀ ਸੀ। ਸੌ ਸੁੱਖਾਂ ਵਾਰਾਂ ਨਾਲ ਸਿਆਣਿਆਂ ਤੋਂ ਸਲਾਹਾਂ ਲੈ ਕੇ ਪੱਗ ਬੰਨ੍ਹਾਈ ਜਾਂਦੀ ਸੀ। ਦਾਦੇ ਹੋਰਾਂ ਨੇ ਸੋਢੀ ਬਾਬੇ ਨੂੰ ਪੁੱਛਿਆ ਤਾਂ ਉਹ ਕਹਿੰਦਾ, ਇਨ੍ਹੇ ਜਦੋਂ ਪੱਗ ਬੰਨ੍ਹ ਲਈ ਇਸਦਾ ਪਿਓ ਮਰਜੂਗਾ। ਫਿਰ ਕਈ ਵਰ੍ਹੇ ਬਾਅਦ ਰੱਖ ਕਰਵਾ ਕੇ ਪੱਗ ਬੰਨ੍ਹਾਈ। ਪੱਗ ਦਾ ਉਸਨੂੰ ਬਹੁਤ ਸ਼ੌਕ ਸੀ। ਚਿੱਟੇ ਰੰਗ ਦੀ ਦੋ ਲੜੀ ਪੱਗ ਬੜੇ ਸ਼ੌਕ ਨਾਲ ਬੰਨ੍ਹਦਾ ਸੀ। ਉਹਦੇ ਨਾਲ ਦੀ ਪੱਗ ਬਹੁਤ ਘੱਟ ਵੇਖੀ ਆ ਕਿਸੇ ਦੇ ਬੰਨ੍ਹੀ। ਖਵਨੀ ਦਾਦਾ ਵੀ ਤਾਂਹੀ ਬਾਪੂ ਦੀ ਛੋਟੀ ਉਮਰੇ ਮਰ ਗਿਆ ਸੀ। ਬਾਪੂ ਦੀ ਮੌਤ ਦਾ ਦਿਨ-ਵਾਰ ਤਾਂ ਨਹੀਂ ਪਤਾ। ਇੰਨਾ ਯਾਦ ਆ ਭਾਈ, ਫੱਗਣ ਦੋ ਦਿਨ ਰਹਿੰਦਾ ਸੀ। ਸਸਕਾਰ ਪਹਿਲੀ ਚੇਤ ਨੂੰ ਕੀਤਾ। ਬਾਪੂ ਦੇ ਨਾਲ ਉਸਦੇ ਸਾਥੀ ਬੰਤਾ ਤੇ ਸੋਹਨ ਵੀ ਮਾਰਤੇ ਸੀ। ਬਾਪੂ ਹੋਰੀਂ ਮਲੰਗੀ ਫਕੀਰ ਦੇ ਡੇਰੇ ʼਤੇ ਰਹਿੰਦੇ ਸੀ। ਸਿੱਧੂਪੁਰਾ ਵਿਖੇ ਡੇਰਾ ਸੀ। ਮਲੰਗੀ ਖੁਦ ਡਾਕੂ ਸੀ। ਉਸ ਬਾਰੇ ਕਿਹਾ ਜਾਂਦਾ ਸੀ ʼʼਦਿਨੇ ਰਾਜ ਫਰੰਗੀ ਦਾ, ਰਾਤੀਂ ਰਾਜ ਮਲੰਗੀ ਦਾ।ʼʼ
ਬਾਪੂ ਜੱਗਾ ਸਿਰਫ਼ 17 ਦਿਨ ਡਾਕੂ ਰਿਹਾ। ਢਾਈ ਮਹੀਨੇ ਭਗੌੜਾ ਰਿਹਾ। ਭਾਵ ਜਦੋਂ ਪੁਲੀਸ ਨੇ ਜੱਗੇ ਡਾਕੂ ਦੇ ਸਿਰ ਇਨਾਮ ਰੱਖ ਦਿੱਤਾ ਤਾਂ ਉਸਤੋਂ ਬਾਅਦ ਹੀ ਉਸਨੂੰ ਡਾਕੂ ਮੰਨਿਆ ਜਾਣ ਲੱਗਿਆ ਸੀ ਤੇ ਉਸਤੋਂ 17 ਦਿਨ ਬਾਅਦ ਉਸਨੂੰ ਉਸਦੇ ਹੀ ਇੱਕ ਸਾਥੀ ਨੇ ਮਾਰ ਦਿੱਤਾ ਸੀ। ਉਸਦੇ ਸਿਰ ʼਤੇ ਇੱਕ ਲੱਖ ਨਕਦ ਰੁਪਏ, ਘੋੜੀ ਤੇ ਜ਼ਮੀਨ ਦਾ ਇਨਾਮ ਰੱਖਿਆ ਗਿਆ ਸੀ। ਜੱਗੇ ਨੇ ਅੰਨ ਪਾਣੀ ਬਣਾਉਣ ਲਈ ਨਾਈਆਂ ਦਾ ਇੱਕ ਮੁੰਡਾ ਲਾਲੂ ਆਪਣੇ ਨਾਲ ਰੱਖਿਆ ਸੀ। ਉਹ ਇਨਾਮ ਦੇ ਲਾਲਚ ʼਚ ਆ ਗਿਆ। ਉਸਨੇ ਸੋਚਿਆ ਜੇ ਜੱਗੇ ਨੂੰ ਜਿਉਂਦਾ ਫੜਾਇਆ ਤਾਂ ਇਹ ਕਿਸੇ ਸਮੇਂ ਮੈਨੂੰ ਮਾਰ ਦਊ। ਇਸ ਲਈ ਉਸਨੇ ਜੱਗੇ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ। ਲਾਲੂ ਨਾਈ ਦਾ ਪਿੰਡ ਲਾਖੂਕੇ ਸੀ। ਉਹ ਆਪਣੇ ਪੰਜ ਭਾਈਆਂ ਨੂੰ ਵੀ ਬੁਲਾ ਲਿਆਇਆ। ਲਾਲੂ ਨਾਈ ਦਾ ਭਰਾ ਧਤੂਰਾ, ਦਾਰੂ (ਘਰ ਦੀ ਕੱਢੀ ਸ਼ਰਾਬ) ʼਚ ਮਿਲਾ ਲਿਆਇਆ। ਇਨਾਮ ਦੇ ਲਾਲਚ ʼਚ। ਸੋਹਨ ਤੇਲੀ ਤੇ ਜੱਗੇ ਨੇ ਦਾਰੂ ਪੀ ਲਈ। ਬੇਸੁਰਤ ਹੋ ਗਏ। ਬੰਤਾ ਸਿੰਘ ਆਪਣੇ ਪਿੰਡ ਕਾਲੂ ਖਾਰਾ ਨੂੰ ਚੱਲ ਪਿਆ। ਉਧਰ ਨਾਈ ਨੇ ਗੋਲੀਆਂ ਮਾਰ ਕੇ ਸੋਹਨ ਤੇ ਜੱਗੇ ਨੂੰ ਮਾਰ ਦਿੱਤਾ। ਬੰਤਾ ਸਿੰਘ ਗੋਲੀਆਂ ਦੀ ਆਵਾਜ਼ ਸੁਣ ਕੇ ਮੁੜ ਆਇਆ। ਨਾਈ ਤੇ ਉਹ ਆਪਸ ਜੱਫੋ-ਜੱਫੀ ਹੋ ਗਏ। ਨਾਈ ਦੇ ਭਰਾ ਨੇ ਬੰਤਾ ਸਿੰਘ ਦੇ ਵੀ ਗੋਲੀਆਂ ਮਾਰੀਆਂ। ਡਾਕੂਆਂ ਦਾ ਸਾਥੀ ਹੋਣ ਕਰਕੇ ਨਾਈ ਨੂੰ ਸਰਕਾਰ ਨੇ ਜੇਲ੍ਹ ਭੇਜਤਾ। ਜੇਲ੍ਹ ʼਚ ਕੀੜੇ ਪੈ ਕੇ ਮਰਿਆ। ਕੈਦੀ ਯਾਰ ਮਾਰ ਕਰਨ ਕਰਕੇ ਉਸਨੂੰ ਠੁੱਡੇ ਮਾਰਦੇ ਰਹਿੰਦੇ ਸੀ। ਬੰਤਾ ਸਿੰਘ ਕਾਲੂ ਖਾਰਾ ਦੇ ਬੱਚੇ ਹੁਣ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਕਾਲਾ ਟਿੱਬਾ ਨੇੜੇ ਮਮਦੋਟ ਵਿਖੇ ਰਹਿੰਦੇ ਹਨ। ਜਦੋਂ ਬਾਪੂ ਦੀ ਮੌਤ ਹੋਈ ਤਾਂ ਮਹੀਨੇ ਬਾਅਦ ਪੁਲੀਸ ਨੇ ਸਾਨੂੰ ਉਸਦਾ ਸਮਾਨ ਦਿੱਤਾ ਸੀ। ਉਸ ʼਚ ਹਾਥੀ ਦੰਦ ਦਾ ਬਣਿਆ ਡੰਡੀ ਵਾਲਾ ਚਾਕੂ, ਕੰਘਾ, ਚਾਂਦੀ ਦੀ ਅਫੀਮ ਦੀ ਡੱਬੀ ਤੇ ਅਤਰ ਫੁਲੇਲ ਦੀ ਸ਼ੀਸ਼ੀ ਸੀ।