ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Monday, May 28, 2012

ਆਸਾ - ਮਨਸਾ

'ਆਸਾ' ਦਾ ਅਰਥ ਹੈ ਇੱਛਾ ਦੀ ਪੂਰਤੀ ਦੀ ਚਾਹ ਅਤੇ 'ਮਨਸਾ' ਦਾ ਅਰਥ ਹੈ 'ਤ੍ਰਿਸ਼ਨਾ' ਸੰਤਾ ਮਹਾਤਮਾਵਾਂ ਦੀ ਦ੍ਰਿਸ਼ਟੀ ਤੋਂ ਆਸਾ - ਮਨਸਾ ਹੀ ਜੀਵ ਦੇ ਬੰਧਨ ਦਾ ਅਸਲ ਕਾਰਨ ਹੈ , ਸਮੁੰਦਰ ਦੀਆਂ ਲਹਿਰਾਂ ਵਾਂਗ ਮਨ ਵਿਚ ਰੋਜ਼ ਆਸਾ- ਤ੍ਰਿਸ਼ਨਾ ਦੀਆਂ ਲਹਿਰਾਂ ਉਠਦਿਆਂ ਰਹਿੰਦੀਆਂ ਹਨ, ਇਨ੍ਹਾਂ ਦੀ ਪੂਰਤੀ ਦੇ ਚੱਕਰ ਵਿਚ ਫਸ ਕੇ ਸਾਰਾ ਸੰਸਾਰ ਦਿਨ - ਰਾਤ ਮਾਇਆ ਦੇ ਧੰਦਿਆ ਵਿਚ ਲੱਗਾ ਰਹਿੰਦਾ ਹੈ , ਆਸਾ-ਤ੍ਰਿਸ਼ਨਾ ਦੇ ਅਧੀਨ ਹੋ ਕੇ ਕੀਤੇ ਗਏ ਕਰਮ ਜੀਵ ਨੂੰ ਚੁਰਾਸੀ ਦੇ ਚੱਕਰ ਨਾਲ ਬੰਨ੍ਹ ਕੇ ਰੱਖਦੇ ਹਨ, ਆਸਾ-ਮਨਸਾ ਦੇ ਕਾਰਨ ਬਾਰ -ਬਾਰ ਜੰਮਦੇ - ਮਰਦੇ ਰਹਿੰਦੇ ਹਾਂ ਪਰ ਆਸਾ -ਮਨਸਾ ਨਹੀਂ ਮਰਦੀ , ਸ਼੍ਰੀ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ: ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ।।
ਮਨ ਦੀ ਭੁੱਖ ਕਦੇ ਨਹੀਂ ਮਰਦੀ । ਮਨ ਅੰਨ੍ਹੇ ਖੂਹ ਵਾਂਗ ਹੈ । ਇਹਦੇ ਵਿਚ ਭਾਵੇਂ ਸਾਰੀ ਤ੍ਰਿਲੋਕੀ ਰੱਖ ਦਿਓ, ਇਹ ਫੇਰ ਖਾਲੀ ਦਾ ਖਾਲੀ ਰਹਿੰਦਾ ਹੈ । ਸ਼੍ਰੀ ਗੁਰੂ ਅਮਰ ਦਾਸ ਜੀ ਦੀ ਬਾਣੀ ਹੈ: ਜੇ ਲਖ ਇਸਤਰੀਆ ਭੋਗ ਕਰਹਿ ਨਵ ਖੰਡ ਰਾਜੁ ਕਮਾਹਿ ॥ ਬਿਨੁ ਸਤਗੁਰ ਸੁਖੁ ਨ ਪਾਵਈ ਫਿਰਿ ਫਿਰਿ ਜੋਨੀ ਪਾਹਿ ॥ 
ਆਪ ਸਮਝਾਉਂਦੇ ਹਨ ਕਿ ਇਨਸਾਨ ਨੂੰ ਭਾਵੇਂ ਸਾਰੇ ਸੰਸਾਰ ਦਾ ਰਾਜ -ਪਾਟ ਮਿਲ ਜਾਵੇ, ਸਾਰੇ ਸੰਸਾਰ ਦੇ ਭੋਗ -ਪਦਾਰਥ ਮਿਲ ਜਾਣ ਅਤੇ ਸੈਂਕੜੇ ਸੁੰਦਰ ਇਸਤਰੀਆਂ ਦਾ ਸੰਗ ਪ੍ਰਾਪਤ ਹੋ ਜਾਵੇ, ਫੇਰ ਵੀ ਇਹਦੀ ਹਵਸ ਪੂਰੀ ਨਹੀਂ ਹੋ ਸਕਦੀ , ਖਾਹਸ਼ਾਂ ਪੂਰੀਆਂ ਹੋਣ ਨਾਲ ਮਨ ਕਦੇ ਸ਼ਾਂਤ ਨਹੀਂ ਹੁੰਦਾ , ਸਗੋਂ ਇਹਦੇ ਅੰਦਰ ਹੋਰ ਵੱਧ ਖਾਹਸ਼ਾਂ ਦੀਆਂ ਲਹਿਰਾਂ ਪੈਦਾ ਹੁੰਦੀਆਂ ਹਨ, ਇਹ ਇੱਛਾਵਾਂ , ਤ੍ਰਿਸ਼ਨਾਵਾਂ ਹੀ ਸਭ ਦੁੱਖਾਂ ਦਾ ਮੂਲ ਕਾਰਨ ਹਨ , ਇੱਛਾ ਦਾ ਬੀਜ ਬਹੁਤ ਛੋਟਾ ਹੁੰਦਾ ਹੀ, ਪਰ ਇਹਦੀ ਪੂਰਤੀ ਲਈ ਲੰਮੇ ਦੁਖਦਾਈ ਸੰਘਰਸ਼ ਵਿਚੋਂ ਲੰਘਣਾ ਪੈਂਦਾ ਹੈ , ਨਾ ਕਦੇ ਖਾਹਸ਼ਾਂ ਖਤਮ ਹੁੰਦਿਆ ਹਨ ਅਤੇ ਨਾ ਹੀ ਇਨਸਾਨ ਦੇ ਦੁੱਖ ਖਤਮ ਹੁੰਦੇ ਹਨ ,
ਜਦ ਤਕ ਮਨ ਨੂੰ ਇੰਦਰੀਆਂ ਦੇ ਭੋਗਾਂ ਅਤੇ ਵਿਸ਼ੇ -ਵਿਕਾਰਾ ਤੋਂ ਉੱਚੀ-ਸੁੱਚੀ ਲੱਜਤ ਨਹੀਂ ਮਿਲਦੀ, ਇਹ ਕਦੇ ਵੀ ਵਿਸ਼ੇ - ਵਿਕਾਰਾਂ ਅਤੇ ਇਨ੍ਹਾਂ ਦੀ ਇੱਛਾ - ਤ੍ਰਿਸ਼ਨਾ ਤੋਂ ਮੁਕਤ ਨਹੀਂ ਹੋ ਸਕਦਾ, ਇਸ ਨੂੰ ਵਿਸ਼ੇ - ਵਿਕਾਰਾਂ ਅਤੇ ਦੁਨਿਆਵੀ ਖਾਹਸ਼ਾਂ ਤੋਂ ਮੁਕਤ ਕਰਾਉਣ ਵਾਲਾ ਸਾਰ - ਪਦਾਰਥ ਪਰਮਾਤਮਾ ਵਾਹਿਗੁਰੂ ਦਾ ਨਾਮ ਹੈ , ਸ਼੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ਹੈ : ਗੁਰ ਕਾ ਸਬਦੁ ਅੰਮ੍ਰਿਤੁ ਹੈ ਸਭ ਤ੍ਰਿਸਨਾ ਭੁਖ ਗਵਾਏ ॥ ਹਰਿ ਰਸੁ ਪੀ ਸੰਤੋਖੁ ਹੋਆ ਸਚੁ ਵਸਿਆ ਮਨਿ ਆਏ ॥ 
ਆਪ ਸਮਝਾਉਂਦੇ ਹਨ ਕਿ ਜਦ ਗੁਰੂ ਦੇ ਉਪਦੇਸ਼ ਅਨੁਸਾਰ ਮਨ ਨੂੰ ਅੰਦਰ ਸ਼ਬਦ ਜਾਂ ਵਾਹਿਗੁਰੂ ਦੇ ਨਾਮ ਰੂਪੀ ਅੰਮ੍ਰਿਤ ਵਿਚ ਲੀਨ ਕਰ ਦਿੰਦੇ ਹਾਂ ਤਾਂ ਇਹਦੀ ਹਰ ਕਿਸਮ ਦੀ ਤ੍ਰਿਸ਼ਨਾ ਸ਼ਾਂਤ ਹੋ ਜਾਂਦੀ ਹੈ , ਇਸ ਦੇ ਅੰਦਰ ਸੱਚਾ ਸੰਤੋਖ ਆ ਜਾਂਦਾ ਹੈ ਅਤੇ ਆਤਮਾ, ਉਸ ਵਾਹਿਗੁਰੂ ਦੇ ਪਰਮਾਤਮਾ ਰੂਪੀ ਸੱਚ ਵਿਚ ਸਮਾ ਕੇ ਉਹਦਾ ਰੂਪ ਬਣ ਜਾਂਦੀ ਹੈ , ਇਸ ਤਰ੍ਹਾਂ ਸਾਧਕ ਆਸਾ-ਮਨਸਾ ਤੋਂ ਮੁਕਤ ਹੋ ਕੇ ਪਰਮ ਅਨੰਦ ਉਸ ਅਕਾਲ ਪੁਰਖ ਵਾਹਿਗੁਰੂ ਦੇ ਸਹਿਜ-ਧਾਮ ਵਿਚ ਪਹੁੰਚ ਜਾਂਦਾ ਹੈ



ਗੁਰ ਕਾ ਸਬਦੁ ਅੰਮ੍ਰਿਤੁ ਹੈ ਸਭ ਤ੍ਰਿਸਨਾ ਭੁਖ ਗਵਾਏ ॥

ਹਰਿ ਰਸੁ ਪੀ ਸੰਤੋਖੁ ਹੋਆ ਸਚੁ ਵਸਿਆ ਮਨਿ ਆਏ ॥    ਸ਼੍ਰੀ ਗੁਰੂ ਅਮਰਦਾਸ ਜੀ



ਆਸਾ ਮਨਸਾ ਜਗਿ ਮੋਹਣੀ ਜਿਨਿ ਮੋਹਿਆ ਸੰਸਾਰੁ ॥ਸਭੁ ਕੋ ਜਮ ਕੇ ਚੀਰੇ ਵਿਚਿ ਹੈ ਜੇਤਾ ਸਭੁ ਆਕਾਰੁ ॥       ਸ਼੍ਰੀ ਗੁਰੂ 


ਅਮਰਦਾਸ ਜੀ 


ਏਹ ਤਿਸਨਾ ਵਡਾ ਰੋਗੁ ਲਗਾ ਮਰਣੁ ਮਨਹੁ ਵਿਸਾਰਿਆ ॥   ਸ਼੍ਰੀ ਗੁਰੂ ਅਮਰਦਾਸ ਜੀ 


ਮਨਸਾ ਆਸਾ ਸਬਦਿ ਜਲਾਈ ॥ਗੁਰਮੁਖਿ ਜੋਤਿ ਨਿਰੰਤਰਿ ਪਾਈ ॥  ਸ਼੍ਰੀ ਗੁਰੂ ਨਾਨਕ ਦੇਵ ਜੀ 


ਅੰਦਰਿ ਤ੍ਰਿਸਨਾ ਬਹੁਤੁ ਛਾਦਨ ਭੋਜਨ ਕੀ ਆਸਾ ॥

ਬਿਰਥਾ ਜਨਮੁ ਗਵਾਇ ਨ ਗਿਰਹੀ ਨ ਉਦਾਸਾ ॥


ਜਮਕਾਲੁ ਸਿਰਹੁ ਨ ਉਤਰੈ ਤ੍ਰਿਬਿਧਿ ਮਨਸਾ ॥


ਗੁਰਮਤੀ ਕਾਲੁ ਨ ਆਵੈ ਨੇੜੈ ਜਾ ਹੋਵੈ ਦਾਸਨਿ ਦਾਸਾ ॥    
ਸ਼੍ਰੀ ਗੁਰੂ ਨਾਨਕ ਦੇਵ ਜੀ 



ਗੁਰਸ਼ਾਮ ਸਿੰਘ ਚੀਮਾਂ 



Post Comment


ਗੁਰਸ਼ਾਮ ਸਿੰਘ ਚੀਮਾਂ