ਪਹਿਲਾਂ ਪਹਿਲ ਖੂਹ ਵਿਚੋਂ ਪਾਣੀ ਕੱਢਣ ਦੀ ਵਿਧੀ ਚੜਸ ਸੀ। ਇਹ ਘੜੇ ਦੀ ਸ਼ਕਲ ਵਿਚ ਚੰਮ ਦਾ ਬਣਿਆ ਹੋਇਆ ਇਕ ਵੱਡਾ ਸਾਰਾ ਥੈਲਾ ਹੁੰਦਾ ਸੀ। ਇਸ ਦੇ ਉੱਪਰ ਵੱਡਾ ਸਾਰਾ ਲੋਹੇ ਦਾ ਕੁੰਡਾ ਹੁੰਦਾ ਸੀ। ਕੁੰਡੇ ਨੂੰ ਲੌਂ ਜਾਂ ਰੱਸੇ ਨਾਲ ਬੰਨ੍ਹਿਆ ਹੁੰਦਾ ਸੀ। ਚੜ੍ਹਸ ਨੂੰ ਪਾਣੀ ਨਾਲ ਭਰ ਕੇ ਬਾਹਰ ਖਿੱਚਣ ਲਈ ਦੋ ਬਲਦ ਲਾਏ ਜਾਂਦੇ ਸਨ। ਚੜਸ ਖਿੱਚਣ ਲਈ ਭੌਣੀ ਜਾ ਘਿਰਲਾ ਬਹੁਤ ਮਜਬੂਤ ਲਾਉਣਾ ਪੈਂਦਾ ਸੀ। ਚੜਸ ਨੂੰ ਖਿੱਚਣ ਵਾਲਾ ਚਾੜਸੀ ਵੀ ਬਹੁਤ ਤਕੜਾ ਹੁੰਦਾ ਸੀ। ਪਾਣੀ ਦੇ ਭਰੇ ਚੜਸ ਨੂੰ ਉੱਪਰ ਆਉਣ ਤੇ ਫੜਨਾ, ਕੀਲੀ ਲਾਉਣਾ ਅਤੇ ਉਸ ਨੂੰ ਡੋਲਣਾ ਬਹੁਤ ਜ਼ੋਰ ਦਾ ਕੰਮ ਸੀ। ਸਾਰਾ ਸਿਨ ਚੜਸ ਚਲਾਉਣ ਲਈ ਬਲਦਾਂ ਦੀਆਂ ਦੋ ਜੋੜੀਆਂ ਦੀ ਲੋੜ ਪੈਂਦੀ ਸੀ। ਦੋ ਬਲਦਾ ਨਾਲ ਤਾਂ ਬੁੱਤਾ ਹੀ ਲਗਦਾ ਸੀ। ਚੜਸ ਦੀ ਆਵਤ ਤੇ ਜਾਣ ਲਈ ਲੋਕਾਂ ਨੂੰ ਬਹੁਤ ਚਾਅ ਹੁੰਦਾ ਸੀ। ਚੜਸ ਗੋਕੇ ਦਾ ਬਣਾਇਆ ਜਾਂਦਾ ਸੀ ਇਸ ਦੀ ਕੀਮਤ 7 ਜਾਂ 8 ਰੁਪਏ ਹੁੰਦੀ ਸੀ। ਇਹ 7,8 ਮਹੀਨੇ ਚਲਦਾ ਸੀ। ਵੱਡੇ ਚੜਸ ਵਿਚ 20 ਮਣ ਪਾਣੀ ਪੈਂਦਾ ਸੀ ਅਤੇ ਛੋਟੇ ਚੜਸ ਵਿਚ 15 ਮਣ ਪਾਣੀ ਪੈਂਦਾ ਸੀ। ਵੱਡੇ ਚੜਸ ਦਾ ਨਾਪ ਇਕ ਗਜ਼ ਅਤੇ ਪੰਜ ਉਂਗਲਾਂ ਹੁੰਦਾ ਸੀ। ਛੋਟਾ ਚੜਸ ਇਕ ਗਜ਼ ਦਾ ਹੁੰਦਾ ਸੀ। ਇਕ ਵਾਰੀ ਪਾਣੀ ਲਾਉਣ ਤੋਂ ਬਾਅਦ ਚੜਸ ਦੇ ਅੰਦਰਲੇ ਪਾਸੇ ਤੇਲ ਜਾਂ ਘਿਓ ਲਾਇਆ ਜਾਂਦਾ ਸੀ। ਚੜਸ ਨੂੰ ਸਵੇਰੇ 5 ਕੁ ਵਜੇ ਦੇ ਕਰੀਬ ਚਲਾਉਣਾ ਸ਼ੁਰੂ ਕੀਤਾ ਜਾਂਦਾ ਸੀ। ਸਿਆਲਾਂ ਨੂੰ ਮੂੰਹ ਨ੍ਹੇਰੇ (ਸ਼ਾਮ) ਤੱਕ ਅਤੇ ਗਰਮੀਆਂ ਨੂੰ ਦੁਪਿਹਰ 12 ਵਜੇ ਤੱਕ ਚਲਾਇਆ ਜਾਂਦਾ ਸੀ। ਇਸ ਨਾਲ ਦਿਨ ਵਿਚ ਤਕਰੀਬਨ 10 ਕਨਾਲ ਜ਼ਮੀਨ ਦਾ ਸੇਂਜਾ ਹੁੰਦਾ ਸੀ। ਚੜਸ ਚਲਾਉਣ ਲਈ 3,4 ਆਦਮੀਆਂ ਦੀ ਜ਼ਰੂਰਤ ਪੈਂਦੀ ਸੀ। ਜਦੋਂ ਚੜਸ ਭਰ ਕੇ ਉਪਰ ਆਉਂਦਾ ਸੀ ਤਾਂ ਉਸ ਨੂੰ ਖਿਚ ਕੇ ਡੋਲਣ ਲਈ ਅਤੇ ਕੀਲੀ ਲਾਉਣ ਲਈ ਦੋ ਬੰਦਿਆਂ ਦੀ ਜ਼ਰੂਰਤ ਪੈਂਦੀ। ਇਕ ਬੰਦਾ ਬੱਲਦ ਹੱਕਦਾ ਸੀ। ਕੀਲੀ ਲਾਉਣ ਵੇਲੇ ਉਚੀ ਅਵਾਜ਼ ਵਿਚ ਚੜਸੀ ਬੋਲਾ ਦਿੰਦਾ। ਬੋਲਾ ਦੇਣ ਨਾਲ ਹੋਸਲਾਂ ਵਧਦਾ ਸੀ। ਉਨ੍ਹਾਂ ਦਿਨਾਂ ਵਿਚ ਬਲਦਾਂ ਦੀ ਚੰਗੀ ਜੋੜੀ 200 ਰੁਪਏ ਵਿਚ ਮਿਲਦੀ। ਚੱੜਸ ਖਿੱਚਣ ਨੂੰ ਬਲਦਾਂ ਦਾ ਜ਼ੋਰ ਹਲਟ ਨਾਲੋਂ ਘੱਟ ਲਗਦਾ ਸੀ ਕਿਉਂਕੀ ਚੱੜਸ ਖਿੱਚਣ ਲਈ ਪਿੜ ਨੀਵੀਂ ਹੁੰਦੀ ਸੀ। ਬਲਦਾਂ ਨੂੰ ਨਿਵਾਣ ਵੱਲ ਤੁਰਨਾ ਸੌਖਾ ਹੁੰਦਾ ਸੀ ।ਜਿਸ ਖੂਹ ਵਿਚ ਪਾਣੀ ਜ਼ਿਆਦਾ ਹੁੰਦਾ ਉਸ ਵਿਚੋਂ ਚੱੜਸ ਪਹਿਲੀ ਵਾਰੀ ਹੀ ਭਰ ਜਾਂਦਾ ਸੀ। ਪਰ ਜਿਸ ਖੂਹ ਵਿਚ ਪਾਣੀ ਘੱਟ ਹੁੰਦਾ, ਉਸ ਵਿਚ ਚੱੜਸ ਨੂੰ ਦੋ ਵਾਰ ਡੋਬਿਆ ਜਾਂਦਾ ਸੀ। 1900 ਵਿੱਚ ਚੱੜਸ ਪੂਰੇ ਜੋਰਾਂ ਤੇ ਚਲਾਏ ਜਾਂਦੇ ਸਨ। 1925 ਦੇ ਕਰੀਬ ਹੱਲਟ ਆਉਣ ਨਾਲ ਇਹ ਘੱਟਣ ਲੱਗ ਪਏ। 1935 ਵਿੱਚ ਮਰੱਬੇਬੰਦੀ ਤੋਂ ਬਆਦ ਖੂਹ ਪੱਟਣੇ ਵੀ ਘੱਟ ਗਏ।
ਹੱਲਟ:-ਹਲਟ ਸਭ ਤੋਂ ਪਹਿਲਾ ਇਰਾਨ ਦੇਸ਼ ਵਿਚ ਬਣਨੇ ਸ਼ੁਰੂ ਹੋਏ। ਉਨ੍ਹਾਂ ਦਿਨਾਂ ਵਿਚ ਹਲਟ ਦੀ ਕੀਮਤ 200 ਤੋਂ 250 ਰੂਪਏ ਸੀ ਪਰ ਬਾਅਦ ਵਿਚ ਹਲਟ ਪੱਟਣ ਵੇਲੇ ਲੋਕਾਂ ਨੇ 2500 ਤੋਂ 3000 ਰੂਪਏ ਵਿਚ ਹਲਟ ਵੇਚੇ।