ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Wednesday, May 23, 2012

ਸ੍ਰੀ ਗੁਰੂ ਅਮਰਦਾਸ ਸਾਹਿਬ ਜੀ

ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ ਅੰਮ੍ਰਿਤਸਰ ਜ਼ਿਲੇ ਦੇ ਪਿੰਡ 'ਬਾਸਰਕੇ' ਵਿਚ 1479 ਈ. ਨੂੰ ਪਿਤਾ ਸ਼੍ਰੀ ਤੇਜਭਾਨ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਪਾਵਨ ਗ੍ਰਹਿ ਵਿਖੇ ਹੋਇਆ। 1503 ਈ. ਵਿਚ ਆਪ ਜੀ ਦਾ ਵਿਆਹ ਬੀਬੀ ਰਾਮ ਕੌਰ ਜੀ ਨਾਲ ਹੋਇਆ। ਆਪ ਜੀ ਦੇ 2 ਪੁੱਤਰ ਅਤੇ 2 ਧੀਆਂ ਸਨ, ਜਿਨ੍ਹਾਂ ਦੇ ਨਾਮ ਹਨ : ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ ਅਤੇ ਧੀਆਂ ਬੀਬੀ ਭਾਨੀ ਜੀ ਅਤੇ ਬੀਬੀ ਦਾਨੀ ਜੀ ਸਨ। 
ਪਿਤਾ ਪੁਰਖੀ ਪੰ੍ਰਪਰਾ ਅਨੁਸਾਰ ਆਪ ਜੀ ਹਰ ਸਾਲ ਤੀਰਥ ਯਾਤਰਾ ਕਰਨ ਜਾਇਆ ਕਰਦੇ ਸਨ। ਜਦੋਂ 21ਵੀਂ ਵਾਰ ਆਪ ਜੀ ਤੀਰਥ ਯਾਤਰਾ ਤੋਂ ਵਾਪਿਸ ਆ ਰਹੇ ਸਨ ਤਾਂ ਆਪ ਜੀ ਦੀ ਸੰਗਤ ਵਿਚ ਇਕ ਵੈਸ਼ਨਵ ਸਾਧੂ ਰਲ ਗਿਆ। ਵੈਸ਼ਨਵ ਸਾਧੂ ਦੇ ਪੁੱਛਣ 'ਤੇ ਕਿ ਆਪ ਦਾ ਗੁਰੂ ਕੌਣ ਹੈ? ਤਾਂ ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੇ-ਆਪ ਨੂੰ ਨਿਗੁਰਾ ਹੀ ਦੱਸਿਆ। ਉਸ ਵੈਸ਼ਨਵ ਸਾਧੂ ਨੇ ਬੜੇ ਦਿਲਟੁੰਬਵੇਂ ਤੀਖਣ ਸ਼ਬਦਾਂ ਵਿਚ ਕਿਹਾ, ''ਨਿਗੁਰੇ ਪੁਰਸ਼ (ਅਮਰਦਾਸ) ਦੀ ਸੰਗਤ ਕਰਕੇ ਅਤੇ ਇਸ ਦੇ ਹੱਥੋਂ ਕੁਝ ਖਾ-ਪੀ ਕੇ, ਮੇਰਾ ਜਨਮ ਭ੍ਰਿਸ਼ਟ ਹੋ ਗਿਆ ਹੈ। ਮੇਰੇ ਸਾਰੇ ਕਰਮ-ਧਰਮ, ਤੀਰਥ-ਇਸ਼ਨਾਨ ਸਭ ਨਸ਼ਟ ਹੋ ਗਏ ਹਨ। ਨਿਗੁਰੇ ਪੁਰਸ਼ ਦਾ ਤਾਂ ਦਰਸ਼ਨ ਕਰਨਾ ਵੀ ਬੁਰਾ ਹੈ।'' ਇਹ ਕਹਿ ਕੇ ਉਹ ਵੈਸ਼ਨਵ ਸਾਧੂ ਤੁਰਦਾ ਬਣਿਆ ਪਰ ਸ੍ਰੀ ਗੁਰੂ ਅਮਰਦਾਸ ਜੀ ਨੂੰ ਦੁਚਿੱਤੀ ਅਤੇ ਡੂੰਘੀ ਸੋਚ ਵਿਚ ਪਾ ਗਿਆ।
ਸ੍ਰੀ ਅਮਰਦਾਸ ਜੀ ਸੋਚਣ ਲੱਗੇ, ਇਸ ਬਿਰਧ ਅਵਸਥਾ ਤਕ ਮੈਂ ਅਜੇ ਤਕ ਨਿਗੁਰਾ ਹੀ ਰਿਹਾ ਹਾਂ। ਮੇਰਾ ਭਲਾ ਕਿਵੇਂ ਹੋਵੇਗਾ? ਸ੍ਰੀ ਗੁਰੂ ਅੰਗਦ ਦੇਵ ਜੀ ਦੀ ਪੁੱਤਰੀ 'ਬੀਬੀ ਅਮਰੋ ਜੀ' ਅਮਰਦਾਸ ਜੀ ਦੇ ਭਤੀਜੇ ਨਾਲ ਵਿਆਹੀ ਹੋਈ ਸੀ। ਉਸ ਗੁਰੂ-ਪੁੱਤਰੀ ਦੀ ਪ੍ਰੇਰਣਾ ਅਤੇ ਅਗਵਾਈ ਲੈ ਕੇ ਅਮਰਦਾਸ ਜੀ ਸ੍ਰੀ ਖਡੂਰ ਸਾਹਿਬ ਪਹੁੰਚੇ। ਸ੍ਰੀ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕੀਤੇ, ਬਚਨ ਸੁਣੇ, ਸੰਗਤ ਕੀਤੀ, ਮਨ ਨੂੰ ਸ਼ਾਂਤੀ ਮਿਲੀ। ਗੁਰੂ ਅੰਗਦ ਦੇਵ ਜੀ ਤੋਂ ਗੁਰਸਿੱਖੀ ਦੀ ਦਾਤ ਅਤੇ ਸੇਵਾ ਪ੍ਰਾਪਤ ਕਰਕੇ ਆਪ ਜੀ ਆਨੰਦ-ਪ੍ਰਸੰਨ ਹੋ ਗਏ। ਉਸ ਸਮੇਂ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਉਮਰ 36 ਸਾਲਾਂ ਦੀ ਸੀ ਅਤੇ ਸ੍ਰੀ ਗੁਰੂ ਅਮਰਦਾਸ ਜੀ ਦੀ ਲੱਗਭਗ 62 ਸਾਲ ਦੀ ਉਮਰ ਹੋ ਗਈ ਸੀ।
ਵੱਡੇ ਭਾਗਾਂ ਨਾਲ ਗੁਰ-ਸੇਵਾ ਮਿਲ ਗਈ। ਸ੍ਰੀ ਗੁਰੂ ਅਮਰਦਾਸ ਜੀ ਵਾਪਿਸ ਪਿੰਡ ਆ ਗਏ। ਤਨ, ਮਨ ਅਤੇ ਧਨ ਨਾਲ ਗੁਰੂ-ਸੰਗਤ ਅਤੇ ਗੁਰੂ ਦੀ ਸੇਵਾ ਕੀਤੀ। ਨਾਮ-ਸਿਮਰਨ ਦੀ ਤਕੜੀ ਕਮਾਈ ਕੀਤੀ। ਹਰ ਰੋਜ਼ ਪਹਿਲਾਂ ਆਪ ਇਸ਼ਨਾਨ ਕਰਨਾ ਅਤੇ ਫਿਰ ਗੁਰੂ ਪਾਤਸ਼ਾਹ ਜੀ ਵਾਸਤੇ ਅੰਮ੍ਰਿਤ ਵੇਲੇ ਗਾਗਰ ਭਰ ਕੇ ਜਲ ਲਿਆਉਣਾ ਤੇ ਇਸ਼ਨਾਨ ਕਰਵਾਉਣਾ। ਇਹ ਆਪ ਜੀ ਦੀ ਨਿਤਾਪ੍ਰਤੀ ਕਾਰ-ਸੇਵਾ ਬਣ ਗਈ ਸੀ। ਇਕ ਵਾਰ ਮੀਂਹ, ਹਨੇਰੇ ਵਿਚ ਪਾਣੀ ਦੀ ਭਰੀ ਹੋਈ ਗਾਗਰ ਚੁੱਕੀ ਆਉਂਦੇ ਗੁਰੂ ਅਮਰਦਾਸ ਜੀ ਨੂੰ ਰਸਤੇ ਵਿਚ ਠੇਡਾ ਲੱਗਾ ਅਤੇ ਆਪ ਜੀ ਧੜੰਮ ਕਰਕੇ ਧਰਤੀ 'ਤੇ ਡਿੱਗ ਪਏ। ਲੋਕਾਂ ਨੇ ਆਪ ਜੀ ਨੂੰ 'ਨਿਥਾਵਾਂ', 'ਕੁਰਾਹੀਆ' ਆਦਿ ਬੋਲ ਬੋਲੇ ਪਰ ਕੋਈ ਵੀ ਮਖੌਲ ਜਾਂ ਤਾਹਨਾ-ਮਿਹਣਾ ਆਪ ਜੀ ਨੂੰ ਸੱਚੀ ਗੁਰ-ਸੇਵਾ ਤੋਂ ਹਟਾ ਨਾ ਸਕਿਆ। ਸਾਰਾ ਦਿਨ ਲੰਗਰ ਦੀ ਸੇਵਾ ਵੀ ਕਰਦੇ। ਬਰਤਨ ਸਾਫ਼ ਕਰਦੇ, ਝਾੜੂ ਲਗਾਉਂਦੇ, ਬਾਹਰੋਂ ਬਾਲਣ ਕੱਟ ਕੇ ਲਿਆਉਂਦੇ ਤੇ ਮੂੰਹੋਂ ਨਾਮ-ਸਿਮਰਨ, 'ਗੁਰ-ਮੰਤਰ' ਦਾ ਜਾਪ ਨਾ ਵਿਸਰਨ ਦਿੰਦੇ। ਆਪ ਜੀ ਨਿੱਤਨੇਮ ਦੇ ਪੱਕੇ ਸਨ। ਨਾਮ ਅਤੇ ਗੁਰਬਾਣੀ ਆਪ ਜੀ ਦੀ ਜਿੰਦ-ਜਾਨ ਬਣ ਗਈ ਸੀ। ਗੁਰੂ ਅਤੇ ਸੰਗਤ ਦੀ ਸੇਵਾ ਆਪ ਜੀ ਮਨ ਦੀਆਂ ਰੀਝਾਂ ਲਾ-ਲਾ ਕੇ ਕਰਦੇ ਸਨ। ਆਪ ਜੀ ਨੇ ਗੁਰੂ-ਹੁਕਮ ਦੀ ਤਕੜੀ ਕਮਾਈ ਕੀਤੀ। ਗੁਰੂ ਅੰਗਦ ਦੇਵ ਜੀ ਨੇ ਜਦੋਂ ਜਾਣ ਲਿਆ ਅਤੇ ਗੁਰਮਤਿ ਦੀ ਬਰੀਕ ਕਸਵੱਟੀ 'ਤੇ ਚੰਗੀ ਤਰ੍ਹਾਂ ਪਰਖ ਲਿਆ ਕਿ ਅਮਰਦਾਸ ਹੁਣ ਸਰਬ-ਗੁਣ ਸੰਪੂਰਨ ਹੋ ਗਿਆ ਹੈ। ਉਸ ਵਿਚ ਪਰਮ-ਪੁਰਖ ਵਾਲੇ ਸਭ ਗੁਣ ਉਤਪੰਨ ਹੋ ਗਏ ਹਨ। ਤਾਂ 'ਤਖਤੈ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ' ਗੁਰਬਾਣੀ ਦੇ ਮਹਾਨ ਵਾਕ ਅਨੁਸਾਰ ਆਪ ਜੀ ਨੇ ਆਪਣੀ 'ਗੁਰ-ਜੋਤਿ' ਗੁਰੂ ਅਮਰਦਾਸ ਜੀ ਵਿਚ ਟਿਕਾ ਦਿੱਤੀ ਅਤੇ ਇਸ ਧੁਰ ਦਰਗਾਹੀ ਗੁਰਤਾਗੱਦੀ ਦੀ ਮਹਾਨ-ਦਾਤ ਸੌਂਪ ਕੇ ਆਪਣੇ ਵਰਗਾ ਹੀ ਕਰ ਲਿਆ।
ਗੁਰੂ ਅਮਰਦਾਸ ਜੀ ਨੇ ਸਿੱਖੀ ਦਾ ਪ੍ਰਚਾਰ ਕੇਂਦਰ ਖਡੂਰ ਸਾਹਿਬ ਦੀ ਥਾਂ 'ਤੇ ਸ੍ਰੀ ਗੋਇੰਦਵਾਲ ਸਾਹਿਬ ਬਣਾ ਲਿਆ। ਗੁਰੂ ਗੁਰੂ ਜੀ ਨੇ ਲੰਗਰ ਅਤੇ ਪੰਗਤ ਦੀ ਸਖ਼ਤੀ ਨਾਲ ਪ੍ਰਥਾ ਚਲਾਈ। ਇਸ ਤਰ੍ਹਾਂ ਸਭ ਮਾਈ-ਭਾਈ ਨੂੰ ਬਿਨਾਂ ਕਿਸੇ ਜਾਤ-ਪਾਤ, ਊਚ-ਨੀਚ ਆਦਿ ਵਿਤਕਰੇ ਦੇ, ਇਕੋ ਪੰਗਤ ਵਿਚ ਬਿਠਾ ਕੇ ਲੰਗਰ ਛਕਾਇਆ ਜਾਂਦਾ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਚਲਾਏ ਹੋਏ ਗੁਰਮਤਿ ਮਾਰਗ ਦਾ ਸਰਬ-ਸਾਂਝਾ ਉਪਦੇਸ਼ ਸਭ ਨੂੰ ਬਰਾਬਰ ਕੀਤਾ ਜਾਂਦਾ। ਆਪ ਜੀ ਨੇ ਸਤੀ ਦੀ ਰਸਮ ਦੀ ਜ਼ੋਰਦਾਰ ਨਿਖੇਧੀ ਕੀਤੀ। ਜਾਤ-ਪਾਤ ਨੂੰ ਖਤਮ ਕੀਤਾ। ਨਾਮ ਸਿਮਰਨ, ਸੇਵਾ, ਸੰਗਤ, ਪੰਗਤ, ਕਿਰਤ ਅਤੇ ਪਰਉਪਕਾਰੀ ਜੀਵਨ 'ਤੇ ਜ਼ੋਰ ਦਿੱਤਾ। ਔਰਤਾਂ ਵਿਚ ਘੁੰਡ ਕੱਢਣ ਅਤੇ ਬੁਰਕਾ ਪਹਿਨਣ ਦੇ ਰਿਵਾਜ ਦਾ ਖੰਡਨ ਕੀਤਾ। ਗੁਰਮਤਿ ਦੇ ਪ੍ਰਚਾਰ ਲਈ ਆਪ ਜੀ ਨੇ 22 ਮੰਜੀਆਂ (ਪ੍ਰਚਾਰਕਾਂ) ਦੀ ਸਥਾਪਨਾ ਕੀਤੀ ਅਤੇ ਦੇਸ਼ ਦੇ ਵੱਖ-ਵੱਖ ਭਾਗਾਂ ਵਿਚ ਇਸ ਨੂੰ ਪ੍ਰਚਾਰਿਆ।
ਗੁਰੂ ਜੀ ਦੇ ਪ੍ਰਚਾਰ, ਸੇਵਾ, ਸ਼ਰਧਾ, ਸਿਮਰਨ ਅਤੇ ਲੋਕ-ਭਲਾਈ ਦੇ ਕਾਰਜਾਂ ਕਰਕੇ ਆਪ ਜੀ ਦੀ ਲੋਕਪ੍ਰਿਅਤਾ ਬਹੁਤ ਹੀ ਵਧ ਗਈ। ਮੁਸਲਮਾਨ ਅਤੇ ਹੋਰ ਧਰਮਾਂ ਦੇ ਲੋਕ ਧੜਾ-ਧੜ ਗੁਰੂ ਜੀ ਦੀ ਸੰਗਤ ਵਿਚ ਆਉਣ ਲੱਗੇ। ਚੌਥੇ ਗੁਰੂ ਰਾਮਦਾਸ ਜੀ (ਜਿਨ੍ਹਾਂ ਦਾ ਪ੍ਰਥਮ ਨਾਮ ਭਾਈ ਜੇਠਾ ਜੀ ਸੀ) ਦੀ ਸੇਵਾ, ਸਿਮਰਨ ਅਤੇ ਉੱਤਮ ਗੁਣ ਵੇਖ ਕੇ, ਆਪ ਜੀ ਨੇ ਆਪਣੀ ਬੇਟੀ ਬੀਬੀ ਭਾਨੀ ਜੀ ਦਾ ਉਨ੍ਹਾਂ ਨਾਲ ਵਿਆਹ ਵੀ ਕਰ ਦਿੱਤਾ ਅਤੇ ਸਮਾਂ ਪਾ ਕੇ ਧੁਰ ਦਰਗਾਹੀ ਗੁਰਤਾਗੱਦੀ ਦੀ ਦਾਤ ਵੀ ਬਖਸ਼ ਦਿੱਤੀ। 1 ਸਤੰਬਰ 1574 ਈ. ਨੂੰ ਗੁਰੂ ਅਮਰਦਾਸ ਜੀ ਭਾਈ ਜੇਠਾ ਜੀ ਅੱਗੇ ਮੱਥਾ ਟੇਕ ਕੇ ਆਪ ਜੋਤੀ-ਜੋਤਿ ਮਿਲਾ ਗਏ। ਇਸ ਪ੍ਰਕਾਰ ਭਾਈ ਜੇਠਾ ਜੀ ਸ੍ਰੀ ਗੁਰੂ ਰਾਮਦਾਸ ਜੀ ਬਣ ਗਏ।
ਸ੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਹੈ। ਆਨੰਦ ਸਾਹਿਬ ਆਪ ਜੀ ਦੀ ਹਰਮਨਪਿਆਰੀ, ਸਰਲ ਲੋਕ-ਭਾਸ਼ਾ ਵਿਚ ਬਾਣੀ ਹੈ, ਜਿਸ ਨੂੰ ਖੁਸ਼ੀ ਅਤੇ ਗ਼ਮੀ ਦੇ ਮੌਕੇ ਪੜ੍ਹਨ ਦੀ ਸਿੱਖ ਮਰਿਆਦਾ ਹੈ। ਖੰਡੇ-ਬਾਟੇ ਦਾ ਅੰਮ੍ਰਿਤ ਤਿਆਰ ਕਰਨ ਵੇਲੇ ਪੜ੍ਹੀਆਂ ਜਾਣ ਵਾਲੀਆਂ ਪੰਜ ਬਾਣੀਆਂ 'ਚੋਂ ਸ੍ਰੀ ਆਨੰਦ ਸਾਹਿਬ ਦੇ ਪਾਠ ਦੀ ਵੀ ਵਿਸ਼ੇਸ਼ ਮਹੱਤਤਾ ਹੈ। ਸ੍ਰੀ ਗੁਰੂ ਅਮਰਦਾਸ ਜੀ ਅਤੇ ਅਕਾਲ ਪੁਰਖ ਵਿਚ ਰਤੀ ਭਰ ਵੀ ਭਿੰਨ-ਭੇਦ ਨਹੀਂ ਸੀ। ਨਿਰਸੰਦੇਹ ਆਪ ਜੀ ਖ਼ੁਦ ਗੁਰ-ਪਰਮੇਸ਼ਰ ਸਨ ਅਤੇ ਸਰਬ-ਸ਼ਕਤੀਵਾਨ, ਸਮਰੱਥ ਗੁਰੂ ਸਨ।


Post Comment


ਗੁਰਸ਼ਾਮ ਸਿੰਘ ਚੀਮਾਂ