ਬੋਲੀ – ਜਿਨ੍ਹਾਂ ਬੋਲਾਂ ਰਾਹੀਂ ਕਿਸੇ ਦੇਸ ਦੇ ਲੋਕ ਲਿਖ ਕੇ ਜਾਂ ਬੋਲ ਕੇ ਆਪਣੇ ਮਨ ਦੇ ਭਾਵ ਤੇ ਖਿਆਲ ਹੋਰਨਾਂ ਤਾਈਂ ਪ੍ਰਗਟ ਕਰਦੇ ਹਨ, ਉਨ੍ਹਾਂ ਬੋਲਾਂ ਨੂੰ ਰਲਾ ਕੇ ਉਸ ਦੇਸ ਦੀ ਬੋਲੀ ਆਖਦੇ ਹਨ।
ਬੋਲ-ਚਾਲ ਦੀ ਬੋਲੀ – ਜਿਹਡ਼ੀ ਬੋਲੀ ਕਿਸੇ ਇਲਾਕੇ ਜਾਂ ਦੇਸ ਦੇ ਲੋਕ ਨਿੱਤ ਦੀ ਗੱਲ-ਬਾਤ ਜਾਂ ਬੋਲ-ਚਾਲ ਲਈ ਵਰਤਦੇ ਹਨ, ਉਹ ਉਸ ਇਲਾਕੇ ਜਾਂ ਦੇਸ ਦੀ ਬੋਲ-ਚਾਲ ਦੀ ਬੋਲੀ ਹੁੰਦੀ ਹੈ। ਇਲਾਕਿਆਂ-ਇਲਾਕਿਆਂ ਦੀ ਬੋਲ-ਚਾਲ ਦੀ ਬੋਲੀ ਵਿਚ ਭੇਦ ਹੁੰਦਾ ਹੈ। ਪੰਜਾਬੀ ਦਾ ਅਖਾਣ ਹੈ ਕਿ ਬੋਲੀ, ਭਾਵ ਬੋਲ-ਚਾਲ ਦੀ ਬੋਲੀ, ਬਾਰ੍ਹੀਂ ਕੋਹੀਂ ਬਦਲ ਜਾਂਦੀ ਹੈ। ਮਾਝੇ, ਮਾਲਵੇ, ਦੁਆਬੇ (ਹੁਣ ਦੇ ਭਾਰਤੀ ਪੰਜਾਬ (ਪੱਛਮੀ) ਦੇ ਇਲਾਕੇ), ਪੋਠੋਹਾਰ (ਜਿਹਲਮ ਤੋਂ ਪਾਰ ਦੇ ਇਲਾਕੇ), ਸ਼ਾਹਪੁਰ, ਮੁਲਤਾਨ (ਹੁਣ ਦੇ ਪਾਕਿਸਤਾਨ ਪੰਜਾਬ (ਪੂਰਬੀ) ਦੇ ਇਲਾਕੇ) ਆਦਿ ਦੇ ਲੋਕਾਂ ਦੀ ਬੋਲੀ ਵਿਚ ਜਿੱਥੇ ਚੋਖੇ ਸ਼ਬਦ ਸਾਂਝੇ ਹਨ, ਓਥੇ ਕਈ ਸ਼ਬਦ ਵੱਖਰੇ-ਵੱਖਰੇ ਵੀ ਹਨ, ਅਤੇ ਕਈਆਂ ਦੇ ਰੂਪ ਕੁਝ ਹੋਰ ਹਨ। ਉਚਾਰਣ ਦੇ ਲਹਿਜੇ ਵਿਚ ਵੀ ਥਾਂ-ਥਾਂ ਫ਼ਰਕ ਹੁੰਦਾ ਹੈ। ਉਦਾਹਰਣ ਵਜੋਂ ਜਿਸ ਭਾਵ ਨੂੰ ਮਝੈਲ‘ਜਾਵਾਂਗਾ’ ਵਰਤ ਕੇ ਪ੍ਰਗਟ ਕਰਦੇ ਹਨ, ਉਸੇ ਭਾਵ ਨੂੰ ਪ੍ਰਗਟ ਕਰਨ ਲਈ ਮਾਲਵੇ ਦੇ ਲੋਕ ‘ਜਾਉਂਗਾ’ ਜਾਂ ‘ਜਾਮਾਂਗਾ’, ਲਹਿੰਦੇ ਤੇ ਮੁਲਤਾਨ ਵਾਲੇ ‘ਵੈਸਾਂ’ ਪੋਠੋਹਾਰੀਏ ‘ਜਾਸਾਂ’,‘ਜੁਲਸਾਂ’ ਜਾਂ ‘ਗੈਸਾਂ’ ਵਰਤਦੇ ਹਨ।
ਦੇਸ ਦੀ ਬੋਲੀ ਦੇ ਇਸ ਤਰ੍ਹਾਂ ਦੇ ਭਿੰਨ-ਭਿੰਨ ਇਲਾਕਾਈ ਰੂਪਾਂ ਨੂੰ ਉਪ-ਬੋਲੀ ਜਾਂ ਉਪ-ਭਾਸ਼ਾ ਆਖਦੇ ਹਨ।
ਪੰਜਾਬੀ ਦੀਆਂ ਉਪ-ਭਾਸ਼ਾਵਾਂ – ਪੰਜਾਬੀ ਬੋਲੀ ਦੀਆਂ ਉਪ-ਭਾਸ਼ਾਵਾਂ ਜਾਂ ਉਪ-ਬੋਲੀਆਂ ਇਹ ਹਨ –
- ਪੋਠੋਹਾਰੀ – ਜਿਹਲਮ ਤੋਂ ਪਾਰ ਦੇ ਇਲਾਕੇ (ਪੋਠੋਹਾਰ) ਦੀ ਬੋਲੀ।
- ਲਹਿੰਦੀ ਜਾਂ ਮੁਲਤਾਨੀ – ਝੰਗ, ਮੁਲਤਾਨ, ਮਿੰਟਗੁਮਰੀ ਆਦਿ ਦੀ ਬੋਲੀ।
- ਮਾਝੀ – ਮਾਝੇ ਦੇ ਇਲਾਕੇ (ਲਾਹੌਰ, ਅਮ੍ਰਿਤਸਰ ਆਦਿ) ਦੀ ਬੋਲੀ। ਇਸ ਉਪ-ਭਾਸ਼ਾ ਨੂੰ ਟਕਸਾਲੀ ਪੰਜਾਬੀ ਦਾ ਆਧਾਰ ਮੰਨਿਆ ਗਿਆ ਹੈ।
- ਮਲਵਈ – ਮਾਲਵੇ ਦੇ ਇਲਾਕੇ (ਲੁਧਿਆਣਾ, ਫਿਰੋਜ਼ਪੁਰ, ਸੰਗਰੂਰ, ਬਠਿੰਡਾ, ਨਾਭਾ, ਫਰੀਦਕੋਟ ਆਦਿ) ਦੀ ਬੋਲੀ।
- ਦੁਆਬੀ – ਦੁਆਬੇ (ਜਲੰਧਰ, ਹੁਸ਼ਿਆਰਪੁਰ, ਕਪੂਰਥਲੇ ਆਦਿ) ਦੀ ਬੋਲੀ।
- ਪੁਆਧੀ – ਪੁਆਧ (ਰੋਪਡ਼, ਪਟਿਆਲੇ ਤੇ ਅੰਬਾਲੇ ਦੇ ਆਸ-ਪਾਸ ਦੇ ਇਲਾਕੇ) ਦੀ ਬੋਲੀ।
- ਡੋਗਰੀ ਜਾਂ ਪਹਾਡ਼ੀ – ਕਾਂਗਡ਼ੇ, ਜੰਮੂ ਆਦਿ ਇਲਾਕੇ ਦੀ ਬੋਲੀ।
ਕਿਤਾਬੀ ਜਾਂ ਸਾਹਿਤਕ ਬੋਲੀ – ਜਿਹਡ਼ੀ ਬੋਲੀ ਵਿਦਵਾਨ ਤੇ ਸਾਹਿਤਕਾਰ ਆਪਣੀਆਂ ਲਿਖਤਾਂ ਵਿਚ ਵਰਤਦੇ ਹਨ, ਉਸ ਵਿਚ ਇਹ ਇਲਾਕਾਈ ਭਿੰਨ-ਭੇਦ ਨਹੀਂ ਹੁੰਦੇ। ਉਹ ਸਭ ਇਲਾਕਿਆਂ ਵਿਤ ਇੱਕ ਹੀ ਹੁੰਦੀ ਹੈ। ਇਸ ਨੂੰ ਕਿਤਾਬੀ, ਸਾਹਿਤਕ, ਸ਼ੁੱਧ, ਜਾਂ ਟਕਸਾਲੀ ਬੋਲੀ ਕਿਹਾ ਜਾਂਦਾ ਹੈ। ਇਸ ਬੋਲੀ ਦਾ ਅਧਾਰ ਜਾਂ ਸੋਮਾ ਤਾਂ ਬੋਲ-ਚਾਲ ਦੀ ਬੋਲੀ ਹੀ ਹੁੰਦੀ ਹੈ, ਪਰ ਇਹ ਉਸ ਨਾਲੋਂ ਬਹੁਤ ਸਾਫ਼, ਸੁਥਰੀ ਤੇ ਮਾਂਜੀ ਹੋਈ ਹੁੰਦੀ ਹੈ, ਅਤੇ ਵਿਦਵਾਨਾਂ ਦੇ ਕਾਇਮ ਕੀਤੇ ਹੋਏ ਬੱਝਵੇਂ ਨੇਮਾਂ ਅਨੁਸਾਰ ਲਿਖੀ ਜਾਂਦੀ ਹੈ।
ਹਰ ਦੇਸ ਵਿਚ ਕਿਸੇ ਖਾਸ ਇਲਾਕੇ ਦੀ ਬੋਲੀ ਨੂੰ ਉਸ ਦੇਸ ਦੀ ਕਿਤਾਬੀ ਬੋਲੀ ਦੀ ਨੀਂਹ ਜਾਂ ਅਧਾਰ ਮੰਨ ਲਿਆ ਜਾਂਦਾ ਹੈ, ਅਤੇ ਉਹਨੂੰ ਹੀ ਮਾਂਜ-ਸੁਆਰ ਕੇ ਕਿਤਾਬੀ ਜਾਂ ਟਕਸਾਲੀ ਰੂਪ ਦਿੱਤਾ ਜਾਂਦਾ ਹੈ। ਕਿਤਾਬੀ ਜਾਂ ਟਕਸਾਲੀ ਪੰਜਾਬੀ ਬੋਲੀ ਦੀ ਨੀਂਹ ਮਾਝੇ ਦੀ ਬੋਲੀ ਮੰਨੀ ਗਈ ਹੈ। ਇਸੇ ਉਪ-ਬੋਲੀ ਨੂੰ ਸਾਫ਼-ਸੁਥਰੀ ਬਣਾ ਕੇ ਕਿਤਾਬੀ, ਸਾਹਿਤਿਕ, ਠੇਠ, ਸ਼ੁੱਧ ਜਾਂ ਟਕਸਾਲੀ ਪੰਜਾਬੀ ਕਿਹਾ ਜਾਂਦਾ ਹੈ
ਪਰ ਚੇਤੇ ਰੱਖਣਾ ਚਾਹੀਦਾ ਹੈ ਕਿ ਸਾਹਿਤਿਕ ਬੋਲੀ ਨੂੰ ਬੋਲ-ਚਾਲ ਦੀ ਬੋਲੀ ਨਾਲੋਂ ਉੱਕਾ ਹੀ ਨਿਖੇਡ਼ ਕੇ ਅੱਡ ਨਹੀਂ ਕੀਤਾ ਜਾਂਦਾ। ਹਰੇਕ ਜਿਉਂਦੀ ਬੋਲੀ ਜਿੱਥੇ ਹਰ ਸਮੇਂ ਲੋਡ਼ ਅਨੁਸਾਰ ਬਾਹਰੋਂ, ਹੋਰਨਾਂ ਬੋਲੀਆਂ ਤੋਂ ਵੀ ਸ਼ਬਦ ਲੈਂਦੀ ਰਹਿੰਦੀ ਹੈ, ਓਥੇ ਬੋਲ-ਚਾਲ ਦੀ ਬੋਲੀ ਦੇ ਰਈ ਸ਼ਬਦਾਂ ਨੂੰ ਵੀ ਸਹਿਜੇ ਸਹਿਜੇ ਉਚੇਰਾ ਦਰਜਾ ਮਿਲਦਾ ਰਹਿੰਦਾ ਹੈ, ਅਤੇ ਉਹ ਸਾਹਿਤਿਕ ਬੋਲੀ ਦਾ ਰੂਪ ਬਣ ਕੇ ਉਸ ਨੂੰ ਅਮੀਰ ਬਣਾਉਂਦੇ ਹਨ। ਜੇ ਸਾਹਿਤਿਕ ਬੋਲੀ ਨੂੰ ਬੋਲ-ਚਾਲ ਦੀ ਬੋਲੀ ਨਾਲੋਂ ਉੱਕਾ ਹੀ ਨਿਖੇਡ਼ ਕੇ ਵੱਖ ਰੱਖ ਦੇਈਏ, ਤਾਂ ਕੁਝ ਸਮੇਂ ਮਗਰੋਂ ਉਹ ਮੁਰਦਾ ਬੋਲੀ ਬਣ ਜਾਵੇਗੀ।
ਵਰਣ ਜਾਂ ਅੱਖਰ ਤੇ ਲਗਾਂ – ਬੋਲੀ ਆਵਾਜ਼ਾਂ ਦੇ ਮੇਲ ਤੋਂ ਬਣਦੀ ਹੈ। ਇਹਨਾਂ ਵੱਖ-ਵੱਖ ਆਵਾਜ਼ਾਂ ਨੂੰ ਲਿਖ ਕੇ ਪ੍ਰਗਟ ਕਰਨ ਲਈ ਜੋ ਖ਼ਾਸ-ਖ਼ਾਸ ਚਿੰਨ੍ਹ ਵਰਤੇ ਜਾਂਦੇ ਹਨ, ਉਨ੍ਹਾਂ ਨੂੰ ਅੱਖਰ ਜਾਂ ਵਰਣ ਤੇ ਲਗਾਂ ਆਖਦੇ ਹਨ। ਇਕੱਲਾ ਅੱਖਰ ਆਪਣੇ ਆਪ ਵਿਚ ਕੋਈ ਆਵਾਜ਼ ਨਹੀਂ ਦੇ ਸਕਦਾ ਤੇ ਨਾ ਹੀ ਇਕੱਲੀ ਲਗ ਕੋਈ ਆਵਾਜ਼ ਦੇ ਸਕਦੀ ਹੈ। ਆਵਾਜ਼ ਪ੍ਰਗਟ ਕਰਨ ਲਈ ਅੱਖਰਾਂ ਤੇ ਲਗਾਂ ਦਾ ਮੇਲ ਹੀ ਕੰਮ ਦੇਂਦਾ ਹੈ।
ਸ਼ਬਦ – ਕੋਈ ਸਾਫ਼-ਸਾਫ਼ ਗੱਲ ਪ੍ਰਗਟ ਕਰਨ ਲਈ ਜੋ ਵੱਖਰੇ-ਵੱਖਰੇ ਬੋਲ ਵਰਤੇ ਜਾਂਦੇ ਹਨ, ਉਨ੍ਹਾਂ ਨੂੰ ਸ਼ਬਦ ਆਖਦੇ ਹਨ। ਜਿਵੇਂ ਕਿ – ਨੇਕ ਬੰਦੇ ਕਿਸੇ ਦਾ ਬੁਰਾ ਨਹੀਂ ਕਰਦੇ, ਵਿਚ ‘ਨੇਕ’, ‘ਬੰਦੇ’, ‘ਦਾ’, ‘ਬੁਰਾ, ‘ਨਹੀਂ’ ਤੇ ‘ਕਰਦੇ’ ਸਭ ਸ਼ਬਦ ਹਨ। ਸ਼ਬਦ ਆਵਾਜ਼ਾਂ ਜਾਂ ਅੱਖਰਾਂ ਤੇ ਲਗਾਂ ਦੇ ਮੇਲ ਤੋਂ ਬਣਦੇ ਹਨ।
ਸਾਰਥਕ ਤੇ ਨਿਰਾਰਥਕ ਸ਼ਬਦ – ਸ਼ਬਦਾਂ ਦੇ ਖ਼ਾਸ-ਖ਼ਾਸ ਅਰਥ ਹੁੰਦੇ ਹਨ। ਇਹਨਾਂ ਨੂੰ ਸੁਣ ਕੇ ਸਾਨੂੰ ਖ਼ਾਸ-ਖ਼ਾਸ ਸ਼ੈ ਦਾ ਗਿਆਨ ਹੁੰਦਾ ਹੈ। ਪਰ ਬੋਲ-ਚਾਲ ਵਿਚ ਕਈ ਵੇਰ ਅਜੇਹੇ ਸ਼ਬਦ ਵੀ ਵਰਤੇ ਲਏ ਜਾਂਦੇ ਹਨ ਜਿਨ੍ਹਾਂ ਦਾ ਅਰਥ ਕੋਈ ਨਹੀਂ ਹੁੰਦਾ, ਜੋ ਕਿਸੇ ਸ਼ੈ ਦਾ ਗਿਆਨ ਨਹੀਂ ਦੇਂਦੇ। ਜਿਵੇਂ ਕਿ – ਰੋਟੀ ਰਾਟੀ ਛਕ ਛੁਕ ਕੇ ਅਤੇ ਪਾਣੀ ਧਾਣੀ ਪੀ ਪੂ ਕੇ ਉਹ ਤੁਰ ਗਿਆ ਵਿਚ ਰਾਟੀ, ਛੁਕ, ਧਾਣੀ ਤੇ ਪੂ ਅਜੇਹੇ ਸ਼ਬਦ ਹਨ ਜਿਨ੍ਹਾਂ ਦਾ ਅਰਥ ਕੋਈ ਨਹੀਂ ਜੋ ਕਿਸੇ ਸ਼ੈ ਦਾ ਗਿਆਨ ਨਹੀਂ ਦੇਂਦੇ। ਬਾਕੀ ਦੇ ਸ਼ਬਦ ਅਰਥਾਂ ਵਾਲੇ ਹਨ। ਜਿਨ੍ਹਾਂ ਸ਼ਬਦਾਂ ਦਾ ਕੁਝ ਅਰਥ ਹੋਵੇ, ਉਨ੍ਹਾਂ ਨੂੰ ਸਾਰਥਕ ਜਾਂ ਵਾਚਕ ਸ਼ਬਦ ਆਖਦੇ ਹਨ। ਜਿਨ੍ਹਾਂ ਸ਼ਬਦਾਂ ਦਾ ਕੋਈ ਅਰਥ ਨਾ ਹੋਵੇ ਉਨ੍ਹਾਂ ਨੂੰ ਨਿਰਾਰਥਕ ਸ਼ਬਦ ਆਖਦੇ ਹਨ।
1. ਪਰ ਇਹ ਨਿਰਾਰਥਕ ਸ਼ਬਦ ਹਰ ਥਾਂ ਵਾਧੂ ਜਾਂ ਬਿਲਕੁਲ ਬੇਅਰਥ ਨਹੀਂ ਹੁੰਦੇ। ਸਾਰਥਕ ਸ਼ਬਦਾਂ ਦੇ ਨਾਲ ਲੱਗ ਕੇ ਇਹ ਆਦਿ ਜਾਂ ਆਦਿਕ ਦਾ ਅਰਥ ਪ੍ਰਗਟ ਕਰਦੇ ਹਨ। ਪਾਣੀ ਛਕੋ ਤੇ ਪਾਣੀ ਧਾਣੀ ਛਕੋ ਵਿਚ ਅੰਤਰ ਹੈ। ਪਾਣੀ ਛਕਣ ਵਾਲੇ ਨੂੰ ਨਿਰਾ ਪਾਣੀ ਹੀ ਮਿਲੇਗਾ ਪਰ ਪਾਣੀ ਧਾਣੀ ਛਕਣ ਵਾਲੇ ਨੂੰ ਪਾਣੀ ਦੇ ਨਾਲ ਹੋਰ ਕੁਝ ਵੀ –ਲੱਡੂ, ਪਿੰਨੀ, ਬਰਫ਼ੀ, ਪਰੌਂਠਾ ਆਦਿ ਦਿੱਤਾ ਜਾਵੇਗਾ। ਪਾਣੀ ਵੀ ਸ਼ਾਇਦ ਸ਼ਰਬਤ, ਕੱਚੀ ਲੱਸੀ, ਕੋਕਾ-ਕੋਲਾ ਆਦਿਕ ਹੋਵੇ। ਇਹੋ ਹਾਲ ਰੋਟੀ ਤੇ ਰੋਟੀ ਰਾਟੀ ਮੰਜੀ ਤੇ ਮੰਜੀ ਮੁੰਜੀ, ਤੇਲ ਤੇ ਤੇਲ ਸ਼ੇਲ, ਕੁਕਡ਼ ਤੇ ਕੁਕਡ਼ ਸ਼ੁੱਕਡ਼ ਦਾ ਹੈ। ਅਜਿਹੇ ਨਿਰਾਰਥਕ ਸ਼ਬਦਾਂ ਦੀ ਥਾਂ ਜੇ ਆਦਿ ਜਾਂ ਆਦਿਕ ਵਰਤ ਲਈਏ ਤਾਂ ਵੀ ਭਾਵ ਉਹੋ ਪ੍ਰਗਟ ਹੋਵੇਗਾ।
2. ਨਿਰਾਰਥਕ ਸ਼ਬਦ ਸਦਾ ਸਾਰਥਕ ਸ਼ਬਦਾਂ ਦੇ ਨਾਲ ਉਨ੍ਹਾਂ ਦੇ ਮਗਰ ਆਉਂਦੇ ਹਨ। ਇਹ ਇਕੱਲੇ ਨਹੀਂ ਵਰਤੇ ਜਾਂਦੇ।
3. ਨਿਰਾਰਥਕ ਸ਼ਬਦ ਬਹੁਤ ਕਰਕੇ ਬੋਲ-ਚਾਲ ਵਿਚ ਵਰਤੇ ਜਾਂਦੇ ਹਨ।
ਵਾਕ – ਜਦ ਅਸੀਂ ਕੋਈ ਸਾਫ਼ ਤੇ ਪੂਰੀ ਗੱਲ ਕਰਨੀ ਹੁੰਦੀ ਹੈ, ਤਾਂ ਅਸੀਂ ਕੁਝ ਸ਼ਬਦਾਂ ਨੂੰ ਇੱਕ ਥਾਂ ਜੋਡ਼ ਕੇ ਬੋਲਦੇ ਹਾਂ। ਜਿਵੇਂ – ਸਾਡਾ ਪਿਆਰਾ ਦੇਸ ਹੁਣ ਆਜ਼ਾਦ ਹੈ, ਸਾਡੀ ਪਿਆਰੀ ਮਾਂ-ਬੋਲੀ ਪੰਜਾਬੀ ਹੈ, ਸ਼ਬਦਾਂ ਦੇ ਅਜੇਹੇ ਇਕੱਠ ਨੂੰ ਜਿਸ ਤੋਂ ਪੂਰੀ ਪੂਰੀ ਤੇ ਸਾਫ਼ ਗੱਲ ਬਣ ਜਾਵੇ, ਸਮਝ ਵਿਚ ਆ ਜਾਵੇ, ਵਾਕ ਆਖਦੇ ਹਨ।
ਵਿਆਕਰਣ – ਕਿਸੇ ਬੋਲੀ ਨੂੰ ਠੀਕ-ਠੀਕ ਲਿਖਣ, ਬੋਲਣ ਲਈ ਜਿਨ੍ਹਾਂ ਨੇਮਾਂ ਦਾ ਧਿਆਨ ਰੱਖਿਆ ਜਾਂਦਾ ਹੈ, ਉਨ੍ਹਾਂ ਸਾਰਿਆਂ ਨੂੰ ਰਲਾ ਕੇ ਉਸ ਬੋਲੀ ਦੀ ਵਿਆਕਰਣ ਕਿਹਾ ਜਾਂਦਾ ਹੈ। ਪੰਜਾਬੀ ਬੋਲੀ ਨੂੰ ਠੀਕ ਠੀਕ ਲਿਖਣ, ਬੋਲਣ ਦੇ ਸਭ ਨੇਮਾਂ ਨੂੰ ਰਲਾ ਕੇ ਪੰਜਾਬੀ ਵਿਆਕਰਣ ਆਖਦੇ ਹਨ। ਚੇਤਾ ਰੱਖਣਾ ਚਾਹੀਦਾ ਹੈ ਕਿ ਵਿਆਕਰਣ ਕੇਵਲ ਲਿਖਤੀ ਜਾਂ ਸਾਹਿਤਿਕ ਬੋਲੀ ਦਾ ਹੀ ਹੁੰਦਾ ਹੈ, ਉਪ-ਬੋਲੀ ਜਾਂ ਬੋਲ-ਚਾਲ ਦੀ ਬੋਲੀ ਦਾ ਨਹੀਂ ਤੇ ਇਸ ਵਿਚ ਕੇਵਲ ਸਾਰਥਕ ਜਾਂ ਵਾਚਕ ਸ਼ਬਦਾਂ ਉੱਪਰ ਹੀ ਵਿਚਾਰ ਕੀਤਾ ਜਾਂਦਾ ਹੈ।
ਪੰਜਾਬੀ ਵਿਆਕਰਣ ਦੇ ਤਿੰਨ ਹਿੱਸੇ ਹਨ –
1) ਵਰਣ-ਬੋਧ – ਇਹ ਪੰਜਾਬੀ ਵਿਆਕਰਣ ਦਾ ਉਹ ਹਿੱਸਾ ਹੈ, ਜਿਸ ਵਿਚ ਵਰਣਾਂ (ਅੱਖਰਾਂ) ਤੇ ਲਗਾਂ ਦੇ ਰੂਪਾਂ ਅਤੇ ਉਨ੍ਹਾਂ ਤੋਂ ਸ਼ਬਦ ਬਣਾਉਣ ਦੇ ਨੇਮਾਂ ਦਾ ਗਿਆਨ ਹੁੰਦਾ ਹੈ।
2) ਸ਼ਬਦ-ਬੋਧ – ਇਹ ਪੰਜਾਬੀ ਵਿਆਕਰਣ ਦਾ ਉਹ ਹਿੱਸਾ ਹੈ ਜਿਸ ਵਿਚ ਵਾਚਕ ਸ਼ਬਦਾਂ ਦੀ ਵੰਡ, ਰਚਨਾ, ਰੂਪਾਂਤਰ ਤੇ ਵਰਤੋਂ ਦੇ ਨੇਮ ਬਿਆਨ ਕੀਤੇ ਜਾਂਦੇ ਹਨ।
3) ਵਾਕ-ਬੋਧ – ਇਹ ਪੰਜਾਬੀ ਵਿਆਕਰਣ ਦਾ ਉਹ ਹਿੱਸਾ ਹੈ ਜਿਸ ਵਿਚ ਸ਼ਬਦਾਂ ਤੋਂ ਵਾਕ ਬਣਾਉਣ ਦੇ ਨੇਮ ਤੇ ਢੰਗ, ਅਤੇ ਵਾਕਾਂ ਬਾਰੇ ਹੋਰ ਵਿਚਾਰ ਦੱਸੇ ਜਾਂਦੇ ਹਨ।