ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Friday, May 18, 2012

ਸਾਨੂੰ ਮਾਣ ਪੰਜਾਬੀ ਹੋਣ ਦਾ: ਪੰਜਾਬੀ ਬੋਲੀ

ਬਾਬਾ ਫ਼ਰੀਦ ਜੀ ਨੇ ਅੱਠ ਸੌ ਸਾਲ ਪਹਿਲਾਂ ਜਦੋਂ ਰਚਨਾ ਸ਼ੁਰੂ ਕੀਤੀ ਤਾਂ ਪੰਜਾਬੀ ਭਾਸ਼ਾ ਹੀ ਚੁਣੀ ਸੀ, ਕਿਉਂਕਿ ਉਹ ਜਾਣਦੇ ਸਨ ਕਿ ਭਾਸ਼ਾ ਨੂੰ ਅਗਾਂਹ ਵਧਾਉਣ ਲਈ ਇਸ ਨੂੰ ਵਧੀਆ ਸਾਹਿਤ ਨਾਲ ਭਰਪੂਰ ਕਰਨਾ ਜ਼ਰੂਰੀ ਹੁੰਦਾ ਹੈ। ਇਸ ਤੋਂ ਇਹ ਤਾਂ ਸਾਬਤ ਹੋ ਗਿਆ ਕਿ ਹੁਣ ਦੀਆਂ ਪ੍ਰਚਲਿਤ ਬੋਲੀਆਂ ਵਿੱਚੋਂ ਸਭ ਤੋਂ ਪੁਰਾਣੀ ਬੋਲੀ ਪੰਜਾਬੀ ਬੋਲੀ ਹੀ ਹੋਈ। 
ਪੰਜਾਬ ਦੇ ਕੁੱਖੋਂ ਜੰਮੀ ਮਹਾਨ ਤੇ ਪੂਜਨੀਕ ਸ਼ਖ਼ਸੀਅਤ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਜਦੋਂ ਲੋਕਾਂ ਨੇ ਪੁੱਛਿਆ ਕਿ ਉਹ ਆਪਣੀ ਰਚਨਾ ਫ਼ਾਰਸੀ ਛੱਡ ਕੇ ਪੰਜਾਬੀ ਵਿਚ ਕਿਉਂ ਰਚ ਰਹੇ ਹਨ ਤਾਂ ਉਨ੍ਹਾਂ ਲਾਹਨਤ ਪਾ ਕੇ ਕਿਹਾ, ''ਓਏ 'ਮਲੇਸ਼ ਬੋਲੀ' ਨੂੰ ਅਪਣਾਉਣ ਵਾਲਿਓ, ਕੁੱਝ ਸ਼ਰਮ ਕਰੋ ਤੇ ਪਰਾਈ ਬੋਲੀ ਨੂੰ ਅਪਣਾਉਣ ਦੀ ਥਾਂ ਆਪਣੀ ਬੋਲੀ ਨੂੰ ਅਪਣਾਓ।''
ਸ੍ਰੀ ਗੁਰੂ ਅਮਰ ਦਾਸ ਜੀ ਨੂੰ ਜਦੋਂ ਲੋਕਾਂ ਨੇ ਪੁੱਛਿਆ ਕਿ ਉਹ ਦੇਵ ਬੋਲੀ ਸੰਸਕ੍ਰਿਤ ਨੂੰ ਛੱਡ ਕੇ ਪੰਜਾਬੀ ਵਿਚ ਕਿਉਂ ਲਿਖ ਰਹੇ ਹਨ ਤਾਂ ਉਨ੍ਹਾਂ ਕਿਹਾ ਕਿ ਸੰਸਕ੍ਰਿਤ ਤਾਂ ਛੱਪੜੀਂ ਵਾਂਗ ਹੈ, ਜੋ ਇੱਕੋ ਥਾਂ 'ਤੇ ਟਿਕੀ ਹੋਈ ਹੈ, ਪਰ ਪੰਜਾਬੀ ਬੋਲੀ ਮੀਂਹ ਵਾਂਗ ਹੈ, ਜੋ ਵੱਸ ਕੇ ਸਭ ਨੂੰ ਰੋਮ ਰੋਮ ਤਕ ਭਿਉਂ ਦਿੰਦੀ ਹੈ। 
ਪਾਕਿਸਤਾਨ ਦੇ ਰੂਹੇ-ਰਵਾਂ ਡਾ. ਸਰ ਮੁਹੰਮਦ ਇਕਬਾਲ ਨੇ ਗੁਰੂ ਨਾਨਕ ਦੇਵ ਜੀ ਬਾਰੇ ਕਿਹਾ ਸੀ, ''ਫਿਰ ਉਠੀ ਆਖ਼ਰ ਸਦਾ ਤੌਹੀਦ ਕੀ ਪੰਜਾਬ ਸੇ। ਹਿੰਦ ਕੋ ਇਕ ਮਰਦੇ-ਕਾਮਿਲ ਨੇ ਜਗਾਇਆ ਖ਼ਾਬ ਸੇ।'' ਯਾਨੀ ਗੁਰੂ ਨਾਨਕ ਦੇਵ ਜੀ ਕਿਸੇ ਇਕ ਧਰਮ ਦੀ ਲੀਕ ਨਾਲ ਬੰਨ੍ਹੇ ਨਹੀਂ ਗਏ, ਬਲਕਿ ਆਪਣੀ ਰਚਨਾ ਕਾਰਨ ਸਭ ਧਰਮਾਂ ਦੇ ਲੋਕਾਂ ਦੇ ਪੂਜਨੀਕ ਬਣ ਗਏ ਹਨ। 
ਬਿਲਕੁਲ ਏਸੇ ਹੀ ਤਰ੍ਹਾਂ ਪੰਜਾਬੀ ਬੋਲੀ ਵੀ ਕਿਸੇ ਧਰਮ ਨਾਲ ਨਹੀਂ ਜੁੜੀ ਹੋਈ, ਬਲਕਿ ਹਰ ਪੰਜਾਬੀ ਦੀ ਪਛਾਣ ਹੈ, ਭਾਵੇਂ ਉਹ ਪਾਕਿਸਤਾਨ ਵਿਚ ਹੈ, ਹਿੰਦੁਸਤਾਨ ਵਿਚ, ਅਰਬ ਵਿਚ, ਰੂਸ ਵਿਚ ਜਾਂ ਅਮਰੀਕਾ ਵਿਚ।
ਦੁਨੀਆ ਭਰ ਵਿਚ ਐਸ ਵੇਲੇ 6,800 ਬੋਲੀਆਂ ਪ੍ਰਚਲਿਤ ਹਨ ਤੇ ਇਨ੍ਹਾਂ ਵਿੱਚੋਂ ਹਰ ਪੰਦਰੀਂ ਦਿਨੀਂ ਇਕ ਬੋਲੀ ਖ਼ਤਮ ਹੁੰਦੀ ਜਾ ਰਹੀ ਹੈ। ਕਾਰਨ ਹੈ ਬੋਲੀ ਬੋਲਣ ਵਾਲਿਆਂ ਦਾ ਖ਼ਤਮ ਹੋਣਾ ਜਾਂ ਆਪਣੀ ਬੋਲੀ ਛੱਡ ਕੇ ਦੂਜੀ ਬੋਲੀ ਅਪਣਾ ਲੈਣਾ। ਦੁਨੀਆ ਭਰ ਦੀਆਂ ਪ੍ਰਚਲਿਤ ਬੋਲੀਆਂ ਵਿੱਚੋਂ ਪੰਜਾਬੀ ਬੋਲੀ ਐਸ ਵੇਲੇ ਤੇਰ੍ਹਵੇਂ ਨੰਬਰ ਉੱਤੇ ਪਹੁੰਚੀ ਦੱਸੀ ਜਾਂਦੀ ਹੈ। 
ਪੰਜਾਬ ਵਿਚ ਵੱਸਦੇ ਪੰਜਾਬੀਆਂ ਨੂੰ ਆਪਣੀ ਮਾਂ-ਬੋਲੀ ਤੋਂ ਕੁੱਝ ਸ਼ਰਮ ਆਉਣੀ ਸ਼ੁਰੂ ਹੋ ਚੁੱਕੀ ਹੈ। ਇਸੇ ਲਈ ਬੋਲੀ ਦਾ ਬੱਚੇ ਦੇ ਮਾਨਸਿਕ ਵਿਕਾਸ ਉਤੇ ਅਸਰ ਜਾਣੇ ਬਗ਼ੈਰ ਉਹ ਆਪਣੇ ਨਿੱਕੇ ਬੱਚੇ ਨੂੰ ਸਕੂਲ ਦਾਖ਼ਲ ਕਰਨ ਤੋਂ ਪਹਿਲਾਂ ਹੀ ਅੰਗਰੇਜ਼ੀ ਜ਼ੁਬਾਨ ਸਿਖਾਉਣ ਵੱਲ ਰੁੱਝ ਗਏ ਹਨ। ਹਰ ਗਲੀ ਵਿਚ ਖੁੱਲ੍ਹੇ ਅੰਗਰੇਜ਼ੀ ਮਾਧਿਅਮ ਦੇ ਸਕੂਲ ਇਸ ਦੇ ਗਵਾਹ ਹਨ। ਸਰਕਾਰਾਂ ਤਾਂ ਇਸ ਪੱਖ ਵੱਲੋਂ ਬਿਲਕੁਲ ਬੇ-ਗ਼ੌਰੀਆਂ ਹਨ, ਪਰ ਜੇ ਕਿਸੇ ਪੰਜਾਬੀ ਨੂੰ ਮੇਰੇ ਇਸ ਲੇਖ ਰਾਹੀਂ ਮਾਂ-ਬੋਲੀ ਦਾ ਮਹੱਤਵ ਸਮਝ ਆ ਗਿਆ ਹੋਵੇ ਤਾਂ ਉਹ ਸਮਝ ਸਕਦਾ ਹੈ ਕਿ ਉਹ ਆਪਣੇ ਬੱਚੇ ਨਾਲ ਕਿਸ ਤਰ੍ਹਾਂ ਦਾ ਵੈਰ ਕਮਾ ਰਿਹਾ ਹੈ। ਇਸ ਨਾਲ ਇਕ ਪਾਸੇ ਤਾਂ ਉਨ੍ਹਾਂ ਦਾ ਬੱਚਾ ਕਿਸੇ ਵੀ ਜ਼ੁਬਾਨ ਦਾ ਮਾਹਿਰ ਤਾਂ ਬਣ ਹੀ ਨਹੀਂ ਸਕਣ ਲੱਗਾ ਤੇ ਦੂਜੇ ਪਾਸੇ ਪੰਜਾਬੀ ਜ਼ੁਬਾਨ ਦੇ ਅੰਤ ਦਾ ਐਲਾਨ ਕਰਨ ਲੱਗ ਪਿਆ ਹੈ। 

ਇਸੇ ਲਈ ਹਰ ਪੰਜਾਬੀ ਨੂੰ ਹੰਭਲਾ ਮਾਰ ਕੇ ਉੱਠਣਾ ਚਾਹੀਦਾ ਹੈ ਕਿ ਉਸ ਦਾ ਬੱਚਾ ਚੌਥੀ ਜਮਾਤ ਤਕ ਤਾਂ ਸਿਰਫ਼ ਪੰਜਾਬੀ ਹੀ ਪੜ੍ਹੇਗਾ ਤਾਂ ਜੋ ਮਾਂ-ਬੋਲੀ ਨਾਲ ਉਸ ਦਾ ਮਾਨਸਿਕ ਵਿਕਾਸ ਠੀਕ ਹੋ ਸਕੇ। ਮਾਂ-ਬੋਲੀ ਦੇ ਪਰਪੱਕ ਹੋ ਜਾਣ 'ਤੇ ਭਾਵੇਂ ਉਸ ਨੂੰ ਅੰਗਰੇਜ਼ੀ ਸਮੇਤ ਦਸ ਹੋਰ ਭਾਸ਼ਾਵਾਂ ਵੀ ਸਿਖਾ ਦਿੱਤੀਆਂ ਜਾਣ ਤਾਂ ਵੀ ਉਹ ਆਸਾਨੀ ਨਾਲ ਸਿੱਖ ਲਵੇਗਾ। 
ਹਰ ਪੰਜਾਬੀ ਨੂੰ ਆਪਣੇ ਆਪਣੇ ਕਿੱਤੇ ਵਿਚ ਮਾਹਿਰ ਬਣਨ ਤੋਂ ਬਾਅਦ ਬਾਕੀਆਂ ਨੂੰ ਆਪਣੀ ਮਾਂ-ਬੋਲੀ ਵਿਚ ਉਸ ਬਾਰੇ ਜਾਣਕਾਰੀ ਜ਼ਰੂਰ ਦੇਣੀ ਚਾਹੀਦੀ ਹੈ ਤਾਂ ਜੋ ਪੰਜਾਬੀ ਭਾਸ਼ਾ ਨੂੰ ਹੋਰ ਭਰਪੂਰ ਕੀਤਾ ਜਾ ਸਕੇ ਤੇ ਇਸ ਪਿਆਰੀ ਭਾਸ਼ਾ ਨੂੰ ਕਦੇ ਵੀ ਖ਼ਤਮ ਨਾ ਕੀਤਾ ਜਾ ਸਕੇ, ਖ਼ਾਸਕਰ ਅੰਗਰੇਜ਼ੀ ਨਾਲ ਤਾਂ ਬਿਲਕੁਲ ਨਹੀਂ। 

ਜੇ ਅਸੀਂ ਪੰਜਾਬੀ ਬੋਲੀ ਦੀ ਇਬਾਦਤ ਕਰਨੀ ਸਿੱਖ ਲਈਏ ਤਾਂ ਅਤਿਕਥਨੀ ਨਹੀਂ ਹੋਵੇਗੀ ਕਿ ਇਹ ਆਪਣੀ ਤੇਰ੍ਹਵੀਂ ਕੁਰਸੀ ਛੱਡ ਕੇ ਉਪਰਲੀਆਂ ਕੁਰਸੀਆਂ ਵੱਲ ਵਧਣਾ ਸ਼ੁਰੂ ਕਰ ਦੇਵੇਗੀ।

ਡਾ. ਹਰਸ਼ਿੰਦਰ ਕੌਰ ..


Post Comment


ਗੁਰਸ਼ਾਮ ਸਿੰਘ ਚੀਮਾਂ