ਗ੍ਰੰਥਾਂ - ਸ਼ਾਸਤਰਾਂ ਵਿਚ ਸਵੇਰ - ਸਾਰ ਜਾਂ ਰਾਤ ਦੇ ਪਿਛਲੇ ਪਹਿਰ ਨੂੰ ਅੰਮ੍ਰਿਤ ਵੇਲਾ, ਬ੍ਰਹਮ - ਮਹੂਰਤ, ਬ੍ਰਹਮ ਘੜੀ ਆਦਿ ਕਿਹਾ ਗਿਆ ਹੈ । ਪਰਮਾਤਮਾ ਦੇ ਭਗਤਾਂ ਨੇ ਅੰਮ੍ਰਿਤ ਵੇਲੇ ਨੂੰ ਭਗਤੀ ਲਈ ਖਾਸ ਤੋਰ ਤੇ ਲਾਭਦਾਇਕ ਮੰਨਿਆ ਹੈ । ਗੁਰੂ ਅਰਜਨ ਦੇਵ ਜੀ ਦਾ ਕਥਨ ਹੈ :
ਚਿੜੀ ਚੁਹਕੀ ਪਹੁ ਫੁਟੀ ਵਗਨਿ ਬਹੁਤੁ ਤਰੰਗ ॥
ਅਚਰਜ ਰੂਪ ਸੰਤਨ ਰਚੇ ਨਾਨਕ ਨਾਮਹਿ ਰੰਗ ॥੧॥
- ਆਦਿ ਗ੍ਰੰਥ , ਪੰ . ੩੧੯
ਆਪ ਇਸ਼ਾਰਾ ਕਰਦੇ ਹਨ ਕੀ ਸਵੇਰ ਦਾ ਵਾਤਾਵਰਨ ਭਗਤੀ ਲਈ ਬਹੁਤ ਉੱਤਮ ਹੁੰਦਾ ਹੈ। ਸਵੇਰ ਸਮੇਂ ਰਾਤ ਭਰ ਸੋਂ ਲੈਣ ਤੋਂ ਬਾਦ ਸਰੀਰ ਤਾਜ਼ਾ ਹੁੰਦਾ ਹੈ । ਰਾਤ ਦਾ ਖਾਣਾ ਹਜ਼ਮ ਹੋ ਚੁੱਕਾ ਹੁੰਦਾ ਹੈ ਅਤੇ ਨੀਂਦ ਦਾ ਜ਼ੋਰ ਨਹੀਂ ਹੁੰਦਾ । ਪਿਛਲੇ ਦਿਨ ਦੇ ਸਾਰੇ ਝਗੜੇ-ਝਮੇਲੇ ਭੁੱਲ ਚੁੱਕੇ ਹੁੰਦੇ ਹਨ । ਮਨ ਦੁਨਿਆ ਵਿਚ ਨਹੀ ਫੇਲਿਆ ਹੁੰਦਾ । ਗਰਾਂ ਵਿਚ ਅਤੇ ਗਲੀਆਂ - ਮੁਹੱਲਿਆਂ ਵਿਚ ਲੋਕਾਂ ਦੀ ਆਵਾਜਾਦੀ ਦਾ ਰੋਲਾ - ਰੱਪਾ ਨਹੀ ਹੁੰਦਾ । ਵਾਤਾਵਰਨ ਸ਼ਾਂਤ ਅਤੇ ਰੂਹਾਨੀਅਤ ਦੀਆਂ ਨਿਰਮਲ ਤਰੰਗਾ ਨਾਲ ਭਰਿਆ ਹੁੰਦਾ ਹੈ , ਜਿਸ ਵਿਚ ਜੀਵ ਭਜਨ ਕਰ ਕੇ ਬਹੁਤ ਲਾਭ ਪ੍ਰਾਪਤ ਕਰ ਸਕਦਾ ਹੈ । ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ:
ਪਰਭਾਤੇ ਪ੍ਰਭ ਨਾਮੁ ਜਪਿ ਗੁਰ ਕੇ ਚਰਣ ਧਿਆਇ ॥
ਜਨਮ ਮਰਣ ਮਲੁ ਉਤਰੈ ਸਚੇ ਕੇ ਗੁਣ ਗਾਇ ॥੧॥
- ਆਦਿ ਗ੍ਰੰਥ , ਪੰ . ੧੦੯੯
ਆਪ ਇਸ਼ਾਰਾ ਕਰਦੇ ਹਨ ਕੀ ਅੰਮ੍ਰਿਤ ਵੇਲੇ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ | ਉਸ ਵਾਹਿਗੁਰੂ ਦੇ ਨਾਮ ਦਾ ਜਾਪ ਹੀ ਸੱਚੀ ਗੁਰਭਗਤੀ ਹੈ ਅਤੇ ਇਹੋ ਸੱਚੀ ਪ੍ਰਭੂ - ਭਗਤੀ ਹੈ | ਇਸ ਭਗਤੀ ਦੁਆਰਾ ਹੀ ਜੀਵ ਜੰਮਣ-ਮਰਨ ਦੇ ਬੰਧਨ ਤੋੜ ਕੇ ਨਿੱਜ - ਘਰ ਵਾਪਸ ਪਹੁੰਚ ਸਕਦਾ ਹੈ |
ਅੰਮ੍ਰਿਤ ਵੇਲੇ ਕੀਤੀ ਗਈ ਭਗਤੀ ਬਾਰੇ ਗੁਰੂ ਰਾਮ ਦਸ ਜੀ ਕਹਿੰਦੇ ਹਨ , 'ਹਰਿ ਧਨੁ ਅੰਮ੍ਰਿਤ ਵੇਲੈ ਵਤੈ ਕਾ ਬੀਜਿਆ ਭਗਤ ਖਾਇ ਖਰਚਿ ਰਹੇ ਨਿਖੁਟੈ ਨਾਹੀ ॥' (- ਆਦਿ ਗ੍ਰੰਥ , ਪੰ . ੭੩੪) ਜਿਸ ਤਰਾਂ ਚੰਗੀ ਤਰਾਂ ਤਿਆਰ ਕੀਤੀ ਗਈ ਜ਼ਮੀਨ ਵਿਚ ਸਮੇ ਮੁਤਾਬਕ ਬੀਜਿਆ ਬੀਜ ਛੇਤੀ ਫਲਦਾ-ਫੁਲਦਾ ਹੈ , ਉਸੇ ਤਰਾਂ ਅੰਮ੍ਰਿਤ ਵੈਲੇ ਕੀਤਾ ਗਈ ਉਸ ਵਾਹਿਗੁਰੂ ਅਕਾਲਪੁਰਖ ਦੀ ਨਾਮ ਭਗਤੀ ਸਿਮਰਨ ਛੇਤੀ ਫਲੀਭੂਤ ਹੁੰਦਾ ਹੈ | ਅੰਮ੍ਰਿਤ ਵੈਲੇ ਨਾਮ , ਸਿਮਰਨ ਕਰਨ ਨਾਲ ਭਗਤੀ ਦਾ ਅਜਿਹਾ ਖਜਾਨਾ ਜਮਾਂ ਹੋ ਜਾਂਦਾ ਹੈ , ਜੋ ਰੋਜ਼ -ਰੋਜ਼ ਵਧਦਾ ਜਾਂਦਾ ਹੈ , ਕਦੇ ਘਟਦਾ ਨਹੀ | ਬਾਬਾ ਫ਼ਰੀਦ ਜੀ ਦਾ ਕਲਮ ਹੈ :
ਪਹਿਲੈ ਪਹਰੈ ਫੁਲੜਾ ਫਲੁ ਭੀ ਪਛਾ ਰਾਤਿ।। ਜੋ ਜਾਗੰਨਿ ਲਹੰਨਿ ਸੇ ਸਾਈ ਕੰਨੋ ਦਾਤਿ।।
- ਆਦਿ ਗ੍ਰੰਥ , ਪੰ . ੧੩੮੪
ਫਰੀਦਾ ਪਿਛਲ ਰਾਤਿ ਨ ਜਾਗਿਓਹਿ ਜੀਵਦੜੋ ਮੁਇਓਹਿ॥
ਜੇ ਤੈ ਰਬੁ ਵਿਸਾਰਿਆ ਤ ਰਬਿ ਨ ਵਿਸਰਿਓਹਿ॥ - ਆਦਿ ਗ੍ਰੰਥ , ਪੰ . ੧੩੮੩
ਆਪ ਕਹਿੰਦੇ ਹਨ ਕੀ ਰਾਤ ਦੇ ਪਹਿਲੇ ਪਹਿਰ ਦਾ ਭਜਨ ਫੁੱਲਾਂ ਦੇ ਖਿੜਨ ਸਮਾਂ ਹੈ ਅਤੇ ਅੰਮ੍ਰਿਤ ਵੈਲੇ ਦਾ ਭਜਨ ਫਲ ਲੱਗਣ ਸਮਾਂ ਹੈ| ਇਹ ਫਲ ਉਨਾਂ ਨੂੰ ਮਿਲਦਾ ਹੈ ਜੋ ਰਾਤ ਦੇ ਇਚ੍ਲੇ ਪਹਿਰ ਜਾਗ ਕੇ ਆਪਣੀ ਲਿਵ ਨਾਮ ਸਿਮਰਨ ਵਾਹਿਗੁਰੂ ਦੀ ਭਗਤੀ ਵਿਚ ਜੋੜਦੇ ਹਨ | ਜੋ ਲੋਕ ਪਿਛਲੇ ਪਹਿਰ ਜਾਗ ਕੇ ਨਾਮ ਉਸ ਵਾਹਿਗੁਰੂ ਦਾ ਧਿਆਨ ਨਹੀ ਕਰਦੇ, ਉਹ ਚਲਦਿਆਂ - ਫਿਰਦੀਆਂ ਲਾਸ਼ਾਂ ਸਮਾਂ ਹਨ |
ਅੰਮ੍ਰਿਤ ਵੈਲੇ ਉਸ ਵਾਹਿਗੁਰੂ ਦਾ ਧਿਆਨ ਕਰਨ ਦਾ ਉਸ ਦਾ ਨਾਮ ਸਿਮਰਨ ਜਪਣ ਦਾ ਵਿਸ਼ੇਸ਼ ਲਾਭ ਹੋਣ ਦਾ ਇਹ ਮਤਲਭ ਨਹੀਂ ਕੀ ਹੋਰ ਕੋਈ ਵਕਤ ਨਾਮ ਜਪਣ ਲਈ ਠੀਕ ਨਹੀਂ ਹੈ | ਗੁਰੂ ਅਮਰ ਦਸ ਜੀ ਦੀ ਬਾਣੀ ਹੈ:
ਸਚਿ ਵੇਲਾ ਮੂਰਤੁ ਜਿਤੁ ਸਚੇ ਨਾਲਿ ਪਿਆਰੁ॥
- ਆਦਿ ਗ੍ਰੰਥ , ਪੰ . ੫੬੫
ਵੇਲਾ ਵਖਤ ਸਭਿ ਸੁਹਾਇਆ ॥ ਜਿਤੁ ਸਚਾ ਮੇਰੇ ਮਨਿ ਭਾਇਆ॥
- ਆਦਿ ਗ੍ਰੰਥ , ਪੰ . ੧੧੫
ਉਹ ਘੜੀ, ਅਤੇ ਮਹੂਰਤ ਧੰਨ ਹੈ, ਜਿਸ ਵਿਚ ਉਸ ਪ੍ਰੀਤਮ ਦੀ ਯਾਦ ਆਵੇ | ਗੁਰੂ ਅਰਜਨ ਦੇਵ ਜੀ ਆਪਣੇ ਬਾਰਹਮਾਹਾ ਦੇ ਅੰਤ ਵਿਚ ਦੋ ਸੁੰਦਰ ਸੰਕੇਤ ਕਰਦੇ ਹਨ:
ਜਿਨਿ ਜਿਨਿ ਨਾਮੁ ਧਿਆਇਆ ਤਿਨ ਕੇ ਕਾਜ ਸਰੇ॥
ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰਿ ਕਰੇ ॥
- ਆਦਿ ਗ੍ਰੰਥ , ਪੰ . ੧੩੬
ਆਪ ਕਹਿੰਦੇ ਹਨ ਕਿ ਸਭ ਦਿਨ, ਮਹੀਨੇ , ਮਹੂਰਤ ਪਰਮਾਤਮਾ ਦੇ ਬਣਾਏ ਹੋਏ ਹਨ | ਉਹਦਾ ਬਣਾਇਆ ਹੋਇਆ ਹਰ ਪਲ ਪਵਿੱਤਰਤ ਹੈ | ਉਹਦੀ ਕਿਰਪਾ ਨਾਲ ਜਿਸ ਵੈਲੇ ਵੀ ਧਿਆਨ ਵਾਹਿਗੁਰੂ ਦੇ ਨਾਮ ਸਿਮਰਨ ਵੱਲ ਜਾਵੇ , ਉਹੀ ਸਮਾਂ ਧੰਨ ਹੈ |
ਅੱਜ ਦੇ ਯੁਗ ਵਿਚ ਕਈ ਲੋਕਾਂ ਦੀ ਨੋਕਰੀ ਰਾਤ ਦੇ ਵਕਤ ਹੁੰਦੀ ਹੈ | ਕੁਦਰਤੀ ਤੋਰ ਤੇ ਉਹ ਸਵੇਰ- ਸਾਰ ਵਾਹਿਗੁਰੂ ਦੇ ਨਾਮ ਭਗਤੀ ਲਈ ਸਮਾਂ ਨਹੀ ਕੱਢ ਸਕਦੇ | ਸੂਰਜ ਚੜਨ ਤੋਂ ਤਿੰਨ ਘੰਟੇ ਪਹਿਲੋਂ ਦੇ ਵਕਤ ਨੂੰ ਅੰਮ੍ਰਿਤ ਵੇਲਾ ਕਿਹਾ ਜਾਂਦਾ ਹੈ | ਏਥੇ ਅੰਮ੍ਰਿਤ ਵੈਲੇ ਤੋਂ ਅਸਲ ਭਾਵ ਏਕਾਂਤ ਵਾਲੇ ਸ਼ਾਂਤ ਵਾਤਾਵਰਨ ਤੋਂ ਲੈਣਾ ਚਾਹੀਦਾ ਹੈ ਅਤੇ ਜਿਸ ਵੈਲੇ ਵੀ ਨੀਂਦ ਤੋਂ ਬਾਦ ਥਕਾਨ ਦੁਰ ਹੋ ਗਈ ਹੋਵੇ, ਭਜਨ - ਸਿਮਰਨ ਤੋਂ ਫਾਇਦਾ ਉਠਾਉਣ ਦਾ ਯਤਨ ਕਰਨਾ ਹੈ | ਜੋ ਲੋਕ ਅੰਮ੍ਰਿਤ ਵੈਲੇ ਭਜਨ - ਸਿਮਰਨ ਨਹੀਂ ਕਰ ਸਕਦੇ, ਉਨਾਂ ਨੂੰ ਆਪਣੇ ਹਾਲਾਤ ਅਤੇ ਸਹੁਲਤ ਦੇ ਮੁਤਾਬਕ ਯੋਗ ਵਾਤਾਵਰਣ ਦੀ ਚੋਣ ਕਰਨੀ ਚਾਹੀਦੀ ਹੈ ਤਾਂ ਜੋ ਵਾਹਿਗੁਰੂ ਦੇ ਜਾਪ ਤੋਂ ਵੱਧ ਤੋਂ ਵੱਧ ਲਾਭ ਉਠਾਇਆ ਜਾ ਸਕੇ |
ਗੁਰਸ਼ਾਮ ਸਿੰਘ ਚੀਮਾਂ