1. Talwandi Rai Bhoi DI
ਦਰਸ਼ਨੀ ਡਿਓੜੀ ਨਨਕਾਣਾ ਸਾਹਿਬ
ਰਾਵੀ ਅਤੇ ਝਨਾਂ ਦੇ ਵਿਚਕਾਰਲੇ ਇਲਾਕੇ ਨੂੰ ਸਾਂਦਲ ਬਾਰ ਆਖਿਆ ਜਾਂਦਾ ਹੈ। ਇਸ ਸਾਂਦਲ ਬਾਰ ਦਾ ਇੱਕ ਮਸ਼ਹੂਰ ਸ਼ਹਿਰ ਨਨਕਾਣਾ ਸਾਹਿਬ ਹੈ। ਇਸ ਸ਼ਹਿਰ ਦੇ ਦੱਖਣ ਵੱਲ ਇੱਕ ਥੇਹ ਹੈ। ਇਸ ਥੇਹ ਨੂੰ 'ਧੌਲਰ' ਕਰਕੇ ਜਾਣਿਆ ਜਾਂਦਾ ਹੈ। ਧੌਲਰ ਦਾ ਅਰਥ ਹੈ 'ਚਿੱਟੇ ਰਾਜ ਮੰਦਰ' ਜਿਵੇਂ ਕਿ ਗੁਰੂ ਗਰੰਥ ਸਾਹਿਬ ਅੰਦਰ ਸ਼ਸ਼ੋਭਿਤ ਹੈ:-
ਕਿਤਹੀ ਕਾਮਿ ਨ ਧਉਲਹਰ ਜਿਤੁ ਹਰਿ ਬਿਸਰਾਏ॥ (ਸੁਹੀ ਮ: ਪ)
ਇਸ ਥੇਹ ਤੋਂ ਮਿਲੇ ਕਈ ਪੱਥਰਾਂ ਤੋਂ ਪਤਾ ਚਲਦਾ ਹੈ ਕਿ ਕਈ ਸਦੀਆਂ ਪਹਿਲਾਂ ਇਥੇ ਇੱਕ ਰਾਜੇ ਦਾ ਮਹਿਲ ਸੀ। ਖਵਰੇ ਇਸੇ ਕਰਕੇ 'ਧੌਲਰ' ਪ੍ਰਸਿੱਧ ਹੈ। ਇਸ ਦੇ ਪੈਰਾਂ ਵਿੱਚ 'ਸੀਤਾਵਾਲਾ' ਨਾਮੀ ਖੂਹ ਹੈ। ਇਸ ਤੋਂ ਹੀ ਇਹ ਸਪੱਸ਼ਟ ਹੁੰਦਾ ਹੈ ਕਿ ਇਹ ਖੂਹ ਕਿਸੇ ਸੀਤਾ ਨਾਮੀ ਰਾਣੀ ਦੇ ਇਸ਼ਨਾਨ ਵਾਸਤੇ ਬਣਾਇਆ ਗਿਆ ਸੀ। ਉਹਨਾਂ ਸਮਿਆਂ ਵਿੱਚ ਜਦੋਂ ਪੱਥਰਾਂ ਵਿੱਚ ਉੱਕਰੀਆਂ ਹੋਈਆ ਮੂਰਤੀਆਂ ਨੂੰ ਬੜੀ ਮਹੱਤਤਾ ਪ੍ਰਾਪਤ ਸੀ, ਉਸ ਵੇਲੇ ਇਹ ਸ਼ਹਿਰ ਘੁੱਗ ਵਸਦਾ ਸੀ। ਫਿਰ ਪਤਾ ਨਹੀਂ ਕੀ ਵਾਪਰੀ ਕਿ ਇਹ ਮਿੱਟੀ ਦਾ ਢੇਰ ਹੋ ਗਿਆ।
'ਬਸਤੋ ਹੋਇ, ਹੋਇ ਸੋ ਉਜਰੁ ਉਜਰੁ ਹੋਇ ਸੁ ਬਸੈ॥'
ਪੰਦਰਵੀਂ ਸਦੀ ਈਸਵੀ ਵਿੱਚ ਇਸ ਥਾਂ ਰਾਏ ਭੋਇ ਦੀ ਤਲਵੰਡੀ ਨਾਮ ਦਾ ਇੱਕ ਛੋਟਾ ਜਿਹਾ ਨਗਰ ਸੀ। ਇਸ ਨੂੰ ਭੱਟੀ ਗੋਤ ਦੇ ਕਿਸੇ ਰਾਏ ਭੋਏ ਨਾਮੀ ਸੱਜਣ ਨੇ ਵਸਾਇਆ ਸੀ। ਇਸ ਦੇ ਪ੍ਰਵਾਰ ਵਿੱਚੋ ਰਾਏ ਬੁਲਾਰ ਉਸ ਵੇਲੇ ਉੱਥੋ ਦਾ ਹਾਕਿਮ ਸੀ। ਬੇਦੀ ਬੰਸ ਵਿਚੋਂ ਮਹਿਤਾ ਕਲਿਆਣ ਦਾਸ (ਕਾਲੂ) ਨਾਮ ਦਾ ਪੜ੍ਹਿਆ ਲਿਖਿਆ ਇੱਕ ਸੱਜਣ ਰਾਇ ਬੁਲਾਰ ਪਾਸ ਮੁਲਾਜਿਮ ਸੀ। ਇੱਥੇ ਹੀ ਇਸ ਮੁਲਾਜਿਮ ਦੇ ਘਰ ਵਿਸਾਖ ਸੁਦੀ ੩ (੨੦ ਵਿਸਾਖ) ਸੰਮਤ ੧੫੬੯) ਨੂੰ ਮਾਤਾ ਤ੍ਰਿਪਤਾ ਜੀ ਦੇ ਉਦਰ ਤੋਂ ਇਕ ਨੂਰ ਪ੍ਰਗਟਿਆ, ਜਿਸ ਨੇ ਸਾਰਾ ਜੱਗ ਰੁਸ਼ਨਾ ਦਿੱਤਾ।