ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Tuesday, April 10, 2012

ਜੇ ਮੈਂ ਜਾਣਦੀ ਚੱਕੀ ਦਾ ਪੁੜ ਭਾਰੀ



ਜਿਨ੍ਹਾਂ ਨੇ ਬਚਪਨ ਵਿਚ ਆਪਣੀਆਂ ਦਾਦੀਆਂ-ਨਾਨੀਆਂ, ਮਾਵਾਂ-ਮਾਸੀਆਂ ਜਾਂ ਭੂਆ ਨੂੰ ਚੱਕੀ ਪੀਂਹਦੇ ਵੇਖਿਆ ਹੈ, ਉਨ੍ਹਾਂ ਦੀ ਗੋਦ ਵਿਚ ਸਿਰ ਰੱਖ ਕੇ ਚੱਕੀ ਦੀ ਮਿੱਠੀ-ਮਿੱਠੀ ਆਵਾਜ਼ ਸੁਣੀ ਹੈ, ਉਹ ਹੀ ਚੱਕੀ ਬਾਰੇ ਜਾਣਦੇ ਹਨ। ਪੇਂਡੂ ਬਜ਼ੁਰਗ ਔਰਤਾਂ ਨੂੰ ਅੱਜ ਵੀ ਚੱਕੀ ਨਾਲ ਮੋਹ ਹੈ, ਜਿਨ੍ਹਾਂ ਨੇ ਚੱਕੀ  ’ਤੇ ਮਣਾਂ-ਮੂੰਹੀ ਆਟਾ ਪੀਸਿਆ ਤੇ ਦਾਲਾਂ ਦਲੀਆਂ ਹਨ। ਪੱਥਰ ਦੇ ਭਾਰੀ-ਭਾਰੀ ਪੁੜਾਂ ਵਾਲੀ ਤੇ ਮਿੱਟੀ ਦੇ ‘ਗੰਡ’ ਵਾਲੀ ਚੱਕੀ ਤਾਂ ਹੁਣ ਕਿਸੇ ਮਿਊਜ਼ੀਅਮ ਵਿਚ ਹੀ ਦਿਖਾਈ ਦੇਂਦੀ ਹੈ। ਪਿੰਡਾਂ ਵਿਚ ਇਹ ਚੱਕੀ ਰਿਹਾਇਸ਼ੀ ਘਰਾਂ ’ਚੋਂ ਨਿਕਲ ਕੇ ਡੰਗਰ-ਪਸ਼ੂਆਂ ਵਾਲੇ ਜਾਂ ਤੂੜੀ ਵਾਲੇ ਕੋਠੇ ਵਿਚ ਰੁਲ ਰਹੀ ਹੈ। ਇਹ ਵਿਚਾਰੀ ਦਰਸ਼ਨ ਦੇਵੇ ਵੀ ਕਿਵੇਂ? ਹੁਣ ਤਾਂ ਪੰਜਾਬੀ ਗੀਤ ਦੇ ਉਹ ਬੋਲ ਸੱਚ ਹੋ ਗਏ ਹਨ ਜਿਸ ਵਿਚ ਮੁਟਿਆਰ ਜਾਂ ਸੁਆਣੀ ਚੱਕੀ ਪੀਹਣੋਂ ਇਨਕਾਰ ਕਰਦੀ ਕਹਿੰਦੀ ਹੈ-
‘‘ਦਰ ’ਤੇ ਮਸ਼ੀਨ ਚੱਲਦੀ ਸਾਡਾ ਖੌਂਸੜਾ ਚੱਕੀ ਨੂੰ ਹੱਥ ਲਾਉਂਦਾ।’’
ਹੁਣ ਉਹ ਪੁਰਾਣਾ ਜ਼ਮਾਨਾ ਤਾਂ ਹੈ ਨਹੀਂ ਕਿ ਰੋਜ਼ ਆਟਾ ਪੀਹਣਾ ਤੇ ਉਹੋ ਹੀ ਪਕਾਉਣਾ ਹੈ। ਇਸ ਗੱਲ ਦਾ ਜ਼ਿਕਰ ਲੋਰੀ ਵਿਚ ਵੀ ਹੁੰਦਾ ਸੀ-
‘‘ਅੱਲ੍ਹਣ-ਬੱਲ੍ਹੜ ਬਾਵੇ ਦਾ, ਬਾਵਾ ਕਣਕ ਲਿਆਵੇਗਾ।
ਬਾਵੀ ਚੱਕੀ ਪੀਸੇਗੀ, ਪੀਸੇਗੀ ਪਕਾਵੇਗੀ, ਬਾਵਾ ਬਹਿ ਕੇ ਖਾਵੇਗਾ।’’
ਕੋਈ ਸਮਾਂ ਸੀ ਜਦੋਂ ਪਿੰਡਾਂ ਵਿਚ ਤਾਂ ਕੀ ਸ਼ਹਿਰਾਂ ਵਿਚ ਵੀ ਕੋਈ-ਕੋਈ ਚੱਕੀ ਹੁੰਦੀ ਸੀ। ਆਮ ਤੌਰ ’ਤੇ ਲੋਕ ਹੱਥ ਚੱਕੀ ’ਤੇ ਹੀ ਆਟਾ ਪੀਂਹਦੇ। ਪਹਿਲਾਂ ਚੱਕੀ ਚੱਲਦੀ ਫਿਰ ਚੁੱਲ੍ਹਾ ਬਲਦਾ। ਹਰ ਘਰ ਵਿਚ ਚੁੱਲ੍ਹੇ ਵਾਂਗੂੰ ਚੱਕੀ ਵੀ ਜ਼ਰੂਰੀ ਹੁੰਦੀ। ਸ਼ਹਿਰੀ ਤੇ ਪੇਂਡੂ ਲੋਕ ਦੂਰ-ਦੁਰਾਡੇ ਚੱਲਦੇ ‘ਘਰਾਟ’ ’ਤੇ ਵੀ ਆਟਾ ਪਿਹਾ ਕੇ ਲਿਆਉਂਦੇ। ਕਈ ਘਰਾਂ ਦੇ ਬੰਦੇ ਇਕੱਠੇ ਹੋ ਕੇ ਬਲਦਾਂ ਵਾਲੇ ਗੱਡਿਆਂ ਉੱਤੇ ਕਣਕ-ਮੱਕੀ ਰੱਖ ਕੇ ਲੈ ਜਾਂਦੇ। ਘਰਾਟ ਨੂੰ ਪਣ-ਚੱਕੀ ਵੀ ਕਿਹਾ ਜਾਂਦਾ। ਇਹ ਪਹਾੜੀ ਇਲਾਕੇ ਵਿਚ ਜ਼ਿਆਦਾ ਹੁੰਦੇ। ਕਈ ਥਾਵਾਂ  ’ਤੇ ਅਜੇ ਵੀ ਹਨ। ਅੰਮ੍ਰਿਤਸਰ ਦੇ ਇਲਾਕੇ ਵਿਚ ਘਰਾਟ ਬਹੁਤ ਸਨ ਅਤੇ ਬਾਕੀ ਪੈਪਸੂ ਦੇ ਕਈ ਖਿੱਤਿਆਂ ਵਿਚ ਘਰਾਟ ਸਨ। ਸੰਗਰੂਰ ਨੇੜੇ ਸੂਲ੍ਹਰ ਦੇ ਘਰਾਟ ਪ੍ਰਸਿੱਧ ਸਨ। ਇਹ ਕਿਸੇ ਨਹਿਰ ਦੇ ਕਿਨਾਰੇ ਤੇਜ਼ ਵਹਾਅ ਵਾਲੇ ਪਾਣੀ ਨਾਲ ਚਲਾਏ ਜਾਂਦੇ। ਨਹਿਰ ਦਾ ਲਗਾਤਾਰ ਵਗਦਾ ਪਾਣੀ ਤਕਰੀਬਨ ਵੀਹ ਕੁ ਗਜ਼ ’ਤੇ ਰੋਕਿਆ ਜਾਂਦਾ। ਉਹ ਪਾਣੀ ਫਿੱਟ ਕੀਤੇ ਪੱਖੇ ’ਤੇ ਵੱਜਦਾ ਅਤੇ ਪੱਖਾ ਘੁੰਮਦਾ। ਇਸ ਦੇ ਜ਼ੋਰ ਨਾਲ ਪੁੜਾਂ ਦੀ ਧੁਰੀ ਘੁੰਮਦੀ ਤੇ ਉਪਰਲਾ ਪੁੜ ਘੁੰਮਦਾ। ਇਸ ਪੱਖੇ ਉਤੇ ਪੈਣ ਵਾਲਾ ਪਾਣੀ ਫਿਰ ਮੋੜ ਕੇ ਨਹਿਰ ਵਿਚ ਸੁੱਟਿਆ ਜਾਂਦਾ। ਚੱਕੀ ਦੇ ਪੁੜਾਂ ਦੀ ਰਫ਼ਤਾਰ ਬੜੀ ਧੀਮੀ ਹੁੰਦੀ। ਇਸ ਲਈ ਇਸ ਵਿਚ ਪਿਸਦਾ ਆਟਾ ਠੰਢਾ ਰਹਿੰਦਾ ਤੇ ਇਸ ਦਾ ਸੁਆਦ ਵੱਖਰਾ ਹੀ ਹੁੰਦਾ। ਮੱਕੀ ਦੀ ਰੋਟੀ ਮਿੱਠੀ-ਮਿੱਠੀ ਹੁੰਦੀ। ਇਹ ਆਟਾ ਲੋਕ ਤੋਹਫੇ ਵਾਂਗ ਇਕ-ਦੂਜੇ ਨੂੰ ਦੇਂਦੇ।

ਕਈ ਵੱਡੇ ਪਿੰਡਾਂ ਵਿਚ ਆਟਾ ਪੀਹਣ ਲਈ ‘ਖਰਾਸ’ ਵੀ ਲਾਏ ਹੁੰਦੇ। ਇਹ ਪੁਰਾਣੇ ਖੂਹਾਂ (ਹਰਟਾਂ) ਵਾਂਗੂੰ ਬਲਦਾਂ ਜਾਂ ਊਠ ਨਾਲ ਚੱਲਦੇ। ਖਰਾਸ ਚਾਰ ਫੁੱਟ ਤੋਂ ਉੱਚਾ ਹੁੰਦਾ। ਮਿੱਟੀ ਦੇ ਦੋ ਮਜ਼ਬੂਤ ਮੁੰਨੇ ਬਣਾ ਕੇ, ਸ਼ਤਰੀ ਵਰਗੀ ਇਕ ਅਣਘੜ ਲੱਕੜ ਉਨ੍ਹਾਂ ’ਤੇ ਟਿਕਾਈ ਜਾਂਦੀ। ਇਸ ਨੂੰ ‘ਕਾਂਝਣ’ ਕਿਹਾ ਜਾਂਦਾ। ਹਰਟ ਵਾਂਗੂੰ ਹੀ ਖਰਾਸ ਦੀ ‘ਗਰਧਲ’ ਹੁੰਦੀ ਜੋ ਉਪਰੋਂ ‘ਪੈੜ’ ਵੱਲ ਨੂੰ ਨੀਵੀਂ ਹੋ ਜਾਂਦੀ। ਪੈੜ ਬਲਦਾਂ ਦੇ ਵਗਣ ਵਾਲੀ ਤੇ ਗਰਧਲ ਵਾਲੇ ਕਾਂਝਣ ਦੇ ਆਲੇ-ਦੁਆਲੇ ਵਾਲੀ ਥਾਂ ਨੂੰ ਕਿਹਾ ਜਾਂਦਾ। ਗਰਧਲ ਦੇ ਸਿਰੇ  ’ਤੇ ‘ਗਾਧੀ’ (ਇਕ ਤਰ੍ਹਾਂ ਦੀ ਸੀਟ) ਵੀ ਹੁੰਦੀ ਜਿਸ ’ਤੇ ਬੈਠ ਕੇ ਊਠ ਜਾਂ ਬੈਲ ਹੱਕੇ ਜਾਂਦੇ। ਖਰਾਸ ਦੇ ਮੁੱਖ ਹਿੱਸੇ ਢੋਲ, ਲੱਠ, ਗਰਾਰੀ ਤੇ ਪੱਥਰ ਦੇ ਪੁੜ ਹੁੰਦੇ। ਢੋਲ ਪੈੜ ਦੇ ਅੰਦਰ ਹੀ ਹੁੰਦਾ ਤੇ ਗਰਧਲ ਇਸ ਦੇ ਉਪਰੋਂ ਲੰਘਦੀ। ਇਹ ਲੱਠ ਨਾਲ ਕਾਂਝਣ ਨੂੰ ਜੁੜਿਆ ਹੁੰਦਾ। ਕਾਂਝਣ ਦੇ ਵਿਚਕਾਰ ਉਪਰ ਚੱਕੀ ਦੇ ਪੁੜ ਫਿੱਟ ਕੀਤੇ ਹੁੰਦੇ। ਥੱਲੇ ਵਾਲੇ ਪੁੜ ਵਿਚੋਂ ਗਰਾਰੀ ਦੀ ਲੱਠ ਉਪਰਲੇ  ਪੁੜ ਨੂੰ ਘੁਮਾਉਂਦੀ। ਗਰਾਰੀ ਢੋਲ ਦੇ ਦੰਦਿਆਂ ਨਾਲ ਚੱਲਦੀ। ਪੀਸਣ ਲਈ ਦਾਣੇ ਪਾਉਣ ਵਾਲਾ ਵੱਡਾ ਸਾਰਾ ਕੁੱਪਾ ਲੱਗਾ ਹੁੰਦਾ। ਇਹ ਵੀ ਕਿਹਾ ਜਾਂਦਾ ਹੈ ਕਿ ਉਪਰਲੇ ਪੁੜ ਨੂੰ ਕਮਾਣੀ ਪਾਈ ਜਾਂਦੀ ਜੋ ਉਸ ਨੂੰ ਘੁੰਮਾਉਂਦੀ । ਹੋ ਸਕਦਾ ਹੈ ਖਰਾਸ ਦੀ ਕੋਈ ਅਜਿਹੀ ਬਣਤਰ ਵੀ ਹੋਵੇ। ਅੱਜ ਖਰਾਸ ਦੇ ਨਾਂ ਤੋਂ ਵੀ ਲੋਕ ਅਣਜਾਣ ਹਨ। ਪੀਸਿਆ ਆਟਾ ਹੇਠ ਵਿਛਾਏ ਕੱਪੜੇ ’ਤੇ ਡਿੱਗੀ ਜਾਂਦਾ ਜਾਂ ਕੋਈ ਵੱਡਾ ਖੁੱਲ੍ਹਾ ਬਰਤਨ ਰੱਖਿਆ ਜਾਂਦਾ। ਖਰਾਸ ਆਮ ਤੌਰ ’ਤੇ ਲੁਹਾਰਾ ਕੰਮ ਕਰਨ ਵਾਲਿਆਂ ਦੇ ਹੁੰਦੇ। ਦੂਰ ਨੇੜਿਓਂ ਪਿੰਡਾਂ ਦੇ ਲੋਕ ਗੱਡਿਆਂ ਉੱਤੇ ਕਣਕ ਮੱਕੀ ਰੱਖ ਕੇ ਪਿਹਾਉਣ ਆਉਂਦੇ। ਇਸ ਵਿਚ ਵਿਸ਼ੇਸ਼ ਤੌਰ ’ਤੇ ਵਰਨਣਯੋਗ ਹੈ ਕਿ ਗੱਡੇ ਵਾਲੇ ਬੈਲਾਂ ਨਾਲ ਪੀਹਣੇ ਵਾਲਾ ਆਪਣਾ ਆਟਾ ਪੀਹ ਲੈਂਦਾ ਤੇ ਇਸ ਦੇ ਇਵਜ਼ ਵਿਚ ਖਰਾਸ ਵਾਲੇ ਨੂੰ ਬਣਦਾ ਆਟਾ ਦੇ ਜਾਂਦਾ। ਸਾਰੇ ਲੋਕ ਆਪਣੇ ਬਲਦ ਜੋੜ ਕੇ ਆਟਾ ਪੀਹ ਕੇ ਲੈ ਜਾਂਦੇ। ਇਹ ਭਾਈਚਰਕ ਸਾਂਝ ਦਾ ਨਮੂਨਾ ਸੀ। ਮਿਹਨਤਕਸ਼ ਦਾ ਹੱਕ ਵੀ ਦਿੱਤਾ ਜਾਂਦਾ। ਚੱਕੀ ਦੇ ਪੁੜ ‘ਰਾਹੇ’ ਵੀ ਜਾਂਦੇ। ਇਸ ਤੋਂ ਬਾਅਦ ਇੰਜਣ ਵਾਲੀ ਚੱਕੀ ਬਣੀ ਜੋ ਡੀਜ਼ਲ ਜਾਂ ਕਾਲੇ ਤੇਲ ਨਾਲ ਚੱਲਦੀ। ਇੰਜਣ ਦੀ ਪੁਲੀ ’ਤੇ ਪਟਾ ਚੜ੍ਹਾਇਆ ਜਾਂਦਾ ਜੋ ਥੋੜ੍ਹੀ ਜਿਹੀ ਦੂਰੀ ’ਤੇ ਲੋਹੇ ਦੀ ਲੱਠ ’ਤੇ ਵੀ ਪੁਲੀ ਹੁੰਦੀ ਜਿਸ ਦਾ ਪਟਾ ਚੱਕੀ ਦੇ ਪੁੜਾਂ ਥਲਵੀਂ ਪੁਲੀ ਨਾਲ ਚੱਕੀ ਦੀ ਧੁਰੀ ਨੂੰ ਘੁਮਾਉਂਦਾ ਤੇ ਪੁੜ ਘੁੰਮਦੇ। ਇਹ ਮਿੱਟੀ ਦੇ ਜਾਂ ਇੱਟਾਂ ਦੇ ਮਜ਼ਬੂਤ ਪਿੱਲਰਾਂ ਜਾਂ ਥੜ੍ਹੇ ’ਤੇ ਫਿੱਟ ਕੀਤੇ ਹੁੰਦੇ। ਥੱਲੇ ਵਾਲਾ ਪੁੜ ਜੋੜਿਆ ਹੋਇਆ ਹੁੰਦਾ ਤੇ ਉਪਰਲਾ ਪੁੜ ਘੁੰਮਦਾ। ਦਾਣੇ ਪਾਉਣ ਲਈ ਵੱਡਾ ਸਾਰਾ ਕੁੱਪਾ ਜਿਹਾ ਹੁੰਦਾ। ਆਟੇ ਦੇ ਨਿਕਾਸ ਲਈ ਨਿੱਕਾ ਜਿਹਾ ਲੋਹੇ ਦਾ ਪਰਨਾਲਾ ਲਾਇਆ ਹੁੰਦਾ। ਉੱਥੇ ਥੈਲੇ-ਬੋਰੀਆਂ ਅੱਗੇ ਲਾ ਕੇ ਆਟਾ ਸਾਂਭਿਆ ਜਾਂਦਾ। ਅਜੋਕੀ ਬਿਜਲੀ ਦੀ ਚੱਕੀ ਵੀ ਅਜਿਹੀ ਹੀ ਹੈ। ਇੰਜਣ ਦੀ ਥਾਂ ਬਿਜਲੀ ਦੀ ਮੋਟਰ ਹੈ। ਬਾਕੀ ਉਹੋ ਹੀ ਤਕਨੀਕ ਹੈ ਪਰ ਇਸ ’ਤੇ ਕਈ ਪੁਲੀਆਂ ਹੁੰਦੀਆਂ ਹਨ, ਜੋ ਵੱਖ-ਵੱਖ ਕੰਮ ਕਰਦੀਆਂ ਹਨ। ਇੱਟਾਂ ਦੇ ਪਿੱਲਰ ’ਤੇ ਲੱਕੜ ਦੇ ਫੱਟਿਆਂ ਦਾ ਪਲੇਟਫਾਰਮ ਬਣਿਆ ਹੁੰਦਾ ਹੈ ਜਿਸ  ’ਤੇ ਦਾਣਿਆਂ ਵਾਲੇ ਬੋਰੇ-ਥੈਲੇ ਰੱਖੇ ਜਾਂਦੇ ਹਨ। ਇਸ ਦੇ ਨਾਲ ਲੋਹੇ ਦੇ ਮਜ਼ਬੂਤ ਐਂਗਲ ਆਇਰਨਾਂ ’ਤੇ ਚੱਕੀ ਦੇ ਪੁੜ ਫਿੱਟ ਕੀਤੇ ਹੁੰਦੇ ਹਨ। ਚੱਕੀ ਦੇ ਪੁੜਾਂ ਦੁਆਲੇ ਲੋਹੇ ਦਾ ਬਕਸਾ ਜਿਹਾ ਬਣਿਆ ਹੁੰਦਾ ਹੈ ਜਿਸ ਨਾਲ ਆਟਾ ਦਾਣਾ ਬਾਹਰ ਨਹੀਂ ਖਿੱਲਰਦਾ। ਇਕ ਫਰਕ ਇਹ ਦੇਖਣ ’ਚ ਆਇਆ ਕਿ ਇਸ ਚੱਕੀ ਦਾ ਹੇਠਲਾ ਪੁੜ ਨਟਾਂ ਨਾਲ ਕਸਿਆ ਜੋੜਿਆ ਹੁੰਦਾ ਹੈ ਤੇ ਉਪਰਲਾ ਪੁੜ ਘੁੰਮਦਾ ਹੈ। ਮੋਟਰ ਵਾਲੀ ਪੁਲੀ ਦਾ ਪਟਾ ਲੋਹੇ ਦੀ ਲੱਠ (ਸ਼ਾਫਟ) ’ਤੇ ਪਾਈ ਪੁਲੀ ਦੁਆਲੇ ਘੁੰਮਦਾ ਹੈ ਤਾਂ ਲੱਠ ਘੁੰਮਦੀ ਹੈ। ਇਹ ਪੁਲੀ ਵੱਡੀ ਹੁੰਦੀ ਹੈ। ਦੂਜੀ ਪੁਲੀ ਵਾਲਾ ਪਟਾ ਚੱਕੀ ਥੱਲਵੀਂ ਪੁਲੀ ਵਾਲੇ ਬੈਰਿੰਗਾਂ ਦੀ ਸ਼ਾਫ਼ਟ ਨੂੰ ਘੁੰਮਾਉਂਦਾ ਹੈ ਤੇ ਇਸ ਨਾਲ ਪੁੜ ਘੁੰਮਦਾ ਹੈ, ਚੱਕੀ ਚੱਲਦੀ ਹੈ। ਆਟੇ ਦੇ ਨਿਕਾਸ ਲਈ ਲੋਹੇ ਦਾ ਪਰਨਾਲਾ ਹੁੰਦਾ ਹੈ ਜਿੱਥੋਂ ਆਟਾ ਥੱਲੇ ਬੋਰੀਆਂ ’ਚ ਭਰਿਆ ਜਾਂਦਾ ਹੈ। ਇਸ ਬਿਜਲੀ ਦੀ ਚੱਕੀ ’ਤੇ ਛੇ-ਸੱਤ ਪੁਲੀਆਂ ਚੱਲਦੀਆਂ ਹਨ। ਸੱਜੇ ਹੱਥ ਚੱਕੀ ਵਿਚਕਾਰ ਪਲੇਟਫਾਰਮ  ਤੇ ਖੱਬੇ ਹੱਥ ਦਾਣੇ ਸਾਫ਼ ਕਰਨ ਲਈ  ਵੱਖਰਾ ਸਿਸਟਮ ਹੁੰਦਾ ਹੈ। ਇਸ ਨੂੰ ਰੂਲਰ ਜਾਂ ਰੂਲਾ ਕਹਿੰਦੇ ਹਨ। ਇਹ ਦਾਣਿਆਂ ’ਚੋਂ ਮਿੱਟੀ ਨੂੰ ਜਾਂ ਮਿੱਟੀ ਰੋੜੀ ਨੂੰ ਮਿੱਟੀ ਬਣਾ ਕੇ ਇਕ ਪਾਸੇ ਸੁੱਟਦਾ ਹੈ ਤੇ ਸਾਫ਼ ਦਾਣੇ ਦੂਜੇ ਪਾਸੇ, ਜੋ ਚੁੱਕ ਕੇ ਚੱਕੀ ਦੇ ਕੁੱਪੇ ’ਚ ਪੀਹਣ ਲਈ ਪਾਏ ਜਾਂਦੇ ਹਨ। ਇਹ ਚੱਕੀਆਂ ਬਹੁਤਾਤ ਵਿਚ ਹਨ। ਪਹਿਲਾਂ-ਪਹਿਲ ਦੂਰ  ਨੇੜੇ ਦੇ ਪਿੰਡਾਂ ਦੇ ਲੋਕ ਇਕ ਪਿੰਡ ਦੀ ਚੱਕੀ ਤੋਂ ਆਟਾ ਪਿਹਾ ਕੇ ਲੈ ਜਾਂਦੇ। ਬਲਦਾਂ ਗੱਡਿਆਂ ਦੀ ਥਾਂ ਹੁਣ ਟਰੈਕਟਰ-ਟਰਾਲੀ ’ਤੇ ਵੀ ਆਟਾ ਦਾਣਾ ਪਿਹਾਉਣ ਆਉਂਦੇ ਹਨ। ਅੱਜ ਦੇ ਸਮੇਂ ਤਾਂ ਹਰ ਸ਼ਹਿਰ ਵਿਚ ਕੀ ਹਰ ਮੁਹੱਲੇ ਵਿਚ ਚੱਕੀ ਚੱਲਦੀ ਹੈ। ਪਿੰਡਾਂ ਵਿਚ ਵੀ ਆਮ ਤੌਰ ’ਤੇ ਹਰ ਪਿੰਡ ਚੱਕੀ ਹੈ। ਇਨ੍ਹਾਂ ਬਿਜਲਈ ਚੱਕੀਆਂ ਨੇ ਲੋਕਾਂ ਨੂੰ ਬੜੀ ਸੌਖ ਕਰ ਦਿੱਤੀ ਹੈ। ਚੱਲਦੀਆਂ-ਫਿਰਦੀਆਂ ਚੱਕੀਆਂ ਵੀ ਹਨ ਪਰ ਉਹ ਕਾਮਯਾਬ ਨਹੀਂ ਹੋਈਆਂ। ਜਿਹੜੀ ਚੱਕੀ ਸਾਡੇ ਪੁਰਖਿਆਂ ਦੇ, ਵਿਸ਼ੇਸ਼ ਤੌਰ ’ਤੇ ਔਰਤਾਂ ਦੇ ਜੀਵਨ ਨਾਲ ਜੁੜੀ ਹੁੰਦੀ ਸੀ, ਉਹ ਤਾਂ ਹੱਥ ਨਾਲ ਚਲਾਉਣ ਵਾਲੀ ਹੱਥੀ ਵਾਲੀ ਚੱਕੀ ਹੀ ਸੀ। ਇਸ ਚੱਕੀ ਦਾ ਜ਼ਿਕਰ ਸਾਡੇ ਲੋਕ ਗੀਤਾਂ ਵਿਚ ਬਹੁਤ ਆਉਂਦਾ ਹੈ। ਮਾਪਿਆਂ ਦੀ ਲਾਡਲੀ ਧੀ ਕਹਿੰਦੀ ਹੈ:
‘‘ਮਾਪਿਆਂ ਨੇ ਤਾਂ ਰੱਖੀ ਲਾਡਲੀ, ਸੱਸ ਨੇ ਲਾ ਲਈ ਚੱਕੀ,ਨੀਂ ਮੇਰੇ ਸੱਤ ਵਲ ਪੈਂਦੇ ਵੱਖੀ…।’’ਕਦੇ ਕਹਿੰਦੇ ਹੈ- ‘‘ਆਪ ਸੱਸ ਪਲੰਘੇ ਬਹੇ ਸਾਨੂੰ ਮਾਰਦੀ ਚੱਕੀ ਵਾਲਾ ਸੈਨਤਾਂ.’’ ਅੱਜ ਦੇ ਮਸ਼ੀਨੀ ਯੁੱਗ ਵਿਚ ‘ਚੱਕੀ’ ਦਾ ਜ਼ਿਕਰ ਬੋਲੀਆਂ ਜਾਂ ਲੋਕ-ਗੀਤਾਂ ਵਿਚ ਮਿਲਦਾ ਹੈ ਤੇ ਜਾਂ ਇਹ ਚੱਕੀ ਸ਼ਹਿਰੀਆਂ ਦੇ ਡਰਾਇੰਗ ਰੂਮ ਵਿਚ ਸਜੀ ਹੋਈ ਹੈ। ਉਸ ਵਿਚ ਕੋਈ ਆਟਾ-ਦਾਣਾ ਨਹੀਂ ਪੀਂਹਦਾ, ਮਹਿਜ਼ ਇਕ ਸ਼ੋ-ਪੀਸ ਰੱਖਿਆ ਹੋਇਆ ਹੈ, ਪੁਰਾਤਨ ਵਿਰਸੇ ਦੀ ਇਕ ਨਿਸ਼ਾਨੀ ਸਮਝ ਕੇ। ਇਕ ਜ਼ਮਾਨਾ ਸੀ, ਵੱਡੇ-ਵੱਡੇ ਸੰਯੁਕਤ ਪਰਿਵਾਰ ਹੁੰਦੇ ਸਨ। ਘਰ ਦੀਆਂ ਸੁਆਣੀਆਂ ਹੱਥੀਂ ਆਟਾ ਪੀਂਹਦੀਆਂ, ਦਾਲਾਂ ਦਲਦੀਆਂ ਤੇ ਡਲੀਆਂ ਵਾਲਾ ਲੂਣ ਵੀ ਉਸ ਵਿਚ ਪੀਂਹਦੀਆਂ।  ਆਟੇ ਦੇ ਭੜੋਲੇ ਤੇ ਲੂਣ ਦੀਆਂ ਚਾਟੀਆਂ ਜਾਂ ਝੱਕਰੇ ਭਰ ਕੇ ਰੱਖ ਲੈਂਦੀਆਂ ਜੋ ਪਿੰਡ ਦੇ ਘੁਮਿਆਰ ਤੋਂ ਲੈ-ਲੈ ਰੱਖੇ ਹੁੰਦੇ। ਸਾਫ-ਸੁਥਰੀਆਂ ਸ਼ੁਧ ਖੁਰਾਕਾਂ ਹੁੰਦੀਆਂ ਤੇ ਨਾਲ ਸਰੀਰਕ ਕਸਰਤ। ਛੇਤੀ ਕੀਤਿਆਂ ਕੋਈ ਬਿਮਾਰੀ ਨੇੜੇ ਨਾ ਫਟਕਦੀ। ਚੱਕੀ ਚਲਾਉਂਦੀਆਂ ਸਰਦੀ ਦੇ ਮਹੀਨੇ ਵੀ ਉਹ ਪਸੀਨੇ ਨਾਲ ਭਿੱਜ ਜਾਂਦੀਆਂ। ਡੰਗਰ-ਪਸ਼ੂ ਲਈ ਸੂੰਹ ਜਾਂ ਤਾਰਾ-ਮੀਰਾ ਵੀ ਚੱਕੀ ਵਿਚ ਪੀਸਿਆ ਜਾਂਦਾ ਜੋ ਉਨ੍ਹਾਂ ਨੂੰ ਲੂਣ ਮਿਲਾ ਕੇ ਖੁਆਇਆ ਜਾਂਦਾ। ਇਹ ਪਸ਼ੂਆਂ ਨੂੰ ਤੰਦਰੁਸਤ ਰੱਖਦਾ। ਸੂੰਹ  ਪੀਹਣ ਲਈ ਦੋ ਜਣੀਆਂ ਜ਼ਰੂਰੀ ਹੁੰਦੀਆਂ। ਇਹ ਬਾਰੀਕ ਤੇ ਚਿਕਨੀ ਹੁੰਦੀ ਜੋ ਪੀਹਣ ਵਾਲੀਆਂ ਦੀ ਨਾਂਹ ਕਰਵਾ ਦੇਂਦੀ। ਸ਼ਾਇਦ ਅਜਿਹੇ ਮੌਕੇ ਹੀ ਕੋਈ ਮੁਟਿਆਰ ਕਹਿੰਦੀ ਹੈ:‘‘ਅਸੀਂ ਚੱਕੀ ਨਹੀਂ ਪੀਹਣੀ ਆਪੇ ਪੀਹਣ ਸੱਸੀ ਦੀਆਂ ਜਾਈਆਂ।’’ ਅੱਗੋਂ ਗੱਭਰੂ ਵੀ ਦਬਕਾ ਮਾਰਦਾ ਹੈ:
‘‘ਆਪੇ ਚੱਕੀ ਪੀਸੀ ਜਾਊਗੀ, ਜਦੋਂ ਡਾਂਗ ਸੰਮਾਂ ਵਾਲੀ ਖੜਕੀ।’’ਵੱਡੇ ਰੱਜੇ-ਪੁੱਜੇ ਘਰਾਂ ਵਿਚ ਚੱਕੀ ਪੀਹਣ ਦਾ ਕੰਮ, ਘਰ ਦੇ ਸਾਂਝੀ-ਸੀਰੀ ਦੀ ਮਾਂ ਜਾਂ ਪਤਨੀ ਵੀ ਕਰਦੀ। ਇਹੋ ਚੱਕੀ ਪੁਰਾਣੇ ਸਮਿਆਂ ਵਿਚ ਕਿਸੇ ਗਰੀਬ ਦੀ ਰੋਜ਼ੀ-ਰੋਟੀ ਦਾ ਸਾਧਨ ਵੀ ਬਣੀ ਰਹੀ। ਮਿਹਨਤਕਸ਼ ਔਰਤਾਂ ਜ਼ਿਮੀਂਦਾਰਾਂ ਦੇ ਘਰੋਂ ਦਾਲਾਂ ਦਲਣ ਲਈ ਜਾਂ ਆਟਾ ਪੀਹਣ ਲਈ ਇਹ ਵਸਤਾਂ ਘਰ ਲੈ ਜਾਦੀਆਂ। ਦਿਨੇ ਉਹ ਕੋਈ ਹੋਰ ਕੰਮ-ਦਿਹਾੜੀ ਵਗੈਰਾ ਕਰਦੀਆਂ। ਜਿਵੇਂ ਮਿਰਚਾਂ ਚੁਗਣਾ, ਛੱਲੀਆਂ ਕੱਢਣੀਆਂ, ਕਪਾਹ ਚੁਗਣੀ ਜਾਂ ਲੋਕਾਂ ਦੇ ਘਰ ਲਿੱਪਣੇ-ਪੋਚਣੇ ਆਦਿ। ਇਹ ਪੀਹਣ ਦਾ ਕੰਮ ਉਹ ਰਾਤ-ਬਰਾਤੇ ਜਾਂ ਤੜਕੇ ਨੂੰ ਕਰਦੀਆਂ। ਕਈ ਚਰਖੇ ’ਤੇ ਸੂਤ ਵੀ ਕੱਤਦੀਆਂ। ਇਹ ਇਕ ਕਿਸਮ ਦਾ ‘ਓਵਰ ਟਾਈਮ’ ਲਾ ਕੇ ਉਹ ਘਰ ਦੀਆਂ ਗਰਜ਼ਾਂ ਪੂਰੀਆਂ ਕਰਦੀਆਂ। ਸੁਆਣੀਆਂ ਉਨ੍ਹਾਂ ਨੂੰ ਆਟਾ, ਦਾਣਾ, ਪੈਸੇ ਜਾਂ ਹੋਰ ਲੋੜੀਂਦੀ ਚੀਜ਼ ਦੇ ਦੇਂਦੀਆਂ। ਚੱਕੀ ਆਮ ਤੌਰ ’ਤੇ ਘਰ ਦੀ ਸਵਾਤ ਦੇ ਕਿਸੇ ਕੋਨੇ ’ਚ ਰੱਖੀ ਹੁੰਦੀ। ਕਈ ਵਾਰ ਇਹਨੂੰ ਚੁੱਕ ਕੇ ਹਵਾ-ਹਾਰੇ ਥਾਂ ਵੀ ਕਰ ਲਿਆ ਜਾਂਦਾ। ਵਿਸ਼ੇਸ਼ ਤੌਰ ’ਤੇ ਗਰਮੀ ਦੀ ਰੁੱਤੇ ਜਾਂ ਵਿਆਹ-ਸ਼ਾਦੀ ਮੌਕੇ। ਅਜਿਹੇ ਮੌਕੇ ਇਸ ਵਿਚ ਮਸਾਲੇ ਵੀ ਪੀਸੇ ਜਾਂਦੇ। ਘਰਾਂ ਵਿਚ ਖਾਣ ਲਈ ਵਰਤਿਆ ਜਾਂਦਾ ਕਣਕ ਦਾ ਦਲੀਆ ਵੀ ਚੱਕੀ ਵਿਚ ਦਲਿਆ ਜਾਂਦਾ ਜੋ ਅੱਜ ਪੈਕਟ ਬੰਦ ਮਿਲਦਾ ਹੈ। ਸੱਜਰ ਸੂਈ ਮੱਝ-ਗਾਂ ਲਈ ਕਣਕ ਨੂੰ ਮੋਟੀ-ਮੋਟੀ ਦਲਿਆ ਜਾਂਦਾ ਤੇ ਉਸ ਨੂੰ  ਪਾਣੀ ਵਿਚ ਰਿੰਨ੍ਹ ਕੇ ਫੇਰ ਠੰਢਾ ਕਰਕੇ ਲਵੇਰੇ ਨੂੰ ਖੁਆਇਆ (ਚਾਰਿਆ) ਜਾਂਦਾ ਜਿਸ ਨੂੰ ‘ਲੇਟੀ’ ਕਿਹਾ ਜਾਂਦਾ। ਪਿਛਲੇ ਸਮੇਂ ਦੇ ਲੋਕਾਂ ਦੀ ਚੰਗੀ ਸਿਹਤ, ਲੰਮੀ ਉਮਰ ਹੱਥੀਂ ਕੰਮ ਕਰਨ ਤੇ ਸਾਫ-ਸੁਥਰੀ ਖੁਰਾਕ ਖਾਣ ਦਾ ਹੀ ਨਤੀਜਾ ਸੀ। ਇਹ ਮਿਹਨਤ-ਮੁਸ਼ੱਕਤ ਕਰਨ ਨਾਲ ਨਾ ਕਿਸੇ ਨੂੰ ਸ਼ੂਗਰ, ਨਾ ਹੀ ਦਿਲ ਦਾ ਦੌਰਾ ਪੈਂਦਾ ਸੁਣਿਆ ਸੀ। ਕੈਂਸਰ ਦਾ ਤਾਂ ਨਾਮੋ-ਨਿਸ਼ਾਨ ਨਹੀਂ ਸੀ। ਅੱਜ ਸਵਰਗ ਕਹੇ ਜਾਣ ਵਾਲੇ ਪਿੰਡਾਂ ਵਿਚ ਵੀ ਲੋਕ ਭਿਆਨਕ ਬੀਮਾਰੀਆਂ ਤੋਂ ਪੀੜਤ ਨੇ।  ਜੇ ਕੋਈ ਚੱਕੀ ਚਲਾਉਣੋਂ-ਪੀਹਣੋਂ ਨੱਕ ਵੱਟਦੀ ਤਾਂ ਕਿਹਾ ਜਾਂਦਾ:‘‘ਬਾਰੀਂ ਬਰਸੀਂ ਖੱਟਣ ਗਿਆ ਸੀ, ਖੱਟ ਕੇ ਲਿਆਂਦੀ ਪੱਖੀ,ਔਖਾ ਹੋਵੇਂਗਾ ਵੀਰਾ ਵੇ, ਭਾਬੋ ਲਾਡਲੀ ਰੱਖੀ…।’’ਅੱਗੋਂ ਵੀਰ ਜਵਾਬ ਦੇਂਦਾ:‘‘ਬਾਰੀ ਬਰਸੀਂ ਖੱਟਣ ਗਿਆ ਸੀ, ਖੱਟ ਕੇ ਲਿਆਂਦੀ ਮੱਕੀ,ਆਪੇ ਸਮਝੂ ਨੀਂ ਭੈਣੇ, ਭਾਰੀ ਲਿਆ ਦੂੰਗਾ ਚੱਕੀ।’’ਚੱਕੀ ਦੇ ਹੇਠਲੇ ਹਿੱਸੇ ਨੂੰ ‘ਗੰਡ’ ਕਿਹਾ ਜਾਂਦਾ, ਜੋ ਮਿੱਟੀ ਦਾ ਬਣਿਆ ਹੁੰਦਾ। ਚੀਕਣੀ ਮਿੱਟੀ ਵਿਚ ਰੀਣ (ਬਾਰੀਕ ਤੂੜੀ) ਰਲਾ ਕੇ ਉਸ ਨੂੰ ਇਕ-ਦੋ ਦਿਨ ਭਿਓਂ ਕੇ ਰੱਖਿਆ ਜਾਂਦਾ। ਫਿਰ ਉਸ ਨੂੰ ਚੰਗੀ ਤਰ੍ਹਾਂ ਮੱਥ ਕੇ ਇਕ ਗੋਲ ਆਕਾਰ ਤਲਾ ਜਿਹਾ ਬਣਾਇਆ ਜਾਂਦਾ ਜੋ ਤਕਰੀਬਨ ਤਿੰਨ ਕੁ ਫੁੱਟ ਘੇਰੇ ਵਾਲਾ ਹੁੰਦਾ। ਇਸ ਨੂੰ ਮੋਟਾ ਰੱਖਿਆ ਜਾਂਦਾ। ਅੱਧ ਸੁੱਕਿਆ ਜਿਹਾ ਹੋ ਜਾਣ  ’ਤੇ ਇਸ ਦੇ ਹੇਠਾਂ ਉਸੇ ਮਿੱਟੀ ਦੇ ਤਿੰਨ ਜਾਂ ਚਾਰ ਪੜਾਵੇ ਲਾਏ ਜਾਂਦੇ ਤਾਂ ਜੋ ਚੱਕੀ ਥੋੜ੍ਹੀ ਉੱਚੀ ਰਹੇ ਤੇ ਪੀਹਣ ਵਾਲੀਆਂ ਨੂੰ ਸੌਖ ਰਹੇ। ਇਸ ਗੋਲ ਤਲੇ ਦੇ ਦੁਆਲੇ ਉਸੇ  ਗਾਰੇ ਮਿੱਟੀ ਦੀ, ਉਪਰਲੇ ਪਾਸੇ ਵਾੜ ਦਿੱਤੀ  ਜਾਂਦੀ ਜੋ ਢਾਈ ਜਾਂ ਤਿੰਨ ਇੰਚ ਉੱਚੀ ਹੁੰਦੀ। ਇਹ ਆਟਾ-ਦਾਣਾ ਆਸੇ-ਪਾਸੇ ਬਾਹਰ ਡਿੱਗਣ ਤੋਂ ਰੋਕਦੀ। ਪੀਸਿਆ ਹੋਇਆ ਆਟਾ-ਦਾਣਾ ਬਾਹਰ ਨਿਕਲਣ ਲਈ ਦੋ-ਢਾਈ ਇੰਚ ਦੇ ਕਰੀਬ ਮੂੰਹ ਰੱਖਿਆ ਜਾਂਦਾ, ਜਿਸ ਨੂੰ ‘ਐਣਾ’ ਕਿਹਾ ਜਾਂਦਾ। ਇਹ ਪੂਰਾ ਗੰਡ ਤਿਆਰ ਹੋ ਜਾਂਦਾ। ਸੁੱਕੇ ਤੋਂ ਕਿਤੋਂ ਪਹਾੜੀ ਇਲਾਕੇ ’ਚੋਂ ਮੰਗਾਏ ਪੁੜ ਇਸ ਵਿਚ ਜੜੇ ਜਾਂਦੇ। ਥੱਲੇ ਵਾਲਾ ਪੁੜ ਪੂਰਾ ਗੰਡ ਦੇ ਨਾਪ ਦਾ ਹੁੰਦਾ। ਚੱਕੀ ਰਾਹੁਣ ਵਾਲੇ ਨੇ ਇਸ ਨੂੰ ਬੜੇ ਸੁਚੱਜੇ ਢੰਗ ਨਾਲ ਰਾਹਿਆ ਹੁੰਦਾ। ਥੋੜ੍ਹੇ ਜਿਹੇ ਥਾਂ ਵਿਚ ਲਹਿਰਾਂ ਜਿਹੀਆਂ ਬਣਾਈਆਂ ਹੁੰਦੀਆਂ ਤਾਂ ਜੋ ਚੱਕੀ ਵਿਚ ਪਾਏ ਦਾਣੇ ਚਾਰੇ ਪਾਸੇ ਇਕੋ ਜਿਹੇ ਖਿੱਲਰ ਜਾਣ ਤੇ ਚੰਗੀ ਤਰ੍ਹਾਂ ਪੀਸੇ ਜਾਣ। ਚੱਕੀ ਰਾਹੁਣ ਵਾਲੇ ਨੂੰ ‘ਚੱਕੀ ਰਾਹਾ’ ਕਿਹਾ ਜਾਂਦਾ। ਇਹ ਇਕ ਮਾਹਿਰ ਕਾਰੀਗਰ ਹੁੰਦਾ ਜੋ ਕਈ ਪਿੰਡਾਂ ’ਚ ਚੱਕੀਆਂ ਰਾਹੁਣ ਜਾਂਦਾ। ਇਹ ਲੋਹੇ ਦੀ ਤਿੱਖੀ ਛੈਣੀ ਜਾਂ ਸੁੰਬੇ ਨੂੰ ਪੁੜ  ’ਤੇ ਟਿਕਾ ਕੇ ਛੋਟੀ ਜਿਹੀ ਹਥੌੜੀ ਨਾਲ ਸੱਟਾਂ ਮਾਰਦਾ ਤੇ ਸਾਰੇ ਪੁੜ ਨੂੰ ਰਾਹ ਦੇਂਦਾ। ਇਸ ਦਾ ਮਿਹਨਤਾਨਾ ਉਨ੍ਹਾਂ ਸਮਿਆਂ ਵਿਚ ਹਾੜ੍ਹੀ-ਸਾਉਣੀ ਦੀ ਫਸਲ ਤੋਂ ਦਿੱਤਾ ਜਾਂਦਾ ਜਾਂ ਉਂਜ ਵੀ ਘਰਾਂ ਦੀਆਂ ਸੁਆਣੀਆਂ ਉਸ ਨੂੰ ਦਾਣਾ-ਫੱਕਾ ਜਾਂ ਗੁੜ-ਸ਼ੱਕਰ ਦੇ ਦੇਂਦੀਆਂ। ਕਈ ਵਾਰ ਉਹ ਪੈਸੇ ਵੀ ਲੈ ਲੈਂਦਾ। ਇਸ ਪੁੜ ਵਿਚ, ਵਿਚਕਾਰ ਲੋਹੇ ਦੀ ਇਕ ਕਿੱਲੀ ਥੋੜ੍ਹਾ ਜਿਹਾ ਛੇਕ ਕਰਕੇ ਠੋਕੀ ਹੁੰਦੀ ਜੋ ਥੱਲਿਓਂ ਮੋਟੀ ਤੇ ਉਪਰੋਂ ਪਤਲੀ ਹੁੰਦੀ। ਇਹ ਚੱਕੀ ਦਾ ਧੁਰਾ ਹੁੰਦਾ। ਉਪਰਲਾ ਪੁੜ ਥੱਲਵੇਂ ਪੁੜ ਦੇ ਬਰਾਬਰ ਹੀ ਹੁੰਦਾ। ਉਸ ਦੇ ਵਿਚਕਾਰ ਮੋਰੀ ਕੀਤੀ ਹੁੰਦੀ। ਇਸ ਚੱਕੀ ਦੇ ਪੁੜਾਂ ਦਾ ਮੂੰਹ ਹੁੰਦਾ ਜਿਸ ਨੂੰ ‘ਗਲਾ’ ਕਿਹਾ ਜਾਂਦਾ। ਇਹ ਵੀ ਅੰਦਾਜ਼ਨ ਦੋ-ਢਾਈ ਇੰਚ ਖੁੱਲ੍ਹਾ ਹੁੰਦਾ। ਇਸ ਪੁੜ ਵਿਚ ਲੱਕੜ ਦਾ ਇਕ ਗੋਲਾਈਦਾਰ, ਚੱਕੀ ਦੇ ਮੂੰਹ ਜਿੰਨਾ ਲੰਮਾ ਟੁਕੜਾ ਚੰਗੀ ਤਰ੍ਹਾਂ ਠੋਕ ਕੇ ਫਿੱਟ ਕੀਤਾ ਜਾਂਦਾ, ਜਿਸ ਨੂੰ  ‘ਮੰਨਵੀਂ’ ਕਿਹਾ ਜਾਂਦਾ। ਇਸ ਲੱਕੜ ਦੀ ਮੰਨਵੀਂ ਦੇ ਵਿਚਕਾਰ ਵੀ ਮੋਰੀ ਕੀਤੀ ਹੁੰਦੀ। ਥੱਲਵੇਂ ਪੁੜ ਵਿਚ ਠੋਕੀ ਲੋਹੇ ਦੀ ਕਿੱਲੀ ਵਿਚ ਲੋਹੇ ਦਾ ਕੋਈ ਛੱਲਾ ਭਾਵ ਵਾਸ਼ਲ ਜਿਹੀ ਪਾਈ ਜਾਂਦੀ। ਕਿਸੇ ਪਤਲੇ ਕੱਪੜੇ ਨੂੰ ਵੱਟ ਚਾੜ੍ਹ ਕੇ ਗੋਲਾਈ ਵਿਚ ਮੋੜ ਕੇ ਚੂੜੀ ਵਰਗੀ ਬਣਾ ਲਿਆ ਜਾਂਦਾ, ਫਿਰ ਉਹ ਵੀ ਛੱਲੇ ਵਾਂਗ ਕਿੱਲੀ ਦੁਆਲੇ ਪਾ ਦਿੱਤੀ ਜਾਂਦੀ ਭਾਵ ਕਿੱਲੀ ਉਨ੍ਹਾਂ ਵਿੱਚੋਂ ਲੰਘਦੀ। ਇਸ ਧੁਰੇ ਦੇ ਉਪਰ ਦੂਜਾ ਮੰਨਵੀਂ ਵਾਲਾ ਉਪਰਲਾ ਪੁੜ ਟਿਕ ਜਾਂਦਾ ਤੇ ਮੰਨਵੀਂ ’ਚ ਕੀਤੇ ਛੇਕ ਵਿੱਚੋਂ ਉਹ ਥੋੜ੍ਹਾ ਬਾਹਰ ਨਿਕਲ ਆਉਂਦਾ। ਇਸੇ ਹਿੱਸੇ ਨੂੰ ਗਲਾ ਕਿਹਾ ਜਾਂਦਾ। ਧੁਰੇ ਦੁਆਲੇ ਪਾਈ ਕੱਪੜੇ ਦੀ ਚੂੜੀ ਜਾਂ ਲੋਹੇ ਦੇ ਛੱਲੇ ਨੂੰ ‘ਲਾਰ’ ਜਾਂ ‘ਲਾਲ’ ਕਿਹਾ ਜਾਂਦਾ। ਇਹ ਚੱਕੀ ਦਾ ਅਹਿਮ ਹਿੱਸਾ ਹੁੰਦਾ ਕਿਉਂਕਿ ਬਾਰੀਕ ਜਾਂ ਮੋਟਾ ਪੀਹਣ ਦਾ ਜੁਗਾੜ ਇਸੇ ਦੇ ਸਿਰ ’ਤੇ ਹੁੰਦਾ। ਜੇ ਮੋਟਾ ਪੀਹਣਾ ਹੁੰਦਾ ਜਿਵੇਂ ਦਲੀਆ ਜਾਂ ਦਾਲਾਂ ਤਾਂ ਦੋ ਲਾਲਾਂ ਪਾਈਆਂ ਜਾਂਦੀਆਂ, ਜੇ ਬਾਰੀਕ ਪੀਹਣਾ ਹੁੰਦਾ ਜਿਵੇਂ ਆਟਾ, ਲੂਣ ਜਾਂ ਵੇਸਣ ਤਾਂ ਇਕੋ ਲਾਲ ਪਾਈ ਜਾਂਦੀ। ਕੱਪੜੇ ਦੀ ਚੂੜੀ ਦੀ ਥਾਂ…ਲੋਹੇ ਦੇ ਛੱਲਿਆਂ ਨਾਲ ਵੀ ਘੱਟ-ਵੱਧ ਕਰਕੇ ਲੋੜ ਅਨੁਸਾਰ ਕੰਮ ਲਿਆ ਜਾਂਦਾ।ਉਪਰਲੇ ਪੁੜ ਦੇ ਇਕ ਪਾਸੇ ਛੇਕ ਕਰਕੇ ਲੱਕੜ ਦੀ ਹੱਥੀ ਲਾਈ ਜਾਂਦੀ ਜੋ ਸਵਾ ਕੁ ਫੁੱਟ ਲੰਮੀ ਹੁੰਦੀ। ਇਸੇ ਨੂੰ ਫੜ ਕੇ ਚੱਕੀ ਦਾ ਪੁੜ ਘੁਮਾਇਆ ਜਾਂਦਾ। ਆਹਮੋਂ-ਸਾਹਮਣੇ ਬੈਠ ਕੇ ਦੋ ਔਰਤਾਂ ਇਕ-ਇਕ ਹੱਥ ਪਾ ਕੇ ਹੱਥੀ ਘੁਮਾਉਂਦੀਆਂ। ਖੱਬੇ ਨਾਲ ਪੀਸਣ ਵਾਲੀ ਵਸਤ ਚੱਕੀ ਦੇ ਗਲੇ ਵਿਚ ਪਾਈ ਜਾਂਦੀ। ਇਹ ਬਹੁਤ ਥੋੜ੍ਹੀ ਮਿਕਦਾਰ ਵਿਚ ਪਾਈ ਜਾਂਦੀ। ਸੱਜੇ ਹੱਥ ਨਾਲ ਚੱਕੀ ਚਲਾਉਂਦਿਆਂ ਨਾਲ-ਨਾਲ ਖੱਬੇ ਹੱਥ ਨਾਲ ਚੱਕੀ ਦੇ ਗਲੇ ਵਿਚ ਦਾਣਾ-ਫੱਕਾ ਪਾਉਣਾ ਜਿਸ ਨੂੰ ‘ਗਲਾ ਪਾਉਣਾ’ ਕਿਹਾ ਜਾਂਦਾ। ਇਹ ਵੀ ਕਿਸੇ ਮਾਹਿਰ ਔਰਤ ਦਾ ਹੀ ਕੰਮ ਹੁੰਦਾ। ਸਿਖਾਂਦਰੂ ਕੁੜੀਆਂ-ਕੱਤਰੀਆਂ ਤਾਂ ਗਲਾ ਪਾਉਣ ਲੱਗੀਆਂ ਦਾਲ ਜਾਂ ਦਾਣੇ ਬਾਹਰ ਹੀ ਖਿਲਾਰ ਦੇਂਦੀਆਂ। ਕਈ ਪਲ ਕੁ ਚੱਕੀ ਰੋਕ ਕੇ ਗਲਾ ਪਾਉਂਦੀਆਂ। ਚੱਕੀ ਚੱਲਦੀ ਰਹਿੰਦੀ ਤੇ ਪੀਸਿਆ ਆਟਾ-ਦਾਣਾ ਪੁੜ ਨਾਲ ਘੁੰਮਦਾ, ਗੰਡ ਦੀ ਵਾੜ ਨਾਲ ਖਹਿੰਦਾ ਐਣੇ ਕੋਲ ਜਾ ਪੁੱਜਦਾ ਤੇ ਐਣੇ ਥੱਲੇ ਰੱਖੀ ਪਰਾਤ ਜਾਂ ਕਿਸੇ ਬਰਤਨ ਵਿਚ  ਜਾ ਪੈਂਦਾ। ਮੂੜ੍ਹੇ-ਪੀੜ੍ਹੀ ਤੇ ਆਹਮਣੇ-ਸਾਹਮਣੇ ਬੈਠੀਆਂ ਸੁਆਣੀਆਂ ਗੱਲਾਂ ਵੀ ਕਰੀ ਜਾਂਦੀਆਂ ਤੇ ਚੱਕੀ ਵੀ ਝੋਈ ਜਾਂਦੀਆਂ। ਚੱਕੀ ਚਲਾਉਣ ਨੂੰ ਚੱਕੀ ਪੀਹਣਾ ਜਾਂ ਚੱਕੀ ਝੋਣਾ ਵੀ ਕਿਹਾ ਜਾਂਦਾ ਹੈ। ਚੱਕੀ ਦੀ ਮਿੱਠੀ ਆਵਾਜ਼ ਨਾਲ ਵਜਦ ’ਚ ਆਈਆਂ ਔਰਤਾਂ ਧੀਮੀ ਸੁਰ ਵਿਚ ਕੋਈ ਗੀਤ ਵੀ ਛੋਹ ਲੈਂਦੀਆਂ। ਚੱਕੀ ਦਾ ਜ਼ਿਕਰ ਪੰਜਾਬੀ ਲੋਕ-ਗੀਤਾਂ ਵਿਚ ਬਹੁਤ ਥਾਈਂ ਆਉਂਦਾ ਹੈ। ਜੇ ਕਿਸੇ ਦੇ ਘਰ ਚੱਕੀ ਨਾ ਹੁੰਦੀ ਜਾਂ ਕੋਈ ਮੁਟਿਆਰ ਸੱਸ-ਸਹੁਰੇ ਜਾਂ ਦਰਾਣੇ-ਜਠਾਣੇ ਨਾਲੋਂ ਅੱਡ ਹੋਈ ਹੁੰਦੀ, ਉਹ ਗੁਆਂਢ ਮੱਥੇ ਕਿਸੇ ਦੇ ਘਰ ਚੱਕੀ ’ਤੇ ਲੋੜੀਂਦੀ ਵਸਤ ਪੀਹਣ ਜਾਂਦੀ। ਅਜਿਹੇ ਮੌਕੇ ਕਿਹਾ ਜਾਂਦਾ:‘‘ਛੜਿਆਂ ਦੇ ਦੋ-ਦੋ ਚੱਕੀਆਂ, ਕੋਈ ਡਰਦੀ ਪੀਹਣ ਨਾ ਜਾਵੇ।’’ਗੀਤਾਂ ਤੇ ਬੋਲੀਆਂ ਵਿਚ ਚੱਕੀ ਨਾਲ ਜੁੜੀ ਸੱਸ ਦੀ ਚਤੁਰਾਈ ਵੀ ਬੋਲਦੀ ਹੈ:‘‘ਉੱਠ ਨੂੰਹੇ ਸੁਸਤਾ ਲੈ, ਚੱਕੀ ਛੱਡ ਵੇਲਣਾ ਡਾਹ ਲੈ’’ਸਾਡੇ ਲੋਕ-ਗੀਤਾਂ ਜਾਂ ਲੋਕ ਬੋਲੀਆਂ ਵਿਚ ਚੱਕੀ ਦੇ ਨਾਲ ਚੁੱਲ੍ਹੇ ਦਾ ਜੁੜਿਆ ਹੋਣਾ ਵੀ ਪਿਛੋਕੜ ਦੀ ਗੱਲ ਕਰਦਾ ਹੈ:‘‘ਚੱਕੀ ਛੁੱਟ ਗਈ ਚੁੱਲ੍ਹੇ ਨੇ ਛੁੱਟ ਜਾਣਾ, ਤੀਵੀਆਂ ਦਾ ਰਾਜ ਹੋ ਗਿਆ’’ਬੇਸ਼ੱਕ ਘਰਾਂ ਵਿਚੋਂ ਚੱਕੀ ਤੇ ਰਸੋਈ ਵਿੱਚੋਂ ਚੁੱਲ੍ਹੇ ਗਾਇਬ ਹੋ ਗਏ ਨੇ। ਚੱਕੀ ਦੀ ਥਾਂ ਬਿਜਲੀ ਦੀਆਂ ਚੱਕੀਆਂ ਨੇ ਲੈ ਲਈ ਹੈ ਤੇ ਕਣਕ ਮੱਕੀ ਛੱਟਣ, ਸੁਆਰਨ ਦੀਆਂ ਮਾਰੀਆਂ, ਪੀਸਿਆ ਹੋਇਆ ਥੈਲੀ ਵਾਲਾ ਆਟਾ ਮੰਗਾ ਕੇ ਵਰਤਦੀਆਂ ਅਜੋਕੀਆਂ ਔਰਤਾਂ ਖੁਸ਼ ਨੇ, ਪਰ ਸੰਤੁਸ਼ਟ ਨਹੀਂ। ਚੁੱਲ੍ਹੇ ਦੀ ਥਾਂ ਗੈਸ-ਚੁੱਲ੍ਹੇ ਆ ਗਏ ਨੇ ਤੇ ‘ਚੁੱਲ੍ਹੇ ਬੈਠ ਕੇ ਧੂੰਏਂ ਦੇ ਪੱਜ ਰੋਣ!’ ਵਾਲਾ ਜ਼ਮਾਨਾ ਵੀ ਨਹੀਂ ਰਿਹਾ ਕਿਉਂਕਿ ਸੰਯੁਕਤ ਪਰਿਵਾਰ ਹੀ ਨਹੀਂ ਰਹੇ। ਉਹ ਹਾਲ ਹੈ:‘‘ਮੈਂ ਤੇ ਮੇਰਾ ਮੁਨਸ਼ੀ ਤੀਜੇ ਦਾ ਮੂੰਹ ਝੁਲਸੀਂ’’ਜੇ ਕਿਤੇ ਸੰਯੁਕਤ  ਪਰਿਵਾਰ ਹੈ ਤਾਂ  ਉੱਥੇ ਵੀ ਨਾ ਸੱਸ-ਸਹੁਰੇ ਦਾ ਡਰ-ਭੈਅ ਜਾਂ ਸਤਿਕਾਰ ਨਾ ਬਰਾਬਰ ਦੇ ਦਿਓਰਾਂ-ਜੇਠਾਂ ਦੀ ਸ਼ਰਮ। ਹੁਣ ਤਾਂ ਸਿੱਧਾ ਹੀ ਆਖਦੀਆਂ ਹਨ:‘‘ਮੁੰਡਿਆ ਰਾਜ਼ੀ ਰਹਿ ਜਾਂ ਗੁੱਸੇ ਤੇਰੀ ਮਾਂ ਖੜਕਾਉਣੀ ਹੈ’’ਵਿਗਿਆਨ ਨੇ ਲੋਕਾਂ ਨੂੰ ਸੁਖ-ਸਹੂਲਤਾਂ ਤੇ ਸੋਝੀ ਜ਼ਰੂਰ ਦਿੱਤੀ ਹੈ,  ਪਰ ਮੋਹ-ਮੁਹੱਬਤਾਂ ਨੂੰ ਖੋਰਾ ਲਾਇਆ ਹੈ। ਉਨ੍ਹਾਂ ਹੱਥੀ ਵਾਲੀਆਂ ਚੱਕੀਆਂ ਦੇ ਜ਼ਮਾਨੇ ਵਿਚ ਲੋਕਾਂ ਦੇ ਦਿਲ ਵੀ ਚੱਕੀ ਦੇ ਪੁੜਾਂ ਵਰਗੇ ਤਕੜੇ ਹੁੰਦੇ ਸਨ। ਨਿੱਕੀ ਜਿਹੀ ਗੱਲ ਤੋਂ ਤੋੜ-ਵਿਛੋੜੇ ਨਹੀਂ ਸਨ ਹੁੰਦੇ। ਦਰਾਣੀਆਂ-ਜਠਾਣੀਆਂ ਜਾਂ ਸੱਸ-ਨੰੂਹ ਚੱਕੀ ਝੋਂਦੀਆਂ ਕੋਈ ਵਿਢੜਾ (ਬ੍ਰਿਹੜਾ) ਜਾਂ ਗੌਣ ਵੀ ਗਾਈ ਜਾਂਦੀਆਂ ਪਰ ਧਿਆਨ ਰੱਖਿਆ ਜਾਂਦਾ ਘਰ ਵਿਚ ਜਾਂ ਗਲੀ ਵਿਹੜੇ ਕੋਈ ਬੰਦਾ ਨਾ ਸੁਣਦਾ ਹੋਵੇ। ਅੱਜ ਸਾਡੀਆਂ ਧੀਆਂ ਕਿਵੇਂ ਸਟੇਜਾਂ ’ਤੇ ਨਾਂ-ਮਾਤਰ ਕੱਪੜੇ ਪਹਿਣ ਕੇ ਲੱਚਰ ਗੀਤਾਂ  ’ਤੇ ਨੱਚਦੀਆਂ ਨੇ, ਦੇਖ-ਸੁਣ ਕੇ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ । ਅਸੀਂ  ਸੱਭਿਆਚਾਰ ਦੇ ਨਾਂ ’ਤੇ ਚਰਖੇ, ਚੱਕੀਆਂ, ਪੱਖੀਆਂ, ਗੱਡੇ, ਪੀੜ੍ਹੀਆਂ ਰੱਖ ਕੇ ਇਸ ਲੱਚਰਤਾ ਨੂੰ ਸੱਭਿਆਚਾਰਕ ਪ੍ਰੋਗਰਾਮ ਦਾ ਨਾਂ ਦੇਂਦੇ ਹਾਂ। ਉਨ੍ਹਾਂ ਸਮਿਆਂ ਦੇ ਗੌਣ ਧੁਰ ਅੰਦਰ ਤਕ ਉਤਰ ਜਾਂਦੇ। ਉਨ੍ਹਾਂ ਵਿਚ ਚੱਕੀ, ਚਰਖੇ ਤੇ ਰੰਗਲੇ  ਪੀੜ੍ਹੇ ਦਾ ਜ਼ਿਕਰ ਵੀ ਹੁੰਦਾ,  ਰਿਸ਼ਤਿਆਂ ਦਾ ਮੋਹ ਵਿਛੋੜੇ ਦਾ ਰੁਦਨ ਹੁੰਦਾ। ਇਕ ਗੌਣ ਮੈਨੂੰ ਕਦੇ ਨਹੀਂ ਭੁੱਲਦਾ ਜੋ ਚੱਕੀ ਝੋਂਦੀਆਂ ਸਾਡੀਆਂ ਸੁਆਣੀਆਂ ਗਾਉਂਦੀਆਂ ਸਨ। ਇਸ ਗੌਣ ਵਿਚ ਕਦੇ ‘ਚਰਖਾ ਕੱਤਦੀ’ ਤੇ ਕਦੇ ‘ਚੱਕੀ ਝੋਂਦੀ’ ਵੀ ਆਖਿਆ ਜਾਂਦਾ। ਗਾ ਕੋਈ ਦਮ ਵਾਲੀਆਂ ਹੀ ਸਕਦੀਆਂ ਜਿਨ੍ਹਾਂ ਲਈ ਚੱਕੀ ਪੀਹਣਾ ਰੋਜ਼ ਦਾ ਆਮ ਕੰਮ ਸੀ। ਹਾਰੀ ਸਾਰੀ ਚੱਕੀ ਪੀਂਹਦੀ ਨਹੀਂ ਸੀ ਗਾ ਸਕਦੀ। ਉਹਨੂੰ ਤਾਂ ਐਵੇਂ ਸਾਹ ਚੜ੍ਹ ਜਾਂਦਾ। ਗੀਤ ਦੇ ਬੋਲ ਨੇ: ਅੰਦਰ ਬਹਿ ਕੇ ਵੇ ਚੱਕੀ ਝੋਂਦੀ ਵੀਰਾ, ਵੇ ਮੇਰਿਆ ਹੰਸਿਆ ਵੀਰਾ,ਅੱਜ ਆਜਾ ਕੱਲ੍ਹ ਨੂੰ ਆ ਜਾ ਵੀਰਾ, ਪਰਸੋਂ ਨੂੰ ਆ ਜਾਈਂ ਵੇ ਕੰਮ ਜ਼ਰੂਰੇ।ਅੱਜ ਨਹੀਂ ਆਉਂਦਾ ਨੀਂ ਕੱਲ੍ਹ ਨਹੀਂ ਆਉਂਦਾ ਭੈਣੇ, ਨੀ ਮੇਰੀਏ ਰਾਣੀਏਂ ਭੈਣੇ,ਪਰਸੋਂ ਨੂੰ ਆ ਜਾਊਂ, ਨੀ ਕੰਮ ਜ਼ਰੂਰੇ…..।ਕਿੱਥੇ ਬੰਨ੍ਹਾ ਨੀ ਨੀਲਾ ਘੋੜਾ ਭੈਣੇ, ਨੀ ਮੇਰੀਏ ਰਾਣੀਏਂ ਭੈਣੇ,ਕਿੱਥੇ ਟੰਗਾਂ ਨੀ ਤੀਰ ਕਮਾਣੇ….ਬਾਗੀਂ ਬੰਨ੍ਹ ਦੇ ਵੇ ਨੀਲਾ ਘੋੜਾ ਵੀਰਾ ਵੇ, ਵੇ ਮੇਰਿਆ ਹੰਸਿਆ ਵੀਰਾ,ਮਹਿਲੀਂ ਟੰਗ ਦੇ ਵੇ ਤੀਰ ਕਮਾਣੇ…..।ਲੰਮਾ ਵਿਹੜਾ ਨੀਂ ਮੰਜਾ ਡਾਹ ਲੈ ਭੈਣੇ, ਨੀ ਮੇਰੀਏ ਰਾਣੀਏ ਭੈਣੇ,ਗੱਲਾਂ ਕਰੀਏ ਨੀਂ ਭੈਣ ਭਰਾਏ….।ਨਿੱਕੇ ਹੁੰਦਿਆਂ ਦੇ ਵੇ ਮਾਪੇ ਮਰ ਗਏ ਵੀਰਾ ਵੇ, ਵੇ ਮੇਰਿਆ ਹੰਸਾ ਵੀਰਾ,ਗਲੀਏਂ ਰੁਲਦੇ ਵੇ ਰੰਗ ਮਜੀਠੇ…. 
ਇਹ ਲੰਮੀ ਜਿਹੀ ਹੇਕ ਵਾਲਾ ਗੌਣ ਗਾਉਣ ਵਾਲੀਆਂ ਦੀਆਂ ਅੱਖਾਂ ਵੀ ਹੰਝੂਹਾਰ ਕਰ ਦੇਂਦਾ ਤੇ ਕਿਸੇ ਸੁਣਦੇ ਦਾ ਵੀ ਮਨ ਭਰ-ਭਰ ਆਉਂਦਾ। ਅੱਜ ਬਹੁਤ ਕੁਝ ਬਦਲ ਗਿਆ ਹੈ, ਜੇ ਨਹੀਂ ਤਾਂ ਉਹ ਸੋਚ ਪੂਰੀ ਤਰ੍ਹਾਂ ਨਹੀਂ ਬਦਲੀ ਜੋ ਧੀ ਜਾਂ ਔਰਤ ਬਾਰੇ ਹੈ। ਬਹੁਤ ਪਹਿਲਾਂ ਵੀ ਜੰਮਦੀਆਂ ਧੀਆਂ ਨੂੰ ਗਲਾ ਘੁੱਟ ਕੇ ਮਾਰ ਦਿੱਤਾ ਜਾਂਦਾ ਸੀ ਜਾਂ ਅੱਕ ਦਾ ਦੁੱਧ ਜਾਂ ਅਫ਼ੀਮ ਦੇ ਦਿੱਤੀ ਜਾਂਦੀ ਸੀ ਤੇ ਕੱਚੇ ਘਰਾਂ ਵਿਚ ਅੰਦਰ ਹੀ ਦੱਬ ਦਿੱਤੀਆਂ ਜਾਂਦੀਆਂ ਸਨ। ਫਰਕ ਐਨਾ ਕੁ ਵੀ ਸੀ ਕਿ ਕਿਸੇ ਨੂੰ ਕਾਨੂੰਨ ਦਾ ਡਰ ਨਹੀਂ ਸੀ। ਇਹ ਆਮ ਵਰਤਾਰਾ ਸੀ। ਅੱਜ ਕਾਨੂੰਨ ਦਾ ਡਰ ਤਾਂ ਹੈ ਪਰ ਧੀਆਂ ਅਣਜੰਮੀਆਂ ਹੀ ਮਾਰੀਆਂ ਜਾ ਰਹੀਆਂ ਹਨ ਜਾਂ ਜੰਮ ਕੇ ਉਜਾੜਾਂ ’ਚ ਸੁੱਟ ਦਿੱਤੀਆਂ ਜਾਂਦੀਆਂ ਸਨ। ਕੰਮਕਾਰਾਂ ਵਿਚ ਵਿਗਿਆਨ ਨੇ ਜੋ ਸੁਖ ਦਿੱਤੇ ਨੇ ਉੱਥੇ ਅਣਜੰਮੀਆਂ ਧੀਆਂ ਨੂੰ ਖਾਣ ਵਾਲੀਆਂ, ਦੇਖਣ ਵਾਲੀਆਂ ਡਾਕਟਰੀ ਤਕਨੀਕਾਂ ਵੀ ਦਿੱਤੀਆਂ ਹਨ। ਧੀਆਂ ਲਈ ਵਿਗਿਆਨ ਨੇ ਸਮੇਂ ਨੂੰ ਪੁੱਠਾ ਗੇੜ ਦਿੱਤਾ ਹੈ। ਕੁੜੀਆਂ ਦੀ ਘੱਟ ਜਨਮ ਦਰ ਇਸ ਦਾ ਸ਼ਰਮਨਾਕ ਸਬੂਤ ਹੈ। ਉੱਪਰ ਲਿਖੇ ਲੋਕਗੀਤ ਵਿਚਲੇ ਬੋਲ ‘ਗੱਲਾਂ ਕਰੀਏ ਨੀਂ ਭੈਣ ਭਰਾਏ’ ਦੱਸਦੇ ਹਨ ਦੁੱਖ-ਸੁੱਖ ਭੈਣਾਂ ਨਾਲ ਹੀ ਕੀਤੇ ਜਾਂਦੇ ਹਨ।ਭਰੇ-ਭਕੁੰਨੇ ਘਰ ਹੁੰਦੇ ਸਨ। ਸੱਸ-ਸਹੁਰਾ, ਦਿਓਰ-ਦਰਾਣੀ, ਜੇਠ-ਜਠਾਣੀ ਤੇ ਨਣਦਾਂ ਸਮੇਤ ਪੰਦਰਾਂ-ਅਠ੍ਹਾਰਾਂ ਜੀਆਂ ਦਾ ਟੱਬਰ ਹੁੰਦਾ। ਭਾਵੇਂ ਘਰ-ਕਬੀਲਦਾਰੀ ਵਿਚ ਮਾੜਾ-ਮੋਟਾ ਖੜਕਾ-ਦੜਕਾ ਵੀ ਹੋ ਜਾਂਦਾ ਪਰ ਮਨਾਂ ਵਿਚ ਖੋਟ ਨਾ ਹੁੰਦੀ। ਘਰ ਦੇ ਕੰਮਾਂ-ਕਾਰਾਂ ਨੂੰ ਸਾਰੇ ਰਲ-ਮਿਲ ਕੇ ਕਰਦੇ ਪਰ ਕਦੇ-ਕਦੇ ਕੋਈ ਨਖ਼ਰੇ ਪੱਟੀ ਭਾਬੀ ਦਿਓਰ ਨੂੰ ਲੂਤੀ ਵੀ ਲਾਉਂਦੀ: ‘‘ਔਖਾ ਹੋਵੇਂਗਾ ਦਿਓਰਾ ਨਾਜੋ ਲਾਡਲੀ ਰੱਖੀ,ਮੱਥੇ ਪਾਵੇ ਤਿਊੜੀਆਂ, ਹੱਥ ਲਾਵੇ ਨਾ ਚੱਕੀ।’ ਅੱਗੋਂ ਦਰਾਣੀ ਵੀ ਸਿਰੇ ਦਾ ਸੁਣਾ ਦੇਂਦੀ:‘‘ਨੀਂ ਮੈਂ ਕੱਲ੍ਹ ਦੀ ਆਈਮੇਰੀ  ਪੀਂਹਦੀ ਐ ਜੁੱਤੀ। ’’ਇਹ ਵੀ ਵਰਨਣਯੋਗ ਹੈ ਕਿ ਨਵੀਂ-ਨਵੇਲੀ ਧੀ ਨੂੰ ਛੇਤੀ ਕੀਤਿਆਂ ਔਖੇ ਭਾਰੇ ਕੰਮ ਨਾ ਲਾਇਆ ਜਾਂਦਾ। ਅੱਜ ਚੱਕੀ ਦਾ ਯੁੱਗ ਤਾਂ ਨਹੀਂ ਹੈ ਪਰ ਇਹ ਸਾਡੇ ਵਿਰਸੇ ਦਾ ਸੁੰਦਰ ਅੰਗ ਹੈ। ਇਸ ਦਾ ਜ਼ਿਕਰ ਨਰਿੰਦਰ ਬੀਬਾ ਦੇ ਗਾਏ ਪ੍ਰਸਿੱਧ ਪੰਜਾਬੀ ਗੀਤ ਵਿਚ ਵੀ ਹੈ ਜੋ ਕਾਲਜੇ ਨੂੰ ਧੂਅ ਪਾਉਂਦਾ ਹੈ: :‘ਕਾਲਜੇ ’ਚੋਂ ਹੌਲ ਉੱਠਦੇ ਗੱਲਾਂ ਗੁੱਝੀਆਂ ਦਿਲਾਂ ’ਤੇ ਜਰੀਆਂ,ਥੰਮੀਆਂ ਦੇ ਗਲ ਲੱਗ ਕੇ ਰਾਤੀਂ  ਉੱਠ ਕੇ ਸਿਸਕੀਆਂ ਭਰੀਆਂ।ਪੱਥਰਾਂ ਨੇ ਪਾਏ ਕੀਰਨੇ ਵੱਡੇ ਤੜਕੇ ਚੱਕੀ ਜਦ ਝੋਵਾਂ,ਹੱਥੀਂ ਤੋਰੇ ਸੱਜਣਾਂ ਨੂੰ ਨਾਲੇ ਯਾਦ ਕਰਾਂ ਨਾਲੇ ਰੋਵਾਂ…. ਬੇਸ਼ੱਕ ਇਸ ਚੱਕੀ ਨੂੰ ਅੱਜ ਅਸੀਂ ਨਿਕੰਮੀ ਸਮਝ ਕੇ ਖੂੰਜੇ ਲਾਇਆ ਹੋਇਆ ਹੈ ਪਰ ਇਸ ਨੂੰ ਵਿਸਾਰਨਾ ਨਹੀਂ ਚਾਹੀਦਾ ਕਿਉਂਕਿ ਇਸ ਨਾਲ ਪੰਜਾਬੀ ਨਾਰੀ ਦੇ ਮਨ ਦੀਆਂ ਡੰੂਘੀਆਂ ਸਾਂਝਾਂ ਹਨ। ਇਹ ਚੱਕੀ ਪੁਆੜੇ ਦੀ ਜੜ੍ਹ ਵੀ ਹੋ ਨਿੱਬੜਦੀ ਸੀ, ਜਦੋਂ ਦਰਾਣੀ-ਜਠਾਣੀ ਨੂੰ ਕਹਿ ਦੇਂਦੀ ਕਿ ‘ਸਾਡੀ ਪੀਂਹਦੀ ਐ ਜੁੱਤੀ।’ ਕਦੇ ਇਹੋ  ਚੱਕੀ ਮੋਹ ਪਿਆਰ ਦਾ ਧੁਰਾ ਵੀ ਬਣ ਜਾਂਦੀ ਜਦੋਂ ਕੋਈ ਮੁਟਿਆਰ ਸੱਸ ਦੀ ਕੀਤੀ ਨਿਰਾਦਰੀ ’ਤੇ ਪਛਤਾਉਂਦੀ। ਕਿਸੇ ਸਿਖਾਂਦਰੂ ਨੂੰਹ ਤੋਂ ਜਦੋਂ ਭਾਰੀ ਪੁੜਾਂ ਵਾਲੀ ਚੱਕੀ ਦਾ ਪੁੜ ਇਕੱਲੀ ਤੋਂ ਨਾ ਹਿੱਲਦਾ ਤਾਂ ਉਹ ਸੱਸ ਨਾਲ ਵਿਗਾੜਨ ਵਾਲੀ ਆਪਣੀ ਭੁੱਲ ’ਤੇ ਝੂਰਦੀ ਹੋਈ ਕਹਿੰਦੀ:‘‘ਜੇ ਮੈਂ ਜਾਣਦੀ ਚੱਕੀ ਦਾ ਪੁੜ  ਭਾਰੀ,ਸੱਸ ਨਾਲ ਪ੍ਰੀਤ ਰੱਖਦੀ।’’
-ਪਰਮਜੀਤ ਕੌਰ ਸਰਹਿੰਦ
www.facebook.com/sanumaanpunjabihonda2




Post Comment


ਗੁਰਸ਼ਾਮ ਸਿੰਘ ਚੀਮਾਂ