ਤੁਸੀਂ ਚਿੱਠੀਆਂ ਪਾਉਣੀਆਂ ਭੁੱਲਗੇ,
ਜਦੋਂ ਦਾ ਟੈਲੀਫੋਨ ਲੱਗਿਆ।
ਕਈ ਵਰ੍ਹੇ ਪਹਿਲਾਂ ਉੱਘੇ ਗੀਤਕਾਰ ‘ਮਾਨ ਮਰਾੜ੍ਹਾਂ’ ਦੀ ਕਲਮੋਂ ਉਪਜੇ ਉਪਰੋਕਤ ਗੀਤ ਦੇ ਬੋਲ ਆਖਰ ਸੱਚ ਹੋ ਨਿੱਬੜੇ। ਇਸ ਕਥਨ ਵਿੱਚ ਉੱਕਾ ਸੰਦੇਹ ਨਹੀਂ ਕਿ ਜਿਉਂ-ਜਿਉਂ ਸਮਾਜ ਦਾ ਆਧੁਨਿਕੀਕਰਨ ਹੁੰਦਾ ਗਿਆ, ਤਿਉਂ-ਤਿਉਂ ਅਸੀਂ ਆਪਣੇ ਵਿਰਸੇ, ਸੱਭਿਆਚਾਰ ਅਤੇ ਲੋਕ-ਕਲਾਵਾਂ ਨਾਲੋਂ ਟੁੱਟਦੇ ਗਏ। ਪੱਛਮੀ ਸੱਭਿਅਤਾ ਦੇ ਅਚੰਭਿਤ ਕਰ ਦੇਣ ਵਾਲੇ ਸਾਧਨਾਂ ਨੇ ਪੇਂਡੂ ਜੀਵਨ ਨੂੰ ਵੀ ਆਪਣੀ ਜਕੜ ਵਿੱਚ ਲੈ ਲਿਆ ਹੈ। ਪੱਛਮੀ ਸੱਭਿਅਤਾ ਨੇ ਸਮੁੱਚੇ ਭਾਰਤੀ ਸੱਭਿਆਚਾਰ ’ਤੇ ਡੂੰਘਾ ਪ੍ਰਭਾਵ ਪਾਇਆ ਹੈ। ਪੇਂਡੂ ਲੋਕਾਂ ਦੇ ਪਹਿਰਾਵੇ, ਰਹਿਣ-ਸਹਿਣ, ਆਵਾਜਾਈ ਦੇ ਸਾਧਨ, ਸੰਚਾਰ ਦੇ ਸਾਧਨ ਅਤੇ ਖਾਣ-ਪੀਣ ਵਿੱਚ ਇਸੇ ਪ੍ਰਭਾਵ ਅਧੀਨ ਤਬਦੀਲੀ ਆਈ। ਬਿਨਾਂ ਸ਼ੱਕ ਅਜਿਹੀਆਂ ਤਬਦੀਲੀਆਂ ਨੇ ਮਨੁੱਖੀ ਜੀਵਨ ਨੂੰ ਸੁਖਦਾਈ ਅਤੇ ਰੌਚਿਕ ਬਣਾਇਆ ਪਰ ਨਵੀਂ ਪੀੜ੍ਹੀ ਦਾ ਵਿਰਸੇ, ਸੱਭਿਆਚਾਰ ਅਤੇ ਜੀਵਨ ਦੀਆਂ ਕਦਰਾਂ-ਕੀਮਤਾਂ ਵੱਲੋਂ ਮੂੰਹ ਮੋੜ ਲੈਣਾ ਵੀ ਇਨ੍ਹਾਂ ਤਬਦੀਲੀਆਂ ਦੀ ਹੀ ਦੇਣ ਹੈ। ਪੱਛਮੀ ਪ੍ਰਭਾਵ ਸਦਕਾ ਜਿਸ ਤਰ੍ਹਾਂ ਖੱਦਰ ਦੀ ਥਾਂ ਜੀਨਸ ਨੇ ਲੈ ਲਈ, ਕੱਚਿਆਂ ਕੋਠਿਆਂ ਦੀ ਥਾਂ ਦੋ-ਦੋ ਮੰਜ਼ਿਲੀਆਂ ਕੋਠੀਆਂ ਨੇ ਅਤੇ ਗੱਡਿਆਂ ਦੀ ਥਾਂ ਆਰਾਮਦੇਹ ਗੱਡੀਆਂ ਨੇ, ਬਿਲਕੁਲ ਉਸੇ ਤਰ੍ਹਾਂ ਕਿਸੇ ਸਮੇਂ ਸੰਚਾਰ ਦਾ ਪ੍ਰਮੁੱਖ ਸਾਧਨ ਰਹੀਆਂ ਚਿੱਠੀਆਂ ਦੀ ਥਾਂ ਮੋਬਾਈਲ ਫੋਨਾਂ ਨੇ ਆ ਮੱਲੀ ਹੈ।
ਇਹ ਕੋਈ ਸਦੀਆਂ ਪੁਰਾਣੀ ਗੱਲ ਨਹੀਂ, ਜਦੋਂ ਦੂਰ-ਦੁਰਾਡੇ ਬੈਠੇ ਸਕੇ-ਸਬੰਧੀਆਂ ਨੂੰ ਕੋਈ ਵੀ ਸੁਨੇਹਾ ਚਿੱਠੀਆਂ ਰਾਹੀਂ ਪੁੱਜਦਾ ਕੀਤਾ ਜਾਂਦਾ ਸੀ। ਭਾਵੇਂ ਚਿੱਠੀ ਪੱਤਰ ਰਾਹੀਂ ਸੁਨੇਹਾ ਪਹੁੰਚਾਉਣ ’ਚ ਕਾਫ਼ੀ ਸਮਾਂ ਲੱਗ ਜਾਂਦਾ ਪਰ ਉਨ੍ਹਾਂ ਸਮਿਆਂ ’ਚ ਚਿੱਠੀਆਂ ਦੀ ਇੱਕ ਵੱਖਰੀ ਅਹਿਮੀਅਤ ਸੀ (ਸ਼ਾਇਦ ਇਸ ਦਾ ਕਾਰਨ ਨਵੇਂ ਤਕਨਾਲੋਜੀ-ਯੁਕਤ ਸਾਧਨਾਂ ਦਾ ਨਾ ਉਪਲਬਧ ਹੋਣਾ ਵੀ ਸੀ)। ਮੇਰੇ ਖਿਆਲ ਵਿੱਚ ਚਿੱਠੀ ਪੱਤਰ ਵਰਗੇ ਸੰਚਾਰ ਮਾਧਿਅਮ ਦੇ ਤਿੰਨ ਵੱਡੇ ਫਾਇਦੇ ਸਨ-ਪਹਿਲਾ, ਲੋਕਾਂ ਦਾ ਭਾਸ਼ਾ ਨਾਲ ਜੁੜੇ ਹੋਣਾ ਅਤੇ ਇਸ ਪ੍ਰਤੀ ਸੁਹਿਰਦ ਰਹਿਣਾ। ਦੂਜਾ ਫਾਇਦਾ ਇਹ ਕਿ ਚਿੱਠੀ ਵਿੱਚ ਉਹ ਗੱਲ ਵੀ ਕਹੀ/ਲਿਖੀ ਜਾ ਸਕਦੀ ਸੀ ਜਿਹੜੀ ਸ਼ਾਇਦ ਟੈਲੀਫੋਨ ਜਾਂ ਮੋਬਾਈਲ ਫੋਨ ਰਾਹੀਂ ਸੰਭਵ ਨਹੀਂ ਹੋ ਸਕਦੀ। ਤੀਜਾ ਫਾਇਦਾ ਇਹ ਕਿ ਕੁਝ ਖਾਸ ਕਿਸਮ ਦੇ ਸੁਨੇਹਿਆਂ ਨੂੰ ਚਿੱਠੀਆਂ ਦੇ ਰੂਪ ’ਚ ਸਾਂਭਿਆ ਜਾ ਸਕਦਾ ਸੀ।
ਪਹਿਲੇ ਫਾਇਦੇ ਬਾਰੇ ਵਿਚਾਰੀਏ ਤਾਂ ਇਹ ਗੱਲ ਨਿੱਤਰ ਕੇ ਸਾਹਮਣੇ ਆਉਂਦੀ ਹੈ ਕਿ ਅੱਜ-ਕੱਲ੍ਹ ਦੇ ਮੁਕਾਬਲੇ ਚਿੱਠੀਆਂ ਦੇ ਵੇਲਿਆਂ ’ਚ ਲੋਕ ਸ਼ਾਬਦਿਕ ਦੁਨੀਆਂ ’ਚ ਜ਼ਿਆਦਾ ਵਿਚਰਦੇ ਸਨ। ਉਨ੍ਹਾਂ ਨੂੰ ਭਾਸ਼ਾ ਵਿੱਚ ਅੱਜ ਦੇ ਮੁਕਾਬਲੇ ਜ਼ਿਆਦਾ ਮੁਹਾਰਤ ਹਾਸਲ ਸੀ। ਸ਼ਬਦ ਉਨ੍ਹਾਂ ਦੇ ਪੋਟਿਆਂ ’ਤੇ ਖੇਡਦੇ। ਲਿਖਣ ਵੇਲੇ ਕੋਈ ਔਖ ਨਾ ਹੁੰਦੀ। ਸੰਬੋਧਤ ਹੋਣ ਤੋਂ ਲੈ ਕੇ ਵਿਦਾ ਲੈਣ ਤਕ ਚਿੱਠੀ ਦੇ ਅੱਖਰਾਂ ’ਚੋਂ ਪਿਆਰ ਅਤੇ ਅਦਬ ਝਲਕਦਾ ਰਹਿੰਦਾ ਸੀ।
ਦੂਜੇ ਫਾਇਦੇ ਦੇ ਅਰਥ ਵੀ ਸਾਫ਼ ਤੇ ਸਪਸ਼ਟ ਹਨ। ਇਹ ਕਿਸੇ ਪ੍ਰੇਮੀ-ਪ੍ਰੇਮਿਕਾ ਜਾਂ ਸੱਜ ਵਿਆਹੀ ਮੁਟਿਆਰ ਵੱਲ ਇਸ਼ਾਰਾ ਕਰਦੇ ਹਨ। ਮੋਬਾਈਲ ਫੋਨਾਂ ਦੇ ਮੁਕਾਬਲੇ ਚਿੱਠੀਆਂ ਰਾਹੀਂ ਮਨ ਦੇ ਭਾਵ ਵਿਅਕਤ ਕਰਨੇ ਕਾਫ਼ੀ ਆਸਾਨ ਮਹਿਸੂਸ ਹੁੰਦੇ ਸਨ। ਮੁਹੱਬਤ ਦੇ ਖੁੱਲ੍ਹ ਕੇ ਇਜ਼ਹਾਰ ਕਰਨ ਨੂੰ ਵੀ ਸ਼ਬਦ ਆਪਣੇ-ਆਪ ’ਚ ਸਮੋਣਾ ਭਲੀ-ਭਾਂਤ ਜਾਣਦੇ ਸਨ।
ਤੀਜੇ ਫਾਇਦੇ ਬਾਰੇ ਜੇ ਇਹ ਕਹਿ ਲਿਆ ਜਾਵੇ ਕਿ ਸਾਂਭੀਆਂ ਹੋਈਆਂ ‘ਖਾਸ’ ਚਿੱਠੀਆਂ ਸਮਾਂ ਪਾ ਕੇ ਇਤਿਹਾਸਕ ਦਸਤਾਵੇਜ਼ ਬਣ ਜਾਂਦੀਆਂ ਸਨ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ‘ਇਤਿਹਾਸਕ ਦਸਤਾਵੇਜ਼ ਬਣਨ’ ਤੋਂ ਭਾਵ ਆਪਣੇ ਆਪ ’ਚ ਚਿੱਠੀਆਂ ਦਾ ਚਿਰ-ਸਥਾਈ ਦਸਤਾਵੇਜ਼ ਬਣਨ ਤੋਂ ਹੈ ਜਿਵੇਂ ਮਹਾਨ ਲੋਕਾਂ ਦੀਆਂ ਚਿੱਠੀਆਂ ਦੀਆਂ ਛਪੀਆਂ ਹੋਈਆਂ ਕਿਤਾਬਾਂ।
ਏਥੇ, ਚਿੱਠੀਆਂ ਸਬੰਧੀ ਇਕ ਹੋਰ ਰੋਚਕ ਤੱਥ ਯਾਦ ਆ ਰਿਹਾ ਹੈ। ਖਾਸ ਕਰ ਪੇਂਡੂ ਧਰਾਤਲ ’ਤੇ ਵਿਚਰਨ ਵਾਲੇ ਸਾਧਾਰਨ ਲੋਕਾਂ ਨੇ ਆਪਣੀ ਸਮਝ-ਸਮਰੱਥਾ ਮੂਜਬ ਚਿੱਠੀਆਂ ਦੀਆਂ ਨਿਸ਼ਾਨੀਆਂ ਮਿਥੀਆਂ ਹੁੰਦੀਆਂ ਸਨ (ਭਾਵ ਚਿੱਠੀ ਖੋਲ੍ਹਣ ਤੋਂ ਪਹਿਲਾਂ ਬਾਹਰੋਂ ਵੇਖ ਕੇ ਹੀ ਅਨੁਮਾਨ ਲਾ ਲਿਆ ਜਾਂਦਾ ਕਿ ਅੰਦਰ ਕਿਸ ਤਰ੍ਹਾਂ ਦਾ ਸੁਨੇਹਾ ਹੋਏਗਾ) ਜਿਵੇਂ, ਚਿੱਠੀ ਦੇ ਬਾਹਰ ਹਲਦੀ ਦਾ ਲਾਇਆ ਨਿਸ਼ਾਨ ਸ਼ੁਭ ਸੁਨੇਹੇ ਦਾ ਚਿੰਨ੍ਹ ਮੰਨਿਆ ਜਾਂਦਾ। ਮਤਲਬ ਜਾਂ ਤਾਂ ਕਿਸੇ ਰਿਸ਼ਤੇਦਾਰ ਦਾ ਧੀ-ਪੁੱਤ ਸਾਹੇ ਬੱਧਾ ਹੈ ਜਾਂ ਫਿਰ ਕਿਸੇ ਘਰ ਰੱਬ ਨੇ ਪੁੱਤ ਦੀ ਦਾਤ ਬਖਸ਼ੀ ਹੈ। ਏਵੇਂ ਹੀ ਪਾਟੀ