ਮਾਘ-ਫੱਗਣ ਦੀ ਰੁੱਤ ਪੰਜਾਬੀ ਰੁੱਤ-ਚੱਕਰ ਵਿਚ ਬਸੰਤ ਰੁੱਤ ਅਖਵਾਉਂਦੀ ਹੈ, ਭਾਵੇਂ ਕਿ ਬਸੰਤ-ਰੁੱਤ ਦਾ ਪਹਿਲਾ ਦਿਨ ਬਸੰਤ-ਪੰਚਮੀ ਦਾ ਦਿਨ ਮੰਨਿਆ ਜਾਂਦੈ | ਇਸ ਰੁੱਤ ਨੂੰ ਪੰਜਾਬ ਦੀ ਸਭ ਤੋਂ ਮਿੱਠੀ ਤੇ ਸੁਹਾਵਣੀ ਰੁੱਤ ਕਿਹਾ ਜਾਂਦੈ, 'ਰਿਤੂ-ਰਾਜ' ਕਰਕੇ ਜਾਣਿਆ ਜਾਂਦੈ | ਖੇਤਾਂ ਵਿਚ ਇਸ ਮੌਸਮ ਵਿਚ ਦੂਰ-ਦੂਰ ਤੱਕ ਹਰਿਆਵਲ ਅਤੇ ਸੋਨੇ ਰੰਗੀ ਸਰ੍ਹੋਂ ਅਲੌਕਿਕ ਨਜ਼ਾਰਾ ਸਿਰਜ ਰਹੀ ਹੁੰਦੀ ਹੈ | ਕਿਤੇ-ਕਿਤੇ ਅਲਸੀ ਦੇ ਨੀਲੇ-ਨੀਲੇ ਫੁੱਲ ਆਪਣੀ ਹਾਜ਼ਰੀ ਲੁਆ ਰਹੇ ਹੁੰਦੇ ਹਨ | ਓਧਰੋਂ ਅੰਬਾਂ ਨੂੰ ਬੂਰ ਪੈਣ ਲੱਗਦੈ | ਸਰਦੀਆਂ ਦੇ ਨਿਕਲਣ ਨਾਲ ਕੋਇਲ ਵੀ ਆਪਣਾ ਸੰਗੀਤ ਸੁਨਾਣ ਲੱਗਦੀ ਹੈ | ਸਰ੍ਹੋਂ ਦੇ ਖੇਤਾਂ ਦੁਆਲੇ ਬੰਨਿਆਂ ਉੱਤੇ ਜਾਂ ਆਡਾਂ ਵਿਚ ਘੁੱਗੀਆਂ ਵੀ ਘੂੰ-ਘੂੰ ਕਰਨ ਲੱਗਦੀਆਂ ਹਨ |
ਅੱਜ ਦੇ ਯੁਗ ਵਿਚ ਮਨੁੱਖ ਭਾਵੇਂ ਕੁਦਰਤ ਤੋਂ ਦੂਰ ਹੋਈ ਜਾ ਰਿਹੈ, ਪਰ ਬੁਨਿਆਦੀ ਤੌਰ 'ਤੇ ਪੰਜਾਬੀ ਕੁਦਰਤ ਦੇ ਅੰਗ-ਸੰਗ ਰਹਿਣ ਵਾਲੇ ਲੋਕ ਹਨ | ਉਹ ਵੀ ਕੁਦਰਤ ਦੇ ਰੰਗਾਂ ਵਿਚ ਘੁਲ-ਮਿਲ ਜਾਣਾ ਲੋਚਦੇ ਹਨ | ਬਸੰਤ ਪੰਚਮੀ ਦੇ ਦਿਹਾੜੇ 'ਤੇ ਪੰਜਾਬੀਏ ਖੇਤਾਂ ਵਿਚ ਪਸਰੇ ਪੀਲੇ ਰੰਗ ਦੇ ਨਾਲ ਰਲ-ਮਿਲ ਜਾਣ ਲਈ.....
ਸਿਰਾਂ 'ਤੇ ਬਸੰਤੀ-ਚੀਰੇ ਸਜਾ ਲੈਂਦੇ ਹਨ ਤੇ ਪੰਜਾਬਣਾਂ ਪੀਲੀਆਂ ਚੁੰਨੀਆਂ | ਪੰਜਾਬ ਵਿਚ ਬਸੰਤ-ਪੰਚਮੀ 'ਤੇ ਵਿਸ਼ੇਸ਼ ਤੌਰ 'ਤੇ ਛੇਹਰਟਾ ਸਾਹਿਬ ਵਿਖੇ ਅਤੇ ਦੂਖ-ਨਿਵਾਰਨ ਸਾਹਿਬ ਪਟਿਆਲਾ ਵਿਖੇ ਮੇਲੇ ਲੱਗਦੇ ਹਨ |
ਬਸੰਤ-ਪੰਚਮੀ ਮੌਕੇ ਭਾਰਤ ਦੇ ਕੁਝ ਹਿੱਸਿਆਂ ਵਿਚ ਕਾਮ-ਦੇਵ ਦੀ ਪੂਜਾ ਕੀਤੀ ਜਾਂਦੀ ਸੀ | ਕਹਿੰਦੇ ਹਨ ਕਾਮ-ਦੇਵ ਕੋਲ ਪੰਜ ਕਾਮ-ਬਾਣ ਹੁੰਦੇ ਹਨ | ਇਨ੍ਹਾਂ ਕਾਮ-ਬਾਣਾਂ ਨੂੰ ਕਾਮ-ਦੇਵ ਦੇ ਫੁੱਲ ਵੀ ਕਿਹਾ ਜਾਂਦਾ ਹੈ | ਫੁੱਲ ਵੈਸੇ ਵੀ ਕਈ ਅਹਿਸਾਸਾਂ ਦਾ ਮੁਜੱਸਮਾ ਹੈ | ਕਾਦਰ ਦੀ ਕੁਦਰਤ ਦਾ ਸਿਖਰ ਹੈ | ਇਸਦੀ ਕੋਮਲਤਾ, ਇਸਦਾ ਰੰਗ-ਰੂਪ, ਸ਼ਕਲ-ਸੂਰਤ, ਖੁਸ਼ਬੂ ਆਦਿ ਮਨੁੱਖ ਦੇ ਸੁਹਜ ਅਤੇ ਸੁਹੱਣਪ ਦੇ ਕਦਰਦਾਨ ਹੋਣ ਦਾ ਸਬੂਤ ਹੈ | ਪੁਰਾਣੇ ਸਮੇਂ ਤੋਂ ਪੁਰਾਤਨ ਭਾਰਤ ਵਿਚ ਫੁੱਲਾਂ ਦੀ ਸੌਗਾਤ ਦੇਣ ਪਿੱਛੇ ਵੀ ਕਾਮ-ਬਾਣ ਵਾਲੀ ਕਾਮਨਾ ਕੰਮ ਕਰ ਰਹੀ ਹੁੰਦੀ ਹੈ, ਕਿਉਂਕਿ ਫੁੱਲਾਂ ਦੀ ਸੌਗਾਤ ਨੌਜਵਾਨਾਂ ਵੱਲੋਂ ਹੀ ਪਿਆਰ ਪ੍ਰਗਟ ਕਰਨ ਲਈ ਦਿੱਤੀ ਜਾਂਦੀ ਹੈ | ਵੈਸੇ ਵੀ ਇਸ ਮੌਸਮ ਵਿਚ ਫੁੱਲਾਂ 'ਤੇ ਬਹਾਰ ਆਉਣ ਲੱਗਦੀ ਹੈ | ਗੁਲਾਬ, ਗੇਂਦਾ ਆਦਿ ਭਰ ਜੋਬਨ 'ਤੇ ਹੁੰਦਾ ਹੈ | ਧਨੀ ਰਾਮ ਚਾਤਿ੍ਕ ਬਸੰਤ ਰੁੱਤ ਨੂੰ ਮੁਖਾਤਬ ਹੁੰਦਿਆਂ ਠੀਕ ਹੀ ਲਿਖਦਾ ਹੈ:
ਨੀ ਕਪਾਹੀ ਦੁਪੱਟੜੇ ਵਾਲੀਏ ਨੀਂ
ਕਾਮਨਹਾਰੀਏ ਕਾਮ ਦੀਏ ਕੁੰਨੀਏ ਨੀਂ
ਟਾਹਣੀ ਵਾਂਗ ਫੁੱਲਾਂ ਨਾਲ ਲੱਦੀਏ ਨੀਂ
ਮਹਿਕਾਂ ਭਰੀ ਫੁਲੇਲ ਵਿਚ ਗੁੰਨੀਏਾ ਨੀਂ
ਇਹ ਮੌਸਮ ਸਭ ਪਾਸੇ ਖਿੜੀਆਂ ਬਹਾਰਾਂ ਦਾ ਹੁੰਦਾ ਹੈ, ਖਿਲਰੀਆਂ ਪਈ ਖੁਸ਼ਬੂਈਆਂ ਦਾ ਹੁੰਦਾ ਹੈ | ਪਸ਼ੂ-ਪੰਛੀ, ਫੁੱਲ-ਬੂਟੇ ਸਰਦੀਆਂ ਦੇ ਸੂਤਕ ਵਿਚੋਂ ਬਾਹਰ ਆਉਂਦੇ ਹਨ | ਮਰਦ-ਔਰਤਾਂ ਵੀ ਟਹਿਕਣ-ਮਹਿਕਣ ਲੱਗਦੇ ਹਨ | ਨਵਾਂ ਖ਼ੂਨ ਚੱਲਦਾ ਹੈ |
ਸੱਜਰੇ ਸ਼ਿਗੂਫ਼ੇ ਪੁੰਗਰੇ,
ਕਲੀਆਂ ਦੇ ਮੁਖੜੇ ਧੁਲ ਗਏ
ਆਈਆਂ ਚਮਨ ਵਿਚ ਬਰਕਤਾਂ,
ਮਹਿਲਾਂ ਦੇ ਦਫ਼ਤਰ ਖੁੱਲ੍ਹ ਗਏ
ਨਿਕਲੀ ਬਸੰਤ ਵੇਸ ਕਰ,
ਫੁੱਲਾਂ ਦੀ ਖਾਰੀ ਸਿਰ ਧਰ
ਖਿੜਕੀ 'ਤੇ ਹੱਸ ਹੱਸ ਗਾਉਂਦੀ,
ਨੱਚਦੀ ਤੇ ਪੈਲਾਂ ਪਾਉਂਦੀ
ਆਸਮਾਨ ਵਿਚ ਨਾ ਤਾਂ ਬੱਦਲਾਂ ਦੀ ਹਾਜ਼ਰੀ ਹੁੰਦੀ ਹੈ ਤੇ ਨਾ ਹੀ ਹਵਾ ਅਠਖੇਲੀਆਂ ਕਰਦੀ ਏ, ਇਸ ਲਈ ਇਹ ਪਤੰਗਬਾਜ਼ੀ ਲਈ ਵੀ ਬੜਾ ਸੋਹਣਾ ਮੌਸਮ ਹੁੰਦੈ | ਬਸੰਤ-ਪੰਚਮੀ ਇਸ ਸ਼ੌਾਕ ਦਾ ਸਿਖਰ ਹੋ ਨਿਬੜਦੈ | ਇਸ ਦਿਨ ਭਾਰਤ ਵਿਚ ਹੀ ਨਹੀਂ ਪਾਕਿਸਤਾਨ ਵਿਚ ਵੀ ਪਤੰਗਬਾਜ਼ੀ ਦੇ ਮੁਕਾਬਲੇ ਬੜੇ ਜ਼ੋਸ਼ੋ-ਖਰੋਸ਼ ਨਾਲ ਕੀਤੇ-ਕਰਾਏ ਜਾਂਦੇ ਹਨ |
ਅਸਲੀਅਤ ਤਾਂ ਇਹ ਹੈ ਕਿ ਸਿਆਲ ਦੀ ਰੁੱਤ ਪੰਜਾਬੀਆਂ ਨੂੰ ਬਹੁਤੀ ਰਾਸ ਨਹੀਂ ਆਉਂਦੀ | ਉਨ੍ਹਾਂ ਦੀਆਂ ਸਾਰੀਆਂ ਸਰਗਰਮੀਆਂ ਮੱਠੀਆਂ ਪੈ ਜਾਂਦੀਆਂ ਹਨ | ਖੇਤੀ ਦੇ ਕਾਰੋਬਾਰ ਰੁਕ ਜਾਂਦੇ ਹਨ | ਸਿਆਲ ਦੀ ਠੰਢ, ਕੱਕਰ, ਕੋਰਾ, ਧੁੰਦ ਆਦਿ ਮੁਸੀਬਤ ਬਣ ਜਾਂਦੇ ਹਨ | ਆਲਾ-ਦੁਆਲਾ ਨਿਰ-ਉਤਸ਼ਾਹਤ ਹੋ ਜਾਂਦੈ | ਰੁੱਖਾਂ ਦੀਆਂ ਨੰਗੀਆਂ-ਬੁੱਚੀਆਂ ਟਾਹਣੀਆਂ ਉਦਾਸ ਮਾਹੌਲ ਸਿਰਜੀ ਰੱਖਦੀਆਂ ਹਨ | ਪਸ਼ੂ-ਪੰਛੀ ਵੀ ਗੰਦੇ-ਮੰਦੇ ਜਿਹੇ ਨਜ਼ਰ ਆਉਂਦੇ ਹਨ | ਖੇਤੀ ਦੇ ਕੰਮ-ਧੰਦੇ ਕਰਨੇ ਵੀ ਔਖੇ ਹੋ ਜਾਂਦੇ ਹਨ | ਇਹੀ ਵਜ੍ਹਾ ਹੈ ਕਿ ਬਸੰਤ-ਰੁੱਤ ਨੂੰ ਬੜੇ ਚਾਅ ਨਾਲ, ਖੁੱਲ੍ਹੀਆਂ ਬਾਹਾਂ ਨਾਲ ਉਡੀਕਿਆ ਜਾਂਦੈ | ਬਸੰਤ ਆਉਣ ਨਾਲ ਹਰ ਜੀਵੰਤ ਵਸਤੂ ਅੰਗੜਾਈਆਂ ਲੈਣ ਲੱਗਦੀ ਹੈ, ਪੌਣਾਂ ਮਹਿਕਾਂ ਛੱਡਣ ਲੱਗਦੀਆਂ ਹਨ, ਸ਼ਾਮ ਸੁਹਾਵਣੀ ਹੋਣ ਲੱਗਦੀ ਹੈ | ਪਾਲਾ ਉਡੰਤ ਭਾਵੇਂ ਨਾ ਹੀ ਹੋਵੇ, ਘਟੰਤ ਜ਼ਰੂਰ ਹੋ ਜਾਂਦੈ |
ਖੇਤਾਂ ਵਿਚ ਹਾੜ੍ਹੀ ਦੀ ਫ਼ਸਲ ਵੀ ਛਿਲੇ ਚੋਂ ਬਾਹਰ ਆਉਂਦੀ ਹੈ | ਸਰ੍ਹੋਂ ਦੇ ਪੀਲੇ ਅਤੇ ਅਲਸੀ ਦੇ ਨੀਲੇ ਫੁੱਲ ਮਨ ਨੂੰ ਨਸ਼ਿਆਉਂਦੇ ਹਨ | ਬਸੰਤ ਅਸਲ ਵਿਚ ਕਿਸੇ ਦਿਹਾੜੇ ਦਾ ਨਾਂਅ ਨਹੀਂ | ਇਹ ਤਾਂ 40 ਦਿਨ ਦੀ ਇਕ ਰੁੱਤ ਦਾ ਨਾਂਅ ਹੈ, ਜੋ ਬਸੰਤ-ਪੰਚਮੀ ਤੋਂ ਹੋਲੀ ਤੱਕ ਚੱਲਦੀ ਹੈ | ਇਹ ਅਰਸਾ ਮੌਜ-ਮਸਤੀ ਦਾ ਹੈ | ਇਹ ਰੁੱਤ ਚੇਤਨਾ, ਚਾਨਣ ਅਤੇ ਚਿੰਤਨ ਦੀ ਮੰਨੀ ਜਾਂਦੀ ਹੈ | ਕਈ ਰਾਜਾਂ ਵਿਚ ਬਸੰਤ ਪੰਚਮੀ ਦੇ ਦਿਨ ਸਰਸਵਤੀ ਦੀ ਪੂਜਾ ਕੀਤੀ ਜਾਂਦੀ ਹੈ, ਸਕੂਲਾਂ ਵਿਚ ਹੋਣਹਾਰ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਜਾਂਦੇ ਹਨ | ਬਸੰਤ ਰੁੱਤ ਵਿਚ ਰਾਗ ਹੰਡੋਲ ਅਤੇ ਰਾਗ ਬਸੰਤ ਗਾਏ ਜਾਂਦੇ ਹਨ | ਹਰਿਮੰਦਰ ਸਾਹਿਬ, ਅੰਮਿ੍ਤਸਰ ਵਿਖੇ ਵੀ ਰਾਗੀ ਸਿੰਘ ਬਸੰਤ ਰਾਗ ਵਿਚ ਕੀਰਤਨ ਕਰਦੇ ਹਨ ਅਤੇ ਹੋਲੀ ਦੀ ਰਾਤ ਤੱਕ ਅਜਿਹਾ ਸਿਲਸਿਲਾ ਜਾਰੀ ਰਹਿੰਦਾ ਹੈ |
ਜਿੱਥੇ ਦੁਨਿਆਵੀ ਲੋਕਾਂ ਲਈ ਇਹ ਸਰੀਰਕ ਤੌਰ 'ਤੇ ਮਿਲ ਬੈਠਣ ਤੇ ਇਕ-ਦੂਸਰੇ ਦੇ ਰੰਗ ਵਿਚ ਘੁਲਣ ਦੀ ਰੁੱਤ ਹੈ, ਅਧਿਆਤਮਿਕ ਪੱਖੋਂ ਵੀ ਇਹ ਮਿਲਾਪ ਦੀ ਰੁੱਤ ਹੈ | ਸ੍ਰੀ ਗੁਰੂ ਅਰਜਨ ਦੇਵ ਜੀ ਫ਼ਰਮਾਉਂਦੇ ਹਨ:
ਹਿਮਕਰ ਰੁਤਿ ਮਨਿ ਭਾਵਤੀ
ਮਾਘੁ ਫ਼ਗਣੁ ਗੁਣਵੰਤ ਜੀਉ¨
ਸਖੀ ਸਹੇਲੀ ਗਾਉ ਮੰਗਲੋ
ਗਿ੍ਹਿ ਆਏ ਹਰਿ ਕੰਤ ਜੀਉ¨
ਗਿ੍ਹਿ ਲਾਲ ਆਏ ਮਨਿ ਧਿਆਏ
ਸੇਜ ਸੁੰਦਰਿ ਸੋਹੀਆ¨
ਵਣੁ ਤਿ੍ਣੁ ਤਿ੍ਭਵਣ ਭਏ ਹਰਿਆ
ਦੇਖਿ ਦਰਸ਼ਨ ਮੋਹੀਆ¨
(ਰਾਮਕਲੀ ਮਹਲਾ 5, ਰੁਤੀ)
ਸਮਾਂ ਪਾ ਕੇ ਪੰਜਾਬੀਆਂ ਲਈ ਬਸੰਤ-ਰੁੱਤ ਦਾ ਸ਼ੁਰੂਆਤੀ ਤਿਉਹਾਰ ਸੂਰਬੀਰਤਾ ਨਾਲ ਜੁੜ ਗਿਆ ਹੈ | ਬਸੰਤ-ਪੰਚਮੀ ਦਾ ਦਿਨ ਵੀਰ ਹਕੀਕਤ ਰਾਏ ਦੀ ਸ਼ਹਾਦਤ ਨਾਲ ਵੀ ਸੰਬੰਧਤ ਹੈ ਅਤੇ ਬਾਬਾ ਰਾਮ ਸਿੰਘ ਜੀ (ਨਾਮਧਾਰੀ ਸੰਪਰਦਾਇ ਦੇ ਮੋਢੀ) ਦੇ ਜਨਮ-ਦਿਨ ਅਤੇ ਦੇਸ਼-ਨਿਕਾਲੇ ਨਾਲ ਵੀ | ਭਾਵੇਂ ਕਿ ਇਤਿਹਾਸ ਵਿਚ ਇਹ ਮੁਗ਼ਲ ਸਾਮਰਾਜ ਦੇ ਅੱਤਿਆਚਾਰ ਨਾਲ ਜੁੜਿਆ ਹੈ ਪਰ ਅਜੋਕੇ ਸਮਿਆਂ ਵਿਚ ਇਹ ਭਾਰਤ-ਪਾਕਿਸਤਾਨ ਦੀ ਆਪਸੀ ਸਭਿਆਚਾਰਕ ਸਾਂਝ ਦਾ ਵੀ ਪ੍ਰਤੀਕ ਹੈ | ਪਾਕਿਸਤਾਨੀ ਪੰਜਾਬ ਵਿਚ ਲਾਹੌਰ ਵਿਖੇ ਬਸੰਤ ਦਾ ਮੇਲਾ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ | ਇਸ ਮੌਕੇ 'ਤੇ ਮਾਧੋ ਲਾਲ ਹੁਸੈਨ ਦੀ ਸਮਾਧ 'ਤੇ ਖ਼ੂਬ ਪਤੰਗਾਂ ਚੜ੍ਹਾਈਆਂ ਜਾਂਦੀਆਂ ਹਨ | ਕਿਹਾ ਜਾਂਦੈ ਕਿ ਮਾਧੋ ਲਾਲ ਹੁਸੈਨ ਪਤੰਗਬਾਜ਼ੀ ਦਾ ਬੜਾ ਸ਼ੌਕੀਨ ਸੀ | ਉਂਜ ਐਸੇ ਮੌਕੇ ਵੀ ਆਏ ਹਨ ਜਦੋਂ ਪਾਕਿਸਤਾਨ ਵਿਚ ਤੰਗ-ਦਿਲ ਤੇ ਕੱਟੜ ਸਰਕਾਰਾਂ ਵੱਲੋਂ ਬਸੰਤ ਪੰਚਮੀ ਦੇ ਮੌਕੇ ਪਤੰਗਬਾਜ਼ੀ 'ਤੇ ਪਾਬੰਦੀਆਂ ਵੀ ਲਾਈਆਂ ਗਈਆਂ ਪਰ ਆਮ ਲੋਕਾਂ ਵੱਲੋਂ ਸਮੂਹਿਕ ਰੂਪ ਵਿਚ ਇਨ੍ਹਾਂ ਪਾਬੰਦੀਆਂ ਦੀ ਉਲੰਘਣਾ ਕੀਤੀ ਗਈ | ਕੱਟੜ-ਪੰਥੀਆਂ ਵੱਲੋਂ, ਮੁੱਲਾਂ ਅਤੇ ਕਾਜ਼ੀਆਂ ਵੱਲੋਂ ਇਹ ਵੀ ਕਿਹਾ ਜਾਂਦਾ ਰਿਹੈ ਕਿ ਬਸੰਤ ਪੰਚਮੀ ਹਿੰਦੂ-ਤਿਉਹਾਰ ਹੈ, ਇਸ ਲਈ ਮੁਸਲਮਾਨਾਂ ਵੱਲੋਂ ਇਹ ਤਿਉਹਾਰ ਇਸ ਕਦਰ ਉਤਸ਼ਾਹ ਨਾਲ ਮਨਾਉਣਾ ਉਚਿਤ ਨਹੀਂ, ਪਰ ਆਮ ਜਨਤਾ ਹਮੇਸ਼ਾ ਪਾਕ-ਦਿਲ ਅਤੇ ਸਾਫ਼-ਸਪੱਸ਼ਟ ਹੁੰਦੀ ਹੈ | ਆਮ ਜਨਤਾ ਇਹ ਸਮਝਦੀ ਹੈ ਕਿ ਇਹ ਤਿਉਹਾਰ ਯੁਗਾਂ-ਯੁਗਾਂ ਤੋਂ ਬਸੰਤ ਰੁੱਤ ਦੇ ਆਗਮਨ ਦੀ ਖੁਸ਼ੀ ਵਿਚ ਮਨਾਇਆ ਜਾਂਦੈ | ਇਹ ਬਸੰਤ ਰੁੱਤ ਦਾ ਸਵਾਗਤੀ ਤਿਉਹਾਰ ਹੈ | ਇਹ ਖੁਸ਼ੀਆਂ-ਖੇੜਿਆਂ ਨੂੰ ਕਲਾਵੇ ਵਿਚ ਭਰ ਲੈਣ ਦੀ ਚਾਹਨਾ ਹੈ | ਇਹ ਕੁਦਰਤ ਦੇ ਰੰਗਾਂ ਵਿਚ ਰੰਗੇ ਜਾਣ ਦਾ ਅਵਸਰ ਹੈ, ਇਹ ਚੁੰਗੀਆਂ ਭਰਦੀ ਰੂਹ ਦੇ ਉਡੂੰ-ਉਡੂੰ ਕਰਨ ਦੀ ਤਰਜਮਾਨੀ ਹੈ | ਇਹ ਫੁੱਲਾਂ ਦੇ ਖਿੜਣ ਅਤੇ ਰੂਹਾਂ ਦੇ ਮੌਲਣ ਦਾ ਤਿਉਹਾਰ ਹੈ ਅਤੇ ਇਸ ਸਭ ਕਾਸੇ ਦੇ ਸੰਬੰਧ ਵਿਚ ਦੋਵੇਂ ਪੰਜਾਬ ਇਕੋ ਜਿਹੇ ਹਨ | ਦੋਵੀਂ ਪਾਸੀਂ ਸਰ੍ਹੋਂ ਤੇ ਕਣਕਾਂ ਭਰ ਜੋਬਨ ਵਿਚ ਹੁੰਦੀਆਂ ਹਨ | ਦੋਵੀਂ ਪਾਸੀਂ 'ਰੁੱਤ ਫਿਰੀ ਵਣ ਕੰਬਿਆ' ਦਾ ਪ੍ਰਤਾਪ ਪ੍ਰਤੱਖ ਨਜ਼ਰੀਂ ਆਉਂਦਾ ਹੈ | ਦੋਵੀਂ ਪਾਸੀਂ ਹਵਾਵਾਂ ਸੁਗੰਧੀਆਂ ਬਖੇਰਦੀਆਂ ਹਨ | ਦੋਵੀਂ ਪਾਸੀਂ ਮਲਕਾ ਪੁਖਰਾਜ ਦਾ ਰਾਗ ਬਸੰਤ ਵਿਚ ਗਾਇਆ ਗੀਤ ਮਨ ਨੂੰ ਝੂਮਣ ਲਾ ਦਿੰਦੈ:
ਲੋ ਫਿਰ ਬਸੰਤ ਆਈ
ਡਾ: ਆਸਾ ਸਿੰਘ ਘੰੁਮਣ
-ਜੀ. ਟੀ. ਬੀ., ਨੈਸ਼ਨਲ ਕਾਲਜ, ਦਾਖਾ, ਲੁਧਿਆਣਾ |