ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Tuesday, February 19, 2013

ਭਾਰੀ ਧਾਤਾਂ ਨਾਲ ਸਿਹਤ ਨੂੰ ਹੋਣ ਵਾਲੇ ਨੁਕਸਾਨ


ਸਨਅਤਾਂ ਵਧਣ ਕਾਰਨ ਕੁਦਰਤੀ ਭੰਡਾਰਾਂ ਤੋਂ ਇਲਾਵਾ ਵੀ ਖਣਿਜ ਪਦਾਰਥਾਂ ਅਤੇ ਭਾਰੀ ਧਾਤਾਂ ਆਸਾਨੀ ਨਾਲ  ਉਪਲਬਧ ਹੋਣ ਲੱਗ ਪਈਆਂ ਹਨ। ਕਈ ਧਾਤਾਂ ਜਿਵੇਂ ਤਾਂਬਾ, ਨਿੱਕਲ, ਕ੍ਰੋਮੀਅਮ ਅਤੇ ਲੋਹਾ ਕੁਝ ਮਾਤਰਾ ਵਿੱਚ ਸਾਡੇ ਸਰੀਰ ਲਈ ਜ਼ਰੂਰੀ ਹਨ। ਇਨ੍ਹਾਂ ਨੂੰ ਟਰੇਸ ਐਲੀਮੈਂਟਸ ਕਿਹਾ ਜਾਂਦਾ ਹੈ। ਤਕਰੀਬਨ 60 ਭਾਰੀ ਧਾਤਾਂ ਅਜਿਹੀਆਂ ਹਨ ਜੋ ਬਹੁਤ ਕੀਮਤੀ ਹੁੰਦੀਆਂ ਹਨ ਜਿਵੇਂ ਪਲੈਟੀਨਮ, ਸੋਨਾ ਅਤੇ ਚਾਂਦੀ ਪਰ ਕੁਝ ਧਾਤਾਂ ਜਿਵੇਂ ਸਿੱਕਾ, ਕੈਡਮੀਅਮ, ਪਾਰਾ ਅਤੇ ਆਰਸੈਨਿਕ ਦਾ ਪੱਧਰ ਵੱਧ ਹੋਣ ’ਤੇ ਇਨ੍ਹਾਂ ਤੋਂ ਮਨੁੱਖੀ ਸਿਹਤ ਨੂੰ ਹੋਣ ਵਾਲੇ ਖ਼ਤਰੇ ਤੋਂ ਅਸੀਂ ਸਾਰੇ ਭਲੀ-ਭਾਂਤ ਜਾਣੂੰ ਹਾਂ।  ਪਾਰਾ, ਸਿੱਕਾ, ਕੈਡਮੀਅਮ ਅਤੇ ਆਰਸੈਨਿਕ ਗਰਭ ਅੰਦਰ ਬੱਚੇ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਧਾਤਾਂ ਹਨ। ਅਲਪ ਮਾਤਰਾ ਵਿੱਚ ਕੁਝ ਭਾਰੀ ਧਾਤਾਂ ਅਤੇ ਖਣਿਜ ਮਨੁੱਖੀ ਸਰੀਰ ਲਈ ਜ਼ਰੂਰੀ ਹਨ ਪਰ ਇਨ੍ਹਾਂ ਦੇ ਵਧੇ ਹੋਏ ਲੈਵਲ ਸਿਹਤ ਲਈ ਹਾਨੀਕਾਰਕ ਹਨ। ਇਹ ਸਾਡੇ ਵਾਤਾਵਰਨ, ਹਵਾ, ਮਿੱਟੀ ਅਤੇ ਪਾਣੀ ਤੋਂ ਸਰੀਰ ਅੰਦਰ ਦਾਖ਼ਲ ਹੁੰਦੇ ਹਨ। ਕੁਝ ਭੂਗੋਲਿਕ ਖੇਤਰਾਂ ਵਿੱਚ ਇਨ੍ਹਾਂ ਦੇ ਵੱਧ ਲੈਵਲ ਪਾਏ ਜਾਂਦੇ ਹਨ ਤੇ ਉਨ੍ਹਾਂ ਥਾਵਾਂ ’ਤੇ ਸਬੰਧਤ ਰੋਗਾਂ ਦਾ ਪ੍ਰਕੋਪ ਵੀ ਹੁੰਦਾ ਹੈ। ਵੱਖ-ਵੱਖ ਧਾਤਾਂ ਕਾਰਨ ਮਨੁੱਖੀ ਸਿਹਤ ਨੂੰ ਹੇਠ ਲਿਖੇ ਨੁਕਸਾਨ ਪੁੱਜ ਸਕਦੇ ਹਨ:

ਸਿੱਕਾ: ਇਮਾਰਤਾਂ ਅਤੇ ਕਾਰਖਾਨਿਆਂ ਵਿੱਚ ਛੱਤਾਂ ਅਤੇ ਸਾਊਂਡ ਪਰੂਫਿੰਗ, ਬੈਟਰੀਆਂ ਤੇ ਮੱਛੀਆਂ ਫੜਨ ਦੇ ਸਮਾਨ, ਸਵੀਟਨਿੰਗ ਵਾਈਨ (ਲੈੱਡ ਸ਼ੂਗਰ) ਤੇ ਕੰਨਟੇਨਰ ਅਤੇ ਪਾਣੀ ਵਾਲੀਆਂ ਨਾਲਾਂ ਬਣਾਉਣ ਲਈ ਸਿੱਕੇ ਦੀ ਵਰਤੋਂ ਆਮ ਕੀਤੀ ਜਾਂਦੀ ਹੈ। ਟਿਨ ਅਤੇ ਸਿੱਕੇ ਦਾ ਮਿਸ਼ਰਣ ਕਰ ਕੇ ਬਣਾਇਆ ਗਿਆ ਸੋਲਡਰ ਬਿਜਲੀ
ਦੇ ਕੰਮ ਵਿੱਚ ਤਾਰਾਂ ਦੇ ਟਾਂਕੇ ਲਗਾਉਣ ਦੇ ਕੰਮ ਆਉਂਦਾ ਹੈ। ਸਿੱਕੇ ਦੀ ਵਰਤੋਂ ਐਲੂਮੀਨੀਅਮ ਵਿੱਚ ਵੀ ਕੀਤੀ ਜਾਂਦੀ ਹੈ। ਬੰਦੂਕਾਂ ਜਾਂ ਪਿਸਤੌਲਾਂ ਦੀਆਂ ਗੋਲੀਆਂ ਵਿੱਚ ਪਹਿਲਾਂ  ਸਿੱਕਾ ਵਰਤਿਆ ਜਾਂਦਾ ਸੀ ਪਰ ਹੁਣ, ਅਮਰੀਕਾ, ਕੈਨੇਡਾ, ਨਾਰਵੇ, ਨੀਦਰਲੈਂਡ, ਡੈਨਮਾਰਕ ਆਦਿ ਦੇਸ਼ਾਂ ਨੇ ਇਸ ਦੀ ਵਰਤੋਂ ਬੰਦ ਕਰ ਦਿੱਤੀ ਹੈ। ਪੁਰਾਣੇ ਸਮਿਆਂ ਤੋਂ ਹੀ ਸਿੱਕਾ, ਖਾਣਾਂ ’ਚੋਂ ਕੱਢਿਆ ਜਾਂਦਾ ਰਿਹਾ ਹੈ। ਇਸ ਵਿੱਚ ਜ਼ਹਿਰੀਲਾਪਣ ਹੋਣ ਨਾਲ ਅਲਪਕਾਲੀ ਜਾਂ ਦੀਰਘਕਾਲੀ ਲੱਛਣ ਪੈਦਾ ਹੋ ਸਕਦੇ ਹਨ। ਸਰੀਰ ਵਿੱਚ ਸਿੱਕਾ ਇਕੱਠਾ ਹੋ ਜਾਣ ਨਾਲ ਕਈ ਜ਼ਹਿਰੀਲੇ ਪ੍ਰਭਾਵ ਪੈਦਾ ਹੋ ਸਕਦੇ ਹਨ ਜਿਨ੍ਹਾਂ ’ਚ ਦਿਮਾਗ ਦੀ ਸੋਜ (ਇਨਕੈਫਲਾਇਟਿਸ), ਗੁਰਦਿਆਂ ਅਤੇ ਜਿਗਰ ’ਤੇ ਮਾੜਾ ਪ੍ਰਭਾਵ, ਜਨਣ ਅੰਗਾਂ ਦੇ ਨੁਕਸ, ਖ਼ੂਨ ਦੀ ਕਮੀ, ਖ਼ੂਨ ਬਣਾਉਣ ਵਾਲੇ ਤੱਤਾਂ ਦੀ ਕਮੀ ਦੇ ਲੱਛਣ, ਪੱਠਿਆਂ ਦੀ ਕਮਜ਼ੋਰੀ, ਥਕਾਵਟ, ਸੁਸਤੀ, ਇਕਾਗਰਤਾ ਦੀ ਘਾਟ, ਪੱਠਿਆਂ ਅਤੇ ਜੋੜਾਂ ਦਾ ਦਰਦ, ਭੁੱਖ ਘਟਣ, ਮੂੰਹ ਵਿੱਚ ਅਜੀਬ ਜਿਹਾ ਸਵਾਦ, ਦੰਦਾਂ ਤੇ  ਮਸੂੜਿਆਂ ਦਰਮਿਆਨ ਇੱਕ ਲਕੀਰ ਬਣਨਾ, ਸਿਰ ਪੀੜ, ਨੀਂਦ ਨਾ ਆਉਣਾ, ਚਿੜਚਿੜਾਪਣ, ਭਾਰ ਘਟਣਾ, ਸਰੀਰ ਕੰਬਣਾ, ਪੇਟ ਵਿੱਚ ਗੜਬੜ, ਢਿੱਡ ਪੀੜ, ਜੀਅ ਕੱਚਾ ਹੋਣਾ, ਉਲਟੀ, ਢਹਿੰਦੀਆਂ ਕਲਾਂ, ਹੱਥ-ਪੈਰ ਸੁੰਨ ਹੋਣਾ, ਕਬਜ਼ ਅਤੇ ਨਿਪੁੰਸਕਤਾ ਸ਼ਾਮਲ ਹਨ। ਗਰਭਵਤੀ ਔਰਤਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਨੂੰ ਸਿੱਕੇ ਦਾ ਪੱਧਰ ਵਧ ਜਾਣ ਨਾਲ ਵਧੇਰੇ ਖ਼ਤਰਾ ਰਹਿੰਦਾ ਹੈ। ਸਿੱਕਾ, ਬੱਚੇ ਲਈ ਹਾਨੀਕਾਰਕ ਹੁੰਦਾ ਹੈ ਕਿਉਂਕਿ ਇਹ ਬਿਨਾਂ ਕਿਸੇ ਰੁਕਾਵਟ ਗਰਭਵਤੀ ਮਾਂ ਤੋਂ ਬੱਚੇ ਵੱਲ ਜਾ ਸਕਦਾ ਹੈ।  ਸਿੱਕੇ ਨਾਲ ਵੱਡੀ ਉਮਰ ਵਾਲੇ ਲੋਕਾਂ ਦੀਆਂ ਹੱਡੀਆਂ ਖੁਰ ਜਾਂਦੀਆਂ ਹਨ। ਅੰਕੜੇ ਦਰਸਾਉਂਦੇ ਹਨ ਕਿ ਜੇਕਰ ਸਰੀਰ ਵਿੱਚ ਲੋੜ ਤੋਂ ਵੱਧ ਸਿੱਕਾ ਇਕੱਠਾ ਹੋ ਜਾਵੇ ਤਾਂ ਅੱਖਾਂ ਵਿੱਚ ਚਿੱਟਾ ਮੋਤੀਆ ਵਧੇਰੇ ਬਣ ਸਕਦਾ ਹੈ। ਜਰਨਲ ਆਫ ਅਮੈਰਿਕਨ ਮੈਡੀਕਲ ਐਸੋਸੀਏਸ਼ਨ (2004) ਵਿੱਚ ਛਪੇ ਇੱਕ ਖੋਜ ਪੱਤਰ ਵਿੱਚ ਦਿੱਤੇ ਗਏ ਸੁਝਾਅ ਅਨੁਸਾਰ ਵਿਸ਼ਵ ਪੱਧਰ ’ਤੇ ਮਨੁੱਖੀ ਸਰੀਰ ਵਿੱਚ ਸਿੱਕੇ ਦੀ ਮਾਤਰਾ ਨੂੰ ਕੰਟਰੋਲ ਵਿੱਚ ਰੱਖ ਕੇ ਚਿੱਟੇ ਮੋਤੀਏ ਦੇ ਖ਼ਤਰੇ ਨੂੰ ਘਟਾਇਆ ਜਾ ਸਕਦਾ ਹੈ।
ਕੈਡਮੀਅਮ: ਇਹ ਧਾਤ ਗੰਦੇ ਪਾਣੀ ਜਾਂ ਹਵਾ ਰਾਹੀਂ ਫੈਲਦੀ ਹੈ ਜਿਵੇਂ ਸੀਵਰੇਜ ਦੇ ਪਾਣੀ ਅਤੇ ਖ਼ਾਸ ਕਰਕੇ ਕਿਸੇ ਭਾਰੀ ਸਨਅਤੀ ਪਲਾਂਟ ਦੇ ਨੇੜੇ। ਇਹ ਸਮੁੰਦਰੀ ਜੀਵਾਂ ਅਤੇ ਪੌਦਿਆਂ ਅੰਦਰ ਜਜ਼ਬ ਹੋ ਜਾਂਦਾ ਹੈ ਤੇ ਖੁਰਾਕ ਵਸਤਾਂ ਲਈ ਵੱਡੀ ਸਮੱਸਿਆ ਬਣ ਜਾਂਦਾ ਹੈ। ਇਹ ਫ਼ਸਲਾਂ ਦੀਆਂ ਖਾਦਾਂ ਰਾਹੀਂ ਵੀ ਫੈਲਦਾ ਹੈ। ਇਹ ਖ਼ਾਸ ਕਰਕੇ ਗੁਰਦਿਆਂ, ਜਿਗਰ, ਫੇਫੜਿਆਂ ਅਤੇ ਖ਼ੂਨ ਬਣਾਉਣ ਵਾਲੇ ਤੱਤਾਂ ਵਿੱਚ ਇਕੱਠਾ ਹੁੰਦਾ ਹੈ। ਸਭ ਤੋਂ ਵੱਧ ਇਹ ਗੁਰਦਿਆਂ ਦਾ ਨੁਕਸਾਨ ਕਰਦਾ ਹੈ। ਜੇਕਰ ਲੰਮੇ ਸਮੇਂ ਤੋਂ ਸਰੀਰ ਵਿੱਚ ਕੈਡਮੀਅਮ ਇਕੱਠਾ ਹੋਇਆ ਹੋਵੇ ਤਾਂ ਇਸ ਨਾਲ ਗੁਰਦੇ, ਫੇਫੜਿਆਂ (ਕੈਂਸਰ), ਹੱਡੀਆਂ ਦੇ ਨੁਕਸ ਅਤੇ ਬਲੱਡ ਪ੍ਰੈਸ਼ਰ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਆਰਸੈਨਿਕ: ਧਰਤੀ ਹੇਠਲੇ ਪੀਣ ਵਾਲੇ ਪਾਣੀ ਵਿੱਚ ਆਰਸੈਨਿਕ ਵਧੇਰੇ ਹੋਣ ਕਾਰਨ ਪੈਰਾਂ ਅਤੇ ਹੱਥਾਂ ਦੀਆਂ ਹਥੇਲੀਆਂ ’ਤੇ ਕਾਲੇ ਧੱਬੇ ਬਣ ਜਾਂਦੇ ਹਨ, ਪੈਰਾਂ ਜਾਂ ਉਂਗਲਾਂ ’ਚ ਗੈਂਗਰੀਨ ਹੋ ਜਾਂਦੀ ਹੈ ਅਤੇ ਲੰਮੇ ਸਮੇਂ ਤੋਂ ਅਜਿਹੇ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ 15 ਤੋਂ 30 ਸਾਲਾਂ ਵਿੱਚ ਕੈਂਸਰ ਹੋ ਸਕਦਾ ਹੈ।
ਤਾਂਬਾ: ਮਨੱੁਖੀ ਜ਼ਿੰਦਗੀ ਅਤੇ ਸਰੀਰ ਵਾਸਤੇ ਤਾਂਬੇ ਦੀ ਖ਼ਾਸ ਭੂਮਿਕਾ ਹੈ ਪਰ ਇਸ ਦੇ ਲੋੜ ਤੋਂ ਵੱਧ ਮਾਤਰਾ ’ਚ ਸਰੀਰ ਅੰਦਰ ਹੋਣ ਕਾਰਨ ਜਿਗਰ ਦੇ ਨੁਕਸ (ਸਿਰੋਸਿਸ ਅਤੇ ਵਿਲਸਨ ਡਿਸੀਜ਼) ਉਤਪੰਨ ਹੋ ਜਾਂਦੇ ਹਨ। ਖ਼ੂਨ ਦੀ ਕਮੀ,  ਗੁਰਦੇ ਅਤੇ ਮਿਹਦੇ ਅਤੇ ਅੰਤੜੀਆਂ ਦੀਆਂ ਤਕਲੀਫ਼ਾਂ ਹੋ ਸਕਦੀਆਂ ਹਨ।
ਪਾਰਾ: ਬੈਟਰੀਆਂ, ਥਰਮਾਮੀਟਰਾਂ, ਬਲੱਡ ਪ੍ਰੈਸ਼ਰ ਮਾਪਣ ਵਾਲੇ ਯੰਤਰਾਂ, ਦੰਦਾਂ ਦੇ ਇਲਾਜ ਲਈ ਵਰਤੇ ਜਾਣ ਵਾਲੀ ਮਰਕਰੀ- ਅਮੈਲਗਮਜ਼, ਬਿਜਲੀ ਦੇ ਸਵਿੱਚ, ਬਿਜਲੀ ਦੀਆਂ ਟਿਊਬਾਂ, ਬਲਬ ਤੇ ਮਰਕਰੀ ਬਲਬ ਵਿੱਚ ਪਾਰਾ ਹੁੰਦਾ ਹੈ। ਵੱਡੀਆਂ ਸਨਅਤੀ ਯੂਨਿਟਾਂ ਵਿੱਚੋਂ ਪਾਰੇ ਦੇ ਵਾਸ਼ਪਾਂ ਦੇ ਨਿਕਲਣ ਨਾਲ, ਕੋਲੇ ਤੇ ਹੋਰ ਇੰਧਣ ਦੇ ਬਿਨਾਂ ਕੰਟਰੋਲ ਸਾੜਨ ਤੇ ਮਿਊਂਸਪਲ ਕਮੇਟੀ ਦੁਆਰਾ ਕੂੜੇ-ਕਰਕਟ ਨੂੰ ਸਾੜੇ ਜਾਣ ਨਾਲ ਪਾਰਾ ਸਾਡੇ ਵਾਤਾਵਰਨ ਵਿੱਚ ਆਉਂਦਾ ਹੈ। ਇਸ ਨਾਲ ਚਮੜੀ ’ਤੇ ਸਾੜ, ਨੱਕ ਅਤੇ ਚਮੜੀ ’ਤੇ ਖ਼ਾਰਸ਼, ਵਧੇਰੇ ਮੁੜ੍ਹਕਾ, ਗੁਰਦਿਆਂ ਨੂੰ ਨੁਕਸਾਨ, ਨਜ਼ਰ ਘਟਣ,  ਸੁਨਣ ਦੀ ਕਮਜ਼ੋਰੀ, ਪੱਠਿਆਂ ਦੀ  ਕਮਜ਼ੋਰੀ, ਦਿਮਾਗ਼ ਨੂੰ ਨੁਕਸਾਨ ਅਤੇ ਇੱਥੋਂ ਤਕ ਕਿ ਵਿਅਕਤੀ ਦੀ ਮੌਤ ਹੋ ਸਕਦੀ ਹੈ। ਪਾਰੇ ਦੇ ਰਸਾਇਣਕ ਕੰਪਾਊਂਡ ਖ਼ਤਰਨਾਕ ਹੁੰਦੇ ਹਨ ਜਿਵੇਂ ਮਿਥਾਇਲ ਮਰਕਰੀ ਆਦਿ। ਪਾਰੇ ਦੇ ਜ਼ਹਿਰ ਨਾਲ ਕਈ ਸਮੱਸਿਆਵਾਂ ਹੋ ਸਕਦੀਆਂ ਹਨ ਜਿਵੇਂ ਹੱਥ-ਪੈਰ ਕੰਬਣੇ,  ਮਸੂੜਿਆਂ ਦੀ ਸੋਜ, ਮਨੋਰੋਗ ਸਬੰਧੀ ਸਮੱਸਿਆਵਾਂ ਅਤੇ ਗਰਭ ਗਿਰਨਾ।
ਜਿਸਤ ਜਾਂ ਜ਼ਿੰਕ: ਚੀਨ ਦੇ ਕਈ ਖੇਤਰਾਂ ਦੇ ਲੋਕ, ਖਾਣਾਂ ਦੀ ਖੁਦਾਈ ਦੌਰਾਨ ਪਾਣੀ ਵਿੱਚ ਸਿੱਕਾ ਅਤੇ ਜਿਸਤ ਦੇ ਵਧੇਰੇ ਮਾਤਰਾ  ਵਿੱਚ ਹੋਣ ਨਾਲ ਇਨ੍ਹਾਂ ਧਾਤਾਂ ਦੇ ਸ਼ਿਕਾਰ ਹੋ ਰਹੇ ਹਨ। ਕਈ ਦੰਦ ਚਮਕਾਉਣ ਵਾਲੀਆਂ ਕਰੀਮਾਂ ਵਿੱਚ ਜ਼ਿੰਕ ਦੀ ਮਾਤਰਾ ਵਧੇਰੇ ਹੋਣ ਕਰਕੇ ਇਸ ਦੇ ਬੁਰੇ ਅਸਰਾਂ ਵਜੋਂ ਨਾੜੀਆਂ ਦੀਆਂ ਸਮੱਸਿਆਵਾਂ ਹੋਣ ਕਰਕੇ ਕਈ ਮਾਮਲੇ ਵੀ ਦਰਜ ਹੋਏ ਹਨ। ‘ਨੈਸ਼ਨਲ ਲਾਅ ਜਰਨਲ’ ਅਨੁਸਾਰ ‘ਗਲੈਕਸੋ ਸਮਿੱਥਕਲਿਨ’ ਅਤੇ ‘ਪ੍ਰੌਕਟਰ ਐਂਡ ਗੈਂਬਲ’ ਕੰਪਨੀ ਖ਼ਿਲਾਫ਼ ਕੇਸ ਦਰਜ ਹੋਏ ਹਨ।
ਆਰਸੈਨਿਕ: ਫੇਫੜੇ ਦੇ ਕੈਂਸਰ ਤੋਂ ਇਲਾਵਾ ਇਹ ਧਾਤ ਚਮੜੀ ਦੇ ਕਈ ਰੋਗ ਪੈਦਾ ਕਰਦੀ ਹੈ ਜੋ ਮੌਤ ਦਾ ਕਾਰਨ ਬਣ ਸਕਦੇ ਹਨ। ਕੰਮ ਵਾਲੇ ਸਥਾਨ ’ਤੇ, ਸਾਹ, ਭੋਜਨ ਜਾਂ ਚਮੜੀ ਰਾਹੀਂ ਇਹ ਧਾਤ ਸਾਡੇ ਸਰੀਰ ਵਿੱਚ ਦਾਖ਼ਲ ਹੁੰਦੀ ਹੈ।
ਭਾਰੀ ਧਾਤਾਂ ਅਤੇ ਕੈਂਸਰ: ਕੈਡਮੀਅਮ ਦਾ ਫੇਫੜਿਆਂ ਦੇ ਕੈਂਸਰ ਅਤੇ ਹੋਰ ਰੋਗਾਂ ਨਾਲ ਸਿੱਧਾ ਸਬੰਧ ਹੈ। ਜਜ਼ਬ ਹੋ ਜਾਣ ਤੋਂ ਬਾਅਦ ਇਹ ਸਰੀਰ ਵਿੱਚ ਬਹੁਤ ਦੇਰ ਰਹਿੰਦਾ ਹੈ ਕਿਉਂਕਿ ਭਾਰੀ ਧਾਤਾਂ ਛੇਤੀ ਨਸ਼ਟ ਨਹੀਂ ਹੁੰਦੀਆਂ। ਤੰਬਾਕੂ ਦਾ ਧੂੰਆਂ ਕੈਡਮੀਅਮ ਦਾ ਮੁੱਖ ਸੋਮਾ ਹੈ। ਸਿਗਰਟ ਦੇ ਧੂੰਏਂ ’ਚੋਂ ਤਕਰੀਬਨ 50‚ਫ਼ੀਸਦੀ ਕੈਡਮੀਅਮ ਫੇਫੜੇ ਜਜ਼ਬ ਕਰਦੇ ਹਨ। ਸਿਗਰਟਨੋਸ਼ਾਂ ਦੇ ਖ਼ੂਨ ਵਿੱਚ ਸਿਗਰਟ ਨਾ ਪੀਣ ਵਾਲਿਆਂ ਦੇ ਮੁਕਾਬਲੇ ਕੈਡਮੀਅਮ ਦੀ ਮਾਤਰਾ ਬਹੁਤ ਵੱਧ ਹੁੰਦੀ ਹੈ। ਇਸ ਤੋਂ ਇਲਾਵਾ ਹਵਾ, ਭੋਜਨ (ਮਾਸਾਹਾਰੀ- ਕਲੇਜੀ, ਸ਼ੈਲ ਫਿਸ਼, ਗੁਰਦੇ ਅਤੇ ਸ਼ਾਕਾਹਾਰੀ- ਆਲੂਆਂ) ਵਿੱਚ ਕਾਫ਼ੀ ਮਾਤਰਾ ’ਚ ਕੈਡਮੀਅਮ ਪਾਇਆ ਜਾਂਦਾ ਹੈ। ਤੰਬਾਕੂਨੋਸ਼ਾਂ ਵਿੱਚ ਇਹ ਲੈਵਲ   ਦੁੱਗਣਾ ਹੁੰਦਾ ਹੈ।
ਕ੍ਰੋਮੀਅਮ: ਜਿਹੜੇ ਲੋਕ ਕਾਫ਼ੀ ਸਮੇਂ ਤੋਂ ਸਾਹ ਰਾਹੀਂ ਇਸ ਨੂੰ ਅੰਦਰ ਖਿੱਚਦੇ ਹਨ, ਉਨ੍ਹਾਂ ਵਿੱਚ ਇਹ ਫੇਫੜੇ ਦੇ ਕੈਂਸਰ ਦਾ ਖ਼ਤਰਾ ਵਧਾ ਸਕਦੀ ਹੈ। ਇਹ ਗਲੇ, ਅੱਖਾਂ ਅਤੇ ਚਮੜੀ ’ਤੇ ਬੁਰਾ ਪ੍ਰਭਾਵ ਪਾਉਂਦੀ ਹੈ। ਬੈਰੇਲੀਅਮ ਧਾਤ ਵੀ ਫੇਫੜਿਆਂ ਦੀ ਇਨਫੈਕਸ਼ਨ ਅਤੇ ਕੈਂਸਰ ਨਾਲ ਸਬੰਧਤ ਹੈ। ਇਹ, ਵਿਟਾਮਿਨ ਦੇ ਜਜ਼ਬ ਹੋਣ ਤੇ ਕੈਲਸ਼ੀਅਮ ਦੇ ਮੈਟਾਬੌਲਿਜ਼ਮ ਵਿੱਚ ਰੁਕਾਵਟ ਤੇ ਹੋਰ ਅੰਗਾਂ ਦੇ ਕੰਮ ਕਰਨ ’ਤੇ ਅਸਰ ਪਾਉਂਦੀ ਹੈ।
ਅਮੈਲਗਮ: ਦੰਦਾਂ ਦੀਆਂ ਖੋੜਾਂ ਭਰਨ ਵਾਸਤੇ ਪਾਰਾ (50‚), ਚਾਂਦੀ  (22-32‚), ਟੀਨ (14‚) ਅਤੇ ਤਾਂਬਾ ਤਕਰੀਬਨ (8‚) ਮਿਲਾ ਕੇ ਅਮੈਲਗਮ ਬਣਾਈ ਜਾਂਦੀ ਹੈ। ਸਾਲ 1995 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇੱਕ ਅਧਿਐਨ ਅਨੁਸਾਰ ਬਠਿੰਡਾ ਅਤੇ ਅੰਮ੍ਰਿਤਸਰ ਜ਼ਿਲ੍ਹੇ ’ਚੋਂ ਇਕੱਠੇ ਕੀਤੇ ਗਏ ਪਾਣੀ ਦੇ ਨਮੂਨਿਆਂ ਵਿੱਚ ਯੂਰੇਨੀਅਮ ਅਤੇ ਭਾਰੀ ਧਾਤਾਂ ਦੇ ਲੈਵਲ ਮਿੱਥੀ ਹੱਦ ਤੋਂ ਵੱਧ ਪਾਏ ਗਏ ਸਨ। ਇਨ੍ਹਾਂ ਜ਼ਹਿਰੀਲੇ ਪਦਾਰਥਾਂ ਦਾ ਮੁੱਖ ਕੇਂਦਰ ਪੰਜਾਬ ਦੇ ਮਾਲਵਾ ਖੇਤਰ ਨੂੰ ਮੰਨਿਆ ਜਾ ਰਿਹਾ ਹੈ ਜਿਸ ਵਿੱਚ ਬਾਕੀਆਂ ਨਾਲੋਂ ਵਧੇਰੇ ਮਾਤਰਾ ਵਿੱਚ ਜ਼ਹਿਰੀਲਾ ਮਾਦਾ ਪਾਇਆ ਗਿਆ ਹੈ। ਸਨਅਤਾਂ ਦੇ ਰਸਾਇਣ ਸਿੰਚਾਈ ਲਈ ਵਰਤੇ ਜਾਣ ਵਾਲੇ ਅਤੇ ਪੀਣ ਵਾਲੇ ਪਾਣੀ ਨੂੰ ਦੂਸ਼ਿਤ ਕਰ ਰਹੇ ਹਨ। ਇਸ ਲਈ ਧਰਤੀ ਹੇਠਲਾ ਪਾਣੀ ਤੇ ਖੁਰਾਕ ਪਦਾਰਥ ਦੂਸ਼ਿਤ ਹੋ ਰਹੇ ਹਨ। ਇਸ ਖੇਤਰ ਦੇ ਲੋਕਾਂ ਵਿੱਚ ਨਿਊਰੋਲੋਜੀਕਲ ਅਤੇ ਗੁਰਦੇ ਦੀਆਂ ਸਮੱਸਿਆਵਾਂ ਤੇ ਕੈਂਸਰ ਦੀ ਮਾਰ ਵਧੇਰੇ ਹਨ। ਭਾਵੇਂ ਕੈਂਸਰ ਅਤੇ ਬਾਕੀ ਰੋਗਾਂ ਦੇ ਵਾਜਬ ਤੇ ਭਰੋਸੇਯੋਗ ਅੰਕੜੇ ਅਜੇ ਉਪਲਬਧ ਨਹੀਂ ਹਨ ਪਰ ਫਿਰ ਵੀ ਮੀਡੀਆ ਦੀਆਂ ਰਿਪੋਰਟਾਂ ਦੇ ਆਧਾਰ ’ਤੇ ਇਹ ਰੋਗ ਵਧੇਰੇ ਹੋਣ ਦਾ ਕਾਰਨ ਵਧੇਰੇ ਪ੍ਰਦੂਸ਼ਣ ਹੀ ਹੈ।
ਜਦੋਂ ਦੱਖਣੀ ਅਫਰੀਕਾ ਦੇ ਇੱਕ ਖਣਿਜ ਵਿਗਿਆਨੀ ਕੈਰਿਨ ਸਮਿੱਥ ਨੇ ਫ਼ਰੀਦਕੋਟ ਤੋਂ ਕੁਝ ਜਮਾਂਦਰੂ, ਦਿਮਾਗ਼ੀ ਅਤੇ ਨਿਊਰੋਜੀਕਲ ਨੁਕਸਾਂ ਵਾਲੇ ਬੱਚਿਆਂ ਦੇ ਵਾਲਾਂ ਤੇ ਪਿਸ਼ਾਬ ਦੇ ਨਮੂਨੇ ਲੈ ਕੇ ਚੈੱਕ ਕਰਨ ਲਈ ਜਰਮਨ ਦੀ ਮਾਇਕਰੋਟ੍ਰੇਸ ਖਣਿਜ ਲੈਬ ਵਿੱਚ ਭੇਜੇ ਸਨ ਤਾਂ ਇਸ ਸਬੰਧੀ ਪਹਿਲੀ ਵਾਰ ਮਾਰਚ 2009 ’ਚ ਤੱਥ ਸਾਹਮਣੇ ਆਏ ਸਨ। ਬਠਿੰਡਾ ਅਤੇ ਫ਼ਰੀਦਕੋਟ  ਸਥਿਤ ਅਜਿਹੇ ਨੁਕਸਾਂ ਵਾਲੇ ਬੱਚਿਆਂ ਲਈ ਬਣੇ ਬਾਬਾ ਫ਼ਰੀਦ ਕੇਂਦਰ ਦੇ ਕਰਮਚਾਰੀ ਕਈ ਸਾਲਾਂ ਤੋਂ ਖਣਿਜਾਂ ਤੇ ਭਾਰੀ ਧਾਤਾਂ ਵਾਲੇ ਮਿੱਠੇ ਜ਼ਹਿਰ ਬਾਰੇ ਆਪਣਾ ਸ਼ੱਕ ਪ੍ਰਗਟ ਕਰਦੇ ਰਹੇ ਸਨ। ਇਨ੍ਹਾਂ ਨੇ ਅਪੰਗ ਅਤੇ ਜਮਾਂਦਰੂ ਨੁਕਸਾਂ ਵਾਲੇ ਕੇਸਾਂ ਵਿੱਚ ਵਾਧੇ ਕਾਰਨ ਅਜਿਹੇ ਸ਼ੰਕੇ ਪ੍ਰਗਟਾਏ ਸਨ। ਮਾਰਚ 2008 ਵਿੱਚ ਦੱਖਣੀ ਅਫਰੀਕਾ ਦੇ ਕਲਿਨੀਕਲ ਧਾਤ ਵਿਗਿਆਨੀ ਅਤੇ ਸੈਰੀਬਰਲ ਪਾਲਸੀ ਵਾਲੇ ਬੱਚਿਆਂ ਦੇ ਇੱਕ ਅਧਿਆਪਕ ਵੈਰਾ ਡਿਰ ਜਦੋਂ ਫ਼ਰੀਦਕੋਟ ਆਏ ਤਾਂ ਬੱਚਿਆਂ ਦੇ ਜਮਾਂਦਰੂ ਨੁਕਸਾਂ ਦੇ ਐਨੇ ਜ਼ਿਆਦਾ ਮਾਮਲੇ ਵੇਖ ਕੇ ਉਹ ਦੰਗ ਰਹਿ ਗਏ ਸਨ। ਇਸ ਕੇਂਦਰ ਨੇ ਪਿਛਲੇ ਛੇ ਤੋਂ ਸੱਤ ਸਾਲਾਂ ਦੌਰਾਨ ਇਸ ਤਰ੍ਹਾਂ ਦੇ ਕੇਸਾਂ ਵਿੱਚ ਵਾਧੇ ਬਾਰੇ ਦੱਸਿਆ ਸੀ। ਇਹ ਕੇਂਦਰ ਕੁਦਰਤੀ ਢੰਗਾਂ (ਨੈਚੂਰੋਪੈਥੀ) ਨਾਲ ਅਜਿਹੇ ਕੇਸਾਂ ਦਾ ਇਲਾਜ     ਕਰਦਾ ਹੈ।
ਪੁਰਾਣੇ ਹਕੀਮ ਮਰਦਾਂ  ਕੁਸ਼ਤੇ ਅਤੇ ਭਸਮਾਂ ਤਿਆਰ ਕਰ ਕੇ ਵੇਚਦੇ ਸਨ ਪਰ ਕਿਸੇ ਨੂੰ ਉਸ ਦਾ ਫਾਰਮੂਲਾ ਨਹੀਂ ਸਨ ਦੱਸਦੇ। ਉਨ੍ਹਾਂ ਵਿੱਚ ਕਾਫ਼ੀ ਭਾਰੀ ਧਾਤਾਂ ਦਾ ਪ੍ਰਯੋਗ ਕੀਤਾ ਜਾਂਦਾ ਸੀ। ਅਜੇ ਵੀ ਕਈ ਲੋਕ ਇਨ੍ਹਾਂ ਦੇ ਚੱਕਰ ਵਿੱਚ ਫਸ ਜਾਂਦੇ ਹਨ। ਇਨ੍ਹਾਂ ਕੁਸ਼ਤਿਆਂ ਤੇ ਭਸਮਾਂ ਦੇ ਸੇਵਨ ਨਾਲ  ਲੋਕ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਸਹੇੜ ਲੈਂਦੇ ਹਨ। ਆਧੁਨਿਕ ਦੌਰ ਵਿੱਚ ਅਜਿਹੇ ਹਕੀਮਾਂ ਤੋਂ ਬਚਣਾ ਚਾਹੀਦਾ ਹੈ। ਜਨਤਕ ਹਿੱਤਾਂ ਵਿੱਚ ਗੈਰ-ਸਰਕਾਰੀ ਸੰਸਥਾਵਾਂ ਅਤੇ ਸਰਕਾਰਾਂ ਨੂੰ ਪੰਜਾਬ ਦੇ ਹਰੇਕ ਖੇਤਰ/ਜ਼ਿਲ੍ਹੇ ’ਚੋਂ ਮਿੱਟੀ-ਪਾਣੀ ਆਦਿ ਦੇ ਨਮੂਨੇ ਚੈੱਕ ਕਰਵਾਉਣ ਲਈ ਯੋਗ ਪ੍ਰਬੰਧ ਕਰਨ ਦੇ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਕਿ ਜ਼ਿਲ੍ਹੇ-ਵਾਰ ਭਾਰੀ ਧਾਤਾਂ ਤੇ ਖਣਿਜਾਂ ਦੇ ਲੈਵਲ ਪਤਾ ਲਗ ਸਕੇ। ਵਧੇਰੇ ਭਾਰੀ ਧਾਤਾਂ ਵਾਲੇ ਖੇਤਰਾਂ ਵਿੱਚ ਪਾਣੀ ਦੀ ਸ਼ੁੱਧੀ ਵਾਸਤੇ ਯਤਨ ਕੀਤੇ ਜਾਣ ਦੀ ਲੋੜ ਹੈ। ਪ੍ਰਭਾਵਿਤ ਖੇਤਰਾਂ ਵਿੱਚ ਜਿਗਰ, ਗੁਰਦੇ, ਅੱਖਾਂ, ਨਰਵਸ ਸਿਸਟਮ ਅਤੇ ਕੈਂਸਰ ਆਦਿ ਰੋਗਾਂ  ਵਾਸਤੇ ਜਾਂਚ ਤੇ ਇਲਾਜ ਕੇਂਦਰ  ਕਾਇਮ ਕੀਤੇ ਜਾਣ ਦੀ ਜ਼ਰੂਰਤ ਹੈ। ਭਾਰੀ ਧਾਤਾਂ ਸਾਡੇ ਵਾਤਾਵਰਨ ਵਿੱਚ ਮੌਜੂਦ ਹਨ। ਇਨ੍ਹਾਂ ਦੀ ਵਧੇਰੇ ਮਾਤਰਾ ਕੈਂਸਰ ਅਤੇ ਹੋਰ ਰੋਗ ਪੈਦਾ ਕਰ ਕੇ ਸਾਡੇ ਸਰੀਰ ਅਤੇ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਸਾਨੂੰ ਇਨ੍ਹਾਂ ਧਾਤਾਂ ਦੇ ਮਾੜੇ ਪ੍ਰਭਾਵਾਂ ਤੋਂ ਸੁਚੇਤ ਰਹਿਣ     ਦੀ ਲੋੜ ਹੈ।
ਡਾ. ਮਨਜੀਤ ਸਿੰਘ ਬੱਲ

Post by: Gursham Singh Cheema




Post Comment


ਗੁਰਸ਼ਾਮ ਸਿੰਘ ਚੀਮਾਂ