ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Thursday, February 7, 2013

ਸਿੱਖ ਇਤਿਹਾਸ ਦਾ ਇਕ ਅਹਿਮ ਕਾਂਡ- ਵੱਡਾ ਘੱਲੂਘਾਰਾ

ਗੁਰਦਵਾਰਾ ਵੱਡਾ ਘਲੂਘਾਰਾ ਕੁੱਪ ਰਹੀੜਾ
ਵੱਡਾ ਘੱਲੂਘਾਰਾ ਫਰਵਰੀ 1762 ਨੂੰ ਪਿੰਡ ਕੁੱਪ-ਰੁਹੀੜੇ ਦੀ ਧਰਤੀ ਤੋਂ ਸ਼ੁਰੂ ਹੋ ਕੇ ਧਲੇਰ-ਝਨੇਰ ਵਿਚ ਦੀ ਹੁੰਦਾ ਹੋਇਆ ਅੱਗੇ ਪਿੰਡ ਕੁਤਬਾ-ਬਾਹਮਣੀਆਂ ਕੋਲ ਜਾ ਕੇ ਖ਼ਤਮ ਹੋਇਆ। ਘੱਲੂਘਾਰੇ ਦਾ ਮਤਲਬ ਸਭ ਕੁਝ ਬਰਬਾਦ ਹੋ ਜਾਣਾ ਹੈ। ‘ਘੱਲੂਘਾਰੇ’ ਸ਼ਬਦ ਦਾ ਸੰਬੰਧ ਅਫ਼ਗਾਨੀ ਬੋਲੀ ਨਾਲ ਹੈ।

ਅਹਿਮਮਦ ਸ਼ਾਹ ਅਬਦਾਲੀ ਦਾ ਛੇਵਾਂ ਹੱਲਾ


ਮੁਗ਼ਲ ਬਾਦਸ਼ਾਹ ਅਹਿਮਦ ਸ਼ਾਹ ਅਬਦਾਲੀ 20 ਸਾਲ ਦੀ ਉਮਰ ਵਿਚ ਬਾਦਸ਼ਾਹ ਬਣ ਗਿਆ ਸੀ। ਚੜ੍ਹਦੀ ਉਮਰ, ਰਾਜ ਦਾ ਨਸ਼ਾ, ਆਪਣਾ ਰਾਜ ਵਧਾਉਣ ਬਾਰੇ ਸੋਚਣ ਲੱਗਾ। ਉਸ ਦੇ ਸੂਹੀਏ ਵਪਾਰ ਕਰਨ ਦੇ ਬਹਾਨੇ ਇਥੋਂ ਸਾਰਾ ਭੇਦ ਲੈ ਜਾਂਦੇ। ਸਾਡੇ ਲੋਕਾਂ ਨੂੰ ਤੰਬਾਕੂ ਦੇ ਭੈੜੇ ਐਬ ਦੀ ਦੇਣ ਵੀ ਇਨ੍ਹਾਂ ਦੀ ਹੈ। ਅਖੀਰ ਅਬਦਾਲੀ ਦੀ ਤੇਜ਼-ਤਰਾਰ ਅੱਖ ਬੇਲਗਾਮ ਹਿੰਦੁਸਤਾਨ ’ਤੇ ਆਈ। ਅਬਦਾਲੀ ਨੇ ਭਾਰਤ ’ਤੇ ਹੰਕਾਰੀ ਤੇ ਧਾੜਵੀ ਬਣ ਕੇ 10 ਹਮਲੇ ਕੀਤੇ। ਇਹ ਇਸ ਦਾ ਛੇਵਾਂ ਹਮਲਾ ਸੀ। ਇਸ ਵਾਰ ਅਬਦਾਲੀ ਤੇ ਇਸ ਦੇ ਝੋਲੀ-ਚੁੱਕ ਜਰਨੈਲਾਂ, ਕਮਾਂਡਰਾਂ ਦੇ ਹੌਸਲੇ ਬੁਲੰਦ ਸਨ ਕਿਉਂਕਿ ਇਕ ਸਾਲ ਪਹਿਲਾਂ 1761 ਵਿਚ ਬਹਾਦਰ ਅਖਵਾਉਣ ਵਾਲੇ ਮਰਹੱਟਿਆਂ ਨੂੰ ਪਾਣੀਪਤ ਦੇ ਮੈਦਾਨ ਵਿਚ ਹਰਾਇਆ ਸੀ। ਕੁਝ ਵੀ ਸੀ ਪਰ ਜਿਨ੍ਹਾਂ ਨੇ ਸਿੰਘਾਂ ਦੇ ਹੱਥ ਵੇਖੇ ਸੀ ਉਹ ਅੰਦਰੋਂ ਤਹਿਕਦੇ ਸਨ। ਸਿੰਘਾਂ ਨੇ ਤੁਰਕਾਂ ਨੂੰ ਕਈ ਵਾਰ ਸਤਲੁਜ, ਝਨਾਬ ਤੇ ਰਾਵੀ ਦਰਿਆ ਦਾ ਕਿਨਾਰਾ ਵਿਖਾਇਆ ਸੀ। ਜਦੋਂ ਅਬਦਾਲੀ ਦਿੱਲੀ, ਕਰਨਾਲ, ਪਾਣੀਪਤ, ਮਥਰਾ ਤੇ ਆਗਰਾ ਵਗੈਰਾ ਤੋਂ ਲੁੱਟ ਦਾ ਮਾਲ ਚਾਂਦੀ, ਸੋਨਾ, ਅੰਨ, ਧਨ, ਧੀਆਂ-ਭੈਣਾਂ ਨੂੰ ਆਪਣੇ ਸਿਪਾਹੀਆਂ ਅੱਗੇ ਇੱਜੜ ਦੀ ਤਰ੍ਹਾਂ ਤੋਰ ਦਿੰਦਾ ਤਾਂ ਹਿੰਦੂ ਲੋਕ ਹੱਥ ਬੰਨ੍ਹ ਕੇ ਮੂਰਤੀਆਂ ਅੱਗੇ ਆਰਤੀਆਂ ਕਰਦੇ ਰਹਿ ਜਾਂਦੇ, ਉਸ ਸਮੇਂ ਤਕ ਧੀਆਂ-ਭੈਣਾਂ ਦੇ ਮੁੱਲ ਪੈ ਜਾਂਦੇ। ਅਬਦਾਲੀ ਦੇ ਸਿਪਾਹੀ ਹਿੰਦੁਆ ਦੇ ਘਰਾਂ ਵਿੱਚੋਂ ਜਿੱਥੇ ਵੀ ਦਾਣੇ ਤੇ ਗਹਿਣੇ ਹੁੰਦੇ ਲੈ ਜਾਂਦੇ। ਹਿੰਦੂ ਲੋਕਾਂ ਦਾ ਮਨੋਬਲ ਇਥੋਂ ਤਕ ਗਿਰ ਚੁੱਕਾ ਸੀ ਕਿ ਕਹਾਵਤ ਬਣ ਗਈ ਸੀ, ‘ਖਾਧਾ ਪੀਤਾ ਲਾਹੇ ਦਾ, ਬਾਕੀ ਅਹਿਮਦ ਸ਼ਾਹੇ ਦਾ’ ਜੇ ਕੋਈ ਇਨ੍ਹਾਂ ਤੁਰਕਾਂ ਨੂੰ ਵੰਗਾਰਦਾ ਸੀ, ਉਹ ਸਨ ਸਿੱਖ ਸਰਦਾਰ। ਜਦੋਂ ਕਦੇ ਸਿੰਘਾ ਦੀ ਟੱਕਰ ਮੁਗ਼ਲ ਸਿਪਾਹੀਆਂ ਨਾਲ ਹੋ ਜਾਂਦੀ, ਸਿੰਘ ਲੜਕੀਆਂ ਨੂੰ ਛੁਡਾ ਉਨ੍ਹਾਂ ਦੇ ਪਿੰਡ ਛੱਡ ਆਉਂਦੇ। ਲੁੱਟ ਦਾ ਮਾਲ ਤੇ ਘੋੜੇ ਆਪ ਰੱਖਦੇ। ਸਿਪਾਹੀ ਸੂਬੇਦਾਰਾਂ ਕੋਲ ਸ਼ਿਕਾਇਤਾਂ ਲਾਉਂਦੇ। ਤੁਰਕ ਸਿੰਘਾਂ ਤੋਂ ਪਾਣੀ ਵਾਂਗ ਚੱਲਦੇ ਸੀ। ਸਿੰਘਾਂ ਨੇ ਕਈ ਵਾਰ ਮੁਗ਼ਲ ਅਫ਼ਸਰ, ਸੂਬੇਦਾਰ, ਕਮਾਂਡਰ, ਜਰਨੈਲ, ਖਵਾਜਾ ਮਿਰਜ਼ਾ ਉਬੈਦ ਖਾਨ, ਜੈਨ ਖਾਂ, ਨੂਰਦੀਨ ਤੇ ਅਸਲਮ ਵਰਗਿਆਂ ਨੂੰ ਭਜਾ ਕੇ ਰਾਜ ਕੀਤਾ ਸੀ। ਸ. ਜੱਸਾ ਸਿੰਘ ਆਹਲੂਵਾਲੀਆ ਸਿੱਖ ਕੌਮ ਦਾ ਜਬਰਦਸਤ ਬਾਦਸ਼ਾਹ ਬਣਿਆ। ਸੂਰਬੀਰ ਤੇ ਬਹਾਦਰ ਸਿੱਖ ਕੌਮ ਨੇ ਕਾਬਲ ਦੀਆਂ ਕੰਧਾਂ ਤਕ ਤਹਿਲਕਾ ਮਚਾ ਦਿੱਤਾ। ਜੋ ਕੰਮ ਬਹੁ-ਗਿਣਤੀ ਨਾ ਕਰ ਸਕੀ, ਉਹ ਮੁੱਠੀ-ਭਰ ਸਿੰਘਾ ਨੇ ਕਰਕੇ ਵਿਖਾ ਦਿੱਤਾ। ਸਿੱਖਾਂ ਨੇ ਸਾਡੇ ਦੇਸ਼ ਨੂੰ ਲੁੱਟਣ ਵਾਲਿਆਂ ਨੂੰ ਉਨ੍ਹਾਂ ਦੇ ਦੇਸ਼ ਤੇ ਘਰ ਤਕ ਜਾ ਕੇ ਵੀ ਸੋਧਿਆ। ਤੁਰਕ ਸਾਡੇ ਇਥੋਂ ਦੇ ਮੁਸਲਮਾਨਾਂ ਨੂੰ ਵੀ ਚੰਗਾ ਨਹੀਂ ਸਮਝਦੇ ਸੀ। ਕੁਝ ਅਮੀਰ ਤੇ ਰਜਵਾੜੇ ਇਨ੍ਹਾਂ ਦੇ ਹਿਮਾਇਤੀ ਸਨ। ਸਿੱਖਾਂ ਦਾ ਕਾਫ਼ੀ ਇਲਾਕੇ ’ਤੇ ਕਬਜ਼ਾ ਹੋ ਗਿਆ। ਸਿੱਖ ਕੌਮ ਦਾ ਸਿੱਕਾ ਚੱਲਣ ਲੱਗਿਆ। ਆਮ ਲੋਕ ਸੁਖੀ ਹੋਏ ਪਰ ਇਹ ਬਹੁਤਾ ਸਮਾਂ ਨਾ ਚੱਲਿਆ। ਅਬਦਾਲੀ ਨੂੰ ਇਸ ਚੜ੍ਹਦੀ ਕਲਾ ਦੀ ਖ਼ਬਰ ਹੋ ਗਈ। ਉਸ ਨੇ ਪੰਜਾਬ ਵੱਲ ਨੂਰਦੀਨ ਦੀ ਅਗਵਾਈ ਹੇਠ ਖਾਸ ਫੁਰਤੀਲੀ ਫੌਜ ਭੇਜੀ। ਆਉਂਦਿਆਂ ਹੀ ਉਸ ਦਾ ਟਾਕਰਾ ਝਨਾਬ ਦਰਿਆ ਦੇ ਕਿਨਾਰੇ ਸ. ਚੜ੍ਹਤ ਸਿੰਘ ਸ਼ੁਕਰਚੱਕੀਏ ਨਾਲ ਹੋਇਆ। ਸਿੰਘਾਂ ਨੇ ਅਬਦਾਲੀ ਦਾ ਜਬਰਦਸਤ ਦਸਤਾ ਪਤਾਸੇ ਵਾਂਗ ਭੋਰ ਦਿੱਤਾ। ਮੁਗ਼ਲਾਂ ਨੂੰ ਹੱਥਾਂ-ਪੈਰਾਂ ਦੀਆਂ ਪੈ ਗਈਆਂ। ਕੁਝ ਭੱਜ ਕੇ ਵਾਪਸ ਚਲੇ ਗਏ। ਰਹਿੰਦੇ ਤੁਰਕਾਂ ਨੂੰ ਦਿਨ ਕੱਟਣੇ ਔਖੇ ਹੋ ਗਏ। ਸਰਹਿੰਦ ਦਾ ਕਮਾਂਡਰ ਜੈਨ ਖਾਂ ਜੋ ਆਪਣੇ ਆਪ ਨੂੰ ਕਾਫ਼ੀ ਚੁਸਤ ਤੇ ਬਹਾਦਰ ਕਹਾਉਂਦਾ ਸੀ, ਉਸ ਨੂੰ ਆਪਣੀ ਕੁਰਸੀ ਦਾ ਖ਼ਤਰਾ ਜਾਪਿਆ। ਉਹਦੀ ਸਿੰਘਾਂ ਨਾਲ ਬਹੁਤ ਲੱਗਦੀ ਸੀ। ਉਹ ਚਾਹੁੰਦਾ ਸੀ ਜਿੰਨੀ ਛੇਤੀ ਹੋ ਸਕੇ ਅਬਦਾਲੀ ਸਿੰਘਾਂ ’ਤੇ ਹਮਲਾ ਕਰੇ। ਸਿੱਖ ਕੌਮ ਨੂੰ ਸੁਚੱਜੇ ਨੇਤਾ ਮਿਲ ਗਏ ਅਤੇ ਦਿਨੋ-ਦਿਨ ਤਰੱਕੀ ਕਰਨ ਲੱਗੇ।
1761 ਦੀ ਦੀਵਾਲੀ ਸਾਰੀ ਸਿੱਖ ਸੰਗਤ ਨੇ ਧੂਮ-ਧਾਮ ਨਾਲ ਮਨਾਈ। ਸ੍ਰੀ ਅੰਮ੍ਰਿਤਸਰ ਵਿਚ ਸ. ਜੱਸਾ ਸਿੰਘ ਆਹਲੂਵਾਲੀਏ ਦੀ ਪ੍ਰਧਾਨਗੀ ਵਿਚ ਮੀਟਿੰਗ ਹੋਈ। ਗੁਰਮਤੇ ਪਾਸ ਹੋਏ, ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਵਿਚਾਰਾਂ ਹੋਈਆਂ। ਹਰ ਧਰਮ ਨੂੰ ਵਧਣ-ਫੁਲਣ ਲਈ ਕੋਈ ਰੁਕਾਵਟ ਨਹੀਂ ਆਵੇਗੀ, ਮੁਖ਼ਬਰਾਂ ਨੂੰ ਸੋਧਣ ਲਈ ਮਤੇ ਪਾਸ ਹੋਏ। ਸਭ ਤੋਂ ਵੱਡਾ ਮੁਖ਼ਬਰ ਜੰਡਿਆਲੇ ਦਾ ਆਕਲ ਦਾਸ ਸੀ। ਉਸ ਨੇ ਅਨੇਕਾਂ ਨੌਜਵਾਨ ਸ਼ਹੀਦ ਕਰਵਾਏ। ਸਿੱਖ ਕਾਰਵਾਈਆਂ ਦੀ ਸਾਰੀ ਰਿਪੋਰਟ ਅਬਦਾਲੀ ਤਕ ਜਾਂਦੀ ਸੀ। ਸਿੰਘਾਂ ਨੇ ਜੰਡਿਆਲੇ ਜਾ ਕੇ ਆਕਲ ਦਾਸ ਨੂੰ ਘਰੋਂ ਬਾਹਰ ਕੱਢ ਲਿਆ। ਪੁੱਛਣ ’ਤੇ ਮਿੰਨਤਾਂ-ਤਰਲੇ ਕਰਨ ਲੱਗਿਆ। ਅੱਗੇ ਤੋਂ ਅਜਿਹਾ ਨਾ ਕਰਨ ਦੀ ਸਹੁੰ ਖਾਧੀ। ਸਿੰਘਾਂ ਨੇ ਤਰਸ ਕਰ ਕੇ ਛੱਡ ਦਿੱਤਾ। ਇਸ ਸਪੋਲੀਏ ਆਕਲ ਦਾਸ ਨੇ ਹੀ ਖਾਲਸਾ ਪੰਥ ਦੇ ਡੰਗ ਮਾਰਿਆ। ਜੈਨ ਖਾਂ ਨੇ ਆਕਲ ਦਾਸ ਨਾਲ ਮਿਲ ਕੇ ਅਬਦਾਲੀ ਵੱਲ ਸੁਨੇਹਾ ਭੇਜਿਆ। ਅਬਦਾਲੀ ਰਾਤ ਦੇ ਹਨ੍ਹੇਰੇ ਵਿਚ ਪੱਟੀ ਆਇਆ। ਖਾਨਾਂ ਨਾਲ ਅਤੇ ਆਕਲ ਦਾਸ ਵਰਗੇ ਦੋਗਲਿਆਂ ਨਾਲ ਮੀਟਿੰਗ ਕੀਤੀ। ਅਫ਼ਗਾਨੀ ਆਪਣੇ ਦੁੱਖ ਰੋਣ ਲੱਗੇ, “ਸ਼ਾਹ ਜੀ, ਸਿੰਘਾਂ ਨੇ ਤਾਂ ਸਾਡਾ ਜਿਊਣਾ ਦੁੱਭਰ ਕਰ ਦਿੱਤਾ, ਸਾਨੂੰ ਇਥੋਂ ਲੈ ਚੱਲੋ। ਅਸੀਂ ਤੰਗ ਹਾਂ, ਸਾਨੂੰ ਸਿੰਘਾਂ ਤੋਂ ਡਰ ਲੱਗਦਾ।” ਅਹਿਮਦ ਸ਼ਾਹ ਅਬਦਾਲੀ ਆਪਣੇ ਮੁਹਤਬਰ ਆਦਮੀਆਂ ਨੂੰ ਸਾਵਧਾਨ ਕਰ ਕੇ ਚਲਿਆ ਗਿਆ, ਭੀਖਮ ਸ਼ਾਹ ਮਲੇਰਕੋਟਲਾ, ਜੈਨ ਖਾਂ ਸਰਹਿੰਦ, ਸ਼ਾਹ ਹੁਸੈਨ ਰਾਏਕੋਟ ਤੇ ਹੋਰ ਖਾਨਾਂ ਨੇ ਸਿੰਘਾਂ ’ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਆਕਲ ਦਾਸ ਮੁਖ਼ਬਰ ਦਾ ਅੱਗੇ ਦੀ ਅੱਗੇ ਜਾਲ ਪਾਇਆ ਹੋਇਆ ਸੀ। ਸਿੰਘਾਂ ਨੂੰ ਪਤਾ ਲੱਗ ਗਿਆ ਕਿ ਅਬਦਾਲੀ ਬਹੁਤ ਸਾਰੀ ਫੌਜ ਲੈ ਕੇ ਆ ਰਿਹਾ ਹੈ। ਇਹ ਜੰਗ ਇਕੱਲੇ ਸਿੰਘਾਂ ਨਾਲ ਹੋਵੇਗੀ। ਸਿੱਖ ਸਰਦਾਰਾਂ ਨੇ ਮੀਟਿੰਗ ਕੀਤੀ ਮਤਾ ਪਾਸ ਹੋਇਆ ਕਿ ਜੋ ਕਾਫਲੇ ਨਾਲ ਬੱਚੇ, ਔਰਤਾਂ ਤੇ ਬੁੱਢੇ ਹਨ ਇਨ੍ਹਾਂ ਨੂੰ ਬੀਕਾਨੇਰ ਦੇ ਜੰਗਲਾਂ ਵਿਚ ਛੱਡ ਆਵੋ ਅਤੇ ਹਥਿਆਰ ਅੱਗੇ ਕਿਸੇ ਥਾਂ ਟਿਕਾਣੇ ਲਾਏ ਜਾਣ। ਜਥੇਦਾਰ ਸ. ਜੱਸਾ ਸਿੰਘ ਆਹਲੂਵਾਲੀਆ ਕਹਿਣ ਲੱਗਾ, “ਸਿੰਘੋ! ਇਸ ਅਬਦਾਲੀ ਨੂੰ ਅਜਿਹਾ ਸਬਕ ਸਿਖਾਉਣਾ ਕਿ ਮੁੜ ਕੇ ਸਾਡੇ ਪੰਜਾਬ ਵੱਲ ਅੱਖ ਨਾ ਚੁੱਕੇ। ਉਸ ਦੀ ਵੱਧ ਫੌਜ ਕੁਝ ਨਹੀਂ ਕਰ ਸਕਦੀ।” ਖਾਲਸਾ ਵਹੀਰ ਥਾਂ-ਥਾਂ ਤੋਂ ਸੁਨੇਹੇ ਮਿਲਣ ’ਤੇ ਇਕ ਥਾਂ ਇਕੱਠੀ ਹੋ ਗਈ। ਖਾਲਸਾ ਪੰਥ ਦਰਿਆ ਸਤਲੁਜ ਪਾਰ ਕਰ ਕੇ ਜਗਰਾਉਂ ਸ਼ਹਿਰ ਪਾਰ ਕਰ ਕੇ ਸੁਧਾਰ, ਆਂਡਲੂ ਤੇ ਜੁੜਾਹਾਂ ਆਦਿ ਪਿੰਡਾਂ ਵਿਚ ਦੀ ਹੁੰਦਾ ਹੋਇਆ ਅਹਿਮਦਗੜ੍ਹ ਮੰਡੀ ਨੇੜੇ ਸ਼ਾਮ ਤਕ ਪਹੁੰਚ ਗਿਆ। ਅੱਗੇ ਰਾਤ ਕੱਟਣੀ ਸੀ।


ਮੁਕਾਮ ਕੁਪ ਰਹੀੜਾ ਪਿੰਡ ਤੌਂ ਪਿੰਡ ਕੁਤਬਾ ਬਾਹਮਣੀਆਂ ਤਕ

ਜਥੇਦਾਰਾਂ ਨੇ ਕਿਹਾ, “ਸਿੰਘੋ! ਅੱਗੇ ਕੋਈ ਸੁਰੱਖਿਅਤ ਥਾਂ ਵੇਖੋ ਤਾਂ ਕੁਝ ਸਿੰਘਾਂ ਨੇ ਪਿੰਡ ਜੰਡਾਲੀ ਤੋਂ ਅੱਗੇ ਪਿੰਡ ਰੁਹੀੜੇ ਨੇੜੇ ਥਾਂ ਵੇਖੀ, ਜਿੱਥੇ ਦਰਖ਼ਤ ਸਰਕੜਾ ਤੇ ਕੇਸੂ ਦੇ ਬੂਟੇ ਬਹੁਤ ਸੀ। ਸਾਰਾ ਖਾਲਸਾ ਦਲ ਇਸ ਥਾਂ ਇਕੱਠਾ ਹੋ ਗਿਆ। ਮੁਖ਼ਬਰ ਸਤਲੁਜ ਤੋਂ ਵਹੀਰ ਦੇ ਪਿੱਛੇ ਲੱਗੇ ਹੋਏ ਸੀ। ਪਹਿਲੀ ਰਾਤ ਨੂੰ ਆਕਲ ਦਾਸ ਦੀ ਮੁਖ਼ਬਰੀ ਦੀ ਖ਼ਬਰ ਸੁਣ ਕੇ ਜੈਨ ਖਾਂ 2000 ਘੋੜ ਸਵਾਰ ਤੇ 3000 ਪੈਦਲ ਨੌਜਵਾਨ ਤੇ ਤੋਪਖਾਨਾ ਲੈ ਕੇ ਕੁੱਪ ਨੇੜੇ ਆ ਗਿਆ, ਨਵਾਬ ਮਲੇਰਕੋਟਲਾ ਵੀ ਆਪਣੀ ਫੌਜ ਲੈ ਕੇ ਆ ਗਿਆ। ਕੁਝ ਸਮੇਂ ਬਾਅਦ ਹੀ ਲੁਧਿਆਣੇ ਵੱਲ ਦੀ ਅਬਦਾਲੀ ਵੀ ਜੰਡਾਲੀ ਨੇੜੇ ਆ ਗਿਆ। ਅਬਦਾਲੀ ਦੀ ਫੌਜ ਲੱਖ ਦੇ ਨੇੜੇ ਸੀ ਜੋ ਕਈ ਪਿੰਡਾਂ ਦੇ ਏਰੀਏ ਵਿਚ ਹਰਲ-ਹਰਲ ਕਰਦੀ ਫਿਰਦੀ ਸੀ। ਅਬਦਾਲੀ ਦੀ ਮੀਟਿੰਗ ਜੈਨ ਖਾਂ, ਭੀਖਮ ਸ਼ਾਹ, ਸ਼ਾਹ ਹੁਸੈਨ ਤੇ ਆਪਣੇ ਫੌਜ ਦੇ ਕਮਾਂਡਰਾਂ ਤੇ ਜਰਨੈਲਾਂ ਨਾਲ ਹੋਈ। ਪਹਿਲਾ ਮਸ਼ਵਰਾ ਪਾਸ ਹੋਇਆ ਕਿ ਫੌਜ ਦੀ ਤੇ ਇਸ ਏਰੀਏ ਦੀ ਅਤੇ ਸਿੱਖਾਂ ਦੀ ਜਾਂਚ ਕੀਤੀ ਜਾਵੇ ਕਿ ਕਿੰਨੇ ਕੁ ਹਨ। ਦੂਜਾ ਮਸ਼ਵਰਾ ਹੋਇਆ ਕਿ ਸਵੇਰੇ 2 ਘੰਟਿਆਂ ਵਿਚ ਸਿੱਖਾਂ ਨੂੰ ਖ਼ਤਮ ਕਰ ਕੇ, ਅੱਗੇ ਤੋਂ ਕੋਈ ਸਿਰ ਨਾ ਚੁੱਕੇ, ਸਖ਼ਤਾਈ ਕਰ ਕੇ ਅਬਦਾਲੀ ਵਾਪਸ ਮੁੜ ਜਾਵੇਗਾ। ਸਿੱਖ ਵਹੀਰ ਨੂੰ ਤਿੰਨ ਪਾਸਿਆਂ ਤੋਂ ਘੇਰ ਲਿਆ। ਛਾਪਾਮਾਰ ਢੰਗ ਨਾਲ ਫੌਜ ਇਕ ਦੂਜੇ ਨਾਲ ਜੁੜ ਗਈ। ਸਿੰਘਾਂ ਨੂੰ ਇਸ ਕਾਰਵਾਈ ਦਾ ਬਿਲਕੁਲ ਪਤਾ ਨਾ ਲੱਗਿਆ। ਸਿੰਘਾਂ ਦੇ ਮਨ ਵਿਚ ਇਹ ਗੱਲ ਸੀ ਕਿ ਅਬਦਾਲੀ 4-5 ਦਿਨਾਂ ਤਕ ਉਨ੍ਹਾਂ ਨੇੜੇ ਲੱਗੇਗਾ। ਅਬਦਾਲੀ ਦੇ ਸਿਪਾਹੀਆਂ ਦੇ ਲਾਲ ਰੰਗ ਦੀ ਵਰਦੀ ਪਾਈ ਹੋਈ ਸੀ। ਉਥੇ ਕੇਸੂ ਦੇ ਬੂਟਿਆਂ ਨੂੰ ਲਾਲ ਰੰਗ ਦੇ ਫੁੱਲ ਸੀ। ਇਹ ਭੁਲੇਖਾ ਵੀ ਸਿੰਘਾਂ ਨੂੰ ਘਾਟੇ ਵਿਚ ਗਿਆ। ਸਿੰਘ ਬੇਫ਼ਿਕਰ ਹੋ ਕੇ ਸੌਂ ਗਏ। ਕੁਝ ਆਲੇ-ਦੁਆਲੇ ਪਹਿਰਾ ਦੇਣ ਲੱਗੇ। ਸਿੰਘ 4 ਵਜੇ ਉਂਠੇ। ਪਸ਼ੂਆਂ ਨੂੰ ਕੱਖ-ਪੱਠੇ ਪਾਉਣ ਲੱਗੇ ਤਾਂ ਜੈਨ ਖਾਂ ਦੇ ਕਮਾਂਡਰ ਲੱਸੀ ਰਾਮ ਸਰਹਿੰਦ ਨੇ ਮਲੇਰਕੋਟਲੇ ਵਾਲੇ ਪਾਸੇ ਤੋਂ ਅਚਾਨਕ ਵਹੀਰ ’ਤੇ ਹਮਲਾ ਕਰ ਦਿੱਤਾ। ਪਹਿਲਾਂ-ਪਹਿਲ ਸਿੰਘਾਂ ਦਾ ਕਾਫ਼ੀ ਨੁਕਸਾਨ ਹੋਇਆ ਪਰ ਸਿੰਘ ਛੇਤੀ ਹੀ ਸੰਭਲ ਗਏ। ਸਿੰਘਾਂ ਨੂੰ ਜਦੋਂ ਪਤਾ ਲੱਗਿਆ ਕਿ ਦੁਸ਼ਮਣ ਤਾਂ ਸਿਰ ’ਤੇ ਚੜ੍ਹਿਆ ਬੈਠਾ, ਉਹ ਜਥੇਦਾਰਾਂ ਦੀ ਅਗਵਾਈ ਹੇਠ ਇਕ ਤੂਫਾਨ ਦੀ ਤਰ੍ਹਾਂ ਉਂਠੇ, ਜੋ ਵੀ ਹਥਿਆਰ-ਸ਼ਸਤਰ ਹੱਥ ਆਇਆ, ਉਸ ਨਾਲ ਹੀ ਮੁਕਾਬਲਾ ਕਰਨ ਲੱਗੇ। ਅਬਦਾਲੀ 18000 ਬਲੋਚਾਂ ਨਾਲ ਨਮਾਜ਼ ਪੜ੍ਹ ਕੇ, ਦੁਆ ਕਰ ਕੇ ਚੱਲਿਆ ਸੀ ਕਿ ਮੈਂ ਕਾਫ਼ਰਾਂ ਨੂੰ ਖ਼ਤਮ ਕਰ ਦੇਵਾਂਗਾ ਪਰ ਉਹ ਅੱਲ੍ਹਾ-ਤਾਅਲਾ ਝੂਠੀਆਂ ਦੁਆਵਾਂ ਕਬੂਲ ਨਹੀਂ ਕਰਦੇ। ਸਾਡੇ ਪਿੰਡ, ਸਾਡੇ ਸ਼ਹਿਰ, ਸਾਡੇ ਖੇਤ, ਸਾਡਾ ਦੇਸ਼, ਸਾਡੇ ਨੌਜਵਾਨ, ਇਸ ਅਬਦਾਲੀ ਦਾ ਕੀ ਹੱਕ ਹੈ? ਸਾਡਾ ਵੱਡਾ ਦੁਸ਼ਮਣ ਹੈ ਜੋ ਸਾਨੂੰ ਗ਼ੁਲਾਮ ਰੱਖ ਕੇ ਲੁੱਟਣਾ ਚਾਹੁੰਦਾ ਹੈ। ਸਿੱਖ ਨੌਜਵਾਨਾਂ ਦੇ ਚਿਹਰੇ ਦੂਣ-ਸਵਾਏ ਹੋ ਗਏ। ਘਬਰਾਏ ਨਹੀਂ। ਜੈਨ ਖਾਂ ਦੀ ਟੱਕਰ ਚੜ੍ਹਤ ਸਿੰਘ ਸ਼ੁਕਰਚੱਕੀਏ ਨਾਲ ਹੋਈ। ਅਹਿਮਦਗੜ੍ਹ ਵਾਲੇ ਪਾਸੇ, ਜਥੇਦਾਰ ਜੱਸਾ ਸਿੰਘ ਜੀ ਖੁਦ ਆਪ ਸਿੰਘਾਂ ਨੂੰ ਨਾਲ ਲੈ ਕੇ ਅਬਦਾਲੀ ਦੇ ਨੌਜਵਾਨਾਂ ਨੂੰ ਪਛਾੜ ਰਹੇ ਸੀ। ਸ. ਰਾਮ ਸਿੰਘ, ਸ. ਬਘੇਲ ਸਿੰਘ, ਸਿੰਘਾਂ ਸਮੇਤ ਅਬਦਾਲੀ ਦੇ ਚੋਣਵੇਂ ਜਵਾਨਾਂ ਨਾਲ ਟੱਕਰ ਲੈ ਰਹੇ ਸੀ। ਕੁਝ ਸਿੰਘ ਵਿਚਕਾਰ ਰਹਿ ਕੇ ਸਮਾਨ ਅਤੇ ਜੋ ਨਹੀਂ ਲੜ ਸਕਦਾ ਸੀ, ਉਸ ਨੂੰ ਅੱਗੇ-ਪਿੱਛੇ ਕਰ ਰਹੇ ਸੀ। ਸਿੰਘਾਂ ਦੇ ਚਿਹਰਿਆਂ ’ਤੇ ਜੋਸ਼ ਦੀਆਂ ਲਾਲੀਆਂ ਆ ਗਈਆਂ। ਸਿੰਘ ਜੈਕਾਰੇ ਲਗਾ ਰਹੇ ਸੀ। ਸਿੱਖ ਜਵਾਨ ਜ਼ਖਮੀ ਤੇ ਸ਼ਹੀਦ ਹੁੰਦੇ ਹੋਏ ਪੂਰੇ ਤਾਣ ਨਾਲ ਮੁਕਾਬਲਾ ਕਰ ਰਹੇ ਸੀ। ਸਿੰਘ ਦੁਸ਼ਮਣ ਨੂੰ ਪਾੜ-ਪਾੜ ਸੁੱਟਣ ਲੱਗੇ। ਸ. ਬਘੇਲ ਸਿੰਘ, ਸ. ਸ਼ੇਰ ਸਿੰਘ ਵਰਗੇ ਸੂਰਮੇ ਦੁਸ਼ਮਣ ਨੂੰ ਨਿੰਬੂ ਵਾਂਗ ਨਚੋੜ ਰਹੇ ਸੀ। ਸਿੰਘ ਤਿੰਨੇ ਪਾਸੇ ਫੌਲਾਦੀ ਕੰਧਾਂ ਵਾਂਗ ਡੱਟ ਗਏ। ਸਿੰਘ ਪੂਰੀ ਵਿਉਂਤਬੰਦੀ ਨਾਲ ਲੜ ਰਹੇ ਸੀ। ਮਰ ਰਹੀ ਫੌਜ ਦੀ ਗਿਣਤੀ ਸੁਣ ਕੇ ਅਬਦਾਲੀ ਨੂੰ ਚਾਰ-ਚੁਫੇਰੇ ਪੀਲ਼ਾ-ਪੀਲ਼ਾ ਦਿੱਸਣ ਲੱਗ ਪਿਆ। ਅਬਦਾਲੀ ਨੂੰ ਖੜ੍ਹਨਾ ਔਖਾ ਹੋ ਗਿਆ। ਲੜਾਈ ਚੱਲਦੀ ’ਤੇ ਸਿੰਘਾਂ ਨੂੰ ਪਤਾ ਨਾ ਲੱਗਿਆ ਕਿੱਥੇ-ਕਿੱਥੇ ਮੁਕਾਬਲਾ ਹੁੰਦਾ। ਇਕ ਪਾਸੇ ਸਿਰ ਤਲੀ ’ਤੇ ਧਰ ਕੇ ਲੜਨ ਵਾਲੇ ਅਤੇ ਦੂਜੇ ਪਾਸੇ ਨੌਕਰੀ ਵਾਲੇ ਜਿਨ੍ਹਾਂ ਨੂੰ ਅਬਦਾਲੀ ਦੇ ਕਮਾਂਡਰ ਖਿੱਚ-ਖਿੱਚ ਸਿੰਘਾਂ ਅੱਗੇ ਜਾਨ ਦੇਣ ਲਈ ਕਰ ਰਹੇ ਸੀ। ਲੱਸੀ ਰਾਮ ਤੇ ਜੈਨ ਖਾਂ ਤਾਂ ਦਿਨ ਚੜ੍ਹਨ ਤੋਂ ਪਹਿਲਾਂ-ਪਹਿਲਾਂ ਹੀ ਆਪਣੇ ਨੌਜਵਾਨ ਮਰਵਾ ਕੇ ਸਰਹਿੰਦ ਵੱਲ ਚਲੇ ਗਏ। ਮੁਗ਼ਲ ਸੋਚਣ ਲਈ ਮਜਬੂਰ ਕਰ ਦਿੱਤੇ। ਸਿੰਘਾਂ ਨੇ ਇਕ ਵਾਰ ਤਾਂ ਅਬਦਾਲੀ ਦੇ ਪੈਰ ਹਿਲਾ ਦਿੱਤੇ। ਅਬਦਾਲੀ ਦੇ ਕਮਾਂਡਰ ਸਿੰਘਾਂ ਵੱਲੋਂ ਚੱਲ ਰਹੇ ਹਥਿਆਰਾਂ ਨੂੰ ਵੇਖ ਕੇ ਪਿੱਛੇ ਹਟ ਰਹੇ ਸੀ। ਕਈ ਖਾਨ ਝਾੜੀਆਂ ਵਿਚ ਬੈਠੇ ਆਪਣੀ ਜਾਨ ਦੀ ਖ਼ੈਰ ਮੰਗ ਰਹੇ ਸੀ। ਸਿੰਘ ਪੱਛਮ ਵੱਲ ਪਿੰਡ ਧਲੇਰ-ਝਨੇਰ ਵੱਲ ਵਧਣ ਲੱਗੇ। ਸਿੰਘ ਵੀ ਬਹੁਤ ਸ਼ਹੀਦ ਹੋ ਰਹੇ ਸੀ। ਪਰ ਤੁਰਕਾਂ ਦੀ ਬੁਰੀ ਹਾਲਤ ਸੀ। ਸਿੰਘਾਂ ਦੇ ਕਾਰਨਾਮੇ ਵੇਖ ਕੇ ਤੁਰਕ ਕਹਿ ਰਹੇ ਸੀ ਕਿ ਜਿਸ ਕੌਮ ਦੇ ਰਾਜੇ ਆਪ ਹਥਿਆਰ ਚਲਾ ਰਹੇ ਹੋਣ ਤੇ ਜ਼ਨਾਨੀਆਂ ਬਰਾਬਰ ਸ਼ਸਤਰ ਚਲਾ ਰਹੀਆਂ ਹੋਣ, ਉਨ੍ਹਾਂ ਨੂੰ ਕੋਈ ਹਰਾ ਨਹੀਂ ਸਕਦਾ। ਨਿਹੰਗ ਸਿੰਘਾਂ ਤੋਂ ਤੁਰਕ ਇਸ ਤਰ੍ਹਾਂ ਚੱਲਦੇ ਸੀ, ਜਿਵੇਂ ਆਜੜੀ ਅੱਗੇ ਇੱਜੜ ਹੋਵੇ। ਸਿੰਘਾਂ ਨੇ ਅਬਦਾਲੀ ਦੇ ਚੋਟੀ ਦੇ ਨੌਜਵਾਨ ਦੋ ਘੰਟਿਆਂ ਵਿਚ ਖ਼ਤਮ ਕਰ ਦਿੱਤੇ। ਸਿੰਘ ਗਰਜ-ਗਰਜ ਤੁਰਕਾਂ ਨੂੰ ਸਦਾ ਦੀ ਨੀਂਦ ਸੁਲਾ ਰਹੇ ਸੀ। ਸਿੰਘ ਜੋ ਜ਼ਖਮੀ ਹੋ ਜਾਂਦਾ ਉਹ ਜੋਸ਼ ਵਿਚ ਆ ਕੇ ਦੁਸ਼ਮਣ ਦੇ ਕੰਨ ਭੰਨੀ ਜਾਂਦਾ। ਸਿੰਘਾਂ ਨੂੰ ਦੋ ਘੰਟਿਆਂ ਵਿਚ ਖ਼ਤਮ ਕਰਨ ਵਾਲਾ ਜੰਗ ਦੀ ਸੂਚਨਾ ਸੁਣ-ਸੁਣ ਅਧਮੋਇਆ ਬੈਠਾ ਸੀ। ਅਬਦਾਲੀ ਦਾ ਰੰਗ ਪੀਲ਼ਾ ਹੋ ਗਿਆ ਸੀ। ਇਕ-ਇਕ ਸਿੰਘ 10-10 ਨੂੰ ਨੇੜੇ ਨਹੀਂ ਸੀ ਲੱਗਣ ਦੇਂਦਾ। ਸਿੰਘ ਲੜਦੇ-ਲੜਦੇ ਕੁਤਬਾ ਬਾਹਮਣੀਆਂ ਪਿੰਡ ਦੀ ਜੂਹ ’ਚ ਚਲੇ ਗਏ, ਪਿੱਛੇ-ਪਿੱਛੇ ਹੀ ਤੁਰਕ। ਢਾਬ ’ਤੇ ਪਹੁੰਚ ਕੇ ਤੁਰਕ ਪਾਣੀ ਪੀ ਕੇ ਵਾਪਸ ਮਲੇਰਕੋਟਲੇ ਵੱਲ ਮੁੜ ਆਏ ਤੇ ਸਿੰਘ ਸਾਰੇ ਜੋ ਖਿੰਡੇ ਸੀ ਇਕ ਥਾਂ ਇਕੱਠੇ ਹੋਏ ਅਤੇ ਸ਼ਹੀਦ ਹੋਏ ਸਿੰਘਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਤੇ ਬਰਨਾਲੇ ਵੱਲ ਚਲੇ ਗਏ। ਇਸ ਲੜਾਈ ਵਿਚ 30-35 ਹਜ਼ਾਰ ਸਿੰਘ ਸ਼ਹੀਦ ਹੋਏ। ਕੌਮ ਦੇ ਮਹਾਨ ਜਰਨੈਲ ਸ. ਜੱਸਾ ਸਿੰਘ ਦੇ ਸਰੀਰ ’ਤੇ 22 ਨਿਸ਼ਾਨ ਜ਼ਖਮਾਂ ਦੇ ਸੀ ਤੇ ਸ. ਚੜ੍ਹਤ ਸਿੰਘ ਸ਼ੁਕਰਚੱਕੀਏ ਦੇ 18 ਨਿਸ਼ਾਨ ਸੀ। ਅਗਲੇ ਸਾਲ ਹੀ 1763 ਨੂੰ ਸਿੱਖਾਂ ਨੇ ਸਰਹਿੰਦ ਜਿੱਤ ਲਈ ਤੇ ਜੈਨ ਖਾਂ ਨੂੰ ਮਾਰ-ਮੁਕਾਇਆ ਅਤੇ ਮੁਖ਼ਬਰ ਆਕਲ ਦਾਸ ਨੂੰ ਵੀ ਗੱਡੀ ਚਾੜ੍ਹ ਦਿੱਤਾ। ਗੁਰਮਤ ਪ੍ਰਕਾਸ਼ ਦੇ ਲੇਖ ਤੇ ਅਧਾਰਿਤ

ਪੋਸਟ ਕਰਤਾ: ਗੁਰਸ਼ਾਮ ਸਿੰਘ ਚੀਮਾ



Post Comment


ਗੁਰਸ਼ਾਮ ਸਿੰਘ ਚੀਮਾਂ