ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Wednesday, February 27, 2013

ਕਿੰਜ ਰੱਖੀਏ ਅੱਖਾਂ ਨੂੰ ਖ਼ੂਬਸੂਰਤ?


ਅੱਖਾਂ ਦੇ ਆਲੇ-ਦੁਆਲੇ ਕਾਲੇ ਨਿਸ਼ਾਨ ਪੈ ਜਾਣ ਤਾਂ ਚਿਹਰੇ ਦੀ ਸਾਰੀ ਖ਼ੂਬਸੂਰਤੀ ਖ਼ਤਮ ਹੋ ਜਾਂਦੀ ਹੈ। ਇਸ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਾਂ ਤਾਂ ਇਹ ਨਿਸ਼ਾਨ ਨਾ ਪੈਣ ਅਤੇ ਜਾਂ ਖ਼ਤਮ ਹੋ ਜਾਣ ਪਰ ਕੋਸ਼ਿਸ਼  ਕਰਨੀ ਚਾਹੀਦੀ ਹੈ ਕਿ ਨਿਸ਼ਾਨ ਨਾ ਪੈਣ। ਇਸ ਲਈ ਸਭ ਤੋਂ ਜ਼ਰੂਰੀ ਹੈ ਕਿ ਪੂਰੀ ਨੀਂਦ ਲਵੋ, ਰਾਤ ਨੂੰ ਜਲਦੀ ਸੋਵੋ ਤਾਂ ਕਿ ਸਵੇਰੇ ਜਲਦੀ ਉੱਠ ਸਕੋ। ਨੀਂਦ ਪੂਰੀ ਨਾ ਲੈਣ ਨਾਲ ਅੱਖਾਂ ਦੇ ਆਲੇ-ਦੁਆਲੇ ਕਾਲੇ ਨਿਸ਼ਾਨ ਪੈ ਜਾਂਦੇ ਹਨ। ਇਨ੍ਹਾਂ ਦਾ ਕਾਰਨ ਇਹ ਵੀ ਹੁੰਦਾ ਹੈ ਕਿ ਔਰਤਾਂ ਲੋੜ ਤੋਂ ਜ਼ਿਆਦਾ ਪਤਲੀਆਂ ਅਤੇ ਨਾਜ਼ੁਕ ਦਿਖਣਾ ਚਾਹੁੰਦੀਆਂ ਹਨ। ਉਨ੍ਹਾਂ ਨੂੰ ਇਸ ਸੱਚ ਦਾ ਸਾਹਮਣਾ ਕਰਨ ਦੀ ਲੋੜ ਹੈ ਕਿ ਲੱਖ ਕੋਸ਼ਿਸ਼ਾਂ ਦੇ ਬਾਅਦ ਵੀ ਉਹ ਘੱਟ ਉਮਰ ਦੀਆਂ ਲੜਕੀਆਂ ਵਾਂਗ ਨਹੀਂ ਦਿਖ ਸਕਦੀਆਂ। ਔਰਤਾਂ ’ਚ ਖ਼ਾਸ ਕਰਕੇ ਮਾਂ ਬਣਨ ਤੋਂ ਬਾਅਦ ਸਰੀਰ ਵਿੱਚ ਚਰਬੀ ਵਧ ਜਾਂਦੀ ਹੈ। ਸਰੀਰ ਵਿੱਚ ਹਲਕਾ ਜਿਹਾ ਭਰਵਾਂਪਣ ਉਨ੍ਹਾਂ ਦੀ ਸਮਾਜਿਕ ਹੋਂਦ ਦਾ ਅਹਿਸਾਸ ਕਰਵਾਉਂਦਾ ਹੈ।
ਡਾਈਟਿੰਗ ਕਰਨ ਨਾਲ ਸਰੀਰ ਵਿੱਚ ਕਈ ਤੱਤਾਂ ਦੀ ਘਾਟ ਹੋ ਜਾਂਦੀ ਹੈ। ਕੁਝ ਔਰਤਾਂ ਸਵੇਰ ਦਾ ਭੋਜਨ ਨਹੀਂ ਕਰਦੀਆਂ, ਜਿਸ ਨਾਲ ਵੀ ਅੱਖਾਂ ਹੇਠ ਕਾਲੇ ਨਿਸ਼ਾਨ ਪੈ ਜਾਂਦੇ ਹਨ।     ਸਵੇਰੇ ਦਾ ਭੋਜਨ ਚਾਹੇ ਹਲਕਾ ਹੀ ਕਿਉਂ ਨਾ ਹੋਵੇ, ਪਰ ਕਰਨਾ ਜ਼ਰੂਰ ਚਾਹੀਦਾ ਹੈ, ਕਿਉਂਕਿ ਰਾਤ ਦੇ ਭੋਜਨ ਤੋਂ ਬਾਅਦ ਪੇਟ ਸਵੇਰੇ ਤਕ ਖਾਲੀ ਰਹਿੰਦਾ ਹੈ। ਇਸ ਲਈ ਸਵੇਰੇ ਦਾ ਭੋਜਨ ਨਾ ਕਰਨਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਜੇਕਰ ਮਨ ਕੁਝ ਨਾ ਖਾਣ ਨੂੰ ਕਰੇ ਤਾਂ ਵੀ ਦੁੱਧ, ਇੱਕ ਸੇਬ ਜਾਂ ਜੂਸ ਦਾ ਇੱਕ ਗਿਲਾਸ ਪੀ ਲੈਣਾ ਚਾਹੀਦਾ ਹੈ।
ਜ਼ਿਆਦਾ ਸੋਚਣ ਜਾਂ ਦੁੱਖ ਅਤੇ ਚਿੰਤਾ ਨਾਲ ਵੀ ਅੱਖਾਂ ਦੇ ਆਲੇ-ਦੁਆਲੇ ਕਾਲੇ ਧੱਬੇ ਪੈ ਜਾਂਦੇ ਹਨ। ਇਸ ਲਈ ਚਿੰਤਾ ਨੂੰ ਦੂਰ ਕਰਨ ਦੀ ਤੁਰੰਤ ਕੋਸ਼ਿਸ਼ ਕਰੋ। ਇਨ੍ਹਾਂ ਕਾਲ਼ੇ ਧੱਬਿਆਂ ਨੂੰ ਦੂਰ ਕਰਨ ਲਈ ਕੁਝ ਗੱਲਾਂ ’ਤੇ ਧਿਆਨ ਦੇਣਾ ਜ਼ਰੂਰੀ ਹੈ:
ਰੋਜ਼ਾਨਾ ਸਵੇਰੇ ਉੱਠ ਕੇ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਅੱਖਾਂ ’ਤੇ ਠੰਢੇ ਪਾਣੀ ਦੇ ਛਿੱਟੇ ਮਾਰੋ।
* ਅੱਖਾਂ ਦੇ ਆਲੇ-ਦੁਆਲੇ ਹੌਲੀ-ਹੌਲੀ ਰੋਗਨ ਬਦਾਮ ਨਾਲ ਮਾਲਿਸ਼ ਕਰੋ।
* ਕੱਚਾ ਖੀਰਾ ਪੀਸ ਕੇ ਉਸ ਦੀਆਂ ਦੋ ਪੋਟਲੀਆਂ ਬਣਾ ਲਵੋ ਅਤੇ ਫਿਰ ਸਿੱਧਾ ਲੇਟ ਕੇ 15 ਤੋਂ 20 ਮਿੰਟ ਤਕ ਅੱਖਾਂ ਉੱਤੇ ਰੱਖੋ।
* ਖੀਰਾ ਕੱਟ ਕੇ ਵੀ ਅੱਖਾਂ ਉੱਪਰ ਰੱਖਿਆ ਜਾ ਸਕਦਾ ਹੈ।
* ਨਿੰਬੂ ਦੇ ਰਸ ਨੂੰ ਗਰਮ ਪਾਣੀ ਵਿੱਚ ਪਾ ਕੇ ਅੱਖਾਂ ਦੇ ਆਲੇ-ਦੁਆਲੇ ਲਗਾਉਣ ਨਾਲ ਕਾਲੇ ਧੱਬੇ ਦੂਰ ਹੋ ਜਾਂਦੇ ਹਨ।
* ਨਿੰਬੂ ਦੇ ਰਸ ਵਿੱਚ ਰੋਗਨ ਚਮੇਲੀ ਦੀਆਂ ਕੁਝ ਬੂੰਦਾਂ ਮਿਲਾ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਅੱਖਾਂ ਦੇ ਆਲੇ-ਦੁਆਲੇ ਹੌਲੀ-ਹੌਲੀ ਮਾਲਿਸ਼ ਕਰੋ।
* ਰਾਤ ਨੂੰ ਸੌਣ ਤੋਂ ਪਹਿਲਾਂ ਅੱਖਾਂ ਦੇ ਕੋਲ ਦੁੱਧ ਦੀ ਥੋੜ੍ਹੀ ਮਾਤਰਾ ਲਗਾ ਕੇ ਸੌਂ ਜਾਵੋ। ਸਵੇਰੇ ਉੱਠਣ ਤੋਂ ਬਾਅਦ ਦੁੱਧ ਦੀ ਤਹਿ ਨੂੰ ਪਾਣੀ ਨਾਲ ਹਟਾਉਣ ਦੀ ਬਜਾਏ ਗੁਲਾਬ ਜਲ ਨਾਲ ਹਟਾਓ। ਫ਼ਰਕ ਨਜ਼ਰ ਆਵੇਗਾ।
* ਰੋਜ਼ਾਨਾ ਥੋੜ੍ਹੀ ਜਿਹੀ ਮੂਲੀ ਪੀਸ ਕੇ ਰੂੰ ਦੀ ਸਹਾਇਤਾ ਨਾਲ ਦਿਨ ਵਿੱਚ ਤਿੰਨ-ਚਾਰ ਵਾਰ ਲਗਾਓ।
* ਨਿੰਬੂ ਦਾ ਛਿਲਕਾ ਪੀਸ ਕੇ ਰਾਤ ਨੂੰ ਅੱਖਾਂ ਦੇ ਆਲੇ-ਦੁਆਲੇ ਲਗਾਓ। ਥੋੜ੍ਹੇ ਹੀ ਦਿਨ ਵਿੱਚ ਧੱਬੇ ਦੂਰ ਹੋ ਜਾਣਗੇ। ਉਸ ਦੇ ਨਾਲ-ਨਾਲ ਕੈਲਸ਼ੀਅਮ ਦੀ ਖੁਰਾਕ ਵੀ ਖਾਂਦੇ ਰਹੋ।
* ਕੱਚੇ ਆਲੂ ਦਾ ਟੁਕੜਾ 15 ਮਿੰਟ ਤਕ ਅੱਖਾਂ ਦੇ ਉੱਪਰ ਰੱਖੋ।
* ਮਲਮਲ ਦੇ ਟੁਕੜੇ ਨੂੰ ਮੌਸਮੀ ਦੇ ਰਸ ਵਿੱਚ ਭਿਉਂ
ਕੇ ਅੱਖਾਂ ਦੇ ਆਲੇ-ਦੁਆਲੇ ਰੱਖਣਾ ਬਹੁਤ ਹੀ ਲਾਭਦਾਇਕ ਹੈ।
* ਅੱਖਾਂ ਹੇਠ ਜੈਤੂਨ ਦੇ ਤੇਲ ਨਾਲ ਮਾਲਿਸ਼ ਕਰਨਾ ਵੀ ਫ਼ਾਇਦੇਮੰਦ ਹੈ।
* ਚਾਹ ਦੀਆਂ ਪੱਤੀਆਂ ਦੀ ਪੋਟਲੀ ਬਣਾ ਕੇ ਅੱਖਾਂ ਉੱਤੇ 15 ਮਿੰਟ ਤਕ ਰੱਖੋ, ਲਾਭ ਮਿਲੇਗਾ।
* ਕੱਚੇ ਦੁੱਧ ਦੀ ਝੱਗ ਨੂੰ ਅੱਖਾਂ ਦੇ ਉੱਪਰ-ਨੀਚੇ ਲਗਾ ਕੇ ਅੱਧੇ ਘੰਟੇ ਦੇ ਬਾਅਦ ਤਾਜ਼ੇ ਪਾਣੀ ਨਾਲ ਧੋ ਲਵੋ, ਲਾਭ ਮਿਲੇਗਾ।
* ਚਾਰ-ਪੰਜ ਇਲਾਇਚੀਆਂ ਦੁੱਧ ਵਿੱਚ ਮਿਲਾ ਕੇ ਉਬਾਲ ਕੇ ਫਿਰ ਗਰਮ ਜਾਂ ਠੰਢਾ, ਜਿਸ ਤਰ੍ਹਾਂ ਮਨ ਕਰੇ, ਪੀ ਲਵੋ। 10-15 ਦਿਨਾਂ ਤਕ ਅਜਿਹਾ ਕਰਨ ਨਾਲ ਨਾ ਸਿਰਫ਼ ਅੱਖਾਂ ਦੇ ਧੱਬੇ ਦੂਰ ਹੋਣਗੇ, ਬਲਕਿ ਚਿਹਰੇ ਦੀ ਰੰਗਤ ਵੀ ਸਾਫ਼ ਹੋਵੇਗੀ।
ਇਨ੍ਹਾਂ ਗੱਲਾਂ ’ਤੇ ਅਮਲ ਕਰਨ ਨਾਲ ਅੱਖਾਂ ਹੇਠ ਪਏ ਕਾਲੇ ਧੱਬਿਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।


ਡਾ. ਹਰਪ੍ਰੀਤ ਸਿੰਘ ਭੰਡਾਰੀ




Post Comment


ਗੁਰਸ਼ਾਮ ਸਿੰਘ ਚੀਮਾਂ