ਜੱਟ ਦਾ ਪੁੱਤ ਰੇਤੇ ਨਾਲ ਲਿਬੜੇ ਪੈਰ ਧੋ ਲੈਂਦਾ ਜਾਂ ਪਰਨੇ ਨਾਲ ਝਾੜ ਲੈਂਦਾ ਤਾਂ ਖੇਤੀ ਦੇ ਕਾਰੋਬਾਰ ਨਾਲ ਜੁੜੇ ਬਜ਼ੁਰਗ ਭਵਿੱਖ ਨੂੰ ਆਂਕਦੇ ਹੋਏ ਆਖਦੇ- ਵੱਸ ਗਾਲ਼ਿਆ ਗਿਆ ਕੰਮ। ਇਹ ਮੁੰਡਾ ਨੀਂ ਖੇਤੀ ਕਰ ਸਕਦਾ ਕਿਉਂਕਿ ਇਸ ਧੰਦੇ ਵਿੱਚ ਤਾਂ ਮਿੱਟੀ ਨਾਲ ਘੁਲਣਾ ਪੈਂਦਾ ਹੈ। ਮਿੱਟੀ ਵਿੱਚ ਜੱਟ ਦਾ ਨਸੀਬ ਰਲਿਆ ਹੋਇਆ ਹੁੰਦਾ ਹੈ। ਜਿਉਂ-ਜਿਉਂ ਹਲ਼ ਨਾਲ ਧਰਤੀ ਦਾ ਸੀਨਾ ਫਰੋਲਿਆ ਜਾਂਦਾ ਹੈ, ਤਿਉਂ-ਤਿਉਂ ਜੱਟ ਦੇ ਹੱਥਾਂ ਦੀਆਂ ਰੇਖਾਵਾਂ ਉਘੜਦੀਆਂ ਹਨ ਤੇ ਗੂੜ੍ਹੀਆਂ ਅਤੇ ਰੰਗਦਾਰ ਬਣਾਉਣ ਵਿੱਚ ਮਿੱਟੀ ਦੀ ਖ਼ੁਸ਼ਬੋ ਦਾ ਹੀ ਯੋਗਦਾਨ ਹੁੰਦਾ ਹੈ। ਜੱਟ ਦਾ ਪੁੱਤ ਤਾਂ ਫਿੱਡੇ ਛਿੱਤਰਾਂ ਨਾਲ ਤੇ ਖੱਦਰ ਦੇ ਕੁੜਤੇ ਨਾਲ ਜ਼ਿਆਦਾ ਸੁਹਣਾ ਲੱਗਦਾ ਹੈ। ਵਰ ਦੀ ਚੋਣ ਸਮੇਂ ਕੰਮ ਸੱਭਿਆਚਾਰ ਨੂੰ ਮੁੱਖ ਰੱਖਿਆ ਜਾਂਦਾ ਸੀ। ਕੰਮ ਕਰਦੇ ਦੀ ਹੀ ਕਦਰ ਪੈਂਦੀ। ਵਿਚੋਲਾ ਹੁੱਬ ਕੇ ਦੱਸਦਾ- ਮੁੰਡੇ ਨੂੰ ਵਾਹੁਣਾ ਬੀਜਣਾ ਆਉਂਦਾ ਹੈ। ਇਹ ਦੇ ਵਰਗਾ ਲਾਂਗੇ ਦਾ ਗੱਡਾ ਹੋਰ ਕੋਈ ਨਹੀਂ ਲੱਦ ਸਕਦਾ। ਤਾਰੀਫ਼ ਨੂੰ ਸਿਖਰ ’ਤੇ ਪਹੁੰਚਾਉਂਦਾ ਹੋਇਆ ਅੱਗੋਂ ਹੋ ਕੇ ਮਿਲਣ ਦੀ ਕੋਸ਼ਿਸ਼ ਵਿੱਚ ਆਖਦਾ-ਬਲਦਾਂ ਅਤੇ ਊਠ ਦਾ ਹਲ਼ ਵਾਹ ਲੈਂਦਾ ਹੈ। ਰਾਤ ਬਰਾਤੇ ਇਕੱਲਾ-ਦੁਕੱਲਾ ਖੇਤ ਪਾਣੀ ਲਾ ਆਉਂਦਾ ਹੈ। ਕਬੀਲਦਾਰੀ ਦੇ ਸਾਰੇ ਕੰਮ ਜਾਣਦਾ ਹੈ। ਹੱਥ ਦਾ ਐਡਾ ਸਖੀ ਹੈ ਕਿ ਭਾਵੇਂ ਸੁੱਕ ਵਿੱਚ ਦਾਣੇ ਕੇਰ ਦੇਵੇ ਹਰੇ ਹੋਣੋਂ ਨਹੀਂ ਰਹਿੰਦੇ। ਕੋਲੇ ਬੈਠਾ ਬਜ਼ੁਰਗ ਹੁੰਗਾਰਾ ਭਰਦਾ- ‘ਖੇਤੀ ਜੰਮਦੀ ਐ ਭੁੱਜਿਆ ਦਾਣਿਆਂ ਤੋਂ ਜਦੋਂ ਕਲਮ ਸਵੱਲੜੇ ਆਮਦੇ ਨੇ? ਭਾਈ- ਜਿੱਥੇ ਜੱਟ ਦਾ ਮੁੜ੍ਹਕਾ ਡੁੱਲਿਆ ਹੁੰਦੈ, ਉੱਥੇ ਪੈਲੀ ਹਰੀ ਹੋਣੋਂ ਕਿਵੇਂ ਰਹੂ। ਖੇਤੀ ਦੇ ਕੀਤੇ ਕੰਮਾਂ ਤੇ ਸਚਿਆਰਪੁਣੇ ਨੂੰ ਤਰਜੀਹ ਦਿੱਤੀ ਜਾਂਦੀ। ਵਰ ਦੀ ਚੋਣ ਕਰਨ ਵਾਲਿਆਂ ਵਿੱਚੋਂ ਹੀ ਕੋਈ ਹਾਮੀ ਭਰਦਾ, ਭਾਈ ਲਾਲ ਤਾਂ ਜੁੱਲੀਆਂ ਵਿੱਚ ਹੀ ਦਗਦੇ ਹਨ। ਮਿੱਟੀ ਤਾਂ ਜੱਟ ਦੇ ਪੁੱਤ ਦੀ ਮਹਿਬੂਬਾ ਹੁੰਦੀ ਹੈ। ਤਕਦੀਰ ਦੀ ਜੰਤਰੀ ਹੁੰਦੀ ਹੈ। ਜਿਹੜਾ ਇਸ ਦੀ ਸੰਭਾਲ ਕਰੇਗਾ, ਉਹੀ ਰੱਜ ਕੇ ਖਾਵੇਗਾ। ਦੱਬ ਕੇ ਵਾਹ ਤੇ ਰੱਜ ਕੇ ਖਾਹ। ਇਸ ਲਈ ਤਾਂ ਜੇਠ-ਹਾੜ੍ਹ ਦੀਆਂ ਕੜਕਦੀਆਂ ਧੁੱਪਾਂ ਤੇ ਕੱਕਰ ਵਰ੍ਹਦੀਆਂ ਪੋਹ ਮਾਘ ਦੀਆਂ ਹਨੇਰੀਆਂ ਰਾਤਾਂ ਵਿੱਚ ਆਪਣੀ ਮਹਿਬੂਬਾ ਨਾਲ ਸੰਵਾਦ ਰਚਾਉਣਾ ਖ਼ੁਸ਼ੀ ਦਿੰਦਾ ਹੈ। ਗਦਗਦ ਹੋਇਆ ਗਰਮੀ ਸਰਦੀ ਨੂੰ ਭੁੱਲ ਕੇ ਘਾਟਾ ਖਾ ਕੇ ਵੀ ਮਿੱਟੀ ਨਾਲ ਮਿੱਟੀ ਹੋਣੋਂ ਨੱਕ ਨਹੀਂ ਵੱਟਦਾ।
ਕਿਹਾ ਜਾਂਦਾ ਹੈ ਕਿ ਜੇਠ ਦਾ ਮਹੀਨਾ ਸੀ। ਜੱਟ ਨੂੰ ਤਾਪ ਚੜ੍ਹ ਗਿਆ। ਸਰੀਰ ਅੱਗ ਵਾਂਗੂੰ ਤਪਣ ਲੱਗਿਆ। ਜੱਟ ਲਈ ਤਾਂ ਖੇਤ ਦੇ ਡਲੇ ਹੀ ਗੱਦੇ ਦਾ ਕੰਮ ਦਿੰਦੇ ਹਨ। ਬਲਦ ਦਰੱਖਤ ਨਾਲ ਬੰਨ੍ਹੇ ਤੇ ਆਪ ਵੱਡੇ-ਵੱਡੇ ਡਲਿਆਂ ’ਤੇ ਪੈ ਗਿਆ। ਤਾਪ ਨੂੰ ਲੱਗਿਆ ਸੇਕ ਤੇ ਉਹ ਆਪ ਹੀ ਛੱਡ ਕੇ ਭੱਜ ਗਿਆ। ਜੱਟ ਨੌਂ-ਬਰ-ਨੌਂ ਹੋ ਗਿਆ। ਭਾਵੇਂ ਇਹ ਸਾਰੀਆਂ ਹੀ ਬੀਤੇ ਦੀਆਂ ਬਾਤਾਂ ਹਨ ਪਰ ਇਹ ਸਪਸ਼ਟ ਹੈ ਕਿ ਜੱਟ ਮਾੜੇ ਮੋਟੇ ਕਸ਼ਟਾਂ ਦੀ ਪਰਵਾਹ ਨਹੀਂ ਕਰਦਾ ਤੇ ਚਿੱਤ ਨਹੀਂ ਡੁਲ੍ਹਾਉਂਦਾ। ਸਲੰਘ ਭਰ ਦਾ ਫ਼ਰਕ ਸਹਿਣਾ ਉਸ ਲਈ ਮਾਮੂਲੀ ਗੱਲ ਹੈ।
ਪੁਰਾਣੇ ਵੇਲਿਆਂ ਵਿੱਚ ਹਾੜ੍ਹੀ ਦੀ ਫ਼ਸਲ ਹੀ ਸਾਰੇ ਕਾਇਨਾਤ ਦਾ ਢਿੱਡ ਭਰਿਆ ਕਰਦੀ ਸੀ। ਇਸ ਨੂੰ ਬੀਜਣ ’ਤੇ ਜੱਟ ਅੱਡੀ ਚੋਟੀ ਦਾ ਜ਼ੋਰ ਲਾ ਦਿੰਦਾ ਸੀ। ਤਵੇ ਸੁਹਾਗੇ ਇੱਕੋ ਜ਼ੋਰ ਹੁੰਦਾ ਸੀ। ਹਾੜ੍ਹੀ ਬੀਜਣ ਲਈ ਪੱਗ ਬੰਨ੍ਹਦਿਆਂ ਵੀ ਪਛੇਤ ਹੁੰਦੀ ਸੀ। ਫ਼ਸਲ ਪਛੇਤੀ ਤਾਂ ਝਾੜ ਘੱਟ ਹੋ ਜਾਂਦਾ। ਕੱਤਕ ਦੇ ਮਹੀਨੇ ਜੱਟ ਦੀ ਮਾਂ ਮਰ ਗਈ। ਉਸ ਨੇ ਸੋਚਿਆ ਜੇ ਮਾਂ ਦਾ ਅਫ਼ਸੋਸ ਮਨਾਉਣ ਲੱਗ ਪਿਆ ਤਾਂ ਫ਼ਸਲ ਲੇਟ ਹੋ ਜਾਵੇਗੀ। ਉਸ ਨੇ ਬੁੜ੍ਹੀ ਨੂੰ ਭੜੋਲੇ ’ਚ ਪਾ ਕੇ ਰੱਖ ਦਿੱਤਾ। ਹਾੜ੍ਹੀ ਦਾ ਸਾਰਾ ਕੰਮ ਨੇਪਰੇ ਚਾੜ੍ਹ ਕੇ ਮਾਂ ਨੂੰ ਰੁਖਸਤ ਕੀਤਾ। ਐਡੇ ਕਰੜੇ ਜਿਗਰੇ ਦਾ ਮਾਲਕ ਜੱਟ ਖੇਤੀ ਵੱਲੋਂ ‘ਪਸ਼ਟੀ’ ਦਾ ਪਾਤਰ ਬਣਨ ਜਾ ਰਿਹਾ ਹੈ। ਅਜਿਹਾ ਕਿਉਂ? ਇਹ ਬਹੁਤ ਵੱਡਾ ਮਸਲਾ ਹੈ ਤੇ ਸੋਚਣਾ ਬਣਦਾ ਹੈ।
ਜੱਟ ਦੇ ਦੁੱਖਾਂ ਦਾ ਲੇਖਾ-ਜੋਖਾ ਪਰਮਾਤਮਾ ਹੀ ਕਰ ਸਕਦਾ ਹੈ। ਸੋਕਾ ਪੈ ਗਿਆ ਤਦ ਵੀ ਕਾਲਜਾ ਫੜਿਆ ਗਿਆ। ਜੇ ਮੀਂਹ ਜ਼ਿਆਦਾ ਪੈ ਗਿਆ ਜਾਂ ਕੁਦਰਤੀ ਆਫ਼ਤ ਆ ਗਈ ਤਦ ਵੀ ਜੱਟ ਲੁੱਟਿਆ ਗਿਆ। ਕਈ ਵਾਰ ਦੋ ਖੇਤਾਂ ਦੀ ਵਾਰੀ ਥੋੜ੍ਹੇ ਫ਼ਰਕ ਨਾਲ ਇਕੱਠੀ ਆ ਗਈ। ਮੋਢੇ ’ਤੇ ਕਹੀ ਹੱਥ ਉÎੱਤੇ ਰੋਟੀਆਂ ਰੱਖ ਤੁਰਿਆ ਜਾਂਦਾ ਮੂੰਹ ਵਿੱਚ ਬੁਰਕੀ ਪਾਉਂਦਿਆਂ ਰੱਬ ਦਾ ਸ਼ੁਕਰ ਕਰਦਿਆਂ ਆਖਦਾ-ਬਈ, ਬੜੀ ਮੌਕੇ ’ਤੇ ਵਾਰੀ ਆਈ ਐ। ਪੇਟ ਦਾ ਕੋਈ ਫ਼ਿਕਰ ਨਹੀਂ, ਭਾਵੇਂ ਖਾਲੀ ਤੇ ਭਾਵੇਂ ਭਰਿਆ, ਭਾਵੇਂ ਭੁੱਖਾ, ਭਾਵੇਂ ਤਿਹਾਇਆ, ਬਸ ਰੱਬ ’ਤੇ ਡੋਰੀਆਂ। ਜੱਟ ਦਾ ਖਾਣਾ ਹੁੰਦਾ ਸੀ:- ਚਾਟੀ ਦੀ ਲੱਸੀ, ਸੁੱਕੀਆਂ ਰੋਟੀਆਂ ਤੇ ਲਾਲ ਮਿਰਚਾਂ। ਜੱਟ ਦੀ ਨਿਸ਼ਾਨੀ ਹੁੰਦੀ ਸੀ, ਸਿਰ ’ਤੇ ਮੰਡਾਸਾ, ਹੱਥ ’ਚ ਗੰਡਾਸਾ, ਚਰੀ ਦੀ ਭਰੀ, ਮੋਢੇ ’ਤੇ ਧਰੀ, ਸਿਖਰ ਦੁਪਹਿਰਾਂ ਵਿੱਚ ਰਸਤੇ ਪਿਆ ਨਜ਼ਰ ਆਉਂਦਾ। ਖੇਤੀ ਦੇ ਸਾਰੇ ਕੰਮ ਹੱਥੀਂ ਕਰਨੇ ਪੈਂਦੇ ਸਨ। ਮਸ਼ੀਨਰੀ ਤੋਂ ਬਿਨਾਂ ਖੇਤੀ ਕਰਨੀ ਕਿੰਨੀ ਔਖੀ ਹੁੰਦੀ ਸੀ। ਜ਼ਮੀਨ ਉਸ ਦੀ ਮਹਿਬੂਬ ਸੀ। ਉਸ ਦੀ ਸੰਗਤ ਕਰਨ ਨਾਲ ਜੱਟ ਦਾ ਮਨ ਸਾਫ਼ ਤੇ ਹੱਥ ਪਵਿੱਤਰ ਹੋ ਜਾਂਦੇ। ਉਸ ਦੀ ਘਾਲਣਾ ਅਜਾਈਂ ਨਹੀਂ ਜਾਂਦੀ ਸੀ ਪਰ ਅੱਜ ਸਭ ਕੁਝ ਬਦਲ ਗਿਆ ਹੈ। ਜੱਟ ਦੀ ਪਛਾਣ ਗੁਆਚ ਗਈ ਹੈ।
ਖੇਤੀ ਦੇ ਪਿਛੋਕੜ ਵਿੱਚ ਜਾਈਏ ਤਾਂ ਲੂੰ ਕੰਡੇ ਖੜ੍ਹੇ ਕਰਨ ਵਾਲੀਆਂ ਵਾਰਦਾਤਾਂ ਦਾ ਪਤਾ ਲੱਗਦਾ ਹੈ। ਸਾਡੇ ਦਾਦੇ, ਪੜਦਾਦਿਆਂ, ਨਕੜ ਦਾਦਿਆਂ ਨੇ ਸਿਰ-ਧੜ ਦੀ ਬਾਜ਼ੀ ਲਾ ਕੇ ਚਾਰ ਸਿਆੜਾਂ ਨਾਲ ਯਰਾਨੇ ਪਾਏ। ਉਨ੍ਹਾਂ ਦੀ ਕੀਤੀ ਕਮਾਈ ਦਾ ਨਵੀਂ ਪੀੜ੍ਹੀ ਤੇ ਸਰਕਾਰ ਦੋਵੇਂ ਹੀ ਕੋਈ ਮੁੱਲ ਨਹੀਂ ਪਾ ਰਹੇ। ਨੌਜਵਾਨ ਕੰਮ ਸੱਭਿਆਚਾਰ ਤੋਂ ਪਾਸੇ ਹੁੰਦਾ ਜਾ ਰਿਹਾ ਹੈ ਤੇ ਸਰਕਾਰ ਕਿਸਾਨ ਦੀ ਕੋਈ ਗੱਲ ਨਹੀਂ ਸੁਣ ਰਹੀ। ਧਰਤੀ ਨੂੰ ਵਾਹੀ ਯੋਗ ਬਣਾਉਣ ਲਈ ਜੀਵਨ ਲਾਉਣਾ ਪਿਆ। ਜੰਗਲੀ ਰੁੱਖਾਂ, ਕੰਡੇਦਾਰ ਝਾੜੀਆਂ, ਕਠੀਰਾਂ, ਝੰਡੀਆਂ, ਸੂਲ਼ਾਂ ਦੀਆਂ ਖਿੱਤੀਆਂ, ਟਿੱਬਿਆਂ ਨਾਲ ਟੱਕਰ ਲੈਣੀ ਪਈ। ਜੰਗਲੀ ਜਾਨਵਰਾਂ ਦਾ ਸਾਹਮਣਾ ਕਰਨਾ ਪਿਆ। ਬੇਅਬਾਦ ਧਰਤੀ ਨੂੰ ਵਾਹੀ ਹੇਠ ਲਿਆਂਦਾ। ਬਰਾਨੀ ਧਰਤੀ ’ਤੇ ਚਾਰ ਕਣੀਆਂ ਪੈ ਗਈਆਂ ਤਾਂ ਚਾਰ ਮਣ ਦਾਣੇ ਹੋ ਗਏ। ਨਹੀਂ ਤਾਂ ਜੱਟ ਆਕਾਸ਼ ਵੱਲ ਵੇਖਦਾ, ਮੀਂਹ ਪੈਣ ਦੀ ਆਸ ’ਤੇ ਦਿਨ ਕਟੀ ਕਰੀ ਜਾਂਦਾ। ਵਿਦੇਸ਼ੀ ਸਰਕਾਰਾਂ ਨੇ ਜਬਰੀ ਹਾਲੀਆ ਮਾਮਲਾ ਲੇਵੀ ਉਗਰਾਹੁਣੀ ਸ਼ੁਰੂ ਕਰ ਦੇਣੀ। ਜਬਰੀ ਹੀ ਆਪਣੇ ਕੰਮ ਆਉਣ ਵਾਲੀਆਂ ਫ਼ਸਲਾਂ ਉਗਾਉਣ ਲਈ ਮਜਬੂਰ ਕਰਨਾ। ਲੇਵੀ ਜਾਂ ਮਾਮਲੇ ਦੀ ਅਦਾਇਗੀ ਲੇਟ ਹੋਣ ’ਤੇ ਕਿਸਾਨਾਂ ਨੂੰ ਫੜ ਕੇ ਜੇਲ੍ਹ ਵਿੱਚ ਤੁੰਨ ਦਿੱਤਾ ਜਾਂਦਾ। ਮਾਲ ਡੰਗਰ ਖੋਲ੍ਹ ਕੇ ਲੈ ਜਾਣਾ ਜਾਂ ਨੀਲਾਮ ਕਰ ਦੇਣਾ। ਜੀਪਾਂ ਮਗਰ ਬੰਨ੍ਹ ਕੇ ਕਿਸਾਨਾਂ ਨੂੰ ਘਸੀਟਣ ਤਕ ਸ਼ਾਮਲ ਸੀ। ਭੁੱਖਾ ਤਿਹਾਇਆ ਰਹਿ, ਅਨੇਕਾਂ ਕਸ਼ਟ ਝੱਲ ਕੇ ਉਸ ਨੇ ਆਪਣੀ ਮਹਿਬੂਬ ਨਾਲ ਗਲਵਕੜੀ ਨੂੰ ਕਸੀ ਰੱਖਿਆ। ਨਵੀਂ ਪੀੜ੍ਹੀ ਲਈ ਮੰਚ ਤਿਆਰ ਕੀਤਾ ਤੇ ਪੂਰਨੇ ਪਾਏ। ਉਨ੍ਹਾਂ ਵੇਲਿਆਂ ’ਚ ਜੱਟਾਂ ਦੀ ਪ੍ਰੇਤਾਂ ਨਾਲ ਤੁਲਨਾ ਕੀਤੀ ਜਾਂਦੀ ਸੀ। ਇਸ ਮਿੱਟੀ ਵਿੱਚ ਸਾਡੇ ਪੁਰਖਿਆਂ ਦੀਆਂ ਪ੍ਰਾਪਤੀਆਂ, ਇੱਛਾਵਾਂ, ਭਾਵਨਾਵਾਂ, ਆਸਾਂ, ਉਮੰਗਾਂ ਰਹੀਆਂ, ਜੱਟ ਦੀ ਕਿਸਮਤ ਦੀਆਂ ਲਿਖਾਇਕ ਹਨ। ਸਿਆਣਿਆਂ ਦੀ ਗੱਲ ਨੂੰ ਚੇਤੇ ਕਰੀਏ, ਜਿਹੜਾ ਭੂਤ ਨੂੰ ਭੁੱਲ ਜਾਂਦਾ ਹੈ ਭਾਵ ਜਿਹੜਾ ਬੀਤ ਚੁੱਕੇ ਨੂੰ ਗੋਲੀ ਨਾਲ ਫੁੰਡਦਾ ਹੈ, ਭਵਿੱਖ ਉਸ ਨੂੰ ਤੋਪ ਨਾਲ ਉਡਾ ਦਿੰਦਾ ਹੈ। ਵਿਰਾਸਤ ਨੂੰ ਸੰਭਾਲਣਾ ਸਾਡਾ ਫ਼ਰਜ਼ ਬਣਦਾ ਹੈ।
ਉਪਰੋਕਤ ਸਾਰੀ ਵਿਚਾਰ ਚਰਚਾ ਨੂੰ ਵਰਤਮਾਨ ਸੰਦਰਭ ਵਿੱਚ ਜੇ ਦੂਰੋਂ ਖੜ੍ਹ ਕੇ ਧਿਆਨ ਮਾਰੀਏ ਤਾਂ ਜਾਣਕਾਰੀ ਹੁੰਦੀ ਹੈ ਕਿ ਜਿਸ ਵਿਰਾਸਤ ਨੂੰ ਸਹੀ ਸਲਾਮਤ ਰੱਖਣ ਲਈ ਬਾਬਿਆਂ ਨੇ ਸਰੀਰ ਛਣਨੀ ਕਰਵਾਏ, ਉਨ੍ਹਾਂ ਦਾ ਗਿਆਨ ਜਾਂ ਧਿਆਨ ਜਾਂ ਦਰਦ ਵਾਤਾਨਕੂਲ ਕਮਰਿਆਂ ਤੇ ਗੱਦਿਆਂ ਦਾ ਨਿੱਘ ਮਾਣ ਰਹੀ ਅਫ਼ਸਰਸ਼ਾਹੀ ਜਾਂ ਸਰਕਾਰ ਨੂੰ ਕੋਈ ਨਹੀਂ ਹੈ। ਅੱਜ ਵੀ ਜੱਟ ਕੋਈ ਸੌਖਾ ਨਹੀਂ ਹੋਇਆ ਬਲਕਿ ਆਪਣਿਆਂ ਤੋਂ ਦੁਖੀ ਹੈ। ਡੀਜ਼ਲ, ਪੈਟਰੋਲ, ਖਾਦਾਂ, ਬੀਜ, ਕੀਟਨਾਸ਼ਕ ਆਦਿ ਮਹਿੰਗੇ ਤੋਂ ਮਹਿੰਗੇ ਹੋ ਰਹੇ ਹਨ। ਜਿਣਸ ਦਾ ਚਾਰ ਕੌਡੀਆਂ ਵਧਾਇਆ ਮੁੱਲ ਰੂੰਗਾ ਵੀ ਪੂਰਾ ਨਹੀਂ ਕਰਦਾ। ਕਣਕ ਦਾ ਮੁੱਲ ਵਧਾਉਣ ਤੋਂ ਸਰਕਾਰ ਨਾਬਰ ਹੋ ਗਈ। ਸਗੋਂ ਉਸ ਦੀ ਫ਼ਸਲ ਮੰਡੀਕਰਨ ਦੀ ਭੇਟ ਚੜ੍ਹ ਰਹੀ ਹੈ ਤੇ ਰੁਲ ਰਹੀ ਹੈ। ਸਾਰੇ ਪਾਸਿਆਂ ਤੋਂ ਨਿਰਾਸ਼ ਹੋ ਕੇ ਖ਼ੁਦਕੁਸ਼ੀਆਂ ਦੇ ਰਸਤਿਆਂ ’ਤੇ ਚਲਣਾ ਕਿਸਾਨ ਆਪਣਾ ਹੱਕ ਸਮਝਣ ਲੱਗ ਪਿਆ ਹੈ।
ਕੋਈ ਵੇਲਾ ਸੀ ਜਦੋਂ ਖੇਤ ਵੱਡੇ ਸਨ ਤੇ ਪਰਿਵਾਰ ਦਾ ਗੁਜ਼ਾਰਾ ਥੋੜ੍ਹੀ ਫ਼ਸਲ ਨਾਲ ਵੀ ਹੋ ਜਾਂਦਾ ਸੀ। ਪਰਿਵਾਰਾਂ ਦੀਆਂ ਵੰਡੀਆਂ ਨੇ ਜ਼ਮੀਨਾਂ ਦੀ ਵੰਡ ਪਾ ਦਿੱਤੀ। ਪਰਿਵਾਰ ਦਾ ਢਿੱਡ ਭਰਨਾ ਔਖਾ ਹੋ ਗਿਆ। ਜੱਟ ਨਾ ਤਾਂ ਦਿਹਾੜੀ ਕਰ ਸਕਦਾ ਹੈ ਤੇ ਨਾ ਹੀ ਆਪਣੀ ਮਹਿਬੂਬ ਖੇਤੀ ਤੋਂ ਮੁੱਖ ਮੋੜ ਸਕਦਾ ਹੈ। ਸੱਪ ਦੇ ਮੂੰਹ ਵਿੱਚ ਕਿਰਲੀ ਵਾਲੀ ਸਥਿਤੀ ਹੋ ਚੁੱਕੀ ਹੈ। ਕਿਸੇ ਪਾਸਿਉਂ ਵੀ ਸਹਾਰਾ ਮਿਲਣਾ ਮੁਹਾਲ ਹੋ ਗਿਆ ਹੈ। ਮੌਤ ਨਾਲ ਦੋਸਤੀ ਨੂੰ ਛਿੱਤਰ ਨਾਲ ਘੁੱਗੀ ਕੁੱਟਣਾ ਸੌਖੀ ਲੱਗਦੀ ਹੈ। ਜ਼ਮੀਨਾਂ ਘੱਟ ਗਈਆਂ। ਲਾਗਤਾਂ ਅਸਮਾਨੀ ਚੜ੍ਹ ਗਈਆਂ। ਉਪਜਾਂ ਖੜ੍ਹ ਗਈਆਂ। ਸਰਕਾਰੀ ਯੋਜਨਾਵਾਂ ਤੇ ਜ਼ਮੀਨੀ ਹਕੀਕਤਾਂ ਵਿੱਚ ਦਿਨ-ਰਾਤ ਦਾ ਫ਼ਰਕ ਹੁੰਦਾ ਹੈ। ਦਫ਼ਤਰਾਂ ਵਿੱਚ ਬੈਠ ਕੇ ਆਂਕੀਆਂ ਗਈਆਂ ਸਕੀਮਾਂ ਦੇ ਸਿੱਟੇ ਬਹੁਤੇ ਸਾਰਥਕ ਨਹੀਂ ਹੁੰਦੇ। ਸਰਕਾਰਾਂ ਤਕ ਪਹੁੰਚਦੇ ਅੰਕੜੇ ਰਾਤਾਂ ਵਿੱਚ ਬਦਲ ਜਾਂਦੇ ਹਨ। ਖੇਤਾਂ ਦੇ ਰਾਜੇ ਦੇ ਕੰਮ ਨੂੰ ਦਿੱਲੀ ਦੇ ਰਾਜੇ ਵਾਚਦੇ ਹਨ ਜਿਹੜਾ ਕਿ ਵਾਜਬ ਨਹੀਂ ਲੱਗਦਾ। ਕਿਸਾਨ ਨੂੰ ਆਪ ਜਾਗਰੂਕ ਹੋਣਾ ਪਊ ਤੇ ਦਿਨ ਦਿਹਾੜੇ ਸੁੱਤੀ ਸਰਕਾਰ ਢੋਲ ਦੇ ਡੱਗੇ ਨਾਲ ਜਗਾਉਣੀ ਪਊ ਜਾਂ ਫਿਰ ਭੇਡਾਂ ਦੀ ਸੰਗੋਹ ਨੱਕ ਤਕ ਪਹੁੰਚ ਜਾਵੇ ਤਾਂ ਛੇਤੀ ਜਾਗ ਖੁੱਲ੍ਹ ਸਕਦੀ ਹੈ ਨਹੀਂ ਤਾਂ ਕਿਸਾਨ ਹਰ ਪਾਸਿਓਂ ਖ਼ਤਰੇ ਵਿੱਚ ਹੈ। ਧਰਤੀ ਵੀ ਪੁਕਾਰ ਰਹੀ ਹੈ ਕਿ
ਮੇਰਾ ਹਮਦਰਦ ਕੋਈ ਪੈਦਾ ਹੋਵੇ।
ਜੋਗਿੰਦਰ ਸਿੰਘ ਸਿਵੀਆ, J ਸੰਪਰਕ: 94170-24743